Showing posts with label Harvinder Kaur Babli. Show all posts
Showing posts with label Harvinder Kaur Babli. Show all posts

Monday, 30 September 2013

ਸਾਡੇ ਸਮਿਆਂ ਵਿੱਚ 'ਨਾਬਰ' ਦਾ ਹੋਣਾ

ਜਤਿੰਦਰ ਮੌਹਰ

ਪੰਜਾਬ ਦਾ ਬਿਹਤਰੀਨ ਅਦਾਕਾਰ ਹਰਦੀਪ ਗਿੱਲ ਪੰਜਾਬ ਦੇ ਪੇਂਡੂ ਬਾਪੂ ਦਾ ਭੂਗੋਲ ਤਨ-ਮਨ 'ਤੇ ਉੱਕਰਦਾ ਹੈ। ਹਰਵਿੰਦਰ ਕੌਰ ਬਬਲੀ ਤਾਂਬੇ ਰੰਗੀ ਅਤੇ ਫ਼ਿਕਰਾਂ ਗ੍ਰਸੀ ਪੰਜਾਬਣ ਨੂੰ ਸਾਕਾਰ ਕਰਦੀ ਹੈ। ਦੋਹਾਂ ਦੀ ਜੋਟੀ ਹੁਨਰਮੰਦ ਹਦਾਇਤਕਾਰ ਰਾਜੀਵ ਕੁਮਾਰ ਨਾਲ ਪੈਂਦੀ ਹੈ ਤਾਂ 'ਨਾਬਰ' ਦਰਦਮੰਦੀ ਦਾ ਮੰਚ ਬਣਦੀ ਹੈ। ਪਾਸ਼ 'ਯੁੱਧ ਅਤੇ ਸ਼ਾਂਤੀ' ਕਵਿਤਾ ਵਿੱਚ ਲੜਨ ਦੀ ਲੋੜ ਦਾ ਅਹਿਸਾਸ ਕਰਾਉਂਦਾ ਹੈ। ਉਹ ਲੜਾਈ ਨੂੰ ਟਾਲਣ ਵਾਲਿਆਂ ਨਾਲ ਸੰਵਾਦ ਰਚਾਉਂਦਾ ਹੈ ਜਿਨ੍ਹਾਂ ਨੇ "ਹੰਭੇ ਹੋਏ ਪਿਉ ਨੂੰ ਅੰਨ੍ਹ ਖਾਣੇ ਬੁੜੇ ਦਾ ਨਾਂ ਦਿੱਤਾ ...ਫ਼ਿਕਰਾਂ ਗ੍ਰਸੀ ਤੀਵੀਂ ਨੂੰ ਚੁੜੇਲ ਦਾ ਸਾਇਆ ਕਿਹਾ।" ਲਾਜ਼ਮੀ-ਲੜਾਈ ਦੀ ਕੋਈ ਤੰਦ 'ਨਾਬਰ' ਨਾਲ ਜੁੜੀ ਹੋਈ ਹੈ। 'ਨਾਬਰ' ਦਾ ਹੰਭਿਆ ਹੋਇਆ ਬੁੜਾ ਚੁੜੇਲ ਦੇ ਸਾਏ ਦੀ ਪੈੜ੍ਹ ਲੱਭਣ ਤੁਰ ਪਿਆ। ਗੱਭਰੂ ਪੁੱਤ ਦੀ ਮੌਤ ਦਾ ਉਹ ਸਾਇਆ ਜੋ ਸਕਿਆਂ ਦੇ ਚੇਹਰਿਆਂ ਉੱਤੇ ਸੀ। ਪੈੜ ਲੱਭਣ ਦਾ ਸਫ਼ਰ ਬਾਪੂ ਨੂੰ ਮੁਨਾਫ਼ੇ ਲਈ ਹਾਬੜੇ ਦਲਾਲਾਂ ਤੋਂ ਹੁੰਦਾ ਹੋਇਆ ਮੌਜੂਦਾ ਸਿਆਸੀ ਨਿਜ਼ਾਮ ਦਾ ਖ਼ਾਸਾ ਸਮਝਾ ਗਿਆ। ਅੰਤ ਵਿੱਚ ਉਹ ਨਿੱਜੀ ਲੜਾਈ ਤੋਂ ਪਾਰ ਸਮੂਹਕ ਲੜਾਈ ਦਾ ਹਿੱਸਾ ਬਣਨ ਦਾ ਇਸ਼ਾਰਾ ਦਿੰਦਾ ਹੈ। ਸੱਤ ਗੰਢਾਂ ਵਾਲੇ ਮਾਰੂ ਨਦੀਨ (ਮੋਥਰੇ) ਨੂੰ ਜੜ੍ਹੋਂ ਪੁੱਟਣ ਲਈ ਬਾਪੂ ਦਾ ਇਕੱਲਾ ਕਿਰਸਾਨੀ ਹੁਨਰ ਕੰਮ ਨਹੀਂ ਆਉਣਾ। ਮਨੁੱਖ ਘਾਤੀ ਨਿਜ਼ਾਮ ਰੂਪੀ ਮੋਥਰੇ ਨੂੰ ਜੜ੍ਹੋਂ ਪੁੱਟਣ ਲਈ ਬੜੇ ਸਖ਼ਤ ਹੱਥਾਂ ਦੀ ਲੋੜ ਹੈ। ਉੱਪਰੋਂ ਮੋਥਰਾ ਵੀ ਮਣਾਂ-ਮੂੰਹੀ ਹੈ ਇਸ ਕਰਕੇ ਹੱਥ ਵੀ ਵਧੇਰੇ ਚਾਹੀਦੇ ਹਨ। ਮਾਂ ਛਿੰਦੋ (ਹਰਵਿੰਦਰ ਕੌਰ ਬਬਲੀ) ਦੀ ਬਦਹਵਾਸੀ ਨੂੰ ਦਰਦਮੰਦ ਕੁੜੀ ਮਨਜੀਤ (ਕਰਮੇ ਦੀ ਹਾਣੀ)) ਦੂਰ ਕਰਦੀ ਹੈ। ਇਸੇ ਨੂੰ ਕਹਿੰਦੇ ਹਨ ਕਿ ਬੰਦਾ ਹੀ ਬੰਦੇ ਦਾ ਦਾਰੂ ਹੁੰਦਾ ਹੈ। ਕਰਮਾ ਬਾਹਰਲੇ ਮੁਲਕ ਭੇਜਣ ਵਾਲੇ ਦਲਾਲਾਂ ਹੱਥੋਂ ਕਤਲ ਹੋਇਆ ਹੈ। ਦਲਾਲਾਂ ਦੀ ਪੁਸ਼ਤ ਪਨਾਹੀ ਸਿਆਸਤਦਾਨ ਕਰਦਾ ਹੈ। ਕਤਲ ਹੋਏ ਗੱਭਰੂ ਵਿੱਚ ਉਸ ਜਵਾਨੀ ਦੀ ਰੂਹ ਹੈ ਜੋ ਆਪਣੇ ਮੁਲਕ ਵਿੱਚ ਕਿਰਤ ਦੀ ਨਿਰਾਦਰੀ ਦੇਖਦੀ ਹੈ। ਉਹ ਬਾਹਰਲੇ ਮੁਲਕਾਂ ਵਿੱਚ ਜਾ ਕੇ ਚੰਗੇ ਭਾਅ ਵਿੱਚ ਕਿਰਤ ਵੇਚਣ ਦਾ ਸੁਪਨਾ ਬੁਣਦੇ ਹਨ। ਫ਼ਿਲਮ ਵਿੱਚ ਪੇਸ਼ ਹੁੰਦਾ ਸਿਆਸੀ ਕਿਰਦਾਰ ਦੋਹਰਾ ਦੋਸ਼ੀ ਬਣਦਾ ਹੈ। ਪਹਿਲਾਂ ਉਹ ਸਾਡੇ ਮੁਲਕ ਵਿੱਚ ਰੁਜ਼ਗਾਰ ਦਾ ਰਾਹ ਬੰਦ ਕਰਦਾ ਹੈ। ਫਿਰ ਉਹ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਪਰਦੇਸੀ ਹੁੰਦੇ ਗੱਭਰੂਆਂ ਦੀ ਹਿਜ਼ਰਤ ਦਾ ਮੁੱਲ ਵੱਟਦਾ ਹੈ। ਸਿਆਸੀ ਚੌਧਰ ਬਰਕਰਾਰ ਰੱਖਣ ਲਈ ਮੁੰਡੇ ਦੇ ਕਤਲ ਦੀ ਕੀਮਤ ਲਾਉਂਦਾ ਹੈ। ਉਹਨੂੰ ਲਾਸ਼ਾਂ ਦੇ ਢੇਰ ਉੱਤੇ ਬੈਠ ਕੇ ਕਤਲ ਹੋਏ ਮੁੰਡਿਆਂ ਨੂੰ ਪੁੱਤ ਆਖਣ ਦਾ ਵਲ ਹੈ। ਸ਼ਾਇਦ ਇਹੀ ਹੁਨਰ ਉਹਨੇ ਸਿੱਖਿਆ ਹੈ ਅਤੇ ਸਮੇਂ ਦੇ ਨਾਲ ਨਿਖ਼ਾਰਿਆ ਵੀ ਹੈ।  ਬੇਸ਼ੱਕ ਉਹ ਮਨੁੱਖ ਖ਼ਿਲਾਫ਼ ਭੁਗਤਦੇ ਪ੍ਰਬੰਧ ਦਾ ਛੋਟਾ ਜਿਹਾ ਹਿੱਸਾ ਹੋਵੇ ਪਰ ਉਹ ਪ੍ਰਬੰਧ ਦਾ ਅਣਥੱਕ ਅਤੇ ਵਫ਼ਾਦਾਰ ਪੁਰਜ਼ਾ ਹੈ। ਉਹਦੀ ਵਫ਼ਾਦਾਰੀ ਸਿਰਫ਼ ਆਪਣੀ ਜਮਾਤ ਨਾਲ ਹੈ। ਚਿੱਟਾ ਕੁੜਤਾ ਪਜਾਮਾ, ਵਾਹੀ-ਸੰਵਾਰੀ ਦਾੜ੍ਹੀ ਅਤੇ ਪੋਚਵੀਂ ਪੱਗ ਬੰਨ੍ਹ ਕੇ ਉਹ 'ਦਾਨਾ' ਬੰਦਾ ਦਿਸਦਾ ਹੈ। ਗੁਰੂ-ਮਹਾਰਾਜ ਦੀ ਹਜ਼ੂਰੀ ਵਿੱਚ ਸੌਹਾਂ ਦੀ ਸਿਆਸਤ ਕਰਦਾ ਹੈ। ਅਜਿਹਾ ਬੰਦਾ ਪੰਜਾਬ ਦਾ ਤਾਨਾਸ਼ਾਹੀ ਅਤੇ ਫ਼ਰੇਬੀ ਕਿਰਦਾਰ ਹੈ। ਅਜਿਹੇ 'ਦਾਨਿਆਂ' ਨੇ ਹੀ ਪੰਜਾਬ ਨੂੰ ਵਾਹਣੀ ਪਾਕੇ ਰੱਖਿਆ ਹੋਇਆ ਹੈ। 

