Showing posts with label Jatinder Mauhar. Show all posts
Showing posts with label Jatinder Mauhar. Show all posts

Wednesday, 13 May 2015

ਜਤਿੰਦਰ ਮੌਹਰ ਦੀ 'ਮਿੱਟੀ' ਦਾ 'ਸਰਸਾ' ਰਾਹੀਂ 'ਕਿੱਸਾ ਪੰਜਾਬ'

ਦਲਜੀਤ ਅਮੀ

ਜਤਿੰਦਰ ਮੌਹਰ ਮੇਰਾ ਦੋਸਤ ਹੈ ਅਤੇ ਅਸੀਂ ਬਹੁਤ ਸਾਰੇ ਕੰਮ ਇਕੱਠੇ ਕਰਦੇ ਹਾਂ। ਕਿਤਾਬਾਂ ਪੜ੍ਹਨ, ਫ਼ਿਲਮਾਂ ਦੇਖਣ, ਸੰਗੀਤ ਸੁਣਨ ਅਤੇ ਸਮਾਜਿਕ-ਸਿਆਸੀ ਸਮਾਗਮਾਂ ਉੱਤੇ ਇਕੱਠੇ ਜਾਣ ਦਾ ਮੌਕਾ ਅਸੀਂ ਕਦੇ ਨਹੀਂ ਖੁੰਝਾਉਂਦੇ। ਇੱਕ-ਦੂਜੇ ਦੀਆਂ ਲਿਖਤਾਂ ਉੱਤੇ ਟਿੱਪਣੀਆਂ ਕਰਨਾ ਅਤੇ ਗ਼ਲਤੀਆਂ ਕੱਢਣਾ ਸਾਡਾ ਕੰਮ ਹੈ। ਜੇ ਇਹ ਕੁਝ ਵੀ ਨਾ ਹੋ ਰਿਹਾ ਹੋਵੇ ਤਾਂ ਵੀ ਅਸੀਂ ਇੱਕ-ਦੂਜੇ ਕੋਲ ਚੋਖਾ ਸਮਾਂ ਗੁਜ਼ਾਰ ਲੈਂਦੇ ਹਾਂ। ਘੁੰਮਣ ਜਾਂਦੇ ਹਾਂ। ਖੇਤਾਂ ਵਿੱਚੋਂ ਮਹਾਨ ਕਲਾਕਾਰਾਂ ਦੀਆਂ ਕਿਰਤਾਂ ਦੇ ਨਕਸ਼ੇ ਲੱਭਦੇ ਹਾਂ। ਕੋਈ ਨਵਾਂ ਸ਼ਬਦ ਲੱਭ ਜਾਵੇ ਤਾਂ ਜ਼ਸ਼ਨ ਮਨਾਉਣ ਲਈ ਮਿਲਣ ਤੱਕ ਦੀ ਉਡੀਕ ਨਹੀਂ ਕਰਦੇ। ਕਿਸੇ ਕੀਤੇ ਕੰਮ ਦੀ ਗ਼ਲਤੀ ਲੱਭ ਜਾਵੇ ਜਾਂ ਕੋਈ ਦੱਸ ਜਾਵੇ ਤਾਂ ਇੱਕ-ਦੂਜੇ ਨੂੰ ਦੱਸਣ ਦੀ ਜ਼ਿੰਮੇਵਾਰੀ ਨਿਭਾਉਣਾ ਨਹੀਂ ਭੁੱਲਦੇ। ਜਤਿੰਦਰ ਦੇ ਪਿੰਡ ਭੁੱਟੇ ਵਿੱਚੋਂ ਮੈਨੂੰ ਦਾਉਦਪੁਰ ਦਿਖਦਾ ਹੈ। ਦਾਉਦਪੁਰ ਜਤਿੰਦਰ ਲਈ ਭੁੱਟਾ ਹੀ ਰਿਹਾ ਹੈ। ਅਸੀਂ ਇੱਕ-ਦੂਜੇ ਦਾ ਪੱਖ ਪੂਰਦੇ ਹਾਂ ਅਤੇ ਉਲਾਂਭੇ ਸੁਣਦੇ ਹਾਂ। ਅਸੀਂ ਇੱਕ-ਦੂਜੇ ਦੀਆਂ ਮਜਬੂਰੀਆਂ ਸਮਝਦੇ ਹਾਂ ਪਰ ਕੰਮ ਉੱਤੇ ਰਾਏ ਦੇਣ ਦੇ ਮਾਮਲੇ ਵਿੱਚ ਰਿਆਇਤ ਦੀ ਤਵੱਕੋ ਨਹੀਂ ਕਰਦੇ। ਜਤਿੰਦਰ ਬਾਰੇ ਲੇਖ ਇਨ੍ਹਾਂ ਸਤਰਾਂ ਤੋਂ ਬਿਨਾਂ ਪੂਰਾ ਹੋ ਸਕਦਾ ਸੀ ਪਰ ਪਾਠਕ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਡੀ ਸਾਂਝ ਕੀ ਹੈ।

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਭੁੱਟੇ ਦਾ ਜਤਿੰਦਰ ਪਿੰਡੋਂ ਪੜ੍ਹ ਕੇ ਲੁਧਿਆਣੇ ਟੈਕਸਟਾਈਲ ਦਾ ਡਿਪਲੋਮਾ ਕਰਨ ਪੁੱਜਿਆ। ਫ਼ਿਲਮਾਂ ਦੇਖਣ ਦੀ ਆਦਤ ਸ਼ੌਕ ਤੋਂ ਕਸਬ ਬਣਨ ਦੇ ਰਾਹੇ ਪਈ ਤਾਂ ਫੈਕਟਰੀ ਦੀ ਨੌਕਰੀ ਛੁੱਟ ਗਈ। ਕਾਮਰੇਡ ਮਾਮੇ ਦੇ ਰਸਾਲੇ ਪੜ੍ਹਦਾ ਜਤਿੰਦਰ ਸਾਹਿਤ ਦੀ ਚੋਖੀ ਮੱਸ ਰੱਖਦਾ ਹੈ। ਉਹ ਮਘੀ ਹੋਈ ਮਹਿਫ਼ਿਲ ਵਿੱਚ ਹੱਥ ਆਇਆ ਸੰਜੀਦਾ ਲੇਖ ਪੜ੍ਹਣ ਤੋਂ ਗੁਰੇਜ਼ ਨਹੀਂ ਕਰਦਾ। ਉਸ ਦੀ ਯਾਦਾਸ਼ਤ ਬਹੁਤ ਵਧੀਆ ਹੈ। ਕੁਝ ਨਵਾਂ ਪੜ੍ਹ ਕੇ ਉਸ ਨੂੰ ਥਾਂਵਾਂ, ਨਾਮਾਂ, ਵਿਚਾਰਾਂ ਅਤੇ ਸਮੇਂ ਨਾਲ ਜੋੜਨਾ ਉਸ ਦੀ ਬੌਧਿਕ ਤਾਕਤ ਹੈ। ਜਦੋਂ ਪਿੰਡੋਂ ਤੁਰਿਆ ਸੀ ਤਾਂ ਜਤਿੰਦਰ ਉੱਤੇ 1980ਵਿਆਂ-1990ਵਿਆਂ ਦਾ ਮਾਹੌਲ ਅਸਰਅੰਦਾਜ਼ ਸੀ। ਲੁਧਿਆਣੇ ਦੀ ਫੈਕਟਰੀ ਵਿੱਚ ਜਦੋਂ ਇੱਕ ਬਿਹਾਰੀ ਮਜ਼ਦੂਰ ਨੇ ਜਤਿੰਦਰ ਦੀ ਲੱਖਾਂ ਦੀ ਗ਼ਲਤੀ ਆਪਣੇ ਸਿਰ ਲੈ ਲਈ ਤਾਂ ਬਹੁਤ ਕੁਝ ਬਦਲ ਗਿਆ। ਕਦੇ ਕੋਈ ਜਤਿੰਦਰ ਨਾਲ ਗੱਲ ਕਰੇ ਤਾਂ ਅੰਦਾਜ਼ਾ ਹੁੰਦਾ ਹੈ ਕਿ ਬਿਹਾਰੀ ਮਜ਼ਦੂਰ ਕਿੰਨੇ ਖ਼ੂਬਸੂਰਤ ਮਨੁੱਖ ਹਨ। 

ਕਾਗ਼ਜ਼ਾਂ ਵਿੱਚ ਸ਼ਹਿਰ ਦਾ ਨਾਮ ਮੁੰਬਈ ਹੋ ਗਿਆ ਸੀ ਪਰ ਜਤਿੰਦਰ ਫ਼ਿਲਮ ਬਣਾਉਣ ਦੀ ਸਿਖਲਾਈ ਲੈਣ ਬੰਬੇ ਗਿਆ। ਬੰਬੇ ਧਰਮਿੰਦਰ ਗਿਆ ਸੀ। ਫ਼ਿਲਮ ਸਕੂਲ ਵਿੱਚ ਜਤਿੰਦਰ ਦੀ ਕੌਮਾਂਤਰੀ ਫ਼ਿਲਮਾਂ ਨਾਲ ਜਾਣ-ਪਛਾਣ ਹੋਈ ਅਤੇ ਉਸ ਨੇ ਫ਼ਿਲਮਾਂ ਦੇਖਣੀਆਂ ਸਿੱਖੀਆਂ। ਕੋਈ ਫ਼ਿਲਮਾਂ ਉੱਤੇ ਉਸ ਦੇ ਲੇਖ ਪੜ੍ਹੇ ਤਾਂ ਪਤਾ ਲੱਗਦਾ ਹੈ ਕਿ ਉਹ ਚੀਜ਼ਾਂ, ਥਾਵਾਂ, ਨਾਮਾਂ, ਸਮਿਆਂ, ਅਧਿਐਨ ਅਤੇ ਯਾਦਾਸ਼ਤ ਨਾਲ ਜੋੜ ਕੇ ਅਰਥ ਕਿਵੇਂ ਕੱਢਦਾ ਹੈ। ਬ੍ਰਾਜ਼ੀਲ ਦੀ ਜ਼ੂਜੁ ਐਂਜਲ ਵਿੱਚੋਂ ਜਸਵੰਤ ਸਿੰਘ ਖਾਲੜਾ ਲੱਭ ਲਿਆਉਣਾ ਜਤਿੰਦਰ ਦੇ ਹਿੱਸੇ ਆਇਆ ਹੈ। ਫ਼ਿਲਮ ਸਕੂਲ ਵਿੱਚ ਉਸ ਨੇ ਵਿਦਿਆਰਥੀ ਫ਼ਿਲਮ ਆਪਣੇ ਦੌਰ ਦੇ ਪੰਜਾਬ ਉੱਤੇ ਬਣਾਈ। ਅਗਵਾ ਕੀਤੇ ਬੰਦੇ ਨੂੰ ਮਾਰਨ ਦੀ 'ਜ਼ਿੰਮੇਵਾਰੀ' ਨਿਭਾਉਣ ਗਿਆ ਮੁੰਡਾ ਆਪਣੇ-ਆਪ ਨਾਲ ਸੰਵਾਦ ਵਿੱਚ ਲੱਗਿਆ ਹੈ। ਇਸ ਤੋਂ ਅੰਦਾਜ਼ਾ ਹੋ ਜਾਣਾ ਚਾਹੀਦਾ ਸੀ ਕਿ ਇਹ ਲੰਮਾ ਜਿਹਾ ਸ਼ਰਮਾਕਲ ਮੁੰਡਾ ਫ਼ਿਲਮਾਂ ਲਈ ਵਿਸ਼ੇ ਕਿਹੋ-ਜਿਹੇ ਚੁਣੇਗਾ। 

ਸ਼ੁਰੂ ਵਿੱਚ ਉਸ ਨੇ ਮਿਉਜਿਕ ਵੀਡੀਓ ਬਣਾਏ। ਫ਼ਿਲਮ ਸਨਅਤ ਵਿੱਚ ਪੈਰ-ਧਰਾਵਾ ਕਰਨ ਦੇ ਇਸ ਤਰਦੱਦ ਦੌਰਾਨ ਉਸ ਨੇ ਵਿਸ਼ੇ ਅਤੇ ਤਕਨੀਕ ਪੱਖੋਂ ਕਈ ਤਜਰਬੇ ਕੀਤੇ। ਉਸ ਨੂੰ ਫ਼ਿਲਮਾਂ ਅਤੇ ਗੀਤਾਂ ਵਿੱਚ ਪੇਸ਼ ਹੁੰਦੀ ਹਿੰਸਾ ਚੰਗੀ ਨਹੀਂ ਲੱਗਦੀ ਪਰ ਉਸ ਦੇ ਆਪਣੇ ਕਿਰਦਾਰ ਕਿਸੇ ਤਰ੍ਹਾਂ ਦੀ ਹਿੰਸਾ ਤੋਂ ਗੁਰੇਜ਼ ਨਹੀਂ ਕਰਦੇ। ਉਹ ਗ਼ਾਲਬਾਂ ਦੀ ਹਿੰਸਾ ਨੂੰ ਬਰਦਾਸ਼ਤ ਨਹੀਂ ਕਰਦਾ ਪਰ ਹਰ ਕਬਜ਼ਾ ਤੋੜਨ ਲਈ ਆਪਣੇ ਕਿਰਦਾਰਾਂ ਨੂੰ ਖੁੱਲ੍ਹ ਦਿੰਦਾ ਹੈ। ਜਤਿੰਦਰ ਦੀ ਪਲੇਠੀ ਫ਼ਿਲਮ 'ਮਿੱਟੀ' ਹੈ। ਇਹ ਫ਼ਿਲਮ ਦੀ ਬੋਲੀ ਕੁਰਖ਼ਤ ਹੈ। ਜਤਿੰਦਰ ਜਿੰਨੀ ਕੁਰਖ਼ਤ ਹੈ। ਉਸ ਦੇ ਦੁਆਲੇ ਪਸਰੇ ਹਾਲਾਤ ਜਿੰਨੀ ਕੁਰਖ਼ਤ ਹੈ। ਮਾਲਕਾਂ ਨੇ ਫ਼ਿਲਮ ਦਾ ਇੱਕ ਹਿੱਸਾ ਫ਼ਿਲਮਾਇਆ ਤੱਕ ਨਹੀਂ ਅਤੇ ਕਹਾਣੀ ਰਫ਼ੂ ਕਰ ਕੇ ਪਰਦਾਪੇਸ਼ ਕਰ ਦਿੱਤੀ। ਇਸ ਨਾਲ ਕਹਾਣੀ ਵਿੱਚ ਤਾਂ ਜ਼ਿਆਦਾ ਤਬਦੀਲੀ ਨਹੀਂ ਆਈ ਪਰ ਦਲੀਲ ਦਾ ਜ਼ੋਰ ਮੱਠਾ ਪੈ ਗਿਆ। 

ਜਤਿੰਦਰ ਦੀ ਦਲੀਲ ਰਹੀ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਨੂੰ ਨਜ਼ਰਅੰਦਾਜ਼ ਕਰ ਕੇ ਲੇਖਕਾਂ ਅਤੇ ਫ਼ਿਲਮਸਾਜ਼ਾਂ ਨੂੰ ਸਲੀਕੇ ਦੇ ਘੇਰੇ ਵਿੱਚ ਬੰਨ੍ਹਦੇ ਹਾਂ। ਜਤਿੰਦਰ ਨੂੰ ਇਸ ਸਲੀਕੇ ਵਿੱਚੋਂ ਪਾਖੰਡ ਨਜ਼ਰ ਆਉਂਦਾ ਹੈ। ਕੁਰਖ਼ਤ ਬੋਲੀ ਤੋਂ ਸ਼ੁਰੂ ਹੋਇਆ ਸੰਵਾਦ ਕਈ ਪੜਾਵਾਂ ਵਿੱਚੋਂ ਲੰਘਿਆ ਅਤੇ ਫ਼ੈਸਲਾ ਹੋਇਆ ਕਿ ਅੱਧ-ਕਿਹਾ ਬੋਲ ਕੁਰਖ਼ਤ ਹੋਣ ਦੇ ਬਾਵਜੂਦ ਸਲੀਕੇ ਦੇ ਘੇਰੇ ਵਿੱਚ ਆ ਜਾਂਦਾ ਹੈ। ਚੁੱਪ ਦੀ ਆਪਣੀ ਬੋਲੀ ਹੁੰਦੀ ਹੈ। ਜਤਿੰਦਰ ਦੀ ਬੋਲੀ ਦਾ ਮੁਹਾਵਰਾ ਉਸ ਦੇ ਲੇਖਾਂ ਅਤੇ ਫ਼ਿਲਮਾਂ ਵਿੱਚ ਸਾਫ਼ ਝਲਕਦਾ ਹੈ। ਵਿਸ਼ੇ ਅਤੇ ਬੋਲੀ ਦੀਆਂ ਬਰੀਕ ਪਰਤਾਂ ਸਮਝਣ ਵਾਲੇ ਜਤਿੰਦਰ ਲਈ ਫ਼ਿਲਮ ਸਨਅਤ ਨਾਖ਼ੁਸ਼ਗਵਾਰ ਥਾਂ ਰਹੀ। ਮੁਲਾਜ਼ਹੇਦਾਰੀਆਂ, ਰਿਸ਼ਤੇਦਾਰੀਆਂ, ਵਫ਼ਾਦਾਰੀਆਂ, ਫਰੇਬ ਅਤੇ ਫੋਕੀਆਂ ਸਿਫ਼ਤਾਂ ਉੱਤੇ ਚੱਲਦੀ ਇਹ ਸਨਅਤ ਵਿੱਚ ਜਤਿੰਦਰ ਬੇਸਹਾਰਾ ਸੀ। ਭੁੱਟੇ ਤੋਂ ਤੁਰਿਆ ਛੋਟੇ ਕਿਸਾਨ ਦਾ ਮੁੰਡਾ ਆਪਣੀ ਸੰਵੇਦਨਾ ਅਤੇ ਸੁਹਜ ਲੈ ਕੇ ਮਹਾਨਗਰੀ ਕਸਬ ਵਿੱਚ ਹੱਥ ਅਜ਼ਮਾਉਣ ਆਇਆ ਸੀ। ਉਸ ਦੇ ਹੁਨਰ ਦੀ ਸਿਫ਼ਤ ਹੋ ਰਹੀ ਸੀ ਪਰ ਕੰਮ ਨਹੀਂ ਮਿਲ ਰਿਹਾ ਸੀ। ਕਿਸੇ ਨੂੰ ਕਹਾਣੀ ਸੁਣਾਉਣ ਜਾਂਦਾ ਤਾਂ ਉਹ ਕਹਾਣੀ ਦੀ ਸਿਫ਼ਤ ਕਰਦਾ ਪਰ ਨਾਲ ਬਦਲਣ ਦੀਆਂ ਸ਼ਰਤਾਂ ਸੁਣਾ ਦਿੰਦਾ। 

ਅਗਲੀ ਫ਼ਿਲਮ ਅਸੀਂ ਮਿਲ ਕੇ ਲਿਖੀ, ਸਰਸਾ। ਇਸ ਫ਼ਿਲਮ ਵਿੱਚ ਅੰਤਿਮ ਪੜਾਅ ਉੱਤੇ ਜਤਿੰਦਰ ਦੀ ਸਲਾਹ ਤੋਂ ਬਿਨਾਂ ਤਬਦੀਲੀਆਂ ਕੀਤੀਆਂ ਗਈਆਂ। ਖਲਨਾਇਕ ਨੂੰ ਨਾਇਕ ਬਣਾਇਆ ਗਿਆ। ਕੁੜੀ ਮੁਖੀ ਫ਼ਿਲਮ ਪਰਦਾਪੇਸ਼ ਹੋਣ ਤੱਕ ਖਲਨਾਇਕ ਮੁਖੀ ਹੋ ਗਈ। ਇਸ ਦਾ ਨਾਮ ਰੱਖਿਆ ਗਿਆ, ਸਿਕੰਦਰ। ਅਸੀਂ ਦੋਵਾਂ ਨੇ ਇਸ ਫ਼ਿਲਮ ਨਾਲੋਂ ਵੱਖ ਹੋਣ ਲਈ ਅਖ਼ਬਾਰਾਂ ਵਿੱਚ ਲੇਖ ਲਿਖਿਆ। ਸਰਸਾ ਨਦੀ ਦੀ ਪਰਿਵਾਰ ਵਿਛੋੜੇ ਵਾਲੀ ਵਿਰਾਸਤ ਵਿੱਚੋਂ ਸੇਧ ਲੈਣ ਵਾਲੀ ਕਹਾਣੀ ਨੂੰ 'ਵਿਦੇਸ਼ੀ ਫ਼ਲਸਫ਼ਾ' ਅਤੇ 'ਸਿਕੰਦਰ' ਨੂੰ ਵਡਿਆਉਣ ਵਾਲੀ ਫ਼ਿਲਮ ਨੂੰ ਪੰਜਾਬੀ ਰਵਾਇਤ ਕਿਹਾ ਗਿਆ। 'ਮਿੱਟੀ' ਅਤੇ 'ਸਰਸਾ' ਦੇ ਹੁਨਰ ਤੋਂ ਪ੍ਰਭਾਵਿਤ ਫ਼ਿਲਮ ਸਨਅਤ ਦੇ ਲੋਕ ਆਪਣੀਆਂ ਕਹਾਣੀਆਂ ਉੱਤੇ ਫ਼ਿਲਮ ਬਣਾਉਣ ਲਈ ਜਤਿੰਦਰ ਤੱਕ ਪਹੁੰਚ ਕਰਨ ਲੱਗੇ। ਜਤਿੰਦਰ ਦੀਆਂ ਕਹਾਣੀਆਂ ਦੀਆਂ ਸਿਫ਼ਤਾਂ ਹੋ ਰਹੀਆਂ ਸਨ ਪਰ ਪੈਸਾ ਲਗਾਉਣ ਵਾਲਾ ਕੋਈ ਨਹੀਂ ਸੀ। ਕਿਸੇ ਦੀ ਕਹਾਣੀ ਉੱਤੇ ਤਕਨੀਕੀ ਪੱਖੋਂ ਫ਼ਿਲਮ ਬਣਾਉਣ ਦਾ ਕੰਮ ਜਤਿੰਦਰ ਨੂੰ ਜਚਦਾ ਨਹੀਂ ਸੀ। ਕੁਝ ਕਹਾਣੀਆਂ ਜਤਿੰਦਰ ਨੂੰ ਪਸੰਦ ਆਈਆਂ ਪਰ ਉਨ੍ਹਾਂ ਦੇ ਤਾਣੇ ਦੀਆਂ ਮੁਸ਼ਕਲਾਂ ਸਨ। ਕੁਝ ਫ਼ਿਲਮਾਂ ਬਾਰੇ ਤੈਅ ਹੋਈਆਂ ਗੱਲਾਂ ਸਿਰੇ ਨਾ ਚੜ੍ਹੀਆਂ। 'ਸਪੀਡ' ਵਰਗੀ ਕੰਪਨੀ ਨੇ ਜਤਿੰਦਰ ਨਾਲ ਤਿੰਨ ਸਾਲ ਦਾ ਇਕਰਾਰ ਕੀਤਾ ਪਰ ਹਾਲੇ ਤੱਕ ਫ਼ਿਲਮ ਨਹੀਂ ਬਣਾਈ। ਇੱਕ ਕਹਾਣੀ ਇਕਰਾਰ ਹੋਣ ਤੋਂ ਬਾਅਦ ਦੋ ਸਾਲਾਂ ਤੋਂ ਫ਼ਿਲਮ ਬਣਨ ਦੀ ਉਡੀਕ ਕਰ ਰਹੀ ਹੈ। 

