Monday, 30 September 2013

ਸਾਡੇ ਸਮਿਆਂ ਵਿੱਚ 'ਨਾਬਰ' ਦਾ ਹੋਣਾ

ਜਤਿੰਦਰ ਮੌਹਰ

ਪੰਜਾਬ ਦਾ ਬਿਹਤਰੀਨ ਅਦਾਕਾਰ ਹਰਦੀਪ ਗਿੱਲ ਪੰਜਾਬ ਦੇ ਪੇਂਡੂ ਬਾਪੂ ਦਾ ਭੂਗੋਲ ਤਨ-ਮਨ 'ਤੇ ਉੱਕਰਦਾ ਹੈ। ਹਰਵਿੰਦਰ ਕੌਰ ਬਬਲੀ ਤਾਂਬੇ ਰੰਗੀ ਅਤੇ ਫ਼ਿਕਰਾਂ ਗ੍ਰਸੀ ਪੰਜਾਬਣ ਨੂੰ ਸਾਕਾਰ ਕਰਦੀ ਹੈ। ਦੋਹਾਂ ਦੀ ਜੋਟੀ ਹੁਨਰਮੰਦ ਹਦਾਇਤਕਾਰ ਰਾਜੀਵ ਕੁਮਾਰ ਨਾਲ ਪੈਂਦੀ ਹੈ ਤਾਂ 'ਨਾਬਰ' ਦਰਦਮੰਦੀ ਦਾ ਮੰਚ ਬਣਦੀ ਹੈ। ਪਾਸ਼ 'ਯੁੱਧ ਅਤੇ ਸ਼ਾਂਤੀ' ਕਵਿਤਾ ਵਿੱਚ ਲੜਨ ਦੀ ਲੋੜ ਦਾ ਅਹਿਸਾਸ ਕਰਾਉਂਦਾ ਹੈ। ਉਹ ਲੜਾਈ ਨੂੰ ਟਾਲਣ ਵਾਲਿਆਂ ਨਾਲ ਸੰਵਾਦ ਰਚਾਉਂਦਾ ਹੈ ਜਿਨ੍ਹਾਂ ਨੇ "ਹੰਭੇ ਹੋਏ ਪਿਉ ਨੂੰ ਅੰਨ੍ਹ ਖਾਣੇ ਬੁੜੇ ਦਾ ਨਾਂ ਦਿੱਤਾ ...ਫ਼ਿਕਰਾਂ ਗ੍ਰਸੀ ਤੀਵੀਂ ਨੂੰ ਚੁੜੇਲ ਦਾ ਸਾਇਆ ਕਿਹਾ।" ਲਾਜ਼ਮੀ-ਲੜਾਈ ਦੀ ਕੋਈ ਤੰਦ 'ਨਾਬਰ' ਨਾਲ ਜੁੜੀ ਹੋਈ ਹੈ। 'ਨਾਬਰ' ਦਾ ਹੰਭਿਆ ਹੋਇਆ ਬੁੜਾ ਚੁੜੇਲ ਦੇ ਸਾਏ ਦੀ ਪੈੜ੍ਹ ਲੱਭਣ ਤੁਰ ਪਿਆ। ਗੱਭਰੂ ਪੁੱਤ ਦੀ ਮੌਤ ਦਾ ਉਹ ਸਾਇਆ ਜੋ ਸਕਿਆਂ ਦੇ ਚੇਹਰਿਆਂ ਉੱਤੇ ਸੀ। ਪੈੜ ਲੱਭਣ ਦਾ ਸਫ਼ਰ ਬਾਪੂ ਨੂੰ ਮੁਨਾਫ਼ੇ ਲਈ ਹਾਬੜੇ ਦਲਾਲਾਂ ਤੋਂ ਹੁੰਦਾ ਹੋਇਆ ਮੌਜੂਦਾ ਸਿਆਸੀ ਨਿਜ਼ਾਮ ਦਾ ਖ਼ਾਸਾ ਸਮਝਾ ਗਿਆ। ਅੰਤ ਵਿੱਚ ਉਹ ਨਿੱਜੀ ਲੜਾਈ ਤੋਂ ਪਾਰ ਸਮੂਹਕ ਲੜਾਈ ਦਾ ਹਿੱਸਾ ਬਣਨ ਦਾ ਇਸ਼ਾਰਾ ਦਿੰਦਾ ਹੈ। ਸੱਤ ਗੰਢਾਂ ਵਾਲੇ ਮਾਰੂ ਨਦੀਨ (ਮੋਥਰੇ) ਨੂੰ ਜੜ੍ਹੋਂ ਪੁੱਟਣ ਲਈ ਬਾਪੂ ਦਾ ਇਕੱਲਾ ਕਿਰਸਾਨੀ ਹੁਨਰ ਕੰਮ ਨਹੀਂ ਆਉਣਾ। ਮਨੁੱਖ ਘਾਤੀ ਨਿਜ਼ਾਮ ਰੂਪੀ ਮੋਥਰੇ ਨੂੰ ਜੜ੍ਹੋਂ ਪੁੱਟਣ ਲਈ ਬੜੇ ਸਖ਼ਤ ਹੱਥਾਂ ਦੀ ਲੋੜ ਹੈ। ਉੱਪਰੋਂ ਮੋਥਰਾ ਵੀ ਮਣਾਂ-ਮੂੰਹੀ ਹੈ ਇਸ ਕਰਕੇ ਹੱਥ ਵੀ ਵਧੇਰੇ ਚਾਹੀਦੇ ਹਨ। ਮਾਂ ਛਿੰਦੋ (ਹਰਵਿੰਦਰ ਕੌਰ ਬਬਲੀ) ਦੀ ਬਦਹਵਾਸੀ ਨੂੰ ਦਰਦਮੰਦ ਕੁੜੀ ਮਨਜੀਤ (ਕਰਮੇ ਦੀ ਹਾਣੀ)) ਦੂਰ ਕਰਦੀ ਹੈ। ਇਸੇ ਨੂੰ ਕਹਿੰਦੇ ਹਨ ਕਿ ਬੰਦਾ ਹੀ ਬੰਦੇ ਦਾ ਦਾਰੂ ਹੁੰਦਾ ਹੈ। ਕਰਮਾ ਬਾਹਰਲੇ ਮੁਲਕ ਭੇਜਣ ਵਾਲੇ ਦਲਾਲਾਂ ਹੱਥੋਂ ਕਤਲ ਹੋਇਆ ਹੈ। ਦਲਾਲਾਂ ਦੀ ਪੁਸ਼ਤ ਪਨਾਹੀ ਸਿਆਸਤਦਾਨ ਕਰਦਾ ਹੈ। ਕਤਲ ਹੋਏ ਗੱਭਰੂ ਵਿੱਚ ਉਸ ਜਵਾਨੀ ਦੀ ਰੂਹ ਹੈ ਜੋ ਆਪਣੇ ਮੁਲਕ ਵਿੱਚ ਕਿਰਤ ਦੀ ਨਿਰਾਦਰੀ ਦੇਖਦੀ ਹੈ। ਉਹ ਬਾਹਰਲੇ ਮੁਲਕਾਂ ਵਿੱਚ ਜਾ ਕੇ ਚੰਗੇ ਭਾਅ ਵਿੱਚ ਕਿਰਤ ਵੇਚਣ ਦਾ ਸੁਪਨਾ ਬੁਣਦੇ ਹਨ। ਫ਼ਿਲਮ ਵਿੱਚ ਪੇਸ਼ ਹੁੰਦਾ ਸਿਆਸੀ ਕਿਰਦਾਰ ਦੋਹਰਾ ਦੋਸ਼ੀ ਬਣਦਾ ਹੈ। ਪਹਿਲਾਂ ਉਹ ਸਾਡੇ ਮੁਲਕ ਵਿੱਚ ਰੁਜ਼ਗਾਰ ਦਾ ਰਾਹ ਬੰਦ ਕਰਦਾ ਹੈ। ਫਿਰ ਉਹ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਪਰਦੇਸੀ ਹੁੰਦੇ ਗੱਭਰੂਆਂ ਦੀ ਹਿਜ਼ਰਤ ਦਾ ਮੁੱਲ ਵੱਟਦਾ ਹੈ। ਸਿਆਸੀ ਚੌਧਰ ਬਰਕਰਾਰ ਰੱਖਣ ਲਈ ਮੁੰਡੇ ਦੇ ਕਤਲ ਦੀ ਕੀਮਤ ਲਾਉਂਦਾ ਹੈ। ਉਹਨੂੰ ਲਾਸ਼ਾਂ ਦੇ ਢੇਰ ਉੱਤੇ ਬੈਠ ਕੇ ਕਤਲ ਹੋਏ ਮੁੰਡਿਆਂ ਨੂੰ ਪੁੱਤ ਆਖਣ ਦਾ ਵਲ ਹੈ। ਸ਼ਾਇਦ ਇਹੀ ਹੁਨਰ ਉਹਨੇ ਸਿੱਖਿਆ ਹੈ ਅਤੇ ਸਮੇਂ ਦੇ ਨਾਲ ਨਿਖ਼ਾਰਿਆ ਵੀ ਹੈ।  ਬੇਸ਼ੱਕ ਉਹ ਮਨੁੱਖ ਖ਼ਿਲਾਫ਼ ਭੁਗਤਦੇ ਪ੍ਰਬੰਧ ਦਾ ਛੋਟਾ ਜਿਹਾ ਹਿੱਸਾ ਹੋਵੇ ਪਰ ਉਹ ਪ੍ਰਬੰਧ ਦਾ ਅਣਥੱਕ ਅਤੇ ਵਫ਼ਾਦਾਰ ਪੁਰਜ਼ਾ ਹੈ। ਉਹਦੀ ਵਫ਼ਾਦਾਰੀ ਸਿਰਫ਼ ਆਪਣੀ ਜਮਾਤ ਨਾਲ ਹੈ। ਚਿੱਟਾ ਕੁੜਤਾ ਪਜਾਮਾ, ਵਾਹੀ-ਸੰਵਾਰੀ ਦਾੜ੍ਹੀ ਅਤੇ ਪੋਚਵੀਂ ਪੱਗ ਬੰਨ੍ਹ ਕੇ ਉਹ 'ਦਾਨਾ' ਬੰਦਾ ਦਿਸਦਾ ਹੈ। ਗੁਰੂ-ਮਹਾਰਾਜ ਦੀ ਹਜ਼ੂਰੀ ਵਿੱਚ ਸੌਹਾਂ ਦੀ ਸਿਆਸਤ ਕਰਦਾ ਹੈ। ਅਜਿਹਾ ਬੰਦਾ ਪੰਜਾਬ ਦਾ ਤਾਨਾਸ਼ਾਹੀ ਅਤੇ ਫ਼ਰੇਬੀ ਕਿਰਦਾਰ ਹੈ। ਅਜਿਹੇ 'ਦਾਨਿਆਂ' ਨੇ ਹੀ ਪੰਜਾਬ ਨੂੰ ਵਾਹਣੀ ਪਾਕੇ ਰੱਖਿਆ ਹੋਇਆ ਹੈ। 

ਫ਼ਿਲਮ ਇਨ੍ਹਾਂ 'ਦਾਨਿਆਂ' ਨੂੰ ਸ਼ਰੇਆਮ ਬੇਪਰਦ ਕਰਕੇ ਪੰਜਾਬ ਦੇ ਦਾਨਿਆਂ ਦੀ ਨਿਸ਼ਾਨਦੇਹੀ ਕਰਦੀ ਹੈ। ਬਾਬਾ ਫਰੀਦ, ਬਾਬਾ ਗੋਬਿੰਦ, ਪਾਸ਼ ਅਤੇ ਬਾਬੂ ਰਜਬ ਅਲੀ ਦੀਆਂ ਰਚਨਾਵਾਂ ਇਸ ਨਿਸ਼ਾਨਦੇਹੀ ਨੂੰ ਪੁਖ਼ਤਾ ਕਰਦੀਆਂ ਹਨ। ਪੰਜਾਬ ਦਾ ਦਾਨਾ ਬੰਦਾ ਪਾਸ਼ ਦੇ ਸ਼ਬਦਾਂ 'ਚ 'ਨਿੱਕ-ਸੁਕ ਸਾਂਭਦਾ ਹਫ਼ਿਆ ਹੋਇਆ ਬੰਦਾ' ਹੈ। ਕਰਮੇ ਦੇ ਮਾਂ-ਪਿਉ ਉਨ੍ਹਾਂ ਜੀਆਂ ਦੀ ਨੁਮਾਇੰਦਗੀ ਕਰਦੇ ਹਨ ਜਿਨ੍ਹਾਂ ਦੇ ਧੀ-ਪੁੱਤ ਹਰ ਰੋਜ਼ ਕਤਲ ਹੁੰਦੇ ਹਨ। ਕਾਰਨ ਸੜਕ ਹਾਦਸਿਆਂ ਤੋਂ ਲੈ ਕੇ ਆਰਥਿਕ ਤੰਗੀ ਤੱਕ ਕੁਝ ਵੀ ਹੋਵੇ। ਹਾਦਸਿਆਂ ਦੀ ਅਮੁੱਕ ਲੜੀ ਰਾਜਤੰਤਰ ਦੇ ਕਰੂਰ ਖ਼ਾਸੇ ਦਾ ਪ੍ਰਗਟਾਵਾ ਹੈ। ਬਾਪੂ ਇਸੇ ਖ਼ਾਸੇ ਦੀ ਥਾਹ ਪਾਉਂਦਾ ਹੈ। ਫ਼ਿਲਮ ਵਿੱਚ ਸੰਘਰਸ਼ ਦੋ ਪੱਧਰ ਉੱਤੇ ਲੜਿਆ ਜਾ ਰਿਹਾ ਹੈ। ਇੱਕ ਇਨਸਾਫ਼ ਦੀ ਲੜਾਈ ਹੈ ਅਤੇ ਦੂਜੇ ਪੱਧਰ ਉੱਤੇ ਪਿੱਛੇ ਰਹਿ ਗਏ ਜੀਆਂ ਦੀ ਮੁੜ-ਬਹਾਲੀ ਦਾ ਸੰਘਰਸ਼ ਹੈ। ਤ੍ਰਾਸਦੀ ਪੈਦਾ ਕਰਨ ਲਈ ਕਸੂਰਵਾਰ ਨਿਜ਼ਾਮ ਅਤੇ ਉਹਦੀ ਢਾਂਚਾਗਤ ਹਿੰਸਾ ਦੇ ਖ਼ਿਲਾਫ਼ ਲੜਾਈ ਕਹਾਣੀ ਦੀ ਅਣਕਹੀ ਤੰਦ ਹੈ। ਸੁਰਜਣ ਸਿੰਘ (ਹਰਦੀਪ ਗਿੱਲ) ਅਤੇ ਕਰਮੇ ਦੇ ਯਾਰ ਇਨਸਾਫ਼ ਲਈ ਲੜ ਰਹੇ ਲੋਕਾਂ ਦੀ ਨੁਮਾਇੰਦਗੀ ਕਰਦੇ ਹਨ। ਮਾਂ ਛਿੰਦੋ ਅਤੇ ਮਨਜੀਤ ਹਿੰਸਾ ਦੇ ਝੰਬੇ ਜੀਆਂ ਦੀ ਮੁੜ ਬਹਾਲੀ ਦੇ ਸੰਘਰਸ਼ ਦੇ ਨੁਮਾਇੰਦੇ ਹਨ। ਮਾਂ ਪੁੱਤ ਦੀ ਮੌਤ ਦੇ ਸਦਮੇ 'ਚ ਝੱਲੀ ਹੋ ਜਾਂਦੀ ਹੈ ਪਰ ਮਨਜੀਤ (ਗੀਤਾਂਜਲੀ ਗਿੱਲ) ਆਪਾ ਸਾਂਭਦੀ ਹੋਈ ਮਾਂ ਦੀ ਤਾਕਤ ਬਣਦੀ ਹੈ। ਉਹ ਜਿਉਂਦੇ ਜਾਗਦੇ ਅਤੇ ਜ਼ਿੰਮੇਵਾਰ ਜੀਆਂ ਵਾਂਗ ਨਿਰਮਲ (ਜਤਿੰਦਰ ਸ਼ਰਮਾ) ਨਾਲ ਵਿਆਹ ਕਰਵਾਉਣ ਦਾ ਫ਼ੈਸਲਾ ਲੈਂਦੀ ਹੈ। ਦੋਵੇਂ ਜੀਅ ਮਿਲ ਕੇ ਮਾਂ ਦੀ ਮੁੜ ਬਹਾਲੀ ਦਾ ਸਬੱਬ ਬਣਦੇ ਹਨ। ਹਦਾਇਤਕਾਰ ਦੋਵਾਂ ਸੰਘਰਸ਼ਾਂ ਨੂੰ ਬਰਾਬਰ ਸਿਰਜਦਾ ਹੈ। ਕਹਾਣੀ ਅਤੇ ਦ੍ਰਿਸ਼ਾਂ ਦਾ ਨਿਭਾਅ ਹਦਾਇਤਕਾਰ ਦਾ ਹਾਸਲ ਹੈ ਜੋ ਫ਼ਿਲਮ-ਕਲਾ ਉੱਤੇ ਉਸਦੀ ਹੁਨਰਮੰਦ ਪਕੜ ਦਾ ਸਬੂਤ ਹੈ। ਬਾਈ ਰਾਜੀਵ ਮੁਕਾਮੀ ਥਾਂਵਾਂ ਅਤੇ ਮਾਹੌਲ ਨੂੰ ਬਾਰੀਕੀ ਵਿੱਚ ਫੜਦਾ ਹੈ। ਕਲਾ ਦੀ ਸਿਰਜਣਾ ਵਿੱਚ ਬਾਰੀਕ ਪਰ ਕਲਾਤਮਕ ਛੋਹਾਂ ਹੁੰਦੀਆਂ ਹਨ ਜੋ ਕਿਰਤ ਨੂੰ ਅਮੀਰ ਬਣਾਉਂਦੀਆਂ ਹਨ। ਪੁੱਤ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਗਵਾਹ ਲੱਭਣਾ ਅਹਿਮ ਕਨੂੰਨੀ ਨੁਕਤਾ ਹੈ। ਗਵਾਹ ਲੱਭਣ ਦੀ ਭੱਜ-ਦੌੜ੍ਹ ਸਿਰੇ ਉੱਤੇ ਪਹੁੰਚੀ ਹੋਈ ਹੈ। ਬਾਜ਼ਾਰ ਵਿੱਚ ਘੁੰਮਦੇ ਸੁਰਜਣ ਸਿੰਘ ਨੂੰ ਦੁਕਾਨ ਦਿਖਾਈ ਦਿੰਦੀ ਹੈ ਜਿਹਦੇ ਬਾਹਰ 'ਕਰਮਾ ਹੇਅਰ ਡਰੈਸਰ' ਲਿਖਿਆ ਹੈ। ਅਦਾਕਾਰ ਹਰਦੀਪ ਗਿੱਲ ਦੁਕਾਨ ਵੱਲ ਇੰਝ ਦੇਖਦਾ ਹੈ ਜਿਵੇਂ ਸ਼ੀਸ਼ਿਆਂ ਤੋਂ ਪਾਰ ਉਹਦਾ ਪੁੱਤ ਕਰਮਾ ਬੈਠਾ ਹੋਵੇ। ਕਹਾਣੀ ਦੇ ਜਿਸ ਮੁਕਾਮ ਉੱਤੇ ਕੁਝ ਪਲਾਂ ਦਾ ਇਹ ਦ੍ਰਿਸ਼ ਆਉਂਦਾ ਹੈ। ਉਹ ਦਰਸ਼ਕ ਦੀ ਸੰਵੇਦਨਾ ਨੂੰ ਝੰਜੋੜ ਦਿੰਦਾ ਹੈ। 

ਆਮ ਤੌਰ ਉੱਤੇ ਵਿਸ਼ਾ ਮੁਖੀ ਫ਼ਿਲਮਾਂ ਬਣਾਉਣ ਵਾਲਿਆਂ ਸਿਰ ਦੋਸ਼ ਲਾਇਆ ਜਾਂਦਾ ਹੈ ਕਿ ਉਹ ਰੂਪਕੀ ਜਾਂ ਤਕਨੀਕੀ ਪੱਖ ਵੱਲ ਵਧੇਰੇ ਧਿਆਨ ਨਹੀਂ ਦਿੰਦੇ। ਉਂਝ, ਰੂਪਕੀ ਜਾਂ  ਤਕਨੀਕੀ ਪੱਖ ਨਾਲ ਜੁੜੀਆਂ ਧਾਰਨਾਵਾਂ ਬਹਿਸ ਦਾ ਮੁੱਦਾ ਹਨ। ਫ਼ਿਲਮ-ਕਲਾ ਦੀ ਚਾਲੂ ਵਿਆਕਰਨ ਦੇ ਮੁਤਾਬਕ ਵੀ ਇਹ ਫ਼ਿਲਮ ਅਖਾਉਤੀ ਚੰਗੀ ਤਕਨੀਕੀ ਫ਼ਿਲਮ ਦੇ ਬਰਾਬਰ ਮੜਿੱਕ ਸਕਦੀ ਹੈ। ਫ਼ਿਲਮ ਕਲਾ ਦੀ ਚਾਲੂ ਵਿਆਕਰਨ ਵਿੱਚ ਪਟਕਥਾ, ਅਦਾਕਾਰੀ ਅਤੇ ਤਕਨੀਕੀ ਪੱਖ ਸ਼ਾਮਲ ਹੁੰਦੇ ਹਨ।
ਫ਼ਿਲਮ ਦੇ ਮੁੱਢ ਵਿੱਚ ਆਇਆ ਗੀਤ 'ਸੂਰਮੇ ਪੰਜ ਪਿਸਤੌਲਾਂ ਵਾਲੇ' ਕਹਾਣੀ-ਨਿਭਾਅ ਦੇ ਪ੍ਰਸੰਗ ਵਿੱਚ ਵਾਧੂ ਲੱਗਿਆ। ਜੇ ਇਹ ਗੀਤ ਰੱਖਣਾ ਲਾਜ਼ਮੀ ਸੀ ਤਾਂ ਫ਼ਿਲਮ ਕਾਮਿਆਂ ਦੀ ਨਾਮ-ਸੂਚੀ ਨਾਲ ਪੇਸ਼ ਕੀਤਾ ਜਾ ਸਕਦਾ ਸੀ। ਫ਼ਿਲਮ ਦੀ ਇਸ਼ਤਿਹਾਰਬਾਜ਼ੀ ਵਿੱਚ ਵਰਤੇ ਗਏ ਪੋਸਟਰ ਨੂੰ 'ਦਿਲ ਖਿੱਚਵਾਂ' ਬਣਾਉਣ ਲਈ 'ਨੈਵਰ ਡੇਅਰ ਅ ਫਾਰਮਰ' ਲਿਖਿਆ ਹੈ।  ਇਹਦੇ 'ਚੋਂ 'ਜੱਟ ਨਾਲ ਪੰਗਾ ਨਾ ਲਵੋ' ਦੀ ਬੂਅ ਆਉਂਦੀ ਹੈ। ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਹ ਵਿਚਾਰ ਬਾਈ ਰਾਜੀਵ ਦਾ ਨਹੀਂ ਹੋਵੇਗਾ। ਇਹ ਇਸ਼ਤਿਹਾਰਬਾਜ਼ੀ ਦੀ ਮਸ਼ਕ ਦੌਰਾਨ 'ਹੋਰਾਂ' ਵਲੋਂ ਜੋੜਿਆ ਗਿਆ ਹੋਵੇਗਾ। ਅੰਤ ਵਿੱਚ ਇਹੀ ਕਹਾਂਗਾ ਕਿ ਇਸ ਫ਼ਿਲਮ ਦਾ ਵੱਡੇ ਪੱਧਰ ਉੱਤੇ ਪਰਦਾਪੇਸ਼ ਹੋਣਾ ਚੰਗੇ ਵਿਸ਼ਿਆਂ ਉੱਤੇ ਬਣਨ ਵਾਲੀਆਂ ਘੱਟ ਖਰਚੇ ਦੀਆਂ ਫ਼ਿਲਮਾਂ ਲਈ ਚੰਗਾ ਸੁਨੇਹਾ ਹੈ।

