Saturday 31 December 2011

ਜਮਾਤੀ ਸਮਾਜ ਅਤੇ ਪੰਜਾਬੀ ਗਾਇਕੀ



ਅਮਨਦੀਪ ਕੌਰ ਦਿਓਲ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਦੀ ਹੈ ਅਤੇ ਵਿਦਿਆਰਥੀ ਜਥੇਬੰਦੀ 'ਪੰਜਾਬ ਸਟੂਡੈਂਟਸ ਯੂਨੀਅਨ' ਵਿੱਚ ਸਰਗਰਮ ਹੈ। ਪੰਜਾਬ ਵਿੱਚ ਲੱਚਰ ਗਾਇਕੀ ਖ਼ਿਲਾਫ਼ ਚੱਲ ਰਹੀ ਬੀਬੀਆਂ ਦੀ ਮੁਹਿੰਮ ਵਿੱਚ ਅਮਨਦੀਪ ਵੀ ਸਰਗਰਮ ਹੈ। ਉਸ ਨੇ ਆਪਣੇ ਲੇਖ ਵਿੱਚ ਗਾਇਕੀ ਦੇ ਮੌਜੂਦਾ ਨਿਘਾਰ ਦੀਆਂ ਤੰਦਾਂ ਨੂੰ ਸੰਵਾਦ ਦਾ ਵਿਸ਼ਾ ਬਣਾਇਆ ਹੈ। ਲੱਚਰ ਗਾਇਕੀ ਦੀ ਘਾਤਕ ਮਾਰ ਹੇਠ ਆਈਆਂ ਬੀਬੀਆਂ ਨੂੰ ਉਹ ਸਮਾਜਿਕ ਤਬਦੀਲੀ ਦੀ ਸਿਆਸਤ ਨਾਲ ਜੋੜ ਕੇ ਬਿਹਤਰ ਸਮਾਜ ਦਾ ਸਦੀਵੀ ਸੁਫ਼ਨਾ ਪੇਸ਼ ਕਰ ਰਹੀ ਹੈ।


ਅਮਨਦੀਪ ਕੌਰ ਦਿਓਲ

ਜਮਾਤੀ ਸਮਾਜ ਅੰਦਰ ਸੱਭਿਆਚਾਰ, ਕਲਾ ਅਤੇ ਸਾਹਿਤ ਜਮਾਤੀ ਮੁਫ਼ਾਦਾਂ ਦੀ ਪੂਰਤੀ ਕਰਦਾ ਹੈ। ਇਹ ਸਭ ਕੁਝ ਆਰਥਿਕ ਢਾਂਚੇ ਮੁਤਾਬਕ ਹੁੰਦਾ ਹੈ। ਜਿਸ ਨੂੰ ਗ਼ੁਲਾਮਦਾਰੀ, ਜਾਗੀਰਦਾਰੀ ਅਤੇ ਪੂੰਜੀਵਾਦ ਸਮਾਜ ਦੇ ਪ੍ਰਸੰਗ ਵਿੱਚ ਦੇਖਿਆ ਜਾ ਸਕਦਾ ਹੈ। ਗ਼ੁਲਾਮਦਾਰੀ ਵਿੱਚ ਮਾਲਕ, ਜਾਗੀਰਦਾਰੀ ਵਿੱਚ ਜਾਗੀਰਦਾਰ ਅਤੇ ਪੂੰਜੀਵਾਦ ਸਮਾਜ ਵਿੱਚ ਪੂੰਜੀਪਤੀ ਕਾਬਜ਼ ਧਿਰ ਹੁੰਦੇ ਹਨ। ਸਭ ਕੁਝ ਗ਼ਾਲਬ ਧਿਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਸਿਰਜਿਆ ਜਾਂਦਾ ਹੈ। ਪੈਦਾਵਾਰੀ ਸਾਧਨਾਂ ਉੱਤੇ ਕਾਬਜ਼ ਹੋਣ ਕਰਕੇ ਗ਼ਾਲਬ ਧਿਰ ਹਰੇਕ ਰੁਝਾਨ ਨੂੰ ਆਪਣੇ ਹਿੱਤਾਂ ਮੁਤਾਬਕ ਘੜਦੀ ਹੈ।

ਕਾਬਜ਼ ਧਿਰ ਦੀ ਰਾਜਸੱਤਾ ਆਪਣੀ ਵਿਚਾਰਧਾਰਾ ਨੂੰ ਆਪਣੇ ਦਬਾਊ ਯੰਤਰਾਂ ਅਤੇ ਵਿਚਾਰਧਾਰਕ ਯੰਤਰਾਂ ਰਾਹੀਂ ਫੈਲਾਉਂਦੀ ਹੈ। ਦਬਾਊ ਯੰਤਰਾਂ ਵਿੱਚ ਜ਼ੇਲ੍ਹਾਂ, ਕਚਿਹਰੀਆਂ, ਪੁਲਿਸ, ਫੌਜ਼ ਅਤੇ ਵਿਚਾਰਧਾਰਕ ਯੰਤਰਾਂ ਵਿੱਚ ਸਿੱਖਿਆ, ਪਰਿਵਾਰ, ਕਾਨੂੰਨ, ਸਿਆਸਤ, ਧਰਮ, ਟਰੇਡ ਯੂਨੀਅਨ ਅਤੇ ਸੰਚਾਰ ਸਾਧਨ ਆਦਿ ਕਾਬਜ਼ ਧਿਰ ਦੀ ਸੱਤਾ ਨੂੰ ਕਾਇਮ ਰੱਖਣ ਵਿੱਚ ਸਹਾਈ ਹੁੰਦੇ ਹਨ।

ਭਾਰਤੀ ਸਮਾਜ ਦਾ ਖ਼ਾਸਾ ਅਰਧ-ਜਗੀਰੂ ਅਤੇ ਅਰਧ-ਬਸਤੀ ਹੋਣ ਕਰਕੇ ਸਾਮਰਾਜੀਏ-ਦਲਾਲ ਸਰਮਾਏਦਾਰੀ ਅਤੇ ਜਗੀਰੂ-ਭੂਮੀਪਤੀ ਇੱਥੋਂ ਦੀ ਕਾਬਜ਼ ਧਿਰ ਅਤੇ ਕਿਸਾਨੀ ਅਤੇ ਮਜ਼ਦੂਰ ਜਮਾਤ ਲੁੱਟੀ ਜਾਂਦੀ ਧਿਰ ਹੈ। ਇਸ ਲਈ ਇੱਥੋਂ ਦੇ ਆਰਥਿਕ ਢਾਂਚੇ ਮੁਤਾਬਕ ਸੱਭਿਆਚਾਰ, ਕਲਾ ਅਤੇ ਸਾਹਿਤ ਪਰੋਸਿਆ ਜਾਂਦਾ ਹੈ ਜੋ ਕਾਬਜ਼ ਧਿਰ ਦੇ ਹਿੱਤਾਂ ਦੀ ਪੂਰਤੀ ਕਰਦਾ ਹੈ।

ਕਲਾ ਦੀ ਜ਼ਿੰਮੇਵਾਰੀ ਨਾ ਸਿਰਫ਼ ਸਮਾਜਿਕ ਹਾਲਾਤ ਦੀ ਪੇਸ਼ਕਾਰੀ ਕਰਨਾ ਹੁੰਦਾ ਹੈ ਸਗੋਂ ਨਾਲ-ਨਾਲ ਉਸਨੂੰ ਬਦਲਣ ਵਿੱਚ ਆਪਣੀ ਭੂਮਿਕਾ ਨਿਭਾਉਣਾ ਵੀ ਹੁੰਦਾ ਹੈ। ਸਮਾਜ ਦੇ ਵਿਕਾਸ ਵਿੱਚ ਜਿੱਥੇ ਕਿਰਤ ਦਾ ਕੇਂਦਰੀ ਰੋਲ ਹੈ ਉੱਥੇ ਕਲਾ ਦਾ ਮੌਜੂਦਾ ਰੂਪ ਵੀ ਲੰਬੀ ਕਿਰਤ ਪ੍ਰਕਿਰਿਆ ਵਿੱਚੋਂ ਗੁਜ਼ਰਦਿਆਂ ਮਕਬੂਲ ਹੋਇਆ ਹੈ। ਸਾਮਰਾਜੀਏ ਆਪਣੀਆਂ ਆਰਥਿਕ ਨੀਤੀਆਂ ਨੂੰ ਜਦੋਂ ਭਾਰਤ ਵਰਗੇ ਮੁਲਕਾਂ ਵਿੱਚ ਲਾਗੂ ਕਰਦੇ ਹਨ ਨਾਲੋਂ-ਨਾਲ ਉਸ ਦੇਸ਼ ਦੀ ਮਾਨਸਿਕਤਾ ਨੂੰ ਗ਼ੁਲਾਮ ਕਰਨ ਲਈ ਆਪਣਾ ਸੱਭਿਆਚਾਰ ਵੀ ਪਰੋਸਦੇ ਹਨ। ਇਹ ਰੁਝਾਨ ਪੰਜਾਬੀ ਗਾਇਕੀ ਨੂੰ ਬੁਰੀ ਤਰ੍ਹਾਂ ਆਪਣੀ ਪਕੜ ਵਿੱਚ ਲੈ ਚੁੱਕਿਆ ਹੈ। ਵਿਸ਼ਵੀਕਰਨ ਦੀ ਨੀਤੀ ਰਾਹੀਂ ਸਾਮਰਾਜੀ ਸਰਮਾਏ ਨੂੰ ਸੰਸਾਰ ਭਰ ਵਿੱਚ ਵਿਚਰਨ ਦਾ ਨਵਾਂ ਮੌਕਾ ਮਿਲਿਆ ਅਤੇ ਇਸ ਰਾਹੀਂ ਭਾਰਤੀ ਸਮਾਜ ਵਿੱਚ ਡਿਸ਼ ਅਤੇ ਕੇਬਲ ਟੀ.ਵੀ. ਦੀ ਆਮਦ ਨਾਲ ਸਾਮਰਾਜੀ ਸੱਭਿਆਚਾਰ ਭਾਰਤੀ ਜੀਵਨ ਵਿੱਚ ਆਪਣੀ ਸਿੱਧੀ ਦਖ਼ਲਅੰਦਾਜ਼ੀ ਦੇ ਨਵੇਂ ਪੜਾਅ ਵਿੱਚ ਪਹੁੰਚ ਗਿਆ। ਪੰਜਾਬੀ ਗਾਇਕੀ ਸਾਮਰਾਜ ਦੇ ਹਿੱਤਾਂ ਦੀ ਪੂਰਤੀ ਲਈ ਸੱਭਿਆਚਾਰ ਨੂੰ ਹਥਿਆਰ ਵਾਂਗ ਵਰਤ ਰਹੀ ਹੈ। ਪੰਜਾਬੀ ਗਾਇਕੀ ਸੱਭਿਆਚਾਰ ਦਾ ਚੋਲਾ ਪਾ ਕੇ ਨੰਗੇਜ਼ ਅਤੇ ਲੱਚਰਤਾ ਪਰੋਸ ਰਹੀ ਹੈ ਜੋ ਸਾਡੀ ਨੌਜਵਾਨ ਪੀੜ੍ਹੀ ਤੋਂ ਬਿਨਾਂ ਔਰਤ ਉੱਤੇ ਸਭ ਤੋ ਵੱਧ ਅਸਰਅੰਦਾਜ਼ ਹੋ ਰਹੀ ਹੈ।

ਮੌਜੂਦਾ ਪੰਜਾਬੀ ਗਾਇਕੀ ਤਿੰਨ ਨੁਕਤਿਆਂ ਦੁਆਲੇ ਘੁੰਮ ਰਹੀ ਹੈ - ਹਥਿਆਰ, ਔਰਤ ਅਤੇ ਨਸ਼ਾ ਜੋ ਸਮਾਜ ਨੂੰ ਭੋਗਵਾਦ ਦੀਆਂ ਲੀਹਾਂ ਤੇ ਲਿਜਾ ਕੇ ਨੈਤਿਕ ਕਦਰਾਂ ਕੀਮਤਾਂ ਨੂੰ ਡੇਗ ਰਿਹਾ ਹੈ। ਪੰਜਾਬੀ ਗਾਇਕੀ ਸੰਭਾਵਨਾਵਾਂ ਭਰਪੂਰ ਨੌਜਵਾਨ ਵਰਗ ਨੂੰ ਭੋਗਵਾਦ ਵੱਲ ਲਿਜਾ ਰਹੀ ਹੈ। ਉਨ੍ਹਾਂ ਦੀ ਜਿਹੜੀ ਸ਼ਕਤੀ ਕਿਸੇ ਚੰਗੀ ਲਹਿਰ ਉਸਾਰਨ ਵਿੱਚ ਲੱਗਣੀ ਚਾਹੀਦੀ ਹੈ, ਉਹ ਅੱਜ ਨਸ਼ਿਆਂ ਅਤੇ ਵੈਲੀਪੁਣੇ ਵੱਲ ਰੁੜ੍ਹ ਰਹੀ ਹੈ। ਗੀਤਾਂ ਵਿੱਚ ਵੈਲੀਪੁਣੇ ਨੂੰ ਆਦਰਸ਼ ਬਣਾਇਆ ਜਾ ਰਿਹਾ ਹੈ। ਜਿੱਥੇ ਆਰਥਿਕ ਨੀਤੀਆਂ ਦੇ ਸਿੱਟੇ ਵਜੋਂ ਦੇਸ਼ ਦੀ 77 ਫ਼ੀਸਦੀ ਜਨਤਾ ਵੀਹ ਰੁਪਏ ਦੀ ਰੋਜ਼ਾਨਾ ਆਮਦਨ ਨਾਲ ਗੁਜ਼ਾਰਾ ਕਰ ਰਹੀ ਹੈ, ਕਿਸਾਨੀ ਖੁਦਕੁਸ਼ੀਆਂ ਦੇ ਰਾਹ ਪੈ ਰਹੀ ਹੈ ਉੱਥੇ ਪੰਜਾਬ ਗਾਇਕੀ ਜੱਟ ਨੂੰ ਮੌਜਾਂ ਕਰਦੇ ਹੋਏ ਦਿਖਾ ਰਹੀ ਹੈ। ਪੰਜਾਬੀ ਗਾਇਕੀ ਪਤਾ ਨਹੀਂ ਕਿਸ ਪੰਜਾਬ ਦੀ ਗੱਲ ਕਰਦੀ ਹੈ। ਇਸ ਗਾਇਕੀ ਦੀ ਸਭ ਤੋਂ ਵੱਡੀ ਸ਼ਿਕਾਰ ਔਰਤ ਬਣ ਰਹੀ ਹੈ। ਜਿਸਨੂੰ ਗੀਤਾਂ ਵਿੱਚ ਬੇਵਫ਼ਾ, ਚਰਿੱਤਰਹੀਣ ਅਤੇ ਨੁਮਾਇਸ਼ ਦੀ ਵਸਤ ਵਾਂਗ ਪੇਸ਼ ਕਰ ਰਹੀ ਹੈ। ਜਿਸ ਦੇ ਸਿੱਟੇ ਵਜੋਂ ਔਰਤ ਨਾਲ ਸੰਬੰਧਿਤ ਜ਼ੁਰਮਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਡੀਆਂ ਕੁੜੀਆਂ ਦੀ ਕਿਹੋ-ਜਿਹੀ ਤਸਵੀਰ ਗੀਤਾਂ ਵਿੱਚ ਪੇਸ਼ ਕੀਤੀ ਜਾ ਰਹੀ ਹੈ ਜਿਵੇਂ: ਜਿਹੜੀ ਕੁੜੀ ਕੋਲ ਨੈੱਟ ਆ, ਸਮਝੋ ਉਹ ਸੈੱਟ ਆ, ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ, ਸਾਡੀ ਮਾਂ ਨੂੰ ਪੁੱਤ ਨਹੀਂ ਲੱਭਣੇ ਨੀ ਤੈਨੂੰ ਯਾਰ ਬਥੇਰੇ, ਚੰਡੀਗੜ੍ਹ ਵਿੱਚ ਕੁੜੀ ਮਿਲੀ ਇੱਕ ਚਾਕਲੇਟ ਵਰਗੀ, ਲੱਕ ਟਵੰਟੀ ਏਟ ਕੁੜੀ ਦਾ ਫੋਰਟੀ ਸੈਵਨ ਵੇਟ ਕੁੜੀ ਦਾ, ਖਾਲੀ ਕਰਕੇ ਮੰਜੇ ਦੇ ਥੱਲੇ ਰੋੜ੍ਹ ਦਿਆਂਗੇ, ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ, ਆਦਿ ਵਰਗੇ ਗਾਣਿਆਂ ਵਿੱਚ ਔਰਤ ਨੂੰ ਮਨੁੱਖ ਦਾ ਦਰਜਾ ਦੇਣਾ ਤਾਂ ਦੂਰ ਦੀ ਗੱਲ ਹੈ। ਉਸ ਨੂੰ ਸਿਰਫ਼ ਅਤੇ ਸਿਰਫ਼ ਭੋਗਣ ਵਾਲੀ ਵਸਤ ਦੇ ਤੌਰ 'ਤੇ ਹੀ ਪੇਸ਼ ਕੀਤਾ ਜਾ ਰਿਹਾ ਹੈ। ਸਾਰੇ ਗੀਤ 'ਮੇਲ ਗੇਜ਼' (ਮਰਦਾਵੀਂ ਤਾੜ) ਨੂੰ ਧਿਆਨ ਵਿੱਚ ਰੱਖ ਕੇ ਬਣਾਏ ਜਾਂਦੇ ਹਨ ਕਿਉਂਕਿ ਔਰਤ ਦੇ ਪੈਦਾਵਾਰੀ ਖੇਤਰ ਤੋਂ ਬਾਹਰ ਹੋਣ ਨਾਲ, ਮਰਦ ਦੇ ਪੈਦਾਵਰੀ ਸਰਗਰਮੀ ਨਾਲ ਜੁੜੇ ਰਹਿਣ ਅਤੇ ਆਰਥਿਕਤਾ ਤੇ ਕਾਬਜ਼ ਹੋਣ ਕਰਕੇ ਸਮਾਜ ਵਿੱਚ ਕਲਾਵਾਂ ਨੂੰ ਮਰਦ ਦੀ ਨਜ਼ਰ ਤੋਂ ਉਸੇ ਦੀ ਸੰਤੁਸ਼ਟੀ ਲਈ ਬਣਾਇਆ ਜਾਂਦਾ ਹੈ ਜੋ ਕਿ ਮਰਦ-ਪ੍ਰਧਾਨ ਸਮਾਜ ਦੀ ਤਰਜ਼ਮਾਨੀ ਹੈ। ਇਸ ਰੁਝਾਨ ਨਾਲ ਬੱਚੇ ਵਿਗੜ ਰਹੇ ਹਨ ਅਤੇ ਕਸੂਰਵਾਰ ਮਾਂ ਨੂੰ ਸਮਝਿਆ ਜਾਂਦਾ ਹੈ।

ਇਨ੍ਹਾਂ ਗੀਤਾਂ ਵਿੱਚ ਨੌਜਵਾਨ ਤਬਕੇ ਨੂੰ ਮੁੱਖ ਤੌਰ ਉੱਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਕਰਕੇ ਨੌਜਵਾਨਾਂ ਵਿੱਚ ਢਾਣੀਵਾਦੀ ਹਿੰਸਾ ਵਧ ਰਹੀ ਹੈ। ਇਨ੍ਹਾਂ ਗੀਤਾਂ ਦੇ ਅਰਧ-ਨਗਨ ਫਿਲਮਾਂਕਨ ਰਾਹੀਂ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਜਾ ਰਿਹਾ ਹੈ। ਭਾਰਤ ਵਰਗੇ ਜਗੀਰੂ ਕਦਰਾਂ-ਕੀਮਤਾਂ ਵਾਲੇ ਮੁਲਕ ਦੀ ਉਸ ਮਾਨਸਿਕਤਾ ਨੂੰ ਕੈਸ਼ ਕਰਕੇ ਮੰਡੀ ਆਪਣੇ ਹਿੱਤ ਪੁਗਾ ਰਹੀ ਹੈ, ਇਸੇ ਕਰਕੇ ਇਸ ਰੁਝਾਨ ਨੂੰ ਲਗਾਤਾਰ ਹੁਲਾਰਾ ਵੀ ਮਿਲ ਰਿਹਾ ਹੈ। ਜਿਸਦਾ ਨਤੀਜਾ ਹੈ ਕਿ ਹਰੇਕ 54 ਮਿੰਟ ਬਾਅਦ ਇੱਕ ਬਲਾਤਕਾਰ ਹੁੰਦਾ ਹੈ ਅਤੇ 42 ਮਿੰਟ ਵਿੱਚ ਇੱਕ ਔਰਤ ਦਾਜ ਦੀ ਬਲੀ ਚੜ੍ਹਦੀ ਹੈ। ਹਰ 43 ਮਿੰਟ ਵਿੱਚ ਔਰਤ ਦੇ ਅਗਵਾ ਹੋਣ, 20 ਮਿੰਟ ਵਿੱਚ ਛੇੜਛਾੜ ਅਤੇ 7 ਮਿੰਟ ਬਾਅਦ ਔਰਤ ਨਾਲ ਸੰਬੰਧਿਤ ਕੋਈ ਜੁਰਮ ਦੀ ਘਟਨਾਵਾਂ ਹੁੰਦੀਆਂ ਹਨ। ਇਸੇ ਅਸੁਰੱਖਿਅਕਤਾ ਵਿੱਚੋਂ ਹੀ ਭਰੂਣ ਹੱਤਿਆ ਵਰਗੀਆਂ ਬੀਮਾਰੀਆਂ ਉਪਜ ਰਹੀਆਂ ਹਨ। ਸਾਮਰਾਜੀ ਨੀਤੀਆਂ ਨੇ ਜਿੱਥੇ ਪਹਿਲਾਂ ਹੀ ਆਮ ਲੋਕਾਂ ਦੀ ਜ਼ਿੰਦਗੀ ਨੂੰ ਦੁੱਭਰ ਕੀਤਾ ਹੈ ਉੱਥੇ ਪੰਜਾਬੀ ਗਾਇਕੀ ਉਨ੍ਹਾਂ ਨੂੰ ਹਨੇਰਗਰਦੀ ਵੱਲ ਲੈ ਕੇ ਜਾ ਰਹੀ ਹੈ ਅਤੇ ਹੋਰ ਗੁੰਝਲਦਾਰ ਬਣਾ ਰਹੀ ਹੈ। ਇਨ੍ਹਾਂ ਗੁੰਝਲਾਂ ਵਿੱਚੋਂ ਆਮ ਇਨਸਾਨ ਨੂੰ ਇੱਕ ਲੋਕ-ਲਹਿਰ ਹੀ ਕੱਢ ਸਕਦੀ ਹੈ ਅਤੇ ਇੱਕ ਚੰਗਾ ਅਤੇ ਸਾਫ਼-ਸੁਥਰਾ ਸੱਭਿਆਚਾਰ ਦੇ ਸਕਦੀ ਹੈ। ਇਸ ਲਈ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਸਮਾਜ ਨੂੰ ਇਨਕਲਾਬੀ ਲੀਹਾਂ ਵੱਲ ਲੈ ਕੇ ਜਾਈਏ। ਔਰਤਾਂ ਦੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ। ਸਮਾਜ ਵਿੱਚ ਤੀਹਰੀ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਲਈ ਜੱਥੇਬੰਦ ਹੋਣਾ ਉਸਦੀ ਬੁਨਿਆਦੀ ਲੋੜ ਬਣ ਚੁੱਕੀ ਹੈ।

Thursday 22 December 2011

ਨਾਬਰੀ ਦੀ ਮਮਤਾਮਈ ਸੁਰ 'ਹਜ਼ਾਰ ਚੌਰਾਸੀ ਕੀ ਮਾਂ'


ਜਤਿੰਦਰ ਮੌਹਰ

ਵੀਹਵੀਂ ਸਦੀ ਦਾ ਛੇਵਾਂ ਤੇ ਸੱਤਵਾਂ ਦਹਾਕਾ ਇਨਕਲਾਬੀ ਜੋਸ਼ ਨਾਲ ਭਰਿਆ ਸਮਾਂ ਸੀ। ਆਲਮੀ ਇਨਕਲਾਬੀ ਲਹਿਰਾਂ ਉਬਾਲ 'ਤੇ ਸਨ। ਇਨਕਲਾਬ ਬਰੂਹਾਂ 'ਤੇ ਜਾਪਦਾ ਸੀ। ਲਾਤੀਨੀ ਅਮਰੀਕਾ ਤੋਂ ਲੈ ਕੇ ਏਸ਼ੀਆ ਤੱਕ ਇਨਕਲਾਬ ਦਾ ਨਾਹਰਾ ਗੂੰਜ ਰਿਹਾ ਸੀ। ਮਾਉ, ਫਿਦਲ ਅਤੇ ਚੀ ਗੁਵੇਰਾ ਇਸ ਦੀ ਪਛਾਣ ਬਣ ਚੁੱਕੇ ਸਨ। ਅਮਰੀਕਾ ਅਤੇ ਯੂਰਪ 'ਚ ਜੰਗ ਅਤੇ ਸਾਮਰਾਜ ਦੇ ਖ਼ਿਲਾਫ਼ ਲੱੱਖਾਂ ਦੇ ਇਕੱਠ ਹੋ ਰਹੇ ਸਨ। ਫ਼ਿਲਸਤੀਨੀ ਮੁੰਡੇ ਜਰਮਨ ਦੇ ਸ਼ਹਿਰੀ ਛਾਪਾਮਾਰਾਂ ਨੂੰ ਛੁਡਵਾਉਣ ਆਉਂਦੇ ਅਤੇ ਮਨੁੱਖੀ ਏਕੇ ਦਾ ਸਬੂਤ ਦਿੰਦੇ ਸਨ। ਮਨੁੱਖਤਾ ਦੀ ਬਰਾਬਰੀ ਦਾ ਸੁਪਨਾ ਲੈ ਕੇ ਅਣਗਿਣਤ ਨਾਬਰ ਮੁੰਡੇ-ਕੁੜੀਆਂ ਜੰਗਲ ਦਾ ਰਾਹ ਫੜ ਰਹੇ ਸਨ।

ਸਾਡੇ ਮੁਲਕ 'ਚ ਕੌਮੀ ਮੁਕਤੀ ਲਹਿਰ ਦਾ ਹੁਸੀਨ ਸੁਪਨਾ ਚਕਨਾਚੂਰ ਹੋ ਚੁੱਕਿਆ ਸੀ। ਕਾਲੇ ਅੰਗਰੇਜ਼ਾਂ ਨੇ ਆਪਣਾ ਰੰਗ ਚਿਰੋਕਣਾ ਦਿਖਾ ਦਿੱਤਾ ਸੀ। ਸੰਨ 1967 ਦੀ 'ਬਸੰਤ ਗੜ੍ਹਕ' ਨੇ ਟੁੱਟੇ ਸੁਪਨਿਆਂ ਨੂੰ ਨਵਾਂ ਰਾਹ ਦਿਖਾ ਦਿੱਤਾ। ਦਰਦਮੰਦੀ ਨਾਲ ਲਬਰੇਜ਼ ਮੁੰਡੇ-ਕੁੜੀਆਂ ਆਵਾਮ ਦੇ ਗਲ ਪਾਈ ਰੱਸੀ ਦਾ ਸਿਰਾ ਲੱਭਣ ਤੁਰ ਪਏ। ਉਹ ਸਾਰੀਆਂ ਪੁਰਾਣੀਆਂ ਧਾਰਨਾਵਾਂ ਉਲਟ ਦੇਣੀਆਂ ਚਾਹੁੰਦੇ ਸਨ ਜੋ ਮਨੁੱਖ ਨੂੰ ਇੱਕ ਹੋਣ ਤੋਂ ਰੋਕਦੀਆਂ ਸਨ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਲਈ ਕਸੂਰਵਾਰ ਸਨ। ਉਹ ਗ਼ਰੀਬੀ, ਜਾਤ-ਪਾਤ, ਪ੍ਰਬੰਧਕੀ-ਸਿਆਸੀ ਹਿੰਸਾ, ਸਫ਼ੇਦਪੋਸ਼ ਕਦਰਾਂ-ਕੀਮਤਾਂ ਅਤੇ ਰੂੜੀਵਾਦੀ ਸਮਾਜ ਨੂੰ ਮਿੱਟੀ 'ਚ ਮਿਲਾ ਦੇਣਾ ਚਾਹੁੰਦੇ ਸਨ। ਉਹ ਤਾਂ ਨਵਾਂ ਆਲਮ ਸਿਰਜਣ ਤੁਰੇ ਸਨ ਜਿੱਥੇ ਮਨੁੱਖ ਨੂੰ ਮਨੁੱਖ ਦੇ ਰੂਪ 'ਚ ਦੇਖਿਆ ਜਾਣਾ ਸੀ। ਉਨ੍ਹਾਂ ਨੂੰ ਬਿਖ਼ੜ੍ਹੇ ਪੈਂਡੇ ਅਤੇ ਆਪਣੀ ਹੋਣੀ ਦਾ ਅਹਿਸਾਸ ਸੀ। ਬਹੁਤ ਕੁਝ ਸੋਚੇ ਮੁਤਾਬਕ ਨਾ ਹੋ ਸਕਿਆ ਪਰ ਨਾਬਰਾਂ ਨੇ ਜ਼ਿੰਦਗੀ ਦੇ ਗੀਤ ਆਪਣੇ ਲਹੂ ਨਾਲ ਸਿੰਜ ਦਿੱਤੇ ਜਿਨ੍ਹਾਂ ਬਾਰੇ ਪਾਸ਼ ਨੇ ਕਿਹਾ ਹੈ ਕਿ ਉਹ ਆਉਂਦੇ ਰਹੇ ਤੇ ਡੋਲਦੇ ਰਹੇ ਮਿੱਟੀ 'ਚ ਲਹੂ ਦੇ ਤੁਬਕੇ। ਇਨ੍ਹਾਂ ਤੁਬਕਿਆਂ ਨਾਲ ਹੀ ਦਰਿਆਵਾਂ ਨੇ ਦਿਸ਼ਾ ਫੜਨੀ ਸੀ।

ਫ਼ਿਲਮ ਹਜ਼ਾਰ ਚੌਰਾਸੀ ਕੀ ਮਾਂ ਅਜਿਹੇ ਹੀ ਨਾਬਰ ਮੁੰਡੇ ਕੁੜੀਆਂ ਦੇ ਸੁਪਨਿਆਂ ਅਤੇ ਹੋਣੀ ਦੀ ਕਹਾਣੀ ਹੈ।ਇਹ ਫ਼ਿਲਮ ਮਹਾਂਸ਼ਵੇਤਾ ਦੇਵੀ ਦੇ ਇਸੇ ਨਾਮ ਵਾਲੇ ਨਾਵਲ 'ਤੇ ਆਧਾਰਤ ਹੈ। ਫ਼ਿਲਮ ਦਾ ਮੁੱਢ ਹਿਲਾ ਦੇਣ ਵਾਲੀਆਂ ਤਸਵੀਰਾਂ ਨਾਲ ਬੱਝਦਾ ਹੈ। ਤਸਵੀਰਾਂ ਲਹਿਰ ਦੇ ਫ਼ਲਸਫ਼ੇ ਅਤੇ ਪੁਲਿਸ ਤਸ਼ੱਦਦ ਨੂੰ ਬਿਆਨ ਕਰਦੀਆਂ ਹਨ। ਇੱਕ ਤਸਵੀਰ 'ਚ ਔਰਤ ਉੱਤੇ ਪੁਲਸੀਏ ਬੰਦੂਕਾਂ ਤਾਣੀ ਖੜ੍ਹੇ ਹਨ। ਔਰਤ ਦਾ ਮੁਹਾਂਦਰਾ ਅਤੇ ਅਦਾ ਸਿੰਧੂ ਘਾਟੀ ਸੱਭਿਅਤਾ ਦੀ ਮਸ਼ਹੂਰ ਮੂਰਤੀ 'ਨਾਚੀ' ਨਾਲ ਮਿਲਦੀ-ਜੁਲਦੀ ਹੈ। ਉਨ੍ਹਾਂ ਸਮਿਆਂ 'ਚ ਔਰਤ ਨੂੰ ਕਾਦਰ ਦੇ ਰੂਪ 'ਚ ਦੇਖਿਆ ਜਾਂਦਾ ਸੀ ਅਤੇ ਔਰਤ-ਪ੍ਰਧਾਨ ਸਮਾਜ ਹੋਣ ਦਾ ਜ਼ਿਕਰ ਮਿਲਦਾ ਹੈ। ਤਸਵੀਰ ਵਾਲੀ ਔਰਤ ਦੇ ਸਿਰ ਕੋਲ ਲਾਲ ਰੰਗ ਦੇ ਹਵਾ 'ਚ ਵੱਟੇ ਮੁੱਕੇ ਦਿਖਾਈ ਦਿੰਦੇ ਹਨ। ਤਸਵੀਰ ਨੂੰ ਦੇਖ ਕੇ ਹਿੰਦੀ ਕਵੀ ਗੋਰਖ ਪਾਂਡੇ ਦੀ ਕਵਿਤਾ ਚੇਤੇ ਆਉਂਦੀ ਹੈ,
ਸਦੀਆਂ ਪੁਰਾਣਾ ਹੈ ਉਨ੍ਹਾਂ ਦਾ ਗੁੱਸਾ
ਸਦੀਆਂ ਪੁਰਾਣੀ ਹੈ ਉਨ੍ਹਾਂ ਦੀ ਨਫ਼ਰਤ
ਮੈਂ ਤਾਂ ਉਨ੍ਹਾਂ ਦੇ ਸ਼ਬਦਾਂ ਨੂੰ ਲੈਅ ਅਤੇ ਤਾਲ ਵਿੱਚ ਸੁਣਾ ਰਿਹਾ ਹਾਂ
ਤੁਹਾਨੂੰ ਲਗਦਾ ਹੈ ਕਿ ਅੱਗ ਭੜਕਾ ਰਿਹਾ ਹਾਂ।

