Showing posts with label Costa Gavras. Show all posts
Showing posts with label Costa Gavras. Show all posts

Sunday, 29 September 2013

ਨਾਬਰ: ਮਾਣ ਸੱਚੇ ਇਸ਼ਕ ਦਾ ਹੈ, ਹੁਨਰ ਦਾ ਦਾਅਵਾ ਵੀ

ਦਲਜੀਤ ਅਮੀ

ਕਲਾਕਾਰ ਕਈ ਸਮਿਆਂ, ਥਾਂਵਾਂ, ਵਿਚਾਰਾਂ, ਮੌਕਿਆਂ, ਸ਼ਖ਼ਸ਼ੀਅਤਾਂ ਅਤੇ ਤਜਰਬਿਆਂ ਨੂੰ ਸੰਵਾਦੀ ਮੰਚ ਉੱਤੇ ਲਿਆ ਕੇ ਆਪਣੇ ਸਮਕਾਲੀਆਂ ਦੀ ਬਾਤ ਪਾਉਂਦਾ ਹੈ। ਸਮਕਾਲੀ ਮਸਲਿਆਂ ਅਤੇ ਨਿੱਜੀ ਤ੍ਰਾਸਦੀਆਂ ਦੀਆਂ ਤੰਦਾਂ ਸਮਾਜਿਕ ਰੁਝਾਨ ਵਿੱਚੋਂ ਫੜਦਾ ਹੈ। ਇਸ ਰੁਝਾਨ ਦੀਆਂ ਚਾਲਕ ਸ਼ਕਤੀਆਂ ਦਾ ਖੁਰਾ ਨੱਪਦਾ ਹੈ। ਨਿੱਜੀ ਪੱਧਰ ਦੀਆਂ ਲੜਾਈਆਂ ਵਿੱਚੋਂ ਸਮਾਜਕ ਲੜਾਈ ਦੀ ਲੋੜ ਨੂੰ ਉਜਾਗਰ ਕਰਦਾ ਹੈ। ਜਦੋਂ 'ਨਾਬਰ' ਵਿੱਚ ਬਾਬਾ ਫ਼ਰੀਦ, ਬਾਬਾ ਗੋਬਿੰਦ ਸਿੰਘ ਅਤੇ ਬਾਬੂ ਰਜਬ ਅਲੀ ਦਾ 800 ਸਾਲਾਂ ਦਾ ਤਜਰਬਾ ਕਿਸੇ ਪਿਓ ਦੀ ਅੰਦਰ ਦੀ ਥਾਹ ਪਾਉਣ ਦਾ ਸਬੱਬ ਬਣਦਾ ਹੈ ਤਾਂ ਰਾਜੀਵ ਕੁਮਾਰ ਦੀ ਕਲਾਕਾਰੀ ਆਪਣੇ ਜਲੌਅ ਵਿੱਚ ਹੁੰਦੀ ਹੈ। ਪਰਵਾਸ ਦੀ 'ਖ਼ੁਸ਼ਹਾਲੀ' ਦਾ ਇਸ਼ਤਿਹਾਰ ਬਣਿਆ ਗਾਇਕ ਪੇਂਡੂ ਘਰ ਦੀ ਚੂਲ ਹਿਲਾਉਂਦਾ ਹੈ। ਇਕੱਲਾ ਪੁੱਤ ਪਰਦੇਸ ਦੇ ਰਾਹ ਵਿੱਚ ਕਤਲ ਹੁੰਦਾ ਹੈ ਤਾਂ ਦਰਦ ਵਸ ਪਿਓ ਹੀ ਜਾਣਦਾ ਹੈ। ਅੰਦਰ ਖੌਰੂ ਪੈਂਦਾ ਹੈ ਅਤੇ ਇਨਸਾਫ਼ ਦੀ ਲੜਾਈ ਓਪਰੀ ਧਰਤੀ ਉੱਤੇ ਦ੍ਰਿੜਤਾ ਨਾਲ ਲੜੀ ਜਾਣੀ ਹੈ। ਇਸ ਸੁਰਜਣ ਸਿੰਘ ਦੇ ਕਹੇ-ਅਣਕਹੇ ਨੂੰ ਹਰਦੀਪ ਗਿੱਲ ਪਰਦੇ ਉੱਤੇ ਸਹਿਜਤਾ ਨਾਲ ਉਤਾਰ ਦਿੰਦਾ ਹੈ। ਇਕੱਲੇ ਪੁੱਤ ਦੀ ਅਣਮਨੇ ਮਨ ਨਾਲ ਹਮਾਇਤ ਕਰਕੇ ਉਸ ਨੂੰ ਵਿਦੇਸ਼ ਤੋਰਨ ਵਾਲੀ ਮਾਂ ਉਸ ਦੇ ਵਿਆਹ ਦੀ ਉਡੀਕ ਵਿੱਚ ਸ਼ਗਨਾਂ ਦੇ ਗੀਤ ਗਾਉਂਦੀ ਹੈ। ਜਦੋਂ ਪੁੱਤ ਦੀਆਂ ਅਸਥੀਆਂ ਘਰ ਪੁੱਜਦੀਆਂ ਹਨ ਤਾਂ ਮਾਂ ਦਾ ਸੁਫ਼ਨਾ ਟੁੱਟਦਾ ਹੈ ਅਤੇ ਉਸ ਨੂੰ ਘੁਮੇਰ ਆਉਂਦੀ ਹੈ। ਉਹ ਹੋਣੀ ਤੋਂ ਮੁਨਕਰ ਹੋ ਜਾਂਦੀ ਹੈ ਅਤੇ ਬੇਸੁਧੀ ਵਿੱਚ ਆਪਣੇ-ਆਪ ਨਾਲ ਗੱਲ ਕਰਦੀ ਹੋਈ ਤ੍ਰਾਸਦੀ ਨੂੰ ਉਘਾੜਦੀ ਹੈ। ਹਰਵਿੰਦਰ ਕੌਰ ਬਬਲੀ ਨੇ ਸ਼ਿੰਦਰ ਕੌਰ ਦੇ ਇਸ ਕਿਰਦਾਰ ਨੂੰ ਆਪਣੇ ਕਲਬੂਤ ਨਾਲ ਇੱਕ-ਮਿੱਕ ਕਰ ਦਿੱਤਾ ਹੈ।

ਪੁੱਤ ਦੀਆਂ ਅਸਥੀਆਂ ਦੁਆਲੇ ਅੱਡ-ਅੱਡ ਪਾਸੇ ਮੂੰਹ ਕਰੀਂ ਖੜੇ ਮਾਪਿਆਂ ਦੇ ਦੁਆਲੇ ਕੈਮਰਾ ਘੁੰਮਦਾ ਹੈ। ਮਾਪਿਆਂ ਨੂੰ ਘੁਮੇਰ ਆਉਂਦੀ ਹੈ। 'ਨਾਬਰ' ਇਸੇ ਘੁਮੇਰ ਨੂੰ ਉਲਟਾ ਚੱਕਰ ਦੇਣ ਦੀ ਕਹਾਣੀ ਹੈ ਜੋ ਪੰਜਾਬੀ ਬੰਦੇ ਦੇ ਪਿੰਡੇ ਉੱਤੇ ਖੇਡੀ ਜਾ ਰਹੀ ਹੈ। ਮਾਂ ਹੋਣੀ ਤੋਂ ਮੁਨਕਰ ਹੋਕੇ ਪੁੱਤ ਦੀ ਉਡੀਕ ਕਰਦੀ ਹੈ ਅਤੇ ਪਿਓ ਡਾਢਿਆਂ ਦੇ ਤੰਦੂਆ-ਜਾਲ ਨੂੰ ਚਾਕ ਕਰਨ ਦਾ ਫ਼ੈਸਲਾ ਕਰਦਾ ਹੈ। ਇਸ ਤੋਂ ਬਾਅਦ ਵਿਛੋੜੇ ਦੇ ਦਰਦ ਅਤੇ ਇਨਸਾਫ਼ ਦੀ ਲੋੜ ਵਿੱਚੋਂ ਬਾਹਰਮੁਖੀ ਅਤੇ ਅੰਦਰਮੁਖੀ ਲੜਾਈ ਸ਼ੁਰੂ ਹੁੰਦੀ ਹੈ। ਪਿਓ ਬਾਹਰਮੁਖੀ ਅਤੇ ਮਾਂ ਅੰਦਰਮੁਖੀ ਲੜਾਈ ਦੀ ਨੁਮਾਇੰਦਗੀ ਕਰਦੇ ਹਨ ਪਰ ਇਸ ਲੜਾਈ ਵਿੱਚ ਨਿਖੇੜਾ ਕਰਨਾ ਮੁਸ਼ਕਲ ਹੈ। ਰਿਸ਼ਤੇਦਾਰਾਂ ਦੀਆਂ ਮਤਲਬਖ਼ੋਰੀਆਂ ਰਾਹੀਂ ਮਾਂ ਬਾਹਰਮੁਖੀ ਲੜਾਈ ਨਾਲ ਦੋਚਾਰ ਹੁੰਦੀ ਹੈ ਅਤੇ ਪਿਓ ਵਿਕਦੀ ਜ਼ਮੀਨ ਦੇ ਨਾਲ-ਨਾਲ ਪੁੱਤ ਦੇ ਯਾਰਾਂ ਰਾਹੀਂ ਆਪਣੇ-ਆਪ ਦੀ ਥਾਹ ਪਾਉਂਦਾ ਹੈ। 

ਫ਼ਿਲਮ ਦੇ ਇਤਿਹਾਸ ਵਿੱਚ ਬਹੁਤ ਸਾਰੀਆਂ ਫ਼ਿਲਮਾਂ ਪਿਓ-ਪੁੱਤ ਦੇ ਰਿਸ਼ਤੇ ਦੁਆਲੇ ਬੁਣੀਆਂ ਗਈਆਂ ਹਨ। ਦੂਜੀ ਜੰਗ ਤੋਂ ਬਾਅਦ ਦੇ ਮੰਦੇ ਦੀ ਤ੍ਰਾਸਦੀ 'ਬਾਈਸਿਕਲ ਥੀਵ' (ਸਾਈਕਲ ਚੋਰ) ਇਸੇ ਰਿਸ਼ਤੇ ਰਾਹੀਂ ਪਰਦਾਪੇਸ਼ ਹੋਈ। ਇਸ ਰਿਸ਼ਤੇ ਦੁਆਲੇ ਇਰਾਨੀ ਫ਼ਿਲਮਸਾਜ਼ ਮਖ਼ਮਲਵਾਫ਼ ਬਾਅਦ ਵਿੱਚ 'ਸਾਈਕਲ' ਬਣਾਉਂਦਾ ਹੈ ਜੋ ਅਫ਼ਗ਼ਾਨੀ ਪਨਾਹਗੀਰਾਂ ਦੀ ਇਰਾਨ ਵਿੱਚ ਹੋਣੀ ਬਿਆਨ ਕਰਦੀ ਹੈ। ਇਰਾਨ ਦਾ ਮਾਜਿਦ ਮਜੀਦੀ ਇਸੇ ਰਿਸ਼ਤੇ ਦੀਆਂ ਪਰਤਾਂ ਆਪਣੀ ਹਰ ਫ਼ਿਲਮ ਵਿੱਚ ਫਰੋਲਦਾ ਹੈ। ਇਸੇ ਰਿਸ਼ਤੇ ਦੁਆਲੇ ਜੰਗਾਂ ਦੀਆਂ ਮਾਰਮਿਕ ਕਹਾਣੀਆਂ ਬੁਣੀਆਂ ਗਈਆਂ ਹਨ। ਕੌਸਟਾ ਗਾਵਰਿਸ ਦੀ 'ਦ ਮਿਸਿੰਗ,' ਅਤੇ ਰੌਬਰਟ ਬੈਨਗਿਨੀ ਦੀ 'ਲਾਈਫ਼ ਇਜ਼ ਬਿਉਟੀਫੁੱਲ' ਦੋ ਮਸ਼ਹੂਰ ਫ਼ਿਲਮਾਂ ਹਨ। ਮਾਰੇ ਗਏ ਪੁੱਤਾਂ ਨੂੰ ਲੱਬਦੀਆਂ ਮਾਂਵਾਂ ਦੀਆਂ ਦੋ ਫ਼ਿਲਮਾਂ ਦਾ ਜ਼ਿਕਰ ਕਰਨਾ ਬਣਦਾ ਹੈ; ਬ੍ਰਾਜ਼ੀਲੀ ਫ਼ਿਲਮ 'ਜ਼ੁਜ਼ੂ ਏਂਜਲ' ਅਤੇ ਬੰਗਾਲੀ ਫ਼ਿਲਮ 'ਹਜ਼ਾਰ ਚੁਰਾਸੀ ਕੀ ਮਾਂ' ਵਿੱਚ ਬੋਲੀ ਅਤੇ ਸਮੇਂ-ਸਥਾਨ ਤੋਂ ਬਿਨਾਂ ਕੁਝ ਵੀ ਵੱਖ ਨਹੀਂ ਲੱਗਦਾ। 'ਨਾਬਰ' ਇਸੇ ਕੜੀ ਦੀ ਫ਼ਿਲਮ ਹੈ। 


