Friday 21 December 2012

ਫ਼ਿਲਮ-ਪੜਚੋਲ ਦਾ ਮੁੱਦਾ ਅਤੇ 'ਕਰਜ਼ੇ ਹੇਠ'

ਜਤਿੰਦਰ ਮੌਹਰ

ਫ਼ਿਲਮ ਦੀ ਪੜਚੋਲ ਹਮੇਸ਼ਾਂ ਬਹਿਸ ਦਾ ਮੁੱਦਾ ਰਹੀ ਹੈ। ਪੜਚੋਲੀਆਂ ਦੇ ਵੱਖਰੇ ਪੈਮਾਨੇ ਅਤੇ ਮਾਪਦੰਡ ਹੁੰਦੇ ਹਨ। ਅਖ਼ਬਾਰਾਂ, ਰਸਾਲਿਆਂ, ਬਿਜਲਈ ਤੇ ਸਮਾਜਕ ਮੀਡੀਆ ਅਤੇ ਅਕਾਦਮਿਕ ਪੇਪਰਾਂ ਰਾਹੀਂ ਕੀਤੀ ਫ਼ਿਲਮ ਪੜਚੋਲ ਲੋਕਾਂ ਸਾਹਮਣੇ ਆਉਂਦੀ ਹੈ। ਜਨਤਕ ਸਮਝ ਬਣਾਉਣ ਲਈ ਜ਼ਿੰਮੇਵਾਰ ਰਵਾਇਤੀ ਵਸੀਲਿਆਂ ਵੱਲੋਂ ਕੀਤੀ ਪੜਚੋਲ ਵਧੇਰੇ ਅੰਕੜਾਮੁਖੀ ਅਤੇ ਤੱਥਮੁਖੀ ਹੁੰਦੀ ਹੈ। ਜਿਸ ਵਿੱਚ ਮੁੱਖ ਕਲਾਕਾਰਾਂ, ਖ਼ਾਸ ਤਕਨੀਸ਼ੀਅਨਾਂ ਅਤੇ ਥੋੜੀ-ਬਹੁਤ ਕਹਾਣੀ ਬਾਬਤ ਤਫ਼ਸੀਲ ਪੇਸ਼ ਕੀਤੀ ਜਾਂਦੀ ਹੈ। ਫ਼ਿਲਮ-ਪੜਚੋਲ ਦੇ ਕਾਲਮ ਜਨਤਕ ਸਮਝ 'ਤੇ ਅਸਰਅੰਦਾਜ਼ ਹੁੰਦੇ ਹਨ ਜਿਸ ਕਰਕੇ ਮਨਮਰਜ਼ੀ ਦੀ ਪੜਚੋਲ ਲਿਖਵਾਉਣਾ ਫ਼ਿਲਮ-ਇਸ਼ਤਿਹਾਰਬਾਜ਼ੀ ਦੀ ਮਸ਼ਕ ਦਾ ਹਿੱਸਾ ਬਣਿਆ ਰਹਿੰਦਾ ਹੈ। ਜਿਨ੍ਹਾਂ ਲਈ ਫ਼ਿਲਮ-ਇਸ਼ਤਿਹਾਰਬਾਜ਼ੀ ਦਾ ਖਰਚ ਰਾਖਵਾਂ ਹੁੰਦਾ ਹੈ। ਇਹ ਰੁਝਾਨ ਲਗਾਤਾਰ ਭਾਰੂ ਹੈ। ਚਾਲੂ ਸਮਝ ਮੁਤਾਬਕ ਫ਼ਿਲਮ ਦੀ ਪੜਚੋਲ ਕਰਨ ਵੇਲੇ 'ਕਲਾਤਮਕ ਪੱਖ' ਤੇ ਫ਼ਿਲਮ ਨੂੰ ਮਿਲੇ ਵਿੱਤੀ ਹੁੰਗਾਰੇ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ। ਸਮੁੱਚੇ ਰੂਪ 'ਚ ਫ਼ਿਲਮ ਦਾ ਖ਼ਾਸਾ ਵਿੱਤੀ ਕਾਮਯਾਬੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਵਿੱਤੀ ਕਾਮਯਾਬੀ ਫ਼ਿਲਮ-ਕਲਾ ਦੀ ਸਿਰਜਣਾ ਨੂੰ ਮਾਨਤਾ ਦੇਣ ਦਾ ਪੈਮਾਨਾ ਬਣ ਜਾਂਦੀ ਹੈ। ਇਸ ਲਬਾਦੇ ਹੇਠ ਫ਼ਿਲਮ ਦੇ ਕਈ ਗ਼ੈਰ-ਕਲਾਤਮਕ ਪੱਖ ਛੁਪ ਜਾਂਦੇ ਹਨ। ਦੂਜੇ ਪਾਸੇ ਕਈ ਫ਼ਿਲਮ-ਪੜਚੋਲੀਆਂ 'ਤੇ 'ਕਲਾਤਮਕ ਪੱਖ' ਨੂੰ ਵਧੇਰੇ ਅਹਿਮੀਅਤ ਦੇਣ ਦਾ ਦੋਸ਼ ਲੱਗਦਾ ਰਹਿੰਦਾ ਹੈ ਜੋ ਵਿੱਤੀ ਤੌਰ 'ਤੇ ਵੱਡੀਆਂ ਕਾਮਯਾਬ ਫ਼ਿਲਮਾਂ ਦੇ ਮੁਕਾਬਲੇ ਛੋਟੀਆਂ ਫ਼ਿਲਮਾਂ ਦੇ 'ਕਲਾਤਮਕ ਪੱਖ' ਦਾ ਗੁਣਗਾਨ ਕਰਦੇ ਹਨ। ਉਨ੍ਹਾਂ ਦਾ ਨਜ਼ਰੀਆ ਵੀ ਸ਼ੱਕ ਦੇ ਘੇਰੇ 'ਚ ਰਹਿੰਦਾ ਹੈ। ਉਹ ਵਿੱਤੀ ਕਾਮਯਾਬੀ ਦਾ ਰੌਲਾ ਪਾਉਣ ਵਾਲਿਆਂ ਦੀ ਅਗਲੀ ਕੜੀ ਵਜੋਂ ਪੇਸ਼ ਹੁੰਦੇ ਹਨ। ਮਨੁੱਖਤਾ ਦੇ ਖ਼ਿਲਾਫ਼ ਭੁਗਤਣ ਵਾਲਾ 'ਕਲਾਤਮਕ ਪੱਖ' 'ਕਲਾ, ਕਲਾ ਲਈ' ਦੇ ਹਾਮੀਆਂ ਦਾ ਘੇਰਾ ਮੋਕਲਾ ਕਰਦਾ ਹੈ। ਅਜਿਹੀ ਕਲਾ ਨੂੰ ਵਡਿਆਉਣਾ ਮਨੁੱਖੀ ਸੁਹਜ ਦਾ ਅਪਮਾਨ ਹੈ। ਹਰਟ ਲੌਕਰ, ਗੁਲਾਲ, ਕਮੀਨੇ, ਸ਼ੈਤਾਨ, ਦੇਵ-ਡੀ, ਬਲੈਕ ਫ੍ਰਾਈਡੇ ਅਤੇ ਸੱਤਿਆ ਜਹੀਆਂ ਫ਼ਿਲਮਾਂ ਨੂੰ ਦਿੱਤੀ ਜਾਂਦੀ ਹੱਲਾਸ਼ੇਰੀ ਇਸੇ ਰੁਝਾਨ ਦੀ ਨੁਮਾਇੰਦਗੀ ਕਰਦੀ ਹੈ। ਤੀਜੀ ਤਰ੍ਹਾਂ ਦੀ ਪੜਚੋਲ ਫ਼ਿਲਮ ਦੇ ਰੂਪ ਅਤੇ ਵਿਸ਼ੇ ਨੂੰ ਲੈ ਕੇ ਹੁੰਦੀ ਹੈ। ਉੱਪਰ ਦਿੱਤੇ 'ਕਲਾਤਮਕ ਪੱਖ' ਨੂੰ ਫ਼ਿਲਮ ਦੇ ਰੂਪਕੀ ਪੱਖ ਤੋਂ ਹੀ ਦੇਖਿਆ ਜਾਣਾ ਚਾਹੀਦਾ ਹੈ। 'ਕੁਝ ਵੱਖਰਾ ਕਰਨ' ਦੀ ਮਸ਼ਕ ਹਮੇਸ਼ਾਂ ਚੰਗੇ ਵਿਸ਼ੇ ਦੀ ਜ਼ਾਮਨੀ ਨਹੀਂ ਭਰਦੀ। ਆਮ ਤੌਰ 'ਤੇ ਫ਼ਿਲਮ-ਪੜਚੋਲੀਏ ਹਰ ਤਰ੍ਹਾਂ ਦੇ ਨਿਵੇਕਲੇਪਣ ਨੂੰ ਸਿਫ਼ਤ ਦੇ ਤੌਰ 'ਤੇ ਪੇਸ਼ ਕਰਦੇ ਹਨ। ਜਾਣੇ-ਅਣਜਾਣੇ ਬਹੁਤ ਕੁਝ ਦੇਖਣ ਵਾਲੇ ਦੀ ਸੰਵੇਦਨਾ ਦੇ ਖ਼ਿਲਾਫ਼ ਭੁਗਤ ਜਾਂਦਾ ਹੈ। ਫ਼ਿਲਮਸਾਜ਼ ਨੂੰ ਉਸਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣਾ ਪੜਚੋਲੀਏ ਦਾ ਕੰਮ ਹੈ। ਜਦੋਂ ਅਸੀਂ ਚੰਗੇ ਵਿਸ਼ੇ ਦੀ ਗੱਲ ਕਰਦੇ ਹਾਂ ਤਾਂ ਮਨੁੱਖੀ ਮਨ ਦੀ ਥਹੁ ਪਾਉਣ ਵਾਲੇ, ਮਨੁੱਖੀ ਰਿਸ਼ਤਿਆਂ ਨੂੰ ਡੂੰਘੀਆਂ ਤਹਿਆਂ ਤੱਕ ਫਰੋਲਦੇ, ਮਨੁੱਖ ਦੇ ਦੁਆਲੇ ਫੈਲੇ ਜਗਤ-ਪਸਾਰੇ ਦੀ ਬਾਤ ਪਾਉਣ ਵਾਲੇ ਅਤੇ ਜ਼ਿੰਦਗੀ ਦੀ ਬਿਹਤਰੀ ਜਿਹੇ ਵਿਸ਼ੇ ਤਰਜੀਹ ਦੀ ਮੰਗ ਕਰਦੇ ਹਨ। ਇਨ੍ਹਾਂ ਸਾਰੇ ਵਿਸ਼ਿਆਂ ਨੂੰ ਆਲੇ-ਦੁਆਲੇ ਦੇ ਸਮਾਜਿਕ, ਸਿਆਸੀ, ਵਿੱਤੀ ਅਤੇ ਸੱਭਿਆਚਾਰਕ ਹਾਲਾਤ ਤੋਂ ਤੋੜ ਕੇ ਨਹੀਂ ਸਮਝਿਆ ਜਾ ਸਕਦਾ। ਫ਼ਿਲਮ ਦਾ ਰੂਪ ਵਿਸ਼ੇ ਲਈ ਹੁੰਦਾ ਹੈ ਨਾ ਕਿ ਵਿਸ਼ਾ ਰੂਪ ਦੀ ਲੋੜ ਮੁਤਾਬਕ।