ਇਨ੍ਹਾਂ ਬੰਦੂਕਾਂ ਨੇ ਕਾਦਰ ਦੇ ਔਰਤ ਰੂਪ ਨੂੰ ਪੈਰ ਦੀ ਜੁੱਤੀ ਬਣਾਇਆ। ਸਿਆਸਤ ਨੂੰ ਮਾਂ ਵਰਗੀ ਨਾ ਰਹਿਣ ਦਿੱਤਾ। ਮਹਾਂਬਲੀ ਮਨੁੱਖ ਦੇ ਸਿਰ 'ਚੋਂ ਨਾਬਰੀ ਦਾ ਕਣ ਕੱਢਣ ਲਈ ਬੰਦੂਕਾਂ ਤੋਂ ਲੈ ਕੇ ਗ੍ਰੰਥਾਂ ਤੱਕ ਨੂੰ ਪਲੀਤ ਕੀਤਾ। ਤਸਵੀਰ ਵਿਚਲੀ ਔਰਤ ਕਦੇ ਨਾਬਰ ਕੁੜੀ ਨੰਦਨੀ (ਨੰਦਿਤਾ ਦਾਸ), ਕਦੇ ਸੁਜਾਤਾ ਚੈਟਰਜੀ (ਜਯਾ ਬੱਚਨ) ਅਤੇ ਕਦੇ ਪੁਲਿਸ ਅਤੇ ਗੁੰਡਿਆਂ ਹੱਥੋਂ ਮਾਰੇ ਗਏ ਸੋਮੂ ਮੰਡਲ ਦੀ ਮਾਂ ਅਤੇ ਭੈਣ ਦੇ ਰੂਪ 'ਚ ਦਿਸਣ ਲੱਗਦੀ ਹੈ। ਕਦੇ ਉਹ ਜ਼ੂਜ਼ੂ ਏਂਜਲ ਲਗਦੀ ਹੈ ਜੋ ਬਾ੍ਰਜ਼ੀਲ 'ਚ ਫ਼ੌਜੀ ਤਾਨਾਸ਼ਾਹੀ ਹੱਥੋਂ ਮਾਰੇ ਗਏ ਆਪਣੇ ਮੁੰਡੇ ਸਟੂਅਰਟ ਏਂਜਲ ਨੂੰ ਖੋਜਦੀ ਹੋਈ ਹਕੂਮਤੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਸੁਜਾਤਾ ਦਾ ਮੁੰਡਾ ਬ੍ਰਤੀ ਚੈਟਰਜੀ ਲਾਲ ਰੰਗ ਦੇ ਮੁੱਕਿਆਂ 'ਚੋਂ ਦਿਸਦਾ ਹੈ ਜਿਸ ਨੂੰ ਸੋਮੂ ਮੰਡਲ ਅਤੇ ਦੋ ਹੋਰ ਸਾਥੀਆਂ ਸਣੇ ਮਾਰ ਦਿੱਤਾ ਗਿਆ ਸੀ। ਉਹ ਸਟੂਅਰਟ ਏਂਜਲ ਦੀ ਕਤਾਰ 'ਚ ਖੜਾ ਨਜ਼ਰ ਆਉਂਦਾ ਹੈ। ਫ਼ਿਲਮ ਉਨ੍ਹਾਂ ਮਾਵਾਂ ਦੀ ਲੰਬੀ ਲੜੀ ਦੀਆਂ ਕੜੀਆਂ ਨੂੰ ਉਘਾੜ ਕੇ ਪੇਸ਼ ਕਰਦੀ ਹੈ ਜਿਨ੍ਹਾਂ ਦੇ ਗੱਭਰੂ ਪੁੱਤ ਅਤੇ ਧੀਆਂ ਮਨੁੱਖ ਦੀ ਕੁਜਾਤ ਨੇ ਨਿਗਲ ਲਏ। ਕਸ਼ਮੀਰ 'ਚ ਮਾਰ-ਖਪਾਏ ਗਏ ਗੱਭਰੂਆਂ ਦੀਆਂ ਮਾਵਾਂ ਨੇ ਜੱਥੇਬੰਦੀ ਬਣਾਈ ਹੈ ਜੋ ਪੁੱਤਾਂ ਦੀ ਖ਼ੋਜ ਖ਼ਬਰ ਲੱਭਣ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ। ਕਠਮਾਂਡੂ ਤੋਂ ਛਪਦੇ ਰਸਾਲੇ 'ਹਮਾਲ' ਵਿੱਚ ਸ਼੍ਰੀਨਗਰ ਦੇ ਪੱਤਰਕਾਰ ਅਰਸ਼ਦ ਪੀਰਜ਼ਾਦਾ ਨੇ ਕਸ਼ਮੀਰ 'ਚ ਅਣਪਛਾਤੀਆਂ ਲਾਸ਼ਾਂ ਨੂੰ ਦਫਨਾਉਣ ਲਈ ਵਰਤੇ ਗਏ ਕਬਰਸਤਾਨਾਂ ਦੀ ਲੰਬੀ ਤਫ਼ਸੀਲ ਪੇਸ਼ ਕੀਤੀ ਹੈ। 'ਗੰਦੀ ਜੰਗ' (ਸੰਨ 1976-83) ਦੇ ਕਾਲੇ ਦੌਰ 'ਚ ਹਜ਼ਾਰਾਂ ਅਰਜਨਟੀਨੀ ਮੁੰਡੇ-ਕੁੜੀਆਂ ਮਾਰ-ਖਪਾ ਦਿੱਤੇ ਗਏ। ਕੁਝ ਮਹੀਨੇ ਪਹਿਲਾਂ 'ਗੰਦੀ ਜੰਗ' ਦੇ ਬਦਨਾਮ ਬੁੱਚੜ ਅਲਫਰੈਡੋ ਅਸਤਿਜ਼ (ਉਰਫ 'ਮੌਤ ਦਾ ਫ਼ਰਿਸ਼ਤਾ') ਨੂੰ 'ਮਨੁੱਖਤਾ ਖ਼ਿਲਾਫ਼ ਜੁਰਮ' ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। 'ਗੰਦੀ ਜੰਗ' ਦੇ ਭਿਆਨਕ ਸਮਿਆਂ 'ਚ ਫ਼ੌਜੀ ਦਹਿਸ਼ਤ ਹੇਠ ਪੱਤਾ ਨਹੀਂ ਹਿਲਦਾ ਸੀ। ਉਸ ਮਾਤਮੀ ਚੁੱਪ ਨੂੰ ਤੋੜਨ ਲਈ ਅਰਜਨਟੀਨੀ ਬੀਬੀਆਂ ਮੈਦਾਨ ਵਿੱਚ ਉੱਤਰੀਆਂ।

ਤੀਹ ਅਪਰੈਲ ਸੰਨ 1977 ਨੂੰ ਚੌਦਾਂ ਬੀਬੀਆਂ ਨੇ ਰਾਜਧਾਨੀ ਬਿਊਨਸ ਏਅਰਜ਼ ਦੀ 'ਪਲਾਜ਼ਾ ਦੇ ਮਾਉ' ਨਾਮ ਦੀ ਥਾਂ 'ਤੇ ਪਹਿਲਾ ਮੁਜ਼ਹਰਾ ਕੀਤਾ। ਇਹ ਮੁਜ਼ਾਹਰਾ ਮੁਲਕ ਦੀਆਂ ਉੱਚ ਸਰਕਾਰੀ ਇਮਾਰਤਾਂ ਦੇ ਸਾਹਮਣੇ ਕੀਤਾ ਗਿਆ ਜਿੱਥੇ ਗੁੰਮ ਹੋਏ ਜੀਆਂ ਦੀਆਂ ਮਾਵਾਂ, ਦਾਦੀਆਂ ਅਤੇ ਨਾਨੀਆਂ ਪਹਿਲੀ ਵਾਰ ਇਕੱਠੀਆਂ ਹੋਈਆਂ ਸਨ। 'ਪਲਾਜ਼ਾ ਦੇ ਮਾਉ' ਦੇ ਨਾਂ 'ਤੇ ਜਥੇਬੰਦੀ ਦਾ ਨਾਮ 'ਦਿ ਮਦਰਜ਼ ਔਫ ਦਿ ਪਲਾਜ਼ਾ ਦੇ ਮਾਉ' ਰੱਖਿਆ ਗਿਆ। ਜਥੇਬੰਦੀ 'ਚ ਬੀਬੀਆਂ ਦੀ ਸ਼ਮੂਲੀਅਤ ਵਧਦੀ ਗਈ ਅਤੇ ਉਹ ਲਗਾਤਾਰ ਦਸ ਸਾਲ ਹਰ ਵੀਰਵਾਰ 'ਪਲਾਜ਼ਾ ਦੇ ਮਾਉ' ਵਿਖੇ ਇਕੱਠੀਆਂ ਹੋ ਕੇ ਰੋਸ ਮੁਜ਼ਾਹਰਾ ਕਰਦੀਆਂ ਰਹੀਆਂ। ਇਸ ਲਹਿਰ ਨੂੰ 'ਮਾਵਾਂ ਦੀ ਲਹਿਰ' ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ। ਅਲਫਰੈਡੋ ਆਸਤਿਜ਼ ਨੇ ਜਥੇਬੰਦੀ ਦੀਆਂ ਤਿੰਨ ਬਾਨੀ ਬੀਬੀਆਂ ਨੂੰ ਅਗਵਾ ਕਰਕੇ ਮਾਰ ਦਿੱਤਾ ਸੀ। ਚੌਦਾਂ ਹੋਰ ਬੀਬੀਆਂ ਨੂੰ ਮਾਰਿਆ ਗਿਆ ਪਰ ਮਾਵਾਂ ਨੇ ਹਾਰ ਨਹੀਂ ਮੰਨੀ। ਬੁੱਚੜ ਆਸਤਿਜ਼ ਨੇ ਆਪਣੇ ਬਚਾਅ ਵਿੱਚ ਕਿਹਾ ਕਿ ਉਸਨੇ ਇਹ ਸਭ ਮੁਲਕ ਨੂੰ 'ਖੱਬੇ ਪੱਖੀ ਅਤਿਵਾਦ' ਤੋਂ ਬਚਾਉਣ ਲਈ ਕੀਤਾ ਅਤੇ ਉਸ ਦੇ ਖ਼ਿਲਾਫ਼ ਸੁਣਾਏ ਗਏ ਫ਼ੈਸਲੇ ਉੱਤੇ ਸਿਆਸੀ ਬਦਲਾਖ਼ੋਰੀ ਅਸਰਅੰਦਾਜ਼ ਹੈ। ਜਥੇਬੰਦੀ ਮੁਤਾਬਕ ਅੱਠ ਸਾਲਾਂ 'ਚ ਤੀਹ ਹਜ਼ਾਰ ਤੋਂ ਵੱਧ ਵਿਦਿਆਰਥੀ, ਮਜ਼ਦੂਰ ਆਗੂ, ਬੁੱਧੀਜੀਵੀ ਅਤੇ ਖੱਬੇ ਪੱਖੀਆਂ ਨੂੰ ਖ਼ੁਫ਼ੀਆ ਜੇਲ੍ਹਾਂ ਅਤੇ ਬੁੱਚੜਖਾਨਿਆਂ 'ਚ ਮਾਰ-ਖਪਾ ਦਿੱਤਾ ਗਿਆ। ਨੋਬਲ ਇਨਾਮ ਜੇਤੂ ਅਡੋਲਫੋ ਪੇਰੇਜ਼ ਐਸਕੁਈਵਲ ਦੇ ਮਸ਼ਹੂਰ ਚਿੱਤਰ 'ਚ ਹਥਿਆਰਬੰਦ ਅਰਜਨਟੀਨੀ ਫ਼ੌਜੀ ਈਸਾ ਮਸੀਹ ਦੇ ਰਾਖੇ ਬਣੇ ਖੜੇ ਹਨ। 'ਪਲਾਜ਼ਾ ਵਾਲੀ ਮਾਂ' ਹੱਥ 'ਚ ਫੜੀ ਤਖ਼ਤੀ ਈਸਾ ਮਸੀਹ ਨੂੰ ਦਿਖਾ ਰਹੀ ਹੈ ਜਿਸ ਉੱਤੇ ਲਿਖਿਆ ਹੈ, "ਮੇਰਾ ਪੁੱਤ ਕਿੱਥੇ ਹੈ?" ਤਾਨਾਸ਼ਾਹੀ ਦੇ ਖਾਤਮੇ ਤੋਂ ਬਾਅਦ ਸੰਨ 1984 'ਚ ਫ਼ੌਜੀ ਸਰਕਾਰ ਦੇ ਸਾਬਕਾ ਮੁਖੀ ਵਿਡੈਲਾ ਨੂੰ ਜੇਲ੍ਹ 'ਚ ਡੱਕ ਦਿੱਤਾ ਗਿਆ। ਉਹ ਫ਼ੌਜੀ ਸੱਤਾ ਵੇਲੇ ਕਹਿੰਦਾ ਹੁੰਦਾ ਸੀ, "ਰਾਜ ਦੀ ਰਾਖੀ ਲਈ ਸਾਰੇ ਨਾਬਰ ਬੰਦਿਆਂ ਨੂੰ ਮਾਰਨਾ ਪਵੇਗਾ"। ਸੰਨ 1986 'ਚ ਸਰਕਾਰ ਨੇ ਕਾਤਲਾਂ ਨੂੰ ਰਿਆਇਤ ਦੇਣ ਦਾ ਐਲਾਨ ਕੀਤਾ ਤਾਂ ਮਾਵਾਂ ਨੇ ਸੰਸਦ 'ਚ ਕਾਨੂੰਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪਰਚੇ ਸੁੱਟੇ। 'ਮਾਵਾਂ ਦੀ ਲਹਿਰ' ਨੇ ਅਰਜਨਟੀਨਾ ਅਤੇ ਲਾਤੀਨੀ ਅਮਰੀਕਾ 'ਚ ਨਾਰੀਵਾਦੀ ਲਹਿਰਾਂ ਨੂੰ ਨਵਾਂ ਰਾਹ ਦਿਖਾਇਆ। ਇਸ ਲਹਿਰ ਨੇ ਲਾਤੀਨੀ ਘਰੇਲੂ ਔਰਤਾਂ ਨੂੰ ਸਮਾਜਿਕ ਅਤੇ ਸਿਆਸੀ ਲਹਿਰਾਂ ਦਾ ਹਿੱਸਾ ਬਣਾਇਆ। ਜਥੇਬੰਦੀ ਨੇ ਆਲਮੀ ਪੱਧਰ 'ਤੇ ਸਾਮਰਾਜੀ ਜੰਗਬਾਜ਼ਾਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਆਪਣੇ ਬੱਚਿਆਂ ਦੇ ਕਾਜ ਨੂੰ ਅੱਗੇ ਵਧਾਉਣ ਦਾ ਪ੍ਰਣ ਲਿਆ। ਉਹ ਸਮਾਂ ਸਰਕਾਰੀ ਜਬਰ ਦੀ ਕੁਸੈਲੀ ਯਾਦ ਤਾਜ਼ਾ ਹੋਣ ਦਾ ਸਬੱਬ ਬਣਦਾ ਹੈ ਪਰ ਨਾਲ ਹੀ ਲੋਕ-ਸਮੱਸਿਆਂਵਾਂ ਦੇ ਸਾਂਝੇ ਹੱਲ ਦਾ ਰੌਸ਼ਨ ਰਾਹ ਵੀ ਦਿਖਾਉਂਦਾ ਹੈ। ਸਮੇਂ ਸਮੇਂ ਹੋਈਆਂ ਮਾਵਾਂ ਦੀਆਂ ਆਪਸੀ ਬਹਿਸਾਂ ਨੂੰ ਬਕਾਇਦਾ ਦਰਜ ਕਰਕੇ ਰੱਖਿਆ ਗਿਆ ਹੈ ਅਤੇ ਲਹਿਰ ਨਾਲ ਜੁੜੇ ਦਸਤਾਵੇਜ਼ ਸੰਭਾਲੇ ਗਏ ਹਨ। ਜਦੋਂ ਵੈਂਜੂਏਲਾ ਦੇ ਰਾਸ਼ਟਰਪਤੀ ਹੂਗੋ ਸਾਵੇਜ਼, ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਲੂਲਾ ਡਾ ਸਿਲਵਾ ਅਤੇ ਹੋਰ ਸਿਆਣੇ ਮਾਵਾਂ ਨੂੰ ਮਿਲਣ ਆਉਂਦੇ ਰਹਿੰਦੇ ਹਨ ਤਾਂ ਲਾਤੀਨੀਆਂ ਦੇ ਝੱਲੇ ਕਹਿਰ ਦੀ ਸਾਂਝੀ ਤੰਦ ਉਭਰ ਕੇ ਸਾਹਮਣੇ ਆਉਂਦੀ ਹੈ ਅਤੇ ਭਵਿੱਖ ਵੱਲ ਵਧਦੇ ਸਾਂਝੇ ਕਦਮਾਂ ਦੀ ਨਿਸ਼ਾਨਦੇਹੀ ਹੁੰਦੀ ਹੈ।


ਇਨ੍ਹਾਂ ਮਾਵਾਂ ਦੀ ਕੜੀ 'ਚ ਕੋਰੀਅਨ ਮਾਵਾਂ ਦਾ ਜ਼ਿਕਰ ਕਰਨਾ ਬਣਦਾ ਹੈ। ਦੂਜੀ ਆਲਮੀ ਜੰਗ 'ਚ ਜਪਾਨੀ ਫ਼ੌਜੀਆਂ ਨੇ ਕੋਰੀਅਨ ਔਰਤਾਂ ਨਾਲ ਸਮੂਹਕ ਬਾਲਾਤਕਾਰ ਕੀਤੇ। ਇਨ੍ਹਾਂ ਔਰਤਾਂ ਨੂੰ ਜਿਨਸੀ ਗ਼ੁਲਾਮ ਬਣਾਕੇ ਲਈ ਰੱਖਿਆ ਜਾਂਦਾ ਸੀ। ਜਪਾਨੀਆਂ ਨੇ ਇਨ੍ਹਾਂ ਨੂੰ 'ਕੰਫ਼ਰਟ ਵਿਮੈਨ' ਦਾ ਨਾਮ ਦਿੱਤਾ। ਉਸ ਸਾਕੇ 'ਚੋਂ ਬਚੀਆਂ ਔਰਤਾਂ ਹਰ ਹਫ਼ਤੇ ਸਿਉਲ (ਦੱਖਣੀ ਕੋਰੀਆ) ਵਿਚਲੇ ਜਪਾਨੀ ਸਫ਼ਾਰਤਖਾਨੇ ਅੱਗੇ ਮੁਜ਼ਾਹਰਾ ਕਰਦੀਆਂ ਹਨ। ਪਿਛਲੇ ਦਿਨਾਂ 'ਚ ਹਜ਼ਾਰਵੀਂ ਰੈਲੀ ਮੌਕੇ ਅੱਸੀ-ਨੱਬੇ ਸਾਲਾਂ ਨੂੰ ਢੁੱਕੀਆਂ ਇਨ੍ਹਾਂ ਬੀਬੀਆਂ ਨੇ 'ਕੰਫ਼ਰਟ ਵਿਮੈਨ' ਦਾ ਬੁੱਤ ਜਪਾਨੀ ਸਫ਼ਾਰਤਖਾਨੇ ਦੇ ਮੂਹਰੇ ਲਾ ਦਿੱਤਾ। ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਦਾ ਕਹਿਣਾ ਸੀ ਕਿ ਇਨ੍ਹਾਂ ਬੀਬੀਆਂ ਦੀ ਸਿਦਕਦਿਲੀ ਮੂਹਰੇ ਅਸੀਂ ਬੇਵੱਸ ਹਾਂ। ਅਸੀਂ ਬੁੱਤ ਨਹੀਂ ਹਟਵਾ ਸਕਦੇ। ਬ੍ਰਤੀ ਦੀ ਮਾਂ, ਜ਼ੂਜ਼ੂ ਏਂਜਲ, ਲਾਤੀਨੀ ਅਤੇ ਕਸ਼ਮੀਰੀ ਮਾਵਾਂ ਆਪਣੇ ਪੁੱਤਾਂ ਨੂੰ ਲੱਭਣ ਤੋਂ ਲੈ ਕੇ ਕਸੂਰਵਾਰਾਂ ਨੂੰ ਸਜ਼ਾ ਦਿਵਾਉਣ ਤੱਕ ਸਿਦਕਦਿਲੀ ਬਰਕਰਾਰ ਰੱਖਦੀਆਂ ਹਨ।

ਬ੍ਰਤੀ ਅਤੇ ਸਾਥੀਆਂ ਦੀਆਂ ਲਾਸ਼ਾਂ ਕਾਂਤਾਕੁਕਰ ਨਾਂ ਦੀ ਥਾਂ 'ਤੇ ਰੱਖੀਆਂ ਜਾਂਦੀਆਂ ਹਨ ਜਿੱਥੇ ਸੁਜਾਤਾ ਨੂੰ ਲਾਸ਼ ਦੀ ਪਛਾਣ ਲਈ ਬੁਲਾਇਆ ਜਾਂਦਾ ਹੈ। ਕਾਂਤਾਕੁਕਰ ਦੇ ਨਾਮ ਤੋਂ ਪੰਜਾਬੀ ਬੰਦੇ ਨੂੰ ਲੱਧਾ-ਕੋਠੀ ਵਰਗੇ ਕਈ ਬੁੱਚੜਖਾਨਿਆਂ ਦਾ ਚੇਤਾ ਆਉਂਦਾ ਹੈ। ਅਣਪਛਾਤੀਆਂ ਲਾਸ਼ਾਂ ਕਰਾਰ ਦੇ ਕੇ ਸਮਸ਼ਾਨਘਾਟਾਂ 'ਚ ਜਾਲੇ ਗਏ ਮੁੰਡੇ ਯਾਦ ਆਉਂਦੇ ਹਨ ਅਤੇ ਪੱਚੀ ਹਜ਼ਾਰ ਇੱਕਵੀਂ ਲਾਸ਼ ਬਣਿਆ ਜਸਵੰਤ ਸਿੰਘ ਖਾਲੜਾ ਅੱਖਾਂ ਸਾਹਮਣੇ ਖੜਾ ਹੋ ਜਾਂਦਾ ਹੈ। ਜਿਨ੍ਹਾਂ ਦੇ ਕਸੂਰਵਾਰਾਂ ਨੂੰ ਸਜ਼ਾ ਦਿਵਾਉਣ ਦੀ ਲੜਾਈ ਅਜੇ ਵੀ ਜਾਰੀ ਹੈ। ਇਹ ਲੜਾਈ ਫ਼ਿਲਮ ਦੇ ਪਿਛਲੇ ਅੱਧ ਦਾ ਹਿੱਸਾ ਹੈ। ਬ੍ਰਤੀ ਅਤੇ ਉਸਦੇ ਸਾਥੀਆਂ ਨੂੰ ਪੁਲਸ ਅਤੇ ਗੁੰਡਿਆਂ ਵੱਲੋਂ ਬਸਤੀ 'ਚ ਘੇਰ ਕੇ ਕਤਲ ਕਰਨ ਵਾਲਾ ਦ੍ਰਿਸ਼ ਉਨ੍ਹਾਂ ਕਤਲੇਆਮ ਦਾ ਚੇਤਾ ਦਿਵਾਉਂਦਾ ਹੈ ਜਦੋਂ ਕਲਕੱਤੇ ਦੀਆਂ ਬਸਤੀਆਂ 'ਚ ਸੈਂਕੜੇ ਇਨਕਲਾਬਪਸੰਦਾਂ ਅਤੇ ਹਮਦਰਦਾਂ ਨੂੰ ਘੇਰ ਕੇ ਮਾਰਿਆ ਗਿਆ ਸੀ। ਬ੍ਰਤੀ ਵਰਗਿਆਂ ਨੂੰ ਜ਼ਰਾਇਮ-ਪੇਸ਼ਾ ਅਤੇ ਸਿਰਫ਼ਿਰੇ ਕਰਾਰ ਦਿੱਤਾ ਗਿਆ ਜੋ ਮਨੁੱਖਤਾ ਦੇ ਗਲ ਪਏ ਸੰਗਲਾਂ ਦਾ ਜੂੜ ਵੱਢਣ ਤੁਰੇ ਸਨ। ਪਿਛਲੇ ਦਿਨਾਂ 'ਚ ਮੱਧ ਅਮਰੀਕੀ ਮੁਲਕ ਅਲ ਸਲਵਾਡੋਰ ਦੀ ਸਰਕਾਰ ਨੇ ਮੁਲਕਵਾਸੀਆਂ ਤੋਂ ਅਲ ਮੋਜ਼ੋਟੇ ਕਤਲੇਆਮ ਲਈ ਮੁਆਫ਼ੀ ਮੰਗੀ ਹੈ। ਸੰਨ 1981 'ਚ ਅਲ ਮੋਜ਼ੋਟੇ ਨਾਂ ਦੇ ਛੋਟੇ ਜਿਹੇ ਪਿੰਡ ਵਿੱਚ ਫ਼ੌਜੀਆਂ ਨੇ ਹਜ਼ਾਰ ਤੋਂ ਵੱਧ ਜੀਆਂ ਨੂੰ ਕਤਾਰ 'ਚ ਖੜ੍ਹਾ ਕੇ ਗੋਲੀ ਮਾਰ ਦਿੱਤੀ ਸੀ। ਮਰਨ ਵਾਲਿਆਂ 'ਚ ਅੱਧੇ ਤੋਂ ਵੱਧ ਬੱਚੇ ਸਨ। ਬਾਕੀਆਂ 'ਚ ਵਧੇਰੇ ਔਰਤਾਂ ਅਤੇ ਬਜ਼ੁਰਗ ਸਨ। ਇਨ੍ਹਾਂ ਲੋਕਾਂ ਉੱਤੇ ਖੱਬੇ ਪੱਖੀ ਛਾਪਾਮਾਰਾਂ ਨਾਲ ਹਮਦਰਦੀ ਰੱਖਣ ਦਾ ਦੋਸ਼ ਸੀ। ਕਾਤਲ ਫ਼ੌਜੀਆਂ ਨੂੰ ਸਿਖ਼ਲਾਈ ਅਮਰੀਕੀ ਫ਼ੌਜ ਨੇ ਦਿੱਤੀ ਸੀ। ਸ਼ੁਰੂ 'ਚ ਤਾਂ ਅਮਰੀਕੀ ਸਰਕਾਰ ਇਸ ਕਤਲੇਆਮ ਤੋਂ ਮੁੱਕਰ ਗਈ ਸੀ, ਮੁਕਾਮੀ ਇਨਕਲਾਬੀ ਛਾਪਾਮਾਰਾਂ ਨੇ ਦੋ ਅਮਰੀਕੀ ਪੱਤਰਕਾਰਾਂ ਨੂੰ ਤ੍ਰਾਸਦੀ ਵਾਲੀ ਥਾਂ ਦਿਖਾਈ। ਉਨ੍ਹਾਂ ਪੱਤਰਕਾਰਾਂ ਨੇ ਖ਼ਬਰ ਆਲਮੀ ਪੱਧਰ ਉੱਤੇ ਨਸ਼ਰ ਕੀਤੀ। ਅਲ ਸਲਵਾਡੋਰ ਦੇ ਮੌਜੂਦਾ ਵਿਦੇਸ਼ ਮੰਤਰੀ ਹਿਊਗੋ ਮਾਰਟਿਜ਼ ਨੇ ਉਸ ਭਿਆਨਕ ਤ੍ਰਾਸਦੀ ਦੀ ਤੀਹਵੀਂ ਬਰਸੀ ਮੌਕੇ ਕਿਹਾ, "ਮੈ ਇਸ ਮੌਕੇ ਅਲ ਸਲਵਾਡੋਰ ਦੀ ਸਰਕਾਰ ਵੱਲੋਂ ਦੁਬਾਰਾ ਹਜ਼ਾਰਾਂ ਬੇਕਸੂਰ ਪੀੜਤਾਂ ਤੋਂ ਅੰਨ੍ਹੀ ਸਰਕਾਰੀ ਹਿੰਸਾ ਲਈ ਮੁਆਫ਼ੀ ਮੰਗਦਾ ਹਾਂ, ਖ਼ਾਸ ਕਰਕੇ ਅਲ ਮੋਜ਼ੋਟੇ ਦੇ ਪੀੜਤਾਂ ਤੋਂ।"ਇੰਡੋਨੇਸ਼ੀਆ 'ਚ ਸੁਹਾਰਤੋ ਦੀ ਤਾਨਾਸ਼ਾਹੀ ਸਮੇਂ ਦਸ ਲੱਖ ਤੋਂ ਵੱਧ ਕੀਮਤੀ ਜਾਨਾਂ ਨੂੰ ਕਮਿਉਨਿਸਟ ਹੋਣ ਦਾ ਬਿੱਲਾ ਲਾ ਕੇ ਮੌਤ ਦੇ ਘਾਟ ਉਤਾਰਿਆ ਗਿਆ। ਇੱਥੇ ਵੀ ਪੱਛਮੀ ਮੁਲਕ ਸੁਹਾਰਤੋ ਦੀ ਪਿੱਠ 'ਤੇ ਸਨ। 'ਠੰਢੀ ਜੰਗ' ਦੇ ਦਿਨਾਂ 'ਚ ਪੱਛਮੀ ਮੁਲਕਾਂ ਨੇ ਇਸ ਕਤਲੇਆਮ ਨੂੰ ਕਮਿਉਨਿਜ਼ਮ ਦੇ ਖ਼ਿਲਾਫ਼ ਜਿੱਤ ਦੇ ਤੌਰ 'ਤੇ ਪ੍ਰਚਾਰਿਆ ਸੀ। ਇੰਡੋਨੇਸ਼ੀਆ ਦੇ ਇਤਿਹਾਸ ਦੀਆਂ ਕਿਤਾਬਾਂ 'ਚ ਇਨ੍ਹਾਂ ਭਿਆਨਕ ਕਤਲਾਂ ਦਾ ਕੋਈ ਜ਼ਿਕਰ ਨਹੀਂ ਮਿਲਦਾ। ਤ੍ਰਾਸਦੀ ਨੂੰ 'ਦੇਸ਼ਭਗਤੀ ਦੀ ਲਹਿਰ' ਵਜੋਂ ਸਲਾਹਿਆ ਜਾਂਦਾ ਹੈ। ਪਿੱਛੇ ਜਿਹੇ ਉਨ੍ਹਾਂ ਹਾਦਸਿਆਂ ਨੂੰ ਸਿਲੇਬਸ 'ਚ ਸ਼ਾਮਲ ਕੀਤਾ ਗਿਆ ਸੀ। ਫ਼ੌਜ ਅਤੇ ਬੁਨਿਆਦਪ੍ਰਸਤਾਂ ਦੇ ਵਿਰੋਧ ਕਾਰਨ ਨਵੀਆਂ ਕਿਤਾਬਾਂ ਨੂੰ ਫ਼ੂਕ ਦਿੱਤਾ ਗਿਆ। ਉਸ ਕਤਲੇਆਮ ਦੇ ਸਰਪ੍ਰਸਤਾਂ 'ਚੋਂ ਬਦਨਾਮ 'ਸਾਲਿਮ' ਨਾਂ ਦੇ ਵਪਾਰਕ ਘਰਾਣੇ ਨੂੰ ਬੰਗਾਲ ਦੀ ਸਰਕਾਰ ਨੇ ਨੰਦੀਗ੍ਰਾਮ 'ਚ 'ਖ਼ਾਸ ਵਿੱਤੀ ਖੇਤਰ' ਬਣਾਉਣ ਲਈ ਸੱਦਾ ਦਿੱਤਾ ਸੀ। ਨੰਦੀਗ੍ਰਾਮ ਦੇ ਸੰਘਰਸ਼ ਬਾਬਤ ਅਸੀਂ ਸਾਰੇ ਜਾਣਦੇ ਹਾਂ ਜਿੱਥੇ ਬੰਗਾਲ ਦੀ ਸਰਕਾਰ ਨੇ 'ਸਾਲਿਮ' ਘਰਾਣੇ ਦੀ ਵਿਰਾਸਤ ਨੂੰ 'ਚਾਰ ਚੰਦ' ਲਾਉਂਦਿਆਂ ਸ਼ਰੇਆਮ ਕਿਸਾਨਾਂ ਦਾ ਕਤਲੇਆਮ ਕੀਤਾ।

ਫ਼ੌਜੀ ਤਾਨਾਸ਼ਾਹਾਂ, ਸਾਮਰਾਜੀਆਂ ਅਤੇ ਉਨ੍ਹਾਂ ਦੀਆਂ ਥੋਪੀਆਂ 'ਲੋਕਰਾਜੀ ਸਰਕਾਰਾਂ' ਦਾ ਜ਼ੁਲਮ ਆਲਮ ਨੇ ਪਿੰਡੇ 'ਤੇ ਹੰਢਾਇਆ ਹੈ। ਇਨ੍ਹਾਂ ਜ਼ਾਲਮਾਂ ਦੇ ਖ਼ਾਸੇ ਦੀ ਸਾਂਝ ਸਮਾਜਵਾਦ-ਵਿਰੋਧੀ ਹੋਣ ਨਾਲ ਜੁੜੀ ਹੋਈ ਹੈ।ਇਨ੍ਹਾਂ ਜ਼ਾਲਮਾਂ ਬਾਰੇ ਮਸ਼ਹੂਰ ਰੌਕ ਗਾਇਕ ਜੌਹਨ ਲੈਨਨ ਕਹਿੰਦਾ ਹੈ,'ਇਨ੍ਹਾਂ ਹਰਾਮੀਆਂ ਦੀ ਨਸਲ ਇੱਕ ਹੈ ਜੋ ਥਾਂ ਪਰ ਥਾਂ ਮਨੁੱਖਤਾ ਦੇ ਕਤਲੇਆਮ ਲਈ ਬੰਦੂਕਾਂ ਚੁੱਕੀ ਭੱਜੇ ਫਿਰਦੇ ਹਨ।'

ਬ੍ਰਤੀ ਵਰਗੇ ਨੌਜਵਾਨਾਂ ਦੀ ਕਵਿਤਾ ਵੀ ਜੁਰਮ ਸਮਝ ਕੇ ਪੁਲਿਸ ਹਿਰਾਸਤ 'ਚ ਰੱਖੀ ਗਈ। ਉਨ੍ਹਾਂ ਭਿਆਨਕ ਸਮਿਆਂ 'ਚ ਬੰਦੇ ਦੀ ਪਛਾਣ ਦੇ ਮਾਅਨੇ ਗੁੰਮ ਹੋ ਗਏ ਅਤੇ ਉਨ੍ਹਾਂ ਨੂੰ ਲਾਸ਼ ਦੇ ਹਿੰਦਸੇ ਨਾਲ ਹੀ ਜਾਣਿਆ ਜਾਣ ਲੱਗਾ। ਉਸੇ ਕੜੀ 'ਚ ਬ੍ਰਤੀ ਚੈਟਰਜੀ ਦੇ ਹਿੱਸੇ ਹਜ਼ਾਰ ਚੁਰਾਸੀ ਦਾ ਹਿੰਦਸਾ ਆਇਆ। ਸੁਜਾਤਾ ਚੈਟਰਜੀ ਦੀ ਪਛਾਣ ਵੀ ਉਸ ਹਿੰਦਸੇ ਦੀ ਮਾਂ ਦੇ ਰੂਪ 'ਚ ਕੀਤੀ ਗਈ। ਸਰਮਾਏਦਾਰੀ ਮੌਤਾਂ ਨੂੰ ਅੰਕੜਿਆਂ ਦੇ ਰੂਪ 'ਚ ਦੇਖਦੀ ਹੈ। ਉਨ੍ਹਾਂ ਲਈ ਇੱਕ ਜਾਂ ਦਸ ਲੱਖ ਕੀਮਤੀ ਜਾਨਾਂ ਦਾ ਨੁਕਸਾਨ ਮਹਿਜ਼ ਅੰਕੜਾ ਹੈ। ਫ਼ਿਲਮ 'ਚ ਹਜ਼ਾਰ ਚੁਰਾਸੀ ਦਾ ਹਿੰਦਸਾ ਬ੍ਰਤੀ ਤੋਂ ਪਹਿਲਾਂ ਮਾਰੇ ਗਏ ਇੱਕ ਹਜ਼ਾਰ ਤਿਰਾਸੀ ਅਤੇ ਉਸ ਤੋਂ ਬਾਅਦ ਮਰਨ ਵਾਲੇ ਅਣਗਿਣਤ ਜੀਆਂ ਦੇ ਕਤਲੇਆਮ ਦੀ ਭਿਆਨਕਤਾ ਦਾ ਅਹਿਸਾਸ ਦਿਵਾਉਂਦਾ ਹੈ। ਫ਼ਿਲਮ ਵਿੱਚ 'ਹਜ਼ਾਰ ਚੁਰਾਸੀ' ਮਹਿਜ਼ ਅੰਕੜਾ ਨਹੀਂ ਰਹਿ ਜਾਂਦਾ। ਉਹ ਮਨੁੱਖੀ ਪਿੰਡਿਆਂ 'ਤੇ ਵਰਤਾਏ ਗਏ ਸਰਕਾਰੀ ਕਹਿਰ ਨੂੰ ਮਹਿਸੂਸ ਕਰਨ ਦਾ ਸਬੱਬ ਬਣਦਾ ਹੈ। ਸੱਤਰਵਿਆਂ ਦੇ ਪੰਜਾਬ 'ਚ ਛਿਆਸੀ ਸਾਲਾਂ ਦੇ ਇਨਕਲਾਬਪਸੰਦ ਬਾਬਾ ਬੂਝਾ ਸਿੰਘ ਨੂੰ ਵੀ ਨਹੀਂ ਬਖ਼ਸ਼ਿਆ ਗਿਆ ਸੀ। ਜਿਨ੍ਹਾਂ ਨੂੰ ਪੁਲਿਸ ਨੇ ਅੰਨ੍ਹੇ ਤਸ਼ੱਦਦ ਤੋਂ ਬਾਅਦ ਝੂਠੇ ਮੁਕਾਬਲੇ 'ਚ ਮਾਰ ਦਿੱਤਾ ਸੀ। ਵੱਡੇ ਬਾਦਲ ਦੀ ਸਰਕਾਰ ਵੱਲੋਂ ਇਨਕਲਾਬਪਸੰਦਾਂ ਨੂੰ 'ਗਾਇਬ' ਕਰਨ, ਤਸ਼ੱਦਦ ਅਤੇ ਝੂਠੇ ਮੁਕਾਬਲਿਆਂ 'ਚ ਮਾਰਨ ਦੇ ਸਿਲਸਿਲੇ ਨੇ ਵੀਹਵੀਂ ਸਦੀ ਦੇ ਆਖਰੀ ਦੋ ਦਹਾਕਿਆਂ 'ਚ ਖ਼ਾਲਿਸਤਾਨੀ ਲਹਿਰ ਵੇਲੇ ਅੰਨ੍ਹੀ ਵਹਿਸ਼ਤ ਫੈਲਾਈ। ਮੌਤ ਦੇ ਵਪਾਰੀਆਂ ਤੇ ਅਤਿ ਦੇ ਸ਼ਿਕਾਰੀਆਂ ਦੀ ਦਰਿੰਦਗੀ ਦਾ ਝੰਬਿਆ ਪੰਜਾਬ ਅੱਜ ਤੱਕ ਤਾਬ ਨਹੀਂ ਆਇਆ। ਜਿਨ੍ਹਾਂ ਦਾ ਜਸ਼ਨ ਬੱਬੂ ਮਾਨ ਤੇ ਹੋਰ ਗਵੱਈਏ ਆਪਣੇ ਗੀਤਾਂ 'ਚ ਮਨਾਉਂਦੇ ਹਨ।

