Wednesday 30 November 2011

ਹਿਟਲਰ-ਗੋਬਲਜ਼ ਦੀ ਵਿਰਾਸਤ ਅਤੇ ਕਾਟਿਆਂ ਦੀ ਨਾਬਰੀ

ਦਲਜੀਤ ਅਮੀ

ਜ਼ੀ ਟੈਲੀਵਿਜ਼ਨ ਦਾ ਲੜੀਵਾਰ 'ਹਿਟਲਰ ਦੀਦੀ' ਆਪਣੇ ਨਾਮ ਕਾਰਨ ਵਿਵਾਦ ਦਾ ਸਬੱਬ ਬਣਿਆ ਹੈ। ਅਮਰੀਕਾ ਵਿੱਚ ਸਰਗਰਮ ਐਂਟੀ-ਡੈਫ਼ੇਮੇਸ਼ਨ ਲੀਗ (ਏ.ਡੀ.ਐਲ.) ਦੇ ਨਿਰਦੇਸ਼ਕ ਅਬਰਾਹਿਮ ਫੌਕਸਮੈਨ ਨੇ ਚੈਨਲ ਦੇ ਮੁੱਖ ਅਧਿਕਾਰੀ ਪੁਨੀਤ ਗੋਇਨਕਾ ਅਤੇ ਚੇਅਰਮੈਨ ਸੁਭਾਸ਼ ਚੰਦਰਾ ਨੂੰ ਚਿੱਠੀ ਲਿਖੀ ਹੈ ਕਿ ਹਿਟਲਰ ਵਰਗਾ ਨਾਮ ਕਿਸੇ ਘਰੇਲੂ ਲੜੀਵਾਰ ਨੂੰ ਸੋਭਦਾ ਨਹੀਂ। ਉਨ੍ਹਾਂ ਚਿੱਠੀ ਵਿੱਚ ਲਿਖਿਆ ਹੈ, "ਹਿਟਲਰ ਸ਼ਬਦ ਕਿਸੇ ਟੈਲੀਵਿਜ਼ਨ ਚੈਨਲ ਦੇ ਸੋਪ ਉਪੇਰਾ ਦੇ ਨਾਮ ਵਜੋਂ ਢੁਕਵਾਂ ਨਹੀਂ ਹੈ। ਅਜਿਹਾ ਨਾਮ ਰੱਖ ਕੇ ਨਿਰਮਾਤਾ ਨੇ ਵੱਡੀ ਗ਼ਲਤੀ ਕੀਤੀ ਹੈ ਜਿਸ ਨੂੰ ਨਾਮ ਬਦਲ ਕੇ ਸੁਧਾਰਿਆ ਜਾ ਸਕਦਾ ਹੈ। ਹਿਟਰਲ ਸਾਮੀ ਨਸਲ ਵਿਰੋਧੀ ਹੋਣ ਦੇ ਨਾਲ ਮੂਲਵਾਦੀ ਤਾਨਾਸ਼ਾਹ ਸੀ ਜਿਸ ਨੇ ਯਹੂਦੀਆਂ ਨੂੰ ਯੂਰਪ ਵਿੱਚੋਂ ਖ਼ਤਮ ਕਰਨ ਲਈ ਭਿਆਨਕ ਕਤਲੇਆਮ ਕੀਤਾ। ਹਿਟਲਰ ਦੇ ਨਾਮ ਵਾਲੇ ਲੜੀਵਾਰ ਨੂੰ ਲੱਖਾਂ ਭਾਰਤੀ ਦਰਸ਼ਕਾਂ ਨੂੰ ਦਿਖਾਉਣਾ ਕਿਸੇ ਸਦਮੇ ਤੋਂ ਘੱਟ ਨਹੀਂ ਹੈ। ਇਹ ਨਾਜੀ ਕਤਲੇਆਮ ਨਾਲ ਜੁੜੇ ਕਾਤਲ ਦੇ ਨਾਮ ਨੂੰ ਛੁਟਿਆਉਣ ਵਾਲੀ ਗੱਲ ਹੈ। ਸਾਨੂੰ ਹਿਟਲਰ ਦਾ ਨਾਮ ਬੇਮਿਸਾਲ ਖਲਨਾਇਕ ਵਜੋਂ ਰਾਖਵਾਂ ਰੱਖਣਾ ਚਾਹੀਦਾ ਹੈ। ਟੈਲੀਵਿਜ਼ਨ ਲੜੀਵਾਰ ਦਾ ਨਾਮ ਉਸ ਦੇ ਨਾਮ ਉੱਤੇ ਰੱਖ ਕੇ ਹਿਟਲਰ ਅਤੇ ਕਤਲੇਆਮ ਦੀ ਵਿਰਾਸਤ ਨੂੰ ਛੁਟਿਆਇਆ ਨਹੀਂ ਜਾਣਾ ਚਾਹੀਦਾ।"


ਛੇ ਜਣਿਆਂ ਦੇ ਟੱਬਰ ਦਾ ਢਿੱਡ ਭਰਨ ਲਈ ਚੱਤੇਪਹਿਰ ਰੁਝੀ, ਨਾਖ਼ੁਸ਼ਗਵਾਰ ਯਾਦਾਂ ਵਿੱਚ ਘਿਰੀ ਅਤੇ ਬਾਕੀਆਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣ ਵਾਲੀ ਬੀਬੀ ਨੂੰ ਹਿਟਲਰ ਕਹਿਣਾ ਤਾਂ ਗ਼ਲਤ ਹੈ। ਲੜੀਵਾਰ ਵਿੱਚ ਕਿਰਦਾਰ ਦਾ ਰੁਖ਼ ਜਾਂ ਖ਼ਾਸਾ ਬਦਲਣ ਨੂੰ ਸਮਾਂ ਨਹੀਂ ਲੱਗਦਾ ਪਰ ਪਿਛਲੀ ਸਦੀ ਦੇ ਇਤਿਹਾਸ ਨੂੰ ਮਨੁੱਖੀ ਖ਼ੂਨ ਅਤੇ ਖਾਲਸ ਨਸਲ ਵਰਗੀਆਂ ਧਾਰਨਾਵਾਂ ਨਾਲ ਪਲੀਤ ਕਰਨ ਵਾਲੇ ਬੰਦਾ ਦਾ ਨਾਮ ਇਸ ਤਰ੍ਹਾਂ ਵਰਤਣ ਦੀ ਇਹ ਵਿੱਕੋਲਿਤਰੀ ਮਿਸਾਲ ਨਹੀਂ ਹੈ। ਇਸ ਰੁਝਾਨ ਦੀ ਸੰਜੀਦਾ ਨਜ਼ਰਸਾਨੀ ਤੋਂ ਪਹਿਲਾਂ ਕੁਝ ਗੱਲਾਂ ਏ.ਡੀ.ਐਲ. ਬਾਬਤ ਕਰਨੀਆਂ ਬਣਦੀਆਂ ਹਨ। ਇਸ ਦੀ ਵੈਬਸਾਇਟ ਮੁਤਾਬਕ 'ਯਹੂਦੀਆਂ ਖ਼ਿਲਾਫ਼ ਪ੍ਰਚਾਰ ਰੋਕਣ, ਇਨਸਾਫ਼ ਅਤੇ ਸਭ ਨਾਲ ਇੱਕੋ-ਜਿਹਾ ਵਰਤਾਅ ਯਕੀਨੀ ਬਣਾਉਣ ਲਈ' 1913 ਵਿੱਚ ਇਹ ਜਥੇਬੰਦੀ ਬਣਾਈ ਗਈ ਸੀ। ਹੁਣ ਇਸ ਜਥੇਬੰਦੀ ਦੇ ਆਲਮੀ ਪੱਧਰ ਉੱਤੇ ਤੀਹ ਦਫ਼ਤਰ ਹਨ ਅਤੇ ਇਸ ਨੂੰ ਇਸਰਾਈਲ ਅਤੇ ਯਹੂਦੀਆਂ ਦੀ ਅਲੰਬਰਦਾਰ ਮੰਨਿਆ ਜਾਂਦਾ ਹੈ। ਇਸ ਵੇਲੇ ਇਹ ਸੰਸਥਾ ਯਹੂਦੀਆਂ ਦੇ ਪੈਂਤੜੇ ਤੋਂ ਅਤਿਵਾਦ ਅਤੇ ਬੁਨਿਆਦਪ੍ਰਸਤੀ ਬਾਬਤ ਸਮਝ ਉਸਾਰਨ ਲਈ ਸਰਗਰਮ ਹੈ। ਇਹ 'ਇਸਰਾਈਲ ਅਤੇ ਯਹੂਦੀ ਆਲਮ ਦੀ ਸੁਰੱਖਿਆ' ਨੂੰ ਬੁਲੰਦ ਕਰਦੀ ਹੈ। ਪਿਛਲੇ ਦਿਨੀਂ ਸਪੈਨਿਸ਼ ਬੋਲੀ ਦੇ ਲਾਤੀਨੀ ਅਮਰੀਕੀ ਸੰਪਾਦਕਾਂ, ਪ੍ਰਕਾਸ਼ਕਾਂ, ਅਤੇ ਨਿਰਮਾਤਾਵਾਂ ਦਾ ਵਫ਼ਦ ਅੱਠ ਦਿਨ ਲਈ ਇਸ ਸੰਸਥਾ ਦੇ ਉਦਮ ਨਾਲ ਇਸਰਾਈਲ ਗਿਆ ਤਾਂ ਜੋ ਉਨ੍ਹਾਂ ਨੂੰ ਸੱਭਿਆਚਾਰ, ਸਮਾਜ, ਸਿਆਸਤ ਅਤੇ ਫਲਸਤੀਨ ਨਾਲ ਚਲਦੇ ਕਲੇਸ਼ ਦੀ ਸਮਝ ਆ ਸਕੇ। ਇਸ ਮੁਹਿੰਮ ਦਾ ਵਧੇਰੇ ਸਮਝ ਅਬਰਾਹਿਮ ਫੌਕਸਮੈਨ ਦੇ ਬਿਆਨ ਤੋਂ ਪੈਂਦੀ ਹੈ, "ਉੱਤਰੀ ਅਤੇ ਲਾਤੀਨੀ ਅਮਰੀਕਾ ਵਿੱਚ ਜਾਣਕਾਰੀ ਦੇ ਪਸਾਰੇ ਅਤੇ ਵਿਚਾਰ ਵਟਾਂਦਰੇ ਉੱਤੇ ਸਪੈਨਿਸ਼ ਮੀਡੀਆ ਅਸਰਅੰਦਾਜ਼ ਹੁੰਦਾ ਹੈ। ਇਹ ਇਸਰਾਈਲ ਅਤੇ ਇਸ ਦੇ ਨਾਲ ਲਗਦੇ ਖ਼ਿੱਤੇ ਬਾਬਤ ਸਮਝ ਉਸਾਰਨ ਦਾ ਅਹਿਮ ਜ਼ਰੀਆ ਹੈ।" ਇਸ ਵਫ਼ਦ ਦੇ ਪੱਤਰਕਾਰਾਂ ਨੂੰ ਇਸਰਾਈਲੀ ਪੁਲਿਸ ਦੇ ਬੁਲਾਰੇ ਨੇ ਹਾਲਾਤ ਸਮਝਾਏ ਅਤੇ ਹੈਲੀਕਾਪਰਾਂ ਵਿੱਚ ਇਲਾਕਾ ਦਿਖਾਇਆ।


ਅਜਿਹੇ ਹੈਲੀਕਾਪਟਰ ਦੌਰਿਆਂ ਤੋਂ ਬਾਅਦ ਪੱਤਰਕਾਰਾਂ ਜਾਂ ਅਖ਼ਬਾਰਾਂ ਦੇ ਪੈਂਤੜੇ ਬਦਲਣ ਦੀਆਂ ਅਨੇਕਾਂ ਮਿਸਾਲਾਂ ਹਨ। ਸੰਨ 1982 ਵਿੱਚ ਇਸਰਾਈਲ ਦੇ ਲਿਬਨਾਨ ਉੱਤੇ ਹਮਲੇ ਦਾ ਵਿਰੋਧ ਕਰਨ ਵਾਲੇ ਰੁਪਰਟ ਮਰਡੌਕ ਅਤੇ ਚਾਰਲਸ ਡਗਲਜ਼ ਦੇ ਇਸਰਾਈਲੀ ਹੈਲੀਕਾਪਟਰ ਵਿੱਚ ਝੂਟਾ ਲੈਣ ਤੋਂ ਬਾਅਦ ਬਦਲੇ ਪੈਂਤੜੇ ਦੀ ਗਵਾਹੀ ਉਨ੍ਹਾਂ ਨਾਲ 'ਟਾਈਮਜ਼' ਵਿੱਚ ਕੰਮ ਕਰਨ ਵਾਲਾ ਰੌਬਰਟ ਫਿਸਕ ਪਾਉਂਦਾ ਹੈ। ਇਸਰਾਈਲ ਦੇ ਹਮਲਾਵਰ ਰੁਖ਼ ਦੀ ਵਕਾਲਤ ਕਰਨ ਲਈ ਅਜਿਹੀਆਂ ਮੁਹਿੰਮਾਂ ਖ਼ੁਫ਼ੀਆ ਏਜੰਸੀ ਮਸਾਦ ਤੋਂ ਲੈ ਕੇ ਗ਼ੈਰ-ਸਰਕਾਰੀ ਜਥੇਬੰਦੀਆਂ ਤੱਕ ਚਲਾਉਂਦੀਆਂ ਹਨ। ਇਨ੍ਹਾਂ ਮੁਹਿੰਮਾਂ ਦੇ ਨਤੀਜੇ ਵਜੋਂ ਇਸਰਾਈਲੀ ਵਧੀਕੀਆਂ ਖ਼ਿਲਾਫ਼ ਸੰਯੁਕਤ ਰਾਸ਼ਟਰ ਵਿੱਚ ਬਹੁਗਿਣਤੀ ਦੇ ਬਾਵਜੂਦ ਮਤਾ ਪ੍ਰਵਾਨ ਨਹੀਂ ਹੁੰਦਾ। ਅਮਰੀਕੀ ਵਿਦੇਸ਼ ਨੀਤੀ ਵਿੱਚ ਇਸਰਾਈਲੀ ਦਖ਼ਲ ਅਤੇ ਅਰਥਚਾਰੇ ਵਿੱਚ ਯਹੂਦੀਆਂ ਦੀ ਹਿੱਸੇਦਾਰੀ ਦੇ ਚਰਚੇ ਆਮ ਹਨ। ਜਿਸ ਹਿਟਲਰ ਦੇ ਖ਼ੌਫ਼ ਨਾਲ ਉਹ ਆਪਣੀ ਹਰ ਕਾਰਵਾਈ ਨੂੰ ਜਾਇਜ਼ ਕਰਾਰ ਦਿੰਦੇ ਹਨ, ਉਸੇ ਦੀ ਅਮਲ ਵਿੱਚ ਨਕਲ ਕਰਦੇ ਹਨ। ਜੋ ਕੁਝ ਖਾਲਸ ਨਸਲ ਦੇ ਨਾਮ ਉੱਤੇ ਹਿਟਲਰ ਨੇ ਕੀਤਾ ਹੈ, ਉਸੇ ਦੀ ਲਗਾਤਾਰਤਾ ਵਿੱਚ ਇਸਰਾਈਲੀ-ਅਮਰੀਕੀ ਵਿਦੇਸ਼ ਨੀਤੀਆਂ ਅਤੇ ਜੰਗੀ ਮੁਹਿੰਮਾਂ ਨੂੰ ਵੇਖਿਆ ਜਾ ਸਕਦਾ ਹੈ। ਇਨ੍ਹਾਂ ਨੇ ਹਿਟਲਰ ਦੀ ਖ਼ੂਖ਼ਾਰ ਦੌਰ ਨੂੰ 'ਯਹੂਦੀ ਕਤਲੇਆਮ' ਤੱਕ ਮਹਿਦੂਦ ਕਰ ਦਿੱਤਾ ਹੈ। ਹਿਟਲਰ ਦਾ ਸਭ ਤੋਂ ਪਹਿਲਾਂ ਨਿਸ਼ਾਨਾ ਕਮਿਉਨਿਸਟ ਬਣੇ। ਬਾਅਦ ਵਿੱਚ ਯਹੂਦੀਆਂ ਦੇ ਨਾਲ ਉਸ ਨੇ ਹਰ ਤਰ੍ਹਾਂ ਦੇ ਜਥੇਬੰਦ ਜੁੱਟ ਨੂੰ ਨਿਸ਼ਾਨਾ ਬਣਾਇਆ। ਜਰਮਨ ਅਤੇ ਪੂਰਬੀ ਯੂਰਪੀ ਕਮਿਉਨਿਸਟਾਂ ਦਾ ਕਤਲੇਆਮ ਨਜ਼ਰਅੰਦਾਜ਼ ਕਰਨਾ ਅਮਰੀਕੀ ਧੜੇ ਦੇ ਨਾਲ ਸੋਵੀਅਤ ਯੂਨੀਅਨ ਨੂੰ ਵੀ ਸੂਤ ਬੈਠਦਾ ਸੀ। ਸੋਵੀਅਤ ਯੂਨੀਅਨ ਦਾ ਇੱਕ ਵੇਲੇ ਹਿਟਲਰ ਨਾਲ ਸਮਝੌਤਾ ਹੋਇਆ ਤਾਂ ਉਸ ਦਾ ਜਰਮਨ ਤੇ ਹੋਰ ਯੂਰਪੀ ਕਮਿਉਨਿਸਟਾਂ ਨਾਲੋਂ ਟੁੱਟਣਾ ਲਾਜ਼ਮੀ ਸੀ। ਅਮਰੀਕਾ ਨੂੰ ਹਰ ਤਰ੍ਹਾਂ ਦੇ ਕਮਿਉਨਿਸਟ ਨਾਮਨਜ਼ੂਰ ਸਨ। ਯਹੂਦੀਆਂ ਨੂੰ ਇਸਰਾਈਲ ਬਣਾਉਣ ਅਤੇ 'ਕਤਲੇਆਮ ਦੀ ਪੀੜਾ' ਨੂੰ ਜੁੱਟ ਵਿੱਚ ਤਬਦੀਲ ਕਰਨ ਲਈ ਕਮਿਉਨਿਸਟ ਯਹੂਦੀਆਂ ਵਾਲੀ ਪਛਾਣ ਔਕੜ ਜਾਪਦੀ ਸੀ। ਇਸ ਪੇਚੀਦਗੀ ਦੀ ਲਗਾਤਾਰਤਾ ਹੁਣ ਤੱਕ ਕਾਇਮ ਹੈ। ਬੁਨਿਆਦਪ੍ਰਸਤੀ ਖ਼ਿਲਾਫ਼ ਲੜਾਈ ਦੇ ਨਾਮ ਉੱਤੇ ਇਸਰਾਈਲੀ ਨੇ ਯਹੂਦੀ ਬੁਨਿਆਦਪ੍ਰਸਤੀ ਫੈਲਾਉਣ ਲਈ ਹਰ ਹਰਵਾ ਵਰਤਿਆ ਹੈ। ਇਸੇ ਤਰ੍ਹਾਂ ਅਮਰੀਕਾ ਪੂਰੀ ਦੁਨੀਆ ਵਿੱਚ 'ਜਮਹੂਰੀਅਤ' ਦੇ ਪਸਾਰੇ ਲਈ ਹਰ ਦਾਅ ਵਰਤ ਰਿਹਾ ਹੈ।

ਜੇ ਇਸ ਰੁਝਾਨ ਦੀ ਵੰਨ-ਸਵੰਨਤਾ ਨੂੰ ਕੁਝ ਨੁਕਤਿਆਂ ਵਿੱਚ ਸਮਝਣਾ ਹੋਵੇ ਤਾਂ ਅਮਰੀਕੀ ਕਾਰਪੋਰੇਟ, ਯਹੂਦੀ ਸੁਰੱਖਿਆ, ਤਾਲਿਬਾਨੀ ਸ਼ਰੀਅਤ ਅਤੇ ਆਲਮੀ ਸੱਭਿਆਚਾਰਕ ਪੇਸ਼ਕਾਰੀਆਂ ਦੀਆਂ ਸਾਂਝੀਆਂ ਤੰਦਾਂ ਉਜਾਗਰ ਹੁੰਦੀਆਂ ਹਨ। ਮੂਲ ਰੂਪ ਵਿੱਚ ਦੋਸਤੀਆਂ-ਦੁਸ਼ਮਣੀਆਂ ਸਮੇਤ ਇਹ ਸਾਰਾ ਰੁਝਾਨ ਖਾਲਸ ਨਸਲ ਜਾਂ ਸੋਚ ਦਾ ਆਲਮ ਉਸਾਰਨ ਦੀ ਵਕਾਲਤ ਕਰਦਾ ਹੈ। ਮਨੁੱਖੀ ਵੰਨ-ਸਵੰਨਤਾ ਨੂੰ ਖ਼ਤਮ ਕਰਕੇ ਆਪਣੀ ਪਸੰਦ ਦਾ ਆਲਮ ਉਸਾਰਨ ਵਾਲਿਆਂ ਵਿੱਚ ਚੋਖੀ ਵੰਨ-ਸਵੰਨਤਾ ਹੈ। ਬਸਤਾਨੀ ਮੁਕਾਬਲੇ ਦੀ ਤਰਜ਼ ਉੱਤੇ ਮੂਲਵਾਦੀਆਂ ਦਾ ਮੁਕਾਬਲਾ ਚੱਲ ਰਿਹਾ ਹੈ। ਕਦੇ ਭਾਰਤ ਦੀ ਸਰਜ਼ਮੀਨ ਉੱਤੇ ਫਰਾਂਸੀਸੀ, ਡਚ, ਬਰਤਾਨਵੀ ਅਤੇ ਪੁਰਤਗਾਲੀ ਬਸਤਾਨਾਂ ਨੇ ਆਪਸੀ ਜੰਗਾਂ ਲੜੀਆਂ ਸਨ। ਹੁਣ ਮਨੁੱਖ ਦੇ ਪਿੰਡੇ ਉੱਤੇ ਉਸ ਨੂੰ ਸੀਲ ਕਰਨ ਦੀ ਜੰਗ ਚੱਲ ਰਹੀ ਹੈ। ਆਪਣਾ ਬੁਨਿਆਦੀ ਮਸਲਾ ਇਸ ਰੁਝਾਨ ਦੀ ਸੱਭਿਆਚਾਰਕ ਪੇਸ਼ਕਾਰੀਆਂ ਵਿੱਚ ਹੁੰਦੀ ਨੁਮਾਇੰਦਗੀ ਦੀ ਨਿਸ਼ਾਨਦੇਹੀ ਕਰਨਾ ਹੈ।


'ਹਿਟਲਰ ਦੀਦੀ' ਦੇ ਪੱਖ ਵਿੱਚ ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਇਹ ਪਰਿਵਾਰਕ ਕਦਰਾਂ-ਕੀਮਤਾਂ ਨੂੰ ਖ਼ਤਮ ਕਰਨ ਵਾਲੀ ਮੰਡੀ ਦੀ ਨੁਮਾਇੰਦਗੀ ਕਰਦਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਨਾਮ ਜ਼ਿਆਦਾ ਸੋਚ-ਸਮਝ ਕੇ ਨਹੀਂ ਰੱਖਿਆ ਗਿਆ ਸਗੋਂ ਦਰਸ਼ਕਾਂ ਨੂੰ ਖਿੱਚਣ ਲਈ ਰੱਖ ਲਿਆ ਗਿਆ ਹੈ। ਲੜੀਵਾਰ ਦਾ ਕੰਮ ਇਸ਼ਤਿਹਾਰਬਾਜ਼ੀ ਰਾਹੀਂ ਮੁਨਾਫ਼ਾ ਕਮਾਉਣਾ ਹੈ ਅਤੇ ਇਸ ਦਾ ਹਿਟਲਰ ਨੂੰ ਵਡਿਆਉਣਾ ਜਾਂ ਉਚਿਆਉਣਾ ਮਕਸਦ ਨਹੀਂ ਹੈ। ਇਹ ਸਾਰੀਆਂ ਗੱਲਾਂ ਆਪਣੀ ਥਾਂ ਠੀਕ ਹੋ ਸਕਦੀਆਂ ਹਨ। ਸਵਾਲ ਇਹ ਹੈ ਕਿ ਸੱਭਿਆਚਾਰਕ ਪੇਸ਼ਕਾਰੀਆਂ ਸਮਕਾਲੀ ਹਕੀਕਤਾਂ ਤੋਂ ਬਿਲਕੁਲ ਅਣਭਿੱਜ ਹੁੰਦੀਆਂ ਹਨ? ਸਮਕਾਲੀ ਰੁਝਾਨ ਦੀ ਨੁਮਾਇੰਦਗੀ ਸੱਭਿਆਚਾਰਕ ਪੇਸ਼ਕਾਰੀਆਂ ਵਿੱਚ ਸਚੇਤ ਹੀ ਹੁੰਦੀ ਹੈ ਜਾਂ ਅਚੇਤ ਵੀ ਹੋ ਸਕਦੀ ਹੈ? ਜਰਮਨ (ਉਸ ਵੇਲੇ ਪੂਰਬੀ) ਦੀ ਲੇਖਕ ਕ੍ਰਿਸਟਾ ਵੌਲਫ਼ ਨੇ ਆਪਣੇ ਸਵੈਜੀਵਨੀਨੁਮਾ ਨਾਵਲ ਵਿੱਚ ਇਸ ਪੇਚੀਦਗੀ ਨੂੰ ਬਾਰੀਕੀ ਨਾਲ ਫੜਿਆ ਹੈ। ਨਾਜ਼ੀਆਂ ਨੇ ਖਾਲਸ ਨਸਲ ਦੀ ਧਾਰਨਾ ਤਹਿਤ ਆਦਰਸ਼ ਜਰਮਨ ਔਰਤ ਦਾ ਨਕਸ਼ਾ ਖਿੱਚ ਦਿੱਤਾ। ਸਕੂਲ ਵਿੱਚ ਇਤਿਹਾਸ ਪੜ੍ਹਾਉਂਦੀ ਇੱਕ ਬੀਬੀ ਦਾ ਇਹ ਨਕਸ਼ੇ ਨਾਲ ਕੁਝ ਵੀ ਮੇਲ ਨਹੀਂ ਖਾਂਦਾ। ਕਾਲੇ ਵਾਲਾਂ ਅਤੇ ਸਲੋਵਾਕੀ ਮੁਹਾਂਦਰੇ ਵਾਲੀ ਛੋਟੇ ਕੱਦ ਦੀ ਇਹ ਬੀਬੀ ਨਾਜ਼ੀ ਨਿਜ਼ਾਮ ਤੋਂ ਨਾਬਰ ਹੈ। ਉਸ ਨੂੰ ਬਹੁਤ ਦੇਰ ਬਾਅਦ ਵਿੱਚ ਸਮਝ ਆਉਂਦੀ ਹੈ ਕਿ ਸਾਲਾਂ ਬੱਧੀ ਉਸ ਨੇ ਇਤਿਹਾਸ ਪੜ੍ਹਾਉਣ ਵੇਲੇ ਯੂਰਪੀ ਸਮੱਸਿਆਵਾਂ ਦਾ ਮੂਲ ਖਾਲਸ ਨਸਲ ਵਿੱਚ ਹੋਏ ਰਲਾਅ ਨਾਲ ਜੋੜ ਕੇ ਵੇਖਿਆ ਹੈ। ਇਸ ਤਰ੍ਹਾਂ ਇਹ ਸਚੇਤ ਬੀਬੀ ਅਚੇਤ ਤੌਰ ਉੱਤੇ ਉਸੇ ਨਿਜ਼ਾਮ ਦਾ ਪੱਖ ਪੂਰਦੀ ਰਹੀ ਹੈ ਜੋ ਇਸ ਦਾ ਕਿਸੇ ਪੱਖੋਂ ਖੈਰਖਾਹ ਨਹੀਂ ਅਤੇ ਇਹ ਜਿਸ ਦੇ ਪੱਖ ਵਿੱਚ ਭੁਗਤਣਾ ਨਹੀਂ ਚਾਹੁੰਦੀ ਸੀ।