ਫ਼ਿਲਮ ਅਤੇ ਉਸਦੀ ਪੜਤ ਕਦੇ ਨਿਰਪੱਖ ਨਹੀਂ ਹੁੰਦੀ। ਹਰ ਕਿਸੇ ਦੀ ਆਪਣੀ ਸਿਆਸਤ ਹੈ। ਫ਼ਿਲਮਸਾਜ਼ ਅਤੇ ਪੜਚੋਲੀਏ ਗ਼ੈਰ-ਸਿਆਸੀ ਅਤੇ ਨਿਰਪੱਖ ਹੋਣ ਦਾ ਰੌਲਾ ਪਾਕੇ ਆਪਣੀ ਸਿਆਸਤ ਅਤੇ ਸਮਝ ਲੁਕੋਣ ਦਾ ਪਾਖੰਡ ਕਰਦੇ ਹਨ। ਕੋਈ ਪੜਚੋਲ ਅੰਤਿਮ ਸੱਚ ਨਹੀਂ ਹੁੰਦੀ। ਨਵੇਂ ਗਿਆਨ ਦੀ ਰੌਸ਼ਨੀ 'ਚ ਫ਼ਿਲਮ ਦੀ ਪੜਤ ਦੇ ਨਵੇਂ ਪਾਸਾਰ ਖੁੱਲ੍ਹਦੇ ਹਨ। ਆਲੇ-ਦੁਆਲੇ ਵਾਪਰਦੇ ਹਾਦਸੇ ਮਨੁੱਖੀ ਸਮਝ ਬਣਾਉਣ 'ਚ ਫ਼ੈਸਲਾਕੁਨ ਭੂਮਿਕਾ ਨਿਭਾਉਂਦੇ ਹਨ। ਫ਼ਿਲਮ ਦੀ ਪੜਚੋਲ ਲਈ ਅਹਿਮ ਮਸਲਾ ਹੈ ਕਿ ਫ਼ਿਲਮ ਕਿਸ ਸਮੇਂ ਨੂੰ ਪੇਸ਼ ਕਰਦੀ ਹੈ? ਕਿਸ ਸਮੇਂ 'ਚ ਬਣਾਈ ਜਾ ਰਹੀ ਹੈ ਅਤੇ ਕਿਸ ਸਮੇਂ 'ਚ ਦੇਖੀ ਜਾ ਰਹੀ ਹੈ? ਕੀ ਇਨ੍ਹਾਂ ਸਮਿਆਂ ਦੀ ਕੋਈ ਆਪਸੀ ਤੰਦ ਜੁੜੀ ਹੋਈ ਹੈ? ਪੰਜਾਬ ਦੇ ਖੇਤ ਮਜ਼ਦੂਰਾਂ ਬਾਬਤ ਹਦਾਇਤਕਾਰ ਦਲਜੀਤ ਅਮੀ ਹੋਰਾਂ ਦੀ ਫ਼ਿਲਮ 'ਕਰਜ਼ੇ ਹੇਠ' ਸੰਨ 2001 'ਚ ਬਣੀ ਸੀ। ਪੰਜਾਬ ਦੇ ਖੇਤ ਮਜ਼ਦੂਰਾਂ ਦੀ ਵੱਡੀ ਗਿਣਤੀ ਦਲਿਤ ਭਾਈਚਾਰੇ ਨਾਲ ਸੰਬੰਧਤ ਹੈ। ਫ਼ਿਲਮ ਬਣਨ ਸਮੇਂ ਹੀ ਨੌਂ ਗਿਆਰਾਂ ਦਾ ਹਾਦਸਾ ਵਾਪਰਦਾ ਹੈ ਅਤੇ 'ਅਤਿਵਾਦ ਦੇ ਖ਼ਿਲਾਫ਼ ਜੰਗ' ਦਾ ਐਲਾਨ ਕੀਤਾ ਜਾ ਰਿਹਾ ਹੈ। ਖੁੱਲ੍ਹੀ ਮੰਡੀ ਦੀਆਂ ਨੀਤੀਆਂ ਇਸ ਜੰਗ ਦੀ ਆੜ 'ਚ ਹੋਰ ਤੇਜ਼ੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਹਨ। ਉਸ ਵੇਲੇ ਕਈ ਦਲਿਤ ਜੱਥੇਬੰਦੀਆਂ ਨੇ ਆਲਮੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਦੇ ਹੱਕ 'ਚ ਪੈਂਤੜਾ ਲਿਆ। ਕਿਸਾਨੀ ਅਤੇ ਖੇਤ ਮਜ਼ਦੂਰਾਂ ਦੇ ਮੁੱਦਿਆਂ ਤੋਂ ਕਿਨਾਰਾਕਸ਼ੀ ਕਰਨਾ ਇਸ ਪੈਂਤੜੇ ਦਾ ਅਟੱਲ ਪ੍ਰਗਟਾਵਾ ਸੀ। ਕਈ ਕਿਸਾਨ ਜੱਥੇਬੰਦੀਆਂ ਨੇ ਖੇਤ ਮਜ਼ਦੂਰਾਂ ਦੀ ਹੋਂਦ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਮੁਤਾਬਕ ਪਰਵਾਸੀ ਮਜ਼ਦੂਰਾਂ ਨੇ ਮੁਕਾਮੀ ਖੇਤ ਮਜ਼ਦੂਰਾਂ ਦੀ ਥਾਂ ਚਿਰੋਕਣੀ ਲੈ ਲਈ ਹੈ। 


ਆਲਮੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਦੇ ਸਿੱਟੇ ਅੱਜ ਸਾਡੇ ਸਾਹਮਣੇ ਹਨ ਜਿਨ੍ਹਾਂ ਨੇ ਸਣੇ ਖੇਤ ਮਜ਼ਦੂਰਾਂ ਦੇ ਆਵਾਮ 'ਤੇ ਮਾਰੂ ਅਸਰ ਪਾਇਆ ਹੈ। ਖੇਤ ਮਜ਼ਦੂਰਾਂ ਨੂੰ ਇਨ੍ਹਾਂ ਹੱਲਿਆਂ ਦੇ ਖ਼ਿਲਾਫ਼ ਜੱਥੇਬੰਦ ਕੀਤਾ ਜਾ ਰਿਹਾ ਹੈ। ਫ਼ਿਲਮ ਦੇ ਬਣਨ ਤੋਂ ਕਈ ਸਾਲ ਬਾਅਦ ਖੇਤ ਮਜ਼ਦੂਰਾਂ ਲਈ ਪਖ਼ਾਨਿਆਂ ਅਤੇ ਰਿਹਾਇਸ਼ੀ ਘਰਾਂ ਦੀ ਮੰਗ ਉਠਾਈ ਜਾ ਰਹੀ ਹੈ। ਫ਼ਿਲਮ ਇਨ੍ਹਾਂ ਮੁੱਦਿਆ ਨੂੰ ਹੀ ਪੇਸ਼ ਕਰਦੀ ਹੈ। ਫ਼ਿਲਮ ਪੜਚੋਲੀਏ ਦਾ ਕੰਮ ਮਹਿਜ਼ ਫ਼ਿਲਮ ਦੇ ਤਕਨੀਕੀ ਪੱਖ ਨੂੰ ਉਜਾਗਰ ਕਰਨਾ ਨਹੀਂ ਹੈ। ਇਹ ਵਾਚਣਾ ਵੀ ਹੈ ਕਿ ਅਸਲ ਵਿੱਚ ਫ਼ਿਲਮਸਾਜ਼ ਲੋਕ-ਹਿੱਤ 'ਚ ਆਪਣੀਆਂ ਮੰਗਾਂ ਪੇਸ਼ ਕਰ ਰਿਹਾ ਹੈ। ਬਾਈ ਦਲਜੀਤ ਹੋਰਾਂ ਦੇ ਦੱਸਣ ਮੁਤਾਬਕ ਬਹੁਤੀ ਜਗ੍ਹਾ ਫ਼ਿਲਮ ਨੂੰ ਕਿਸਾਨੀ ਦੇ ਕਰਜ਼ੇ ਬਾਬਤ ਫ਼ਿਲਮ ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ ਸੀ। ਜਦਕਿ ਫ਼ਿਲਮ ਖੇਤ ਮਜ਼ਦੂਰਾਂ ਦੇ ਕਰਜ਼ੇ ਦੀ ਸਮੱਸਿਆ ਦੀ ਬਾਤ ਪਾਉਂਦੀ ਹੈ। ਫ਼ਿਲਮ ਦਾ ਇੱਕ-ਤਿਹਾਈ ਹਿੱਸਾ ਖੇਤ ਮਜ਼ਦੂਰ ਬੀਬੀਆਂ ਦੀ ਦਸ਼ਾ ਬਿਆਨ ਕਰਦਾ ਹੈ। ਫ਼ਿਲਮ ਦੀ ਪੜਤ ਸਮੇਂ ਇਸ ਗੱਲ ਨੂੰ ਤਕਰੀਬਨ ਅੱਖੋਂ ਉਹਲੇ ਕਰ ਦਿੱਤਾ ਗਿਆ। ਉਨ੍ਹਾਂ ਬਾਰੇ ਕੋਈ ਗੱਲ ਨਹੀਂ ਤੁਰ ਸਕੀ। ਬਾਈ ਦਲਜੀਤ ਨੂੰ ਲੱਗਿਆ ਕਿ ਸ਼ਾਇਦ ਉਨ੍ਹਾਂ ਦੱਸਣ 'ਚ ਕੋਈ ਕਮੀ ਰਹਿ ਗਈ ਹੈ ਜਿਸ ਕਰਕੇ ਲੋਕਾਂ ਨੂੰ ਫ਼ਿਲਮ ਕਿਸਾਨੀ ਦੇ ਕਰਜ਼ੇ ਅਤੇ ਖ਼ੁਦਕੁਸ਼ੀਆਂ ਬਾਰੇ ਮਹਿਸੂਸ ਹੁੰਦੀ ਹੈ। ਜਦੋਂ ਫ਼ਿਲਮ ਦੀ ਬਣਤਰ 'ਚ ਸ਼ਾਮਲ ਰਹੀ ਬੀਬੀ ਵੱਲੋਂ ਆਪਣੇ ਕਾਲਜ 'ਚ ਫ਼ਿਲਮ ਦਿਖਾਉਣ ਵੇਲੇ ਇਹੀ ਗੱਲ ਦੁਹਰਾਈ ਗਈ ਤਾਂ ਫ਼ਿਲਮਸਾਜ਼ ਨੂੰ ਜਨਤਕ ਤੌਰ 'ਤੇ ਕਹਿਣਾ ਪਿਆ ਕਿ ਇਹ ਫ਼ਿਲਮ ਕਿਸਾਨਾਂ ਦੇ ਕਰਜ਼ੇ ਬਾਬਤ ਨਹੀਂ ਹੈ। ਉਨ੍ਹਾਂ ਨੂੰ ਇਹ ਗੱਲ ਸਮਾਂ ਪਾ ਕੇ ਸਮਝ ਆਈ ਕਿ ਕਿਸਾਨਾਂ ਦੇ ਕਰਜ਼ੇ ਅਤੇ ਖ਼ੁਦਕੁਸ਼ੀਆਂ ਦੀ ਗੱਲ ਲੋਕਾਂ ਦੇ ਦਿਲ-ਦਿਮਾਗ 'ਤੇ ਏਨੀ ਛਾਈ ਹੋਈ ਹੈ ਕਿ ਖੇਤ ਮਜ਼ਦੂਰਾਂ ਦੀ ਫ਼ਿਲਮ ਵੀ ਉਨ੍ਹਾਂ ਨੂੰ ਕਿਸਾਨਾਂ ਨਾਲ ਸੰਬੰਧਤ ਜਾਪਦੀ ਹੈ। 'ਕਰਜ਼ੇ ਹੇਠ' ਦੀ ਪੜਚੋਲ ਉੱਪਰ ਦਿੱਤੀਆਂ ਸਾਰੀਆਂ ਗੱਲਾਂ ਵਿਚਾਰੇ ਬਿਨਾਂ ਨਹੀਂ ਕੀਤੀ ਜਾ ਸਕਦੀ। ਬਾਈ ਦਲਜੀਤ ਹੋਰਾਂ ਦੀ ਅਗਲੀ ਫ਼ਿਲਮ ਗ਼ਦਰੀਆਂ ਦੀ ਸਿੰਘਾਪੁਰ ਬਗ਼ਾਵਤ ਬਾਰੇ ਹੈ। ਸੰਨ 1914-15 ਦੀ ਗ਼ਦਰ-ਪਾਰਟੀ ਦੇ ਸੰਗਰਾਮ ਬਾਬਤ ਸੰਨ 2012 'ਚ ਬਣ ਰਹੀ ਫ਼ਿਲਮ, ਅੱਜ ਜਾਂ ਵੀਹ ਸਾਲ ਬਾਅਦ ਦੇਖਣ ਵਾਲੇ ਨੂੰ ਕੀ ਅਹਿਸਾਸ ਕਰਵਾਏਗੀ? ਫ਼ਿਲਮਸਾਜ਼ ਆਲੇ-ਦੁਆਲੇ ਤੋਂ ਟੁੱਟ ਕੇ ਖ਼ਲਾਅ 'ਚ ਫ਼ਿਲਮ ਨਹੀਂ ਬਣਾ ਸਕਦਾ। ਨਿਤ-ਦਿਨ ਵਾਪਰਦੇ ਹਾਦਸੇ ਉਸ ਉੱਤੇ ਅਸਰਅੰਦਾਜ਼ ਹੁੰਦੇ ਹਨ। ਸਾਮਰਾਜੀਆਂ ਦੇ ਖ਼ਿਲਾਫ਼ ਗ਼ਦਰ-ਪਾਰਟੀ ਦਾ ਪੈਂਤੜਾ, ਦੋ ਆਲਮੀ ਜੰਗਾਂ, ਮੁਲਕ ਦੀ ਵੰਡ, 'ਆਜ਼ਾਦੀ' ਤੋਂ ਬਾਅਦ ਆਵਾਮ ਦੀ ਹਾਲਤ, ਆਲਮੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਅਤੇ ਨੌ-ਗਿਆਰਾਂ ਦੇ ਹਾਦਸੇ ਤੋਂ ਬਾਅਦ 'ਅਤਿਵਾਦ ਦੇ ਖ਼ਿਲਾਫ਼ ਜੰਗ' ਜਿਹੇ ਰੁਝਾਨ ਉਸ ਫ਼ਿਲਮ ਦੀ ਪੜਚੋਲ ਤੋਂ ਬਾਹਰ ਦਾ ਮਸਲਾ ਨਹੀਂ ਹੋ ਸਕਦੇ।
ਫ਼ਿਲਮ ਦੀ ਪੜਚੋਲ ਆਮ ਤੌਰ 'ਤੇ ਵਿੱਤੀ, ਤਕਨੀਕੀ ਜਾਂ ਫ਼ਿਲਮ ਨਾਲ ਜੁੜੇ ਲੋਕਾਂ ਦੇ ਪੈਂਤੜੇ ਤੋਂ ਹੁੰਦੀ ਰਹੀ ਹੈ। ਕਲਾ ਮਨੁੱਖੀ ਰੂਹ ਦੀ ਖ਼ੁਰਾਕ ਹੈ। ਫ਼ਿਲਮ-ਮੰਡੀ ਦੇ ਵਪਾਰੀਆਂ ਨੇ ਇਸ ਕਲਾ ਨੂੰ ਨਿੱਜੀ ਮੁਨਾਫ਼ੇ ਲਈ ਵਰਤਿਆ ਹੈ। ਆਵਾਮੀ ਪੈਂਤੜੇ ਤੋਂ ਇਸਦੀ ਪੜਚੋਲ ਹੋਣੀ ਬਾਕੀ ਹੈ ਕਿਉਂਕਿ ਆਵਾਮ ਕੋਲ ਫ਼ਿਲਮ ਬਾਰੇ ਵਿਚਾਰ ਪੇਸ਼ ਕਰਨ ਦੇ ਮੌਕੇ ਨਾਮਨਿਹਾਦ ਹੀ ਹੁੰਦੇ ਹਨ। ਉਨ੍ਹਾਂ 'ਤੇ ਫ਼ਿਲਮ ਥੋਪੀ ਜਾਂਦੀ ਰਹੀ ਹੈ।