ਫ਼ਿਲਮ ਇਨ੍ਹਾਂ 'ਦਾਨਿਆਂ' ਨੂੰ ਸ਼ਰੇਆਮ ਬੇਪਰਦ ਕਰਕੇ ਪੰਜਾਬ ਦੇ ਦਾਨਿਆਂ ਦੀ ਨਿਸ਼ਾਨਦੇਹੀ ਕਰਦੀ ਹੈ। ਬਾਬਾ ਫਰੀਦ, ਬਾਬਾ ਗੋਬਿੰਦ, ਪਾਸ਼ ਅਤੇ ਬਾਬੂ ਰਜਬ ਅਲੀ ਦੀਆਂ ਰਚਨਾਵਾਂ ਇਸ ਨਿਸ਼ਾਨਦੇਹੀ ਨੂੰ ਪੁਖ਼ਤਾ ਕਰਦੀਆਂ ਹਨ। ਪੰਜਾਬ ਦਾ ਦਾਨਾ ਬੰਦਾ ਪਾਸ਼ ਦੇ ਸ਼ਬਦਾਂ 'ਚ 'ਨਿੱਕ-ਸੁਕ ਸਾਂਭਦਾ ਹਫ਼ਿਆ ਹੋਇਆ ਬੰਦਾ' ਹੈ। ਕਰਮੇ ਦੇ ਮਾਂ-ਪਿਉ ਉਨ੍ਹਾਂ ਜੀਆਂ ਦੀ ਨੁਮਾਇੰਦਗੀ ਕਰਦੇ ਹਨ ਜਿਨ੍ਹਾਂ ਦੇ ਧੀ-ਪੁੱਤ ਹਰ ਰੋਜ਼ ਕਤਲ ਹੁੰਦੇ ਹਨ। ਕਾਰਨ ਸੜਕ ਹਾਦਸਿਆਂ ਤੋਂ ਲੈ ਕੇ ਆਰਥਿਕ ਤੰਗੀ ਤੱਕ ਕੁਝ ਵੀ ਹੋਵੇ। ਹਾਦਸਿਆਂ ਦੀ ਅਮੁੱਕ ਲੜੀ ਰਾਜਤੰਤਰ ਦੇ ਕਰੂਰ ਖ਼ਾਸੇ ਦਾ ਪ੍ਰਗਟਾਵਾ ਹੈ। ਬਾਪੂ ਇਸੇ ਖ਼ਾਸੇ ਦੀ ਥਾਹ ਪਾਉਂਦਾ ਹੈ। ਫ਼ਿਲਮ ਵਿੱਚ ਸੰਘਰਸ਼ ਦੋ ਪੱਧਰ ਉੱਤੇ ਲੜਿਆ ਜਾ ਰਿਹਾ ਹੈ। ਇੱਕ ਇਨਸਾਫ਼ ਦੀ ਲੜਾਈ ਹੈ ਅਤੇ ਦੂਜੇ ਪੱਧਰ ਉੱਤੇ ਪਿੱਛੇ ਰਹਿ ਗਏ ਜੀਆਂ ਦੀ ਮੁੜ-ਬਹਾਲੀ ਦਾ ਸੰਘਰਸ਼ ਹੈ। ਤ੍ਰਾਸਦੀ ਪੈਦਾ ਕਰਨ ਲਈ ਕਸੂਰਵਾਰ ਨਿਜ਼ਾਮ ਅਤੇ ਉਹਦੀ ਢਾਂਚਾਗਤ ਹਿੰਸਾ ਦੇ ਖ਼ਿਲਾਫ਼ ਲੜਾਈ ਕਹਾਣੀ ਦੀ ਅਣਕਹੀ ਤੰਦ ਹੈ। ਸੁਰਜਣ ਸਿੰਘ (ਹਰਦੀਪ ਗਿੱਲ) ਅਤੇ ਕਰਮੇ ਦੇ ਯਾਰ ਇਨਸਾਫ਼ ਲਈ ਲੜ ਰਹੇ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ। ਮਾਂ ਛਿੰਦੋ ਅਤੇ ਮਨਜੀਤ ਹਿੰਸਾ ਦੇ ਝੰਬੇ ਜੀਆਂ ਦੀ ਮੁੜ ਬਹਾਲੀ ਦੇ ਸੰਘਰਸ਼ ਦੇ ਨੁਮਾਇੰਦੇ ਹਨ। ਮਾਂ ਪੁੱਤ ਦੀ ਮੌਤ ਦੇ ਸਦਮੇ 'ਚ ਝੱਲੀ ਹੋ ਜਾਂਦੀ ਹੈ ਪਰ ਮਨਜੀਤ (ਗੀਤਾਂਜਲੀ ਗਿੱਲ) ਆਪਾ ਸਾਂਭਦੀ ਹੋਈ ਮਾਂ ਦੀ ਤਾਕਤ ਬਣਦੀ ਹੈ। ਉਹ ਜਿਉਂਦੇ ਜਾਗਦੇ ਅਤੇ ਜ਼ਿੰਮੇਵਾਰ ਜੀਆਂ ਵਾਂਗ ਨਿਰਮਲ (ਜਤਿੰਦਰ ਸ਼ਰਮਾ) ਨਾਲ ਵਿਆਹ ਕਰਵਾਉਣ ਦਾ ਫ਼ੈਸਲਾ ਲੈਂਦੀ ਹੈ। ਦੋਵੇਂ ਜੀਅ ਮਿਲ ਕੇ ਮਾਂ ਦੀ ਮੁੜ ਬਹਾਲੀ ਦਾ ਸਬੱਬ ਬਣਦੇ ਹਨ। ਹਦਾਇਤਕਾਰ ਦੋਵਾਂ ਸੰਘਰਸ਼ਾਂ ਨੂੰ ਬਰਾਬਰ ਸਿਰਜਦਾ ਹੈ। ਕਹਾਣੀ ਅਤੇ ਦ੍ਰਿਸ਼ਾਂ ਦਾ ਨਿਭਾਅ ਹਦਾਇਤਕਾਰ ਦਾ ਹਾਸਲ ਹੈ ਜੋ ਫ਼ਿਲਮ-ਕਲਾ ਉੱਤੇ ਉਸਦੀ ਹੁਨਰਮੰਦ ਪਕੜ ਦਾ ਸਬੂਤ ਹੈ। ਬਾਈ ਰਾਜੀਵ ਮੁਕਾਮੀ ਥਾਂਵਾਂ ਅਤੇ ਮਾਹੌਲ ਨੂੰ ਬਾਰੀਕੀ ਵਿੱਚ ਫੜਦਾ ਹੈ। ਕਲਾ ਦੀ ਸਿਰਜਣਾ ਵਿੱਚ ਬਾਰੀਕ ਪਰ ਕਲਾਤਮਕ ਛੋਹਾਂ ਹੁੰਦੀਆਂ ਹਨ ਜੋ ਕਿਰਤ ਨੂੰ ਅਮੀਰ ਬਣਾਉਂਦੀਆਂ ਹਨ। ਪੁੱਤ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਗਵਾਹ ਲੱਭਣਾ ਅਹਿਮ ਕਨੂੰਨੀ ਨੁਕਤਾ ਹੈ। ਗਵਾਹ ਲੱਭਣ ਦੀ ਭੱਜ-ਦੌੜ੍ਹ ਸਿਰੇ ਉੱਤੇ ਪਹੁੰਚੀ ਹੋਈ ਹੈ। ਬਾਜ਼ਾਰ ਵਿੱਚ ਘੁੰਮਦੇ ਸੁਰਜਣ ਸਿੰਘ ਨੂੰ ਦੁਕਾਨ ਦਿਖਾਈ ਦਿੰਦੀ ਹੈ ਜਿਹਦੇ ਬਾਹਰ 'ਕਰਮਾ ਹੇਅਰ ਡਰੈਸਰ' ਲਿਖਿਆ ਹੈ। ਅਦਾਕਾਰ ਹਰਦੀਪ ਗਿੱਲ ਦੁਕਾਨ ਵੱਲ ਇੰਝ ਦੇਖਦਾ ਹੈ ਜਿਵੇਂ ਸ਼ੀਸ਼ਿਆਂ ਤੋਂ ਪਾਰ ਉਹਦਾ ਪੁੱਤ ਕਰਮਾ ਬੈਠਾ ਹੋਵੇ। ਕਹਾਣੀ ਦੇ ਜਿਸ ਮੁਕਾਮ ਉੱਤੇ ਕੁਝ ਪਲਾਂ ਦਾ ਇਹ ਦ੍ਰਿਸ਼ ਆਉਂਦਾ ਹੈ। ਉਹ ਦਰਸ਼ਕ ਦੀ ਸੰਵੇਦਨਾ ਨੂੰ ਝੰਜੋੜ ਦਿੰਦਾ ਹੈ। 