ਫ਼ਿਲਮ ਸਫ਼ੇਦਪੋਸ਼ ਮੱਧ ਵਰਗ ਦੇ ਦੰਭੀ ਕਿਰਦਾਰ ਨੂੰ ਸੂਖ਼ਮ ਤਹਿਆਂ 'ਚ ਉਜਾਗਰ ਕਰਦੀ ਹੈ। ਬ੍ਰਤੀ ਦਾ ਪਿਉ (ਜਿਸ ਨੂੰ ਉਹ ਬੌਸ ਕਹਿ ਕੇ ਬੁਲਾਉਂਦਾ ਹੈ), ਭਾਈ, ਭੈਣ, ਭਾਬੀ ਅਤੇ ਜੀਜਾ ਇਸੇ ਦੰਭੀ ਕਿਰਦਾਰ ਦੀ ਨੁਮਾਇੰਦਗੀ ਕਰਦੇ ਹਨ। ਜਿਨ੍ਹਾਂ ਨੂੰ ਆਪਣੇ ਮੁੰਡੇ ਦੇ ਇਨਕਲਾਬਪਸੰਦ ਹੋਣ 'ਤੇ ਸ਼ਰਮ ਮਹਿਸੂਸ ਹੁੰਦੀ ਹੈ। ਉਹ ਬ੍ਰਤੀ ਦੇ ਦੋਸਤਾਂ ਨੂੰ ਅਪਰਾਧੀ ਕਹਿਣ ਤੱਕ ਜਾਂਦੇ ਹਨ ਪਰ ਬ੍ਰਤੀ ਦਾ ਕਹਿਣਾ ਹੈ ਕਿ ਉਸਦੇ ਦੋਸਤ ਮਿਹਨਤ-ਮਜ਼ਦੂਰੀ ਕਰਦੇ ਹਨ। ਉਹ ਸਾਡੀ ਤਰ੍ਹਾਂ ਰਿਸ਼ਵਤ, ਲੁੱਟ ਅਤੇ ਬੇਈਮਾਨੀ ਨਾਲ ਕਾਰੋਬਾਰ ਨਹੀਂ ਪਾਲਦੇ। ਮੱਧ-ਵਰਗੀ ਜਮਾਤ ਪੈਸੇ ਅਤੇ ਪੇਸ਼ੇਵਰ ਜੀਵਨ ਨੂੰ ਤਰਜੀਹ ਦਿੰਦੀ ਹੈ ਅਤੇ ਮੁਲਕ ਦੀ ਬਹੁਗਿਣਤੀ ਦੀ ਮਾੜੀ ਹਾਲਤ ਵੱਲ ਸਾਜ਼ਸ਼ੀ ਨੀਅਤ ਨਾਲ ਅੱਖਾਂ ਮੁੰਦ ਲੈਂਦੀ ਹੈ। ਇਹ ਜਮਾਤ ਲਗਾਤਾਰ ਇਨ੍ਹਾਂ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਂਦੀ ਰਹਿੰਦੀ ਹੈ। ਬ੍ਰਤੀ ਦਾ ਕਹਿਣਾ ਹੈ ਕਿ ਉਸ ਨੂੰ ਬੌਸ ਨਾਲ ਨਫ਼ਰਤ ਨਹੀਂ ਹੈ। ਉਹ ਬੌਸ ਦੇ ਜਮਾਤੀ ਕਿਰਦਾਰ ਨੂੰ ਨਫ਼ਰਤ ਕਰਦਾ ਹੈ। ਸਾਡੇ ਸਮਿਆਂ 'ਚ ਇਸ ਜਮਾਤ ਨੂੰ ਹੋਰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਇਨ੍ਹਾਂ ਦੀਆਂ ਤਨਖਾਹਾਂ ਅਤੇ ਭੱਤੇ ਲਗਾਤਾਰ ਵਧ ਰਹੇ ਹਨ। ਪੱਕੀ ਭਰਤੀ ਅਤੇ ਠੇਕਾ ਭਰਤੀ ਵਾਲੇ ਕਾਮਿਆਂ ਦੀਆਂ ਤਨਖ਼ਾਹਾਂ ਅਤੇ ਭੱਤਿਆਂ ਵਿਚਲਾ ਫਰਕ ਪਾੜੇ ਨੂੰ ਹੋਰ ਮੋਕਲਾ ਕਰਦਾ ਹੈ। ਗ਼ਰੀਬ ਮਜ਼ਦੂਰ ਅਤੇ ਕਿਸਾਨ ਦੀ ਤਾਂ ਗੱਲ ਛੱਡ ਦੇਵੋ। ਮੱਧ-ਵਰਗ ਨੂੰ ਮੁਲਕ ਤਰੱਕੀ ਦੀ ਸ਼ਿਖ਼ਰ 'ਤੇ ਚੜ੍ਹਿਆ ਜਾਪਦਾ ਹੈ। ਵੀਹ ਰੁਪਏ ਤੋਂ ਹੇਠਾਂ ਗੁਜ਼ਾਰਾ ਕਰਦੀ ਮੁਲਕ ਦੀ ਸਤੱਤਰ ਫ਼ੀਸਦੀ ਆਬਾਦੀ 'ਤਰੱਕੀ ਦੇ ਮੀਨਾਰ' 'ਤੇ ਚੜਿਆਂ ਨੂੰ ਦਿਸਣੀ ਬੰਦ ਹੋ ਜਾਂਦੀ ਹੈ। ਇਹ ਤਬਕਾ ਆਪਣੇ ਨਿੱਜੀ ਅਤੇ ਮਨਸੂਈ ਆਲਮ 'ਚ ਜਿਉਂਦਾ ਹੈ ਜਿਨ੍ਹਾਂ ਦੀ ਤੰਦ ਮੁਲਕ ਦੀ ਬਹੁਗਿਣਤੀ ਤੋਂ ਤੋੜ ਦਿੱਤੀ ਗਈ ਹੈ। ਫ਼ਿਲਮ ਇਸ ਜਮਾਤ ਦੇ ਦੰਭੀ ਕਿਰਦਾਰ ਨੂੰ ਨੰਗਾ ਕਰਦੀ ਹੈ।


ਸਮੁੱਚੇ ਰੂਪ 'ਚ ਫ਼ਿਲਮ ਇਤਿਹਾਸ ਦੇ ਉਨ੍ਹਾਂ ਪੰਨਿਆਂ ਦਾ ਜ਼ਿਕਰ ਛੇੜਦੀ ਹੈ ਜਦੋਂ 'ਜਮਹੂਰੀ' ਕਹਾਉਣ ਵਾਲੀ ਸਰਕਾਰ ਨੇ ਆਪਣੇ ਹੀ ਲੋਕਾਂ ਦੇ ਖ਼ਿਲਾਫ਼ ਜੰਗ ਛੇੜੀ ਅਤੇ ਮੁਲਕ ਦੇ ਸੰਵਿਧਾਨ ਨੂੰ ਪਿੱਠ ਦਿਖਾ ਦਿੱਤੀ। ਹੱਕ ਅਤੇ ਰੋਟੀ ਮੰਗਦੀ ਆਵਾਮ 'ਤੇ ਬਾਰੂਦ ਛਿੜਕਿਆ ਗਿਆ ਅਤੇ ਮੁਲਕ ਦੇ ਕੀਮਤੀ ਸਰਮਾਏ (ਜਵਾਨੀ) ਨੂੰ ਬੁੱਚੜਖ਼ਾਨਿਆਂ ਦਾ ਰਾਹ ਦਿਖਾਇਆ ਗਿਆ।

ਡਾ. ਜਗਤਾਰ ਦੇ ਸ਼ਬਦਾਂ 'ਚ,
ਹਰ ਮੋੜ 'ਤੇ ਸਲੀਬਾਂ ਹਰ ਪੈਰ 'ਤੇ ਹਨੇਰਾ,
ਫਿਰ ਵੀ ਅਸੀਂ ਝੁਕੇ ਨਾ ਸਾਡਾ ਵੀ ਦੇਖ ਜੇਰਾ।


(ਲੇਖ ਵਿੱਚ ਚਰਚਾ ਦਾ ਵਿਸ਼ਾ ਬਣੇ ਅਰਜਨਟੀਨਾ ਦੇ ਤਾਨਾਸ਼ਾਹ ਨੂੰ ਪਿਛਲੇ ਦਿਨੀਂ ਸਜ਼ਾ ਸੁਣਾਈ ਗਈ ਹੈ। ਇਹ ਖ਼ਬਰ ਪਾਠਕ ਦੀ ਦਿਲਚਸਪੀ ਦਾ ਸਬੱਬ ਹੋ ਸਕਦੀ ਹੈ। (10 ਜੁਲਾਈ 2012))

Thursday 15 December 2011

ਜ਼ਿੰਦਗੀ ਦੀ ਸੱਚਾਈ 'ਬਾਈ ਸਾਈਕਲ ਥੀਵਜ਼'

ਮਹਿਬੂਬ ਬਰਾੜ ਫ਼ਿਲਮਸਾਜ਼ ਹੈ ਜਿਸ ਨੇ ਕਿਸਾਨੀ ਸੰਕਟ ਬਾਬਤ ਦਸਤਾਵੇਜ਼ੀ ਫ਼ਿਲਮ 'ਲਾਲ ਫ਼ਸਲ' ਨਾਲ ਸ਼ੁਰੂਆਤ ਕੀਤੀ ਸੀ ਮਹਿਬੂਬ ਹੁਣ ਫ਼ੀਚਰ ਫ਼ਿਲਮ ਲਿਖ ਰਿਹਾ ਹੈ ਅਤੇ ਰਾਮ ਗੋਪਾਲ ਵਰਮਾ ਦੀ ਕੰਪਨੀ ਵਿੱਚ ਕੰਮ ਕਰਦਾ ਹੈ ਫ਼ਿਲਮਾਂ ਦੇਖਣ ਅਤੇ ਪੜ੍ਹਣ ਦੀ ਮੱਸ ਉਸ ਦੀ ਹਰ ਗੱਲ ਵਿੱਚੋਂ ਝਲਕਦੀ ਹੈ ਫ਼ਿਲਮ 'ਬਾਈ ਸਾਈਕਲ ਥੀਵਜ਼' ਦੀ ਪੜਚੋਲ ਉਸ ਦੇ ਸੁਭਾਅ, ਜਗਿਆਸਾ ਅਤੇ ਸੰਵੇਦਨਾ ਦਾ ਮੁਜ਼ਾਹਰਾ ਕਰਦੀ ਹੈ ਇਸ ਜਗਿਆਸਾ ਦਾ ਜਾਗਰੂਕਤਾ ਦੇ ਰਾਹ ਪੈ ਜਾਣਾ ਦੋਸਤਾਂ-ਮਿੱਤਰਾਂ ਲਈ ਖ਼ੁਸ਼ੀ ਦੀ ਗੱਲ ਹੈ ਮਿੱਤਰਾਂ ਦੀ ਖ਼ੁਸ਼ੀ ਦੇ ਸਮਾਜ ਦੀ ਬਿਹਤਰੀ ਦਾ ਸਬੱਬ ਬਣਨ ਦੀਆਂ ਸੰਭਾਵਨਾਵਾਂ ਸਦਾ ਸਲਾਮਤ ਰਹਿਣ

ਇਸ ਲੇਖ ਬਾਬਤ ਦੂਜਾ ਅਹਿਮ ਮਸਲਾ ਫ਼ਿਲਮਸਾਜ਼ਾਂ ਦੇ 'ਬਾਈ ਸਾਈਕਲ ਥੀਵਜ਼' ਬਾਬਤ ਲਿਖੇ ਲੇਖ ਹਨ। ਇਸ ਤੋਂ ਪਹਿਲਾਂ ਜਤਿੰਦਰ ਮੌਹਰ ਦਾ ਲੇਖ ਪੰਜਾਬੀ ਕਲਾਵੇਅਰ ਉੱਤੇ ਛਾਪਿਆ ਸੀ। ਇਨ੍ਹਾਂ ਦੋਵਾਂ ਲੇਖਾਂ ਵਿੱਚ ਦੋ ਫ਼ਿਲਮਸਾਜ਼ਾਂ ਦੀਆਂ ਦੋ ਪੜ੍ਹਤਾਂ ਤੀਜੀ ਪੜ੍ਹਤ ਲਈ ਰਾਹ ਪੱਧਰਾ ਕਰਦੀਆਂ ਹਨ।

ਮਹਿਬੂਬ ਬਰਾੜ

ਫ਼ਿਲਮ ਬਾਕੀ ਕਲਾਵਾਂ ਵਾਂਗ ਸਾਡੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਛੂੰਹਦੀ ਹੈ। ਇਹ ਕਲਾ ਦਾ ਅਜਿਹਾ ਰੂਪ ਹੈ, ਜਿਸ ਨਾਲ ਹਰ ਬੰਦਾ ਆਪਣੇ ਆਪ ਨੂੰ ਜੋੜ ਸਕਦਾ ਹੈ। ਇਹ ਅਜਿਹਾ ਜ਼ਰੀਆ ਹੈ ਜੋ ਮਨੋਰੰਜਨ ਵੀ ਕਰਦਾ ਹੈ ਅਤੇ ਜਾਗਰੂਕ ਵੀ। ਫ਼ਿਲਮ ਇਨਸਾਨ ਨੂੰ ਭਾਵੁਕ, ਸਰੀਰਿਕ, ਮਾਨਸਿਕ ਅਤੇ ਰੁਹਾਨੀ ਪੱਧਰ 'ਤੇ ਛੂੰਹਦੀ ਹੈ ਅਤੇ ਸਾਡੀ ਸੋਚ ਅਤੇ ਫ਼ੈਸਲਿਆਂ ਉੱਤੇ ਅਸਰਅੰਦਾਜ਼ ਹੁੰਦੀ ਹੈ। ਫ਼ਿਲਮ ਅਜਿਹਾ ਸਾਹਿਤ ਹੈ, ਜਿਸ ਨੂੰ ਵੇਖਿਆ-ਸੁਣਿਆ ਜਾ ਸਕਦਾ ਹੈ। ਫ਼ਿਲਮਾਂ ਦੀ ਇਹ ਖਾਸ ਗੱਲ ਇਹ ਹੈ ਕਿ ਇਹ ਦਸਤਾਵੇਜ਼ ਵਜੋਂ ਵੀ ਕੰਮ ਕਰਦੀਆਂ ਨੇ। ਬੈਟਲਸ਼ਿਪ ਪੋਟੈਂਪਕਿੰਨ, ਬਰੇਵਹਾਰਟ, ਮੇਰੇ ਅਪਨੇ ਆਦਿ ਕੁਝ ਅਜਿਹੀਆਂ ਫ਼ਿਲਮਾਂ ਨੇ ਜੋ ਸਾਨੂੰ ਆਪਣੇ ਸਮੇਂ ਦੇ ਹਾਲਾਤ ਅਤੇ ਸੰਘਰਸ਼ ਬਾਬਤ ਦੱਸਦੀਆਂ ਨੇ। ਦੂਜੇ ਆਲਮੀ ਯੁੱਧ ਤੋਂ ਬਾਅਦ ਪੂਰੀ ਦੁਨੀਆਂ ਸਿਆਸੀ, ਸਮਾਜਿਕ ਅਤੇ ਆਰਥਿਕ ਮੰਦੇ ਦਾ ਸ਼ਿਕਾਰ ਸੀ। ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਸੀ। ਦੁਨੀਆਂ ਦੇ ਬਾਕੀ ਦੇਸ਼ਾਂ ਦੀ ਤਰ੍ਹਾਂ ਇਟਲੀ ਵੀ ਯੁੱਧ ਦੀ ਕੀਮਤ ਅਦਾ ਕਰ ਰਿਹਾ ਸੀ। ਲੋਕ ਵੱਡੀ ਤਾਦਾਦ ਵਿੱਚ ਬੇਰੁਜ਼ਗਾਰ ਸਨ।

ਸੰਨ 1946 ਇਟਲੀ 'ਚ ਵਿਟੋਰੀਓ ਡੀ ਸਿਕਾ ਦੇ ਨਿਰਦੇਸ਼ਨ ਹੇਠ ਫ਼ਿਲਮ ਬਣੀ 'ਬਾਈਸਿਕਲ ਥੀਵਜ਼।' ਇਸ ਫ਼ਿਲਮ ਵਿੱਚ ਦਿਖਾਇਆ ਗਿਆ ਕਿ ਕਿਵੇਂ ਹਾਲਾਤ ਆਮ ਬੰਦੇ ਨੂੰ ਇਮਾਨਦਾਰ ਤੋਂ ਬੇਈਮਾਨ ਬਣਨ ਲਈ ਮਜਬੂਰ ਕਰ ਦਿੰਦੇ ਨੇ। ਇਹ ਅਜਿਹੇ ਬੰਦੇ (ਰਿਚੀ) ਦੀ ਕਹਾਣੀ ਹੈ ਜੋ ਬਹੁਤ ਹੀ ਗ਼ਰੀਬੀ ਦੀ ਹਾਲਤ ਵਿੱਚ ਜ਼ਿੰਦਗੀ ਗੁਜ਼ਾਰ ਰਿਹਾ ਹੈ। ਉਸ ਨੂੰ ਕੰਧਾਂ 'ਤੇ ਪੋਸਟਰ ਚਿਪਕਾਉਣ ਦਾ ਕੰਮ ਮਿਲ ਜਾਂਦਾ ਹੈ। ਇੱਕੋ-ਇੱਕ ਸ਼ਰਤ ਹੈ ਕਿ ਉਸ ਕੋਲ ਆਪਣਾ ਸਾਈਕਲ ਹੋਣਾ ਚਾਹੀਦਾ ਹੈ। ਘਰ ਦਾ ਸਾਮਾਨ ਵੇਚ ਕੇ ਉਹ ਸਾਈਕਲ ਤਾਂ ਲੈ ਲੈਂਦਾ ਹੈ ਪਰ ਪਹਿਲੇ ਹੀ ਦਿਨ ਜਦੋਂ ਕੰਮ 'ਤੇ ਜਾਂਦਾ ਹੈ ਤਾਂ ਉਸ ਦਾ ਸਾਈਕਲ ਚੋਰੀ ਹੋ ਜਾਂਦੀ ਹੈ। ਬਹੁਤ ਜ਼ਿਆਦਾ ਲੱਭਣ 'ਤੇ ਜਦੋਂ ਉਸ ਨੂੰ ਸਾਈਕਲ ਨਹੀਂ ਲੱਭਦਾ ਤਾਂ ਉਹ ਹਾਰ ਕੇ ਸਾਈਕਲ ਚੋਰੀ ਕਰਦਾ ਹੈ ਅਤੇ ਫੜਿਆ ਜਾਂਦਾ ਹੈ।

ਇਹ ਫ਼ਿਲਮ ਇਟਲੀ ਵਿੱਚ ਚੱਲ ਰਹੀ 'ਨੀਓ ਰਿਅਲਿਜ਼ਮ' ਕਲਾ ਮੁਹਿੰਮ ਦਾ ਹਿੱਸਾ ਸੀ, ਜਿਸ ਵਿੱਚ ਆਮ ਲੋਕਾਂ ਨੂੰ ਅਦਾਕਾਰ ਵਜੋਂ ਲਿਆ ਜਾਂਦਾ ਸੀ ਅਤੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਕਹਾਣੀ ਵਜੋਂ ਇਹ ਫ਼ਿਲਮਾਂ ਬਹੁਤ ਘੱਟ ਬਜਟ ਵਿੱਚ ਅਸਲ ਥਾਵਾਂ 'ਤੇ ਫ਼ਿਲਮਾਈਆਂ ਜਾਂਦੀਆਂ ਸੀ। ਇਸ ਫ਼ਿਲਮ ਨੇ ਬਿਮਲ ਰਾਏ ਵਰਗੇ ਨਿਰਦੇਸ਼ਕ ਨੂੰ 'ਦੋ ਬੀਘਾ ਜ਼ਮੀਨ' ਵਰਗੀ ਫ਼ਿਲਮ ਬਣਾਉਣ ਵਾਸਤੇ ਪ੍ਰੇਰਿਆ। ਦੋਵਾਂ ਫ਼ਿਲਮਾਂ ਵਿੱਚ ਸਮੁੱਚੇ ਪਰਿਵਾਰ ਦਾ ਸੰਘਰਸ਼ ਦਿਖਾਇਆ ਗਿਆ ਹੈ। ਦੋਵੇਂ ਫ਼ਿਲਮਾਂ ਵਿੱਚ ਪਰਿਵਾਰ ਆਪਸ ਵਿੱਚ ਬਹੁਤ ਮਜ਼ਬੂਤੀ ਨਾਲ ਜੁੜੇ ਹੋਏ ਹਨ। ਰਿਚੀ ਜਦੋਂ ਆਪਣੀ ਪਤਨੀ ਨੂੰ ਨੌਕਰੀ ਮਿਲਣ ਦੀ ਖ਼ਬਰ ਦੇ ਨਾਲ-ਨਾਲ ਉਸ ਨੂੰ ਦੱਸਦਾ ਹੈ ਕਿ ਨੌਕਰੀ ਲਈ ਸਾਈਕਲ ਚਾਹੀਦਾ ਹੈ। ਉਸ ਦੀ ਬੀਵੀ (ਮਾਰੀਆ) ਝੱਟ ਹੀ ਆਪਣੀਆਂ ਵਿਆਹ ਵਾਲੀਆਂ ਚਾਦਰਾਂ ਵੇਚਣ ਨੂੰ ਤਿਆਰ ਹੋ ਜਾਂਦੀ ਹੈ ਅਤੇ ਖ਼ੁਸ਼ੀ-ਖ਼ੁਸ਼ੀ ਪੈਸੇ ਰਿਚੀ ਨੂੰ ਦਿੰਦੀ ਹੈ।

ਰਿਚੀ ਜਦੋਂ ਪੈਸੇ ਲੈ ਕੇ ਸਾਈਕਲ ਲੈਣ ਜਾਂਦਾ ਹੈ ਤਾਂ ਇੱਕ ਬੰਦਾ ਚਾਦਰਾਂ ਦਾ ਬੰਡਲ ਰੱਖਣ ਆਉਂਦਾ ਹੈ। ਜਿੱਥੇ ਉਹ ਬੰਡਲ ਰੱਖਦਾ ਹੈ, ਉਥੇ ਚਾਦਰਾਂ ਦੇ ਸੈਂਕੜੇ ਬੰਡਲ ਪਏ ਹਨ। ਸਾਹਮਣੇ ਹੀ ਸਾਈਕਲਾਂ ਦੀ ਕਤਾਰ ਲੱਗੀ ਹੈ। ਇਸ ਇੱਕੋ ਦ੍ਰਿਸ਼ ਰਾਹੀਂ ਜਣੇ ਦੀ ਹੋਣੀ ਜੱਗ ਦੀ ਹੋਣੀ ਦਾ ਵਿਸਤਾਰ ਦਿੰਦਾ ਹੈ। ਰਿਚੀ ਤੋਂ ਪਹਿਲਾਂ ਸੈਂਕੜੇ ਲੋਕ ਆਪਣਾ ਸਾਮਾਨ ਵੇਚ ਕੇ ਸਾਈਕਲ ਖਰੀਦ ਚੁੱਕੇ ਨੇ। ਰਿਚੀ ਦਾ 7-8 ਸਾਲ ਦਾ ਬੇਟਾ (ਬਰੂਨੋ) ਹੈ। ਬਰੂਨੋ ਰਿਚੀ ਨੂੰ ਬਹੁਤ ਪਿਆਰ ਕਰਦਾ ਹੈ। ਸਾਈਕਲ ਨੂੰ ਚੰਗੀ ਤਰ੍ਹਾਂ ਚਮਕਾਉਣ ਤੋਂ ਲੈ ਕੇ ਸਾਈਕਲ ਲੱਭਣ ਤੱਕ ਉਹ ਆਪਣੇ ਬਾਪ ਦੇ ਨਾਲ ਰਹਿੰਦਾ ਹੈ। ਬਰੂਨੋ ਆਪਣੀਆਂ ਬੱਚਿਆਂ ਵਾਲੀਆਂ ਹਰਕਤਾਂ ਨਾਲ ਫ਼ਿਲਮ ਵਿੱਚ ਹਾਸਾ ਭਰਦਾ ਹੈ।

ਰਿਚੀ ਦੀ ਟੁੱਟਦੀ ਹੋਈ ਹਿੰਮਤ ਨੂੰ ਨਿਰਦੇਸ਼ਕ ਨੇ ਬੜੇ ਕਲਾਤਮਕ ਢੰਗ ਨਾਲ ਪੇਸ਼ ਕੀਤਾ ਹੈ। ਨਿਰਾਸ਼ ਰਿਚੀ ਆਖ਼ਰ ਬਰੂਨੋ ਨੂੰ ਲੈ ਕੇ ਉਸੇ ਭਵਿੱਖ ਦੱਸਣ ਵਾਲੀ ਔਰਤ ਕੋਲ ਜਾਂਦਾ ਹੈ, ਜਿਸ ਕੋਲ ਜਾਣ 'ਤੇ ਫ਼ਿਲਮ ਦੇ ਸ਼ੁਰੂ ਵਿੱਚ ਉਹ ਮਾਰੀਆ ਨੂੰ ਡਾਂਟਦਾ ਹੈ। ਨਿਰਾਸ਼ ਰਿਚੀ ਇੱਕ ਸਟੇਡੀਅਮ ਦੇ ਬਾਹਰ ਪਹੁੰਚਦਾ ਹੈ, ਜਿੱਥੇ ਫੁਟਬਾਲ ਦਾ ਮੈਚ ਚੱਲ ਰਿਹਾ ਹੈ। ਉੱਥੇ ਸਾਈਕਲ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ। ਸਾਰੇ ਪਾਸੇ ਉਸ ਨੂੰ ਸਾਈਕਲ ਹੀ ਸਾਈਕਲ ਨਜ਼ਰ ਆ ਰਹੇ ਨੇ। ਸਾਰਾ ਕੁਝ ਉਸ ਦੇ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਹੈ ਅਤੇ ਉਹ ਸਾਈਕਲ ਚੋਰੀ ਕਰਨ ਦਾ ਮਨ ਬਣਾ ਲੈਂਦਾ ਹੈ।

ਫ਼ਿਲਮ ਦਾ ਅੰਤ ਬਹੁਤ ਮਾਰਮਿਕ ਹੈ ਜੋ ਵੇਖਣ ਵਾਲੇ ਨੂੰ ਅੰਦਰ ਤਕ ਝੰਜੋੜ ਕੇ ਰੱਖ ਦਿੰਦਾ ਹੈ। ਟੁੱਟ ਚੁੱਕਿਆ ਰਿਚੀ ਸਾਈਕਲ ਚੋਰੀ ਕਰਨ ਦਾ ਮਨ ਬਣਾਉਣ ਤੋਂ ਬਾਅਦ ਬਰੂਨੋ ਨੂੰ ਘਰ ਜਾਣ ਲਈ ਕਹਿੰਦਾ ਹੈ। ਰਿਚੀ ਸਾਈਕਲ ਚੋਰੀ ਕਰ ਕੇ ਭੱਜਦਾ ਹੈ। ਲੋਕਾਂ ਦੀ ਭੀੜ ਉਸ ਦਾ ਪਿੱਛਾ ਕਰਦੀ ਹੈ ਅਤੇ ਉਸ ਨੂੰ ਫੜ ਲੈਂਦੀ ਹੈ। ਲੋਕ ਬੁਰੀ ਤਰ੍ਹਾਂ ਨਾਲ ਉਸ ਨੂੰ ਮਾਰਦੇ ਨੇ। ਫੁੱਟਬਾਲ ਦੇ ਮੈਦਾਨ ਤੋਂ ਬਾਹਰ ਬਿਨਾ ਪਾਲਾਬੰਦੀ ਅਤੇ ਕਾਇਦੇ-ਕਾਨੂੰਨ ਦੀ ਖੇਡ ਖੇਡਦੇ ਹਨ। ਰਿਚੀ ਉਹ ਗੇਂਦ ਬਣ ਗਿਆ ਜਿਸ ਉਹ ਗੇਂਦ ਬਣ ਗਿਆ ਜਿਸ ਨੂੰ ਮਾਰਨ-ਕੁੱਟਣ ਦੇ ਨਾਲ ਗਾਲਾਂ ਕੱਢੀਆਂ ਜਾ ਸਕਦੀਆਂ ਹਨ। ਬਰੂਨੋ ਇਹ ਸਾਰਾ ਕੁਝ ਦੇਖ ਲੈਂਦਾ ਹੈ ਅਤੇ ਰਿਚੀ ਵੱਲ ਭੱਜਦਾ ਹੈ। ਰਿਚੀ ਕੁੱਟ ਤੋਂ ਬੇਧਿਆਨਾ ਬਰੂਨੋ ਨੂੰ ਆਪਣੇ ਵੱਲ ਆਉਂਦਾ ਹੋਇਆ ਦੇਖਦਾ ਹੈ। ਬਰੂਨੋ ਆ ਕੇ ਆਪਣੇ ਬਾਪ ਦੀਆਂ ਲੱਤਾਂ ਨੂੰ ਚੰਬੜ ਜਾਂਦਾ ਹੈ। ਦਰਦਮੰਦੀ ਮਾਸੂਮ ਬੱਚੇ ਦੇ ਹਵਾਲੇ ਨਾਲ ਬੇਦਰਦੀ ਦੀ ਹਮਲਾਵਰ ਚਾਦਰ ਚਾਕ ਕਰਦੀ ਹੈ। ਸਾਈਕਲ ਦਾ ਮਾਲਕ ਬਰੂਨੋ ਦੀ ਸ਼ਕਲ ਵੇਖ ਕੇ ਪੁਲੀਸ ਵਿੱਚ ਰਿਪੋਰਟ ਦਰਜ ਕਰਵਾਉਣ ਤੋਂ ਇਨਕਾਰ ਕਰ ਦਿੰਦਾ ਹੈ। ਬਾਪ ਜੋ ਬੇਟੇ ਦਾ ਨਾਇਕ ਹੁੰਦਾ ਹੈ, ਹਾਲਾਤ ਦੀ ਮਜਬੂਰੀ ਵਿੱਚ ਬੇਬਸ ਹੋ ਕੇ ਚੋਰ ਬਣ ਜਾਂਦਾ ਹੈ। ਇਸੇ ਹੀ ਆਤਮ ਗਿਲਾਨੀ ਵਿੱਚ ਰਿਚੀ ਭੀੜ 'ਚੋਂ ਬਰੂਨੋ ਦਾ ਹੱਥ ਫੜ ਕੇ ਤੁਰਿਆ ਜਾਂਦਾ ਹੈ।

ਫ਼ਿਲਮ ਵਿੱਚ ਸਾਈਕਲ ਨੂੰ ਗ਼ਰੀਬ ਬੰਦੇ ਦੀ ਖ਼ੁਸ਼ਹਾਲੀ ਦੀ ਉਮੀਦ ਵਜੋਂ ਵਿਖਾਇਆ ਗਿਆ ਹੈ। ਜਿਸ ਸਮੇਂ ਇਹ ਫ਼ਿਲਮ ਬਣੀ ਸੀ ਉਸ ਸਮੇਂ ਇਟਲੀ ਦੇ 25 ਫ਼ੀਸਦੀ ਲੋਕ ਬੇਰੁਜ਼ਗਾਰ ਸਨ। ਫ਼ਿਲਮ ਵਿੱਚ ਸਾਈਕਲ ਦਾ ਗੁਆਚਣਾ ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ 'ਗੋਦਾਨ' ਵਿਚਲੀ ਗਾਂ ਦਾ ਮਰਨਾ ਯਾਦ ਕਰਵਾਉਂਦਾ ਹੈ। ਕਿਸਾਨ ਨੂੰ ਸਾਈਕਲ ਦਾ ਗੁਆਚਣਾ ਖੜ੍ਹੀ ਫ਼ਸਲ ਦੇ ਖ਼ਰਾਬ ਹੋਣ ਦੀ ਯਾਦ ਕਰਾਉਂਦਾ ਹੈ। ਸਾਈਕਲ ਦਾ ਗੁਆਚਣਾ ਮੈਨੂੰ ਇਹ ਯਾਦ ਕਰਾਉਂਦਾ ਹੈ ਕਿ ਮੈਂ ਉਸ ਦਿਨ ਕੀ ਗੁਆ ਲਿਆ ਸੀ, ਜਿਸ ਦਿਨ ਮੇਰੇ ਬਾਪ ਦੀ ਮੌਤ ਹੋਈ ਸੀ।

Wednesday 14 December 2011

ਰੌਕ ਸੰਗੀਤ ਦੀ ਨਾਬਰ ਰਵਾਇਤ ਅਤੇ 'ਰੌਕ ਸਟਾਰ'