Tuesday 18 December 2012

ਨਿਆਸਰਿਆਂ ਅਤੇ ਨਿਉਟਿਆਂ ਦੀ ਗਾਥਾ ਫ਼ਿਲਮ 'ਲਾਚੋ ਡਰਾਮ'

ਜਤਿੰਦਰ ਮੌਹਰ 

ਫ਼ਿਲਮ 'ਲਾਚੋ ਡਰਾਮ' ਉਨ੍ਹਾਂ ਲੋਕਾਂ ਦੀ ਕਹਾਣੀ ਹੈ ਜਿਨ੍ਹਾਂ ਲਈ ਦੁੱਖ, ਹਿਕਾਰਤ ਅਤੇ ਉਜਾੜਾ ਇਤਿਹਾਸ ਦਾ ਕਰੂਰ ਹਿੱਸਾ ਹੈ ਤੇ ਇਹ ਰੁਝਾਨ ਸਮਕਾਲੀ ਦੌਰ ਵਿੱਚ ਜਾਰੀ ਹੈ। ਉਨ੍ਹਾਂ ਨੇ ਹਾਲਾਤ ਨੂੰ ਭਾਣਾ ਮੰਨਦਿਆਂ ਦਿਲਾਂ 'ਚੋਂ ਉਠਦੇ ਉਬਾਲ ਨੂੰ ਗੀਤਾਂ ਅਤੇ ਨਾਚਾਂ ਦੀ ਸ਼ਕਲ  ਦਿੱਤੀ। ਬੇਸ਼ੱਕ ਭਾਣਾ ਮੰਨਣ ਨਾਲ ਲਹੂ ਵਹਿਣ ਤੋਂ ਨਹੀਂ ਹੱਟਦਾ ਪਰ ਲਹੂ ਨਾਲ ਸਿੰਜੇ ਗੀਤ ਸਾਂਝੀ ਆਲਮੀ ਵਿਰਾਸਤ ਦਾ ਹਿੱਸਾ ਬਣਦੇ ਹਨ। ਕਸਾਈਖ਼ਾਨਿਆਂ 'ਚ ਡੁੱਲਿਆ ਮਨੁੱਖੀ ਲਹੂ ਹਰ ਹੀਲੇ ਰੰਗ ਦਿਖਾਉਂਦਾ ਹੈ। ਜਿਨ੍ਹਾਂ ਪਲਾਂ 'ਚ ਬੇਨਾਮਿਆਂ ਨੂੰ ਬੰਦ ਬੰਦ ਕੱਟਿਆ ਗਿਆ, ਉਹ ਸਦੀਆਂ ਬਣ ਕੇ ਧੜਕਦੇ ਹਨ। ਇਹ ਮਨੁੱਖੀ ਦਰਦ ਦੇ ਸਾਂਝੇ ਪਲ ਹੋ ਨਿਬੜਦੇ ਹਨ। ਗ਼ਾਲਬਾਂ ਨੇ ਚਾਹੇ ਲੱਖ ਪਰਦੇ ਪਾਏ ਹੋਣ ਪਰ ਬੇਨਾਮਿਆਂ ਦੀ ਹੋਂਦ ਤੋਂ ਮਨੁੱਖਤਾ ਮੁਨਕਰ ਨਹੀਂ ਹੋ  ਸਕਦੀ। ਜਿਨ੍ਹਾਂ ਨੇ ਜ਼ਿੰਦਗੀ ਦੇ ਗੀਤਾਂ ਨੂੰ ਅਮਰ ਕਰ ਦਿੱਤਾ। 