ਆਮ ਤੌਰ ਉੱਤੇ ਵਿਸ਼ਾ ਮੁਖੀ ਫ਼ਿਲਮਾਂ ਬਣਾਉਣ ਵਾਲਿਆਂ ਸਿਰ ਦੋਸ਼ ਲਾਇਆ ਜਾਂਦਾ ਹੈ ਕਿ ਉਹ ਰੂਪਕੀ ਜਾਂ ਤਕਨੀਕੀ ਪੱਖ ਵੱਲ ਵਧੇਰੇ ਧਿਆਨ ਨਹੀਂ ਦਿੰਦੇ। ਉਂਝ, ਰੂਪਕੀ ਜਾਂ  ਤਕਨੀਕੀ ਪੱਖ ਨਾਲ ਜੁੜੀਆਂ ਧਾਰਨਾਵਾਂ ਬਹਿਸ ਦਾ ਮੁੱਦਾ ਹਨ। ਫ਼ਿਲਮ-ਕਲਾ ਦੀ ਚਾਲੂ ਵਿਆਕਰਨ ਦੇ ਮੁਤਾਬਕ ਵੀ ਇਹ ਫ਼ਿਲਮ ਅਖਾਉਤੀ ਚੰਗੀ ਤਕਨੀਕੀ ਫ਼ਿਲਮ ਦੇ ਬਰਾਬਰ ਮੜਿੱਕ ਸਕਦੀ ਹੈ। ਫ਼ਿਲਮ ਕਲਾ ਦੀ ਚਾਲੂ ਵਿਆਕਰਨ ਵਿੱਚ ਪਟਕਥਾ, ਅਦਾਕਾਰੀ ਅਤੇ ਤਕਨੀਕੀ ਪੱਖ ਸ਼ਾਮਲ ਹੁੰਦੇ ਹਨ।
ਫ਼ਿਲਮ ਦੇ ਮੁੱਢ ਵਿੱਚ ਆਇਆ ਗੀਤ 'ਸੂਰਮੇ ਪੰਜ ਪਿਸਤੌਲਾਂ ਵਾਲੇ' ਕਹਾਣੀ-ਨਿਭਾਅ ਦੇ ਪ੍ਰਸੰਗ ਵਿੱਚ ਵਾਧੂ ਲੱਗਿਆ। ਜੇ ਇਹ ਗੀਤ ਰੱਖਣਾ ਲਾਜ਼ਮੀ ਸੀ ਤਾਂ ਫ਼ਿਲਮ ਕਾਮਿਆਂ ਦੀ ਨਾਮ-ਸੂਚੀ ਨਾਲ ਪੇਸ਼ ਕੀਤਾ ਜਾ ਸਕਦਾ ਸੀ। ਫ਼ਿਲਮ ਦੀ ਇਸ਼ਤਿਹਾਰਬਾਜ਼ੀ ਵਿੱਚ ਵਰਤੇ ਗਏ ਪੋਸਟਰ ਨੂੰ 'ਦਿਲ ਖਿੱਚਵਾਂ' ਬਣਾਉਣ ਲਈ 'ਨੈਵਰ ਡੇਅਰ ਅ ਫਾਰਮਰ' ਲਿਖਿਆ ਹੈ।  ਇਹਦੇ 'ਚੋਂ 'ਜੱਟ ਨਾਲ ਪੰਗਾ ਨਾ ਲਵੋ' ਦੀ ਬੂਅ ਆਉਂਦੀ ਹੈ। ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਹ ਵਿਚਾਰ ਬਾਈ ਰਾਜੀਵ ਦਾ ਨਹੀਂ ਹੋਵੇਗਾ। ਇਹ ਇਸ਼ਤਿਹਾਰਬਾਜ਼ੀ ਦੀ ਮਸ਼ਕ ਦੌਰਾਨ 'ਹੋਰਾਂ' ਵਲੋਂ ਜੋੜਿਆ ਗਿਆ ਹੋਵੇਗਾ। ਅੰਤ ਵਿੱਚ ਇਹੀ ਕਹਾਂਗਾ ਕਿ ਇਸ ਫ਼ਿਲਮ ਦਾ ਵੱਡੇ ਪੱਧਰ ਉੱਤੇ ਪਰਦਾਪੇਸ਼ ਹੋਣਾ ਚੰਗੇ ਵਿਸ਼ਿਆਂ ਉੱਤੇ ਬਣਨ ਵਾਲੀਆਂ ਘੱਟ ਖਰਚੇ ਦੀਆਂ ਫ਼ਿਲਮਾਂ ਲਈ ਚੰਗਾ ਸੁਨੇਹਾ ਹੈ।