Sunday, 29 September 2013

ਨਾਬਰ: ਮਾਣ ਸੱਚੇ ਇਸ਼ਕ ਦਾ ਹੈ, ਹੁਨਰ ਦਾ ਦਾਅਵਾ ਵੀ

ਦਲਜੀਤ ਅਮੀ

ਕਲਾਕਾਰ ਕਈ ਸਮਿਆਂ, ਥਾਂਵਾਂ, ਵਿਚਾਰਾਂ, ਮੌਕਿਆਂ, ਸ਼ਖ਼ਸ਼ੀਅਤਾਂ ਅਤੇ ਤਜਰਬਿਆਂ ਨੂੰ ਸੰਵਾਦੀ ਮੰਚ ਉੱਤੇ ਲਿਆ ਕੇ ਆਪਣੇ ਸਮਕਾਲੀਆਂ ਦੀ ਬਾਤ ਪਾਉਂਦਾ ਹੈ। ਸਮਕਾਲੀ ਮਸਲਿਆਂ ਅਤੇ ਨਿੱਜੀ ਤ੍ਰਾਸਦੀਆਂ ਦੀਆਂ ਤੰਦਾਂ ਸਮਾਜਿਕ ਰੁਝਾਨ ਵਿੱਚੋਂ ਫੜਦਾ ਹੈ। ਇਸ ਰੁਝਾਨ ਦੀਆਂ ਚਾਲਕ ਸ਼ਕਤੀਆਂ ਦਾ ਖੁਰਾ ਨੱਪਦਾ ਹੈ। ਨਿੱਜੀ ਪੱਧਰ ਦੀਆਂ ਲੜਾਈਆਂ ਵਿੱਚੋਂ ਸਮਾਜਕ ਲੜਾਈ ਦੀ ਲੋੜ ਨੂੰ ਉਜਾਗਰ ਕਰਦਾ ਹੈ। ਜਦੋਂ 'ਨਾਬਰ' ਵਿੱਚ ਬਾਬਾ ਫ਼ਰੀਦ, ਬਾਬਾ ਗੋਬਿੰਦ ਸਿੰਘ ਅਤੇ ਬਾਬੂ ਰਜਬ ਅਲੀ ਦਾ 800 ਸਾਲਾਂ ਦਾ ਤਜਰਬਾ ਕਿਸੇ ਪਿਓ ਦੀ ਅੰਦਰ ਦੀ ਥਾਹ ਪਾਉਣ ਦਾ ਸਬੱਬ ਬਣਦਾ ਹੈ ਤਾਂ ਰਾਜੀਵ ਕੁਮਾਰ ਦੀ ਕਲਾਕਾਰੀ ਆਪਣੇ ਜਲੌਅ ਵਿੱਚ ਹੁੰਦੀ ਹੈ। ਪਰਵਾਸ ਦੀ 'ਖ਼ੁਸ਼ਹਾਲੀ' ਦਾ ਇਸ਼ਤਿਹਾਰ ਬਣਿਆ ਗਾਇਕ ਪੇਂਡੂ ਘਰ ਦੀ ਚੂਲ ਹਿਲਾਉਂਦਾ ਹੈ। ਇਕੱਲਾ ਪੁੱਤ ਪਰਦੇਸ ਦੇ ਰਾਹ ਵਿੱਚ ਕਤਲ ਹੁੰਦਾ ਹੈ ਤਾਂ ਦਰਦ ਵਸ ਪਿਓ ਹੀ ਜਾਣਦਾ ਹੈ। ਅੰਦਰ ਖੌਰੂ ਪੈਂਦਾ ਹੈ ਅਤੇ ਇਨਸਾਫ਼ ਦੀ ਲੜਾਈ ਓਪਰੀ ਧਰਤੀ ਉੱਤੇ ਦ੍ਰਿੜਤਾ ਨਾਲ ਲੜੀ ਜਾਣੀ ਹੈ। ਇਸ ਸੁਰਜਣ ਸਿੰਘ ਦੇ ਕਹੇ-ਅਣਕਹੇ ਨੂੰ ਹਰਦੀਪ ਗਿੱਲ ਪਰਦੇ ਉੱਤੇ ਸਹਿਜਤਾ ਨਾਲ ਉਤਾਰ ਦਿੰਦਾ ਹੈ। ਇਕੱਲੇ ਪੁੱਤ ਦੀ ਅਣਮਨੇ ਮਨ ਨਾਲ ਹਮਾਇਤ ਕਰਕੇ ਉਸ ਨੂੰ ਵਿਦੇਸ਼ ਤੋਰਨ ਵਾਲੀ ਮਾਂ ਉਸ ਦੇ ਵਿਆਹ ਦੀ ਉਡੀਕ ਵਿੱਚ ਸ਼ਗਨਾਂ ਦੇ ਗੀਤ ਗਾਉਂਦੀ ਹੈ। ਜਦੋਂ ਪੁੱਤ ਦੀਆਂ ਅਸਥੀਆਂ ਘਰ ਪੁੱਜਦੀਆਂ ਹਨ ਤਾਂ ਮਾਂ ਦਾ ਸੁਫ਼ਨਾ ਟੁੱਟਦਾ ਹੈ ਅਤੇ ਉਸ ਨੂੰ ਘੁਮੇਰ ਆਉਂਦੀ ਹੈ। ਉਹ ਹੋਣੀ ਤੋਂ ਮੁਨਕਰ ਹੋ ਜਾਂਦੀ ਹੈ ਅਤੇ ਬੇਸੁਧੀ ਵਿੱਚ ਆਪਣੇ-ਆਪ ਨਾਲ ਗੱਲ ਕਰਦੀ ਹੋਈ ਤ੍ਰਾਸਦੀ ਨੂੰ ਉਘਾੜਦੀ ਹੈ। ਹਰਵਿੰਦਰ ਕੌਰ ਬਬਲੀ ਨੇ ਸ਼ਿੰਦਰ ਕੌਰ ਦੇ ਇਸ ਕਿਰਦਾਰ ਨੂੰ ਆਪਣੇ ਕਲਬੂਤ ਨਾਲ ਇੱਕ-ਮਿੱਕ ਕਰ ਦਿੱਤਾ ਹੈ।

ਪੁੱਤ ਦੀਆਂ ਅਸਥੀਆਂ ਦੁਆਲੇ ਅੱਡ-ਅੱਡ ਪਾਸੇ ਮੂੰਹ ਕਰੀਂ ਖੜੇ ਮਾਪਿਆਂ ਦੇ ਦੁਆਲੇ ਕੈਮਰਾ ਘੁੰਮਦਾ ਹੈ। ਮਾਪਿਆਂ ਨੂੰ ਘੁਮੇਰ ਆਉਂਦੀ ਹੈ। 'ਨਾਬਰ' ਇਸੇ ਘੁਮੇਰ ਨੂੰ ਉਲਟਾ ਚੱਕਰ ਦੇਣ ਦੀ ਕਹਾਣੀ ਹੈ ਜੋ ਪੰਜਾਬੀ ਬੰਦੇ ਦੇ ਪਿੰਡੇ ਉੱਤੇ ਖੇਡੀ ਜਾ ਰਹੀ ਹੈ। ਮਾਂ ਹੋਣੀ ਤੋਂ ਮੁਨਕਰ ਹੋਕੇ ਪੁੱਤ ਦੀ ਉਡੀਕ ਕਰਦੀ ਹੈ ਅਤੇ ਪਿਓ ਡਾਢਿਆਂ ਦੇ ਤੰਦੂਆ-ਜਾਲ ਨੂੰ ਚਾਕ ਕਰਨ ਦਾ ਫ਼ੈਸਲਾ ਕਰਦਾ ਹੈ। ਇਸ ਤੋਂ ਬਾਅਦ ਵਿਛੋੜੇ ਦੇ ਦਰਦ ਅਤੇ ਇਨਸਾਫ਼ ਦੀ ਲੋੜ ਵਿੱਚੋਂ ਬਾਹਰਮੁਖੀ ਅਤੇ ਅੰਦਰਮੁਖੀ ਲੜਾਈ ਸ਼ੁਰੂ ਹੁੰਦੀ ਹੈ। ਪਿਓ ਬਾਹਰਮੁਖੀ ਅਤੇ ਮਾਂ ਅੰਦਰਮੁਖੀ ਲੜਾਈ ਦੀ ਨੁਮਾਇੰਦਗੀ ਕਰਦੇ ਹਨ ਪਰ ਇਸ ਲੜਾਈ ਵਿੱਚ ਨਿਖੇੜਾ ਕਰਨਾ ਮੁਸ਼ਕਲ ਹੈ। ਰਿਸ਼ਤੇਦਾਰਾਂ ਦੀਆਂ ਮਤਲਬਖ਼ੋਰੀਆਂ ਰਾਹੀਂ ਮਾਂ ਬਾਹਰਮੁਖੀ ਲੜਾਈ ਨਾਲ ਦੋਚਾਰ ਹੁੰਦੀ ਹੈ ਅਤੇ ਪਿਓ ਵਿਕਦੀ ਜ਼ਮੀਨ ਦੇ ਨਾਲ-ਨਾਲ ਪੁੱਤ ਦੇ ਯਾਰਾਂ ਰਾਹੀਂ ਆਪਣੇ-ਆਪ ਦੀ ਥਾਹ ਪਾਉਂਦਾ ਹੈ। 

ਫ਼ਿਲਮ ਦੇ ਇਤਿਹਾਸ ਵਿੱਚ ਬਹੁਤ ਸਾਰੀਆਂ ਫ਼ਿਲਮਾਂ ਪਿਓ-ਪੁੱਤ ਦੇ ਰਿਸ਼ਤੇ ਦੁਆਲੇ ਬੁਣੀਆਂ ਗਈਆਂ ਹਨ। ਦੂਜੀ ਜੰਗ ਤੋਂ ਬਾਅਦ ਦੇ ਮੰਦੇ ਦੀ ਤ੍ਰਾਸਦੀ 'ਬਾਈਸਿਕਲ ਥੀਵ' (ਸਾਈਕਲ ਚੋਰ) ਇਸੇ ਰਿਸ਼ਤੇ ਰਾਹੀਂ ਪਰਦਾਪੇਸ਼ ਹੋਈ। ਇਸ ਰਿਸ਼ਤੇ ਦੁਆਲੇ ਇਰਾਨੀ ਫ਼ਿਲਮਸਾਜ਼ ਮਖ਼ਮਲਵਾਫ਼ ਬਾਅਦ ਵਿੱਚ 'ਸਾਈਕਲ' ਬਣਾਉਂਦਾ ਹੈ ਜੋ ਅਫ਼ਗ਼ਾਨੀ ਪਨਾਹਗੀਰਾਂ ਦੀ ਇਰਾਨ ਵਿੱਚ ਹੋਣੀ ਬਿਆਨ ਕਰਦੀ ਹੈ। ਇਰਾਨ ਦਾ ਮਾਜਿਦ ਮਜੀਦੀ ਇਸੇ ਰਿਸ਼ਤੇ ਦੀਆਂ ਪਰਤਾਂ ਆਪਣੀ ਹਰ ਫ਼ਿਲਮ ਵਿੱਚ ਫਰੋਲਦਾ ਹੈ। ਇਸੇ ਰਿਸ਼ਤੇ ਦੁਆਲੇ ਜੰਗਾਂ ਦੀਆਂ ਮਾਰਮਿਕ ਕਹਾਣੀਆਂ ਬੁਣੀਆਂ ਗਈਆਂ ਹਨ। ਕੌਸਟਾ ਗਾਵਰਿਸ ਦੀ 'ਦ ਮਿਸਿੰਗ,' ਅਤੇ ਰੌਬਰਟ ਬੈਨਗਿਨੀ ਦੀ 'ਲਾਈਫ਼ ਇਜ਼ ਬਿਉਟੀਫੁੱਲ' ਦੋ ਮਸ਼ਹੂਰ ਫ਼ਿਲਮਾਂ ਹਨ। ਮਾਰੇ ਗਏ ਪੁੱਤਾਂ ਨੂੰ ਲੱਬਦੀਆਂ ਮਾਂਵਾਂ ਦੀਆਂ ਦੋ ਫ਼ਿਲਮਾਂ ਦਾ ਜ਼ਿਕਰ ਕਰਨਾ ਬਣਦਾ ਹੈ; ਬ੍ਰਾਜ਼ੀਲੀ ਫ਼ਿਲਮ 'ਜ਼ੁਜ਼ੂ ਏਂਜਲ' ਅਤੇ ਬੰਗਾਲੀ ਫ਼ਿਲਮ 'ਹਜ਼ਾਰ ਚੁਰਾਸੀ ਕੀ ਮਾਂ' ਵਿੱਚ ਬੋਲੀ ਅਤੇ ਸਮੇਂ-ਸਥਾਨ ਤੋਂ ਬਿਨਾਂ ਕੁਝ ਵੀ ਵੱਖ ਨਹੀਂ ਲੱਗਦਾ। 'ਨਾਬਰ' ਇਸੇ ਕੜੀ ਦੀ ਫ਼ਿਲਮ ਹੈ। 


ਪਿਓ-ਪੁੱਤ ਦਾ ਰਿਸ਼ਤਾ ਅਣਕਹੇ ਮੋਹ ਅਤੇ ਨਿੱਤ ਦੇ ਟਕਰਾਅ ਰਾਹੀਂ ਜੀਵਿਆ ਜਾਂਦਾ ਹੈ। ਹਾਜ਼ਰੀ ਦਾ ਪੱਥਰ ਗ਼ੈਰ-ਹਾਜ਼ਰੀ ਵਿੱਚ ਪਿਘਲਦਾ ਹੈ ਤਾਂ ਧੀਰਜ ਸਿਫ਼ ਸਮਾਂ ਹੀ ਧਰਾਉਂਦਾ ਹੈ। ਸਿਆਣਪ ਕੰਮ ਨਹੀਂ ਆਉਂਦੀ। ਸੁਰਜਣ ਸਿੰਘ ਦਾ ਪੁੱਤ ਕਰਮਾ ਵਿਦੇਸ਼ ਜਾਣ ਦੀ ਅੜੀ ਪੁਗਾ ਗਿਆ ਅਤੇ ਪਿਓ ਉਸੇ ਦੇ ਕਾਤਲਾਂ ਦੀ ਭਾਲ ਵਿੱਚੋਂ ਧਰਵਾਸ ਧਰਦਾ ਹੈ। ਮੁੰਬਈ ਵਿੱਚ ਕਰਮਾ ਆਪਣੇ ਯਾਰਾਂ ਨਾਲ ਬਾਪੂ ਦੀਆਂ ਗੱਲਾਂ ਕਰਦਾ ਹੈ। ਕਦੇ ਬਿਆਨ ਨਾ ਕੀਤੀਆਂ ਗੱਲਾਂ ਪੁੱਤ ਦੇ ਯਾਰ ਤੋਂ ਸੁਣ ਕੇ ਸੁਰਜਣ ਸਿੰਘ ਦਾ ਮੋਹ ਉਛਾਲੇ ਖਾਂਦਾ ਹੈ। ਕਰਮੇ ਦਾ ਯਾਰ ਆਪਣੇ ਪਿਓ ਨੂੰ ਹਿਰਖ ਨਾਲ ਛੱਡ ਆਇਆ ਹੈ ਅਤੇ ਹੁਣ ਉਸ ਤੋਂ ਹਿਰਖ ਅਤੇ ਮੋਹ ਵਿਚਲਾ ਨਿਖੇੜਾ ਨਹੀਂ ਕੀਤਾ ਜਾਂਦਾ। ਇਸ ਮੁਲਾਕਾਤ ਵਿੱਚ ਪਿਓ-ਪੁੱਤ ਦੇ ਮੋਹ ਦੀ ਬਾਤ ਹੱਡ-ਬੀਤੀ ਤੋਂ ਜੱਗ-ਬੀਤੀ ਤੱਕ ਦਾ ਸਫ਼ਰ ਤੈਅ ਕਰਦੀ ਹੈ। 

'ਨਾਬਰ' ਵਿੱਚੋਂ ਹਦਾਇਤਕਾਰ ਰਾਜੀਵ ਦੀ ਸ਼ਖ਼ਸ਼ੀਅਤ ਦਾ ਹਰ ਪੱਖ ਝਲਕਦਾ ਹੈ। ਹਰਦੀਪ ਨੇ ਪਰਦੇ ਉੱਤੇ ਪੀੜ ਨਾਲ ਲਵਰੇਜ਼ ਦ੍ਰਿੜਤਾ ਜਿਉਂਦੀ ਕਰ ਦਿੱਤੀ ਅਤੇ ਹਰਵਿੰਦਰ ਬਬਲੀ ਝੱਲ ਦੀਆਂ ਪਰਤਾਂ ਉਧੇੜ ਕੇ ਹੌਲ ਪਾ ਦਿੰਦੀ ਹੈ। 'ਨਾਬਰ' ਰਾਹੀਂ ਸਾਡੇ ਸਮਿਆਂ ਦੀ ਵਿਵੇਕੀ ਸੁਰ ਪਹਿਲੀ ਵਾਰ ਕਿਸੇ ਪੰਜਾਬੀ ਫ਼ਿਲਮ ਵਿੱਚ ਪਰਦਾਪੇਸ਼ ਹੋਈ ਹੈ। ਰਾਜੀਵ ਦਾ ਬਤੌਰ ਫ਼ਿਲਮਸਾਜ਼ ਦਸਤਾਵੇਜੀ ਫ਼ਿਲਮਾਂ ਦਾ ਬਹੁਤ ਤਜਰਬਾ ਹੈ। ਇਸ ਫ਼ਿਲਮ ਦੇ ਨਿਭਾਅ ਵਿੱਚ ਉਹ ਮੈਕਲੌਡਗੰਜ, ਚਮਕੌਰ ਸਾਹਿਬ, ਮੁੰਬਈ ਅਤੇ ਫਤਿਹਗੜ੍ਹ ਸਾਹਿਬ ਨੂੰ ਆਪਣੇ ਕਿਰਦਾਰਾਂ ਦੇ ਆਲੇ-ਦੁਆਲੇ ਲਪੇਟ ਦਿੰਦਾ ਹੈ। ਭੀੜ ਭਰੀਆਂ ਅਣਜਾਣੀਆਂ ਪਰ ਚੇਤਿਆਂ ਵਿੱਚ ਵਸੀਆਂ ਇਤਿਹਾਸਕ ਸਾਂਝ ਵਾਲੀਆਂ ਥਾਵਾਂ ਉੱਤੇ ਆਸਰਾ ਭਾਲਦਾ ਸੁਰਜਣ ਸਿੰਘ ਜਦੋਂ ਹੱਥੀਂ ਨਲਕਾ ਗੇੜ ਕੇ ਪਾਣੀ ਪੀਂਦਾ ਹੈ ਤਾਂ ਸੰਭਵ ਅਤੇ ਅਸੰਭਵ ਦੀ ਦਮੇਲ ਉੱਤੇ ਮਿਲਦੀਆਂ ਹੱਦਾਂ ਉਸ ਦੇ ਗੇੜ ਵਿੱਚ ਆਉਂਦੀਆਂ ਜਾਪਦੀਆਂ ਹਨ। ਜਦੋਂ ਇਹੋ ਪਿਓ ਖ਼ੌਫ਼ ਅਤੇ ਸੰਸੋਪੰਜ ਵਿੱਚ ਫਸੇ ਯੁੱਧਵੀਰ ਕੋਲ ਪੁੱਜਦਾ ਹੈ ਤਾਂ ਇੱਕ ਹੋਰ ਬਾਪ ਕਿਰਤ ਵਿੱਚ ਰੁਝਿਆ ਕਾਠ ਉੱਤੇ ਸਿੱਧੀਆਂ ਲਕੀਰਾਂ ਵਾਹ ਰਿਹਾ ਹੈ। ਇਹੋ ਲਕੀਰਾਂ ਉਸ ਦੀ ਜ਼ਿੰਦਗੀ ਦਾ ਸਿੱਧਾ-ਸਾਧਾ ਮੰਤਰ ਹਨ ਜੋ ਹੱਕ-ਸੱਚ ਦੀ ਬੋਲੀ ਜਾਣਦੀਆਂ ਹਨ। ਜਦੋਂ ਇਸ ਬਾਪ ਦੀ ਸਾਦਗੀ ਪੁੱਤ ਦੀ ਸੇਧ ਬਣਦੀ ਹੈ ਤਾਂ ਦੂਜੇ ਪਿਓ ਦੀ ਤਾਕਤ ਦੂਣ-ਸਵਾਈ ਹੁੰਦੀ ਹੈ। ਰਾਜੀਵ ਜਾਣਦਾ ਹੈ ਕਿ ਉਸ ਨੇ ਪੰਜਾਬੀ ਦਰਸ਼ਕਾਂ ਨੂੰ ਕੀ ਯਾਦ ਕਰਵਾਉਣਾ ਹੈ। ਨੌਰਾ ਰਿਚਰਡ ਦਾ ਅੰਧਰੇਟਾ ਵਿਚਲਾ ਘਰ, ਗਿਆਨੀ ਦਿੱਤ ਸਿੰਘ ਦੀ ਕਿਤਾਬ 'ਮੇਰਾ ਪਿੰਡ', ਭਗਤ ਸਿੰਘ, ਸ਼ਿਵਾਜੀ, ਭੀਮ ਰਾਓ ਅੰਬੇਦਕਰ ਅਤੇ ਪਾਸ਼ ਦੀ ਕਵਿਤਾ ਸਹਿਜ ਹੀ ਕਹਾਣੀ ਦਾ ਹਿੱਸਾ ਬਣ ਜਾਂਦੇ ਹਨ। 


ਰਾਜੀਵ ਦੀ ਫ਼ਿਲਮ 'ਨਾਬਰ' ਦਾ ਜ਼ਿਆਦਾਤਰ ਘਟਨਾਕ੍ਰਮ ਕੁਵੇਲੇ ਵਾਪਰਦਾ ਹੈ। ਉਸ ਦੀ ਫ਼ਿਲਮ ਵਿੱਚ ਧੁੱਪ ਨਹੀਂ ਹੈ। ਕੁਵੇਲੇ ਦੀ ਇਸ ਕਹਾਣੀ ਦਾ ਬਹੁਤ ਅਹਿਮ ਕਾਂਡ ਸਿਖ਼ਰ ਦੁਪਹਿਰੇ ਨਹਿਰ ਦੇ ਪੁੱਲ ਉੱਤੇ ਵਾਪਰਦਾ ਹੈ। ਪੁੱਲ ਹੇਠੋਂ ਮਣਾਮੂੰਹੀ ਪਾਣੀ ਵਗ ਰਿਹਾ ਹੈ ਅਤੇ ਇਨਸਾਫ਼ ਦੀ ਲੜਾਈ ਲੜ ਰਿਹਾ ਪਿਓ ਅਡੋਲ ਖੜੋਤਾ ਹੈ। ਨੇਕੀ-ਬਦੀ ਦੀ ਮੁਲਾਕਾਤ ਇਸੇ ਪੁੱਲ ਉੱਤੇ ਹੁੰਦੀ ਹੈ। ਪਿਓ ਨੂੰ 'ਵਗਦੀ ਗੰਗਾ ਵਿੱਚ ਹੱਥ ਧੋਣ' ਦੀ ਪੇਸ਼ਕਸ਼ ਹੁੰਦੀ ਹੈ। ਅਮੀਰੀ, ਸਿਆਸੀ ਸਰਪ੍ਰਸਤੀ ਅਤੇ ਗੁੰਡਾ-ਤਾਕਤ ਦੀ ਕਾਰ ਵਿੱਚ ਸਵਾਰ ਲਾਣਾ ਪਿਓ ਨੂੰ ਜਰਕਾਉਣ ਲਈ ਸੁਰ ਉੱਚੀ ਕਰਦਾ ਹੈ। ਖੁੱਸੇ ਪੁੱਤ ਦੀ ਕੀਮਤ ਖੇਤਾਂ ਨਾਲ ਨਹੀਂ ਉਤਾਰੀ ਜਾ ਸਕਦੀ ਭਾਵੇਂ ਖੇਤਾਂ ਦਾ ਖੁੱਸਣਾ ਘੱਟ ਸੋਗ਼ਵਾਰ ਨਹੀਂ ਹੈ। ਕਿਰਤੀ ਦਾ ਮੁੜਕਾ ਅਤੇ ਪਿਓ ਦਾ ਸਮਾਜਕ ਸੂਝ ਦੀ ਸਾਣ ਉੱਤੇ ਚੜ੍ਹਿਆ ਮੋਹ ਸਿਦਕਦਿਲੀ ਨਾਲ ਮਜ਼ਬੂਤ ਜੋਟੀ ਪਾਉਂਦਾ ਹੈ। ਇਨ੍ਹਾਂ ਹਾਲਾਤ ਵਿੱਚ ਵਗਦੇ ਪਾਣੀ ਦੇ ਉਪਰਲੇ ਪੁੱਲ ਉੱਤੋਂ ਪਿਓ ਜਰਵਾਣਿਆਂ ਦੀ ਹਾਠ ਨੂੰ ਚੀਰ ਕੇ ਲੰਘ ਜਾਂਦਾ ਹੈ। ਇਹ ਪਿਓ ਅਦਾਲਤ ਵਿਚਲੀ ਜਿੱਤ ਨੂੰ ਲੜਾਈ ਦਾ ਪਹਿਲਾਂ ਪੜਾਅ ਕਰਾਰ ਦਿੰਦਾ ਹੈ ਅਤੇ ਅਗਲੇ ਪੜਾਅ ਦੀ ਨਿਸ਼ਾਨਦੇਹੀ ਕਰਦਾ ਹੈ। 

