Saturday 20 May 2023

ਸੰਜੋਗੀ ਉਦਮ ਦਾ ਬਹੁ-ਵਿਧਾਵੀ ਕਲਾਕਾਰ: ਵਿਵਾਨ ਸੁੰਦਰਮ

ਦਲਜੀਤ ਅਮੀ

Representative Image: Daljit Ami

ਵਿਵਾਨ ਸੁੰਦਰਮ ਨਹੀਂ ਰਹੇ। ਕਲਾ ਦੀ ਆਲਮੀ ਬਰਾਦਰੀ ਵਿੱਚ ਪੰਜਾਬ ਦੀ ਉਹ ਕੰਨੀ ਸੁੰਨੀ ਹੋ ਗਈ ਜਿਸ ਵਿੱਚ ਪੰਜਾਬ ਦਾ ਆਲਮੀ ਕਲਾਕਾਰ ਮਨੁੱਖੀ ਸਰੋਕਾਰਾਂ ਅਤੇ ਅਹਿਸਾਸ ਦੀ ਨੁਮਾਇੰਦਗੀ ਕਰਨ ਵਾਲੀ ਹਰ ਕਲਾ ਜੁਗਤ ਵਿੱਚ ਸ਼ਾਮਿਲ ਸੀ। ਬਰਤਾਨਵੀ ਸਾਮਰਾਜੀਆਂ ਦੀ ਗਰਮ ਰੁੱਤ ਦੀ ਰਾਜਧਾਨੀ ਸ਼ਿਮਲਾ ਵਿੱਚ 28 ਮਈ 1943 ਨੂੰ ਜੰਮਿਆ ਵਿਵਾਨ ਸਮੁੱਚੀ ਦੁਨੀਆ ਵਿੱਚ ਕਲਾ ਵਰਤਾਉਣ ਤੋਂ ਬਾਅਦ ਸਾਮਰਾਜ ਦੀਆਂ ਨਵੀਂਆਂ ਜੁਗਤਾਂ ਦੀ ਥਾਹ ਪਾਉਣ ਵਿੱਚ ਲੱਗੀ ਹੋਈ ਮੁਲਕ ਦੀ ਰਾਜਧਾਨੀ ਦਿੱਲੀ ਵਿੱਚ 29 ਮਾਰਚ 2023 ਨੂੰ ਫ਼ਾਨੀ ਸੰਸਾਰ ਤੋਂ ਰੁਖਸਤ ਹੋ ਗਿਆ। ਵਿਵਾਨ ਇਨ੍ਹਾਂ ਅੱਸੀ ਸਾਲਾਂ ਦੇ ਅਹਿਸਾਸਮੰਦ ਅਤੇ ਬਾਸੁਰਤ ਗਵਾਹ ਸਨ ਜਿਨ੍ਹਾਂ ਨੇ ਆਪਣੀ ਗਵਾਹੀ ਦਰਦਮੰਦੀ ਨਾਲ ਦਰਜ ਕੀਤੀ। 

ਵਿਵਾਨ ਦਾ ਜਨਮ ਅੰਮ੍ਰਿਤਾ ਸ਼ੇਰਗਿੱਲ ਦੀ ਮੌਤ ਤੋਂ ਤਕਰੀਬਨ ਡੇਢ ਸਾਲ ਬਾਅਦ ਹੋਇਆ ਪਰ ਉਨ੍ਹਾਂ ਨੇ ਆਪਣੀ ਮਾਸੀ ਦੀਆਂ ਯਾਦਾਂ ਅਤੇ ਕਲਾ ਨਾਲ ਤਾਉਮਰ ਸਾਂਝ ਨਿਭਾਈ ਜਿਸ ਦਾ ਪਸਾਰਾ ਅੰਮ੍ਰਿਤਾ ਸ਼ੇਰਗਿੱਲ ਬਾਰੇ ਦੋ ਜਿਲਦਾਂ ਵਿੱਚ ਛਪੀ ਕੌਫ਼ੀ ਟੇਬਲ ਬੁੱਕ ਅਤੇ ਸ਼ੇਰਗਿੱਲ ਸੁੰਦਰਮ ਆਰਟ ਫਾਉਂਡੇਸ਼ਨ ਦੇ ਕੰਮਾਂ ਤੋਂ ਵਡੇਰਾ ਹੈ। ਉਨ੍ਹਾਂ ਸੱਠਵਿਆਂ ਦੇ ਦਹਾਕੇ ਵਿੱਚ ਬੜੌਦਾ ਤੋਂ ਲਲਿਤ ਕਲਾਵਾਂ ਦੀ ਪੜ੍ਹਾਈ ਕਰਨ ਉਪਰੰਤ ਸਲੇਡ ਸਕੂਲ ਆਫ਼ ਆਰਟ, ਲੰਡਨ ਤੋਂ ਸਿਨੇਮਾ ਦੇ ਇਤਿਹਾਸ ਦਾ ਅਧਿਐਨ ਕੀਤਾ। ਉਹ ਵਿਦਿਆਰਥੀ ਲਹਿਰਾਂ ਵਿੱਚ ਸਰਗਰਮ ਰਹੇ। ਉੱਥੇ ਕਮਿਊਨ ਬਣਾਉਣ ਅਤੇ ਵਸਾਉਣ ਵਿੱਚ ਲੱਗੇ ਰਹੇ। ਸੱਤਰਵਿਆਂ ਦੇ ਦਹਾਕੇ ਵਿੱਚ ਉਹ ਵਾਪਸ ਆਏ ਤਾਂ ਕਲਾਕਾਰਾਂ ਅਤੇ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਵਿੱਚ ਕੰਮ ਕੀਤਾ। ਐਮਰਜੈਂਸੀ ਦੌਰਾਨ ਉਨ੍ਹਾਂ ਨੇ ਕਲਾਕਾਰਾਂ ਅਤੇ ਵਿਦਿਆਰਥੀਆਂ ਦੇ ਸਮਾਗਮਾਂ ਅਤੇ ਰੋਸ-ਮੁਜ਼ਾਹਰਿਆਂ ਵਿੱਚ ਇੰਤਜਾਮੀਆ ਭੂਮਿਕਾ ਨਿਭਾਈ। 

ਵਿਵਾਨ ਦੇ ਪਿਤਾ ਕਲਿਆਣ ਸੁੰਦਰਮ ਇੰਡੀਆ ਦੇ ਲਾਅ ਕਮਿਸ਼ਨ ਦੇ ਚੇਅਰਮੈਨ (1968-71) ਰਹੇ। ਵਿਵਾਨ ਨੂੰ ਸਮਾਜ ਅਤੇ ਸਿਆਸਤ ਨੂੰ ਸਮਝਣ ਲਈ ਪਰਿਵਾਰ, ਪੜ੍ਹਾਈ ਅਤੇ ਦੌਰ ਨੇ ਵਸੀਹ ਨਜ਼ਰੀਆ ਪੇਸ਼ ਕੀਤਾ। ਇੱਕ ਪਾਸੇ ਪਰਿਵਾਰ ਸੱਤਾ ਦੇ ਗਲਿਆਰਿਆਂ ਅਤੇ ਕਲਾ ਜਗਤ ਅੰਦਰ ਵਾਸ ਕਰਦਾ ਸੀ ਅਤੇ ਦੂਜੇ ਪਾਸੇ ਉਹ ਦੌਰ ਤਬਦੀਲੀ-ਪਸੰਦ ਅਤੇ ਤਰੱਕੀ-ਪਸੰਦ ਲਹਿਰਾਂ ਦਾ ਤਕਰੀਬਨ ਸਿਖਰ ਸੀ ਜਿਸ ਦੀ ਸਾਹ-ਰਗ ਵਿਦਿਆਰਥੀ ਸਨ। ਵਿਵਾਨ ਦੀ ਕਲਾ ਵਿੱਚ ਇਹ ਸਾਰਾ ਤਜਰਬਾ ਸਮੋਇਆ ਹੋਇਆ ਹੈ। ਉਨ੍ਹਾਂ ਦੀ ਨਫ਼ਾਸਤ ਅਤੇ ਸ਼ਿੱਦਤ ਹਰ ਕਲਾ-ਕਿਰਤ ਵਿੱਚ ਦਿਖਾਈ ਦਿੰਦੀ ਹੈ। ਉਨ੍ਹਾਂ ਦੀ ਸਿਆਸਤ ਕਲਾ ਕਿਰਤਾਂ ਵਿੱਚ ਸਹਿਜ ਨਾਲ ਜ਼ਾਹਿਰ ਹੁੰਦੀ ਹੈ। ਵਿਵਾਨ ਦੀ ਕਲਾ ਦਾ ਖ਼ਾਸਾ ਸਮਾਜਿਕ ਇਤਫ਼ਾਕ, ਬਰਾਬਰੀ ਅਤੇ ਇਨਸਾਫ਼ ਨਾਲ ਜੁੜਿਆ ਹੈ। ਇਹ ਖ਼ਾਸਾ ਉਨ੍ਹਾਂ ਦੀਆਂ ਆਪਣੀਆਂ ਨੁਮਾਇਸ਼ਾਂ ਵਿੱਚ ਉਘੜਦਾ ਹੈ ਅਤੇ ਉਨ੍ਹਾਂ ਦੀ ਸ਼ਮੂਲੀਅਤ ਵਾਲੀਆਂ ਸੰਜੋਗੀ ਨੁਮਾਇਸ਼ਾਂ ਵਿੱਚ ਹੋਰ ਲਿਸ਼ਕਦਾ ਹੈ। 

