Wednesday, 24 September 2014

ਰੋਲ ਆਫ਼ ਔਨਰ: ਝੀਤਾਂ ਵਿੱਚੋਂ ਸੰਕਟ ਦੀ ਮਾਰ

ਦਲਜੀਤ ਅਮੀ 

ਹਰ ਦੌਰ ਦਾ ਸੰਕਟ ਸਿਆਸੀ-ਸਮਾਜਕ ਮੰਚ ਤੋਂ ਹੁੰਦਾ ਹੋਇਆ ਘਰਾਂ ਅਤੇ ਅਦਾਰਿਆਂ ਵਿੱਚ ਸੰਨ੍ਹ ਲਗਾਉਂਦਾ ਹੈ। ਸੰਕਟ ਦੀ ਮਾਰ ਤੋਂ ਬਚਣ ਲਈ ਘਰਾਂ ਅਤੇ ਅਦਾਰਿਆਂ ਦੇ ਬੂਹੇ ਬੰਦ ਕੀਤੇ ਜਾਂਦੇ ਹਨ। ਦਰਵਾਜ਼ਿਆਂ ਅਤੇ ਖਿੜਕੀਆਂ ਦੀਆਂ ਝੀਤਾਂ ਵਿੱਚੋਂ ਬੰਦੇ, ਬੀਬੀਆਂ ਅਤੇ ਬੱਚੇ ਸੰਕਟ ਦੇ ਗਵਾਹ ਬਣਦੇ ਹਨ। ਸੰਕਟ ਰੂਪੀ ਊਠ ਇਨ੍ਹਾਂ ਝੀਤਾਂ ਵਿੱਚੋਂ ਬੂਹੇ-ਬਾਰੀਆਂ ਦੀਆਂ ਕੁੰਡੀਆਂ, ਪੱਲਿਆਂ ਅਤੇ ਚੌਗਾਠਾਂ ਨੂੰ ਬੇਮਾਅਨੇ ਕਰਦਾ ਹੈ। ਇਨ੍ਹਾਂ ਹਾਲਾਤ ਵਿੱਚ ਕੋਈ ਪਰਦਾ ਕਿਸੇ ਲੱਗ-ਲਿਹਾਜ ਅਤੇ ਨੰਗ-ਕੱਜ ਨੂੰ ਢਕਣ ਦਾ ਸਬੱਬ ਨਹੀਂ ਬਣਦਾ। ਅਮਨਦੀਪ ਸੰਧੂ ਦਾ ਦੂਜਾ ਨਾਵਲ 'ਰੋਲ ਆਫ਼ ਔਨਰ' 1980ਵਿਆਂ ਦੇ ਪੰਜਾਬ ਨੂੰ ਝੀਤਾਂ ਵਿੱਚੋਂ ਦੇਖਦਾ ਹੈ ਅਤੇ ਸਰਕਾਰੀ ਟਾਪੂ ਵਿੱਚ ਉਸਰਦੇ ਮਾਪਿਆਂ ਦੇ ਸੁਫ਼ਨਿਆਂ ਦੇ ਬੇਕਿਰਕ ਕਤਲ ਦੀ ਗਵਾਹੀ ਪੇਸ਼ ਕਰਦਾ ਹੈ।

ਸਰਕਾਰ ਨੇ ਗ਼ਰੀਬ ਤਬਕੇ ਦੇ ਵਿਦਿਆਰਥੀਆਂ ਨੂੰ ਫ਼ੌਜੀ ਅਫ਼ਸਰ ਬਣਾਉਣ ਦਾ ਕਾਰਖ਼ਾਨਾ ਲਗਾਇਆ ਹੈ। ਇਸ ਕਾਰਖ਼ਾਨੇ ਵਿੱਚ ਹਰ ਇਤਫ਼ਰਕੇ ਨੂੰ ਮਿਟਾਉਣ ਲਈ ਅਨੁਸ਼ਾਸਨ ਅਤੇ ਰਗੜੇ ਦੀ ਬੋਲ-ਚਾਲ ਸਿਖਾਈ ਜਾਂਦੀ ਹੈ। ਅੱਠ ਸਾਲਾਂ ਦੀ ਸਿਖਲਾਈ ਤੋਂ ਬਾਅਦ ਫ਼ੌਜ ਲਈ ਪੁਖ਼ਤਾ ਪੁਰਜ਼ਾ ਤਿਆਰ ਹੋਣ ਦੀ ਤਵੱਕੋ ਕੀਤੀ ਜਾਂਦੀ ਹੈ। ਇਸੇ ਤਵੱਕੋ ਨਾਲ ਮਾਪਿਆਂ ਦੇ ਸੁਫ਼ਨੇ ਅਤੇ ਅਦਾਰੇ ਦੀ ਕਾਮਯਾਬੀ ਜੁੜੀ ਹੋਈ ਹੈ। ਇਸ ਕਾਰਖ਼ਾਨੇ ਦੀਆਂ ਮਜ਼ਬੂਤ ਕੰਧਾਂ ਟਾਪੂ ਅਤੇ ਸਮਾਜ ਨੂੰ ਦੋ ਇੱਕ-ਦੂਜੇ ਤੋਂ ਨਿਰਲੇਪ ਰੱਖ ਕੇ ਆਪਣੀ ਹੋਂਦ ਦਰਸਾਉਂਦੀਆਂ ਹਨ। ਕਾਮਯਾਬੀ ਦਾ ਰਾਹ ਪੱਧਰ ਕਰਨ ਲਈ ਕੀਤਾ ਗਿਆ ਨਿਖੇੜਾ ਹੀ ਸਰਾਪ ਬਣ ਜਾਂਦਾ ਹੈ। 