ਪਿਓ-ਪੁੱਤ ਦਾ ਰਿਸ਼ਤਾ ਅਣਕਹੇ ਮੋਹ ਅਤੇ ਨਿੱਤ ਦੇ ਟਕਰਾਅ ਰਾਹੀਂ ਜੀਵਿਆ ਜਾਂਦਾ ਹੈ। ਹਾਜ਼ਰੀ ਦਾ ਪੱਥਰ ਗ਼ੈਰ-ਹਾਜ਼ਰੀ ਵਿੱਚ ਪਿਘਲਦਾ ਹੈ ਤਾਂ ਧੀਰਜ ਸਿਫ਼ ਸਮਾਂ ਹੀ ਧਰਾਉਂਦਾ ਹੈ। ਸਿਆਣਪ ਕੰਮ ਨਹੀਂ ਆਉਂਦੀ। ਸੁਰਜਣ ਸਿੰਘ ਦਾ ਪੁੱਤ ਕਰਮਾ ਵਿਦੇਸ਼ ਜਾਣ ਦੀ ਅੜੀ ਪੁਗਾ ਗਿਆ ਅਤੇ ਪਿਓ ਉਸੇ ਦੇ ਕਾਤਲਾਂ ਦੀ ਭਾਲ ਵਿੱਚੋਂ ਧਰਵਾਸ ਧਰਦਾ ਹੈ। ਮੁੰਬਈ ਵਿੱਚ ਕਰਮਾ ਆਪਣੇ ਯਾਰਾਂ ਨਾਲ ਬਾਪੂ ਦੀਆਂ ਗੱਲਾਂ ਕਰਦਾ ਹੈ। ਕਦੇ ਬਿਆਨ ਨਾ ਕੀਤੀਆਂ ਗੱਲਾਂ ਪੁੱਤ ਦੇ ਯਾਰ ਤੋਂ ਸੁਣ ਕੇ ਸੁਰਜਣ ਸਿੰਘ ਦਾ ਮੋਹ ਉਛਾਲੇ ਖਾਂਦਾ ਹੈ। ਕਰਮੇ ਦਾ ਯਾਰ ਆਪਣੇ ਪਿਓ ਨੂੰ ਹਿਰਖ ਨਾਲ ਛੱਡ ਆਇਆ ਹੈ ਅਤੇ ਹੁਣ ਉਸ ਤੋਂ ਹਿਰਖ ਅਤੇ ਮੋਹ ਵਿਚਲਾ ਨਿਖੇੜਾ ਨਹੀਂ ਕੀਤਾ ਜਾਂਦਾ। ਇਸ ਮੁਲਾਕਾਤ ਵਿੱਚ ਪਿਓ-ਪੁੱਤ ਦੇ ਮੋਹ ਦੀ ਬਾਤ ਹੱਡ-ਬੀਤੀ ਤੋਂ ਜੱਗ-ਬੀਤੀ ਤੱਕ ਦਾ ਸਫ਼ਰ ਤੈਅ ਕਰਦੀ ਹੈ। 

'ਨਾਬਰ' ਵਿੱਚੋਂ ਹਦਾਇਤਕਾਰ ਰਾਜੀਵ ਦੀ ਸ਼ਖ਼ਸ਼ੀਅਤ ਦਾ ਹਰ ਪੱਖ ਝਲਕਦਾ ਹੈ। ਹਰਦੀਪ ਨੇ ਪਰਦੇ ਉੱਤੇ ਪੀੜ ਨਾਲ ਲਵਰੇਜ਼ ਦ੍ਰਿੜਤਾ ਜਿਉਂਦੀ ਕਰ ਦਿੱਤੀ ਅਤੇ ਹਰਵਿੰਦਰ ਬਬਲੀ ਝੱਲ ਦੀਆਂ ਪਰਤਾਂ ਉਧੇੜ ਕੇ ਹੌਲ ਪਾ ਦਿੰਦੀ ਹੈ। 'ਨਾਬਰ' ਰਾਹੀਂ ਸਾਡੇ ਸਮਿਆਂ ਦੀ ਵਿਵੇਕੀ ਸੁਰ ਪਹਿਲੀ ਵਾਰ ਕਿਸੇ ਪੰਜਾਬੀ ਫ਼ਿਲਮ ਵਿੱਚ ਪਰਦਾਪੇਸ਼ ਹੋਈ ਹੈ। ਰਾਜੀਵ ਦਾ ਬਤੌਰ ਫ਼ਿਲਮਸਾਜ਼ ਦਸਤਾਵੇਜੀ ਫ਼ਿਲਮਾਂ ਦਾ ਬਹੁਤ ਤਜਰਬਾ ਹੈ। ਇਸ ਫ਼ਿਲਮ ਦੇ ਨਿਭਾਅ ਵਿੱਚ ਉਹ ਮੈਕਲੌਡਗੰਜ, ਚਮਕੌਰ ਸਾਹਿਬ, ਮੁੰਬਈ ਅਤੇ ਫਤਿਹਗੜ੍ਹ ਸਾਹਿਬ ਨੂੰ ਆਪਣੇ ਕਿਰਦਾਰਾਂ ਦੇ ਆਲੇ-ਦੁਆਲੇ ਲਪੇਟ ਦਿੰਦਾ ਹੈ। ਭੀੜ ਭਰੀਆਂ ਅਣਜਾਣੀਆਂ ਪਰ ਚੇਤਿਆਂ ਵਿੱਚ ਵਸੀਆਂ ਇਤਿਹਾਸਕ ਸਾਂਝ ਵਾਲੀਆਂ ਥਾਵਾਂ ਉੱਤੇ ਆਸਰਾ ਭਾਲਦਾ ਸੁਰਜਣ ਸਿੰਘ ਜਦੋਂ ਹੱਥੀਂ ਨਲਕਾ ਗੇੜ ਕੇ ਪਾਣੀ ਪੀਂਦਾ ਹੈ ਤਾਂ ਸੰਭਵ ਅਤੇ ਅਸੰਭਵ ਦੀ ਦਮੇਲ ਉੱਤੇ ਮਿਲਦੀਆਂ ਹੱਦਾਂ ਉਸ ਦੇ ਗੇੜ ਵਿੱਚ ਆਉਂਦੀਆਂ ਜਾਪਦੀਆਂ ਹਨ। ਜਦੋਂ ਇਹੋ ਪਿਓ ਖ਼ੌਫ਼ ਅਤੇ ਸੰਸੋਪੰਜ ਵਿੱਚ ਫਸੇ ਯੁੱਧਵੀਰ ਕੋਲ ਪੁੱਜਦਾ ਹੈ ਤਾਂ ਇੱਕ ਹੋਰ ਬਾਪ ਕਿਰਤ ਵਿੱਚ ਰੁਝਿਆ ਕਾਠ ਉੱਤੇ ਸਿੱਧੀਆਂ ਲਕੀਰਾਂ ਵਾਹ ਰਿਹਾ ਹੈ। ਇਹੋ ਲਕੀਰਾਂ ਉਸ ਦੀ ਜ਼ਿੰਦਗੀ ਦਾ ਸਿੱਧਾ-ਸਾਧਾ ਮੰਤਰ ਹਨ ਜੋ ਹੱਕ-ਸੱਚ ਦੀ ਬੋਲੀ ਜਾਣਦੀਆਂ ਹਨ। ਜਦੋਂ ਇਸ ਬਾਪ ਦੀ ਸਾਦਗੀ ਪੁੱਤ ਦੀ ਸੇਧ ਬਣਦੀ ਹੈ ਤਾਂ ਦੂਜੇ ਪਿਓ ਦੀ ਤਾਕਤ ਦੂਣ-ਸਵਾਈ ਹੁੰਦੀ ਹੈ। ਰਾਜੀਵ ਜਾਣਦਾ ਹੈ ਕਿ ਉਸ ਨੇ ਪੰਜਾਬੀ ਦਰਸ਼ਕਾਂ ਨੂੰ ਕੀ ਯਾਦ ਕਰਵਾਉਣਾ ਹੈ। ਨੌਰਾ ਰਿਚਰਡ ਦਾ ਅੰਧਰੇਟਾ ਵਿਚਲਾ ਘਰ, ਗਿਆਨੀ ਦਿੱਤ ਸਿੰਘ ਦੀ ਕਿਤਾਬ 'ਮੇਰਾ ਪਿੰਡ', ਭਗਤ ਸਿੰਘ, ਸ਼ਿਵਾਜੀ, ਭੀਮ ਰਾਓ ਅੰਬੇਦਕਰ ਅਤੇ ਪਾਸ਼ ਦੀ ਕਵਿਤਾ ਸਹਿਜ ਹੀ ਕਹਾਣੀ ਦਾ ਹਿੱਸਾ ਬਣ ਜਾਂਦੇ ਹਨ। 