ਇਸੇ ਦੌਰਾਨ ਅਨੂ ਬੈਂਸ ਹੁਰਾਂ ਨੇ ਜਤਿੰਦਰ ਮੌਹਰ ਦੀ ਨਿਰਦੇਸ਼ਨਾ ਹੇਠ ਨਵੀਂ ਫ਼ਿਲਮ 'ਕਿੱਸਾ ਪੰਜਾਬ' ਬਣਾਈ ਹੈ। ਇਸ ਫ਼ਿਲਮ ਨੂੰ ਉਦੇ ਪ੍ਰਤਾਪ ਸਿੰਘ ਨੇ ਲਿਖਿਆ ਹੈ।'ਕਿੱਸਾ ਪੰਜਾਬ' ਪੰਜਾਬੀ ਇੰਟਨੈਸ਼ਨਲ ਫ਼ਿਲਮ ਫੈਸਟੀਵਲ, ਟੋਰਾਂਟੋ ਦੀ ਪਲੇਠੀ ਫ਼ਿਲਮ ਹੈ। ਇਹ ਫ਼ੈਸਲਾ ਦਰਸ਼ਕ ਕਰਨਗੇ ਕਿ ਇਸ ਫ਼ਿਲਮ ਦਾ ਕਿੱਸਾ ਪੰਜਾਬ ਨਾਲ ਕਿੰਨਾ ਕੁ ਮੇਲ ਖਾਂਦਾ ਹੈ। ਇਸ ਫ਼ਿਲਮ ਮੇਲੇ ਵਿੱਚ 'ਕਿੱਸਾ ਪੰਜਾਬ' ਫ਼ਿਲਮ ਪ੍ਰੇਮੀਆਂ ਦੀ ਦਿਲਚਸਪੀ ਦਾ ਸਬੱਬ ਬਣੇਗੀ। ਮੈਂ ਆਪਣੇ ਯਾਰ ਦੀ ਤੋਰ ਦੇਖਾਂਗਾ। "ਚੱਲ ਆਪਣੇ ਭੁੱਟੇ ਆਲਿਆ … ਜ਼ਿੰਦਗੀ ਨਾਲ ਵਾਅਦਾ ਤਾਂ ਪੰਜਾਬ ਦਾ ਕਿੱਸਾ ਸੁਣਾਉਣ ਦਾ ਹੀ ਹੈ।" 

Monday, 30 September 2013

ਸਾਡੇ ਸਮਿਆਂ ਵਿੱਚ 'ਨਾਬਰ' ਦਾ ਹੋਣਾ

ਜਤਿੰਦਰ ਮੌਹਰ

ਪੰਜਾਬ ਦਾ ਬਿਹਤਰੀਨ ਅਦਾਕਾਰ ਹਰਦੀਪ ਗਿੱਲ ਪੰਜਾਬ ਦੇ ਪੇਂਡੂ ਬਾਪੂ ਦਾ ਭੂਗੋਲ ਤਨ-ਮਨ 'ਤੇ ਉੱਕਰਦਾ ਹੈ। ਹਰਵਿੰਦਰ ਕੌਰ ਬਬਲੀ ਤਾਂਬੇ ਰੰਗੀ ਅਤੇ ਫ਼ਿਕਰਾਂ ਗ੍ਰਸੀ ਪੰਜਾਬਣ ਨੂੰ ਸਾਕਾਰ ਕਰਦੀ ਹੈ। ਦੋਹਾਂ ਦੀ ਜੋਟੀ ਹੁਨਰਮੰਦ ਹਦਾਇਤਕਾਰ ਰਾਜੀਵ ਕੁਮਾਰ ਨਾਲ ਪੈਂਦੀ ਹੈ ਤਾਂ 'ਨਾਬਰ' ਦਰਦਮੰਦੀ ਦਾ ਮੰਚ ਬਣਦੀ ਹੈ। ਪਾਸ਼ 'ਯੁੱਧ ਅਤੇ ਸ਼ਾਂਤੀ' ਕਵਿਤਾ ਵਿੱਚ ਲੜਨ ਦੀ ਲੋੜ ਦਾ ਅਹਿਸਾਸ ਕਰਾਉਂਦਾ ਹੈ। ਉਹ ਲੜਾਈ ਨੂੰ ਟਾਲਣ ਵਾਲਿਆਂ ਨਾਲ ਸੰਵਾਦ ਰਚਾਉਂਦਾ ਹੈ ਜਿਨ੍ਹਾਂ ਨੇ "ਹੰਭੇ ਹੋਏ ਪਿਉ ਨੂੰ ਅੰਨ੍ਹ ਖਾਣੇ ਬੁੜੇ ਦਾ ਨਾਂ ਦਿੱਤਾ ...ਫ਼ਿਕਰਾਂ ਗ੍ਰਸੀ ਤੀਵੀਂ ਨੂੰ ਚੁੜੇਲ ਦਾ ਸਾਇਆ ਕਿਹਾ।" ਲਾਜ਼ਮੀ-ਲੜਾਈ ਦੀ ਕੋਈ ਤੰਦ 'ਨਾਬਰ' ਨਾਲ ਜੁੜੀ ਹੋਈ ਹੈ। 'ਨਾਬਰ' ਦਾ ਹੰਭਿਆ ਹੋਇਆ ਬੁੜਾ ਚੁੜੇਲ ਦੇ ਸਾਏ ਦੀ ਪੈੜ੍ਹ ਲੱਭਣ ਤੁਰ ਪਿਆ। ਗੱਭਰੂ ਪੁੱਤ ਦੀ ਮੌਤ ਦਾ ਉਹ ਸਾਇਆ ਜੋ ਸਕਿਆਂ ਦੇ ਚੇਹਰਿਆਂ ਉੱਤੇ ਸੀ। ਪੈੜ ਲੱਭਣ ਦਾ ਸਫ਼ਰ ਬਾਪੂ ਨੂੰ ਮੁਨਾਫ਼ੇ ਲਈ ਹਾਬੜੇ ਦਲਾਲਾਂ ਤੋਂ ਹੁੰਦਾ ਹੋਇਆ ਮੌਜੂਦਾ ਸਿਆਸੀ ਨਿਜ਼ਾਮ ਦਾ ਖ਼ਾਸਾ ਸਮਝਾ ਗਿਆ। ਅੰਤ ਵਿੱਚ ਉਹ ਨਿੱਜੀ ਲੜਾਈ ਤੋਂ ਪਾਰ ਸਮੂਹਕ ਲੜਾਈ ਦਾ ਹਿੱਸਾ ਬਣਨ ਦਾ ਇਸ਼ਾਰਾ ਦਿੰਦਾ ਹੈ। ਸੱਤ ਗੰਢਾਂ ਵਾਲੇ ਮਾਰੂ ਨਦੀਨ (ਮੋਥਰੇ) ਨੂੰ ਜੜ੍ਹੋਂ ਪੁੱਟਣ ਲਈ ਬਾਪੂ ਦਾ ਇਕੱਲਾ ਕਿਰਸਾਨੀ ਹੁਨਰ ਕੰਮ ਨਹੀਂ ਆਉਣਾ। ਮਨੁੱਖ ਘਾਤੀ ਨਿਜ਼ਾਮ ਰੂਪੀ ਮੋਥਰੇ ਨੂੰ ਜੜ੍ਹੋਂ ਪੁੱਟਣ ਲਈ ਬੜੇ ਸਖ਼ਤ ਹੱਥਾਂ ਦੀ ਲੋੜ ਹੈ। ਉੱਪਰੋਂ ਮੋਥਰਾ ਵੀ ਮਣਾਂ-ਮੂੰਹੀ ਹੈ ਇਸ ਕਰਕੇ ਹੱਥ ਵੀ ਵਧੇਰੇ ਚਾਹੀਦੇ ਹਨ। ਮਾਂ ਛਿੰਦੋ (ਹਰਵਿੰਦਰ ਕੌਰ ਬਬਲੀ) ਦੀ ਬਦਹਵਾਸੀ ਨੂੰ ਦਰਦਮੰਦ ਕੁੜੀ ਮਨਜੀਤ (ਕਰਮੇ ਦੀ ਹਾਣੀ)) ਦੂਰ ਕਰਦੀ ਹੈ। ਇਸੇ ਨੂੰ ਕਹਿੰਦੇ ਹਨ ਕਿ ਬੰਦਾ ਹੀ ਬੰਦੇ ਦਾ ਦਾਰੂ ਹੁੰਦਾ ਹੈ। ਕਰਮਾ ਬਾਹਰਲੇ ਮੁਲਕ ਭੇਜਣ ਵਾਲੇ ਦਲਾਲਾਂ ਹੱਥੋਂ ਕਤਲ ਹੋਇਆ ਹੈ। ਦਲਾਲਾਂ ਦੀ ਪੁਸ਼ਤ ਪਨਾਹੀ ਸਿਆਸਤਦਾਨ ਕਰਦਾ ਹੈ। ਕਤਲ ਹੋਏ ਗੱਭਰੂ ਵਿੱਚ ਉਸ ਜਵਾਨੀ ਦੀ ਰੂਹ ਹੈ ਜੋ ਆਪਣੇ ਮੁਲਕ ਵਿੱਚ ਕਿਰਤ ਦੀ ਨਿਰਾਦਰੀ ਦੇਖਦੀ ਹੈ। ਉਹ ਬਾਹਰਲੇ ਮੁਲਕਾਂ ਵਿੱਚ ਜਾ ਕੇ ਚੰਗੇ ਭਾਅ ਵਿੱਚ ਕਿਰਤ ਵੇਚਣ ਦਾ ਸੁਪਨਾ ਬੁਣਦੇ ਹਨ। ਫ਼ਿਲਮ ਵਿੱਚ ਪੇਸ਼ ਹੁੰਦਾ ਸਿਆਸੀ ਕਿਰਦਾਰ ਦੋਹਰਾ ਦੋਸ਼ੀ ਬਣਦਾ ਹੈ। ਪਹਿਲਾਂ ਉਹ ਸਾਡੇ ਮੁਲਕ ਵਿੱਚ ਰੁਜ਼ਗਾਰ ਦਾ ਰਾਹ ਬੰਦ ਕਰਦਾ ਹੈ। ਫਿਰ ਉਹ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਪਰਦੇਸੀ ਹੁੰਦੇ ਗੱਭਰੂਆਂ ਦੀ ਹਿਜ਼ਰਤ ਦਾ ਮੁੱਲ ਵੱਟਦਾ ਹੈ। ਸਿਆਸੀ ਚੌਧਰ ਬਰਕਰਾਰ ਰੱਖਣ ਲਈ ਮੁੰਡੇ ਦੇ ਕਤਲ ਦੀ ਕੀਮਤ ਲਾਉਂਦਾ ਹੈ। ਉਹਨੂੰ ਲਾਸ਼ਾਂ ਦੇ ਢੇਰ ਉੱਤੇ ਬੈਠ ਕੇ ਕਤਲ ਹੋਏ ਮੁੰਡਿਆਂ ਨੂੰ ਪੁੱਤ ਆਖਣ ਦਾ ਵਲ ਹੈ। ਸ਼ਾਇਦ ਇਹੀ ਹੁਨਰ ਉਹਨੇ ਸਿੱਖਿਆ ਹੈ ਅਤੇ ਸਮੇਂ ਦੇ ਨਾਲ ਨਿਖ਼ਾਰਿਆ ਵੀ ਹੈ।  ਬੇਸ਼ੱਕ ਉਹ ਮਨੁੱਖ ਖ਼ਿਲਾਫ਼ ਭੁਗਤਦੇ ਪ੍ਰਬੰਧ ਦਾ ਛੋਟਾ ਜਿਹਾ ਹਿੱਸਾ ਹੋਵੇ ਪਰ ਉਹ ਪ੍ਰਬੰਧ ਦਾ ਅਣਥੱਕ ਅਤੇ ਵਫ਼ਾਦਾਰ ਪੁਰਜ਼ਾ ਹੈ। ਉਹਦੀ ਵਫ਼ਾਦਾਰੀ ਸਿਰਫ਼ ਆਪਣੀ ਜਮਾਤ ਨਾਲ ਹੈ। ਚਿੱਟਾ ਕੁੜਤਾ ਪਜਾਮਾ, ਵਾਹੀ-ਸੰਵਾਰੀ ਦਾੜ੍ਹੀ ਅਤੇ ਪੋਚਵੀਂ ਪੱਗ ਬੰਨ੍ਹ ਕੇ ਉਹ 'ਦਾਨਾ' ਬੰਦਾ ਦਿਸਦਾ ਹੈ। ਗੁਰੂ-ਮਹਾਰਾਜ ਦੀ ਹਜ਼ੂਰੀ ਵਿੱਚ ਸੌਹਾਂ ਦੀ ਸਿਆਸਤ ਕਰਦਾ ਹੈ। ਅਜਿਹਾ ਬੰਦਾ ਪੰਜਾਬ ਦਾ ਤਾਨਾਸ਼ਾਹੀ ਅਤੇ ਫ਼ਰੇਬੀ ਕਿਰਦਾਰ ਹੈ। ਅਜਿਹੇ 'ਦਾਨਿਆਂ' ਨੇ ਹੀ ਪੰਜਾਬ ਨੂੰ ਵਾਹਣੀ ਪਾਕੇ ਰੱਖਿਆ ਹੋਇਆ ਹੈ। 

ਫ਼ਿਲਮ ਇਨ੍ਹਾਂ 'ਦਾਨਿਆਂ' ਨੂੰ ਸ਼ਰੇਆਮ ਬੇਪਰਦ ਕਰਕੇ ਪੰਜਾਬ ਦੇ ਦਾਨਿਆਂ ਦੀ ਨਿਸ਼ਾਨਦੇਹੀ ਕਰਦੀ ਹੈ। ਬਾਬਾ ਫਰੀਦ, ਬਾਬਾ ਗੋਬਿੰਦ, ਪਾਸ਼ ਅਤੇ ਬਾਬੂ ਰਜਬ ਅਲੀ ਦੀਆਂ ਰਚਨਾਵਾਂ ਇਸ ਨਿਸ਼ਾਨਦੇਹੀ ਨੂੰ ਪੁਖ਼ਤਾ ਕਰਦੀਆਂ ਹਨ। ਪੰਜਾਬ ਦਾ ਦਾਨਾ ਬੰਦਾ ਪਾਸ਼ ਦੇ ਸ਼ਬਦਾਂ 'ਚ 'ਨਿੱਕ-ਸੁਕ ਸਾਂਭਦਾ ਹਫ਼ਿਆ ਹੋਇਆ ਬੰਦਾ' ਹੈ। ਕਰਮੇ ਦੇ ਮਾਂ-ਪਿਉ ਉਨ੍ਹਾਂ ਜੀਆਂ ਦੀ ਨੁਮਾਇੰਦਗੀ ਕਰਦੇ ਹਨ ਜਿਨ੍ਹਾਂ ਦੇ ਧੀ-ਪੁੱਤ ਹਰ ਰੋਜ਼ ਕਤਲ ਹੁੰਦੇ ਹਨ। ਕਾਰਨ ਸੜਕ ਹਾਦਸਿਆਂ ਤੋਂ ਲੈ ਕੇ ਆਰਥਿਕ ਤੰਗੀ ਤੱਕ ਕੁਝ ਵੀ ਹੋਵੇ। ਹਾਦਸਿਆਂ ਦੀ ਅਮੁੱਕ ਲੜੀ ਰਾਜਤੰਤਰ ਦੇ ਕਰੂਰ ਖ਼ਾਸੇ ਦਾ ਪ੍ਰਗਟਾਵਾ ਹੈ। ਬਾਪੂ ਇਸੇ ਖ਼ਾਸੇ ਦੀ ਥਾਹ ਪਾਉਂਦਾ ਹੈ। ਫ਼ਿਲਮ ਵਿੱਚ ਸੰਘਰਸ਼ ਦੋ ਪੱਧਰ ਉੱਤੇ ਲੜਿਆ ਜਾ ਰਿਹਾ ਹੈ। ਇੱਕ ਇਨਸਾਫ਼ ਦੀ ਲੜਾਈ ਹੈ ਅਤੇ ਦੂਜੇ ਪੱਧਰ ਉੱਤੇ ਪਿੱਛੇ ਰਹਿ ਗਏ ਜੀਆਂ ਦੀ ਮੁੜ-ਬਹਾਲੀ ਦਾ ਸੰਘਰਸ਼ ਹੈ। ਤ੍ਰਾਸਦੀ ਪੈਦਾ ਕਰਨ ਲਈ ਕਸੂਰਵਾਰ ਨਿਜ਼ਾਮ ਅਤੇ ਉਹਦੀ ਢਾਂਚਾਗਤ ਹਿੰਸਾ ਦੇ ਖ਼ਿਲਾਫ਼ ਲੜਾਈ ਕਹਾਣੀ ਦੀ ਅਣਕਹੀ ਤੰਦ ਹੈ। ਸੁਰਜਣ ਸਿੰਘ (ਹਰਦੀਪ ਗਿੱਲ) ਅਤੇ ਕਰਮੇ ਦੇ ਯਾਰ ਇਨਸਾਫ਼ ਲਈ ਲੜ ਰਹੇ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ। ਮਾਂ ਛਿੰਦੋ ਅਤੇ ਮਨਜੀਤ ਹਿੰਸਾ ਦੇ ਝੰਬੇ ਜੀਆਂ ਦੀ ਮੁੜ ਬਹਾਲੀ ਦੇ ਸੰਘਰਸ਼ ਦੇ ਨੁਮਾਇੰਦੇ ਹਨ। ਮਾਂ ਪੁੱਤ ਦੀ ਮੌਤ ਦੇ ਸਦਮੇ 'ਚ ਝੱਲੀ ਹੋ ਜਾਂਦੀ ਹੈ ਪਰ ਮਨਜੀਤ (ਗੀਤਾਂਜਲੀ ਗਿੱਲ) ਆਪਾ ਸਾਂਭਦੀ ਹੋਈ ਮਾਂ ਦੀ ਤਾਕਤ ਬਣਦੀ ਹੈ। ਉਹ ਜਿਉਂਦੇ ਜਾਗਦੇ ਅਤੇ ਜ਼ਿੰਮੇਵਾਰ ਜੀਆਂ ਵਾਂਗ ਨਿਰਮਲ (ਜਤਿੰਦਰ ਸ਼ਰਮਾ) ਨਾਲ ਵਿਆਹ ਕਰਵਾਉਣ ਦਾ ਫ਼ੈਸਲਾ ਲੈਂਦੀ ਹੈ। ਦੋਵੇਂ ਜੀਅ ਮਿਲ ਕੇ ਮਾਂ ਦੀ ਮੁੜ ਬਹਾਲੀ ਦਾ ਸਬੱਬ ਬਣਦੇ ਹਨ। ਹਦਾਇਤਕਾਰ ਦੋਵਾਂ ਸੰਘਰਸ਼ਾਂ ਨੂੰ ਬਰਾਬਰ ਸਿਰਜਦਾ ਹੈ। ਕਹਾਣੀ ਅਤੇ ਦ੍ਰਿਸ਼ਾਂ ਦਾ ਨਿਭਾਅ ਹਦਾਇਤਕਾਰ ਦਾ ਹਾਸਲ ਹੈ ਜੋ ਫ਼ਿਲਮ-ਕਲਾ ਉੱਤੇ ਉਸਦੀ ਹੁਨਰਮੰਦ ਪਕੜ ਦਾ ਸਬੂਤ ਹੈ। ਬਾਈ ਰਾਜੀਵ ਮੁਕਾਮੀ ਥਾਂਵਾਂ ਅਤੇ ਮਾਹੌਲ ਨੂੰ ਬਾਰੀਕੀ ਵਿੱਚ ਫੜਦਾ ਹੈ। ਕਲਾ ਦੀ ਸਿਰਜਣਾ ਵਿੱਚ ਬਾਰੀਕ ਪਰ ਕਲਾਤਮਕ ਛੋਹਾਂ ਹੁੰਦੀਆਂ ਹਨ ਜੋ ਕਿਰਤ ਨੂੰ ਅਮੀਰ ਬਣਾਉਂਦੀਆਂ ਹਨ। ਪੁੱਤ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਗਵਾਹ ਲੱਭਣਾ ਅਹਿਮ ਕਨੂੰਨੀ ਨੁਕਤਾ ਹੈ। ਗਵਾਹ ਲੱਭਣ ਦੀ ਭੱਜ-ਦੌੜ੍ਹ ਸਿਰੇ ਉੱਤੇ ਪਹੁੰਚੀ ਹੋਈ ਹੈ। ਬਾਜ਼ਾਰ ਵਿੱਚ ਘੁੰਮਦੇ ਸੁਰਜਣ ਸਿੰਘ ਨੂੰ ਦੁਕਾਨ ਦਿਖਾਈ ਦਿੰਦੀ ਹੈ ਜਿਹਦੇ ਬਾਹਰ 'ਕਰਮਾ ਹੇਅਰ ਡਰੈਸਰ' ਲਿਖਿਆ ਹੈ। ਅਦਾਕਾਰ ਹਰਦੀਪ ਗਿੱਲ ਦੁਕਾਨ ਵੱਲ ਇੰਝ ਦੇਖਦਾ ਹੈ ਜਿਵੇਂ ਸ਼ੀਸ਼ਿਆਂ ਤੋਂ ਪਾਰ ਉਹਦਾ ਪੁੱਤ ਕਰਮਾ ਬੈਠਾ ਹੋਵੇ। ਕਹਾਣੀ ਦੇ ਜਿਸ ਮੁਕਾਮ ਉੱਤੇ ਕੁਝ ਪਲਾਂ ਦਾ ਇਹ ਦ੍ਰਿਸ਼ ਆਉਂਦਾ ਹੈ। ਉਹ ਦਰਸ਼ਕ ਦੀ ਸੰਵੇਦਨਾ ਨੂੰ ਝੰਜੋੜ ਦਿੰਦਾ ਹੈ। 