ਇਸ ਹਵਾਲੇ ਨਾਲ 'ਹਿਟਲਰ ਦੀਦੀ' ਨੂੰ ਘਟਨਾ ਦੀ ਥਾਂ ਰੁਝਾਨ ਦੀ ਕੜੀ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਪੰਜਾਬੀ ਫ਼ਿਲਮ ਬਣੀ ਹੈ, 'ਹੀਰੋ ਹਿਟਲਰ ਇੰਨ ਲਵ'। ਟੈਲੀਵਿਜ਼ਨ ਉੱਤੇ ਹੋ ਰਹੀ ਇਸ਼ਤਿਹਾਰਬਾਜ਼ੀ ਮੁਤਾਬਕ ਇਹ ਫ਼ਿਲਮ ਧੱਕੇ ਨਾਲ ਸਮਾਜਿਕ ਸੁਧਾਰ ਦਾ ਦਾਅਵਾ ਕਰਦੀ ਹੈ। ਕੁੜੀਆਂ ਨੂੰ ਰੰਨ ਤੱਕ ਮਹਿਦੂਦ ਕਰਦੀ ਅਤੇ ਮਿਰਜ਼ੇ ਦੀ ਲਾਸ਼ ਉੱਤੇ ਹਿਟਲਰ ਦਾ ਗੁਣਗਾਣ ਕਰਦੀ ਇਹ ਫ਼ਿਲਮ ਬੇਕਿਰਕ ਕਾਤਲ ਨੂੰ 'ਇਸ਼ਕਪੁਰੇ' ਦਾ ਸਰਪ੍ਰਸਤ ਬਣਾਉਂਦੀ ਹੈ। ਬੱਬੂ ਮਾਨ ਦੀ ਇਸ ਫ਼ਿਲਮ ਨੂੰ 'ਹਸ਼ਰ' ਅਤੇ 'ਏਕਮ' ਦੀ ਅਗਲੀ ਕੜੀ ਵਜੋਂ ਵੇਖਿਆ ਜਾ ਸਕਦਾ ਹੈ। ਅੰਤਿਮ ਸੱਚ ਨੂੰ ਪਹੁੰਚੇ ਨਾਇਕ ਰਾਹੀਂ ਕੁੱਟ-ਮਾਰ ਕਰਕੇ ਸਮਾਜ ਵਿੱਚ ਸੁਧਾਰ ਕਰਨਾ ਇਨ੍ਹਾਂ ਦੀ ਸਾਂਝੀ ਤੰਦ ਹੈ। ਬੱਬੂ ਮਾਨ ਦੀ ਗੱਲ ਬਾਕੀ ਸੱਭਿਆਚਾਰਕ ਪੇਸ਼ਕਾਰੀਆਂ ਤੋਂ ਨਿਖੇੜ ਕੇ ਨਹੀਂ ਕੀਤੀ ਜਾ ਸਕਦੀ। ਪੰਜਾਬੀ ਸੱਭਿਆਚਾਰ ਦੀ ਅਲੰਬਰਦਾਰੀ ਦੀ ਪੰਜਾਬੀ ਯੂਨੀਵਰਸਿਟੀ ਤੋਂ ਫ਼ਰਦ ਲੈਣ ਵਾਲਾ ਸੁਨਾਮ ਵਾਲਾ ਪੰਮੀ 'ਬਾਈ' ਗਾaਂਦਾ ਹੈ, 'ਦੋ ਚੀਜ਼ਾਂ ਜੱਟ ਮੰਗਦਾ, ਦਾਰੂ ਘਰ ਦੀ ਬੰਦੂਕ ਬਾਰਾਂ ਬੋਰ ਦੀ'। ਸ਼ਰਾਬ, ਹਥਿਆਰ, ਜਾਤ ਅਤੇ ਖਰੂਦ ਨੂੰ ਵਡਿਆਉਣ ਤੋਂ ਬਾਅਦ ਪੰਜਾਬ ਨਾਲ ਦੁਸ਼ਮਣੀ ਵਿੱਚ ਕਸਰ ਕੀ ਰਹਿ ਜਾਂਦੀ ਹੈ? ਅਕਾਲੀ ਦਲ ਦੇ ਕਾਰਕੁਨਾਂ ਦੀ ਸਰਗਰਮ ਇਸ਼ਤਿਹਾਰਬਾਜ਼ੀ ਨਾਲ ਪ੍ਰਚਾਰੀ ਗਈ ਫ਼ਿਲਮ 'ਧਰਤੀ' ਵਿੱਚ ਨਾਇਕ ਜਿੰਮੀ ਸ਼ੇਰਗਿੱਲ ਉੱਤੇ ਫ਼ਿਲਮਾਇਆ ਗਿਆ ਅਤੇ ਦਿਲਜੀਤ ਦਾ ਗਾਇਆ ਗੀਤ ਹੈ, "ਹਾਕੀਆਂ ਨਾਲ ਮਾਰ-ਮਾਰ, ਬਿਜਲੀ ਦੀ ਲਾ ਕੇ ਤਾਰ, ਵਿੱਚ ਛੱਡੂ ਜੱਟ ਚਾਰ-ਚਾਲੀ ਦਾ ਕਰੰਟ ਨੀ..." ਇਸ ਤੋਂ ਬਾਅਦ ਉਹ ਤਸ਼ਦੱਦ ਦੀਆਂ ਤਮਾਮ ਕਿਸਮਾਂ ਗਿਣਦਾ ਹੈ ਜੋ ਪੰਜਾਬ ਦੇ ਕਾਲੇ ਦੌਰ ਵਿੱਚ ਪੁਲਿਸਤੰਤਰ ਦੇ ਬਦਨਾਮ ਖ਼ਾਸੇ ਦਾ ਹਿੱਸਾ ਰਹੀਆਂ ਹਨ। ਲਾਵਾਰਸ ਲਾਸ਼ਾਂ, ਝੂਠੇ ਪੁਲਿਸ ਮੁਕਾਬਲਿਆਂ ਅਤੇ ਅਤਿਵਾਦੀਆਂ ਦੀ ਬੇਕਿਰਕੀ ਦਾ ਖ਼ੌਫ਼ ਪੈਦਾ ਕਰਨ ਵਾਲੇ ਤਸ਼ਦੱਦਖ਼ਾਨੇ ਦੀ ਸਿਖਲਾਈ ਗਾਇਕ ਦੇ ਰਹੇ ਹਨ। ਇਹ ਸਿਖਲਾਈ ਪੰਜਾਬੀ ਮੁੰਡਿਆਂ ਨੂੰ ਇਸ਼ਕ ਦੇ ਮੰਤਰ ਵਜੋਂ ਦਿੱਤੀ ਜਾ ਰਹੀ ਹੈ। ਇਨ੍ਹਾਂ ਮੁੰਡਿਆਂ ਦੇ ਹੱਥੋਂ ਕਿਤਾਬਾਂ ਛੁਡਾਉਣ ਦਾ ਕੰਮ ਗਾਇਕਾਂ ਨੇ ਕੁੰਜੀਆਂ ਛਾਪਣ ਵਾਲਿਆਂ ਤੋਂ ਜ਼ਿਆਦਾ ਮਹਾਰਤ ਨਾਲ ਕੀਤਾ ਹੈ। ਗੱਡੀਆਂ, ਹਥਿਆਰਾਂ, ਸ਼ਰਾਬ, ਗੁੰਡਾਗਰਦੀ, ਬਦਫੈਲੀ, ਕਬਜ਼ਿਆਂ ਅਤੇ ਖ਼ੁਦਕੁਸ਼ੀਆਂ ਦਾ ਲੀਹਾ ਪੱਧਰ ਕਰਨ ਵਿੱਚ ਗਾਇਕਾਂ ਨੇ ਬਹੁਤ ਹਿੱਸਾ ਪਾਇਆ ਹੈ। ਨਤੀਜੇ ਵਜੋਂ ਖੇਡ ਮੈਦਾਨ ਤੋਂ ਉਜੜੀਆਂ ਹਾਕੀਆਂ ਅਤੇ ਬੇਸਬਾਲ ਸਟਿੱਕਾਂ ਕਾਰਾਂ ਦੀਆਂ ਸੀਟਾਂ ਹੇਠਾਂ ਬੇਮੁਹਾਰ ਹਉਂਮੈ ਦੀ ਨੁਮਾਇੰਦਗੀ ਕਰਨ ਲੱਗੀਆਂ ਹਨ। ਭਰੂਣ ਹੱਤਿਆ ਦੀ ਇੱਕ ਤੰਦ ਇਨ੍ਹਾਂ ਨਾਲ ਜ਼ਰੂਰ ਜੁੜਦੀ ਹੈ। ਇਨ੍ਹਾਂ ਨੇ ਕੁੜੀਆਂ ਮਹਿਫ਼ੂਜ਼ ਨਹੀਂ ਰਹਿਣ ਦਿੱਤੀਆਂ ਅਤੇ ਮਾਪਿਆਂ ਦੀ ਮਜਬੂਰੀ ਭਰੂਣ ਦੇ ਕਤਲ ਦਾ ਫ਼ੈਸਲਾ ਲੈਣ ਵਿੱਚ ਸਹਾਈ ਹੋਈ ਹੈ। ਬਾਬੇ ਵਾਰਿਸ ਦੀ ਰੰਨ ਤੋਂ ਔਰਤ ਬਣਨ ਦੀ ਰੀਤ ਨੂੰ ਇਨ੍ਹਾਂ ਨੇ ਉਲਟਾ ਗੇੜਾ ਦਿੱਤਾ ਹੈ।


ਪੰਜਾਬ ਅੰਦਰ ਜੈਜੀ ਬੈਂਸ ਦਾ ਗੀਤ ਆਇਆ, "ਕਿਹੜਾ ਜੰਮਿਆ ਸੂਰਮਾ, ਜਿਹੜਾ ਜੱਟ ਦੀ ਚੜ੍ਹਤ ਨੂੰ ਰੋਕੇ..."। ਇਸ ਦਾ ਨਾਚ ਵੱਖਰਾ ਸੀ। ਗਾਇਕ ਅੰਗਰੇਜ਼ੀ ਬੋਲਦਾ ਸੀ। ਕੁਝ ਅਟਪਟਾ ਲੱਗਣ ਦੇ ਬਾਵਜੂਦ ਪੰਜਾਬੀਆਂ ਨੇ ਇਸ ਨੂੰ ਪ੍ਰਵਾਨ ਕਰ ਲਿਆ। ਹੌਲੀ-ਹੌਲੀ ਇਸ ਦਾ ਮੂਲ ਪ੍ਰਗਟ ਹੋਇਆ। ਇਹ ਸੂਰਮਾ ਪੰਜਾਬੀ ਬੋਲੀ ਬੋਲਦਾ ਸੀ ਪਰ ਇਸ ਦਾ ਕਾਰੋਬਾਰ ਉੱਤਰੀ ਅਮਰੀਕਾ ਦੀਆਂ ਸੜਕਾਂ ਉੱਤੇ ਚੱਲਦਾ ਸੀ। ਇਹ ਨਾਚ ਤਸਕਰਾਂ ਦੀ ਤਰਜ਼ ਉੱਤੇ ਮਛੋਹਰ ਪਾਂਡੀਆਂ ਦਾ ਜਸ਼ਨ ਹੈ। ਇਨ੍ਹਾਂ ਦੀ ਦੋ ਨੰਬਰੀ ਕਮਾਈ ਦੇ ਮਹਿੰਗੇ ਗਹਿਣੇ ਦਿਖਾਵੇ ਦਾ ਸਬੱਬ ਬਣਦੇ ਹਨ। ਸਵਾਲ ਇਹ ਹੈ ਕਿ ਜਦੋਂ ਇਹ ਗਹਿਣੇ ਖੰਡਾ ਬਣ ਕੇ ਆਏ ਤਾਂ ਅਸੀਂ ਇਸ ਦੇ ਦੁਆਲੇ ਲਿਪਟਿਆ ਸੱਭਿਆਚਾਰ ਪਛਾਣਨ ਤੋਂ ਖੁੰਝ ਗਏ ਜਾਂ ਇਸ ਦੀ ਚਕਾਚੌਂਧ ਸਾਨੂੰ ਖਰੀਦਣ ਵਿੱਚ ਕਾਮਯਾਬ ਹੋ ਗਈ? ਅਸੀਂ ਇਨ੍ਹਾਂ ਦੀ ਗਾਇਕੀ ਸੁਣਦੇ ਰਹੇ ਅਤੇ ਕੈਨੇਡਾ-ਅਮਰੀਕਾ ਵਿੱਚ ਪਾਂਡੀ ਬਣੇ ਪੰਜਾਬੀ ਮੁੰਡੇ ਅਣਆਈ ਮੌਤ ਮਰਦੇ ਰਹੇ। ਇਹ ਹਿਸਾਬ ਕਿਸੇ ਨਹੀਂ ਰੱਖਿਆ ਕਿ ਗੁੰਡਾ ਢਾਣੀਆਂ ਦੇ ਆਪਸੀ ਭੇੜ ਕਿੰਨੇ ਪੰਜਾਬੀਆਂ ਦੀ ਜਾਨ ਲੈ ਚੁੱਕੇ ਹਨ। ਬਲਜੀਤ ਸੰਗਰਾ ਦੀ ਦਸਤਾਵੇਜ਼ੀ ਫ਼ਿਲਮ 'ਵਾਰੀਅਰ ਬੁਆਏਜ਼' ਇਨ੍ਹਾਂ ਦੀ ਹੋਣੀ ਬਿਆਨ ਕਰਦੀ ਹੈ।



ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਜੀਵਨਸ਼ੈਲੀ ਉੱਤੇ ਪੈਂਦੇ ਤਤਕਾਲੀ ਅਤੇ ਚਿਰਕਾਲੀ ਅਸਰ ਬਹੁਤ ਚਿਰ ਤੋਂ ਅਧਿਐਨ ਦਾ ਵਿਸ਼ਾ ਬਣੇ ਹੋਏ ਹਨ। ਜੇਮਸ ਪਿਤਰਾਸ ਨੇ ਦਲੀਲ ਨਾਲ ਸਾਬਤ ਕਰ ਦਿੱਤਾ ਹੈ ਕਿ ਅਮਰੀਕੀ ਧੜੇ ਨੇ ਸੰਗੀਤ, ਨਾਟਕ, ਫ਼ਿਲਮ, ਪ੍ਰਕਾਸ਼ਨ ਅਤੇ ਹੋਰ ਕਲਾਵਾਂ ਰਾਹੀਂ ਸੋਵੀਅਤ ਯੂਨੀਅਨ ਨੂੰ ਘਾਤਕ ਖੋਰਾ ਲਗਾਇਆ ਸੀ। ਸੋਵੀਅਤ ਯੂਨੀਅਨ ਦੇ ਰਾਦੂਗਾ ਪ੍ਰਕਾਸ਼ਨ ਦੀਆਂ ਕਿਤਾਬਾਂ ਤੋਂ ਜ਼ਿਆਦਾਤਰ ਪੰਜਾਬੀ ਜਾਣੂ ਹਨ। ਪੰਜਾਬ ਦੀ ਗਾਇਕੀ ਅਤੇ ਫ਼ਿਲਮਾਂ ਦੇ ਮੌਜੂਦਾ ਦੌਰ ਨੂੰ ਸਮਝਣ ਲਈ ਕੌਮਾਂਤਰੀ ਪਿੱੜ ਦੀ ਮਿਸਾਲ ਢੁਕਵੀਂ ਜਾਪਦੀ ਹੈ।

ਅਮਰੀਕਾ ਦੀ ਵੀਅਤਨਾਮ ਨਾਲ ਜੰਗ ਵਿੱਚ ਫ਼ੈਸਲਾਕੁਨ ਭੂਮਿਕਾ ਨਿਭਾਉਣ ਵਾਲਿਆਂ ਵਿੱਚ ਦੋ ਫੋਟੋਗ੍ਰਾਫਰ ਸ਼ਾਮਿਲ ਸਨ। ਇੱਕ ਫੋਟੋ ਅਮਰੀਕੀ ਬੰਬਾਂ ਦੀ ਮਾਰ ਹੇਠ ਆਏ ਪਿੰਡ ਵਿੱਚੋਂ ਭੱਜ ਰਹੀਆਂ ਕੁੜੀਆਂ ਦੀ ਸੀ। ਇੱਕ ਕੁੜੀ ਦੇ ਕੱਪੜੇ ਅੱਗ ਨਾਲ ਸੜ ਚੁੱਕੇ ਸਨ। ਪਿੱਛੇ ਪਿੰਡ ਸੜ ਰਿਹਾ ਸੀ। ਇਸ ਤਸਵੀਰ ਨੇ ਅਮਰੀਕੀ ਅਵਾਮ ਨੂੰ ਝੰਜੋੜ ਕੇ ਰੱਖ ਦਿੱਤਾ। ਅਮਰੀਕਾ ਜੰਗ ਵਿਰੋਧੀ ਮੁਹਿੰਮ ਦਾ ਤਾਬ ਨਹੀਂ ਝੱਲ ਸਕਿਆ। ਬਾਅਦ ਵਿੱਚ ਇਸੇ ਦ੍ਰਿਸ਼ ਦਾ ਦੁਹਰਾਅ ਕਰਦੀਆਂ ਹੌਲੀਵੁੱਡ ਵਿੱਚ ਇੰਨੀਆਂ ਫ਼ਿਲਮਾਂ ਬਣੀਆਂ ਕਿ ਹੁਣ ਸਾਨੂੰ ਅਫ਼ਗ਼ਾਨਿਸਤਾਨ, ਇਰਾਕ, ਪਾਕਿਸਤਾਨ ਅਤੇ ਲੀਬੀਆ ਦੀ ਤਸਵੀਰਾਂ ਝੰਜੋੜਦੀਆਂ

ਨਹੀਂ। ਅਮਰੀਕਾ ਦੀਆਂ ਪਹਿਲਾਂ ਨਾਲੋਂ ਜ਼ਿਆਦਾ ਖ਼ੂੰਖ਼ਾਰ ਜੰਗੀ ਮੁਹਿੰਮਾਂ ਚਲ ਰਹੀਆਂ ਹਨ ਅਤੇ ਅਸੀਂ ਇਨ੍ਹਾਂ ਦਾ ਸਿੱਧਾ ਪ੍ਰਸਾਰਨ ਦੇਖਦੇ ਹਾਂ। ਇਸ ਸਿੱਧੇ ਪ੍ਰਸਾਰਨ ਦੀ ਆਦਤ ਪਾਉਣ ਵਿੱਚ ਜੇਮਸ ਬੌਂਡ ਅਤੇ ਰੈਂਬੋ ਵਾਲੀਆਂ ਫ਼ਿਲਮਾਂ ਨੇ ਅਹਿਮ ਹਿੱਸਾ ਪਾਇਆ ਹੈ। ਦੂਜੀ ਮਿਸਾਲ ਇਰਾਕ ਦੀਆਂ ਅਬੂ ਗ਼ਰੀਬ ਵਾਲੀਆਂ ਤਸਵੀਰਾਂ ਹਨ। ਇਨ੍ਹਾਂ ਤਸਵੀਰਾਂ ਨਾਲ ਅਮਰੀਕੀ ਬੇਕਿਰਕੀ ਦੀ ਬਾਤ ਤੁਰੀ। ਸਵਾਲ ਉੱਠਿਆ ਕਿ ਜੰਗੀ ਕੈਦੀਆਂ ਨਾਲ ਅਜਿਹਾ ਕਰਨਾ ਗ਼ੈਰਕਾਨੂੰਨੀ ਹੈ। ਅਮਰੀਕਾ ਨੇ ਆਪਣੇ ਫ਼ੌਜੀਆਂ ਦੀ ਸੰਵੇਦਨਾ ਕਿੰਨੀ ਮਾਰ ਦਿੱਤੀ ਹੈ ਕਿ ਉਹ ਤਸ਼ਦੱਦ ਦਾ ਜਸ਼ਨ ਮਨਾ ਰਹੇ ਹਨ। ਇਸ ਮੁਹਿੰਮ ਨਾਲ ਜੰਗ ਨੂੰ ਜ਼ਿਆਦਾ ਫ਼ਰਕ ਨਹੀਂ ਪਿਆ ਕਿਉਂਕਿ ਇਹੋ ਜਿਹੀਆਂ ਫ਼ਿਲਮਾਂ ਦਿਖਾ-ਦਿਖਾ ਕੇ ਲੋਕਾਂ ਦੀ ਸੰਵੇਦਨਾ ਮਾਰਨ ਦਾ ਉਪਰਾਲਾ ਚੱਤੋਪਹਿਰ ਚੱਲਦਾ ਹੈ। ਜਦੋਂ ਅਫ਼ਗ਼ਾਨਿਸਤਾਨ ਵਿੱਚ ਨਾਟੋ ਫ਼ੌਜ ਲਈ ਕੰਮ ਕਰਦੇ ਮੁਕਾਮੀ ਫ਼ੌਜੀਆਂ ਦੀਆਂ ਲਾਸ਼ਾਂ ਉੱਤੇ ਨਾਚ ਕਰਦਿਆਂ ਦੀਆਂ ਤਸਵੀਰਾਂ ਆਈਆਂ ਤਾਂ ਇਨ੍ਹਾਂ ਦਾ ਜ਼ਿਕਰ ਤੱਕ ਨਹੀਂ ਹੋਇਆ। ਅਮਰੀਕਾ ਇਰਾਕ ਵਿੱਚ ਆਪਣੀ ਫ਼ੌਜ ਨਾਲ ਜੋ ਕੰਮ ਕਰ ਰਿਹਾ ਸੀ, ਉਸ ਦੀ ਸਿਖਲਾਈ ਉਸ ਨੇ ਮੁਕਾਮੀ ਫ਼ੌਜੀਆਂ ਨੂੰ ਦੇ ਦਿੱਤੀ ਹੈ। ਹੁਣ ਅਫ਼ਗ਼ਾਨੀ ਸਮਾਜ ਇਸ ਵਹਿਸ਼ਤ ਵਿੱਚੋਂ ਕਿਵੇਂ ਨਿਕਲੇਗਾ?

ਪੰਜਾਬ ਦੀਆਂ ਫ਼ਿਲਮਾਂ ਅਤੇ ਗਾਇਕੀ ਰਾਹੀਂ ਪ੍ਰਚਾਰੀ ਜਾ ਰਹੀ ਜੀਵਨ ਸ਼ੈਲੀ ਦਾ ਮਨੁੱਖ ਵਿੱਚੋਂ ਸੁਹਜ, ਸੂਝ ਅਤੇ ਸੁਰਤ ਮਨਫ਼ੀ ਕਰਨ ਨਾਲ ਸਿੱਧਾ ਰਿਸ਼ਤਾ ਬਣਦਾ ਹੈ। ਇਸ ਵੇਲੇ ਇਸ ਗੱਲ ਕੀਤੀ ਜਾਣੀ ਚਾਹੀਦੀ ਹੈ ਕਿ ਕਰਤਾਰ ਸਿੰਘ ਸਰਾਭਾ ਦੀ ਪਛਾਣ ਉਸ ਦੀ ਪੱਤਰਕਾਰੀ ਅਤੇ ਪੜ੍ਹਾਈ ਨਾਲ ਬਣੀ ਸੀ। ਉਸ ਦੇ ਸਿਆਸੀ ਜੀਵਨ ਦਾ ਵੱਡਾ ਹਿੱਸਾ ਪੱਤਰਕਾਰੀ, ਪ੍ਰਚਾਰ ਅਤੇ ਜੇਲ੍ਹ ਵਿੱਚ ਗੁਜ਼ਰਿਆ। ਉਸ ਨੂੰ ਪਿਸਤੌਲ ਤੱਕ ਮਹਿਦੂਦ ਕਰਨਾ ਸਾਡੇ ਇਤਿਹਾਸ ਨਾਲ ਧਰੋਹ ਹੈ ਜੋ ਮੌਜੂਦਾ ਦੌਰ ਦੀ ਸਿਆਸਤ ਨਾਲ ਜੁੜਦਾ ਹੈ। 'ਮਰਨੋ ਮੂਲ ਨਾ ਡਰਨ ਵਾਲੇ ਅਤਿ ਦੇ ਸ਼ਿਕਾਰੀਆਂ' ਦਾ ਬਾਬੇ ਨਾਨਕ ਦੀ ਸੰਵਾਦ ਦੀ ਰਵਾਇਤ ਨਾਲ ਕੀ ਰਿਸ਼ਤਾ ਹੋ ਸਕਦਾ ਹੈ? ਵਿਵੇਕ ਦਾਨ, ਵਿਸਾਹ ਦਾਨ ਅਤੇ ਭਰੋਸਾ ਦਾਨ ਲਈ ਕੀਤੀ ਅਰਦਾਸ ਨਾਲ 'ਹਿਟਲਰ' ਦਾ ਕੀ ਰਾਬਤਾ ਹੋ ਸਕਦਾ ਹੈ? ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ ਅਤੇ ਨਿਤਾਣਿਆਂ ਦਾ ਤਾਣ ਬਣਨ ਦੇ ਆਸ਼ੇ ਦਾ ਤਸ਼ਦੱਦ ਨਾਲ ਕੋਈ ਰਿਸ਼ਤਾ ਹੋ ਸਕਦਾ ਹੈ? ਇਸ ਗੱਲ ਆਮ ਕਹੀ ਜਾ ਰਹੀ ਹੈ ਕਿ ਇਸ ਮੂੰਹਜ਼ੋਰ ਰੁਝਾਨ ਦੇ ਨਗ਼ਾਰਖ਼ਾਨੇ ਵਿੱਚ ਤੂਤੀ ਦੀ ਕੋਈ ਔਕਾਤ ਨਹੀਂ। ਇਹ ਸਭ ਕੁਝ ਹਿਟਲਰ ਦੇ ਵੇਲੇ ਵੀ ਕਿਹਾ ਜਾ ਰਿਹਾ ਸੀ। ਉਨ੍ਹਾਂ ਨੇ ਸਵਾਸਤਿਕ ਦੇ ਨਿਸ਼ਾਨ ਹੇਠ ਵੰਨ-ਸਵੰਨਤਾ ਦੀਆਂ ਸਭ ਨਿਸ਼ਾਨੀਆਂ ਦੱਬ ਦਿੱਤੀਆਂ ਸਨ। ਉਨ੍ਹਾਂ ਬੇਵਿਸਾਹੀ ਭਰੀਆਂ ਖ਼ੌਫ਼ਜ਼ਦਾ ਰਾਤਾਂ ਦੀ ਸਵੇਰ ਨੂੰ ਸਵਾਸਤਿਕ ਦੇ ਨਿਸ਼ਾਨ ਉੱਤੇ ਕਾਟਾ ਮਾਰਿਆ ਮਿਲਦਾ ਸੀ। ਸੱਭਿਆਚਾਰਕ ਦੇ ਨਾਮ ਉੱਤੇ ਤਸ਼ਦੱਦ ਦੇ ਜਸ਼ਨ ਉੱਤੇ ਘਰ ਅੰਦਰੋਂ ਕੀਤੇ ਸਵਾਲ ਕਾਟੇ ਦਾ ਕੰਮ ਕਰ ਸਕਦੇ ਹਨ। ਅਮਰੀਕਾ ਅਤੇ ਇਸਰਾਈਲ ਨੇ ਸਵਾਸਤਿਕ ਦੀ ਵਿਰਾਸਤ ਸਾਂਭ ਰੱਖੀ ਹੈ। ਉਹ ਬੀਬੀ ਅੱਜ ਵੀ ਸੁਹਿਰਦ ਹੋ ਕੇ ਇਤਿਹਾਸ ਪੜ੍ਹਾ ਰਹੀ ਹੈ। ਗੋਬਲਜ਼ ਗਾਇਕ ਬਣ ਕੇ ਸਾਨੂੰ ਸੱਭਿਆਚਾਰ ਦੇ ਮਾਅਨੇ ਸਮਝਾ ਰਿਹਾ ਹੈ।