ਰਾਜੀਵ ਨੇ ਕੁਵੇਲੇ ਦੀ ਕਹਾਣੀ ਦਿਨ-ਦਿਹਾੜੇ ਪਰਦਾਪੇਸ਼ ਕੀਤੀ ਹੈ। ਉਸ ਨੇ ਇਸ਼ਕ ਅਤੇ ਹੁਨਰ ਦੀ ਦਾਅਵੇਦਾਰੀ ਨਾਲ ਪੰਜਾਬੀ ਫ਼ਿਲਮ ਸਨਅਤ ਦੇ ਸਾਰੇ ਮੰਤਰ ਸਵਾਲਾਂ ਦੇ ਘੇਰੇ ਵਿੱਚ ਲਿਆ ਦਿੱਤੇ ਹਨ। ਮੰਡੀ, ਮੁਨਾਫ਼ੇ, ਹਾਸੇ-ਠੱਠੇ ਅਤੇ ਮਨੋਰੰਜਨ ਦੇ ਕਸੁੱਸਰੇ ਵਿੱਚ ਰਾਜੀਵ ਨੇ ਵਿਵੇਕ ਦਾ ਘਣਸ਼ਾਵਾ ਬੂਟਾ ਲਗਾਇਆ ਹੈ। ਇਹ ਕੁਵੇਲੀਂ ਬਾਤ ਨੂੰ ਵੇਲੇ ਸਿਰ ਸੁਣ ਲੈਣ ਦਾ ਸੱਦਾ ਹੈ। ਕਵੀ ਸ਼ਮਸ਼ੇਰ ਬਹਾਦਰ ਸਿੰਘ ਦੀ ਸਤਰ ਹੈ, "ਮਸਲਾ ਯੇਹ ਨਹੀਂ ਕਿ ਵੋ ਕਿਤਨਾ ਆਗੇ ਜਾ ਪਾਏ, ਮਸਲਾ ਯੇਹ ਹੈ ਕਿ ਜੋ ਮੁੱਦਾ ਉਨਹੋ ਨੇ ਉਠਾਇਆ ਵੋਹ ਕਿਤਨਾ ਕਾਵਿਲੇ-ਗੌਰ ਹੈ।"  ਪੰਜਾਬ ਦੇ ਦਰਦਮੰਦ ਫ਼ਿਲਮਸਾਜ਼ ਦੀ ਸਿਦਕਦਿਲੀ ਨਾਲ ਸਮਕਾਲੀ ਦੌਰ ਦੀ ਬਾਤ ਪਈ ਹੈ ਜੋ ਸੰਗਤ ਨਾਲ ਸੰਜੀਦਾ ਸੰਵਾਦ ਸ਼ੁਰੂ ਕਰਦੀ ਹੈ। 

Thursday, 26 September 2013

ਝੂਠੀ ਕਹਾਣੀ ਉੱਤੇ 'ਸੱਚੀ' ਫ਼ਿਲਮ ਦਾ ਦਾਅਵਾ: 'ਦਿ ਵੇਅ ਬੈਕ'

ਜਤਿੰਦਰ ਮੌਹਰ

ਬੋਰਸ ਪੋਲੇਵਈ ਦੀ ਮਸ਼ਹੂਰ ਕਿਤਾਬ 'ਅਸਲੀ ਇਨਸਾਨ ਦੀ ਕਹਾਣੀ' ਰੂਸੀ ਉਡਾਰੂ ਦੀ ਜ਼ਿੰਦਗੀ ਬਾਬਤ ਹੈ। ਉਹਦਾ ਹਵਾਈ ਜਹਾਜ਼ ਉੱਤਰੀ-ਪੂਰਬੀ ਰੂਸ ਦੇ ਬਰਫ਼ੀਲੇ ਇਲਾਕੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਬੁਰੀ ਤਰ੍ਹਾਂ ਜ਼ਖ਼ਮੀ ਉਡਾਰੂ ਖ਼ਤਰਨਾਕ ਮੌਸਮ ਅਤੇ ਹਾਲਾਤ ਵਿੱਚ ਅਠਾਰਾਂ ਦਿਨ ਲੰਬਾ ਸਫ਼ਰ ਕਰਕੇ ਸੁਰੱਖਿਅਤ ਥਾਂ ਉੱਤੇ ਪਹੁੰਚਣ ਵਿੱਚ ਕਾਮਯਾਬ ਹੋ ਗਿਆ। ਇਹ ਕਹਾਣੀ ਮਨੁੱਖੀ ਸਮਰੱਥਾ ਅਤੇ ਯਕੀਨ ਦੇ ਜਸ਼ਨ ਵਜੋਂ ਜਾਣੀ ਜਾਂਦੀ ਹੈ ਪਰ ਕਈ ਪੱਛਮੀ ਪੜਚੋਲੀਏ ਇਸ ਕਹਾਣੀ ਨੂੰ ਝੂਠੀ ਮੰਨਦੇ ਹਨ ਅਤੇ ਕਿਤਾਬ ਨੂੰ 'ਨਕਲੀ ਇਨਸਾਨ ਦੀ ਕਹਾਣੀ' ਦਾ ਨਾਮ ਦਿੰਦੇ ਹਨ। ਦੂਜੇ ਪਾਸੇ ਪੱਛਮ ਵਿੱਚ 'ਦਿ ਲੌਂਗ ਵਾਕ' ਕਿਤਾਬ ਨੂੰ ਖ਼ੂਬ ਪ੍ਰਚਾਰਿਆ ਅਤੇ ਸਲਾਹਿਆ ਗਿਆ ਹੈ। ਇਸ ਕਿਤਾਬ ਉੱਤੇ ਬਣੀ ਫ਼ਿਲਮ 'ਦਿ ਵੇਅ ਬੈਕ' ਸਾਇਬੇਰੀਆ ਤੋਂ ਹਿੰਦੋਸਤਾਨ ਤੱਕ ਦੇ ਮਹੀਨਿਆਂ ਲੰਬੇ ਪੈਦਲ-ਸਫ਼ਰ ਬਾਰੇ ਹੈ। ਸੰਨ੍ਹ 2010 'ਚ ਪਰਦਾਪੇਸ਼ ਹੋਈ ਇਹ ਫ਼ਿਲਮ ਦੂਜੀ ਆਲਮੀ ਜੰਗ ਦੇ ਸਮਿਆਂ ਦੀ ਹੈ। ਇਹ ਸੋਵੀਅਤ ਯੂਨੀਅਨ ਵਿੱਚ ਸਾਇਬੇਰੀਆ ਦੇ ਗੁਲਾਗ ਮੁਸ਼ੱਕਤੀ ਡੇਰੇ ਤੋਂ ਫ਼ਰਾਰ ਹੋਣ ਵਾਲੇ ਕੈਦੀਆਂ ਦੀ ਕਹਾਣੀ ਹੈ। ਭਗੌੜਿਆਂ ਵਿੱਚ ਜਨੁਸਜ਼ (ਪੋਲੈਂਡ ਵਾਸੀ), ਮਿਸਟਰ ਸਮਿੱਥ (ਅਮਰੀਕੀ ਇੰਜੀਨੀਅਰ), ਵਾਲਕਾ (ਰੂਸੀ ਮੁਜਰਮ), ਤੋਮਸਜ਼ (ਪੋਲੈਂਡ ਦਾ ਕਲਾਕਾਰ), ਵੋਸ (ਲਾਤਵੀਆਈ ਪਾਦਰੀ ), ਕਾਜ਼ਕ (ਪੋਲੈਂਡ ਵਾਸੀ) ਅਤੇ ਜ਼ੋਰਾਨ (ਯੂਗੋਸਲਾਵੀਆਈ ਲੇਖਾਕਾਰ) ਸ਼ਾਮਲ ਸਨ। ਰਾਹ ਵਿੱਚ ਉਨ੍ਹਾਂ ਨੂੰ ਇਰੈਨਾ ਨਾਮ ਦੀ ਫ਼ਰਾਰ ਕੁੜੀ ਮਿਲਦੀ ਹੈ ਜੋ ਕਮਿਉਨਿਸਟ-ਜਬਰ ਦੀ ਝੂਠੀ ਕਹਾਣੀ ਸੁਣਾਕੇ ਭਗੌੜੇ ਦਲ ਵਿੱਚ  ਸ਼ਾਮਲ ਹੋ ਜਾਂਦੀ ਹੈ। ਸਫ਼ਰ ਦੌਰਾਨ ਕਾਜ਼ਕ ਠੰਢ ਨਾਲ ਰੂਸ ਵਿੱਚ ਮਾਰਿਆ ਜਾਂਦਾ ਹੈ। ਵਾਲਕਾ ਰੂਸੀ-ਮੰਗੋਲੀਆ ਸਰਹੱਦ ਤੋਂ ਵਾਪਸ ਮੁੜ ਜਾਂਦਾ ਹੈ ਕਿਉਂਕਿ ਉਹ ਅਜੇ ਵੀ ਸਟਾਲਿਨ ਨੂੰ ਆਪਣਾ ਨਾਇਕ ਮੰਨਦਾ ਸੀ। ਮੰਗੋਲੀਆ ਦੀ ਸਰਹੱਦ ਉੱਤੇ ਮੁਕਾਮੀ ਆਗੂ ਦੇ ਨਾਲ ਸਟਾਲਿਨ ਅਤੇ ਲਾਲ ਤਾਰੇ ਦਾ ਚਿੰਨ੍ਹ ਦੇਖ ਕੇ ਪਤਾ ਲਗਦਾ ਹੈ ਕਿ ਮੰਗੋਲੀਆ ਵੀ ਕਮਿਉਨਿਸਟ ਰਾਜ ਹੇਠ ਹੈ। ਚੀਨ ਵਿੱਚ ਜਾਪਾਨੀਆਂ ਦਾ ਕਬਜ਼ਾ ਹੈ। ਜਨੁਸਜ਼ ਹਿੰਦੋਸਤਾਨ ਨੂੰ ਸਰੱਖਿਅਤ ਜਗ੍ਹਾ ਮੰਨ ਕੇ ਸਫ਼ਰ ਜਾਰੀ ਰੱਖਣ ਦੀ ਸਲਾਹ ਦਿੰਦਾ ਹੈ। ਇਰੈਨਾ ਅਤੇ ਦੋ ਹੋਰ ਕੈਦੀ ਚੀਨ-ਮੰਗੋਲੀਆ ਵਿੱਚ ਫੈਲੇ ਗੋਬੀ ਰੇਗਿਸਤਾਨ ਵਿੱਚ ਮਾਰੇ ਜਾਂਦੇ ਹਨ। ਜਨੁਸਜ਼, ਸਮਿੱਥ, ਵੋਸ ਅਤੇ ਜ਼ੋਰਾਨ ਤਿੱਬਤ ਪਹੁੰਚਣ ਵਿੱਚ ਕਾਮਯਾਬ ਹੁੰਦੇ ਹਨ। ਸਮਿੱਥ ਲਹਾਸਾ ਵਿੱਚ ਅਮਰੀਕੀ ਫ਼ੌਜ ਨਾਲ ਸੰਬੰਧਤ ਜਾਣਕਾਰ ਲੱਭ ਕੇ ਉੱਥੇ ਹੀ ਰਹਿ ਜਾਂਦਾ ਹੈ। ਬਾਕੀ ਤਿੰਨੇ ਹਿੰਦੋਸਤਾਨ ਚਲੇ ਜਾਂਦੇ ਹਨ। ਵੋਸ ਅਤੇ ਜ਼ੋਰਾਨ ਹਿੰਦੋਸਤਾਨ ਵਿੱਚ ਟਿਕ ਜਾਂਦੇ ਹਨ ਪਰ ਜ਼ਨੁਸਜ਼ ਦੁਨੀਆਂ ਘੁੰਮਦਾ ਰਹਿੰਦਾ ਹੈ। ਕਮਿਉਨਿਸਟ ਰਾਜ ਖ਼ਤਮ ਹੋਣ ਤੋਂ ਬਾਅਦ ਸੰਨ੍ਹ 1989 ਵਿੱਚ ਉਹ ਪੋਲੈਂਡ ਪਹੁੰਚਦਾ ਹੈ। ਉਹ ਪੰਜਾਹ ਸਾਲ ਬਾਅਦ ਘਰਵਾਲੀ ਨੂੰ ਮਿਲਦਾ ਹੈ। ਜਨੁਸਜ਼ ਉੱਤੇ ਜਸੂਸੀ ਦਾ ਦੋਸ਼ ਸੀ। ਕਮਿਉਨਿਸਟਾਂ ਨੇ ਉਹਦੀ ਘਰਵਾਲੀ ਉੱਤੇ ਤਸ਼ੱਦਦ ਕਰਕੇ ਜਨੁਸਜ਼ ਦੇ ਖ਼ਿਲਾਫ਼ ਬਿਆਨ ਦਿਵਾਇਆ ਸੀ। ਪੂਰੀ ਫ਼ਿਲਮ ਕਮਿਉਨਿਸਟ-ਜਬਰ ਦੀ ਦੁਹਾਈ ਦਿੰਦੀ ਹੈ ਅਤੇ ਕਮਿਉਨਿਸਟ ਸਰਕਾਰਾਂ ਨੂੰ ਅਤਿ ਦੇ ਜ਼ਾਲਮ ਠਹਿਰਾਉਂਦੀ ਹੈ। ਫ਼ਿਲਮ ਵਿਚਲੀਆਂ ਟਿੱਪਣੀਆਂ, ਖ਼ੁਲਾਸੇ ਅਤੇ ਅੰਤ ਵਿੱਚ ਵਰਤੇ ਗਏ ਅਸਲੀ ਦ੍ਰਿਸ਼ ਵਿਰੋਧੀ ਧਿਰ ਦੀ ਸਿਆਸਤ ਵਜੋਂ ਪੇਸ਼ ਹੁੰਦੇ ਹਨ। 

'ਦਿ ਲੌਂਗ ਵਾਕ' ਕਿਤਾਬ ਪੋਲੈਂਡ ਦੇ ਫ਼ੌਜੀ ਸਲਾਵੋਮੀਰ ਰਾਵਿਕਜ਼ ਨੇ ਲਿਖੀ ਸੀ। ਉਹਦਾ ਦਾਅਵਾ ਹੈ ਕਿ ਇਹ ਉਹਦੀ ਆਤਮ-ਕਥਾ ਹੈ ਪਰ ਕਹਾਣੀ ਨੂੰ ਸੱਚਾ ਸਾਬਤ ਕਰਨ ਲਈ ਉਹ ਸਬੂਤ ਪੇਸ਼ ਨਹੀਂ ਕਰ ਸਕਿਆ। ਸਲਾਵੋਮੀਰ ਮੁਤਾਬਕ ਉਹਨੇ ਛੇ ਕੈਦੀਆਂ ਸਮੇਤ ਗੁਲਾਗ ਮੁਸ਼ੱਕਤੀ ਡੇਰੇ ਤੋਂ ਹਿੰਦੋਸਤਾਨ ਤੱਕ ਚਾਰ ਹਜ਼ਾਰ ਮੀਲ (ਪੈਂਹਠ ਸੌ ਕਿਲੋਮੀਟਰ) ਦੀ ਪੈਦਲ ਯਾਤਰਾ ਕੀਤੀ ਸੀ। ਇਹਨੂੰ ਉਹ 'ਆਜ਼ਾਦੀ ਵੱਲ ਯਾਤਰਾ' ਕਹਿੰਦਾ ਹੈ। ਕਿਤਾਬ ਦੀਆਂ ਪੰਜ ਲੱਖ ਜਿਲਦਾਂ ਵਿਕੀਆਂ ਅਤੇ ਇਹ ਪੰਚੀ ਜ਼ੁਬਾਨਾਂ ਵਿੱਚ ਉਲਥਾਈ ਗਈ। ਫ਼ਿਲਮ ਬਣਨ ਤੋਂ ਬਾਅਦ ਕਿਤਾਬ ਦੀ ਮੰਗ ਹੋਰ ਵਧ ਗਈ ਹੈ। ਸੰਨ੍ਹ 2011 ਵਿੱਚ ਕਿਤਾਬ ਦੀਆਂ ਤੀਹ ਹਜ਼ਾਰ ਜਿਲਦਾਂ ਹਰ ਸਾਲ ਵਿਕਣ ਦਾ ਅੰਦਾਜ਼ਾ ਸੀ। ਕਿਹਾ ਜਾਂਦਾ ਹੈ ਕਿ ਇਸ ਕਿਤਾਬ ਨੇ ਕਈ ਘੁਮੱਕੜਾਂ ਅਤੇ ਖ਼ੋਜੀਆਂ ਨੂੰ ਹੱਲਾਸ਼ੇਰੀ ਦਿੱਤੀ। ਸੰਨ੍ਹ 1956 ਵਿੱਚ ਛਪੀ ਇਹ ਕਿਤਾਬ ਹਮੇਸ਼ਾਂ ਸ਼ੱਕ ਦੇ ਘੇਰੇ ਵਿੱਚ ਰਹੀ ਹੈ। ਸਫ਼ਰ ਦੌਰਾਨ ਰਹੱਸਮਈ ਬਰਫ਼ਾਨੀ-ਮਨੁੱਖ (ਯਤੀ) ਮਿਲਣ ਦੇ ਦਾਅਵੇ ਉੱਤੇ ਗੰਭੀਰ ਖ਼ਦਸ਼ੇ ਹਨ। ਬੀ.ਬੀ.ਸੀ ਨਿਊਜ਼ ਦੇ ਹਗ ਲੇਵਿੰਨਸਨ ਦੀ ਅਗਵਾਈ ਹੇਠ ਸੰਨ੍ਹ 2006 ਵਿੱਚ ਕਿਤਾਬ ਨਾਲ ਜੁੜੇ ਦਾਅਵਿਆਂ ਅਤੇ ਤੱਥਾਂ ਨੂੰ ਖੰਗਾਲਿਆ ਗਿਆ। ਤੱਥਾਂ ਦੀ ਘੋਖ ਕਰਨ ਲਈ ਪੋਲੈਂਡ, ਲਾਤਵੀਆ, ਅਮਰੀਕਾ, ਲਿਥੂਆਨੀਆ, ਫ਼ਿਨਲੈਂਡ, ਸਵੀਡਨ ਅਤੇ ਹੋਰ ਥਾਂਵਾਂ ਤੋਂ ਜਾਣਕਾਰੀ ਇਕੱਠੀ ਕੀਤੀ ਗਈ। ਸਲਾਵੋਮੀਰ ਦੇ ਪੁਰਾਣੇ ਸਕੂਲ, ਪੋਲੈਂਡ ਦੇ ਫ਼ੌਜੀ ਪੁਰਾਲੇਖਾਂ ਅਤੇ ਰੱਖਿਆ ਮੰਤਰਾਲੇ ਦੇ ਦਸਤਾਵੇਜ਼ਾਂ ਦੀ ਪੁਣਛਾਣ ਕੀਤੀ ਗਈ। 

ਮਾਸਕੋ ਵਿੱਚ ਗੁਲਾਗ ਮੁਸ਼ੱਕਤੀ ਡੇਰੇ ਦੇ ਦਸਤਾਵੇਜ਼ ਦੇਖੇ ਗਏ ਪਰ ਕਿਤੇ ਸਲਾਵੋਮੀਰ ਦੇ ਗੁਲਾਗ ਡੇਰੇ ਵਿੱਚ ਜੰਗੀ ਕੈਦੀ ਹੋਣ ਦੇ ਤੱਥ ਦੀ ਪੁਸ਼ਟੀ ਨਹੀਂ ਹੋ ਸਕੀ। ਬੇਲਾਰੂਸ ਤੋਂ ਮਿਲੇ ਦਸਤਾਵੇਜ਼ਾਂ ਨੇ ਸਲਾਵੋਮੀਰ ਦੀ ਜੰਗ ਤੋਂ ਪਹਿਲਾਂ ਦੀ ਜ਼ਿੰਦਗੀ, ਪਰਿਵਾਰ ਅਤੇ ਪਿਛੋਕੜ ਉੱਤੇ ਰੌਸ਼ਨੀ ਪਾਈ ਪਰ ਕਿਤੇ ਉਹਦੇ ਗੁਲਾਗ ਡੇਰੇ ਤੋਂ ਭੱਜਣ ਦਾ ਵੇਰਵਾ ਨਹੀਂ ਮਿਲਦਾ। ਪੋਲਸ਼ ਇੰਸਟੀਟਿਊਟ ਅਤੇ ਸਿਕੋਰਸਕੀ ਅਜਾਇਬ ਘਰ ਲੰਡਨ ਵਿੱਚ ਮੌਜੂਦ ਦੂਜੀ ਆਲਮੀ ਜੰਗ ਬਾਬਤ ਦਸਤਾਵੇਜ਼ ਵੀ ਫਰੋਲੇ ਗਏ। ਸਲਾਵੋਮੀਰ ਦੇ ਫ਼ੌਜੀ ਰਿਕਾਰਡ ਮੁਤਾਬਕ ਉਹ ਰੂਸ ਵਿੱਚ ਪੋਲੈਂਡ ਦੀ ਫ਼ੌਜ ਨਾਲ ਦੁਬਾਰਾ ਜਾ ਮਿਲਿਆ ਸੀ। ਇਹ ਤੱਥ ਕਿਤਾਬ ਵਿਚਲੇ ਵੇਰਵਿਆਂ ਨਾਲ ਮੇਲ ਨਹੀਂ ਖਾਂਦਾ। ਅਮਰੀਕੀ ਖ਼ੋਜੀ ਲਿੰਡਾ ਵਿਲੀਸ ਦੀ ਖ਼ੋਜ ਮੁਤਾਬਕ ਸਲਾਵੋਮੀਰ ਨੂੰ ਸੰਨ੍ਹ 1942 ਵਿੱਚ ਪੋਲੈਂਡ ਦੇ ਸਿਆਸੀ ਕੈਦੀਆਂ ਦੀ ਆਮ ਮੁਆਫ਼ੀ ਦੇ ਹਿੱਸੇ ਵਜੋਂ ਰਿਹਾ ਕੀਤਾ ਗਿਆ ਸੀ। ਆਮ-ਮੁਆਫ਼ੀ ਦੇ ਦਸਤਾਵੇਜ਼ ਅਤੇ ਪੋਲੈਂਡ ਫ਼ੌਜ ਨਾਲ ਮਿਲ ਕੇ ਰੂਸ ਵਿੱਚ ਦੁਬਾਰਾ ਜਾਣ ਦਾ ਇਜਾਜ਼ਤਨਾਮਾ ਇਸ ਗੱਲ ਦਾ ਸਬੂਤ ਹਨ। ਆਮ-ਮੁਆਫ਼ੀ ਦਸਤਾਵੇਜ਼ਾਂ ਮੁਤਾਬਕ ਉਹ ਰੂਸ ਤੋਂ ਸਿੱਧਾ ਇਰਾਨ ਪਹੁੰਚਿਆ ਸੀ। ਇਹ ਸਾਰੇ ਸਬੂਤ ਸਲਾਵੀਮੋਰ ਦੇ ਗੁਲਾਗ ਡੇਰੇ ਵਿੱਚੋਂ ਭੱਜਣ ਦੀ ਗਵਾਹੀ ਨਹੀਂ ਭਰਦੇ। ਸਲਾਵੀਮੋਰ ਉੱਤੇ ਐਨ.ਕੇ.ਵੀ.ਡੀ (ਰੂਸ ਦੀ ਖ਼ੁਫ਼ੀਆ ਏਜੰਸੀ ਕੇ.ਜੀ.ਬੀ ਦੀ ਮੋਹਰੀ ਸੰਸਥਾ) ਦੇ ਅਫ਼ਸਰ ਨੂੰ ਕਤਲ ਕਰਨ ਦਾ ਦੋਸ਼ ਲੱਗਿਆ ਸੀ। ਸੰਨ੍ਹ 2009 'ਚ ਵਿਟੋਲਡ ਗਲਿੰਸਕੀ ਨਾਮ ਦੇ ਬੰਦੇ ਨੇ ਦਾਅਵਾ ਕੀਤਾ ਸੀ ਕਿ 'ਦਿ ਲੌਂਗ ਵਾਕ' ਉਹਦੀ ਸੱਚੀ ਕਹਾਣੀ ਹੈ ਅਤੇ ਸਲਾਵੋਮੀਰ ਦਾ ਦਾਅਵਾ ਝੂਠਾ ਹੈ। ਗਲਿੰਸਕੀ ਦਾ ਕਹਿਣਾ ਹੈ ਕਿ ਉਹ ਦੂਜੀ ਆਲਮੀ ਜੰਗ ਵਿੱਚ ਪੋਲੈਂਡ ਦਾ ਫ਼ੌਜੀ ਸੀ। ਗਲਿੰਸਕੀ ਦੇ ਦਾਅਵਿਆਂ ਉੱਤੇ ਵੀ ਗੰਭੀਰ ਸਵਾਲ ਉਠਾਏ ਗਏ ਹਨ। ਪੋਲੈਂਡ ਸਮੇਤ ਆਲਮ ਦੀ ਏਡੀ ਮਸ਼ਹੂਰ ਕਿਤਾਬ ਦੇ ਛਪਣ ਤੋਂ ਤਰਵੰਜਾ ਸਾਲ ਬਾਅਦ ਗਲਿੰਸਕੀ ਦਾ ਪੇਸ਼ ਕੀਤਾ ਗਿਆ ਦਾਅਵਾ ਹੈਰਾਨੀ ਅਤੇ ਸ਼ੱਕ ਦਾ ਸਬੱਬ ਬਣਦਾ ਹੈ। ਗਲਿੰਸਕੀ ਆਪਣੇ ਦਾਅਵਿਆਂ ਨੂੰ ਸੱਚ ਸਾਬਤ ਨਹੀਂ ਕਰ ਸਕਿਆ। 'ਲੌਂਗ ਰਾਈਡਰਜ਼ ਗਿਲਡ' ਦੇ ਬਾਨੀਆਂ ਅਤੇ ਹੋਰ ਖ਼ੋਜੀ ਲੇਖਕਾਂ ਨੇ ਇਸ ਤਰ੍ਹਾਂ ਦੇ ਕਈ ਪੱਛਮੀ 'ਨਾਇਕਾਂ' ਦੀ ਪੋਲ ਖੋਲ੍ਹੀ ਹੈ ਜਿਹੜੇ ਆਪਣੇ ਆਪ ਨੂੰ ਮਹਾਨ, ਖ਼ਤਰਨਾਕ ਅਤੇ ਦਲੇਰੀ ਭਰੇ ਸਫ਼ਰਨਾਮਿਆਂ ਦੇ ਨਾਇਕ ਦੱਸਦੇ ਰਹੇ। ਲੇਖਕ, ਪੱਤਰਕਾਰ, ਫ਼ਿਲਮਸਾਜ਼ ਅਤੇ ਹੋਰ ਲੋਕ, ਬਿਨ੍ਹਾਂ ਕੋਈ ਸਬੂਤ ਦਿੱਤੇ ਇਨ੍ਹਾਂ ਝੂਠੇ ਨਾਇਕਾਂ ਨੂੰ ਵਡਿਆਉਂਦੇ ਰਹਿੰਦੇ ਹਨ। ਰੂਈਯਾਰਡ ਕਿਪਲਿੰਗ ਦੀ ਛੋਟੀ-ਕਹਾਣੀ 'ਦਿ ਮੈਨ ਹੂ ਵਾਜ਼' ਸੰਨ੍ਹ 1907 'ਚ ਛਪੀ ਸੀ। ਇਹ ਕਹਾਣੀ 'ਦਿ ਲੌਂਗ ਵਾਕ' ਉੱਤੇ ਅਸਰਅੰਦਾਜ਼ ਹੋਈ ਲੱਗਦੀ ਹੈ। ਕਿਪਲਿੰਗ ਦੀ ਕਹਾਣੀ ਮੁਤਾਬਕ ਇੱਕ ਘੁੜਸਵਾਰ ਅਫ਼ਸਰ ਨੂੰ ਰੂਸ ਦੇ ਸਾਇਬੇਰੀਆ ਵਿੱਚ ਕੈਦ ਕਰ ਲਿਆ ਜਾਂਦਾ ਹੈ। ਉਹ ਜੇਲ੍ਹ ਵਿੱਚੋਂ ਭੱਜ ਕੇ ਪਹਾੜ-ਘਾਟੀਆਂ-ਥਲ ਪਾਰ ਕਰਦਾ ਹੋਇਆ ਹਿੰਦੋਸਤਾਨ ਪਹੁੰਚਦਾ ਹੈ।