ਸਾਲਾਨਾ ਛੁੱਟੀਆਂ ਕੱਟ ਕੇ ਪਰਤੇ ਵਿਦਿਆਰਥੀ, ਘਰਾਂ ਤੋਂ ਆਈਆਂ ਚਿੱਠੀਆਂ, ਹੋਸਟਲ ਵਿੱਚ ਚੋਰੀ ਪਹੁੰਚਿਆ ਰੇਡੀਓ ਅਤੇ ਕੰਧਾਂ ਟੱਪ ਕੇ ਮਾਰੇ ਛਾਪੇ; ਪੁਰਾਣੇ ਰਿਆਸਤੀ ਮਹਿਲ ਅਤੇ ਤਤਕਾਲੀ ਸਰਕਾਰੀ ਟਾਪੂ ਦੀ ਮਜ਼ਬੂਤੀ ਨੂੰ ਫ਼ਨਾ ਕਰ ਦਿੰਦੇ ਹਨ। ਸੰਕਟ ਸਰਗਰਮ ਸਰਕਾਰੀ ਅਤੇ ਗ਼ੈਰ-ਸਰਕਾਰੀ ਧਿਰਾਂ ਦੇ ਸਿਰਾਂ ਤੋਂ ਉੱਚਾ ਹੋ ਜਾਂਦਾ ਹੈ। ਨਿਰਪੱਖ ਅਤੇ ਨਿਰਲੇਪ ਰਹਿਣ ਦੀ ਵਿੱਥ ਨਹੀਂ ਬਚਦੀ। ਇਨ੍ਹਾਂ ਹਾਲਾਤ ਵਿੱਚ ਕਾਰਖ਼ਾਨਿਆਂ ਵਰਗੇ ਅਦਾਰੇ ਆਪਣੇ ਅੱਧ-ਘੜ ਪੁਰਜ਼ਿਆਂ ਨੂੰ ਸੇਧ ਦੇਣ ਤੋਂ ਮੁਨਕਰ ਹੋ ਜਾਂਦੇ ਹਨ। ਮੂੰਹਜ਼ੋਰ ਪੁਰਜ਼ਿਆਂ ਨੂੰ ਬੇਮੁਹਾਰ ਕਰ ਦਿੱਤਾ ਜਾਂਦਾ ਹੈ। ਫ਼ੌਜ ਵਿੱਚ ਭਰਤੀ ਹੋਣ ਦੇ ਸੁਫ਼ਨੇ ਅਪਰੇਸ਼ਨ ਬਲਿਉ ਸਟਾਰ ਦੇ ਹਵਾਲੇ ਨਾਲ ਤੈਅ ਹੋ ਰਹੀਆਂ ਵਫ਼ਾਦਾਰੀਆਂ ਦੀ ਪਾਲਾਬੰਦੀ ਨੂੰ ਮੁਖ਼ਾਤਬ ਹੁੰਦੇ ਹਨ। ਫ਼ੌਜ ਲਈ ਸ਼ੱਕੀ ਵਫ਼ਾਦਾਰੀਆਂ ਵਾਲੇ ਪੁਰਜ਼ੇ ਬੇਮਾਅਨੇ ਹਨ ਅਤੇ ਰੋਜ਼ਗਾਰ ਦੀ ਕਿਸੇ ਹੋਰ ਮਸ਼ੀਨ ਨਾਲ ਇਨ੍ਹਾਂ ਪੁਰਜ਼ਿਆਂ ਦਾ ਕੋਈ ਮੇਲ ਨਹੀਂ। ਜਦੋਂ ਅਦਾਰਾ ਸੇਧ ਨਹੀਂ ਦਿੰਦਾ ਤਾਂ ਕਾਰਖ਼ਾਨੇ ਨੂੰ ਤਸ਼ਦੱਦਖ਼ਾਨਾ ਬਣਨ ਵਿੱਚ ਸਮਾਂ ਨਹੀਂ ਲੱਗਦਾ। ਦੋਸਤੀਆਂ ਅਤੇ ਵਫ਼ਾਦਾਰੀਆਂ ਦਾ ਇਮਤਿਹਾਨ ਮੱਸਫੁੱਟ ਮੁੰਡਿਆਂ ਨੂੰ ਬੁੱਚੜਪਣਾ ਸਿਖਾਉਂਦਾ ਹੈ। ਉਹ ਆਪਣੇ-ਆਪ ਅਤੇ ਆਪਣੇ ਨਾਲਦਿਆਂ ਨੂੰ ਬੁੱਚੜ ਬਿਰਤੀ ਦੇ ਹਵਾਲੇ ਕਰ ਦਿੰਦੇ ਹਨ। ਬੁੱਚੜ ਬਿਰਤੀ ਵਿੱਚ ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਦਾ ਮਿਲਗੋਭਾ ਹੋ ਜਾਂਦਾ ਹੈ। ਪਨਾਹ ਲੈਣ ਆਇਆ ਬੰਦਾ ਦੂਜਿਆਂ ਦੀ ਹੋਣੀ ਦਾ ਮਾਲਕ ਹੋ ਜਾਂਦਾ ਹੈ ਅਤੇ ਹਰ ਵਾਸ਼ਿੰਦਾ ਪਨਾਹਗ਼ੀਰ ਜਾਪਣ ਲੱਗਦਾ ਹੈ।

ਸੈਨਿਕ ਸਕੂਲ ਵਿੱਚ ਗੁਜ਼ਾਰੇ ਸੰਨ 1984 ਬਾਰੇ ਅਮਨਦੀਪ ਸੰਧੂ ਨੇ ਪੱਚੀ ਸਾਲ ਬਾਅਦ ਲਿਖਿਆ ਹੈ। ਮਨੁੱਖੀ ਮਨ ਵਿੱਚ ਪਈਆਂ ਗੁੰਝਲਾਂ ਨੂੰ ਕਾਗ਼ਜ਼ ਉੱਤੇ ਕਹਾਣੀ ਵਜੋਂ ਦਰਜ ਹੋਣ ਵਿੱਚ ਚੱਪਾ ਸਦੀ ਲੱਗੀ ਹੈ। ਇਹ ਲਿਖਤ ਉਸ ਦੌਰ ਵਿੱਚ ਜਵਾਨ ਹੋਈ ਪੀੜ੍ਹੀ ਦੀਆਂ ਘੁੰਮਣਘੇਰੀਆਂ ਨੂੰ ਸਮਝਣ ਦਾ ਉਪਰਾਲਾ ਕਰਦੀ ਹੈ। ਅਪਰੇਸ਼ਨ ਬਲਿਉ ਸਟਾਰ, ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਅਤੇ ਸਿੱਖਾਂ ਦਾ ਕਤਲੇਆਮ ਹੁਣ ਤੱਕ ਸਰਗਰਮ ਧਿਰਾਂ, ਸ਼ਖ਼ਸ਼ੀਅਤਾਂ ਅਤੇ ਘਟਨਾਵਾਂ ਦੇ ਹਵਾਲੇ ਨਾਲ ਹੀ ਲਿਖਿਆ ਗਿਆ ਹੈ। ਉਸ ਦੌਰ ਦਾ ਸਮਾਜਕ ਸਦਮੇ ਵਾਲਾ ਪੱਖ ਤਕਰੀਬਨ ਨਜ਼ਰਅੰਦਾਜ਼ ਕੀਤਾ ਗਿਆ ਹੈ। ਇਹ ਪੱਖ ਹੁਣ ਤੱਕ ਵਿਦਵਾਨਾਂ, ਲੇਖਕਾਂ ਅਤੇ ਪੱਤਰਕਾਰਾਂ ਦੇ ਘੇਰੇ ਤੋਂ ਬਾਹਰ ਰਿਹਾ ਹੈ। ਇਸੇ ਕਾਰਨ ਮੁੜਵਸੇਬੇ, ਮੁੜਬਹਾਲੀ, ਮੁਆਵਜ਼ੇ ਅਤੇ ਇਨਸਾਫ਼ ਵਰਗੀਆਂ ਧਾਰਨਾਵਾਂ ਵਿੱਚ ਇਸ ਪੱਖ ਨੂੰ ਥਾਂ ਨਹੀਂ ਮਿਲੀ। ਅਮਨਦੀਪ ਸੰਧੂ ਦੀ ਲਿਖਤ ਅਠਾਰਾਂ ਸਾਲ ਦੀ ਉਮਰ ਵਿੱਚ ਉਜੜੇ ਨੌਜਵਾਨ ਦੀ ਮੁੜ-ਵਸੇਬੇ ਲਈ ਕੀਤੀ ਪੱਚੀ ਸਾਲਾਂ ਦੀ ਜੱਦੋ-ਜਹਿਦ ਦੀ ਕਹਾਣੀ ਹੈ। ਇਨ੍ਹਾਂ ਪੱਚੀ ਸਾਲਾਂ ਦੌਰਾਨ ਦਿੱਲੀ ਦਾ ਕਤਲੇਆਮ ਬੁੰਬਈ, ਗੁਜਰਾਤ ਅਤੇ ਉਡੀਸਾ ਤੋਂ ਹੁੰਦਾ ਹੋਇਆ ਅਤਿਵਾਦ ਖ਼ਿਲਾਫ਼ ਆਲਮੀ ਜੰਗ ਦਾ ਹਿੱਸਾ ਬਣਦਾ ਹੈ। ਇੱਕ ਮਹਾਂਨਗਰ ਤੋਂ ਦੂਜੇ ਤੱਕ ਮਹਾਂਨਗਰ ਦਾ ਬੇਰੋਜ਼ਗਾਰੀ, ਬੇਗ਼ਾਨਗੀ ਅਤੇ ਬੇਲਾਗ਼ਤਾ ਭਰਿਆ ਸਫ਼ਰ ਲੇਖਕ ਨੂੰ ਆਪਣੀ ਨਿਗੂਣੀ ਜਿਹੀ ਗਵਾਹੀ ਦੀ ਅਹਿਮੀਅਤ ਸਮਝਾਉਂਦਾ ਹੈ। ਇਨ੍ਹਾਂ ਪੱਚੀ ਸਾਲਾਂ ਵਿੱਚ ਗਵਾਹੀ ਦੇ ਮਾਅਨੇ ਬਦਲਦੇ ਹਨ ਅਤੇ ਲੇਖਕ ਅੰਦਰ ਦਰਦਮੰਦੀ ਦਾ ਅਹਿਸਾਸ ਗੂੜ੍ਹਾ ਹੁੰਦਾ ਹੈ। ਮੁਕਾਮੀ ਉਜਾੜੇ ਦੀ ਮਾਰ ਵਿੱਚ ਆਇਆ ਮੁੰਡਾ ਆਪਣੀ ਪਛਾਣ ਦੀ ਤੰਦਾਂ ਵਿੱਚ ਉਲਝਦਾ ਜਾਂਦਾ ਹੈ ਅਤੇ ਆਖ਼ਰ ਜ਼ਿੰਮੇਵਾਰੀ ਆਲਮੀ ਸ਼ਹਿਰੀ ਵਜੋਂ ਮੁੜ-ਬਹਾਲੀ ਦੇ ਰਾਹ ਪੈਂਦਾ ਜਾਪਦਾ ਹੈ।