ਰਾਜੀਵ ਦੀ ਫ਼ਿਲਮ 'ਨਾਬਰ' ਦਾ ਜ਼ਿਆਦਾਤਰ ਘਟਨਾਕ੍ਰਮ ਕੁਵੇਲੇ ਵਾਪਰਦਾ ਹੈ। ਉਸ ਦੀ ਫ਼ਿਲਮ ਵਿੱਚ ਧੁੱਪ ਨਹੀਂ ਹੈ। ਕੁਵੇਲੇ ਦੀ ਇਸ ਕਹਾਣੀ ਦਾ ਬਹੁਤ ਅਹਿਮ ਕਾਂਡ ਸਿਖ਼ਰ ਦੁਪਹਿਰੇ ਨਹਿਰ ਦੇ ਪੁੱਲ ਉੱਤੇ ਵਾਪਰਦਾ ਹੈ। ਪੁੱਲ ਹੇਠੋਂ ਮਣਾਮੂੰਹੀ ਪਾਣੀ ਵਗ ਰਿਹਾ ਹੈ ਅਤੇ ਇਨਸਾਫ਼ ਦੀ ਲੜਾਈ ਲੜ ਰਿਹਾ ਪਿਓ ਅਡੋਲ ਖੜੋਤਾ ਹੈ। ਨੇਕੀ-ਬਦੀ ਦੀ ਮੁਲਾਕਾਤ ਇਸੇ ਪੁੱਲ ਉੱਤੇ ਹੁੰਦੀ ਹੈ। ਪਿਓ ਨੂੰ 'ਵਗਦੀ ਗੰਗਾ ਵਿੱਚ ਹੱਥ ਧੋਣ' ਦੀ ਪੇਸ਼ਕਸ਼ ਹੁੰਦੀ ਹੈ। ਅਮੀਰੀ, ਸਿਆਸੀ ਸਰਪ੍ਰਸਤੀ ਅਤੇ ਗੁੰਡਾ-ਤਾਕਤ ਦੀ ਕਾਰ ਵਿੱਚ ਸਵਾਰ ਲਾਣਾ ਪਿਓ ਨੂੰ ਜਰਕਾਉਣ ਲਈ ਸੁਰ ਉੱਚੀ ਕਰਦਾ ਹੈ। ਖੁੱਸੇ ਪੁੱਤ ਦੀ ਕੀਮਤ ਖੇਤਾਂ ਨਾਲ ਨਹੀਂ ਉਤਾਰੀ ਜਾ ਸਕਦੀ ਭਾਵੇਂ ਖੇਤਾਂ ਦਾ ਖੁੱਸਣਾ ਘੱਟ ਸੋਗ਼ਵਾਰ ਨਹੀਂ ਹੈ। ਕਿਰਤੀ ਦਾ ਮੁੜਕਾ ਅਤੇ ਪਿਓ ਦਾ ਸਮਾਜਕ ਸੂਝ ਦੀ ਸਾਣ ਉੱਤੇ ਚੜ੍ਹਿਆ ਮੋਹ ਸਿਦਕਦਿਲੀ ਨਾਲ ਮਜ਼ਬੂਤ ਜੋਟੀ ਪਾਉਂਦਾ ਹੈ। ਇਨ੍ਹਾਂ ਹਾਲਾਤ ਵਿੱਚ ਵਗਦੇ ਪਾਣੀ ਦੇ ਉਪਰਲੇ ਪੁੱਲ ਉੱਤੋਂ ਪਿਓ ਜਰਵਾਣਿਆਂ ਦੀ ਹਾਠ ਨੂੰ ਚੀਰ ਕੇ ਲੰਘ ਜਾਂਦਾ ਹੈ। ਇਹ ਪਿਓ ਅਦਾਲਤ ਵਿਚਲੀ ਜਿੱਤ ਨੂੰ ਲੜਾਈ ਦਾ ਪਹਿਲਾਂ ਪੜਾਅ ਕਰਾਰ ਦਿੰਦਾ ਹੈ ਅਤੇ ਅਗਲੇ ਪੜਾਅ ਦੀ ਨਿਸ਼ਾਨਦੇਹੀ ਕਰਦਾ ਹੈ। 

ਰਾਜੀਵ ਨੇ ਕੁਵੇਲੇ ਦੀ ਕਹਾਣੀ ਦਿਨ-ਦਿਹਾੜੇ ਪਰਦਾਪੇਸ਼ ਕੀਤੀ ਹੈ। ਉਸ ਨੇ ਇਸ਼ਕ ਅਤੇ ਹੁਨਰ ਦੀ ਦਾਅਵੇਦਾਰੀ ਨਾਲ ਪੰਜਾਬੀ ਫ਼ਿਲਮ ਸਨਅਤ ਦੇ ਸਾਰੇ ਮੰਤਰ ਸਵਾਲਾਂ ਦੇ ਘੇਰੇ ਵਿੱਚ ਲਿਆ ਦਿੱਤੇ ਹਨ। ਮੰਡੀ, ਮੁਨਾਫ਼ੇ, ਹਾਸੇ-ਠੱਠੇ ਅਤੇ ਮਨੋਰੰਜਨ ਦੇ ਕਸੁੱਸਰੇ ਵਿੱਚ ਰਾਜੀਵ ਨੇ ਵਿਵੇਕ ਦਾ ਘਣਸ਼ਾਵਾ ਬੂਟਾ ਲਗਾਇਆ ਹੈ। ਇਹ ਕੁਵੇਲੀਂ ਬਾਤ ਨੂੰ ਵੇਲੇ ਸਿਰ ਸੁਣ ਲੈਣ ਦਾ ਸੱਦਾ ਹੈ। ਕਵੀ ਸ਼ਮਸ਼ੇਰ ਬਹਾਦਰ ਸਿੰਘ ਦੀ ਸਤਰ ਹੈ, "ਮਸਲਾ ਯੇਹ ਨਹੀਂ ਕਿ ਵੋ ਕਿਤਨਾ ਆਗੇ ਜਾ ਪਾਏ, ਮਸਲਾ ਯੇਹ ਹੈ ਕਿ ਜੋ ਮੁੱਦਾ ਉਨਹੋ ਨੇ ਉਠਾਇਆ ਵੋਹ ਕਿਤਨਾ ਕਾਵਿਲੇ-ਗੌਰ ਹੈ।"  ਪੰਜਾਬ ਦੇ ਦਰਦਮੰਦ ਫ਼ਿਲਮਸਾਜ਼ ਦੀ ਸਿਦਕਦਿਲੀ ਨਾਲ ਸਮਕਾਲੀ ਦੌਰ ਦੀ ਬਾਤ ਪਈ ਹੈ ਜੋ ਸੰਗਤ ਨਾਲ ਸੰਜੀਦਾ ਸੰਵਾਦ ਸ਼ੁਰੂ ਕਰਦੀ ਹੈ। 