ਆਮ ਤੌਰ ਉੱਤੇ ਵਿਸ਼ਾ ਮੁਖੀ ਫ਼ਿਲਮਾਂ ਬਣਾਉਣ ਵਾਲਿਆਂ ਸਿਰ ਦੋਸ਼ ਲਾਇਆ ਜਾਂਦਾ ਹੈ ਕਿ ਉਹ ਰੂਪਕੀ ਜਾਂ ਤਕਨੀਕੀ ਪੱਖ ਵੱਲ ਵਧੇਰੇ ਧਿਆਨ ਨਹੀਂ ਦਿੰਦੇ। ਉਂਝ, ਰੂਪਕੀ ਜਾਂ  ਤਕਨੀਕੀ ਪੱਖ ਨਾਲ ਜੁੜੀਆਂ ਧਾਰਨਾਵਾਂ ਬਹਿਸ ਦਾ ਮੁੱਦਾ ਹਨ। ਫ਼ਿਲਮ-ਕਲਾ ਦੀ ਚਾਲੂ ਵਿਆਕਰਨ ਦੇ ਮੁਤਾਬਕ ਵੀ ਇਹ ਫ਼ਿਲਮ ਅਖਾਉਤੀ ਚੰਗੀ ਤਕਨੀਕੀ ਫ਼ਿਲਮ ਦੇ ਬਰਾਬਰ ਮੜਿੱਕ ਸਕਦੀ ਹੈ। ਫ਼ਿਲਮ ਕਲਾ ਦੀ ਚਾਲੂ ਵਿਆਕਰਨ ਵਿੱਚ ਪਟਕਥਾ, ਅਦਾਕਾਰੀ ਅਤੇ ਤਕਨੀਕੀ ਪੱਖ ਸ਼ਾਮਲ ਹੁੰਦੇ ਹਨ।
ਫ਼ਿਲਮ ਦੇ ਮੁੱਢ ਵਿੱਚ ਆਇਆ ਗੀਤ 'ਸੂਰਮੇ ਪੰਜ ਪਿਸਤੌਲਾਂ ਵਾਲੇ' ਕਹਾਣੀ-ਨਿਭਾਅ ਦੇ ਪ੍ਰਸੰਗ ਵਿੱਚ ਵਾਧੂ ਲੱਗਿਆ। ਜੇ ਇਹ ਗੀਤ ਰੱਖਣਾ ਲਾਜ਼ਮੀ ਸੀ ਤਾਂ ਫ਼ਿਲਮ ਕਾਮਿਆਂ ਦੀ ਨਾਮ-ਸੂਚੀ ਨਾਲ ਪੇਸ਼ ਕੀਤਾ ਜਾ ਸਕਦਾ ਸੀ। ਫ਼ਿਲਮ ਦੀ ਇਸ਼ਤਿਹਾਰਬਾਜ਼ੀ ਵਿੱਚ ਵਰਤੇ ਗਏ ਪੋਸਟਰ ਨੂੰ 'ਦਿਲ ਖਿੱਚਵਾਂ' ਬਣਾਉਣ ਲਈ 'ਨੈਵਰ ਡੇਅਰ ਅ ਫਾਰਮਰ' ਲਿਖਿਆ ਹੈ।  ਇਹਦੇ 'ਚੋਂ 'ਜੱਟ ਨਾਲ ਪੰਗਾ ਨਾ ਲਵੋ' ਦੀ ਬੂਅ ਆਉਂਦੀ ਹੈ। ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਹ ਵਿਚਾਰ ਬਾਈ ਰਾਜੀਵ ਦਾ ਨਹੀਂ ਹੋਵੇਗਾ। ਇਹ ਇਸ਼ਤਿਹਾਰਬਾਜ਼ੀ ਦੀ ਮਸ਼ਕ ਦੌਰਾਨ 'ਹੋਰਾਂ' ਵਲੋਂ ਜੋੜਿਆ ਗਿਆ ਹੋਵੇਗਾ। ਅੰਤ ਵਿੱਚ ਇਹੀ ਕਹਾਂਗਾ ਕਿ ਇਸ ਫ਼ਿਲਮ ਦਾ ਵੱਡੇ ਪੱਧਰ ਉੱਤੇ ਪਰਦਾਪੇਸ਼ ਹੋਣਾ ਚੰਗੇ ਵਿਸ਼ਿਆਂ ਉੱਤੇ ਬਣਨ ਵਾਲੀਆਂ ਘੱਟ ਖਰਚੇ ਦੀਆਂ ਫ਼ਿਲਮਾਂ ਲਈ ਚੰਗਾ ਸੁਨੇਹਾ ਹੈ।

Thursday, 26 September 2013

ਝੂਠੀ ਕਹਾਣੀ ਉੱਤੇ 'ਸੱਚੀ' ਫ਼ਿਲਮ ਦਾ ਦਾਅਵਾ: 'ਦਿ ਵੇਅ ਬੈਕ'

ਜਤਿੰਦਰ ਮੌਹਰ

ਬੋਰਸ ਪੋਲੇਵਈ ਦੀ ਮਸ਼ਹੂਰ ਕਿਤਾਬ 'ਅਸਲੀ ਇਨਸਾਨ ਦੀ ਕਹਾਣੀ' ਰੂਸੀ ਉਡਾਰੂ ਦੀ ਜ਼ਿੰਦਗੀ ਬਾਬਤ ਹੈ। ਉਹਦਾ ਹਵਾਈ ਜਹਾਜ਼ ਉੱਤਰੀ-ਪੂਰਬੀ ਰੂਸ ਦੇ ਬਰਫ਼ੀਲੇ ਇਲਾਕੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਬੁਰੀ ਤਰ੍ਹਾਂ ਜ਼ਖ਼ਮੀ ਉਡਾਰੂ ਖ਼ਤਰਨਾਕ ਮੌਸਮ ਅਤੇ ਹਾਲਾਤ ਵਿੱਚ ਅਠਾਰਾਂ ਦਿਨ ਲੰਬਾ ਸਫ਼ਰ ਕਰਕੇ ਸੁਰੱਖਿਅਤ ਥਾਂ ਉੱਤੇ ਪਹੁੰਚਣ ਵਿੱਚ ਕਾਮਯਾਬ ਹੋ ਗਿਆ। ਇਹ ਕਹਾਣੀ ਮਨੁੱਖੀ ਸਮਰੱਥਾ ਅਤੇ ਯਕੀਨ ਦੇ ਜਸ਼ਨ ਵਜੋਂ ਜਾਣੀ ਜਾਂਦੀ ਹੈ ਪਰ ਕਈ ਪੱਛਮੀ ਪੜਚੋਲੀਏ ਇਸ ਕਹਾਣੀ ਨੂੰ ਝੂਠੀ ਮੰਨਦੇ ਹਨ ਅਤੇ ਕਿਤਾਬ ਨੂੰ 'ਨਕਲੀ ਇਨਸਾਨ ਦੀ ਕਹਾਣੀ' ਦਾ ਨਾਮ ਦਿੰਦੇ ਹਨ। ਦੂਜੇ ਪਾਸੇ ਪੱਛਮ ਵਿੱਚ 'ਦਿ ਲੌਂਗ ਵਾਕ' ਕਿਤਾਬ ਨੂੰ ਖ਼ੂਬ ਪ੍ਰਚਾਰਿਆ ਅਤੇ ਸਲਾਹਿਆ ਗਿਆ ਹੈ। ਇਸ ਕਿਤਾਬ ਉੱਤੇ ਬਣੀ ਫ਼ਿਲਮ 'ਦਿ ਵੇਅ ਬੈਕ' ਸਾਇਬੇਰੀਆ ਤੋਂ ਹਿੰਦੋਸਤਾਨ ਤੱਕ ਦੇ ਮਹੀਨਿਆਂ ਲੰਬੇ ਪੈਦਲ-ਸਫ਼ਰ ਬਾਰੇ ਹੈ। ਸੰਨ੍ਹ 2010 'ਚ ਪਰਦਾਪੇਸ਼ ਹੋਈ ਇਹ ਫ਼ਿਲਮ ਦੂਜੀ ਆਲਮੀ ਜੰਗ ਦੇ ਸਮਿਆਂ ਦੀ ਹੈ। ਇਹ ਸੋਵੀਅਤ ਯੂਨੀਅਨ ਵਿੱਚ ਸਾਇਬੇਰੀਆ ਦੇ ਗੁਲਾਗ ਮੁਸ਼ੱਕਤੀ ਡੇਰੇ ਤੋਂ ਫ਼ਰਾਰ ਹੋਣ ਵਾਲੇ ਕੈਦੀਆਂ ਦੀ ਕਹਾਣੀ ਹੈ। ਭਗੌੜਿਆਂ ਵਿੱਚ ਜਨੁਸਜ਼ (ਪੋਲੈਂਡ ਵਾਸੀ), ਮਿਸਟਰ ਸਮਿੱਥ (ਅਮਰੀਕੀ ਇੰਜੀਨੀਅਰ), ਵਾਲਕਾ (ਰੂਸੀ ਮੁਜਰਮ), ਤੋਮਸਜ਼ (ਪੋਲੈਂਡ ਦਾ ਕਲਾਕਾਰ), ਵੋਸ (ਲਾਤਵੀਆਈ ਪਾਦਰੀ ), ਕਾਜ਼ਕ (ਪੋਲੈਂਡ ਵਾਸੀ) ਅਤੇ ਜ਼ੋਰਾਨ (ਯੂਗੋਸਲਾਵੀਆਈ ਲੇਖਾਕਾਰ) ਸ਼ਾਮਲ ਸਨ। ਰਾਹ ਵਿੱਚ ਉਨ੍ਹਾਂ ਨੂੰ ਇਰੈਨਾ ਨਾਮ ਦੀ ਫ਼ਰਾਰ ਕੁੜੀ ਮਿਲਦੀ ਹੈ ਜੋ ਕਮਿਉਨਿਸਟ-ਜਬਰ ਦੀ ਝੂਠੀ ਕਹਾਣੀ ਸੁਣਾਕੇ ਭਗੌੜੇ ਦਲ ਵਿੱਚ  ਸ਼ਾਮਲ ਹੋ ਜਾਂਦੀ ਹੈ। ਸਫ਼ਰ ਦੌਰਾਨ ਕਾਜ਼ਕ ਠੰਢ ਨਾਲ ਰੂਸ ਵਿੱਚ ਮਾਰਿਆ ਜਾਂਦਾ ਹੈ। ਵਾਲਕਾ ਰੂਸੀ-ਮੰਗੋਲੀਆ ਸਰਹੱਦ ਤੋਂ ਵਾਪਸ ਮੁੜ ਜਾਂਦਾ ਹੈ ਕਿਉਂਕਿ ਉਹ ਅਜੇ ਵੀ ਸਟਾਲਿਨ ਨੂੰ ਆਪਣਾ ਨਾਇਕ ਮੰਨਦਾ ਸੀ। ਮੰਗੋਲੀਆ ਦੀ ਸਰਹੱਦ ਉੱਤੇ ਮੁਕਾਮੀ ਆਗੂ ਦੇ ਨਾਲ ਸਟਾਲਿਨ ਅਤੇ ਲਾਲ ਤਾਰੇ ਦਾ ਚਿੰਨ੍ਹ ਦੇਖ ਕੇ ਪਤਾ ਲਗਦਾ ਹੈ ਕਿ ਮੰਗੋਲੀਆ ਵੀ ਕਮਿਉਨਿਸਟ ਰਾਜ ਹੇਠ ਹੈ। ਚੀਨ ਵਿੱਚ ਜਾਪਾਨੀਆਂ ਦਾ ਕਬਜ਼ਾ ਹੈ। ਜਨੁਸਜ਼ ਹਿੰਦੋਸਤਾਨ ਨੂੰ ਸਰੱਖਿਅਤ ਜਗ੍ਹਾ ਮੰਨ ਕੇ ਸਫ਼ਰ ਜਾਰੀ ਰੱਖਣ ਦੀ ਸਲਾਹ ਦਿੰਦਾ ਹੈ। ਇਰੈਨਾ ਅਤੇ ਦੋ ਹੋਰ ਕੈਦੀ ਚੀਨ-ਮੰਗੋਲੀਆ ਵਿੱਚ ਫੈਲੇ ਗੋਬੀ ਰੇਗਿਸਤਾਨ ਵਿੱਚ ਮਾਰੇ ਜਾਂਦੇ ਹਨ। ਜਨੁਸਜ਼, ਸਮਿੱਥ, ਵੋਸ ਅਤੇ ਜ਼ੋਰਾਨ ਤਿੱਬਤ ਪਹੁੰਚਣ ਵਿੱਚ ਕਾਮਯਾਬ ਹੁੰਦੇ ਹਨ। ਸਮਿੱਥ ਲਹਾਸਾ ਵਿੱਚ ਅਮਰੀਕੀ ਫ਼ੌਜ ਨਾਲ ਸੰਬੰਧਤ ਜਾਣਕਾਰ ਲੱਭ ਕੇ ਉੱਥੇ ਹੀ ਰਹਿ ਜਾਂਦਾ ਹੈ। ਬਾਕੀ ਤਿੰਨੇ ਹਿੰਦੋਸਤਾਨ ਚਲੇ ਜਾਂਦੇ ਹਨ। ਵੋਸ ਅਤੇ ਜ਼ੋਰਾਨ ਹਿੰਦੋਸਤਾਨ ਵਿੱਚ ਟਿਕ ਜਾਂਦੇ ਹਨ ਪਰ ਜ਼ਨੁਸਜ਼ ਦੁਨੀਆਂ ਘੁੰਮਦਾ ਰਹਿੰਦਾ ਹੈ। ਕਮਿਉਨਿਸਟ ਰਾਜ ਖ਼ਤਮ ਹੋਣ ਤੋਂ ਬਾਅਦ ਸੰਨ੍ਹ 1989 ਵਿੱਚ ਉਹ ਪੋਲੈਂਡ ਪਹੁੰਚਦਾ ਹੈ। ਉਹ ਪੰਜਾਹ ਸਾਲ ਬਾਅਦ ਘਰਵਾਲੀ ਨੂੰ ਮਿਲਦਾ ਹੈ। ਜਨੁਸਜ਼ ਉੱਤੇ ਜਸੂਸੀ ਦਾ ਦੋਸ਼ ਸੀ। ਕਮਿਉਨਿਸਟਾਂ ਨੇ ਉਹਦੀ ਘਰਵਾਲੀ ਉੱਤੇ ਤਸ਼ੱਦਦ ਕਰਕੇ ਜਨੁਸਜ਼ ਦੇ ਖ਼ਿਲਾਫ਼ ਬਿਆਨ ਦਿਵਾਇਆ ਸੀ। ਪੂਰੀ ਫ਼ਿਲਮ ਕਮਿਉਨਿਸਟ-ਜਬਰ ਦੀ ਦੁਹਾਈ ਦਿੰਦੀ ਹੈ ਅਤੇ ਕਮਿਉਨਿਸਟ ਸਰਕਾਰਾਂ ਨੂੰ ਅਤਿ ਦੇ ਜ਼ਾਲਮ ਠਹਿਰਾਉਂਦੀ ਹੈ। ਫ਼ਿਲਮ ਵਿਚਲੀਆਂ ਟਿੱਪਣੀਆਂ, ਖ਼ੁਲਾਸੇ ਅਤੇ ਅੰਤ ਵਿੱਚ ਵਰਤੇ ਗਏ ਅਸਲੀ ਦ੍ਰਿਸ਼ ਵਿਰੋਧੀ ਧਿਰ ਦੀ ਸਿਆਸਤ ਵਜੋਂ ਪੇਸ਼ ਹੁੰਦੇ ਹਨ। 

'ਦਿ ਲੌਂਗ ਵਾਕ' ਕਿਤਾਬ ਪੋਲੈਂਡ ਦੇ ਫ਼ੌਜੀ ਸਲਾਵੋਮੀਰ ਰਾਵਿਕਜ਼ ਨੇ ਲਿਖੀ ਸੀ। ਉਹਦਾ ਦਾਅਵਾ ਹੈ ਕਿ ਇਹ ਉਹਦੀ ਆਤਮ-ਕਥਾ ਹੈ ਪਰ ਕਹਾਣੀ ਨੂੰ ਸੱਚਾ ਸਾਬਤ ਕਰਨ ਲਈ ਉਹ ਸਬੂਤ ਪੇਸ਼ ਨਹੀਂ ਕਰ ਸਕਿਆ। ਸਲਾਵੋਮੀਰ ਮੁਤਾਬਕ ਉਹਨੇ ਛੇ ਕੈਦੀਆਂ ਸਮੇਤ ਗੁਲਾਗ ਮੁਸ਼ੱਕਤੀ ਡੇਰੇ ਤੋਂ ਹਿੰਦੋਸਤਾਨ ਤੱਕ ਚਾਰ ਹਜ਼ਾਰ ਮੀਲ (ਪੈਂਹਠ ਸੌ ਕਿਲੋਮੀਟਰ) ਦੀ ਪੈਦਲ ਯਾਤਰਾ ਕੀਤੀ ਸੀ। ਇਹਨੂੰ ਉਹ 'ਆਜ਼ਾਦੀ ਵੱਲ ਯਾਤਰਾ' ਕਹਿੰਦਾ ਹੈ। ਕਿਤਾਬ ਦੀਆਂ ਪੰਜ ਲੱਖ ਜਿਲਦਾਂ ਵਿਕੀਆਂ ਅਤੇ ਇਹ ਪੰਚੀ ਜ਼ੁਬਾਨਾਂ ਵਿੱਚ ਉਲਥਾਈ ਗਈ। ਫ਼ਿਲਮ ਬਣਨ ਤੋਂ ਬਾਅਦ ਕਿਤਾਬ ਦੀ ਮੰਗ ਹੋਰ ਵਧ ਗਈ ਹੈ। ਸੰਨ੍ਹ 2011 ਵਿੱਚ ਕਿਤਾਬ ਦੀਆਂ ਤੀਹ ਹਜ਼ਾਰ ਜਿਲਦਾਂ ਹਰ ਸਾਲ ਵਿਕਣ ਦਾ ਅੰਦਾਜ਼ਾ ਸੀ। ਕਿਹਾ ਜਾਂਦਾ ਹੈ ਕਿ ਇਸ ਕਿਤਾਬ ਨੇ ਕਈ ਘੁਮੱਕੜਾਂ ਅਤੇ ਖ਼ੋਜੀਆਂ ਨੂੰ ਹੱਲਾਸ਼ੇਰੀ ਦਿੱਤੀ। ਸੰਨ੍ਹ 1956 ਵਿੱਚ ਛਪੀ ਇਹ ਕਿਤਾਬ ਹਮੇਸ਼ਾਂ ਸ਼ੱਕ ਦੇ ਘੇਰੇ ਵਿੱਚ ਰਹੀ ਹੈ। ਸਫ਼ਰ ਦੌਰਾਨ ਰਹੱਸਮਈ ਬਰਫ਼ਾਨੀ-ਮਨੁੱਖ (ਯਤੀ) ਮਿਲਣ ਦੇ ਦਾਅਵੇ ਉੱਤੇ ਗੰਭੀਰ ਖ਼ਦਸ਼ੇ ਹਨ। ਬੀ.ਬੀ.ਸੀ ਨਿਊਜ਼ ਦੇ ਹਗ ਲੇਵਿੰਨਸਨ ਦੀ ਅਗਵਾਈ ਹੇਠ ਸੰਨ੍ਹ 2006 ਵਿੱਚ ਕਿਤਾਬ ਨਾਲ ਜੁੜੇ ਦਾਅਵਿਆਂ ਅਤੇ ਤੱਥਾਂ ਨੂੰ ਖੰਗਾਲਿਆ ਗਿਆ। ਤੱਥਾਂ ਦੀ ਘੋਖ ਕਰਨ ਲਈ ਪੋਲੈਂਡ, ਲਾਤਵੀਆ, ਅਮਰੀਕਾ, ਲਿਥੂਆਨੀਆ, ਫ਼ਿਨਲੈਂਡ, ਸਵੀਡਨ ਅਤੇ ਹੋਰ ਥਾਂਵਾਂ ਤੋਂ ਜਾਣਕਾਰੀ ਇਕੱਠੀ ਕੀਤੀ ਗਈ। ਸਲਾਵੋਮੀਰ ਦੇ ਪੁਰਾਣੇ ਸਕੂਲ, ਪੋਲੈਂਡ ਦੇ ਫ਼ੌਜੀ ਪੁਰਾਲੇਖਾਂ ਅਤੇ ਰੱਖਿਆ ਮੰਤਰਾਲੇ ਦੇ ਦਸਤਾਵੇਜ਼ਾਂ ਦੀ ਪੁਣਛਾਣ ਕੀਤੀ ਗਈ। 

