Wednesday 13 May 2015

ਜਤਿੰਦਰ ਮੌਹਰ ਦੀ 'ਮਿੱਟੀ' ਦਾ 'ਸਰਸਾ' ਰਾਹੀਂ 'ਕਿੱਸਾ ਪੰਜਾਬ'

ਦਲਜੀਤ ਅਮੀ

ਜਤਿੰਦਰ ਮੌਹਰ ਮੇਰਾ ਦੋਸਤ ਹੈ ਅਤੇ ਅਸੀਂ ਬਹੁਤ ਸਾਰੇ ਕੰਮ ਇਕੱਠੇ ਕਰਦੇ ਹਾਂ। ਕਿਤਾਬਾਂ ਪੜ੍ਹਨ, ਫ਼ਿਲਮਾਂ ਦੇਖਣ, ਸੰਗੀਤ ਸੁਣਨ ਅਤੇ ਸਮਾਜਿਕ-ਸਿਆਸੀ ਸਮਾਗਮਾਂ ਉੱਤੇ ਇਕੱਠੇ ਜਾਣ ਦਾ ਮੌਕਾ ਅਸੀਂ ਕਦੇ ਨਹੀਂ ਖੁੰਝਾਉਂਦੇ। ਇੱਕ-ਦੂਜੇ ਦੀਆਂ ਲਿਖਤਾਂ ਉੱਤੇ ਟਿੱਪਣੀਆਂ ਕਰਨਾ ਅਤੇ ਗ਼ਲਤੀਆਂ ਕੱਢਣਾ ਸਾਡਾ ਕੰਮ ਹੈ। ਜੇ ਇਹ ਕੁਝ ਵੀ ਨਾ ਹੋ ਰਿਹਾ ਹੋਵੇ ਤਾਂ ਵੀ ਅਸੀਂ ਇੱਕ-ਦੂਜੇ ਕੋਲ ਚੋਖਾ ਸਮਾਂ ਗੁਜ਼ਾਰ ਲੈਂਦੇ ਹਾਂ। ਘੁੰਮਣ ਜਾਂਦੇ ਹਾਂ। ਖੇਤਾਂ ਵਿੱਚੋਂ ਮਹਾਨ ਕਲਾਕਾਰਾਂ ਦੀਆਂ ਕਿਰਤਾਂ ਦੇ ਨਕਸ਼ੇ ਲੱਭਦੇ ਹਾਂ। ਕੋਈ ਨਵਾਂ ਸ਼ਬਦ ਲੱਭ ਜਾਵੇ ਤਾਂ ਜ਼ਸ਼ਨ ਮਨਾਉਣ ਲਈ ਮਿਲਣ ਤੱਕ ਦੀ ਉਡੀਕ ਨਹੀਂ ਕਰਦੇ। ਕਿਸੇ ਕੀਤੇ ਕੰਮ ਦੀ ਗ਼ਲਤੀ ਲੱਭ ਜਾਵੇ ਜਾਂ ਕੋਈ ਦੱਸ ਜਾਵੇ ਤਾਂ ਇੱਕ-ਦੂਜੇ ਨੂੰ ਦੱਸਣ ਦੀ ਜ਼ਿੰਮੇਵਾਰੀ ਨਿਭਾਉਣਾ ਨਹੀਂ ਭੁੱਲਦੇ। ਜਤਿੰਦਰ ਦੇ ਪਿੰਡ ਭੁੱਟੇ ਵਿੱਚੋਂ ਮੈਨੂੰ ਦਾਉਦਪੁਰ ਦਿਖਦਾ ਹੈ। ਦਾਉਦਪੁਰ ਜਤਿੰਦਰ ਲਈ ਭੁੱਟਾ ਹੀ ਰਿਹਾ ਹੈ। ਅਸੀਂ ਇੱਕ-ਦੂਜੇ ਦਾ ਪੱਖ ਪੂਰਦੇ ਹਾਂ ਅਤੇ ਉਲਾਂਭੇ ਸੁਣਦੇ ਹਾਂ। ਅਸੀਂ ਇੱਕ-ਦੂਜੇ ਦੀਆਂ ਮਜਬੂਰੀਆਂ ਸਮਝਦੇ ਹਾਂ ਪਰ ਕੰਮ ਉੱਤੇ ਰਾਏ ਦੇਣ ਦੇ ਮਾਮਲੇ ਵਿੱਚ ਰਿਆਇਤ ਦੀ ਤਵੱਕੋ ਨਹੀਂ ਕਰਦੇ। ਜਤਿੰਦਰ ਬਾਰੇ ਲੇਖ ਇਨ੍ਹਾਂ ਸਤਰਾਂ ਤੋਂ ਬਿਨਾਂ ਪੂਰਾ ਹੋ ਸਕਦਾ ਸੀ ਪਰ ਪਾਠਕ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਡੀ ਸਾਂਝ ਕੀ ਹੈ।

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਭੁੱਟੇ ਦਾ ਜਤਿੰਦਰ ਪਿੰਡੋਂ ਪੜ੍ਹ ਕੇ ਲੁਧਿਆਣੇ ਟੈਕਸਟਾਈਲ ਦਾ ਡਿਪਲੋਮਾ ਕਰਨ ਪੁੱਜਿਆ। ਫ਼ਿਲਮਾਂ ਦੇਖਣ ਦੀ ਆਦਤ ਸ਼ੌਕ ਤੋਂ ਕਸਬ ਬਣਨ ਦੇ ਰਾਹੇ ਪਈ ਤਾਂ ਫੈਕਟਰੀ ਦੀ ਨੌਕਰੀ ਛੁੱਟ ਗਈ। ਕਾਮਰੇਡ ਮਾਮੇ ਦੇ ਰਸਾਲੇ ਪੜ੍ਹਦਾ ਜਤਿੰਦਰ ਸਾਹਿਤ ਦੀ ਚੋਖੀ ਮੱਸ ਰੱਖਦਾ ਹੈ। ਉਹ ਮਘੀ ਹੋਈ ਮਹਿਫ਼ਿਲ ਵਿੱਚ ਹੱਥ ਆਇਆ ਸੰਜੀਦਾ ਲੇਖ ਪੜ੍ਹਣ ਤੋਂ ਗੁਰੇਜ਼ ਨਹੀਂ ਕਰਦਾ। ਉਸ ਦੀ ਯਾਦਾਸ਼ਤ ਬਹੁਤ ਵਧੀਆ ਹੈ। ਕੁਝ ਨਵਾਂ ਪੜ੍ਹ ਕੇ ਉਸ ਨੂੰ ਥਾਂਵਾਂ, ਨਾਮਾਂ, ਵਿਚਾਰਾਂ ਅਤੇ ਸਮੇਂ ਨਾਲ ਜੋੜਨਾ ਉਸ ਦੀ ਬੌਧਿਕ ਤਾਕਤ ਹੈ। ਜਦੋਂ ਪਿੰਡੋਂ ਤੁਰਿਆ ਸੀ ਤਾਂ ਜਤਿੰਦਰ ਉੱਤੇ 1980ਵਿਆਂ-1990ਵਿਆਂ ਦਾ ਮਾਹੌਲ ਅਸਰਅੰਦਾਜ਼ ਸੀ। ਲੁਧਿਆਣੇ ਦੀ ਫੈਕਟਰੀ ਵਿੱਚ ਜਦੋਂ ਇੱਕ ਬਿਹਾਰੀ ਮਜ਼ਦੂਰ ਨੇ ਜਤਿੰਦਰ ਦੀ ਲੱਖਾਂ ਦੀ ਗ਼ਲਤੀ ਆਪਣੇ ਸਿਰ ਲੈ ਲਈ ਤਾਂ ਬਹੁਤ ਕੁਝ ਬਦਲ ਗਿਆ। ਕਦੇ ਕੋਈ ਜਤਿੰਦਰ ਨਾਲ ਗੱਲ ਕਰੇ ਤਾਂ ਅੰਦਾਜ਼ਾ ਹੁੰਦਾ ਹੈ ਕਿ ਬਿਹਾਰੀ ਮਜ਼ਦੂਰ ਕਿੰਨੇ ਖ਼ੂਬਸੂਰਤ ਮਨੁੱਖ ਹਨ। 