ਉਨ੍ਹਾਂ ਨੇ 1981 ਵਿੱਚ ਸੰਜੋਗੀ ਨੁਮਾਇਸ਼ ‘ਪਲੇਸ ਫਾਰ ਪੀਪਲ’ ਵਿੱਚ ਸ਼ਮੂਲੀਅਤ ਕੀਤੀ। ਇਹ ਸੰਜੋਗ ਨੁਮਾਇਸ਼ ਵਿੱਚ ਹੁੰਦਾ ਹੈ ਜਿਸ ਦੀ ਸ਼ੁਰੂਆਤ ਵਿਵਾਨ ਦੀ ਕਲਾ ਵਿੱਚ ਵਾਪਰਦੀ ਹੈ। ‘ਪਲੇਸ ਫਾਰ ਪੀਪਲ’ ਵਿੱਚ ਵਿਵਾਨ ਦਾ ਤੇਲ ਚਿੱਤਰ ‘ਪੀਪਲ ਕੰਮ ਐਂਡ ਗੋਅ’ ਸ਼ਾਮਿਲ ਹੋਇਆ ਜਿਸ ਵਿੱਚ ਤਿੰਨ ਕਲਾਕਾਰ ਦੀਆਂ ਤਸਵੀਰਾਂ ਬਣਾਈਆਂ ਗਈਆਂ ਹਨ ਜੋ ਤਕਨੀਕੀ ਪੱਖੋਂ ਸਿਨੇਮਾ ਦਾ ਝਲਕਾਰਾ ਪਾਉਂਦੀਆਂ ਹਨ ਅਤੇ ਕਈ ਤਰ੍ਹਾਂ ਦੇ ਸੰਵਾਦ ਦੀ ਗੁੰਜ਼ਾਇਸ਼ ਨਾਲ ਜ਼ਰਖ਼ੇਜ਼ ਹਨ। ਚਿੱਤਰ ਵਿੱਚ ਕਲਾਕਾਰਾਂ ਦਾ ਸੰਜੋਗੀ ਸੰਵਾਦ ਕਲਾ ਦੀਆਂ ਦੋ ਵਿਧਾਵਾਂ ਵਿੱਚ ਸੰਵਾਦ ਕਰਦਾ ਹੋਇਆ ਨੁਮਾਇਸ਼ ਵਿੱਚ ਹੋਰ ਵਡੇਰੇ ਸੰਵਾਦ ਦਾ ਹਿੱਸਾ ਬਣਦਾ ਹੈ। ਵਿਵਾਨ ਅਤੇ ਉਸ ਦੀ ਭੈਣ ਨਵੀਨਾ ਸੁੰਦਰਮ ਕਸੌਲੀ ਆਰਟ ਸੈਂਟਰ ਦੇ ਬਾਨੀ ਸਨ ਜੋ 1976-91 ਦੌਰਾਨ ਕਲਾ ਸਰਗਰਮੀ ਦਾ ਮਰਕਜ਼ ਸੀ। ਕਲਾ ਦੀਆਂ ਨੁਮਾਇਸ਼ਾਂ, ਕਲਾਕਾਰਾਂ ਦੀਆਂ ਸਰਗਰਮੀਆਂ ਅਤੇ ਕਲਾ ਬਾਰੇ ਸੰਵਾਦ ਕਸੌਲੀ ਆਰਟ ਸੈਂਟਰ ਦਾ ਖ਼ਾਸਾ ਸੀ। ਵਿਵਾਨ ਆਪਣੇ ਨਾਨਕਾ ਘਰ ਵਿੱਚ ਕਲਾਕਾਰਾਂ ਦੇ ਕਿਆਮ ਦਾ ਇੰਤਜਾਮ ਕਰਦੇ ਸਨ ਅਤੇ ਉਨ੍ਹਾਂ ਲਈ ਢੁਕਵਾਂ ਮਾਹੌਲ ਬਣਾਉਣ ਦੇ ਨਾਲ-ਨਾਲ ਸਰਪ੍ਰਸਤੀ ਦੇ ਲੋੜੀਂਦੇ ਵਸੀਲੇ ਜੋੜਦੇ ਸਨ।

ਵਿਵਾਨ ਬਹੁ-ਵਿਧਾਵੀ ਕਲਾਕਾਰ ਸਨ ਜੋ ਨਵੇਂ ਤਜਰਬੇ ਕਰਦੇ ਹੋਏ ਸਫ਼ਰਯਾਫ਼ਤਾ ਰਹਿੰਦੇ ਹਨ। ਉਹ 1990ਵਿਆਂ ਦੇ ਦਹਾਕੇ ਤੋਂ ਇੰਸਟਾਲੇਸ਼ਨ ਕਲਾ ਬਣਾਉਣ ਲੱਗੇ ਸਨ ਤਾਂ ਬੁੱਤਸਾਜ਼ੀ, ਫੋਟੋਕਾਰੀ, ਚਿੱਤਰਕਲਾ ਅਤੇ ਵੀਡੀਓ ਦਾ ਇਸਤੇਮਾਲ ਕਰਦੇ ਸਨ। ਲੱਭੀ ਹੋਈ ਅਤੇ ਰੱਦੀ ਸਮੱਗਰੀ ਦਾ ਇਸਤੇਮਾਲ ਕਰਦੇ ਸਨ। ਨਤੀਜੇ ਵਜੋਂ ਫੋਟੋਆਂ ਬੂਹੇ ਖੋਲ੍ਹ ਕੇ ਉਸ ਦੇ ਚਿੱਤਰਾਂ ਵਿੱਚ ਆ ਬੈਠੀਆਂ ਹਨ। ਪੁਰਾਣੀਆਂ ਫੋਟੋਆਂ ਡਿਜੀਟਲ ਦੁਨੀਆ ਨਾਲ ਖੇਡਣ ਲਗਦੀਆਂ ਹਨ। ਚਿੱਤਰ ਅਤੇ ਫੋਟੋਆਂ ਨਵੇਂ ਰੰਗਾਂ ਵਿੱਚ ਰੰਗੀਆਂ ਜਾਂਦੀਆਂ ਹਨ। ਅਣਦੱਸੀਆਂ ਕਹਾਣੀਆਂ ਸੁਣਾਉਣ ਲਗਦੀਆਂ ਹਨ। ਦਹਾਕਿਆਂ ਤੋਂ ਮਨ ਦੇ ਤਹਿਖ਼ਾਨਿਆਂ ਵਿੱਚ ਚੁੱਪ ਧਾਰੀ ਬੈਠੀਆਂ ਤਸਵੀਰਾਂ ਗੋਸ਼ਿਟ ਕਰਨ ਲਗਦੀਆਂ ਹਨ। ਜਦੋਂ 1992 ਵਿੱਚ ਬੁੰਬਈ ਫ਼ਿਰਕੂ ਹਿੰਸਾ ਦਾ ਸ਼ਿਕਾਰ ਹੋਇਆ ਤਾਂ ਵਿਵਾਨ ਦੀ ਕਲਾ ਨੇ ਹਮਦਰਦੀ ਨਾਲ ਹੁੰਗਾਰਾ ਭਰਿਆ। ਇਹ ਇੰਸਟਾਲੇਸ਼ਨ ਖ਼ਸੂਸੀ ਜਗ੍ਹਾ ਲਈ ਬਣੀ ਅਤੇ ਕਲਕੱਤਾ ਦੇ ਵਿਕਟੋਰੀਆ ਹਾਲ ਵਿੱਚ ‘ਹਿਸਟਰੀ ਪ੍ਰੋਜੈਕਟ’ ਵਜੋਂ ਜਾਣੀ ਜਾਂਦੀ ਹੈ। 