ਸਲਾਵੋਮੀਰ ਦੀ ਕੜੀ ਵਿੱਚ ਅਮਰੀਕੀ 'ਮਹਾਂ ਨਾਇਕ' ਫ਼ਰੈਂਕ ਹੌਪਕਿਨਜ਼ ਦਾ ਸਫ਼ਰਨਾਮਾ ਵੀ ਮਨਘੜਤ ਹੈ। ਉਹ ਖ਼ੁਦ ਨੂੰ ਅਰਬ ਖ਼ਿੱਤੇ ਵਿੱਚ ਤਿੰਨ ਹਜ਼ਾਰ ਮੀਲ ਲੰਬੀ ਘੋੜ-ਦੌੜ ਦਾ ਜੇਤੂ ਘੋੜ ਸਵਾਰ ਸਿੱਧ ਕਰਦਾ ਹੈ। ਹੌਪਕਿਨਜ਼ ਨੇ ਸੰਨ੍ਹ 1890 ਦੇ ਨੇੜੇ-ਤੇੜੇ ਹੋਈ ਘੋੜ-ਦੌੜ ਵਿੱਚ ਸੀਰੀਆ ਦੀ ਖਾੜੀ ਅਤੇ ਕਈ ਮੱਧ-ਪੂਰਬੀ ਮੁਲਕਾਂ ਨੂੰ ਪਾਰ ਕਰਨ ਦਾ ਦਾਅਵਾ ਕੀਤਾ ਸੀ। ਖ਼ੋਜੀਆਂ ਮੁਤਾਬਕ ਅਜਿਹੀ ਘੋੜ-ਦੌੜ ਕਦੇ ਨਹੀਂ ਹੋਈ। ਆਲਮ ਦੇ ਪੰਜ ਮੁਲਕਾਂ ਦੇ 80 ਖ਼ੋਜੀਆਂ ਨੇ ਫ਼ਰੈਂਕ ਹੋਪਕਿਨਜ਼ ਦੀ ਝੂਠੀ ਕਹਾਣੀ ਦੀ ਪੋਲ ਖੋਲ੍ਹ ਦਿੱਤੀ ਸੀ ਪਰ ਫ਼ਿਲਮ ਕੰਪਨੀ ਡਿਜ਼ਨੀ ਨੇ ਉਹਦੀ ਕਹਾਣੀ 'ਤੇ ਫ਼ਿਲਮ 'ਹਿਡਾਲਗੋ' (ਸੰਨ੍ਹ 2004) ਬਣਾਈ ਅਤੇ ਫ਼ਿਲਮ ਨੂੰ ਸੱਚੀ ਕਹਾਣੀ ਉੱਤੇ ਅਧਾਰਿਤ ਕਿਹਾ। 'ਰੌਇਲ ਜੌਗਰਾਫੀਕਲ ਸੋਸਾਇਟੀ' ਦੇ ਰਸਾਲੇ 'ਜੌਗਰਾਫੀਕਲ' ਨੇ ਹੌਪਕਿਨਜ਼ ਦੀ ਕਹਾਣੀ ਨੂੰ ਸਫ਼ਰਨਾਮਿਆਂ ਦੇ ਇਤਿਹਾਸ ਵਿੱਚ ਵੱਡਾ ਗ਼ਬਨ ਐਲਾਨਿਆ ਹੈ। ਫ਼ਿਲਮ ਪੜਚੋਲੀਆਂ ਨੇ 'ਹਿਡਾਲਗੋ' ਨੂੰ ਨਸਲਵਾਦੀ ਫ਼ਿਲਮ ਕਿਹਾ ਹੈ ਜੋ ਅਰਬੀ ਮੁਸਲਮਾਨਾਂ ਦੇ ਖ਼ਿਲਾਫ਼ ਨਫ਼ਰਤ ਭੜਕਾਉਂਦੀ ਹੈ। 

ਸਲਾਵੀਮੋਰ ਦੀ ਕਿਤਾਬ ਦੇ ਝੂਠੇ ਅਤੇ ਗੁਮਰਾਹਕੁਨ ਤੱਥਾਂ ਦੀ ਜਾਣਕਾਰੀ ਦੇ ਬਾਵਜੂਦ ਹਦਾਇਤਕਾਰ ਪੀਟਰ ਵੀਅਰ ਨੇ ਕਿਤਾਬ ਉੱਤੇ ਅਧਾਰਿਤ ਫ਼ਿਲਮ 'ਦਿ ਵੇਅ ਬੈਕ' ਬਣਾਈ। ਵਿਵਾਦ ਮਘਣ ਕਰਕੇ ਪੀਟਰ ਨੇ ਫ਼ਿਲਮ ਨੂੰ ਕਲਪਨਿਕ ਹਾਦਸਿਆਂ ਉੱਤੇ ਅਧਾਰਿਤ ਐਲਾਨ ਦਿੱਤਾ ਪਰ ਫ਼ਿਲਮ ਦੀ ਨਾਮ-ਸੂਚੀ ਵਿੱਚ ਸਲਾਵੀਮੋਰ ਅਤੇ ਉਹਦੀ ਕਿਤਾਬ ਦਾ ਨਾਮ ਆਉਂਦਾ ਹੈ। ਸੰਨ੍ਹ 1942 ਵਿੱਚ ਹਿੰਦੋਸਤਾਨ 'ਚ ਤਾਇਨਾਤ ਰਹੇ ਬਰਤਾਨਵੀ ਖ਼ੁਫ਼ੀਆ ਅਫ਼ਸਰ ਰੁਪਾਰਟ ਮਾਅਨੇ ਨੇ ਕਈ ਸਾਲਾਂ ਬਾਅਦ ਖ਼ੁਲਾਸਾ ਕੀਤਾ ਕਿ ਉਹ ਤਿੰਨ ਅਜਿਹੇ ਬੰਦਿਆਂ ਨੂੰ ਮਿਲਿਆ ਸੀ। ਜਿਨ੍ਹਾਂ ਦਾ ਕਹਿਣਾ ਸੀ ਕਿ ਉਹ ਸਾਇਬੇਰੀਆ ਤੋਂ ਬਚ ਕੇ ਆਏ ਹਨ। ਇਹ ਮੁਲਾਕਾਤ ਕਲਕੱਤੇ ਵਿੱਚ ਹੋਈ ਦੱਸੀ ਜਾਂਦੀ ਹੈ। ਰੁਪਾਰਟ ਮੁਤਾਬਕ ਤਿੰਨਾਂ ਦੀ ਕਹਾਣੀ 'ਦਿ ਲੌਂਗ ਵਾਕ' ਨਾਲ ਮਿਲਦੀ ਜੁਲਦੀ ਸੀ ਪਰ ਰੁਪਾਰਟ ਉਨ੍ਹਾਂ ਦੇ ਨਾਮ ਯਾਦ ਨਹੀਂ ਕਰ ਸਕਿਆ। ਰੁਪਾਰਟ ਦੇ ਦਾਅਵੇ ਦਾ ਸੱਚ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। 

ਦੂਜੇ ਮੱਤ ਮੁਤਾਬਕ ਸੋਵੀਅਤ ਯੂਨੀਅਨ ਨੇ ਹਜ਼ਾਰਾਂ ਜੰਗੀ ਕੈਦੀ ਰਿਹਾਅ ਕਰ ਦਿੱਤੇ ਸਨ। ਲਾਜ਼ਮੀ ਹੈ ਕਿ ਉਨ੍ਹਾਂ ਵਿੱਚੋਂ ਕਈ ਜਣੇ ਭਿਆਨਕ ਜੰਗ ਦੇ ਪੂਰਬੀ ਜਾਂ ਪੱਛਮੀ ਮੋਰਚੇ ਵੱਲ ਨਹੀਂ ਗਏ ਹੋਣਗੇ। ਜੰਗ ਤੋਂ ਬਚਣ ਲਈ ਦੱਖਣ ਵੱਲ ਇਰਾਨ ਜਾਂ ਹਿੰਦੋਸਤਾਨ ਵੱਲ ਗਏ ਹੋਣਗੇ। ਇਨ੍ਹਾਂ ਪੈਂਡਿਆਂ ਦੇ ਪੱਕੇ ਸਬੂਤ ਨਹੀਂ ਹਨ। ਵਧੇਰੇ ਜ਼ੁਬਾਨੀ ਖੁਲਾਸੇ ਮਿਲਦੇ ਹਨ ਜਿਨ੍ਹਾਂ ਰਾਹੀਂ ਵਿਰੋਧੀਆਂ ਨੂੰ ਸੋਵੀਅਤ ਯੂਨੀਅਨ ਦੀ ਬਦਨਾਮੀ ਕਰਨ ਦਾ ਮਸਾਲਾ ਲਾਜ਼ਮੀ ਮਿਲ ਜਾਂਦਾ ਹੈ। 'ਦਿ ਵੇਅ ਬੈਕ' ਕਿਸੇ ਇਤਿਹਾਸਕ ਤੱਥ, ਖ਼ੋਜ ਜਾਂ ਸਫ਼ਰ ਵਿੱਚ ਦਿਲਚਸਪੀ ਰੱਖਣ ਵਾਲੇ ਫ਼ਿਲਮਸਾਜ਼ ਦੀ ਕਿਰਤ ਨਾਲੋਂ ਕਮਿਉਨਿਜ਼ਮ ਦੇ ਭੰਡੀ-ਪ੍ਰਚਾਰ ਦਾ ਮਕਸਦ ਵਧੇਰੇ ਲੱਗਦੀ ਹੈ। ਇਸੇ ਕੜੀ 'ਚ ਮੁਸਲਮਾਨਾਂ ਨੂੰ ਬਦਨਾਮ ਕਰਨ ਦੀ ਮਸ਼ਕ ਨੂੰ ਦੇਖਿਆ ਜਾ ਸਕਦਾ ਹੈ। 

Thursday, 19 September 2013

ਹਾਲੀਵੁੱਡ ਮਾਰਕਾ ਫ਼ਿਲਮਾਂ ਅਤੇ ਅਮਰੀਕਾ ਦਾ ਸਾਮਰਾਜੀ ਪ੍ਰਚਾਰ

ਬਿੰਦਰਪਾਲ ਫਤਿਹ


ਕਲਾ ਦੀ ਆਪਣੀ ਸਿਆਸਤ ਹੁੰਦੀ ਹੈ। ਕਲਾ ਨੇ ਕਿਸੇ ਦੇ ਪੱਖ ਵਿੱਚ ਅਤੇ ਕਿਸੇ ਦੇ ਵਿਰੋਧ ਵਿੱਚ ਭੁਗਤਣਾ ਹੁੰਦਾ ਹੈ। ਪੱਖ ਅਤੇ ਵਿਰੋਧ ਦੀ ਇਹ ਸਿਆਸਤ ਕਦੇ ਲੁਕਵੇਂ ਅਤੇ ਕਦੇ ਖੁੱਲ੍ਹੇ ਤੌਰ ਤੇ ਸਾਹਮਣੇ ਆਉਂਦੀ ਰਹਿੰਦੀ ਹੈ। ਫ਼ਿਲਮ ਵੀ ਇਸ ਸਿਆਸਤ ਤੋਂ ਅਛੂਤੀ ਨਹੀ ਰਹਿ ਸਕਦੀ। ਫ਼ਿਲਮ, ਕਲਾ ਦਾ ਉਹ ਰੂਪ ਹੈ ਜਿਹੜਾ ਮਨੁੱਖੀ ਦਿਮਾਗ ਅਤੇ ਚੇਤਨਾ ਉੱਪਰ ਕਿਸੇ ਵੀ ਹੋਰ, ਪੜ੍ਹੇ ਅਤੇ ਦੇਖੇ ਜਾਣ ਵਾਲੇ ਕਲਾ ਰੂਪ ਨਾਲੋਂ ਜ਼ਿਆਦਾ ਪ੍ਰਭਾਵ ਪਾਉਂਦਾ ਹੈ। ਫ਼ਿਲਮ ਕਲਾ ਵੀ ਸਮਾਜ ਦੇ ਸਮਕਾਲੀ ਹਾਲਾਤ, ਸਿਆਸਤ ਅਤੇ ਇਤਿਹਾਸ ਦਾ ਕਲਾ ਦੇ ਪੱਧਰ 'ਤੇ ਪੜਚੋਲ ਕਰਨ ਦੇ ਨਾਲ ਆਪਣਾ ਲੋਕ ਪੱਖੀ ਅਤੇ ਲੋਕ ਵਿਰੋਧੀ ਖ਼ਾਸਾ ਪ੍ਰਗਟ ਕਰਦੀ ਰਹੀ ਹੈ। ਇਹੀ ਕਾਰਨ ਹੈ ਕਿ ਫ਼ਿਲਮ ਕਲਾ ਨੂੰ ਆਪਣੇ ਸ਼ੁਰੁਆਤੀ ਦਿਨਾਂ ਤੋਂ ਲੈ ਕੇ ਮੌਜੂਦਾ ਦੌਰ ਤੱਕ ਲੋਕ ਵਿਰੋਧੀ ਪ੍ਰਚਾਰ ਦੇ ਤੌਰ ਤੇ ਵਰਤਿਆ ਜਾਂਦਾ ਹੈ। ਪ੍ਰਚਾਰ ਕੋਈ ਮਾੜੀ ਚੀਜ਼ ਨਹੀਂ ਹੈ। ਸੁਆਲ ਇਹ ਹੈ ਕਿ ਪ੍ਰਚਾਰ (ਪ੍ਰਾਪੇਗੰਡਾ) ਆਖ਼ਰ ਕਿਨ੍ਹਾਂ ਲੋਕਾਂ ਵੱਲੋਂ ਕੀਤਾ ਜਾਂਦਾ ਹੈ ਅਤੇ ਕਿਹੜੇ ਲੋਕਾਂ ਦੇ ਖ਼ਿਲਾਫ਼ ਕੀਤਾ ਜਾਂਦਾ ਹੈ? ਜੁਆਬ ਹੈ ਕਿ ਸਾਮਰਾਜੀ ਹਿੱਤਾਂ ਦੀ ਪੂਰਤੀ ਹਿੱਤ, ਸਾਮਰਾਜੀਆਂ ਖਾਸ ਤੌਰ 'ਤੇ ਅਮਰੀਕਾ ਵੱਲੋਂ ਪੂਰੀ ਦੁਨੀਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ, ਲੋਕ ਵਿਰੋਧੀ ਨੀਤੀਆਂ ਉੱਪਰ ਪਰਦਾ ਪਾਉਣ, ਲੋਕ ਇਨਕਲਾਬਾਂ ਨੂੰ ਬਦਨਾਮ ਕਰਨ ਦੇ ਹੀਲੇ ਵਜੋਂ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ। ਅਮਰੀਕਾ ਵੱਲੋਂ ਹੁਣ ਤੱਕ ਦੁਨੀਆਂ ਦੇ ਸੱਤਰ ਤੋਂ ਵੀ ਜ਼ਿਆਦਾ ਮੁਲਕਾਂ ਉੱਤੇ ਆਪਣੇ ਸਰਮਾਏਦਾਰੀ ਪੱਖੀ, ਵਹਿਸ਼ੀ ਅਤੇ ਘਿਨਾਉਣੇ ਮਨਸੂਬਿਆਂ ਨੂੰ ਪੂਰਾ ਕਰਨ ਹਿੱਤ ਹਮਲੇ ਕੀਤੇ ਗਏ ਹਨ। ਇਸ ਤੋਂ ਇਲਾਵਾ ਇਨ੍ਹਾਂ ਸਾਮਰਾਜੀ ਚੌਧਰੀਆਂ ਵੱਲੋਂ ਸੰਸਾਰ ਨੂੰ ਦੋ ਆਲਮੀ ਜੰਗਾਂ ਦੀ ਭੱਠੀ ਵਿੱਚ ਝੋਕਣ, ਮਨੁੱਖਤਾ ਦਾ ਘਾਣ ਕਰਨ ਤੋਂ ਬਾਅਦ ਪੂਰੇ ਸੰਸਾਰ ਵਿੱਚ ਪ੍ਰਚਾਰ ਕੀਤਾ ਜਾਂਦਾ ਹੈ ਕਿ ਇਨ੍ਹਾਂ ਹਮਲਿਆਂ ਅਤੇ ਜੰਗਾਂ ਦਾ ਮੰਤਵ ਦੁਨੀਆਂ ਉੱਤੇ ਅਮਨ ਅਤੇ ਸ਼ਾਂਤੀ ਦੀ ਬਹਾਲੀ ਕਰਨਾ ਸੀ। 

ਇਸ ਤੋਂ ਬਾਅਦ ਅੱਜ ਦੀ ਘੜੀ ਅਤਿਵਾਦ ਨੂੰ ਦੁਨੀਆਂ ਦਾ ਇੱਕੋ ਇੱਕ ਮਸਲਾ ਐਲਾਨਿਆ ਜਾ ਰਿਹਾ ਹੈ ਅਤੇ ਇਸ ਦੇ ਮਾਅਨੇ ਬਦਲੇ ਜਾ ਰਹੇ ਹਨ। ਅਰਬ ਮੁਲਕਾਂ ਨੂੰ ਅਤਿਵਾਦ ਦੇ ਟਿਕਾਣੇ ਵਜੋਂ ਪ੍ਰਚਾਰ ਕੇ ਇਰਾਨ, ਇਰਾਕ, ਲੀਬੀਆ, ਅਫ਼ਗ਼ਾਨਿਸਤਾਨ ਤੋਂ ਬਾਅਦ ਹੁਣ ਸੀਰਿਆ ਉੱਪਰ ਅੱਖ ਰੱਖੀ ਜਾ ਰਹੀ ਹੈ। ਇਸੇ ਹਵਾਲੇ ਵਿੱਚ ਗੱਲ ਤੁਰਦੀ ਹੈ ਕਿ ਅਮਰੀਕੀ ਫ਼ਿਲਮ ਸਨਅਤ "ਹਾਲੀਵੁੱਡ" ਆਪਣੇ ਮਾਲਕਾਂ ਦੀ ਝਾੜੂਬਰਦਾਰ ਹੈ। ਮਾਲਕ ਜਾਣ ਕਿ ਅਮਰੀਕਾ ਦੀਆਂ ਕਹਿਣੀਆਂ, ਕਰਨੀਆਂ ਤੇ ਸਹੀ ਪਾਉਂਦੀ ਹੋਈ ਅਮਰੀਕੀ ਆਵਾਮ ਤੋਂ ਲੈ ਕੇ ਪੂਰੀ ਦੁਨੀਆਂ ਵਿੱਚ ਜਿੱਥੇ ਕਿਤੇ ਵੀ ਇਹ ਫਿਲਮਾਂ ਦੇਖੀਆਂ ਜਾਂਦੀਆਂ ਹਨ ਉੱਥੋਂ ਦੇ ਲੋਕਾਂ ਦੇ ਮਨਾਂ ਵਿੱਚ ਅਮਰੀਕਾ ਨੂੰ "ਦੁੱਧ ਧੋਤਾ" ਸਾਬਤ ਕਰਨ ਵਿੱਚ ਹਰ ਹੀਲਾ ਵਰਤ ਰਹੀ ਹੈ । ਦੂਜੀ ਆਲਮੀ ਜੰਗ ਦੇ ਵੇਲੇ ਤੋਂ ਲੈ ਕੇ ਅਮਰੀਕਾ ਅਤੇ ਉਸਦੀਆਂ ਖ਼ੂਫ਼ੀਆਂ ਏਜੰਸੀਆਂ ਸੀ.ਆਈ.ਏ. ਅਤੇ ਐਫ਼. ਬੀ.ਆਈ. ਵੱਲੋਂ ਹਾਲੀਵੁੱਡ ਦੀਆਂ ਫ਼ਿਲਮਾਂ ਨੂੰ ਲੋਕ ਵਿਰੋਧੀ ਪ੍ਰਚਾਰ ਦੇ ਤੌਰ ਤੇ ਵਰਤਣਾ ਹੁਣ ਤੱਕ ਜਾਰੀ ਹੈ। ਜਿਸ ਸਦਕਾ ਅਮਰੀਕਾ ਅਤੇ ਉਸਦੀਆਂ ਏਜੰਸੀਆਂ ਅਮਰੀਕਾ ਨੂੰ ਦੁਨੀਆਂ ਦਾ ਰਹਿਬਰ, ਨੇਕ, ਈਮਾਨਦਾਰ ਅਤੇ ਜਮਹੂਰੀ ਗਣਰਾਜ ਸਾਬਤ ਕਰਨ ਦਾ ਉਪਰਾਲਾ ਕਰ ਰਹੀਆਂ ਹਨ। ਜਿੱਥੇ ਕਿਤੇ ਵੀ ਜੰਗਾਂ ਰਾਹੀਂ ਇਸ 'ਰਹਿਬਰ' ਨੇ ਮਨੁੱਖਤਾ ਦਾ ਘਾਣ ਕੀਤਾ ਹੈ। ਉਨ੍ਹਾਂ ਮੁਲਕਾਂ ਜਿਵੇਂ ਕਿ  ਇਰਾਕ, ਅਪਗਾਨਿਸਤਾਨ, ਕਿਊਬਾ ਅਤੇ ਉੱਤਰੀ ਕੋਰੀਆ ਨੂੰ ਆਪਣਾ ਦੁਸ਼ਮਣ ਦੱਸ ਕੇ ਬਾਕੀ ਦੁਨੀਆਂ ਲਈ ਵੀ ਖ਼ਤਰਾ ਸਾਬਤ ਕਰਨ ਦਾ ਉਪਰਾਲਾ ਇਹ ਸਾਮਰਾਜੀ ਜੁੰਡਲੀ ਹਾਲੀਵੁੱਡ ਫਿਲਮਾਂ ਰਾਹੀਂ ਕਰ ਰਹੀ ਹੈ। 

ਇਨ੍ਹਾਂ ਫਿਲਮਾਂ ਦੀ ਲੰਬੀ ਲੜੀ ਤਹਿਤ ਕੁੱਛ ਖਾਸ ਫਿਲਮਾਂ ਜਿਵੇ 'ਹਾਰਟ ਲੌਕਰ', 'ਉਲੰਪੀਸ ਹੈਜ ਫਾਲੇਨ',  'ਜੇ ਐਡਗਰ', 'ਕੋਲੇਟੇਰਲ ਡੈਮਜ', 'ਰੈੱਡ ਡਾਉਨ' ਇਤਿਆਦ ਦਾ ਨਾਮ ਜ਼ਿਕਰਯੋਗ ਹੈ। ਅਮਰੀਕਾ ਨੇ 9/11 ਦੇ ਹਮਲੇ ਦੇ ਜੁਆਬ ਵਜੋਂ ਅਤਿਵਾਦ ਦੇ ਖ਼ਾਤਮੇ ਲਈ ਅਰਬ ਮੁਲਕਾਂ ਵੱਲ ਰੁਖ਼ ਕੀਤਾ। ਅਫ਼ਗ਼ਾਨਿਸਤਾਨ ਤੋਂ ਬਾਅਦ ਇਰਾਕ ਵਿੱਚ ਜੰਗ ਛੇੜ ਦਿੱਤੀ ਗਈ। ਇਰਾਕ ਵਿੱਚ ਅਮਰੀਕਾ ਦੇ ਫ਼ੌਜੀ ਦਿਨੋ ਦਿਨ ਮਰ ਰਹੇ ਸਨ ਅਤੇ ਅਮਰੀਕਾ ਵਿੱਚ ਜੰਗ ਦਾ ਵਿਰੋਧ ਵੀ ਸਿਰ ਚੱਕ ਰਿਹਾ ਸੀ । ਉਸਦੇ ਸਿੱਟੇ ਵਜੋਂ ਸਾਲ 2008 ਵਿੱਚ ਪਰਦਾਪੇਸ਼ ਹੋਈ ਹਾਲੀਵੁੱਡ ਫ਼ਿਲਮ 'ਹਾਰਟ ਲੌਕਰ' ਅਮਰੀਕਾ ਦੀ ਇਰਾਕ ਉੱਪਰ ਜਾਰੀ ਜੰਗ ਦੌਰਾਨ ਅਮਰੀਕੀ ਫ਼ੌਜੀਆਂ ਵੱਲੋਂ ਇਰਾਕੀ ਬਾਸ਼ਿੰਦਿਆਂ ਨੂੰ ਕੋਹ-ਕੋਹ ਕੇ ਮਾਰਨ ਨੂੰ ਬਹਾਦਰੀ ਭਰੇ ਕਾਰਨਾਮੇ ਸਾਬਤ ਕੀਤਾ ਗਿਆ। ਇਰਾਕੀ ਬਾਸ਼ਿੰਦਿਆਂ ਨੂੰ ਅਤਿਵਾਦ ਫੈਲਾਉਣ ਵਾਲੇ ਅਤਿਵਾਦੀ ਕਰਾਰ ਦੇਕੇ ਉਨ੍ਹਾਂ ਦੇ ਖ਼ਿਲਾਫ਼ ਅਮਰੀਕੀ ਲੋਕਾਂ ਦੇ ਦਿਮਾਗ ਵਿੱਚ ਇਹ ਭਰਨ ਦੀ ਕੋਸਿਸ਼ ਕੀਤੀ ਗਈ ਕਿ ਇਹ ਜੰਗ ਅਤਿਵਾਦ ਦੇ ਖ਼ਾਤਮੇ ਲਈ ਜ਼ਰੂਰੀ ਹੈ। 