ਦਰਦਮੰਦੀ ਤੋਂ ਇਨਕਲਾਬ ਦੀ ਯਾਤਰਾ: ਮੋਟਰਸਾਈਕਲ ਡਾਇਰੀਜ਼

ਜਤਿੰਦਰ ਮੌਹਰ

ਕੋਹੜ ਦੇ ਰੋਗੀਆਂ ਦਾ ਇਲਾਜ ਕਰਨ ਤੁਰਿਆ ਅਰਜਨਟੀਨੀ ਡਾਕਟਰ ਮਨੁੱਖ ਨੂੰ ਚਿੰਬੜੇ ਵੱਡੇ ਕੋਹੜ ਦੀ ਜੜ੍ਹ ਵੱਢਣ ਤੁਰ ਪਿਆ ਜਿਸ ਨੂੰ ਪੰਜਾਬੀ ਇਨਕਲਾਬੀ ਭਗਤ ਸਿੰਘ ਨੇ 'ਮਨੁੱਖ ਹੱਥੋਂ ਮਨੁੱਖ ਦੀ ਲੁੱਟ' ਐਲਾਨਿਆ ਸੀ। ਡਾਕਟਰ ਅਰਨੈਸਟੋ ਗੁਵੇਰਾ ਨੂੰ ਮਨੁੱਖਤਾ 'ਚੀ ਗੁਵੇਰਾ' ਦੇ ਨਾਮ ਨਾਲ ਵਧੇਰੇ ਜਾਣਦੀ ਹੈ। ਚੀ ਨੇ ਚੌਵੀ ਸਾਲ ਦੀ ਉਮਰ 'ਚ ਆਪਣੇ ਮਿੱਤਰ ਪਿਆਰੇ ਐਲਬਰਟੋ ਨਾਲ ਲਾਤੀਨੀ ਅਮਰੀਕੀ ਦੀ ਦਸ ਹਜ਼ਾਰ ਦੋ ਸੌ ਚਾਲੀ ਕਿਲੋਮੀਟਰ ਲੰਬੀ ਯਾਤਰਾ ਕੀਤੀ। ਫ਼ਿਲਮ 'ਮੋਟਰਸਾਈਕਲ ਡਾਇਰੀਜ਼' ਇਸੇ ਯਾਤਰਾ ਨੂੰ ਪਰਦਾਪੇਸ਼ ਕਰਦੀ ਹੈ। ਇਸ ਯਾਤਰਾ ਦੌਰਾਨ ਹੰਢਾਏ ਤਜਰਬੇ ਬਾਰੇ ਚੀ ਦਾ ਕਹਿਣਾ ਹੈ, "ਮੈਂ ਜਿੰਨੀ ਬੇਇਨਸਾਫ਼ੀ ਅਤੇ ਦੁੱਖ ਮਹਿਸੂਸ ਕੀਤਾ। ਉਸ ਤੋਂ ਬਾਅਦ ਮੈਂ ਉਹ ਨਹੀਂ ਰਿਹਾ ਜੋ ਮੈਂ ਸੀ।" ਆਪਣੇ ਸ਼ਹਿਰ ਬਿਊਨਸ ਏਅਰਜ਼ ਤੋਂ ਬਾਹਰ ਨਿਕਲ ਕੇ ਮਾਂ ਨੂੰ ਭੇਜੇ ਖ਼ਤ 'ਚ ਲਿਖਦਾ ਹੈ, "ਅਸੀਂ ਬਿਊਨਸ ਏਅਰਜ਼ ਪਿੱਛੇ ਛੱਡ ਆਏ ਹਾਂ। ਪਿੱਛੇ ਛੱਡ ਆਏ ਹਾਂ, ਬਦਨਸੀਬ ਜ਼ਿੰਦਗੀ, ਨੀਰਸ ਭਾਸ਼ਣ, ਲੇਖ ਅਤੇ ਸਿਹਤ ਪੇਪਰ। ਹੁਣ ਸਾਰਾ ਲਾਤੀਨੀ ਅਮਰੀਕਾ ਸਾਡੇ ਅੱਗੇ ਹੈ। ਮੈਨੂੰ ਖ਼ੁਸ਼ੀ ਹੈ ਕਿ ਅਸੀਂ ਸੱਭਿਅਤਾ ਪਿੱਛੇ ਛੱਡ ਆਏ ਹਾਂ ਤੇ ਹੁਣ ਅਸੀਂ ਜ਼ਮੀਨ ਦੇ ਕੁਝ ਨੇੜੇ ਹਾਂ।" ਉਸ ਤੋਂ ਬਾਅਦ ਉਹ ਜ਼ਮੀਨ ਦੇ ਨੇੜੇ ਹੁੰਦਾ ਗਿਆ। ਗ਼ਰੀਬ ਸੇਵਾਦਾਰ ਦੀ ਬੀਮਾਰ ਮਾਂ ਨੂੰ ਦੇਖਣ ਗਿਆ ਮਨੁੱਖੀ ਦਰਦ ਦੀ ਥਾਹ ਪਾਉਂਦਾ ਹੈ। ਖ਼ਤ 'ਚ ਲਿਖਦਾ ਹੈ ਕਿ ਉਹ ਗ਼ਰੀਬ ਬੁੜੀ ਔਰਤ ਇਲਾਜ ਖੁਣੋ ਮਰ ਰਹੀ ਹੈ। ਮੈਂ ਉਹਦੇ ਕਿਸੇ ਕੰਮ ਨਹੀਂ ਆ ਸਕਦਾ। ਉਸ ਨੇ ਮਹੀਨਿਆਂ ਬਾਅਦ ਡਾਕਟਰ ਦੇਖਿਆ ਹੈ ਪਰ ਉਹ ਸ਼ਾਨ ਨਾਲ ਜਿਉਣ ਦਾ ਉਪਰਾਲਾ ਕਰ ਰਹੀ ਹੈ। ਉਸ ਦੀਆਂ ਨਜ਼ਰਾਂ 'ਚ ਮੁਆਫ਼ੀ ਤੇ ਸਬਰ-ਸੰਤੋਖ ਵਰਗਾ ਕੁਝ ਤੈਰਦਾ ਨਜ਼ਰ ਆਉਂਦਾ ਹੈ। ਜੋ ਹੁਣ ਖ਼ਤਮ ਹੋ ਰਿਹਾ ਹੈ। ਉਸ ਦਾ ਸਰੀਰ ਸਾਡੇ ਆਲੇ-ਦੁਆਲੇ ਫੈਲੇ ਮਹਾਨ ਭੇਦ 'ਚ ਗ਼ਾਇਬ ਹੋ ਜਾਵੇਗਾ।" ਮਨੁੱਖ ਦੀ ਸ਼ਾਨ ਨਾਲ ਜਿਉਣ ਦੀ ਰੀਝ ਨੂੰ ਚੈਨ ਨਾਲ ਮਰਨ ਦੀ ਮਜਬੂਰੀ ਤੱਕ ਪੁਚਾ ਦਿੱਤਾ ਗਿਆ। ਇਲਾਜ ਖੁਣੋ ਮਰਦੀ ਬਜ਼ੁਰਗ ਬੀਬੀ ਉਨ੍ਹਾਂ ਪੰਛੀਆਂ ਦਾ ਬਿੰਬ ਦਿਸਦੀ ਹੈ ਜੋ ਲੋਕ-ਕਵੀ ਪਾਸ਼ ਮੁਤਾਬਕ ਚੈਨ ਨਾਲ ਮਰਨਾ ਸਿੱਖ ਰਹੇ ਹਨ।
ਚਿੱਲੀ ਦੇ ਵੀਰਾਨ ਮਾਰੂਥਲ 'ਚ ਉਸ ਨੂੰ ਕਿਸਾਨ ਜੋੜਾ ਮਿਲਦਾ ਹੈ। ਜਿਨ੍ਹਾਂ ਨੂੰ ਡਾਹਢਿਆਂ ਨੇ ਜ਼ਮੀਨ ਤੋਂ ਉਜਾੜ ਕੇ ਫਾਕੇ ਕੱਟਣ ਲਈ ਮਜਬੂਰ ਕਰ ਦਿੱਤਾ ਹੈ। ਕਿਸਾਨ ਔਰਤ ਦੇ ਸ਼ਬਦਾਂ 'ਚ, "ਇਸੇ ਨੂੰ ਉਹ 'ਤਰੱਕੀ' ਕਹਿੰਦੇ ਹਨ।" ਕਿਸਾਨ ਜੋੜਾ ਕੰਮ ਲਈ ਦਰ ਦਰ ਭਟਕ ਰਿਹਾ ਹੈ। ਉਨ੍ਹਾਂ ਉੱਤੇ ਕਿਸਾਨ ਅਤੇ ਕਮਿਉਨਿਸਟ ਹੋਣ ਦਾ ਦੋਸ਼ ਹੈ। ਆਪਣੇ ਪੁੱਤ ਨੂੰ ਪਰਿਵਾਰ ਕੋਲ ਛੱਡ ਆਏ ਹਨ। ਪੁਲਿਸ ਤੇ ਭੁੱਖ ਦੋਵਾਂ ਦਾ ਡਰ ਹੈ। ਉਨ੍ਹਾਂ ਦੇ ਮਿੱਤਰਾਂ ਨੂੰ ਮੱਛੀਆਂ ਦੀ ਖ਼ੁਰਾਕ ਬਣਾ ਕੇ ਸਮੁੰਦਰ ਹੇਠ ਸੁਆ ਦਿੱਤਾ ਗਿਆ ਹੈ। ਡਾਹਢੇ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਤੁਸੀਂ ਕਿਸ ਪਾਰਟੀ ਨਾਲ ਸੰਬੰਧਤ ਹੋ? ਇਹੀ ਰੁਝਾਨ ਸਾਡੇ ਮੁਲਕ 'ਚ ਪਿਛਲੇ ਇੱਕੀ ਸਾਲਾਂ ਤੋਂ ਹੋਰ ਤੇਜ਼ੀ ਨਾਲ ਸਾਹਮਣੇ ਆਇਆ ਹੈ। ਬਹੁਕੌਮੀ ਕੰਪਨੀਆਂ 'ਤਰੱਕੀ' ਦੇ ਨਾਮ 'ਤੇ ਕਿਸਾਨਾਂ ਦੀ ਜ਼ਮੀਨ ਤੇ ਕੁਦਰਤੀ ਖਣਿਜਾਂ ਨੂੰ ਹੜੱਪਣ 'ਚ ਲੱਗੀਆਂ ਹੋਈਆਂ ਹਨ। ਆਵਾਮ ਦੇ ਹਰ ਹੱਕੀ ਅੰਦੋਲਨ ਨੂੰ ਅਤਿਵਾਦੀ, ਨਕਸਲਵਾਦੀ ਤੇ ਮਾਓਵਾਦੀ ਕਰਾਰ ਦੇ ਕੇ ਕੁਚਲਿਆ ਜਾ ਰਿਹਾ ਹੈ। ਜੋ ਕੁਝ ਲਾਤੀਨੀ ਅਮਰੀਕਾ ਨੇ ਪਿਛਲੀ ਸਦੀ 'ਚ ਹੰਢਾਇਆ ਹੈ। ਸਾਡੇ ਮੁਲਕ ਨੇ ਉਸ ਦੀ ਅਜੇ ਝਲਕ ਹੀ ਦੇਖੀ ਹੈ। ਇਸ ਝਲਕ ਨੂੰ ਸਾਡਾ 'ਈਮਾਨਦਾਰ ਪ੍ਰਧਾਨ ਮੰਤਰੀ' ਵਡਿਆਉਂਦਾ ਨਹੀਂ ਥੱਕਦਾ। ਅਸੀਂ 'ਤਰੱਕੀ' ਦੇ ਭੰਬੂਤਾਰੇ ਅਜੇ ਦੇਖਣੇ ਹਨ। ਭਾਵੇਂ ਆਵਾਮ ਦਾ ਦਿਮਾਗ ਹੁਣੇ ਹੀ ਚੱਕਰ ਖਾਣੇ ਸ਼ੁਰੂ ਕਰ ਚੁੱਕਿਆ ਹੈ। ਕਿਸਾਨ-ਜੋੜੇ ਦੇ ਪੁੱਛਣ 'ਤੇ ਚੀ ਦੱਸਦਾ ਹੈ ਕਿ ਸਾਡੀ ਯਾਤਰਾ ਸਿਰਫ਼ ਯਾਤਰਾ ਲਈ ਸੀ। ਜੋੜਾ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਉਨ੍ਹਾਂ ਦੀ ਯਾਤਰਾ ਰੋਟੀ ਲੱਭਣ ਦੀ ਹੈ। ਚੀ ਯਾਤਰਾ ਦੇ ਨਵੇਂ ਅਰਥ ਸਮਝਣੇ ਸ਼ੁਰੂ ਕਰਦਾ ਹੈ। ਉਹ ਲਿਖਦਾ ਹੈ ਕਿ ਕਿਸਾਨ-ਜੋੜੇ ਦੇ ਚਿਹਰੇ ਮੁਰਝਾਏ ਹੋਏ ਤੇ ਡਰਾਉਣੇ ਸਨ। ਉਹ ਰਾਤ ਮੇਰੀ ਜ਼ਿੰਦਗੀ ਦੀਆਂ ਸਭ ਤੋਂ ਠੰਢੀਆਂ ਰਾਤਾਂ 'ਚੋਂ ਸੀ। ਸਾਂਝੀ ਮਨੁੱਖੀ ਨਸਲ ਦਾ ਅਹਿਸਾਸ ਮੈਨੂੰ ਉਨ੍ਹਾਂ ਅਜਨਬੀਆਂ ਦੇ ਨੇੜੇ ਲੈ ਆਇਆ। ਦੂਜੇ ਦਿਨ ਚੀ ਹੋਰੀਂ ਕਿਸਾਨ ਜੋੜੇ ਨਾਲ ਖਾਣਾਂ 'ਤੇ ਕੰਮ ਲੱਭਣ ਜਾ ਪਹੁੰਚਦੇ ਹਨ। ਲੇਬਰ ਚੌਂਕ 'ਚ ਖੜੇ ਮਜ਼ਦੂਰਾਂ ਦੀ ਬੋਲੀ ਲੱਗਦੀ ਹੈ। ਕਿਸਾਨ ਔਰਤ ਨੂੰ ਕੰਮ ਨਾ ਮਿਲ ਸਕਿਆ। ਮਜ਼ਦੂਰ ਪਾਣੀ ਤੋਂ ਵੀ ਪਿਆਸੇ ਹਨ। ਉਨ੍ਹਾਂ ਨੂੰ ਐਨਾਕੌਂਡਾ ਖਾਣ ਕੰਪਨੀ ਦੇ ਟਰੱਕਾਂ 'ਚ ਤੂੜਿਆ ਗਿਆ। ਚੀ ਖਾਣ ਦੇ ਅਫ਼ਸਰ ਤੋਂ ਪਿਆਸੇ ਕਾਮਿਆਂ ਲਈ ਪਾਣੀ ਦੀ ਮੰਗ ਕਰਦਾ ਹੈ। ਖਾਣ ਮਾਲਕਾਂ ਨੂੰ ਕਾਮਿਆਂ ਦੀ ਪਿਆਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਨੂੰ ਤਾਂ ਸਸਤੇ ਭਾਅ 'ਤੇ ਕੰਮ ਕਰਨ ਵਾਲੇ ਹੱਥਾਂ ਦੀ ਲੋੜ ਹੈ। ਅਫ਼ਸਰ ਚੀ ਹੋਰਾਂ ਨੂੰ ਉਥੋਂ ਦਫ਼ਾ ਹੋ ਜਾਣ ਲਈ ਕਹਿ ਕੇ ਟਰੱਕ 'ਚ ਚੜ ਜਾਂਦਾ ਹੈ। ਮੂਹਰਲੀ ਸੀਟ 'ਤੇ ਬੈਠੇ ਜਾਂਦੇ ਅਫ਼ਸਰ ਨੂੰ ਵੱਟਾ ਮਾਰ ਕੇ ਚੀ ਗੁੱਸਾ ਠੰਢਾ ਕਰਦਾ ਹੈ। ਖਾਣ ਕੰਪਨੀ ਦਾ ਨਾਮ ਐਨਾਕੌਂਡਾ ਤੋਂ ਰੱਖਿਆ ਗਿਆ ਸੀ ਜੋ ਦੁਨੀਆਂ ਦਾ ਸਭ ਤੋਂ ਵੱਡਾ ਅਜਗਰ ਹੈ। ਉਹ ਵੱਡੇ ਵੱਡੇ ਜਾਨਵਰ ਸਾਬਤ ਨਿਗਲ ਜਾਂਦਾ ਹੈ। ਬਹੁਕੌਮੀ ਕੰਪਨੀਆਂ ਦਾ ਖ਼ਾਸਾ ਅਜਗਰ ਨਾਲ ਮੇਲ ਖਾਂਦਾ ਹੈ। ਪ੍ਰੇਮਿਕਾ ਦੇ ਦਿੱਤੇ ਪੈਸੇ ਨੂੰ ਚੀ ਦਮੇ ਦੇ ਹੱਲੇ ਵੇਲੇ ਇਲਾਜ ਲਈ ਵੀ ਨਹੀਂ ਵਰਤਦਾ। ਦੋਸਤ ਨਾਲ ਉਨ੍ਹਾਂ ਪੈਸਿਆਂ ਪਿੱਛੇ ਝਗੜਦਾ ਰਹਿੰਦਾ ਹੈ। ਉਹ ਸਾਰੇ ਪੈਸੇ ਕਿਸਾਨ ਜੋੜੇ ਨੂੰ ਦੇ ਜਾਂਦਾ ਹੈ।

ਚੀ ਤੇ ਐਲਬਰਟੋ ਦੀ ਯਾਤਰਾ ਜਾਰੀ ਰਹਿੰਦੀ ਹੈ। ਐਂਡੀਜ਼ ਪਰਬਤ ਵੱਲ ਵਧਦੇ ਹੋਏ ਮੂਲਵਾਸੀ ਕਿਸਾਨ ਜ਼ਿਆਦਾ ਗਿਣਤੀ 'ਚ ਦਿਸਣੇ ਸ਼ੁਰੂ ਹੋ ਜਾਂਦੇ ਹਨ। ਜਿਨ੍ਹਾਂ ਨੂੰ ਜ਼ਮੀਨ ਤੋਂ ਉਜਾੜਿਆ ਜਾ ਰਿਹਾ ਹੈ। ਪੇਰੂ ਪਹੁੰਚਣ 'ਤੇ ਸਪੇਨੀ ਬਸਤਾਨਾਂ ਦੇ ਖ਼ੂਨੀ ਕਾਰੇ ਪਤਾ ਲੱਗਣੇ ਸ਼ੁਰੂ ਹੁੰਦੇ ਹਨ। ਜਿਨ੍ਹਾਂ ਨੇ ਵਪਾਰਕ ਕਾਰਨਾਂ ਕਰਕੇ ਮੂਲਵਾਸੀਆਂ ਦੀ ਰਵਾਇਤੀ ਰਾਜਧਾਨੀ ਕੂਜ਼ਕੋ ਨੂੰ ਛੱਡ ਕੇ ਲੀਮਾ ਨੂੰ ਪੇਰੂ ਦੀ ਰਾਜਧਾਨੀ ਬਣਾਇਆ ਸੀ। ਧਰਮ ਦੇ ਨਾਂ 'ਤੇ ਚਲਦਾ ਵਪਾਰ ਅਜੇ ਤੱਕ ਜਾਰੀ ਹੈ। ਮੁਕਾਮੀ ਇੰਕਾ ਲੋਕ ਤਾਰਾ ਵਿਗਿਆਨ, ਦਿਮਾਗੀ ਸਰਜਰੀ, ਗਣਿਤ ਅਤੇ ਹੋਰ ਚੀਜ਼ਾਂ ਦਾ ਭਰਪੂਰ ਗਿਆਨ ਰੱਖਦੇ ਸਨ ਪਰ ਸਪੇਨੀਆਂ ਕੋਲ ਬਾਰੂਦ ਸੀ। ਸਪੇਨੀ ਬਸਤਾਨਾਂ ਨਾਲ ਆਏ ਚੇਚਕ ਰੋਗ ਨੇ ਮਾਚਾ-ਪਿਚੂ ਵਰਗਾ ਘੁੱਗ ਵਸਦਾ ਸ਼ਹਿਰ ਸਮਸ਼ਾਨਘਾਟ ਬਣਾ ਦਿੱਤਾ ਸੀ। ਚੇਚਕ ਨਾਲ ਲੜਨ ਦੀ ਕੁਦਰਤੀ ਅੰਦਰੂਨੀ ਸ਼ਕਤੀ ਮੁਕਾਮੀ ਇੰਕਾ ਲੋਕਾਂ ਵਿੱਚ ਨਹੀਂ ਸੀ। ਕਤਲੇਆਮ ਤੇ ਤਬਾਹੀ ਦੇ ਮੰਜ਼ਰ ਅੱਜ ਵੀ ਮਾਚਾ-ਪਿਚੂ ਦੇ ਖੰਡ੍ਹਰਾਂ ਦੇ ਰੂਪ 'ਚ ਦੇਖੇ ਜਾ ਸਕਦੇ ਹਨ। ਬਸਤਾਨਾਂ ਦੇ ਰੂਪ ਬਦਲੇ ਹਨ ਪਰ ਮੂਲਵਾਸੀਆਂ ਦੀ ਲੁੱਟ ਬੇਰੋਕ ਜਾਰੀ ਹੈ। ਪੇਰੂ ਦੀ ਘਰੇਲੂ ਸਨਅਤ ਨੂੰ ਤਬਾਹ ਕਰ ਦਿੱਤਾ ਗਿਆ। ਅਣਗਿਣਤ ਕਾਮੇ ਵਿਹਲੇ ਹੋ ਗਏ। ਮੁਕਾਮੀ ਔਰਤ ਮੁਤਾਬਕ ਬਸਤਾਨਾਂ ਦੀ ਲੁੱਟ ਲਗਾਤਾਰ ਲੋਕਾਂ 'ਤੇ ਅਸਰ-ਅੰਦਾਜ਼ ਹੋ ਰਹੀ ਹੈ। ਅਮੀਰ ਜਗੀਰਦਾਰ ਪੁਲਿਸ ਤੇ ਪ੍ਰਸ਼ਾਸਨ ਦੀ ਮਦਦ ਨਾਲ ਕਿਸਾਨਾਂ ਨੂੰ ਜ਼ਮੀਨ ਤੋਂ ਉਜਾੜ ਰਹੇ ਹਨ। ਕਿਸਾਨ ਜੱਥੇਬੰਦ ਹੋ ਕੇ ਉਜਾੜੇ ਦੇ ਖ਼ਿਲਾਫ਼ ਲੜ ਰਹੇ ਹਨ। ਮਾਚਾ-ਪਿਚੂ ਦੇ ਖੰਡਰਾਂ 'ਚ ਬੈਠੇ ਚੀ ਤੇ ਐਲਬਰਟੋ ਕਾਗਜ਼ਾਂ 'ਤੇ ਕੁਝ ਝਰੀਟੀ ਜਾ ਰਹੇ ਹਨ। ਐਲਬਰਟੋ ਮੁਤਾਬਕ ਉਹ ਮੂਲਵਾਸੀ ਔਰਤ ਨਾਲ ਵਿਆਹ ਕਰਵਾਏਗਾ ਤੇ ਮੁਕਾਮੀ ਲੋਕਾਂ ਨੂੰ ਜੱਥੇਬੰਦ ਕਰਕੇ ਵੋਟਾਂ ਦੇ ਢਾਂਚੇ ਰਾਹੀਂ ਇਨਕਲਾਬ ਕਰੇਗਾ। ਚੀ ਦਾ ਸਪੱਸ਼ਟ ਜਵਾਬ ਹੈ, "ਹਥਿਆਰਾਂ ਤੋਂ ਬਿਨ੍ਹਾਂ ਕਦੇ ਇਨਕਲਾਬ ਨਹੀਂ ਹੋ ਸਕਦਾ।" ਉਸਦੇ ਸਾਹਮਣੇ ਵੱਡਾ ਸਵਾਲ ਹੈ ਕਿ ਏਨ੍ਹੀ ਗਿਆਨਵਾਨ ਸੱਭਿਅਤਾ ਨੂੰ ਤਬਾਹ ਕਰਕੇ 'ਤਰੱਕੀ' ਦੇ ਡੰਨ੍ਹ ਕਿਵੇਂ ਉਸਾਰੇ ਜਾ ਸਕਦੇ ਹਨ? ਦ੍ਰਿਸ਼ ਮਾਚਾ-ਪਿਚੂ ਦੇ ਖੰਡ੍ਹਰਾਂ ਤੋਂ ਰਾਜਧਾਨੀ ਲੀਮਾ ਦੇ ਕੰਕਰੀਟ ਰੂਪੀ ਜੰਗਲ 'ਚ ਤਬਦੀਲ ਹੋ ਜਾਂਦਾ ਹੈ। ਲੀਮਾ 'ਚ ਚੀ ਨੂੰ ਮੂਲਵਾਸੀਆਂ ਦੀ ਅਸੀਮ ਇਨਕਲਾਬੀ ਸਮਰੱਥਾ ਦਾ ਅਹਿਸਾਸ ਹੁੰਦਾ ਹੈ। ਉਨ੍ਹਾਂ ਦੀ ਅਸਲੀ ਸਮੱਸਿਆ 'ਜ਼ਮੀਨ' ਦੀ ਹੈ।

ਫ਼ਿਲਮ ਦਾ ਆਖਰੀ ਹਿੱਸਾ ਕੋਹੜ ਦੇ ਰੋਗੀਆਂ ਨਾਲ ਬਿਤਾਏ ਤਜਰਬਿਆਂ ਬਾਰੇ ਹੈ। ਐਮਾਜ਼ੌਨ ਦਰਿਆ ਦੇ ਦੱਖਣੀ ਕੰਢੇ 'ਤੇ ਕੋਹੜ ਦੇ ਰੋਗੀਆਂ ਨੂੰ ਰੱਖਿਆ ਜਾਂਦਾ ਹੈ। ਉੱਤਰੀ ਕੰਢੇ 'ਤੇ ਹਸਪਤਾਲ ਦਾ ਅਮਲਾ ਤੇ ਈਸਾਈ ਸਾਧਵੀਆਂ ਰਹਿੰਦੀਆਂ ਹਨ ਜੋ ਪੂਰਾ ਪ੍ਰਬੰਧ ਦੇਖਦੀਆਂ ਹਨ। ਦੋਵਾਂ ਵਿਚਕਾਰ ਸ਼ੂਕਦਾ ਦਰਿਆ ਹੈ। ਚਰਚ ਵਿੱਚ ਅਰਦਾਸ ਨਾ ਕਰਨ ਵਾਲੇ ਨੂੰ ਲੰਗਰ ਨਹੀਂ ਦਿੱਤਾ ਜਾਂਦਾ। ਚੀ ਰੋਗੀਆਂ ਨਾਲ ਹੁੰਦੇ ਵਿਤਕਰੇ ਦੇ ਖ਼ਿਲਾਫ਼ ਪੈਂਤੜਾ ਲੈਂਦਾ ਹੈ। ਉਹ ਦਰਦਮੰਦੀ ਨਾਲ ਲਬਰੇਜ਼ ਮਨੁੱਖ ਦੇ ਰੂਪ 'ਚ ਸਾਡੇ ਸਾਹਮਣੇ ਆਉਂਦਾ ਹੈ। ਇਲਾਜ ਨਾ ਕਰਾਉਣ ਲਈ ਬਜ਼ਿੱਦ ਬੀਬੀ 'ਸਿਲਵੀਆ' ਨੂੰ ਮਨਾਉਣ ਲਈ ਕਹੇ ਸ਼ਬਦ ਚੀ ਦੇ ਆਖ਼ਰੀ ਸਾਹ ਤੱਕ ਨਿਭਦੇ ਨਜ਼ਰ ਆਉਂਦੇ ਹਨ। ਉਹ ਕਹਿੰਦਾ ਹੈ, "ਜ਼ਿੰਦਗੀ ਬਚਾਉਣ ਲਈ ਆਖ਼ਰੀ ਦਮ ਤੱਕ ਲੜਨਾ ਚਾਹੀਦਾ ਹੈ ... ਮੌਤ ਨੂੰ ਕਹੋ ਨਰਕ 'ਚ ਜਾਵੇ।" ਮਨੁੱਖੀ ਜ਼ਿੰਦਗੀ ਦੀ ਕਦਰ ਸਮਝਾਉਣ ਤੇ ਉਸਦੀ ਰੱਖਿਆ ਲਈ ਤੁਰੇ ਚੀ ਦਾ ਗੁਆਤੇਮਾਲਾ, ਕਿਊਬਾ, ਵੈਂਜੂਏਲਾ, ਕਾਂਗੋ ਅਤੇ ਬੋਲੀਵਿਆ ਵਿੱਚ ਲੜਿਆ ਸੰਗਰਾਮ ਉਸ ਦੇ ਬੋਲਾਂ ਨਾਲ ਇੱਕਮਿੱਕ ਹੁੰਦਾ ਨਜ਼ਰ ਆਉਂਦਾ ਹੈ। ਰੋਗੀਆਂ ਅਤੇ ਅਮਲੇ ਵਿਚਕਾਰਲਾ ਸ਼ੂਕਦਾ ਦਰਿਆ ਬੀਮਾਰ ਬੰਦੇ ਨੂੰ ਸਿਹਤਮੰਦ ਬੰਦੇ ਤੋਂ ਵੱਖ ਕਰਦਾ ਹੈ। ਅਪਣੇ ਜਨਮ ਦਿਨ ਵਾਲੀ ਰਾਤ ਉੇਹ ਭਰੀ-ਭਰਾਈ ਪਾਰਟੀ ਛੱਡ ਕੇ ਰੋਗੀਆਂ ਨਾਲ ਜਨਮ-ਦਿਨ ਦੀ ਖ਼ੁਸ਼ੀ ਸਾਂਝੀ ਕਰਨ ਤੁਰ ਪੈਂਦਾ ਹੈ। ਦਮੇ ਦਾ ਮਰੀਜ਼ ਠੰਢੇ ਸੀਤ ਦਰਿਆ ਨੂੰ ਪਾਰ ਕਰਦਾ ਹੋਇਆ ਕੰਨੀਆਂ 'ਤੇ ਧੱਕੇ ਮਜ਼ਲੂਮਾਂ ਦੀ ਧਿਰ ਬਣਨ ਲਈ ਮੌਤ ਨੂੰ ਮਖੌਲ ਕਰ ਰਿਹਾ ਹੈ।

ਗ਼ਾਲਬਾਂ ਅਤੇ ਦਬਾਏ ਜਾਂਦੇ ਲੋਕਾਂ ਵਿਚਲੀ ਵਿੱਥ ਮੇਟਣ ਲਈ ਉਹ ਸਾਰੀ ਉਮਰ ਅੱਗ ਦਾ ਦਰਿਆ ਪਾਰ ਕਰਦਾ ਰਿਹਾ। ਡਾਕਟਰ ਹੋਣ ਕਰਕੇ ਚੀ ਮਨੁੱਖੀ ਜ਼ਿੰਦਗੀ ਦੀ ਕੀਮਤ ਹੋਰ ਨੇੜਿਓ ਜਾਣਦਾ ਸੀ। ਜਿਸ ਨੂੰ ਬਚਾਉਣ ਲਈ ਅਤੇ ਮਨੁੱਖਤਾ ਨੂੰ ਚਿੰਬੜੇ ਕੋਹੜ ਦਾ ਫ਼ਸਤਾ ਵੱਢਣ ਲਈ ਉਹ ਦਵਾਈਆਂ ਤੋਂ ਲੈ ਕੇ ਇਨਕਲਾਬ ਦੀ ਜੰਗ 'ਚ ਹਥਿਆਰ ਤੱਕ ਵਰਤਣ ਦੇ ਰਾਹ ਤੁਰਿਆ। ਕੋਹੜ ਦੇ ਰੋਗੀਆਂ ਨੂੰ ਰੱਖਣ ਵਾਲੀ ਥਾਂ ਦਾ ਦੱਖਣੀ ਕੰਢਾ ਅਸਲ 'ਚ ਦੱਖਣੀ ਅਮਰੀਕਾ ਹੈ। ਜੋ ਚੀ ਦੇ ਸ਼ਬਦਾਂ 'ਚ ਮੈਕਸੀਕੋ ਤੋਂ ਲੈ ਕੇ ਮੈਗੇਲਨ ਸਟਰੇਟਸ ਤੱਕ ਫੈਲਿਆ ਹੋਇਆ ਹੈ। ਉੱਤਰੀ ਕੰਢੇ ਦਾ ਅਰਥ ਅਮਰੀਕਾ, ਯੂਰਪ ਤੇ ਕੈਨੇਡਾ ਜਿਹੇ ਸਾਮਰਾਜੀ ਮੁਲਕਾਂ ਤੋਂ ਹੈ। ਜੇ ਦੱਖਣੀ ਕੰਢੇ ਦੇ ਅਰਥਾਂ ਨੂੰ ਮੋਕਲਾ ਕੀਤਾ ਜਾਵੇ ਤਾਂ ਸਾਮਰਾਜੀਆਂ ਦੀ ਲੁੱਟ ਦਾ ਸ਼ਿਕਾਰ ਸਾਰੇ ਆਲਮੀ ਮੁਲਕਾਂ ਦੇ ਨਾਮ ਗਿਣੇ ਜਾ ਸਕਦੇ ਹਨ।