Saturday, 19 November 2011

ਕੌਸਟਾ ਗਾਵਰਸ ਦੀ ਫ਼ਿਲਮ ਕਲਾ

ਰਾਜੀਵ ਸ਼ਰਮਾ

ਕੁਝ ਸਾਲ ਪਹਿਲਾਂ ਇੱਕ ਅੰਗਰੇਜ਼ੀ ਫ਼ਿਲਮ ਦੇਖ ਕੇ ਅਜਿਹੀ ਖ਼ੁਸ਼ੀ ਮਹਿਸੂਸ ਹੋਈ ਸੀ, ਜਿਹੜੀ ਬੇਗ਼ਾਨੇ ਮੁਲਕ ਵਿੱਚ ਕਿਸੇ ਆਪਣੇ ਨੂੰ ਦੇਖ ਕੇ ਹੁੰਦੀ ਹੈ। ਫ਼ਿਲਮ ਸੀ ਮੈਡਸਿਟੀ। ਇਸ ਦਾ ਮੁੱਖ ਪਾਤਰ, ਸਾਮ, ਅਜਾਇਬਘਰ ਵਿੱਚ ਸੁਰੱਖਿਆ ਮੁਲਾਜ਼ਮ ਹੈ। ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਉਹ ਆਪਣੀ ਮੁਖੀ ਅਤੇ ਅਜਾਇਬਘਰ ਦੇਖਣ ਆਏ ਸਕੂਲ ਦੇ ਬੱਚਿਆਂ ਨੂੰ ਬੰਦੂਕ ਦੀ ਨੋਕ 'ਤੇ ਬੰਦੀ ਬਣਾ ਲੈਂਦਾ ਹੈ। ਉਸ ਦਾ ਮਕਸਦ ਸਿਰਫ਼ ਆਪਣੀ ਪਤਨੀ ਤੇ ਦੋ ਬੱਚਿਆਂ ਵਾਸਤੇ ਨੌਕਰੀ ਦਾ ਤਰਲਾ ਪਾਉਣਾ ਹੈ।

ਇਸੇ ਦੌਰਾਨ ਫੰਡਾਂ ਦੀ ਘਾਟ ਕਾਰਨ ਅਜਾਇਬ ਘਰ ਦੀ ਮਾੜੀ ਹਾਲਤ ਬਾਰੇ ਮੁੱਖ ਅਧਿਕਾਰੀ ਦਾ ਮੁਲਾਕਾਤ ਕਰਨ ਆਇਆ ਟੀ.ਵੀ. ਪੱਤਰਕਾਰ ਮੈਕਸ ਉਸ ਅਜਾਇਬਘਰ ਵਿੱਚ ਹਾਜ਼ਰ ਹੈ। ਸਾਮ ਤੋਂ ਗ਼ਲਤੀ ਨਾਲ ਇੱਕ ਪੁਰਾਣਾ ਸਾਥੀ ਜ਼ਖਮੀ ਹੋ ਜਾਂਦਾ ਹੈ। ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਮੈਕਸ ਆਪਣੀ ਸਹਾਇਕ ਕੁੜੀ ਦੇ ਨਾਲ ਹਾਲਾਤ ਦਾ ਲਾਹਾ ਲੈਣ ਦਾ ਉਪਰਾਲਾ ਕਰਦਾ ਹੈ। ਜੋ ਅੱਜ ਭਾਰਤੀ ਟੀ.ਵੀ. ਪੱਤਰਕਾਰੀ ਵਿੱਚ ਹੋ ਰਿਹਾ ਹੈ, ਇਸ ਫ਼ਿਲਮ ਵਿੱਚ ਦੱਸ ਸਾਲ ਪਹਿਲਾਂ ਦਿਖਾਇਆ ਗਿਆ ਸੀ ਜਿਸ ਵਿੱਚ ਖ਼ਬਰ ਨੂੰ ਕੀ ਦਾ ਕੀ ਬਣਾ ਦਿੱਤਾ ਜਾਂਦਾ ਹੈ।

ਪਿਛਲੇ ਸਾਲ ਇੱਕ ਫ਼ਿਲਮ ਮੇਲੇ ਦੌਰਾਨ ਫ਼ਿਲਮ 'ਦ ਐਕਸ' ਦੇਖਣ ਦਾ ਮੌਕਾ ਮਿਲਿਆ। ਇਸ ਨੂੰ ਦੇਖ ਕੇ ਮੇਰੇ ਲੂੰ ਕੰਢੇ ਖੜ੍ਹੇ ਹੋ ਗਏ। ਇਸ ਫ਼ਿਲਮ ਵਿੱਚ ਫਰਾਂਸ ਵਿੱਚ ਲੀ ਕਾਰਪੋਰੇਟ ਕੰਪਨੀ ਦੇ ਕਰਮਚਾਰੀ ਬਰੂਨੋ ਨੂੰ ਦਿਖਾਇਆ ਗਿਆ ਹੈ। ਉਸ ਦੀ ਨੌਕਰੀ ਘੱਟ ਪੈਸੇ ਵਿੱਚ ਕੰਮ ਕਰਨ ਲਈ ਤਿਆਰ ਰੋਮਾਨੀਅਮ ਨੂੰ ਦੇ ਦਿੱਤੀ ਜਾਂਦੀ ਹੈ। ਨੌਕਰੀ ਜਾਣ ਤੋਂ ਦੋ ਸਾਲ ਬਾਅਦ ਤੱਕ ਤਾਂ ਉਹ ਆਪਣੇ ਖਰਚੇ ਘੱਟ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਕੋਈ ਗੱਲ ਨਹੀਂ ਬਣਦੀ ਤਾਂ ਉਹ ਹਾਲਤ ਨਾਲ ਨਜਿੱਠਣ ਲਈ ਨਵੀਂ ਤਰਕੀਬ ਬਣਾਉਂਦਾ ਹੈ। ਉਹ ਆਪਣੇ ਵਰਗੀ ਵਿਦਿਅਕ ਯੋਗਤਾ ਰੱਖਣ ਵਾਲਿਆਂ ਨੂੰ ਇੱਕ-ਇੱਕ ਕਰਕੇ ਮਾਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਕਿ ਨੌਕਰੀ ਲਈ ਕੋਈ ਮੁਕਾਬਲਾ ਨਾ ਰਹੇ। ਪਿਛਲੇ ਕੁਝ ਸਮੇਂ ਦੌਰਾਨ ਭਾਰਤ ਵਿੱਚ ਵੀ ਅਜਿਹੀਆਂ ਘਟਨਾਵਾਂ ਹੋਈਆਂ ਹਨ, ਜਿਨ੍ਹਾਂ ਵਿੱਚ ਨੌਕਰੀ ਤੋਂ ਕੱਢੇ ਗਏ ਕਰਮਚਾਰੀਆਂ ਨੇ ਅਧਿਕਾਰੀਆਂ ਨੂੰ ਜਾਨੋਂ ਮਾਰਿਆ ਹੈ।eਨ੍ਹਾਂ ਘਟਨਾਵਾਂ ਨੂੰ ਭਾਵੇਂ ਜਾਇਜ਼ ਨਹੀਂ ਕਿਹਾ ਜਾ ਸਕਦਾ ਪਰ ਆਲਮੀ ਅਰਥਚਾਰੇ ਵਿੱਚ ਕੀ ਗ਼ਲਤ ਹੈ, ਇਸ ਬਾਰੇ ਸੋਚਿਆ ਜ਼ਰੂਰ ਜਾ ਸਕਦਾ ਹੈ।