ਮਾਸਕੋ ਵਿੱਚ ਗੁਲਾਗ ਮੁਸ਼ੱਕਤੀ ਡੇਰੇ ਦੇ ਦਸਤਾਵੇਜ਼ ਦੇਖੇ ਗਏ ਪਰ ਕਿਤੇ ਸਲਾਵੋਮੀਰ ਦੇ ਗੁਲਾਗ ਡੇਰੇ ਵਿੱਚ ਜੰਗੀ ਕੈਦੀ ਹੋਣ ਦੇ ਤੱਥ ਦੀ ਪੁਸ਼ਟੀ ਨਹੀਂ ਹੋ ਸਕੀ। ਬੇਲਾਰੂਸ ਤੋਂ ਮਿਲੇ ਦਸਤਾਵੇਜ਼ਾਂ ਨੇ ਸਲਾਵੋਮੀਰ ਦੀ ਜੰਗ ਤੋਂ ਪਹਿਲਾਂ ਦੀ ਜ਼ਿੰਦਗੀ, ਪਰਿਵਾਰ ਅਤੇ ਪਿਛੋਕੜ ਉੱਤੇ ਰੌਸ਼ਨੀ ਪਾਈ ਪਰ ਕਿਤੇ ਉਹਦੇ ਗੁਲਾਗ ਡੇਰੇ ਤੋਂ ਭੱਜਣ ਦਾ ਵੇਰਵਾ ਨਹੀਂ ਮਿਲਦਾ। ਪੋਲਸ਼ ਇੰਸਟੀਟਿਊਟ ਅਤੇ ਸਿਕੋਰਸਕੀ ਅਜਾਇਬ ਘਰ ਲੰਡਨ ਵਿੱਚ ਮੌਜੂਦ ਦੂਜੀ ਆਲਮੀ ਜੰਗ ਬਾਬਤ ਦਸਤਾਵੇਜ਼ ਵੀ ਫਰੋਲੇ ਗਏ। ਸਲਾਵੋਮੀਰ ਦੇ ਫ਼ੌਜੀ ਰਿਕਾਰਡ ਮੁਤਾਬਕ ਉਹ ਰੂਸ ਵਿੱਚ ਪੋਲੈਂਡ ਦੀ ਫ਼ੌਜ ਨਾਲ ਦੁਬਾਰਾ ਜਾ ਮਿਲਿਆ ਸੀ। ਇਹ ਤੱਥ ਕਿਤਾਬ ਵਿਚਲੇ ਵੇਰਵਿਆਂ ਨਾਲ ਮੇਲ ਨਹੀਂ ਖਾਂਦਾ। ਅਮਰੀਕੀ ਖ਼ੋਜੀ ਲਿੰਡਾ ਵਿਲੀਸ ਦੀ ਖ਼ੋਜ ਮੁਤਾਬਕ ਸਲਾਵੋਮੀਰ ਨੂੰ ਸੰਨ੍ਹ 1942 ਵਿੱਚ ਪੋਲੈਂਡ ਦੇ ਸਿਆਸੀ ਕੈਦੀਆਂ ਦੀ ਆਮ ਮੁਆਫ਼ੀ ਦੇ ਹਿੱਸੇ ਵਜੋਂ ਰਿਹਾ ਕੀਤਾ ਗਿਆ ਸੀ। ਆਮ-ਮੁਆਫ਼ੀ ਦੇ ਦਸਤਾਵੇਜ਼ ਅਤੇ ਪੋਲੈਂਡ ਫ਼ੌਜ ਨਾਲ ਮਿਲ ਕੇ ਰੂਸ ਵਿੱਚ ਦੁਬਾਰਾ ਜਾਣ ਦਾ ਇਜਾਜ਼ਤਨਾਮਾ ਇਸ ਗੱਲ ਦਾ ਸਬੂਤ ਹਨ। ਆਮ-ਮੁਆਫ਼ੀ ਦਸਤਾਵੇਜ਼ਾਂ ਮੁਤਾਬਕ ਉਹ ਰੂਸ ਤੋਂ ਸਿੱਧਾ ਇਰਾਨ ਪਹੁੰਚਿਆ ਸੀ। ਇਹ ਸਾਰੇ ਸਬੂਤ ਸਲਾਵੀਮੋਰ ਦੇ ਗੁਲਾਗ ਡੇਰੇ ਵਿੱਚੋਂ ਭੱਜਣ ਦੀ ਗਵਾਹੀ ਨਹੀਂ ਭਰਦੇ। ਸਲਾਵੀਮੋਰ ਉੱਤੇ ਐਨ.ਕੇ.ਵੀ.ਡੀ (ਰੂਸ ਦੀ ਖ਼ੁਫ਼ੀਆ ਏਜੰਸੀ ਕੇ.ਜੀ.ਬੀ ਦੀ ਮੋਹਰੀ ਸੰਸਥਾ) ਦੇ ਅਫ਼ਸਰ ਨੂੰ ਕਤਲ ਕਰਨ ਦਾ ਦੋਸ਼ ਲੱਗਿਆ ਸੀ। ਸੰਨ੍ਹ 2009 'ਚ ਵਿਟੋਲਡ ਗਲਿੰਸਕੀ ਨਾਮ ਦੇ ਬੰਦੇ ਨੇ ਦਾਅਵਾ ਕੀਤਾ ਸੀ ਕਿ 'ਦਿ ਲੌਂਗ ਵਾਕ' ਉਹਦੀ ਸੱਚੀ ਕਹਾਣੀ ਹੈ ਅਤੇ ਸਲਾਵੋਮੀਰ ਦਾ ਦਾਅਵਾ ਝੂਠਾ ਹੈ। ਗਲਿੰਸਕੀ ਦਾ ਕਹਿਣਾ ਹੈ ਕਿ ਉਹ ਦੂਜੀ ਆਲਮੀ ਜੰਗ ਵਿੱਚ ਪੋਲੈਂਡ ਦਾ ਫ਼ੌਜੀ ਸੀ। ਗਲਿੰਸਕੀ ਦੇ ਦਾਅਵਿਆਂ ਉੱਤੇ ਵੀ ਗੰਭੀਰ ਸਵਾਲ ਉਠਾਏ ਗਏ ਹਨ। ਪੋਲੈਂਡ ਸਮੇਤ ਆਲਮ ਦੀ ਏਡੀ ਮਸ਼ਹੂਰ ਕਿਤਾਬ ਦੇ ਛਪਣ ਤੋਂ ਤਰਵੰਜਾ ਸਾਲ ਬਾਅਦ ਗਲਿੰਸਕੀ ਦਾ ਪੇਸ਼ ਕੀਤਾ ਗਿਆ ਦਾਅਵਾ ਹੈਰਾਨੀ ਅਤੇ ਸ਼ੱਕ ਦਾ ਸਬੱਬ ਬਣਦਾ ਹੈ। ਗਲਿੰਸਕੀ ਆਪਣੇ ਦਾਅਵਿਆਂ ਨੂੰ ਸੱਚ ਸਾਬਤ ਨਹੀਂ ਕਰ ਸਕਿਆ। 'ਲੌਂਗ ਰਾਈਡਰਜ਼ ਗਿਲਡ' ਦੇ ਬਾਨੀਆਂ ਅਤੇ ਹੋਰ ਖ਼ੋਜੀ ਲੇਖਕਾਂ ਨੇ ਇਸ ਤਰ੍ਹਾਂ ਦੇ ਕਈ ਪੱਛਮੀ 'ਨਾਇਕਾਂ' ਦੀ ਪੋਲ ਖੋਲ੍ਹੀ ਹੈ ਜਿਹੜੇ ਆਪਣੇ ਆਪ ਨੂੰ ਮਹਾਨ, ਖ਼ਤਰਨਾਕ ਅਤੇ ਦਲੇਰੀ ਭਰੇ ਸਫ਼ਰਨਾਮਿਆਂ ਦੇ ਨਾਇਕ ਦੱਸਦੇ ਰਹੇ। ਲੇਖਕ, ਪੱਤਰਕਾਰ, ਫ਼ਿਲਮਸਾਜ਼ ਅਤੇ ਹੋਰ ਲੋਕ, ਬਿਨ੍ਹਾਂ ਕੋਈ ਸਬੂਤ ਦਿੱਤੇ ਇਨ੍ਹਾਂ ਝੂਠੇ ਨਾਇਕਾਂ ਨੂੰ ਵਡਿਆਉਂਦੇ ਰਹਿੰਦੇ ਹਨ। ਰੂਈਯਾਰਡ ਕਿਪਲਿੰਗ ਦੀ ਛੋਟੀ-ਕਹਾਣੀ 'ਦਿ ਮੈਨ ਹੂ ਵਾਜ਼' ਸੰਨ੍ਹ 1907 'ਚ ਛਪੀ ਸੀ। ਇਹ ਕਹਾਣੀ 'ਦਿ ਲੌਂਗ ਵਾਕ' ਉੱਤੇ ਅਸਰਅੰਦਾਜ਼ ਹੋਈ ਲੱਗਦੀ ਹੈ। ਕਿਪਲਿੰਗ ਦੀ ਕਹਾਣੀ ਮੁਤਾਬਕ ਇੱਕ ਘੁੜਸਵਾਰ ਅਫ਼ਸਰ ਨੂੰ ਰੂਸ ਦੇ ਸਾਇਬੇਰੀਆ ਵਿੱਚ ਕੈਦ ਕਰ ਲਿਆ ਜਾਂਦਾ ਹੈ। ਉਹ ਜੇਲ੍ਹ ਵਿੱਚੋਂ ਭੱਜ ਕੇ ਪਹਾੜ-ਘਾਟੀਆਂ-ਥਲ ਪਾਰ ਕਰਦਾ ਹੋਇਆ ਹਿੰਦੋਸਤਾਨ ਪਹੁੰਚਦਾ ਹੈ।

ਸਲਾਵੋਮੀਰ ਦੀ ਕੜੀ ਵਿੱਚ ਅਮਰੀਕੀ 'ਮਹਾਂ ਨਾਇਕ' ਫ਼ਰੈਂਕ ਹੌਪਕਿਨਜ਼ ਦਾ ਸਫ਼ਰਨਾਮਾ ਵੀ ਮਨਘੜਤ ਹੈ। ਉਹ ਖ਼ੁਦ ਨੂੰ ਅਰਬ ਖ਼ਿੱਤੇ ਵਿੱਚ ਤਿੰਨ ਹਜ਼ਾਰ ਮੀਲ ਲੰਬੀ ਘੋੜ-ਦੌੜ ਦਾ ਜੇਤੂ ਘੋੜ ਸਵਾਰ ਸਿੱਧ ਕਰਦਾ ਹੈ। ਹੌਪਕਿਨਜ਼ ਨੇ ਸੰਨ੍ਹ 1890 ਦੇ ਨੇੜੇ-ਤੇੜੇ ਹੋਈ ਘੋੜ-ਦੌੜ ਵਿੱਚ ਸੀਰੀਆ ਦੀ ਖਾੜੀ ਅਤੇ ਕਈ ਮੱਧ-ਪੂਰਬੀ ਮੁਲਕਾਂ ਨੂੰ ਪਾਰ ਕਰਨ ਦਾ ਦਾਅਵਾ ਕੀਤਾ ਸੀ। ਖ਼ੋਜੀਆਂ ਮੁਤਾਬਕ ਅਜਿਹੀ ਘੋੜ-ਦੌੜ ਕਦੇ ਨਹੀਂ ਹੋਈ। ਆਲਮ ਦੇ ਪੰਜ ਮੁਲਕਾਂ ਦੇ 80 ਖ਼ੋਜੀਆਂ ਨੇ ਫ਼ਰੈਂਕ ਹੋਪਕਿਨਜ਼ ਦੀ ਝੂਠੀ ਕਹਾਣੀ ਦੀ ਪੋਲ ਖੋਲ੍ਹ ਦਿੱਤੀ ਸੀ ਪਰ ਫ਼ਿਲਮ ਕੰਪਨੀ ਡਿਜ਼ਨੀ ਨੇ ਉਹਦੀ ਕਹਾਣੀ 'ਤੇ ਫ਼ਿਲਮ 'ਹਿਡਾਲਗੋ' (ਸੰਨ੍ਹ 2004) ਬਣਾਈ ਅਤੇ ਫ਼ਿਲਮ ਨੂੰ ਸੱਚੀ ਕਹਾਣੀ ਉੱਤੇ ਅਧਾਰਿਤ ਕਿਹਾ। 'ਰੌਇਲ ਜੌਗਰਾਫੀਕਲ ਸੋਸਾਇਟੀ' ਦੇ ਰਸਾਲੇ 'ਜੌਗਰਾਫੀਕਲ' ਨੇ ਹੌਪਕਿਨਜ਼ ਦੀ ਕਹਾਣੀ ਨੂੰ ਸਫ਼ਰਨਾਮਿਆਂ ਦੇ ਇਤਿਹਾਸ ਵਿੱਚ ਵੱਡਾ ਗ਼ਬਨ ਐਲਾਨਿਆ ਹੈ। ਫ਼ਿਲਮ ਪੜਚੋਲੀਆਂ ਨੇ 'ਹਿਡਾਲਗੋ' ਨੂੰ ਨਸਲਵਾਦੀ ਫ਼ਿਲਮ ਕਿਹਾ ਹੈ ਜੋ ਅਰਬੀ ਮੁਸਲਮਾਨਾਂ ਦੇ ਖ਼ਿਲਾਫ਼ ਨਫ਼ਰਤ ਭੜਕਾਉਂਦੀ ਹੈ। 

ਸਲਾਵੀਮੋਰ ਦੀ ਕਿਤਾਬ ਦੇ ਝੂਠੇ ਅਤੇ ਗੁਮਰਾਹਕੁਨ ਤੱਥਾਂ ਦੀ ਜਾਣਕਾਰੀ ਦੇ ਬਾਵਜੂਦ ਹਦਾਇਤਕਾਰ ਪੀਟਰ ਵੀਅਰ ਨੇ ਕਿਤਾਬ ਉੱਤੇ ਅਧਾਰਿਤ ਫ਼ਿਲਮ 'ਦਿ ਵੇਅ ਬੈਕ' ਬਣਾਈ। ਵਿਵਾਦ ਮਘਣ ਕਰਕੇ ਪੀਟਰ ਨੇ ਫ਼ਿਲਮ ਨੂੰ ਕਲਪਨਿਕ ਹਾਦਸਿਆਂ ਉੱਤੇ ਅਧਾਰਿਤ ਐਲਾਨ ਦਿੱਤਾ ਪਰ ਫ਼ਿਲਮ ਦੀ ਨਾਮ-ਸੂਚੀ ਵਿੱਚ ਸਲਾਵੀਮੋਰ ਅਤੇ ਉਹਦੀ ਕਿਤਾਬ ਦਾ ਨਾਮ ਆਉਂਦਾ ਹੈ। ਸੰਨ੍ਹ 1942 ਵਿੱਚ ਹਿੰਦੋਸਤਾਨ 'ਚ ਤਾਇਨਾਤ ਰਹੇ ਬਰਤਾਨਵੀ ਖ਼ੁਫ਼ੀਆ ਅਫ਼ਸਰ ਰੁਪਾਰਟ ਮਾਅਨੇ ਨੇ ਕਈ ਸਾਲਾਂ ਬਾਅਦ ਖ਼ੁਲਾਸਾ ਕੀਤਾ ਕਿ ਉਹ ਤਿੰਨ ਅਜਿਹੇ ਬੰਦਿਆਂ ਨੂੰ ਮਿਲਿਆ ਸੀ। ਜਿਨ੍ਹਾਂ ਦਾ ਕਹਿਣਾ ਸੀ ਕਿ ਉਹ ਸਾਇਬੇਰੀਆ ਤੋਂ ਬਚ ਕੇ ਆਏ ਹਨ। ਇਹ ਮੁਲਾਕਾਤ ਕਲਕੱਤੇ ਵਿੱਚ ਹੋਈ ਦੱਸੀ ਜਾਂਦੀ ਹੈ। ਰੁਪਾਰਟ ਮੁਤਾਬਕ ਤਿੰਨਾਂ ਦੀ ਕਹਾਣੀ 'ਦਿ ਲੌਂਗ ਵਾਕ' ਨਾਲ ਮਿਲਦੀ ਜੁਲਦੀ ਸੀ ਪਰ ਰੁਪਾਰਟ ਉਨ੍ਹਾਂ ਦੇ ਨਾਮ ਯਾਦ ਨਹੀਂ ਕਰ ਸਕਿਆ। ਰੁਪਾਰਟ ਦੇ ਦਾਅਵੇ ਦਾ ਸੱਚ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। 

ਦੂਜੇ ਮੱਤ ਮੁਤਾਬਕ ਸੋਵੀਅਤ ਯੂਨੀਅਨ ਨੇ ਹਜ਼ਾਰਾਂ ਜੰਗੀ ਕੈਦੀ ਰਿਹਾਅ ਕਰ ਦਿੱਤੇ ਸਨ। ਲਾਜ਼ਮੀ ਹੈ ਕਿ ਉਨ੍ਹਾਂ ਵਿੱਚੋਂ ਕਈ ਜਣੇ ਭਿਆਨਕ ਜੰਗ ਦੇ ਪੂਰਬੀ ਜਾਂ ਪੱਛਮੀ ਮੋਰਚੇ ਵੱਲ ਨਹੀਂ ਗਏ ਹੋਣਗੇ। ਜੰਗ ਤੋਂ ਬਚਣ ਲਈ ਦੱਖਣ ਵੱਲ ਇਰਾਨ ਜਾਂ ਹਿੰਦੋਸਤਾਨ ਵੱਲ ਗਏ ਹੋਣਗੇ। ਇਨ੍ਹਾਂ ਪੈਂਡਿਆਂ ਦੇ ਪੱਕੇ ਸਬੂਤ ਨਹੀਂ ਹਨ। ਵਧੇਰੇ ਜ਼ੁਬਾਨੀ ਖੁਲਾਸੇ ਮਿਲਦੇ ਹਨ ਜਿਨ੍ਹਾਂ ਰਾਹੀਂ ਵਿਰੋਧੀਆਂ ਨੂੰ ਸੋਵੀਅਤ ਯੂਨੀਅਨ ਦੀ ਬਦਨਾਮੀ ਕਰਨ ਦਾ ਮਸਾਲਾ ਲਾਜ਼ਮੀ ਮਿਲ ਜਾਂਦਾ ਹੈ। 'ਦਿ ਵੇਅ ਬੈਕ' ਕਿਸੇ ਇਤਿਹਾਸਕ ਤੱਥ, ਖ਼ੋਜ ਜਾਂ ਸਫ਼ਰ ਵਿੱਚ ਦਿਲਚਸਪੀ ਰੱਖਣ ਵਾਲੇ ਫ਼ਿਲਮਸਾਜ਼ ਦੀ ਕਿਰਤ ਨਾਲੋਂ ਕਮਿਉਨਿਜ਼ਮ ਦੇ ਭੰਡੀ-ਪ੍ਰਚਾਰ ਦਾ ਮਕਸਦ ਵਧੇਰੇ ਲੱਗਦੀ ਹੈ। ਇਸੇ ਕੜੀ 'ਚ ਮੁਸਲਮਾਨਾਂ ਨੂੰ ਬਦਨਾਮ ਕਰਨ ਦੀ ਮਸ਼ਕ ਨੂੰ ਦੇਖਿਆ ਜਾ ਸਕਦਾ ਹੈ। 