'ਰੋਲ ਆਫ਼ ਔਨਰ' ਅਮਨਦੀਪ ਸੰਧੂ ਦਾ ਸਵੈਜੀਵਨੀ-ਨੁਮਾ ਨਾਵਲ ਹੈ। ਉਸ ਦਾ ਪਲੇਠਾ ਨਾਵਲ 'ਸੇਪੀਆ ਲੀਵਜ਼' ਵੀ ਸਵੈਜੀਵਨੀ-ਨੁਮਾ ਸੀ। ਉਹ ਪੰਜਾਬੀ ਮਾਪਿਆਂ ਦੇ ਘਰ ਉਡੀਸਾ ਦੇ ਸ਼ਹਿਰ ਰਾਉਰਕੇਲਾ ਵਿੱਚ ਪਲਿਆ। ਪੰਜਾਬ ਦੇ ਸੈਨਿਕ ਸਕੂਲ ਵਿੱਚ ਅੱਠ ਸਾਲ ਪੜ੍ਹਣ ਤੋਂ ਬਾਅਦ ਚੰਡੀਗੜ੍ਹ, ਹੈਦਰਾਬਾਦ, ਬੰਗਲੌਰ ਅਤੇ ਦਿੱਲੀ ਵਰਗੇ ਸ਼ਹਿਰਾਂ ਵਿੱਚ ਪੜ੍ਹਾਈ-ਲਿਖਾਈ ਅਤੇ ਰੋਜ਼ਗਾਰ ਦਾ ਹੀਲਾ-ਵਸੀਲਾ ਕਰਦਾ ਰਿਹਾ। ਉਸ ਦਾ ਇਹ ਸਾਰਾ ਤਜਰਬਾ 'ਰੋਲ ਆਫ਼ ਔਨਰ' ਦਾ ਹਿੱਸਾ ਬਣਦਾ ਹੈ। ਲੇਖਕ ਦੇ ਬੌਧਿਕ ਸਫ਼ਰ ਅਤੇ ਕਾਲਪਨਿਕ ਉਡਾਰੀਆਂ ਵਿੱਚ ਬੇਚੈਨੀ ਵਿਘਨ ਪਾਉਂਦੀ ਹੈ। ਬੇਚੈਨੀ ਨੂੰ ਮੁਖ਼ਾਤਬ ਹੋਇਆ ਲੇਖਕ ਆਪਣੀ ਪਛਾਣ ਦੇ ਕਈ ਪੱਖਾਂ ਨੂੰ ਕਬੂਲ ਕਰਨ ਦਾ ਜੇਰਾ ਕਰਦਾ ਹੈ। ਨਾਵਲ ਦਾ ਮੁੱਖ ਕਿਰਦਾਰ ਅੱਪੂ ਹਮਜਿਨਸੀ ਰਿਸ਼ਤਿਆਂ ਅਤੇ ਲਿੰਗ-ਗ਼ਲਬੇ ਦਾ ਨਿਖੇੜਾ ਬਹੁਤ ਬਰੀਕੀ ਨਾਲ ਕਰਦਾ ਹੈ। ਇਸੇ ਬਾਰੀਕੀ ਨਾਲ ਉਹ ਸਰਕਾਰ, ਅਦਾਰਿਆਂ ਅਤੇ ਸਮਾਜ ਦੇ ਮਰਦਾਵੇਂ ਖ਼ਾਸੇ ਦੀ ਸ਼ਨਾਖ਼ਤ ਕਰਦਾ ਹੈ। ਇਸੇ ਤਰ੍ਹਾਂ ਦੀ ਸੁਖ਼ਮਤਾ ਉਸ ਦੀ ਬਾਹਰਮੁਖੀ ਖੋਜ ਅਤੇ ਅੰਦਰਮੁਖੀ ਭਾਲ ਵਿੱਚੋਂ ਝਲਕਦੀ ਹੈ। ਅੱਪੂ ਇਕੱਲਤਾ ਦੀ ਲਪੇਟ ਵਿੱਚ ਨਸ਼ਿਆਂ ਦਾ ਸਹਾਰਾ ਲੈਂਦਾ ਹੈ ਅਤੇ ਉਸੇ ਵੇਲੇ ਦੁਨੀਆਂ ਦੇ ਬਿਹਰਤੀਨ ਸੰਗੀਤ ਨਾਲ ਸਾਂਝ ਪਾਉਂਦਾ ਹੈ। ਇੱਕ ਪਾਸੇ ਮਰਜ਼ ਦੀ ਨਿਸ਼ਾਨਦੇਹੀ ਹੁੰਦੀ ਹੈ ਅਤੇ ਦੂਜੇ ਪਾਸੇ ਇਲਾਜ ਦਾ ਆਹਰ ਹੁੰਦਾ ਹੈ। ਚੁੱਪ ਅਤੇ ਮਨੁੱਖੀ ਸਾਥ ਦਾ ਨਿੱਘ ਕਿਰਦਾਰਾਂ ਦਾ ਖ਼ਾਸਾ ਬਣ ਜਾਂਦਾ ਹੈ ਜਿਨ੍ਹਾਂ ਨੂੰ ਨਸ਼ਾ ਅਤੇ ਸੰਗੀਤ ਬੰਨ੍ਹੀ ਰੱਖਦੇ ਹਨ। ਆਪਣੇ-ਆਪ ਨੂੰ ਸੰਭਾਲਣ ਵਿੱਚ ਲੱਗੇ ਬੰਦੇ ਨੂੰ ਸਮਝ ਆਉਂਦੀ ਹੈ ਕਿ ਖ਼ਤਰਨਾਕ ਸਮਿਆਂ ਵਿੱਚੋਂ ਨਿਕਲੇ ਮਨੁੱਖ ਦੀ ਬੇਚੈਨੀ ਜੇ ਜਗਿਆਸਾ ਨੇ ਘਟਾਉਣੀ ਹੈ ਤਾਂ ਮਨੋਰੋਗ ਮਾਹਰਾਂ ਦੀ ਲੋੜ ਵੀ ਪੈਣੀ ਹੈ। 