ਇਸ ਤੋਂ ਬਾਅਦ ਸੰਨ 2012 ਵਿੱਚ ਇੱਕ ਹੋਰ ਫ਼ਿਲਮ 'ਆਰਗੋ' ਆਈ । ਇਸ ਫ਼ਿਲਮ ਤਹਿਤ ਇਰਾਨ ਵਿੱਚ 1979 ਦੇ ਦੌਰ ਵੇਲੇ ਅਮਰੀਕੀ ਕਠਪੁਤਲੀ ਸਰਕਾਰ ਦੇ ਉਸ ਵੇਲੇ ਮੌਜੂਦ ਸ਼ਾਹ 'ਰੇਜਾ ਪਹਿਲਵੀ' ਦੇ ਖ਼ਿਲਾਫ਼ ਹੋਏ ਬਾਗ਼ੀ ਇਨਕਲਾਬ ਦੌਰਾਨ ਅਮਰੀਕੀ ਸਫ਼ਾਰਤਖ਼ਾਨੇ ਨੂੰ ਘੇਰਨ ਅਤੇ ਅਮਰੀਕੀ ਅਧਿਕਾਰੀਆਂ ਨੂੰ ਬੰਦੀ ਬਣਾ ਲੈਣ ਦੀਆਂ ਘਟਨਾਵਾਂ ਅਤੇ ਅਮਰੀਕਾ ਦੀ ਏਜੰਸੀ 'ਸੀ.ਆਈ.ਏ.' ਵੱਲੋਂ ਬਚੇ ਹੋਏ ਅਧਿਕਾਰੀਆਂ ਨੂੰ ਚਾਲਬਾਜ਼ੀ ਢੰਗ ਨਾਲ ਇਰਾਨ 'ਚੋਣ ਕੱਢ ਲੈਣ ਵਿੱਚ ਕਾਮਯਾਬ ਹੋ ਜਾਣ ਦੀ ਕਹਾਣੀ ਕਹਿੰਦੀ ਹੋਈ ਇਰਾਨੀ 'ਬਾਗ਼ੀ ਇਨਕਲਾਬ' ਨੂੰ ਹਿੰਸਕ ਅਤੇ ਅਪਰਾਧਿਕ ਕਰਾਰ ਦਿੰਦੀ ਹੈ। ਇਸ ਫ਼ਿਲਮ ਨੂੰ 'ਅਕੈਡਮੀ ਐਵਾਰਡ' ਨਾਲ ਨਿਵਾਜਿਆ ਗਿਆ। ਇਸੇ ਸਾਲ ਫ਼ਿਲਮ 'ਜ਼ੀਰੋ ਡਾਰਕ ਥਰਟੀ' ਪਰਦਾਪੇਸ਼ ਹੋਈ। ਇਹ ਵੀ ਪੁਰਾਣੀਆਂ ਲੀਹਾਂ ਉੱਤੇ ਹੀ ਚਲਦੀ ਹੈ। ਅਮਰੀਕੀ ਵਿਦੇਸ਼ ਨੀਤੀ ਅਤੇ ਅਮਰੀਕੀ ਅਕਸ ਨੂੰ ਪ੍ਰਭਾਵਿਤ ਕਰਨ ਦੇ ਹੀਲੇ ਨਾਲ ਬਣਾਈਆਂ ਜਾਣ ਵਾਲੀਆਂ ਇਹ ਫ਼ਿਲਮਾਂ ਹਰ ਸਾਲ ਲੰਬੀ ਤਦਾਦ ਵਿੱਚ ਬਣਦੀਆਂ ਹਨ। ਇਸ ਤੋਂ ਇਲਾਵਾ 'ਜੇ ਐਡਗਰ'  (2011) ਨਾਂ ਦੀ ਫ਼ਿਲਮ ਰਾਹੀਂ ਸਮਾਜਵਾਦ ਅਤੇ ਮਾਰਕਸਵਾਦ ਨੂੰ ਬੀਮਾਰੀ ਵਰਗੇ ਵਿਸ਼ੇਸ਼ਣ ਦੇਣ ਤੱਕ ਦੀਆਂ ਬੇਹੂਦਾ ਹਰਕਤ ਵੀ ਕੀਤੀ ਗਈ। 'ਰੈੱਡ ਡਾਉਨ' (2012) ਅਤੇ 'ਉਲੰਪੀਸ ਹੈਜ ਫਾਲੇਨ' (2013) ਨਾਂ ਦੀਆਂ ਫ਼ਿਲਮਾਂ ਵਿੱਚ ਉੱਤਰੀ ਕੋਰੀਆ ਨੂੰ ਅਮਰੀਕਾ ਉੱਪਰ ਕਬਜ਼ਾ ਕਰਦੇ ਹੋਏ ਦਿਖਾਇਆ ਗਿਆ ਹੈ। ਇਹ ਭਰਮ ਪੈਦਾ ਕਰਨ ਦੀ ਕੋਸਿਸ਼ ਜਾਰੀ ਹੈ ਕਿ ਉੱਤਰੀ ਕੋਰੀਆ, ਇਰਾਨ, ਇਰਾਕ, ਅਫ਼ਗ਼ਾਨਿਸਤਾਨ ਵਰਗੇ ਮੁਲਕ ਅਤਿਵਾਦੀ ਹਨ ਅਤੇ ਅਮਰੀਕਾ ਲਈ ਇਹ ਖ਼ਤਰਨਾਕ ਸਾਬਤ ਹੋ ਸਕਦੇ ਹਨ। ਇਸ ਤੋਂ ਇਲਾਵਾ ਅਮਰੀਕੀ ਆਵਾਮ ਨੂੰ ਇਨ੍ਹਾਂ ਫ਼ਿਲਮਾਂ ਰਾਹੀ ਦੇਸ਼–ਭਗਤੀ ਦਾ ਪਾਠ ਲਗਾਤਾਰ ਪੜ੍ਹਾਇਆ ਜਾ ਰਿਹਾ ਹੈ ਤਾਂ ਕਿ ਕਿਸੇ ਦੂਜੇ ਮੁਲਕ ਉੱਪਰ ਕੀਤੇ ਜਾਣ ਵਾਲੇ ਕਿਸੇ ਹਮਲੇ ਨੂੰ ਅਮਰੀਕੀ ਆਵਾਮ ਖ਼ੁਸ਼ੀ-ਖ਼ੁਸ਼ੀ ਮਾਨਤਾ ਦੇ ਦੇਵੇ ਅਤੇ ਸੀਰੀਆ ਦੇ ਮਾਮਲੇ ਵਿੱਚ ਅਜਿਹਾ ਹੀ ਲੱਗ ਰਿਹਾ ਹੈ ।

ਮਸ਼ਹੂਰ ਅਮਰੀਕੀ ਕਾਲਮ ਨਵੀਸ 'ਮਾਰਗ੍ਰੇਟ ਕਿਮਬਰਲੇ' ਦੇ ਇਨ੍ਹਾਂ ਗੱਲਾਂ ਦੀ ਸ਼ਨਾਖ਼ਤ ਕਰਦੀ ਹੈ ਕਿ ਅਮਰੀਕੀ ਏਜੰਸੀ ਸੀ.ਆਈ.ਏ. ਵੱਲੋਂ ਚਲਾਇਆ ਜਾਣ ਵਾਲਾ ਇੱਕ ਵਿਸੇਸ਼ "ਫ਼ਿਲਮ ਦਫ਼ਤਰ" ਵੀ ਹੈ ਜੋ ਕਿ ਹਾਲੀਵੁੱਡ ਨਿਰਮਾਤਾਵਾਂ, ਨਿਰਦੇਸ਼ਕਾਂ ਨੂੰ ਏਜੰਸੀ ਦੇ ਅਕਸ ਨੂੰ ਸੁਧਾਰਨ, ਪ੍ਰਭਾਵਿਤ ਕਰਨ ਅਤੇ ਅਮਰੀਕੀ ਨਵ-ਉਦਾਰਵਾਦੀ ਨੀਤੀਆਂ ਦੇ ਭਲੇ ਹਿੱਤ ਵਰਤਨ ਲਈ ਖਾਸ ਦਿਸ਼ਾ-ਨਿਰਦੇਸ਼ ਜਾਰੀ ਕਰਦਾ ਹੈ। ਇਹ ਦਫ਼ਤਰ ਫ਼ਿਲਮ ਨਿਰਮਾਣ ਲਈ ਜ਼ਰੂਰੀ ਸਾਧਨ ਅਤੇ ਜਾਣਕਾਰੀ ਵੀ ਮੁਹਈਆ ਕਰਵਾਉਂਦਾ ਹੈ। ਦੂਜੀ ਆਲਮੀ ਜੰਗ ਵੇਲੇ ਬਣੀਆਂ ਅਨੇਕ ਫ਼ਿਲਮਾਂ ਅਮਰੀਕੀ ਪ੍ਰਚਾਰ ਦਾ ਹਿੱਸਾ ਰਹੀਆਂ ਹਨ। ਇਸ ਤੋਂ ਬਾਅਦ ਚੱਲੀ ਲੰਬੀ 'ਠੰਢੀ ਜੰਗ' ਦੌਰਾਨ ਅਵਾਮ ਦੇ ਦਿਲ ਅਤੇ ਦਿਮਾਗ ਨੂੰ ਚੇਤਨ ਅਤੇ ਭਾਵਨਾਤਮਕ ਪੱਧਰ 'ਤੇ ਪ੍ਰਭਾਵਿਤ ਕਰਨ ਹਿੱਤ ਹਾਲੀਵੁੱਡ ਵਿੱਚ ਸੀ.ਆਈ.ਏ. ਦੇ ਦਿਸ਼ਾ ਨਿਰਦੇਸ਼ਾਂ ਵਿੱਚ ਤਿਆਰ ਹੋਈਆਂ ਫ਼ਿਲਮਾਂ ਦਾ ਸਿਲਸਿਲਾ ਧਿਆਨ ਦੀ ਮੰਗ ਕਰਦਾ ਹੈ ।

ਇਸੇ ਹਵਾਲੇ ਨਾਲ ਉਨ੍ਹਾਂ ਲੋਕਾਂ ਦੀ ਗੱਲ ਆਉਂਦੀ ਹੈ ਜੋ ਫ਼ਿਲਮ ਨੂੰ ਮਨੋਰੰਜਨ ਤੱਕ ਮਹਿਦੂਦ ਕਰਕੇ ਸੋਚਦੇ ਹਨ ਅਤੇ ਉਨ੍ਹਾਂ ਲਈ ਫ਼ਿਲਮ ਮੰਡੀ ਦੀਆਂ ਹੋਰ ਵਸਤਾਂ ਵਾਂਗ ਹੀ ਕੋਈ ਵਿਕਾਊ ਵਸਤੂ ਹੈ। ਅਜਿਹਾ  ਪੰਜਾਬ ਵਿੱਚ ਲਗਾਤਾਰ ਹੋ ਰਿਹਾ ਹੈ। ਉਹ ਸ਼ਾਇਦ ਫ਼ਿਲਮ ਦੇ ਇਤਿਹਾਸ ਤੋਂ ਜਾਣੂ ਨਹੀ ਜਾਂ ਫ਼ਿਲਮ ਦੀ ਕੋਈ ਅਹਿਮੀਅਤ ਉਨ੍ਹਾਂ ਨੂੰ ਨਹੀਂ ਪਤਾ। ਗਾਹੇ ਬਗਾਹੇ ਉਨ੍ਹਾਂ ਲੋਕਾਂ ਦਾ ਅਮਰੀਕਾ ਅਤੇ ਅਮਰੀਕਾ ਪ੍ਰਤੀ ਨਜ਼ਰੀਆ ਸਚੇਤ-ਅਚੇਤ ਰੂਪ ਵਿੱਚ ਸਾਹਮਣੇ ਆਉਂਦਾ ਹੈ ਜੋ ਹਾਲੀਵੁੱਡ ਫ਼ਿਲਮਾਂ ਦੇਖਣ ਕਰਕੇ ਬਣਿਆ ਹੁੰਦਾ ਹੈ। ਸਵਾਲ ਇਹ ਨਹੀਂ ਕਿ ਇਹ ਫਿਲਮਾਂ ਕਿਉਂ ਬਣ ਰਹੀਆਂ ਹਨ ਬਲਕਿ ਇਸ ਗੱਲ ਦਾ ਅਫ਼ਸੋਸ ਹੈ ਕਿ ਫ਼ਿਲਮ ਦੇਖਣ ਦਾ ਨਜ਼ਰੀਆ ਅਤੇ ਪੜਚੋਲ ਕਰਨ ਦੇ ਦਲੀਲਮਈ ਢੰਗ ਤਕਰੀਬਨ ਗ਼ੈਰ-ਹਾਜ਼ਰ  ਹੈ। ਅਸੀਂ ਜੋ ਦੇਖਦੇ ਹਾਂ ਉਸੇ ਨੂੰ ਹੀ ਸੱਚ ਮੰਨਦੇ ਹਾਂ। ਇਸ ਤੋਂ ਵੀ ਖ਼ਤਰਨਾਕ ਹੈ ਕਿ ਅਸੀਂ ਅਚੇਤ ਰੂਪ ਵਿੱਚ ਕਾਤਲਾਂ, ਵਹਿਸ਼ੀਆਂ, ਜੰਗਬਾਜ਼ਾਂ ਅਤੇ ਮੌਤ ਦੇ ਸੌਦਾਗਰਾਂ ਦੇ ਹੱਕ ਵਿੱਚ ਭੁਗਤ ਜਾਂਦੇ ਹਾਂ। ਤੱਥਾਂ ਅਤੇ ਹਾਲਾਤ ਦੇ ਨਾਲ-ਨਾਲ ਸਹੀ ਹਵਾਲਿਆਂ ਦੀ ਰੌਸ਼ਨੀ ਵਿੱਚ ਫ਼ਿਲਮ ਦੀ ਪੜਚੋਲ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਅਤੇ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ।

Wednesday, 18 September 2013

ਫ਼ਿਲਮ 'ਯਿੰਗੋ' ਦੇ ਹਵਾਲੇ ਨਾਲ ਤਰੱਕੀ, ਮੁਖਧਾਰਾ ਅਤੇ ਮੂਲਵਾਸੀ


ਜਤਿੰਦਰ ਮੌਹਰ
ਯਿੰਗੋ ਬ੍ਰਾਜ਼ੀਲ ਦਾ ਮਸ਼ਹੂਰ ਦਰਿਆ ਹੈ ਜੋ ਉੱਤਰੀ-ਕੇਂਦਰੀ ਖ਼ਿੱਤੇ ਵਿੱਚ ਵਹਿੰਦਾ ਹੈ। ਇਸਨੂੰ ਮਹਾਨ ਐਮਾਜ਼ੌਨ ਦਰਿਆ ਦੀ ਉੱਪ-ਨਦੀ ਵਜੋਂ ਵੀ ਜਾਣਿਆ ਜਾਂਦਾ ਹੈ।ਯਿੰਗੋ ਦਰਿਆ ਦੇ ਆਸ-ਪਾਸ ਸੰਘਣੇ ਜੰਗਲ ਹਨ ਜਿਨ੍ਹਾਂ ਵਿੱਚ ਮੂਲਵਾਸੀਆਂ ਦਾ ਸਦੀਆਂ ਤੋਂ ਬਸੇਰਾ ਹੈ। ਵੀਹਵੀਂ ਸਦੀ ਦੇ ਪੰਜਵੇਂ ਦਹਾਕੇ ਤੱਕ ਯਿੰਗੋ ਦਰਿਆ ਦਾ ਖ਼ਿੱਤਾ 'ਅਣਛੂਹਿਆ' ਪਿਆ ਸੀ। ਅਣਛੂਹੇ ਦਾ ਮਤਲਬ ਹੈ ਕਿ ਕੁਦਰਤੀ ਸੋਮਿਆਂ ਦੀ ਲੁੱਟ ਮਚਾਉਣ ਲਈ ਗੋਰੇ ਅਜੇ ਇਸ ਖ਼ਿੱਤੇ ਵਿੱਚ ਨਹੀਂ ਪਹੁੰਚੇ ਸਨ। ਮੂਲਵਾਸੀ ਆਪਣੀ ਰਵਾਇਤੀ ਜੀਵਨ ਸ਼ੈਲੀ ਜਿਉਂ ਰਹੇ ਸਨ। ਪੰਜਾਹਵਿਆਂ ਦੇ ਸ਼ੁਰੂ ਵਿੱਚ ਬ੍ਰਾਜ਼ੀਲੀ ਗੋਰੀ ਸਰਕਾਰ ਨੇ ਇਸ ਖ਼ਿੱਤੇ ਨੂੰ ਗਾਹੁਣ ਦਾ ਫ਼ੈਸਲਾ ਕੀਤਾ। ਇਸ ਮੁਹਿੰਮ ਨੂੰ 'ਮਾਰਚ ਵੈਸਟ' ਦਾ ਨਾਮ ਦਿੱਤਾ ਗਿਆ। ਇਸ ਨੂੰ ਉਹ ਮੂਲਵਾਸੀਆਂ ਨੂੰ 'ਮੁਖਧਾਰਾ' ਵਿੱਚ ਲਿਆਉਣ ਦਾ ਕਾਰਜ ਕਹਿੰਦੇ ਸਨ। 'ਮੁਖਧਾਰਾ' ਸ਼ਬਦ ਦੀ ਸਿਆਸਤ ਖ਼ਤਰਨਾਕ ਹੈ। 

ਪਹਿਲਾ ਖ਼ੋਜੀ ਦਲ ਯਿੰਗੋ ਦਰਿਆ ਦੇ ਆਲੇ-ਦੁਆਲੇ 'ਨਵੇਂ ਸੰਪਰਕ' ਬਣਾਉਣ ਲਈ ਭੇਜਿਆ ਗਿਆ। ਇਸ ਦਲ ਵਿੱਚ ਤਿੰਨ ਵਿਲਾਸ ਭਰਾ ਸ਼ਾਮਲ ਸਨ ਜੋ ਚੰਗੇ ਪੜ੍ਹੇ-ਲਿਖੇ ਸਨ। ਖ਼ੋਜੀ ਦਲ ਵਿੱਚ ਅਨਪੜ੍ਹਾਂ ਨੂੰ ਚੁਣਿਆ ਜਾ ਰਿਹਾ ਸੀ। ਇਨ੍ਹਾਂ ਜਗਿਆਸੂ ਭਰਾਵਾਂ ਨੇ ਆਪਣੇ-ਆਪ ਨੂੰ ਅਨਪੜ੍ਹ ਦੱਸ ਕੇ ਦਲ ਵਿੱਚ ਥਾਂ ਬਣਾ ਲਈ। ਬ੍ਰਾਜ਼ੀਲੀ ਫ਼ਿਲਮ 'ਯਿੰਗੋ' ਇਨ੍ਹਾਂ ਤਿੰਨਾ ਭਰਾਵਾਂ ਦੀ ਕਹਾਣੀ ਹੈ। 'ਅਣਛੂਹੇ' ਇਲਾਕੇ ਵਿੱਚ ਜਾਣਾ ਜੋਖ਼ਮ ਭਰਿਆ ਕੰਮ ਸੀ। ਜਿੱਥੇ ਖ਼ਤਰਨਾਕ ਜੰਗਲੀ ਜਾਨਵਰਾਂ ਅਤੇ ਗੋਰਿਆ ਦੁਆਰਾ ਪ੍ਰਚਾਰੇ ਜਾਂਦੇ ਮਾਸਖੋਰੇ ਮੂਲਵਾਸੀਆਂ ਦਾ ਡਰ ਸੀ। ਫ਼ਿਲਮ ਦੇ ਮੁੱਢਲੇ ਦ੍ਰਿਸ਼ ਇਸ 'ਖ਼ੌਫ਼' ਨੂੰ ਉਜਾਗਰ ਕਰਦੇ ਹਨ। ਉਂਝ ਕਿਸੇ ਦੇ ਇਲਾਕੇ ਵਿੱਚ ਧੱਕੇ ਦੀ ਘੁਸਪੈਠ ਖ਼ਤਰੇ ਤੋਂ ਖਾਲੀ ਨਹੀਂ ਹੈ। ਛੇਤੀ ਹੀ ਹਥਿਆਰਾਂ ਨਾਲ ਲੈਸ ਦਲ ਦਾ ਸਾਹਮਣਾ ਮੂਲਵਾਸੀ ਕਬੀਲੇ ਨਾਲ ਹੋ ਜਾਂਦਾ ਹੈ। ਕਬੀਲੇ ਨੇ ਪਹਿਲੀ ਵਾਰ ਗੋਰੇ ਬੰਦੇ ਦੇਖੇ ਸਨ। ਗੋਰਿਆਂ ਦੇ ਪ੍ਰਚਾਰ ਦੇ ਉਲਟ ਮੂਲਵਾਸੀ ਖ਼ੋਜੀ ਦਲ ਦਾ ਸੁਆਗਤ ਕਰਦੇ ਹਨ ਅਤੇ ਅਪਣੇ ਪਿੰਡ ਲੈ ਜਾਂਦੇ ਹਨ। ਉਨ੍ਹਾਂ ਦਾ ਵਤੀਰਾ ਮੋਹ ਭਰਿਆ ਹੈ। ਦਲ ਦਾ ਕੰਮ ਇਲਾਕੇ ਵਿੱਚ ਹਵਾਈ-ਪੱਟੀ ਬਣਾਉਣਾ ਹੈ ਤਾਂ ਕਿ ਸਰਕਾਰ ਸਾਰੇ ਖ਼ਿੱਤੇ ਵਿੱਚ 'ਵਿਕਾਸ' ਕਰ ਸਕੇ। ਗੋਰਿਆਂ ਦਾ ਮੂਲਵਾਸੀਆਂ ਨਾਲ ਪਹਿਲਾ ਸੰਪਰਕ ਹੀ ਕਬੀਲੇ ਦੀ ਜਾਨ ਦਾ ਖੌਅ ਬਣ ਜਾਂਦਾ ਹੈ। ਗੋਰਿਆਂ ਨਾਲ ਆਈਆਂ ਮਾਮੂਲੀ ਅਤੇ ਇਲਾਜਯੋਗ ਬੀਮਾਰੀਆਂ (ਫਲੂ, ਮਿਆਦੀ ਬੁਖ਼ਾਰ) ਨਾਲ ਪਿੰਡ ਦੀ ਅੱਧੀ ਵਸੋਂ ਖ਼ਤਮ ਹੋ ਗਈ। ਛੇਤੀ ਹੀ ਇਹ ਬੀਮਾਰੀ ਯਿੰਗੋ ਦਰਿਆ ਦੇ ਉਪਰਲੇ ਖ਼ਿੱਤੇ ਵਿੱਚ ਫੈਲ ਗਈ। ਉਨ੍ਹਾਂ ਦੇ ਇਲਾਜ ਦਾ ਕੋਈ ਇੰਤਜ਼ਾਮ ਨਹੀਂ ਸੋਚਿਆ ਗਿਆ ਸੀ। ਵਿਲਾਸ ਭਰਾ ਸਰਕਾਰ ਤੋਂ ਦਵਾਈਆਂ ਦੀ ਮੰਗ ਕਰਦੇ ਹਨ ਜੋ ਪੂਰੀ ਨਹੀਂ ਕੀਤੀ ਜਾਂਦੀ। ਮੂ ਵਾਸੀਆਂ ਵਿੱਚ ਇਨ੍ਹਾਂ ਮਾਮੂਲੀ ਬੀਮਾਰੀਆਂ ਨਾਲ ਲੜਨ ਦੀ ਕੁਦਰਤੀ ਸਮਰੱਥਾ ਨਹੀਂ ਸੀ। 