ਜਤਿੰਦਰ ਮੌਹਰ

ਪਿੱਛੇ ਜਿਹੇ ਪਰਦਾਪੇਸ਼ ਹੋਈ ਫ਼ਿਲਮ ਰੌਕ ਸਟਾਰ ਨੇ ਚੰਗੀ ਵਿੱਤੀ ਕਾਮਯਾਬੀ ਹਾਸਲ ਕੀਤੀ। ਫ਼ਿਲਮ ਪੜਚੋਲ ਦੇ ਕਾਲਮਾਂ 'ਚ ਰੌਕ ਸਟਾਰ ਨੂੰ ਖ਼ੂਬ ਸਲਾਹਿਆ ਗਿਆ। ਕਿਸੇ ਨੂੰ ਇਹ ਫ਼ਿਲਮ ਪੰਜਾਬੀ ਦੇ ਮਹਾਨ ਕਵੀ ਬਾਬਾ ਵਾਰਿਸ ਸ਼ਾਹ ਦੀ ਅਜੋਕੇ ਯੁੱਗ ਦੀ ਹੀਰ-ਰਾਂਝਾ ਲੱਗੀ ਤੇ ਕਿਸੇ ਨੂੰ ਇਨਕਲਾਬੀ। ਕੋਈ ਇਸ ਨੂੰ 'ਤਾਜ਼ਾ ਸੂਫ਼ੀਆਨਾ ਕਲਾਮ' ਮੰਨਦਾ ਹੈ। ਫ਼ਿਲਮ ਰਣਬੀਰ ਕਪੂਰ ਦੀ ਲਗਾਤਾਰ ਬੰਨ੍ਹ ਕੇ ਰੱਖਣ ਵਾਲੀ ਅਦਾਕਾਰੀ ਅਤੇ ਨਵੀਂ ਕੁੜੀ ਨਰਗਿਸ ਫਾਖ਼ਰੀ ਦੀ ਭੁੱਲਣਯੋਗ ਅਦਾਕਾਰੀ ਨਾਲ ਸ਼ਿੰਗਾਰੀ ਹੋਈ ਹੈ। ਫ਼ਿਲਮ ਦੇ ਹਦਾਇਤਕਾਰ ਇਮਤਿਆਜ਼ ਅਲੀ ਹਨ ਜਿਨ੍ਹਾਂ ਨੇ ਪਹਿਲਾਂ 'ਸੋਚਾ ਨਾ ਥਾ', 'ਜਬ ਵੀ ਮੈੱਟ', 'ਲਵ ਆਜ-ਕੱਲ੍ਹ' ਜਿਹੀਆਂ ਰੁਮਾਂਸਵਾਦੀ ਫ਼ਿਲਮਾਂ ਬਣਾਈਆਂ ਹਨ। ਨਿੱਜੀ ਤੌਰ 'ਤੇ ਮੈਂ ਉਨ੍ਹਾਂ ਨੂੰ ਚੰਗਾ ਅਦਾਕਾਰ ਮੰਨਦਾ ਹਾਂ। ਉਹ ਚਾਲੂ ਬਾਲੀਵੁੱਡ ਮਾਰਕਾ ਫ਼ਿਲਮਾਂ 'ਚ ਰੁਮਾਂਸ ਦਾ ਮਸਾਲਾ ਨੱਕੋ-ਨੱਕ ਭਰਨ ਲਈ ਜਾਣੇ ਜਾਂਦੇ ਹਨ। ਅਮੀਰਜ਼ਾਦਿਆਂ/ਜ਼ਾਦੀਆਂ ਦੀਆਂ ਪ੍ਰੇਮ-ਕਹਾਣੀਆਂ 'ਤੇ ਫ਼ਿਲਮਾਂ ਬਣਾਉਣ 'ਚ ਉਨ੍ਹਾਂ ਨੂੰ ਮੁਹਾਰਤ ਹਾਸਲ ਹੈ। ਉਨ੍ਹਾਂ ਦੀਆਂ ਪਿਛਲੀਆਂ ਫ਼ਿਲਮਾਂ ਦੇਖ ਕੇ ਲਗਦਾ ਹੈ ਕਿ ਅਮੀਰ ਮੁੰਡੇ-ਕੁੜੀਆਂ ਨੂੰ ਜ਼ਿੰਦਗੀ 'ਚ ਵਿਆਹ ਕਰਵਾਉਣ ਅਤੇ 'ਸੱਚਾ ਪਿਆਰ' ਲੱਭਣ ਤੋਂ ਬਿਨਾਂ ਕੋਈ ਕੰਮ ਨਹੀਂ ਹੈ। ਉਹ ਜਗ੍ਹਾ-ਜਗ੍ਹਾ ਧੱਕੇ ਖਾ ਕੇ ਆਖ਼ਰ ਆਨ੍ਹੇ ਵਾਲੀ ਥਾਂ 'ਤੇ ਆ ਜਾਂਦੇ ਹਨ ਜਿੱਥੇ ਉਨ੍ਹਾਂ ਨੂੰ 'ਸੱਚਾ ਪਿਆਰ' ਕਰਨ ਵਾਲੀ ਅਮੀਰ ਕੁੜੀ ਮਿਲ ਜਾਂਦੀ ਹੈ। ਹਰ ਵਾਰ ਅਮੀਰ ਮਸ਼ੂਕ ਹੀ ਉਨ੍ਹਾਂ ਨੂੰ 'ਸਹੀ ਰਾਹ' ਪਾਉਣ ਦਾ ਸਬੱਬ ਬਣਦੀ ਰਹੀ ਹੈ। ਫ਼ਿਲਮ ਹਦਾਇਤਕਾਰ ਸੰਜੇ ਲੀਲਾ ਭੰਸਾਲੀ ਨੂੰ ਪੁੱਛਿਆ ਗਿਆ ਕਿ ਉਸ ਦੀਆਂ ਫ਼ਿਲਮਾਂ ਅਮੀਰ ਕਿਰਦਾਰਾਂ ਬਾਰੇ ਕਿਉਂ ਹੁੰਦੀਆਂ ਹਨ? ਉਸ ਦਾ ਕਹਿਣਾ ਸੀ ਕਿ ਗ਼ਰੀਬ ਮੈਨੂੰ ਕਿਰਦਾਰਾਂ ਦੇ ਰੂਪ 'ਚ ਦਿਸਦੇ ਨਹੀਂ ਹਨ। ਨਰਕ ਜਿਹੀ ਜ਼ਿੰਦਗੀ ਜਿਉਂ ਰਹੀ ਮੁਲਕ ਦੀ ਬਹੁਗਿਣਤੀ ਦੇ ਦੁੱਖਾਂ ਨੂੰ ਵਿਸਾਰ ਦੇਣ ਦਾ ਰੁਝਾਨ ਭਾਰਤੀ-ਸਿਨੇਮੇ 'ਤੇ ਲਗਾਤਾਰ ਭਾਰੂ ਹੈ। ਬਹੁਤੇ ਫ਼ਿਲਮਸਾਜ਼ ਇਸੇ ਰੁਝਾਨ ਦੀ ਨੁਮਾਇੰਦਗੀ ਕਰਦੇ ਨਜ਼ਰ ਆਉਂਦੇ ਹਨ। ਇਮਤਿਆਜ਼ ਫ਼ਿਲਮ-ਕਲਾ ਦਾ ਹੁਨਰ ਜਾਣਦਾ ਹੈ। ਫ਼ਿਲਮ-ਸੰਗੀਤ ਅਤੇ ਰੂਪਕ ਪੱਖ ਦੀ ਸਮਝ ਰੱਖਦਾ ਹੈ। ਅਜਿਹੇ ਫ਼ਿਲਮਸਾਜ਼ ਸ਼ਹਿਰੀ ਮੱਧ ਵਰਗ ਦੇ ਹਰਮਨਪਿਆਰੇ ਬਣ ਜਾਂਦੇ ਹਨ। ਇਹੀ ਜਮਾਤ ਜਨਤਕ ਸਮਝ ਬਣਾਉਣ ਵਾਲੇ ਵਸੀਲਿਆਂ 'ਤੇ ਹਮੇਸ਼ਾਂ ਕਾਬਜ਼ ਰਹੀ ਹੈ। ਉਹ ਨਿਵੇਕਲੇਪਣ ਨੂੰ ਸਿਫ਼ਤ ਦੇ ਤੌਰ 'ਤੇ ਪੇਸ਼ ਕਰਦੇ ਹਨ।


ਜੇ ਰੌਕ ਸੰਗੀਤ ਦੇ ਇਤਿਹਾਸ ਨੂੰ ਗਹੁ ਨਾਲ ਵਾਚਿਆ ਜਾਵੇ ਤਾਂ ਸਮੁੱਚੇ ਰੂਪ 'ਚ ਇਹ ਨਾਬਰੀ ਦਾ ਸੰਗੀਤ ਮੰਨਿਆਂ ਜਾਂਦਾ ਹੈ ਜੋ ਸੱਭਿਆਚਾਰਕ, ਸਮਾਜਿਕ ਅਤੇ ਸਿਆਸੀ ਲਹਿਰਾਂ ਦਾ ਝੰਡਾਬਰਦਾਰ ਰਿਹਾ ਹੈ। ਰੌਕ ਸੰਗੀਤ ਦੀ ਸ਼ੁਰੂਆਤ ਸਿਆਹਫਾਮ ਸੰਗੀਤਕਾਰ, ਗੀਤਕਾਰ ਅਤੇ ਗਾਇਕ ਚੱਕ ਬੈਰੀ (ਅਮਰੀਕੀ) ਨੇ ਕੀਤੀ ਸੀ। ਇਹ ਸੰਗੀਤ ਮਨੋਰੰਜਨ ਕਰਨ ਤੋਂ ਵਧੇਰੇ ਨਾਬਰ-ਆਪੇ ਦੀ ਰਵਾਇਤ ਰਿਹਾ ਹੈ। ਰੌਕ ਅਤੇ ਰੋਲ ਦੇ ਮੁੱਢਲੇ ਰੂਪ ਤੋਂ ਨਿਕਲ ਕੇ ਰੌਕ ਸੰਗੀਤ ਨੇ ਨਵੀਂ ਧਾਰਨਾ ਪੇਸ਼ ਕੀਤੀ। ਸਭ ਤੋਂ ਵੱਧ ਮਸ਼ਹੂਰ ਰਿਹਾ ਰੌਕ ਬੈਂਡ 'ਬੀਟਲਜ਼' ਰੁਮਾਂਟਿਕ ਸੰਗੀਤ ਤੋਂ ਅੱਗੇ ਵਧ ਕੇ ਸਾਮਰਾਜੀ ਲਾਲਚ ਦੇ 'ਤੇਲ ਗੀਤ' ਨਾਲ ਸਿਆਸੀ ਰੁਝਾਨ ਦਾ ਹਿੱਸਾ ਬਣਦਾ ਹੈ। ਇਹ ਗੀਤ ਸਾਮਰਾਜੀ ਲੋਭ ਨੂੰ ਬੇਪਰਦ ਕਰਦਾ ਹੈ। 15 ਅਕਤੂਬਰ 1969 ਨੂੰ ਵਾਸ਼ਿੰਗਟਨ ਡੀ.ਸੀ 'ਚ ਵੀਅਤਕਾਂਗ ਜੰਗ ਦੇ ਖ਼ਿਲਾਫ਼ ਇਕੱਠੇ ਹੋਏ ਢਾਈ ਲੱਖ ਲੋਕਾਂ ਨੇ ਬੀਟਲਜ਼ ਬੈਂਡ ਦੇ ਜੌਹਨ ਲੈਨਨ ਦਾ ਗੀਤ 'ਗਿਵ ਪੀਸ ਏ ਚਾਂਸ' ਗਾਇਆ। ਜੰਗ ਦੇ ਖ਼ਿਲਾਫ ਇਹ ਸਮੂਹ ਗੀਤ ਮੰਨਿਆਂ ਜਾਂਦਾ ਹੈ। ਸੱਤਰਵਿਆਂ ਦੇ ਸ਼ੁਰੂ 'ਚ ਜੌਹਨ ਹੈਨਰੈਟੀ ਨਾਂ ਦੇ ਅਮਰੀਕੀ ਮੁੰਡੇ ਨੇ ਆਪਣੀ ਬੇਗ਼ੁਨਾਹੀ ਸਾਬਤ ਕਰਨ ਲਈ ਫਾਹਾ ਲੈ ਲਿਆ ਸੀ। ਰੌਕ ਸਟਾਰ ਜੌਹਨ ਲੈਨਨ ਨੇ ਮੁੰਡੇ ਦੇ ਕਾਤਲਾਂ ਬਾਰੇ ਲਿਖਿਆ ਕਿ ਇਹ ਉਹੀ ਨੇ ਜੋ ਅਫ਼ਰੀਕਾ 'ਚ ਸਿਆਹਫਾਮ ਲੋਕਾਂ ਨੂੰ ਗਲੀਆਂ 'ਚ ਮਾਰਦੇ ਹਨ। ਇਨ੍ਹਾਂ ਹਰਾਮੀਆਂ ਦੀ ਨਸਲ ਇੱਕ ਹੈ। ਆਲਮ 'ਤੇ ਇਨ੍ਹਾਂ ਦਾ ਦਾਬਾ ਹੈ ਤੇ ਹਰ ਜਗ੍ਹਾ ਮਨੁੱਖਤਾ ਦੇ ਕਤਲੇਆਮ ਲਈ ਬੰਦੂਕਾਂ ਚੁੱਕੀ ਫਿਰਦੇ ਹਨ। ਚਾਰੇ ਪਾਸੇ ਇਹੀ ਘਟੀਆ ਸਫ਼ੇਦਪੋਸ਼ੀ ਦ੍ਰਿਸ਼ ਚੱਲ ਰਿਹਾ ਹੈ। ਸੰਨ 1972 'ਚ ਆਇਰਲੈਂਡ 'ਚ ਵਾਪਰੇ 'ਖ਼ੂਨੀ ਐਤਵਾਰ' ਕਤਲੇਆਮ ਦੇ ਖ਼ਿਲਾਫ਼ ਜੌਹਨ ਲੈਨਨ ਨੇ 'ਆਇਰਿਸ਼ ਦੀ ਕਿਸਮਤ' ਅਤੇ 'ਐਤਵਾਰ ਖ਼ੂਨੀ ਐਤਵਾਰ' ਜਿਹੇ ਗੀਤ ਗਾਏ। ਇਸ ਕਤਲੇਆਮ 'ਚ ਵਲੈਤੀ ਫ਼ੌਜੀਆਂ ਨੇ ਜਮਹੂਰੀ ਹਕੂਕ ਲਈ ਰੋਸ ਕਰ ਰਹੇ ਤੇਰ੍ਹਾਂ ਨਿਹੱਥੇ ਨਾਗਰਿਕਾਂ ਨੂੰ ਗੋਲੀ ਮਾਰ ਦਿੱਤੀ ਸੀ। ਲੈਨਨ ਨੇ ਕਿਹਾ ਸੀ ਕਿ ਜੇ ਉਸ ਨੂੰ ਵਲੈਤੀ ਫ਼ੌਜ ਜਾਂ ਬਾਗ਼ੀ ਆਇਰਸ਼ ਰੀਪਬਲੀਕਨ ਆਰਮੀ 'ਚੋਂ ਚੋਣ ਕਰਨ ਦਾ ਮੌਕਾ ਮਿਲੇ ਤਾਂ ਉਹ ਆਇਰਸ਼ ਆਰਮੀ ਨੂੰ ਚੁਣੇਗਾ। ਵਲੈਤ ਦੀ ਖ਼ੁਫ਼ੀਆ ਏਜੰਸੀ ਐਮ-15 ਲੈਨਨ ਉੱਤੇ ਬਾਗ਼ੀਆਂ ਨੂੰ ਮਾਲੀ ਮਦਦ ਦੇਣ ਦਾ ਦੋਸ਼ ਲਾਉਂਦੀ ਰਹੀ ਹੈ। ਅਮਰੀਕੀ ਖ਼ੁਫ਼ੀਆ ਏਜੰਸੀ ਐਫ.ਬੀ.ਆਈ ਮੁਤਾਬਕ ਲੈਨਨ ਕੌਮਾਂਤਰੀ ਮਾਰਕਸੀ ਗੁੱਟ ਨਾਲ ਜੁੜਿਆ ਹੋਇਆ ਸੀ। ਬਾਅਦ 'ਚ ਖੱਬੇਪੱਖੀ ਚਿੰਤਕ ਤਾਰਿਕ ਅਲੀ ਨੇ ਇਸਦੀ ਪੁਸ਼ਟੀ ਕੀਤੀ ਸੀ। ਜੰਗ ਦੇ ਵਿਰੁਧ ਉਸਦੇ ਗਾਣੇ 'ਕ੍ਰਿਸਮਿਸ ਮੁਬਾਰਕ-ਜੰਗ ਖ਼ਤਮ ਹੋ ਗਈ' ਅਤੇ 'ਗਿਵ ਪੀਸ ਏ ਚਾਂਸ' ਮਸ਼ਹੂਰ ਰਹੇ। ਐਫ਼.ਬੀ.ਆਈ ਦੀਆਂ ਖ਼ੁਫ਼ੀਆਂ ਰਪਟਾਂ ਮੁਤਾਬਕ ਜੰਗ-ਵਿਰੋਧੀ ਕਾਰਕੁਨਾਂ ਵਾਂਗ ਲੈਨਨ ਦੀ ਨਿੱਜੀ ਅਤੇ ਰੋਜ਼ਮੱਰ੍ਹਾਂ ਦੀ ਜ਼ਿੰਦਗੀ 'ਤੇ ਸਖ਼ਤ ਨਿਗਾਹ ਰੱਖੀ ਜਾਂਦੀ ਸੀ।


ਕਰਟ ਕੁਬੇਨ ਨਾਂ ਦਾ ਰੌਕ ਸਟਾਰ ਮਨੁੱਖ ਨੂੰ ਸੀਲ ਖਪਤਕਾਰ ਬਣਾਉਂਦੀ ਸੋਚ ਦੇ ਖ਼ਿਲਾਫ਼ ਪੈਂਤੜਾ ਲੈਂਦਾ ਹੈ। ਕੁਬੇਨ ਦਾ ਮੰਨਣਾ ਸੀ ਕਿ ਉਸ ਦੀ ਆਪਣੀ ਪਛਾਣ ਵੀ ਖ਼ਪਤਵਾਦੀ ਸੋਚ ਨੂੰ ਹੁਲਾਰਾ ਦੇ ਰਹੀ ਹੈ। ਕੁਬੇਨ ਦੇ ਖ਼ੁਦਕੁਸ਼ੀ ਕਰਨ ਦੇ ਕਾਰਨਾਂ 'ਚੋਂ ਇਹ ਫਿਕਰ ਵੀ ਅਹਿਮ ਮੰਨਿਆ ਜਾਂਦਾ ਹੈ। ਅਮਰੀਕਨ ਕੁੜੀ ਨਾਲ ਹੋਏ ਬਲਾਤਕਾਰ ਦੀ ਖ਼ਬਰ ਅਖ਼ਬਾਰ 'ਚ ਪੜ੍ਹ ਕੇ ਕੁਬੇਨ ਨੇ ਉਹਦੇ ਦੁੱਖ ਦਾ ਗੀਤ ਬਣਾਇਆ ਸੀ। ਵੀਹਵੀਂ ਸਦੀ ਦੇ ਸੱਠਵੇਂ ਤੇ ਸੱਤਰਵੇਂ ਦਹਾਕੇ ਦੇ ਰੌਕ ਸਟਾਰਾਂ ਨੇ ਪ੍ਰਬੰਧ ਦੇ ਖ਼ਿਲਾਫ਼ ਖੁੱਲ੍ਹ ਕੇ ਲਿਖਿਆ ਤੇ ਗਾਇਆ। ਬੌਬ ਡਿਲਨ ਤੇ ਹੋਰ ਰੌਕ ਸਟਾਰ ਮਨੁੱਖੀ ਹਕੂਕ ਦੀਆਂ ਲਹਿਰਾਂ ਦੇ ਸਮਰਥਕ ਅਤੇ ਵੀਅਤਕਾਂਗ ਦੇ ਖ਼ਿਲਾਫ਼ ਅਮਰੀਕੀ ਨੀਤੀਆਂ ਦੇ ਸਖ਼ਤ ਵਿਰੋਧੀ ਰਹੇ। ਬੌਬ ਡਿਲਨ ਵਰਗਿਆਂ ਨੇ ਰੋਸ-ਧਰਨਿਆਂ 'ਚ ਹਿੱਸਾ ਲਿਆ ਅਤੇ ਰੌਕ ਸੰਗੀਤ ਨੂੰ ਲੋਕਾਂ ਦੀ ਆਵਾਜ਼ ਬਣਾਇਆ। 'ਹੂ' ਵਰਗੇ ਰੌਕ ਗਵੱਈਆਂ ਨੇ ਸੱਠਵਿਆਂ 'ਚ ਆਪਣੇ ਗੀਤ ਨਾਬਰ ਮੁੰਡੇ-ਕੁੜੀਆਂ ਦੇ ਨਾਮ ਕੀਤੇ। ਸੰਨ 1978-79 ਦੇ ਸਾਲਾਂ 'ਚ ਪੰਕ ਰੌਕ ਨੇ ਪ੍ਰਬੰਧ ਦੇ ਖ਼ਿਲਾਫ਼ ਸਿਆਸੀ ਸੁਰ ਹੋਰ ਤਿੱਖੀ ਕੀਤੀ। ਜਮੈਕਾ ਦਾ ਬੌਬ ਮਾਰਲੇ ਗੋਰਿਆਂ ਦੀ ਸਰਦਾਰੀ ਦੇ ਮੁਕਾਬਲੇ ਸਿਆਹਫਾਮ ਬੰਦੇ ਅਤੇ ਅਫ਼ਰੀਕਾ ਦੀ ਪਛਾਣ ਦਾ ਝੰਡਾ ਬੁਲੰਦ ਕਰਦਾ ਹੈ। ਉਹ ਅਫ਼ਰੀਕਾ ਨੂੰ ਮਨੁੱਖੀ ਸੱਭਿਅਤਾ ਦਾ ਕੇਂਦਰ ਬਣਾਉਂਦਾ ਹੈ। 'ਪਿੰਕ ਫਲੋਇਉਡ' ਬੈਂਡ ਦਾ ਗੀਤ 'ਦਿ ਵਾਲ' ਲੋਕ-ਵਿਰੋਧੀ ਸਿੱਖਿਆ ਪ੍ਰਬੰਧ ਨੂੰ ਤਬਾਹ ਕਰਨ ਦਾ ਸੁਨੇਹਾ ਦਿੰਦਾ ਹੈ ਜਿਸ ਦੇ ਫ਼ਿਲਮਾਂਕਣ 'ਚ ਬੱਚੇ ਸਕੂਲ ਦੀਆਂ ਕੰਧਾਂ ਤੋੜਦੇ ਦਿਖਾਏ ਗਏ ਹਨ। ਅਜੋਕੇ ਦੌਰ 'ਚ ਪਾਕਿਸਤਾਨ ਦਾ ਲਾਲ ਬੈਂਡ ਮੁਲਕ ਦੇ ਸਮਾਜਿਕ ਅਤੇ ਸਿਆਸੀ ਹਾਲਾਤ ਨਾਲ ਲਗਾਤਾਰ ਜੁੜਦਾ ਹੈ। ਉਹ ਮੁਜਾਰਿਆਂ ਨੂੰ ਜ਼ਮੀਨਾਂ ਦੇਣ ਦੀ ਲਹਿਰ 'ਜ਼ਮੀਨੀ-ਸੁਧਾਰ ਲਈ ਲੰਬੀ ਯਾਤਰਾ' ਦਾ ਹਿੱਸਾ ਬਣਦਾ ਹੈ। ਸਮੁੱਚੇ ਰੂਪ 'ਚ ਰੌਕ ਸੰਗੀਤ ਸਮਾਜਿਕ ਨਾਬਰਾਬਰੀ ਦੇ ਖ਼ਿਲਾਫ਼ ਮਨੁੱਖ ਦੀ ਆਵਾਜ਼ ਬਣਦਾ ਰਿਹਾ ਹੈ ਭਾਵਂੇ ਇਸ ਸੰਗੀਤ ਨੂੰ ਹਿੱਪੀਆਂ ਨੇ ਆਪਣੀ ਨਿੱਜੀ ਪਛਾਣ ਦੇ ਦਿਖਾਵੇ ਵਜੋਂ ਵੀ ਵਰਤਿਆ ਸੀ। ਜਿਮ ਮੌਰੀਸਨ ਹਿੱਪੀਆਂ ਦਾ ਨੁਮਾਇੰਦਾ ਗਾਇਕ ਸੀ। ਹਿੱਪੀਆਂ ਦੇ ਸਰੋਕਾਰ ਸਮਾਜੀ ਨਾ ਹੋ ਕੇ ਸ਼ਖ਼ਸੀ ਖੁੱਲ੍ਹਾਂ ਤੱਕ ਮਹਿਦੂਦ ਸਨ। ਉਹ ਲੋਕ-ਸਮੱਸਿਆਵਾਂ ਦੇ ਸਾਂਝੇ ਹੱਲ ਦਾ ਵਿਚਾਰ ਪੇਸ਼ ਨਹੀਂ ਕਰਦੇ। ਮਸਲਾ ਵਿਚਾਰਨਾ ਬਣਦਾ ਹੈ ਕਿ ਕਲਾ ਨੂੰ ਅਸੀਂ ਸਰਬੱਤ ਦੇ ਭਲੇ ਲਈ ਵਰਤਣਾ ਹੈ ਜਾਂ ਸਿਰਫ਼ ਤੇ ਸਿਰਫ਼ ਨਿੱਜਵਾਦ ਦੇ ਰਾਮ-ਰੌਲੇ ਦਾ ਸ਼ੋਰ ਬਣਾਉਣਾ ਹੈ। ਇਸੇ ਪ੍ਰਸੰਗ 'ਚ ਇਮਤਿਆਜ਼ ਦੀ 'ਰੌਕ ਸਟਾਰ' ਨੂੰ ਦੇਖਿਆ ਜਾ ਸਕਦਾ ਹੈ।

'ਰੌਕ ਸਟਾਰ' ਹਰਿਆਣਵੀ ਮੁੰਡੇ ਜਨਾਰਧਨ ਜਾਖੜ ਉਰਫ਼ ਜੇ.ਜੇ ਉਰਫ਼ ਜਾਰਡਨ ਅਤੇ ਉਸ ਦੀ ਮਸ਼ੂਕ ਹੀਰ ਕੌਲ ਦੀ ਕਹਾਣੀ ਹੈ। ਰੌਕ ਸਟਾਰ ਸਿਰਲੇਖ ਤੋਂ ਲੱਗਦਾ ਹੈ ਕਿ ਫ਼ਿਲਮ ਨਾਇਕ ਦੇ ਸੰਗੀਤਕ-ਸਫ਼ਰ ਦੀ ਕਹਾਣੀ ਹੋਵੇਗੀ ਜਿਸ ਨੂੰ ਸੰਗੀਤ ਨਾਲ ਅੰਤਾਂ ਦਾ ਪਿਆਰ ਹੋਵੇਗਾ। ਕਹਾਣੀ ਮੁਤਾਬਕ ਜੇ.ਜੇ ਬਚਪਨ ਤੋਂ ਗਿਟਾਰ ਵਜਾਉਂਦਾ ਰਿਹਾ ਹੈ ਪਰ ਫ਼ਿਲਮ ਦੇਖਣ ਤੋਂ ਬਾਅਦ ਲਗਦਾ ਹੈ ਕਿ ਉਸ ਨੂੰ ਸੰਗੀਤ ਨਾਲ ਕੋਈ ਪਿਆਰ ਨਹੀਂ ਹੈ। ਉਹਦਾ ਪਿਆਰ ਤਾਂ ਹੀਰ ਨਾਲ ਹੈ। ਜਦੋਂ ਹੀਰ ਦਾ ਵਿਆਹ ਹੋਇਆ ਤਾਂ ਜੇ.ਜੇ ਗਾਉਣਾ ਛੱਡ ਗਿਆ। ਘਰਦਿਆਂ ਦਾ ਘਰੋਂ ਕੱਢਿਆ ਦਰਗਾਹ 'ਚ ਪਹੁੰਚ ਗਿਆ ਤੇ ਫਿਰ ਗਾਉਣ ਲੱਗ ਪਿਆ। ਜੇ ਹੀਰ ਨਾ ਹੁੰਦੀ ਤਾਂ ਉਹ ਗਾਇਕ ਹੀ ਨਾ ਬਣਦਾ। ਜੇ ਫ਼ਿਲਮ ਦਾ ਸਿਰਲੇਖ ਰੌਕ ਸਟਾਰ ਦੀ ਥਾਂ 'ਏਕ ਦੀਵਾਨਾ' ਜਾਂ 'ਏਕ ਆਸ਼ਿਕ' ਜਾਂ 'ਸਨਕੀ ਪਗਲਾ ਦੀਵਾਨਾ' ਹੁੰਦਾ ਤਾਂ ਵੀ ਕੋਈ ਫ਼ਰਕ ਨਹੀਂ ਸੀ ਪੈਣਾ। ਰੌਕ ਸਟਾਰ ਦੀ ਥਾਂ ਉਸ ਦਾ ਕਿੱਤਾ ਟਰੱਕ-ਡਰਾਇਵਰੀ ਜਾਂ ਸਕੂਟਰ ਮਕੈਨਿਕੀ ਹੋਣ ਨਾਲ ਵੀ ਕੰਮ ਚਲ ਜਾਣਾ ਸੀ। ਸਵਾਲ ਹੈ ਕਿ ਰੌਕ ਸਟਾਰ ਦਾ ਸੰਗੀਤਕ-ਸਫ਼ਰ ਕਿੱਥੇ ਹੈ? ਮੁੱਢਲੇ ਦੌਰ 'ਚ ਉਸ ਨੂੰ ਲੱਲੂ ਕਿਸਮ ਦਾ ਬੰਦਾ ਦਿਖਾਇਆ ਗਿਆ ਹੈ। ਉਹ ਉਸ ਵੇਲੇ ਵੀ 'ਬਰਬਾਦ ਅਲਫ਼ਾਜ਼' ਜਿਹੇ ਗੀਤ ਲਿਖ ਅਤੇ ਗਾ ਰਿਹਾ ਹੈ। ਕਾਮਯਾਬੀ ਮਿਲਣ 'ਤੇ ਵੀ ਉਸੇ ਤਰ੍ਹਾਂ ਦੇ ਗੀਤ ਗਾ ਰਿਹਾ ਹੈ। ਹੀਰ ਨਾਲ ਇਸ਼ਕ ਹੋਣ ਤੋਂ ਬਾਅਦ (ਜਿਵੇਂ ਫ਼ਿਲਮ 'ਚ ਸਿੱਧ ਕੀਤਾ ਗਿਆ ਹੈ), ਉਸ ਦੇ ਵਿਚਾਰਾਂ ਅਤੇ ਕਲਾ 'ਚ ਆਈ ਤਬਦੀਲੀ ਅਤੇ ਪਕਿਆਈ ਸਮਝ ਤੋਂ ਬਾਹਰ ਹੈ। ਉਹ ਸ਼ੂਰੂ ਤੋਂ ਹੀ ਅੰਤਰਜਾਮੀ ਜਾਪਦਾ ਹੈ। ਫ਼ਿਲਮ ਦੀ ਪੜਚੋਲ ਇਸ ਤਰ੍ਹਾਂ ਨਹੀਂ ਕੀਤੀ ਜਾ ਸਕਦੀ ਕਿ ਇਸ ਵਿੱਚ ਸੂਫ਼ੀ ਗਾਣਾ ਵੀ ਹੈ। 'ਸਾਡਾ ਹੱਕ' ਜਿਹਾ 'ਇਨਕਲਾਬੀ' ਗੀਤ ਵੀ ਹੈ। ਫ਼ਿਲਮ ਦੀ ਸਮੁੱੱਚਤਾ ਵੀ ਕੋਈ ਸ਼ੈਅ ਹੁੰਦੀ ਹੈ ਕਿ ਆਖ਼ਰ ਉਹ ਕਿਸ ਮਿੱਟੀ 'ਤੇ ਖੜ੍ਹ ਕੇ ਸੰਬੋਧਤ ਹੁੰਦੀ ਹੈ? ਇਸੇ ਰੁਝਾਨ 'ਚ ਬੱਬੂ ਮਾਨ ਆਪਣੇ ਗਾਣਿਆਂ ਨੂੰ 'ਸਰਕਾਰ ਵਿਰੋਧੀ' ਪ੍ਰਚਾਰ ਕੇ 'ਇਨਕਲਾਬੀ' ਕਹਾਈ ਜਾਂਦਾ ਹੈ। ਉਸ ਨੂੰ ਪੋਰਸ, ਹਿਟਲਰ, ਬਾਬਾ ਨਾਨਕ, ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਜਗਤਾਰ ਹਵਾਰਾ, ਬੰਦਾ ਸਿੰਘ ਬਹਾਦਰ, ਮੌਤ ਦੇ ਵਪਾਰੀ ਅਤੇ ਅਤਿ ਦੇ ਸ਼ਿਕਾਰੀ ਸਾਰੇ ਜੱਟ ਲੱਗੀ ਜਾਂਦੇ ਹਨ। ਉਹ ਸਾਰਿਆਂ ਦਾ ਜਸ਼ਨ ਮਨਾਈ ਜਾਂਦਾ ਹੈ।

ਜੇ.ਜੇ ਸ਼ਹਿਨਾਈ ਵਾਦਕ ਬਣੇ ਸ਼ੰਮੀ ਕਪੂਰ ਦਾ ਮਜ਼ਾਕ ਉਡਾਉਂਦਾ ਹੈ। ਉਸ ਦਾ ਮੰਨਣਾ ਹੈ ਕਿ ਸ਼ਾਸਤਰੀ ਸੰਗੀਤ ਸਮਝ ਨਹੀਂ ਆਉਂਦਾ ਇਸ ਕਰਕੇ ਗਾਉਣ ਦਾ ਕੋਈ ਮਤਲਬ ਨਹੀਂ ਹੈ। ਸ਼ੰਮੀ ਕਪੂਰ ਇਸ ਗੱਲ ਦਾ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੰਦਾ। ਅਸਲ 'ਚ ਇਹ ਕਲਾ ਦੀ ਵੰਨ-ਸਵੰਨਤਾ ਨੂੰ ਛੁਟਿਆਉਣ ਦਾ ਯਤਨ ਹੈ। ਜੇ.ਜੇ ਦੇ ਕਿਰਦਾਰ 'ਚ ਕੋਈ ਸਿਫ਼ਤੀ ਤਬਦੀਲੀ ਨਹੀਂ ਆਉਂਦੀ। ਉਹ ਸਾਰੀ ਫ਼ਿਲਮ 'ਚ ਇੱਕੋ-ਜਿਹਾ ਰਹਿੰਦਾ ਹੈ। ਸਮਝ ਨਹੀਂ ਆਉਂਦਾ ਕਿ ਉਸ ਨੂੰ ਗੁੱਸਾ ਕਿਸ ਗੱਲ ਦਾ ਹੈ? ਮੰਨਿਆ ਕਿ ਪਹਿਲਾਂ ਉਸ ਨੂੰ ਪਤਾ ਨਹੀਂ ਸੀ ਕਿ ਉਹ ਹੀਰ ਨੂੰ ਪਿਆਰ ਕਰਦਾ ਹੈ। ਜਦੋਂ ਪਤਾ ਲੱਗ ਗਿਆ ਤਾਂ ਬੋਲ ਦਿਓ। ਬਿਨਾਂ ਗੱਲੋਂ ਔਖਾ ਹੋਇਆ ਫਿਰਦਾ ਹੈ। ਫ਼ਿਲਮ ਦੀ ਹੀਰ ਦਾ ਬਾਬੇ ਵਾਰਸ ਦੀ ਹੀਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਬਾਬੇ ਵਾਰਸ ਦੀ ਹੀਰ ਸਮਾਜਿਕ, ਇਨਸਾਫ਼-ਪ੍ਰਬੰਧ (ਕਾਜ਼ੀ) ਅਤੇ ਧਾਰਮਿਕ ਦਾਬੇ (ਮੌਲਵੀ) ਦੇ ਖ਼ਿਲਾਫ਼ ਨਾਬਰੀ ਦੀ ਆਵਾਜ਼ ਬਣਦੀ ਹੈ ਪਰ ਹੀਰ ਕੌਲ ਦਾ ਆਪਹੁਦਰਾਪਣ ਚੋਰੀ ਛੁਪੇ 'ਜੰਗਲੀ ਜਵਾਨੀ' ਫ਼ਿਲਮ ਦੇਖਣ ਤੱਕ ਮਹਿਦੂਦ ਹੈ। ਅੰਦਰ ਹੀ ਅੰਦਰ ਘੁਟਦੀ ਹੋਈ ਮੌਤ ਦੇ ਕੰਢੇ 'ਤੇ ਪਹੁੰਚ ਜਾਂਦੀ ਹੈ। ਦੋਵੇਂ ਮੁੱਖ ਕਿਰਦਾਰ ਸਨਕੀ ਤੇ ਮਾਨਸਿਕ ਰੋਗੀ ਲਗਦੇ ਹਨ। ਸਾਰੀ ਫ਼ਿਲਮ ਥੋਪੇ ਹੋਏ ਅਹਿਸਾਸ ਦੀ ਕਹਾਣੀ ਹੈ। ਮੂਲ ਰੂਪ 'ਚ ਫ਼ਿਲਮ ਬਾਲੀਵੁੱਡ ਮਾਰਕਾ ਮਸਾਲਾ ਫ਼ਿਲਮਾਂ ਦੀ ਅਗਲੀ ਕੜੀ ਹੈ।