ਅਮਨਦੀਪ ਦੀ ਲਿਖਤ ਗੁੰਝਲਦਾਰ ਸਮੇਂ ਅਤੇ ਸ਼ਖ਼ਸ਼ੀਅਤ ਨੂੰ ਪਰਤ ਦਰ ਪਰਤ ਖੋਲ੍ਹਦੀ ਹੈ। ਲੇਖਕ ਕਈ ਵਾਰ ਨਿਰਦਈ ਹੋਣ ਦੀ ਹੱਦ ਤੱਕ ਕੋਰਾ ਹੋ ਜਾਂਦਾ ਹੈ। ਇਸ ਦੌਰਾਨ ਇਹ ਧਾਰਨਾ ਸਹਿਜ ਹੀ ਉਭਰ ਆਉਂਦੀ ਹੈ ਕਿ ਪੰਜਾਬ ਨੇ ਉਨ੍ਹਾਂ ਸਮਿਆਂ ਦੇ ਸੱਚ ਨੂੰ ਹਾਲੇ ਬਹੁਤ ਸਾਰੀਆਂ ਕਰੂਰ ਕਹਾਣੀਆਂ ਦੇ ਹਵਾਲੇ ਨਾਲ ਸਮਝਣਾ ਹੈ। ਨਾਵਲ ਵਿੱਚ ਅੱਪੂ ਵਾਰ-ਵਾਰ ਚੇਤਾ ਕਰਵਾਉਂਦਾ ਹੈ ਕਿ ਇਹ ਕਹਾਣੀ ਉਸ ਦਾ ਪੱਖ ਹੈ ਅਤੇ ਬਾਕੀਆਂ ਦੇ ਪੱਖ ਹੋਰ ਹੋ ਸਕਦੇ ਹਨ। ਬਾਕੀਆਂ ਦੇ ਪੱਖ ਹੋਰ ਹੋਣ ਨਾਲ ਅਮਨਦੀਪ ਦੀ ਲਿਖਤ ਦੀ ਅਹਿਮੀਅਤ ਵਧ ਜਾਂਦੀ ਹੈ। ਹੁਣ ਤਵੱਕੋ ਕੀਤੀ ਜਾ ਸਕਦੀ ਹੈ ਕਿ ਬਾਕੀਆਂ ਦੀਆਂ ਕਹਾਣੀਆਂ ਵੀ ਕਾਗ਼ਜ਼ ਉੱਤੇ ਦਰਜ ਹੋਣਗੀਆਂ ਅਤੇ ਉਨ੍ਹਾਂ ਦੀ ਮੁੜਬਹਾਲੀ ਦਾ ਤਰਦੱਦ ਵੀ ਇਤਿਹਾਸ ਵਿੱਚ ਆਪਣੀ ਥਾਂ ਹਾਸਲ ਕਰੇਗਾ। ਅੱਪੂ ਪੱਚੀ ਸਾਲਾਂ ਬਾਅਦ ਆਪਣੀ ਡਾਇਰੀ ਦੇ ਪਿਸ਼ਾਬ ਨਾਲ ਭਿੱਜੇ ਪਾਟੇ ਹੋਏ ਪੰਨੇ ਖੋਲ੍ਹਦਾ ਹੈ। ਇਨ੍ਹਾਂ ਪੰਨਿਆਂ ਵਿੱਚ ਦਰਜ ਸ਼ਬਦਾਂ ਦੀ ਆਪਣੀ ਅਹਿਮੀਅਤ ਹੈ ਪਰ ਪੱਚੀ ਸਾਲ ਸੜੇਹਾਂਦ ਮਾਰਦੇ ਪੰਨਿਆਂ ਨੂੰ ਸਾਂਭਣਾ ਅਤੇ ਇਨ੍ਹਾਂ ਤੋਂ ਖ਼ੌਫ਼ਜ਼ਦਾ ਰਹਿਣਾ ਤਸ਼ਦੱਦ ਦੀ ਇੰਤਹਾ ਹੈ। ਡਰਿਆ ਹੋਇਆ ਬੰਦਾ ਆਪਣੇ-ਆਪ ਉੱਤੇ ਕਿੰਨਾ ਤਸ਼ਦੱਦ ਕਰਦਾ ਹੈ? 'ਰੋਲ ਆਫ਼ ਔਨਰ' ਬੇਚੈਨੀ ਫੈਲਾਉਂਦਾ ਹੈ। ਅੱਚਬੀਂ ਲਗਾਉਂਦਾ ਹੈ। ਇਸ ਕਿਤਾਬ ਨੂੰ ਪੜ੍ਹ ਕੇ ਲੱਗਦਾ ਹੈ ਕਿ ਪੰਜਾਬ ਇਸ ਬੇਚੈਨੀ ਨੂੰ ਲਗਾਤਾਰ ਨਜ਼ਰਅੰਦਾਜ਼ ਕਰਦਾ ਹੈ ਜੋ ਵਾਰ-ਵਾਰ ਬੇਕਾਬੂ ਹੋ ਜਾਂਦੀ ਹੈ। 'ਰੋਲ ਆਫ਼ ਔਨਰ' ਇਸ ਬੇਚੈਨੀ ਦੀਆਂ ਰਮਜ਼ਾਂ ਫਰੋਲਦਾ ਹੋਇਆ ਪੁਖ਼ਤਾ ਇਲਾਜ ਦੀ ਮੰਗ ਕਰਦਾ ਹੈ। ਇਹ ਬੰਦੇ ਦੀ ਮੁੜ-ਬਹਾਲੀ ਦੀ ਲਿਖਤ ਹੈ। ਇਸ ਲਿਖਤ ਵਿੱਚੋਂ ਦੱਸ ਪੈਂਦੀ ਹੈ ਕਿ ਹਾਲੇ ਅਦਾਰਿਆਂ ਦੀ ਮੁੜ-ਬਹਾਲੀ ਦੀ ਬਾਤ ਪੈਣੀ ਹੈ।

ਕਿਤਾਬ ਦਾ ਨਾਮ: ਰੋਲ ਆਫ਼ ਔਨਰ
ਲੇਖਕ: ਅਮਨਦੀਪ ਸੰਧੂ
ਵਿਧਾ: ਨਾਵਲ
ਪ੍ਰਕਾਸ਼ਕ: ਰੂਪਾ
ਪੰਨੇ: 242
ਕੀਮਤ: 295 ਰੁਪਏ


(ਰੋਲ ਆਫ਼ ਔਨਰ ਦਾ ਪੰਜਾਬੀ ਰੂਪ ਜਲਦੀ ਛਪ ਰਿਹਾ ਹੈ। ਦਲਜੀਤ ਅਮੀ ਨੇ ਇਸ ਨਾਵਲ ਨੂੰ ਪੰਜਾਬੀ ਰੂਪ ਦਿੱਤਾ ਹੈ।)

Monday, 8 September 2014

ਲਾਲਟੂ ਦੀਆਂ ਕਵਿਤਾਵਾਂ


ਲਾਲਟੂ ਬੰਗਾਲੀ-ਪੰਜਾਬੀ ਮੂਲ ਦਾ ਆਲਮੀ ਬੰਦਾ ਹੈ। ਵਿਗਿਆਨੀ ਵਜੋਂ ਉਸ ਨੇ ਉੱਤਰੀ ਅਮਰੀਕਾ, ਯੂਰਪ ਅਤੇ ਭਾਰਤ ਵਿੱਚ ਪੜ੍ਹਣ-ਪੜ੍ਹਾਉਣ ਦਾ ਕੰਮ ਕੀਤਾ ਹੈ। ਜੰਗ-ਵਿਰੋਧੀ ਮੁਹਿੰਮਾਂ, ਵਿਗਿਆਨ ਦੇ ਪਸਾਰੇ ਦੀਆਂ ਲਹਿਰਾਂ, ਸਮਾਜਕ ਬਰਾਬਰੀ ਅਤੇ ਮਨੁੱਖੀ ਮਾਣ-ਮਰਿਆਦਾ ਦੇ ਸਵਾਲਾਂ ਉੱਤੇ ਹੁੰਦੀ ਲਾਮਬੰਦੀ ਵਿੱਚ ਲਾਲਟੂ ਸਰਗਰਮ ਰਹਿੰਦਾ ਹੈ। ਜਨਤਕ ਬੁਲਾਰੇ ਅਤੇ ਲੇਖਕ ਵਜੋਂ ਉਸ ਦੀ ਸਰਗਰਮੀ ਦਾ ਘੇਰਾ ਬਹੁਤ ਮੋਕਲਾ ਹੈ। ਉਸ ਦੀ ਇਨਸਾਫ਼ਪਸੰਦੀ ਅਤੇ ਸਮਾਜਕ ਇਨਸਾਫ਼ ਵਾਲੀ ਸੋਚ ਵਿਗਿਆਨ ਤੋਂ ਲੈਕੇ ਕਵਿਤਾ, ਕਹਾਣੀ, ਲੇਖਾਂ ਅਤੇ ਵਿਗਿਆਨ ਵਿੱਚੋਂ ਝਲਕਦੀ ਹੈ। ਉਸ ਦੀ ਕਵਿਤਾ ਵਿੱਚ ਸਮਕਾਲੀ ਦੌਰ ਦੇ ਸਵਾਲ ਤੱਥਾਂ, ਅਹਿਸਾਸ ਅਤੇ ਫ਼ਲਸਫ਼ੇ ਵਜੋਂ ਦਰਜ ਹਨ। ਸਮਾਜਕ ਰੁਝਾਨ ਅਤੇ ਨਿੱਜੀ ਤਜਰਬੇ ਨੂੰ ਕਵਿਤਾ ਵਿੱਚ ਪਰੋਣ ਵੇਲੇ ਉਸ ਦੀ ਸਿਆਸਤ ਅਤੇ ਵਿਗਿਆਨ ਇੱਕ-ਮਿੱਕ ਜਾਪਦੇ ਹਨ। ਉਮੀਦ, ਪਿਆਰ, ਇਜ਼ਹਾਰ, ਇਕਰਾਰ ਅਤੇ ਬਗ਼ਾਵਤ ਦੀ ਕਵਿਤਾ ਉਸ ਦਾ ਸੁਫ਼ਨਮਈ ਸੰਸਾਰ ਸਿਰਜਦੀ ਹੈ ਜਿੱਥੇ ਸਮੁੱਚਾ ਜੈਵਿਕ ਜਗਤ ਜੀਵਨ ਦਾ ਸਾਂਝਾ ਜਸ਼ਨ ਮਨਾ ਰਿਹਾ ਹੈ। ਧਰਤੀ ਅਤੇ ਸਮੁੱਚੇ ਜੈਵਿਕ ਜਗਤ ਦੀ ਖੇਡ ਨੂੰ ਉਹ ਪਿਆਰ ਦੀ ਬੋਲੀ ਵਿੱਚ ਮੁਖ਼ਾਤਬ ਹੁੰਦਾ ਹੈ। ਅਹਿਸਾਸ ਦੀ ਸ਼ਿੱਦਤ ਨਾਲ ਬੌਧਿਕ ਦਲੀਲ ਨੂੰ ਕਵਿਤਾ ਦੀ ਬੋਲੀ ਵਿੱਚ ਉਤਾਰ ਦੇਣਾ ਉਸ ਦੇ ਹਿੱਸੇ ਆਇਆ ਹੈ। ਲਾਲਟੂ ਦੀਆਂ ਕੁਝ ਹਿੰਦੀ ਵਿੱਚ ਲਿਖੀਆਂ ਸੱਜਰੀਆਂ ਕਵਿਤਾਵਾਂ ਦਾ ਪੰਜਾਬੀ ਤਰਜ਼ਮਾ। 