Wednesday 23 November 2011

ਨਾਬਰਾਂ ਤੇ ਜਾਬਰਾਂ ਦੀ ਪਾਲਾਬੰਦੀ ਨੂੰ ਉਘਾੜਦੀ 'ਈਵਨ ਦ ਰੇਨ'

ਜਤਿੰਦਰ ਮੌਹਰ

ਅਫ਼ਰੀਕੀ ਕਹੌਤ ਹੈ ਕਿ ਜਦੋਂ ਤੱਕ ਸ਼ਿਕਾਰ ਦਾ ਇਤਿਹਾਸ ਸ਼ਿਕਾਰੀ ਲਿਖਦੇ ਰਹਿਣਗੇ। ਮਹਿਮਾਂ ਸ਼ਿਕਾਰੀਆਂ ਦੀ ਹੀ ਹੁੰਦੀ ਰਹੇਗੀ। ਸ਼ਿਕਾਰੀਆਂ ਦੇ ਲਿਖੇ ਇਤਿਹਾਸ ਨੇ ਬੰਦੇ ਨੂੰ ਅੱਜ ਤੱਕ ਵਾਹਣੀ ਪਾ ਕੇ ਰੱਖਿਆ ਹੈ। ਕਦੇ ਉਨ੍ਹਾਂ ਦੇ ਹੱਥ 'ਚ ਖ਼ੋਜ ਦੀਆਂ ਧੋਖੇ-ਭਰੀਆਂ ਕਿਤਾਬਾਂ ਅਤੇ ਨਕਸ਼ੇ ਸਨ। ਨਵੇਂ ਖਿੱਤਿਆਂ 'ਚ ਫੈਲਣ ਦੀ ਲਾਲਸਾ ਦੇ ਪਹਾੜ ਜਿੱਡੇ ਸਾਜ਼ਸ਼ੀ ਕਦਮ ਸਨ। ਪਿੱਛੇ-ਪਿੱਛੇ ਗਲਾਂ 'ਚ ਪਵਿੱਤਰ ਸਲੀਬਾਂ ਲਮਕਾਈ 'ਧਰਮ' ਦੇ ਨੁਮਾਇੰਦੇ ਹੇੜ੍ਹਾਂ ਬੰਨ੍ਹੀ ਆਉਂਦੇ ਸਨ। ਬਾਬੇ ਈਸਾ ਦੀ ਰੂਹ ਦੇ ਕਾਤਲਾਂ ਨੇ ਅਣਗਿਣਤ ਮਸੀਹਾਂ ਨੂੰ ਸੂਲੀ ਚਾੜ੍ਹਨਾ ਸੀ। ਕਰਾੜਾਂ ਦੇ ਹੱਥਾਂ 'ਚ ਵੇਚਣ ਦੀਆਂ ਵਸਤਾਂ ਸਨ। ਉਨ੍ਹਾਂ ਦੇ ਚਿਹਰਿਆਂ 'ਤੇ ਮੁਨਾਫ਼ੇ ਦੀ ਹਾਬੜੀ ਭੁੱਖ ਸੀ ਤੇ ਹੱਥ ਕਿਰਤ ਦੇ ਲਹੂ ਨਾਲ ਰੰਗੇ ਹੋਏ ਸਨ। ਲੁੱਟ ਦੇ ਬੇਕਿਰਕ ਪਹਿਰੇਦਾਰਾਂ ਦੇ ਹੱਥਾਂ 'ਚ ਨਾਮੁਰਾਦ ਅਸਲਾ ਸੀ। ਇਨ੍ਹਾਂ ਕਾਰਿਆਂ ਨੂੰ ਉਹ 'ਜੰਗਲੀਆਂ' ਨੂੰ 'ਸੱਭਿਅਤਾ' ਸਿਖਾਉਣ ਦੀ 'ਪਵਿੱਤਰ ਸੇਵਾ' ਮੰਨਦੇ ਹਨ। ਉਹ ਕੋਲੰਬਸਾਂ, ਮਾਰਕ ਪੋਲੋਆਂ ਤੇ ਜੇਮਜ਼ ਕੁੱਕਾਂ ਨੂੰ ਨਵੀਂ ਦੁਨੀਆਂ ਲੱਭਣ ਦੇ ਖ਼ੋਜੀ ਨਾਇਕਾਂ ਵਜੋਂ ਪ੍ਰਚਾਰਦੇ ਰਹੇ ਤੇ ਮਨੁੱਖੀ ਨਸਲ ਦੇ ਚੇਤਿਆਂ 'ਚ ਪਲੀਤ ਇਤਿਹਾਸ ਦੀ ਗ਼ਰਦ ਚਾੜਦੇ ਰਹੇ। ਨਵੀਂ ਦੁਨੀਆਂ ਲੱਭਣ ਦੇ ਨਾਅਰਿਆਂ ਹੇਠ ਲੁੱਟ ਦੀ ਨਵੀਂ ਦੁਨੀਆਂ ਵਸਾਉਣ ਲਈ ਲਾਮ-ਲਸ਼ਕਰ ਲੈ ਕੇ ਆਉਂਦੇ ਰਹੇ। ਨਾਬਰਾਂ ਨੇ ਇਨ੍ਹਾਂ ਹੱਲਿਆਂ ਨੂੰ ਰੂਹਾਂ ਤੇ ਪਿੰਡਿਆਂ 'ਤੇ ਝੱਲਿਆ ਪਰ ਨਾਬਰੀ ਦੀ ਸੁਰ ਨੀਵੀਂ ਨਹੀਂ ਹੋਣ ਦਿੱਤੀ। ਜ਼ਿੰਦਗੀ ਦੇ ਆਸ਼ਕਾਂ ਨੇ ਸਦੀਆਂ ਤੋਂ ਲੁੱਟ ਦੇ ਖ਼ਿਲਾਫ਼ ਸੰਗਰਾਮ ਦਾ ਪਿੜ ਮੱਲਿਆ ਹੋਇਆ ਹੈ। ਉਨ੍ਹਾਂ ਨੇ ਸ਼ਿਕਾਰੀਆਂ ਦੇ ਮੁਖੌਟਿਆਂ ਅਤੇ ਖ਼ਸਲਤ ਨੂੰ ਸ਼ਰੇ-ਬਾਜ਼ਾਰ ਬੇਪਰਦ ਕੀਤਾ ਹੈ। ਉਨ੍ਹਾਂ ਦੇ ਗੀਤਾਂ 'ਚ ਸ਼ਿਕਾਰ ਹੋਇਆਂ ਦੀ ਮਹਿਮਾਂ ਹੈ ਅਤੇ ਸ਼ਿਕਾਰੀਆਂ ਦੀ ਬਦਸੂਰਤੀ ਝਲਕਦੀ ਹੈ। ਇਹ ਸੱਭਿਅਤਾ ਦਾ ਸਦੀਵੀ ਵਰਤਾਰਾ ਹੈ ਅਤੇ ਪੀੜੇ ਜਾਂਦੇ ਲੋਕਾਂ ਦੀ ਹੋਣੀ ਸਾਂਝੀ ਹੈ।

ਹਦਾਇਤਕਾਰ ਇਸੀਅਰ ਬੋਲੇਨ ਦੀ ਸਪੇਨੀ ਫ਼ਿਲਮ 'ਈਵਨ ਦ ਰੇਨ' ਸਮਕਾਲੀ ਮੁੱਦਿਆਂ ਨੂੰ ਬੀਤੇ ਇਤਿਹਾਸ ਨਾਲ ਜੋੜ ਕੇ ਨਾਬਰਾਂ ਤੇ ਜਾਬਰਾਂ ਦੀ ਪਾਲਾਬੰਦੀ ਨੂੰ ਤਿੱਖੇ ਰੂਪ 'ਚ ਉਘਾੜਦੀ ਹੈ। ਫ਼ਿਲਮ ਦੀ ਕਹਾਣੀ ਮੁਤਾਬਕ ਸੰਨ ਦੋ ਹਜ਼ਾਰ 'ਚ ਸਪੇਨੀ ਫ਼ਿਲਮ-ਕਾਮਿਆਂ ਦਾ ਸਮੂਹ ਕੋਲੰਬਸ ਦੀ ਅਮਰੀਕੀ ਯਾਤਰਾ 'ਤੇ ਫ਼ਿਲਮ ਬਣਾਉਣ ਲਈ ਬੋਲੀਵਿਆ ਦੇ ਸ਼ਹਿਰ ਕੋਚਾਕਾਮਬਾ ਪਹੁੰਚਦਾ ਹੈ। ਹਦਾਇਤਕਾਰ ਸੈਬੇਸਿਟੀਅਨ, ਕੋਲੰਬਸ ਦੀ ਖ਼ੋਜੀ ਨਾਇਕ ਵਾਲੀ ਚਾਲੂ-ਮਿੱਥ ਨੂੰ ਭੰਨ ਕੇ, ਉਸ ਦੇ ਅਮਰੀਕੀ ਮੂਲਵਾਸੀਆਂ 'ਤੇ ਕੀਤੇ ਗਏ ਜ਼ੁਲਮਾਂ ਨੂੰ ਪੇਸ਼ ਕਰਨਾ ਚਾਹੁੰਦਾ ਹੈ। ਕੋਲੰਬਸ ਨੇ ਸੋਨਾ ਲੱਭਣ ਲਈ ਮੂਲਵਾਸੀਆਂ ਨੂੰ ਗ਼ੁਲਾਮ ਬਣਾਇਆ। ਬਾਗ਼ੀਆਂ ਨੂੰ ਸੂਲੀਆਂ 'ਤੇ ਟੰਗ ਕੇ ਜਿਉਂਦੇ ਸਾੜਿਆ। ਮੂਲਵਾਸੀ ਬੀਬੀਆਂ ਤੇ ਭੁਝੰਗੀਆਂ ਨੂੰ ਕੋਹ-ਕੋਹ ਮਾਰਿਆ। ਬੋਲੀਵਿਆ ਲਾਤੀਨੀ ਅਮਰੀਕਾ ਦਾ ਸਭ ਤੋਂ ਗ਼ਰੀਬ ਮੁਲਕ ਹੈ। ਮਜ਼ਦੂਰੀ ਸਸਤੀ ਹੋਣ ਕਰਕੇ ਇਹ ਮੁਲਕ ਫ਼ਿਲਮ ਦੇ ਵਿੱਤੀ ਮਾਲਕਾਂ ਨੂੰ ਬਹੁਤ ਰਾਸ ਆਉਂਦਾ ਹੈ। ਇਹ ਫ਼ਿਲਮਸਾਜ਼ਾਂ ਵੱਲੋਂ ਕੀਤੀ ਜਾਂਦੀ ਲੁੱਟ ਦਾ ਮਹੀਨ ਰੂਪ ਹੈ। ਇੱਕ ਪਾਸੇ ਸੈਬੇਸਿਟੀਅਨ ਦੀ ਫ਼ਿਲਮ ਬਸਤਾਨਾਂ ਦੇ ਖ਼ਿਲਾਫ਼ ਭੁਗਤਦੀ ਹੈ। ਦੂਜੇ ਪਾਸੇ ਮੁਕਾਮੀ ਕਲਾਕਾਰਾਂ ਦਾ ਸ਼ੋਸ਼ਣ ਕਰਦੀ ਹੈ। ਮਿਹਨਤਾਨਾ ਘੱਟ ਹੋਣ ਕਰਕੇ ਬਹੁਤੇ ਕਲਾਕਾਰ ਮੁਕਾਮੀ ਲੋਕਾਂ 'ਚੋਂ ਚੁਣੇ ਜਾਂਦੇ ਹਨ। ਕੋਲੰਬਸ ਦੇ ਖ਼ਿਲਾਫ਼ ਬਾਗ਼ੀਆਂ ਦੇ ਮੁਖੀ 'ਹਾਟੇ' ਦੇ ਕਿਰਦਾਰ 'ਚ ਮੂਲਵਾਸੀ ਡੈਨੀਅਲ ਨੂੰ ਲਿਆ ਜਾਂਦਾ ਹੈ। ਫ਼ਿਲਮ ਬਣਨ ਦੌਰਾਨ ਕੋਚਾਕਾਮਬਾ 'ਚ ਬਹੁਕੌਮੀ ਕੰਪਨੀ ਨੂੰ ਪਾਣੀ ਦੇ ਨਿੱਜੀਕਰਨ ਦਾ ਹੱਕ ਮਿਲ ਚੁੱਕਿਆ ਹੈ। ਕੰਪਨੀ, ਪ੍ਰਸ਼ਾਸਨ ਤੇ ਪੁਲਿਸ ਦੀ ਮਿਲੀਭੁਗਤ ਨਾਲ ਪਾਣੀ ਦੇ ਰਵਾਇਤੀ ਵਸੀਲੇ ਬੰਦ ਕਰਨ 'ਚ ਲੱਗੀ ਹੋਈ ਹੈ। ਖ਼ਾਸ ਕਰਕੇ ਖੂਹਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਤਾਂ ਕਿ ਆਵਾਮ ਕੋਲ ਪਾਣੀ ਹਾਸਲ ਕਰਨ ਦਾ ਇੱਕੋ-ਇੱਕ ਵਸੀਲਾ ਕੰਪਨੀ ਹੀ ਹੋਵੇ। ਪਾਣੀ ਦੀਆਂ ਕੀਮਤਾਂ ਵਧਾਉਣ ਕਰਕੇ ਲੋਕ-ਰੋਹ ਭੜਕ ਉੱਠਦਾ ਹੈ। ਡੈਨੀਅਲ ਵਿਰੋਧ ਕਰਨ ਵਾਲਿਆਂ ਦੇ ਆਗੂਆਂ 'ਚੋਂ ਹੈ।
ਪੁਲਿਸ ਡੰਡੇ ਦੇ ਜ਼ੋਰ ਨਾਲ ਲੋਕਾਂ ਨੂੰ ਦਬਾਉਣਾ ਚਾਹੁੰਦੀ ਹੈ। ਡੈਨੀਅਲ ਦੇ ਜੇਲ੍ਹ ਜਾਣ ਜਾਂ ਜਖ਼ਮੀ ਹੋਣ ਨਾਲ ਫ਼ਿਲਮ ਦਾ ਕੰਮ ਰੁਕ ਸਕਦਾ ਹੈ। ਵਿੱਤੀ ਮਾਲਕ ਉਸ ਨੂੰ ਵੱਧ ਪੈਸੇ ਦੇ ਕੇ ਮੁਜ਼ਾਹਰੇ 'ਚ ਜਾਣ ਤੋਂ ਰੋਕਦੇ ਹਨ। ਉਹ ਪੈਸੇ ਲੈ ਲੈਂਦਾ ਹੈ ਪਰ ਮੁਜ਼ਾਹਰੇ ਦੀ ਅਗਵਾਈ ਕਰਨ ਪਹੁੰਚ ਜਾਂਦਾ ਹੈ। ਪੁਲਿਸ ਲੋਕਾਂ 'ਤੇ ਅੰਨ੍ਹਾਂ ਤਸ਼ੱਦਦ ਕਰਦੀ ਹੈ। ਡੈਨੀਅਲ ਜਖ਼ਮੀ ਹੋ ਜਾਂਦਾ ਹੈ ਤੇ ਫੜ ਲਿਆ ਜਾਂਦਾ ਹੈ। ਫ਼ਿਲਮਸਾਜ਼ ਪੁਲਿਸ ਵਾਲਿਆਂ ਨੂੰ ਰਿਸ਼ਵਤ ਦੇ ਕੇ ਡੈਨੀਅਲ ਨੂੰ ਕੁਝ ਘੰਟਿਆਂ ਲਈ ਛੁੜਵਾ ਲਿਆਉਂਦੇ ਹਨ। ਫ਼ਿਲਮ ਦਾ ਕੰਮ ਪੂਰਾ ਹੁੰਦੇ ਸਾਰ ਪੁਲਸ ਡੈਨੀਅਲ ਨੂੰ ਦੁਬਾਰਾ ਫੜਨ ਆ ਪਹੁੰਚਦੀ ਹੈ ਪਰ ਮੂਲਵਾਸੀ ਡੈਨੀਅਲ ਨੂੰ ਛੁਡਵਾਉਣ ਲਈ ਪੁਲਿਸ ਨਾਲ ਦਸਤਪੰਜਾ ਲੈਂਦੇ ਹਨ। ਅੰਤ 'ਚ ਬਹੁਕੌਮੀ ਕੰਪਨੀ ਨੂੰ ਲੋਕ-ਰੋਹ ਅੱਗੇ ਝੁਕਦਿਆਂ ਪਿੱਛੇ ਹਟਣਾ ਪੈਂਦਾ ਹੈ।

ਹਾਟੇ (ਡੈਨੀਅਲ) ਨੂੰ ਬਾਗ਼ੀ ਹੋਣ ਕਰਕੇ ਕੋਲੰਬਸ ਨੇ ਸੂਲੀ 'ਤੇ ਚਾੜ ਕੇ ਜਿਉਂਦਾ ਸਾੜ ਦਿੱਤਾ ਸੀ। ਡੈਨੀਅਲ, ਬਾਬੇ ਈਸਾ ਦੀ ਰੂਹ ਜਾਪਦਾ ਹੈ ਜੋ ਕੋਲੰਬਸ ਤੋਂ ਲੈ ਕੇ ਅਵਾਮ ਨੂੰ ਪਾਣੀ ਤੋਂ ਬੇਦਖ਼ਲ ਕਰਦੀ ਬਹੁਕੌਮੀ ਕੰਪਨੀ ਦੇ ਜ਼ੁਲਮ ਅੱਗੇ ਹਿੱਕ ਡਾਹੁੰਦਾ ਹੈ। ਹਰ ਵਾਰੀ ਉਸਦੇ ਹਿੱਸੇ ਸੂਲੀ ਆਈ ਹੈ। ਤਹਿਲਕਾ ਮੈਗਜ਼ੀਨ ਦੀ ਰਪਟ ਮੁਤਾਬਕ ਸਾਡੇ ਮੁਲਕ ਦੀ ਸਰਕਾਰ ਨੇ ਮੱਧ-ਪ੍ਰਦੇਸ਼ ਦੇ ਦਰਿਆ ਦਾ ਤੇਈ ਕਿਲੋਮੀਟਰ ਦਾ ਮੁਹਾਣ ਨਿੱਜੀ ਕੰਪਨੀ ਨੂੰ ਇੱਕ ਰੁਪੈ ਵਿੱਚ ਪਟੇ 'ਤੇ ਦਿੱਤਾ ਸੀ। ਮੁਕਾਮੀ ਲੋਕਾਂ ਨੂੰ ਉਦੋਂ ਪਤਾ ਲੱਗਿਆ ਜਦੋਂ ਦਰਿਆ ਦੇ ਦੁਆਲੇ ਕੰਡਿਆਲੀ ਤਾਰ ਲਾ ਦਿੱਤੀ ਗਈ। ਲੋਕਾਂ ਨੂੰ ਦਰਿਆ ਦਾ ਪਾਣੀ ਵਰਤਣ ਤੋਂ ਰੋਕ ਦਿੱਤਾ ਗਿਆ। ਇਸ ਤਰ੍ਹਾਂ ਦੇ ਹੋਰ ਮਾਮਲੇ ਵੀ ਸਾਹਮਣੇ ਆਏ ਹਨ। ਜਿੱਥੇ ਦਰਿਆਵਾਂ ਦੇ ਪਾਣੀ ਨਿੱਜੀ ਕੰਪਨੀਆਂ ਨੂੰ ਨਾਮਨਿਹਾਦ ਕੀਮਤ 'ਤੇ ਵੇਚ ਦਿੱਤੇ ਗਏ ਹਨ। ਫ਼ਿਲਮ ਪੁਰਾਣੇ ਯੂਰਪੀ ਸਾਮਰਾਜ ਅਤੇ ਅਜੋਕੇ ਆਲਮੀਕਰਨ ਤੇ ਨਿੱਜੀਕਰਨ ਦੇ ਵਰਤਾਰੇ ਦੀਆਂ ਸਾਂਝੀਆਂ ਤੰਦਾਂ ਨੂੰ ਉਘਾੜ ਕੇ ਪੇਸ਼ ਕਰਦੀ ਹੈ। ਕੋਲੰਬਸ ਦੀ ਗ਼ੁਲਾਮੀ ਤੇ ਕਤਲੇਆਮ ਦੀ ਵਿਰਾਸਤ ਨੂੰ ਮੌਜੂਦਾ ਬਸਤਾਨ ਆਲਮੀਕਰਨ ਤੇ ਖੁੱਲ੍ਹੀ ਮੰਡੀ ਦੀਆਂ ਨੀਤੀਆਂ ਰਾਹੀਂ ਅੱਗੇ ਵਧਾ ਰਹੇ ਹਨ। ਪਾਣੀ ਤੋਂ ਲੈ ਕੇ ਹਰ ਬੁਨਿਆਦੀ ਸੇਵਾ ਨੂੰ ਨਿੱਜੀ ਹੱਥਾਂ 'ਚ ਦਿੱਤਾ ਜਾ ਰਿਹਾ ਹੈ। ਇਸੇ ਪ੍ਰਸੰਗ 'ਚ ਅਵਾਮੀ ਗਾਇਕ ਜਗਦੀਸ਼ ਪਾਪੜਾ ਪੰਜਾਬੀਆਂ ਨੂੰ ਗੀਤ ਰਾਹੀਂ ਸਚੇਤ ਕਰਦੇ ਹਨ, "ਪੀ ਬੋਤਲ ਦਾ ਪਾਣੀ, ਨਾ ਹਾਕਾਂ ਮਾਰ ਗ਼ੁਲਾਮੀ ਨੂੰ।" ਫ਼ਿਲਮ ਦਾ ਸਿਰਲੇਖ ਇਸ਼ਾਰਾ ਕਰਦਾ ਹੈ ਕਿ ਮੁਨਾਫ਼ਾਖੋਰ ਨੀਤੀਆਂ ਰਾਹੀਂ ਆਵਾਮ ਲਈ ਮੀਂਹ ਦਾ ਪਾਣੀ ਵਰਤਣਾ ਵੀ ਗ਼ੈਰ-ਕਨੂੰਨੀ ਬਣਾ ਦਿੱਤਾ ਜਾਵੇਗਾ।
ਫ਼ਿਲਮ ਅਮਰੀਕੀ ਲੋਕ-ਇਤਿਹਾਸਕਾਰ ਅਤੇ ਸਿਆਸੀ ਕਾਰਕੁਨ ਹਾਵਰਡ ਜ਼ਿਨ ਨੂੰ ਸਮਰਪਤ ਹੈ। ਜਿਸ ਨੂੰ ਉੱਘੇ ਫ਼ਿਲਮਸਾਜ਼ ਤੇ ਕਾਲਮ ਨਵੀਸ ਦਲਜੀਤ ਅਮੀ 'ਆਪਣਾ ਕੌਮਾਂਤਰੀ ਬਾਬਾ' ਕਹਿ ਕੇ ਸਤਿਕਾਰਦੇ ਹਨ। ਹਾਵਰਡ ਜ਼ਿਨ ਜੰਗ ਵਿਰੋਧੀ ਅਤੇ ਲੋਕ-ਪੱਖੀ ਲਹਿਰ ਦੇ ਨਾਮੀ ਲੇਖਕਾਂ 'ਚ ਗਿਣੇ ਜਾਂਦੇ ਹਨ। 'ਅਮਰੀਕਾ ਦਾ ਲੋਕ ਇਤਿਹਾਸ' ਉਨ੍ਹਾਂ ਦੀ ਮਸ਼ਹੂਰ ਕਿਤਾਬ ਹੈ। ਫ਼ਿਲਮ ਦੇ ਲੇਖਕ ਪਾਲ ਲਾਵਰਟੀ ਹਾਵਰਡ ਜ਼ਿਨ ਦੇ ਕਰੀਬੀ ਮਿੱਤਰਾਂ 'ਚੋਂ ਹਨ। ਫ਼ਿਲਮ ਦੀ ਕਹਾਣੀ ਲਿਖਣ 'ਚ ਬਾਬੇ ਹਾਵਰਡ ਨੇ ਪਾਲ ਲਾਵਰਟੀ ਦੀ ਮਦਦ ਕੀਤੀ ਸੀ। ਸਮੁੱਚੇ ਰੂਪ 'ਚ ਫ਼ਿਲਮ ਸ਼ਿਕਾਰੀਆਂ ਦੇ ਲਿਖੇ ਇਤਿਹਾਸ ਨੂੰ ਛਿੱਲ ਕੇ ਰੱਖ ਦਿੰਦੀ ਹੈ। ਨਾਬਰਾਂ ਤੇ ਜਾਬਰਾਂ ਦੀ ਪਾਲਾਬੰਦੀ ਨੂੰ ਸਮਕਾਲੀ ਤੈਹਾਂ ਤੱਕ ਫਰੋਲਦੀ ਹੈ।

Saturday 19 November 2011

ਕੌਸਟਾ ਗਾਵਰਸ ਦੀ ਫ਼ਿਲਮ ਕਲਾ

ਰਾਜੀਵ ਸ਼ਰਮਾ

ਕੁਝ ਸਾਲ ਪਹਿਲਾਂ ਇੱਕ ਅੰਗਰੇਜ਼ੀ ਫ਼ਿਲਮ ਦੇਖ ਕੇ ਅਜਿਹੀ ਖ਼ੁਸ਼ੀ ਮਹਿਸੂਸ ਹੋਈ ਸੀ, ਜਿਹੜੀ ਬੇਗ਼ਾਨੇ ਮੁਲਕ ਵਿੱਚ ਕਿਸੇ ਆਪਣੇ ਨੂੰ ਦੇਖ ਕੇ ਹੁੰਦੀ ਹੈ। ਫ਼ਿਲਮ ਸੀ ਮੈਡਸਿਟੀ। ਇਸ ਦਾ ਮੁੱਖ ਪਾਤਰ, ਸਾਮ, ਅਜਾਇਬਘਰ ਵਿੱਚ ਸੁਰੱਖਿਆ ਮੁਲਾਜ਼ਮ ਹੈ। ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਉਹ ਆਪਣੀ ਮੁਖੀ ਅਤੇ ਅਜਾਇਬਘਰ ਦੇਖਣ ਆਏ ਸਕੂਲ ਦੇ ਬੱਚਿਆਂ ਨੂੰ ਬੰਦੂਕ ਦੀ ਨੋਕ 'ਤੇ ਬੰਦੀ ਬਣਾ ਲੈਂਦਾ ਹੈ। ਉਸ ਦਾ ਮਕਸਦ ਸਿਰਫ਼ ਆਪਣੀ ਪਤਨੀ ਤੇ ਦੋ ਬੱਚਿਆਂ ਵਾਸਤੇ ਨੌਕਰੀ ਦਾ ਤਰਲਾ ਪਾਉਣਾ ਹੈ।

ਇਸੇ ਦੌਰਾਨ ਫੰਡਾਂ ਦੀ ਘਾਟ ਕਾਰਨ ਅਜਾਇਬ ਘਰ ਦੀ ਮਾੜੀ ਹਾਲਤ ਬਾਰੇ ਮੁੱਖ ਅਧਿਕਾਰੀ ਦਾ ਮੁਲਾਕਾਤ ਕਰਨ ਆਇਆ ਟੀ.ਵੀ. ਪੱਤਰਕਾਰ ਮੈਕਸ ਉਸ ਅਜਾਇਬਘਰ ਵਿੱਚ ਹਾਜ਼ਰ ਹੈ। ਸਾਮ ਤੋਂ ਗ਼ਲਤੀ ਨਾਲ ਇੱਕ ਪੁਰਾਣਾ ਸਾਥੀ ਜ਼ਖਮੀ ਹੋ ਜਾਂਦਾ ਹੈ। ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਮੈਕਸ ਆਪਣੀ ਸਹਾਇਕ ਕੁੜੀ ਦੇ ਨਾਲ ਹਾਲਾਤ ਦਾ ਲਾਹਾ ਲੈਣ ਦਾ ਉਪਰਾਲਾ ਕਰਦਾ ਹੈ। ਜੋ ਅੱਜ ਭਾਰਤੀ ਟੀ.ਵੀ. ਪੱਤਰਕਾਰੀ ਵਿੱਚ ਹੋ ਰਿਹਾ ਹੈ, ਇਸ ਫ਼ਿਲਮ ਵਿੱਚ ਦੱਸ ਸਾਲ ਪਹਿਲਾਂ ਦਿਖਾਇਆ ਗਿਆ ਸੀ ਜਿਸ ਵਿੱਚ ਖ਼ਬਰ ਨੂੰ ਕੀ ਦਾ ਕੀ ਬਣਾ ਦਿੱਤਾ ਜਾਂਦਾ ਹੈ।