Sunday, 29 September 2013

ਨਾਬਰ: ਮਾਣ ਸੱਚੇ ਇਸ਼ਕ ਦਾ ਹੈ, ਹੁਨਰ ਦਾ ਦਾਅਵਾ ਵੀ

ਦਲਜੀਤ ਅਮੀ

ਕਲਾਕਾਰ ਕਈ ਸਮਿਆਂ, ਥਾਂਵਾਂ, ਵਿਚਾਰਾਂ, ਮੌਕਿਆਂ, ਸ਼ਖ਼ਸ਼ੀਅਤਾਂ ਅਤੇ ਤਜਰਬਿਆਂ ਨੂੰ ਸੰਵਾਦੀ ਮੰਚ ਉੱਤੇ ਲਿਆ ਕੇ ਆਪਣੇ ਸਮਕਾਲੀਆਂ ਦੀ ਬਾਤ ਪਾਉਂਦਾ ਹੈ। ਸਮਕਾਲੀ ਮਸਲਿਆਂ ਅਤੇ ਨਿੱਜੀ ਤ੍ਰਾਸਦੀਆਂ ਦੀਆਂ ਤੰਦਾਂ ਸਮਾਜਿਕ ਰੁਝਾਨ ਵਿੱਚੋਂ ਫੜਦਾ ਹੈ। ਇਸ ਰੁਝਾਨ ਦੀਆਂ ਚਾਲਕ ਸ਼ਕਤੀਆਂ ਦਾ ਖੁਰਾ ਨੱਪਦਾ ਹੈ। ਨਿੱਜੀ ਪੱਧਰ ਦੀਆਂ ਲੜਾਈਆਂ ਵਿੱਚੋਂ ਸਮਾਜਕ ਲੜਾਈ ਦੀ ਲੋੜ ਨੂੰ ਉਜਾਗਰ ਕਰਦਾ ਹੈ। ਜਦੋਂ 'ਨਾਬਰ' ਵਿੱਚ ਬਾਬਾ ਫ਼ਰੀਦ, ਬਾਬਾ ਗੋਬਿੰਦ ਸਿੰਘ ਅਤੇ ਬਾਬੂ ਰਜਬ ਅਲੀ ਦਾ 800 ਸਾਲਾਂ ਦਾ ਤਜਰਬਾ ਕਿਸੇ ਪਿਓ ਦੀ ਅੰਦਰ ਦੀ ਥਾਹ ਪਾਉਣ ਦਾ ਸਬੱਬ ਬਣਦਾ ਹੈ ਤਾਂ ਰਾਜੀਵ ਕੁਮਾਰ ਦੀ ਕਲਾਕਾਰੀ ਆਪਣੇ ਜਲੌਅ ਵਿੱਚ ਹੁੰਦੀ ਹੈ। ਪਰਵਾਸ ਦੀ 'ਖ਼ੁਸ਼ਹਾਲੀ' ਦਾ ਇਸ਼ਤਿਹਾਰ ਬਣਿਆ ਗਾਇਕ ਪੇਂਡੂ ਘਰ ਦੀ ਚੂਲ ਹਿਲਾਉਂਦਾ ਹੈ। ਇਕੱਲਾ ਪੁੱਤ ਪਰਦੇਸ ਦੇ ਰਾਹ ਵਿੱਚ ਕਤਲ ਹੁੰਦਾ ਹੈ ਤਾਂ ਦਰਦ ਵਸ ਪਿਓ ਹੀ ਜਾਣਦਾ ਹੈ। ਅੰਦਰ ਖੌਰੂ ਪੈਂਦਾ ਹੈ ਅਤੇ ਇਨਸਾਫ਼ ਦੀ ਲੜਾਈ ਓਪਰੀ ਧਰਤੀ ਉੱਤੇ ਦ੍ਰਿੜਤਾ ਨਾਲ ਲੜੀ ਜਾਣੀ ਹੈ। ਇਸ ਸੁਰਜਣ ਸਿੰਘ ਦੇ ਕਹੇ-ਅਣਕਹੇ ਨੂੰ ਹਰਦੀਪ ਗਿੱਲ ਪਰਦੇ ਉੱਤੇ ਸਹਿਜਤਾ ਨਾਲ ਉਤਾਰ ਦਿੰਦਾ ਹੈ। ਇਕੱਲੇ ਪੁੱਤ ਦੀ ਅਣਮਨੇ ਮਨ ਨਾਲ ਹਮਾਇਤ ਕਰਕੇ ਉਸ ਨੂੰ ਵਿਦੇਸ਼ ਤੋਰਨ ਵਾਲੀ ਮਾਂ ਉਸ ਦੇ ਵਿਆਹ ਦੀ ਉਡੀਕ ਵਿੱਚ ਸ਼ਗਨਾਂ ਦੇ ਗੀਤ ਗਾਉਂਦੀ ਹੈ। ਜਦੋਂ ਪੁੱਤ ਦੀਆਂ ਅਸਥੀਆਂ ਘਰ ਪੁੱਜਦੀਆਂ ਹਨ ਤਾਂ ਮਾਂ ਦਾ ਸੁਫ਼ਨਾ ਟੁੱਟਦਾ ਹੈ ਅਤੇ ਉਸ ਨੂੰ ਘੁਮੇਰ ਆਉਂਦੀ ਹੈ। ਉਹ ਹੋਣੀ ਤੋਂ ਮੁਨਕਰ ਹੋ ਜਾਂਦੀ ਹੈ ਅਤੇ ਬੇਸੁਧੀ ਵਿੱਚ ਆਪਣੇ-ਆਪ ਨਾਲ ਗੱਲ ਕਰਦੀ ਹੋਈ ਤ੍ਰਾਸਦੀ ਨੂੰ ਉਘਾੜਦੀ ਹੈ। ਹਰਵਿੰਦਰ ਕੌਰ ਬਬਲੀ ਨੇ ਸ਼ਿੰਦਰ ਕੌਰ ਦੇ ਇਸ ਕਿਰਦਾਰ ਨੂੰ ਆਪਣੇ ਕਲਬੂਤ ਨਾਲ ਇੱਕ-ਮਿੱਕ ਕਰ ਦਿੱਤਾ ਹੈ।

ਪੁੱਤ ਦੀਆਂ ਅਸਥੀਆਂ ਦੁਆਲੇ ਅੱਡ-ਅੱਡ ਪਾਸੇ ਮੂੰਹ ਕਰੀਂ ਖੜੇ ਮਾਪਿਆਂ ਦੇ ਦੁਆਲੇ ਕੈਮਰਾ ਘੁੰਮਦਾ ਹੈ। ਮਾਪਿਆਂ ਨੂੰ ਘੁਮੇਰ ਆਉਂਦੀ ਹੈ। 'ਨਾਬਰ' ਇਸੇ ਘੁਮੇਰ ਨੂੰ ਉਲਟਾ ਚੱਕਰ ਦੇਣ ਦੀ ਕਹਾਣੀ ਹੈ ਜੋ ਪੰਜਾਬੀ ਬੰਦੇ ਦੇ ਪਿੰਡੇ ਉੱਤੇ ਖੇਡੀ ਜਾ ਰਹੀ ਹੈ। ਮਾਂ ਹੋਣੀ ਤੋਂ ਮੁਨਕਰ ਹੋਕੇ ਪੁੱਤ ਦੀ ਉਡੀਕ ਕਰਦੀ ਹੈ ਅਤੇ ਪਿਓ ਡਾਢਿਆਂ ਦੇ ਤੰਦੂਆ-ਜਾਲ ਨੂੰ ਚਾਕ ਕਰਨ ਦਾ ਫ਼ੈਸਲਾ ਕਰਦਾ ਹੈ। ਇਸ ਤੋਂ ਬਾਅਦ ਵਿਛੋੜੇ ਦੇ ਦਰਦ ਅਤੇ ਇਨਸਾਫ਼ ਦੀ ਲੋੜ ਵਿੱਚੋਂ ਬਾਹਰਮੁਖੀ ਅਤੇ ਅੰਦਰਮੁਖੀ ਲੜਾਈ ਸ਼ੁਰੂ ਹੁੰਦੀ ਹੈ। ਪਿਓ ਬਾਹਰਮੁਖੀ ਅਤੇ ਮਾਂ ਅੰਦਰਮੁਖੀ ਲੜਾਈ ਦੀ ਨੁਮਾਇੰਦਗੀ ਕਰਦੇ ਹਨ ਪਰ ਇਸ ਲੜਾਈ ਵਿੱਚ ਨਿਖੇੜਾ ਕਰਨਾ ਮੁਸ਼ਕਲ ਹੈ। ਰਿਸ਼ਤੇਦਾਰਾਂ ਦੀਆਂ ਮਤਲਬਖ਼ੋਰੀਆਂ ਰਾਹੀਂ ਮਾਂ ਬਾਹਰਮੁਖੀ ਲੜਾਈ ਨਾਲ ਦੋਚਾਰ ਹੁੰਦੀ ਹੈ ਅਤੇ ਪਿਓ ਵਿਕਦੀ ਜ਼ਮੀਨ ਦੇ ਨਾਲ-ਨਾਲ ਪੁੱਤ ਦੇ ਯਾਰਾਂ ਰਾਹੀਂ ਆਪਣੇ-ਆਪ ਦੀ ਥਾਹ ਪਾਉਂਦਾ ਹੈ। 