ਕੋਈ ਰੌਕ ਗਾਉਣ ਵਾਲਾ ਕੁੜੀ ਦੇ ਇਸ਼ਕ 'ਚ ਪਾਗ਼ਲ ਹੋ ਕੇ ਰੌਕ ਸਟਾਰ ਨਹੀਂ ਬਣਿਆ। ਰੌਕ ਸੰਗੀਤ ਨਾਲ ਜੁੜੇ ਗਾਇਕ ਪੇਸ਼ੇਵਰ, ਸਮਾਜਿਕ ਅਤੇ ਸਿਆਸੀ ਸਮਝ ਰੱਖਣ ਵਾਲੇ ਬੰਦੇ ਰਹੇ ਹਨ। ਫ਼ਿਲਮ 'ਚ ਤਿੱਬਤ ਦੇ ਧੁੰਦਲੇ ਕੀਤੇ ਝੰਡਿਆਂ ਅਤੇ ਇਸ਼ਤਿਹਾਰਾਂ ਨੂੰ ਗੀਤ 'ਚ ਦਿਖਾਇਆ ਗਿਆ ਹੈ। ਕਸ਼ਮੀਰੀ ਲੋਕਾਂ ਅਤੇ ਨਿਹੰਗਾਂ ਤੋਂ 'ਸਾਡਾ ਹੱਕ, ਐਥੇ ਰੱਖ' ਦੇ ਕੁਝ ਪਲਾਂ ਲਈ ਨਾਅਰੇ ਲਗਵਾ ਕੇ ਕੰਮ ਨਹੀਂ ਸਾਰਿਆ ਜਾ ਸਕਦਾ। ਰੌਕ ਸਟਾਰ ਦੀ ਇਨ੍ਹਾਂ ਨਾਲ ਕੀ ਤੰਦ ਜੁੜਦੀ ਹੈ? ਉਹ ਇਨ੍ਹਾਂ ਮੁੱਦਿਆਂ ਨਾਲ ਕਿਸ ਤਰ੍ਹਾਂ ਦਾ ਸੰਵਾਦ ਰਚਾਉਂਦਾ ਹੈ ਅਤੇ ਕਦੋਂ ਰਚਾਉਂਦਾ ਹੈ? ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਮਿਲਦਾ। ਚੀਨ ਦੇ ਖ਼ਿਲਾਫ਼ ਤਿੱਬਤੀਆਂ ਦੇ ਦ੍ਰਿਸ਼ਾਂ ਨੂੰ ਮੀਡੀਆ 'ਚ ਖ਼ੂਬ ਉਛਾਲਿਆ ਗਿਆ। ਸੈਂਸਰ ਬੋਰਡ ਨੇ ਤਿੱਬਤੀ ਵਿਰੋਧ ਦੇ ਝੰਡਿਆਂ ਨੂੰ ਧੁੰਦਲਾ ਕਰਵਾ ਦਿੱਤਾ। ਹਦਾਇਤਕਾਰ ਨੇ ਚੂੰ ਨਹੀਂ ਕੀਤੀ ਕਿਉਂਕਿ ਇਹ ਇਸ਼ਤਿਹਾਰਬਾਜ਼ੀ ਤੋਂ ਵਧੇਰੇ ਕੁਝ ਨਹੀਂ ਸੀ। ਜੇ ਹਦਾਇਤਕਾਰ ਆਪਣੇ ਦ੍ਰਿਸ਼ ਬਾਬਤ ਸੁਹਿਰਦ ਹੁੰਦਾ ਤਾਂ ਉਹ ਦ੍ਰਿਸ਼ ਪਾਸ ਕਰਾਉਣ ਲਈ ਮੀਡੀਆ ਤੋਂ ਲੈ ਕੇ ਅਦਾਲਤ ਤੱਕ ਪਹੁੰਚ ਕਰਦਾ। ਇਮਤਿਆਜ਼ ਨੇ ਅਜਿਹੀ ਕੋਈ ਸਿਦਕਦਿਲੀ ਨਹੀਂ ਦਿਖਾਈ। ਫ਼ਿਲਮ ਦੇ ਕਿਰਦਾਰ ਇੱਕ ਵੀ ਜਗ੍ਹਾ ਕਿਸੇ ਸਮਾਜਿਕ ਜਾਂ ਸਿਆਸੀ ਬਹਿਸ ਦਾ ਹਿੱਸਾ ਨਹੀਂ ਬਣਦੇ। ਸਿਰਫ਼ ਗਾਣਾ ਗਾ ਕੇ ਡੰਗ ਟਪਾਇਆ ਗਿਆ ਹੈ। ਕਿਸੇ ਵੀ ਤਰ੍ਹਾਂ ਦੀ ਸਮਝ ਬਣਨ ਅਤੇ ਨਿਖਰਨ ਦਾ ਕੋਈ ਸਫ਼ਰ ਹੁੰਦਾ ਹੈ। ਇਹ ਸਫ਼ਰ ਫ਼ਿਲਮ 'ਚੋਂ ਗਾਇਬ ਹੈ। ਬਾਲੀਵੁੱਡ ਨੇ ਲੋਕ-ਮੁੱਦਿਆਂ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਉਲਟਾ, ਉਹ ਇਨ੍ਹਾਂ ਬਾਬਤ ਸੰਜੀਦਾ ਸੰਵਾਦ ਨੂੰ ਲੀਹੋਂ ਲਾਹੁਣ ਦਾ ਕੰਮ ਤਨਦੇਹੀ ਨਾਲ ਕਰਦੇ ਹਨ। ਮਣੀ ਰਤਨਮ ਇਸ ਰੁਝਾਨ ਦਾ ਨੁਮਾਇੰਦਾ ਫ਼ਿਲਮਸਾਜ਼ ਹੈ। ਕਸ਼ਮੀਰ-ਸਮੱਸਿਆ 'ਤੇ ਉਸਦੀ ਫ਼ਿਲਮ 'ਰੋਜ਼ਾ', ਬਾਬਰੀ ਮਸਜਿਦ ਦੀ ਸ਼ਹੀਦੀ ਤੋਂ ਬਾਅਦ ਹੋਏ ਸੰਨ 1993 ਦੇ ਮੁਸਲਿਮ-ਵਿਰੋਧੀ ਦੰਗਿਆਂ 'ਤੇ ਬਣੀ 'ਬੰਬਈ', ਉੱਤਰ-ਪੂਰਬ ਦੇ ਹਾਲਾਤ 'ਤੇ 'ਦਿਲ ਸੇ', ਬੰਗਾਲ ਦੀ ਵਿਦਿਆਰਥੀ ਸਿਆਸਤ ਬਾਰੇ 'ਯੁਵਾ' ਅਤੇ ਮਾਓਵਾਦੀ ਲਹਿਰ ਹੇਠਲੇ ਖਿੱਤੇ ਬਾਰੇ 'ਰਾਵਣ' ਜਿਹੀਆਂ ਫ਼ਿਲਮਾਂ ਵਿੱਚ ਸੰਵੇਦਨਸ਼ੀਲ ਮੁੱਦਿਆਂ ਨੂੰ ਗ਼ੈਰ-ਸੰਜੀਦਾ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਜਿਨ੍ਹਾਂ ਮੁੱਦਿਆਂ ਬਾਬਤ ਮੁੱਖਧਾਰਾ 'ਚ ਇਕਪਾਸੜ ਗੱਲਬਾਤ ਕੀਤੀ ਜਾਂਦੀ ਹੈ। ਉਸੇ ਕੜੀ 'ਚ ਮਣੀ ਰਤਨਮ ਤੇ ਇਮਤਿਆਜ਼ ਵਰਗਿਆਂ ਦੀਆਂ ਫ਼ਿਲਮਾਂ ਮਸਲੇ ਨੂੰ ਹੋਰ ਵਿਗਾੜ ਕੇ ਪੇਸ਼ ਕਰਦੀਆਂ ਹਨ।

'ਰੌਕ ਸਟਾਰ' ਨਿੱਜੀ ਗੁੱਸੇ ਅਤੇ ਆਪਹੁਦਰੇਪਣ ਦਾ ਜਸ਼ਨ ਹੈ। ਅਜਿਹੀ ਨਾਬਰੀ ਪ੍ਰਬੰਧ ਨੂੰ ਹਮੇਸ਼ਾਂ ਪੁੱਗਦੀ ਰਹੀ ਹੈ। ਤੇਜਿੰਦਰਪਾਲ ਬੱਗਿਆਂ ਤੇ ਹਰਵਿੰਦਰਾਂ ਨੂੰ ਮੀਡੀਆ ਵਾਰ-ਵਾਰ ਦਿਖਾਉਂਦਾ ਹੈ। ਪ੍ਰਬੰਧ ਉਨ੍ਹਾਂ ਦੀ ਸਰਪ੍ਰਸਤੀ ਕਰਦਾ ਹੈ ਕਿਉਂਕਿ ਉਹ ਜੱਥੇਬੰਦਕ ਨਾਬਰੀ ਤੋਂ ਡਰਦਾ ਹੈ। ਹੱਕੀ ਮੰਗਾਂ ਲਈ ਸਮੂਹ ਦੇ ਰੂਪ 'ਚ ਆਏ ਲੋਕਾਂ ਨੂੰ ਹਮੇਸ਼ਾਂ ਅਮਨ-ਕਨੂੰਨ ਦੀ ਸਮੱਸਿਆ ਦੇ ਰੂਪ 'ਚ ਪੇਸ਼ ਕੀਤਾ ਜਾਂਦਾ ਰਿਹਾ ਹੈ। 'ਰੌਕ ਸਟਾਰ' ਨੂੰ ਰੌਕ ਸੰਗੀਤ ਦੀ ਨਾਬਰ ਰਵਾਇਤ ਅਤੇ ਇਤਿਹਾਸ ਨਾਲ ਜੋੜ ਕੇ ਹੀ ਸਮਝਿਆ ਜਾ ਸਕਦਾ ਹੈ ਜਿਸ ਦੇ ਕਲਾਕਾਰਾਂ ਨੇ ਸਮਾਜਿਕ ਅਤੇ ਸਿਆਸੀ ਸਮਝ ਦੀਆਂ ਸਾਂਝੀਆਂ ਮੁਕਾਮੀ, ਕੌਮੀ ਅਤੇ ਕੌਮਾਂਤਰੀ ਤੰਦਾਂ ਪੇਸ਼ ਕਰਨ ਦਾ ਇਤਿਹਾਸ ਸਿਰਜਿਆ ਹੈ।

Wednesday 30 November 2011

ਹਿਟਲਰ-ਗੋਬਲਜ਼ ਦੀ ਵਿਰਾਸਤ ਅਤੇ ਕਾਟਿਆਂ ਦੀ ਨਾਬਰੀ

ਦਲਜੀਤ ਅਮੀ

ਜ਼ੀ ਟੈਲੀਵਿਜ਼ਨ ਦਾ ਲੜੀਵਾਰ 'ਹਿਟਲਰ ਦੀਦੀ' ਆਪਣੇ ਨਾਮ ਕਾਰਨ ਵਿਵਾਦ ਦਾ ਸਬੱਬ ਬਣਿਆ ਹੈ। ਅਮਰੀਕਾ ਵਿੱਚ ਸਰਗਰਮ ਐਂਟੀ-ਡੈਫ਼ੇਮੇਸ਼ਨ ਲੀਗ (ਏ.ਡੀ.ਐਲ.) ਦੇ ਨਿਰਦੇਸ਼ਕ ਅਬਰਾਹਿਮ ਫੌਕਸਮੈਨ ਨੇ ਚੈਨਲ ਦੇ ਮੁੱਖ ਅਧਿਕਾਰੀ ਪੁਨੀਤ ਗੋਇਨਕਾ ਅਤੇ ਚੇਅਰਮੈਨ ਸੁਭਾਸ਼ ਚੰਦਰਾ ਨੂੰ ਚਿੱਠੀ ਲਿਖੀ ਹੈ ਕਿ ਹਿਟਲਰ ਵਰਗਾ ਨਾਮ ਕਿਸੇ ਘਰੇਲੂ ਲੜੀਵਾਰ ਨੂੰ ਸੋਭਦਾ ਨਹੀਂ। ਉਨ੍ਹਾਂ ਚਿੱਠੀ ਵਿੱਚ ਲਿਖਿਆ ਹੈ, "ਹਿਟਲਰ ਸ਼ਬਦ ਕਿਸੇ ਟੈਲੀਵਿਜ਼ਨ ਚੈਨਲ ਦੇ ਸੋਪ ਉਪੇਰਾ ਦੇ ਨਾਮ ਵਜੋਂ ਢੁਕਵਾਂ ਨਹੀਂ ਹੈ। ਅਜਿਹਾ ਨਾਮ ਰੱਖ ਕੇ ਨਿਰਮਾਤਾ ਨੇ ਵੱਡੀ ਗ਼ਲਤੀ ਕੀਤੀ ਹੈ ਜਿਸ ਨੂੰ ਨਾਮ ਬਦਲ ਕੇ ਸੁਧਾਰਿਆ ਜਾ ਸਕਦਾ ਹੈ। ਹਿਟਰਲ ਸਾਮੀ ਨਸਲ ਵਿਰੋਧੀ ਹੋਣ ਦੇ ਨਾਲ ਮੂਲਵਾਦੀ ਤਾਨਾਸ਼ਾਹ ਸੀ ਜਿਸ ਨੇ ਯਹੂਦੀਆਂ ਨੂੰ ਯੂਰਪ ਵਿੱਚੋਂ ਖ਼ਤਮ ਕਰਨ ਲਈ ਭਿਆਨਕ ਕਤਲੇਆਮ ਕੀਤਾ। ਹਿਟਲਰ ਦੇ ਨਾਮ ਵਾਲੇ ਲੜੀਵਾਰ ਨੂੰ ਲੱਖਾਂ ਭਾਰਤੀ ਦਰਸ਼ਕਾਂ ਨੂੰ ਦਿਖਾਉਣਾ ਕਿਸੇ ਸਦਮੇ ਤੋਂ ਘੱਟ ਨਹੀਂ ਹੈ। ਇਹ ਨਾਜੀ ਕਤਲੇਆਮ ਨਾਲ ਜੁੜੇ ਕਾਤਲ ਦੇ ਨਾਮ ਨੂੰ ਛੁਟਿਆਉਣ ਵਾਲੀ ਗੱਲ ਹੈ। ਸਾਨੂੰ ਹਿਟਲਰ ਦਾ ਨਾਮ ਬੇਮਿਸਾਲ ਖਲਨਾਇਕ ਵਜੋਂ ਰਾਖਵਾਂ ਰੱਖਣਾ ਚਾਹੀਦਾ ਹੈ। ਟੈਲੀਵਿਜ਼ਨ ਲੜੀਵਾਰ ਦਾ ਨਾਮ ਉਸ ਦੇ ਨਾਮ ਉੱਤੇ ਰੱਖ ਕੇ ਹਿਟਲਰ ਅਤੇ ਕਤਲੇਆਮ ਦੀ ਵਿਰਾਸਤ ਨੂੰ ਛੁਟਿਆਇਆ ਨਹੀਂ ਜਾਣਾ ਚਾਹੀਦਾ।"


ਛੇ ਜਣਿਆਂ ਦੇ ਟੱਬਰ ਦਾ ਢਿੱਡ ਭਰਨ ਲਈ ਚੱਤੇਪਹਿਰ ਰੁਝੀ, ਨਾਖ਼ੁਸ਼ਗਵਾਰ ਯਾਦਾਂ ਵਿੱਚ ਘਿਰੀ ਅਤੇ ਬਾਕੀਆਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣ ਵਾਲੀ ਬੀਬੀ ਨੂੰ ਹਿਟਲਰ ਕਹਿਣਾ ਤਾਂ ਗ਼ਲਤ ਹੈ। ਲੜੀਵਾਰ ਵਿੱਚ ਕਿਰਦਾਰ ਦਾ ਰੁਖ਼ ਜਾਂ ਖ਼ਾਸਾ ਬਦਲਣ ਨੂੰ ਸਮਾਂ ਨਹੀਂ ਲੱਗਦਾ ਪਰ ਪਿਛਲੀ ਸਦੀ ਦੇ ਇਤਿਹਾਸ ਨੂੰ ਮਨੁੱਖੀ ਖ਼ੂਨ ਅਤੇ ਖਾਲਸ ਨਸਲ ਵਰਗੀਆਂ ਧਾਰਨਾਵਾਂ ਨਾਲ ਪਲੀਤ ਕਰਨ ਵਾਲੇ ਬੰਦਾ ਦਾ ਨਾਮ ਇਸ ਤਰ੍ਹਾਂ ਵਰਤਣ ਦੀ ਇਹ ਵਿੱਕੋਲਿਤਰੀ ਮਿਸਾਲ ਨਹੀਂ ਹੈ। ਇਸ ਰੁਝਾਨ ਦੀ ਸੰਜੀਦਾ ਨਜ਼ਰਸਾਨੀ ਤੋਂ ਪਹਿਲਾਂ ਕੁਝ ਗੱਲਾਂ ਏ.ਡੀ.ਐਲ. ਬਾਬਤ ਕਰਨੀਆਂ ਬਣਦੀਆਂ ਹਨ। ਇਸ ਦੀ ਵੈਬਸਾਇਟ ਮੁਤਾਬਕ 'ਯਹੂਦੀਆਂ ਖ਼ਿਲਾਫ਼ ਪ੍ਰਚਾਰ ਰੋਕਣ, ਇਨਸਾਫ਼ ਅਤੇ ਸਭ ਨਾਲ ਇੱਕੋ-ਜਿਹਾ ਵਰਤਾਅ ਯਕੀਨੀ ਬਣਾਉਣ ਲਈ' 1913 ਵਿੱਚ ਇਹ ਜਥੇਬੰਦੀ ਬਣਾਈ ਗਈ ਸੀ। ਹੁਣ ਇਸ ਜਥੇਬੰਦੀ ਦੇ ਆਲਮੀ ਪੱਧਰ ਉੱਤੇ ਤੀਹ ਦਫ਼ਤਰ ਹਨ ਅਤੇ ਇਸ ਨੂੰ ਇਸਰਾਈਲ ਅਤੇ ਯਹੂਦੀਆਂ ਦੀ ਅਲੰਬਰਦਾਰ ਮੰਨਿਆ ਜਾਂਦਾ ਹੈ। ਇਸ ਵੇਲੇ ਇਹ ਸੰਸਥਾ ਯਹੂਦੀਆਂ ਦੇ ਪੈਂਤੜੇ ਤੋਂ ਅਤਿਵਾਦ ਅਤੇ ਬੁਨਿਆਦਪ੍ਰਸਤੀ ਬਾਬਤ ਸਮਝ ਉਸਾਰਨ ਲਈ ਸਰਗਰਮ ਹੈ। ਇਹ 'ਇਸਰਾਈਲ ਅਤੇ ਯਹੂਦੀ ਆਲਮ ਦੀ ਸੁਰੱਖਿਆ' ਨੂੰ ਬੁਲੰਦ ਕਰਦੀ ਹੈ। ਪਿਛਲੇ ਦਿਨੀਂ ਸਪੈਨਿਸ਼ ਬੋਲੀ ਦੇ ਲਾਤੀਨੀ ਅਮਰੀਕੀ ਸੰਪਾਦਕਾਂ, ਪ੍ਰਕਾਸ਼ਕਾਂ, ਅਤੇ ਨਿਰਮਾਤਾਵਾਂ ਦਾ ਵਫ਼ਦ ਅੱਠ ਦਿਨ ਲਈ ਇਸ ਸੰਸਥਾ ਦੇ ਉਦਮ ਨਾਲ ਇਸਰਾਈਲ ਗਿਆ ਤਾਂ ਜੋ ਉਨ੍ਹਾਂ ਨੂੰ ਸੱਭਿਆਚਾਰ, ਸਮਾਜ, ਸਿਆਸਤ ਅਤੇ ਫਲਸਤੀਨ ਨਾਲ ਚਲਦੇ ਕਲੇਸ਼ ਦੀ ਸਮਝ ਆ ਸਕੇ। ਇਸ ਮੁਹਿੰਮ ਦਾ ਵਧੇਰੇ ਸਮਝ ਅਬਰਾਹਿਮ ਫੌਕਸਮੈਨ ਦੇ ਬਿਆਨ ਤੋਂ ਪੈਂਦੀ ਹੈ, "ਉੱਤਰੀ ਅਤੇ ਲਾਤੀਨੀ ਅਮਰੀਕਾ ਵਿੱਚ ਜਾਣਕਾਰੀ ਦੇ ਪਸਾਰੇ ਅਤੇ ਵਿਚਾਰ ਵਟਾਂਦਰੇ ਉੱਤੇ ਸਪੈਨਿਸ਼ ਮੀਡੀਆ ਅਸਰਅੰਦਾਜ਼ ਹੁੰਦਾ ਹੈ। ਇਹ ਇਸਰਾਈਲ ਅਤੇ ਇਸ ਦੇ ਨਾਲ ਲਗਦੇ ਖ਼ਿੱਤੇ ਬਾਬਤ ਸਮਝ ਉਸਾਰਨ ਦਾ ਅਹਿਮ ਜ਼ਰੀਆ ਹੈ।" ਇਸ ਵਫ਼ਦ ਦੇ ਪੱਤਰਕਾਰਾਂ ਨੂੰ ਇਸਰਾਈਲੀ ਪੁਲਿਸ ਦੇ ਬੁਲਾਰੇ ਨੇ ਹਾਲਾਤ ਸਮਝਾਏ ਅਤੇ ਹੈਲੀਕਾਪਰਾਂ ਵਿੱਚ ਇਲਾਕਾ ਦਿਖਾਇਆ।


ਅਜਿਹੇ ਹੈਲੀਕਾਪਟਰ ਦੌਰਿਆਂ ਤੋਂ ਬਾਅਦ ਪੱਤਰਕਾਰਾਂ ਜਾਂ ਅਖ਼ਬਾਰਾਂ ਦੇ ਪੈਂਤੜੇ ਬਦਲਣ ਦੀਆਂ ਅਨੇਕਾਂ ਮਿਸਾਲਾਂ ਹਨ। ਸੰਨ 1982 ਵਿੱਚ ਇਸਰਾਈਲ ਦੇ ਲਿਬਨਾਨ ਉੱਤੇ ਹਮਲੇ ਦਾ ਵਿਰੋਧ ਕਰਨ ਵਾਲੇ ਰੁਪਰਟ ਮਰਡੌਕ ਅਤੇ ਚਾਰਲਸ ਡਗਲਜ਼ ਦੇ ਇਸਰਾਈਲੀ ਹੈਲੀਕਾਪਟਰ ਵਿੱਚ ਝੂਟਾ ਲੈਣ ਤੋਂ ਬਾਅਦ ਬਦਲੇ ਪੈਂਤੜੇ ਦੀ ਗਵਾਹੀ ਉਨ੍ਹਾਂ ਨਾਲ 'ਟਾਈਮਜ਼' ਵਿੱਚ ਕੰਮ ਕਰਨ ਵਾਲਾ ਰੌਬਰਟ ਫਿਸਕ ਪਾਉਂਦਾ ਹੈ। ਇਸਰਾਈਲ ਦੇ ਹਮਲਾਵਰ ਰੁਖ਼ ਦੀ ਵਕਾਲਤ ਕਰਨ ਲਈ ਅਜਿਹੀਆਂ ਮੁਹਿੰਮਾਂ ਖ਼ੁਫ਼ੀਆ ਏਜੰਸੀ ਮਸਾਦ ਤੋਂ ਲੈ ਕੇ ਗ਼ੈਰ-ਸਰਕਾਰੀ ਜਥੇਬੰਦੀਆਂ ਤੱਕ ਚਲਾਉਂਦੀਆਂ ਹਨ। ਇਨ੍ਹਾਂ ਮੁਹਿੰਮਾਂ ਦੇ ਨਤੀਜੇ ਵਜੋਂ ਇਸਰਾਈਲੀ ਵਧੀਕੀਆਂ ਖ਼ਿਲਾਫ਼ ਸੰਯੁਕਤ ਰਾਸ਼ਟਰ ਵਿੱਚ ਬਹੁਗਿਣਤੀ ਦੇ ਬਾਵਜੂਦ ਮਤਾ ਪ੍ਰਵਾਨ ਨਹੀਂ ਹੁੰਦਾ। ਅਮਰੀਕੀ ਵਿਦੇਸ਼ ਨੀਤੀ ਵਿੱਚ ਇਸਰਾਈਲੀ ਦਖ਼ਲ ਅਤੇ ਅਰਥਚਾਰੇ ਵਿੱਚ ਯਹੂਦੀਆਂ ਦੀ ਹਿੱਸੇਦਾਰੀ ਦੇ ਚਰਚੇ ਆਮ ਹਨ। ਜਿਸ ਹਿਟਲਰ ਦੇ ਖ਼ੌਫ਼ ਨਾਲ ਉਹ ਆਪਣੀ ਹਰ ਕਾਰਵਾਈ ਨੂੰ ਜਾਇਜ਼ ਕਰਾਰ ਦਿੰਦੇ ਹਨ, ਉਸੇ ਦੀ ਅਮਲ ਵਿੱਚ ਨਕਲ ਕਰਦੇ ਹਨ। ਜੋ ਕੁਝ ਖਾਲਸ ਨਸਲ ਦੇ ਨਾਮ ਉੱਤੇ ਹਿਟਲਰ ਨੇ ਕੀਤਾ ਹੈ, ਉਸੇ ਦੀ ਲਗਾਤਾਰਤਾ ਵਿੱਚ ਇਸਰਾਈਲੀ-ਅਮਰੀਕੀ ਵਿਦੇਸ਼ ਨੀਤੀਆਂ ਅਤੇ ਜੰਗੀ ਮੁਹਿੰਮਾਂ ਨੂੰ ਵੇਖਿਆ ਜਾ ਸਕਦਾ ਹੈ। ਇਨ੍ਹਾਂ ਨੇ ਹਿਟਲਰ ਦੀ ਖ਼ੂਖ਼ਾਰ ਦੌਰ ਨੂੰ 'ਯਹੂਦੀ ਕਤਲੇਆਮ' ਤੱਕ ਮਹਿਦੂਦ ਕਰ ਦਿੱਤਾ ਹੈ। ਹਿਟਲਰ ਦਾ ਸਭ ਤੋਂ ਪਹਿਲਾਂ ਨਿਸ਼ਾਨਾ ਕਮਿਉਨਿਸਟ ਬਣੇ। ਬਾਅਦ ਵਿੱਚ ਯਹੂਦੀਆਂ ਦੇ ਨਾਲ ਉਸ ਨੇ ਹਰ ਤਰ੍ਹਾਂ ਦੇ ਜਥੇਬੰਦ ਜੁੱਟ ਨੂੰ ਨਿਸ਼ਾਨਾ ਬਣਾਇਆ। ਜਰਮਨ ਅਤੇ ਪੂਰਬੀ ਯੂਰਪੀ ਕਮਿਉਨਿਸਟਾਂ ਦਾ ਕਤਲੇਆਮ ਨਜ਼ਰਅੰਦਾਜ਼ ਕਰਨਾ ਅਮਰੀਕੀ ਧੜੇ ਦੇ ਨਾਲ ਸੋਵੀਅਤ ਯੂਨੀਅਨ ਨੂੰ ਵੀ ਸੂਤ ਬੈਠਦਾ ਸੀ। ਸੋਵੀਅਤ ਯੂਨੀਅਨ ਦਾ ਇੱਕ ਵੇਲੇ ਹਿਟਲਰ ਨਾਲ ਸਮਝੌਤਾ ਹੋਇਆ ਤਾਂ ਉਸ ਦਾ ਜਰਮਨ ਤੇ ਹੋਰ ਯੂਰਪੀ ਕਮਿਉਨਿਸਟਾਂ ਨਾਲੋਂ ਟੁੱਟਣਾ ਲਾਜ਼ਮੀ ਸੀ। ਅਮਰੀਕਾ ਨੂੰ ਹਰ ਤਰ੍ਹਾਂ ਦੇ ਕਮਿਉਨਿਸਟ ਨਾਮਨਜ਼ੂਰ ਸਨ। ਯਹੂਦੀਆਂ ਨੂੰ ਇਸਰਾਈਲ ਬਣਾਉਣ ਅਤੇ 'ਕਤਲੇਆਮ ਦੀ ਪੀੜਾ' ਨੂੰ ਜੁੱਟ ਵਿੱਚ ਤਬਦੀਲ ਕਰਨ ਲਈ ਕਮਿਉਨਿਸਟ ਯਹੂਦੀਆਂ ਵਾਲੀ ਪਛਾਣ ਔਕੜ ਜਾਪਦੀ ਸੀ। ਇਸ ਪੇਚੀਦਗੀ ਦੀ ਲਗਾਤਾਰਤਾ ਹੁਣ ਤੱਕ ਕਾਇਮ ਹੈ। ਬੁਨਿਆਦਪ੍ਰਸਤੀ ਖ਼ਿਲਾਫ਼ ਲੜਾਈ ਦੇ ਨਾਮ ਉੱਤੇ ਇਸਰਾਈਲੀ ਨੇ ਯਹੂਦੀ ਬੁਨਿਆਦਪ੍ਰਸਤੀ ਫੈਲਾਉਣ ਲਈ ਹਰ ਹਰਵਾ ਵਰਤਿਆ ਹੈ। ਇਸੇ ਤਰ੍ਹਾਂ ਅਮਰੀਕਾ ਪੂਰੀ ਦੁਨੀਆ ਵਿੱਚ 'ਜਮਹੂਰੀਅਤ' ਦੇ ਪਸਾਰੇ ਲਈ ਹਰ ਦਾਅ ਵਰਤ ਰਿਹਾ ਹੈ।

ਜੇ ਇਸ ਰੁਝਾਨ ਦੀ ਵੰਨ-ਸਵੰਨਤਾ ਨੂੰ ਕੁਝ ਨੁਕਤਿਆਂ ਵਿੱਚ ਸਮਝਣਾ ਹੋਵੇ ਤਾਂ ਅਮਰੀਕੀ ਕਾਰਪੋਰੇਟ, ਯਹੂਦੀ ਸੁਰੱਖਿਆ, ਤਾਲਿਬਾਨੀ ਸ਼ਰੀਅਤ ਅਤੇ ਆਲਮੀ ਸੱਭਿਆਚਾਰਕ ਪੇਸ਼ਕਾਰੀਆਂ ਦੀਆਂ ਸਾਂਝੀਆਂ ਤੰਦਾਂ ਉਜਾਗਰ ਹੁੰਦੀਆਂ ਹਨ। ਮੂਲ ਰੂਪ ਵਿੱਚ ਦੋਸਤੀਆਂ-ਦੁਸ਼ਮਣੀਆਂ ਸਮੇਤ ਇਹ ਸਾਰਾ ਰੁਝਾਨ ਖਾਲਸ ਨਸਲ ਜਾਂ ਸੋਚ ਦਾ ਆਲਮ ਉਸਾਰਨ ਦੀ ਵਕਾਲਤ ਕਰਦਾ ਹੈ। ਮਨੁੱਖੀ ਵੰਨ-ਸਵੰਨਤਾ ਨੂੰ ਖ਼ਤਮ ਕਰਕੇ ਆਪਣੀ ਪਸੰਦ ਦਾ ਆਲਮ ਉਸਾਰਨ ਵਾਲਿਆਂ ਵਿੱਚ ਚੋਖੀ ਵੰਨ-ਸਵੰਨਤਾ ਹੈ। ਬਸਤਾਨੀ ਮੁਕਾਬਲੇ ਦੀ ਤਰਜ਼ ਉੱਤੇ ਮੂਲਵਾਦੀਆਂ ਦਾ ਮੁਕਾਬਲਾ ਚੱਲ ਰਿਹਾ ਹੈ। ਕਦੇ ਭਾਰਤ ਦੀ ਸਰਜ਼ਮੀਨ ਉੱਤੇ ਫਰਾਂਸੀਸੀ, ਡਚ, ਬਰਤਾਨਵੀ ਅਤੇ ਪੁਰਤਗਾਲੀ ਬਸਤਾਨਾਂ ਨੇ ਆਪਸੀ ਜੰਗਾਂ ਲੜੀਆਂ ਸਨ। ਹੁਣ ਮਨੁੱਖ ਦੇ ਪਿੰਡੇ ਉੱਤੇ ਉਸ ਨੂੰ ਸੀਲ ਕਰਨ ਦੀ ਜੰਗ ਚੱਲ ਰਹੀ ਹੈ। ਆਪਣਾ ਬੁਨਿਆਦੀ ਮਸਲਾ ਇਸ ਰੁਝਾਨ ਦੀ ਸੱਭਿਆਚਾਰਕ ਪੇਸ਼ਕਾਰੀਆਂ ਵਿੱਚ ਹੁੰਦੀ ਨੁਮਾਇੰਦਗੀ ਦੀ ਨਿਸ਼ਾਨਦੇਹੀ ਕਰਨਾ ਹੈ।


'ਹਿਟਲਰ ਦੀਦੀ' ਦੇ ਪੱਖ ਵਿੱਚ ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਇਹ ਪਰਿਵਾਰਕ ਕਦਰਾਂ-ਕੀਮਤਾਂ ਨੂੰ ਖ਼ਤਮ ਕਰਨ ਵਾਲੀ ਮੰਡੀ ਦੀ ਨੁਮਾਇੰਦਗੀ ਕਰਦਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਨਾਮ ਜ਼ਿਆਦਾ ਸੋਚ-ਸਮਝ ਕੇ ਨਹੀਂ ਰੱਖਿਆ ਗਿਆ ਸਗੋਂ ਦਰਸ਼ਕਾਂ ਨੂੰ ਖਿੱਚਣ ਲਈ ਰੱਖ ਲਿਆ ਗਿਆ ਹੈ। ਲੜੀਵਾਰ ਦਾ ਕੰਮ ਇਸ਼ਤਿਹਾਰਬਾਜ਼ੀ ਰਾਹੀਂ ਮੁਨਾਫ਼ਾ ਕਮਾਉਣਾ ਹੈ ਅਤੇ ਇਸ ਦਾ ਹਿਟਲਰ ਨੂੰ ਵਡਿਆਉਣਾ ਜਾਂ ਉਚਿਆਉਣਾ ਮਕਸਦ ਨਹੀਂ ਹੈ। ਇਹ ਸਾਰੀਆਂ ਗੱਲਾਂ ਆਪਣੀ ਥਾਂ ਠੀਕ ਹੋ ਸਕਦੀਆਂ ਹਨ। ਸਵਾਲ ਇਹ ਹੈ ਕਿ ਸੱਭਿਆਚਾਰਕ ਪੇਸ਼ਕਾਰੀਆਂ ਸਮਕਾਲੀ ਹਕੀਕਤਾਂ ਤੋਂ ਬਿਲਕੁਲ ਅਣਭਿੱਜ ਹੁੰਦੀਆਂ ਹਨ? ਸਮਕਾਲੀ ਰੁਝਾਨ ਦੀ ਨੁਮਾਇੰਦਗੀ ਸੱਭਿਆਚਾਰਕ ਪੇਸ਼ਕਾਰੀਆਂ ਵਿੱਚ ਸਚੇਤ ਹੀ ਹੁੰਦੀ ਹੈ ਜਾਂ ਅਚੇਤ ਵੀ ਹੋ ਸਕਦੀ ਹੈ? ਜਰਮਨ (ਉਸ ਵੇਲੇ ਪੂਰਬੀ) ਦੀ ਲੇਖਕ ਕ੍ਰਿਸਟਾ ਵੌਲਫ਼ ਨੇ ਆਪਣੇ ਸਵੈਜੀਵਨੀਨੁਮਾ ਨਾਵਲ ਵਿੱਚ ਇਸ ਪੇਚੀਦਗੀ ਨੂੰ ਬਾਰੀਕੀ ਨਾਲ ਫੜਿਆ ਹੈ। ਨਾਜ਼ੀਆਂ ਨੇ ਖਾਲਸ ਨਸਲ ਦੀ ਧਾਰਨਾ ਤਹਿਤ ਆਦਰਸ਼ ਜਰਮਨ ਔਰਤ ਦਾ ਨਕਸ਼ਾ ਖਿੱਚ ਦਿੱਤਾ। ਸਕੂਲ ਵਿੱਚ ਇਤਿਹਾਸ ਪੜ੍ਹਾਉਂਦੀ ਇੱਕ ਬੀਬੀ ਦਾ ਇਹ ਨਕਸ਼ੇ ਨਾਲ ਕੁਝ ਵੀ ਮੇਲ ਨਹੀਂ ਖਾਂਦਾ। ਕਾਲੇ ਵਾਲਾਂ ਅਤੇ ਸਲੋਵਾਕੀ ਮੁਹਾਂਦਰੇ ਵਾਲੀ ਛੋਟੇ ਕੱਦ ਦੀ ਇਹ ਬੀਬੀ ਨਾਜ਼ੀ ਨਿਜ਼ਾਮ ਤੋਂ ਨਾਬਰ ਹੈ। ਉਸ ਨੂੰ ਬਹੁਤ ਦੇਰ ਬਾਅਦ ਵਿੱਚ ਸਮਝ ਆਉਂਦੀ ਹੈ ਕਿ ਸਾਲਾਂ ਬੱਧੀ ਉਸ ਨੇ ਇਤਿਹਾਸ ਪੜ੍ਹਾਉਣ ਵੇਲੇ ਯੂਰਪੀ ਸਮੱਸਿਆਵਾਂ ਦਾ ਮੂਲ ਖਾਲਸ ਨਸਲ ਵਿੱਚ ਹੋਏ ਰਲਾਅ ਨਾਲ ਜੋੜ ਕੇ ਵੇਖਿਆ ਹੈ। ਇਸ ਤਰ੍ਹਾਂ ਇਹ ਸਚੇਤ ਬੀਬੀ ਅਚੇਤ ਤੌਰ ਉੱਤੇ ਉਸੇ ਨਿਜ਼ਾਮ ਦਾ ਪੱਖ ਪੂਰਦੀ ਰਹੀ ਹੈ ਜੋ ਇਸ ਦਾ ਕਿਸੇ ਪੱਖੋਂ ਖੈਰਖਾਹ ਨਹੀਂ ਅਤੇ ਇਹ ਜਿਸ ਦੇ ਪੱਖ ਵਿੱਚ ਭੁਗਤਣਾ ਨਹੀਂ ਚਾਹੁੰਦੀ ਸੀ।