ਪਿਛਲੇ ਸਾਲ ਇੱਕ ਫ਼ਿਲਮ ਮੇਲੇ ਦੌਰਾਨ ਫ਼ਿਲਮ 'ਦ ਐਕਸ' ਦੇਖਣ ਦਾ ਮੌਕਾ ਮਿਲਿਆ। ਇਸ ਨੂੰ ਦੇਖ ਕੇ ਮੇਰੇ ਲੂੰ ਕੰਢੇ ਖੜ੍ਹੇ ਹੋ ਗਏ। ਇਸ ਫ਼ਿਲਮ ਵਿੱਚ ਫਰਾਂਸ ਵਿੱਚ ਲੀ ਕਾਰਪੋਰੇਟ ਕੰਪਨੀ ਦੇ ਕਰਮਚਾਰੀ ਬਰੂਨੋ ਨੂੰ ਦਿਖਾਇਆ ਗਿਆ ਹੈ। ਉਸ ਦੀ ਨੌਕਰੀ ਘੱਟ ਪੈਸੇ ਵਿੱਚ ਕੰਮ ਕਰਨ ਲਈ ਤਿਆਰ ਰੋਮਾਨੀਅਮ ਨੂੰ ਦੇ ਦਿੱਤੀ ਜਾਂਦੀ ਹੈ। ਨੌਕਰੀ ਜਾਣ ਤੋਂ ਦੋ ਸਾਲ ਬਾਅਦ ਤੱਕ ਤਾਂ ਉਹ ਆਪਣੇ ਖਰਚੇ ਘੱਟ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਕੋਈ ਗੱਲ ਨਹੀਂ ਬਣਦੀ ਤਾਂ ਉਹ ਹਾਲਤ ਨਾਲ ਨਜਿੱਠਣ ਲਈ ਨਵੀਂ ਤਰਕੀਬ ਬਣਾਉਂਦਾ ਹੈ। ਉਹ ਆਪਣੇ ਵਰਗੀ ਵਿਦਿਅਕ ਯੋਗਤਾ ਰੱਖਣ ਵਾਲਿਆਂ ਨੂੰ ਇੱਕ-ਇੱਕ ਕਰਕੇ ਮਾਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਕਿ ਨੌਕਰੀ ਲਈ ਕੋਈ ਮੁਕਾਬਲਾ ਨਾ ਰਹੇ। ਪਿਛਲੇ ਕੁਝ ਸਮੇਂ ਦੌਰਾਨ ਭਾਰਤ ਵਿੱਚ ਵੀ ਅਜਿਹੀਆਂ ਘਟਨਾਵਾਂ ਹੋਈਆਂ ਹਨ, ਜਿਨ੍ਹਾਂ ਵਿੱਚ ਨੌਕਰੀ ਤੋਂ ਕੱਢੇ ਗਏ ਕਰਮਚਾਰੀਆਂ ਨੇ ਅਧਿਕਾਰੀਆਂ ਨੂੰ ਜਾਨੋਂ ਮਾਰਿਆ ਹੈ।eਨ੍ਹਾਂ ਘਟਨਾਵਾਂ ਨੂੰ ਭਾਵੇਂ ਜਾਇਜ਼ ਨਹੀਂ ਕਿਹਾ ਜਾ ਸਕਦਾ ਪਰ ਆਲਮੀ ਅਰਥਚਾਰੇ ਵਿੱਚ ਕੀ ਗ਼ਲਤ ਹੈ, ਇਸ ਬਾਰੇ ਸੋਚਿਆ ਜ਼ਰੂਰ ਜਾ ਸਕਦਾ ਹੈ।

ਕੁਝ ਮਹੀਨੇ ਪਹਿਲਾਂ ਮੈਂ ਇੱਕ ਹੋਰ ਫ਼ਿਲਮ ਦੇਖੀ 'ਮਿਸਿੰਗ' ਜੋ ਕੌਸਟਾ ਗਾਵਰਸ ਨੇ 1982 ਵਿੱਚ ਬਣਾਈ ਸੀ। ਇਸ ਦੀ ਕਹਾਣੀ 1973 ਵਿੱਚ ਚਿੱਲੀ ਵਿੱਚ ਵਾਪਰਦੀ ਹੈ। ਇਸ ਵਿੱਚ ਲੋਕ ਪੱਖੀ ਅਮਰੀਕੀ ਪੱਤਰਕਾਰ ਚਾਰਲਸ ਹੋਰਮਨ ਚਿੱਲੀ ਵਿੱਚ ਆਪਣੀ ਪਤਨੀ ਨਾਲ ਇਸ ਗੱਲ ਦੇ ਸਬੂਤ ਲੱਭ ਰਿਹਾ ਹੈ ਕਿ ਚਿੱਲੀ ਵਿੱਚ ਖੱਬੇ ਪੱਖੀ ਹਕੂਮਤ ਦਾ ਰਾਜ ਪਲਟਾ ਕਰਵਾ ਕੇ ਅਮਰੀਕਾ ਨੇ ਆਪਣੀ ਪਸੰਦ ਦਾ ਤਾਨਾਸ਼ਾਹ ਰਾਸ਼ਟਰਪਤੀ ਬਣਵਾਇਆ ਹੈ ਤਾਂ ਕਿ ਉਸ ਦੀਆਂ ਕੰਪਨੀਆਂ ਆਪਣੇ ਢੰਗ ਨਾਲ ਕੰਮ ਕਰ ਸਕਣ। ਅਮਰੀਕਾ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ। ਇੱਕ ਦਿਨ ਚਾਰਲਸ ਹੋਰਮਨ ਗਾਇਬ ਹੋ ਜਾਂਦਾ ਹੈ। ਉਸ ਦੀ ਪਤਨੀ ਜਦੋਂ ਉਸ ਨੂੰ ਲੱਭਣ ਵਿੱਚ ਨਾਕਾਮ ਹੋਕੇ ਹੋਰਮਨ ਦੇ ਪਿਤਾ ਐਦ ਹੋਰਮਨ ਨੂੰ ਸੁਨੇਹਾ ਭੇਜਦੀ ਹੈ ਜੋ ਖਾਂਦਾ-ਪੀਂਦਾ ਅਮਰੀਕੀ ਹੈ।

ਐਦ ਹੋਰਮਨ ਆਪਣੇ ਮੁੰਡੇ ਦੇ ਕੰਮ ਤੋਂ ਬਹੁਤਾ ਖ਼ੁਸ਼ ਨਹੀਂ ਹੈ। ਉਸ ਨੂੰ ਲੱਗਦਾ ਹੈ ਕਿ ਚਾਰਲਸ ਨੂੰ ਇਸ ਪੰਗੇ ਵਿੱਚ ਪੈਣ ਦੀ ਕੀ ਲੋੜ ਸੀ। ਅਮਰੀਕੀ ਸਰਕਾਰ 'ਤੇ ਉਸ ਨੂੰ ਪੂਰਾ ਭਰੋਸਾ ਹੈ। ਜਦੋਂ ਉਹ ਆਪਣੀ ਨੂੰਹ ਨਾਲ ਚਿੱਲੀ ਵਿੱਚ ਆਪਣੇ ਮੁੰਡੇ ਦੀ ਖੋਜ ਸ਼ੁਰੂ ਕਰਦਾ ਹੈ ਤਾਂ ਨਾ ਤਾਂ ਚਿੱਲੀ ਦੀ ਮੌਜੂਦਾ ਸਰਕਾਰ ਦੇ ਅਧਿਕਾਰੀ ਤੇ ਨਾ ਹੀ ਅਮਰੀਕੀ ਦੂਤਾਵਾਸ ਉਸ ਨੂੰ ਕੋਈ ਪੱਲਾ ਫੜਾਉਂਦੇ ਹਨ। ਹੌਲੀ-ਹੌਲੀ ਉਸ ਨੂੰ ਪਤਾ ਲੱਗਦਾ ਹੈ ਕਿ ਚਿੱਲੀ ਵਿੱਚ ਜੋ ਵੀ ਹੋ ਰਿਹਾ ਹੈ, ਉਹ ਅਮਰੀਕੀ ਸਰਕਾਰ ਦਾ ਕੰਮ ਹੈ ਜਿਸ ਉੱਤੇ ਉਸ ਵਰਗੇ ਕਰੋੜਾਂ ਅਮਰੀਕੀ ਯਕੀਨ ਕਰਦੇ ਹਨ। ਇਸੇ ਦੌਰਾਨ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਚਾਰਲਸ ਦਾ ਵੀ ਬਾਕੀ ਦੇ ਖੱਬੇ ਪੱਖੀ ਲੋਕਾਂ ਵਾਂਗ ਚਿੱਲੀ ਦੇ ਸਰਕਾਰੀ ਮੁਲਾਜ਼ਮਾਂ ਹੱਥੋਂ ਕਤਲ ਹੋ ਚੁੱਕਿਆ ਹੈ।

ਫ਼ਿਲਮ ਦੀ ਪ੍ਰਾਪਤੀ ਐਦ ਹੋਰਮਨ ਨਾਂ ਦੇ ਪਾਤਰ ਦੀ ਚੇਤਨਾ ਹੈ। ਉਸ ਨੂੰ ਆਪਣੇ ਮੁੰਡੇ ਦੇ ਕੰਮ ਦੀ ਅਹਿਮੀਅਤ ਦਾ ਅਹਿਸਾਸ ਹੁੰਦਾ ਹੈ। ਇਹ ਫ਼ਿਲਮ ਵੀਕਲ ਥੌਮਸ ਹਾਊਸ ਦੀ ਕਿਤਾਬ 'ਤੇ ਆਧਾਰਿਤ ਹੈ। ਇਸ ਕਿਤਾਬ ਵਿਰੁੱਧ ਇੱਕ ਅਮਰੀਕੀ ਰਾਜਦੂਤ ਨੇ ਕੇਸ ਵੀ ਕੀਤਾ ਸੀ ਕਿ ਇਸ ਵਿੱਚ ਉਸ ਨੂੰ ਬਦਨਾਮ ਕੀਤਾ ਗਿਆ ਹੈ। ਲੋਕਾਂ ਨੇ ਇਸ ਫ਼ਿਲਮ ਨੂੰ ਹੁੰਗਾਰਾ ਦਿੱਤਾ ਤੇ ਇਸ ਨੂੰ ਬਿਹਤਰੀਨ ਪਟਕਥਾ ਲਈ ਆਸਕਰ ਐਵਾਰਡ ਮਿਲਿਆ।

ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਮੇਰੀ ਕੌਸਟਾ ਗਾਵਰਸ ਬਾਰੇ ਜਾਣਨ ਦੀ ਇੱਛਾ ਬਹੁਤ ਤੀਬਰ ਹੋ ਗਈ। ਪਤਾ ਲੱਗਿਆ ਕਿ ਕੌਸਟਾ
ਗਾਵਰਸ ਦਾ ਜਨਮ 13 ਫਰਵਰੀ 1933 ਨੂੰ ਯੂਨਾਨ ਦੇ ਛੋਟੇ ਜਿਹੇ ਪਿੰਡ ਲੌਟਰਾ ਇਰਾਇਸ ਅਕਾਡੀਆ ਵਿੱਚ ਹੋਇਆ। ਉਸ ਦੇ ਪਿਤਾ ਦੂਜੀ ਆਲਮੀ ਜੰਗ ਦੌਰਾਨ ਯੂਨਾਨ ਦੀ ਖੱਬੇ ਪੱਖੀ ਲਹਿਰ ਵਿੱਚ ਸ਼ਾਮਲ ਸਨ। ਇਸ ਕਰਕੇ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ। ਇਸ ਤਰ੍ਹਾਂ ਕੌਸਟਾ ਗਾਵਰਸ ਨੇ ਸਿਆਸਤ ਦਾ ਪਹਿਲਾ ਪਾਠ ਆਪਣੇ ਪਿਤਾ ਦੇ ਗੋਦੀ ਵਿੱਚ ਬੈਠ ਕੇ ਸਿੱਖਿਆ। ਉਸ ਦੀ ਮਾਂ ਹਮੇਸ਼ਾ ਚਾਹੁੰਦੀ ਸੀ ਕਿ ਉਹ ਸਿਆਸਤ ਤੋਂ ਦੂਰ ਰਹੇ ਤਾਂ ਕਿ ਉਸ ਨੂੰ ਮੁਸੀਬਤਾਂ ਨਾ ਝੱਲਣੀਆਂ ਪੈਣ। ਸੰਨ 1951 ਵਿੱਚ ਉਹ ਯੂਨਾਨ ਤੋਂ ਕਾਨੂੰਨ ਦੀ ਪੜ੍ਹਾਈ ਕਰਨ ਲਈ ਫਰਾਂਸ ਚਲਿਆ ਗਿਆ ਤੇ 1956 ਵਿੱਚ ਉਸ ਨੇ ਫਰਾਂਸ ਦੇ ਫਰੈਂਚ ਨੈਸ਼ਨਲ ਫ਼ਿਲਮ ਸਕੂਲ ਵਿੱਚ ਦਾਖ਼ਲਾ ਲੈ ਲਿਆ।

ਸੰਨ 1969 ਵਿੱਚ ਬਣਾਈ ਗਈ ਜ਼ੈਡ (2) ਉਹ ਫ਼ਿਲਮ ਸੀ ਜਿਸ ਨੇ ਉਸ ਨੂੰ ਸਿਆਣੇ ਨਿਰਦੇਸ਼ਕ ਦੇ ਤੌਰ 'ਤੇ ਸਥਾਪਤ ਕੀਤਾ। ਇਸ ਫ਼ਿਲਮ ਵਿੱਚ ਜੱਜ ਯੂਨਾਨ ਵਿੱਚ ਖੱਬੇ ਪੱਖੀ ਆਗੂ ਦੇ ਕਤਲ ਦੀ ਜਾਂਚ ਕਰਦਾ ਹੈ। ਸਰਕਾਰ ਤੇ ਫ਼ੌਜੀ ਅਧਿਕਾਰੀ ਇਸ ਕਤਲ 'ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਉਨ੍ਹਾਂ ਦੀ ਇਸ ਕਤਲ ਵਿੱਚ ਭੂਮਿਕਾ ਜੱਗ ਜ਼ਾਹਿਰ ਨਾ ਹੋ ਜਾਵੇ। ਇਹ ਫ਼ਿਲਮ 1963 ਵਿੱਚ ਕਤਲ ਹੋਏ ਯੂਨਾਨੀ ਨੇਤਾ ਗਿਰੀ ਗੋਰਿਸ ਲਮਵਾਰਕਿਸ ਦੀ ਮੌਤ ਤੋਂ ਬਾਅਦ ਹੋਈਆਂ ਘਟਨਾਵਾਂ 'ਤੇ ਆਧਾਰਿਤ ਸੀ। ਇਸ ਫ਼ਿਲਮ ਨੂੰ ਬਿਹਤਰੀਨ ਵਿਦੇਸ਼ੀ ਬੋਲੀ ਵਾਲੀ ਫ਼ਿਲਮ ਦਾ ਆਸਕਰ ਮਿਲਿਆ।

ਯੂਨਾਨ ਦੇ ਮੁੱਖ ਸ਼ਹਿਰ ਏਥਨਜ਼ ਵਿੱਚ ਲੀ ਆਪਣੀ ਰਿਹਾਇਸ਼ ਦੌਰਾਨ ਬਾਕੀ ਨੌਜਵਾਨਾਂ ਦੀ ਤਰ੍ਹਾਂ ਕੌਸਟਾ ਗਾਵਰਸ ਵੀ ਰੁਮਾਂਚਕਾਰੀ ਅਮਰੀਕੀ ਫ਼ਿਲਮਾਂ ਦਾ ਦੀਵਾਨਾ ਸੀ। ਇਰੱਕ ਵੋਨ ਸਤਰੋਹੀਮਸ ਦੀ 1924 ਵਿੱਚ ਬਣਾਈ ਗਈ ਫ਼ਿਲਮ ਗਰੀਡ ਨੇ ਉਸ ਦਾ ਫ਼ਿਲਮਾਂ ਪ੍ਰਤੀ ਰਵੱਈਆ ਬਦਲ ਦਿੱਤਾ। ਇਸ ਫ਼ਿਲਮ ਵਿੱਚ ਦਿਖਾਇਆ ਗਿਆ ਸੀ ਕਿ ਦੰਦਾਂ ਦੇ ਡਾਕਟਰ ਦੀ ਪਤਨੀ ਦੀ ਲਾਟਰੀ ਨਿਕਲ ਆਉਂਦੀ ਹੈ ਤੇ ਫਿਰ ਲਾਲਚ ਕਿਸ ਤਰ੍ਹਾਂ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੰਦਾ ਹੈ। ਕੌਸਟਾ ਗਾਵਰਸ ਦਾ ਮੰਨਣਾ ਹੈ ਕਿ ਸਾਰੀਆਂ ਫ਼ਿਲਮਾਂ ਵਿੱਚ ਸਿਆਸਤ ਹੁੰਦੀ ਹੈ। ਇਹ ਕਦੇ ਨਹੀਂ ਹੋ ਸਕਦਾ ਕਿ ਤੁਸੀਂ ਕਿਸੇ ਧਿਰ ਨਾਲ ਵੀ ਨਹੀਂ ਹੋ। ਤੁਸੀਂ ਹਰ ਹਾਲਤ ਵਿੱਚ ਕਿਸੇ ਧਿਰ ਨਾਲ ਜ਼ਰੂਰ ਹੁੰਦੇ ਹੋ। ਕੌਸਟਾ ਗਾਵਰਸ ਨੇ ਆਪਣੀਆਂ ਫ਼ਿਲਮਾਂ ਵਿੱਚ ਸੱਤਾ ਦੀ ਕੁਵਰਤੋਂ ਨੂੰ ਵੰਗਾਰਿਆ ਹੈ। ਉਸ ਦੀਆਂ ਫ਼ਿਲਮਾਂ ਆਮ ਤੌਰ 'ਤੇ ਸੱਚੀਆਂ ਘਟਨਾਵਾਂ ਜਾਂ ਪਾਤਰਾਂ 'ਤੇ ਆਧਾਰਿਤ ਹੁੰਦੀਆਂ ਹਨ।

ਜਿੱਥੇ ਕੌਸਟਾ ਗਾਵਰਸ ਨੇ ਸੱਤਾ ਨੂੰ ਵੰਗਾਰਿਆ ਹੈ, ਉਥੇ ਹੀ ਧਰਮ ਦੀ ਸਾਰਥਕਤਾ ਨੂੰ ਵੀ ਆਪਣੀ ਫ਼ਿਲਮ ਦਾ ਵਿਸ਼ਾ ਬਣਾਇਆ ਹੈ। ਅਮੀਨ ਵਿੱਚ ਉਸ ਨੇ ਦੂਜੀ ਆਲਮੀ ਜੰਗ ਦੌਰਾਨ ਵੈਟੀਕਨ ਦੀ ਭੂਮਿਕਾ 'ਤੇ ਸਵਾਲ ਕੀਤਾ ਹੈ ਕਿ ਕਿਉਂ ਉਸ ਵੇਲੇ ਦੇ ਪੋਪ ਨੇ ਨਾਜ਼ੀ ਕੈਂਪਾਂ ਵਿੱਚ ਯਹੂਦੀਆਂ ਦੀ ਮਾਰੂ ਹਾਲਤ ਬਾਰੇ ਜਾਣੂ ਹੋਣ ਦੇ ਬਾਵਜੂਦ ਕੁਝ ਨਹੀਂ ਕੀਤਾ। ਪੂੰਜੀਵਾਦੀ ਸਰਕਾਰਾਂ ਦੇ ਨਾਲ-ਨਾਲ ਉਸ ਨੇ ਆਪਣੀ ਫ਼ਿਲਮ 'ਦਿ ਕਨਫੈਸ਼ਨ' ਵਿੱਚ ਖੱਬੇ ਪੱਖੀ ਸਰਕਾਰ ਦੀਆਂ ਕਮਜ਼ੋਰੀਆਂ ਨੂੰ ਵੀ ਉਭਾਰਿਆ ਹੈ ਜੋ ਇਕ ਚੈਕਸਲੋਵਾਕੀਆ ਦੇ ਖੱਬੇ ਪੱਖੀ ਨੇਤਾ 'ਤੇ ਝੂਠਾ ਕੇਸ ਚਲਾਉਣ ਸਬੰਧੀ ਹੈ। ਕੌਸਟਾ ਗਾਵਰਸ ਦੀ ਨਵੀਂ ਫ਼ਿਲਮ (ਈਡਨ ਇਨ ਦੀ ਵੈਸਟ) ਉਸ ਦੀਆਂ ਹੁਣ ਤੱਕ ਦੀਆਂ ਫ਼ਿਲਮਾਂ ਤੋਂ ਵੱਖਰੀ ਹੈ। ਇਸ ਵਿੱਚ ਉਸ ਨੇ ਹਲਕੇ ਫੁਲਕੇ ਢੰਗ ਨਾਲ ਗ਼ੈਰ-ਕਾਨੂੰਨੀ ਪਰਵਾਸੀ ਦੀ ਜ਼ਿੰਦਗੀ ਨੂੰ ਦਿਖਾਇਆ ਹੈ। ਉਸ ਦਾ ਹਰ ਪੱਧਰ 'ਤੇ ਸ਼ੋਸ਼ਣ ਹੁੰਦਾ ਹੈ। ਇਸ ਫ਼ਿਲਮ ਬਾਰੇ ਉਸ ਦੇ ਕੱਟੜ ਪ੍ਰਸ਼ੰਸ਼ਕਾਂ ਦਾ ਕਹਿਣਾ ਹੈ ਕਿ ਇਸ ਫ਼ਿਲਮ ਵਿੱਚ ਉਸ ਦੀ ਸੁਰ ਮੱਠੀ ਪੈ ਗਈ ਹੈ। ਜੋ ਵੀ ਹੈ, ਕੌਸਟਾ ਗਾਵਰਸ ਨੇ ਆਲਮੀ ਸਿਨੇਮਾ ਦੇ ਇਤਿਹਾਸ ਵਿੱਚ ਦਲੇਰੀ ਨਾਲ ਆਪਣਾ ਯੋਗਦਾਨ ਪਾਇਆ ਹੈ। ਸਾਨੂੰ ਉਸ ਤੋਂ ਹੋਰ ਵੀ ਚੰਗੀਆਂ ਫ਼ਿਲਮਾਂ ਦੀ ਆਸ ਹੈ।

Tuesday 15 November 2011

ਤਸ਼ੱਦਦਖ਼ਾਨਿਆਂ ਦੀ ਵਕਾਲਤ: 'ਅਨਥਿੰਕੇਬਲ'

ਜਤਿੰਦਰ ਮੌਹਰ

ਕੌਮਾਂਤਰੀ ਕਨੂੰਨਾਂ ਰਾਹੀਂ ਤਸ਼ੱਦਦ ਨੂੰ ਅਣਮਨੁੱਖੀ ਅਤੇ ਗ਼ੈਰ-ਕਨੂੰਨੀ ਠਹਿਰਾਇਆ ਜਾ ਚੁੱਕਿਆ ਹੈ। ਬੰਦੇ ਤੋਂ ਇਕਬਾਲੀਆ ਬਿਆਨ ਲੈਣ ਜਾਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰਨ ਲਈ ਦਿੱਤੇ ਜਾਂਦੇ ਸਰੀਰਕ ਜਾਂ ਮਾਨਸਿਕ ਕਸ਼ਟ ਨੂੰ ਤਸ਼ੱਦਦ ਕਰਾਰ ਦਿੱਤਾ ਗਿਆ ਹੈ। ਉੱਪਰ ਦਿੱਤੀ ਵਿਆਖਿਆ ਮੁਲਕਾਂ ਜਾਂ ਸਰਕਾਰੀ ਸਰਪ੍ਰਸਤੀ ਹਾਸਲ 'ਤਸ਼ੱਦਦ' ਉੱਤੇ ਸਭ ਤੋਂ ਪਹਿਲਾਂ ਲਾਗੂ ਹੁੰਦੀ ਹੈ। ਇਹਦੇ ਵਿੱਚ ਉਹ ਮੁਲਕ ਸ਼ਾਮਲ ਨਹੀਂ ਕੀਤੇ ਜਾਂਦੇ ਜਿੱਥੇ ਅੰਗ ਕੱਟਣਾ ਜਾਂ ਕੋਰੜੇ ਮਾਰਨਾ ਕਨੂੰਨੀ ਸਜ਼ਾ ਵਜੋਂ ਦਰਜ ਹੈ। ਸੰਨ 1986 'ਚ ਆਲਮੀ ਸਿਹਤ ਸੰਸਥਾ ਨੇ 'ਜੱਥੇਬੰਦ ਹਿੰਸਾ' ਨੂੰ 'ਤਸ਼ੱਦਦ' ਦੀ ਵਿਆਖਿਆ ਹੇਠ ਲਿਆਉਣ ਦਾ ਵਿਚਾਰ ਸਾਹਮਣੇ ਲਿਆਂਦਾ ਸੀ। ਕੌਮਾਂਤਰੀ ਮਨੁੱਖੀ-ਹਕੂਕ ਜੱਥੇਬੰਦੀ 'ਐਮਨੈਸਟੀ' ਤਸ਼ੱਦਦ ਦੀ ਚਾਲੂ ਵਿਆਖਿਆ ਨੂੰ ਮੋਕਲਾ ਕਰਦੀ ਹੈ ਜਿਸ ਮੁਤਾਬਕ,
"ਤਸ਼ੱਦਦ, ਮਨੁੱਖ ਦਾ ਮਨੁੱਖ ਨੂੰ ਵਿਉਂਤਬੱਧ ਢੰਗ ਨਾਲ ਦਿੱਤਾ ਗਿਆ ਕਸ਼ਟ ਹੈ। ਇਹ ਕਸ਼ਟ ਪੀੜਤ ਦੀ ਮਰਜ਼ੀ ਤੋਂ ਬਗੈਰ ਆਪਣਾ ਕੰਮ ਕੱਢਣ ਲਈ ਦਿੱਤਾ ਜਾਂਦਾ ਹੈ।" ਮਨੁੱਖੀ-ਹਕੂਕ ਦੀ ਰਾਖੀ ਲਈ ਜਨੇਵਾ ਸਮਝੌਤਾ ਅਹਿਮ ਥਾਂ ਰੱਖਦਾ ਹੈ। ਇੱਕ ਸੌ ਸੰਤਾਲੀ ਮੁਲਕਾਂ ਨੇ ਜਨੇਵਾ ਸਮਝੌਤੇ ਉੱਤੇ ਸਹੀ ਪਾਈ ਹੋਈ ਜਤਾਈ ਹੈ। ਸਹਿਮਤੀ ਦੇ ਬਾਵਜੂਦ ਕੁਝ ਮੁਲਕ ਅਜੇ ਵੀ ਖੁੱਲੇ ਰੂਪ 'ਚ ਤਸ਼ੱਦਦ ਨੂੰ ਹੱਕ ਸਮਝਦੇ ਹਨ। ਐਮਨੈਸਟੀ ਅਤੇ ਹੋਰ ਕੌਮਾਂਤਰੀ ਮਨੁੱਖੀ-ਹਕੂਕ ਜੱਥੇਬੰਦੀਆਂ ਮੁਤਾਬਕ ਘੱਟੋ-ਘੱਟ 81 ਆਲਮੀ ਸਰਕਾਰਾਂ ਸਿੱਧੇ ਜਾਂ ਅਸਿੱਧੇ ਰੂਪ 'ਚ ਤਸ਼ੱਦਦਖਾਨੇ ਚਲਾ ਰਹੀਆਂ ਹਨ। ਬਾਕੀ ਮੁਲਕਾਂ 'ਚ ਵੀ ਮਨੁੱਖੀ-ਹਕੂਕ ਦੀ ਪਾਲਣਾ ਦਾ ਦਾਅਵਾ ਸ਼ੱਕ ਦੇ ਘੇਰੇ 'ਚ ਹੈ। ਬਹੁਤੇ ਮੁਲਕ ਤਾਂ ਜਨੇਵਾ ਸਮਝੌਤੇ 'ਤੇ ਸਹੀ ਪਾਉਣ ਲਈ ਤਿਆਰ ਵੀ ਨਹੀਂ ਸਨ। ਸਰਕਾਰੀ ਤਸ਼ੱਦਦ ਨੂੰ ਜਾਇਜ਼ ਠਹਿਰਾਉਣ ਦੀ ਮਸ਼ਕ ਬਾਦਸਤੂਰ ਜਾਰੀ ਹੈ। ਮੀਡੀਆ ਅਤੇ ਫ਼ਿਲਮਾਂ ਇਸੇ ਸੋਚ ਦਾ ਬੋਝ ਢੋਂਦੀਆਂ ਜਾਪਦੀਆਂ ਹਨ।