ਫ਼ਿਲਮ ਦੇ ਇਤਿਹਾਸ ਵਿੱਚ ਬਹੁਤ ਸਾਰੀਆਂ ਫ਼ਿਲਮਾਂ ਪਿਓ-ਪੁੱਤ ਦੇ ਰਿਸ਼ਤੇ ਦੁਆਲੇ ਬੁਣੀਆਂ ਗਈਆਂ ਹਨ। ਦੂਜੀ ਜੰਗ ਤੋਂ ਬਾਅਦ ਦੇ ਮੰਦੇ ਦੀ ਤ੍ਰਾਸਦੀ 'ਬਾਈਸਿਕਲ ਥੀਵ' (ਸਾਈਕਲ ਚੋਰ) ਇਸੇ ਰਿਸ਼ਤੇ ਰਾਹੀਂ ਪਰਦਾਪੇਸ਼ ਹੋਈ। ਇਸ ਰਿਸ਼ਤੇ ਦੁਆਲੇ ਇਰਾਨੀ ਫ਼ਿਲਮਸਾਜ਼ ਮਖ਼ਮਲਵਾਫ਼ ਬਾਅਦ ਵਿੱਚ 'ਸਾਈਕਲ' ਬਣਾਉਂਦਾ ਹੈ ਜੋ ਅਫ਼ਗ਼ਾਨੀ ਪਨਾਹਗੀਰਾਂ ਦੀ ਇਰਾਨ ਵਿੱਚ ਹੋਣੀ ਬਿਆਨ ਕਰਦੀ ਹੈ। ਇਰਾਨ ਦਾ ਮਾਜਿਦ ਮਜੀਦੀ ਇਸੇ ਰਿਸ਼ਤੇ ਦੀਆਂ ਪਰਤਾਂ ਆਪਣੀ ਹਰ ਫ਼ਿਲਮ ਵਿੱਚ ਫਰੋਲਦਾ ਹੈ। ਇਸੇ ਰਿਸ਼ਤੇ ਦੁਆਲੇ ਜੰਗਾਂ ਦੀਆਂ ਮਾਰਮਿਕ ਕਹਾਣੀਆਂ ਬੁਣੀਆਂ ਗਈਆਂ ਹਨ। ਕੌਸਟਾ ਗਾਵਰਿਸ ਦੀ 'ਦ ਮਿਸਿੰਗ,' ਅਤੇ ਰੌਬਰਟ ਬੈਨਗਿਨੀ ਦੀ 'ਲਾਈਫ਼ ਇਜ਼ ਬਿਉਟੀਫੁੱਲ' ਦੋ ਮਸ਼ਹੂਰ ਫ਼ਿਲਮਾਂ ਹਨ। ਮਾਰੇ ਗਏ ਪੁੱਤਾਂ ਨੂੰ ਲੱਬਦੀਆਂ ਮਾਂਵਾਂ ਦੀਆਂ ਦੋ ਫ਼ਿਲਮਾਂ ਦਾ ਜ਼ਿਕਰ ਕਰਨਾ ਬਣਦਾ ਹੈ; ਬ੍ਰਾਜ਼ੀਲੀ ਫ਼ਿਲਮ 'ਜ਼ੁਜ਼ੂ ਏਂਜਲ' ਅਤੇ ਬੰਗਾਲੀ ਫ਼ਿਲਮ 'ਹਜ਼ਾਰ ਚੁਰਾਸੀ ਕੀ ਮਾਂ' ਵਿੱਚ ਬੋਲੀ ਅਤੇ ਸਮੇਂ-ਸਥਾਨ ਤੋਂ ਬਿਨਾਂ ਕੁਝ ਵੀ ਵੱਖ ਨਹੀਂ ਲੱਗਦਾ। 'ਨਾਬਰ' ਇਸੇ ਕੜੀ ਦੀ ਫ਼ਿਲਮ ਹੈ। 


ਪਿਓ-ਪੁੱਤ ਦਾ ਰਿਸ਼ਤਾ ਅਣਕਹੇ ਮੋਹ ਅਤੇ ਨਿੱਤ ਦੇ ਟਕਰਾਅ ਰਾਹੀਂ ਜੀਵਿਆ ਜਾਂਦਾ ਹੈ। ਹਾਜ਼ਰੀ ਦਾ ਪੱਥਰ ਗ਼ੈਰ-ਹਾਜ਼ਰੀ ਵਿੱਚ ਪਿਘਲਦਾ ਹੈ ਤਾਂ ਧੀਰਜ ਸਿਫ਼ ਸਮਾਂ ਹੀ ਧਰਾਉਂਦਾ ਹੈ। ਸਿਆਣਪ ਕੰਮ ਨਹੀਂ ਆਉਂਦੀ। ਸੁਰਜਣ ਸਿੰਘ ਦਾ ਪੁੱਤ ਕਰਮਾ ਵਿਦੇਸ਼ ਜਾਣ ਦੀ ਅੜੀ ਪੁਗਾ ਗਿਆ ਅਤੇ ਪਿਓ ਉਸੇ ਦੇ ਕਾਤਲਾਂ ਦੀ ਭਾਲ ਵਿੱਚੋਂ ਧਰਵਾਸ ਧਰਦਾ ਹੈ। ਮੁੰਬਈ ਵਿੱਚ ਕਰਮਾ ਆਪਣੇ ਯਾਰਾਂ ਨਾਲ ਬਾਪੂ ਦੀਆਂ ਗੱਲਾਂ ਕਰਦਾ ਹੈ। ਕਦੇ ਬਿਆਨ ਨਾ ਕੀਤੀਆਂ ਗੱਲਾਂ ਪੁੱਤ ਦੇ ਯਾਰ ਤੋਂ ਸੁਣ ਕੇ ਸੁਰਜਣ ਸਿੰਘ ਦਾ ਮੋਹ ਉਛਾਲੇ ਖਾਂਦਾ ਹੈ। ਕਰਮੇ ਦਾ ਯਾਰ ਆਪਣੇ ਪਿਓ ਨੂੰ ਹਿਰਖ ਨਾਲ ਛੱਡ ਆਇਆ ਹੈ ਅਤੇ ਹੁਣ ਉਸ ਤੋਂ ਹਿਰਖ ਅਤੇ ਮੋਹ ਵਿਚਲਾ ਨਿਖੇੜਾ ਨਹੀਂ ਕੀਤਾ ਜਾਂਦਾ। ਇਸ ਮੁਲਾਕਾਤ ਵਿੱਚ ਪਿਓ-ਪੁੱਤ ਦੇ ਮੋਹ ਦੀ ਬਾਤ ਹੱਡ-ਬੀਤੀ ਤੋਂ ਜੱਗ-ਬੀਤੀ ਤੱਕ ਦਾ ਸਫ਼ਰ ਤੈਅ ਕਰਦੀ ਹੈ। 