Representative Image: Daljit Ami

ਵਿਵਾਨ ਨੇ ਆਪਣੇ ਪਰਿਵਾਰ ਦੁਆਲੇ ਬਹੁਤ ਕੰਮ ਕੀਤਾ ਜੋ ਆਪਣੇ-ਆਪ ਵਿੱਚ ਕਈ ਤਰ੍ਹਾਂ ਦੀ ਵਿਰਾਸਤ ਦਾ ਸੰਗਮ ਹੈ। ਉਮਰਾਓ ਸਿੰਘ ਸ਼ੇਰਗਿੱਲ ਦੀ ਕਲਾ ਉਸ ਦੀ ਨਾਮੀ ਧੀ ਅੰਮ੍ਰਿਤਾ ਸ਼ੇਰਗਿੱਲ ਦੇ ਲਿਸ਼ਕ ਵਿੱਚ ਓਝਲ ਰਹੀ ਪਰ ਜਿਉਂ ਹੀ ਵਿਵਾਨ ਨੇ ਓਝਲ ਨੂੰ ਉਜਲ ਕੀਤਾ ਤਾਂ ਫੋਟੋਕਾਰ ਨਿਕਲ ਆਇਆ ਜਿਸ ਦੀਆਂ ਫੋਟੋਆਂ ਦੀਆਂ ਇੱਕ ਪਾਸੇ ਕੌਮਾਂਤਰੀ ਪੱਧਰ ਉੱਤੇ ਨੁਮਾਇਸ਼ਾਂ ਲੱਗੀਆਂ ਅਤੇ ਦੂਜੇ ਪਾਸੇ ਕਲਾ ਦੇ ਇਤਿਹਾਸਕਾਰਾਂ ਦੇ ਨਾਲ-ਨਾਲ ਪੜਚੋਲੀਆਂ ਦੀਆਂ ਪਾਰਖੂ ਨਜ਼ਰਾਂ ਵਿੱਚ ਆਈਆਂ। ਉਮਰਾਓ ਸਿੰਘ ਸ਼ੇਰਗਿੱਲ ਦੀਆਂ ਖਿੱਚੀਆਂ ਤਸਵੀਰਾਂ ਉਨ੍ਹਾਂ ਦੀ ਆਪਣੀ ਅਤੇ ਪਰਿਵਾਰਾਂ ਦੇ ਬਾਕੀ ਜੀਆਂ ਦੀਆਂ ਜ਼ਿੰਦਗੀਆਂ ਦੇ ਦਸਤਾਵੇਜ ਹਨ। ਵਿਵਾਨ ਨੇ ਇਨ੍ਹਾਂ ਤਸਵੀਰਾਂ ਤੋਂ ਚਿੱਤਰ ਬਣਾਏ, ਇਨ੍ਹਾਂ ਦੇ ਡਿਜੀਟਲ ਮੌਨਟਾਜ ਬਣਾਏ ਜੋ ਉਨ੍ਹਾਂ ਦੀਆਂ ਯਾਦਾਂ ਅਤੇ ਅਹਿਸਾਸ ਦੇ ਨਵੇਂ ਤਾਣੇ-ਬਾਣੇ ਵਿੱਚ ਬੱਝ ਕੇ ਨਵੀਂਆਂ ਬਾਤਾਂ ਪਾਉਂਦੇ ਹਨ। ਉਨ੍ਹਾਂ ਦੇ ਕੰਮ ਦੀ ਇੱਕ ਤੰਦ ਉਨ੍ਹਾਂ ਦੀ ਮਾਸੀ (ਅੰਮ੍ਰਿਤਾ ਸ਼ੇਰਗਿੱਲ) ਅਤੇ ਦੂਜੀ ਨਾਨੇ (ਉਮਰਾਓ ਸਿੰਘ ਸ਼ੇਰਗਿੱਲ) ਦੇ ਕੰਮ ਦੀ ਲਗਾਤਾਰਤਾ ਵਿੱਚ ਹੈ। ਅੰਮ੍ਰਿਤਾ ਆਪਣੀ ਭੈਣ (ਵਿਵਾਨ ਦੀ ਮਾਂ, ਇੰਦਰਾ ਸੇਰਗਿੱਲ) ਸਮੇਤ ਪਰਿਵਾਰ ਦੇ ਹੋਰ ਜੀਆਂ ਅਤੇ ਆਂਢ-ਗੁਆਂਢ ਦੇ ਕਿਰਦਾਰਾਂ ਨੂੰ ਸਾਹਮਣੇ ਬਿਠਾ ਕੇ ਚਿੱਤਰਕਾਰੀ ਕਰਦੀ ਸੀ। ਉਹ ਅਸਲ ਕਿਰਦਾਰਾਂ ਨੂੰ ਨਮੂਨੇ ਵਜੋਂ ਇਸਤੇਮਾਲ ਕਰਦੀ ਸੀ। ਵਿਵਾਨ ਆਪਣੀ ਮਾਸੀ ਦੇ ਚਿੱਤਰਾਂ ਅਤੇ ਨਾਨੇ ਦੀਆਂ ਫੋਟੋਆਂ ਤੋਂ ਇਹੋ ਕੰਮ ਲੈਂਦੇ ਸਨ। ਇੱਕ ਤਸਵੀਰ ਵਿੱਚ ਵਿਵਾਨ ਆਪਣੇ ਨਾਨੇ ਦੀ ਗੋਦ ਵਿੱਚ ਕੈਮਰਾ ਫੜ ਕੇ ਬੈਠੇ ਹਨ ਪਰ ਜਦੋਂ ਵਿਵਾਨ ਕਲਾਕਾਰ ਵਜੋਂ ਇਸ ਤਸਵੀਰ ਦਾ ਇਸਤੇਮਾਲ ਕਰਦੇ ਹਨ ਤਾਂ ਇਹ ਭੁਲੇਖਾ ਪੈਂਦਾ ਹੈ ਕਿ ਤਸਵੀਰ ਵਾਲੇ ਬੱਚੇ ਦੇ ਕੈਮਰੇ ਨੇ ਤਸਵੀਰ ਖਿੱਚੀ ਹੈ। ਵਿਵਾਨ ਆਪਣੇ ਇਸ ਕੰਮ ਬਾਰੇ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਵੱਡ-ਆਕਾਰੀ ਚਿੱਤਰਾਂ ਵਿੱਚ ਅੰਮ੍ਰਿਤਾ ਦੇ ਚਿੱਤਰਾਂ ਅਤੇ ਉਮਰਾਓ ਸਿੰਘ ਦੀਆਂ ਫੋਟੋਆਂ ਦਾ ਇਸਤੇਮਾਲ ਕੀਤਾ ਅਤੇ ਇਨ੍ਹਾਂ ਦੇ ਵਿਚਕਾਰਲੀਆਂ ਥਾਂਵਾਂ ਵਿੱਚ ਰੰਗਾਂ ਨਾਲ ਆਪਣੀਆਂ ਬਾਤਾਂ ਦੀ ਬੁਣਤੀ ਪਾਈ ਹੈ।


ਵਿਵਾਨ ਸੁੰਦਰਮ ਕਈ ਜਥੇਬੰਦੀਆਂ ਅਤੇ ਅਦਾਰਿਆਂ ਦਾ ਹਿੱਸਾ ਰਹੇ। ਉਹ ਕਲਾ ਵਿੱਚ ਸੰਜੋਗੀ ਸਰਗਰਮੀ ਕਰਨ ਦੀ ਜੁਗਤਬੰਦੀ ਦੇ ਉਸਤਾਦ ਸਨ। ਉਹ ਸਫ਼ਦਰ ਹਾਸ਼ਮੀ ਯਾਦਗਾਰੀ ਟਰੱਸਟ (ਸਹਿਮਤ) ਦਾ ਬਾਨੀ ਟਰੱਸਟੀ ਸਨ। ਵਿਵਾਨ ਦੇ ਚਲਾਣੇ ਉੱਤੇ ਸ਼ਬਨਮ ਹਾਸ਼ਮੀ ਨੇ ਵਿਵਾਨ ਦੇ ਇਨ੍ਹਾਂ ਸ਼ਬਦਾਂ ਨੂੰ ਯਾਦ ਕੀਤਾ, “ਮਈ 1968 ਦੀ ਵਿਦਿਆਰਥੀ ਲਹਿਰ ਰਾਹੀਂ ਮੇਰੇ ਉੱਤੇ ਸਿਆਸਤ ਅਸਰਅੰਦਾਜ਼ ਹੋਈ ਤਾਂ ਮੇਰੇ ਵਿਚਾਰਧਾਰਕ ਝੁਕਾਅ ਮਾਰਕਸਵਾਦੀ ਕਮਿਉਨਿਸਟ ਪਾਰਟੀ ਵੱਲ ਹੋਇਆ ਭਾਵੇਂ ਕਿ ਮੈਂ ਇਸ ਦਾ ਮੈਂਬਰ ਕਦੇ ਨਹੀਂ ਰਿਹਾ। ਕਲਾ ਦੇ ਮੁਹਾਜ ਉੱਤੇ ਮੈਂ 1976 ਵਿੱਚ ਕਸੌਲੀ ਆਰਟ ਸੈਂਟਰ ਬਣਾਇਆ ਜਿਸ ਦੇ ਮਹਿਮਾਨਬਾਜ਼ ਅਤੇ ਪੁਰ-ਖ਼ਲੂਸ ਮਾਹੌਲ ਨਾਲ ਸਰਗਰਮੀ ਅਤੇ ਸੰਵਾਦ ਦਾ ਪਿੜ ਬੱਝਿਆ। ਸਹਿਮਤ ਦੇ ਬਾਨੀ ਟਰੱਸਟੀ ਵਜੋਂ 1990 ਤੋਂ 2003 ਤੱਕ ਮੈਂ ਲਕੀਰ ਖਿੱਚ ਕੇ ਕੀਤੀ ਜਾਣ ਵਾਲੀ ਸਿਆਸਤ ਦਾ ਹਿੱਸਾ ਰਿਹਾ। ਸਹਿਮਤ ਵੱਲੋਂ ਮੈਂ ਬਹੁਤ ਸਾਰੀਆਂ ਛੋਟੀਆਂ ਅਤੇ ਵੱਡੀਆਂ ਨੁਮਾਇਸ਼ਾਂ ਦੇ ਸੰਜੋਗੀ ਦਾ ਕੰਮ ਕੀਤਾ ਜਿਨ੍ਹਾਂ ਨੇ ਮੁਲਕ ਦੇ ਅੰਦਰ ਅਤੇ ਵਿਦੇਸ਼ਾਂ ਦਾ ਸਫ਼ਰ ਕੀਤਾ। ਇਨ੍ਹਾਂ ਨੁਮਾਇਸ਼ਾਂ ਨੇ ਆਵਾਮੀ ਸੰਵਾਦ ਦਾ ਪਿੜ ਬੰਨ੍ਹਣ ਲਈ ਨਵੀਂਆਂ ਜੁਗਤਾਂ ਅਤੇ ਰੂਪਾਂ ਦਾ ਇਸਤੇਮਾਲ ਕੀਤਾ।”