ਅਮਰੀਕੀ ਫ਼ਿਲਮ 'ਅਨਥਿੰਕੇਬਲ' ਤਸ਼ੱਦਦ, ਅਤਿਵਾਦ, ਅਮਰੀਕੀ ਵਿਦੇਸ਼ ਨੀਤੀ ਅਤੇ ਮਨੁੱਖੀ ਹਕੂਕ ਜਿਹੇ ਮੁੱਦਿਆਂ ਨੂੰ ਉਘਾੜਦੀ ਹੈ। ਫ਼ਿਲਮ ਦਾ ਮੁੱਖ ਪਾਤਰ ਸਟੀਵਨ ਆਰਥਰ ਯੰਗਰ ਅਮਰੀਕੀ ਸਿਪਾਹੀ ਹੈ ਜਿਸ ਨੂੰ ਮਨੁੱਖੀ-ਤਬਾਹੀ ਦੇ ਹਥਿਆਰ ਜਬਤ ਅਤੇ ਬੇਅਸਰ ਕਰਨ ਲਈ ਇਰਾਕ ਭੇਜਿਆ ਜਾਂਦਾ ਹੈ। ਪੱਛਮੀ ਜੰਗਬਾਜ਼ਾਂ ਦੇ ਇਰਾਕੀਆਂ 'ਤੇ ਢਾਹੇ ਗਏ ਜ਼ੁਲਮਾਂ ਨੂੰ ਦੇਖ ਕੇ ਉਹ ਮੁਸਲਮਾਨ ਬਣ ਜਾਂਦਾ ਹੈ। ਅਮਰੀਕਾ ਵਾਪਸ ਆ ਕੇ ਉਹ ਅਪਣੀ ਵੀਡੀਉ ਟੇਪ ਤਿਆਰ ਕਰਦਾ ਹੈ। ਉਸ ਦਾ ਦਾਅਵਾ ਹੈ ਕਿ ਉਸ ਨੇ ਅਮਰੀਕਾ ਦੇ ਤਿੰਨ ਸ਼ਹਿਰਾਂ 'ਚ ਪ੍ਰਮਾਣੂ ਬੰਬ ਲਾਏ ਹਨ। ਉਹ ਜਾਣ-ਬੁੱਝ ਕੇ ਗ੍ਰਿਫਤਾਰ ਹੋ ਜਾਂਦਾ ਹੈ ਅਤੇ ਅਮਰੀਕੀ ਸਰਕਾਰ ਮੂਹਰੇ ਕੁਝ ਮੰਗਾਂ ਰੱਖਦਾ ਹੈ। ਜੇ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਉਹ ਤਿੰਨੇ ਸ਼ਹਿਰਾਂ ਨੂੰ ਪ੍ਰਮਾਣੂ ਬੰਬ ਨਾਲ ਉਡਾਉਣ ਦੀ ਧਮਕੀ ਦਿੰਦਾ ਹੈ। ਪਹਿਲੀ ਮੰਗ ਮੁਤਾਬਕ ਅਮਰੀਕੀ ਸਰਕਾਰ ਮੱਧ-ਪੂਰਬ ਦੇ ਮੁਲਕਾਂ 'ਚ ਆਪਣੀਆਂ ਕਠਪੁਤਲੀ ਸਰਕਾਰਾਂ ਅਤੇ ਤਾਨਾਸ਼ਾਹਾਂ ਨੂੰ ਹਮਾਇਤ ਦੇਣੀ ਬੰਦ ਕਰੇ। ਦੂਜਾ, ਸਾਰੇ ਮੁਸਲਿਮ ਮੁਲਕਾਂ 'ਚੋਂ ਅਮਰੀਕੀ ਫ਼ੌਜਾਂ ਨੂੰ ਵਾਪਸ ਬੁਲਾਇਆ ਜਾਵੇ। ਸਟੀਵਨ ਦੀ ਤਫ਼ਤੀਸ਼ ਦਾ ਜ਼ਿੰਮਾ ਹੈਲਨ ਬਰੌਡੀ ਨਾਂ ਦੀ ਅਫ਼ਸਰ ਨੂੰ ਸੌਂਪਿਆ ਜਾਂਦਾ ਹੈ। ਦੂਜੇ ਪਾਸੇ, ਤਸ਼ੱਦਦ ਕਰਨ ਲਈ ਹੈਨਰੀ ਹੈਰੋਲਡ ਉਰਫ ਏਜੰਟ 'ਐਚ' ਨਾਂ ਦੇ ਬੰਦੇ ਨੂੰ ਬੁਲਾਇਆ ਜਾਂਦਾ ਹੈ ਜੋ ਤਸ਼ੱਦਦ 'ਚ ਸਭ ਤੋਂ ਬੇਰਹਿਮ ਤੇ ਹੁਨਰਮੰਦ ਕਸਾਈਆਂ 'ਚ ਗਿਣਿਆ ਜਾਂਦਾ ਹੈ। ਉਸ ਦਾ ਕੰਮ ਸਟੀਵਨ ਤੋਂ ਬੰਬਾਂ ਦੀ ਥਾਂ ਦਾ ਪਤਾ ਕਰਨਾ ਹੈ। ਉਹ ਸਟੀਵਨ ਉੱਤੇ ਤਸ਼ੱਦਦ ਦੇ ਹਰ ਸੰਭਵ ਹੁਨਰ ਅਜ਼ਮਾਉਂਦਾ ਹੈ। ਅਜਿਹੇ ਤਸੀਹਿਆਂ ਦੀ ਤਫ਼ਸੀਲ ਲਿਖਣਾ ਵੀ ਪਾਠਕਾਂ ਉੱਤੇ ਤਸ਼ਦੱਦ ਤੋਂ ਘੱਟ ਨਹੀਂ ਜਾਪਦਾ। ਅੰਤ 'ਚ ਉਹ ਸਟੀਵਨ ਦੇ ਬੱਚਿਆਂ ਨੂੰ ਉਹਦੇ ਸਾਹਮਣੇ ਤਸੀਹੇ ਦੇ ਕੇ ਮਾਰਨ ਦਾ ਫ਼ੈਸਲਾ ਕਰਦਾ ਹੈ। ਇਸੇ ਨੂੰ ਉਹ 'ਅਨਥਿੰਕੇਬਲ' ਕਹਿੰਦਾ ਹੈ। ਫ਼ਿਲਮ, ਬੁਸ਼ ਪ੍ਰਸ਼ਾਸ਼ਨ ਦੀ ਨਵੀਆਂ ਤੇ ਸੁਧਰੀਆਂ ਤਸ਼ੱਦਦ ਤਕਨੀਕਾਂ ਨੂੰ ਦਿੱਤੀ 'ਹੱਲਾਸ਼ੇਰੀ' ਦਾ ਚੇਤਾ ਕਰਾਉਂਦੀ ਹੈ। ਹੈਲਨ ਬਰੌਡੀ ਏਜੰਟ 'ਐਚ' ਦੇ ਕਾਰਿਆਂ ਦਾ ਵਿਰੋਧ ਕਰਦੀ ਹੈ। ਮੂਲ ਰੂਪ 'ਚ ਉਹ ਅਣਮਨੁੱਖੀ ਤਸ਼ੱਦਦ ਦੇ ਖ਼ਿਲਾਫ਼ ਪੈਂਤੜਾ ਲੈਂਦੀ ਹੈ। ਸਾਰੀ ਫ਼ਿਲਮ 'ਚ 'ਐਚ' ਨਾਲ ਉਹਦਾ ਵਿਰੋਧ ਬਣਿਆ ਰਹਿੰਦਾ ਹੈ। 'ਐਚ' ਭੇਦ-ਭਰਿਆ ਕਿਰਦਾਰ ਹੈ। ਆਹਲਾ ਦਰਜੇ ਦਾ ਅਮਰੀਕੀ ਅਫ਼ਸਰ ਸਟੀਵਨ ਦੀਆਂ ਮੰਗਾਂ ਬਾਰੇ 'ਐਚ' ਨੂੰ ਕਹਿੰਦਾ ਹੈ, "ਅਮਰੀਕੀ ਵਿਦੇਸ਼ ਨੀਤੀ ਦਾ ਫ਼ੈਸਲਾ ਹੁਣ ਅਤਿਵਾਦੀ ਕਰਨਗੇ?" 'ਐਚ' ਦਾ ਸਿੱਧਾ-ਸਾਧਾ ਜਵਾਬ ਹੈ, "ਕਿਉਂ ਨਹੀਂ?"। ਦੂਜੇ ਪਾਸੇ ਉਹ ਸਟੀਵਨ ਤੋਂ ਜਾਣਕਾਰੀ ਹਾਸਲ ਕਰਨ ਲਈ ਹਰ ਧੱਕੇਸ਼ਾਹੀ ਨੂੰ ਜਾਇਜ਼ ਸਮਝਦਾ ਹੈ।

ਸਟੀਵਨ ਬੱਚਿਆਂ 'ਤੇ ਤਸ਼ੱਦਦ ਵਾਲੀ ਗੱਲ ਤੋਂ ਟੁੱਟ ਜਾਂਦਾ ਹੈ। ਉਹ ਸਾਰੇ ਬੰਬਾਂ ਦੀ ਥਾਂ ਦੱਸਣ ਲਈ ਰਾਜ਼ੀ ਹੋ ਜਾਂਦਾ ਹੈ ਤੇ ਸਿਪਾਹੀ ਤੋਂ ਪਿਸਤੌਲ ਖੋਹ ਕੇ ਅਪਣੇ-ਆਪ ਨੂੰ ਗੋਲੀ ਮਾਰ ਲੈਂਦਾ ਹੈ। ਮਰਦਾ ਹੋਇਆ ਹੈਲਨ ਬਰੌਡੀ ਨੂੰ ਬੱਚਿਆਂ ਦੀ ਦੇਖਭਾਲ ਕਰਨ ਲਈ ਕਹਿ ਜਾਂਦਾ ਹੈ। ਅਖ਼ੀਰਲੇ ਪਲਾਂ 'ਚ ਬਰੌਡੀ ਬੱਚਿਆਂ ਨੂੰ ਨਾਲ ਲੈ ਕੇ ਜਾ ਰਹੀ ਹੈ। ਫ਼ਿਲਮ ਖੁੱਲ੍ਹੇ ਅੰਤ ਨਾਲ ਖ਼ਤਮ ਹੁੰਦੀ ਹੈ। ਅੰਤਲੇ ਦ੍ਰਿਸ਼ 'ਚ ਇੱਕ ਬੰਬ ਫਟਣ ਲਈ ਤਿਆਰ ਹੈ। ਮਤਲਬ ਸਟੀਵਨ ਨੇ ਇਸ ਬੰਬ ਦਾ ਖ਼ੁਲਾਸਾ ਨਹੀਂ ਕੀਤਾ ਸੀ। ਉਪਰੀ ਨਜ਼ਰੇ ਫ਼ਿਲਮ ਅਮਰੀਕੀ ਜੰਗੀ ਨੀਤੀਆਂ ਦੇ ਵਿਰੁਧ ਭੁਗਤਦੀ ਲਗਦੀ ਹੈ। ਸੰਜੀਦਾ ਨਜ਼ਰਸਾਨੀ ਨਾਲ ਇਹ ਦੂਜੀ ਧਿਰ ਵਿੱਚ ਖੜੀ ਜਾਪਦੀ ਹੈ। ਪ੍ਰਮਾਣੂ-ਬੰਬਾਂ ਦਾ ਨਾਮ ਜਾਣ-ਬੁੱਝ ਕੇ ਵਰਤਿਆ ਗਿਆ ਹੈ ਕਿਉਂਕਿ ਇਹ ਵਧੇਰੇ ਡਰ-ਪਾਊ ਹੈ। ਲੋਕਾਂ 'ਚ ਅਤਿਵਾਦ ਦੇ ਨਾਂ 'ਤੇ ਦਹਿਸ਼ਤ ਪਾਉਣ ਦੀ ਮਸ਼ਕ ਨਿੱਤ-ਦਿਨ ਮੀਡੀਆ ਰਾਹੀਂ ਕੀਤੀ ਜਾਂਦੀ ਹੈ। ਫ਼ਿਲਮ ਫੜੇ ਗਏ ਲੋਕਾਂ 'ਤੇ ਕੀਤੇ ਜਾਂਦੇ ਤਸ਼ੱਦਦ ਨੂੰ ਸਹੀ ਠਹਿਰਾਉਂਦੀ ਹੈ। ਸਿੱਟਾ ਇਹੀ ਨਿਕਲਦਾ ਹੈ ਕਿ ਜੇ ਤਸ਼ੱਦਦ ਕਰਕੇ 'ਸੱਚ' ਨਾਂ ਜਾਣਿਆ ਗਿਆ ਤਾਂ ਅਤਿਵਾਦੀ ਅਪਣੇ 'ਮਨਸੂਬਿਆਂ' 'ਚ ਕਾਮਯਾਬ ਹੋ ਜਾਣਗੇ। ਇਸੇ ਪ੍ਰਸੰਗ 'ਚ ਹਿੰਦੀ ਫ਼ਿਲਮ 'ਬਲੈਕ ਫ੍ਰਾਈਡੇ' ਦੀ ਮਿਸਾਲ ਦਿੱਤੀ ਜਾ ਸਕਦੀ ਹੈ। ਪੁਲਸੀਆ ਬੰਬ ਕਾਂਡ ਦੇ ਮੁਲਜ਼ਮਾਂ ਦੇ ਘਰਦਿਆਂ ਨੂੰ ਤਸੀਹੇ ਦੇਣ ਨੂੰ ਜ਼ਾਇਜ਼ ਮੰਨਦਾ ਹੈ। ਉਸ ਦਾ ਕਹਿਣਾ ਹੈ ਕਿ ਮੁਲਜ਼ਮ (ਮੁਸਲਮਾਨ) ਵੱਡੇ ਤੋਂ ਵੱਡਾ ਤਸ਼ੱਦਦ ਸਹਿ ਸਕਦੇ ਹਨ ਪਰ ਮਾਪਿਆਂ, ਭੈਣਾਂ ਤੇ ਜੀਵਨ-ਸਾਥਣਾਂ ਦੀ ਬੇਪਤੀ ਸਹਿਣ ਨਹੀਂ ਕਰ ਸਕਦੇ। ਜੀਹਦੇ ਕਰਕੇ ਇਨ੍ਹਾਂ ਨੂੰ ਤਸੀਹੇ ਦੇਣਾ ਜ਼ਰੂਰੀ ਹੈ। 'ਅਨਥਿੰਕੇਬਲ' ਨੂੰ 'ਅਤਿਵਾਦ ਖ਼ਿਲਾਫ਼ ਜੰਗ' ਦੇ ਦਾਅਵੇ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ ਹੈ। ਨੌਂ ਗਿਆਰਾਂ ਦੇ ਹਾਦਸੇ ਤੋਂ ਬਾਅਦ 'ਅਤਿਵਾਦ ਖ਼ਿਲਾਫ਼ ਜੰਗ' ਨੇ ਹੁਕਮਰਾਨਾਂ ਦੇ ਹੱਥ 'ਚ ਵੱਡਾ ਹਥਿਆਰ ਦੇ ਦਿੱਤਾ ਹੈ। ਹੁਣ ਉਹ ਮਨੁੱਖੀ-ਹਕੂਕ ਦੀ ਉਲੰਘਣਾ ਦੇ ਕਾਲੇ ਲੇਖ ਲਿਖ ਰਹੇ ਹਨ। 'ਅਤਿਵਾਦ' ਦਾ ਹਊਆ ਖੜਾ ਕਰਕੇ ਲੋਕਾਂ ਦੇ ਹੱਕੀ ਅੰਦੋਲਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਹਊਏ ਦੀ ਵਜ੍ਹਾ ਨਾਲ ਪੱਛਮੀ ਮੁਲਕਾਂ, ਭਾਰਤ ਅਤੇ ਇਸਰਾਈਲ ਵਰਗੇ ਮੁਲਕਾਂ ਦੀ ਬਹੁਗਿਣਤੀ 'ਤਸ਼ੱਦਦ' ਨੂੰ ਖ਼ਾਮੋਸ਼ ਸਹਿਮਤੀ ਦਿੰਦੀ ਸਿੱਧ ਕੀਤੀ ਜਾਂਦੀ ਹੈ। ਇਸ ਹਊਏ ਨੇ ਲੋਕਾਂ ਦੇ ਬੁਨਿਆਦੀ ਮਸਲਿਆਂ ਤੋਂ ਧਿਆਨ ਹਟਾਉਣ ਅਤੇ ਖੁੱਲ੍ਹੀ ਮੰਡੀ ਦੀਆਂ ਨੀਤੀਆਂ ਲਾਗੂ ਕਰਨ 'ਚ ਵੱਡਾ ਹਿੱਸਾ ਪਾਇਆ ਹੈ। ਇਨ੍ਹਾਂ ਨਿਸ਼ਾਨਿਆਂ ਦੀ ਪੂਰਤੀ ਲਈ ਅਗਲਾ ਕਦਮ ਮੁਲਕਾਂ ਦੇ ਫ਼ੌਜੀਕਰਨ ਦਾ ਹੈ। ਜੰਗਬਾਜ਼ਾਂ ਦਾ ਮਨੁੱਖ ਨਾਲ ਰਿਸ਼ਤਾ ਮੌਤ ਅਤੇ ਤਬਾਹੀ ਦਾ ਹੀ ਹੋ ਸਕਦਾ ਹੈ। ਇਨ੍ਹਾਂ ਹਾਲਾਤ 'ਚ ਮਨੁੱਖੀ-ਹਕੂਕ ਦੀ ਉਲੰਘਣਾ ਦਾ ਖ਼ਤਰਾ ਹੋਰ ਗੰਭੀਰ ਹੋ ਜਾਂਦਾ ਹੈ। ਅਮਰੀਕਾ ਤੇ ਇੰਗਲੈਂਡ ਦੇ 'ਅਤਿਵਾਦ ਖ਼ਿਲਾਫ਼ ਜੰਗ' 'ਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪੇਸ਼ ਕੀਤੇ ਗਏ ਸਬੂਤ ਸ਼ੱਕ ਦੇ ਘੇਰੇ 'ਚ ਆਏ ਹਨ। ਇਕਬਾਲੀਆ ਬਿਆਨ ਦਰਜ ਕਰਾਉਣ ਲਈ ਮੁਲਜ਼ਮਾਂ 'ਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ ਸੀ। ਅਪਰੈਲ 2009 'ਚ ਅਮਰੀਕਾ ਦੇ ਆਹਲਾ ਦਰਜੇ ਦੇ ਖ਼ੁਫ਼ੀਆ ਅਫ਼ਸਰ (ਸਾਬਕਾ) ਅਤੇ ਸਾਬਕਾ ਫ਼ੌਜੀ ਮਨੋਵਿਗਿਆਨ ਮਾਹਿਰ ਨੇ ਖ਼ੁਲਾਸਾ ਕੀਤਾ ਹੈ ਕਿ ਬੁਸ਼ ਪ੍ਰਸ਼ਾਸਨ ਨੇ ਤਫ਼ਤੀਸ਼ ਕਰਨ ਵਾਲਿਆਂ 'ਤੇ ਨਵੀਆਂ ਤੇ ਵਿਕਸਿਤ ਤਸ਼ੱਦਦ ਤਕਨੀਕਾਂ ਵਰਤਣ ਲਈ ਦਬਾਅ ਪਾਇਆ ਸੀ। ਇਹ ਤਕਨੀਕਾਂ ਵਰਤ ਕੇ ਉਹ ਮੁਲਜ਼ਮਾਂ ਤੋਂ ਅਲਕਾਇਦਾ ਅਤੇ ਸੱਦਾਮ ਹੁਸੈਨ ਦੇ ਨਿਜ਼ਾਮ ਵਿਚਲੀਆਂ ਸਾਂਝੀਆਂ ਤੰਦ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ। 14 ਮਈ 2009 ਨੂੰ ਅਮਰੀਕੀ ਉਪ ਰਾਸ਼ਟਰਪਤੀ ਡਿਕ ਚੇਨੀ ਨੇ ਸ਼ਰੇਆਮ ਵਾਟਰਬੋਰਡਿੰਗ (ਤਸ਼ੱਦਦ ਦੀ ਕਿਸਮ) ਤੇ ਸੁਧਰੀਆਂ ਤਸ਼ੱਦਦੀ ਤਕਨੀਕਾਂ ਦੇ ਹੱਕ 'ਚ ਬਿਆਨ ਦਿੱਤਾ ਸੀ। ਚੇਨੀ ਮੁਤਾਬਕ, 'ਮੈਂ ਸਾਡੇ ਸੁਧਰੇ ਤੇ ਵਿਕਸਿਤ ਤਸ਼ੱਦਦੀ ਪ੍ਰੋਗ੍ਰਾਮ ਦਾ ਹਮਾਇਤੀ ਹਾਂ ਤੇ ਰਹਾਂਗਾ।" ਰਾਸ਼ਟਰਪਤੀ ਦੇ ਸਲਾਹਕਾਰ ਕਾਰਲ ਰੋਵ ਨੇ ਕਿਹਾ ਕਿ ਅਸੀਂ ਇਨ੍ਹਾਂ ਤਸ਼ੱਦਦੀ ਤਕਨੀਕਾਂ ਨਾਲ ਹੀ ਲੋਕਾਂ ਨੂੰ ਬਚਾ ਸਕੇ ਹਾਂ। ਇਹ ਕੌਮਾਂਤਰੀ ਤੇ ਅਮਰੀਕੀ ਕਨੂੰਨਾਂ ਮੁਤਾਬਕ ਵਰਤੇ ਗਏ ਹਨ। ਅਸਲ ਪੁਆੜੇ ਦੀ ਜੜ੍ਹ ਸਾਮਰਾਜੀ ਮੁਲਕਾਂ ਦੀ ਵਿਦੇਸ਼ ਨੀਤੀ ਹੈ। ਸਮੁੱਚੇ ਰੂਪ 'ਚ ਇਹ ਪ੍ਰਾਪੇਗੰਡਾ ਫ਼ਿਲਮ ਹੈ ਜੋ 'ਅਤਿਵਾਦ' ਦੇਨਾਂ 'ਤੇ ਜੰਗਬਾਜ਼ਾਂ ਦੇ ਤਸ਼ੱਦਦਖ਼ਾਨਿਆਂ ਦੀ ਵਕਾਲਤ ਕਰਦੀ ਹੈ।

ਇਹ ਫ਼ਿਲਮ ਸਹਿਜੇ ਹੀ ਦੋ ਬੰਦਿਆਂ ਦੀ ਬੁੱਚੜਾਂ ਵਜੋਂ ਸ਼ਨਾਖ਼ਤ ਕਰਦੀ ਹੈ ਜੋ ਉਨ੍ਹਾਂ ਦੀ ਨਸਲੀ-ਮਜ਼ਹਬੀ ਪਛਾਣ ਉੱਤੇ ਅਣਕਹੀ ਘਾਤਕ ਟਿੱਪਣੀ ਕਰਦੀ ਹੈ। ਅਮਰੀਕਾ ਲਈ ਖ਼ਤਰਾ ਪੈਦਾ ਕਰਨ ਵਾਲਾ ਮੁਸਲਮਾਨ ਹੈ ਅਤੇ ਤਸ਼ੱਦਦ ਦਾ ਮਾਹਰ ਸਿਆਹਫਾਮ ਹੈ। ਗੋਰੀ ਅਮਰੀਕੀ ਔਰਤ ਤਸ਼ੱਦਦ ਵਿੱਚ ਅਣਸਰਦੇ ਨੂੰ ਸ਼ਾਮਿਲ ਹੋਈ ਹੈ। ਉਹ ਤਾਂ ਮੁੜ ਕੇ ਖ਼ਤਰਨਾਕ ਅਤਿਵਾਦੀ ਦੇ ਬੱਚਿਆਂ ਦੀ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਹੈ। ਬਸਤਾਨ ਇਸੇ ਤਰ੍ਹਾਂ ਆਪਣੇ ਤਸ਼ੱਦਦੀ ਸਾਮਰਾਜ ਨੂੰ 'ਜਾਂਗਲੀਆਂ' ਨੂੰ ਸੱਭਿਅਕ ਬਣਾਉਣ ਦੇ ਨਾਮ ਉੱਤੇ ਜਾਇਜ਼ ਕਰਾਰ ਦਿੰਦੇ ਆਏ ਹਨ। ਆਸਟਰੇਲੀਆ ਦੀ ਫ਼ਿਲਮ 'ਰੈਬਿਟ ਫੈਂਸ' ਗੋਰੇ ਸਾਮਰਾਜੀਆਂ ਦੀਆਂ ਇਨ੍ਹਾਂ 'ਸੱਭਿਅਤਾ ਸਿਖਾਉਣ ਵਾਲੀਆਂ ਪਰਉਪਕਾਰੀ ਮੁਹਿੰਮਾਂ' ਦਾ ਖੁਲਾਸਾ ਕਰਦੀ ਹੈ। ਮੂਲ ਵਾਸੀਆਂ ਦੇ ਬੱਚਿਆਂ ਨੂੰ ਮਾਪਿਆਂ ਤੋਂ ਵਿਛੋੜ ਕੇ ਉਨ੍ਹਾਂ ਦੀ 'ਬੰਦਖਲਾਸੀ' ਦੀ ਵਕਾਲਤ ਕਰਨ ਵਾਲੇ ਹੁਣ ਤਸ਼ੱਦਦਖ਼ਾਨਿਆਂ ਵਿੱਚੋਂ 'ਜਮਹੂਰੀਅਤ' ਅਤੇ 'ਮਨੁੱਖਤਾ ਨੂੰ ਮਹਿਫ਼ੂਜ਼' ਕਰਨ ਦਾ ਪਾਠ ਪੜ੍ਹਾ ਰਹੇ ਹਨ। ਹੈਲਨ ਦੀ 'ਕਮਜ਼ੋਰੀ' ਅਮਰੀਕੀ ਵਿਦੇਸ਼ ਨੀਤੀ ਦਾ ਸਭ ਤੋਂ ਘਾਤਕ ਪ੍ਰਚਾਰ ਹੈ। ਹੈਲਨ ਨੂੰ ਅਮਰੀਕਾ ਵਜੋਂ ਦੇਖੋ ਤਾਂ ਸਹੀ … ਅਬੂ ਗ਼ਰੀਬ ਰਾਤ ਨੂੰ ਸੌਣ ਨਹੀਂ ਦੇਵੇਗਾ।

Wednesday 9 November 2011

ਮਹਾਂਬਲੀ ਮਨੁੱਖ, ਦੋ ਫ਼ਿਲਮਾਂ ਅਤੇ 'ਮੈਂ ਹੁਣ ਠੀਕ-ਠਾਕ ਹਾਂ'