ਖ਼ੋਜੀ ਦਲ ਦੇ ਪਿੱਛੇ ਸਰਕਾਰੀ ਨੁਮਾਇੰਦੇ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ। ਸਰਕਾਰ ਦੀ ਨੀਤ ਜ਼ਾਹਿਰ ਹੋ ਜਾਂਦੀ ਹੈ। ਸਰਕਾਰ ਅਮੀਰਾਂ ਨੂੰ ਜੰਗਲ ਵੇਚਣੇ ਸ਼ੁਰੂ ਕਰ ਦਿੰਦੀ ਹੈ। ਮੂਲਵਾਸੀਆਂ ਨੂੰ ਕੰਮ ਬਦਲੇ ਰੋਟੀ ਵੀ ਨਹੀਂ ਦਿੱਤੀ ਜਾਂਦੀ। ਜ਼ਮੀਨ 'ਤੇ ਕਬਜ਼ੇ ਲਈ ਮੂਲਵਾਸੀਆਂ ਦੇ ਪਿੰਡ ਜਲਾਏ ਜਾਂਦੇ ਹਨ।  ਕਤਲੇਆਮ ਅਤੇ ਬਲਾਤਕਾਰ ਦੇ ਸਾਕੇ ਵਰਤਾਏ ਜਾ ਰਹੇ ਹਨ। ਵਿਲਾਸ ਭਰਾਵਾਂ ਨੂੰ ਪਤਾ ਲੱਗਦਾ ਹੈ ਕਿ ਸਰਕਾਰ ਉਸ ਇਲਾਕੇ ਵਿੱਚ ਫ਼ੌਜੀ ਅੱਡੇ ਬਣਾ ਰਹੀ ਹੈ ਤਾਂ ਕਿ ਮੂਲਵਾਸੀਆਂ ਦੇ ਇਲਾਕੇ ਵਿੱਚ ਫ਼ੌਜ ਬਿਠਾਈ ਜਾ ਸਕੇ। ਹਕੂਮਤ ਮੂਲਵਾਸੀਆਂ ਨੂੰ ਸੁਰੱਖਿਅਤ ਇਲਾਕਾ ਦੇਣ ਤੋਂ ਮੁੱਕਰ ਜਾਂਦੀ ਹੈ। ਵਿਲਾਸ ਭਰਾਵਾਂ ਮੂਹਰੇ ਇਹ ਚੁਣੌਤੀ ਹੈ ਕਿ ਗੋਰਿਆਂ ਦਾ ਆਉਣਾ ਮੂਲਵਾਸੀਆਂ ਦੀ ਤਬਾਹੀ ਹੈ। ਗੋਰੇ ਉਨ੍ਹਾਂ ਕਹਿਣ ਨਾਲ ਆਉਣ ਤੋਂ ਰੁਕਣਗੇ ਨਹੀਂ। ਇਸ ਕਰਕੇ ਸਰਕਾਰ ਨਾਲ ਗੱਲਬਾਤ ਕਰਕੇ ਮੂਲਵਾਸੀਆਂ ਲਈ ਰਾਖਵੇਂ ਇਲਾਕੇ ਲਈ ਜ਼ੋਰ ਪਾਇਆ ਜਾਵੇ। ਤਿੰਨਾਂ ਭਰਾਵਾਂ ਵਿੱਚੋਂ ਇੱਕ ਕਲਾਡੀਉ ਮੂਲਵਾਸੀਆਂ ਨੂੰ ਹਥਿਆਰਬੰਦ ਕਰਕੇ ਜੰਗਲ ਦੇ ਇੱਕ ਹਿੱਸੇ 'ਤੇ ਕਬਜ਼ਾ ਕਰੀ ਬੈਠੇ ਅਮੀਰ ਨੂੰ ਭਜਾਉਂਦਾ ਹੈ। ਸਰਕਾਰ ਰਾਖਵਾਂ ਇਲਾਕਾ ਦੇਣ ਲਈ ਮੰਨ ਜਾਂਦੀ ਹੈ। ਕਲਾਡੀਉ ਨੂੰ ਮਸੌਦਾ ਲਿਖਣ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ। ਉਹ ਰਾਖ਼ਵੇਂ ਇਲਾਕੇ ਦਾ ਨਾਮ 'ਯਿੰਗੋ ਮੂਲਵਾਸੀ ਪਾਰਕ' ਰੱਖਣ ਦੀ ਤਜ਼ਵੀਜ਼ ਰੱਖਦਾ ਹੈ। ਸਰਕਾਰੀ ਨੁਮਾਇੰਦੇ ਦਾ ਕਹਿਣਾ ਹੈ ਕਿ ਮੂਲਵਾਸੀਆਂ ਨੂੰ ਬ੍ਰਾਜ਼ੀਲ ਵਿੱਚ ਕੋਈ ਪਸੰਦ ਨਹੀਂ ਕਰਦਾ। ਇਸ ਕਰਕੇ ਮੂਲਵਾਸੀ ਸ਼ਬਦ ਹਟਾ ਦਿਉ। ਬ੍ਰਾਜ਼ੀਲ ਦਾ ਅਰਥ ਇੱਥੇ 'ਪੜ੍ਹੇ-ਲਿਖੇ, ਸ਼ਹਿਰੀ ਅਤੇ ਸੱਭਿਅਕ ਗੋਰਿਆਂ' ਤੋਂ ਹੈ। ਪਾਰਕ ਦਾ ਨਾਮ ' ਯਿੰਗੋ ਕੌਮੀ ਪਾਰਕ' ਰੱਖਿਆ ਜਾਂਦਾ ਹੈ ਕਿਉਂਕਿ 'ਕੌਮੀ' ਸ਼ਬਦ ਫ਼ੌਜ ਅਤੇ 'ਸ਼ਹਿਰੀ ਸੱਭਿਅਕ ਜਮਾਤ' ਦੇ ਸੂਤ ਬੈਠਦਾ ਹੈ। ਇਸ ਬਿਆਨ ਵਿੱਚੋਂ ਨੇਸ਼ਨ ਸਟੇਟ ਦੇ ਕਿਰਦਾਰ ਦੀ ਝਲਕ ਪੈਂਦੀ ਹੈ ਜਿੱਥੇ ਮੁਲਕ ਦੀ ਏਕਤਾ ਅਤੇ ਅਖੰਡਤਾ ਦੇ ਨਾਮ ਉੱਤੇ ਮੂਲਵਾਸੀਆਂ ਦੀ ਹਰ ਹੱਕੀ ਮੰਗ ਉੱਤੇ ਸੁਹਾਗਾ ਫੇਰਨਾ ਜਾਇਜ਼ ਕਰਾਰ ਦਿੱਤਾ ਜਾ ਸਕਦਾ ਹੈ। ਨੇਸ਼ਨ ਸਟੇਟ ਦੀ ਨਜ਼ਰ ਵਿੱਚ ਮੂਲਵਾਸੀਆਂ ਦੀ ਕੀਮਤ ਜਾਨਵਰਾਂ ਦੇ ਬਰਾਬਰ ਹੈ ਜਿਨ੍ਹਾਂ ਨੂੰ ਪਾਰਕ ਵਿੱਚ ਤਾੜਨਾ ਮਜਬੂਰੀ ਹੈ। ਡਾਹਢੇ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਕਿ ਇਨ੍ਹਾਂ ਖ਼ਿੱਤਿਆਂ ਵਿੱਚ ਮੂਲਵਾਸੀ ਸਦੀਆਂ ਤੋਂ ਰਹਿੰਦੇ ਆਏ ਹਨ। ਘੁਸਪੈਠੀਏ ਸ਼ਹਿਰੀ ਲੋਕ ਹਨ ਨਾਂ ਕਿ ਮੂਲਵਾਸੀ। 'ਤਰੱਕੀ' ਦੇ ਨਾਮ 'ਤੇ ਮੂਲਵਾਸੀਆਂ ਨੂੰ ਕਦੇ ਵੀ ਬੇਦਖ਼ਲ ਕਰਨ ਦਾ ਹੱਕ ਹਾਕਮਾਂ ਕੋਲ ਰਾਖ਼ਵਾਂ ਹੈ। ਸਰਮਾਏਦਾਰ ਅਤੇ ਉਨ੍ਹਾਂ ਦੀਆਂ ਪਾਲਤੂ ਸਰਕਾਰਾਂ ਇਹ ਜਾਣਦੀਆਂ ਹਨ ਕਿ 'ਤਰੱਕੀ' ਦਾ ਲਾਹਾ ਕੁਝ ਅਮੀਰਾਂ ਦੇ ਹੱਥ ਹੀ ਜਾਣਾ ਹੈ। ਮੂਲਵਾਸੀਆਂ ਦੇ ਪੱਲੇ ਸਿਰਫ਼ ਉਜਾੜਾ ਪੈਣਾ ਹੈ। ਕਲਾਡੀਉ ਦਾ ਮੰਨਣਾ ਹੈ ਕਿ ਮੂਲਵਾਸੀਆਂ ਨੂੰ ਗੋਰਿਆਂ ਤੋਂ ਦੂਰ ਰੱਖ ਕੇ ਹੀ ਬਚਾਇਆ ਜਾ ਸਕਦਾ ਹੈ। ਸਰਕਾਰ ਪੂਰੇ ਖ਼ਿੱਤੇ ਨੂੰ ਕਬਜ਼ੇ ਹੇਠ ਕਰ ਰਹੀ ਹੈ। ਗੋਰਿਆਂ ਦੇ ਸੰਪਰਕ ਵਿੱਚ ਆਉਂਦੀ ਸਾਰ ਮੂਲਵਾਸੀ ਮਰਨੇ ਸ਼ੁਰੂ ਹੋ ਜਾਂਦੇ ਹਨ। ਕਲਾਡੀਉ ਮੂਲਵਾਸੀਆਂ ਨੂੰ ਵੱਖਰੇ-ਵੱਖਰੇ ਇਲਾਕਿਆਂ ਤੋਂ ਇਕੱਠੇ ਕਰਕੇ ਪਾਰਕ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੋ ਨਹੀਂ ਆਉਂਦੇ ਉਨ੍ਹਾਂ ਦੀ ਤਬਾਹੀ ਅਟੱਲ ਹੈ। 

ਅੱਜ 'ਯਿੰਗੋ ਕੌਮੀ ਪਾਰਕ' ਮੂਲਵਾਸੀਆਂ ਦਾ ਦੁਨੀਆਂ ਵਿੱਚ ਸਭ ਤੋਂ ਵੱਡਾ ਸੁਰਖਿੱਅਤ ਸਥਾਨ ਹੈ ਪਰ ਇਹ ਇਲਾਕਾ ਲਗਾਤਾਰ ਖ਼ਤਰੇ ਦੀ ਜ਼ੱਦ ਵਿੱਚ ਹੈ। ਮੌਜੂਦਾ ਸਰਕਾਰ ਵੱਡੇ ਪਾ੍ਰਜੈਕਟ ਲਾ ਰਹੀ ਹੈ ਜਿਨ੍ਹਾਂ ਵਿੱਚ ਵੱਡੇ ਬੰਨ੍ਹ ਸ਼ਾਮਲ ਹਨ। ਮੂਲਵਾਸੀ ਇਨ੍ਹਾਂ ਪ੍ਰਾਜੈਕਟਾਂ ਦੇ ਖ਼ਿਲਾਫ਼ ਲੜ ਰਹੇ ਹਨ। ਉਨ੍ਹਾਂ ਦੀ ਬਚੀ ਖੁਚੀ ਰਵਾਇਤੀ ਜੀਵਨ ਸ਼ੈਲੀ ਖ਼ਤਮ ਹੋਣ ਕਿਨਾਰੇ ਹੈ।  ਮੂਲਵਾਸੀਆਂ ਜਾਂ ਆਦਿਵਾਸੀਆਂ ਦੀ ਇਹ ਸੰਸਾਰ ਪੱਧਰ ਦੀ ਹੋਣੀ ਹੈ। ਸਾਡੇ ਮੁਲਕ ਵਿੱਚ ਪਿਛਲੇ ਦਸ ਸਾਲਾਂ ਵਿੱਚ ਮੂਲਵਾਸੀਆਂ ਦਾ ਉਜਾੜਾ ਹੋਰ ਤੇਜ਼ ਹੋਇਆ ਹੈ। ਖ਼ਾਸ ਕਰਕੇ ਕੇਂਦਰੀ ਭਾਰਤ ਵਿੱਚ ਮੂਲਵਾਸੀ ਉਜਾੜੇ ਦੇ ਖ਼ਿਲਾਫ਼ ਲੜ ਰਹੇ ਹਨ। ਜੰਗਲ, ਪਾਣੀ, ਜ਼ਮੀਨ ਅਤੇ ਖਣਿਜ ਦਿਓਕੱਦ ਬਹੁਕੌਮੀ ਕੰਪਨੀਆਂ ਨੂੰ ਲੁਟਾਏ ਜਾ ਰਹੇ ਹਨ। ਇਸ ਨੂੰ ਸਾਡੀ ਸਰਕਾਰ ਵੀ ਆਦਿਵਾਸੀਆਂ ਨੂੰ 'ਮੁਖਧਾਰਾ' ਵਿੱਚ ਲਿਆਉਣ ਦਾ ਪਵਿੱਤਰ ਕਾਰਜ ਮੰਨਦੀ ਹੈ। ਮਸ਼ਹੂਰ ਨਾਬਰ-ਚਿੰਤਕ ਜੌਹਨ ਜ਼ਾਰਜ਼ਨ ਨਾਬਰੀ ਦੇ ਪੈਂਤੜੇ ਤੋਂ ਦਲੀਲ ਦਿੰਦਾ ਹੈ ਕਿ ਅਖੌਤੀ ਅਧੁਨਿਕਤਾ ਸਿੱਧੇ ਜਾਂ ਅਸਿੱਧੇ ਢੰਗ ਨਾਲ ਆਦਿਵਾਸੀਆਂ ਨੂੰ ਪਾਲਤੂ ਬਣਾਉਣ ਦਾ ਕੰਮ ਕਰਦੀ ਹੈ। ਮੁਖਧਾਰਾ ਵਿੱਚ ਲਿਆਉਣ ਦਾ ਮਤਲਬ ਮਨੁੱਖ ਨੂੰ ਪਾਲਤੂ ਬਣਾਉਣਾ ਗਿਣਿਆ ਜਾਵੇਗਾ। ਫ਼ਿਲਮ ਵਿੱਚ ਸਾਰੇ ਯਿੰਗੋ ਖ਼ਿੱਤੇ ਉੱਤੇ ਸਰਕਾਰ ਦਾ ਕਬਜ਼ਾ ਹੋ ਜਾਂਦਾ ਹੈ। ਆਖ਼ਰੀ ਕਬੀਲਾ 'ਕਰੀਨ ਅਕਰੋਰੀ' ਗੋਰਿਆਂ ਤੋਂ 'ਅਣਛਿਹਆ' ਪਿਆ ਹੈ। ਬ੍ਰਾਜ਼ੀਲ ਵਿੱਚ ਉਸ ਵੇਲੇ ਅਮਰੀਕਾ ਪੱਖੀ ਫ਼ੌਜੀ ਹਕੂਮਤ ਸੱਤਾ ਵਿੱਚ ਆ ਚੁੱਕੀ ਸੀ ਜੋ ਐਮਾਜ਼ੌਨ ਦੇ ਜੰਗਲਾਂ 'ਤੇ ਹਾਬੜੀ ਪਈ ਸੀ। ਫ਼ੌਜੀ ਜਰਨੈਲ, ਉਰਲਾਂਡੋ ਵਿਲਾਸ ਭਰਾਵਾਂ ਨੂੰ ਕਹਿੰਦਾ ਹੈ ਕਿ ਅਸੀਂ ਇਸ ਕਬੀਲੇ ਦੇ ਇਲਾਕੇ ਦੇ ਆਰ-ਪਾਰ ਬਹੁ-ਕਤਾਰੀ ਸੜਕ ਕੱਢ ਰਹੇ ਹਾਂ। ਉਰਲਾਂਡੋ ਬੇਨਤੀ ਕਰਦਾ ਹੈ ਕਿ ਘੱਟੋ-ਘੱਟ ਇੱਕ ਕਬੀਲੇ ਨੂੰ ਤਾਂ ਇਕਾਂਤ ਬਖ਼ਸ਼ ਦਿਓ। ਫ਼ੌਜੀ ਦਾ ਪੈਂਤੜਾ ਸਾਫ਼ ਹੈ। ਉਹ ਕਹਿੰਦਾ ਹੈ, "ਕਿਸੇ ਦਾ ਵੀ ਇਕਾਂਤ ਵਿੱਚ ਰਹਿਣਾ ਚੰਗੀ ਗੱਲ ਨਹੀਂ ਹੈ। ਸਿਰਫ਼ 'ਤਰੱਕੀ' ਹੀ ਚੰਗੀ ਚੀਜ਼ ਹੈ। ਉਹ ਮੂਲਵਾਸੀਆਂ ਲਈ ਵੀ ਚੰਗੀ ਹੈ।" ਉਰਲਾਂਡੋ ਦਾ ਜਵਾਬ ਹੈ, " ਨਹੀਂ ... ਇਹ ਤਰੱਕੀ ਦਾ ਮਾਡਲ ਸਾਡੇ ਲਈ ਵੀ ਚੰਗਾ ਨਹੀਂ ਹੈ। ਮੂਲਵਾਸੀਆਂ ਲਈ ਤਾਂ ਇਹ ਖ਼ਤਰਨਾਕ, ਗ਼ੈਰ-ਲੋੜੀਂਦਾ ਅਤੇ ਗ਼ੈਰ-ਜ਼ਰੂਰੀ ਹੈ।" 

ਪਹਿਲੀ ਵਾਰ ਛੇ ਸੌ 'ਕਰੀਨ ਅਕਰੋਰੀ' ਮੂਲਵਾਸੀ ਗੋਰੇ ਬੰਦੇ ਦੇ ਸੰਪਰਕ ਵਿੱਚ ਆਏ ਸਨ।  ਸ਼ਾਹਰਾਹ ਬਣਨ ਤੱਕ ਸਿਰਫ਼ ਉਣਾਸੀ ਮੂਲਵਾਸੀ ਬਚੇ ਸਨ ਜਿਨ੍ਹਾਂ ਨੂੰ 'ਯਿੰਗੋ ਕੌਮੀ ਪਾਰਕ' ਵਿੱਚ ਲਿਆਂਦਾ ਗਿਆ। ਇਸੇ ਕੜੀ ਵਿੱਚ ਲੇਖਕ ਅਰੁੰਧਤੀ ਰਾਏ ਸਾਡੀ ਸਰਕਾਰ ਨੂੰ ਕਹਿੰਦੀ ਹੈ ਕਿ ਆਦਿਵਾਸੀਆਂ ਅਤੇ ਚੌਗਿਰਦੇ ਦੀ ਭਲਾਈ ਲਈ ਬਾਕਸਾਈਟ ਪਹਾੜਾਂ ਦੇ ਵਿੱਚ ਪਿਆ ਰਹਿਣ ਦਿਓ। ਅਰੁੰਧਤੀ ਦਾ ਇਸ਼ਾਰਾ ਉਸ ਅਖੌਤੀ ਵਿਕਾਸ ਦੇ ਸਿੱਟਿਆਂ ਵੱਲ ਹੈ ਜੋ ਸਾਂਝੀਵਾਲਤਾ, ਕੁਦਰਤ ਪੱਖੀ ਜਾਂ ਸਭ ਦੀ ਸ਼ਮੂਲੀਅਤ ਦੇ ਵਿਚਾਰ ਉੱਤੇ ਟਿਕਿਆ ਹੋਇਆ ਨਹੀਂ ਹੈ। ਉੜੀਸਾ ਦਾ ਡੌਂਗਰੀਆ ਕੌਂਧ ਕਬੀਲਾ ਉਨ੍ਹਾਂ ਪਹਾੜਾਂ ਦਾ ਵਾਸੀ ਹੈ ਜਿਨ੍ਹਾਂ ਹੇਠ ਬਾਕਸਾਈਟ ਦੱਬਿਆ ਪਿਆ ਹੈ। ਇਸੇ ਬਾਕਸਾਈਟ ਦੀ ਲੁੱਟ ਮਚਾਉਣ ਲਈ ਕੌਂਧ ਕਬੀਲੇ ਨੂੰ ਉਜਾੜਿਆ ਜਾ ਰਿਹਾ ਹੈ। ਭੂਤਰੇ ਹਾਕਮਾਂ ਲਈ ਆਦਿਵਾਸੀ ਲੁੱਟ ਦੇ ਰਾਹ ਦਾ ਮੁੱਖ ਅੜਿੱਕਾ ਹਨ। ਅੰਗਰੇਜ਼ੀ ਅਖ਼ਬਾਰ 'ਇੰਡੀਅਨ ਐਕਸਪ੍ਰੈਸ' ਵਿੱਚ ਕਾਲਮ ਨਵੀਸ ਤਵਲੀਨ ਸਿੰਘ ਲਿਖਦੀ ਹੈ ਕਿ ਹੁਣ ਅਨਪੜ੍ਹ ਆਦਿਵਾਸੀ ਸਾਨੂੰ ਦੱਸਣਗੇ ਕਿ ਜਲ, ਜੰਗਲ ਅਤੇ ਜ਼ਮੀਨ ਕਿਸਦੀ ਹੈ? ਉਹ ਸਰਕਾਰ ਨੂੰ ਲੁੱਟ ਦਾ ਹੱਲਾ ਹੋਰ ਤੇਜ਼ ਕਰਨ ਲਈ ਉਕਸਾਉਂਦੀ ਹੈ। ਇਹ ਉਹੀ 'ਸ਼ਹਿਰੀ ਸੱਭਿਅਕ ਜਮਾਤ' ਹੈ ਜੋ ' ਯਿੰਗੋ ਪਾਰਕ' ਵਿੱਚ ਮੂਲਵਾਸੀ ਸ਼ਬਦ ਵੀ ਬਰਦਾਸ਼ਤ ਨਹੀਂ ਕਰਦੀ। ਉਂਝ ਹੋ ਸਕਦਾ ਹੈ ਕਿ ਇਹ ਬ੍ਰਾਜ਼ੀਲੀ ਸਰਕਾਰ ਦੇ ਉਲਟ ਆਦਿਵਾਸੀਆਂ ਲਈ ਰੱਤੀ ਭਰ ਜ਼ਮੀਨ ਛੱਡਣ ਲਈ ਵੀ ਤਿਆਰ ਨਾ ਹੋਣ। 'ਤਰੱਕੀ' ਅਤੇ 'ਤਜਰਬਾ' ਵੀ ਤਾਂ ਆਖ਼ਰ ਕੋਈ ਸ਼ੈਅ ਹੈ।

Saturday, 7 September 2013

ਨਾਬਰਾਂ (ਅਨਾਰਕਿਸਟਾਂ) ਦਾ 'ਸਿਨੇਮਾ'

ਜਤਿੰਦਰ ਮੌਹਰ


ਅਨਾਰਕਿਜ਼ਮ ਸ਼ਬਦ ਨੂੰ ਪੰਜਾਬੀ ਜਾਂ ਹਿੰਦੀ ਵਿੱਚ ਇੰਨ-ਬਿੰਨ ਅਰਾਜਕਤਾਵਾਦੀ ਸ਼ਬਦ ਦੇ ਰੂਪ 'ਚ ਉਲਥਾਇਆ ਗਿਆ ਹੈ। ਇਸ ਸ਼ਬਦ ਤੋਂ ਸਾਡੇ ਦਿਮਾਗ 'ਚ ਬੇਮਕਸਦ ਭੰਨ-ਤੋੜ ਅਤੇ ਖ਼ੂਨ-ਖ਼ਰਾਬਾ ਕਰਨ ਵਾਲੀ ਵਿਚਾਰਧਾਰਾ ਦਾ ਬਿੰਬ ਉਭਰਦਾ ਹੈ। ਜਿਸ ਕਰਕੇ ਇਸ ਸ਼ਬਦ ਨੂੰ ਲੁੰਪਨ ਸ਼ਬਦ ਦੇ ਨਾਲ ਵੀ ਵਰਤ ਲਿਆ ਜਾਂਦਾ ਹੈ। ਇਹ ਗ਼ਲਤ ਪ੍ਰਸੰਗ 'ਚ ਪੜ੍ਹਿਆ ਜਾਣ ਵਾਲਾ ਸ਼ਬਦ ਹੈ। ਪੰਜਾਬੀ 'ਚ ਨਾਬਰ ਸ਼ਬਦ ਅਨਾਰਕਿਸਟ ਦੇ ਨੇੜੇ ਦਾ ਸ਼ਬਦ ਹੋ ਸਕਦਾ ਹੈ। ਨਾਬਰ ਅਤੇ ਇਨਕਲਾਬੀ ਹੋਣ 'ਚ ਫਰਕ ਹੈ। ਨਾਬਰ ਪਰਿਵਾਰ ਤੋਂ ਲੈ ਕੇ ਰਾਜ ਤੱਕ ਦੇ ਹਰ ਗ਼ਲਬੇ ਨੂੰ ਚੁਣੌਤੀ ਦਿੰਦਾ ਹੈ ਅਤੇ ਉਸਦੇ ਖ਼ਿਲਾਫ਼ ਲੜਦਾ ਹੈ ਪਰ ਇਨਕਲਾਬੀ ਬਦਲਵਾਂ ਪ੍ਰਬੰਧ ਪੇਸ਼ ਕਰਦਾ ਹੈ। ਜੇ ਨਾਬਰਾਂ ਦੇ ਪੇਸ਼ ਕੀਤੇ ਬਦਲਵੇਂ ਪ੍ਰਬੰਧ 'ਤੇ ਵਿਚਾਰ ਕੀਤੀ ਜਾਵੇ ਤਾਂ ਉਹ ਸਿਰੇ ਦਾ ਯੂਟੋਪੀਆ ਸਿਰਜਦੇ ਹਨ ਜਿੱਥੇ ਰਾਜ-ਰਹਿਤ ਸਮਾਜ ਦੀ ਗੱਲ ਕਰਦੇ ਹਨ। ਇਸ ਸਮਾਜ 'ਚ ਬੰਦੇ ਦਾ ਬੰਦੇ ਨਾਲ ਸਾਂਝੀਵਾਲਤਾ ਵਾਲਾ ਰਿਸ਼ਤਾ ਆਪਸੀ ਵਿਹਾਰ 'ਚੋਂ ਪੈਦਾ ਹੋਵੇਗਾ। ਇਸ ਵਿਹਾਰ ਨੂੰ ਕੋਈ ਪਰਿਵਾਰ, ਪਾਰਟੀ, ਪੁਲਸ-ਫ਼ੌਜ ਜਾਂ ਰਾਜਤੰਤਰ ਤੈਅ ਨਹੀਂ ਕਰੇਗਾ। ਕਮਿਉਨਿਜ਼ਮ ਵੀ ਸਮਾਜਵਾਦ ਦੇ ਅਗਲੇਰੇ ਪੜਾਅ ਸਾਮਵਾਦ 'ਚ ਰਾਜ ਦੇ ਗਾਇਬ ਹੋਣ ਦੀ ਗੱਲ ਕਰਦਾ ਹੈ। ਜਦੋਂ ਇੱਕ ਹੀ ਜਮਾਤ ਹੋਵੇਗੀ ਤਾਂ ਰਾਜ ਦੀ ਲੋੜ ਨਹੀਂ ਰਹੇਗੀ। ਕਈ ਸਿਆਸੀ-ਪੜਚੋਲੀਏ ਨਾਬਰੀ ਨੂੰ ਕਮਿਉਨਿਜ਼ਮ ਦਾ ਹਿੱਸਾ ਮੰਨਦੇ ਹਨ। 