Representative Image: Daljit Ami

ਇਸ ਵੇਲੇ ਕੋਚੀ ਵਿੱਚ ਚੱਲ ਰਹੇ ਕੌਮਾਂਤਰੀ ਕਲਾ ਮੇਲੇ (ਕੋਚੀ-ਮੁਜ਼ੀਰਿਸ ਬਿਨਾਲੇ) ਵਿੱਚ ਵਿਵਾਨ ਸੁੰਦਰਮ ਦੀਆਂ ਦੋ ਕਲਾ ਲੜੀਆਂ ਵਿੱਚੋਂ ਕੁਝ ਕੰਮ ਸ਼ਾਮਿਲ ਕੀਤੇ ਗਏ ਹਨ। ਵਿਵਾਨ ਦੀ ਕਲਾ ਲੜੀ ‘ਏ ਜਰਨੀ ਟੂ ਮੈਕਸੀਕੋ’ ਦੀਆਂ ਕੁਝ ਡਰਾਇੰਗ ਲੰਘੇ ਦੌਰ ਦੇ ਹੁਕਮਰਾਨ ਦੀ ਤਾਕਤ ਅਤੇ ਜਕੜ ਨੂੰ ਪੇਸ਼ ਕਰਦੀਆਂ ਹਨ। ਇਸ ਦੇ ਨਾਲ ਹੀ ‘ਦ ਹਾਈਟਸ ਆਫ ਮਾਚੋ ਪੀਚੋ’ ਨਾਮ ਦੀ ਲੜੀ ਵਿੱਚੋਂ ਕੁਝ ਡਰਾਇੰਗ ਹਨ। ਇਸ ਲੜੀ ਵਿੱਚ ਪੱਚੀ ਡਰਾਇੰਗ ਹਨ ਜੋ ਪਾਬਲੋ ਨੈਰੂਦਾ ਦੀ ਇਸੇ ਨਾਮ ਦੀ ਨਜ਼ਮ ਨੂੰ ਸਿਜਦਾ ਹੈ। ਵਿਵਾਨ ਆਪਣੀ ਆਖ਼ਰੀ ਨੁਮਾਇਸ਼ ਨੂੰ ਚੱਲਦਾ ਛੱਡ ਗਿਆ ਹੈ ਜੋ ਕੋਚੀ ਵਿੱਚ ਸਮੁੰਦਰ ਦੇ ਕਿਨਾਰੇ ਲੱਗੀ ਹੋਈ ਹੈ। ਵਿਵਾਨ ਅੰਮ੍ਰਿਤਾ ਸ਼ੇਰਗਿੱਲ ਦੇ ਚਿੱਤਰਾਂ ਵਿੱਚੋਂ ਬਾਤਾਂ ਪਾਉਂਦੇ ਹਨ ਅਤੇ ਪਾਬਲੋ ਨੈਰੂਦਾ ਦੀ ਨਜ਼ਮ ਨਾਲ ਖੇਡਦੇ ਹਨ। ਅੰਮ੍ਰਿਤਾ ਸ਼ੇਰਗਿੱਲ ਨੇ ਕਿਸੇ ਵੇਲੇ ਕਿਹਾ ਸੀ, “ਯੂਰਪ ਪਿਕਾਸੋ, ਬਰੇਯਕ ਅਤੇ ਹੋਰ ਕਈਆਂ ਦਾ ਹੈ। ਇੰਡੀਆ ਸਿਰਫ਼ ਮੇਰਾ ਹੈ।” ਸ਼ਾਇਦ ਵਿਵਾਨ ਆਪਣੀ ਮਾਸੀ ਨੂੰ ਦੱਸ ਰਿਹਾ ਹੋਵੇਗਾ ਕਿ ਉਸ ਦੇ ਸਮੇਂ ਅਤੇ ਸਥਾਨ ਦਾ ਬਿਆਨੀਆ ਕਿਸੇ ਹੋਰ ਸੰਜੋਗੀ ਪੈਮਾਇਸ਼ ਵਿੱਚ ਹੈ।

(ਲੇਖਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਦੇ ਡਾਇਰੈਕਟਰ ਵਜੋਂ ਕੰਮ ਕਰਦਾ ਹੈ।) 

ਇਹ ਲੇਖ 21 ਮਈ 2023 ਨੂੰ ਪੰਜਾਬੀ ਜਾਗਰਣ ਵਿੱਚ ਛਪਿਆ। (https://www.punjabijagran.com/lifestyle/sahit-and-sabhyachar-vivaan-sundaram-is-a-multi-disciplinary-artist-of-mixed-ventures-9233032.html)

Saturday 6 May 2023

ਕੋਚੀ ਕੌਮਾਂਤਰੀ ਕਲਾ ਕੁੰਭ ਵਿੱਚ ਪੰਜਾਬ ਦੀ ਪੈੜ

ਦਲਜੀਤ ਅਮੀ

Photo: Daljit Ami

ਕੋਚੀ ਦਾ ਦੋ ਸਾਲਾ ਕੌਮਾਂਤਰੀ ਕਲਾ ਮੇਲਾ (ਕੋਚੀ-ਮੁਜ਼ੀਰਿਸ ਬਿਨਾਲੇ) ਤੇਈ ਦਸੰਬਰ ਤੋਂ ਦਸ ਅਪਰੈਲ ਤੱਕ ਨੁਮਾਇਸ਼ਾਂ ਲਗਾ ਕੇ ਮੁਕੰਮਲ ਹੋ ਗਿਆ। ਇਸ ਮੇਲੇ ਦਾ ਨਾਅਰਾ ਸੀ, “ਸਿਆਹੀ ਅਤੇ ਅੱਗ ਤੁਹਾਡੀਆਂ ਰਗਾਂ ਵਿੱਚ ਰਵਾਂ ਹੈ।” ਇਸ ਦਾ ਬਿਆਨੀਆ ਸੀ ਕਿ ਦੋ ਸਾਲਾ ਕਲਾ ਮੇਲਾ ਮਹਿਜ਼ ਸਬੱਬੀ ਜੁੜਿਆ ਸੰਜੋਗ ਨਹੀਂ ਹੁੰਦਾ। ਇਹ ਉਦਾਸੀਆਂ ਦੇ ਸਾਹਮਣੇ ਖੜ੍ਹੀ ਕੀਤੀ ਜਾਣ ਵਾਲੀ ਵਾੜ ਵਾਂਗ ਨਾਮੁਮਕਿਨ ਜਾਪਦਾ ਖ਼ਿਆਲ ਹੈ। ਅਸੀਂ ਮਨੁੱਖਾ ਨਸਲ ਅਤੇ ਆਪਣੀਆਂ ਬਿਰਾਦਰੀਆਂ ਦੀ ਕਾਬਲੀਅਤ ਤੋਂ ਵਾਕਿਫ਼ ਹਾਂ ਜੋ ਨਾਜ਼ੁਕ ਅਤੇ ਮੁਸ਼ਕਲ ਹਾਲਾਤ ਵਿੱਚ ਕਲਾਮਈ ਅੰਦਾਜ਼ ਵਿੱਚ ਵਿਕਸਦੀ ਰਹਿੰਦੀ ਹੈ। ਇਹੋ ਕਾਬਲੀਅਤ ਇਨਕਾਰ ਕਰਦੀ ਹੈ ਕਿ ਸ਼ਾਇਰੀ, ਬੋਲੀਆਂ, ਕਲਾ, ਮੌਸਿਕੀ, ਆਸ਼ਾਵਾਦ ਅਤੇ ਕਟਾਕਸ਼ ਦੇ ਭਰਮ ਤੋਂ ਮੁਕਤ ਹੋ ਜਾਣਾ ਚਾਹੀਦਾ ਹੈ। ਜੁਗਤ ਵਜੋਂ ਕਥਾਕਾਰੀ ਦੀ ਅਨੰਤ ਤਾਕਤ, ਸਿਆਹੀ ਦਾ ਹੱਦਾਂ-ਬੰਨ੍ਹੇ ਤੋੜ ਦੇਣ ਵਾਲਾ ਜ਼ੋਰ, ਕਟਾਕਸ਼ ਅਤੇ ਮਜ਼ਾਕ ਦੀ ਤਬਦੀਲੀ-ਪਸੰਦ ਅੱਗ ਵਿੱਚ ਅਤੁੱਟ ਯਕੀਨ ਹੀ ਇਸ ਦੌਰ ਵਿੱਚ ਨਾਮੁਮਕਿਨ ਨੂੰ ਮੁਮਕਿਨ ਕਰਨ ਦਾ ਹੌਸਲਾ ਦਿੰਦਾ ਹੈ। ਇਸੇ ਬਿਆਨੀਏ ਵਿੱਚ ਸੁਆਲ ਹੈ ਕਿ ਜਦੋਂ ਅਸੀਂ ਕੁਝ ਸੁਣਦੇ, ਦੇਖਦੇ, ਸਹੇਜਦੇ, ਸੋਚਦੇ ਅਤੇ ਬਣਾਉਂਦੇ ਹਾਂ ਤਾਂ ਕੀ ਹਾਸਿਲ ਹੁੰਦਾ ਹੈ? ਇੱਕ ਤਾਂ ਸਭ ਤੋਂ ਇਕਾਂਤ ਵਿੱਚ ਕੀਤੇ ਸਫ਼ਰ ਵੀ ਤਨਹਾ ਨਹੀਂ ਹੁੰਦੇ ਸਗੋਂ ਉਨ੍ਹਾਂ ਰਾਹਾਂ ਉੱਤੇ ਅਸੀਂ ਸਰਵ-ਸਾਂਝੀ ਸੁਰਤ ਅਤੇ ਸੋਚ ਦੇ ਸਰੋਵਰ ਦਾ ਜਲ ਛਕਦੇ ਹਾਂ। ਜਦੋਂ ਅਸੀਂ ਇਕੱਲੇ ਕੰਮ ਕਰਦੇ ਹਾਂ ਤਾਂ ਅਸੀਂ ਹੋਰਾਂ ਦੀ ਆਵਾਜ਼ ਬੁਲੰਦ ਕਰਦੇ ਹਾਂ। ਇਹ ਸਮਾਜਿਕ ਸਰਗਰਮੀ ਹੈ ਜੋ ਅਸੀਂ ਸਿਰਜਣਾ ਕਰਦੇ ਹੋਏ ਸਾਂਝੇ ਤੌਰ ਉੱਤੇ ਕਰਦੇ ਹਾਂ।