ਫ਼ਿਲਮ 'ਲਾਚੋ ਡਰਾਮ' (ਸੁਰੱਖਿਅਤ ਸਫ਼ਰ) ਦੇ ਹਦਾਇਤਕਾਰ ਟੋਨੀ ਗਤਲਿਫ਼ ਨੇ ਅਲਜੀਰੀਆ 'ਚ ਜਨਮ ਲਿਆ ਤੇ ਫ਼ਰਾਂਸ 'ਚ ਵਸੇਬਾ ਕੀਤਾ। ਉਸਦਾ ਮੁਲਕ ਫ਼ਰਾਂਸ ਦੀ ਬਸਤੀ ਸੀ। ਬਸਤਾਨਾਂ ਵੱਲੋਂ ਉਸਦੇ ਮੁਲਕਵਾਸੀਆਂ 'ਤੇ ਢਾਹਿਆ ਕਹਿਰ ਇਤਿਹਾਸ ਦਾ ਕਾਲਾ ਪੰਨਾ ਹੈ। ਉਹ ਰਾਜਸਥਾਨ (ਹਿੰਦੋਸਤਾਨ), ਤੁਰਕੀ, ਰੋਮਾਨੀਆ, ਹੰਗਰੀ, ਸਲੋਵਾਕੀਆ, ਫ਼ਰਾਂਸ, ਸਪੇਨ ਅਤੇ ਮਿਸਰ 'ਚ ਘੁੰਮ ਕੇ ਵਣਜਾਰਿਆਂ ਨੂੰ ਕੈਮਰਾ-ਬੱਧ ਕਰਦਾ ਹੈ। ਜਿਨ੍ਹਾਂ ਨੂੰ ਯੂਰਪ 'ਚ ਰੋਮਾ ਜਾਂ ਜਿਪਸੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਫ਼ਿਲਮਸਾਜ਼ ਦੀਆਂ ਨਿੱਜੀ  ਟਿੱਪਣੀਆਂ ਅਤੇ ਜ਼ੁਬਾਨੀ ਖ਼ੁਲਾਸੇ ਫ਼ਿਲਮ 'ਚੋਂ ਗ਼ੈਰਹਾਜ਼ਰ ਹਨ। ਸੰਵਾਦ ਨਾਮਨਿਹਾਦ ਹਨ। ਕਿਸੇ ਪੇਸ਼ਕਾਰ ਜਾਂ ਮੁਲਕ ਦਾ ਨਾਮ ਨਹੀਂ ਦਿੱਤਾ ਗਿਆ। ਕਲਾ ਦੀ ਕੋਈ ਬੋਲੀ ਨਹੀਂ ਹੁੰਦੀ। ਉਹ ਅਪਣੇ-ਆਪ 'ਚ ਬੋਲੀ ਹੈ। ਫ਼ਿਲਮ ਦੀ ਸ਼ੁਰੂਆਤ ਰਾਜਸਥਾਨ ਦੇ ਵਣਜਾਰਿਆਂ ਤੋਂ ਹੁੰਦੀ ਹੈ। 'ਲੰਬਾ ਲਾਰਾ' ਜਾ ਰਿਹਾ ਹੈ ਜਿਸਦਾ ਚਿਤਰਣ ਆਪਣਾ ਲਾਲ ਸਿੰਘ ਦਿਲ ਚਿਰੋਕਣਾ ਕਰ ਚੁੱਕਿਆ ਹੈ। ਗੱਡਿਆਂ 'ਤੇ ਬੱਚੇ ਲੱਦੇ ਹਨ। ਇੱਕ ਨੂੰ ਤੇਜ਼ ਬੁਖ਼ਾਰ ਹੈ। ਪੀਣ ਲਈ ਪਾਣੀ ਦੀਆਂ ਕੁਝ ਬੂੰਦਾਂ ਹਨ। ਉਜਾੜ ਥਾਂ 'ਤੇ ਡੇਰਾ ਲਾਇਆ ਹੈ। ਖੁੱਲ੍ਹੇ ਆਸਮਾਨ ਹੇਠ ਗੀਤ, ਨਾਚ ਅਤੇ ਸੰਦ-ਹਥੌੜਿਆਂ ਦੀ ਆਵਾਜ਼ਾਂ ਇਕਸੁਰ ਹੁੰਦੀਆਂ ਹਨ। ਦੂਰ ਤੱਕ ਰੇਤ ਅਤੇ ਮਿੱਟੀ ਤੋਂ ਬਿਨ੍ਹਾਂ ਕੁਝ ਨਹੀਂ। ਮਨੁੱਖੀ ਸਮਰੱਥਾ ਦਾ ਜਸ਼ਨ ਹੋ ਰਿਹਾ ਹੈ। ਨਾ-ਉਮੀਦੀ ਅਤੇ ਦੁੱਖ ਦੇ ਬਾਵਜੂਦ ਜ਼ਿੰਦਗੀ ਧੜਕ ਰਹੀ ਹੈ। ਇਹੀ ਮਨੁੱਖੀ ਸਮਰੱਥਾ ਦੀ ਸੱਚੀ ਤਾਕਤ ਹੈ।

ਫ਼ਿਲਮ ਦੇ ਇੱਕ ਦ੍ਰਿਸ਼ 'ਚ ਘੋੜ-ਸਵਾਰ ਹਵਾ ਨਾਲ ਗੱਲਾਂ ਕਰ ਰਿਹਾ ਹੈ। ਇਹ ਸ਼ਾਇਦ ਕਿਸੇ ਪੂਰਬ-ਯੂਰਪੀ ਮੁਲਕ ਦਾ ਖਿੱਤਾ ਹੈ। ਘੋੜੇ ਦੀ ਅੱਥਰੀ ਚਾਲ ਸੰਗੀਤ ਨਾਲ ਲੈਅਬੱਧ ਹੋ ਰਹੀ ਹੈ। ਇਹੀ ਅੱਥਰਾਪਣ ਆਜ਼ਾਦੀ ਦਾ ਚਿੰਨ ਹੈ। ਦਰੱਖਤ ਅਤੇ ਪੰਛੀ ਉਸਦੇ ਸਹਿਯੋਗੀ ਹਨ। ਉਸ ਘੋੜੇ ਦੀ ਥਾਂ ਲੋਹੇ ਦਾ ਘੋੜਾ (ਰੇਲਗੱਡੀ) ਲੈ ਲੈਂਦਾ ਹੈ। ਲੋਹੇ ਦਾ ਘੋੜਾ ਨਾਜ਼ੀਆਂ ਵੱਲੋਂ ਡੱਬਿਆਂ 'ਚ ਢੋਏ ਗਏ ਵਣਜਾਰਿਆਂ ਦੀ ਯਾਦ ਦਿਵਾਉਂਦਾ ਹੈ। ਜਿਨ੍ਹਾਂ ਨੂੰ ਗੈਸ-ਚੈਂਬਰਾਂ ਦਾ ਬਾਲਣ ਬਣਾਇਆ ਗਿਆ। ਮਨੁੱਖ ਦੀ ਕੁਜਾਤ ਖੁੱਲ੍ਹੀ ਹਵਾ 'ਚ ਸਾਹ ਲੈਣ ਦੇ ਸੁਪਨਿਆਂ ਨੂੰ ਮੌਤ ਦੇ ਦਮ ਘੋਟੂ ਕਮਰਿਆਂ 'ਚ ਡੱਕ ਦਿੰਦੀ ਹੈ। ਕੇਂਦਰੀ ਯੂਰਪ ਦੇ ਬਰਫੀਲੇ ਮੈਦਾਨ, ਰੇਲਵੇ ਸਟੇਸ਼ਨ, ਵਲੀਆਂ ਤਾਰਾਂ ਅਤੇ ਕੰਬਦੀ ਬਜ਼ੁਰਗ ਜਿਪਸੀ ਔਰਤ ਦੀ ਬਾਂਹ ਉੱਤੇ ਉਣੇ ਹਿੰਦਸੇ, ਔਸ਼ਵਿਟਜ਼ ਦੇ ਬੁੱਚੜਖਾਨੇ ਦੀ ਕੁਸੈਲੀ ਯਾਦ ਤਾਜ਼ਾ ਕਰਦੇ ਹਨ। ਅੱਖਾਂ 'ਚ ਤਰਦੇ ਦਹਿਸ਼ਤ ਦੇ ਦ੍ਰਿਸ਼ ਮਨੁੱਖ ਅਤੇ ਕੁਦਰਤ ਦੇ ਸੁਮੇਲ 'ਚੋਂ ਉਪਜੇ ਸੰਗੀਤ ਨੂੰ ਸੋਗ ਦੇ ਵੈਣਾਂ 'ਚ ਤਬਦੀਲ ਕਰ ਦਿੰਦੇ ਹਨ। ਰੇਲਗੱਡੀ 'ਚ ਸਫ਼ਰ ਕਰਦੀਆਂ ਮਾਂ ਅਤੇ ਧੀ ਗੀਤ ਗਾਉਂਦੀਆਂ ਹਨ, "ਦੁਨੀਆਂ ਸਾਨੂੰ ਨਫ਼ਰਤ ਕਰਦੀ ਹੈ ... ਸਾਡਾ ਸ਼ਿਕਾਰ ਕੀਤਾ ਗਿਆ ਤੇ ਉਜਾੜ ਦਿੱਤਾ ਗਿਆ ...।" ਕੜਾਕੇ ਦੀ ਠੰਢ 'ਚ ਬੇਘਰ ਵਣਜਾਰੇ ਦਰੱਖਤਾਂ 'ਤੇ ਘਰ ਬਣਾਈ ਬੈਠੇ ਹਨ ਜੋ ਸਦੀਆਂ ਤੋਂ ਢੋਈ ਜ਼ਿੱਲਤ ਦੇ ਗੀਤ ਗਾਉਂਦੇ ਹਨ। ਰੇਲਵੇ ਸਟੇਸ਼ਨ 'ਤੇ ਰੋਂਦੀ ਮਾਂ ਦਾ ਚਿੱਤ ਪਰਚਾਉਣ ਲਈ ਮਾਸੂਮ  ਬੱਚਾ ਜਿਪਸੀਆਂ ਨੂੰ ਕੁਝ ਸਿੱਕੇ ਦੇ ਕੇ ਗੀਤ ਗਾਉਣ ਲਈ ਕਹਿੰਦਾ ਹੈ। ਜਿਪਸੀਆਂ ਦਾ ਟੋਲਾ ਬਿਨ੍ਹਾਂ ਪੈਸੇ ਲਏ ਨੱਚਦਾ-ਗਾਉਂਦਾ ਹੈ। ਮਾਂ ਦੇ ਚਿਹਰੇ 'ਤੇ ਹਾਸਾ ਪਰਤ ਆਉਂਦਾ ਹੈ। ਬੱਚੇ ਲਈ ਉਹ ਪਲ ਜਮਰੌਦ ਦਾ ਕਿਲ੍ਹਾ ਜਿੱਤਣ ਦੇ ਬਰਾਬਰ ਹੈ। ਮਾਸੂਮ ਨੂੰ ਸਾਰਾ ਆਲਮ ਝੂਮਦਾ ਨਜ਼ਰ ਆਉਂਦਾ ਹੈ। ਰੋਂਦੇ ਜੀਅ ਨੂੰ ਹਸਾਉਣ ਤੋਂ ਵੱਡਾ ਕੋਈ ਪਰਉਪਕਾਰ ਨਹੀਂ ਹੋ ਸਕਦਾ। 