ਆਲਮੀ ਪੱਧਰ 'ਤੇ ਨਾਬਰਾਂ ਅਤੇ ਇਨਕਲਾਬੀਆਂ ਦੀ ਆਪਸੀ ਲੰਬੀ ਬਹਿਸ ਰਹੀ ਹੈ। ਜਿਨ੍ਹਾਂ 'ਚ ਮਸ਼ਹੂਰ ਨਾਬਰ ਬਾਕੂਨਿਨ ਅਤੇ ਕਾਰਲ ਮਾਰਕਸ ਦੀ ਆਪਸੀ ਬਹਿਸ ਵੀ ਸ਼ਾਮਲ ਹੈ ਜਿੱਥੇ ਉਹ ਕਮਿਉਨਿਸਟਾਂ ਦੇ 'ਪ੍ਰੋਲੇਤਾਰੀਆਂ ਦੀ ਤਾਨਾਸ਼ਾਹੀ' ਦੇ ਵਿਚਾਰ ਨੂੰ ਚੁਣੌਤੀ ਦਿੰਦਾ ਹੈ। ਪੰਜਾਬ ਦਾ ਸਿਰਮੌਰ ਸ਼ਹੀਦ ਭਗਤ ਸਿੰਘ ਮੁੱਢਲੇ ਸਿਆਸੀ ਜੀਵਨ 'ਚ ਨਾਬਰ ਬਾਕੂਨਿਨ ਨਾਲ ਸਾਂਝ ਪਾਉਂਦਾ ਹੈ। ਭਗਤ ਸਿੰਘ ਨਾਬਰੀ ਦੇ ਅਰਥਾਂ ਅਤੇ ਨਿਸ਼ਾਨਿਆਂ ਬਾਰੇ ਵਿਸਤਾਰ ਨਾਲ ਲਿਖਦਾ ਹੈ। ਉਹ ਇਸ ਨੂੰ ਗ਼ਲਤ ਅਰਥਾਂ 'ਚ ਪੇਸ਼ ਕੀਤੇ ਜਾਣ ਦੀ ਲੰਬੀ ਤਫ਼ਸੀਲ (ਕਿਤਾਬ-ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀਆਂ ਲਿਖਤਾਂ) ਦਿੰਦਾ ਹੈ, "ਅਨਾਰਕਿਜ਼ਮ ਯੂਨਾਨੀ ਬੋਲੀ ਦੇ ਦੋ ਸ਼ਬਦਾਂ  AN (Not)  ਅਤੇ  Arche (Rule)   ਤੋਂ ਬਣਿਆ ਹੈ ਜਿਸਦਾ ਅਰਥ ਹੈ 'ਕੋਈ ਸੱਤਾ ਨਾ ਹੋਣਾ' ਮਤਲਬ ਮਨੁੱਖ ਦੀ ਪੂਰਨ ਆਜ਼ਾਦੀ। ਅਸੀਂ ਇਹ ਸ਼ਬਦ ਸੁਣਕੇ ਡਰ ਜਾਂਦੇ ਹਾਂ ਕਿ ਇਹ ਅਸੰਭਵ ਅਤੇ ਖ਼ਤਰਨਾਕ ਹੈ। ਅਨਾਰਕਿਜ਼ਮ 'ਚ ਜਿਸ ਆਦਰਸ਼ ਆਜ਼ਾਦੀ ਦੀ ਗੱਲ ਕੀਤੀ ਗਈ ਹੈ ਉਹ ਪੂਰਨ ਆਜ਼ਾਦੀ ਹੈ। ਜਿੱਥੇ ਮਨੁੱਖ ਨੂੰ ਹਰ ਭੈਅ, ਮਾਇਆ, ਦੌਲਤ ਦੇ ਲਾਲਚ ਜਾਂ ਖ਼ਬਤ ਤੋਂ ਆਜ਼ਾਦੀ ਮਿਲੇਗੀ ਪਰ ਆਜ਼ਾਦੀ ਦੇ ਨਾਮ 'ਤੇ ਉਸਦਾ ਸਰੀਰ ਕਿਸੇ ਸਰਕਾਰ ਜਾਂ ਪ੍ਰਬੰਧ ਦਾ ਗ਼ੁਲਾਮ ਨਹੀਂ ਹੋਵੇਗਾ।" ਬਾਕੂਨਿਨ ਰਾਹੀਂ ਭਗਤ ਸਿੰਘ ਦਾ ਸਿਆਸੀ ਸਫ਼ਰ ਉਸ ਨੂੰ ਬਾਬੇ ਮਾਰਕਸ ਦੀ ਵਿਚਾਰਧਾਰਾ ਵੱਲ ਲੈ ਤੁਰਦਾ ਹੈ। 

ਵਲੈਤ, ਰੂਸ, ਜਰਮਨ, ਫ਼ਰਾਂਸ, ਇਟਲੀ ਅਤੇ ਸਪੇਨ ਵਿੱਚ ਨਾਬਰਾਂ ਦਾ ਲੰਬਾ ਇਤਿਹਾਸ ਰਿਹਾ ਹੈ। ਸੰਨ੍ਹ ਉੱਨ੍ਹੀ ਸੌ ਦਸ ਤੋਂ ਬਾਅਦ ਇਸ ਵਿਚਾਰਧਾਰਾ ਨੂੰ ਮੰਨਣ ਵਾਲੇ ਦੁਨੀਆਂ ਦੇ ਕਈ ਮੁਲਕਾਂ 'ਚ ਫੈਲ ਗਏ। ਏਸ਼ੀਆ 'ਚ ਜਪਾਨ, ਕੋਰੀਆ ਅਤੇ ਚੀਨ ਦੇ ਇਤਿਹਾਸ ਵਿੱਚ ਨਾਬਰਾਂ ਦੀਆਂ ਕਾਰਵਾਈਆਂ ਦਾ ਜ਼ਿਕਰ ਮਿਲਦਾ ਹੈ। ਬ੍ਰਾਜ਼ੀਲ ਅਤੇ ਅਰਜਨਟੀਨਾ ਵਿੱਚ ਇਸ ਵਿਚਾਰਧਾਰਾ ਨੂੰ ਇਟਲੀ, ਜਰਮਨ ਅਤੇ ਯੂਰਪ ਤੋਂ ਆਏ ਪ੍ਰਵਾਸੀਆਂ ਨੇ ਪ੍ਰਚਾਰਿਆ। ਸੰਨ੍ਹ ਉੱਨ੍ਹੀ ਸੌ ਤੀਹ ਤੱਕ ਬ੍ਰਾਜ਼ੀਲ ਦੇ ਸਿਆਸੀ ਇਤਿਹਾਸ 'ਚ ਨਾਬਰਾਂ ਦੀ ਜ਼ਿਕਰਯੋਗ ਭੂਮਿਕਾ ਰਹੀ ਹੈ। ਮਜ਼ਦੂਰਾਂ ਦੇ ਹੱਕ ਦੀ ਗੱਲ ਇਨ੍ਹਾਂ ਲਾਤੀਨੀ ਮੁਲਕਾਂ 'ਚ ਨਾਬਰਾਂ ਨੇ ਕਰਨੀ ਸ਼ੁਰੂ ਕੀਤੀ। ਬ੍ਰਾਜ਼ੀਲ 'ਚ ਨਾਬਰਾਂ ਦੇ ਇਕ ਗੁੱਟ ਨੇ ਬ੍ਰਾਜ਼ੀਲੀ ਕਮਿਉਨਿਸਟ ਪਾਰਟੀ ਦੀ ਸਥਾਪਨਾ ਕੀਤੀ। ਸੰਨ੍ਹ ਉੱਨ੍ਹੀ ਸੌ ਤੀਹ 'ਚ ਸੱਤਾ 'ਚ ਆਏ ਫ਼ੌਜੀ-ਨਿਜ਼ਾਮ ਨੇ ਨਾਬਰਾਂ ਨੂੰ ਵੱਡੀ ਸੱਟ ਮਾਰੀ ਅਤੇ ਉਹ ਮੁੜ ਪੈਰਾਂ ਭਾਰ ਨਹੀਂ ਹੋ ਸਕੇ। ਨਾਬਰਾਂ ਦੀ ਵੱਡੀ ਗਿਣਤੀ ਕਮਿਉਨਿਸਟ ਪਾਰਟੀ 'ਚ ਸ਼ਾਮਲ ਹੋ ਗਈ। ਕਮਿਉਨਿਸਟਾਂ ਅਤੇ ਨਾਬਰਾਂ ਦੀ ਆਪਸੀ ਬਹਿਸ ਅਤੇ ਮਿਲ ਕੇ ਕੰਮ ਕਰਨ ਦਾ ਆਪਣਾ ਇਤਿਹਾਸ ਹੈ। ਬਰਾਬਰੀ ਦਾ ਅਤੇ ਦਾਬੇ ਰਹਿਤ ਸਮਾਜ ਸਿਰਜਣਾ ਦੋਹਾਂ ਦੀ ਸਾਂਝੀ ਪਹੁੰਚ ਹੈ ਪਰ ਨਾਬਰਾਂ ਦੇ ਉਲਟ ਕਮਿਉਨਿਸਟ ਵੱਡੀ ਜੱਥੇਬੰਦਕ-ਤਾਕਤ ਰਹੇ ਹਨ।  

ਨਾਬਰਾਂ ਦਾ ਸਿਨੇਮਾ ਧਾਰਨਾ ਦੇ ਰੂਪ 'ਚ ਸਥਾਪਿਤ ਸ਼ੈਅ ਨਹੀਂ ਹੈ। ਨਾਬਰਾਂ ਦੇ ਇਤਿਹਾਸ 'ਤੇ ਬਣੀਆਂ ਫ਼ਿਲਮਾਂ ਜਾਂ ਜਿਨ੍ਹਾਂ ਫ਼ਿਲਮਾਂ 'ਚ ਉਨ੍ਹਾਂ ਦਾ ਪ੍ਰਸੰਗ ਆਉਂਦਾ ਹੈ। ਉਨ੍ਹਾਂ ਨੂੰ ਚਲੰਤ ਬੋਲੀ 'ਚ ਨਾਬਰਾਂ ਦਾ 'ਸਿਨੇਮਾ' ਕਹਿ ਲਿਆ ਜਾਂਦਾ ਹੈ। ਵਿਚਾਰਧਾਰਾ ਅਤੇ ਗ਼ਲਬੇ ਦੀਆਂ ਸੂਖ਼ਮ ਤੈਹਾਂ ਨੂੰ ਵੱਖਰੇ-ਵੱਖਰੇ ਤਰੀਕੇ ਨਾਲ ਪਰਦਾਪੇਸ਼ ਕੀਤਾ ਗਿਆ ਹੈ। ਜਿਨ੍ਹਾਂ 'ਚੋਂ ਪਛਾਨਣਾ ਹੁੰਦਾ ਹੈ ਕਿ ਕਿਹੜੀ ਗੱਲ ਸਮਾਜਵਾਦ, ਮਨੁੱਖਤਾਵਾਦ, ਆਦਰਸ਼ਵਾਦ, ਕਮਿਉਨਿਜ਼ਮ ਜਾਂ ਨਾਬਰੀ ਦੇ ਪੈਂਤੜੇ ਤੋਂ ਹੋ ਰਹੀ ਹੈ? ਮੋਟੇ ਰੂਪ 'ਚ ਇਹ ਕਿਹਾ ਜਾਂਦਾ ਹੈ ਕਿ ਨਾਬਰੀ ਦੇ ਪੈਂਤੜੇ ਤੋਂ ਫ਼ਿਲਮਾਂ ਬਣਾਉਣ ਦਾ ਰੁਝਾਨ ਸਿਨੇਮੇ ਦੇ ਮੁੱਢਲੇ ਦਿਨਾਂ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਸੰਨ੍ਹ ਉੱਨ੍ਹੀ ਸੌ ਤੇਤੀ 'ਚ ਬਣੀ ਫ਼ਿਲਮ 'ਜ਼ੀਰੋ ਫਾਰ ਕੰਡਕਟ' ਉਨ੍ਹਾਂ ਮੁੱਢਲੀਆਂ ਫ਼ਿਲਮਾਂ 'ਚੋਂ ਇੱਕ ਹੈ ਜੋ ਫ਼ਰਾਂਸ ਵਿੱਚ ਸੰਨ੍ਹ ਉੱਨ੍ਹੀ ਸੌ ਛਿਆਲੀ ਤੱਕ ਪਾਬੰਦੀ ਦਾ ਸ਼ਿਕਾਰ ਰਹੀ।  ਬਹੁਤ ਬਾਅਦ ਬਣੀਆਂ ਕਈ ਫ਼ਿਲਮਾਂ 'ਤੇ ਇਸ ਫ਼ਿਲਮ ਦਾ ਅਸਰ ਦੱਸਿਆ ਜਾਂਦਾ ਹੈ ਜਿਵੇਂ 'ਦਿ 400 ਬਲੋਜ਼।' ਇਸ ਫ਼ਿਲਮ 'ਚ ਚਾਰ ਮੁੰਡੇ ਸਕੂਲ ਦੇ ਗ਼ਲਬੇ ਖ਼ਿਲਾਫ਼ ਪੈਂਤੜਾ ਲੈਂਦੇ ਹਨ। ਕਈ ਪੜਚੋਲੀਏ ਇਸ ਫ਼ਿਲਮ 'ਚ ਪੇਸ਼ ਹੋਏ ਬਾਲਗ਼ਾਂ ਅਤੇ ਨਾਬਾਲਗ਼ਾਂ ਦੇ ਆਪਸੀ ਵਿਰੋਧ ਨੂੰ ਜਮਾਤੀ ਸੰਘਰਸ਼ ਵਜੋਂ ਪੇਸ਼ ਕਰਦੇ ਹਨ ਅਤੇ ਕਈ ਸਿੱਖਿਆ ਢਾਂਚੇ ਨੂੰ ਗ਼ਲਬੇ ਦੇ ਰੂਪ 'ਚ ਪੇਸ਼ ਕਰਦੇ ਹਨ। 

ਕਈ ਮੌਜੂਦਾ ਪੱਛਮੀ ਫ਼ਿਲਮਾਂ 'ਚ ਨਾਬਰਾਂ ਦੀ ਪੇਸ਼ਕਾਰੀ ਜੋਕਰਾਂ, ਆਪਹੁਦਰਿਆਂ ਜਾਂ ਵਿਚਾਰਧਾਰਾ ਦੇ ਨਾਮ 'ਤੇ ਕੱਚਘਰੜ ਕਿਸਮ ਦੇ ਪਾਤਰਾਂ ਅਤੇ ਖਰੂਦੀ ਤੱਤਾਂ ਵਜੋਂ ਹੋ ਰਹੀ ਹੈ। ਇਨ੍ਹਾਂ ਫ਼ਿਲਮਾਂ ਦੇ ਬਹਾਨੇ, ਗ਼ਲਬੇ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਭੰਡਿਆ ਜਾਂਦਾ ਹੈ। ਹਰ ਤਰ੍ਹਾਂ ਦੇ ਵਿਰੋਧ ਨੂੰ ਅਮਨ-ਕਨੂੰਨ ਦਾ ਮਸਲਾ ਬਣਾਕੇ ਪੇਸ਼ ਕੀਤਾ ਜਾਂਦਾ ਹੈ। ਅੰਨ੍ਹੀ ਭੰਨ-ਤੋੜ ਅਤੇ ਕਤਲਾਂ 'ਚ ਲੱਗੇ ਲੋਕਾਂ ਨੂੰ 'ਨਾਬਰ' ਨਾਮ ਨਾਲ ਪ੍ਰਚਾਰਿਆ ਜਾਂਦਾ ਹੈ। ਇਹ ਸ਼ਬਦ ਫ਼ਿਲਮ ਦੀ ਇਸ਼ਤਿਹਾਰਬਾਜ਼ੀ ਵਿੱਚ ਉਘੜਵੇਂ ਰੂਪ 'ਚ ਵਰਤਿਆ ਜਾਂਦਾ ਹੈ। ਜਰਮਨ ਵਿੱਚ ਇਸ ਰੁਝਾਨ ਦੀਆਂ ਨੁਮਾਇੰਦਾ ਫ਼ਿਲਮਾਂ ਬਣੀਆਂ ਹਨ। ਇਸ ਖਿੱਤੇ 'ਚ ਨਾਬਰਾਂ ਦਾ ਲੰਬਾ ਇਤਿਹਾਸ ਰਿਹਾ ਹੈ। 

ਫ਼ਰਾਂਸ ਦੇ ਮਸ਼ਹੂਰ ਨਾਬਰ-ਚਿੰਤਕ ਜੀਨ ਪਾਲ ਸਾਰਤਰ ਦਾ ਕਹਿਣਾ ਹੈ, "ਨਾਬਰੀ ਨੈਤਿਕਤਾ ਮੁਖੀ ਹੋਣੀ ਚਾਹੀਦੀ ਹੈ।" ਇਸ ਸੰਦਰਭ 'ਚ ਕਈ ਗੌਲਣਯੋਗ ਫ਼ਿਲਮਾਂ ਪਰਦਾਪੇਸ਼ ਹੋਈਆਂ ਹਨ। ਇਨ੍ਹਾਂ 'ਚੋਂ ਬਹੁਤੀਆਂ ਫ਼ਿਲਮਾਂ ਸਪੇਨੀ ਖ਼ਾਨਾਜੰਗੀ ਨਾਲ ਸੰਬੰਧਤ ਹਨ ਜਿਸ ਵਿੱਚ ਨਾਬਰਾਂ ਦਾ ਅਹਿਮ ਹਿੱਸਾ ਰਿਹਾ ਹੈ।  'ਜ਼ੀਰੋ ਫਾਰ ਕੰਡਕਟ', 'ਬਟਰਫਲਾਈ', 'ਦਿ ਅਨਾਰਕਿਸਟ' (ਕੋਰੀਅਨ ਫ਼ਿਲਮ), 'ਲੈਂਡ ਐਂਡ ਫਰੀਡਮ', 'ਲਿਬਰੇਟਰਜ਼', 'ਐਜੂਕੇਟਰਜ਼', 'ਸੈਕੋ ਐਂਡ ਵੈਂਜ਼ੈਟੀ' ਵਗੈਰਾ ਦਾ ਨਾਮ ਸ਼ਾਮਲ ਹੈ। ਇਨ੍ਹਾਂ ਵਿੱਚੋਂ 'ਬਟਰਫਲਾਈ' ਸ਼ਾਹਕਾਰ ਫ਼ਿਲਮ ਦੇ ਤੌਰ 'ਤੇ ਜਾਣੀ ਜਾਂਦੀ ਹੈ। ਇਨ੍ਹਾਂ ਫ਼ਿਲਮਾਂ ਬਾਰੇ ਲਿਖਣਾ ਲੰਬੇ ਲੇਖ ਦੀ ਮੰਗ ਕਰਦਾ ਹੈ। ਆਉਣ ਵਾਲੇ ਸਮੇਂ 'ਚ ਇਨ੍ਹਾਂ ਖ਼ਾਸ ਫ਼ਿਲਮਾਂ 'ਤੇ ਚਰਚਾ ਕਰਦੇ ਰਹਾਂਗੇ। 

(ਲੇਖਕ ਨਾਬਰੀ (Anarchism) ਅਤੇ ਨਾਬਰਾਂ (Anarchists) ਨਾਲ ਜੁੜੀਆਂ ਫ਼ਿਲਮਾਂ ਬਾਬਤ ਲੇਖ ਲੜੀ ਲਿਖ ਰਿਹਾ ਹੈ। ਉਹ ਉਸ ਲੜੀ ਦਾ ਪਹਿਲਾ ਲੇਖ ਹੈ।)

Saturday, 24 August 2013

ਮੁਕਾਮੀ ਤ੍ਰਾਸਦੀਆਂ ਅਤੇ ਲਾਤੀਨੀ ਸਿਨੇਮਾ

ਜਤਿੰਦਰ ਮੌਹਰ


ਸਿਨੇਮਾ ਮਨੁੱਖੀ ਸੰਵੇਦਨਾ ਦੀ ਪਰਦਾਪੇਸ਼ੀ ਦਾ ਮਾਧਿਅਮ ਹੈ ਜੋ ਮਨੁੱਖੀ ਪਿੰਡੇ ਅਤੇ ਰੂਹਾਂ 'ਤੇ ਹੰਢਾਈਆਂ ਤ੍ਰਾਸਦੀਆਂ ਨਾਲ ਸੰਵਾਦ ਰਚਾਉਂਦਾ ਹੈ। ਜ਼ਿੰਮੇਵਾਰੀ ਨਾਲ ਕੀਤੇ ਸੰਵਾਦ 'ਚੋਂ ਲੋਕਾਈ ਦੇ ਰੌਸ਼ਨ ਭਵਿੱਖ ਦੀ ਪੈੜ ਮਿਲ ਸਕਦੀ ਹੈ। ਬੇਸ਼ੱਕ ਚਾਲੂ ਅਤੇ ਗ਼ੈਰ-ਜ਼ਿੰਮੇਵਾਰ ਫ਼ਿਲਮਾਂ ਬਣਾਉਣ ਦਾ ਰੁਝਾਨ ਭਾਰੂ ਹੈ ਪਰ ਸੁਹਿਰਦ ਅਤੇ ਜ਼ਿੰਮੇਵਾਰ ਸਿਨੇਮਾ ਦੀ ਲੰਬੀ ਰਵਾਇਤ ਵੀ ਜਾਰੀ ਹੈ। ਇਹ ਕੰਨੀਆਂ ਤੱਕ ਮਹਿਦੂਦ ਹੋ ਸਕਦੀ ਹੈ ਪਰ ਅਹਿਮੀਅਤ ਪੱਖੋਂ ਘੱਟ ਨਹੀਂ ਹੈ। ਇਨ੍ਹਾਂ ਫ਼ਿਲਮਸਾਜ਼ਾਂ ਨੇ ਵਿੱਤੀ, ਸਮਾਜਕ ਅਤੇ ਸਿਆਸੀ ਪਾਬੰਦੀਆਂ ਦੇ ਖ਼ਿਲਾਫ਼ ਲੰਬੀ ਲੜਾਈ ਲੜੀ ਹੈ ਜੋ ਮੌਜੂਦਾ ਦੌਰ ਵਿੱਚ ਵੀ ਜਾਰੀ ਹੈ। 