ਇਸ ਹਵਾਲੇ ਨਾਲ 'ਹਿਟਲਰ ਦੀਦੀ' ਨੂੰ ਘਟਨਾ ਦੀ ਥਾਂ ਰੁਝਾਨ ਦੀ ਕੜੀ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਪੰਜਾਬੀ ਫ਼ਿਲਮ ਬਣੀ ਹੈ, 'ਹੀਰੋ ਹਿਟਲਰ ਇੰਨ ਲਵ'। ਟੈਲੀਵਿਜ਼ਨ ਉੱਤੇ ਹੋ ਰਹੀ ਇਸ਼ਤਿਹਾਰਬਾਜ਼ੀ ਮੁਤਾਬਕ ਇਹ ਫ਼ਿਲਮ ਧੱਕੇ ਨਾਲ ਸਮਾਜਿਕ ਸੁਧਾਰ ਦਾ ਦਾਅਵਾ ਕਰਦੀ ਹੈ। ਕੁੜੀਆਂ ਨੂੰ ਰੰਨ ਤੱਕ ਮਹਿਦੂਦ ਕਰਦੀ ਅਤੇ ਮਿਰਜ਼ੇ ਦੀ ਲਾਸ਼ ਉੱਤੇ ਹਿਟਲਰ ਦਾ ਗੁਣਗਾਣ ਕਰਦੀ ਇਹ ਫ਼ਿਲਮ ਬੇਕਿਰਕ ਕਾਤਲ ਨੂੰ 'ਇਸ਼ਕਪੁਰੇ' ਦਾ ਸਰਪ੍ਰਸਤ ਬਣਾਉਂਦੀ ਹੈ। ਬੱਬੂ ਮਾਨ ਦੀ ਇਸ ਫ਼ਿਲਮ ਨੂੰ 'ਹਸ਼ਰ' ਅਤੇ 'ਏਕਮ' ਦੀ ਅਗਲੀ ਕੜੀ ਵਜੋਂ ਵੇਖਿਆ ਜਾ ਸਕਦਾ ਹੈ। ਅੰਤਿਮ ਸੱਚ ਨੂੰ ਪਹੁੰਚੇ ਨਾਇਕ ਰਾਹੀਂ ਕੁੱਟ-ਮਾਰ ਕਰਕੇ ਸਮਾਜ ਵਿੱਚ ਸੁਧਾਰ ਕਰਨਾ ਇਨ੍ਹਾਂ ਦੀ ਸਾਂਝੀ ਤੰਦ ਹੈ। ਬੱਬੂ ਮਾਨ ਦੀ ਗੱਲ ਬਾਕੀ ਸੱਭਿਆਚਾਰਕ ਪੇਸ਼ਕਾਰੀਆਂ ਤੋਂ ਨਿਖੇੜ ਕੇ ਨਹੀਂ ਕੀਤੀ ਜਾ ਸਕਦੀ। ਪੰਜਾਬੀ ਸੱਭਿਆਚਾਰ ਦੀ ਅਲੰਬਰਦਾਰੀ ਦੀ ਪੰਜਾਬੀ ਯੂਨੀਵਰਸਿਟੀ ਤੋਂ ਫ਼ਰਦ ਲੈਣ ਵਾਲਾ ਸੁਨਾਮ ਵਾਲਾ ਪੰਮੀ 'ਬਾਈ' ਗਾaਂਦਾ ਹੈ, 'ਦੋ ਚੀਜ਼ਾਂ ਜੱਟ ਮੰਗਦਾ, ਦਾਰੂ ਘਰ ਦੀ ਬੰਦੂਕ ਬਾਰਾਂ ਬੋਰ ਦੀ'। ਸ਼ਰਾਬ, ਹਥਿਆਰ, ਜਾਤ ਅਤੇ ਖਰੂਦ ਨੂੰ ਵਡਿਆਉਣ ਤੋਂ ਬਾਅਦ ਪੰਜਾਬ ਨਾਲ ਦੁਸ਼ਮਣੀ ਵਿੱਚ ਕਸਰ ਕੀ ਰਹਿ ਜਾਂਦੀ ਹੈ? ਅਕਾਲੀ ਦਲ ਦੇ ਕਾਰਕੁਨਾਂ ਦੀ ਸਰਗਰਮ ਇਸ਼ਤਿਹਾਰਬਾਜ਼ੀ ਨਾਲ ਪ੍ਰਚਾਰੀ ਗਈ ਫ਼ਿਲਮ 'ਧਰਤੀ' ਵਿੱਚ ਨਾਇਕ ਜਿੰਮੀ ਸ਼ੇਰਗਿੱਲ ਉੱਤੇ ਫ਼ਿਲਮਾਇਆ ਗਿਆ ਅਤੇ ਦਿਲਜੀਤ ਦਾ ਗਾਇਆ ਗੀਤ ਹੈ, "ਹਾਕੀਆਂ ਨਾਲ ਮਾਰ-ਮਾਰ, ਬਿਜਲੀ ਦੀ ਲਾ ਕੇ ਤਾਰ, ਵਿੱਚ ਛੱਡੂ ਜੱਟ ਚਾਰ-ਚਾਲੀ ਦਾ ਕਰੰਟ ਨੀ..." ਇਸ ਤੋਂ ਬਾਅਦ ਉਹ ਤਸ਼ਦੱਦ ਦੀਆਂ ਤਮਾਮ ਕਿਸਮਾਂ ਗਿਣਦਾ ਹੈ ਜੋ ਪੰਜਾਬ ਦੇ ਕਾਲੇ ਦੌਰ ਵਿੱਚ ਪੁਲਿਸਤੰਤਰ ਦੇ ਬਦਨਾਮ ਖ਼ਾਸੇ ਦਾ ਹਿੱਸਾ ਰਹੀਆਂ ਹਨ। ਲਾਵਾਰਸ ਲਾਸ਼ਾਂ, ਝੂਠੇ ਪੁਲਿਸ ਮੁਕਾਬਲਿਆਂ ਅਤੇ ਅਤਿਵਾਦੀਆਂ ਦੀ ਬੇਕਿਰਕੀ ਦਾ ਖ਼ੌਫ਼ ਪੈਦਾ ਕਰਨ ਵਾਲੇ ਤਸ਼ਦੱਦਖ਼ਾਨੇ ਦੀ ਸਿਖਲਾਈ ਗਾਇਕ ਦੇ ਰਹੇ ਹਨ। ਇਹ ਸਿਖਲਾਈ ਪੰਜਾਬੀ ਮੁੰਡਿਆਂ ਨੂੰ ਇਸ਼ਕ ਦੇ ਮੰਤਰ ਵਜੋਂ ਦਿੱਤੀ ਜਾ ਰਹੀ ਹੈ। ਇਨ੍ਹਾਂ ਮੁੰਡਿਆਂ ਦੇ ਹੱਥੋਂ ਕਿਤਾਬਾਂ ਛੁਡਾਉਣ ਦਾ ਕੰਮ ਗਾਇਕਾਂ ਨੇ ਕੁੰਜੀਆਂ ਛਾਪਣ ਵਾਲਿਆਂ ਤੋਂ ਜ਼ਿਆਦਾ ਮਹਾਰਤ ਨਾਲ ਕੀਤਾ ਹੈ। ਗੱਡੀਆਂ, ਹਥਿਆਰਾਂ, ਸ਼ਰਾਬ, ਗੁੰਡਾਗਰਦੀ, ਬਦਫੈਲੀ, ਕਬਜ਼ਿਆਂ ਅਤੇ ਖ਼ੁਦਕੁਸ਼ੀਆਂ ਦਾ ਲੀਹਾ ਪੱਧਰ ਕਰਨ ਵਿੱਚ ਗਾਇਕਾਂ ਨੇ ਬਹੁਤ ਹਿੱਸਾ ਪਾਇਆ ਹੈ। ਨਤੀਜੇ ਵਜੋਂ ਖੇਡ ਮੈਦਾਨ ਤੋਂ ਉਜੜੀਆਂ ਹਾਕੀਆਂ ਅਤੇ ਬੇਸਬਾਲ ਸਟਿੱਕਾਂ ਕਾਰਾਂ ਦੀਆਂ ਸੀਟਾਂ ਹੇਠਾਂ ਬੇਮੁਹਾਰ ਹਉਂਮੈ ਦੀ ਨੁਮਾਇੰਦਗੀ ਕਰਨ ਲੱਗੀਆਂ ਹਨ। ਭਰੂਣ ਹੱਤਿਆ ਦੀ ਇੱਕ ਤੰਦ ਇਨ੍ਹਾਂ ਨਾਲ ਜ਼ਰੂਰ ਜੁੜਦੀ ਹੈ। ਇਨ੍ਹਾਂ ਨੇ ਕੁੜੀਆਂ ਮਹਿਫ਼ੂਜ਼ ਨਹੀਂ ਰਹਿਣ ਦਿੱਤੀਆਂ ਅਤੇ ਮਾਪਿਆਂ ਦੀ ਮਜਬੂਰੀ ਭਰੂਣ ਦੇ ਕਤਲ ਦਾ ਫ਼ੈਸਲਾ ਲੈਣ ਵਿੱਚ ਸਹਾਈ ਹੋਈ ਹੈ। ਬਾਬੇ ਵਾਰਿਸ ਦੀ ਰੰਨ ਤੋਂ ਔਰਤ ਬਣਨ ਦੀ ਰੀਤ ਨੂੰ ਇਨ੍ਹਾਂ ਨੇ ਉਲਟਾ ਗੇੜਾ ਦਿੱਤਾ ਹੈ।


ਪੰਜਾਬ ਅੰਦਰ ਜੈਜੀ ਬੈਂਸ ਦਾ ਗੀਤ ਆਇਆ, "ਕਿਹੜਾ ਜੰਮਿਆ ਸੂਰਮਾ, ਜਿਹੜਾ ਜੱਟ ਦੀ ਚੜ੍ਹਤ ਨੂੰ ਰੋਕੇ..."। ਇਸ ਦਾ ਨਾਚ ਵੱਖਰਾ ਸੀ। ਗਾਇਕ ਅੰਗਰੇਜ਼ੀ ਬੋਲਦਾ ਸੀ। ਕੁਝ ਅਟਪਟਾ ਲੱਗਣ ਦੇ ਬਾਵਜੂਦ ਪੰਜਾਬੀਆਂ ਨੇ ਇਸ ਨੂੰ ਪ੍ਰਵਾਨ ਕਰ ਲਿਆ। ਹੌਲੀ-ਹੌਲੀ ਇਸ ਦਾ ਮੂਲ ਪ੍ਰਗਟ ਹੋਇਆ। ਇਹ ਸੂਰਮਾ ਪੰਜਾਬੀ ਬੋਲੀ ਬੋਲਦਾ ਸੀ ਪਰ ਇਸ ਦਾ ਕਾਰੋਬਾਰ ਉੱਤਰੀ ਅਮਰੀਕਾ ਦੀਆਂ ਸੜਕਾਂ ਉੱਤੇ ਚੱਲਦਾ ਸੀ। ਇਹ ਨਾਚ ਤਸਕਰਾਂ ਦੀ ਤਰਜ਼ ਉੱਤੇ ਮਛੋਹਰ ਪਾਂਡੀਆਂ ਦਾ ਜਸ਼ਨ ਹੈ। ਇਨ੍ਹਾਂ ਦੀ ਦੋ ਨੰਬਰੀ ਕਮਾਈ ਦੇ ਮਹਿੰਗੇ ਗਹਿਣੇ ਦਿਖਾਵੇ ਦਾ ਸਬੱਬ ਬਣਦੇ ਹਨ। ਸਵਾਲ ਇਹ ਹੈ ਕਿ ਜਦੋਂ ਇਹ ਗਹਿਣੇ ਖੰਡਾ ਬਣ ਕੇ ਆਏ ਤਾਂ ਅਸੀਂ ਇਸ ਦੇ ਦੁਆਲੇ ਲਿਪਟਿਆ ਸੱਭਿਆਚਾਰ ਪਛਾਣਨ ਤੋਂ ਖੁੰਝ ਗਏ ਜਾਂ ਇਸ ਦੀ ਚਕਾਚੌਂਧ ਸਾਨੂੰ ਖਰੀਦਣ ਵਿੱਚ ਕਾਮਯਾਬ ਹੋ ਗਈ? ਅਸੀਂ ਇਨ੍ਹਾਂ ਦੀ ਗਾਇਕੀ ਸੁਣਦੇ ਰਹੇ ਅਤੇ ਕੈਨੇਡਾ-ਅਮਰੀਕਾ ਵਿੱਚ ਪਾਂਡੀ ਬਣੇ ਪੰਜਾਬੀ ਮੁੰਡੇ ਅਣਆਈ ਮੌਤ ਮਰਦੇ ਰਹੇ। ਇਹ ਹਿਸਾਬ ਕਿਸੇ ਨਹੀਂ ਰੱਖਿਆ ਕਿ ਗੁੰਡਾ ਢਾਣੀਆਂ ਦੇ ਆਪਸੀ ਭੇੜ ਕਿੰਨੇ ਪੰਜਾਬੀਆਂ ਦੀ ਜਾਨ ਲੈ ਚੁੱਕੇ ਹਨ। ਬਲਜੀਤ ਸੰਗਰਾ ਦੀ ਦਸਤਾਵੇਜ਼ੀ ਫ਼ਿਲਮ 'ਵਾਰੀਅਰ ਬੁਆਏਜ਼' ਇਨ੍ਹਾਂ ਦੀ ਹੋਣੀ ਬਿਆਨ ਕਰਦੀ ਹੈ।



ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਜੀਵਨਸ਼ੈਲੀ ਉੱਤੇ ਪੈਂਦੇ ਤਤਕਾਲੀ ਅਤੇ ਚਿਰਕਾਲੀ ਅਸਰ ਬਹੁਤ ਚਿਰ ਤੋਂ ਅਧਿਐਨ ਦਾ ਵਿਸ਼ਾ ਬਣੇ ਹੋਏ ਹਨ। ਜੇਮਸ ਪਿਤਰਾਸ ਨੇ ਦਲੀਲ ਨਾਲ ਸਾਬਤ ਕਰ ਦਿੱਤਾ ਹੈ ਕਿ ਅਮਰੀਕੀ ਧੜੇ ਨੇ ਸੰਗੀਤ, ਨਾਟਕ, ਫ਼ਿਲਮ, ਪ੍ਰਕਾਸ਼ਨ ਅਤੇ ਹੋਰ ਕਲਾਵਾਂ ਰਾਹੀਂ ਸੋਵੀਅਤ ਯੂਨੀਅਨ ਨੂੰ ਘਾਤਕ ਖੋਰਾ ਲਗਾਇਆ ਸੀ। ਸੋਵੀਅਤ ਯੂਨੀਅਨ ਦੇ ਰਾਦੂਗਾ ਪ੍ਰਕਾਸ਼ਨ ਦੀਆਂ ਕਿਤਾਬਾਂ ਤੋਂ ਜ਼ਿਆਦਾਤਰ ਪੰਜਾਬੀ ਜਾਣੂ ਹਨ। ਪੰਜਾਬ ਦੀ ਗਾਇਕੀ ਅਤੇ ਫ਼ਿਲਮਾਂ ਦੇ ਮੌਜੂਦਾ ਦੌਰ ਨੂੰ ਸਮਝਣ ਲਈ ਕੌਮਾਂਤਰੀ ਪਿੱੜ ਦੀ ਮਿਸਾਲ ਢੁਕਵੀਂ ਜਾਪਦੀ ਹੈ।

ਅਮਰੀਕਾ ਦੀ ਵੀਅਤਨਾਮ ਨਾਲ ਜੰਗ ਵਿੱਚ ਫ਼ੈਸਲਾਕੁਨ ਭੂਮਿਕਾ ਨਿਭਾਉਣ ਵਾਲਿਆਂ ਵਿੱਚ ਦੋ ਫੋਟੋਗ੍ਰਾਫਰ ਸ਼ਾਮਿਲ ਸਨ। ਇੱਕ ਫੋਟੋ ਅਮਰੀਕੀ ਬੰਬਾਂ ਦੀ ਮਾਰ ਹੇਠ ਆਏ ਪਿੰਡ ਵਿੱਚੋਂ ਭੱਜ ਰਹੀਆਂ ਕੁੜੀਆਂ ਦੀ ਸੀ। ਇੱਕ ਕੁੜੀ ਦੇ ਕੱਪੜੇ ਅੱਗ ਨਾਲ ਸੜ ਚੁੱਕੇ ਸਨ। ਪਿੱਛੇ ਪਿੰਡ ਸੜ ਰਿਹਾ ਸੀ। ਇਸ ਤਸਵੀਰ ਨੇ ਅਮਰੀਕੀ ਅਵਾਮ ਨੂੰ ਝੰਜੋੜ ਕੇ ਰੱਖ ਦਿੱਤਾ। ਅਮਰੀਕਾ ਜੰਗ ਵਿਰੋਧੀ ਮੁਹਿੰਮ ਦਾ ਤਾਬ ਨਹੀਂ ਝੱਲ ਸਕਿਆ। ਬਾਅਦ ਵਿੱਚ ਇਸੇ ਦ੍ਰਿਸ਼ ਦਾ ਦੁਹਰਾਅ ਕਰਦੀਆਂ ਹੌਲੀਵੁੱਡ ਵਿੱਚ ਇੰਨੀਆਂ ਫ਼ਿਲਮਾਂ ਬਣੀਆਂ ਕਿ ਹੁਣ ਸਾਨੂੰ ਅਫ਼ਗ਼ਾਨਿਸਤਾਨ, ਇਰਾਕ, ਪਾਕਿਸਤਾਨ ਅਤੇ ਲੀਬੀਆ ਦੀ ਤਸਵੀਰਾਂ ਝੰਜੋੜਦੀਆਂ

ਨਹੀਂ। ਅਮਰੀਕਾ ਦੀਆਂ ਪਹਿਲਾਂ ਨਾਲੋਂ ਜ਼ਿਆਦਾ ਖ਼ੂੰਖ਼ਾਰ ਜੰਗੀ ਮੁਹਿੰਮਾਂ ਚਲ ਰਹੀਆਂ ਹਨ ਅਤੇ ਅਸੀਂ ਇਨ੍ਹਾਂ ਦਾ ਸਿੱਧਾ ਪ੍ਰਸਾਰਨ ਦੇਖਦੇ ਹਾਂ। ਇਸ ਸਿੱਧੇ ਪ੍ਰਸਾਰਨ ਦੀ ਆਦਤ ਪਾਉਣ ਵਿੱਚ ਜੇਮਸ ਬੌਂਡ ਅਤੇ ਰੈਂਬੋ ਵਾਲੀਆਂ ਫ਼ਿਲਮਾਂ ਨੇ ਅਹਿਮ ਹਿੱਸਾ ਪਾਇਆ ਹੈ। ਦੂਜੀ ਮਿਸਾਲ ਇਰਾਕ ਦੀਆਂ ਅਬੂ ਗ਼ਰੀਬ ਵਾਲੀਆਂ ਤਸਵੀਰਾਂ ਹਨ। ਇਨ੍ਹਾਂ ਤਸਵੀਰਾਂ ਨਾਲ ਅਮਰੀਕੀ ਬੇਕਿਰਕੀ ਦੀ ਬਾਤ ਤੁਰੀ। ਸਵਾਲ ਉੱਠਿਆ ਕਿ ਜੰਗੀ ਕੈਦੀਆਂ ਨਾਲ ਅਜਿਹਾ ਕਰਨਾ ਗ਼ੈਰਕਾਨੂੰਨੀ ਹੈ। ਅਮਰੀਕਾ ਨੇ ਆਪਣੇ ਫ਼ੌਜੀਆਂ ਦੀ ਸੰਵੇਦਨਾ ਕਿੰਨੀ ਮਾਰ ਦਿੱਤੀ ਹੈ ਕਿ ਉਹ ਤਸ਼ਦੱਦ ਦਾ ਜਸ਼ਨ ਮਨਾ ਰਹੇ ਹਨ। ਇਸ ਮੁਹਿੰਮ ਨਾਲ ਜੰਗ ਨੂੰ ਜ਼ਿਆਦਾ ਫ਼ਰਕ ਨਹੀਂ ਪਿਆ ਕਿਉਂਕਿ ਇਹੋ ਜਿਹੀਆਂ ਫ਼ਿਲਮਾਂ ਦਿਖਾ-ਦਿਖਾ ਕੇ ਲੋਕਾਂ ਦੀ ਸੰਵੇਦਨਾ ਮਾਰਨ ਦਾ ਉਪਰਾਲਾ ਚੱਤੋਪਹਿਰ ਚੱਲਦਾ ਹੈ। ਜਦੋਂ ਅਫ਼ਗ਼ਾਨਿਸਤਾਨ ਵਿੱਚ ਨਾਟੋ ਫ਼ੌਜ ਲਈ ਕੰਮ ਕਰਦੇ ਮੁਕਾਮੀ ਫ਼ੌਜੀਆਂ ਦੀਆਂ ਲਾਸ਼ਾਂ ਉੱਤੇ ਨਾਚ ਕਰਦਿਆਂ ਦੀਆਂ ਤਸਵੀਰਾਂ ਆਈਆਂ ਤਾਂ ਇਨ੍ਹਾਂ ਦਾ ਜ਼ਿਕਰ ਤੱਕ ਨਹੀਂ ਹੋਇਆ। ਅਮਰੀਕਾ ਇਰਾਕ ਵਿੱਚ ਆਪਣੀ ਫ਼ੌਜ ਨਾਲ ਜੋ ਕੰਮ ਕਰ ਰਿਹਾ ਸੀ, ਉਸ ਦੀ ਸਿਖਲਾਈ ਉਸ ਨੇ ਮੁਕਾਮੀ ਫ਼ੌਜੀਆਂ ਨੂੰ ਦੇ ਦਿੱਤੀ ਹੈ। ਹੁਣ ਅਫ਼ਗ਼ਾਨੀ ਸਮਾਜ ਇਸ ਵਹਿਸ਼ਤ ਵਿੱਚੋਂ ਕਿਵੇਂ ਨਿਕਲੇਗਾ?

ਪੰਜਾਬ ਦੀਆਂ ਫ਼ਿਲਮਾਂ ਅਤੇ ਗਾਇਕੀ ਰਾਹੀਂ ਪ੍ਰਚਾਰੀ ਜਾ ਰਹੀ ਜੀਵਨ ਸ਼ੈਲੀ ਦਾ ਮਨੁੱਖ ਵਿੱਚੋਂ ਸੁਹਜ, ਸੂਝ ਅਤੇ ਸੁਰਤ ਮਨਫ਼ੀ ਕਰਨ ਨਾਲ ਸਿੱਧਾ ਰਿਸ਼ਤਾ ਬਣਦਾ ਹੈ। ਇਸ ਵੇਲੇ ਇਸ ਗੱਲ ਕੀਤੀ ਜਾਣੀ ਚਾਹੀਦੀ ਹੈ ਕਿ ਕਰਤਾਰ ਸਿੰਘ ਸਰਾਭਾ ਦੀ ਪਛਾਣ ਉਸ ਦੀ ਪੱਤਰਕਾਰੀ ਅਤੇ ਪੜ੍ਹਾਈ ਨਾਲ ਬਣੀ ਸੀ। ਉਸ ਦੇ ਸਿਆਸੀ ਜੀਵਨ ਦਾ ਵੱਡਾ ਹਿੱਸਾ ਪੱਤਰਕਾਰੀ, ਪ੍ਰਚਾਰ ਅਤੇ ਜੇਲ੍ਹ ਵਿੱਚ ਗੁਜ਼ਰਿਆ। ਉਸ ਨੂੰ ਪਿਸਤੌਲ ਤੱਕ ਮਹਿਦੂਦ ਕਰਨਾ ਸਾਡੇ ਇਤਿਹਾਸ ਨਾਲ ਧਰੋਹ ਹੈ ਜੋ ਮੌਜੂਦਾ ਦੌਰ ਦੀ ਸਿਆਸਤ ਨਾਲ ਜੁੜਦਾ ਹੈ। 'ਮਰਨੋ ਮੂਲ ਨਾ ਡਰਨ ਵਾਲੇ ਅਤਿ ਦੇ ਸ਼ਿਕਾਰੀਆਂ' ਦਾ ਬਾਬੇ ਨਾਨਕ ਦੀ ਸੰਵਾਦ ਦੀ ਰਵਾਇਤ ਨਾਲ ਕੀ ਰਿਸ਼ਤਾ ਹੋ ਸਕਦਾ ਹੈ? ਵਿਵੇਕ ਦਾਨ, ਵਿਸਾਹ ਦਾਨ ਅਤੇ ਭਰੋਸਾ ਦਾਨ ਲਈ ਕੀਤੀ ਅਰਦਾਸ ਨਾਲ 'ਹਿਟਲਰ' ਦਾ ਕੀ ਰਾਬਤਾ ਹੋ ਸਕਦਾ ਹੈ? ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ ਅਤੇ ਨਿਤਾਣਿਆਂ ਦਾ ਤਾਣ ਬਣਨ ਦੇ ਆਸ਼ੇ ਦਾ ਤਸ਼ਦੱਦ ਨਾਲ ਕੋਈ ਰਿਸ਼ਤਾ ਹੋ ਸਕਦਾ ਹੈ? ਇਸ ਗੱਲ ਆਮ ਕਹੀ ਜਾ ਰਹੀ ਹੈ ਕਿ ਇਸ ਮੂੰਹਜ਼ੋਰ ਰੁਝਾਨ ਦੇ ਨਗ਼ਾਰਖ਼ਾਨੇ ਵਿੱਚ ਤੂਤੀ ਦੀ ਕੋਈ ਔਕਾਤ ਨਹੀਂ। ਇਹ ਸਭ ਕੁਝ ਹਿਟਲਰ ਦੇ ਵੇਲੇ ਵੀ ਕਿਹਾ ਜਾ ਰਿਹਾ ਸੀ। ਉਨ੍ਹਾਂ ਨੇ ਸਵਾਸਤਿਕ ਦੇ ਨਿਸ਼ਾਨ ਹੇਠ ਵੰਨ-ਸਵੰਨਤਾ ਦੀਆਂ ਸਭ ਨਿਸ਼ਾਨੀਆਂ ਦੱਬ ਦਿੱਤੀਆਂ ਸਨ। ਉਨ੍ਹਾਂ ਬੇਵਿਸਾਹੀ ਭਰੀਆਂ ਖ਼ੌਫ਼ਜ਼ਦਾ ਰਾਤਾਂ ਦੀ ਸਵੇਰ ਨੂੰ ਸਵਾਸਤਿਕ ਦੇ ਨਿਸ਼ਾਨ ਉੱਤੇ ਕਾਟਾ ਮਾਰਿਆ ਮਿਲਦਾ ਸੀ। ਸੱਭਿਆਚਾਰਕ ਦੇ ਨਾਮ ਉੱਤੇ ਤਸ਼ਦੱਦ ਦੇ ਜਸ਼ਨ ਉੱਤੇ ਘਰ ਅੰਦਰੋਂ ਕੀਤੇ ਸਵਾਲ ਕਾਟੇ ਦਾ ਕੰਮ ਕਰ ਸਕਦੇ ਹਨ। ਅਮਰੀਕਾ ਅਤੇ ਇਸਰਾਈਲ ਨੇ ਸਵਾਸਤਿਕ ਦੀ ਵਿਰਾਸਤ ਸਾਂਭ ਰੱਖੀ ਹੈ। ਉਹ ਬੀਬੀ ਅੱਜ ਵੀ ਸੁਹਿਰਦ ਹੋ ਕੇ ਇਤਿਹਾਸ ਪੜ੍ਹਾ ਰਹੀ ਹੈ। ਗੋਬਲਜ਼ ਗਾਇਕ ਬਣ ਕੇ ਸਾਨੂੰ ਸੱਭਿਆਚਾਰ ਦੇ ਮਾਅਨੇ ਸਮਝਾ ਰਿਹਾ ਹੈ।

ਦਰਦਮੰਦੀ ਤੋਂ ਇਨਕਲਾਬ ਦੀ ਯਾਤਰਾ: ਮੋਟਰਸਾਈਕਲ ਡਾਇਰੀਜ਼

ਜਤਿੰਦਰ ਮੌਹਰ

ਕੋਹੜ ਦੇ ਰੋਗੀਆਂ ਦਾ ਇਲਾਜ ਕਰਨ ਤੁਰਿਆ ਅਰਜਨਟੀਨੀ ਡਾਕਟਰ ਮਨੁੱਖ ਨੂੰ ਚਿੰਬੜੇ ਵੱਡੇ ਕੋਹੜ ਦੀ ਜੜ੍ਹ ਵੱਢਣ ਤੁਰ ਪਿਆ ਜਿਸ ਨੂੰ ਪੰਜਾਬੀ ਇਨਕਲਾਬੀ ਭਗਤ ਸਿੰਘ ਨੇ 'ਮਨੁੱਖ ਹੱਥੋਂ ਮਨੁੱਖ ਦੀ ਲੁੱਟ' ਐਲਾਨਿਆ ਸੀ। ਡਾਕਟਰ ਅਰਨੈਸਟੋ ਗੁਵੇਰਾ ਨੂੰ ਮਨੁੱਖਤਾ 'ਚੀ ਗੁਵੇਰਾ' ਦੇ ਨਾਮ ਨਾਲ ਵਧੇਰੇ ਜਾਣਦੀ ਹੈ। ਚੀ ਨੇ ਚੌਵੀ ਸਾਲ ਦੀ ਉਮਰ 'ਚ ਆਪਣੇ ਮਿੱਤਰ ਪਿਆਰੇ ਐਲਬਰਟੋ ਨਾਲ ਲਾਤੀਨੀ ਅਮਰੀਕੀ ਦੀ ਦਸ ਹਜ਼ਾਰ ਦੋ ਸੌ ਚਾਲੀ ਕਿਲੋਮੀਟਰ ਲੰਬੀ ਯਾਤਰਾ ਕੀਤੀ। ਫ਼ਿਲਮ 'ਮੋਟਰਸਾਈਕਲ ਡਾਇਰੀਜ਼' ਇਸੇ ਯਾਤਰਾ ਨੂੰ ਪਰਦਾਪੇਸ਼ ਕਰਦੀ ਹੈ। ਇਸ ਯਾਤਰਾ ਦੌਰਾਨ ਹੰਢਾਏ ਤਜਰਬੇ ਬਾਰੇ ਚੀ ਦਾ ਕਹਿਣਾ ਹੈ, "ਮੈਂ ਜਿੰਨੀ ਬੇਇਨਸਾਫ਼ੀ ਅਤੇ ਦੁੱਖ ਮਹਿਸੂਸ ਕੀਤਾ। ਉਸ ਤੋਂ ਬਾਅਦ ਮੈਂ ਉਹ ਨਹੀਂ ਰਿਹਾ ਜੋ ਮੈਂ ਸੀ।" ਆਪਣੇ ਸ਼ਹਿਰ ਬਿਊਨਸ ਏਅਰਜ਼ ਤੋਂ ਬਾਹਰ ਨਿਕਲ ਕੇ ਮਾਂ ਨੂੰ ਭੇਜੇ ਖ਼ਤ 'ਚ ਲਿਖਦਾ ਹੈ, "ਅਸੀਂ ਬਿਊਨਸ ਏਅਰਜ਼ ਪਿੱਛੇ ਛੱਡ ਆਏ ਹਾਂ। ਪਿੱਛੇ ਛੱਡ ਆਏ ਹਾਂ, ਬਦਨਸੀਬ ਜ਼ਿੰਦਗੀ, ਨੀਰਸ ਭਾਸ਼ਣ, ਲੇਖ ਅਤੇ ਸਿਹਤ ਪੇਪਰ। ਹੁਣ ਸਾਰਾ ਲਾਤੀਨੀ ਅਮਰੀਕਾ ਸਾਡੇ ਅੱਗੇ ਹੈ। ਮੈਨੂੰ ਖ਼ੁਸ਼ੀ ਹੈ ਕਿ ਅਸੀਂ ਸੱਭਿਅਤਾ ਪਿੱਛੇ ਛੱਡ ਆਏ ਹਾਂ ਤੇ ਹੁਣ ਅਸੀਂ ਜ਼ਮੀਨ ਦੇ ਕੁਝ ਨੇੜੇ ਹਾਂ।" ਉਸ ਤੋਂ ਬਾਅਦ ਉਹ ਜ਼ਮੀਨ ਦੇ ਨੇੜੇ ਹੁੰਦਾ ਗਿਆ। ਗ਼ਰੀਬ ਸੇਵਾਦਾਰ ਦੀ ਬੀਮਾਰ ਮਾਂ ਨੂੰ ਦੇਖਣ ਗਿਆ ਮਨੁੱਖੀ ਦਰਦ ਦੀ ਥਾਹ ਪਾਉਂਦਾ ਹੈ। ਖ਼ਤ 'ਚ ਲਿਖਦਾ ਹੈ ਕਿ ਉਹ ਗ਼ਰੀਬ ਬੁੜੀ ਔਰਤ ਇਲਾਜ ਖੁਣੋ ਮਰ ਰਹੀ ਹੈ। ਮੈਂ ਉਹਦੇ ਕਿਸੇ ਕੰਮ ਨਹੀਂ ਆ ਸਕਦਾ। ਉਸ ਨੇ ਮਹੀਨਿਆਂ ਬਾਅਦ ਡਾਕਟਰ ਦੇਖਿਆ ਹੈ ਪਰ ਉਹ ਸ਼ਾਨ ਨਾਲ ਜਿਉਣ ਦਾ ਉਪਰਾਲਾ ਕਰ ਰਹੀ ਹੈ। ਉਸ ਦੀਆਂ ਨਜ਼ਰਾਂ 'ਚ ਮੁਆਫ਼ੀ ਤੇ ਸਬਰ-ਸੰਤੋਖ ਵਰਗਾ ਕੁਝ ਤੈਰਦਾ ਨਜ਼ਰ ਆਉਂਦਾ ਹੈ। ਜੋ ਹੁਣ ਖ਼ਤਮ ਹੋ ਰਿਹਾ ਹੈ। ਉਸ ਦਾ ਸਰੀਰ ਸਾਡੇ ਆਲੇ-ਦੁਆਲੇ ਫੈਲੇ ਮਹਾਨ ਭੇਦ 'ਚ ਗ਼ਾਇਬ ਹੋ ਜਾਵੇਗਾ।" ਮਨੁੱਖ ਦੀ ਸ਼ਾਨ ਨਾਲ ਜਿਉਣ ਦੀ ਰੀਝ ਨੂੰ ਚੈਨ ਨਾਲ ਮਰਨ ਦੀ ਮਜਬੂਰੀ ਤੱਕ ਪੁਚਾ ਦਿੱਤਾ ਗਿਆ। ਇਲਾਜ ਖੁਣੋ ਮਰਦੀ ਬਜ਼ੁਰਗ ਬੀਬੀ ਉਨ੍ਹਾਂ ਪੰਛੀਆਂ ਦਾ ਬਿੰਬ ਦਿਸਦੀ ਹੈ ਜੋ ਲੋਕ-ਕਵੀ ਪਾਸ਼ ਮੁਤਾਬਕ ਚੈਨ ਨਾਲ ਮਰਨਾ ਸਿੱਖ ਰਹੇ ਹਨ।
ਚਿੱਲੀ ਦੇ ਵੀਰਾਨ ਮਾਰੂਥਲ 'ਚ ਉਸ ਨੂੰ ਕਿਸਾਨ ਜੋੜਾ ਮਿਲਦਾ ਹੈ। ਜਿਨ੍ਹਾਂ ਨੂੰ ਡਾਹਢਿਆਂ ਨੇ ਜ਼ਮੀਨ ਤੋਂ ਉਜਾੜ ਕੇ ਫਾਕੇ ਕੱਟਣ ਲਈ ਮਜਬੂਰ ਕਰ ਦਿੱਤਾ ਹੈ। ਕਿਸਾਨ ਔਰਤ ਦੇ ਸ਼ਬਦਾਂ 'ਚ, "ਇਸੇ ਨੂੰ ਉਹ 'ਤਰੱਕੀ' ਕਹਿੰਦੇ ਹਨ।" ਕਿਸਾਨ ਜੋੜਾ ਕੰਮ ਲਈ ਦਰ ਦਰ ਭਟਕ ਰਿਹਾ ਹੈ। ਉਨ੍ਹਾਂ ਉੱਤੇ ਕਿਸਾਨ ਅਤੇ ਕਮਿਉਨਿਸਟ ਹੋਣ ਦਾ ਦੋਸ਼ ਹੈ। ਆਪਣੇ ਪੁੱਤ ਨੂੰ ਪਰਿਵਾਰ ਕੋਲ ਛੱਡ ਆਏ ਹਨ। ਪੁਲਿਸ ਤੇ ਭੁੱਖ ਦੋਵਾਂ ਦਾ ਡਰ ਹੈ। ਉਨ੍ਹਾਂ ਦੇ ਮਿੱਤਰਾਂ ਨੂੰ ਮੱਛੀਆਂ ਦੀ ਖ਼ੁਰਾਕ ਬਣਾ ਕੇ ਸਮੁੰਦਰ ਹੇਠ ਸੁਆ ਦਿੱਤਾ ਗਿਆ ਹੈ। ਡਾਹਢੇ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਤੁਸੀਂ ਕਿਸ ਪਾਰਟੀ ਨਾਲ ਸੰਬੰਧਤ ਹੋ? ਇਹੀ ਰੁਝਾਨ ਸਾਡੇ ਮੁਲਕ 'ਚ ਪਿਛਲੇ ਇੱਕੀ ਸਾਲਾਂ ਤੋਂ ਹੋਰ ਤੇਜ਼ੀ ਨਾਲ ਸਾਹਮਣੇ ਆਇਆ ਹੈ। ਬਹੁਕੌਮੀ ਕੰਪਨੀਆਂ 'ਤਰੱਕੀ' ਦੇ ਨਾਮ 'ਤੇ ਕਿਸਾਨਾਂ ਦੀ ਜ਼ਮੀਨ ਤੇ ਕੁਦਰਤੀ ਖਣਿਜਾਂ ਨੂੰ ਹੜੱਪਣ 'ਚ ਲੱਗੀਆਂ ਹੋਈਆਂ ਹਨ। ਆਵਾਮ ਦੇ ਹਰ ਹੱਕੀ ਅੰਦੋਲਨ ਨੂੰ ਅਤਿਵਾਦੀ, ਨਕਸਲਵਾਦੀ ਤੇ ਮਾਓਵਾਦੀ ਕਰਾਰ ਦੇ ਕੇ ਕੁਚਲਿਆ ਜਾ ਰਿਹਾ ਹੈ। ਜੋ ਕੁਝ ਲਾਤੀਨੀ ਅਮਰੀਕਾ ਨੇ ਪਿਛਲੀ ਸਦੀ 'ਚ ਹੰਢਾਇਆ ਹੈ। ਸਾਡੇ ਮੁਲਕ ਨੇ ਉਸ ਦੀ ਅਜੇ ਝਲਕ ਹੀ ਦੇਖੀ ਹੈ। ਇਸ ਝਲਕ ਨੂੰ ਸਾਡਾ 'ਈਮਾਨਦਾਰ ਪ੍ਰਧਾਨ ਮੰਤਰੀ' ਵਡਿਆਉਂਦਾ ਨਹੀਂ ਥੱਕਦਾ। ਅਸੀਂ 'ਤਰੱਕੀ' ਦੇ ਭੰਬੂਤਾਰੇ ਅਜੇ ਦੇਖਣੇ ਹਨ। ਭਾਵੇਂ ਆਵਾਮ ਦਾ ਦਿਮਾਗ ਹੁਣੇ ਹੀ ਚੱਕਰ ਖਾਣੇ ਸ਼ੁਰੂ ਕਰ ਚੁੱਕਿਆ ਹੈ। ਕਿਸਾਨ-ਜੋੜੇ ਦੇ ਪੁੱਛਣ 'ਤੇ ਚੀ ਦੱਸਦਾ ਹੈ ਕਿ ਸਾਡੀ ਯਾਤਰਾ ਸਿਰਫ਼ ਯਾਤਰਾ ਲਈ ਸੀ। ਜੋੜਾ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਉਨ੍ਹਾਂ ਦੀ ਯਾਤਰਾ ਰੋਟੀ ਲੱਭਣ ਦੀ ਹੈ। ਚੀ ਯਾਤਰਾ ਦੇ ਨਵੇਂ ਅਰਥ ਸਮਝਣੇ ਸ਼ੁਰੂ ਕਰਦਾ ਹੈ। ਉਹ ਲਿਖਦਾ ਹੈ ਕਿ ਕਿਸਾਨ-ਜੋੜੇ ਦੇ ਚਿਹਰੇ ਮੁਰਝਾਏ ਹੋਏ ਤੇ ਡਰਾਉਣੇ ਸਨ। ਉਹ ਰਾਤ ਮੇਰੀ ਜ਼ਿੰਦਗੀ ਦੀਆਂ ਸਭ ਤੋਂ ਠੰਢੀਆਂ ਰਾਤਾਂ 'ਚੋਂ ਸੀ। ਸਾਂਝੀ ਮਨੁੱਖੀ ਨਸਲ ਦਾ ਅਹਿਸਾਸ ਮੈਨੂੰ ਉਨ੍ਹਾਂ ਅਜਨਬੀਆਂ ਦੇ ਨੇੜੇ ਲੈ ਆਇਆ। ਦੂਜੇ ਦਿਨ ਚੀ ਹੋਰੀਂ ਕਿਸਾਨ ਜੋੜੇ ਨਾਲ ਖਾਣਾਂ 'ਤੇ ਕੰਮ ਲੱਭਣ ਜਾ ਪਹੁੰਚਦੇ ਹਨ। ਲੇਬਰ ਚੌਂਕ 'ਚ ਖੜੇ ਮਜ਼ਦੂਰਾਂ ਦੀ ਬੋਲੀ ਲੱਗਦੀ ਹੈ। ਕਿਸਾਨ ਔਰਤ ਨੂੰ ਕੰਮ ਨਾ ਮਿਲ ਸਕਿਆ। ਮਜ਼ਦੂਰ ਪਾਣੀ ਤੋਂ ਵੀ ਪਿਆਸੇ ਹਨ। ਉਨ੍ਹਾਂ ਨੂੰ ਐਨਾਕੌਂਡਾ ਖਾਣ ਕੰਪਨੀ ਦੇ ਟਰੱਕਾਂ 'ਚ ਤੂੜਿਆ ਗਿਆ। ਚੀ ਖਾਣ ਦੇ ਅਫ਼ਸਰ ਤੋਂ ਪਿਆਸੇ ਕਾਮਿਆਂ ਲਈ ਪਾਣੀ ਦੀ ਮੰਗ ਕਰਦਾ ਹੈ। ਖਾਣ ਮਾਲਕਾਂ ਨੂੰ ਕਾਮਿਆਂ ਦੀ ਪਿਆਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਨੂੰ ਤਾਂ ਸਸਤੇ ਭਾਅ 'ਤੇ ਕੰਮ ਕਰਨ ਵਾਲੇ ਹੱਥਾਂ ਦੀ ਲੋੜ ਹੈ। ਅਫ਼ਸਰ ਚੀ ਹੋਰਾਂ ਨੂੰ ਉਥੋਂ ਦਫ਼ਾ ਹੋ ਜਾਣ ਲਈ ਕਹਿ ਕੇ ਟਰੱਕ 'ਚ ਚੜ ਜਾਂਦਾ ਹੈ। ਮੂਹਰਲੀ ਸੀਟ 'ਤੇ ਬੈਠੇ ਜਾਂਦੇ ਅਫ਼ਸਰ ਨੂੰ ਵੱਟਾ ਮਾਰ ਕੇ ਚੀ ਗੁੱਸਾ ਠੰਢਾ ਕਰਦਾ ਹੈ। ਖਾਣ ਕੰਪਨੀ ਦਾ ਨਾਮ ਐਨਾਕੌਂਡਾ ਤੋਂ ਰੱਖਿਆ ਗਿਆ ਸੀ ਜੋ ਦੁਨੀਆਂ ਦਾ ਸਭ ਤੋਂ ਵੱਡਾ ਅਜਗਰ ਹੈ। ਉਹ ਵੱਡੇ ਵੱਡੇ ਜਾਨਵਰ ਸਾਬਤ ਨਿਗਲ ਜਾਂਦਾ ਹੈ। ਬਹੁਕੌਮੀ ਕੰਪਨੀਆਂ ਦਾ ਖ਼ਾਸਾ ਅਜਗਰ ਨਾਲ ਮੇਲ ਖਾਂਦਾ ਹੈ। ਪ੍ਰੇਮਿਕਾ ਦੇ ਦਿੱਤੇ ਪੈਸੇ ਨੂੰ ਚੀ ਦਮੇ ਦੇ ਹੱਲੇ ਵੇਲੇ ਇਲਾਜ ਲਈ ਵੀ ਨਹੀਂ ਵਰਤਦਾ। ਦੋਸਤ ਨਾਲ ਉਨ੍ਹਾਂ ਪੈਸਿਆਂ ਪਿੱਛੇ ਝਗੜਦਾ ਰਹਿੰਦਾ ਹੈ। ਉਹ ਸਾਰੇ ਪੈਸੇ ਕਿਸਾਨ ਜੋੜੇ ਨੂੰ ਦੇ ਜਾਂਦਾ ਹੈ।