ਫਰਾਂਸ 'ਚ ਵਣਜਾਰਿਆਂ ਦੇ ਆਰਜ਼ੀ ਡੇਰੇ ਨੂੰ ਮੁਕਾਮੀ ਹਥਿਆਰਧਾਰੀ ਤੁਰੰਤ ਚੁੱਕਣ ਦਾ ਹੁਕਮ ਸੁਣਾਉਂਦੇ ਹਨ। ਇਸ ਸੋਚ ਨੂੰ ਸਰਕਾਰੀ ਸਰਪ੍ਰਸਤੀ ਹਾਸਲ ਹੈ। ਰਾਸ਼ਟਰਪਤੀ ਸਰਕੋਜ਼ੀ ਲਈ ਪ੍ਰਵਾਸੀ ਵਿਰੋਧੀ ਨੀਤੀਆਂ ਘਪਲਿਆਂ ਅਤੇ ਵਿੱਤੀ ਮੰਦਵਾੜੇ ਦੀ ਬਦਨਾਮੀ 'ਚੋਂ ਉਭਰਨ ਦਾ ਸਬੱਬ ਬਣਦੀਆਂ ਹਨ। ਜਿਸ ਦਾ ਸਭ ਤੋਂ ਵੱਡਾ ਨਿਸ਼ਾਨਾ ਜਿਪਸੀ ਅਤੇ ਮੁਸਲਮਾਨ ਬਣੇ ਹਨ। ਗ੍ਰੀਨੋਬਲ 'ਚ ਤੀਹ ਜੁਲਾਈ ਨੂੰ ਦਿੱਤੇ ਭਾਸ਼ਣ 'ਚ ਸਰਕੋਜ਼ੀ ਨੇ ਕਿਹਾ ਸੀ ਕਿ ਰੋਮਾ ਲੋਕਾਂ ਦੇ ਡੇਰੇ ਅਤੇ ਅਰਬ ਮੂਲ ਦੇ ਮੁਸਲਮਾਨਾਂ ਦੀਆਂ ਬਸਤੀਆਂ ਜੁਰਮ ਦੇ ਅੱਡੇ ਹਨ। ਚੇਤੇ ਰਹੇ ਕਿ ਬੇਰੁਜ਼ਗਾਰੀ ਦੀ ਸਭ ਤੋਂ ਵੱਧ ਮਾਰ ਇਹੀ ਲੋਕ ਝੱਲ ਰਹੇ ਹਨ। ਰੋਮਾ ਲੋਕਾਂ ਦੇ ਸਾਰੇ ਡੇਰੇ ਤੋੜਨ ਦਾ ਹੁਕਮ ਹੈ। ਇਨ੍ਹਾਂ ਨੂੰ ਵਾਪਸ ਆਪਣੇ ਮੁਲਕ ਭੇਜਿਆ ਜਾ ਰਿਹਾ ਹੈ ਬੇਸ਼ੱਕ ਉਨ੍ਹਾਂ ਕੋਲ ਫ਼ਰਾਂਸ ਦੀ ਨਾਗਰਿਕਤਾ ਕਿਉਂ ਨਾ ਹੋਵੇ। ਸੱਜੇਪੱਖੀਆਂ ਨੇ ਸਰਕੋਜ਼ੀ ਦੀਆਂ ਨੀਤੀਆਂ ਦਾ ਭਰਪੂਰ ਹਮਾਇਤ ਕੀਤੀ ਹੈ। ਸਰਕੋਜ਼ੀ ਦੇ ਬਿਆਨ ਤੋਂ ਬਾਅਦ ਜਦੋਂ ਗ੍ਰੀਨੋਬਲ ਅਤੇ ਸੇਂਟ ਆਈਗਨ ਸ਼ਹਿਰਾਂ 'ਚ ਪੀੜਤ ਲੋਕਾਂ ਨੇ ਰੋਹ ਪ੍ਰਗਟ ਕੀਤਾ ਤਾਂ ਪੁਲਿਸ ਨੇ ਦੋ ਜਿਪਸੀ ਮੁੰਡਿਆਂ ਨੂੰ ਗੋਲੀ ਮਾਰ ਦਿੱਤੀ। ਇਸ ਹਾਦਸੇ ਤੋਂ ਬਾਅਦ ਹਿੰਸਾ ਭੜਕ ਉੱਠੀ।  ਇਤਿਹਾਸ 'ਚ ਪਹਿਲੀ ਵਾਰ ਜਿਪਸੀ ਮੁੰਡਿਆਂ ਨੇ ਪੁਲਿਸ ਨਾਲ ਦਸਤਪੰਜਾ ਲਿਆ। ਲੋਕ-ਰੋਹ ਨੂੰ ਕਰੜੇ ਹੱਥੀ ਨਜਿੱਠਣ ਤੋਂ ਬਾਅਦ ਸਰਕੋਜ਼ੀ ਨੇ ਬਿਆਨ ਦਿੱਤਾ ਕਿ ਰੋਮਾ ਲੋਕਾਂ ਦੀਆਂ ਕਦਰਾਂ-ਕੀਮਤਾਂ ਫ਼ਰਾਂਸੀਸੀਆਂ ਦੇ ਹਾਣ ਦੀਆਂ ਨਹੀਂ ਹਨ ਅਤੇ ਮੁਲਕ ਦੀ ਅੰਦਰੂਨੀ ਸੁਰੱਖਿਆ ਲਈ ਵੱਡਾ ਖ਼ਤਰਾ ਹਨ। ਜਿਪਸੀਆਂ ਦੇ ਉਜਾੜੇ ਦਾ ਰੁਝਾਨ ਹੋਰ ਤੇਜ਼ ਹੋ ਗਿਆ। ਇਹੀ ਹਾਲ ਪਰਵਾਸੀ ਮੁਸਲਮਾਨਾਂ ਦਾ ਹੈ। ਨਵ-ਫ਼ਾਸ਼ੀਵਾਦੀ ਨੈਸ਼ਨਲ ਫਰੰਟ ਪਾਰਟੀ ਸਰਕੋਜ਼ੀ ਨੂੰ ਸ਼ਾਬਾਸੀ ਦਿੰਦੀ ਨਹੀਂ ਥੱਕਦੀ। ਫ਼ਰਾਂਸ 'ਚ ਦੂਜੀ ਆਲਮੀ ਜੰਗ ਤੋਂ ਬਾਅਦ ਪਰਵਾਸੀਆਂ ਦੇ ਖ਼ਿਲਾਫ਼ ਉਠਾਏ ਗਏ ਇਹ ਸਭ ਤੋਂ ਸਖ਼ਤ ਕਦਮ ਹਨ। ਇਸ ਤੋਂ ਪਹਿਲਾਂ ਹਿਟਲਰ ਦੀ ਕਠਪੁਤਲੀ ਫ਼ਰਾਂਸੀਸੀ ਸਰਕਾਰ ਨੇ ਜਿਪਸੀਆਂ ਨੂੰ ਦੇਸ਼-ਨਿਕਾਲੇ ਦੇ ਹੁਕਮ ਦਿੱਤੇ ਸਨ। ਜਿਨ੍ਹਾਂ 'ਚੋਂ ਜ਼ਿਆਦਾਤਰ ਤਸ਼ੱਦਦਖਾਨਿਆਂ 'ਚ ਖ਼ਤਮ ਕਰ ਦਿੱਤੇ ਗਏ। ਨਾਜ਼ੀਆਂ ਨੇ ਤਿੰਨ ਲੱਖ ਤੋਂ ਵੱਧ ਜਿਪਸੀਆਂ ਦੀਆਂ ਜਾਨਾਂ ਲਈਆਂ। ਫ਼ਰਾਂਸ ਦੇ ਮਸ਼ਹੂਰ ਅਖ਼ਬਾਰ 'ਲੀ ਪੋਸਟ' ਮੁਤਾਬਕ ਫ਼ਰਾਂਸੀਸੀ ਸਰਕਾਰਾਂ ਨੇ ਰੋਮਾ ਲੋਕਾਂ ਦੇ ਮੁੱਦੇ ਨੂੰ ਹਮੇਸ਼ਾਂ ਗ਼ੈਰ-ਜਮਹੂਰੀ ਤਰੀਕਿਆਂ ਨਾਲ ਹੀ ਨਜਿੱਠਿਆ ਹੈ। ਇਟਲੀ ਦੇ ਹਾਕਮ ਇਸ ਮਾਮਲੇ 'ਚ ਫ਼ਰਾਂਸ ਤੋਂ ਵੀ ਅੱਗੇ ਹਨ। ਯੂਰਪ ਦੀ ਰੋਮਾ ਆਬਾਦੀ ਦਾ ਵੱਡਾ ਹਿੱਸਾ ਹਿੰਸਕ ਹਮਲਿਆਂ ਦੀ ਮਾਰ ਹੇਠ ਹੈ। ਯੂਰਪੀ ਯੂਨੀਅਨ ਨਸਲਵਾਦੀ ਹਾਕਮਾਂ ਦੀ ਪਿੱਠ ਥਾਪੜ ਰਹੀ ਹੈ। ਗਾਰਡੀਅਨ ਦੀ ਕਾਲਮਨਵੀਸ ਈਥਲ ਬਰੂਕਸ ਇਸ ਰੁਝਾਨ ਨੂੰ 'ਸਰਕਾਰੀ ਸਰਪ੍ਰਸਤੀ ਹਾਸਲ ਨਸਲਵਾਦ' ਦਾ ਦਰਜਾ ਦਿੰਦੀ ਹੈ। ਸਿਆਹਫਾਮ, ਮੁਸਲਮਾਨ ਅਤੇ ਰੋਮਾ ਲੋਕ ਪੱਛਮੀ ਨਸਲਵਾਦ ਦਾ ਮੁੱਖ ਨਿਸ਼ਾਨਾ ਹਨ। ਬਹੁਤੇ ਪ੍ਰਵਾਸੀ ਭਾਰਤੀ ਪੱਛਮੀ ਮੁਲਕਾਂ ਦੇ ਸਾਊ ਅਤੇ ਵਫ਼ਾਦਾਰ ਪੁੱਤ ਸਾਬਤ ਹੋਣ ਦੇ ਆਹਰ 'ਚ ਲੱਗੇ ਹੋਏ ਹਨ ਪਰ ਕਬੂਤਰ ਦੇ ਅੱਖਾਂ ਮੀਟਣ ਨਾਲ ਬਿੱਲੀ ਦੀ ਨੀਅਤ ਨਹੀਂ ਬਦਲਦੀ। ਸਮਾਂ 'ਨਿਆਸਾਰਿਆਂ ਦੇ ਆਸਰੇ ਤੇ ਨਿਉਟਿਆਂ ਦੀ ਓਟ' ਬਣਨ ਦੀ ਮੰਗ ਕਰਦਾ ਹੈ। 