ਜਤਿੰਦਰ ਮੌਹਰ

ਮਹਾਂਬਲੀ ਮਨੁੱਖ ਅਮੀਬਾ ਦੀ ਤਰ੍ਹਾਂ ਫੈਲਣਾ ਚਾਹੁੰਦਾ ਹੈ। ਮਨੁੱਖੀ ਸਮਰੱਥਾ ਨੇ ਅਪਾਰ ਉਚਾਈਆਂ ਅਤੇ ਨਵੇਂ ਦਿਸਹੱਦੇ ਛੂਹਣੇ ਸਨ। ਸਮੁੱਚੇ ਆਲਮ ਨੂੰ ਕਲਾਵੇ 'ਚ ਲੈਣਾ ਸੀ। ਸਾਂਝੀਵਾਲਤਾ ਅਤੇ ਮਨੁੱਖੀ ਰੂਹ ਦੀ ਖ਼ੂਬਸੂਰਤੀ ਦੇ ਗੀਤ ਗਾਉਣੇ ਸਨ। ਖੇਤਾਂ 'ਚ ਹੁਲਾਰੇ ਲੈਂਦੀਆਂ ਫ਼ਸਲਾਂ ਤੇ ਪਗਡੰਡੀਆਂ 'ਤੇ ਵਰ੍ਹਦੇ ਮੀਹਾਂ ਨੇ ਮਨ ਦੇ ਖੇੜੇ ਨੂੰ ਅੰਬਰਾਂ ਤੱਕ ਪੁਚਾਉਣਾ ਸੀ। ਠੰਢੇ ਸੀਤ ਰੁੱਖਾਂ ਦੇ ਪੱਤਿਆਂ 'ਚੋਂ ਛਣ-ਛਣ ਆਉਂਦੀ ਕੋਸੀ ਧੁੱਪ ਨੇ ਬੰਦੇ ਨੂੰ ਕੁਦਰਤ ਦੇ ਰੂਹਾਨੀ ਪਸਾਰ ਸਮਝਾਉਣੇ ਸਨ। ਫ਼ਲਸਫ਼ੇ ਨੇ ਆਲਮ ਨੂੰ ਅਮਨ ਅਤੇ ਮੋਹ-ਮੁਹੱਬਤ ਦੀਆਂ ਰੀਤਾਂ ਸਿਖਾਉਣ ਦਾ ਜ਼ਿੰਮਾਂ ਓਟਣਾ ਸੀ। ਕਾਇਨਾਤ ਦੀਆਂ ਵਗਦੀਆਂ ਧਾਰਾਵਾਂ ਸਾਗਰਾਂ ਦਾ ਰੂਪ ਲੈਂਦੀਆਂ। ਦੋਵਾਂ ਦੀ ਹੋਂਦ ਬਰਾਬਰ ਮਿੱਥੀ ਜਾਣੀ ਸੀ। ਊਚ-ਨੀਚ ਦਾ ਭੇਦ ਪਾਤਾਲ 'ਚ ਗਰਕਿਆ ਜਾਂਦਾ। ਪਰ ਅਤੇ ਪਰਾਰ (ਪਿੱਛਲੇ ਅਤੇ ਉਸ ਤੋਂ ਪਿੱਛਲੇ ਵਰ੍ਹੇ ਲਈ ਵਰਤੇ ਜਾਂਦੇ ਸ਼ਬਦ) ਵਰਗੇ ਸ਼ਬਦਾਂ ਨੇ ਲੰਘੇ ਸਮਿਆਂ ਦੀ ਮਿੱਠੀ ਯਾਦ ਦਾ ਝਲਕਾਰਾ ਦੇਣਾ ਸੀ। ਮੱਝ ਦੇ ਸੂਏ ਤੋਂ ਲੈ ਕੇ ਸੋਨੇ ਰੰਗੀਆਂ ਕਣਕਾਂ ਦਾ ਬਿੰਬ ਅੱਖਾਂ ਸਾਹਵੇਂ ਉਸਰਨਾ ਸੀ। ਮਿੱਟੀ 'ਚ ਮਿੱਟੀ ਹੋਏ ਬੋਹੜ ਦੀਆਂ ਛਾਵਾਂ ਜਿਹੇ ਵਡਾਰੂਆਂ ਦੀਆਂ ਯਾਦਾਂ ਮਾਂ-ਬੋਲੀ ਦਾ ਪਹਿਲਾ ਅੱਖਰ ਲਿਖਦੇ ਜੁਆਕਾਂ ਨੂੰ ਬਾਤਾਂ ਦੇ ਰੂਪ 'ਚ ਸੁਣਾਈਆਂ ਜਾਂਦੀਆਂ। ਬਾਬਾਣੀਆਂ-ਕਹਾਣੀਆਂ ਸੁਣਾਉਂਦੇ ਬਾਪੂਆਂ ਤੇ ਮਾਵਾਂ ਨੇ ਪੀੜੀਆਂ ਵਿਚਕਾਰਲੀ ਲਹਿਰਦੀ ਕੜੀ ਬਣਨਾ ਸੀ। ਕਿਰਤ ਦੇ ਨਸ਼ੇ 'ਚ ਤਣੇ ਜੁੱਸਿਆਂ ਨੂੰ ਪਰਉਪਕਾਰ ਦੀ ਗੁੜਤੀ ਮਿਲਣੀ ਸੀ। ਹਥੇਲੀ 'ਤੇ ਪਏ ਅੱਟਣਾ ਨੇ ਕਿਰਤ ਦੀ ਮਹਾਨਤਾ ਦਾ ਜਸ਼ਨ ਮਨਾਉਣਾ ਸੀ। ਦਾਬਿਆਂ ਤੋਂ ਮੁਕਤ ਲੋਕਾਈ ਨੇ ਧਰਤੀ ਦੇ ਜੀਅ ਹੋਣ ਦੇ ਮਾਣਮੱਤੇ ਅਹਿਸਾਸ ਤੋਂ ਵਾਰੇ-ਵਾਰੇ ਜਾਣਾ ਸੀ। ਅੰਬਰਾਂ ਅਤੇ ਸਾਗਰਾਂ ਤੋਂ ਪਾਰ, ਮਨੁੱਖੀ-ਆਪੇ ਨੇ ਵਿਸ਼ਾਲਤਾ ਦੇ ਨਵੇਂ ਅਰਥ ਸਿਰਜਣੇ ਸਨ। ਮਨੁੱਖ ਨੇ ਸੱਚਮੁੱਚ ਦਾ ਮਨੁੱਖ ਹੋਣਾ ਸੀ। ਉੜਦੇ ਪਖੇਰੂਆਂ ਦੇ ਪਰਛਾਵੇਂ ਮਿਣਦਾ ਅਤੇ ਉਨ੍ਹਾਂ ਦੀ ਮਾਸੂਮ ਤੱਕਣੀ ਨਾਲ ਅਪਣੀ ਹਸਤੀ ਨੂੰ ਮੇਲਣਾ ਸੀ। ਥੱਕ-ਟੁੱਟ ਕੇ ਧਰਤੀ ਮਾਂ ਦੀ ਛਾਤੀ 'ਤੇ ਲਿਟਿਆਂ ਮੁਕਤੀ ਜਿਹਾ ਅਹਿਸਾਸ ਹੋਣਾ ਸੀ। ਪੁਰੇ ਦੀ ਹਵਾ ਦੇ ਉਡੀਕਵਾਨ ਪੇਂਡੂਆਂ ਨੇ ਕਾਲੀਆਂ ਘਟਾਵਾਂ 'ਚ ਉਡਦੇ ਬਗਲਿਆਂ ਨੂੰ ਸੁਪਨਿਆਂ ਵਿੱਚ ਤੱਕਣਾ ਸੀ।

ਸਾਡਾ ਆਲਮ ਇਨ੍ਹਾਂ ਹੁਸੀਨ ਹੋਣਾ ਸੀ ਪਰ ਅਜਿਹਾ ਨਾ ਹੋ ਸਕਿਆ। ਮਾਸਖ਼ੋਰੇ ਜਬਾੜ੍ਹਿਆਂ ਨੂੰ ਬੰਦੇ ਦੇ ਮਾਸ ਦਾ ਸਵਾਦ ਪੈ ਗਿਆ। ਜਿਗਰ ਦੇ ਚੱਕ ਭਰਨ ਦੀਆਂ ਨਵੀਆਂ ਤਰਕੀਬਾਂ ਨੂੰ 'ਸੱਭਿਅਤਾ ਦੀ ਤਰੱਕੀ' ਦਾ ਨਾਮ ਦਿੱਤਾ ਗਿਆ। ਜਬਾੜ੍ਹਿਆਂ ਨੇ ਹੱਦਾਂ-ਸਰਹੱਦਾਂ ਟੱਪੀਆਂ। ਨਵੇਂ ਮੁਖੌਟੇ ਧਾਰਨ ਕੀਤੇ। ਮਹਾਂਬਲੀ ਮਨੁੱਖ ਨੂੰ ਨਿੱਸਲ ਤੇ ਨਿਸੱਤ ਕਰਨ ਦੇ ਮਨਸੂਬੇ ਘੜੇ ਗਏ। ਨੇਮਾਂ-ਕਨੂੰਨਾਂ ਦੀ ਸੂਲੀ 'ਤੇ ਟੰਗਿਆ ਮਹਾਂਬਲੀ ਬੰਦਾ, ਸੀਲ ਪਸ਼ੂ ਵਾਂਗ ਹੂੰਗਰਾਂ ਮਾਰਨ ਲੱਗ ਪਿਆ। ਮਨੁੱਖੀ ਸਮਰੱਥਾ ਦਾ ਅਪਾਰ ਉਚਾਈਆਂ ਛੂਹਣ ਦਾ ਸੁਪਨਾ ਦੋ ਖਣਾ ਅਤੇ ਚੰਦ ਰੋਟੀਆਂ ਦੀ ਲੜਾਈ ਤੱਕ ਮਹਿਦੂਦ ਹੋ ਗਿਆ। ਮਰਨ ਲਈ ਜਿਉਣ ਦਾ ਸਬੱਬ ਮਨੁੱਖੀ ਪਿੰਡਿਆਂ ਦੀ ਹੋਣੀ ਬਣ ਗਿਆ। ਸਾਂਝੀਵਾਲਤਾ ਅਤੇ ਮਨੁੱਖੀ ਰੂਹ ਦੀ ਖ਼ੂਬਸੂਰਤੀ ਦੇ ਗੀਤਾਂ ਨੂੰ ਮੁਨਾਫ਼ੇ ਦੀ ਹਾਬੜੀ ਭੁੱਖ ਨਿਗਲ ਗਈ। ਮਨੁੱਖੀ ਆਪੇ ਦੀ ਵਿਸ਼ਾਲਤਾ 'ਸ਼ੱਕ' ਦੀਆਂ ਤਿੱਖੀਆਂ ਨਹੁੰਦਰਾਂ ਨਾਲ ਵਲੂੰਧਰੀ ਗਈ। ਹੁਲਾਰੇ ਲੈਂਦੀਆਂ ਫ਼ਸਲਾਂ ਤੋਂ ਲੈ ਕੇ ਵਰ੍ਹਦੇ ਮੀਹਾਂ ਨੂੰ ਮਨੁੱਖਤਾ ਦੇ ਖ਼ਿਲਾਫ਼ ਭੁਗਤਾਇਆ ਗਿਆ। ਅਮਨ ਅਤੇ ਮੁਹੱਬਤ ਦੀਆਂ ਰੀਤਾਂ ਸਿਖਾਉਣ ਦੀ ਜਾਮਨੀ ਓਟਣ ਵਾਲੇ ਫ਼ਲਸਫ਼ੇ ਜੰਗੀ ਰੀਤਾਂ ਦਾ ਪਾਠ ਪੜਾਉਣ ਵਾਲੇ ਹਥਿਆਰ-ਘਰ ਬਣ ਗਏ। ਪਰ ਅਤੇ ਪਰਾਰ ਵਰਗੇ ਸ਼ਬਦ ਕਰਜ਼ੇ ਦੀਆਂ ਟੁੱਟੀਆਂ ਕਿਸ਼ਤਾਂ ਦੇ ਡਰਾਉਣੇ ਬਿੰਬ ਬਣ ਗਏ। ਮਾਂ-ਪਿਉ ਦੇ ਧੁਆਂਖੇ ਚਿਹਰਿਆਂ 'ਚੋਂ ਬਾਬਾਣੀਆਂ-ਕਹਾਣੀਆਂ ਦਾ ਰੱਬੀ ਸੱਚ, ਹਾਰਾਂ ਦਾ ਭੂਗੋਲ ਜਾਪਣ ਲੱਗਿਆ। ਇਸ ਸਭ ਦੇ ਬਾਵਜੂਦ ਸੰਗਲਾਂ 'ਚ ਜਕੜਿਆ ਮਹਾਂਬਲੀ ਬੰਦਾ ਸੀਲ ਪਸ਼ੂ ਬਣਨ ਤੋਂ ਮੁਨਕਰ ਰਿਹਾ। ਵਰਿਆਮ ਸੰਧੂ ਦੀ ਕਹਾਣੀ 'ਮੈ ਹੁਣ ਠੀਕ ਠਾਕ ਹਾਂ' ਦਾ ਪਾਤਰ ਜੋਗਿੰਦਰ ਉਰਫ਼ ਜਿੰਦਾ ਜਾਫੀ ਚੇਤੇ ਆਉਂਦਾ ਹੈ। ਛੇ ਫੁੱਟ ਦਾ ਭਰਵਾਂ ਜੁੱਸਾ ਜਦੋਂ ਧਾਵੀ ਨੂੰ ਜੱਫ਼ਾ ਲਾਉਂਦਾ ਹੈ ਤਾਂ ਦੇਖਣ ਵਾਲੇ ਨੂੰ ਗੋਡੀ ਲਾ ਕੇ ਬਹਿਣ ਲਈ ਮਜਬੂਰ ਕਰ ਦਿੰਦਾ ਹੈ। ਇਲਾਕੇ 'ਚ ਮਨੁੱਖੀ ਸਮਰੱਥਾ ਦਾ ਮੁਜੱਸਮਾ ਮੰਨਿਆ ਜਾਂਦਾ ਹੈ। ਗਲ 'ਚ ਅਸਾਲਟ ਪਾ ਕੇ ਆਇਆ ਮਰੀਅਲ ਜਿਹਾ ਖਾੜਕੂ ਮੁੰਡਾ ਤੇ ਸੀ ਆਰ ਪੀ ਐਫ ਦਾ ਭੂਤਰਿਆ ਫ਼ੌਜੀ ਜੋਗਿੰਦਰ ਦੇ ਗਲਾਵੇਂ ਨੂੰ ਹੱਥ ਪਾ ਕੇ ਉਹਦੇ ਝੋਟੇ ਵਰਗੇ ਜ਼ੋਰ ਅਤੇ ਸਵੈਮਾਣ ਦਾ ਚੂਰਾ ਕਰ ਜਾਂਦੇ ਹਨ। ਪੁਲਿਸ ਦੀ ਕੁੱਟ ਦੇ ਝੰਬੇ ਬੇਕਸੂਰ ਗੱਭਰੂ ਅੰਦਰੋਂ ਚੀਕ ਬੁਲਬੁਲੀ ਉੱਠਦੀ ਹੈ, "ਸੂਰਮੇ ਨੂੰ ਸਾਨੂੰ ਕੀ ਹੋਇਆ... ਨਹੱਥੇ ਬੇਕਸੂਰਿਆਂ ਨੂੰ ਵਰਦੀਆਂ ਪਾ ਕੇ ਮਾਰਨਾ-ਕੁੱਟਣਾ ਬੜਾ ਸੌਖਾ ... ਕਿਤੇ ਰੱਖਣ ਖਾਂ ਹਥਿਆਰ ਪਾਸੇ … ਤੇ 'ਕੱਲੇ ਨਾਲ 'ਕੱਲਾ ਆਉਣ ... ਜੇ ਘੀਸੀਆਂ ਨਾ ਕਰਾ ਦੀਏ ਤਾਂ ਆਖੀਂ ... ਤੇ ਜਾਂ ਫਿਰ ਸਾਨੂੰ ਵੀ ਹਥਿਆਰ ਫੜਾ ਦੇਣ ... ਫੇਰ ਵੇਖੀਂ ਕੇਹੜੇ ਭਾਅ ਤੁਲਦੀ ਐ ..."

ਅੰਗਰੇਜ਼ੀ ਫ਼ਿਲਮ 'ਵੰਨ ਫਲਿਊ ਉਵਰ ਕੂਕੂ 'ਜ਼ ਨੈਸਟ' ਵਿੱਚਲਾ ਜੈਕ ਨਿਕਲਸਨ ਦਾ ਕਿਰਦਾਰ ਅਜਿਹੇ ਹੀ ਮਨੁੱਖ ਦੀ ਹੋਣੀ ਦਾ ਝਲਕਾਰਾ ਦਿੰਦਾ ਹੈ। ਜੈਕ ਸਜ਼ਾ ਤੋਂ ਬਚਣ ਲਈ ਪਾਗ਼ਲ ਹੋਣ ਦਾ ਨਾਟਕ ਕਰਦਾ ਹੋਇਆ ਪਾਗ਼ਲਖ਼ਾਨੇ ਪਹੁੰਚ ਜਾਂਦਾ ਹੈ। ਜਿੱਥੋਂ ਦਾ ਅਮਲਾ ਮਰੀਜਾਂ ਨੂੰ ਗ਼ੁਲਾਮਾਂ ਤੋਂ ਭੈੜੀ ਹਾਲਤ 'ਚ ਰੱਖਦਾ ਹੈ। ਅਹਿਸਾਸ-ਰਹਿਤ ਵਾਰਡਨ ਹੁਕਮ-ਅਦੂਲੀ ਨੂੰ ਗੁਨਾਹ ਸਮਝਦੀ ਹੈ। ਜੈਕ ਉਹਦੇ ਗ਼ਲਬੇ ਨੂੰ ਚੁਣੌਤੀ ਦਿੰਦਾ ਹੈ। ਵਾਰਡਨ ਵੱਲੋਂ ਜੈਕ ਅਤੇ ਮਰੀਜਾਂ 'ਤੇ ਵਰਤਾਇਆ ਕਹਿਰ, ਦੇਖਣ ਵਾਲੇ ਦਾ ਤ੍ਰਾਹ ਕੱਢ ਦਿੰਦਾ ਹੈ। ਜੈਕ ਦਾ ਕਿਰਦਾਰ ਸੰਗਲਾਂ 'ਚ ਨੂੜੇ ਬੰਦੇ ਦੀ ਬੇਵੱਸੀ ਅਤੇ ਸੰਘਰਸ਼ ਦੀ ਨੁਮਾਇੰਦਗੀ ਕਰਦਾ ਹੈ। ਵਾਰਡਨ ਅਤੇ ਅਮਲੇ ਦਾ ਰੂਪ ਢਾਂਚਾਗਤ ਹਿੰਸਾ ਦੀ ਭਿਆਨਕਤਾ ਨੂੰ ਉਘਾੜਦਾ ਹੈ ਜੋ ਅਤਿ ਦੀ ਬੇਰਹਿਮ ਅਤੇ ਬੇਕਿਰਕ ਹੁੰਦੀ ਹੈ। ਮਨੁੱਖ ਨੂੰ ਸੀਲ ਪਸ਼ੂ ਬਣਾਉਣ 'ਚ ਯਕੀਨ ਕਰਦੀ ਹੈ। ਸੱਭਿਅਤਾ ਦੀ 'ਤਰੱਕੀ' ਦੇ ਨਵੇਂ ਮਾਪਦੰਡਾਂ ਤਹਿਤ ਸੀਲ ਪਸ਼ੂ ਨੂੰ ਸੀਲ ਖਪਤਕਾਰ ਬਣਾਉਣਾ ਸਮੇਂ ਦੀ ਮੰਗ ਹੈ। ਸਾਡੇ ਮੁਲਕ ਦੇ 'ਈਮਾਨਦਾਰ' ਪ੍ਰਧਾਨ-ਮੰਤਰੀ ਦੇ ਤਾਜ਼ਾ ਬਿਆਨ ਮੁਤਾਬਕ, ਵਧਦੀ ਮਹਿੰਗਾਈ ਮੁਲਕ ਦੀ ਤਰੱਕੀ ਦਾ ਸਬੂਤ ਹੈ। ਉਹ ਕਹਿੰਦਾ ਹੈ ਕਿ ਪੈਸੇ ਰੁੱਖਾਂ ਨੂੰ ਨਹੀਂ ਲੱਗਦੇ। ਰੁੱਖਾਂ 'ਤੇ ਪੈਸੇ ਉਗਾਉਣ ਲਈ ਸਬਸਿਡੀਆਂ ਬੰਦ ਕਰਾਂਗੇ ਤੇ ਹਰ ਵਸਤੂ ਨੂੰ ਸਰਕਾਰੀ ਕੰਟਰੋਲ ਤੋਂ ਬਾਹਰ ਰੱਖਾਂਗੇ। ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਕੇ ਮੁਲਕ ਦੀ 'ਤਰੱਕੀ' ਦੀਆਂ ਨਵੀਆਂ ਮੰਜ਼ਲਾਂ ਕੱਛਾਂਗੇ। ਦੂਜੇ ਸ਼ਬਦਾਂ 'ਚ, ਬਹੁਕੌਮੀ ਕੰਪਨੀਆਂ ਨੂੰ ਕੁਦਰਤੀ ਅਤੇ ਮਨੁੱਖੀ ਵਸੀਲਿਆਂ ਦੀ ਅੰਨ੍ਹੀ ਲੁੱਟ ਦਾ ਠੇਕਾ ਹੋਰ ਤੇਜ਼ੀ ਨਾਲ ਦੇਵਾਂਗੇ। ਭੁੱਲ ਜਾਓ ਕਿ ਢਾਂਚਾ ਮਨੁੱਖ ਲਈ ਹੈ। ਏਥੇ ਮਨੁੱਖ ਢਾਂਚੇ ਦੀ ਸੇਵਾ ਲਈ ਹੋਵੇਗਾ। ਭਾਰਤ ਦੇ ਪੰਜ ਸਾਲ ਤੋਂ ਘੱਟ ਉਮਰ ਦੇ ਸੰਤਾਲੀ ਫ਼ੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਉਨ੍ਹਾਂ ਦਾ ਭਾਰ ਉਮਰ ਮੁਤਾਬਕ ਲੋੜੀਦਾਂ ਨਹੀਂ ਹੈ। ਭਾਰਤ ਦੇ ਸੈਂਤੀ ਫ਼ੀਸਦੀ ਬਾਲਗ ਮਰਦਾਂ ਅਤੇ ਉਨਤਾਲੀ ਫ਼ੀ ਸਦੀ ਬਾਲਗ ਬੀਬੀਆਂ ਦਾ ਮਾਸ ਬੌਡੀ ਇੰਡੈਕਸ 18.5 ਤੋਂ ਹੇਠਾਂ ਹੈ। ਮਾਸ ਬੌਡੀ ਇੰਡੈਕਸ 'ਚ ਤਿੰਨ ਚੀਜ਼ਾਂ ਸ਼ਾਮਲ ਹੁੰਦੀਆਂ ਹਨ। ਉਮਰ ਮੁਕਾਬਲੇ ਭਾਰ, ਉਮਰ ਮੁਕਾਬਲੇ ਕੱਦ ਅਤੇ ਕੱਦ ਮੁਕਾਬਲੇ ਭਾਰ। ਇਹ ਆਬਾਦੀ ਕੁਪੋਸ਼ਣ ਦੀ ਭੈੜੀ ਹਾਲਤ 'ਚ ਹੈ। ਉੜੀਸਾ ਦੀ ਚਾਲੀ ਫ਼ੀਸਦੀ ਆਬਾਦੀ ੧੮.੫ ਤੋਂ ਹੇਠਾਂ ਜ਼ਿੰਦਗੀ ਕੱਟ ਰਹੀ ਹੈ। ਆਲਮੀ ਸਿਹਤ ਸੰਸਥਾ ਦੇ ਨੇਮਾਂ ਮੁਤਾਬਕ ਜਿਸ ਕੌਮ ਦੀ ਚਾਲੀ ਫ਼ੀਸਦੀ ਆਬਾਦੀ 18.5 ਤੋਂ ਹੇਠਾਂ ਹੈ। ਉਹ ਕੌਮ ਅੱਤ ਦੀ ਭਿਆਨਕ ਹਾਲਤ 'ਚ ਜਿਉਂ ਰਹੀ ਹੈ ਅਤੇ ਲਗਾਤਾਰ ਅਕਾਲ ਦੀ ਹਾਲਤ 'ਚ ਹੈ। ਅਜਿਹੇ ਹਾਲਾਤ 'ਚ ਮੁਲਕ ਦੇ 'ਈਮਾਨਦਾਰ' ਹੁਕਮਰਾਨ ਵੱਲੋਂ ਮਹਿੰਗਾਈ ਨੂੰ ਤਰੱਕੀ ਦਾ ਸਬੂਤ ਮੰਨਣ ਵਾਲਾ ਬਿਆਨ ਸੱਚਮੁੱਚ ਡਰਾਉਣਾ ਹੈ। ਜੇ ਲੋਕਾਂ ਦੀ ਕੀਮਤ 'ਤੇ ਮੁਲਕ ਦੀ 'ਤਰੱਕੀ' ਮਿੱਥੀ ਜਾਣੀ ਹੈ ਤਾਂ ਸਾਡਾ ਜਮਹੂਰੀ ਹੱਕ ਹੈ ਕਿ ਅਸੀਂ ਇਸ ਬਿਆਨ ਨੂੰ ਕੌਮੀ ਹੱਤਕ ਸਮਝੀਏ।
ਭੁੱਖ ਨਾਲ ਮਰਦੇ ਬੰਦੇ ਤੋਂ ਵੱਧ ਮਹਿੰਗਾਈ ਵਧਾਉਣ ਨੂੰ ਤਰਜੀਹ ਦੇਣ ਵਾਲੀ 'ਈਮਾਨਦਾਰ' ਸੋਚ ਜਾਪਾਨੀ ਫ਼ਿਲ਼ਮ 'ਹਾਰਾ-ਕਰੀ' ਦੇ ਮੱਠ ਦਾ ਚੇਤਾ ਕਰਾਉਂਦੀ ਹੈ। ਹਾਰਾ-ਕਰੀ ਅਜਿਹੀ ਰਸਮ ਹੈ ਜੀਹਦੇ ਤਹਿਤ ਬੰਦਾ ਸੰਬੰਧਤ ਮੱਠ 'ਚ ਜਾ ਕੇ ਖ਼ੁਦਕੁਸ਼ੀ ਕਰ ਸਕਦਾ ਹੈ। ਮੱਠ ਦੇ ਪੁਜਾਰੀਆਂ ਦੇ ਅਪਣੇ ਵਿਧੀ-ਵਿਧਾਨ ਹਨ। ਉਹ ਮੰਤਰਾਂ ਦਾ ਪਾਠ ਕਰਦੇ ਅਤੇ ਮੌਤ ਦਾ ਜਸ਼ਨ ਮਨਾਉਂਦੇ ਹਨ। ਇੱਕ ਸਮੁਰਾਏ (ਜਪਾਨੀ ਯੋਧਿਆਂ ਲਈ ਵਰਤਿਆ ਜਾਂਦਾ ਲਕਬ) ਦਾ ਟੱਬਰ ਬੁਰੀ ਹਾਲਤ 'ਚ ਹੈ। ਸਮੁਰਾਏ ਲਈ ਤਲਵਾਰ ਬੇਸ਼ਕੀਮਤੀ ਹੂੰਦੀ ਹੈ। ਉਹ ਟੱਬਰ ਦੇ ਮੂੰਹ 'ਚ ਅੰਨ ਦਾ ਦਾਣਾ ਪਾਉਣ ਲਈ ਜਾਨ ਤੋਂ ਪਿਆਰੀ ਤਲਵਾਰ ਵੀ ਵੇਚ ਚੁੱਕਿਆ ਹੈ। ਦਿਖਾਵੇ ਵਜੋਂ ਲੱਕੜ ਦੀ ਤਲਵਾਰ ਮਿਆਨ 'ਚ ਪਾ ਕੇ ਘੁੰਮਦਾ ਹੈ। ਪਰਿਵਾਰ ਕਈ ਦਿਨ ਤੋਂ ਭੁੱਖਾ ਹੈ। ਸਮੁਰਾਏ ਰੋਟੀ ਦੀ ਭਾਲ 'ਚ ਘੁੰਮਦਾ ਹਾਰਾ-ਕਰੀ ਦੇ ਮੱਠ ਕੋਲ ਜਾ ਪਹੁੰਚਦਾ ਹੈ। ਜਿੱਥੇ ਉਸ ਨੂੰ ਪਤਾ ਲੱਗਦਾ ਹੈ ਕਿ ਹੁਣ ਮੱਠ ਵਾਲੇ ਖ਼ੁਦਕੁਸ਼ੀ ਲਈ ਆਉਣ ਵਾਲੇ ਨੂੰ ਮਾਰਦੇ ਨਹੀਂ ਹਨ। ਤਰਸ ਵਜੋਂ ਕੁਝ ਪੈਸੇ ਦੇ ਕੇ ਵਾਪਸ ਭੇਜ ਦਿੰਦੇ ਹਨ। ਭੁੱਖ ਦਾ ਮਾਰਿਆ ਸਮੁਰਾਏ ਮੱਠ ਅੰਦਰ ਜਾ ਕੇ ਖ਼ੁਦਕੁਸ਼ੀ ਦੀ ਪੇਸ਼ਕਸ਼ ਕਰਦਾ ਹੈ ਪਰ ਮੱਠ ਵਾਲਿਆਂ ਦਾ ਉਸਦੀ ਭੁੱਖ ਨਾਲ ਲਾਗਾ-ਤੇਗਾ ਨਹੀਂ ਹੈ। ਮੱਠ ਦਾ ਕੰਮ ਬੰਦੇ ਨੂੰ ਮਾਰਨਾ ਹੈ। ਮੱਠ ਦੇ ਨੇਮਾਂ ਮੁਤਾਬਕ ਖ਼ੁਦਕੁਸ਼ੀ ਅਪਣੀ ਤਲਵਾਰ ਨਾਲ ਹੀ ਕਰਨੀ ਪੈਂਦੀ ਹੈ। ਲੱਕੜ ਦੀ ਤਲਵਾਰ ਨਾਲ ਅਪਣਾ ਢਿੱਡ ਖੋਦਣਾ ਸਮੁਰਾਏ ਲਈ ਅਸਹਿਣਯੋਗ ਹੋ ਜਾਂਦਾ ਹੈ। ਉਹ ਭੁੱਖ ਨਾਲ ਘੁਲਦੇ ਪਰਿਵਾਰ ਦਾ ਵਾਸਤਾ ਦਿੰਦਾ ਹੈ। ਅੰਤ 'ਚ ਮੱਠ ਦੀਆ ਅਟੱਲ ਰਵਾਇਤਾਂ ਮੁਤਾਬਕ ਸਮੁਰਾਏ ਦਾ ਸਿਰ ਧੜ ਤੋਂ ਅਲੱਗ ਕਰ ਕੇ ਰਸਮ ਪੂਰੀ ਹੋਣ ਦਾ ਜਸ਼ਨ ਮਨਾਇਆ ਜਾਂਦਾ ਹੈ। ਬਾਅਦ ਵਿੱਚ ਸਮੁਰਾਏ ਦਾ ਸਹੁਰਾ (ਜੋ ਕਦੇ ਸਮੁਰਾਏ ਰਿਹਾ ਹੈ) ਮੱਠ ਦੀਆਂ ਧਾਰਮਿਕ ਦਲੀਲਾਂ ਅਤੇ ਡੰਡੇ ਦੇ ਜ਼ੋਰ ਨੂੰ ਸਵਾਲਾਂ ਦੇ ਘੇਰੇ 'ਚ ਲਿਆਉਂਦਾ ਹੈ। ਦਲੀਲ ਪੱਖੋਂ ਹਾਰਿਆ ਮੱਠ ਡੰਡੇ ਦਾ ਜ਼ੋਰ ਅਜ਼ਮਾਉਣ 'ਤੇ ਉੱਤਰ ਆਉਂਦਾ ਹੈ। ਯੋਧਾ ਪਹਿਰੇਦਾਰਾਂ ਨਾਲ ਲੜਦਾ ਮਾਰਿਆ ਜਾਂਦਾ ਹੈ। ਮੱਠ ਨੂੰ ਕੋਈ ਫਰਕ ਨਹੀਂ ਪੈਂਦਾ। ਮੱਠ ਯੋਧੇ ਦੀਆਂ ਦਲੀਲਾਂ ਤੋਂ ਨਹੀਂ ਡਰਦਾ। ਉਹ ਉਸ ਦਲੀਲ ਦੇ ਲੋਕਾਂ ਵਿੱਚ ਪਹੁੰਚਣ ਤੋਂ ਡਰਦਾ ਹੈ। ਪਹਿਰੇਦਾਰਾਂ ਨੂੰ ਤਾਕੀਦ ਹੁੰਦੀ ਹੈ ਕਿ ਸਭ ਕੁਝ ਪਹਿਲਾਂ ਦੀ ਤਰ੍ਹਾਂ ਕਰ ਦਿੱਤਾ ਜਾਵੇ ਤੇ ਗੱਲ ਮੱਠ ਤੋਂ ਬਾਹਰ ਨਹੀਂ ਜਾਣੀ ਚਾਹੀਦੀ। ਇਹ ਮੱਠ ਜਦੋਂ ਪ੍ਰਬੰਧਕੀ ਇਮਾਰਤਾਂ ਦਾ ਰੂਪ ਧਾਰ ਲੈਂਦੇ ਹਨ ਤਾਂ ਮਹਾਂਬਲੀ ਮਨੁੱਖਾਂ ਨੂੰ ਭੁੱਖ ਨਾਲ ਮਰਨ, ਰੁਜ਼ਗਾਰ ਖੁਣੋ ਫ਼ਾਕੇ ਕੱਟਣੀ, ਪੈਸੇ ਖੁਣੋ ਅਨਪੜ੍ਹ ਰਹਿਣ, ਅੱਧ-ਭੁੱਖਾ ਜਾਂ ਭੁੱਖਾ ਰਹਿਣ ਅਤੇ ਮਾਮੂਲੀ ਬੀਮਾਰੀਆਂ ਨਾਲ ਮਰ ਜਾਣ ਦੀ 'ਆਜ਼ਾਦੀ' ਮਿਲਦੀ ਹੈ।


Friday 4 November 2011

ਗੋਬਲਜ਼ ਮਾਰਕਾ ਫ਼ਿਲਮਾਂ ਦਾ ਸੱਚ

ਜਤਿੰਦਰ ਮੌਹਰ

ਰੂਸੀ ਇਨਕਲਾਬ ਤੋਂ ਬਾਅਦ ਲੈਨਿਨ ਵੱਲੋਂ ਸਿਨੇਮਾ ਬਾਰੇ ਦਿੱਤੇ ਬਿਆਨ ਨੂੰ ਸਾਮਰਾਜੀ ਮੁਲਕਾਂ ਨੇ ਗੰਭੀਰਤਾ ਨਾਲ ਲਿਆ। ਪਹਿਲੀ ਵਾਰ ਫ਼ਿਲਮਾਂ 'ਤੇ ਸੈਂਸਰਸ਼ਿਪ ਬਿਠਾਈ। ਸਿਨੇਮਾ ਪ੍ਰਚਾਰ ਦੇ ਹਥਿਆਰ ਵਜੋਂ ਵਰਤਿਆ ਜਾਣ ਲੱਗਿਆ। ਫ਼ਿਲਮ ਦੀ ਸਮਰੱਥਾ ਤੋਂ ਦੋਵੇਂ ਧਿਰਾਂ ਵਾਕਫ਼ ਹਨ। ਵੀਅਤਨਾਮ ਜੰਗ ਦੀ ਇੱਕ ਤਸਵੀਰ ਨੇ ਅਮਰੀਕਾ ਦੀ ਹਾਰ 'ਚ ਫ਼ੈਸਲਾਕੁਨ ਭੂਮਿਕਾ ਨਿਭਾਈ। ਤਸਵੀਰ 'ਚ, ਬੰਬਾਰੀ ਤੋਂ ਖ਼ੌਫ਼ਜ਼ਦਾ ਕੁਝ ਬੱਚੇ ਭੱਜੇ ਜਾ ਰਹੇ ਹਨ। ਪਿੱਛੇ ਅੱਗ ਦੀਆਂ ਲਪਟਾਂ ਨਾਲ ਜੰਗਲ ਝੁਲਸ ਰਿਹਾ ਹੈ ਤੇ ਲਪਟਾਂ ਅੰਬਰ ਛੂਹ ਰਹੀਆਂ ਹਨ। ਤਸਵੀਰ ਅਖ਼ਬਾਰਾਂ 'ਚ ਛਪਣ ਤੋਂ ਬਾਅਦ ਜੰਗ ਦਾ ਪਾਸਾ ਪਲਟ ਗਿਆ। ਏਨ੍ਹੀ ਭਿਆਨਕਤਾ ਆਲਮ ਨੇ ਤਸਵੀਰ ਦੇ ਰੂਪ 'ਚ ਪਹਿਲੀ ਵਾਰ ਦੇਖੀ ਸੀ। ਪਿੱਛੋਂ ਅਜਿਹੀਆਂ ਅਮਰੀਕੀ ਫ਼ਿਲਮਾਂ ਦਾ ਹੜ੍ਹ ਆ ਗਿਆ, ਜਿਨ੍ਹਾਂ 'ਚ ਬੰਬ ਡਿੱਗਣਾ, ਮਨੁੱਖੀ ਜੀਆਂ ਅਤੇ ਕੁਦਰਤ ਦਾ ਝੁਲਸਣਾ ਆਮ ਜਿਹੀ ਗੱਲ ਸੀ। ਹੁਣ ਸਾਨੂੰ ਅਜਿਹੀਆਂ ਤਸਵੀਰਾਂ ਡਰਾਉਂਦੀਆਂ ਨਹੀਂ ਹਨ। ਨਾ ਸਾਨੂੰ ਪੀੜਤਾਂ 'ਤੇ ਤਰਸ ਆਉਂਦਾ ਹੈ ਅਤੇ ਨਾ ਦਰਦਮੰਦੀ ਦਾ ਅਹਿਸਾਸ ਜਾਗਦਾ ਹੈ। ਅਸੀਂ ਤਾਂ ਮੋਟੀਆਂ ਤੇ ਸਲੂਣੀਆਂ ਖਿੱਲਾਂ ਚੱਬਦੇ ਹੋਏ ਅਜਿਹੇ ਦ੍ਰਿਸ਼ਾਂ ਦਾ 'ਭਰਪੂਰ ਸਵਾਦ' ਲੈਂਦੇ ਹਾਂ। ਨਾਇਕ ਦਾ ਥੋਕ 'ਚ ਗੋਲੀਆਂ ਚਲਾਉਣਾ ਅਤੇ ਬੇਹਿਸਾਬ ਬੰਦੇ ਮਾਰਨਾ 'ਰੌਚਕਤਾ' ਦਾ ਸਬੱਬ ਬਣਦਾ ਹੈ। ਸਾਮਰਾਜ ਅਜਿਹੀ 'ਰੌਚਕਤਾ' ਮਾਨਣ ਵਾਲੇ ਕਲਬੂਤ ਹੀ ਪੈਦਾ ਕਰਨੇ ਚਾਹੁੰਦਾ ਹੈ। ਜੋ ਮਨੁੱਖੀ ਸੰਵੇਦਨਾ ਤੋਂ ਵਿਰਵੇ ਹੋ ਕੇ ਸੀਲ ਖਪਤਕਾਰ ਬਣ ਸਕਣ। ਜਿਹੜੇ ਹੱਦਾਂ-ਸਰਹੱਦਾਂ ਤੋਂ ਪਾਰਲਿਆਂ ਨੂੰ ਸ਼ੱਕ ਤੋਂ ਬਿਨ੍ਹਾਂ ਹੋਰ ਕਿਸੇ ਨਜ਼ਰ ਨਾਲ ਨਾ ਦੇਖਣ। 'ਪਰਾਈ ਧਰਤੀ' 'ਤੇ ਵਾਪਰਦੇ ਸਾਕਿਆਂ ਨਾਲ ਉਨ੍ਹਾਂ ਦਾ ਕੋਈ ਜਮਾਂ-ਜੋੜ ਨਾ ਹੋਵੇ। ਹੱਦੋਂ ਪਾਰਲੇ ਲੋਕਾਂ 'ਤੇ ਸ਼ੱਕ ਕਰਨ ਦੀ ਸਿਖਲਾਈ ਨੂੰ ਆਮ ਸ਼ਹਿਰੀਆਂ ਦੀ ਰੋਜ਼ਾਨਾ-ਜ਼ਿੰਦਗੀ ਦਾ ਅੰਗ ਬਣਾ ਦੇਣਾ, ਰਾਜਤੰਤਰ ਦਾ ਕਰੂਰ ਖ਼ਾਸਾ ਹੈ। ਇਸ ਮਸ਼ਕ 'ਚ ਖੇਡ, ਕਲਾ ਅਤੇ ਸਿਆਸਤ ਤੱਕ ਸਭ ਕੁਝ ਸ਼ਾਮਲ ਕੀਤਾ ਜਾਂਦਾ ਹੈ।

ਦੇਸੀ, ਵਿਦੇਸ਼ੀ ਸਿਨੇਮੇ ਦੀਆਂ ਗੋਬਲਜ਼ ਮਾਰਕਾ ਫ਼ਿਲਮਾਂ ਦੀ ਲੰਬੀ ਲੜੀ ਸਾਡੇ ਸਾਹਮਣੇ ਹੈ। ਪੱਛਮੀ ਫ਼ਿਲਮਾਂ ਕਮਿਉਨਿਸਟਾਂ, ਗ਼ੈਰ-ਗੋਰੇ ਲੋਕਾਂ, ਅਤੇ ਨਾਟੋ ਜੰਗਬਾਜ਼ਾਂ ਨੂੰ ਚੁਣੌਤੀ ਦੇਣ ਵਾਲੇ ਮੁਲਕਾਂ ਦੀ ਨਿਸ਼ਾਨਦੇਹੀ ਦੁਸ਼ਮਣ ਵਜੋਂ ਕਰਦੀਆਂ ਹਨ। ਸਾਮਰਾਜੀ, ਇਨ੍ਹਾਂ ਲੋਕਾਂ ਨੂੰ ਪਰਾਏ-ਗ੍ਰਹਿ ਦੇ ਵਾਸੀ ਸਮਝਦੇ ਹਨ। ਜਿਨ੍ਹਾਂ ਨੂੰ ਧਰਤੀ 'ਤੇ ਰਹਿਣ ਦਾ ਕੋਈ ਹੱਕ ਨਹੀਂ ਹੈ। 'ਦੁਸ਼ਮਣਾਂ' ਨੂੰ ਧਰਤੀ ਦੇ ਕਿਸੇ ਵੀ ਕੋਨੇ 'ਚ ਜਾ ਕੇ ਤਬਾਹ ਕਰਨਾ ਬਸਤਾਨਾਂ ਦੀ ਬਹਾਦਰੀ ਦਾ ਸਬੂਤ ਬਣਦਾ ਹੈ। ਸਾਮਰਾਜੀਆਂ ਦੇ ਕੁਕਰਮਾਂ ਦੀ ਪਰਦਾਪੋਸ਼ੀ ਕਰਨ ਲਈ ਇਹ ਫ਼ਿਲਮਾਂ ਬਦਨਾਮ ਹਨ। ਰੈਂਬੋ ਨਾਂ ਦਾ ਕਿਰਦਾਰ ਤਿੰਨ ਦਹਾਕਿਆਂ ਤੋਂ ਵੀਅਤਨਾਮੀਆਂ, ਅਫ਼ਗਾਨੀਆਂ, ਰੂਸੀਆਂ ਅਤੇ ਬਰਮੀਆਂ ਦੇ ਛੱਕੇ ਛੁਡਾਉਂਦਾ 'ਸੂਰਮਗਤੀ ਦਾ ਅਵਤਾਰ' ਬਣ ਕੇ ਸਾਹਮਣੇ ਆਉਂਦਾ ਰਿਹਾ ਹੈ। ਅਜਿਹੀਆਂ ਅਣਗਿਣਤ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਅਜਿਹੀਆਂ ਫ਼ਿਲਮਾਂ ਨਾਟੋ-ਇਜ਼ਰਾਈਲ ਜੰਗੀ ਨੀਤੀਆਂ ਦਾ ਸਾਕਾਰ ਰੂਪ ਬਣਦੀਆਂ ਹਨ। ਸੰਨ੍ਹ ਲਾ ਕੇ ਕਤਲ ਕਰਨ ਦੇ ਇਸਰਾਈਲੀ ਨਮੂਨੇ ਇਨ੍ਹਾਂ ਫ਼ਿਲਮਾਂ ਦਾ ਅਟੁੱਟ ਅੰਗ ਹਨ। ਨਵੀਂ ਤਕਨੀਕ ਅਤੇ ਹਥਿਆਰਾਂ ਨਾਲ ਲੈਸ, ਚਮਕੀਲੀਆਂ ਵਰਦੀਆਂ ਪਾਈ ਫਿਰਦੇ ਫ਼ੌਜੀ, ਬੰਦਿਆਂ ਦਾ ਜਾਨਵਰਾਂ ਵਾਂਗੂੰ ਸ਼ਿਕਾਰ ਕਰਦੇ ਦਿਖਾਏ ਜਾਂਦੇ ਹਨ। ਇਹ ਕਰੂਰਤਾ ਇੰਨੀ ਅਦਾ ਨਾਲ ਦਿਖਾਈ ਜਾਂਦੀ ਹੈ ਕਿ ਦੇਖਣ ਵਾਲੇ ਲਈ ਬੰਦੇ ਨੂੰ ਮਾਰਨਾ ਦਿਲਖਿੱਚਵੀਂ ਖੇਡ ਜਿਹਾ ਲਗਦਾ ਹੈ। ਸਟੀਵਨ ਸਪੀਲਬਰਗ ਵਰਗਾ ਮਸ਼ਹੂਰ ਫ਼ਿਲਮਸਾਜ਼ ਸੰਨ੍ਹ ਲਾ ਕੇ ਕਤਲ ਕਰਨ ਦੇ ਮੁੱਦੇ 'ਤੇ 'ਮਿਊਨਿਕ' ਫ਼ਿਲਮ ਬਣਾਉਂਦਾ ਹੈ। ਫ਼ਿਲਮ ਸੰਨ ਉਨ੍ਹੀ ਸੌ ਚੌਂਹਟ ਦੀਆਂ ਮਿਊਨਿਕ ਉਲੰਪਿਕ-ਖੇਡਾਂ ਦੌਰਾਨ ਮਾਰੇ ਗਏ ਇਸਰਾਈਲੀ ਖਿਡਾਰੀਆਂ ਦਾ ਬਦਲਾ ਲੈਣ ਦੀ ਕਹਾਣੀ ਹੈ। ਫ਼ਲਸਤੀਨੀਆਂ ਵੱਲੋਂ ਅਜਿਹਾ ਕਦਮ ਚੁੱਕਣ ਦੇ ਕਾਰਨਾਂ ਦੀ ਵੱਖਰੀ ਤਫ਼ਸੀਲ ਦਿੱਤੀ ਜਾ ਸਕਦੀ ਹੈ ਜੋ ਉਸ ਦੌਰ ਦੇ ਜਰਮਨੀ ਅਤੇ ਕੌਮਾਂਤਰੀ ਹਾਲਾਤ ਬਾਰੇ ਤਸਵੀਰ ਨੂੰ ਸਾਫ਼ ਕਰ ਸਕੇਗੀ। ਫ਼ਿਲਹਾਲ ਅਸੀਂ ਫ਼ਿਲਮ ਦੇ ਹਵਾਲੇ ਨਾਲ ਗੱਲ ਕਰਾਂਗੇ। ਇਸਰਾਈਲ ਦੀ ਪ੍ਰਧਾਨ-ਮੰਤਰੀ ਯਹੂਦੀ ਖ਼ੁਫ਼ੀਆ-ਦਲ ਨੂੰ ਸੰਨ੍ਹ ਲਾ ਕੇ ਕਤਲ ਕਰਨ ਦਾ ਜ਼ਿੰਮਟਵਾਰੀ ਲਗਾਉਂਦੀ ਹੈ। ਖ਼ੁਫ਼ੀਆ-ਦਲ 'ਜ਼ਿੰਮੇਵਾਰ ਲੋਕਾਂ' ਨੂੰ ਵੱਖਰੇ-ਵੱਖਰੇ ਮੁਲਕਾਂ 'ਚ ਲੱਭ ਕੇ ਮਾਰਦਾ ਹੈ। ਦਲ ਵਿਚਲੇ ਕੁਝ ਸਿਪਾਹੀ ਮਾਰੇ ਜਾਂਦੇ ਹਨ। ਬੇਵਿਸਾਹੀ ਦੇ ਆਲਮ 'ਚ ਕੁਝ-ਇੱਕ ਮਾਨਸਿਕ ਰੋਗੀ ਬਣਨ ਦੀ ਹਾਲਤ 'ਚ ਪਹੁੰਚ ਜਾਂਦੇ ਹਨ। ਫ਼ਿਲਮ ਇਸਰਾਈਲੀ ਬਸ਼ਿੰਦਿਆਂ ਉੱਤੇ ਜੰਗੀ ਨੀਤੀਆਂ ਦੇ ਅਸਰ ਨੂੰ ਦਿਖਾਉਂਦੀ ਹੈ, ਜੋ ਬੀਮਾਰ ਸਮਾਜ ਪੈਦਾ ਕਰ ਰਹੀਆਂ ਹਨ। ਇਸਦੇ ਬਾਵਜੂਦ ਸਪੀਲਬਰਗ ਦਾ ਮੰਨਣਾ ਹੈ ਕਿ ਫ਼ਿਲਮ ਸੰਨ੍ਹ ਲਾ ਕੇ ਕਤਲ ਕਰਨ ਦੇ ਖ਼ਿਲਾਫ਼ ਨਹੀਂ ਹੈ। ਫ਼ਿਲਮਸਾਜ਼ ਦਾ ਬਿਆਨ ਫ਼ਿਲਮ ਦੇ ਪਿੱਛੇ ਦੀ ਸਿਆਸਤ ਨੂੰ ਉਘਾੜਦਾ ਹੈ।

ਫ਼ਿਲਮਸਾਜ਼ ਜੇਮਜ਼ ਕੈਮਰੂਨ ਦੀ ਸ਼ਾਹਕਾਰ ਫ਼ਿਲਮ 'ਅਵਤਾਰ' ਸੰਨ ਦੋ ਹਜ਼ਾਰ ਨੌਂ 'ਚ ਪਰਦਾ-ਪੇਸ਼ ਹੋਈ। ਜੋ ਅਮਰੀਕਾ ਦੀਆਂ ਮੁਨਾਫ਼ਾਖ਼ੋਰ ਅਤੇ ਜੰਗੀ-ਨੀਤੀਆਂ ਦੇ ਖ਼ਿਲਾਫ਼ ਨਿਮਾਣਿਆਂ ਅਤੇ ਨਿਤਾਣਿਆਂ ਦੀ ਆਵਾਜ਼ ਬਣਦੀ ਹੈ। ਫ਼ਿਲਮ ਨੂੰ ਦੁਨੀਆਂ ਪੱਧਰ 'ਤੇ ਵੱਡੀ ਕਾਮਯਾਬੀ ਮਿਲੀ। ਇਸੇ ਸਾਲ ਜੇਮਜ਼ ਦੀ ਸਾਬਕਾ-ਘਰਵਾਲੀ ਕੈਥਰੀਨ ਬਿਗਲੇ ਦੀ ਫ਼ਿਲਮ 'ਦਿ ਹਰਟ ਲੌਕਰ' ਵੀ ਪਰਦਾ-ਪੇਸ਼ ਹੋਈ ਸੀ। ਇਹ ਫ਼ਿਲਮ ਇਰਾਕ 'ਚ ਬੰਬ ਬੇਅਸਰ ਕਰਨ ਵਾਲੇ ਅਮਰੀਕੀ ਫ਼ੌਜੀਆਂ ਬਾਰੇ ਸੀ। ਅਮਰੀਕੀ ਫ਼ੌਜੀਆਂ ਨੂੰ ਇਰਾਕ ਦੇ ਰਾਖਿਆਂ ਵਜੋਂ ਅਤੇ ਇਰਾਕੀਆਂ ਨੂੰ ਖ਼ੂਨ-ਪੀਣੇ ਸ਼ੈਤਾਨ ਬਣਾ ਕੇ ਪੇਸ਼ ਕੀਤਾ ਗਿਆ। ਫ਼ਿਲਮ ਦਾ ਫ਼ੌਜੀ ਕਿਰਦਾਰ ਕਹਿੰਦਾ ਹੈ ਕਿ ਜਦੋਂ ਤੱਕ ਟੈਂਕ ਸਾਡੇ ਕੋਲ ਹਨ, ਸਾਨੂੰ ਕੋਈ ਨਹੀਂ ਹਰਾ ਸਕਦਾ। ਇਹ ਅਮਰੀਕਾ ਦੀ ਜੰਗੀ ਹੈਂਕੜ ਦਾ ਪ੍ਰਗਟਾਵਾ ਹੈ। ਫ਼ਿਲਮ ਅਮਰੀਕੀ ਫ਼ੌਜੀਆਂ ਦੀ 'ਬਹਾਦਰੀ' ਅਤੇ 'ਮੁਸ਼ੱਕਤ' ਦੀ ਇਕਤਰਫ਼ਾ ਤਸਵੀਰ ਪੇਸ਼ ਕਰਦੀ ਹੈ। ਜ਼ਾਹਰਾ ਤੌਰ 'ਤੇ ਫ਼ਿਲ਼ਮ ਇਰਾਕ 'ਚ ਅਮਰੀਕਾ ਦੀਆਂ ਕਰਤੂਤਾਂ ਲੁਕੋਣ ਲਈ ਬਣਾਈ ਗਈ ਸੀ। ਦੋਵੇਂ ਫ਼ਿਲਮਾਂ ਇੱਕ-ਦੂਜੇ ਦੇ ਖ਼ਿਲਾਫ਼ ਖੜਦੀਆਂ ਹਨ। ਜੇਮਜ਼ ਹਦਾਇਤਕਾਰੀ ਦੇ ਆਸਕਰ ਖ਼ਿਤਾਬ ਲਈ ਸਭ ਤੋਂ ਵੱਡਾ ਦਾਅਵੇਦਾਰ ਸੀ। ਪ੍ਰਬੰਧਕਾਂ ਨੇ ਕੈਥਰੀਨ ਬਿਗਲੇ ਨੂੰ ਹਦਾਇਤਕਾਰੀ ਦੇ ਆਸਕਰ ਨਾਲ ਨਿਵਾਜ ਕੇ ਸਾਰੀਆਂ ਗਿਣਤੀਆਂ-ਮਿਣਤੀਆਂ ਉਲਟ ਦਿੱਤੀਆਂ। ਦੋਵੇਂ ਫ਼ਿਲਮਸਾਜ਼ ਤਕਨੀਕੀ-ਹੁਨਰ ਦੇ ਮਾਮਲੇ 'ਚ ਬਰਾਬਰ ਮੜਿੱਕ ਸਕਦੇ ਹਨ। ਹੁਨਰ ਖਰੀਦਿਆ ਜਾ ਸਕਦਾ ਹੈ ਪਰ ਮਨੁੱਖਤਾ ਨੂੰ ਪ੍ਰਣਾਏ ਜਜ਼ਬੇ ਦੀ ਸਿਦਕਦਿਲੀ ਨਹੀਂ ਖਰੀਦੀ ਜਾ ਸਕਦੀ। ਮਸਲਾ ਸਰਬੱਤ ਦੇ ਭਲੇ ਦੀ ਸੋਚ ਨਾਲ ਖੜਨ ਜਾਂ ਡਾਹਢਿਆਂ ਦਾ ਝਾੜੂ-ਬਰਦਾਰ ਬਣਨ 'ਚੋਂ ਇੱਕ ਧਿਰ ਚੁਣਨ ਦਾ ਹੈ। ਸਾਰੀਆਂ ਫ਼ਿਲਮਾਂ ਕੈਮਰੇ ਨਾਲ ਬਣਦੀਆਂ ਹਨ ਪਰ ਕੈਮਰੇ ਪਿਛਲੀ ਐਨਕ ਰਾਜਤੰਤਰ ਤੋਂ ਖ਼ੁਫ਼ੀਆ ਤੰਤਰ ਤੱਕ ਕਿਸੇ ਦੀ ਵੀ ਹੋ ਸਕਦੀ ਹੈ। ਇਹੀ ਐਨਕ ਜੇਮਜ਼ ਕੈਮਰੂਨ ਵਰਗਿਆਂ ਦੀ ਵੀ ਹੋ ਸਕਦੀ ਹੈ। ਫ਼ਿਲਮ ਦਾ ਖ਼ਾਸਾ ਫ਼ਿਲਮਸਾਜ਼ ਦੇ ਨਜ਼ਰੀਏ ਨੇ ਤੈਅ ਕਰਨਾ ਹੈ। ਸਾਡੀ ਫ਼ਿਲਮ ਸਨਅਤ ਨੇ ਲੋਕ-ਸੰਘਰਸ਼ਾਂ, ਮੁਸਲਮਾਨਾਂ ਅਤੇ ਗੁਆਂਢੀ ਮੁਲਕਾਂ ਨੂੰ ਸ਼ੱਕ ਦੇ ਘੇਰੇ 'ਚ ਲਿਆਉਂਦੀਆਂ ਅਤੇ ਸਸਤੇ ਕਿਸਮ ਦੀ ਮੁਲਕਪ੍ਰਸਤੀ ਨੂੰ ਵਡਿਆਉਂਦੀਆਂ ਅਨੇਕਾਂ ਫ਼ਿਲਮਾਂ ਬਣਾਈਆਂ ਹਨ। 'ਬਲੈਕ ਫਰਾਈਡੇ, ਅ ਵੈਡਨਸਡੇ, ਗ਼ਦਰ, ਸਰਫ਼ਰੋਸ਼ ਅਤੇ ਰੈਡ ਅਲਰਟ ਜਿਹੀਆਂ ਫ਼ਿਲਮਾਂ ਇਸ ਰੁਝਾਨ ਦੀਆਂ ਨੁਮਾਇੰਦਾ ਫ਼ਿਲਮਾਂ ਹਨ। ਉੱਪਰ ਦਿੱਤੀਆਂ ਬਹੁਤੀਆਂ ਫ਼ਿਲਮਾਂ ਚਾਲੂ ਫ਼ਿਲਮ ਸਕੂਲ ਦੀ ਵਿਆਕਰਨ ਮੁਤਾਬਕ ਅੱਵਲ ਦਰਜੇ ਦੀਆਂ ਹਨ। ਇਸ ਵਿਆਕਰਨ 'ਚ ਪਟਕਥਾ, ਸੰਵਾਦ ਅਤੇ ਅਦਾਕਾਰੀ ਤੋਂ ਲੈ ਕੇ ਫ਼ਿਲਮ-ਕਲਾ ਦਾ ਹਰ ਪੱਖ ਸ਼ਾਮਿਲ ਹੈ। ਸਵਾਲ ਪੈਦਾ ਹੁੰਦਾ ਹੈ ਕਿ ਚੰਗੀ ਫ਼ਿਲਮ ਕਿਸ ਨੂੰ ਕਿਹਾ ਜਾਵੇ? ਬਿਨਾਂ ਸ਼ੱਕ, ਫ਼ਿਲਮ ਦਾ ਕਲਾਤਮਕ ਪੱਖ ਅਹਿਮ ਹੈ ਪਰ ਸਭ ਤੋਂ ਅਹਿਮ ਵਿਸ਼ਾ ਹੈ। ਉਹ ਵਿਸ਼ਾ ਜੋ ਮਨੁੱਖ ਦੇ ਹੱਕ 'ਚ ਭੁਗਤਦਾ ਹੋਵੇ। ਜੋ ਬੀਤੇ ਸਮਿਆਂ ਦਾ ਜਾਪ ਨਾ ਹੋ ਕੇ ਸਮਕਾਲੀ ਸਰੋਕਾਰਾਂ ਨੂੰ ਮੁਖ਼ਾਤਬ ਹੋਵੇ। ਕਲਾ ਅਤੇ ਪ੍ਰਬੰਧ ਮਨੁੱਖ ਲਈ ਹੈ ਨਾ ਕਿ ਮਨੁੱਖ ਕਲਾ ਅਤੇ ਪ੍ਰਬੰਧ ਲਈ। ਕਿਤੇ ਲੋਕਾਈ ਨੂੰ ਦਿਲ ਅਤੇ ਦਿਮਾਗ ਤੋਂ ਗ਼ੈਰਹਾਜ਼ਰ ਕਰਦੀ ਸੋਚ ਨੂੰ ਚੰਗੀ ਫ਼ਿਲਮ ਦਾ ਪੈਮਾਨਾ ਨਾ ਸਮਝ ਲਿਆ ਜਾਵੇ।