'ਨਾਬਰ' ਵਿੱਚੋਂ ਹਦਾਇਤਕਾਰ ਰਾਜੀਵ ਦੀ ਸ਼ਖ਼ਸ਼ੀਅਤ ਦਾ ਹਰ ਪੱਖ ਝਲਕਦਾ ਹੈ। ਹਰਦੀਪ ਨੇ ਪਰਦੇ ਉੱਤੇ ਪੀੜ ਨਾਲ ਲਵਰੇਜ਼ ਦ੍ਰਿੜਤਾ ਜਿਉਂਦੀ ਕਰ ਦਿੱਤੀ ਅਤੇ ਹਰਵਿੰਦਰ ਬਬਲੀ ਝੱਲ ਦੀਆਂ ਪਰਤਾਂ ਉਧੇੜ ਕੇ ਹੌਲ ਪਾ ਦਿੰਦੀ ਹੈ। 'ਨਾਬਰ' ਰਾਹੀਂ ਸਾਡੇ ਸਮਿਆਂ ਦੀ ਵਿਵੇਕੀ ਸੁਰ ਪਹਿਲੀ ਵਾਰ ਕਿਸੇ ਪੰਜਾਬੀ ਫ਼ਿਲਮ ਵਿੱਚ ਪਰਦਾਪੇਸ਼ ਹੋਈ ਹੈ। ਰਾਜੀਵ ਦਾ ਬਤੌਰ ਫ਼ਿਲਮਸਾਜ਼ ਦਸਤਾਵੇਜੀ ਫ਼ਿਲਮਾਂ ਦਾ ਬਹੁਤ ਤਜਰਬਾ ਹੈ। ਇਸ ਫ਼ਿਲਮ ਦੇ ਨਿਭਾਅ ਵਿੱਚ ਉਹ ਮੈਕਲੌਡਗੰਜ, ਚਮਕੌਰ ਸਾਹਿਬ, ਮੁੰਬਈ ਅਤੇ ਫਤਿਹਗੜ੍ਹ ਸਾਹਿਬ ਨੂੰ ਆਪਣੇ ਕਿਰਦਾਰਾਂ ਦੇ ਆਲੇ-ਦੁਆਲੇ ਲਪੇਟ ਦਿੰਦਾ ਹੈ। ਭੀੜ ਭਰੀਆਂ ਅਣਜਾਣੀਆਂ ਪਰ ਚੇਤਿਆਂ ਵਿੱਚ ਵਸੀਆਂ ਇਤਿਹਾਸਕ ਸਾਂਝ ਵਾਲੀਆਂ ਥਾਵਾਂ ਉੱਤੇ ਆਸਰਾ ਭਾਲਦਾ ਸੁਰਜਣ ਸਿੰਘ ਜਦੋਂ ਹੱਥੀਂ ਨਲਕਾ ਗੇੜ ਕੇ ਪਾਣੀ ਪੀਂਦਾ ਹੈ ਤਾਂ ਸੰਭਵ ਅਤੇ ਅਸੰਭਵ ਦੀ ਦਮੇਲ ਉੱਤੇ ਮਿਲਦੀਆਂ ਹੱਦਾਂ ਉਸ ਦੇ ਗੇੜ ਵਿੱਚ ਆਉਂਦੀਆਂ ਜਾਪਦੀਆਂ ਹਨ। ਜਦੋਂ ਇਹੋ ਪਿਓ ਖ਼ੌਫ਼ ਅਤੇ ਸੰਸੋਪੰਜ ਵਿੱਚ ਫਸੇ ਯੁੱਧਵੀਰ ਕੋਲ ਪੁੱਜਦਾ ਹੈ ਤਾਂ ਇੱਕ ਹੋਰ ਬਾਪ ਕਿਰਤ ਵਿੱਚ ਰੁਝਿਆ ਕਾਠ ਉੱਤੇ ਸਿੱਧੀਆਂ ਲਕੀਰਾਂ ਵਾਹ ਰਿਹਾ ਹੈ। ਇਹੋ ਲਕੀਰਾਂ ਉਸ ਦੀ ਜ਼ਿੰਦਗੀ ਦਾ ਸਿੱਧਾ-ਸਾਧਾ ਮੰਤਰ ਹਨ ਜੋ ਹੱਕ-ਸੱਚ ਦੀ ਬੋਲੀ ਜਾਣਦੀਆਂ ਹਨ। ਜਦੋਂ ਇਸ ਬਾਪ ਦੀ ਸਾਦਗੀ ਪੁੱਤ ਦੀ ਸੇਧ ਬਣਦੀ ਹੈ ਤਾਂ ਦੂਜੇ ਪਿਓ ਦੀ ਤਾਕਤ ਦੂਣ-ਸਵਾਈ ਹੁੰਦੀ ਹੈ। ਰਾਜੀਵ ਜਾਣਦਾ ਹੈ ਕਿ ਉਸ ਨੇ ਪੰਜਾਬੀ ਦਰਸ਼ਕਾਂ ਨੂੰ ਕੀ ਯਾਦ ਕਰਵਾਉਣਾ ਹੈ। ਨੌਰਾ ਰਿਚਰਡ ਦਾ ਅੰਧਰੇਟਾ ਵਿਚਲਾ ਘਰ, ਗਿਆਨੀ ਦਿੱਤ ਸਿੰਘ ਦੀ ਕਿਤਾਬ 'ਮੇਰਾ ਪਿੰਡ', ਭਗਤ ਸਿੰਘ, ਸ਼ਿਵਾਜੀ, ਭੀਮ ਰਾਓ ਅੰਬੇਦਕਰ ਅਤੇ ਪਾਸ਼ ਦੀ ਕਵਿਤਾ ਸਹਿਜ ਹੀ ਕਹਾਣੀ ਦਾ ਹਿੱਸਾ ਬਣ ਜਾਂਦੇ ਹਨ। 