ਫ਼ਿਲਮ ਦਾ ਛੇਕੜਲਾ ਦ੍ਰਿਸ਼ ਸਪੇਨੀ ਜਿਪਸੀਆਂ ਦੀ ਹੋਣੀ ਬਿਆਨ ਕਰਦਾ ਹੈ ਜਿਨ੍ਹਾਂ ਨੇ ਖਾਲੀ ਤੇ ਉਜਾੜ ਪਏ ਘਰਾਂ 'ਚ ਸ਼ਰਣ ਲਈ ਹੋਈ ਹੈ। ਸਰਕਾਰੀ ਬੰਦੇ ਉਨ੍ਹਾਂ ਨੂੰ ਦੁਬਾਰਾ ਬੇਘਰ ਕਰਨ ਵਿੱਚ ਮਸ਼ਰੂਫ਼ ਹਨ। ਬੂਹੇ-ਬਾਰੀਆਂ ਮੂਹਰੇ ਕੰਧਾਂ ਦੀ ਚਿਣਾਈ ਕਰਕੇ ਪੱਕੇ ਰੂਪ 'ਚ ਬੰਦ ਕੀਤਾ ਜਾ ਰਿਹਾ ਹੈ। ਉਜਾੜੇ ਦੀ ਸ਼ਿਕਾਰ ਜਿਪਸੀ ਬੀਬੀ ਤੇ ਬੱਚਾ ਪਹਾੜ ਦੀ ਚੋਟੀ 'ਤੇ ਬੈਠੇ ਘੁੱਗ ਵਸਦੇ ਸ਼ਹਿਰ ਨੂੰ ਦੇਖਦੇ ਹੋਏ ਗੀਤ ਗਾ ਰਹੇ ਹਨ। ਪੰਜਾਬੀ ਸੰਗਤ ਨੂੰ ਨਾਵਲ 'ਰੋਹੀ ਬੀਆਬਾਨ' ਦਾ ਪਾਤਰ ਗੋਰਾ ਯਾਦ ਆ ਜਾਂਦਾ ਹੈ ਜੋ ਸੰਵੇਦਨਹੀਣਤਾ ਦਾ ਸ਼ਿਕਾਰ ਹੋਇਆ ਦੂਰ ਖੇਤਾਂ 'ਚ ਬੈਠਾ, ਜਗਮਗਾਉਂਦੇ ਪਿੰਡ ਨੂੰ ਮਿਹਣਾ ਮਾਰਦਾ ਹੈ। ਉਸ ਨੂੰ ਜੀਉਂਦਾ ਜਾਗਦਾ ਪਿੰਡ ਰੋਹੀ ਬੀਆਬਾਨ ਲੱਗਦਾ ਹੈ। ਪਿੰਡ ਦੀ ਹੋਂਦ ਅਤੇ ਰੌਣਕ ਦਰਦਮੰਦਾਂ ਦੇ ਦਰਦੀਆਂ ਨਾਲ ਹੀ ਹੈ। ਸਾਡੇ ਗੋਰੇ ਦੀ ਜਿਪਸੀ ਬੀਬੀ ਤੇ ਬੱਚੇ ਨਾਲ ਕੋਈ ਸੱਥਰੀ ਤਾਂ ਜ਼ਰੂਰ ਹੈ। ਗੀਤ ਦੌਰਾਨ ਸ਼ਹਿਰ ਦੀਆਂ ਇਮਾਰਤਾਂ ਅਤੇ ਘਰਾਂ ਦੇ ਦ੍ਰਿਸ਼ ਦਿਖਾਈ ਦਿੰਦੇ ਹਨ। ਇਨ੍ਹਾਂ ਇਮਾਰਤਾਂ ਉੱਤੇ ਗੋਰੀ ਨਸਲ ਦਾ ਹੱਕ ਰਾਖਵਾਂ ਕਰਨ ਦੇ ਕਾਨੂੰਨ ਘੜੇ ਜਾਂਦੇ ਹਨ। ਪੂਰੇ ਜ਼ੋਰ ਨਾਲ ਗਾ ਰਹੀ ਬੀਬੀ ਦੇ ਬੋਲ ਬੋਲ਼ੇ ਸ਼ਹਿਰ ਦੇ ਕੰਨਾਂ ਤੱਕ ਨਹੀਂ ਪਹੁੰਚਦੇ। ਇਹ ਕਿਹੋ ਜਿਹੀਆਂ ਬੇਕਿਰਕ ਕੰਧਾਂ ਹਨ ਜੋ ਮਨੁੱਖੀ ਦਰਦ ਦੀ ਆਵਾਜ਼ ਨਹੀਂ ਸੁਣਦੀਆਂ ਪਰ ਹਕੂਕ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਲਈ ਸੈਂਕੜੇ ਅੱਖਾਂ ਤੇ ਕੰਨ ਪੈਦਾ ਕਰ ਲੈਂਦੀਆਂ ਹਨ? ਸ਼ਹਿਰ ਅਤੇ ਪਹਾੜ ਵਿਚਾਲੇ ਡੂੰਘੀ ਖਾਈ ਹੈ। ਇਸ ਖਾਈ ਨੂੰ ਪੂਰਨ ਲਈ ਮਨੁੱਖ ਦਾ ਸੰਘਰਸ਼ ਸਦੀਆਂ ਤੋਂ ਜਾਰੀ ਹੈ। ਦੋਵਾਂ ਜੀਆਂ ਦੀ ਬਾਲੀ ਅੱਗ ਉੱਚੀ ਹੋ ਰਹੀ ਹੈ। ਅੱਗ ਦੀਆਂ ਲਾਟਾਂ 'ਚੋਂ ਸ਼ਹਿਰ ਦਿਖਾਈ ਦੇ ਰਿਹਾ ਹੈ। ਇਹ ਲਾਟ ਜ਼ਿੰਦਗੀ ਜਿਉਣ ਦੀ ਚਾਹਤ ਵੀ ਹੈ ਅਤੇ ਇਤਿਹਾਸ 'ਚ ਸਰਕਾਰੀ ਜਬਰ ਦੇ ਖ਼ਿਲਾਫ਼ ਪਹਿਲੀ ਵਾਰ ਹਿੰਸਕ ਹੋਏ ਜਿਪਸੀ ਮੁੰਡਿਆਂ ਦੇ ਦਿਲਾਂ 'ਚੋਂ ਉੱਠਦਾ ਰੋਹ ਵੀ। ਅੰਤਲੇ ਦ੍ਰਿਸ਼ 'ਚ ਬੱਚਾ ਅੱਗ ਉੱਚੀ ਕਰਨ ਲਈ ਹੋਰ ਲੱਕੜਾਂ ਲੈ ਕੇ ਆ ਰਿਹਾ ਹੈ। ਅਜਿਹੀ ਕੋਈ ਲੱਕੜ ਰੋਹੀ ਬੀਆਬਾਨ ਵਾਲੇ ਗੋਰੇ ਦੇ ਹੱਥ 'ਚ ਵੀ ਜ਼ਰੂਰ ਹੋਏਗੀ।

Sunday 2 December 2012

ਗ਼ਲਬਿਆਂ ਦੀ ਨਿਸ਼ਾਨਦੇਹੀ ਕਰਦੀ ਫ਼ਿਲਮ 'ਦਿ ਲਾਈਵਜ਼ ਔਫ ਅਦਰਜ਼'


ਜਤਿੰਦਰ ਮੌਹਰ

ਰੂਸੋ ਦਾ ਮਸ਼ਹੂਰ ਕਥਨ ਹੈ ਕਿ ਮਨੁੱਖ ਆਜ਼ਾਦ ਪੈਦਾ ਹੋਇਆ ਸੀ ਪਰ ਥਾਂ-ਥਾਂ ਬੇੜੀਆਂ ਨਾਲ ਜਕੜਿਆ ਹੋਇਆ ਹੈ। ਮਨੁੱਖੀ ਸੱਭਿਅਤਾ ਦਾ ਇਤਿਹਾਸ ਬੇੜੀਆਂ ਅਤੇ ਗ਼ਲਬਿਆਂ ਤੋਂ ਮੁਕਤ ਹੋਣ ਦੇ ਸੁਪਨਿਆਂ ਅਤੇ ਸੰਘਰਸ਼ਾਂ ਦੀ ਹੋਣੀ ਰਿਹਾ ਹੈ। ਗ਼ਾਲਬਾਂ ਨੇ ਜਦੋਂ ਢਾਂਚੇ ਦਾ ਰੂਪ ਧਾਰਿਆ ਤਾਂ ਮਨੁੱਖ ਲਈ ਹਾਲਾਤ ਬਦ ਤੋਂ ਬਦਤਰ ਹੁੰਦੇ ਗਏ। ਹੱਥ ਚਾਹੇ ਗ਼ਾਲਬਾਂ ਦਾ ਉੱਪਰ ਰਿਹਾ ਹੋਵੇ ਪਰ ਮਨੁੱਖ ਨੇ ਹਾਰਨਾ ਨਹੀਂ ਸਿੱਖਿਆ। ਉਹ ਹਰ ਤਰ੍ਹਾਂ ਦੇ ਦਾਬੇ ਅਤੇ ਗ਼ਲਬੇ ਤੋਂ ਮੁਕਤੀ ਪਾਉਣ ਦੇ ਨਿਸ਼ਾਨੇ ਵੱਲ ਸਬੂਤੇ ਕਦਮੀ ਤੁਰਦਾ ਰਿਹਾ ਹੈ। ਬੇਸ਼ੱਕ ਡਾਹਢਿਆਂ ਨੇ ਸਦੀਆਂ ਤੋਂ ਬੰਦੇ ਨੂੰ ਮਨੁੱਖ ਤੋਂ ਸ਼ਿਕਾਰੀ ਬਣਨ ਦਾ ਪਾਠ ਪੜ੍ਹਾਇਆ ਹੋਵੇ ਪਰ ਮਨੁੱਖ ਨੇ ਆਪਣਾ ਮੂਲ ਨਹੀਂ ਛੱਡਿਆ। ਨਾਖ਼ੁਸ਼ਗਵਾਰ ਹਾਲਾਤ ਵਿੱਚ ਬੰਦੇ ਨੇ ਬੰਦਾ ਹੋਣ ਦਾ ਸਬੂਤ ਦਿੱਤਾ ਹੈ। ਅਜਿਹੇ ਹੀ ਖ਼ੁਸ਼ਕ ਮੌਸਮਾਂ ਦੇ ਵੇਗ 'ਚੋਂ ਬੰਦੇ ਦਾ ਆਪਾ ਤਲਾਸ਼ਦੀ ਜਰਮਨ ਫ਼ਿਲਮ ਹੈ 'ਦਿ ਲਾਈਵਜ਼ ਔਫ ਅਦਰਜ਼' ਜੋ ਲੇਖਕ ਅਤੇ ਹਦਾਇਤਕਾਰ ਫਲੋਰੀਅਨ ਹੈਂਕਲ ਵਾਨ ਡੌਨਰਸਮਾਰਕ ਦੀ ਪਲੇਠੀ ਫ਼ਿਲਮ ਹੈ। ਫ਼ਿਲਮ ਅੱਸੀਵਿਆਂ ਦੇ ਅੱਧ 'ਚ ਪੂਰਬੀ ਜਰਮਨ ਦੀ ਖ਼ੁਫ਼ੀਆ ਪੁਲਿਸ 'ਸਟਾਸੀ' ਦੇ ਮੁਲਕਵਾਸੀਆਂ ਖ਼ਿਲਾਫ਼ ਚਲਾਏ ਦਹਿਸ਼ਤ-ਚੱਕਰ ਨੂੰ ਬੇਪਰਦ ਕਰਦੀ ਹੈ। ਸਟਾਸੀ 'ਚ ਪੌਣੇ ਤਿੱੰਨ ਲੱਖ ਖ਼ੁਫ਼ੀਆ ਅਫ਼ਸਰ ਅਤੇ ਪੰਜ ਲੱਖ ਤੋਂ ਵੱਧ ਮੁਖ਼ਬਰ ਸ਼ਾਮਲ ਸਨ। ਕੁਝ ਅੰਕੜਿਆਂ ਮੁਤਾਬਕ ਮੁਖ਼ਬਰਾਂ ਦੀ ਗਿਣਤੀ ਵੀਹ ਲੱਖ ਤੋਂ ਵੱਧ ਸੀ। ਇਨ੍ਹਾਂ ਵਿੱਚ ਕਲਾਕਾਰਾਂ ਅਤੇ ਬੁੱਧੀਜੀਵੀਆਂ ਤੋਂ ਲੈ ਕੇ ਹਰ ਤਬਕੇ ਦੇ ਲੋਕ ਸ਼ਾਮਲ ਸਨ। ਲੋਕਾਂ ਦੀ ਨਿੱਜੀ ਜ਼ਿੰਦਗੀ 'ਚ ਸਟਾਸੀ ਦਾ ਖੁੱਲ੍ਹਾ ਤੇ 'ਕਾਨੂੰਨੀ' ਦਖ਼ਲ ਉਨ੍ਹਾਂ ਨੂੰ ਕਾਬੂ 'ਚ ਰੱਖਣ ਲਈ 'ਜਾਇਜ਼' ਸਮਝਿਆ ਜਾਂਦਾ ਸੀ। ਕਲਾਕਾਰਾਂ ਅਤੇ ਲੇਖਕਾਂ ਉੱਤੇ ਅੱਖ ਰੱਖਣ ਲਈ ਸਟਾਸੀ ਦੇ ਅੰਦਰ ਸੱਭਿਆਚਾਰਕ ਮਹਿਕਮਾ ਸੀ। 