ਕੁਝ ਮਹੀਨੇ ਪਹਿਲਾਂ ਮੈਂ ਇੱਕ ਹੋਰ ਫ਼ਿਲਮ ਦੇਖੀ 'ਮਿਸਿੰਗ' ਜੋ ਕੌਸਟਾ ਗਾਵਰਸ ਨੇ 1982 ਵਿੱਚ ਬਣਾਈ ਸੀ। ਇਸ ਦੀ ਕਹਾਣੀ 1973 ਵਿੱਚ ਚਿੱਲੀ ਵਿੱਚ ਵਾਪਰਦੀ ਹੈ। ਇਸ ਵਿੱਚ ਲੋਕ ਪੱਖੀ ਅਮਰੀਕੀ ਪੱਤਰਕਾਰ ਚਾਰਲਸ ਹੋਰਮਨ ਚਿੱਲੀ ਵਿੱਚ ਆਪਣੀ ਪਤਨੀ ਨਾਲ ਇਸ ਗੱਲ ਦੇ ਸਬੂਤ ਲੱਭ ਰਿਹਾ ਹੈ ਕਿ ਚਿੱਲੀ ਵਿੱਚ ਖੱਬੇ ਪੱਖੀ ਹਕੂਮਤ ਦਾ ਰਾਜ ਪਲਟਾ ਕਰਵਾ ਕੇ ਅਮਰੀਕਾ ਨੇ ਆਪਣੀ ਪਸੰਦ ਦਾ ਤਾਨਾਸ਼ਾਹ ਰਾਸ਼ਟਰਪਤੀ ਬਣਵਾਇਆ ਹੈ ਤਾਂ ਕਿ ਉਸ ਦੀਆਂ ਕੰਪਨੀਆਂ ਆਪਣੇ ਢੰਗ ਨਾਲ ਕੰਮ ਕਰ ਸਕਣ। ਅਮਰੀਕਾ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ। ਇੱਕ ਦਿਨ ਚਾਰਲਸ ਹੋਰਮਨ ਗਾਇਬ ਹੋ ਜਾਂਦਾ ਹੈ। ਉਸ ਦੀ ਪਤਨੀ ਜਦੋਂ ਉਸ ਨੂੰ ਲੱਭਣ ਵਿੱਚ ਨਾਕਾਮ ਹੋਕੇ ਹੋਰਮਨ ਦੇ ਪਿਤਾ ਐਦ ਹੋਰਮਨ ਨੂੰ ਸੁਨੇਹਾ ਭੇਜਦੀ ਹੈ ਜੋ ਖਾਂਦਾ-ਪੀਂਦਾ ਅਮਰੀਕੀ ਹੈ।

ਐਦ ਹੋਰਮਨ ਆਪਣੇ ਮੁੰਡੇ ਦੇ ਕੰਮ ਤੋਂ ਬਹੁਤਾ ਖ਼ੁਸ਼ ਨਹੀਂ ਹੈ। ਉਸ ਨੂੰ ਲੱਗਦਾ ਹੈ ਕਿ ਚਾਰਲਸ ਨੂੰ ਇਸ ਪੰਗੇ ਵਿੱਚ ਪੈਣ ਦੀ ਕੀ ਲੋੜ ਸੀ। ਅਮਰੀਕੀ ਸਰਕਾਰ 'ਤੇ ਉਸ ਨੂੰ ਪੂਰਾ ਭਰੋਸਾ ਹੈ। ਜਦੋਂ ਉਹ ਆਪਣੀ ਨੂੰਹ ਨਾਲ ਚਿੱਲੀ ਵਿੱਚ ਆਪਣੇ ਮੁੰਡੇ ਦੀ ਖੋਜ ਸ਼ੁਰੂ ਕਰਦਾ ਹੈ ਤਾਂ ਨਾ ਤਾਂ ਚਿੱਲੀ ਦੀ ਮੌਜੂਦਾ ਸਰਕਾਰ ਦੇ ਅਧਿਕਾਰੀ ਤੇ ਨਾ ਹੀ ਅਮਰੀਕੀ ਦੂਤਾਵਾਸ ਉਸ ਨੂੰ ਕੋਈ ਪੱਲਾ ਫੜਾਉਂਦੇ ਹਨ। ਹੌਲੀ-ਹੌਲੀ ਉਸ ਨੂੰ ਪਤਾ ਲੱਗਦਾ ਹੈ ਕਿ ਚਿੱਲੀ ਵਿੱਚ ਜੋ ਵੀ ਹੋ ਰਿਹਾ ਹੈ, ਉਹ ਅਮਰੀਕੀ ਸਰਕਾਰ ਦਾ ਕੰਮ ਹੈ ਜਿਸ ਉੱਤੇ ਉਸ ਵਰਗੇ ਕਰੋੜਾਂ ਅਮਰੀਕੀ ਯਕੀਨ ਕਰਦੇ ਹਨ। ਇਸੇ ਦੌਰਾਨ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਚਾਰਲਸ ਦਾ ਵੀ ਬਾਕੀ ਦੇ ਖੱਬੇ ਪੱਖੀ ਲੋਕਾਂ ਵਾਂਗ ਚਿੱਲੀ ਦੇ ਸਰਕਾਰੀ ਮੁਲਾਜ਼ਮਾਂ ਹੱਥੋਂ ਕਤਲ ਹੋ ਚੁੱਕਿਆ ਹੈ।