Photo: Daljit Ami


ਇਸ ਹਵਾਲੇ ਨਾਲ ਕੋਚੀ ਦੇ ਦੋ ਸਾਲਾ ਕੌਮਾਂਤਰੀ ਕਲਾ ਮੇਲੇ ਵਿੱਚ ਸਥਾਪਨ ਕਲਾ (ਇੰਸਟਾਲੇਸ਼ਨ) (Installation Art) ਮਰਕਜ਼ੀ ਸੀ ਜਿਸ ਵਿੱਚ ਚਿੱਤਰਕਾਰੀ, ਫੋਟੋਕਾਰੀ, ਡਿਜੀਟਲ ਅਤੇ ਵੀਡੀਓ ਦੇ ਨਾਲ-ਨਾਲ ਬਹੁਤ ਸਾਰੀ ਸਮੱਗਰੀ ਅਤੇ ਇਨ੍ਹਾਂ ਦਾ ਵੰਨ-ਸਵੰਨੀ ਸੰਜੋਗੀ ਵਿਓਂਤਬੰਦੀ ਸ਼ਾਮਿਲ ਹੋਈ। ਕੋਚੀ ਵਿੱਚ ਸਮੁੰਦਰ ਦੇ ਕੰਢੇ ਬਣੀਆਂ ਵੱਖ-ਵੱਖ ਥਾਂਵਾਂ ਵਿੱਚ ਤਕਰੀਬਨ ਸਮੁੱਚੇ ਮੇਲੇ ਦਾ ਘੇਰਾ ਸੱਤ-ਅੱਠ ਕਿਲੋਮੀਟਰ ਬਣਦਾ ਸੀ ਅਤੇ ਹਰ ਥਾਂ ਦਾ ਕੋਈ ਬੂਹਾ ਜਾਂ ਖਿੜਕੀ ਸਮੁੰਦਰ ਵੱਲ ਖੁੱਲ੍ਹਦੀ ਸੀ। ਇੱਕ ਪਾਸੇ ਨੁਮਾਇਸ਼ਾਂ ਵਾਲੀਆਂ ਥਾਂਵਾਂ ਉੱਤੇ ਬਸਤਾਨੀ ਦੌਰ ਦੀਆਂ ਯਾਦਾਂ ਦੀ ਝਲਕ ਪੈਂਦੀ ਸੀ ਅਤੇ ਦੂਜੇ ਪਾਸੇ ਸਮੁੰਦਰ ਵਿੱਚ ਹੋ ਰਹੀ ਆਵਾਜਾਈ ਅਤੇ ਢੋਆ-ਢੁਆਈ ਬਸਤਾਨੀ ਦੌਰ ਤੋਂ ਪਹਿਲੀਆਂ ਅਤੇ ਬਾਅਦ ਦੀਆਂ ਕੜੀਆਂ ਜੋੜਦੀ ਸੀ। ਪੁਰਾਤਨ ਦਾ ਵਿਚਕਾਰਲੇ ਦੌਰ ਰਾਹੀਂ ਸਮਕਾਲੀ ਦੌਰ ਨਾਲ ਰਾਬਤਾ ਨੁਮਾਇਸ਼ਾਂ ਕਈ ਤਰ੍ਹਾਂ ਨਾਲ ਪੇਸ਼ ਕਰਦੀਆਂ ਸਨ। ਕੁਝ ਨਾਮੀ ਕਲਾਕਾਰਾਂ ਦੀਆਂ ਪੁਰਾਣੀਆਂ ਕਲਾ-ਕਿਰਤਾਂ ਅਤੇ ਨਵੇਂ ਕਲਾਕਾਰਾਂ ਦੀਆਂ ਸਮਕਾਲੀ ਕਿਰਤਾਂ ਨਾਲ ਇੱਕ ਲੜੀ ਬਣਦੀ ਸੀ। ਮਨੁੱਖੀ ਤਜਰਬੇ ਦੀ ਵੱਖ-ਵੱਖ ਕਲਾ ਰੂਪਾਂ ਵਿੱਚ ਨੁਮਾਇੰਦਗੀ ਇੱਕ ਹੋਰ ਲੜੀ ਬਣਾਉਂਦੀ ਸੀ। ਇੱਕੋ ਖ਼ਿਆਲ ਦੀ ਵੱਖ-ਵੱਖ ਕਲਾਕਾਰਾਂ ਅਤੇ ਵੱਖ-ਵੱਖ ਸਮੇਂ ਵਿੱਚ ਹੋਈ ਨੁਮਾਇੰਦਗੀ ਇੱਕ ਹੋਰ ਲੜੀ ਬਣਾ ਦਿੰਦੀ ਸੀ। ਅਜਿਹੀਆਂ ਲੜੀਆਂ ਦੇ ਉਭਰਨ ਦੀ ਗੁੰਜਾਇਸ਼ ਦਰਸ਼ਕ ਦੇ ਤਜਰਬੇ, ਸਮਝ ਅਤੇ ਸੁਹਜ ਨਾਲ ਜੁੜ ਕੇ ਵਧ ਰਹੀ ਸੀ।

ਇਸ ਲੇਖ ਦਾ ਮਕਸਦ ਇਸ ਕਲਾ ਮੇਲੇ ਵਿੱਚ ਪੰਜਾਬ ਦੀ ਨੁਮਾਇੰਦਗੀ ਨੂੰ ਸ਼ਮੂਲੀਅਤ, ਰੂਪ ਅਤੇ ਵਿਸ਼ਾ ਪੱਖ ਤੋਂ ਵੇਖਣਾ ਹੈ। ਹਰ ਆਲਮੀ ਮਨੁੱਖ ਵਾਂਗ ਕਲਾ ਰਸੀਏ ਵਜੋਂ ਪੰਜਾਬੀ ਬੰਦੇ ਦੀ ਦਿਲਚਸਪੀ ਕਲਾ ਦੇ ਇਸ ਸਮੁੱਚੇ ਮੇਲੇ ਵਿੱਚ ਹੋ ਸਕਦੀ ਹੈ। ਲੇਖ ਇਹ ਸਮਝਣ ਦਾ ਉਪਰਾਲਾ ਹੈ ਕਿ ਇਸ ਮੇਲੇ ਦੀ ਪੰਜਾਬ ਦੇ ਕਿਸ ਕਲਾਕਾਰ, ਕਲਾ ਕਿਰਤ ਜਾਂ ਕਲਾ ਰੂਪ ਵਿੱਚ ਦਿਲਚਸਪੀ ਹੈ। ਇੰਝ ਵੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੀ ਕਿਹੜੀ ਕਲਾ ਇਸ ਮੇਲੇ ਨੂੰ ਜਾਂਦੇ ਰਾਹ ਉੱਤੇ ਸਵਾਰ ਹੁੰਦੀ ਹੈ। 

Photo: Daljit Ami

ਸਥਾਪਨਾ ਕਲਾ ਦੀਆਂ ਦੋ ਨੁਮਾਇਸ਼ਾਂ ਕਲਾਕਾਰ ਜਿਤਿਸ਼ ਕਾਲਾਤ ਨੇ ਕੀਤੀਆਂ ਹਨ ਜੋ ਆਜ਼ਾਦੀ ਦੇ 75 ਵਰ੍ਹਿਆਂ ਨਾਲ ਆਪਣਾ ਸੰਵਾਦ ਕਰਦੀਆਂ ਹਨ। ਇੱਕ ਸਥਾਪਨਾ ਦਾ ਨਾਮ ‘ਕਵਰਿੰਗ ਲੈਟਰ’ ਹੈ ਜੋ ਦੂਜੀ ਆਲਮੀ ਜੰਗ ਤੋਂ ਕੁਝ ਹਫ਼ਤੇ ਪਹਿਲਾਂ ਮੋਹਨ ਦਾਸ ਕਰਮ ਚੰਦ ਗਾਂਧੀ ਦੀ ਹਿਟਲਰ ਨੂੰ ਲਿਖੀ ਚਿੱਠੀ ਦੀ ਸਮਕਾਲੀ ਪੇਸ਼ਕਾਰੀ ਹੈ। ਹਨੇਰੇ ਕਮਰੇ ਵਿੱਚ ਗਾਂਧੀ ਦੀ ਚਿੱਠੀ ਦੇ ਸ਼ਬਦ ਧੁੰਦ ਦੇ ਪਰਦੇ ਉੱਤੇ ਚਲਦੇ ਹਨ। ਧੁੰਦ ਦੇ ਛਟਣ ਸਾਰ ਹੀ ਇਹ ਸ਼ਬਦ ਲੋਪ ਹੋ ਜਾਂਦੇ ਹਨ। ਅਮਨ ਦੇ ਦੂਤ ਨੇ ਹਿੰਸਾ ਦੇ ਅਲੰਵਰਦਾਰ ਨੂੰ ‘ਪਿਆਰੇ ਦੋਸਤ’ ਕਹਿ ਕੇ ਚਿੱਠੀ ਲਿਖੀ ਹੈ ਜਿਸ ਦੇ ਸ਼ਬਦ ਇਤਿਹਾਸ ਨੇ ਅਣਸੁਣੇ ਕਰ ਦਿੱਤੇ ਹਨ। ਦਰਸ਼ਕ ਦੇ ਸਾਹਮਣੇ ਇਹ ਇਤਿਹਾਸਕ ਚਿੱਠੀ ਆਪਣੀ ਕਲਾ ਵਰਤਾਉਂਦੀ ਹੈ ਤਾਂ ਇਹ ਸਮਕਾਲੀ ਦੌਰ ਨਾਲ ਪੇਚੀਦਾ ਸੰਵਾਦ ਛੇੜ ਦਿੰਦੀ ਹੈ। 

ਜਿਤਿਸ਼ ਕਾਲਾਤ ਨੇ ਵੱਖ-ਵੱਖ ਕਲਾਕਾਰਾਂ ਦੀਆਂ ਕਲਾਕਿਰਤਾਂ ਨੂੰ ਸੰਜੋਗ ਕੇ ਦੂਜੀ ਨੁਮਾਇਸ਼ ਦੀ ਸਥਾਪਨਾ ਕੀਤੀ ਹੈ ਜਿਸ ਦਾ ਨਾਮ ‘ਟੈਂਗਲਡ ਹਿਰਾਰਕੀ’ (ਉਲਝੇ ਦਰਜੇ) (Tangled Hierarchy) ਹੈ। ਇਸ ਨੁਮਾਇਸ਼ ਵਿੱਚ 1947 ਦੀ ਵੰਡ ਨਾਲ ਜੁੜੀਆਂ ਕਲਾਕਿਰਤਾਂ ਅਤੇ ਦਸਤਾਵੇਜ਼ ਹਨ। ਇਨ੍ਹਾਂ ਵਿੱਚ ਚਿੱਠੀਆਂ, ਚਿੱਤਰ, ਤਸਵੀਰਾਂ, ਨਕਸ਼ੇ ਅਤੇ ਦਸਤਾਵੇਜ਼ਾਂ ਦੀਆਂ ਨਕਲਾਂ ਹਨ ਜਿਨ੍ਹਾਂ ਦੀ ਸਥਾਪਨਾ ਹੱਦਾਂ-ਸਰਹੱਦਾਂ, ਬਾਮੁਕਾਮੀ-ਬੇਮੁਕਾਮੀ, ਕਹਿ-ਅਣਕਹੇ, ਸੁਣੇ-ਅਣਸੁਣੇ, ਕਲੇਸ਼ ਅਤੇ ਪੀੜ ਵਰਗੀਆਂ ਹਕੀਕਤਾਂ ਅਤੇ ਅਹਿਸਾਸ ਦੀ ਗੁੰਜਾਇਸ਼ ਫਰੋਲਣ ਦਾ ਸਬੱਬ ਬਣਦੀ ਹੈ। ਦਰਜਣ ਤੋਂ ਜ਼ਿਆਦਾ ਕਲਾਕਾਰਾਂ ਵਿੱਚ ਫੋਟੋਕਾਰ ਹੈਨਰੀ ਕਾਰਟੀਅਰ-ਬਰੈਸੋਂ ਅਤੇ ਹੋਮੀ ਵਿਆਰਵਾਲਾ ਸ਼ਾਮਿਲ ਹਨ। ਪੰਜਾਬੀ ਮੂਲ ਦਾ ਸਰਦਾਰੀ ਲਾਲ ਪਰਾਸ਼ਰ ਹੈ ਜਿਸ ਨੇ ਵੰਡ ਦੇ ਫ਼ਿਰਕੂ ਕਤਲਿਆਮ ਦਾ ਸੇਕ ਆਪਣੇ ਪਿੰਡੇ ਉੱਤੇ ਹੰਢਾਇਆ ਹੈ ਅਤੇ ਲਾਹੌਰ ਤੋਂ ਬਾਅਦ ਸ਼ਿਮਲਾ, ਚੰਡੀਗੜ੍ਹ, ਬੁੰਬਈ ਅਤੇ ਦਿੱਲੀ ਵਿੱਚ ਕਲਾ ਸਿਰਜਣ ਦਾ ਕੰਮ ਕੀਤਾ। ਪਰਾਸ਼ਰ ਦੀਆਂ ਡਰਾਇੰਗਾਂ ਉਸ ਦੌਰ ਦੇ ਬੇਪਛਾਣ ਪਨਾਹਗੀਰਾਂ ਦੀਆਂ ਕਹਾਣੀਆਂ ਸੁਣਾਉਂਦੀਆਂ ਹਨ। ਇਨ੍ਹਾਂ ਬੇਪਛਾਣਾਂ ਦੀ ਪਛਾਣ ਇਸ ਨੁਮਾਇਸ਼ ਦਾ ਹਿੱਸਾ ਬਣ ਕੇ ਕਾਲ ਮੁਕਤ ਹੋ ਜਾਂਦੀ ਹੈ। ਸਥਾਪਨਾ ਕਲਾ ਦੀਆਂ ਇਨ੍ਹਾਂ ਦੋ ਨੁਮਾਇਸ਼ਾਂ ਨੂੰ ਪੇਸ਼ ਕਰਨ ਵਾਲੀ ਕਿਰਨ ਨਾਦਰਾ ਦਾ ਕਹਿਣਾ ਹੈ, “ਜਿਤਿਸ਼ ਕਾਲਾਤ ਦੇ ਇਨ੍ਹਾਂ ਦੋ ਕੰਮਾਂ ਦਾ ਧੁਰਾ ਦੋ ਇਤਿਹਾਸਕ ਘੜੀਆਂ ਬਣੀਆਂ ਹਨ। ਅਸੀਂ ਆਸ ਕਰਦੇ ਹਾਂ ਕਿ ਇਹ ਨੁਮਾਇਸ਼ਾਂ ਸੰਵਾਦ ਨੂੰ ਗਾਂਧੀ ਅਤੇ ਵੰਡ ਤੋਂ ਘੇਰੇ ਤੋਂ ਪਾਰ ਲੈ ਜਾਣਗੀਆਂ ਅਤੇ ਦਰਸ਼ਕ ਸੰਗਤ ਮੌਜੂਦਾ ਦੌਰ ਦੀਆਂ ਵੰਡੀਆਂ ਅਤੇ ਤਬਾਹੀਆਂ ਨੂੰ ਉਸੇ ਰੁਝਾਨ ਦੀ ਕੜੀ ਵਜੋਂ ਵੇਖ ਸਕੇਗੀ।” ਪੰਜਾਬੀਆਂ ਦੀ ਆਪਸ ਵਿੱਚ ਵੱਡਾ-ਟੁੱਕੀ ਦੀ ਪੀੜ ਹੁਣ ਚੌਥੀ ਪੀੜ੍ਹੀ ਤੱਕ ਰਿਸ ਗਈ ਹੈ ਜੋ ਪ੍ਰੇਤ ਅੰਗ ਦੀ ਪੀੜ ਵਾਂਗ ਹੈ। ਕੋਚੀ ਕਲਾ ਮੇਲਾ ‘ਪ੍ਰੇਤ ਅੰਗ ਦੀ ਪੀੜ’ ਵਾਲੀ ਧਾਰਨਾ ਰਾਹੀਂ ਖ਼ਸੂਸੀ ਤਜਰਬੇ ਨੂੰ ਵਡੇਰੇ ਰੁਝਾਨ ਦੀ ਕੜੀ ਵਜੋਂ ਪੇਸ਼ ਕਰਦਾ ਹੈ। ਇਹ ਮੇਲਾ ਪੰਜਾਬ ਨੂੰ ਆਲਮੀ ਤਜਰਬੇ ਦਾ ਹਿੱਸਾ ਬਣਾਉਂਦਾ ਹੋਇਆ ਦਰਦਮੰਦੀ ਦਾ ਬੁਲਾਰਾ ਬਣਨ ਦੀ ਸੱਦ ਮਾਰਦਾ ਹੈ। 

ਪਿਛਲੇ ਦਿਨਾਂ ਵਿੱਚ ਫ਼ਾਨੀ ਸੰਸਾਰ ਤੋਂ ਵਿਦਾ ਹੋਏ ਵਿਵਾਨ ਸੁੰਦਰਮ ਦੀਆਂ ਦੋ ਕਲਾ ਲੜੀਆਂ ਦੇ ਚਿੱਤਰ ਕੋਚੀ ਕਲਾ ਮੇਲੇ ਵਿੱਚ ਸ਼ਾਮਿਲ ਸਨ। ਵਿਵਾਨ ਦੀ 1972 ਵਿੱਚ ਬਣਾਈ ਗਈ ਚਿੱਤਰ ਲੜੀ ‘ਦ ਹਾਈਟਸ ਆਫ ਮਾਚੋ ਪੀਚੋ’ (The Heights of Macchu Picchu) ਦੀਆਂ ਡਰਾਇੰਗ ਹਨ। ਇਸ ਲੜੀ ਵਿੱਚ ਪੱਚੀ ਡਰਾਇੰਗ ਹਨ ਜੋ ਪਾਬਲੋ ਨੈਰੂਦਾ ਦੀ ਇਸੇ ਨਾਮ ਦੀ ਨਜ਼ਮ ਨੂੰ ਸਿਜਦਾ ਹਨ। ਇਸ ਦੇ ਨਾਲ ਵਿਵਾਨ ਦੀ 1978 ਵਿੱਚ ਬਣਾਈ ਗਈ ਅੱਠ ਚਿੱਤਰਾਂ ਦੀ ਲੜੀ ‘ਏ ਜਰਨੀ ਟੂ ਮੈਕਸੀਕੋ’ (Mexico) ਦੀਆਂ ਡਰਾਇੰਗ ਇਸ ਨੁਮਾਇਸ਼ ਵਿੱਚ ਸ਼ਾਮਿਲ ਸਨ ਜੋ ਲੰਘੇ ਦੌਰ ਦੇ ਹੁਕਮਰਾਨ ਦੀ ਤਾਕਤ ਅਤੇ ਜਕੜ ਨੂੰ ਪੇਸ਼ ਕਰਦੀਆਂ ਹਨ। ਵਿਵਾਨ ਆਪਣੀ ਆਖ਼ਰੀ ਨੁਮਾਇਸ਼ ਨੂੰ ਚੱਲਦਾ ਛੱਡ ਗਿਆ ਹੈ ਜੋ ਕੋਚੀ ਵਿੱਚ ਸਮੁੰਦਰ ਦੇ ਕਿਨਾਰੇ ਲੱਗੀ ਹੋਈ ਹੈ। ਵਿਵਾਨ ਦੀਆਂ ਕਲਾ ਕਿਰਤਾਂ ਸਫ਼ਰਯਾਫ਼ਤਾ ਪੰਜਾਬੀ ਬੰਦੇ ਦੇ ਆਲਮੀ ਖ਼ਾਸੇ ਅਤੇ ਫ਼ਿਕਰਾਂ ਨੂੰ ਪੇਸ਼ ਕਰਦੀਆਂ ਹਨ ਜਿਨ੍ਹਾਂ ਨਾਲ ਸੱਤਰਵਿਆਂ ਦੇ ਦਹਾਕੇ ਦੇ ਨਕਸ਼ ਉਘੜ ਆਉਂਦੇ ਹਨ। ਸੱਤਰਵਿਆਂ ਦਾ ਪੰਜਾਬੀ ਕਲਾ ਅਤੇ ਸਾਹਿਤ ਜਗਤ ਇਸੇ ਖ਼ਾਸੇ ਦੀ ਹੋਣੀ ਆਪਣੇ ਹੱਡੀਂ ਹੰਢਾ ਰਿਹਾ ਸੀ। ਵਿਵਾਨ ਉਸੇ ਹੋਣੀ ਦੀ ਕੌਮਾਂਤਰੀ ਤੰਦ ਫੜਨ ਦਾ ਉਪਰਾਲਾ ਕਰਦਾ ਜਾਪਦਾ ਹੈ।

ਕੋਚੀ ਕਲਾ ਮੇਲੇ ਵਿੱਚ ਪੰਜਾਬੀ ਬੰਦੇ ਦੀ ਸਮਕਾਲੀ ਨੁਮਾਇੰਦਗੀ ਕਿਸਾਨ ਮੋਰਚੇ ਰਾਹੀਂ ਹੋਈ ਹੈ। ਇਹ ਨੁਮਾਇੰਦਗੀ ਤਿੰਨ ਵੱਖ-ਵੱਖ ਨੁਮਾਇਸ਼ਾਂ ਵਿੱਚ ਵੱਖ-ਵੱਖ ਕਲਾ ਰੂਪਾਂ ਅਤੇ ਕਲਾਕਾਰਾਂ ਦੇ ਕੰਮ ਵਿੱਚ ਦਰਜ ਹੋਈ ਹੈ।