ਫ਼ਿਲਮ ਦਾ ਕਿਰਦਾਰ ਜਾਰਜ ਡਰੇਮੈਨ ਕਾਮਯਾਬ ਅਤੇ ਸਰਕਾਰ-ਪੱਖੀ ਨਾਟ-ਲੇਖਕ ਹੈ ਪਰ ਸੱਭਿਆਚਾਰ ਮੰਤਰੀ ਬਰੂਨੋ ਹੈਮਫ ਨੂੰ ਉਸਦੀ ਵਫ਼ਾਦਾਰੀ ਨੁਮਾਇਸ਼ੀ ਲੱਗਦੀ ਹੈ। ਉਹ ਲੇਖਕ ਦੀ ਜਾਸੂਸੀ ਦਾ ਕੰਮ ਖ਼ੁਫ਼ੀਆ ਅਫ਼ਸਰ ਗਰੂਬਿਟਜ਼ ਨੂੰ ਸੌਂਪਦਾ ਹੈ ਜੋ ਕੰਮ ਨੂੰ ਤਰੱਕੀ ਦਾ ਸਬੱਬ ਮੰਨਦਾ ਹੈ। ਗਰੂਬਿਟਜ਼, ਅਗਾਂਹ ਕੰਮ ਦਾ ਜ਼ਿੰਮਾ ਕੈਪਟਨ ਗੈਰਡ ਵੈਜ਼ਲਰ ਨੂੰ ਦਿੰਦਾ ਹੈ ਜੋ ਪੁੱਛਗਿੱਛ ਅਤੇ ਤਸ਼ੱਦਦ ਦੇ ਮਾਮਲੇ 'ਚ ਸਟਾਸੀ ਦੇ ਸਖ਼ਤ, ਬੇਰਹਿਮ ਅਤੇ 'ਹੁਨਰਮੰਦ' ਅਫ਼ਸਰਾਂ ਵਿੱਚੋਂ ਹੈ। ਰਾਜ-ਪ੍ਰਬੰਧ ਦੇ ਇਨ੍ਹਾਂ ਬੇਨਾਮ ਅਤੇ ਅਣਥੱਕ ਕਲ-ਪੁਰਜਿਆਂ ਨੂੰ ਬੇਪਨਾਹ ਯਕੀਨ ਹੁੰਦਾ ਹੈ ਕਿ ਉਹ ਲੋਕਤੰਤਰੀ, ਦੇਸ਼-ਭਗਤ ਅਤੇ ਸਮਾਜਪੱਖੀ ਢਾਂਚੇ ਦੀ ਤਰੱਕੀ 'ਚ ਅਹਿਮ ਯੋਗਦਾਨ ਪਾ ਰਹੇ ਹਨ। ਡਰੇਮੈਨ ਦੇ ਘਰ ਦੀਆਂ ਕੰਧਾਂ ਨੂੰ ਬਹੁਤ ਸਾਰੇ ਕੰਨ ਅਤੇ ਮੁੱਖ ਦਰਵਾਜ਼ੇ 'ਤੇ ਅੱਖ ਲਗਾ ਦਿੱਤੀ ਜਾਂਦੀ ਹੈ। ਦੇਖਿਆ-ਸੁਣਿਆ ਦਰਜ ਕੀਤਾ ਜਾਂਦਾ ਹੈ। ਹੌਲੀ- ਹੌਲੀ ਵੈਜ਼ਲਰ ਨੂੰ ਜਾਸੂਸੀ ਦੀ ਅਸਲੀ ਵਜ੍ਹਾ ਪਤਾ ਲੱਗਦੀ ਹੈ। ਮੰਤਰੀ ਬਰੂਨੋ ਹੈਮਫ, ਡਰੇਮੈਨ ਦੀ ਅਦਾਕਾਰ ਪ੍ਰੇਮਿਕਾ ਕਰਿਸਟਾ ਉੱਤੇ ਆਸ਼ਕ ਹੈ। ਡਰੇਮੈਨ ਨੂੰ ਨੀਵਾਂ ਦਿਖਾਉਣ ਲਈ ਉਹ ਸਟਾਸੀ ਨੂੰ ਵਰਤਦਾ ਹੈ। ਗਰੂਬਿਟਜ਼ ਲਈ ਇਹ ਤਰੱਕੀ ਪਾਉਣ ਦਾ ਜ਼ਰੀਆ ਹੈ। ਸਮਾਂ ਬੀਤਣ ਨਾਲ ਵੈਜ਼ਲਰ ਨੂੰ ਅਹਿਸਾਸ ਹੁੰਦਾ ਹੈ ਕਿ ਡਰੇਮੈਨ ਅਤੇ ਕਰਿਸਟਾ ਚੰਗੇ ਪ੍ਰੇਮੀ, ਨਫ਼ੀਸ ਅਤੇ ਪਿਆਰੇ ਮਨੁੱਖ ਹਨ। ਦੋਵੇਂ ਪ੍ਰੇਮੀਆਂ ਨੂੰ ਸੁਣਦਿਆਂ-ਵੇਖਦਿਆਂ, ਵੈਜ਼ਲਰ ਮੋਹ-ਪਿਆਰ, ਕਾਮ, ਸੰਗੀਤ, ਸਾਹਿਤ ਅਤੇ ਕਲਾ ਬਾਰੇ ਨਵੇਂ ਸਿਰਿਓਂ ਸੋਚਣਾ ਸ਼ੁਰੂ ਕਰਦਾ ਹੈ। ਉਸਦੇ ਅੰਦਰਲਾ ਬੰਦਾ ਸਿਰ ਚੁੱਕਣ ਲੱਗਦਾ ਹੈ। ਉਸ ਨੂੰ ਮੁਲਕ-ਵਾਸੀਆਂ 'ਤੇ ਸ਼ੱਕ ਕਰਨਾ ਸਿਖਾਇਆ ਗਿਆ ਅਤੇ ਬੰਦੇ ਦੀ ਪਛਾਣ ਦੁਸ਼ਮਣ ਦੇ ਰੂਪ 'ਚ ਪੜ੍ਹਾਈ ਗਈ ਸੀ। ਦੂਜਿਆਂ ਦੀ ਨਿੱਜਤਾ 'ਚ ਗ਼ੈਰ-ਜ਼ਰੂਰੀ ਦਖ਼ਲ ਦੇਣ ਵਾਲੇ ਦਾ ਆਪਾ ਸਵਾਲਾਂ ਦੇ ਘੇਰੇ 'ਚ ਆ ਜਾਂਦਾ ਹੈ। ਨਾ-ਚਾਹੁੰਦੇ ਹੋਏ ਉਸ ਦੀ ਮਨੁੱਖੀ ਤੰਦ ਡਰੇਮੈਨ ਤੇ ਕਰਿਸਟਾ ਨਾਲ ਜੁੜ ਜਾਂਦੀ ਹੈ। ਏਹੀ ਉਸਦੀ ਮੁੜ ਬਹਾਲੀ ਦਾ ਸੰਘਰਸ਼ ਹੈ। ਹੁਣ ਉਹ ਵੇਸਵਾ ਨੂੰ ਲੰਬੀ ਦੇਰ ਗੱਲ ਕਰਨ ਲਈ ਕਹਿੰਦਾ ਹੈ। ਬਰੈਖ਼ਤ ਨੂੰ ਪੜ੍ਹਦਾ ਤੇ ਸੰਗੀਤ ਸੁਣਦਾ ਹੈ। ਫ਼ਿਲਮ ਦੱਸਦੀ ਹੈ ਕਿ ਸਮੇਂ ਦਾ ਸੱਚ ਲਿਖਣਾ ਲੇਖਕ ਦੀ ਜ਼ਿੰਮੇਵਾਰੀ ਹੈ। ਉਹ ਮੁਲਕ ਦੀ ਚੇਤਨਾ ਦਾ ਨੁਮਾਇੰਦਾ ਬਣ ਕੇ ਸਰਕਾਰ ਨੂੰ ਜ਼ਿੰਮੇਵਾਰ ਬਣਾਉਂਦਾ ਹੈ। ਜ਼ਿੰਮੇਵਾਰੀ ਤੋਂ ਭੱਜੀ ਸਰਕਾਰ ਚੇਤਨਾ ਦੇ ਸੋਮਿਆਂ ਨੂੰ ਬੰਨ੍ਹ ਮਾਰਨ 'ਚ ਯਕੀਨ ਕਰਦੀ ਹੈ। ਪਾਬੰਦੀ, ਕਿਰਦਾਰਕੁਸ਼ੀ, ਜੇਲ੍ਹ ਅਤੇ ਖ਼ੁਦਕੁਸ਼ੀ ਜਹੇ ਰੁਝਾਨ ਨਾਬਰ-ਸੁਰਾਂ 'ਤੇ ਥੋਪੇ ਜਾਂਦੇ ਹਨ। ਸੰਨ 1977 'ਚ ਪੂਰਬੀ ਜਰਮਨੀ ਨੇ ਖ਼ੁਦਕੁਸ਼ੀਆਂ ਦੇ ਅੰਕੜੇ ਇਕੱਠੇ ਕਰਨੇ ਬੰਦ ਕਰ ਦਿੱਤੇ ਸਨ। ਇਸੇ ਸਾਲ ਯੂਰਪ ਵਿੱਚ ਖ਼ੁਦਕੁਸ਼ੀਆਂ ਦੇ ਮਾਮਲੇ 'ਚ ਪੂਰਬੀ ਜਰਮਨੀ ਦਾ ਦੂਜਾ ਦਰਜਾ ਸੀ। ਇਸ ਅਣਮਨੁੱਖੀ ਰੁਝਾਨ ਦੀ ਕੜੀ ਪੰਜਾਬੀ ਸੰਗਤ ਨਾਲ ਜੁੜ ਜਾਂਦੀ ਹੈ ਜਦੋਂ ਸੂਬੇ ਦਾ ਉਪ ਮੁਖ-ਮੰਤਰੀ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਕਾਰਨ ਦਿਲ ਦੀ ਬੀਮਾਰੀ ਦੱਸਦਾ ਹੈ। ਉੜੀਸਾ ਅਤੇ ਰਾਜਸਥਾਨ ਦੀਆਂ ਸਰਕਾਰਾਂ ਭੁੱਖਮਰੀ ਨਾਲ ਹੋਈਆਂ ਮੌਤਾਂ ਤੋਂ ਮੁੱਕਰ ਜਾਂਦੀਆਂ ਹਨ। ਸਾਡੇ ਮੁਲਕ 'ਚ ਆਰਥਿਕ ਤੰਗੀ ਸਦਕਾ ਹੋਈਆਂ ਮੌਤਾਂ ਕਿਸੇ ਖ਼ਾਤੇ ਨਹੀਂ ਪੈਂਦੀਆਂ। ਮੁਲਕ ਦੀ ਕੁਲ ਵਸੋਂ ਦੇ ਅਠੱਤਰ ਫੀਸਦੀ ਲੋਕਾਂ ਨੂੰ ਅਣਡਿੱਠ ਕੀਤਾ ਜਾਂਦਾ ਹੈ ਜੋ ਵੀਹ ਰੁਪਏ ਤੋਂ ਹੇਠਾਂ ਦੀ ਰੋਜ਼ਾਨਾ ਆਮਦਨ ਨਾਲ ਗੁਜ਼ਾਰਾ ਕਰਦੇ ਹਨ। ਸਰਕਾਰ ਉਨ੍ਹਾਂ ਦੀ ਗ਼ਰੀਬੀ ਓਟਣ ਤੋਂ ਪਾਸਾ ਵੱਟ ਜਾਂਦੀ ਹੈ।