ਚੀ ਤੇ ਐਲਬਰਟੋ ਦੀ ਯਾਤਰਾ ਜਾਰੀ ਰਹਿੰਦੀ ਹੈ। ਐਂਡੀਜ਼ ਪਰਬਤ ਵੱਲ ਵਧਦੇ ਹੋਏ ਮੂਲਵਾਸੀ ਕਿਸਾਨ ਜ਼ਿਆਦਾ ਗਿਣਤੀ 'ਚ ਦਿਸਣੇ ਸ਼ੁਰੂ ਹੋ ਜਾਂਦੇ ਹਨ। ਜਿਨ੍ਹਾਂ ਨੂੰ ਜ਼ਮੀਨ ਤੋਂ ਉਜਾੜਿਆ ਜਾ ਰਿਹਾ ਹੈ। ਪੇਰੂ ਪਹੁੰਚਣ 'ਤੇ ਸਪੇਨੀ ਬਸਤਾਨਾਂ ਦੇ ਖ਼ੂਨੀ ਕਾਰੇ ਪਤਾ ਲੱਗਣੇ ਸ਼ੁਰੂ ਹੁੰਦੇ ਹਨ। ਜਿਨ੍ਹਾਂ ਨੇ ਵਪਾਰਕ ਕਾਰਨਾਂ ਕਰਕੇ ਮੂਲਵਾਸੀਆਂ ਦੀ ਰਵਾਇਤੀ ਰਾਜਧਾਨੀ ਕੂਜ਼ਕੋ ਨੂੰ ਛੱਡ ਕੇ ਲੀਮਾ ਨੂੰ ਪੇਰੂ ਦੀ ਰਾਜਧਾਨੀ ਬਣਾਇਆ ਸੀ। ਧਰਮ ਦੇ ਨਾਂ 'ਤੇ ਚਲਦਾ ਵਪਾਰ ਅਜੇ ਤੱਕ ਜਾਰੀ ਹੈ। ਮੁਕਾਮੀ ਇੰਕਾ ਲੋਕ ਤਾਰਾ ਵਿਗਿਆਨ, ਦਿਮਾਗੀ ਸਰਜਰੀ, ਗਣਿਤ ਅਤੇ ਹੋਰ ਚੀਜ਼ਾਂ ਦਾ ਭਰਪੂਰ ਗਿਆਨ ਰੱਖਦੇ ਸਨ ਪਰ ਸਪੇਨੀਆਂ ਕੋਲ ਬਾਰੂਦ ਸੀ। ਸਪੇਨੀ ਬਸਤਾਨਾਂ ਨਾਲ ਆਏ ਚੇਚਕ ਰੋਗ ਨੇ ਮਾਚਾ-ਪਿਚੂ ਵਰਗਾ ਘੁੱਗ ਵਸਦਾ ਸ਼ਹਿਰ ਸਮਸ਼ਾਨਘਾਟ ਬਣਾ ਦਿੱਤਾ ਸੀ। ਚੇਚਕ ਨਾਲ ਲੜਨ ਦੀ ਕੁਦਰਤੀ ਅੰਦਰੂਨੀ ਸ਼ਕਤੀ ਮੁਕਾਮੀ ਇੰਕਾ ਲੋਕਾਂ ਵਿੱਚ ਨਹੀਂ ਸੀ। ਕਤਲੇਆਮ ਤੇ ਤਬਾਹੀ ਦੇ ਮੰਜ਼ਰ ਅੱਜ ਵੀ ਮਾਚਾ-ਪਿਚੂ ਦੇ ਖੰਡ੍ਹਰਾਂ ਦੇ ਰੂਪ 'ਚ ਦੇਖੇ ਜਾ ਸਕਦੇ ਹਨ। ਬਸਤਾਨਾਂ ਦੇ ਰੂਪ ਬਦਲੇ ਹਨ ਪਰ ਮੂਲਵਾਸੀਆਂ ਦੀ ਲੁੱਟ ਬੇਰੋਕ ਜਾਰੀ ਹੈ। ਪੇਰੂ ਦੀ ਘਰੇਲੂ ਸਨਅਤ ਨੂੰ ਤਬਾਹ ਕਰ ਦਿੱਤਾ ਗਿਆ। ਅਣਗਿਣਤ ਕਾਮੇ ਵਿਹਲੇ ਹੋ ਗਏ। ਮੁਕਾਮੀ ਔਰਤ ਮੁਤਾਬਕ ਬਸਤਾਨਾਂ ਦੀ ਲੁੱਟ ਲਗਾਤਾਰ ਲੋਕਾਂ 'ਤੇ ਅਸਰ-ਅੰਦਾਜ਼ ਹੋ ਰਹੀ ਹੈ। ਅਮੀਰ ਜਗੀਰਦਾਰ ਪੁਲਿਸ ਤੇ ਪ੍ਰਸ਼ਾਸਨ ਦੀ ਮਦਦ ਨਾਲ ਕਿਸਾਨਾਂ ਨੂੰ ਜ਼ਮੀਨ ਤੋਂ ਉਜਾੜ ਰਹੇ ਹਨ। ਕਿਸਾਨ ਜੱਥੇਬੰਦ ਹੋ ਕੇ ਉਜਾੜੇ ਦੇ ਖ਼ਿਲਾਫ਼ ਲੜ ਰਹੇ ਹਨ। ਮਾਚਾ-ਪਿਚੂ ਦੇ ਖੰਡਰਾਂ 'ਚ ਬੈਠੇ ਚੀ ਤੇ ਐਲਬਰਟੋ ਕਾਗਜ਼ਾਂ 'ਤੇ ਕੁਝ ਝਰੀਟੀ ਜਾ ਰਹੇ ਹਨ। ਐਲਬਰਟੋ ਮੁਤਾਬਕ ਉਹ ਮੂਲਵਾਸੀ ਔਰਤ ਨਾਲ ਵਿਆਹ ਕਰਵਾਏਗਾ ਤੇ ਮੁਕਾਮੀ ਲੋਕਾਂ ਨੂੰ ਜੱਥੇਬੰਦ ਕਰਕੇ ਵੋਟਾਂ ਦੇ ਢਾਂਚੇ ਰਾਹੀਂ ਇਨਕਲਾਬ ਕਰੇਗਾ। ਚੀ ਦਾ ਸਪੱਸ਼ਟ ਜਵਾਬ ਹੈ, "ਹਥਿਆਰਾਂ ਤੋਂ ਬਿਨ੍ਹਾਂ ਕਦੇ ਇਨਕਲਾਬ ਨਹੀਂ ਹੋ ਸਕਦਾ।" ਉਸਦੇ ਸਾਹਮਣੇ ਵੱਡਾ ਸਵਾਲ ਹੈ ਕਿ ਏਨ੍ਹੀ ਗਿਆਨਵਾਨ ਸੱਭਿਅਤਾ ਨੂੰ ਤਬਾਹ ਕਰਕੇ 'ਤਰੱਕੀ' ਦੇ ਡੰਨ੍ਹ ਕਿਵੇਂ ਉਸਾਰੇ ਜਾ ਸਕਦੇ ਹਨ? ਦ੍ਰਿਸ਼ ਮਾਚਾ-ਪਿਚੂ ਦੇ ਖੰਡ੍ਹਰਾਂ ਤੋਂ ਰਾਜਧਾਨੀ ਲੀਮਾ ਦੇ ਕੰਕਰੀਟ ਰੂਪੀ ਜੰਗਲ 'ਚ ਤਬਦੀਲ ਹੋ ਜਾਂਦਾ ਹੈ। ਲੀਮਾ 'ਚ ਚੀ ਨੂੰ ਮੂਲਵਾਸੀਆਂ ਦੀ ਅਸੀਮ ਇਨਕਲਾਬੀ ਸਮਰੱਥਾ ਦਾ ਅਹਿਸਾਸ ਹੁੰਦਾ ਹੈ। ਉਨ੍ਹਾਂ ਦੀ ਅਸਲੀ ਸਮੱਸਿਆ 'ਜ਼ਮੀਨ' ਦੀ ਹੈ।

ਫ਼ਿਲਮ ਦਾ ਆਖਰੀ ਹਿੱਸਾ ਕੋਹੜ ਦੇ ਰੋਗੀਆਂ ਨਾਲ ਬਿਤਾਏ ਤਜਰਬਿਆਂ ਬਾਰੇ ਹੈ। ਐਮਾਜ਼ੌਨ ਦਰਿਆ ਦੇ ਦੱਖਣੀ ਕੰਢੇ 'ਤੇ ਕੋਹੜ ਦੇ ਰੋਗੀਆਂ ਨੂੰ ਰੱਖਿਆ ਜਾਂਦਾ ਹੈ। ਉੱਤਰੀ ਕੰਢੇ 'ਤੇ ਹਸਪਤਾਲ ਦਾ ਅਮਲਾ ਤੇ ਈਸਾਈ ਸਾਧਵੀਆਂ ਰਹਿੰਦੀਆਂ ਹਨ ਜੋ ਪੂਰਾ ਪ੍ਰਬੰਧ ਦੇਖਦੀਆਂ ਹਨ। ਦੋਵਾਂ ਵਿਚਕਾਰ ਸ਼ੂਕਦਾ ਦਰਿਆ ਹੈ। ਚਰਚ ਵਿੱਚ ਅਰਦਾਸ ਨਾ ਕਰਨ ਵਾਲੇ ਨੂੰ ਲੰਗਰ ਨਹੀਂ ਦਿੱਤਾ ਜਾਂਦਾ। ਚੀ ਰੋਗੀਆਂ ਨਾਲ ਹੁੰਦੇ ਵਿਤਕਰੇ ਦੇ ਖ਼ਿਲਾਫ਼ ਪੈਂਤੜਾ ਲੈਂਦਾ ਹੈ। ਉਹ ਦਰਦਮੰਦੀ ਨਾਲ ਲਬਰੇਜ਼ ਮਨੁੱਖ ਦੇ ਰੂਪ 'ਚ ਸਾਡੇ ਸਾਹਮਣੇ ਆਉਂਦਾ ਹੈ। ਇਲਾਜ ਨਾ ਕਰਾਉਣ ਲਈ ਬਜ਼ਿੱਦ ਬੀਬੀ 'ਸਿਲਵੀਆ' ਨੂੰ ਮਨਾਉਣ ਲਈ ਕਹੇ ਸ਼ਬਦ ਚੀ ਦੇ ਆਖ਼ਰੀ ਸਾਹ ਤੱਕ ਨਿਭਦੇ ਨਜ਼ਰ ਆਉਂਦੇ ਹਨ। ਉਹ ਕਹਿੰਦਾ ਹੈ, "ਜ਼ਿੰਦਗੀ ਬਚਾਉਣ ਲਈ ਆਖ਼ਰੀ ਦਮ ਤੱਕ ਲੜਨਾ ਚਾਹੀਦਾ ਹੈ ... ਮੌਤ ਨੂੰ ਕਹੋ ਨਰਕ 'ਚ ਜਾਵੇ।" ਮਨੁੱਖੀ ਜ਼ਿੰਦਗੀ ਦੀ ਕਦਰ ਸਮਝਾਉਣ ਤੇ ਉਸਦੀ ਰੱਖਿਆ ਲਈ ਤੁਰੇ ਚੀ ਦਾ ਗੁਆਤੇਮਾਲਾ, ਕਿਊਬਾ, ਵੈਂਜੂਏਲਾ, ਕਾਂਗੋ ਅਤੇ ਬੋਲੀਵਿਆ ਵਿੱਚ ਲੜਿਆ ਸੰਗਰਾਮ ਉਸ ਦੇ ਬੋਲਾਂ ਨਾਲ ਇੱਕਮਿੱਕ ਹੁੰਦਾ ਨਜ਼ਰ ਆਉਂਦਾ ਹੈ। ਰੋਗੀਆਂ ਅਤੇ ਅਮਲੇ ਵਿਚਕਾਰਲਾ ਸ਼ੂਕਦਾ ਦਰਿਆ ਬੀਮਾਰ ਬੰਦੇ ਨੂੰ ਸਿਹਤਮੰਦ ਬੰਦੇ ਤੋਂ ਵੱਖ ਕਰਦਾ ਹੈ। ਅਪਣੇ ਜਨਮ ਦਿਨ ਵਾਲੀ ਰਾਤ ਉੇਹ ਭਰੀ-ਭਰਾਈ ਪਾਰਟੀ ਛੱਡ ਕੇ ਰੋਗੀਆਂ ਨਾਲ ਜਨਮ-ਦਿਨ ਦੀ ਖ਼ੁਸ਼ੀ ਸਾਂਝੀ ਕਰਨ ਤੁਰ ਪੈਂਦਾ ਹੈ। ਦਮੇ ਦਾ ਮਰੀਜ਼ ਠੰਢੇ ਸੀਤ ਦਰਿਆ ਨੂੰ ਪਾਰ ਕਰਦਾ ਹੋਇਆ ਕੰਨੀਆਂ 'ਤੇ ਧੱਕੇ ਮਜ਼ਲੂਮਾਂ ਦੀ ਧਿਰ ਬਣਨ ਲਈ ਮੌਤ ਨੂੰ ਮਖੌਲ ਕਰ ਰਿਹਾ ਹੈ।

ਗ਼ਾਲਬਾਂ ਅਤੇ ਦਬਾਏ ਜਾਂਦੇ ਲੋਕਾਂ ਵਿਚਲੀ ਵਿੱਥ ਮੇਟਣ ਲਈ ਉਹ ਸਾਰੀ ਉਮਰ ਅੱਗ ਦਾ ਦਰਿਆ ਪਾਰ ਕਰਦਾ ਰਿਹਾ। ਡਾਕਟਰ ਹੋਣ ਕਰਕੇ ਚੀ ਮਨੁੱਖੀ ਜ਼ਿੰਦਗੀ ਦੀ ਕੀਮਤ ਹੋਰ ਨੇੜਿਓ ਜਾਣਦਾ ਸੀ। ਜਿਸ ਨੂੰ ਬਚਾਉਣ ਲਈ ਅਤੇ ਮਨੁੱਖਤਾ ਨੂੰ ਚਿੰਬੜੇ ਕੋਹੜ ਦਾ ਫ਼ਸਤਾ ਵੱਢਣ ਲਈ ਉਹ ਦਵਾਈਆਂ ਤੋਂ ਲੈ ਕੇ ਇਨਕਲਾਬ ਦੀ ਜੰਗ 'ਚ ਹਥਿਆਰ ਤੱਕ ਵਰਤਣ ਦੇ ਰਾਹ ਤੁਰਿਆ। ਕੋਹੜ ਦੇ ਰੋਗੀਆਂ ਨੂੰ ਰੱਖਣ ਵਾਲੀ ਥਾਂ ਦਾ ਦੱਖਣੀ ਕੰਢਾ ਅਸਲ 'ਚ ਦੱਖਣੀ ਅਮਰੀਕਾ ਹੈ। ਜੋ ਚੀ ਦੇ ਸ਼ਬਦਾਂ 'ਚ ਮੈਕਸੀਕੋ ਤੋਂ ਲੈ ਕੇ ਮੈਗੇਲਨ ਸਟਰੇਟਸ ਤੱਕ ਫੈਲਿਆ ਹੋਇਆ ਹੈ। ਉੱਤਰੀ ਕੰਢੇ ਦਾ ਅਰਥ ਅਮਰੀਕਾ, ਯੂਰਪ ਤੇ ਕੈਨੇਡਾ ਜਿਹੇ ਸਾਮਰਾਜੀ ਮੁਲਕਾਂ ਤੋਂ ਹੈ। ਜੇ ਦੱਖਣੀ ਕੰਢੇ ਦੇ ਅਰਥਾਂ ਨੂੰ ਮੋਕਲਾ ਕੀਤਾ ਜਾਵੇ ਤਾਂ ਸਾਮਰਾਜੀਆਂ ਦੀ ਲੁੱਟ ਦਾ ਸ਼ਿਕਾਰ ਸਾਰੇ ਆਲਮੀ ਮੁਲਕਾਂ ਦੇ ਨਾਮ ਗਿਣੇ ਜਾ ਸਕਦੇ ਹਨ।

Wednesday 23 November 2011

ਨਾਬਰਾਂ ਤੇ ਜਾਬਰਾਂ ਦੀ ਪਾਲਾਬੰਦੀ ਨੂੰ ਉਘਾੜਦੀ 'ਈਵਨ ਦ ਰੇਨ'

ਜਤਿੰਦਰ ਮੌਹਰ

ਅਫ਼ਰੀਕੀ ਕਹੌਤ ਹੈ ਕਿ ਜਦੋਂ ਤੱਕ ਸ਼ਿਕਾਰ ਦਾ ਇਤਿਹਾਸ ਸ਼ਿਕਾਰੀ ਲਿਖਦੇ ਰਹਿਣਗੇ। ਮਹਿਮਾਂ ਸ਼ਿਕਾਰੀਆਂ ਦੀ ਹੀ ਹੁੰਦੀ ਰਹੇਗੀ। ਸ਼ਿਕਾਰੀਆਂ ਦੇ ਲਿਖੇ ਇਤਿਹਾਸ ਨੇ ਬੰਦੇ ਨੂੰ ਅੱਜ ਤੱਕ ਵਾਹਣੀ ਪਾ ਕੇ ਰੱਖਿਆ ਹੈ। ਕਦੇ ਉਨ੍ਹਾਂ ਦੇ ਹੱਥ 'ਚ ਖ਼ੋਜ ਦੀਆਂ ਧੋਖੇ-ਭਰੀਆਂ ਕਿਤਾਬਾਂ ਅਤੇ ਨਕਸ਼ੇ ਸਨ। ਨਵੇਂ ਖਿੱਤਿਆਂ 'ਚ ਫੈਲਣ ਦੀ ਲਾਲਸਾ ਦੇ ਪਹਾੜ ਜਿੱਡੇ ਸਾਜ਼ਸ਼ੀ ਕਦਮ ਸਨ। ਪਿੱਛੇ-ਪਿੱਛੇ ਗਲਾਂ 'ਚ ਪਵਿੱਤਰ ਸਲੀਬਾਂ ਲਮਕਾਈ 'ਧਰਮ' ਦੇ ਨੁਮਾਇੰਦੇ ਹੇੜ੍ਹਾਂ ਬੰਨ੍ਹੀ ਆਉਂਦੇ ਸਨ। ਬਾਬੇ ਈਸਾ ਦੀ ਰੂਹ ਦੇ ਕਾਤਲਾਂ ਨੇ ਅਣਗਿਣਤ ਮਸੀਹਾਂ ਨੂੰ ਸੂਲੀ ਚਾੜ੍ਹਨਾ ਸੀ। ਕਰਾੜਾਂ ਦੇ ਹੱਥਾਂ 'ਚ ਵੇਚਣ ਦੀਆਂ ਵਸਤਾਂ ਸਨ। ਉਨ੍ਹਾਂ ਦੇ ਚਿਹਰਿਆਂ 'ਤੇ ਮੁਨਾਫ਼ੇ ਦੀ ਹਾਬੜੀ ਭੁੱਖ ਸੀ ਤੇ ਹੱਥ ਕਿਰਤ ਦੇ ਲਹੂ ਨਾਲ ਰੰਗੇ ਹੋਏ ਸਨ। ਲੁੱਟ ਦੇ ਬੇਕਿਰਕ ਪਹਿਰੇਦਾਰਾਂ ਦੇ ਹੱਥਾਂ 'ਚ ਨਾਮੁਰਾਦ ਅਸਲਾ ਸੀ। ਇਨ੍ਹਾਂ ਕਾਰਿਆਂ ਨੂੰ ਉਹ 'ਜੰਗਲੀਆਂ' ਨੂੰ 'ਸੱਭਿਅਤਾ' ਸਿਖਾਉਣ ਦੀ 'ਪਵਿੱਤਰ ਸੇਵਾ' ਮੰਨਦੇ ਹਨ। ਉਹ ਕੋਲੰਬਸਾਂ, ਮਾਰਕ ਪੋਲੋਆਂ ਤੇ ਜੇਮਜ਼ ਕੁੱਕਾਂ ਨੂੰ ਨਵੀਂ ਦੁਨੀਆਂ ਲੱਭਣ ਦੇ ਖ਼ੋਜੀ ਨਾਇਕਾਂ ਵਜੋਂ ਪ੍ਰਚਾਰਦੇ ਰਹੇ ਤੇ ਮਨੁੱਖੀ ਨਸਲ ਦੇ ਚੇਤਿਆਂ 'ਚ ਪਲੀਤ ਇਤਿਹਾਸ ਦੀ ਗ਼ਰਦ ਚਾੜਦੇ ਰਹੇ। ਨਵੀਂ ਦੁਨੀਆਂ ਲੱਭਣ ਦੇ ਨਾਅਰਿਆਂ ਹੇਠ ਲੁੱਟ ਦੀ ਨਵੀਂ ਦੁਨੀਆਂ ਵਸਾਉਣ ਲਈ ਲਾਮ-ਲਸ਼ਕਰ ਲੈ ਕੇ ਆਉਂਦੇ ਰਹੇ। ਨਾਬਰਾਂ ਨੇ ਇਨ੍ਹਾਂ ਹੱਲਿਆਂ ਨੂੰ ਰੂਹਾਂ ਤੇ ਪਿੰਡਿਆਂ 'ਤੇ ਝੱਲਿਆ ਪਰ ਨਾਬਰੀ ਦੀ ਸੁਰ ਨੀਵੀਂ ਨਹੀਂ ਹੋਣ ਦਿੱਤੀ। ਜ਼ਿੰਦਗੀ ਦੇ ਆਸ਼ਕਾਂ ਨੇ ਸਦੀਆਂ ਤੋਂ ਲੁੱਟ ਦੇ ਖ਼ਿਲਾਫ਼ ਸੰਗਰਾਮ ਦਾ ਪਿੜ ਮੱਲਿਆ ਹੋਇਆ ਹੈ। ਉਨ੍ਹਾਂ ਨੇ ਸ਼ਿਕਾਰੀਆਂ ਦੇ ਮੁਖੌਟਿਆਂ ਅਤੇ ਖ਼ਸਲਤ ਨੂੰ ਸ਼ਰੇ-ਬਾਜ਼ਾਰ ਬੇਪਰਦ ਕੀਤਾ ਹੈ। ਉਨ੍ਹਾਂ ਦੇ ਗੀਤਾਂ 'ਚ ਸ਼ਿਕਾਰ ਹੋਇਆਂ ਦੀ ਮਹਿਮਾਂ ਹੈ ਅਤੇ ਸ਼ਿਕਾਰੀਆਂ ਦੀ ਬਦਸੂਰਤੀ ਝਲਕਦੀ ਹੈ। ਇਹ ਸੱਭਿਅਤਾ ਦਾ ਸਦੀਵੀ ਵਰਤਾਰਾ ਹੈ ਅਤੇ ਪੀੜੇ ਜਾਂਦੇ ਲੋਕਾਂ ਦੀ ਹੋਣੀ ਸਾਂਝੀ ਹੈ।

ਹਦਾਇਤਕਾਰ ਇਸੀਅਰ ਬੋਲੇਨ ਦੀ ਸਪੇਨੀ ਫ਼ਿਲਮ 'ਈਵਨ ਦ ਰੇਨ' ਸਮਕਾਲੀ ਮੁੱਦਿਆਂ ਨੂੰ ਬੀਤੇ ਇਤਿਹਾਸ ਨਾਲ ਜੋੜ ਕੇ ਨਾਬਰਾਂ ਤੇ ਜਾਬਰਾਂ ਦੀ ਪਾਲਾਬੰਦੀ ਨੂੰ ਤਿੱਖੇ ਰੂਪ 'ਚ ਉਘਾੜਦੀ ਹੈ। ਫ਼ਿਲਮ ਦੀ ਕਹਾਣੀ ਮੁਤਾਬਕ ਸੰਨ ਦੋ ਹਜ਼ਾਰ 'ਚ ਸਪੇਨੀ ਫ਼ਿਲਮ-ਕਾਮਿਆਂ ਦਾ ਸਮੂਹ ਕੋਲੰਬਸ ਦੀ ਅਮਰੀਕੀ ਯਾਤਰਾ 'ਤੇ ਫ਼ਿਲਮ ਬਣਾਉਣ ਲਈ ਬੋਲੀਵਿਆ ਦੇ ਸ਼ਹਿਰ ਕੋਚਾਕਾਮਬਾ ਪਹੁੰਚਦਾ ਹੈ। ਹਦਾਇਤਕਾਰ ਸੈਬੇਸਿਟੀਅਨ, ਕੋਲੰਬਸ ਦੀ ਖ਼ੋਜੀ ਨਾਇਕ ਵਾਲੀ ਚਾਲੂ-ਮਿੱਥ ਨੂੰ ਭੰਨ ਕੇ, ਉਸ ਦੇ ਅਮਰੀਕੀ ਮੂਲਵਾਸੀਆਂ 'ਤੇ ਕੀਤੇ ਗਏ ਜ਼ੁਲਮਾਂ ਨੂੰ ਪੇਸ਼ ਕਰਨਾ ਚਾਹੁੰਦਾ ਹੈ। ਕੋਲੰਬਸ ਨੇ ਸੋਨਾ ਲੱਭਣ ਲਈ ਮੂਲਵਾਸੀਆਂ ਨੂੰ ਗ਼ੁਲਾਮ ਬਣਾਇਆ। ਬਾਗ਼ੀਆਂ ਨੂੰ ਸੂਲੀਆਂ 'ਤੇ ਟੰਗ ਕੇ ਜਿਉਂਦੇ ਸਾੜਿਆ। ਮੂਲਵਾਸੀ ਬੀਬੀਆਂ ਤੇ ਭੁਝੰਗੀਆਂ ਨੂੰ ਕੋਹ-ਕੋਹ ਮਾਰਿਆ। ਬੋਲੀਵਿਆ ਲਾਤੀਨੀ ਅਮਰੀਕਾ ਦਾ ਸਭ ਤੋਂ ਗ਼ਰੀਬ ਮੁਲਕ ਹੈ। ਮਜ਼ਦੂਰੀ ਸਸਤੀ ਹੋਣ ਕਰਕੇ ਇਹ ਮੁਲਕ ਫ਼ਿਲਮ ਦੇ ਵਿੱਤੀ ਮਾਲਕਾਂ ਨੂੰ ਬਹੁਤ ਰਾਸ ਆਉਂਦਾ ਹੈ। ਇਹ ਫ਼ਿਲਮਸਾਜ਼ਾਂ ਵੱਲੋਂ ਕੀਤੀ ਜਾਂਦੀ ਲੁੱਟ ਦਾ ਮਹੀਨ ਰੂਪ ਹੈ। ਇੱਕ ਪਾਸੇ ਸੈਬੇਸਿਟੀਅਨ ਦੀ ਫ਼ਿਲਮ ਬਸਤਾਨਾਂ ਦੇ ਖ਼ਿਲਾਫ਼ ਭੁਗਤਦੀ ਹੈ। ਦੂਜੇ ਪਾਸੇ ਮੁਕਾਮੀ ਕਲਾਕਾਰਾਂ ਦਾ ਸ਼ੋਸ਼ਣ ਕਰਦੀ ਹੈ। ਮਿਹਨਤਾਨਾ ਘੱਟ ਹੋਣ ਕਰਕੇ ਬਹੁਤੇ ਕਲਾਕਾਰ ਮੁਕਾਮੀ ਲੋਕਾਂ 'ਚੋਂ ਚੁਣੇ ਜਾਂਦੇ ਹਨ। ਕੋਲੰਬਸ ਦੇ ਖ਼ਿਲਾਫ਼ ਬਾਗ਼ੀਆਂ ਦੇ ਮੁਖੀ 'ਹਾਟੇ' ਦੇ ਕਿਰਦਾਰ 'ਚ ਮੂਲਵਾਸੀ ਡੈਨੀਅਲ ਨੂੰ ਲਿਆ ਜਾਂਦਾ ਹੈ। ਫ਼ਿਲਮ ਬਣਨ ਦੌਰਾਨ ਕੋਚਾਕਾਮਬਾ 'ਚ ਬਹੁਕੌਮੀ ਕੰਪਨੀ ਨੂੰ ਪਾਣੀ ਦੇ ਨਿੱਜੀਕਰਨ ਦਾ ਹੱਕ ਮਿਲ ਚੁੱਕਿਆ ਹੈ। ਕੰਪਨੀ, ਪ੍ਰਸ਼ਾਸਨ ਤੇ ਪੁਲਿਸ ਦੀ ਮਿਲੀਭੁਗਤ ਨਾਲ ਪਾਣੀ ਦੇ ਰਵਾਇਤੀ ਵਸੀਲੇ ਬੰਦ ਕਰਨ 'ਚ ਲੱਗੀ ਹੋਈ ਹੈ। ਖ਼ਾਸ ਕਰਕੇ ਖੂਹਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਤਾਂ ਕਿ ਆਵਾਮ ਕੋਲ ਪਾਣੀ ਹਾਸਲ ਕਰਨ ਦਾ ਇੱਕੋ-ਇੱਕ ਵਸੀਲਾ ਕੰਪਨੀ ਹੀ ਹੋਵੇ। ਪਾਣੀ ਦੀਆਂ ਕੀਮਤਾਂ ਵਧਾਉਣ ਕਰਕੇ ਲੋਕ-ਰੋਹ ਭੜਕ ਉੱਠਦਾ ਹੈ। ਡੈਨੀਅਲ ਵਿਰੋਧ ਕਰਨ ਵਾਲਿਆਂ ਦੇ ਆਗੂਆਂ 'ਚੋਂ ਹੈ।
ਪੁਲਿਸ ਡੰਡੇ ਦੇ ਜ਼ੋਰ ਨਾਲ ਲੋਕਾਂ ਨੂੰ ਦਬਾਉਣਾ ਚਾਹੁੰਦੀ ਹੈ। ਡੈਨੀਅਲ ਦੇ ਜੇਲ੍ਹ ਜਾਣ ਜਾਂ ਜਖ਼ਮੀ ਹੋਣ ਨਾਲ ਫ਼ਿਲਮ ਦਾ ਕੰਮ ਰੁਕ ਸਕਦਾ ਹੈ। ਵਿੱਤੀ ਮਾਲਕ ਉਸ ਨੂੰ ਵੱਧ ਪੈਸੇ ਦੇ ਕੇ ਮੁਜ਼ਾਹਰੇ 'ਚ ਜਾਣ ਤੋਂ ਰੋਕਦੇ ਹਨ। ਉਹ ਪੈਸੇ ਲੈ ਲੈਂਦਾ ਹੈ ਪਰ ਮੁਜ਼ਾਹਰੇ ਦੀ ਅਗਵਾਈ ਕਰਨ ਪਹੁੰਚ ਜਾਂਦਾ ਹੈ। ਪੁਲਿਸ ਲੋਕਾਂ 'ਤੇ ਅੰਨ੍ਹਾਂ ਤਸ਼ੱਦਦ ਕਰਦੀ ਹੈ। ਡੈਨੀਅਲ ਜਖ਼ਮੀ ਹੋ ਜਾਂਦਾ ਹੈ ਤੇ ਫੜ ਲਿਆ ਜਾਂਦਾ ਹੈ। ਫ਼ਿਲਮਸਾਜ਼ ਪੁਲਿਸ ਵਾਲਿਆਂ ਨੂੰ ਰਿਸ਼ਵਤ ਦੇ ਕੇ ਡੈਨੀਅਲ ਨੂੰ ਕੁਝ ਘੰਟਿਆਂ ਲਈ ਛੁੜਵਾ ਲਿਆਉਂਦੇ ਹਨ। ਫ਼ਿਲਮ ਦਾ ਕੰਮ ਪੂਰਾ ਹੁੰਦੇ ਸਾਰ ਪੁਲਸ ਡੈਨੀਅਲ ਨੂੰ ਦੁਬਾਰਾ ਫੜਨ ਆ ਪਹੁੰਚਦੀ ਹੈ ਪਰ ਮੂਲਵਾਸੀ ਡੈਨੀਅਲ ਨੂੰ ਛੁਡਵਾਉਣ ਲਈ ਪੁਲਿਸ ਨਾਲ ਦਸਤਪੰਜਾ ਲੈਂਦੇ ਹਨ। ਅੰਤ 'ਚ ਬਹੁਕੌਮੀ ਕੰਪਨੀ ਨੂੰ ਲੋਕ-ਰੋਹ ਅੱਗੇ ਝੁਕਦਿਆਂ ਪਿੱਛੇ ਹਟਣਾ ਪੈਂਦਾ ਹੈ।