Photo: Daljit Ami

ਜਸ਼ਨਦੀਪ ਕੌਰ ਨੇ ਵਿਦਿਆਰਥੀਆਂ ਵਾਲੇ ਪਾਸੇ ਆਪਣੀ ਸਥਾਪਨਾ ਕੀਤੀ ਹੈ ਜਿਸ ਦਾ ਨਾਮ ‘ਪੋਸਟਕਾਰਡ ਫਰੌਮ ਪਰੋਟੈਸਟ’ (ਮੋਰਚੇ ਤੋਂ ਚਿੱਠੀਆਂ) (Postcards from Protest) ਹੈ। ਸਰਕਾਰੀ ਆਰਟ ਕਾਲਜ ਚੰਡੀਗੜ੍ਹ ਵਿੱਚੋਂ ਪੜ੍ਹਾਈ ਕਰਨ ਵਾਲੀ ਜਸ਼ਨਦੀਪ ਕੌਰ ਨੇ ਕਿਸਾਨ ਮੋਰਚੇ ਦੀਆਂ ਕਹਾਣੀਆਂ, ਕਵਿਤਾਵਾਂ ਅਤੇ ਰੋਜ਼ਾਨਾ ਜ਼ਿੰਦਗੀ ਨੂੰ ਆਪਣੀ ਕਲਾ ਦਾ ਵਿਸ਼ਾ ਬਣਾਇਆ ਹੈ ਜਿਸ ਵਿੱਚ ਲੋਕਾਂ ਦੇ ਜ਼ੋਰ, ਜਬਤ ਅਤੇ ਸਿਦਕ ਦੇ ਨਜ਼ਾਰਿਆਂ ਅਤੇ ਆਵਾਜ਼ਾਂ ਨੂੰ ਪੇਸ਼ ਕੀਤਾ ਹੈ। ਇਸ ਪੇਸ਼ਕਾਰੀ ਰਾਹੀਂ ਕਿਸਾਨ ਮੋਰਚੇ ਅਤੇ ਨਾਇਨਸਾਫ਼ੀ ਖ਼ਿਲਾਫ਼ ਹੋਰ ਸੰਘਰਸ਼ਾਂ ਦੀ ਸਾਂਝ ਉਘੜਦੀ ਹੈ। ਮੋਰਚੇ ਦੇ ਕੁਝ ਭਾਵੁਕ ਪਲ ਮਾਨਵੀ ਪੱਖ ਉਘਾੜਦੇ ਹੋਏ ਇਸ ਦੀ ਅਹਿਮੀਅਤ ਦੇ ਵਸੀਹ ਘੇਰੇ ਨੂੰ ਪੇਸ਼ ਕਰਦੇ ਹਨ। ਜਸ਼ਨਦੀਪ ਨੇ ਆਪਣੀਆਂ ਚਿੱਠੀਆਂ ਨੂੰ ਕੰਡਿਆਲੀ ਤਾਰ ਉੱਤੇ ਟੰਗਿਆਂ ਹੈ ਜੋ ਕਿਸਾਨ ਮੋਰਚੇ ਦੀਆਂ ਯਾਦਾਂ ਤਾਜ਼ੀਆਂ ਕਰਦੀਆਂ ਹਨ। ਇਹ ਚਿੱਠੀਆਂ ਜਸ਼ਨਦੀਪ ਨੇ ਕਿਸਾਨ ਮੋਰਚੇ ਦੀ ਹਮਾਇਤ ਵਿੱਚ ਖ਼ਸੂਸੀ ਤੌਰ ਉੱਤੇ ਬਣਾਈਆਂ ਸਨ ਅਤੇ ਇੱਕ ਮੁਹਿੰਮ ਤਹਿਤ ਇਨ੍ਹਾਂ ਉੱਤੇ ਲੋਕਾਂ ਤੋਂ ਲਿਖਵਾਈਆਂ ਸਨ। ਇਹ ਕੰਡਿਆਲੀ ਤਾਰ ਦੀ ਆਪਣੀ ਬਾਤ ਹਕੂਮਤੀ ਜਬਰ ਦੇ ਘੋੜੇ ਉੱਤੇ ਸਵਾਰ ਹੈ ਜੋ ਦਰਸ਼ਕ ਸੰਗਤ ਦੇ ਮਨ ਵਿੱਚ ਕਸ਼ਮੀਰ ਤੋਂ ਕੋਰੀਆ ਤੱਕ ਗਸ਼ਤ ਕਰਦੀ ਹੈ। ਰਾਹ ਵਿੱਚ ਕਿਸਾਨ ਮੋਰਚਾ ਆਉਂਦਾ ਹੈ ਜਿਸ ਦੀ ਇਨਸਾਫ਼ਪਸੰਦੀ ਦੇ ਆਲਮੀ ਇਤਿਹਾਸ ਨਾਲ ਗੂੜ੍ਹਾ ਸਾਕ ਹੈ। ਕੰਡਿਆਲੀ ਤਾਰ ਉੱਤੇ ਲਟਕੀਆਂ ਤਸਵੀਰਾਂ ਕਿਸਾਨ ਮੋਰਚੇ ਦਾ ਤੰਬੂ ਬਣ ਜਾਂਦੀਆਂ ਹਨ ਜੋ ਆਰਜ਼ੀ ਮੁਕਾਮ ਹੁੰਦਾ ਹੋਇਆ ਵੀ ਕਦੀਮੀ ਨਾਬਰੀ ਦਾ ਪੱਕਾ ਟਿਕਾਣਾ ਹੈ। ਕਲਾ ਹੈ ਕਿ ਇਹ ਆਰਜ਼ੀ ਅਤੇ ਸਥਾਈ ਦੀ ਵੰਡੀ ਨੂੰ ਪੋਲਾ ਕਰ ਦਿੰਦੀ ਹੈ। ਸਥਾਪਨ ਕਲਾ ਦੀ ਖ਼ੂਬਸੂਰਤੀ ਹੈ ਕਿ ਇਹ ਹਰ ਥਾਂ ਅਤੇ ਸਮੱਗਰੀ ਨੂੰ ਆਪਣੇ ਵਿੱਚ ਸਮੋ ਲੈਂਦੀ ਹੈ। ਕਿਸਾਨ ਮੋਰਚੇ ਦਾ ਕੰਡਿਆਲੀ ਤਾਰ ਵਾਲਾ ਤੰਬੂ ਜਸ਼ਨਦੀਪ ਦੀ ਨੁਮਾਇਸ਼ ਵਜੋਂ ਇੱਕ ਛੋਟੇ ਜਿਹੇ ਦੁਧੀਆ ਕੰਧਾਂ ਵਾਲੇ ਕਮਰੇ ਵਿੱਚ ਲੱਗਿਆ ਹੈ। ਇਹ ਕੰਧਾਂ ਹਕੂਮਤ ਦਾ ਘੇਰਾ ਹੋ ਨਿਬੜੀਆਂ ਹਨ ਅਤੇ ਮੋਰਚੇ ਦਾ ਖੇੜਾ ਕਿਸੇ ਕਦੀਮੀ ਇਤਿਹਾਸ ਦੀ ਕਲਾ ਬਣ ਵਾਪਰ ਰਿਹਾ ਹੈ।

Photo: Daljit Ami

ਉਸ ਨੇ ਆਪਣੀ ਸਥਾਪਨਾ ਵਿੱਚ ਮੋਰਚੇ ਦੀਆਂ ਆਵਾਜ਼ਾਂ ਆਉਂਦੀਆਂ ਹਨ ਅਤੇ ਇੱਕ ਪਾਸੇ ਲੱਕੜ ਵਿੱਚ ਮੇਖਾਂ ਉੱਗ ਆਈਆਂ ਹਨ ਜੋ ਸੜਕ ਉੱਤੇ ਕਿਸਾਨ ਮੋਰਚੇ ਦੇ ਸਾਹਮਣੇ ਲਗਾਈਆਂ ਕਿੱਲ੍ਹਾਂ ਦੀ ਯਾਦ ਤਾਜ਼ਾ ਕਰਦੀਆਂ ਹਨ ਪਰ ਨਾਲ ਹੀ ਮੋਰਚਿਆਂ ਦੇ ਰਾਹ ਵਿੱਚ ਆਉਂਦੀਆਂ ਹਕੂਮਤੀ ਰੋਕਾਂ ਦੀ ਤਸ਼ਬੀਹੀ ਨੁਮਾਇੰਦਗੀ ਕਰਦੀਆਂ ਹਨ।