ਚੇਤਨ ਮਨੁੱਖਾਂ ਦਾ ਚੁੱਪ ਵੱਟਣਾ, ਮਰਨਾ ਜਾਂ ਮਾਰਿਆ ਜਾਣਾ ਲੋਕਾਈ ਦੇ ਸੁਪਨਿਆਂ ਅਤੇ ਉਮੀਦਾਂ ਨੂੰ ਧੁੰਦਲਾ ਕਰਦਾ ਹੈ। ਪਾਬੰਦੀਯਾਫ਼ਤਾ ਲੇਖਕ ਜੈਰਸਕਾ ਦੀ ਖ਼ੁਦਕੁਸ਼ੀ ਡਰੇਮੈਨ ਲਈ ਅਸਹਿਣਯੋਗ ਹੈ। ਦੁਖੀ ਡਰੇਮੈਨ ਪਿਆਨੋ ਉੱਤੇ ਬੀਥੋਵਨ ਦੀ ਮਸ਼ਹੂਰ ਸਿੰਫਨੀ 'ਅਪੈਸਨਤਾ' ਵਜਾਉਂਦਾ ਹੈ ਜੋ ਲੈਨਿਨ ਨੂੰ ਸਭ ਤੋਂ ਵੱਧ ਪਸੰਦ ਸੀ। ਉਹ ਕਰਿਸਟਾ ਨੂੰ ਦੱਸਦਾ ਹੈ, "ਲੈਨਿਨ ਨੇ ਕਿਹਾ ਸੀ ਜੇ ਮੈਂ ਇਹ ਸਿੰਫਨੀ ਸੁਣਦਾ ਰਿਹਾ ਤਾਂ ਇਨਕਲਾਬ ਪੂਰਾ ਨਹੀਂ ਕਰ ਸਕਦਾ।" ਲੇਖਕ ਸਵਾਲ ਕਰਦਾ ਹੈ, "ਜਿਸ ਆਦਮੀ ਨੇ ਸੱਚੇ ਦਿਲੋਂ ਸੰਗੀਤ ਸੁਣਿਆਂ ਹੋਵੇ ਕੀ ਉਹ ਆਦਮੀ ਬੁਰਾ ਹੋ ਸਕਦਾ ਹੈ?" ਇਹ ਸਵਾਲ ਵੈਜ਼ਲਰ ਨੂੰ ਹਿਲਾ ਕੇ ਰੱਖ ਦਿੰਦਾ ਹੈ ਤੇ ਮੁੜ ਉਹ ਪਹਿਲਾਂ ਵਰਗਾ ਨਹੀਂ ਹੋ ਸਕਦਾ ਅਤੇ ਨਾ ਹੀ ਜਾਸੂਸੀ ਵਰਗੇ ਕੰਮ ਨੂੰ ਸ਼ਿੱਦਤ ਨਾਲ ਕਰ ਸਕਦਾ ਹੈ। ਜਿਸ ਬਾਰੇ ਪਾਸ਼ ਨੇ ਕਿਹਾ ਸੀ ਕਿ ਇਹ ਕੰਮ ਮਨੁੱਖ ਦੀ ਕੁਜਾਤ ਹੀ ਕਰ ਸਕਦੀ ਹੈ। ਇਹ ਮਨੁੱਖੀ ਜ਼ਿੰਦਗੀ ਦਾ ਸਤਿਕਾਰ ਨਾ ਕਰਨ ਵਾਲੀ ਸੋਚ ਦੀ ਦੁਸ਼ਟਤਾ ਹੈ ਜੋ ਸਮੁੱਚੀ ਮਨੁੱਖੀ ਹੋਂਦ ਨੂੰ ਸ਼ੱਕ ਦੇ ਘੇਰੇ ਵਿੱਚ ਲੈ ਆਉਂਦੀ ਹੈ। ਜਿਵੇਂ ਬੰਦੇ ਨੇ ਦੁਨੀਆਂ 'ਤੇ ਜੰਮ ਕੇ ਕੋਈ ਗੁਨਾਹ ਕੀਤਾ ਹੋਵੇ? ਮਨੁੱਖੀ ਖੋਪੜੀ 'ਤੇ ਟੁਣਕਦਾ ਹਕੂਮਤੀ ਡੰਡਾ ਗੁਨਾਹ ਦੇ ਅਹਿਸਾਸ ਨੂੰ ਜਿਉਂਦਾ ਰੱਖਦਾ ਹੈ। ਨਾਬਰੀ ਅਤੇ ਤਬਦੀਲੀ ਦੇ ਬੀਜ ਇਸੇ ਅਹਿਸਾਸ 'ਚੋਂ ਜੜ੍ਹ ਫੜਦੇ ਹਨ। ਡਰੇਮੈਨ ਖ਼ੁਦਕੁਸ਼ੀਆਂ ਦੇ ਰੁਝਾਨ ਬਾਰੇ ਲੇਖ ਲਿਖਣ ਦਾ ਬੀੜਾ ਚੁੱਕ ਲੈਂਦਾ ਹੈ। ਵੈਜ਼ਲਰ, ਡਰੇਮੈਨ ਦਾ ਬਚਾਅ ਕਰਦਾ ਹੋਇਆ ਜਾਣਕਾਰੀ ਮਹਿਕਮੇ ਅੱਗੇ ਨਸ਼ਰ ਨਹੀਂ ਕਰਦਾ। ਪੱਛਮੀ ਜਰਮਨੀ ਦੇ ਮੈਗਜ਼ੀਨ 'ਸਪੀਗਲ' 'ਚ ਛਪੀ ਰਿਪੋਰਟ ਪੜ੍ਹ ਕੇ ਸਰਕਾਰ ਆਪੇ ਤੋਂ ਬਾਹਰ ਹੋ ਜਾਂਦੀ ਹੈ। ਵੈਜ਼ਲਰ ਸ਼ੱਕ ਦੇ ਘੇਰੇ 'ਚ ਆਏ ਡਰੇਮੈਨ ਨੂੰ ਬਚਾਉਣ ਦੀ ਪੂਰੀ ਵਾਹ ਲਗਾਉਂਦਾ ਹੈ ਪਰ ਕੁਜਾਤ ਦੇ ਹੱਥ ਜ਼ਿਆਦਾ ਲੰਮੇ ਸਨ। ਵਾਧੂ ਕੰਨਾਂ ਅਤੇ ਅੱਖਾਂ ਦੀ ਸਿਆਸਤ ਕਰਿਸਟਾ ਦੀ ਅਣਿਆਈ ਮੌਤ ਬਣ ਜਾਂਦੀ ਹੈ। ਵੈਜ਼ਲਰ ਸਬੂਤ ਲੁਕੋਣ 'ਚ ਕਾਮਯਾਬ ਹੋ ਜਾਂਦਾ ਹੈ। ਸਬੂਤਾਂ ਦੀ ਘਾਟ ਅਤੇ ਕਰਿਸਟਾ ਦੀ ਮੌਤ ਕਰਕੇ ਡਰੇਮੈਨ ਨੂੰ ਬਖ਼ਸ਼ ਦਿੱਤਾ ਜਾਂਦਾ ਹੈ। ਵੈਜ਼ਲਰ ਦੀ ਬਦਲੀ ਡਾਕ ਮਹਿਕਮੇ ਦੇ ਖਿੜਕੀ ਰਹਿਤ ਅਤੇ ਦਮ-ਘੋਟੂ ਕਮਰੇ 'ਚ ਹੋ ਜਾਂਦੀ ਹੈ। ਜਿੱਥੇ ਉਸ ਨੇ ਵੀਹ ਸਾਲ ਨੌਕਰੀ ਕਰਨੀ ਹੈ। 

ਅਮਰੀਕਾ ਅਤੇ ਯੂਰਪ 'ਚ ਫ਼ਿਲਮ ਨੂੰ ਖ਼ੂਬ ਪ੍ਰਚਾਰਿਆ ਅਤੇ ਖ਼ਿਤਾਬਾਂ ਨਾਲ ਨਿਵਾਜਿਆ ਗਿਆ ਕਿਉਂਕਿ ਪੂਰਬੀ ਜਰਮਨੀ ਸੋਵੀਅਤ-ਸੰਘ ਦੀ ਅਗਵਾਈ ਹੇਠਲੇ ਸਮਾਜਵਾਦੀ ਬਲਾਕ ਵਿੱਚ ਗਿਣਿਆਂ ਜਾਂਦਾ ਸੀ। ਸਾਮਰਾਜੀ ਹਕੂਮਤਾਂ ਨੇ ਸਟਾਸੀ ਦੀ ਵਿਰਾਸਤ ਨੂੰ ਚਾਰ ਚੰਨ ਲਾਉਣ ਲਈ ਤਕਨੀਕੀ ਅਤੇ ਜੱਥੇਬੰਦਕ ਸੂਝ-ਬੂਝ ਦੀਆਂ ਸਿਖ਼ਰਾਂ ਛੂਹੀਆਂ ਹਨ। 'ਸਮਾਜਵਾਦੀ' ਢਾਂਚੇ ਦੀ ਪੁਲਿਸ ਹੋਣ ਦਾ ਵਿਤਕਰਾ ਵੀ ਨਹੀਂ ਕੀਤਾ। ਜਦੋਂ ਤੱਕ ਕੋਈ ਗ਼ਲਬਾ ਮਨੁੱਖਤਾ ਦੇ ਸਿਰ 'ਤੇ ਡੰਡਾ ਲੈ ਕੇ ਖੜਾ ਹੈ ਅਤੇ ਲੋਕ-ਮਸਲਿਆਂ ਤੱਕ ਪਹੁੰਚ ਸਟਾਸੀ ਜਿਹੇ ਅਦਾਰਿਆਂ ਰਾਹੀਂ ਹੋ ਰਹੀ ਹੈ, ਉਦੋਂ ਤੱਕ ਨਾਬਰੀ ਦੀ ਸੁਰ ਨੀਵੀਂ ਨਹੀਂ ਹੋ ਸਕਦੀ। ਬੰਦੇ ਰਾਹੀਂ ਬੰਦੇ ਦੀ ਜਸੂਸੀ ਇਨ੍ਹਾਂ ਗ਼ਲਬਿਆਂ ਦਾ ਇੱਕ ਰੂਪ ਹੈ। ਮਨੁੱਖੀ ਸੰਵੇਦਨਾ ਨੂੰ ਕੇਂਦਰ 'ਚ ਰੱਖ ਕੇ ਰਚਾਇਆ ਸੰਵਾਦ ਮਨੁੱਖ ਦੀ ਕੁਜਾਤ ਦਾ ਅੰਤ ਕਰ ਸਕਦਾ ਹੈ। ਬਰੈਖ਼ਤ ਦੇ ਸ਼ਬਦਾਂ ਵਿੱਚ, "ਜਦੋਂ ਸਾਰਾ ਜੰਗਲ ਫ਼ੌਜੀਆਂ ਨਾਲ ਭਰਿਆ ਹੋਵੇ, ਤੁਸੀਂ ਦਰੱਖਤਾਂ ਬਾਰੇ ਕਵਿਤਾ ਨਹੀਂ ਲਿਖ ਸਕਦੇ।"