ਫ਼ਿਲਮ ਦੀ ਪ੍ਰਾਪਤੀ ਐਦ ਹੋਰਮਨ ਨਾਂ ਦੇ ਪਾਤਰ ਦੀ ਚੇਤਨਾ ਹੈ। ਉਸ ਨੂੰ ਆਪਣੇ ਮੁੰਡੇ ਦੇ ਕੰਮ ਦੀ ਅਹਿਮੀਅਤ ਦਾ ਅਹਿਸਾਸ ਹੁੰਦਾ ਹੈ। ਇਹ ਫ਼ਿਲਮ ਵੀਕਲ ਥੌਮਸ ਹਾਊਸ ਦੀ ਕਿਤਾਬ 'ਤੇ ਆਧਾਰਿਤ ਹੈ। ਇਸ ਕਿਤਾਬ ਵਿਰੁੱਧ ਇੱਕ ਅਮਰੀਕੀ ਰਾਜਦੂਤ ਨੇ ਕੇਸ ਵੀ ਕੀਤਾ ਸੀ ਕਿ ਇਸ ਵਿੱਚ ਉਸ ਨੂੰ ਬਦਨਾਮ ਕੀਤਾ ਗਿਆ ਹੈ। ਲੋਕਾਂ ਨੇ ਇਸ ਫ਼ਿਲਮ ਨੂੰ ਹੁੰਗਾਰਾ ਦਿੱਤਾ ਤੇ ਇਸ ਨੂੰ ਬਿਹਤਰੀਨ ਪਟਕਥਾ ਲਈ ਆਸਕਰ ਐਵਾਰਡ ਮਿਲਿਆ।

ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਮੇਰੀ ਕੌਸਟਾ ਗਾਵਰਸ ਬਾਰੇ ਜਾਣਨ ਦੀ ਇੱਛਾ ਬਹੁਤ ਤੀਬਰ ਹੋ ਗਈ। ਪਤਾ ਲੱਗਿਆ ਕਿ ਕੌਸਟਾ
ਗਾਵਰਸ ਦਾ ਜਨਮ 13 ਫਰਵਰੀ 1933 ਨੂੰ ਯੂਨਾਨ ਦੇ ਛੋਟੇ ਜਿਹੇ ਪਿੰਡ ਲੌਟਰਾ ਇਰਾਇਸ ਅਕਾਡੀਆ ਵਿੱਚ ਹੋਇਆ। ਉਸ ਦੇ ਪਿਤਾ ਦੂਜੀ ਆਲਮੀ ਜੰਗ ਦੌਰਾਨ ਯੂਨਾਨ ਦੀ ਖੱਬੇ ਪੱਖੀ ਲਹਿਰ ਵਿੱਚ ਸ਼ਾਮਲ ਸਨ। ਇਸ ਕਰਕੇ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ। ਇਸ ਤਰ੍ਹਾਂ ਕੌਸਟਾ ਗਾਵਰਸ ਨੇ ਸਿਆਸਤ ਦਾ ਪਹਿਲਾ ਪਾਠ ਆਪਣੇ ਪਿਤਾ ਦੇ ਗੋਦੀ ਵਿੱਚ ਬੈਠ ਕੇ ਸਿੱਖਿਆ। ਉਸ ਦੀ ਮਾਂ ਹਮੇਸ਼ਾ ਚਾਹੁੰਦੀ ਸੀ ਕਿ ਉਹ ਸਿਆਸਤ ਤੋਂ ਦੂਰ ਰਹੇ ਤਾਂ ਕਿ ਉਸ ਨੂੰ ਮੁਸੀਬਤਾਂ ਨਾ ਝੱਲਣੀਆਂ ਪੈਣ। ਸੰਨ 1951 ਵਿੱਚ ਉਹ ਯੂਨਾਨ ਤੋਂ ਕਾਨੂੰਨ ਦੀ ਪੜ੍ਹਾਈ ਕਰਨ ਲਈ ਫਰਾਂਸ ਚਲਿਆ ਗਿਆ ਤੇ 1956 ਵਿੱਚ ਉਸ ਨੇ ਫਰਾਂਸ ਦੇ ਫਰੈਂਚ ਨੈਸ਼ਨਲ ਫ਼ਿਲਮ ਸਕੂਲ ਵਿੱਚ ਦਾਖ਼ਲਾ ਲੈ ਲਿਆ।

ਸੰਨ 1969 ਵਿੱਚ ਬਣਾਈ ਗਈ ਜ਼ੈਡ (2) ਉਹ ਫ਼ਿਲਮ ਸੀ ਜਿਸ ਨੇ ਉਸ ਨੂੰ ਸਿਆਣੇ ਨਿਰਦੇਸ਼ਕ ਦੇ ਤੌਰ 'ਤੇ ਸਥਾਪਤ ਕੀਤਾ। ਇਸ ਫ਼ਿਲਮ ਵਿੱਚ ਜੱਜ ਯੂਨਾਨ ਵਿੱਚ ਖੱਬੇ ਪੱਖੀ ਆਗੂ ਦੇ ਕਤਲ ਦੀ ਜਾਂਚ ਕਰਦਾ ਹੈ। ਸਰਕਾਰ ਤੇ ਫ਼ੌਜੀ ਅਧਿਕਾਰੀ ਇਸ ਕਤਲ 'ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਉਨ੍ਹਾਂ ਦੀ ਇਸ ਕਤਲ ਵਿੱਚ ਭੂਮਿਕਾ ਜੱਗ ਜ਼ਾਹਿਰ ਨਾ ਹੋ ਜਾਵੇ। ਇਹ ਫ਼ਿਲਮ 1963 ਵਿੱਚ ਕਤਲ ਹੋਏ ਯੂਨਾਨੀ ਨੇਤਾ ਗਿਰੀ ਗੋਰਿਸ ਲਮਵਾਰਕਿਸ ਦੀ ਮੌਤ ਤੋਂ ਬਾਅਦ ਹੋਈਆਂ ਘਟਨਾਵਾਂ 'ਤੇ ਆਧਾਰਿਤ ਸੀ। ਇਸ ਫ਼ਿਲਮ ਨੂੰ ਬਿਹਤਰੀਨ ਵਿਦੇਸ਼ੀ ਬੋਲੀ ਵਾਲੀ ਫ਼ਿਲਮ ਦਾ ਆਸਕਰ ਮਿਲਿਆ।