Wednesday, 18 September 2013

ਫ਼ਿਲਮ 'ਯਿੰਗੋ' ਦੇ ਹਵਾਲੇ ਨਾਲ ਤਰੱਕੀ, ਮੁਖਧਾਰਾ ਅਤੇ ਮੂਲਵਾਸੀ


ਜਤਿੰਦਰ ਮੌਹਰ
ਯਿੰਗੋ ਬ੍ਰਾਜ਼ੀਲ ਦਾ ਮਸ਼ਹੂਰ ਦਰਿਆ ਹੈ ਜੋ ਉੱਤਰੀ-ਕੇਂਦਰੀ ਖ਼ਿੱਤੇ ਵਿੱਚ ਵਹਿੰਦਾ ਹੈ। ਇਸਨੂੰ ਮਹਾਨ ਐਮਾਜ਼ੌਨ ਦਰਿਆ ਦੀ ਉੱਪ-ਨਦੀ ਵਜੋਂ ਵੀ ਜਾਣਿਆ ਜਾਂਦਾ ਹੈ।ਯਿੰਗੋ ਦਰਿਆ ਦੇ ਆਸ-ਪਾਸ ਸੰਘਣੇ ਜੰਗਲ ਹਨ ਜਿਨ੍ਹਾਂ ਵਿੱਚ ਮੂਲਵਾਸੀਆਂ ਦਾ ਸਦੀਆਂ ਤੋਂ ਬਸੇਰਾ ਹੈ। ਵੀਹਵੀਂ ਸਦੀ ਦੇ ਪੰਜਵੇਂ ਦਹਾਕੇ ਤੱਕ ਯਿੰਗੋ ਦਰਿਆ ਦਾ ਖ਼ਿੱਤਾ 'ਅਣਛੂਹਿਆ' ਪਿਆ ਸੀ। ਅਣਛੂਹੇ ਦਾ ਮਤਲਬ ਹੈ ਕਿ ਕੁਦਰਤੀ ਸੋਮਿਆਂ ਦੀ ਲੁੱਟ ਮਚਾਉਣ ਲਈ ਗੋਰੇ ਅਜੇ ਇਸ ਖ਼ਿੱਤੇ ਵਿੱਚ ਨਹੀਂ ਪਹੁੰਚੇ ਸਨ। ਮੂਲਵਾਸੀ ਆਪਣੀ ਰਵਾਇਤੀ ਜੀਵਨ ਸ਼ੈਲੀ ਜਿਉਂ ਰਹੇ ਸਨ। ਪੰਜਾਹਵਿਆਂ ਦੇ ਸ਼ੁਰੂ ਵਿੱਚ ਬ੍ਰਾਜ਼ੀਲੀ ਗੋਰੀ ਸਰਕਾਰ ਨੇ ਇਸ ਖ਼ਿੱਤੇ ਨੂੰ ਗਾਹੁਣ ਦਾ ਫ਼ੈਸਲਾ ਕੀਤਾ। ਇਸ ਮੁਹਿੰਮ ਨੂੰ 'ਮਾਰਚ ਵੈਸਟ' ਦਾ ਨਾਮ ਦਿੱਤਾ ਗਿਆ। ਇਸ ਨੂੰ ਉਹ ਮੂਲਵਾਸੀਆਂ ਨੂੰ 'ਮੁਖਧਾਰਾ' ਵਿੱਚ ਲਿਆਉਣ ਦਾ ਕਾਰਜ ਕਹਿੰਦੇ ਸਨ। 'ਮੁਖਧਾਰਾ' ਸ਼ਬਦ ਦੀ ਸਿਆਸਤ ਖ਼ਤਰਨਾਕ ਹੈ। 

ਪਹਿਲਾ ਖ਼ੋਜੀ ਦਲ ਯਿੰਗੋ ਦਰਿਆ ਦੇ ਆਲੇ-ਦੁਆਲੇ 'ਨਵੇਂ ਸੰਪਰਕ' ਬਣਾਉਣ ਲਈ ਭੇਜਿਆ ਗਿਆ। ਇਸ ਦਲ ਵਿੱਚ ਤਿੰਨ ਵਿਲਾਸ ਭਰਾ ਸ਼ਾਮਲ ਸਨ ਜੋ ਚੰਗੇ ਪੜ੍ਹੇ-ਲਿਖੇ ਸਨ। ਖ਼ੋਜੀ ਦਲ ਵਿੱਚ ਅਨਪੜ੍ਹਾਂ ਨੂੰ ਚੁਣਿਆ ਜਾ ਰਿਹਾ ਸੀ। ਇਨ੍ਹਾਂ ਜਗਿਆਸੂ ਭਰਾਵਾਂ ਨੇ ਆਪਣੇ-ਆਪ ਨੂੰ ਅਨਪੜ੍ਹ ਦੱਸ ਕੇ ਦਲ ਵਿੱਚ ਥਾਂ ਬਣਾ ਲਈ। ਬ੍ਰਾਜ਼ੀਲੀ ਫ਼ਿਲਮ 'ਯਿੰਗੋ' ਇਨ੍ਹਾਂ ਤਿੰਨਾ ਭਰਾਵਾਂ ਦੀ ਕਹਾਣੀ ਹੈ। 'ਅਣਛੂਹੇ' ਇਲਾਕੇ ਵਿੱਚ ਜਾਣਾ ਜੋਖ਼ਮ ਭਰਿਆ ਕੰਮ ਸੀ। ਜਿੱਥੇ ਖ਼ਤਰਨਾਕ ਜੰਗਲੀ ਜਾਨਵਰਾਂ ਅਤੇ ਗੋਰਿਆ ਦੁਆਰਾ ਪ੍ਰਚਾਰੇ ਜਾਂਦੇ ਮਾਸਖੋਰੇ ਮੂਲਵਾਸੀਆਂ ਦਾ ਡਰ ਸੀ। ਫ਼ਿਲਮ ਦੇ ਮੁੱਢਲੇ ਦ੍ਰਿਸ਼ ਇਸ 'ਖ਼ੌਫ਼' ਨੂੰ ਉਜਾਗਰ ਕਰਦੇ ਹਨ। ਉਂਝ ਕਿਸੇ ਦੇ ਇਲਾਕੇ ਵਿੱਚ ਧੱਕੇ ਦੀ ਘੁਸਪੈਠ ਖ਼ਤਰੇ ਤੋਂ ਖਾਲੀ ਨਹੀਂ ਹੈ। ਛੇਤੀ ਹੀ ਹਥਿਆਰਾਂ ਨਾਲ ਲੈਸ ਦਲ ਦਾ ਸਾਹਮਣਾ ਮੂਲਵਾਸੀ ਕਬੀਲੇ ਨਾਲ ਹੋ ਜਾਂਦਾ ਹੈ। ਕਬੀਲੇ ਨੇ ਪਹਿਲੀ ਵਾਰ ਗੋਰੇ ਬੰਦੇ ਦੇਖੇ ਸਨ। ਗੋਰਿਆਂ ਦੇ ਪ੍ਰਚਾਰ ਦੇ ਉਲਟ ਮੂਲਵਾਸੀ ਖ਼ੋਜੀ ਦਲ ਦਾ ਸੁਆਗਤ ਕਰਦੇ ਹਨ ਅਤੇ ਅਪਣੇ ਪਿੰਡ ਲੈ ਜਾਂਦੇ ਹਨ। ਉਨ੍ਹਾਂ ਦਾ ਵਤੀਰਾ ਮੋਹ ਭਰਿਆ ਹੈ। ਦਲ ਦਾ ਕੰਮ ਇਲਾਕੇ ਵਿੱਚ ਹਵਾਈ-ਪੱਟੀ ਬਣਾਉਣਾ ਹੈ ਤਾਂ ਕਿ ਸਰਕਾਰ ਸਾਰੇ ਖ਼ਿੱਤੇ ਵਿੱਚ 'ਵਿਕਾਸ' ਕਰ ਸਕੇ। ਗੋਰਿਆਂ ਦਾ ਮੂਲਵਾਸੀਆਂ ਨਾਲ ਪਹਿਲਾ ਸੰਪਰਕ ਹੀ ਕਬੀਲੇ ਦੀ ਜਾਨ ਦਾ ਖੌਅ ਬਣ ਜਾਂਦਾ ਹੈ। ਗੋਰਿਆਂ ਨਾਲ ਆਈਆਂ ਮਾਮੂਲੀ ਅਤੇ ਇਲਾਜਯੋਗ ਬੀਮਾਰੀਆਂ (ਫਲੂ, ਮਿਆਦੀ ਬੁਖ਼ਾਰ) ਨਾਲ ਪਿੰਡ ਦੀ ਅੱਧੀ ਵਸੋਂ ਖ਼ਤਮ ਹੋ ਗਈ। ਛੇਤੀ ਹੀ ਇਹ ਬੀਮਾਰੀ ਯਿੰਗੋ ਦਰਿਆ ਦੇ ਉਪਰਲੇ ਖ਼ਿੱਤੇ ਵਿੱਚ ਫੈਲ ਗਈ। ਉਨ੍ਹਾਂ ਦੇ ਇਲਾਜ ਦਾ ਕੋਈ ਇੰਤਜ਼ਾਮ ਨਹੀਂ ਸੋਚਿਆ ਗਿਆ ਸੀ। ਵਿਲਾਸ ਭਰਾ ਸਰਕਾਰ ਤੋਂ ਦਵਾਈਆਂ ਦੀ ਮੰਗ ਕਰਦੇ ਹਨ ਜੋ ਪੂਰੀ ਨਹੀਂ ਕੀਤੀ ਜਾਂਦੀ। ਮੂ ਵਾਸੀਆਂ ਵਿੱਚ ਇਨ੍ਹਾਂ ਮਾਮੂਲੀ ਬੀਮਾਰੀਆਂ ਨਾਲ ਲੜਨ ਦੀ ਕੁਦਰਤੀ ਸਮਰੱਥਾ ਨਹੀਂ ਸੀ। 

ਖ਼ੋਜੀ ਦਲ ਦੇ ਪਿੱਛੇ ਸਰਕਾਰੀ ਨੁਮਾਇੰਦੇ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ। ਸਰਕਾਰ ਦੀ ਨੀਤ ਜ਼ਾਹਿਰ ਹੋ ਜਾਂਦੀ ਹੈ। ਸਰਕਾਰ ਅਮੀਰਾਂ ਨੂੰ ਜੰਗਲ ਵੇਚਣੇ ਸ਼ੁਰੂ ਕਰ ਦਿੰਦੀ ਹੈ। ਮੂਲਵਾਸੀਆਂ ਨੂੰ ਕੰਮ ਬਦਲੇ ਰੋਟੀ ਵੀ ਨਹੀਂ ਦਿੱਤੀ ਜਾਂਦੀ। ਜ਼ਮੀਨ 'ਤੇ ਕਬਜ਼ੇ ਲਈ ਮੂਲਵਾਸੀਆਂ ਦੇ ਪਿੰਡ ਜਲਾਏ ਜਾਂਦੇ ਹਨ।  ਕਤਲੇਆਮ ਅਤੇ ਬਲਾਤਕਾਰ ਦੇ ਸਾਕੇ ਵਰਤਾਏ ਜਾ ਰਹੇ ਹਨ। ਵਿਲਾਸ ਭਰਾਵਾਂ ਨੂੰ ਪਤਾ ਲੱਗਦਾ ਹੈ ਕਿ ਸਰਕਾਰ ਉਸ ਇਲਾਕੇ ਵਿੱਚ ਫ਼ੌਜੀ ਅੱਡੇ ਬਣਾ ਰਹੀ ਹੈ ਤਾਂ ਕਿ ਮੂਲਵਾਸੀਆਂ ਦੇ ਇਲਾਕੇ ਵਿੱਚ ਫ਼ੌਜ ਬਿਠਾਈ ਜਾ ਸਕੇ। ਹਕੂਮਤ ਮੂਲਵਾਸੀਆਂ ਨੂੰ ਸੁਰੱਖਿਅਤ ਇਲਾਕਾ ਦੇਣ ਤੋਂ ਮੁੱਕਰ ਜਾਂਦੀ ਹੈ। ਵਿਲਾਸ ਭਰਾਵਾਂ ਮੂਹਰੇ ਇਹ ਚੁਣੌਤੀ ਹੈ ਕਿ ਗੋਰਿਆਂ ਦਾ ਆਉਣਾ ਮੂਲਵਾਸੀਆਂ ਦੀ ਤਬਾਹੀ ਹੈ। ਗੋਰੇ ਉਨ੍ਹਾਂ ਕਹਿਣ ਨਾਲ ਆਉਣ ਤੋਂ ਰੁਕਣਗੇ ਨਹੀਂ। ਇਸ ਕਰਕੇ ਸਰਕਾਰ ਨਾਲ ਗੱਲਬਾਤ ਕਰਕੇ ਮੂਲਵਾਸੀਆਂ ਲਈ ਰਾਖਵੇਂ ਇਲਾਕੇ ਲਈ ਜ਼ੋਰ ਪਾਇਆ ਜਾਵੇ। ਤਿੰਨਾਂ ਭਰਾਵਾਂ ਵਿੱਚੋਂ ਇੱਕ ਕਲਾਡੀਉ ਮੂਲਵਾਸੀਆਂ ਨੂੰ ਹਥਿਆਰਬੰਦ ਕਰਕੇ ਜੰਗਲ ਦੇ ਇੱਕ ਹਿੱਸੇ 'ਤੇ ਕਬਜ਼ਾ ਕਰੀ ਬੈਠੇ ਅਮੀਰ ਨੂੰ ਭਜਾਉਂਦਾ ਹੈ। ਸਰਕਾਰ ਰਾਖਵਾਂ ਇਲਾਕਾ ਦੇਣ ਲਈ ਮੰਨ ਜਾਂਦੀ ਹੈ। ਕਲਾਡੀਉ ਨੂੰ ਮਸੌਦਾ ਲਿਖਣ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ। ਉਹ ਰਾਖ਼ਵੇਂ ਇਲਾਕੇ ਦਾ ਨਾਮ 'ਯਿੰਗੋ ਮੂਲਵਾਸੀ ਪਾਰਕ' ਰੱਖਣ ਦੀ ਤਜ਼ਵੀਜ਼ ਰੱਖਦਾ ਹੈ। ਸਰਕਾਰੀ ਨੁਮਾਇੰਦੇ ਦਾ ਕਹਿਣਾ ਹੈ ਕਿ ਮੂਲਵਾਸੀਆਂ ਨੂੰ ਬ੍ਰਾਜ਼ੀਲ ਵਿੱਚ ਕੋਈ ਪਸੰਦ ਨਹੀਂ ਕਰਦਾ। ਇਸ ਕਰਕੇ ਮੂਲਵਾਸੀ ਸ਼ਬਦ ਹਟਾ ਦਿਉ। ਬ੍ਰਾਜ਼ੀਲ ਦਾ ਅਰਥ ਇੱਥੇ 'ਪੜ੍ਹੇ-ਲਿਖੇ, ਸ਼ਹਿਰੀ ਅਤੇ ਸੱਭਿਅਕ ਗੋਰਿਆਂ' ਤੋਂ ਹੈ। ਪਾਰਕ ਦਾ ਨਾਮ ' ਯਿੰਗੋ ਕੌਮੀ ਪਾਰਕ' ਰੱਖਿਆ ਜਾਂਦਾ ਹੈ ਕਿਉਂਕਿ 'ਕੌਮੀ' ਸ਼ਬਦ ਫ਼ੌਜ ਅਤੇ 'ਸ਼ਹਿਰੀ ਸੱਭਿਅਕ ਜਮਾਤ' ਦੇ ਸੂਤ ਬੈਠਦਾ ਹੈ। ਇਸ ਬਿਆਨ ਵਿੱਚੋਂ ਨੇਸ਼ਨ ਸਟੇਟ ਦੇ ਕਿਰਦਾਰ ਦੀ ਝਲਕ ਪੈਂਦੀ ਹੈ ਜਿੱਥੇ ਮੁਲਕ ਦੀ ਏਕਤਾ ਅਤੇ ਅਖੰਡਤਾ ਦੇ ਨਾਮ ਉੱਤੇ ਮੂਲਵਾਸੀਆਂ ਦੀ ਹਰ ਹੱਕੀ ਮੰਗ ਉੱਤੇ ਸੁਹਾਗਾ ਫੇਰਨਾ ਜਾਇਜ਼ ਕਰਾਰ ਦਿੱਤਾ ਜਾ ਸਕਦਾ ਹੈ। ਨੇਸ਼ਨ ਸਟੇਟ ਦੀ ਨਜ਼ਰ ਵਿੱਚ ਮੂਲਵਾਸੀਆਂ ਦੀ ਕੀਮਤ ਜਾਨਵਰਾਂ ਦੇ ਬਰਾਬਰ ਹੈ ਜਿਨ੍ਹਾਂ ਨੂੰ ਪਾਰਕ ਵਿੱਚ ਤਾੜਨਾ ਮਜਬੂਰੀ ਹੈ। ਡਾਹਢੇ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਕਿ ਇਨ੍ਹਾਂ ਖ਼ਿੱਤਿਆਂ ਵਿੱਚ ਮੂਲਵਾਸੀ ਸਦੀਆਂ ਤੋਂ ਰਹਿੰਦੇ ਆਏ ਹਨ। ਘੁਸਪੈਠੀਏ ਸ਼ਹਿਰੀ ਲੋਕ ਹਨ ਨਾਂ ਕਿ ਮੂਲਵਾਸੀ। 'ਤਰੱਕੀ' ਦੇ ਨਾਮ 'ਤੇ ਮੂਲਵਾਸੀਆਂ ਨੂੰ ਕਦੇ ਵੀ ਬੇਦਖ਼ਲ ਕਰਨ ਦਾ ਹੱਕ ਹਾਕਮਾਂ ਕੋਲ ਰਾਖ਼ਵਾਂ ਹੈ। ਸਰਮਾਏਦਾਰ ਅਤੇ ਉਨ੍ਹਾਂ ਦੀਆਂ ਪਾਲਤੂ ਸਰਕਾਰਾਂ ਇਹ ਜਾਣਦੀਆਂ ਹਨ ਕਿ 'ਤਰੱਕੀ' ਦਾ ਲਾਹਾ ਕੁਝ ਅਮੀਰਾਂ ਦੇ ਹੱਥ ਹੀ ਜਾਣਾ ਹੈ। ਮੂਲਵਾਸੀਆਂ ਦੇ ਪੱਲੇ ਸਿਰਫ਼ ਉਜਾੜਾ ਪੈਣਾ ਹੈ। ਕਲਾਡੀਉ ਦਾ ਮੰਨਣਾ ਹੈ ਕਿ ਮੂਲਵਾਸੀਆਂ ਨੂੰ ਗੋਰਿਆਂ ਤੋਂ ਦੂਰ ਰੱਖ ਕੇ ਹੀ ਬਚਾਇਆ ਜਾ ਸਕਦਾ ਹੈ। ਸਰਕਾਰ ਪੂਰੇ ਖ਼ਿੱਤੇ ਨੂੰ ਕਬਜ਼ੇ ਹੇਠ ਕਰ ਰਹੀ ਹੈ। ਗੋਰਿਆਂ ਦੇ ਸੰਪਰਕ ਵਿੱਚ ਆਉਂਦੀ ਸਾਰ ਮੂਲਵਾਸੀ ਮਰਨੇ ਸ਼ੁਰੂ ਹੋ ਜਾਂਦੇ ਹਨ। ਕਲਾਡੀਉ ਮੂਲਵਾਸੀਆਂ ਨੂੰ ਵੱਖਰੇ-ਵੱਖਰੇ ਇਲਾਕਿਆਂ ਤੋਂ ਇਕੱਠੇ ਕਰਕੇ ਪਾਰਕ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੋ ਨਹੀਂ ਆਉਂਦੇ ਉਨ੍ਹਾਂ ਦੀ ਤਬਾਹੀ ਅਟੱਲ ਹੈ। 