ਕਵੀ: ਲਾਲਟੂ

ਤਰਜ਼ਮਾ ਅਤੇ ਜਾਣ-ਪਛਾਣ: ਦਲਜੀਤ ਅਮੀ








ਇਹ ਹੱਕ ਹੈ ਮੇਰਾ

ਨਹੀਂ ਜਾਵਾਂਗਾ ਤੈਨੂੰ ਛੱਡ ਕੇ
ਤੇਰੀ ਸਾਂਝ-ਬੇਲਾ ਦੀ ਤਾਬਿਆ ਮੇਰਾ ਵਾਅਦਾ

ਓ ਧਰਤੀਏ, ਇਹ ਲੱਖਾਂ ਵਾਰ ਤਬਾਹ ਕਰ ਲੈਣ ਤੈਨੂੰ
ਤੇਰੇ ਨਾਲ ਫ਼ਨਾ ਹੋਕੇ ਉਤਾਰਾਂਗਾ ਕਰਜ਼ਾ

ਤੇਰੀ ਉਬੜ-ਖੁਬੜ ਦੇਹ 'ਤੇ ਜੀਵਿਆਂ
ਹਰ ਸੂਖ਼ਮ ਅਹਿਸਾਸ ਲਿਆ ਤੈਥੋਂ

ਜਿੰਨਾ ਵੀ ਪਿਆਰ ਹੈ ਸਭ ਤੇਰਾ
ਨਹੀਂ ਜਾਵਾਂਗਾ
ਤੇਰੀ ਗੋਦ ਵਿੱਚ ਤੜਫ਼ਾਂਗਾ ਤੇਰੇ ਸੰਗ
ਚੀਖਾਂਗਾ ਤੇਰੇ ਸੰਗ ਕਿ ਭਸਮ ਹੋ ਗਏ ਸਭ ਸੰਗੀ

ਜਿਨ੍ਹਾਂ ਰਸਾਇਣਾਂ ਨੇ ਬਣਨਾ ਸੀ ਪ੍ਰਾਣ
ਜ਼ਹਿਰ ਬਣਦੇ ਗਏ ਪਹਾੜ ਸਮੁੰਦਰ ਦੇਹ 'ਤੇ ਰਿਸਦੇ ਜ਼ਖ਼ਮ

ਸਹਿਲਾਉਂਦਾ ਰਹਾਂਗਾ
ਉਨ੍ਹਾਂ ਨੂੰ ਖਿਝਾਉਂਦਾ

ਇਹ ਹੱਕ ਹੈ ਮੇਰਾ।


ਉਨ੍ਹਾਂ ਮੁਹੱਲਿਆਂ ਵਿੱਚ

ਚਲੋ ਉਨ੍ਹਾਂ ਮੁਹੱਲਿਆਂ ਵਿੱਚ ਹੋ ਆਈਏ
ਜਿੱਥੇ ਕੋਈ ਨਹੀਂ ਸੁੱਤਾ

ਉੱਥੇ ਬੱਦਲਾਂ ਵਿੱਚ ਬਰੂਦ ਦੀ ਬਦਬੂ ਹੈ
ਉੱਥੇ ਕਣੀਆਂ ਮਰ ਰਹੀਆਂ ਨੇ ਜ਼ਹਿਰ ਵਿੱਚ ਘੁਲ ਕੇ

ਇੱਥੇ ਕਿਸ ਉਡੀਕ ਵਿੱਚ ਬੈਠੇ ਹੋ
ਚਲੋ ਉਨ੍ਹਾਂ ਮੁਹੱਲਿਆਂ ਨੂੰ ਦੇਖ ਆਈਏ
ਕਿੰਝ ਆਪਣੇ ਖ਼ੂਨ ਵਿੱਚ ਨਹਾ ਸਕਦੇ ਨੇ
ਕਿੰਝ ਗਲ ਘਰੋੜ ਕੇ ਗਾ ਸਕਦੇ ਨੇ
ਹਾਲ-ਚਾਲ ਆਪਣੀਆਂ ਲਾਸ਼ਾਂ ਦਾ ਪੁੱਛ ਸਕਦੇ ਨੇ

ਇਹ ਮੁਹੱਲਾ ਸ਼ਾਂਤ ਹੈ
ਕੌਣ ਜਾਣਦੈ ਕਿ
ਲੱਗ ਸਕਦੀ ਹੈ ਅੱਗ ਇੱਥੇ ਵੀ ਸਿੱਲੀ ਘਾਹ ਨੂੰ
ਕਿ ਹਵਾਵਾਂ ਵਿੱਚ ਸਾਂ-ਸਾਂ ਸੁਣੀ ਜਾ ਸਕਦੀ ਹੈ ਬੱਚਿਆਂ ਦੇ ਆਖ਼ਰੀ ਸਾਹਾਂ ਦੀ

ਇਸ ਤੋਂ ਪਹਿਲਾਂ ਕਿ ਦਸਤਕ ਸੁਣੇ
ਲਾਗਲੇ ਹਰੇ ਪੱਤਿਆਂ ਅਤੇ ਦੂਰ ਗਗਨ ਦੀ ਲਾਲੀ
ਨੂੰ ਮਲਿਆਮੇਟ ਕਰਨ ਦੀ ਖੇਡ ਦਾ ਬੋਲਾ ਸੁਣੇ

ਇਸ ਤੋਂ ਪਹਿਲਾਂ ਕਿ ਪਿਆਰ ਦੇ ਆਖ਼ਰੀ ਲਫ਼ਜ਼ ਦਫ਼ਨ ਹੋ ਜਾਣ
ਚਲੋ ਉਨ੍ਹਾਂ ਮੁਹੱਲਿਆਂ ਵਿੱਚ ਹੋ ਆਈਏ।