ਯੂਨਾਨ ਦੇ ਮੁੱਖ ਸ਼ਹਿਰ ਏਥਨਜ਼ ਵਿੱਚ ਲੀ ਆਪਣੀ ਰਿਹਾਇਸ਼ ਦੌਰਾਨ ਬਾਕੀ ਨੌਜਵਾਨਾਂ ਦੀ ਤਰ੍ਹਾਂ ਕੌਸਟਾ ਗਾਵਰਸ ਵੀ ਰੁਮਾਂਚਕਾਰੀ ਅਮਰੀਕੀ ਫ਼ਿਲਮਾਂ ਦਾ ਦੀਵਾਨਾ ਸੀ। ਇਰੱਕ ਵੋਨ ਸਤਰੋਹੀਮਸ ਦੀ 1924 ਵਿੱਚ ਬਣਾਈ ਗਈ ਫ਼ਿਲਮ ਗਰੀਡ ਨੇ ਉਸ ਦਾ ਫ਼ਿਲਮਾਂ ਪ੍ਰਤੀ ਰਵੱਈਆ ਬਦਲ ਦਿੱਤਾ। ਇਸ ਫ਼ਿਲਮ ਵਿੱਚ ਦਿਖਾਇਆ ਗਿਆ ਸੀ ਕਿ ਦੰਦਾਂ ਦੇ ਡਾਕਟਰ ਦੀ ਪਤਨੀ ਦੀ ਲਾਟਰੀ ਨਿਕਲ ਆਉਂਦੀ ਹੈ ਤੇ ਫਿਰ ਲਾਲਚ ਕਿਸ ਤਰ੍ਹਾਂ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੰਦਾ ਹੈ। ਕੌਸਟਾ ਗਾਵਰਸ ਦਾ ਮੰਨਣਾ ਹੈ ਕਿ ਸਾਰੀਆਂ ਫ਼ਿਲਮਾਂ ਵਿੱਚ ਸਿਆਸਤ ਹੁੰਦੀ ਹੈ। ਇਹ ਕਦੇ ਨਹੀਂ ਹੋ ਸਕਦਾ ਕਿ ਤੁਸੀਂ ਕਿਸੇ ਧਿਰ ਨਾਲ ਵੀ ਨਹੀਂ ਹੋ। ਤੁਸੀਂ ਹਰ ਹਾਲਤ ਵਿੱਚ ਕਿਸੇ ਧਿਰ ਨਾਲ ਜ਼ਰੂਰ ਹੁੰਦੇ ਹੋ। ਕੌਸਟਾ ਗਾਵਰਸ ਨੇ ਆਪਣੀਆਂ ਫ਼ਿਲਮਾਂ ਵਿੱਚ ਸੱਤਾ ਦੀ ਕੁਵਰਤੋਂ ਨੂੰ ਵੰਗਾਰਿਆ ਹੈ। ਉਸ ਦੀਆਂ ਫ਼ਿਲਮਾਂ ਆਮ ਤੌਰ 'ਤੇ ਸੱਚੀਆਂ ਘਟਨਾਵਾਂ ਜਾਂ ਪਾਤਰਾਂ 'ਤੇ ਆਧਾਰਿਤ ਹੁੰਦੀਆਂ ਹਨ।

ਜਿੱਥੇ ਕੌਸਟਾ ਗਾਵਰਸ ਨੇ ਸੱਤਾ ਨੂੰ ਵੰਗਾਰਿਆ ਹੈ, ਉਥੇ ਹੀ ਧਰਮ ਦੀ ਸਾਰਥਕਤਾ ਨੂੰ ਵੀ ਆਪਣੀ ਫ਼ਿਲਮ ਦਾ ਵਿਸ਼ਾ ਬਣਾਇਆ ਹੈ। ਅਮੀਨ ਵਿੱਚ ਉਸ ਨੇ ਦੂਜੀ ਆਲਮੀ ਜੰਗ ਦੌਰਾਨ ਵੈਟੀਕਨ ਦੀ ਭੂਮਿਕਾ 'ਤੇ ਸਵਾਲ ਕੀਤਾ ਹੈ ਕਿ ਕਿਉਂ ਉਸ ਵੇਲੇ ਦੇ ਪੋਪ ਨੇ ਨਾਜ਼ੀ ਕੈਂਪਾਂ ਵਿੱਚ ਯਹੂਦੀਆਂ ਦੀ ਮਾਰੂ ਹਾਲਤ ਬਾਰੇ ਜਾਣੂ ਹੋਣ ਦੇ ਬਾਵਜੂਦ ਕੁਝ ਨਹੀਂ ਕੀਤਾ। ਪੂੰਜੀਵਾਦੀ ਸਰਕਾਰਾਂ ਦੇ ਨਾਲ-ਨਾਲ ਉਸ ਨੇ ਆਪਣੀ ਫ਼ਿਲਮ 'ਦਿ ਕਨਫੈਸ਼ਨ' ਵਿੱਚ ਖੱਬੇ ਪੱਖੀ ਸਰਕਾਰ ਦੀਆਂ ਕਮਜ਼ੋਰੀਆਂ ਨੂੰ ਵੀ ਉਭਾਰਿਆ ਹੈ ਜੋ ਇਕ ਚੈਕਸਲੋਵਾਕੀਆ ਦੇ ਖੱਬੇ ਪੱਖੀ ਨੇਤਾ 'ਤੇ ਝੂਠਾ ਕੇਸ ਚਲਾਉਣ ਸਬੰਧੀ ਹੈ। ਕੌਸਟਾ ਗਾਵਰਸ ਦੀ ਨਵੀਂ ਫ਼ਿਲਮ (ਈਡਨ ਇਨ ਦੀ ਵੈਸਟ) ਉਸ ਦੀਆਂ ਹੁਣ ਤੱਕ ਦੀਆਂ ਫ਼ਿਲਮਾਂ ਤੋਂ ਵੱਖਰੀ ਹੈ। ਇਸ ਵਿੱਚ ਉਸ ਨੇ ਹਲਕੇ ਫੁਲਕੇ ਢੰਗ ਨਾਲ ਗ਼ੈਰ-ਕਾਨੂੰਨੀ ਪਰਵਾਸੀ ਦੀ ਜ਼ਿੰਦਗੀ ਨੂੰ ਦਿਖਾਇਆ ਹੈ। ਉਸ ਦਾ ਹਰ ਪੱਧਰ 'ਤੇ ਸ਼ੋਸ਼ਣ ਹੁੰਦਾ ਹੈ। ਇਸ ਫ਼ਿਲਮ ਬਾਰੇ ਉਸ ਦੇ ਕੱਟੜ ਪ੍ਰਸ਼ੰਸ਼ਕਾਂ ਦਾ ਕਹਿਣਾ ਹੈ ਕਿ ਇਸ ਫ਼ਿਲਮ ਵਿੱਚ ਉਸ ਦੀ ਸੁਰ ਮੱਠੀ ਪੈ ਗਈ ਹੈ। ਜੋ ਵੀ ਹੈ, ਕੌਸਟਾ ਗਾਵਰਸ ਨੇ ਆਲਮੀ ਸਿਨੇਮਾ ਦੇ ਇਤਿਹਾਸ ਵਿੱਚ ਦਲੇਰੀ ਨਾਲ ਆਪਣਾ ਯੋਗਦਾਨ ਪਾਇਆ ਹੈ। ਸਾਨੂੰ ਉਸ ਤੋਂ ਹੋਰ ਵੀ ਚੰਗੀਆਂ ਫ਼ਿਲਮਾਂ ਦੀ ਆਸ ਹੈ।