ਅੱਜ 'ਯਿੰਗੋ ਕੌਮੀ ਪਾਰਕ' ਮੂਲਵਾਸੀਆਂ ਦਾ ਦੁਨੀਆਂ ਵਿੱਚ ਸਭ ਤੋਂ ਵੱਡਾ ਸੁਰਖਿੱਅਤ ਸਥਾਨ ਹੈ ਪਰ ਇਹ ਇਲਾਕਾ ਲਗਾਤਾਰ ਖ਼ਤਰੇ ਦੀ ਜ਼ੱਦ ਵਿੱਚ ਹੈ। ਮੌਜੂਦਾ ਸਰਕਾਰ ਵੱਡੇ ਪਾ੍ਰਜੈਕਟ ਲਾ ਰਹੀ ਹੈ ਜਿਨ੍ਹਾਂ ਵਿੱਚ ਵੱਡੇ ਬੰਨ੍ਹ ਸ਼ਾਮਲ ਹਨ। ਮੂਲਵਾਸੀ ਇਨ੍ਹਾਂ ਪ੍ਰਾਜੈਕਟਾਂ ਦੇ ਖ਼ਿਲਾਫ਼ ਲੜ ਰਹੇ ਹਨ। ਉਨ੍ਹਾਂ ਦੀ ਬਚੀ ਖੁਚੀ ਰਵਾਇਤੀ ਜੀਵਨ ਸ਼ੈਲੀ ਖ਼ਤਮ ਹੋਣ ਕਿਨਾਰੇ ਹੈ।  ਮੂਲਵਾਸੀਆਂ ਜਾਂ ਆਦਿਵਾਸੀਆਂ ਦੀ ਇਹ ਸੰਸਾਰ ਪੱਧਰ ਦੀ ਹੋਣੀ ਹੈ। ਸਾਡੇ ਮੁਲਕ ਵਿੱਚ ਪਿਛਲੇ ਦਸ ਸਾਲਾਂ ਵਿੱਚ ਮੂਲਵਾਸੀਆਂ ਦਾ ਉਜਾੜਾ ਹੋਰ ਤੇਜ਼ ਹੋਇਆ ਹੈ। ਖ਼ਾਸ ਕਰਕੇ ਕੇਂਦਰੀ ਭਾਰਤ ਵਿੱਚ ਮੂਲਵਾਸੀ ਉਜਾੜੇ ਦੇ ਖ਼ਿਲਾਫ਼ ਲੜ ਰਹੇ ਹਨ। ਜੰਗਲ, ਪਾਣੀ, ਜ਼ਮੀਨ ਅਤੇ ਖਣਿਜ ਦਿਓਕੱਦ ਬਹੁਕੌਮੀ ਕੰਪਨੀਆਂ ਨੂੰ ਲੁਟਾਏ ਜਾ ਰਹੇ ਹਨ। ਇਸ ਨੂੰ ਸਾਡੀ ਸਰਕਾਰ ਵੀ ਆਦਿਵਾਸੀਆਂ ਨੂੰ 'ਮੁਖਧਾਰਾ' ਵਿੱਚ ਲਿਆਉਣ ਦਾ ਪਵਿੱਤਰ ਕਾਰਜ ਮੰਨਦੀ ਹੈ। ਮਸ਼ਹੂਰ ਨਾਬਰ-ਚਿੰਤਕ ਜੌਹਨ ਜ਼ਾਰਜ਼ਨ ਨਾਬਰੀ ਦੇ ਪੈਂਤੜੇ ਤੋਂ ਦਲੀਲ ਦਿੰਦਾ ਹੈ ਕਿ ਅਖੌਤੀ ਅਧੁਨਿਕਤਾ ਸਿੱਧੇ ਜਾਂ ਅਸਿੱਧੇ ਢੰਗ ਨਾਲ ਆਦਿਵਾਸੀਆਂ ਨੂੰ ਪਾਲਤੂ ਬਣਾਉਣ ਦਾ ਕੰਮ ਕਰਦੀ ਹੈ। ਮੁਖਧਾਰਾ ਵਿੱਚ ਲਿਆਉਣ ਦਾ ਮਤਲਬ ਮਨੁੱਖ ਨੂੰ ਪਾਲਤੂ ਬਣਾਉਣਾ ਗਿਣਿਆ ਜਾਵੇਗਾ। ਫ਼ਿਲਮ ਵਿੱਚ ਸਾਰੇ ਯਿੰਗੋ ਖ਼ਿੱਤੇ ਉੱਤੇ ਸਰਕਾਰ ਦਾ ਕਬਜ਼ਾ ਹੋ ਜਾਂਦਾ ਹੈ। ਆਖ਼ਰੀ ਕਬੀਲਾ 'ਕਰੀਨ ਅਕਰੋਰੀ' ਗੋਰਿਆਂ ਤੋਂ 'ਅਣਛਿਹਆ' ਪਿਆ ਹੈ। ਬ੍ਰਾਜ਼ੀਲ ਵਿੱਚ ਉਸ ਵੇਲੇ ਅਮਰੀਕਾ ਪੱਖੀ ਫ਼ੌਜੀ ਹਕੂਮਤ ਸੱਤਾ ਵਿੱਚ ਆ ਚੁੱਕੀ ਸੀ ਜੋ ਐਮਾਜ਼ੌਨ ਦੇ ਜੰਗਲਾਂ 'ਤੇ ਹਾਬੜੀ ਪਈ ਸੀ। ਫ਼ੌਜੀ ਜਰਨੈਲ, ਉਰਲਾਂਡੋ ਵਿਲਾਸ ਭਰਾਵਾਂ ਨੂੰ ਕਹਿੰਦਾ ਹੈ ਕਿ ਅਸੀਂ ਇਸ ਕਬੀਲੇ ਦੇ ਇਲਾਕੇ ਦੇ ਆਰ-ਪਾਰ ਬਹੁ-ਕਤਾਰੀ ਸੜਕ ਕੱਢ ਰਹੇ ਹਾਂ। ਉਰਲਾਂਡੋ ਬੇਨਤੀ ਕਰਦਾ ਹੈ ਕਿ ਘੱਟੋ-ਘੱਟ ਇੱਕ ਕਬੀਲੇ ਨੂੰ ਤਾਂ ਇਕਾਂਤ ਬਖ਼ਸ਼ ਦਿਓ। ਫ਼ੌਜੀ ਦਾ ਪੈਂਤੜਾ ਸਾਫ਼ ਹੈ। ਉਹ ਕਹਿੰਦਾ ਹੈ, "ਕਿਸੇ ਦਾ ਵੀ ਇਕਾਂਤ ਵਿੱਚ ਰਹਿਣਾ ਚੰਗੀ ਗੱਲ ਨਹੀਂ ਹੈ। ਸਿਰਫ਼ 'ਤਰੱਕੀ' ਹੀ ਚੰਗੀ ਚੀਜ਼ ਹੈ। ਉਹ ਮੂਲਵਾਸੀਆਂ ਲਈ ਵੀ ਚੰਗੀ ਹੈ।" ਉਰਲਾਂਡੋ ਦਾ ਜਵਾਬ ਹੈ, " ਨਹੀਂ ... ਇਹ ਤਰੱਕੀ ਦਾ ਮਾਡਲ ਸਾਡੇ ਲਈ ਵੀ ਚੰਗਾ ਨਹੀਂ ਹੈ। ਮੂਲਵਾਸੀਆਂ ਲਈ ਤਾਂ ਇਹ ਖ਼ਤਰਨਾਕ, ਗ਼ੈਰ-ਲੋੜੀਂਦਾ ਅਤੇ ਗ਼ੈਰ-ਜ਼ਰੂਰੀ ਹੈ।" 

ਪਹਿਲੀ ਵਾਰ ਛੇ ਸੌ 'ਕਰੀਨ ਅਕਰੋਰੀ' ਮੂਲਵਾਸੀ ਗੋਰੇ ਬੰਦੇ ਦੇ ਸੰਪਰਕ ਵਿੱਚ ਆਏ ਸਨ।  ਸ਼ਾਹਰਾਹ ਬਣਨ ਤੱਕ ਸਿਰਫ਼ ਉਣਾਸੀ ਮੂਲਵਾਸੀ ਬਚੇ ਸਨ ਜਿਨ੍ਹਾਂ ਨੂੰ 'ਯਿੰਗੋ ਕੌਮੀ ਪਾਰਕ' ਵਿੱਚ ਲਿਆਂਦਾ ਗਿਆ। ਇਸੇ ਕੜੀ ਵਿੱਚ ਲੇਖਕ ਅਰੁੰਧਤੀ ਰਾਏ ਸਾਡੀ ਸਰਕਾਰ ਨੂੰ ਕਹਿੰਦੀ ਹੈ ਕਿ ਆਦਿਵਾਸੀਆਂ ਅਤੇ ਚੌਗਿਰਦੇ ਦੀ ਭਲਾਈ ਲਈ ਬਾਕਸਾਈਟ ਪਹਾੜਾਂ ਦੇ ਵਿੱਚ ਪਿਆ ਰਹਿਣ ਦਿਓ। ਅਰੁੰਧਤੀ ਦਾ ਇਸ਼ਾਰਾ ਉਸ ਅਖੌਤੀ ਵਿਕਾਸ ਦੇ ਸਿੱਟਿਆਂ ਵੱਲ ਹੈ ਜੋ ਸਾਂਝੀਵਾਲਤਾ, ਕੁਦਰਤ ਪੱਖੀ ਜਾਂ ਸਭ ਦੀ ਸ਼ਮੂਲੀਅਤ ਦੇ ਵਿਚਾਰ ਉੱਤੇ ਟਿਕਿਆ ਹੋਇਆ ਨਹੀਂ ਹੈ। ਉੜੀਸਾ ਦਾ ਡੌਂਗਰੀਆ ਕੌਂਧ ਕਬੀਲਾ ਉਨ੍ਹਾਂ ਪਹਾੜਾਂ ਦਾ ਵਾਸੀ ਹੈ ਜਿਨ੍ਹਾਂ ਹੇਠ ਬਾਕਸਾਈਟ ਦੱਬਿਆ ਪਿਆ ਹੈ। ਇਸੇ ਬਾਕਸਾਈਟ ਦੀ ਲੁੱਟ ਮਚਾਉਣ ਲਈ ਕੌਂਧ ਕਬੀਲੇ ਨੂੰ ਉਜਾੜਿਆ ਜਾ ਰਿਹਾ ਹੈ। ਭੂਤਰੇ ਹਾਕਮਾਂ ਲਈ ਆਦਿਵਾਸੀ ਲੁੱਟ ਦੇ ਰਾਹ ਦਾ ਮੁੱਖ ਅੜਿੱਕਾ ਹਨ। ਅੰਗਰੇਜ਼ੀ ਅਖ਼ਬਾਰ 'ਇੰਡੀਅਨ ਐਕਸਪ੍ਰੈਸ' ਵਿੱਚ ਕਾਲਮ ਨਵੀਸ ਤਵਲੀਨ ਸਿੰਘ ਲਿਖਦੀ ਹੈ ਕਿ ਹੁਣ ਅਨਪੜ੍ਹ ਆਦਿਵਾਸੀ ਸਾਨੂੰ ਦੱਸਣਗੇ ਕਿ ਜਲ, ਜੰਗਲ ਅਤੇ ਜ਼ਮੀਨ ਕਿਸਦੀ ਹੈ? ਉਹ ਸਰਕਾਰ ਨੂੰ ਲੁੱਟ ਦਾ ਹੱਲਾ ਹੋਰ ਤੇਜ਼ ਕਰਨ ਲਈ ਉਕਸਾਉਂਦੀ ਹੈ। ਇਹ ਉਹੀ 'ਸ਼ਹਿਰੀ ਸੱਭਿਅਕ ਜਮਾਤ' ਹੈ ਜੋ ' ਯਿੰਗੋ ਪਾਰਕ' ਵਿੱਚ ਮੂਲਵਾਸੀ ਸ਼ਬਦ ਵੀ ਬਰਦਾਸ਼ਤ ਨਹੀਂ ਕਰਦੀ। ਉਂਝ ਹੋ ਸਕਦਾ ਹੈ ਕਿ ਇਹ ਬ੍ਰਾਜ਼ੀਲੀ ਸਰਕਾਰ ਦੇ ਉਲਟ ਆਦਿਵਾਸੀਆਂ ਲਈ ਰੱਤੀ ਭਰ ਜ਼ਮੀਨ ਛੱਡਣ ਲਈ ਵੀ ਤਿਆਰ ਨਾ ਹੋਣ। 'ਤਰੱਕੀ' ਅਤੇ 'ਤਜਰਬਾ' ਵੀ ਤਾਂ ਆਖ਼ਰ ਕੋਈ ਸ਼ੈਅ ਹੈ।

Saturday, 7 September 2013

ਨਾਬਰਾਂ (ਅਨਾਰਕਿਸਟਾਂ) ਦਾ 'ਸਿਨੇਮਾ'

ਜਤਿੰਦਰ ਮੌਹਰ


ਅਨਾਰਕਿਜ਼ਮ ਸ਼ਬਦ ਨੂੰ ਪੰਜਾਬੀ ਜਾਂ ਹਿੰਦੀ ਵਿੱਚ ਇੰਨ-ਬਿੰਨ ਅਰਾਜਕਤਾਵਾਦੀ ਸ਼ਬਦ ਦੇ ਰੂਪ 'ਚ ਉਲਥਾਇਆ ਗਿਆ ਹੈ। ਇਸ ਸ਼ਬਦ ਤੋਂ ਸਾਡੇ ਦਿਮਾਗ 'ਚ ਬੇਮਕਸਦ ਭੰਨ-ਤੋੜ ਅਤੇ ਖ਼ੂਨ-ਖ਼ਰਾਬਾ ਕਰਨ ਵਾਲੀ ਵਿਚਾਰਧਾਰਾ ਦਾ ਬਿੰਬ ਉਭਰਦਾ ਹੈ। ਜਿਸ ਕਰਕੇ ਇਸ ਸ਼ਬਦ ਨੂੰ ਲੁੰਪਨ ਸ਼ਬਦ ਦੇ ਨਾਲ ਵੀ ਵਰਤ ਲਿਆ ਜਾਂਦਾ ਹੈ। ਇਹ ਗ਼ਲਤ ਪ੍ਰਸੰਗ 'ਚ ਪੜ੍ਹਿਆ ਜਾਣ ਵਾਲਾ ਸ਼ਬਦ ਹੈ। ਪੰਜਾਬੀ 'ਚ ਨਾਬਰ ਸ਼ਬਦ ਅਨਾਰਕਿਸਟ ਦੇ ਨੇੜੇ ਦਾ ਸ਼ਬਦ ਹੋ ਸਕਦਾ ਹੈ। ਨਾਬਰ ਅਤੇ ਇਨਕਲਾਬੀ ਹੋਣ 'ਚ ਫਰਕ ਹੈ। ਨਾਬਰ ਪਰਿਵਾਰ ਤੋਂ ਲੈ ਕੇ ਰਾਜ ਤੱਕ ਦੇ ਹਰ ਗ਼ਲਬੇ ਨੂੰ ਚੁਣੌਤੀ ਦਿੰਦਾ ਹੈ ਅਤੇ ਉਸਦੇ ਖ਼ਿਲਾਫ਼ ਲੜਦਾ ਹੈ ਪਰ ਇਨਕਲਾਬੀ ਬਦਲਵਾਂ ਪ੍ਰਬੰਧ ਪੇਸ਼ ਕਰਦਾ ਹੈ। ਜੇ ਨਾਬਰਾਂ ਦੇ ਪੇਸ਼ ਕੀਤੇ ਬਦਲਵੇਂ ਪ੍ਰਬੰਧ 'ਤੇ ਵਿਚਾਰ ਕੀਤੀ ਜਾਵੇ ਤਾਂ ਉਹ ਸਿਰੇ ਦਾ ਯੂਟੋਪੀਆ ਸਿਰਜਦੇ ਹਨ ਜਿੱਥੇ ਰਾਜ-ਰਹਿਤ ਸਮਾਜ ਦੀ ਗੱਲ ਕਰਦੇ ਹਨ। ਇਸ ਸਮਾਜ 'ਚ ਬੰਦੇ ਦਾ ਬੰਦੇ ਨਾਲ ਸਾਂਝੀਵਾਲਤਾ ਵਾਲਾ ਰਿਸ਼ਤਾ ਆਪਸੀ ਵਿਹਾਰ 'ਚੋਂ ਪੈਦਾ ਹੋਵੇਗਾ। ਇਸ ਵਿਹਾਰ ਨੂੰ ਕੋਈ ਪਰਿਵਾਰ, ਪਾਰਟੀ, ਪੁਲਸ-ਫ਼ੌਜ ਜਾਂ ਰਾਜਤੰਤਰ ਤੈਅ ਨਹੀਂ ਕਰੇਗਾ। ਕਮਿਉਨਿਜ਼ਮ ਵੀ ਸਮਾਜਵਾਦ ਦੇ ਅਗਲੇਰੇ ਪੜਾਅ ਸਾਮਵਾਦ 'ਚ ਰਾਜ ਦੇ ਗਾਇਬ ਹੋਣ ਦੀ ਗੱਲ ਕਰਦਾ ਹੈ। ਜਦੋਂ ਇੱਕ ਹੀ ਜਮਾਤ ਹੋਵੇਗੀ ਤਾਂ ਰਾਜ ਦੀ ਲੋੜ ਨਹੀਂ ਰਹੇਗੀ। ਕਈ ਸਿਆਸੀ-ਪੜਚੋਲੀਏ ਨਾਬਰੀ ਨੂੰ ਕਮਿਉਨਿਜ਼ਮ ਦਾ ਹਿੱਸਾ ਮੰਨਦੇ ਹਨ। 

ਆਲਮੀ ਪੱਧਰ 'ਤੇ ਨਾਬਰਾਂ ਅਤੇ ਇਨਕਲਾਬੀਆਂ ਦੀ ਆਪਸੀ ਲੰਬੀ ਬਹਿਸ ਰਹੀ ਹੈ। ਜਿਨ੍ਹਾਂ 'ਚ ਮਸ਼ਹੂਰ ਨਾਬਰ ਬਾਕੂਨਿਨ ਅਤੇ ਕਾਰਲ ਮਾਰਕਸ ਦੀ ਆਪਸੀ ਬਹਿਸ ਵੀ ਸ਼ਾਮਲ ਹੈ ਜਿੱਥੇ ਉਹ ਕਮਿਉਨਿਸਟਾਂ ਦੇ 'ਪ੍ਰੋਲੇਤਾਰੀਆਂ ਦੀ ਤਾਨਾਸ਼ਾਹੀ' ਦੇ ਵਿਚਾਰ ਨੂੰ ਚੁਣੌਤੀ ਦਿੰਦਾ ਹੈ। ਪੰਜਾਬ ਦਾ ਸਿਰਮੌਰ ਸ਼ਹੀਦ ਭਗਤ ਸਿੰਘ ਮੁੱਢਲੇ ਸਿਆਸੀ ਜੀਵਨ 'ਚ ਨਾਬਰ ਬਾਕੂਨਿਨ ਨਾਲ ਸਾਂਝ ਪਾਉਂਦਾ ਹੈ। ਭਗਤ ਸਿੰਘ ਨਾਬਰੀ ਦੇ ਅਰਥਾਂ ਅਤੇ ਨਿਸ਼ਾਨਿਆਂ ਬਾਰੇ ਵਿਸਤਾਰ ਨਾਲ ਲਿਖਦਾ ਹੈ। ਉਹ ਇਸ ਨੂੰ ਗ਼ਲਤ ਅਰਥਾਂ 'ਚ ਪੇਸ਼ ਕੀਤੇ ਜਾਣ ਦੀ ਲੰਬੀ ਤਫ਼ਸੀਲ (ਕਿਤਾਬ-ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀਆਂ ਲਿਖਤਾਂ) ਦਿੰਦਾ ਹੈ, "ਅਨਾਰਕਿਜ਼ਮ ਯੂਨਾਨੀ ਬੋਲੀ ਦੇ ਦੋ ਸ਼ਬਦਾਂ  AN (Not)  ਅਤੇ  Arche (Rule)   ਤੋਂ ਬਣਿਆ ਹੈ ਜਿਸਦਾ ਅਰਥ ਹੈ 'ਕੋਈ ਸੱਤਾ ਨਾ ਹੋਣਾ' ਮਤਲਬ ਮਨੁੱਖ ਦੀ ਪੂਰਨ ਆਜ਼ਾਦੀ। ਅਸੀਂ ਇਹ ਸ਼ਬਦ ਸੁਣਕੇ ਡਰ ਜਾਂਦੇ ਹਾਂ ਕਿ ਇਹ ਅਸੰਭਵ ਅਤੇ ਖ਼ਤਰਨਾਕ ਹੈ। ਅਨਾਰਕਿਜ਼ਮ 'ਚ ਜਿਸ ਆਦਰਸ਼ ਆਜ਼ਾਦੀ ਦੀ ਗੱਲ ਕੀਤੀ ਗਈ ਹੈ ਉਹ ਪੂਰਨ ਆਜ਼ਾਦੀ ਹੈ। ਜਿੱਥੇ ਮਨੁੱਖ ਨੂੰ ਹਰ ਭੈਅ, ਮਾਇਆ, ਦੌਲਤ ਦੇ ਲਾਲਚ ਜਾਂ ਖ਼ਬਤ ਤੋਂ ਆਜ਼ਾਦੀ ਮਿਲੇਗੀ ਪਰ ਆਜ਼ਾਦੀ ਦੇ ਨਾਮ 'ਤੇ ਉਸਦਾ ਸਰੀਰ ਕਿਸੇ ਸਰਕਾਰ ਜਾਂ ਪ੍ਰਬੰਧ ਦਾ ਗ਼ੁਲਾਮ ਨਹੀਂ ਹੋਵੇਗਾ।" ਬਾਕੂਨਿਨ ਰਾਹੀਂ ਭਗਤ ਸਿੰਘ ਦਾ ਸਿਆਸੀ ਸਫ਼ਰ ਉਸ ਨੂੰ ਬਾਬੇ ਮਾਰਕਸ ਦੀ ਵਿਚਾਰਧਾਰਾ ਵੱਲ ਲੈ ਤੁਰਦਾ ਹੈ। 