ਅੱਜ਼ਲਾਂ ਤੋਂ ਜਾਰੀ ਰੁਦਨ

ਸੂਰਜ ਨਾਲੋਂ ਵੱਖ ਹੋਈ ਸੀ ਜਦ, ਓ ਧਰਤੀਏ
ਉਸ ਪਹਿਲੇ ਦਿਨ ਤੋਂ ਬਾਅਦ ਆਈ ਪਹਿਲੀ ਰਾਤ

ਚੰਦ ਨਿਕਲਿਆ
ਮੇਰੇ ਦਾਗ਼ਾਂ ਨੂੰ ਸਮੇਟੀਂ ਦੌੜ ਰਿਹਾ
ਮੇਰੇ ਸੀਨੇ ਵਿੱਚੋਂ ਨਿਕਲ

ਆਪਣਾ ਚੱਕਰ-ਰਾਹ ਲੱਭਣ ਵਿੱਚ ਲੱਗੇ ਕਈ ਸਾਲ ਉਸ ਨੂੰ
ਇਸ ਦੌਰਾਨ ਰੁਦਨ ਹੋਇਆ ਪ੍ਰਚੰਡ
ਫੁੱਟੇ ਜਵਾਲਾਮੁਖੀ
ਲਾਵਾ ਵਗਿਆ ਤੇਰੀ ਦੇਹ 'ਤੇ ਉੱਗ ਆਈਆਂ ਖ਼ੂਨਧਾਰੀ ਮੂਰਤਾਂ

ਇਹ ਤਾਂ ਪਤਾ ਸੀ
ਕਿ ਹੁਣ ਛੁੱਟ ਨਹੀਂ ਸਕਦਾ
ਇਸੇ ਪੰਧ ਆਉਣਾ ਸੀ
ਟੋਟੇ ਹੋਣੇ ਸੀ ਅਨੰਤ
ਹੁਣ ਬਚੀਆਂ ਨੇ ਸਿਰਫ਼ ਕਹਾਣੀਆਂ ਅਤੇ
ਪਿਆਰ

ਉਨ੍ਹਾਂ ਨੂੰ ਚੀਰ ਲੈਣ ਦਿਓ ਤੇਰੀ ਮੇਰੀ ਹਿੱਕ
ਵਾਰ-ਵਾਰ ਫੁੱਟੇਗਾ ਮੇਰਾ ਰੁਦਨ

ਵੇਖੋ, ਆਸ਼ਕਾਂ ਦੀ ਸੰਗਤ ਬੇਖ਼ੌਫ਼ ਬਹੁੜਦੀ ਹੈ।


ਤਾਂ ਕੀ

ਬਾਰਸ਼ ਘੱਟ ਹੋਈ ਤਾਂ ਕੀ
ਧਰਤੀ ਨੂੰ ਨਵਾਂ ਨਿਖਾਰ ਚੜ੍ਹਿਆ ਏ

ਯਾਦਾਂ ਹਰੀਆਂ-ਭਰੀਆਂ
ਪ੍ਰੀਤ ਭਰੀਆਂ ਨਦੀਆਂ ਉਫ਼ਨ ਰਹੀਆਂ

ਹਵਾਵਾਂ ਹੌਲ ਦੀਆਂ ਖ਼ਬਰਾਂ ਬਣੀਆਂ ਨੇ ਤਾਂ ਕੀ
ਆਓ

ਥੋੜਾ ਸਹੀ ਵੰਡ ਲਈਏ ਪਿਆਰ ਆਪਸ ਵਿੱਚ
ਸਾਰੇ ਲੀੜੇ ਉਤਾਰ ਲਓ
ਦੇਹ ਨਵੀਂ ਹੋਣਾ ਲੋਚੇ

ਘੱਟ ਸਹੀ ਤਾਕਤ ਭਰ ਲਹਿਰਾਓ ਮੁੱਕੇ
ਢਕ ਲਓ ਧਰਤੀ ਨੂੰ ਅਸਮਾਨ ਨੂੰ

ਖ਼ਾਲਸ ਪਿਆਰ ਨਾਲ।


ਮੈਂ ਨਹੀਂ ਮੰਨਦਾ

ਮੈਂ ਨਹੀਂ ਮੰਨਦਾ ਕਿ
ਤੇਰੇ ਆਖ਼ਰੀ ਪਲਾਂ ਨੂੰ ਜਿਓਂ ਰਿਹਾ ਹਾਂ

ਕਿਸੇ ਦੇ ਕਹਿਣ ਨਾਲ ਹੁਣ ਤੱਕ ਤੇਰਾ ਦਿੱਤਾ
ਮਨਫ਼ੀ ਨਹੀਂ ਹੋ ਸਕਦਾ
ਬਚਪਨ ਦੇ ਅਜਿਹੇ ਗਿੱਲੇ ਦਿਨਾਂ ਵਿੱਚ ਫੁੱਟਬਾਲ ਖੇਡਦੇ ਗਿਰ-ਗਿਰ ਕੇ
ਮਿੱਟੀ ਨਾਲ ਜੋ ਰੰਗਿਆ ਜੁੱਸਾ
ਹਨੇਰੇ ਵਿੱਚ ਅੱਜ ਵੀ ਦੇਖਦਾ ਹੈ ਚੰਨ-ਤਾਰੇ

ਅਣਗਿਣਤ ਰਾਤਾਂ ਵਿੱਚ ਸੁਣੀ ਸੱਦ ਨਾਲ ਜੋ ਲਿਆ
ਕਿਸੇ ਦੇ ਕਹਿਣ ਨਾਲ
ਮਨਫ਼ੀ ਨਹੀਂ ਹੋ ਸਕਦਾ

ਕਿੰਨੇ ਹਮਲਿਆਂ ਵਿੱਚ ਕਿੰਨੀ ਵਾਰ ਜਲਾਉਣਗੇ
ਮੈਂ ਨਹੀਂ ਮੰਨਦਾ ਕਿ
ਕੋਈ ਵੀ ਖੋਹ ਸਕਦਾ ਹੈ

ਮੇਰੀ ਚਾਹਤ ਕਿ ਮੈਂ ਹਰ ਬੱਚੇ ਨੂੰ ਚੁੰਮਾ
ਹਰ ਜਣੀ ਨੂੰ ਪਿਆਰ ਕਰਾਂ

ਨੀ ਧਰਤੀਏ, ਤੈਨੂੰ ਕੋਈ ਮੈਥੋਂ ਨਹੀਂ ਖੋਹ ਸਕਦਾ।


ਛੱਡ ਜਾਵਾਂਗਾ

ਛੱਡ ਜਾਵਾਂਗਾ

ਆਪਣੀ ਹਾਰ ਦਾ ਮਾਣ
ਆਖ਼ਰੀ ਰਾਤ ਤੇਰੇ ਲਈ ਮੋਹ ਅਨੰਤ
ਤੈਨੂੰ ਚੁੰਮਦਾ ਮੇਰਾ ਸਲਾਮ।

ਜਿਨ੍ਹਾਂ ਦੀ ਨਫ਼ਰਤ ਦਾ ਭਰਿਆ ਪਿਆਲਾ ਪੀਂਦਾ ਰਿਹਾ
ਜਿਨ੍ਹਾਂ ਦੀ ਮਾਰ ਹੇਠ ਤੈਨੂੰ ਵਿੰਨੇ ਜਾਂਦੇ ਵੇਖਦਾ ਰਿਹਾ
ਉਨ੍ਹਾਂ ਲਈ ਵੀ ਰੱਖ ਜਾਵਾਂਗਾ ਤੈਥੋਂ ਮਿਲਿਆ ਪਿਆਰ


ਕਹਿ ਜਾਵਾਂਗਾ ਕਿ ਮੌਤ ਦੀ ਖੇਡ ਖੇਡਣ ਵਾਲਿਓ
ਜਿਨ੍ਹਾਂ ਤਕਲੀਫ਼ਾਂ ਨੇ ਵੰਡਿਆ ਤੈਨੂੰ
ਜਿਨ੍ਹਾਂ ਕਾਰਨਾਂ ਨਾਲ ਮੋਇਆ ਮਾਵਾਂ ਤੋਂ ਮਿਲਿਆ ਨਿੱਘ
ਭੁੱਲੋ ਸਭ ਕੁਝ ਅਤੇ ਜੀਓ