ਕਾਗ਼ਜ਼ਾਂ ਵਿੱਚ ਸ਼ਹਿਰ ਦਾ ਨਾਮ ਮੁੰਬਈ ਹੋ ਗਿਆ ਸੀ ਪਰ ਜਤਿੰਦਰ ਫ਼ਿਲਮ ਬਣਾਉਣ ਦੀ ਸਿਖਲਾਈ ਲੈਣ ਬੰਬੇ ਗਿਆ। ਬੰਬੇ ਧਰਮਿੰਦਰ ਗਿਆ ਸੀ। ਫ਼ਿਲਮ ਸਕੂਲ ਵਿੱਚ ਜਤਿੰਦਰ ਦੀ ਕੌਮਾਂਤਰੀ ਫ਼ਿਲਮਾਂ ਨਾਲ ਜਾਣ-ਪਛਾਣ ਹੋਈ ਅਤੇ ਉਸ ਨੇ ਫ਼ਿਲਮਾਂ ਦੇਖਣੀਆਂ ਸਿੱਖੀਆਂ। ਕੋਈ ਫ਼ਿਲਮਾਂ ਉੱਤੇ ਉਸ ਦੇ ਲੇਖ ਪੜ੍ਹੇ ਤਾਂ ਪਤਾ ਲੱਗਦਾ ਹੈ ਕਿ ਉਹ ਚੀਜ਼ਾਂ, ਥਾਵਾਂ, ਨਾਮਾਂ, ਸਮਿਆਂ, ਅਧਿਐਨ ਅਤੇ ਯਾਦਾਸ਼ਤ ਨਾਲ ਜੋੜ ਕੇ ਅਰਥ ਕਿਵੇਂ ਕੱਢਦਾ ਹੈ। ਬ੍ਰਾਜ਼ੀਲ ਦੀ ਜ਼ੂਜੁ ਐਂਜਲ ਵਿੱਚੋਂ ਜਸਵੰਤ ਸਿੰਘ ਖਾਲੜਾ ਲੱਭ ਲਿਆਉਣਾ ਜਤਿੰਦਰ ਦੇ ਹਿੱਸੇ ਆਇਆ ਹੈ। ਫ਼ਿਲਮ ਸਕੂਲ ਵਿੱਚ ਉਸ ਨੇ ਵਿਦਿਆਰਥੀ ਫ਼ਿਲਮ ਆਪਣੇ ਦੌਰ ਦੇ ਪੰਜਾਬ ਉੱਤੇ ਬਣਾਈ। ਅਗਵਾ ਕੀਤੇ ਬੰਦੇ ਨੂੰ ਮਾਰਨ ਦੀ 'ਜ਼ਿੰਮੇਵਾਰੀ' ਨਿਭਾਉਣ ਗਿਆ ਮੁੰਡਾ ਆਪਣੇ-ਆਪ ਨਾਲ ਸੰਵਾਦ ਵਿੱਚ ਲੱਗਿਆ ਹੈ। ਇਸ ਤੋਂ ਅੰਦਾਜ਼ਾ ਹੋ ਜਾਣਾ ਚਾਹੀਦਾ ਸੀ ਕਿ ਇਹ ਲੰਮਾ ਜਿਹਾ ਸ਼ਰਮਾਕਲ ਮੁੰਡਾ ਫ਼ਿਲਮਾਂ ਲਈ ਵਿਸ਼ੇ ਕਿਹੋ-ਜਿਹੇ ਚੁਣੇਗਾ। 

ਸ਼ੁਰੂ ਵਿੱਚ ਉਸ ਨੇ ਮਿਉਜਿਕ ਵੀਡੀਓ ਬਣਾਏ। ਫ਼ਿਲਮ ਸਨਅਤ ਵਿੱਚ ਪੈਰ-ਧਰਾਵਾ ਕਰਨ ਦੇ ਇਸ ਤਰਦੱਦ ਦੌਰਾਨ ਉਸ ਨੇ ਵਿਸ਼ੇ ਅਤੇ ਤਕਨੀਕ ਪੱਖੋਂ ਕਈ ਤਜਰਬੇ ਕੀਤੇ। ਉਸ ਨੂੰ ਫ਼ਿਲਮਾਂ ਅਤੇ ਗੀਤਾਂ ਵਿੱਚ ਪੇਸ਼ ਹੁੰਦੀ ਹਿੰਸਾ ਚੰਗੀ ਨਹੀਂ ਲੱਗਦੀ ਪਰ ਉਸ ਦੇ ਆਪਣੇ ਕਿਰਦਾਰ ਕਿਸੇ ਤਰ੍ਹਾਂ ਦੀ ਹਿੰਸਾ ਤੋਂ ਗੁਰੇਜ਼ ਨਹੀਂ ਕਰਦੇ। ਉਹ ਗ਼ਾਲਬਾਂ ਦੀ ਹਿੰਸਾ ਨੂੰ ਬਰਦਾਸ਼ਤ ਨਹੀਂ ਕਰਦਾ ਪਰ ਹਰ ਕਬਜ਼ਾ ਤੋੜਨ ਲਈ ਆਪਣੇ ਕਿਰਦਾਰਾਂ ਨੂੰ ਖੁੱਲ੍ਹ ਦਿੰਦਾ ਹੈ। ਜਤਿੰਦਰ ਦੀ ਪਲੇਠੀ ਫ਼ਿਲਮ 'ਮਿੱਟੀ' ਹੈ। ਇਹ ਫ਼ਿਲਮ ਦੀ ਬੋਲੀ ਕੁਰਖ਼ਤ ਹੈ। ਜਤਿੰਦਰ ਜਿੰਨੀ ਕੁਰਖ਼ਤ ਹੈ। ਉਸ ਦੇ ਦੁਆਲੇ ਪਸਰੇ ਹਾਲਾਤ ਜਿੰਨੀ ਕੁਰਖ਼ਤ ਹੈ। ਮਾਲਕਾਂ ਨੇ ਫ਼ਿਲਮ ਦਾ ਇੱਕ ਹਿੱਸਾ ਫ਼ਿਲਮਾਇਆ ਤੱਕ ਨਹੀਂ ਅਤੇ ਕਹਾਣੀ ਰਫ਼ੂ ਕਰ ਕੇ ਪਰਦਾਪੇਸ਼ ਕਰ ਦਿੱਤੀ। ਇਸ ਨਾਲ ਕਹਾਣੀ ਵਿੱਚ ਤਾਂ ਜ਼ਿਆਦਾ ਤਬਦੀਲੀ ਨਹੀਂ ਆਈ ਪਰ ਦਲੀਲ ਦਾ ਜ਼ੋਰ ਮੱਠਾ ਪੈ ਗਿਆ। 

ਜਤਿੰਦਰ ਦੀ ਦਲੀਲ ਰਹੀ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਨੂੰ ਨਜ਼ਰਅੰਦਾਜ਼ ਕਰ ਕੇ ਲੇਖਕਾਂ ਅਤੇ ਫ਼ਿਲਮਸਾਜ਼ਾਂ ਨੂੰ ਸਲੀਕੇ ਦੇ ਘੇਰੇ ਵਿੱਚ ਬੰਨ੍ਹਦੇ ਹਾਂ। ਜਤਿੰਦਰ ਨੂੰ ਇਸ ਸਲੀਕੇ ਵਿੱਚੋਂ ਪਾਖੰਡ ਨਜ਼ਰ ਆਉਂਦਾ ਹੈ। ਕੁਰਖ਼ਤ ਬੋਲੀ ਤੋਂ ਸ਼ੁਰੂ ਹੋਇਆ ਸੰਵਾਦ ਕਈ ਪੜਾਵਾਂ ਵਿੱਚੋਂ ਲੰਘਿਆ ਅਤੇ ਫ਼ੈਸਲਾ ਹੋਇਆ ਕਿ ਅੱਧ-ਕਿਹਾ ਬੋਲ ਕੁਰਖ਼ਤ ਹੋਣ ਦੇ ਬਾਵਜੂਦ ਸਲੀਕੇ ਦੇ ਘੇਰੇ ਵਿੱਚ ਆ ਜਾਂਦਾ ਹੈ। ਚੁੱਪ ਦੀ ਆਪਣੀ ਬੋਲੀ ਹੁੰਦੀ ਹੈ। ਜਤਿੰਦਰ ਦੀ ਬੋਲੀ ਦਾ ਮੁਹਾਵਰਾ ਉਸ ਦੇ ਲੇਖਾਂ ਅਤੇ ਫ਼ਿਲਮਾਂ ਵਿੱਚ ਸਾਫ਼ ਝਲਕਦਾ ਹੈ। ਵਿਸ਼ੇ ਅਤੇ ਬੋਲੀ ਦੀਆਂ ਬਰੀਕ ਪਰਤਾਂ ਸਮਝਣ ਵਾਲੇ ਜਤਿੰਦਰ ਲਈ ਫ਼ਿਲਮ ਸਨਅਤ ਨਾਖ਼ੁਸ਼ਗਵਾਰ ਥਾਂ ਰਹੀ। ਮੁਲਾਜ਼ਹੇਦਾਰੀਆਂ, ਰਿਸ਼ਤੇਦਾਰੀਆਂ, ਵਫ਼ਾਦਾਰੀਆਂ, ਫਰੇਬ ਅਤੇ ਫੋਕੀਆਂ ਸਿਫ਼ਤਾਂ ਉੱਤੇ ਚੱਲਦੀ ਇਹ ਸਨਅਤ ਵਿੱਚ ਜਤਿੰਦਰ ਬੇਸਹਾਰਾ ਸੀ। ਭੁੱਟੇ ਤੋਂ ਤੁਰਿਆ ਛੋਟੇ ਕਿਸਾਨ ਦਾ ਮੁੰਡਾ ਆਪਣੀ ਸੰਵੇਦਨਾ ਅਤੇ ਸੁਹਜ ਲੈ ਕੇ ਮਹਾਨਗਰੀ ਕਸਬ ਵਿੱਚ ਹੱਥ ਅਜ਼ਮਾਉਣ ਆਇਆ ਸੀ। ਉਸ ਦੇ ਹੁਨਰ ਦੀ ਸਿਫ਼ਤ ਹੋ ਰਹੀ ਸੀ ਪਰ ਕੰਮ ਨਹੀਂ ਮਿਲ ਰਿਹਾ ਸੀ। ਕਿਸੇ ਨੂੰ ਕਹਾਣੀ ਸੁਣਾਉਣ ਜਾਂਦਾ ਤਾਂ ਉਹ ਕਹਾਣੀ ਦੀ ਸਿਫ਼ਤ ਕਰਦਾ ਪਰ ਨਾਲ ਬਦਲਣ ਦੀਆਂ ਸ਼ਰਤਾਂ ਸੁਣਾ ਦਿੰਦਾ। 

ਅਗਲੀ ਫ਼ਿਲਮ ਅਸੀਂ ਮਿਲ ਕੇ ਲਿਖੀ, ਸਰਸਾ। ਇਸ ਫ਼ਿਲਮ ਵਿੱਚ ਅੰਤਿਮ ਪੜਾਅ ਉੱਤੇ ਜਤਿੰਦਰ ਦੀ ਸਲਾਹ ਤੋਂ ਬਿਨਾਂ ਤਬਦੀਲੀਆਂ ਕੀਤੀਆਂ ਗਈਆਂ। ਖਲਨਾਇਕ ਨੂੰ ਨਾਇਕ ਬਣਾਇਆ ਗਿਆ। ਕੁੜੀ ਮੁਖੀ ਫ਼ਿਲਮ ਪਰਦਾਪੇਸ਼ ਹੋਣ ਤੱਕ ਖਲਨਾਇਕ ਮੁਖੀ ਹੋ ਗਈ। ਇਸ ਦਾ ਨਾਮ ਰੱਖਿਆ ਗਿਆ, ਸਿਕੰਦਰ। ਅਸੀਂ ਦੋਵਾਂ ਨੇ ਇਸ ਫ਼ਿਲਮ ਨਾਲੋਂ ਵੱਖ ਹੋਣ ਲਈ ਅਖ਼ਬਾਰਾਂ ਵਿੱਚ ਲੇਖ ਲਿਖਿਆ। ਸਰਸਾ ਨਦੀ ਦੀ ਪਰਿਵਾਰ ਵਿਛੋੜੇ ਵਾਲੀ ਵਿਰਾਸਤ ਵਿੱਚੋਂ ਸੇਧ ਲੈਣ ਵਾਲੀ ਕਹਾਣੀ ਨੂੰ 'ਵਿਦੇਸ਼ੀ ਫ਼ਲਸਫ਼ਾ' ਅਤੇ 'ਸਿਕੰਦਰ' ਨੂੰ ਵਡਿਆਉਣ ਵਾਲੀ ਫ਼ਿਲਮ ਨੂੰ ਪੰਜਾਬੀ ਰਵਾਇਤ ਕਿਹਾ ਗਿਆ। 