ਰਾਜੀਵ ਦੀ ਫ਼ਿਲਮ 'ਨਾਬਰ' ਦਾ ਜ਼ਿਆਦਾਤਰ ਘਟਨਾਕ੍ਰਮ ਕੁਵੇਲੇ ਵਾਪਰਦਾ ਹੈ। ਉਸ ਦੀ ਫ਼ਿਲਮ ਵਿੱਚ ਧੁੱਪ ਨਹੀਂ ਹੈ। ਕੁਵੇਲੇ ਦੀ ਇਸ ਕਹਾਣੀ ਦਾ ਬਹੁਤ ਅਹਿਮ ਕਾਂਡ ਸਿਖ਼ਰ ਦੁਪਹਿਰੇ ਨਹਿਰ ਦੇ ਪੁੱਲ ਉੱਤੇ ਵਾਪਰਦਾ ਹੈ। ਪੁੱਲ ਹੇਠੋਂ ਮਣਾਮੂੰਹੀ ਪਾਣੀ ਵਗ ਰਿਹਾ ਹੈ ਅਤੇ ਇਨਸਾਫ਼ ਦੀ ਲੜਾਈ ਲੜ ਰਿਹਾ ਪਿਓ ਅਡੋਲ ਖੜੋਤਾ ਹੈ। ਨੇਕੀ-ਬਦੀ ਦੀ ਮੁਲਾਕਾਤ ਇਸੇ ਪੁੱਲ ਉੱਤੇ ਹੁੰਦੀ ਹੈ। ਪਿਓ ਨੂੰ 'ਵਗਦੀ ਗੰਗਾ ਵਿੱਚ ਹੱਥ ਧੋਣ' ਦੀ ਪੇਸ਼ਕਸ਼ ਹੁੰਦੀ ਹੈ। ਅਮੀਰੀ, ਸਿਆਸੀ ਸਰਪ੍ਰਸਤੀ ਅਤੇ ਗੁੰਡਾ-ਤਾਕਤ ਦੀ ਕਾਰ ਵਿੱਚ ਸਵਾਰ ਲਾਣਾ ਪਿਓ ਨੂੰ ਜਰਕਾਉਣ ਲਈ ਸੁਰ ਉੱਚੀ ਕਰਦਾ ਹੈ। ਖੁੱਸੇ ਪੁੱਤ ਦੀ ਕੀਮਤ ਖੇਤਾਂ ਨਾਲ ਨਹੀਂ ਉਤਾਰੀ ਜਾ ਸਕਦੀ ਭਾਵੇਂ ਖੇਤਾਂ ਦਾ ਖੁੱਸਣਾ ਘੱਟ ਸੋਗ਼ਵਾਰ ਨਹੀਂ ਹੈ। ਕਿਰਤੀ ਦਾ ਮੁੜਕਾ ਅਤੇ ਪਿਓ ਦਾ ਸਮਾਜਕ ਸੂਝ ਦੀ ਸਾਣ ਉੱਤੇ ਚੜ੍ਹਿਆ ਮੋਹ ਸਿਦਕਦਿਲੀ ਨਾਲ ਮਜ਼ਬੂਤ ਜੋਟੀ ਪਾਉਂਦਾ ਹੈ। ਇਨ੍ਹਾਂ ਹਾਲਾਤ ਵਿੱਚ ਵਗਦੇ ਪਾਣੀ ਦੇ ਉਪਰਲੇ ਪੁੱਲ ਉੱਤੋਂ ਪਿਓ ਜਰਵਾਣਿਆਂ ਦੀ ਹਾਠ ਨੂੰ ਚੀਰ ਕੇ ਲੰਘ ਜਾਂਦਾ ਹੈ। ਇਹ ਪਿਓ ਅਦਾਲਤ ਵਿਚਲੀ ਜਿੱਤ ਨੂੰ ਲੜਾਈ ਦਾ ਪਹਿਲਾਂ ਪੜਾਅ ਕਰਾਰ ਦਿੰਦਾ ਹੈ ਅਤੇ ਅਗਲੇ ਪੜਾਅ ਦੀ ਨਿਸ਼ਾਨਦੇਹੀ ਕਰਦਾ ਹੈ। 

ਰਾਜੀਵ ਨੇ ਕੁਵੇਲੇ ਦੀ ਕਹਾਣੀ ਦਿਨ-ਦਿਹਾੜੇ ਪਰਦਾਪੇਸ਼ ਕੀਤੀ ਹੈ। ਉਸ ਨੇ ਇਸ਼ਕ ਅਤੇ ਹੁਨਰ ਦੀ ਦਾਅਵੇਦਾਰੀ ਨਾਲ ਪੰਜਾਬੀ ਫ਼ਿਲਮ ਸਨਅਤ ਦੇ ਸਾਰੇ ਮੰਤਰ ਸਵਾਲਾਂ ਦੇ ਘੇਰੇ ਵਿੱਚ ਲਿਆ ਦਿੱਤੇ ਹਨ। ਮੰਡੀ, ਮੁਨਾਫ਼ੇ, ਹਾਸੇ-ਠੱਠੇ ਅਤੇ ਮਨੋਰੰਜਨ ਦੇ ਕਸੁੱਸਰੇ ਵਿੱਚ ਰਾਜੀਵ ਨੇ ਵਿਵੇਕ ਦਾ ਘਣਸ਼ਾਵਾ ਬੂਟਾ ਲਗਾਇਆ ਹੈ। ਇਹ ਕੁਵੇਲੀਂ ਬਾਤ ਨੂੰ ਵੇਲੇ ਸਿਰ ਸੁਣ ਲੈਣ ਦਾ ਸੱਦਾ ਹੈ। ਕਵੀ ਸ਼ਮਸ਼ੇਰ ਬਹਾਦਰ ਸਿੰਘ ਦੀ ਸਤਰ ਹੈ, "ਮਸਲਾ ਯੇਹ ਨਹੀਂ ਕਿ ਵੋ ਕਿਤਨਾ ਆਗੇ ਜਾ ਪਾਏ, ਮਸਲਾ ਯੇਹ ਹੈ ਕਿ ਜੋ ਮੁੱਦਾ ਉਨਹੋ ਨੇ ਉਠਾਇਆ ਵੋਹ ਕਿਤਨਾ ਕਾਵਿਲੇ-ਗੌਰ ਹੈ।"  ਪੰਜਾਬ ਦੇ ਦਰਦਮੰਦ ਫ਼ਿਲਮਸਾਜ਼ ਦੀ ਸਿਦਕਦਿਲੀ ਨਾਲ ਸਮਕਾਲੀ ਦੌਰ ਦੀ ਬਾਤ ਪਈ ਹੈ ਜੋ ਸੰਗਤ ਨਾਲ ਸੰਜੀਦਾ ਸੰਵਾਦ ਸ਼ੁਰੂ ਕਰਦੀ ਹੈ।