ਧਰਤੀ ਦਾ ਰੁਦਨ ਸੁਣੋ
ਕਿ ਇਹ ਸੰਭਾਲੇ ਖਰਬਾਂ ਪ੍ਰਾਣਾਂ ਦਾ ਭਾਰ

ਵੰਡ ਜਾਉਂਗਾ ਤੇਰੇ ਸੰਭਾਲੇ ਪ੍ਰਾਣਾਂ ਦੀਆਂ ਧੜਕਣਾਂ।


ਕਾਇਮ

ਦੂਰ ਤੱਕ ਫੈਲੀ ਏਂ ਤੂੰ
ਮੌਸਮ ਦਾ ਮਹਿਕ ਨਾਲ ਤੇਰਾ ਜਿਸਮ ਸਰਸ਼ਾਰ
ਤੇਰੇ ਉੱਤੇ ਵਗਦੀ ਹਵਾ ਦੂਰ ਮੇਰੇ ਰੋਮਾਂ 'ਚੋਂ ਛਲਕੇ ਸਮੁੰਦਰ ਬਣੇ ਮੁੜਕਾ
ਦਾ ਸਲੂਣਾ ਸਵਾਦ ਮੁਸਾਮਾਂ ਵਿੱਚੋਂ ਵਗਾਉਣ ਲਈ ਤਹੂ ਏ

ਤੂੰ ਬੇਸੁਧ ਮੈਂ ਬੇਸੁਧ
ਕੋਈ ਸਾਨੂੰ ਸੁਧਸਿਰ ਕਰਨ ਦੇ ਬੀਮਾਰ ਓਪਰਾਲੇ ਨਾਲ ਤਾਰ-ਤਾਰ ਕਰਦਾ ਹੈ ਤੇਰਾ ਸੀਨਾ
ਛਮਕਾਂ ਦੀ ਮਾਰ ਤੋਂ ਮਾਰੂ ਉਨ੍ਹਾਂ ਦੇ ਬੰਬ-ਗੋਲੇ ਮੇਰੇ ਅੰਗਾਂ ਨੂੰ ਟੁਕੜੇ-ਟੁਕੜੇ ਕਰ ਰਹੇ ਨੇ

ਤੇਰੇ ਜਿਸਮ ਵਿੱਚ ਨਹੁੰਦਰ ਮਾਰ ਤੈਨੂੰ ਜਕੜ ਕੇ ਪਿਆ ਹਾਂ
ਮੇਰੇ ਹੱਥਾਂ ਵਿੱਚ ਘਾਹ ਹੈ
ਮੈਂ ਪਹੁਫੁੱਟੇ ਜਿਸ ਮੈਨਾ ਨਾਲ ਗੱਲ ਕੀਤੀ ਸੀ ਉਹ ਮੇਰੇ ਦੁਆਲੇ ਚੱਕਰ ਲਗਾਉਂਦੀ ਹੈ
ਤੇਰੀ ਮਹਿਕ ਹੈ ਚਹੁਪਾਸੀਂ

ਨੀ ਧਰਤੀਏ, ਮੈਂ ਹਾਂ
ਤੈਨੂੰ ਪਿਆਰ ਕਰਨ ਲਈ ਜਿਉਂਦਾ ਹਾਂ
ਉਨ੍ਹਾਂ ਦੀਆਂ ਬੀਮਾਰੀਆਂ ਨਾਲ ਲੜਨ ਆਪਣੀ ਨੀਮਬੇਹੋਸ਼ੀ ਵਿੱਚ ਕਾਇਮ।


ਪਿਆਰ ਨੂੰ ਇੱਕ ਮੌਕਾ

ਇੱਕ ਮੌਕਾ ਦਿਓ
ਸੜਕਾਂ 'ਤੇ ਲੋਕਾਂ ਦੀ ਹਿੱਕ ਵਿੱਚ ਭਰਿਆ ਹੈ ਪਿਆਰ
ਜੰਗਲਾਂ ਵਿੱਚ ਪਸ਼ੂ ਟਹਿਕਦੇ ਨੇ ਝਾੜੀਆਂ ਵਿੱਚ
ਨਦੀਆਂ ਵਿੱਚ ਪਿਆਰ ਦੇ ਗੀਤ ਗਾਉਂਦੀਆਂ ਮੱਛੀਆਂ ਨੂੰ ਸੁਣੋ
ਪਿਆਰ ਨੂੰ ਇੱਕ ਮੌਕਾ ਦਿਓ

ਜਿਨ੍ਹਾਂ ਰਾਕਸ਼ਾਂ ਨੂੰ ਚੁੱਕੀ ਫਿਰਦੇ ਹੋ ਬੁੱਕਲ ਵਿੱਚ
ਉਨ੍ਹਾਂ ਦੇ ਰੂਬਰੂ ਹੋਣਾ ਚੰਗੀ ਗੱਲ ਹੈ
ਸ਼ੀਸ਼ੇ ਵਿੱਚ ਜਾਂ ਸੁਫ਼ਨਿਆਂ ਵਿੱਚ ਘੇਰ ਲਓ
ਬਹਿਸ ਕਰੋ

ਹੈ, ਚਾਹਤ ਦਾ ਸਮੁੰਦਰ ਹੈ ਹਰ ਦਿਲ ਵਿੱਚ,
ਪੜ੍ਹਣਾ, ਲਿਖਣਾ, ਨੰਗੇ ਪੈਰੀਂ ਘਾਹ ਉੱਤੇ ਚੱਲਣਾ, ਲੰਮੀ ਫ਼ਿਹਰਿਸਤ ਵਿੱਚ ਦਰਜ ਹਨ ਚਾਹਤਾਂ
ਮੌਕਾ ਦਿਓ ਕਿ ਆ ਖੜਾ ਹੋਵੇ ਮੈਦਾਨਿ-ਜੰਗ ਵਿੱਚ
ਕੁੱਚੀਆਂ ਹੋਣ ਸੰਗ ਕਿ ਧਰਤੀ ਗਗਨ ਸਜ ਗਾਵੇ ਰੰਗ ਵਿੱਚ

ਹਰ ਕਰੁਬਲ ਲਈ ਧਰਤੀ ਦੀ ਹਰੀ-ਭੂਰੀ ਹਿੱਕ ਵਿੱਚ ਥਾਂ ਹੈ
ਮੌਕਾ ਦਿਓ।



ਬਗ਼ਲੇ ਓ ਪਗ਼ਲੇ

ਬਗ਼ਲੇ
ਓ ਪਗ਼ਲੇ

ਤੂੰ ਮੇਰਾ ਰਕੀਬ
ਕਿਵੇਂ ਕਰਾਂ ਤੈਨੂੰ ਬਿਆਨ
ਸਫ਼ੇਦਪੋਸ਼ ਤੂੰ ਮੇਰਾ ਰਕੀਬ
ਗਿੱਲੇ ਇਸ ਮੌਸਮ ਵਿੱਚ ਢੋਅ ਲਿਆਇਆ ਅੱਥਰੂ ਹੂ

ਆ ਜਾ ਮਿਲ ਕਰੀਏ ਪਿਆਰ
ਇਸ ਧਰਤੀ ਨੂੰ
ਅਤੇ ਜਿੰਨੇ ਰਕੀਬ ਸਾਡੇ
ਉਨ੍ਹਾਂ ਨੂੰ ਜੋੜੀਏ
ਕੋਈ ਫੁੱਲ ਕੋਈ ਪੱਤਾ

ਬੜੀ ਬੇਲੱਜ ਮਾਸ਼ੂਕ ਹੈ ਧਰਤੀ
ਏਨੇ ਸਾਰੇ ਆਸ਼ਕ ਪਾਲੇ ਹੋਏ ਨੇ

ਓ ਸੱਭਿਅਤਾ-ਓ ਸਰਮਾਏ-ਓ ਜੰਗ ਲੜਾਈ-ਵਾਦੀਓ
ਆਸ਼ਕਾਂ ਦੀ ਸੰਗਤ ਧਰਤੀ ਨਾਲ ਬਗ਼ਲਗੀਰ ਰਹੇਗੀ

ਚਿੱੜੀ ਚੁਕੇਗੀ, ਫੁੱਲ ਖਿੜਨਗੇ, ਪੱਤੇ ਝੂਮਣਗੇ,
ਅਸੀਂ ਕਵਿਤਾ ਦੀ ਸਾਂਝੀ ਫ਼ਸਲ ਉਗਾਵਾਂਗੇ।


ਕੁਝ ਕਹੇਂਗੀ

ਆਪਣੀ ਸਾਂਝ-ਬੇਲਾ ਵਿੱਚ ਮੈਨੂੰ ਕੁਝ ਕਹੇਂਗੀ ਮੇਰੀ ਧਰਤੀਏ

ਅੱਜ ਇਸ ਗਿੱਲੇ ਦਿਨ ਵਿੱਚ
ਮੇਰੇ ਘਰ ਦੇ ਸਾਹਮਣੇ ਬਚੇ ਹੋਏ ਰੁੱਖਾਂ ਵਿੱਚ ਤੈਨੂੰ ਵੇਖਦਾ ਹਾਂ
ਜੁਲਾਈ ਪੂਰੀ ਹੋਣ ਆਈ ਏ ਮਤਲਬ ਸਉਣ ਦੀਆਂ ਮੱਠੀਆਂ ਕਣੀਆਂ ਨੇ
ਖੁੱਲ੍ਹ ਗਈ ਯਾਦਾਂ ਦੀ ਪਟਾਰੀ ਤੇਰੇ ਪਿਆਰ ਨਾਲ ਸਰਸ਼ਾਰ