ਹਾਟੇ (ਡੈਨੀਅਲ) ਨੂੰ ਬਾਗ਼ੀ ਹੋਣ ਕਰਕੇ ਕੋਲੰਬਸ ਨੇ ਸੂਲੀ 'ਤੇ ਚਾੜ ਕੇ ਜਿਉਂਦਾ ਸਾੜ ਦਿੱਤਾ ਸੀ। ਡੈਨੀਅਲ, ਬਾਬੇ ਈਸਾ ਦੀ ਰੂਹ ਜਾਪਦਾ ਹੈ ਜੋ ਕੋਲੰਬਸ ਤੋਂ ਲੈ ਕੇ ਅਵਾਮ ਨੂੰ ਪਾਣੀ ਤੋਂ ਬੇਦਖ਼ਲ ਕਰਦੀ ਬਹੁਕੌਮੀ ਕੰਪਨੀ ਦੇ ਜ਼ੁਲਮ ਅੱਗੇ ਹਿੱਕ ਡਾਹੁੰਦਾ ਹੈ। ਹਰ ਵਾਰੀ ਉਸਦੇ ਹਿੱਸੇ ਸੂਲੀ ਆਈ ਹੈ। ਤਹਿਲਕਾ ਮੈਗਜ਼ੀਨ ਦੀ ਰਪਟ ਮੁਤਾਬਕ ਸਾਡੇ ਮੁਲਕ ਦੀ ਸਰਕਾਰ ਨੇ ਮੱਧ-ਪ੍ਰਦੇਸ਼ ਦੇ ਦਰਿਆ ਦਾ ਤੇਈ ਕਿਲੋਮੀਟਰ ਦਾ ਮੁਹਾਣ ਨਿੱਜੀ ਕੰਪਨੀ ਨੂੰ ਇੱਕ ਰੁਪੈ ਵਿੱਚ ਪਟੇ 'ਤੇ ਦਿੱਤਾ ਸੀ। ਮੁਕਾਮੀ ਲੋਕਾਂ ਨੂੰ ਉਦੋਂ ਪਤਾ ਲੱਗਿਆ ਜਦੋਂ ਦਰਿਆ ਦੇ ਦੁਆਲੇ ਕੰਡਿਆਲੀ ਤਾਰ ਲਾ ਦਿੱਤੀ ਗਈ। ਲੋਕਾਂ ਨੂੰ ਦਰਿਆ ਦਾ ਪਾਣੀ ਵਰਤਣ ਤੋਂ ਰੋਕ ਦਿੱਤਾ ਗਿਆ। ਇਸ ਤਰ੍ਹਾਂ ਦੇ ਹੋਰ ਮਾਮਲੇ ਵੀ ਸਾਹਮਣੇ ਆਏ ਹਨ। ਜਿੱਥੇ ਦਰਿਆਵਾਂ ਦੇ ਪਾਣੀ ਨਿੱਜੀ ਕੰਪਨੀਆਂ ਨੂੰ ਨਾਮਨਿਹਾਦ ਕੀਮਤ 'ਤੇ ਵੇਚ ਦਿੱਤੇ ਗਏ ਹਨ। ਫ਼ਿਲਮ ਪੁਰਾਣੇ ਯੂਰਪੀ ਸਾਮਰਾਜ ਅਤੇ ਅਜੋਕੇ ਆਲਮੀਕਰਨ ਤੇ ਨਿੱਜੀਕਰਨ ਦੇ ਵਰਤਾਰੇ ਦੀਆਂ ਸਾਂਝੀਆਂ ਤੰਦਾਂ ਨੂੰ ਉਘਾੜ ਕੇ ਪੇਸ਼ ਕਰਦੀ ਹੈ। ਕੋਲੰਬਸ ਦੀ ਗ਼ੁਲਾਮੀ ਤੇ ਕਤਲੇਆਮ ਦੀ ਵਿਰਾਸਤ ਨੂੰ ਮੌਜੂਦਾ ਬਸਤਾਨ ਆਲਮੀਕਰਨ ਤੇ ਖੁੱਲ੍ਹੀ ਮੰਡੀ ਦੀਆਂ ਨੀਤੀਆਂ ਰਾਹੀਂ ਅੱਗੇ ਵਧਾ ਰਹੇ ਹਨ। ਪਾਣੀ ਤੋਂ ਲੈ ਕੇ ਹਰ ਬੁਨਿਆਦੀ ਸੇਵਾ ਨੂੰ ਨਿੱਜੀ ਹੱਥਾਂ 'ਚ ਦਿੱਤਾ ਜਾ ਰਿਹਾ ਹੈ। ਇਸੇ ਪ੍ਰਸੰਗ 'ਚ ਅਵਾਮੀ ਗਾਇਕ ਜਗਦੀਸ਼ ਪਾਪੜਾ ਪੰਜਾਬੀਆਂ ਨੂੰ ਗੀਤ ਰਾਹੀਂ ਸਚੇਤ ਕਰਦੇ ਹਨ, "ਪੀ ਬੋਤਲ ਦਾ ਪਾਣੀ, ਨਾ ਹਾਕਾਂ ਮਾਰ ਗ਼ੁਲਾਮੀ ਨੂੰ।" ਫ਼ਿਲਮ ਦਾ ਸਿਰਲੇਖ ਇਸ਼ਾਰਾ ਕਰਦਾ ਹੈ ਕਿ ਮੁਨਾਫ਼ਾਖੋਰ ਨੀਤੀਆਂ ਰਾਹੀਂ ਆਵਾਮ ਲਈ ਮੀਂਹ ਦਾ ਪਾਣੀ ਵਰਤਣਾ ਵੀ ਗ਼ੈਰ-ਕਨੂੰਨੀ ਬਣਾ ਦਿੱਤਾ ਜਾਵੇਗਾ।
ਫ਼ਿਲਮ ਅਮਰੀਕੀ ਲੋਕ-ਇਤਿਹਾਸਕਾਰ ਅਤੇ ਸਿਆਸੀ ਕਾਰਕੁਨ ਹਾਵਰਡ ਜ਼ਿਨ ਨੂੰ ਸਮਰਪਤ ਹੈ। ਜਿਸ ਨੂੰ ਉੱਘੇ ਫ਼ਿਲਮਸਾਜ਼ ਤੇ ਕਾਲਮ ਨਵੀਸ ਦਲਜੀਤ ਅਮੀ 'ਆਪਣਾ ਕੌਮਾਂਤਰੀ ਬਾਬਾ' ਕਹਿ ਕੇ ਸਤਿਕਾਰਦੇ ਹਨ। ਹਾਵਰਡ ਜ਼ਿਨ ਜੰਗ ਵਿਰੋਧੀ ਅਤੇ ਲੋਕ-ਪੱਖੀ ਲਹਿਰ ਦੇ ਨਾਮੀ ਲੇਖਕਾਂ 'ਚ ਗਿਣੇ ਜਾਂਦੇ ਹਨ। 'ਅਮਰੀਕਾ ਦਾ ਲੋਕ ਇਤਿਹਾਸ' ਉਨ੍ਹਾਂ ਦੀ ਮਸ਼ਹੂਰ ਕਿਤਾਬ ਹੈ। ਫ਼ਿਲਮ ਦੇ ਲੇਖਕ ਪਾਲ ਲਾਵਰਟੀ ਹਾਵਰਡ ਜ਼ਿਨ ਦੇ ਕਰੀਬੀ ਮਿੱਤਰਾਂ 'ਚੋਂ ਹਨ। ਫ਼ਿਲਮ ਦੀ ਕਹਾਣੀ ਲਿਖਣ 'ਚ ਬਾਬੇ ਹਾਵਰਡ ਨੇ ਪਾਲ ਲਾਵਰਟੀ ਦੀ ਮਦਦ ਕੀਤੀ ਸੀ। ਸਮੁੱਚੇ ਰੂਪ 'ਚ ਫ਼ਿਲਮ ਸ਼ਿਕਾਰੀਆਂ ਦੇ ਲਿਖੇ ਇਤਿਹਾਸ ਨੂੰ ਛਿੱਲ ਕੇ ਰੱਖ ਦਿੰਦੀ ਹੈ। ਨਾਬਰਾਂ ਤੇ ਜਾਬਰਾਂ ਦੀ ਪਾਲਾਬੰਦੀ ਨੂੰ ਸਮਕਾਲੀ ਤੈਹਾਂ ਤੱਕ ਫਰੋਲਦੀ ਹੈ।

Saturday 19 November 2011

ਕੌਸਟਾ ਗਾਵਰਸ ਦੀ ਫ਼ਿਲਮ ਕਲਾ

ਰਾਜੀਵ ਸ਼ਰਮਾ

ਕੁਝ ਸਾਲ ਪਹਿਲਾਂ ਇੱਕ ਅੰਗਰੇਜ਼ੀ ਫ਼ਿਲਮ ਦੇਖ ਕੇ ਅਜਿਹੀ ਖ਼ੁਸ਼ੀ ਮਹਿਸੂਸ ਹੋਈ ਸੀ, ਜਿਹੜੀ ਬੇਗ਼ਾਨੇ ਮੁਲਕ ਵਿੱਚ ਕਿਸੇ ਆਪਣੇ ਨੂੰ ਦੇਖ ਕੇ ਹੁੰਦੀ ਹੈ। ਫ਼ਿਲਮ ਸੀ ਮੈਡਸਿਟੀ। ਇਸ ਦਾ ਮੁੱਖ ਪਾਤਰ, ਸਾਮ, ਅਜਾਇਬਘਰ ਵਿੱਚ ਸੁਰੱਖਿਆ ਮੁਲਾਜ਼ਮ ਹੈ। ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਉਹ ਆਪਣੀ ਮੁਖੀ ਅਤੇ ਅਜਾਇਬਘਰ ਦੇਖਣ ਆਏ ਸਕੂਲ ਦੇ ਬੱਚਿਆਂ ਨੂੰ ਬੰਦੂਕ ਦੀ ਨੋਕ 'ਤੇ ਬੰਦੀ ਬਣਾ ਲੈਂਦਾ ਹੈ। ਉਸ ਦਾ ਮਕਸਦ ਸਿਰਫ਼ ਆਪਣੀ ਪਤਨੀ ਤੇ ਦੋ ਬੱਚਿਆਂ ਵਾਸਤੇ ਨੌਕਰੀ ਦਾ ਤਰਲਾ ਪਾਉਣਾ ਹੈ।

ਇਸੇ ਦੌਰਾਨ ਫੰਡਾਂ ਦੀ ਘਾਟ ਕਾਰਨ ਅਜਾਇਬ ਘਰ ਦੀ ਮਾੜੀ ਹਾਲਤ ਬਾਰੇ ਮੁੱਖ ਅਧਿਕਾਰੀ ਦਾ ਮੁਲਾਕਾਤ ਕਰਨ ਆਇਆ ਟੀ.ਵੀ. ਪੱਤਰਕਾਰ ਮੈਕਸ ਉਸ ਅਜਾਇਬਘਰ ਵਿੱਚ ਹਾਜ਼ਰ ਹੈ। ਸਾਮ ਤੋਂ ਗ਼ਲਤੀ ਨਾਲ ਇੱਕ ਪੁਰਾਣਾ ਸਾਥੀ ਜ਼ਖਮੀ ਹੋ ਜਾਂਦਾ ਹੈ। ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਮੈਕਸ ਆਪਣੀ ਸਹਾਇਕ ਕੁੜੀ ਦੇ ਨਾਲ ਹਾਲਾਤ ਦਾ ਲਾਹਾ ਲੈਣ ਦਾ ਉਪਰਾਲਾ ਕਰਦਾ ਹੈ। ਜੋ ਅੱਜ ਭਾਰਤੀ ਟੀ.ਵੀ. ਪੱਤਰਕਾਰੀ ਵਿੱਚ ਹੋ ਰਿਹਾ ਹੈ, ਇਸ ਫ਼ਿਲਮ ਵਿੱਚ ਦੱਸ ਸਾਲ ਪਹਿਲਾਂ ਦਿਖਾਇਆ ਗਿਆ ਸੀ ਜਿਸ ਵਿੱਚ ਖ਼ਬਰ ਨੂੰ ਕੀ ਦਾ ਕੀ ਬਣਾ ਦਿੱਤਾ ਜਾਂਦਾ ਹੈ।

ਪਿਛਲੇ ਸਾਲ ਇੱਕ ਫ਼ਿਲਮ ਮੇਲੇ ਦੌਰਾਨ ਫ਼ਿਲਮ 'ਦ ਐਕਸ' ਦੇਖਣ ਦਾ ਮੌਕਾ ਮਿਲਿਆ। ਇਸ ਨੂੰ ਦੇਖ ਕੇ ਮੇਰੇ ਲੂੰ ਕੰਢੇ ਖੜ੍ਹੇ ਹੋ ਗਏ। ਇਸ ਫ਼ਿਲਮ ਵਿੱਚ ਫਰਾਂਸ ਵਿੱਚ ਲੀ ਕਾਰਪੋਰੇਟ ਕੰਪਨੀ ਦੇ ਕਰਮਚਾਰੀ ਬਰੂਨੋ ਨੂੰ ਦਿਖਾਇਆ ਗਿਆ ਹੈ। ਉਸ ਦੀ ਨੌਕਰੀ ਘੱਟ ਪੈਸੇ ਵਿੱਚ ਕੰਮ ਕਰਨ ਲਈ ਤਿਆਰ ਰੋਮਾਨੀਅਮ ਨੂੰ ਦੇ ਦਿੱਤੀ ਜਾਂਦੀ ਹੈ। ਨੌਕਰੀ ਜਾਣ ਤੋਂ ਦੋ ਸਾਲ ਬਾਅਦ ਤੱਕ ਤਾਂ ਉਹ ਆਪਣੇ ਖਰਚੇ ਘੱਟ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਕੋਈ ਗੱਲ ਨਹੀਂ ਬਣਦੀ ਤਾਂ ਉਹ ਹਾਲਤ ਨਾਲ ਨਜਿੱਠਣ ਲਈ ਨਵੀਂ ਤਰਕੀਬ ਬਣਾਉਂਦਾ ਹੈ। ਉਹ ਆਪਣੇ ਵਰਗੀ ਵਿਦਿਅਕ ਯੋਗਤਾ ਰੱਖਣ ਵਾਲਿਆਂ ਨੂੰ ਇੱਕ-ਇੱਕ ਕਰਕੇ ਮਾਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਕਿ ਨੌਕਰੀ ਲਈ ਕੋਈ ਮੁਕਾਬਲਾ ਨਾ ਰਹੇ। ਪਿਛਲੇ ਕੁਝ ਸਮੇਂ ਦੌਰਾਨ ਭਾਰਤ ਵਿੱਚ ਵੀ ਅਜਿਹੀਆਂ ਘਟਨਾਵਾਂ ਹੋਈਆਂ ਹਨ, ਜਿਨ੍ਹਾਂ ਵਿੱਚ ਨੌਕਰੀ ਤੋਂ ਕੱਢੇ ਗਏ ਕਰਮਚਾਰੀਆਂ ਨੇ ਅਧਿਕਾਰੀਆਂ ਨੂੰ ਜਾਨੋਂ ਮਾਰਿਆ ਹੈ।eਨ੍ਹਾਂ ਘਟਨਾਵਾਂ ਨੂੰ ਭਾਵੇਂ ਜਾਇਜ਼ ਨਹੀਂ ਕਿਹਾ ਜਾ ਸਕਦਾ ਪਰ ਆਲਮੀ ਅਰਥਚਾਰੇ ਵਿੱਚ ਕੀ ਗ਼ਲਤ ਹੈ, ਇਸ ਬਾਰੇ ਸੋਚਿਆ ਜ਼ਰੂਰ ਜਾ ਸਕਦਾ ਹੈ।

ਕੁਝ ਮਹੀਨੇ ਪਹਿਲਾਂ ਮੈਂ ਇੱਕ ਹੋਰ ਫ਼ਿਲਮ ਦੇਖੀ 'ਮਿਸਿੰਗ' ਜੋ ਕੌਸਟਾ ਗਾਵਰਸ ਨੇ 1982 ਵਿੱਚ ਬਣਾਈ ਸੀ। ਇਸ ਦੀ ਕਹਾਣੀ 1973 ਵਿੱਚ ਚਿੱਲੀ ਵਿੱਚ ਵਾਪਰਦੀ ਹੈ। ਇਸ ਵਿੱਚ ਲੋਕ ਪੱਖੀ ਅਮਰੀਕੀ ਪੱਤਰਕਾਰ ਚਾਰਲਸ ਹੋਰਮਨ ਚਿੱਲੀ ਵਿੱਚ ਆਪਣੀ ਪਤਨੀ ਨਾਲ ਇਸ ਗੱਲ ਦੇ ਸਬੂਤ ਲੱਭ ਰਿਹਾ ਹੈ ਕਿ ਚਿੱਲੀ ਵਿੱਚ ਖੱਬੇ ਪੱਖੀ ਹਕੂਮਤ ਦਾ ਰਾਜ ਪਲਟਾ ਕਰਵਾ ਕੇ ਅਮਰੀਕਾ ਨੇ ਆਪਣੀ ਪਸੰਦ ਦਾ ਤਾਨਾਸ਼ਾਹ ਰਾਸ਼ਟਰਪਤੀ ਬਣਵਾਇਆ ਹੈ ਤਾਂ ਕਿ ਉਸ ਦੀਆਂ ਕੰਪਨੀਆਂ ਆਪਣੇ ਢੰਗ ਨਾਲ ਕੰਮ ਕਰ ਸਕਣ। ਅਮਰੀਕਾ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ। ਇੱਕ ਦਿਨ ਚਾਰਲਸ ਹੋਰਮਨ ਗਾਇਬ ਹੋ ਜਾਂਦਾ ਹੈ। ਉਸ ਦੀ ਪਤਨੀ ਜਦੋਂ ਉਸ ਨੂੰ ਲੱਭਣ ਵਿੱਚ ਨਾਕਾਮ ਹੋਕੇ ਹੋਰਮਨ ਦੇ ਪਿਤਾ ਐਦ ਹੋਰਮਨ ਨੂੰ ਸੁਨੇਹਾ ਭੇਜਦੀ ਹੈ ਜੋ ਖਾਂਦਾ-ਪੀਂਦਾ ਅਮਰੀਕੀ ਹੈ।

ਐਦ ਹੋਰਮਨ ਆਪਣੇ ਮੁੰਡੇ ਦੇ ਕੰਮ ਤੋਂ ਬਹੁਤਾ ਖ਼ੁਸ਼ ਨਹੀਂ ਹੈ। ਉਸ ਨੂੰ ਲੱਗਦਾ ਹੈ ਕਿ ਚਾਰਲਸ ਨੂੰ ਇਸ ਪੰਗੇ ਵਿੱਚ ਪੈਣ ਦੀ ਕੀ ਲੋੜ ਸੀ। ਅਮਰੀਕੀ ਸਰਕਾਰ 'ਤੇ ਉਸ ਨੂੰ ਪੂਰਾ ਭਰੋਸਾ ਹੈ। ਜਦੋਂ ਉਹ ਆਪਣੀ ਨੂੰਹ ਨਾਲ ਚਿੱਲੀ ਵਿੱਚ ਆਪਣੇ ਮੁੰਡੇ ਦੀ ਖੋਜ ਸ਼ੁਰੂ ਕਰਦਾ ਹੈ ਤਾਂ ਨਾ ਤਾਂ ਚਿੱਲੀ ਦੀ ਮੌਜੂਦਾ ਸਰਕਾਰ ਦੇ ਅਧਿਕਾਰੀ ਤੇ ਨਾ ਹੀ ਅਮਰੀਕੀ ਦੂਤਾਵਾਸ ਉਸ ਨੂੰ ਕੋਈ ਪੱਲਾ ਫੜਾਉਂਦੇ ਹਨ। ਹੌਲੀ-ਹੌਲੀ ਉਸ ਨੂੰ ਪਤਾ ਲੱਗਦਾ ਹੈ ਕਿ ਚਿੱਲੀ ਵਿੱਚ ਜੋ ਵੀ ਹੋ ਰਿਹਾ ਹੈ, ਉਹ ਅਮਰੀਕੀ ਸਰਕਾਰ ਦਾ ਕੰਮ ਹੈ ਜਿਸ ਉੱਤੇ ਉਸ ਵਰਗੇ ਕਰੋੜਾਂ ਅਮਰੀਕੀ ਯਕੀਨ ਕਰਦੇ ਹਨ। ਇਸੇ ਦੌਰਾਨ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਚਾਰਲਸ ਦਾ ਵੀ ਬਾਕੀ ਦੇ ਖੱਬੇ ਪੱਖੀ ਲੋਕਾਂ ਵਾਂਗ ਚਿੱਲੀ ਦੇ ਸਰਕਾਰੀ ਮੁਲਾਜ਼ਮਾਂ ਹੱਥੋਂ ਕਤਲ ਹੋ ਚੁੱਕਿਆ ਹੈ।

ਫ਼ਿਲਮ ਦੀ ਪ੍ਰਾਪਤੀ ਐਦ ਹੋਰਮਨ ਨਾਂ ਦੇ ਪਾਤਰ ਦੀ ਚੇਤਨਾ ਹੈ। ਉਸ ਨੂੰ ਆਪਣੇ ਮੁੰਡੇ ਦੇ ਕੰਮ ਦੀ ਅਹਿਮੀਅਤ ਦਾ ਅਹਿਸਾਸ ਹੁੰਦਾ ਹੈ। ਇਹ ਫ਼ਿਲਮ ਵੀਕਲ ਥੌਮਸ ਹਾਊਸ ਦੀ ਕਿਤਾਬ 'ਤੇ ਆਧਾਰਿਤ ਹੈ। ਇਸ ਕਿਤਾਬ ਵਿਰੁੱਧ ਇੱਕ ਅਮਰੀਕੀ ਰਾਜਦੂਤ ਨੇ ਕੇਸ ਵੀ ਕੀਤਾ ਸੀ ਕਿ ਇਸ ਵਿੱਚ ਉਸ ਨੂੰ ਬਦਨਾਮ ਕੀਤਾ ਗਿਆ ਹੈ। ਲੋਕਾਂ ਨੇ ਇਸ ਫ਼ਿਲਮ ਨੂੰ ਹੁੰਗਾਰਾ ਦਿੱਤਾ ਤੇ ਇਸ ਨੂੰ ਬਿਹਤਰੀਨ ਪਟਕਥਾ ਲਈ ਆਸਕਰ ਐਵਾਰਡ ਮਿਲਿਆ।

ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਮੇਰੀ ਕੌਸਟਾ ਗਾਵਰਸ ਬਾਰੇ ਜਾਣਨ ਦੀ ਇੱਛਾ ਬਹੁਤ ਤੀਬਰ ਹੋ ਗਈ। ਪਤਾ ਲੱਗਿਆ ਕਿ ਕੌਸਟਾ
ਗਾਵਰਸ ਦਾ ਜਨਮ 13 ਫਰਵਰੀ 1933 ਨੂੰ ਯੂਨਾਨ ਦੇ ਛੋਟੇ ਜਿਹੇ ਪਿੰਡ ਲੌਟਰਾ ਇਰਾਇਸ ਅਕਾਡੀਆ ਵਿੱਚ ਹੋਇਆ। ਉਸ ਦੇ ਪਿਤਾ ਦੂਜੀ ਆਲਮੀ ਜੰਗ ਦੌਰਾਨ ਯੂਨਾਨ ਦੀ ਖੱਬੇ ਪੱਖੀ ਲਹਿਰ ਵਿੱਚ ਸ਼ਾਮਲ ਸਨ। ਇਸ ਕਰਕੇ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ। ਇਸ ਤਰ੍ਹਾਂ ਕੌਸਟਾ ਗਾਵਰਸ ਨੇ ਸਿਆਸਤ ਦਾ ਪਹਿਲਾ ਪਾਠ ਆਪਣੇ ਪਿਤਾ ਦੇ ਗੋਦੀ ਵਿੱਚ ਬੈਠ ਕੇ ਸਿੱਖਿਆ। ਉਸ ਦੀ ਮਾਂ ਹਮੇਸ਼ਾ ਚਾਹੁੰਦੀ ਸੀ ਕਿ ਉਹ ਸਿਆਸਤ ਤੋਂ ਦੂਰ ਰਹੇ ਤਾਂ ਕਿ ਉਸ ਨੂੰ ਮੁਸੀਬਤਾਂ ਨਾ ਝੱਲਣੀਆਂ ਪੈਣ। ਸੰਨ 1951 ਵਿੱਚ ਉਹ ਯੂਨਾਨ ਤੋਂ ਕਾਨੂੰਨ ਦੀ ਪੜ੍ਹਾਈ ਕਰਨ ਲਈ ਫਰਾਂਸ ਚਲਿਆ ਗਿਆ ਤੇ 1956 ਵਿੱਚ ਉਸ ਨੇ ਫਰਾਂਸ ਦੇ ਫਰੈਂਚ ਨੈਸ਼ਨਲ ਫ਼ਿਲਮ ਸਕੂਲ ਵਿੱਚ ਦਾਖ਼ਲਾ ਲੈ ਲਿਆ।

ਸੰਨ 1969 ਵਿੱਚ ਬਣਾਈ ਗਈ ਜ਼ੈਡ (2) ਉਹ ਫ਼ਿਲਮ ਸੀ ਜਿਸ ਨੇ ਉਸ ਨੂੰ ਸਿਆਣੇ ਨਿਰਦੇਸ਼ਕ ਦੇ ਤੌਰ 'ਤੇ ਸਥਾਪਤ ਕੀਤਾ। ਇਸ ਫ਼ਿਲਮ ਵਿੱਚ ਜੱਜ ਯੂਨਾਨ ਵਿੱਚ ਖੱਬੇ ਪੱਖੀ ਆਗੂ ਦੇ ਕਤਲ ਦੀ ਜਾਂਚ ਕਰਦਾ ਹੈ। ਸਰਕਾਰ ਤੇ ਫ਼ੌਜੀ ਅਧਿਕਾਰੀ ਇਸ ਕਤਲ 'ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਉਨ੍ਹਾਂ ਦੀ ਇਸ ਕਤਲ ਵਿੱਚ ਭੂਮਿਕਾ ਜੱਗ ਜ਼ਾਹਿਰ ਨਾ ਹੋ ਜਾਵੇ। ਇਹ ਫ਼ਿਲਮ 1963 ਵਿੱਚ ਕਤਲ ਹੋਏ ਯੂਨਾਨੀ ਨੇਤਾ ਗਿਰੀ ਗੋਰਿਸ ਲਮਵਾਰਕਿਸ ਦੀ ਮੌਤ ਤੋਂ ਬਾਅਦ ਹੋਈਆਂ ਘਟਨਾਵਾਂ 'ਤੇ ਆਧਾਰਿਤ ਸੀ। ਇਸ ਫ਼ਿਲਮ ਨੂੰ ਬਿਹਤਰੀਨ ਵਿਦੇਸ਼ੀ ਬੋਲੀ ਵਾਲੀ ਫ਼ਿਲਮ ਦਾ ਆਸਕਰ ਮਿਲਿਆ।

ਯੂਨਾਨ ਦੇ ਮੁੱਖ ਸ਼ਹਿਰ ਏਥਨਜ਼ ਵਿੱਚ ਲੀ ਆਪਣੀ ਰਿਹਾਇਸ਼ ਦੌਰਾਨ ਬਾਕੀ ਨੌਜਵਾਨਾਂ ਦੀ ਤਰ੍ਹਾਂ ਕੌਸਟਾ ਗਾਵਰਸ ਵੀ ਰੁਮਾਂਚਕਾਰੀ ਅਮਰੀਕੀ ਫ਼ਿਲਮਾਂ ਦਾ ਦੀਵਾਨਾ ਸੀ। ਇਰੱਕ ਵੋਨ ਸਤਰੋਹੀਮਸ ਦੀ 1924 ਵਿੱਚ ਬਣਾਈ ਗਈ ਫ਼ਿਲਮ ਗਰੀਡ ਨੇ ਉਸ ਦਾ ਫ਼ਿਲਮਾਂ ਪ੍ਰਤੀ ਰਵੱਈਆ ਬਦਲ ਦਿੱਤਾ। ਇਸ ਫ਼ਿਲਮ ਵਿੱਚ ਦਿਖਾਇਆ ਗਿਆ ਸੀ ਕਿ ਦੰਦਾਂ ਦੇ ਡਾਕਟਰ ਦੀ ਪਤਨੀ ਦੀ ਲਾਟਰੀ ਨਿਕਲ ਆਉਂਦੀ ਹੈ ਤੇ ਫਿਰ ਲਾਲਚ ਕਿਸ ਤਰ੍ਹਾਂ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੰਦਾ ਹੈ। ਕੌਸਟਾ ਗਾਵਰਸ ਦਾ ਮੰਨਣਾ ਹੈ ਕਿ ਸਾਰੀਆਂ ਫ਼ਿਲਮਾਂ ਵਿੱਚ ਸਿਆਸਤ ਹੁੰਦੀ ਹੈ। ਇਹ ਕਦੇ ਨਹੀਂ ਹੋ ਸਕਦਾ ਕਿ ਤੁਸੀਂ ਕਿਸੇ ਧਿਰ ਨਾਲ ਵੀ ਨਹੀਂ ਹੋ। ਤੁਸੀਂ ਹਰ ਹਾਲਤ ਵਿੱਚ ਕਿਸੇ ਧਿਰ ਨਾਲ ਜ਼ਰੂਰ ਹੁੰਦੇ ਹੋ। ਕੌਸਟਾ ਗਾਵਰਸ ਨੇ ਆਪਣੀਆਂ ਫ਼ਿਲਮਾਂ ਵਿੱਚ ਸੱਤਾ ਦੀ ਕੁਵਰਤੋਂ ਨੂੰ ਵੰਗਾਰਿਆ ਹੈ। ਉਸ ਦੀਆਂ ਫ਼ਿਲਮਾਂ ਆਮ ਤੌਰ 'ਤੇ ਸੱਚੀਆਂ ਘਟਨਾਵਾਂ ਜਾਂ ਪਾਤਰਾਂ 'ਤੇ ਆਧਾਰਿਤ ਹੁੰਦੀਆਂ ਹਨ।

ਜਿੱਥੇ ਕੌਸਟਾ ਗਾਵਰਸ ਨੇ ਸੱਤਾ ਨੂੰ ਵੰਗਾਰਿਆ ਹੈ, ਉਥੇ ਹੀ ਧਰਮ ਦੀ ਸਾਰਥਕਤਾ ਨੂੰ ਵੀ ਆਪਣੀ ਫ਼ਿਲਮ ਦਾ ਵਿਸ਼ਾ ਬਣਾਇਆ ਹੈ। ਅਮੀਨ ਵਿੱਚ ਉਸ ਨੇ ਦੂਜੀ ਆਲਮੀ ਜੰਗ ਦੌਰਾਨ ਵੈਟੀਕਨ ਦੀ ਭੂਮਿਕਾ 'ਤੇ ਸਵਾਲ ਕੀਤਾ ਹੈ ਕਿ ਕਿਉਂ ਉਸ ਵੇਲੇ ਦੇ ਪੋਪ ਨੇ ਨਾਜ਼ੀ ਕੈਂਪਾਂ ਵਿੱਚ ਯਹੂਦੀਆਂ ਦੀ ਮਾਰੂ ਹਾਲਤ ਬਾਰੇ ਜਾਣੂ ਹੋਣ ਦੇ ਬਾਵਜੂਦ ਕੁਝ ਨਹੀਂ ਕੀਤਾ। ਪੂੰਜੀਵਾਦੀ ਸਰਕਾਰਾਂ ਦੇ ਨਾਲ-ਨਾਲ ਉਸ ਨੇ ਆਪਣੀ ਫ਼ਿਲਮ 'ਦਿ ਕਨਫੈਸ਼ਨ' ਵਿੱਚ ਖੱਬੇ ਪੱਖੀ ਸਰਕਾਰ ਦੀਆਂ ਕਮਜ਼ੋਰੀਆਂ ਨੂੰ ਵੀ ਉਭਾਰਿਆ ਹੈ ਜੋ ਇਕ ਚੈਕਸਲੋਵਾਕੀਆ ਦੇ ਖੱਬੇ ਪੱਖੀ ਨੇਤਾ 'ਤੇ ਝੂਠਾ ਕੇਸ ਚਲਾਉਣ ਸਬੰਧੀ ਹੈ। ਕੌਸਟਾ ਗਾਵਰਸ ਦੀ ਨਵੀਂ ਫ਼ਿਲਮ (ਈਡਨ ਇਨ ਦੀ ਵੈਸਟ) ਉਸ ਦੀਆਂ ਹੁਣ ਤੱਕ ਦੀਆਂ ਫ਼ਿਲਮਾਂ ਤੋਂ ਵੱਖਰੀ ਹੈ। ਇਸ ਵਿੱਚ ਉਸ ਨੇ ਹਲਕੇ ਫੁਲਕੇ ਢੰਗ ਨਾਲ ਗ਼ੈਰ-ਕਾਨੂੰਨੀ ਪਰਵਾਸੀ ਦੀ ਜ਼ਿੰਦਗੀ ਨੂੰ ਦਿਖਾਇਆ ਹੈ। ਉਸ ਦਾ ਹਰ ਪੱਧਰ 'ਤੇ ਸ਼ੋਸ਼ਣ ਹੁੰਦਾ ਹੈ। ਇਸ ਫ਼ਿਲਮ ਬਾਰੇ ਉਸ ਦੇ ਕੱਟੜ ਪ੍ਰਸ਼ੰਸ਼ਕਾਂ ਦਾ ਕਹਿਣਾ ਹੈ ਕਿ ਇਸ ਫ਼ਿਲਮ ਵਿੱਚ ਉਸ ਦੀ ਸੁਰ ਮੱਠੀ ਪੈ ਗਈ ਹੈ। ਜੋ ਵੀ ਹੈ, ਕੌਸਟਾ ਗਾਵਰਸ ਨੇ ਆਲਮੀ ਸਿਨੇਮਾ ਦੇ ਇਤਿਹਾਸ ਵਿੱਚ ਦਲੇਰੀ ਨਾਲ ਆਪਣਾ ਯੋਗਦਾਨ ਪਾਇਆ ਹੈ। ਸਾਨੂੰ ਉਸ ਤੋਂ ਹੋਰ ਵੀ ਚੰਗੀਆਂ ਫ਼ਿਲਮਾਂ ਦੀ ਆਸ ਹੈ।