'ਮਿੱਟੀ' ਅਤੇ 'ਸਰਸਾ' ਦੇ ਹੁਨਰ ਤੋਂ ਪ੍ਰਭਾਵਿਤ ਫ਼ਿਲਮ ਸਨਅਤ ਦੇ ਲੋਕ ਆਪਣੀਆਂ ਕਹਾਣੀਆਂ ਉੱਤੇ ਫ਼ਿਲਮ ਬਣਾਉਣ ਲਈ ਜਤਿੰਦਰ ਤੱਕ ਪਹੁੰਚ ਕਰਨ ਲੱਗੇ। ਜਤਿੰਦਰ ਦੀਆਂ ਕਹਾਣੀਆਂ ਦੀਆਂ ਸਿਫ਼ਤਾਂ ਹੋ ਰਹੀਆਂ ਸਨ ਪਰ ਪੈਸਾ ਲਗਾਉਣ ਵਾਲਾ ਕੋਈ ਨਹੀਂ ਸੀ। ਕਿਸੇ ਦੀ ਕਹਾਣੀ ਉੱਤੇ ਤਕਨੀਕੀ ਪੱਖੋਂ ਫ਼ਿਲਮ ਬਣਾਉਣ ਦਾ ਕੰਮ ਜਤਿੰਦਰ ਨੂੰ ਜਚਦਾ ਨਹੀਂ ਸੀ। ਕੁਝ ਕਹਾਣੀਆਂ ਜਤਿੰਦਰ ਨੂੰ ਪਸੰਦ ਆਈਆਂ ਪਰ ਉਨ੍ਹਾਂ ਦੇ ਤਾਣੇ ਦੀਆਂ ਮੁਸ਼ਕਲਾਂ ਸਨ। ਕੁਝ ਫ਼ਿਲਮਾਂ ਬਾਰੇ ਤੈਅ ਹੋਈਆਂ ਗੱਲਾਂ ਸਿਰੇ ਨਾ ਚੜ੍ਹੀਆਂ। 'ਸਪੀਡ' ਵਰਗੀ ਕੰਪਨੀ ਨੇ ਜਤਿੰਦਰ ਨਾਲ ਤਿੰਨ ਸਾਲ ਦਾ ਇਕਰਾਰ ਕੀਤਾ ਪਰ ਹਾਲੇ ਤੱਕ ਫ਼ਿਲਮ ਨਹੀਂ ਬਣਾਈ। ਇੱਕ ਕਹਾਣੀ ਇਕਰਾਰ ਹੋਣ ਤੋਂ ਬਾਅਦ ਦੋ ਸਾਲਾਂ ਤੋਂ ਫ਼ਿਲਮ ਬਣਨ ਦੀ ਉਡੀਕ ਕਰ ਰਹੀ ਹੈ। 

ਇਸੇ ਦੌਰਾਨ ਅਨੂ ਬੈਂਸ ਹੁਰਾਂ ਨੇ ਜਤਿੰਦਰ ਮੌਹਰ ਦੀ ਨਿਰਦੇਸ਼ਨਾ ਹੇਠ ਨਵੀਂ ਫ਼ਿਲਮ 'ਕਿੱਸਾ ਪੰਜਾਬ' ਬਣਾਈ ਹੈ। ਇਸ ਫ਼ਿਲਮ ਨੂੰ ਉਦੇ ਪ੍ਰਤਾਪ ਸਿੰਘ ਨੇ ਲਿਖਿਆ ਹੈ।'ਕਿੱਸਾ ਪੰਜਾਬ' ਪੰਜਾਬੀ ਇੰਟਨੈਸ਼ਨਲ ਫ਼ਿਲਮ ਫੈਸਟੀਵਲ, ਟੋਰਾਂਟੋ ਦੀ ਪਲੇਠੀ ਫ਼ਿਲਮ ਹੈ। ਇਹ ਫ਼ੈਸਲਾ ਦਰਸ਼ਕ ਕਰਨਗੇ ਕਿ ਇਸ ਫ਼ਿਲਮ ਦਾ ਕਿੱਸਾ ਪੰਜਾਬ ਨਾਲ ਕਿੰਨਾ ਕੁ ਮੇਲ ਖਾਂਦਾ ਹੈ। ਇਸ ਫ਼ਿਲਮ ਮੇਲੇ ਵਿੱਚ 'ਕਿੱਸਾ ਪੰਜਾਬ' ਫ਼ਿਲਮ ਪ੍ਰੇਮੀਆਂ ਦੀ ਦਿਲਚਸਪੀ ਦਾ ਸਬੱਬ ਬਣੇਗੀ। ਮੈਂ ਆਪਣੇ ਯਾਰ ਦੀ ਤੋਰ ਦੇਖਾਂਗਾ। "ਚੱਲ ਆਪਣੇ ਭੁੱਟੇ ਆਲਿਆ … ਜ਼ਿੰਦਗੀ ਨਾਲ ਵਾਅਦਾ ਤਾਂ ਪੰਜਾਬ ਦਾ ਕਿੱਸਾ ਸੁਣਾਉਣ ਦਾ ਹੀ ਹੈ।"