ਰੋਇਆ ਹਾਂ ਕਿੰਨੀ ਵਾਰ ਤੇਰੀ ਗੋਦੀ ਵਿੱਚ ਮੂੰਹ ਦੇਕੇ
ਤੇਰੀ ਮਹਿਕ ਵਿੱਚ ਹਉਕੇ ਬਦਲ ਜਾਂਦੇ ਹੁਲਾਰ ਵਿੱਚ
ਸਾਰੀ ਥਕਾਵਟ ਜਿਸਮ ਦੀ ਤੂੰ ਡੀਕ ਲੈਂਦੀ
ਜਦ ਤੇਰੇ ਸਮੁੰਦਰ ਪਹਾੜ ਖੇਡਦੇ ਮੇਰੇ ਨਾਲ

ਜਿਨ੍ਹਾਂ ਨੂੰ ਪਾਲਿਆਂ ਕਰੋੜਾਂ ਸਾਲਾਂ ਤੋਂ ਹਿੱਕ ਵਿੱਚ ਹਾਰਾ ਬਾਲ
ਮਸਤ ਮੌਲਾ ਝੂਮਦੇ ਚਰ-ਅਚਰ
ਤੇਰੀ ਬਦਹਾਲੀ ਤੋਂ ਬੇਖ਼ਬਰ


ਹੁਣ ਢਲਦੀ ਆਖ਼ਰੀ ਰਾਤ ਵੱਲ
ਹਮੇਸ਼ਾ ਤਪਦੀ ਰਹੀ
ਕਿੰਝ ਸਮਝਾਂ ਕਿ ਕਿੰਨੀ ਬੇਹਾਲ

ਮੈਨੂੰ ਕੁਝ ਕਹੇਂਗੀ ਮੇਰੀ ਧਰਤੀਏ
ਆਪਣੀ ਸਾਂਝ-ਬੇਲਾ ਵਿੱਚ।

ਬਾਰਸ਼ ਹੋ ਰਹੀ ਹੈ

ਬਾਰਸ਼ ਹੋ ਰਹੀ ਹੈ
ਕੀ ਉੱਥੇ ਵੀ ਤੇਰੀ ਛਾਤੀ ਉੱਤੇ ਤਿਲਕ ਰਹੇ ਬੱਚੇ
ਕੀ ਉੱਥੇ ਛਪ ਛਪਾਕ ਖਿੜ ਰਿਹਾ ਖੇੜਾ
ਉੱਥੇ ਵੀ ਉਡ ਆਏ ਕੀ ਜਲ ਪੰਛੀ ਦੂਰੇਡੇ ਮੁਲਕਾਂ ਦੇ
ਉੱਥੇ ਵੀ ਕਤੁਰੇ ਮੌਸਮ ਦੀ ਬੌਖਲਾਹਟ ਵਿੱਚ ਖੋਏ

ਜਿੱਥੇ ਅਸਮਾਨ ਹੈ ਅੱਗ ਵਿੱਚ ਰੰਗਿਆ ਜ਼ਹਿਰੀਲੀਆਂ ਹਨ ਕਣੀਆਂ

ਇਹ ਸੰਭਵ ਨਹੀਂ ਕਿ ਜਿਧਰ ਨਜ਼ਰ ਜਾਏ
ਉੱਥੇ ਲੱਭ ਲਵਾਂ ਹਰਿਆਲੀ
ਵਿਕਾਰ ਦੂਰ ਤੱਕ ਫੈਲਿਆ ਹੈ
ਚੀਖਾਂ ਨੇ ਬੱਚਿਆਂ ਦੀਆਂ ਜਿੱਥੇ ਵੀ ਛਾਲ ਮਾਰਦਾ ਹਾਂ

ਨੀ ਧਰਤੀ! ਮੈਂ ਕਿੰਝ ਚੁੱਪ ਰਹਾਂ
ਭਰ ਲੈਣ ਦੇ ਰੋਮ-ਰੋਮ ਵਿੱਚ ਘਾਹ ਦੀ ਪਰਾਗ ਮਹਿਕ
ਸਾਹ-ਭਰ ਤੜਪ ਲੈਣ ਦਓ

ਬਾਰਸ਼ ਹੋ ਰਹੀ ਹੈ।


ਉਸਦੀ ਮਿਠਾਸ ਭਰ ਰਿਹਾ ਹਾਂ

ਤੇਰੀ ਪਿੱਠ ਉੱਤੇ ਹੀ ਦੇਖਿਆ ਸੀ ਉਸ ਨੂੰ
ਉੱਥੇ ਵਹਿੰਦੀ ਸੀ ਨਦੀ

ਉਸ ਦੀਆਂ ਅੱਖਾਂ ਬਚੀਆਂ ਹਨ ਭਲਾਂ
ਉਸ ਦਾ ਨਾਮ ਉਦੋਂ ਵਰਗਾ ਹੀ ਮਿਠਾਸ ਭਰਿਆ ਹੈ
ਮੱਛੀਆਂ ਸਾਡੀਆਂ ਉਂਗਲੀਆਂ ਨਾਲ ਲੱਗਦੀਆਂ
ਹੋਵੇਗੀ ਭਲਾਂ ਉਹੋ-ਜਿਹੀ ਹੀ ਯਾਦ ਸਮਾਏ

ਤੇਰੇ ਜਿਸਮ 'ਤੇ ਮਿੱਟੀ
ਵਿੱਚ ਲਿਬੜ-ਲਿਬੜ ਅਸੀਂ
ਹੱਥ ਲਗਾਇਆ ਇੱਕ-ਦੂਜੇ ਨੂੰ
ਸਿੱਖੀਆਂ ਬੋਲੀਆਂ ਸਾਧੇ ਸੁਰ

ਉਹ ਨਹੀਂ ਵੇਖ ਪਾਉਣਗੇ
ਕਿ ਅਸੀਂ ਨਦੀ ਕਿਨਾਰੇ ਬੈਠੇ ਹਾਂ
ਬੰਦ-ਖੁੱਲ੍ਹੀਆਂ ਅੱਖਾਂ ਨਾਲ ਦੇਖ ਰਹੇ
ਉਹੀ ਲਾਲ ਚੁੰਝ ਵਾਲੀ ਚਿੜੀ

ਖੇਡ ਰਹੇ ਮਿੱਟ ਗਏ ਨਾਵਾਂ ਨੂੰ ਮੁੜ ਕੇ ਲਿਖਣ ਦੀ ਖੇਡ
ਹਰ ਨਾਮ ਖਿੜਦੀ ਉਸ ਦੀ ਖਿੜਖਿੜਾਹਟ
ਮੈਂ ਮਿਟਾਏ ਨਾਵਾਂ ਵਿੱਚ ਉਸ ਦੀ ਮਿਠਾਸ ਭਰ ਰਿਹਾ ਹਾਂ।


(ਲਾਲਟੂ ਦੀਆਂ ਇਹ ਕਵਿਤਾਵਾਂ 7 ਸਤੰਬਰ 2014 ਦੇ ਨਵਾਂ ਜ਼ਮਾਨਾ ਵਿੱਚ ਛਪੀਆਂ। ਆਖ਼ਰੀ ਕਵਿਤਾ ਨਵਾਂ ਜ਼ਮਾਨਾ ਵਿੱਚ ਨਹੀਂ ਛਪੀ।)