ਵੱਖਰੇ-ਵੱਖਰੇ ਮੁਲਕਾਂ ਦੇ ਫ਼ਿਲਮਸਾਜ਼ਾਂ ਨੇ ਮੁਕਾਮੀ ਸੰਵੇਦਨਾਵਾਂ ਅਤੇ ਤ੍ਰਾਸਦੀਆਂ ਨੂੰ ਵਿਸ਼ਾ ਬਣਾਕੇ ਫ਼ਿਲਮਾਂ ਬਣਾਈਆਂ ਹਨ। ਫ਼ਿਲਮਸਾਜ਼ ਜ਼ਿੰਮੇਵਾਰੀ ਅਤੇ ਦਰਦਮੰਦੀ ਦੇ ਅਹਿਸਾਸ 'ਚੋਂ ਆਪਣੇ ਨੇੜੇ ਦੇ ਲੋਕਾਂ ਦੇ ਦੁੱਖਾਂ ਦੀ ਬਾਤ ਪਾਉਂਦਾ ਹੈ। ਮੁਕਾਮੀ ਤ੍ਰਾਸਦੀ ਨੂੰ ਆਲਮੀ ਹਾਲਾਤ ਦੀ ਕੜੀ ਵਜੋਂ ਪੇਸ਼ ਕਰਨਾ ਫ਼ਿਲਮਸਾਜ਼ ਦਾ ਹਾਸਲ ਹੁੰਦਾ ਹੈ। ਗ਼ੈਰ-ਬੋਲੀ ਅਤੇ ਵੱਖਰੇ ਖਿੱਤੇ ਦਾ ਬੰਦਾ ਦੂਰ-ਦੁਰੇਡੇ ਵਾਪਰੇ ਹਾਦਸੇ ਨਾਲ ਸਾਂਝੀ ਤੰਦ ਲੱਭਦਾ ਹੈ। ਇਸ ਹਵਾਲੇ ਨਾਲ ਲਾਤੀਨੀ ਫ਼ਿਲਮਸਾਜ਼ਾਂ ਦਾ ਜ਼ਿਕਰ ਕਰਨਾ ਬਣਦਾ ਹੈ। ਪਿਛਲੀ ਸਦੀ 'ਚ ਲਾਤੀਨੀ ਮੁਲਕਾਂ ਨੇ ਸਾਮਰਾਜੀ ਜੰਗਬਾਜ਼ਾਂ ਵੱਲੋਂ ਥੋਪੀਆਂ 'ਜਮਹੂਰੀ' ਅਤੇ ਫ਼ੌਜੀ ਤਾਨਾਸ਼ਾਹੀਆਂ ਦਾ ਕਹਿਰ ਝੱਲਿਆ ਹੈ ਜੋ ਮਨੁੱਖੀ-ਇਤਿਹਾਸ ਦਾ ਕਾਲਾ ਪੰਨਾ ਹੈ। ਕੁਦਰਤੀ ਸੋਮਿਆਂ ਦੀ ਭਾਰੀ ਲੁੱਟ ਇਨ੍ਹਾਂ ਮੁਲਕਾਂ 'ਚ ਮਚਾਈ ਗਈ। ਲੁੱਟ ਦਾ ਰਾਜ ਜਾਰੀ ਰੱਖਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤੇ ਗਏ। ਸੰਨ੍ਹ 1973 ਵਿੱਚ ਚਿੱਲੀ ਦੀ ਜਮਹੂਰੀ ਸਰਕਾਰ ਦੇ ਮੁਖੀ ਸਲਾਵਡੋਰ ਅਲਾਂਡੇ ਨੂੰ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ। ਜਨਰਲ ਪਿਨੋਚੇ ਦੇ ਫ਼ੌਜੀ-ਨਿਜ਼ਾਮ ਨੇ ਵੱਖਰੀ ਸਿਆਸੀ ਸੋਚ ਰੱਖਣ ਵਾਲੇ ਜੀਆਂ ਨੂੰ ਵਿਉਂਤਬੱਧ ਢੰਗ ਨਾਲ ਕਿਓਟਣਾ ਸ਼ੁਰੂ ਕੀਤਾ। ਮੁਲਕ ਦੇ ਖੇਡ-ਮੈਦਾਨਾਂ ਤੋਂ ਲੈਕੇ ਐਟਾਕਾਮਾ ਦੇ ਮਾਰੂਥਲ ਨੂੰ ਤਸ਼ੱਦਦਖ਼ਾਨਿਆਂ 'ਚ ਤਬਦੀਲ ਕਰ ਦਿੱਤਾ ਗਿਆ। 

ਅਮਰੀਕਾ ਦੀ ਸ਼ਹਿ ਹੇਠ ਫ਼ੌਜੀ ਦਹਿਸ਼ਤਗਰਦੀ ਦਾ ਨੰਗਾ ਨਾਚ ਬ੍ਰਾਜ਼ੀਲ, ਅਰਜਨਟੀਨਾ ਅਤੇ ਜ਼ਿਆਦਾਤਰ ਲਾਤੀਨੀ ਮੁਲਕਾਂ 'ਚ ਨੱਚਿਆ ਗਿਆ। ਬਸਤਾਨਾਂ ਅਤੇ ਫ਼ੌਜੀਆਂ ਨੇ ਤਰੱਕੀ, ਮੁਲਕਪ੍ਰਸਤੀ ਅਤੇ ਕਮਿਉਨਿਜ਼ਮ ਦੇ ਖ਼ਤਰੇ ਤੋਂ ਬਚਾਅ ਵਰਗੇ ਤਿੰਨ ਨਾਅਰਿਆਂ ਹੇਠ ਇਹ ਦਹਿਸ਼ਤ-ਚੱਕਰ ਚਲਾਇਆ। ਲਾਤੀਨੀ ਫ਼ਿਲਮਸਾਜ਼ਾਂ ਨੇ ਉਨ੍ਹਾਂ ਦਹਿਸ਼ਤਜ਼ਦਾ ਸਮਿਆਂ ਬਾਰੇ ਲਗਾਤਾਰ ਫ਼ਿਲਮਾਂ ਬਣਾਈਆਂ ਹਨ ਅਤੇ ਬਣਾ ਰਹੇ ਹਨ। ਇਨ੍ਹਾਂ ਫ਼ਿਲਮਾਂ ਵਿੱਚ ਦਹਿਸ਼ਤ ਦੇ ਲਾਤੀਨੀ ਮਾਨਸਿਕਤਾ ਉੱਤੇ ਪਏ ਫ਼ੌਰੀ ਅਤੇ ਚਿਰਕਾਲੀ ਅਸਰ ਨੂੰ ਉਘੜਵੇ ਰੂਪ 'ਚ ਦੇਖਿਆ ਜਾ ਸਕਦਾ ਹੈ। 'ਦਿ ਸੀਕਰੇਟ ਇਨ ਦੇਅਰ ਆਈਜ਼', 'ਨਾਈਟ ਔਫ਼ ਦਿ ਪੈਨਸਿਲਜ਼', 'ਨੋ', 'ਦਿ ਉਫ਼ੀਸ਼ੀਅਲ ਸਟੋਰੀ', 'ਜ਼ੂਜ਼ੂ ਏਂਜਲ', 'ਪੋਸਟ ਮਾਰਟਮ', 'ਕਰੌਨੀਕਲ ਔਫ਼ ਐਨ ਐਸਕੇਪ', 'ਫੀਸਟ ਔਫ਼ ਦਿ ਗੋਟ', 'ਇਨ ਦਿ ਟਾਈਮ ਔਫ਼ ਬਟਰਫਲਾਈਜ਼', 'ਪ੍ਰਾਈਵੇਟ ਲਾਈਵਜ਼', 'ਬੈਟਲ ਔਫ਼ ਚਿਲੀ', 'ਮਚੂਕਾ', 'ਸੇਮ ਲਵ ਸੇਮ ਰੇਨ' ਅਤੇ 'ਹੈਡ ਲੈਸ ਵਿਮੈਨ' ਇਸ ਰੁਝਾਨ ਦੀਆਂ ਗੌਲਣਯੋਗ ਫ਼ਿਲਮਾਂ ਹਨ। ਇਹ ਫ਼ਿਲਮਾਂ ਚਰਚ ਤੋਂ ਲੈਕੇ ਤ੍ਰਾਸਦੀ ਲਈ ਕਸੂਰਵਾਰ ਹਰ ਸਮਾਜਕ ਅਤੇ ਸਿਆਸੀ ਅਦਾਰੇ 'ਤੇ ਸਵਾਲ ਉਠਾਉਂਦੀਆਂ ਹਨ। 

ਅਰਜਨਟੀਨਾ 'ਚ 'ਗੰਦੀ ਜੰਗ' (1976-86) ਦੇ ਦਿਨਾਂ ਦੌਰਾਨ ਫ਼ੌਜੀ ਤਾਨਾਸ਼ਾਹੀ ਨੇ ਮੁਲਕ ਦੇ ਹਜ਼ਾਰਾਂ ਖੱਬੇ-ਪੱਖੀ ਕਾਰਕੁਨ, ਕਿਸਾਨ, ਮਜ਼ਦੂਰ, ਵਿਦਿਆਰਥੀ ਅਤੇ ਬੁੱਧੀਜੀਵੀ ਕਸਾਈਖ਼ਾਨਿਆਂ 'ਚ ਮਾਰ-ਖਪਾ ਦਿੱਤੇ। ਪਿਛਲੇ ਦਿਨੀਂ 'ਗੰਦੀ ਜੰਗ' ਦੇ ਫ਼ੌਜੀ ਤਾਨਾਸ਼ਾਹ ਜਾਰਜ ਰਾਫੇਲ ਵਿਡੈਲਾ ਨੂੰ 'ਸੋਚੀ ਸਮਝੀ ਸਾਜ਼ਿਸ਼' ਤਹਿਤ ਕੈਦੀ ਕੁੜੀਆਂ ਦੇ ਬੱਚੇ ਚੋਰੀ ਕਰਨ ਦੇ ਜੁਰਮ 'ਚ ਪੰਜਾਹ ਸਾਲ ਦੀ ਸਜ਼ਾ ਸੁਣਾਈ ਗਈ। ਵਿਡੈਲਾ ਆਪਣੇ ਰਾਜ ਵੇਲੇ ਕਹਿੰਦਾ ਹੁੰਦਾ ਸੀ ਕਿ ਰਾਜ ਦੀ ਰੱਖਿਆ ਲਈ ਹਰ ਨਾਬਰ ਬੰਦੇ ਨੂੰ ਮਾਰਾਂਗੇ। ਉਸ ਉੱਤੇ ਪੰਜ ਸੌ ਤੋਂ ਵੱਧ ਬੱਚੇ ਚੋਰੀ ਕਰਨ ਦਾ ਇਲਜ਼ਾਮ ਹੈ। ਜੇਲ੍ਹ ਵਿੱਚ ਬੰਦ ਗਰਭਵਤੀ ਕੁੜੀਆਂ ਦੇ ਬੱਚੇ ਚੋਰੀ ਕਰਕੇ ਅਮੀਰਾਂ ਅਤੇ ਅਸਰ-ਰਸੂਖ਼ ਵਾਲੇ ਬੇਔਲਾਦ ਲੋਕਾਂ ਨੂੰ ਵੇਚ ਦਿੱਤੇ ਜਾਂਦੇ ਸਨ।  ਬਹੁਤੀਆਂ ਕੁੜੀਆਂ ਸਿਆਸੀ ਕੈਦੀ ਸਨ। ਬੱਚੇ ਦੇ ਜਨਮ ਤੋਂ ਬਾਅਦ ਕੈਦੀ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਸੀ। ਇਨ੍ਹਾਂ ਬੱਚਿਆਂ ਨੂੰ ਆਪਣੇ ਅਸਲੀ ਮਾਪਿਆਂ ਦਾ ਪਤਾ ਤੱਕ ਨਹੀਂ ਹੈ। ਕਈ ਕੇਸਾਂ 'ਚ ਕਾਤਲਾਂ ਨੇ ਹੀ ਮਕਤੂਲ ਦੇ ਬੱਚੇ ਨੂੰ ਆਪਣਾ ਜੁਆਕ ਬਣਾ ਲਿਆ। ਇਹ ਬੱਚੇ ਮਾਂ-ਪਿਉ ਦੇ ਕਾਤਲਾਂ ਨੂੰ ਹੀ ਮਾਪੇ ਮੰਨੀ ਬੈਠੇ ਹਨ। ਦਾਦੇ-ਦਾਦੀਆਂ ਅੱਜ ਵੀ ਮਾਰ-ਖਪਾਏ ਪੁੱਤਾਂ-ਧੀਆਂ-ਨੂੰਹਾਂ ਅਤੇ ਚੋਰੀ ਕੀਤੇ ਪੋਤੇ-ਪੋਤੀਆਂ ਅਤੇ ਦੋਹਤੇ-ਦੋਹਤੀਆਂ ਨੂੰ ਲੱਭ ਰਹੇ ਹਨ। ਅਰਜਨਟੀਨੀ ਫ਼ਿਲਮ 'ਦਿ ਉਫ਼ੀਸ਼ੀਅਲ ਸਟੋਰੀ' ਅਜਿਹੇ ਹੀ ਪਾਤਰਾਂ ਨੂੰ ਪਰਦਾਪੇਸ਼ ਕਰਦੀ ਹੈ। 

ਕਈ ਫ਼ਿਲਮਾਂ ਉਨ੍ਹਾਂ ਕਾਲੇ ਸਮਿਆਂ 'ਚ ਚਰਚ ਦੀ ਸ਼ੱਕੀ ਅਤੇ ਨਾਂਹ-ਪੱਖੀ ਭੂਮਿਕਾ ਨੂੰ ਉਜਾਗਰ ਕਰਦੀਆਂ ਹਨ। ਇਸ ਤੋਂ ਵੀ ਅੱਗੇ ਚਰਚ ਨੇ ਕਾਤਲਾਂ ਨਾਲ ਮਿਲ ਕੇ ਕੰਮ ਕੀਤਾ। 'ਗੰਦੀ ਜੰਗ' ਦੌਰਾਨ ਬੱਸ ਪਾਸ ਲਈ ਸੰਘਰਸ਼ ਕਰਨ ਵਾਲੇ ਹਾਈ ਸਕੂਲ ਦੇ ਮੁੰਡੇ ਕੁੜੀਆਂ ਨੂੰ ਵੀ ਮਾਰ-ਖਪਾ ਦਿੱਤਾ ਗਿਆ। ਤਸ਼ੱਦਦ ਅਤੇ ਕਤਲ ਲਈ ਕਸਾਈਖ਼ਾਨਿਆਂ 'ਚ ਲਿਆਂਦੇ ਇਨ੍ਹਾਂ ਬੱਚਿਆਂ ਲਈ 'ਨਾਈਟ ਔਫ਼ ਦਿ ਪੈਨਸਿਲਜ਼' ਸ਼ਬਦ ਵਰਤਿਆ ਜਾਂਦਾ ਸੀ। ਚਰਚ ਅਤੇ ਹਾਕਮਾਂ ਦੀ ਨਜ਼ਰ ਵਿੱਚ ਇਹ ਮੁੰਡੇ-ਕੁੜੀਆਂ 'ਵਿਗੜੇ ਹੋਏ ਸਮਾਜਵਾਦੀ' ਸਨ ਜਿਨ੍ਹਾਂ ਨੂੰ ਸਿੱਧੇ ਰਾਹ ਪਾਉਣ ਦਾ ਇਹੀ ਤਰੀਕਾ ਸੀ। ਕੁਝ ਸਮਾਂ ਪਹਿਲਾਂ ਨਵੇਂ ਬਣੇ ਪੋਪ ਉੱਤੇ ਤਾਨਾਸ਼ਾਹ ਵਿਡੈਲਾ ਨਾਲ 'ਕੀਮਤੀ ਸੰਬੰਧ' ਰੱਖਣ ਦੇ ਦੋਸ਼ ਲੱਗੇ ਹਨ। ਚਰਚ ਅਤੇ ਨਵੇਂ ਬਣੇ ਪੋਪ ਦੀ ਸਾਜ਼ਿਸ਼ੀ ਭੂਮਿਕਾ ਦੀ ਕੁਝ ਨਿਰਪੱਖ ਰਹੇ ਪਾਦਰੀਆਂ ਨੇ ਪੁਸ਼ਟੀ ਕੀਤੀ ਹੈ। ਜਿਨ੍ਹਾਂ ਨੇ ਫ਼ੌਜੀ-ਨਿਜ਼ਾਮ ਦੇ ਬੇਕਿਰਕ ਜ਼ੁਲਮ ਦਾ ਮਨੁੱਖੀ ਪੈਂਤੜੇ ਤੋਂ ਵਿਰੋਧ ਕੀਤਾ ਸੀ। ਫ਼ਿਲਮ 'ਨਾਈਟ ਔਫ਼ ਦਿ ਪੈਨਸਿਲਜ਼' ਅਤੇ 'ਜ਼ੂਜ਼ੂ ਏਂਜਲ' ਵਿੱਚ ਅਜਿਹੇ ਵੇਰਵੇ ਮਿਲਦੇ ਹਨ। ਇਹ ਫ਼ਿਲਮਾਂ ਸੱਚੀਆਂ ਕਹਾਣੀਆਂ 'ਤੇ ਬਣੀਆਂ ਹਨ। ਇਹ ਸਵਾਲ ਤਾਂ ਪੁੱਛ ਹੀ ਲੈਣਾ ਚਾਹੀਦਾ ਹੈ ਕਿ ਵਿਡੈਲਾ ਨੂੰ ਸਜ਼ਾ ਮਿਲਣ ਤੋਂ ਬਾਅਦ ਹੁਣ ਮੌਜੂਦਾ ਪੋਪ ਦੀ ਜਵਾਬਦੇਹੀ ਕੌਣ ਕਰੇਗਾ?

ਉਂਝ ਲਾਤੀਨੀ ਸਿਨੇਮਾ 'ਚ ਫ਼ੌਜੀ ਤਾਨਾਸ਼ਾਹੀਆਂ ਦੇ ਪਿੱਛੇ ਕੰਮ ਕਰਦੇ ਅਸਲੀ ਵਿਚਾਰ ਅਤੇ ਤਾਕਤ ਬਾਰੇ ਘੱਟ ਗੱਲ ਹੁੰਦੀ ਹੈ। ਮਿਲਟਨ ਫਰਾਇਡਮੈਨ ਅਤੇ ਸ਼ਿਕਾਗੋ ਸਕੂਲ ਦੇ ਅਰਥ ਸਾਸ਼ਤਰੀਆਂ ਨੇ ਖੁੱਲ੍ਹੀ ਮੰਡੀ ਅਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਦੀ ਪ੍ਰਯੋਗਸ਼ਾਲਾ ਵਜੋਂ ਚਿੱਲੀ, ਬ੍ਰਾਜ਼ੀਲ, ਅਰਜਨਟੀਨਾ, ਬੋਲੀਵੀਆ ਅਤੇ ਉਰੂਗਏ ਨੂੰ ਚੁਣਿਆ। ਮਿਲਟਨ ਫਰਾਇਡਮੈਨ ਸ਼ਿਕਾਗੋ ਯੂਨੀਵਰਸਿਟੀ 'ਚ ਅਰਥਸਾਸ਼ਤਰ ਦਾ ਅਧਿਆਪਕ ਸੀ ਜੋ ਖੁੱਲ੍ਹੀ ਮੰਡੀ ਦਾ ਹਮਾਇਤੀ ਸੀ ਜਿਸ ਵਿੱਚ ਸਰਕਾਰ ਦਾ ਦਖ਼ਲ ਘੱਟ ਤੋਂ ਘੱਟ ਅਤੇ ਅਰਥਚਾਰਾ ਨਿੱਜੀ ਹੱਥਾਂ ਵਿੱਚ ਹੋਣਾ ਚਾਹੀਦਾ ਹੈ। ਉਸਦੇ ਪੜ੍ਹਾਏ ਵਿਦਿਆਰਥੀਆਂ ਨੂੰ 'ਸ਼ਿਕਾਗੋ ਮੁੰਡੇ' ਕਿਹਾ ਜਾਂਦਾ ਹੈ ਜੋ ਤਾਨਾਸ਼ਾਹ ਜਰਨੈਲਾਂ ਦੇ ਸਲਾਹਕਾਰ ਬਣੇ ਅਤੇ ਨਿਜ਼ਾਮ 'ਚ ਉੱਚੀਆਂ ਪਦਵੀਆਂ 'ਤੇ ਰਹੇ। ਇਨ੍ਹਾਂ ਸ਼ਿਕਾਗੋਵਾਦੀ ਨੀਤੀਆਂ ਨਾਲ ਗ਼ਰੀਬ ਨੇ ਹੋਰ ਗ਼ਰੀਬ ਹੋਣਾ ਹੈ ਅਤੇ ਬਹੁਤਾ ਸਰਮਾਇਆ ਮੁੱਠੀ ਭਰ ਅਮੀਰਾਂ ਦੀ ਜੇਬ 'ਚ ਜਾਣਾ ਹੈ। ਇਸ ਜੁਰਮ ਨੂੰ ਨੇਪਰੇ ਚਾੜ੍ਹਨ ਲਈ ਫ਼ੌਜੀ ਜਬਰ ਜ਼ਰੂਰੀ ਸੀ। 'ਐਮਨੈਸਟੀ ਇੰਟਰਨੈਸ਼ਨਲ' ਅਤੇ ਹੋਰ ਮਨੁੱਖੀ ਹਕੂਕ ਜਥੇਬੰਦੀਆਂ ਨੇ ਸਿਰਫ਼ ਤਾਨਾਸ਼ਾਹੀ ਦੇ ਜ਼ੁਲਮਾਂ ਦੀ ਗੱਲ ਕੀਤੀ ਪਰ ਸ਼ਿਕਾਗੋਵਾਦੀਆਂ ਦੀ ਭੂਮਿਕਾ ਬਾਰੇ ਅੱਖਾਂ ਮੁੰਦ ਲਈਆਂ। ਦੋਹਾਂ ਜੁਰਮਾਂ ਨੂੰ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ। ਲੇਖਕ ਨਾਉਮੀ ਕਲੇਨ ਦੀ ਕਿਤਾਬ 'ਸਦਮਾ ਸਿਧਾਂਤ-ਤਬਾਹੀਪਸੰਦ ਸਰਮਾਏਦਾਰੀ ਦਾ ਉਭਾਰ' ਵਿੱਚ ਇਸਦੀ ਤਫ਼ਸੀਲ ਮਿਲਦੀ ਹੈ। ਉਂਝ ਅਰਜਨਟੀਨਾ 'ਚ 'ਮਾਵਾਂ ਦੀ ਲਹਿਰ' ਇਨ੍ਹਾਂ ਦੋਹਾਂ ਜੁਰਮਾਂ ਦੇ ਖ਼ਿਲਾਫ਼ ਸਭ ਤੋਂ ਤਿੱਖੀ ਲਹਿਰ ਰਹੀ ਹੈ ਅਤੇ ਹੁਣ ਵੀ ਹੈ। ਇਸ ਲਹਿਰ 'ਚ ਲਾਪਤਾ ਜੀਆਂ ਦੀਆਂ ਮਾਵਾਂ-ਦਾਦੀਆਂ ਅਤੇ ਨਾਨੀਆਂ ਸ਼ਾਮਲ ਸਨ।  

ਖੁੱਲ੍ਹੀ ਮੰਡੀ ਅਤੇ ਨਿੱਜੀਕਰਨ ਦੀਆਂ ਨੀਤੀਆਂ ਦਾ ਕਹਿਰ ਸਾਡੇ ਮੁਲਕ 'ਚ ਉਘੜਵੇਂ ਰੂਪ 'ਚ ਦਿਸਣਾ ਸ਼ੁਰੂ ਹੋ ਚੁੱਕਿਆ ਹੈ। ਇਨ੍ਹਾਂ ਨੀਤੀਆਂ ਦੇ ਦਬਾਅ ਹੇਠ ਸਰਕਾਰ ਆਵਾਮ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਬੁਨਿਆਦੀ ਸਹੂਲਤਾਂ ਤੋਂ ਹੱਥ ਪਿੱਛੇ ਖਿੱਚ ਰਹੀ ਹੈ। ਲੋਕਾਂ ਦੇ ਵਿਰੋਧ ਨੂੰ ਠੱਲਣ ਲਈ ਫ਼ੌਜ ਅਤੇ ਪੁਲਿਸ ਨੂੰ ਕਾਲੇ ਕਨੂੰਨਾਂ ਦੀ ਸੁਰੱਖਿਆ ਦਿੱਤੀ ਜਾ ਰਹੀ ਹੈ। ਮੁਲਕ ਤਾਨਾਸ਼ਾਹੀ ਵੱਲ ਧੱਕਿਆ ਜਾ ਰਿਹਾ ਹੈ। ਅਲਬਾਨੀਆਈ ਲੇਖਕ ਇਸਮਾਈਲ ਕਦਾਰੇ ਕਹਿੰਦਾ ਹੈ ਕਿ ਕਲਾ ਮੂਲ ਰੂਪ 'ਚ ਤਾਨਾਸ਼ਾਹੀ ਦੀ ਦੁਸ਼ਮਣ ਹੈ। ਫ਼ਿਲਮ ਕਲਾ ਇਸ ਘੇਰੇ ਤੋਂ ਬਾਹਰ ਨਹੀਂ ਹੋ ਸਕਦੀ। ਸਾਡੇ ਪੰਜਾਬੀ ਫ਼ਿਲਮਸਾਜ਼ਾਂ ਦੇ ਸਾਹਮਣੇ ਇਹ ਸਵਾਲ ਉੱਭਰ ਕੇ ਆਉਂਦਾ ਹੈ ਕਿ ਅਸੀਂ ਫ਼ਿਲਮ-ਕਿਰਤਾਂ ਰਾਹੀਂ ਮੁਕਾਮੀ ਤ੍ਰਾਸਦੀਆਂ ਨਾਲ ਕਿਸ ਕਿਸਮ ਦਾ ਸੰਵਾਦ ਰਚਾਇਆ ਹੈ ਅਤੇ ਕਿਸ ਤਰ੍ਹਾਂ ਦਾ ਰਚਾਉਣਾ ਹੈ? ਇਹ ਤ੍ਰਾਸਦੀਆਂ ਸਾਡੇ ਸਿਨੇਮੇ ਤੋਂ ਬਾਹਰ ਕਿਉਂ ਹਨ? ਇਹ ਜ਼ਰੂਰ ਕਹਿਣਾ ਬਣਦਾ ਹੈ ਕਿ ਇਨ੍ਹਾਂ ਤ੍ਰਾਸਦੀਆਂ ਦੀ ਗੱਲ ਕਰਦੇ ਹੋਏ ਸਾਨੂੰ ਜ਼ਿੰਮੇਵਾਰੀ ਅਤੇ ਪੜਚੋਲਮੁਖੀ ਪਹੁੰਚ ਰੱਖਣੀ ਪਵੇਗੀ। ਹਰ ਗੱਲ ਸ਼ਰਧਾ ਜਾਂ ਭਾਵੁਕਤਾ ਨਾਲ ਨਹੀਂ ਨਬੇੜੀ ਜਾ ਸਕਦੀ।