ਵਲੈਤ, ਰੂਸ, ਜਰਮਨ, ਫ਼ਰਾਂਸ, ਇਟਲੀ ਅਤੇ ਸਪੇਨ ਵਿੱਚ ਨਾਬਰਾਂ ਦਾ ਲੰਬਾ ਇਤਿਹਾਸ ਰਿਹਾ ਹੈ। ਸੰਨ੍ਹ ਉੱਨ੍ਹੀ ਸੌ ਦਸ ਤੋਂ ਬਾਅਦ ਇਸ ਵਿਚਾਰਧਾਰਾ ਨੂੰ ਮੰਨਣ ਵਾਲੇ ਦੁਨੀਆਂ ਦੇ ਕਈ ਮੁਲਕਾਂ 'ਚ ਫੈਲ ਗਏ। ਏਸ਼ੀਆ 'ਚ ਜਪਾਨ, ਕੋਰੀਆ ਅਤੇ ਚੀਨ ਦੇ ਇਤਿਹਾਸ ਵਿੱਚ ਨਾਬਰਾਂ ਦੀਆਂ ਕਾਰਵਾਈਆਂ ਦਾ ਜ਼ਿਕਰ ਮਿਲਦਾ ਹੈ। ਬ੍ਰਾਜ਼ੀਲ ਅਤੇ ਅਰਜਨਟੀਨਾ ਵਿੱਚ ਇਸ ਵਿਚਾਰਧਾਰਾ ਨੂੰ ਇਟਲੀ, ਜਰਮਨ ਅਤੇ ਯੂਰਪ ਤੋਂ ਆਏ ਪ੍ਰਵਾਸੀਆਂ ਨੇ ਪ੍ਰਚਾਰਿਆ। ਸੰਨ੍ਹ ਉੱਨ੍ਹੀ ਸੌ ਤੀਹ ਤੱਕ ਬ੍ਰਾਜ਼ੀਲ ਦੇ ਸਿਆਸੀ ਇਤਿਹਾਸ 'ਚ ਨਾਬਰਾਂ ਦੀ ਜ਼ਿਕਰਯੋਗ ਭੂਮਿਕਾ ਰਹੀ ਹੈ। ਮਜ਼ਦੂਰਾਂ ਦੇ ਹੱਕ ਦੀ ਗੱਲ ਇਨ੍ਹਾਂ ਲਾਤੀਨੀ ਮੁਲਕਾਂ 'ਚ ਨਾਬਰਾਂ ਨੇ ਕਰਨੀ ਸ਼ੁਰੂ ਕੀਤੀ। ਬ੍ਰਾਜ਼ੀਲ 'ਚ ਨਾਬਰਾਂ ਦੇ ਇਕ ਗੁੱਟ ਨੇ ਬ੍ਰਾਜ਼ੀਲੀ ਕਮਿਉਨਿਸਟ ਪਾਰਟੀ ਦੀ ਸਥਾਪਨਾ ਕੀਤੀ। ਸੰਨ੍ਹ ਉੱਨ੍ਹੀ ਸੌ ਤੀਹ 'ਚ ਸੱਤਾ 'ਚ ਆਏ ਫ਼ੌਜੀ-ਨਿਜ਼ਾਮ ਨੇ ਨਾਬਰਾਂ ਨੂੰ ਵੱਡੀ ਸੱਟ ਮਾਰੀ ਅਤੇ ਉਹ ਮੁੜ ਪੈਰਾਂ ਭਾਰ ਨਹੀਂ ਹੋ ਸਕੇ। ਨਾਬਰਾਂ ਦੀ ਵੱਡੀ ਗਿਣਤੀ ਕਮਿਉਨਿਸਟ ਪਾਰਟੀ 'ਚ ਸ਼ਾਮਲ ਹੋ ਗਈ। ਕਮਿਉਨਿਸਟਾਂ ਅਤੇ ਨਾਬਰਾਂ ਦੀ ਆਪਸੀ ਬਹਿਸ ਅਤੇ ਮਿਲ ਕੇ ਕੰਮ ਕਰਨ ਦਾ ਆਪਣਾ ਇਤਿਹਾਸ ਹੈ। ਬਰਾਬਰੀ ਦਾ ਅਤੇ ਦਾਬੇ ਰਹਿਤ ਸਮਾਜ ਸਿਰਜਣਾ ਦੋਹਾਂ ਦੀ ਸਾਂਝੀ ਪਹੁੰਚ ਹੈ ਪਰ ਨਾਬਰਾਂ ਦੇ ਉਲਟ ਕਮਿਉਨਿਸਟ ਵੱਡੀ ਜੱਥੇਬੰਦਕ-ਤਾਕਤ ਰਹੇ ਹਨ।  

ਨਾਬਰਾਂ ਦਾ ਸਿਨੇਮਾ ਧਾਰਨਾ ਦੇ ਰੂਪ 'ਚ ਸਥਾਪਿਤ ਸ਼ੈਅ ਨਹੀਂ ਹੈ। ਨਾਬਰਾਂ ਦੇ ਇਤਿਹਾਸ 'ਤੇ ਬਣੀਆਂ ਫ਼ਿਲਮਾਂ ਜਾਂ ਜਿਨ੍ਹਾਂ ਫ਼ਿਲਮਾਂ 'ਚ ਉਨ੍ਹਾਂ ਦਾ ਪ੍ਰਸੰਗ ਆਉਂਦਾ ਹੈ। ਉਨ੍ਹਾਂ ਨੂੰ ਚਲੰਤ ਬੋਲੀ 'ਚ ਨਾਬਰਾਂ ਦਾ 'ਸਿਨੇਮਾ' ਕਹਿ ਲਿਆ ਜਾਂਦਾ ਹੈ। ਵਿਚਾਰਧਾਰਾ ਅਤੇ ਗ਼ਲਬੇ ਦੀਆਂ ਸੂਖ਼ਮ ਤੈਹਾਂ ਨੂੰ ਵੱਖਰੇ-ਵੱਖਰੇ ਤਰੀਕੇ ਨਾਲ ਪਰਦਾਪੇਸ਼ ਕੀਤਾ ਗਿਆ ਹੈ। ਜਿਨ੍ਹਾਂ 'ਚੋਂ ਪਛਾਨਣਾ ਹੁੰਦਾ ਹੈ ਕਿ ਕਿਹੜੀ ਗੱਲ ਸਮਾਜਵਾਦ, ਮਨੁੱਖਤਾਵਾਦ, ਆਦਰਸ਼ਵਾਦ, ਕਮਿਉਨਿਜ਼ਮ ਜਾਂ ਨਾਬਰੀ ਦੇ ਪੈਂਤੜੇ ਤੋਂ ਹੋ ਰਹੀ ਹੈ? ਮੋਟੇ ਰੂਪ 'ਚ ਇਹ ਕਿਹਾ ਜਾਂਦਾ ਹੈ ਕਿ ਨਾਬਰੀ ਦੇ ਪੈਂਤੜੇ ਤੋਂ ਫ਼ਿਲਮਾਂ ਬਣਾਉਣ ਦਾ ਰੁਝਾਨ ਸਿਨੇਮੇ ਦੇ ਮੁੱਢਲੇ ਦਿਨਾਂ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਸੰਨ੍ਹ ਉੱਨ੍ਹੀ ਸੌ ਤੇਤੀ 'ਚ ਬਣੀ ਫ਼ਿਲਮ 'ਜ਼ੀਰੋ ਫਾਰ ਕੰਡਕਟ' ਉਨ੍ਹਾਂ ਮੁੱਢਲੀਆਂ ਫ਼ਿਲਮਾਂ 'ਚੋਂ ਇੱਕ ਹੈ ਜੋ ਫ਼ਰਾਂਸ ਵਿੱਚ ਸੰਨ੍ਹ ਉੱਨ੍ਹੀ ਸੌ ਛਿਆਲੀ ਤੱਕ ਪਾਬੰਦੀ ਦਾ ਸ਼ਿਕਾਰ ਰਹੀ।  ਬਹੁਤ ਬਾਅਦ ਬਣੀਆਂ ਕਈ ਫ਼ਿਲਮਾਂ 'ਤੇ ਇਸ ਫ਼ਿਲਮ ਦਾ ਅਸਰ ਦੱਸਿਆ ਜਾਂਦਾ ਹੈ ਜਿਵੇਂ 'ਦਿ 400 ਬਲੋਜ਼।' ਇਸ ਫ਼ਿਲਮ 'ਚ ਚਾਰ ਮੁੰਡੇ ਸਕੂਲ ਦੇ ਗ਼ਲਬੇ ਖ਼ਿਲਾਫ਼ ਪੈਂਤੜਾ ਲੈਂਦੇ ਹਨ। ਕਈ ਪੜਚੋਲੀਏ ਇਸ ਫ਼ਿਲਮ 'ਚ ਪੇਸ਼ ਹੋਏ ਬਾਲਗ਼ਾਂ ਅਤੇ ਨਾਬਾਲਗ਼ਾਂ ਦੇ ਆਪਸੀ ਵਿਰੋਧ ਨੂੰ ਜਮਾਤੀ ਸੰਘਰਸ਼ ਵਜੋਂ ਪੇਸ਼ ਕਰਦੇ ਹਨ ਅਤੇ ਕਈ ਸਿੱਖਿਆ ਢਾਂਚੇ ਨੂੰ ਗ਼ਲਬੇ ਦੇ ਰੂਪ 'ਚ ਪੇਸ਼ ਕਰਦੇ ਹਨ। 

ਕਈ ਮੌਜੂਦਾ ਪੱਛਮੀ ਫ਼ਿਲਮਾਂ 'ਚ ਨਾਬਰਾਂ ਦੀ ਪੇਸ਼ਕਾਰੀ ਜੋਕਰਾਂ, ਆਪਹੁਦਰਿਆਂ ਜਾਂ ਵਿਚਾਰਧਾਰਾ ਦੇ ਨਾਮ 'ਤੇ ਕੱਚਘਰੜ ਕਿਸਮ ਦੇ ਪਾਤਰਾਂ ਅਤੇ ਖਰੂਦੀ ਤੱਤਾਂ ਵਜੋਂ ਹੋ ਰਹੀ ਹੈ। ਇਨ੍ਹਾਂ ਫ਼ਿਲਮਾਂ ਦੇ ਬਹਾਨੇ, ਗ਼ਲਬੇ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਭੰਡਿਆ ਜਾਂਦਾ ਹੈ। ਹਰ ਤਰ੍ਹਾਂ ਦੇ ਵਿਰੋਧ ਨੂੰ ਅਮਨ-ਕਨੂੰਨ ਦਾ ਮਸਲਾ ਬਣਾਕੇ ਪੇਸ਼ ਕੀਤਾ ਜਾਂਦਾ ਹੈ। ਅੰਨ੍ਹੀ ਭੰਨ-ਤੋੜ ਅਤੇ ਕਤਲਾਂ 'ਚ ਲੱਗੇ ਲੋਕਾਂ ਨੂੰ 'ਨਾਬਰ' ਨਾਮ ਨਾਲ ਪ੍ਰਚਾਰਿਆ ਜਾਂਦਾ ਹੈ। ਇਹ ਸ਼ਬਦ ਫ਼ਿਲਮ ਦੀ ਇਸ਼ਤਿਹਾਰਬਾਜ਼ੀ ਵਿੱਚ ਉਘੜਵੇਂ ਰੂਪ 'ਚ ਵਰਤਿਆ ਜਾਂਦਾ ਹੈ। ਜਰਮਨ ਵਿੱਚ ਇਸ ਰੁਝਾਨ ਦੀਆਂ ਨੁਮਾਇੰਦਾ ਫ਼ਿਲਮਾਂ ਬਣੀਆਂ ਹਨ। ਇਸ ਖਿੱਤੇ 'ਚ ਨਾਬਰਾਂ ਦਾ ਲੰਬਾ ਇਤਿਹਾਸ ਰਿਹਾ ਹੈ। 

ਫ਼ਰਾਂਸ ਦੇ ਮਸ਼ਹੂਰ ਨਾਬਰ-ਚਿੰਤਕ ਜੀਨ ਪਾਲ ਸਾਰਤਰ ਦਾ ਕਹਿਣਾ ਹੈ, "ਨਾਬਰੀ ਨੈਤਿਕਤਾ ਮੁਖੀ ਹੋਣੀ ਚਾਹੀਦੀ ਹੈ।" ਇਸ ਸੰਦਰਭ 'ਚ ਕਈ ਗੌਲਣਯੋਗ ਫ਼ਿਲਮਾਂ ਪਰਦਾਪੇਸ਼ ਹੋਈਆਂ ਹਨ। ਇਨ੍ਹਾਂ 'ਚੋਂ ਬਹੁਤੀਆਂ ਫ਼ਿਲਮਾਂ ਸਪੇਨੀ ਖ਼ਾਨਾਜੰਗੀ ਨਾਲ ਸੰਬੰਧਤ ਹਨ ਜਿਸ ਵਿੱਚ ਨਾਬਰਾਂ ਦਾ ਅਹਿਮ ਹਿੱਸਾ ਰਿਹਾ ਹੈ।  'ਜ਼ੀਰੋ ਫਾਰ ਕੰਡਕਟ', 'ਬਟਰਫਲਾਈ', 'ਦਿ ਅਨਾਰਕਿਸਟ' (ਕੋਰੀਅਨ ਫ਼ਿਲਮ), 'ਲੈਂਡ ਐਂਡ ਫਰੀਡਮ', 'ਲਿਬਰੇਟਰਜ਼', 'ਐਜੂਕੇਟਰਜ਼', 'ਸੈਕੋ ਐਂਡ ਵੈਂਜ਼ੈਟੀ' ਵਗੈਰਾ ਦਾ ਨਾਮ ਸ਼ਾਮਲ ਹੈ। ਇਨ੍ਹਾਂ ਵਿੱਚੋਂ 'ਬਟਰਫਲਾਈ' ਸ਼ਾਹਕਾਰ ਫ਼ਿਲਮ ਦੇ ਤੌਰ 'ਤੇ ਜਾਣੀ ਜਾਂਦੀ ਹੈ। ਇਨ੍ਹਾਂ ਫ਼ਿਲਮਾਂ ਬਾਰੇ ਲਿਖਣਾ ਲੰਬੇ ਲੇਖ ਦੀ ਮੰਗ ਕਰਦਾ ਹੈ। ਆਉਣ ਵਾਲੇ ਸਮੇਂ 'ਚ ਇਨ੍ਹਾਂ ਖ਼ਾਸ ਫ਼ਿਲਮਾਂ 'ਤੇ ਚਰਚਾ ਕਰਦੇ ਰਹਾਂਗੇ। 

(ਲੇਖਕ ਨਾਬਰੀ (Anarchism) ਅਤੇ ਨਾਬਰਾਂ (Anarchists) ਨਾਲ ਜੁੜੀਆਂ ਫ਼ਿਲਮਾਂ ਬਾਬਤ ਲੇਖ ਲੜੀ ਲਿਖ ਰਿਹਾ ਹੈ। ਉਹ ਉਸ ਲੜੀ ਦਾ ਪਹਿਲਾ ਲੇਖ ਹੈ।)

Saturday, 24 August 2013

ਮੁਕਾਮੀ ਤ੍ਰਾਸਦੀਆਂ ਅਤੇ ਲਾਤੀਨੀ ਸਿਨੇਮਾ

ਜਤਿੰਦਰ ਮੌਹਰ


ਸਿਨੇਮਾ ਮਨੁੱਖੀ ਸੰਵੇਦਨਾ ਦੀ ਪਰਦਾਪੇਸ਼ੀ ਦਾ ਮਾਧਿਅਮ ਹੈ ਜੋ ਮਨੁੱਖੀ ਪਿੰਡੇ ਅਤੇ ਰੂਹਾਂ 'ਤੇ ਹੰਢਾਈਆਂ ਤ੍ਰਾਸਦੀਆਂ ਨਾਲ ਸੰਵਾਦ ਰਚਾਉਂਦਾ ਹੈ। ਜ਼ਿੰਮੇਵਾਰੀ ਨਾਲ ਕੀਤੇ ਸੰਵਾਦ 'ਚੋਂ ਲੋਕਾਈ ਦੇ ਰੌਸ਼ਨ ਭਵਿੱਖ ਦੀ ਪੈੜ ਮਿਲ ਸਕਦੀ ਹੈ। ਬੇਸ਼ੱਕ ਚਾਲੂ ਅਤੇ ਗ਼ੈਰ-ਜ਼ਿੰਮੇਵਾਰ ਫ਼ਿਲਮਾਂ ਬਣਾਉਣ ਦਾ ਰੁਝਾਨ ਭਾਰੂ ਹੈ ਪਰ ਸੁਹਿਰਦ ਅਤੇ ਜ਼ਿੰਮੇਵਾਰ ਸਿਨੇਮਾ ਦੀ ਲੰਬੀ ਰਵਾਇਤ ਵੀ ਜਾਰੀ ਹੈ। ਇਹ ਕੰਨੀਆਂ ਤੱਕ ਮਹਿਦੂਦ ਹੋ ਸਕਦੀ ਹੈ ਪਰ ਅਹਿਮੀਅਤ ਪੱਖੋਂ ਘੱਟ ਨਹੀਂ ਹੈ। ਇਨ੍ਹਾਂ ਫ਼ਿਲਮਸਾਜ਼ਾਂ ਨੇ ਵਿੱਤੀ, ਸਮਾਜਕ ਅਤੇ ਸਿਆਸੀ ਪਾਬੰਦੀਆਂ ਦੇ ਖ਼ਿਲਾਫ਼ ਲੰਬੀ ਲੜਾਈ ਲੜੀ ਹੈ ਜੋ ਮੌਜੂਦਾ ਦੌਰ ਵਿੱਚ ਵੀ ਜਾਰੀ ਹੈ। 

ਵੱਖਰੇ-ਵੱਖਰੇ ਮੁਲਕਾਂ ਦੇ ਫ਼ਿਲਮਸਾਜ਼ਾਂ ਨੇ ਮੁਕਾਮੀ ਸੰਵੇਦਨਾਵਾਂ ਅਤੇ ਤ੍ਰਾਸਦੀਆਂ ਨੂੰ ਵਿਸ਼ਾ ਬਣਾਕੇ ਫ਼ਿਲਮਾਂ ਬਣਾਈਆਂ ਹਨ। ਫ਼ਿਲਮਸਾਜ਼ ਜ਼ਿੰਮੇਵਾਰੀ ਅਤੇ ਦਰਦਮੰਦੀ ਦੇ ਅਹਿਸਾਸ 'ਚੋਂ ਆਪਣੇ ਨੇੜੇ ਦੇ ਲੋਕਾਂ ਦੇ ਦੁੱਖਾਂ ਦੀ ਬਾਤ ਪਾਉਂਦਾ ਹੈ। ਮੁਕਾਮੀ ਤ੍ਰਾਸਦੀ ਨੂੰ ਆਲਮੀ ਹਾਲਾਤ ਦੀ ਕੜੀ ਵਜੋਂ ਪੇਸ਼ ਕਰਨਾ ਫ਼ਿਲਮਸਾਜ਼ ਦਾ ਹਾਸਲ ਹੁੰਦਾ ਹੈ। ਗ਼ੈਰ-ਬੋਲੀ ਅਤੇ ਵੱਖਰੇ ਖਿੱਤੇ ਦਾ ਬੰਦਾ ਦੂਰ-ਦੁਰੇਡੇ ਵਾਪਰੇ ਹਾਦਸੇ ਨਾਲ ਸਾਂਝੀ ਤੰਦ ਲੱਭਦਾ ਹੈ। ਇਸ ਹਵਾਲੇ ਨਾਲ ਲਾਤੀਨੀ ਫ਼ਿਲਮਸਾਜ਼ਾਂ ਦਾ ਜ਼ਿਕਰ ਕਰਨਾ ਬਣਦਾ ਹੈ। ਪਿਛਲੀ ਸਦੀ 'ਚ ਲਾਤੀਨੀ ਮੁਲਕਾਂ ਨੇ ਸਾਮਰਾਜੀ ਜੰਗਬਾਜ਼ਾਂ ਵੱਲੋਂ ਥੋਪੀਆਂ 'ਜਮਹੂਰੀ' ਅਤੇ ਫ਼ੌਜੀ ਤਾਨਾਸ਼ਾਹੀਆਂ ਦਾ ਕਹਿਰ ਝੱਲਿਆ ਹੈ ਜੋ ਮਨੁੱਖੀ-ਇਤਿਹਾਸ ਦਾ ਕਾਲਾ ਪੰਨਾ ਹੈ। ਕੁਦਰਤੀ ਸੋਮਿਆਂ ਦੀ ਭਾਰੀ ਲੁੱਟ ਇਨ੍ਹਾਂ ਮੁਲਕਾਂ 'ਚ ਮਚਾਈ ਗਈ। ਲੁੱਟ ਦਾ ਰਾਜ ਜਾਰੀ ਰੱਖਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤੇ ਗਏ। ਸੰਨ੍ਹ 1973 ਵਿੱਚ ਚਿੱਲੀ ਦੀ ਜਮਹੂਰੀ ਸਰਕਾਰ ਦੇ ਮੁਖੀ ਸਲਾਵਡੋਰ ਅਲਾਂਡੇ ਨੂੰ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ। ਜਨਰਲ ਪਿਨੋਚੇ ਦੇ ਫ਼ੌਜੀ-ਨਿਜ਼ਾਮ ਨੇ ਵੱਖਰੀ ਸਿਆਸੀ ਸੋਚ ਰੱਖਣ ਵਾਲੇ ਜੀਆਂ ਨੂੰ ਵਿਉਂਤਬੱਧ ਢੰਗ ਨਾਲ ਕਿਓਟਣਾ ਸ਼ੁਰੂ ਕੀਤਾ। ਮੁਲਕ ਦੇ ਖੇਡ-ਮੈਦਾਨਾਂ ਤੋਂ ਲੈਕੇ ਐਟਾਕਾਮਾ ਦੇ ਮਾਰੂਥਲ ਨੂੰ ਤਸ਼ੱਦਦਖ਼ਾਨਿਆਂ 'ਚ ਤਬਦੀਲ ਕਰ ਦਿੱਤਾ ਗਿਆ। 