ਇਸ ਸਾਕ ਦੀ ਬਾਤ ਪ੍ਰੀਆ ਸੇਨ ਨੇ ਆਪਣੀ ਸਥਾਪਨਾ ਵਿੱਚ ਕੀਤੀ ਹੈ। ਉਸ ਦੀ ਸਥਾਪਨਾ ਦਾ ਧੁਰਾ ਦਿੱਲੀ ਸ਼ਹਿਰ ਅਤੇ ਇਸ ਦਾ ਕੋਰੋਨਾਵਾਈਰਸ ਦੇ ਦੌਰ ਵਾਲਾ ਹਾਲੀਆ ਇਤਿਹਾਸ ਹੈ। ਉਸ ਦੀ ਵੀਡੀਓ ਸਥਾਪਨਾ ਵਿੱਚ ਸ਼ਾਹੀਨ ਬਾਗ਼ ਅਤੇ ਕਿਸਾਨ ਮੋਰਚੇ ਦਾ ਸਾਂਝਾ ਨਾੜੂਆ ਉਘੜਦਾ ਹੈ। ਸ਼ਾਹੀਨ ਬਾਗ਼ ਦਾ ਨਾਅਰਾ ‘ਹਮ ਕਿਆ ਚਾਹਤੇ, ਆਜ਼ਾਦੀ’ ਸਹਿਜੇ ਹੀ ਕਿਸਾਨ ਮੋਰਚੇ ਦੇ ‘ਅਸੀਂ ਜਿੱਤ ਕੇ ਜਾਂਵਾਂਗੇ’ ਵਿੱਚ ਬਦਲ ਜਾਂਦਾ ਹੈ। ਪੰਜਾਬ ਇਸ ਦੌਰ ਵਿੱਚ ਦਿੱਲੀ ਤੋਂ ਕੀਤੇ ਜਾ ਰਹੇ ਫ਼ੈਸਲਿਆਂ ਨੂੰ ਹੁੰਗਾਰਾ ਭਰਦਾ ਰਿਹਾ ਹੈ। ਕਸ਼ਮੀਰ ਦੇ ਹਾਲਾਤ ਅਤੇ ਘੱਟ-ਗਿਣਤੀਆਂ ਦੇ ਸੁਆਲ ਪੰਜਾਬ ਦੇ ਫ਼ਿਕਰਾਂ ਵਿੱਚ ਸਾਮਿਲ ਰਹੇ ਅਤੇ ਕਿਸਾਨ ਮੋਰਚੇ ਰਾਹੀਂ ਤਾਂ ਪੰਜਾਬ ਦਾ ਦਿੱਲੀ ਨਾਲ ਸੰਵਾਦ ਜ਼ਿਆਦਾ ਹੀ ਗਹਿਗੱਚ ਹੋਇਆ ਸੀ। ਇਹ ਪੰਜਾਬ ਪ੍ਰੀਆ ਸੇਨ ਦੀ ਸਥਾਪਨਾ ਵਿੱਚ ਦਰਜ ਹੈ ਜੋ ਬਦਲਦੇ ਹਾਲਾਤ ਵਿੱਚ ਸ਼ਹਿਰ ਅਤੇ ਸ਼ਹਿਰੀ ਦੇ ਆਪਸੀ ਰਿਸ਼ਤੇ ਨੂੰ ਸਮਝਣ ਦਾ ਉਪਰਾਲਾ ਹੈ। 

Photo: Daljit Ami

ਹਰਿਆਣਾ ਦੀ ਪੰਡਿਤ ਲਖਮੀ ਚੰਦ ਸਟੇਟ ਯੂਨੀਵਰਸਿਟੀ ਆਫ਼ ਪਰਫਾਰਮਿੰਗ ਐਂਡ ਵਿਜ਼ੁਅਲ ਆਰਟ, ਰੋਹਤਕ ਦੀ ਵਿਦਿਆਰਥੀ ਅੰਜਲੀ ਗਰੇਵਾਲ ਨੇ ਆਪਣੀ ਸਥਾਪਨਾ ‘ਹੌਰੀਫਿਕ ਲਾਈਨਜ਼’ (ਭਿਆਨਕ ਹੱਦਬੰਦੀਆਂ) (Horrific Lines) ਵਿੱਚ ਆਪਣੇ ਸਮਾਜ ਵਿੱਚ ਦੇਖੀਆਂ-ਸਮਝੀਆਂ ਪਿਤਰਕੀ ਅਤੇ ਜਾਤ ਦੀਆਂ ਹੱਦਬੰਦੀਆਂ ਬਾਰੇ ਅਣਕਹੇ ਅਤੇ ਅਕਹਿ, ਪੀੜ ਅਤੇ ਸਦਮੇ ਦੀ ਬੋਲੀ ਸਿਰਜਣ ਦਾ ਉਪਰਾਲਾ ਕਰਦੀ ਹੈ। ਇਨ੍ਹਾਂ ਹੱਦਬੰਦੀਆਂ ਦੀ ਪੇਸ਼ਕਾਰੀ ਲਈ ਉਹ ਸੁਰੱਖਿਆ ਦਸਤਿਆਂ ਵੱਲੋਂ ਇਸਤਲੇਮਾਲ ਕੀਤੇ ਜਾਣ ਵਾਲੇ ਬੈਰੀਕੇਡਾਂ ਦੀ ਵਰਤੋਂ ਕਰਦੀ ਹੈ ਜੋ ਸਿੰਘੂ, ਟਿੱਕਰੀ ਅਤੇ ਹੋਰ ਥਾਂਵਾਂ ਉੱਤੇ ਕਿਸਾਨ ਮੋਰਚੇ ਸਾਹਮਣੇ ਕੀਤੀ ਹੱਦਬੰਦੀ ਦੀਆਂ ਕਤਾਰਾਂ ਬਣ ਜਾਂਦੀਆਂ ਹਨ। 

ਜਿਤਿਨ ਠੁਕਰਾਲ ਅਤੇ ਸੁਮੀਰ ਟਾਗਰਾ ਦੀ ਸਥਾਪਨਾ ਵਿੱਚ ਕਿਸਾਨ ਮੋਰਚੇ ਦੀ ਨੁਮਾਇੰਦਗੀ ‘ਟਰਾਲੀ ਟਾਈਮਜ਼’ ਅਖ਼ਬਾਰ ਦੀ ਨੁਮਾਇਸ਼ ਨਾਲ ਹੁੰਦੀ ਹੈ। ਇਹ ਦੋਵੇਂ ਕਲਾਕਾਰਾਂ ਕਿਸਾਨ ਮੋਰਚੇ ਦੌਰਾਨ ‘ਟਰਾਲੀ ਟਾਈਮਜ਼’ ਨਾਮ ਦੇ ਅਖ਼ਬਾਰ ਦੀ ਵਿਓਂਤਬੰਦੀ ਕਰਦੇ ਸਨ। ਇਨ੍ਹਾਂ ਦੀ ਸਥਾਪਨਾ ਛੋਟੇ ਰਸਾਲਿਆਂ ਬਾਰੇ ਹੈ ਜਿਸ ਵਿੱਚ ਇਨ੍ਹਾਂ ਨੇ ‘ਟਰਾਲੀ ਟਾਈਮਜ਼’ ਨੂੰ ਸ਼ਾਮਿਲ ਕੀਤਾ ਗਿਆ ਹੈ। 

Photo: Daljit Ami

ਇਸ ਤਰ੍ਹਾਂ ਕੋਚੀ ਕਲਾ ਮੇਲੇ ਵਿੱਚ ਪੰਜਾਬ ਦੀ ਨੁਮਾਇੰਦਗੀ ਲਈ ਇਤਿਹਾਸ ਦੀਆਂ ਦੋ ਵੱਡੀਆਂ ਘਟਨਾਵਾਂ ਹਵਾਲਾ ਬਣੀਆਂ ਹਨ ਜੋ ਵੰਡ ਦੇ ਤਤਕਾਲੀ ਅਤੇ ਸਮਕਾਲੀ ਦੌਰ ਨੂੰ ਪੇਸ਼ ਕਰਦੀਆਂ ਹਨ। ਇਸ ਦੇ ਨਾਲ ਹੀ ਦਰਸ਼ਕ ਸਾਹਮਣੇ ਲਗਾਤਾਰਤਾ ਬਾਰੇ ਸੋਚਣ ਦੀ ਗੁੰਜ਼ਾਇਸ਼ ਖੁੱਲ੍ਹ ਜਾਂਦੀ ਹੈ। ਇਹ ਲਗਾਤਾਰਤਾ ਜਿੱਥੇ ਸਮੇਂ ਵਿੱਚ ਉਡਾਰੀ ਮਾਰਦੀ ਹੈ ਤਾਂ ਉੱਥੇ ਜੁਗਰਾਫੀਏ ਦੇ ਦਿੱਸਹੱਦਿਆਂ ਨੂੰ ਨਕਸ਼ਿਆਂ ਦੀਆਂ ਹੱਦਾਂ ਤੋਂ ਮੁਕਤ ਕਰ ਦਿੰਦੀ ਹੈ। ਇਹ ਦਿਲਚਸਪੀ ਹੈ ਕਿ ਪੰਜਾਬ ਦੀ ਕਿਹੜੀ ਆਰਜ਼ੂਮੰਦੀ ਕੌਮਾਂਤਰੀ ਕਲਾ ਮੇਲਿਆਂ ਵਿੱਚ ਦਰਜ ਹੁੰਦੀ ਹੈ ਅਤੇ ਕਿਸ ਰੂਪ ਵਿੱਚ ਜ਼ਾਹਿਰ ਹੁੰਦੀ ਹੈ। ਇਹ ਸੋਚਣਾ ਹੋਰ ਵੀ ਦਿਲਚਸਪ ਹੈ ਕਿ ਇਹ ਪੰਜਾਬੀ ਬੰਦੇ ਦੇ ਮਨ ਦੀਆਂ ਤੰਦਾਂ ਕਿਵੇਂ ਤੁਣਕਦੀ ਹੈ ਅਤੇ ਆਲਮੀ ਸ਼ਹਿਰੀ ਦੀ ਕਿਸ ਜਗਿਆਸਾ ਦੀ ਤ੍ਰਿਪਤੀ ਕਰਦੀ ਹੈ ਜਾਂ ਕਿਸ ਤਰ੍ਹਾਂ ਦੀ ਜਗਿਆਸਾ ਨੂੰ ਪ੍ਰਚੰਡ ਕਰਦੀ ਹੈ। 

(ਇਹ ਲੇਖ 7 ਮਈ 2023 ਨੂੰ ਪੰਜਾਬੀ ਜਾਗਰਣ ਵਿੱਚ ਛਪਿਆ। (https://www.punjabijagran.com/lifestyle/sahit-and-sabhyachar-punjabs-step-in-kochi-international-kala-kumbh-9227321.html) ਸਾਰੀਆਂ ਤਸਵੀਰਾਂ ਲੇਖਕ ਦੀਆਂ ਖਿੱਚੀਆਂ ਹੋਈਆਂ ਹਨ।)

(ਲੇਖਕ ਬਤੌਰ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਦੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਵਿੱਚ ਕੰਮ ਕਰਦਾ ਹੈ।)