ਅਮਰੀਕਾ ਦੀ ਸ਼ਹਿ ਹੇਠ ਫ਼ੌਜੀ ਦਹਿਸ਼ਤਗਰਦੀ ਦਾ ਨੰਗਾ ਨਾਚ ਬ੍ਰਾਜ਼ੀਲ, ਅਰਜਨਟੀਨਾ ਅਤੇ ਜ਼ਿਆਦਾਤਰ ਲਾਤੀਨੀ ਮੁਲਕਾਂ 'ਚ ਨੱਚਿਆ ਗਿਆ। ਬਸਤਾਨਾਂ ਅਤੇ ਫ਼ੌਜੀਆਂ ਨੇ ਤਰੱਕੀ, ਮੁਲਕਪ੍ਰਸਤੀ ਅਤੇ ਕਮਿਉਨਿਜ਼ਮ ਦੇ ਖ਼ਤਰੇ ਤੋਂ ਬਚਾਅ ਵਰਗੇ ਤਿੰਨ ਨਾਅਰਿਆਂ ਹੇਠ ਇਹ ਦਹਿਸ਼ਤ-ਚੱਕਰ ਚਲਾਇਆ। ਲਾਤੀਨੀ ਫ਼ਿਲਮਸਾਜ਼ਾਂ ਨੇ ਉਨ੍ਹਾਂ ਦਹਿਸ਼ਤਜ਼ਦਾ ਸਮਿਆਂ ਬਾਰੇ ਲਗਾਤਾਰ ਫ਼ਿਲਮਾਂ ਬਣਾਈਆਂ ਹਨ ਅਤੇ ਬਣਾ ਰਹੇ ਹਨ। ਇਨ੍ਹਾਂ ਫ਼ਿਲਮਾਂ ਵਿੱਚ ਦਹਿਸ਼ਤ ਦੇ ਲਾਤੀਨੀ ਮਾਨਸਿਕਤਾ ਉੱਤੇ ਪਏ ਫ਼ੌਰੀ ਅਤੇ ਚਿਰਕਾਲੀ ਅਸਰ ਨੂੰ ਉਘੜਵੇ ਰੂਪ 'ਚ ਦੇਖਿਆ ਜਾ ਸਕਦਾ ਹੈ। 'ਦਿ ਸੀਕਰੇਟ ਇਨ ਦੇਅਰ ਆਈਜ਼', 'ਨਾਈਟ ਔਫ਼ ਦਿ ਪੈਨਸਿਲਜ਼', 'ਨੋ', 'ਦਿ ਉਫ਼ੀਸ਼ੀਅਲ ਸਟੋਰੀ', 'ਜ਼ੂਜ਼ੂ ਏਂਜਲ', 'ਪੋਸਟ ਮਾਰਟਮ', 'ਕਰੌਨੀਕਲ ਔਫ਼ ਐਨ ਐਸਕੇਪ', 'ਫੀਸਟ ਔਫ਼ ਦਿ ਗੋਟ', 'ਇਨ ਦਿ ਟਾਈਮ ਔਫ਼ ਬਟਰਫਲਾਈਜ਼', 'ਪ੍ਰਾਈਵੇਟ ਲਾਈਵਜ਼', 'ਬੈਟਲ ਔਫ਼ ਚਿਲੀ', 'ਮਚੂਕਾ', 'ਸੇਮ ਲਵ ਸੇਮ ਰੇਨ' ਅਤੇ 'ਹੈਡ ਲੈਸ ਵਿਮੈਨ' ਇਸ ਰੁਝਾਨ ਦੀਆਂ ਗੌਲਣਯੋਗ ਫ਼ਿਲਮਾਂ ਹਨ। ਇਹ ਫ਼ਿਲਮਾਂ ਚਰਚ ਤੋਂ ਲੈਕੇ ਤ੍ਰਾਸਦੀ ਲਈ ਕਸੂਰਵਾਰ ਹਰ ਸਮਾਜਕ ਅਤੇ ਸਿਆਸੀ ਅਦਾਰੇ 'ਤੇ ਸਵਾਲ ਉਠਾਉਂਦੀਆਂ ਹਨ। 

ਅਰਜਨਟੀਨਾ 'ਚ 'ਗੰਦੀ ਜੰਗ' (1976-86) ਦੇ ਦਿਨਾਂ ਦੌਰਾਨ ਫ਼ੌਜੀ ਤਾਨਾਸ਼ਾਹੀ ਨੇ ਮੁਲਕ ਦੇ ਹਜ਼ਾਰਾਂ ਖੱਬੇ-ਪੱਖੀ ਕਾਰਕੁਨ, ਕਿਸਾਨ, ਮਜ਼ਦੂਰ, ਵਿਦਿਆਰਥੀ ਅਤੇ ਬੁੱਧੀਜੀਵੀ ਕਸਾਈਖ਼ਾਨਿਆਂ 'ਚ ਮਾਰ-ਖਪਾ ਦਿੱਤੇ। ਪਿਛਲੇ ਦਿਨੀਂ 'ਗੰਦੀ ਜੰਗ' ਦੇ ਫ਼ੌਜੀ ਤਾਨਾਸ਼ਾਹ ਜਾਰਜ ਰਾਫੇਲ ਵਿਡੈਲਾ ਨੂੰ 'ਸੋਚੀ ਸਮਝੀ ਸਾਜ਼ਿਸ਼' ਤਹਿਤ ਕੈਦੀ ਕੁੜੀਆਂ ਦੇ ਬੱਚੇ ਚੋਰੀ ਕਰਨ ਦੇ ਜੁਰਮ 'ਚ ਪੰਜਾਹ ਸਾਲ ਦੀ ਸਜ਼ਾ ਸੁਣਾਈ ਗਈ। ਵਿਡੈਲਾ ਆਪਣੇ ਰਾਜ ਵੇਲੇ ਕਹਿੰਦਾ ਹੁੰਦਾ ਸੀ ਕਿ ਰਾਜ ਦੀ ਰੱਖਿਆ ਲਈ ਹਰ ਨਾਬਰ ਬੰਦੇ ਨੂੰ ਮਾਰਾਂਗੇ। ਉਸ ਉੱਤੇ ਪੰਜ ਸੌ ਤੋਂ ਵੱਧ ਬੱਚੇ ਚੋਰੀ ਕਰਨ ਦਾ ਇਲਜ਼ਾਮ ਹੈ। ਜੇਲ੍ਹ ਵਿੱਚ ਬੰਦ ਗਰਭਵਤੀ ਕੁੜੀਆਂ ਦੇ ਬੱਚੇ ਚੋਰੀ ਕਰਕੇ ਅਮੀਰਾਂ ਅਤੇ ਅਸਰ-ਰਸੂਖ਼ ਵਾਲੇ ਬੇਔਲਾਦ ਲੋਕਾਂ ਨੂੰ ਵੇਚ ਦਿੱਤੇ ਜਾਂਦੇ ਸਨ।  ਬਹੁਤੀਆਂ ਕੁੜੀਆਂ ਸਿਆਸੀ ਕੈਦੀ ਸਨ। ਬੱਚੇ ਦੇ ਜਨਮ ਤੋਂ ਬਾਅਦ ਕੈਦੀ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਸੀ। ਇਨ੍ਹਾਂ ਬੱਚਿਆਂ ਨੂੰ ਆਪਣੇ ਅਸਲੀ ਮਾਪਿਆਂ ਦਾ ਪਤਾ ਤੱਕ ਨਹੀਂ ਹੈ। ਕਈ ਕੇਸਾਂ 'ਚ ਕਾਤਲਾਂ ਨੇ ਹੀ ਮਕਤੂਲ ਦੇ ਬੱਚੇ ਨੂੰ ਆਪਣਾ ਜੁਆਕ ਬਣਾ ਲਿਆ। ਇਹ ਬੱਚੇ ਮਾਂ-ਪਿਉ ਦੇ ਕਾਤਲਾਂ ਨੂੰ ਹੀ ਮਾਪੇ ਮੰਨੀ ਬੈਠੇ ਹਨ। ਦਾਦੇ-ਦਾਦੀਆਂ ਅੱਜ ਵੀ ਮਾਰ-ਖਪਾਏ ਪੁੱਤਾਂ-ਧੀਆਂ-ਨੂੰਹਾਂ ਅਤੇ ਚੋਰੀ ਕੀਤੇ ਪੋਤੇ-ਪੋਤੀਆਂ ਅਤੇ ਦੋਹਤੇ-ਦੋਹਤੀਆਂ ਨੂੰ ਲੱਭ ਰਹੇ ਹਨ। ਅਰਜਨਟੀਨੀ ਫ਼ਿਲਮ 'ਦਿ ਉਫ਼ੀਸ਼ੀਅਲ ਸਟੋਰੀ' ਅਜਿਹੇ ਹੀ ਪਾਤਰਾਂ ਨੂੰ ਪਰਦਾਪੇਸ਼ ਕਰਦੀ ਹੈ। 

ਕਈ ਫ਼ਿਲਮਾਂ ਉਨ੍ਹਾਂ ਕਾਲੇ ਸਮਿਆਂ 'ਚ ਚਰਚ ਦੀ ਸ਼ੱਕੀ ਅਤੇ ਨਾਂਹ-ਪੱਖੀ ਭੂਮਿਕਾ ਨੂੰ ਉਜਾਗਰ ਕਰਦੀਆਂ ਹਨ। ਇਸ ਤੋਂ ਵੀ ਅੱਗੇ ਚਰਚ ਨੇ ਕਾਤਲਾਂ ਨਾਲ ਮਿਲ ਕੇ ਕੰਮ ਕੀਤਾ। 'ਗੰਦੀ ਜੰਗ' ਦੌਰਾਨ ਬੱਸ ਪਾਸ ਲਈ ਸੰਘਰਸ਼ ਕਰਨ ਵਾਲੇ ਹਾਈ ਸਕੂਲ ਦੇ ਮੁੰਡੇ ਕੁੜੀਆਂ ਨੂੰ ਵੀ ਮਾਰ-ਖਪਾ ਦਿੱਤਾ ਗਿਆ। ਤਸ਼ੱਦਦ ਅਤੇ ਕਤਲ ਲਈ ਕਸਾਈਖ਼ਾਨਿਆਂ 'ਚ ਲਿਆਂਦੇ ਇਨ੍ਹਾਂ ਬੱਚਿਆਂ ਲਈ 'ਨਾਈਟ ਔਫ਼ ਦਿ ਪੈਨਸਿਲਜ਼' ਸ਼ਬਦ ਵਰਤਿਆ ਜਾਂਦਾ ਸੀ। ਚਰਚ ਅਤੇ ਹਾਕਮਾਂ ਦੀ ਨਜ਼ਰ ਵਿੱਚ ਇਹ ਮੁੰਡੇ-ਕੁੜੀਆਂ 'ਵਿਗੜੇ ਹੋਏ ਸਮਾਜਵਾਦੀ' ਸਨ ਜਿਨ੍ਹਾਂ ਨੂੰ ਸਿੱਧੇ ਰਾਹ ਪਾਉਣ ਦਾ ਇਹੀ ਤਰੀਕਾ ਸੀ। ਕੁਝ ਸਮਾਂ ਪਹਿਲਾਂ ਨਵੇਂ ਬਣੇ ਪੋਪ ਉੱਤੇ ਤਾਨਾਸ਼ਾਹ ਵਿਡੈਲਾ ਨਾਲ 'ਕੀਮਤੀ ਸੰਬੰਧ' ਰੱਖਣ ਦੇ ਦੋਸ਼ ਲੱਗੇ ਹਨ। ਚਰਚ ਅਤੇ ਨਵੇਂ ਬਣੇ ਪੋਪ ਦੀ ਸਾਜ਼ਿਸ਼ੀ ਭੂਮਿਕਾ ਦੀ ਕੁਝ ਨਿਰਪੱਖ ਰਹੇ ਪਾਦਰੀਆਂ ਨੇ ਪੁਸ਼ਟੀ ਕੀਤੀ ਹੈ। ਜਿਨ੍ਹਾਂ ਨੇ ਫ਼ੌਜੀ-ਨਿਜ਼ਾਮ ਦੇ ਬੇਕਿਰਕ ਜ਼ੁਲਮ ਦਾ ਮਨੁੱਖੀ ਪੈਂਤੜੇ ਤੋਂ ਵਿਰੋਧ ਕੀਤਾ ਸੀ। ਫ਼ਿਲਮ 'ਨਾਈਟ ਔਫ਼ ਦਿ ਪੈਨਸਿਲਜ਼' ਅਤੇ 'ਜ਼ੂਜ਼ੂ ਏਂਜਲ' ਵਿੱਚ ਅਜਿਹੇ ਵੇਰਵੇ ਮਿਲਦੇ ਹਨ। ਇਹ ਫ਼ਿਲਮਾਂ ਸੱਚੀਆਂ ਕਹਾਣੀਆਂ 'ਤੇ ਬਣੀਆਂ ਹਨ। ਇਹ ਸਵਾਲ ਤਾਂ ਪੁੱਛ ਹੀ ਲੈਣਾ ਚਾਹੀਦਾ ਹੈ ਕਿ ਵਿਡੈਲਾ ਨੂੰ ਸਜ਼ਾ ਮਿਲਣ ਤੋਂ ਬਾਅਦ ਹੁਣ ਮੌਜੂਦਾ ਪੋਪ ਦੀ ਜਵਾਬਦੇਹੀ ਕੌਣ ਕਰੇਗਾ?

ਉਂਝ ਲਾਤੀਨੀ ਸਿਨੇਮਾ 'ਚ ਫ਼ੌਜੀ ਤਾਨਾਸ਼ਾਹੀਆਂ ਦੇ ਪਿੱਛੇ ਕੰਮ ਕਰਦੇ ਅਸਲੀ ਵਿਚਾਰ ਅਤੇ ਤਾਕਤ ਬਾਰੇ ਘੱਟ ਗੱਲ ਹੁੰਦੀ ਹੈ। ਮਿਲਟਨ ਫਰਾਇਡਮੈਨ ਅਤੇ ਸ਼ਿਕਾਗੋ ਸਕੂਲ ਦੇ ਅਰਥ ਸਾਸ਼ਤਰੀਆਂ ਨੇ ਖੁੱਲ੍ਹੀ ਮੰਡੀ ਅਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਦੀ ਪ੍ਰਯੋਗਸ਼ਾਲਾ ਵਜੋਂ ਚਿੱਲੀ, ਬ੍ਰਾਜ਼ੀਲ, ਅਰਜਨਟੀਨਾ, ਬੋਲੀਵੀਆ ਅਤੇ ਉਰੂਗਏ ਨੂੰ ਚੁਣਿਆ। ਮਿਲਟਨ ਫਰਾਇਡਮੈਨ ਸ਼ਿਕਾਗੋ ਯੂਨੀਵਰਸਿਟੀ 'ਚ ਅਰਥਸਾਸ਼ਤਰ ਦਾ ਅਧਿਆਪਕ ਸੀ ਜੋ ਖੁੱਲ੍ਹੀ ਮੰਡੀ ਦਾ ਹਮਾਇਤੀ ਸੀ ਜਿਸ ਵਿੱਚ ਸਰਕਾਰ ਦਾ ਦਖ਼ਲ ਘੱਟ ਤੋਂ ਘੱਟ ਅਤੇ ਅਰਥਚਾਰਾ ਨਿੱਜੀ ਹੱਥਾਂ ਵਿੱਚ ਹੋਣਾ ਚਾਹੀਦਾ ਹੈ। ਉਸਦੇ ਪੜ੍ਹਾਏ ਵਿਦਿਆਰਥੀਆਂ ਨੂੰ 'ਸ਼ਿਕਾਗੋ ਮੁੰਡੇ' ਕਿਹਾ ਜਾਂਦਾ ਹੈ ਜੋ ਤਾਨਾਸ਼ਾਹ ਜਰਨੈਲਾਂ ਦੇ ਸਲਾਹਕਾਰ ਬਣੇ ਅਤੇ ਨਿਜ਼ਾਮ 'ਚ ਉੱਚੀਆਂ ਪਦਵੀਆਂ 'ਤੇ ਰਹੇ। ਇਨ੍ਹਾਂ ਸ਼ਿਕਾਗੋਵਾਦੀ ਨੀਤੀਆਂ ਨਾਲ ਗ਼ਰੀਬ ਨੇ ਹੋਰ ਗ਼ਰੀਬ ਹੋਣਾ ਹੈ ਅਤੇ ਬਹੁਤਾ ਸਰਮਾਇਆ ਮੁੱਠੀ ਭਰ ਅਮੀਰਾਂ ਦੀ ਜੇਬ 'ਚ ਜਾਣਾ ਹੈ। ਇਸ ਜੁਰਮ ਨੂੰ ਨੇਪਰੇ ਚਾੜ੍ਹਨ ਲਈ ਫ਼ੌਜੀ ਜਬਰ ਜ਼ਰੂਰੀ ਸੀ। 'ਐਮਨੈਸਟੀ ਇੰਟਰਨੈਸ਼ਨਲ' ਅਤੇ ਹੋਰ ਮਨੁੱਖੀ ਹਕੂਕ ਜਥੇਬੰਦੀਆਂ ਨੇ ਸਿਰਫ਼ ਤਾਨਾਸ਼ਾਹੀ ਦੇ ਜ਼ੁਲਮਾਂ ਦੀ ਗੱਲ ਕੀਤੀ ਪਰ ਸ਼ਿਕਾਗੋਵਾਦੀਆਂ ਦੀ ਭੂਮਿਕਾ ਬਾਰੇ ਅੱਖਾਂ ਮੁੰਦ ਲਈਆਂ। ਦੋਹਾਂ ਜੁਰਮਾਂ ਨੂੰ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ। ਲੇਖਕ ਨਾਉਮੀ ਕਲੇਨ ਦੀ ਕਿਤਾਬ 'ਸਦਮਾ ਸਿਧਾਂਤ-ਤਬਾਹੀਪਸੰਦ ਸਰਮਾਏਦਾਰੀ ਦਾ ਉਭਾਰ' ਵਿੱਚ ਇਸਦੀ ਤਫ਼ਸੀਲ ਮਿਲਦੀ ਹੈ। ਉਂਝ ਅਰਜਨਟੀਨਾ 'ਚ 'ਮਾਵਾਂ ਦੀ ਲਹਿਰ' ਇਨ੍ਹਾਂ ਦੋਹਾਂ ਜੁਰਮਾਂ ਦੇ ਖ਼ਿਲਾਫ਼ ਸਭ ਤੋਂ ਤਿੱਖੀ ਲਹਿਰ ਰਹੀ ਹੈ ਅਤੇ ਹੁਣ ਵੀ ਹੈ। ਇਸ ਲਹਿਰ 'ਚ ਲਾਪਤਾ ਜੀਆਂ ਦੀਆਂ ਮਾਵਾਂ-ਦਾਦੀਆਂ ਅਤੇ ਨਾਨੀਆਂ ਸ਼ਾਮਲ ਸਨ।  

ਖੁੱਲ੍ਹੀ ਮੰਡੀ ਅਤੇ ਨਿੱਜੀਕਰਨ ਦੀਆਂ ਨੀਤੀਆਂ ਦਾ ਕਹਿਰ ਸਾਡੇ ਮੁਲਕ 'ਚ ਉਘੜਵੇਂ ਰੂਪ 'ਚ ਦਿਸਣਾ ਸ਼ੁਰੂ ਹੋ ਚੁੱਕਿਆ ਹੈ। ਇਨ੍ਹਾਂ ਨੀਤੀਆਂ ਦੇ ਦਬਾਅ ਹੇਠ ਸਰਕਾਰ ਆਵਾਮ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਬੁਨਿਆਦੀ ਸਹੂਲਤਾਂ ਤੋਂ ਹੱਥ ਪਿੱਛੇ ਖਿੱਚ ਰਹੀ ਹੈ। ਲੋਕਾਂ ਦੇ ਵਿਰੋਧ ਨੂੰ ਠੱਲਣ ਲਈ ਫ਼ੌਜ ਅਤੇ ਪੁਲਿਸ ਨੂੰ ਕਾਲੇ ਕਨੂੰਨਾਂ ਦੀ ਸੁਰੱਖਿਆ ਦਿੱਤੀ ਜਾ ਰਹੀ ਹੈ। ਮੁਲਕ ਤਾਨਾਸ਼ਾਹੀ ਵੱਲ ਧੱਕਿਆ ਜਾ ਰਿਹਾ ਹੈ। ਅਲਬਾਨੀਆਈ ਲੇਖਕ ਇਸਮਾਈਲ ਕਦਾਰੇ ਕਹਿੰਦਾ ਹੈ ਕਿ ਕਲਾ ਮੂਲ ਰੂਪ 'ਚ ਤਾਨਾਸ਼ਾਹੀ ਦੀ ਦੁਸ਼ਮਣ ਹੈ। ਫ਼ਿਲਮ ਕਲਾ ਇਸ ਘੇਰੇ ਤੋਂ ਬਾਹਰ ਨਹੀਂ ਹੋ ਸਕਦੀ। ਸਾਡੇ ਪੰਜਾਬੀ ਫ਼ਿਲਮਸਾਜ਼ਾਂ ਦੇ ਸਾਹਮਣੇ ਇਹ ਸਵਾਲ ਉੱਭਰ ਕੇ ਆਉਂਦਾ ਹੈ ਕਿ ਅਸੀਂ ਫ਼ਿਲਮ-ਕਿਰਤਾਂ ਰਾਹੀਂ ਮੁਕਾਮੀ ਤ੍ਰਾਸਦੀਆਂ ਨਾਲ ਕਿਸ ਕਿਸਮ ਦਾ ਸੰਵਾਦ ਰਚਾਇਆ ਹੈ ਅਤੇ ਕਿਸ ਤਰ੍ਹਾਂ ਦਾ ਰਚਾਉਣਾ ਹੈ? ਇਹ ਤ੍ਰਾਸਦੀਆਂ ਸਾਡੇ ਸਿਨੇਮੇ ਤੋਂ ਬਾਹਰ ਕਿਉਂ ਹਨ? ਇਹ ਜ਼ਰੂਰ ਕਹਿਣਾ ਬਣਦਾ ਹੈ ਕਿ ਇਨ੍ਹਾਂ ਤ੍ਰਾਸਦੀਆਂ ਦੀ ਗੱਲ ਕਰਦੇ ਹੋਏ ਸਾਨੂੰ ਜ਼ਿੰਮੇਵਾਰੀ ਅਤੇ ਪੜਚੋਲਮੁਖੀ ਪਹੁੰਚ ਰੱਖਣੀ ਪਵੇਗੀ। ਹਰ ਗੱਲ ਸ਼ਰਧਾ ਜਾਂ ਭਾਵੁਕਤਾ ਨਾਲ ਨਹੀਂ ਨਬੇੜੀ ਜਾ ਸਕਦੀ।