Saturday 20 May 2023

ਸੰਜੋਗੀ ਉਦਮ ਦਾ ਬਹੁ-ਵਿਧਾਵੀ ਕਲਾਕਾਰ: ਵਿਵਾਨ ਸੁੰਦਰਮ

ਦਲਜੀਤ ਅਮੀ

Representative Image: Daljit Ami

ਵਿਵਾਨ ਸੁੰਦਰਮ ਨਹੀਂ ਰਹੇ। ਕਲਾ ਦੀ ਆਲਮੀ ਬਰਾਦਰੀ ਵਿੱਚ ਪੰਜਾਬ ਦੀ ਉਹ ਕੰਨੀ ਸੁੰਨੀ ਹੋ ਗਈ ਜਿਸ ਵਿੱਚ ਪੰਜਾਬ ਦਾ ਆਲਮੀ ਕਲਾਕਾਰ ਮਨੁੱਖੀ ਸਰੋਕਾਰਾਂ ਅਤੇ ਅਹਿਸਾਸ ਦੀ ਨੁਮਾਇੰਦਗੀ ਕਰਨ ਵਾਲੀ ਹਰ ਕਲਾ ਜੁਗਤ ਵਿੱਚ ਸ਼ਾਮਿਲ ਸੀ। ਬਰਤਾਨਵੀ ਸਾਮਰਾਜੀਆਂ ਦੀ ਗਰਮ ਰੁੱਤ ਦੀ ਰਾਜਧਾਨੀ ਸ਼ਿਮਲਾ ਵਿੱਚ 28 ਮਈ 1943 ਨੂੰ ਜੰਮਿਆ ਵਿਵਾਨ ਸਮੁੱਚੀ ਦੁਨੀਆ ਵਿੱਚ ਕਲਾ ਵਰਤਾਉਣ ਤੋਂ ਬਾਅਦ ਸਾਮਰਾਜ ਦੀਆਂ ਨਵੀਂਆਂ ਜੁਗਤਾਂ ਦੀ ਥਾਹ ਪਾਉਣ ਵਿੱਚ ਲੱਗੀ ਹੋਈ ਮੁਲਕ ਦੀ ਰਾਜਧਾਨੀ ਦਿੱਲੀ ਵਿੱਚ 29 ਮਾਰਚ 2023 ਨੂੰ ਫ਼ਾਨੀ ਸੰਸਾਰ ਤੋਂ ਰੁਖਸਤ ਹੋ ਗਿਆ। ਵਿਵਾਨ ਇਨ੍ਹਾਂ ਅੱਸੀ ਸਾਲਾਂ ਦੇ ਅਹਿਸਾਸਮੰਦ ਅਤੇ ਬਾਸੁਰਤ ਗਵਾਹ ਸਨ ਜਿਨ੍ਹਾਂ ਨੇ ਆਪਣੀ ਗਵਾਹੀ ਦਰਦਮੰਦੀ ਨਾਲ ਦਰਜ ਕੀਤੀ। 

ਵਿਵਾਨ ਦਾ ਜਨਮ ਅੰਮ੍ਰਿਤਾ ਸ਼ੇਰਗਿੱਲ ਦੀ ਮੌਤ ਤੋਂ ਤਕਰੀਬਨ ਡੇਢ ਸਾਲ ਬਾਅਦ ਹੋਇਆ ਪਰ ਉਨ੍ਹਾਂ ਨੇ ਆਪਣੀ ਮਾਸੀ ਦੀਆਂ ਯਾਦਾਂ ਅਤੇ ਕਲਾ ਨਾਲ ਤਾਉਮਰ ਸਾਂਝ ਨਿਭਾਈ ਜਿਸ ਦਾ ਪਸਾਰਾ ਅੰਮ੍ਰਿਤਾ ਸ਼ੇਰਗਿੱਲ ਬਾਰੇ ਦੋ ਜਿਲਦਾਂ ਵਿੱਚ ਛਪੀ ਕੌਫ਼ੀ ਟੇਬਲ ਬੁੱਕ ਅਤੇ ਸ਼ੇਰਗਿੱਲ ਸੁੰਦਰਮ ਆਰਟ ਫਾਉਂਡੇਸ਼ਨ ਦੇ ਕੰਮਾਂ ਤੋਂ ਵਡੇਰਾ ਹੈ। ਉਨ੍ਹਾਂ ਸੱਠਵਿਆਂ ਦੇ ਦਹਾਕੇ ਵਿੱਚ ਬੜੌਦਾ ਤੋਂ ਲਲਿਤ ਕਲਾਵਾਂ ਦੀ ਪੜ੍ਹਾਈ ਕਰਨ ਉਪਰੰਤ ਸਲੇਡ ਸਕੂਲ ਆਫ਼ ਆਰਟ, ਲੰਡਨ ਤੋਂ ਸਿਨੇਮਾ ਦੇ ਇਤਿਹਾਸ ਦਾ ਅਧਿਐਨ ਕੀਤਾ। ਉਹ ਵਿਦਿਆਰਥੀ ਲਹਿਰਾਂ ਵਿੱਚ ਸਰਗਰਮ ਰਹੇ। ਉੱਥੇ ਕਮਿਊਨ ਬਣਾਉਣ ਅਤੇ ਵਸਾਉਣ ਵਿੱਚ ਲੱਗੇ ਰਹੇ। ਸੱਤਰਵਿਆਂ ਦੇ ਦਹਾਕੇ ਵਿੱਚ ਉਹ ਵਾਪਸ ਆਏ ਤਾਂ ਕਲਾਕਾਰਾਂ ਅਤੇ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਵਿੱਚ ਕੰਮ ਕੀਤਾ। ਐਮਰਜੈਂਸੀ ਦੌਰਾਨ ਉਨ੍ਹਾਂ ਨੇ ਕਲਾਕਾਰਾਂ ਅਤੇ ਵਿਦਿਆਰਥੀਆਂ ਦੇ ਸਮਾਗਮਾਂ ਅਤੇ ਰੋਸ-ਮੁਜ਼ਾਹਰਿਆਂ ਵਿੱਚ ਇੰਤਜਾਮੀਆ ਭੂਮਿਕਾ ਨਿਭਾਈ। 

ਵਿਵਾਨ ਦੇ ਪਿਤਾ ਕਲਿਆਣ ਸੁੰਦਰਮ ਇੰਡੀਆ ਦੇ ਲਾਅ ਕਮਿਸ਼ਨ ਦੇ ਚੇਅਰਮੈਨ (1968-71) ਰਹੇ। ਵਿਵਾਨ ਨੂੰ ਸਮਾਜ ਅਤੇ ਸਿਆਸਤ ਨੂੰ ਸਮਝਣ ਲਈ ਪਰਿਵਾਰ, ਪੜ੍ਹਾਈ ਅਤੇ ਦੌਰ ਨੇ ਵਸੀਹ ਨਜ਼ਰੀਆ ਪੇਸ਼ ਕੀਤਾ। ਇੱਕ ਪਾਸੇ ਪਰਿਵਾਰ ਸੱਤਾ ਦੇ ਗਲਿਆਰਿਆਂ ਅਤੇ ਕਲਾ ਜਗਤ ਅੰਦਰ ਵਾਸ ਕਰਦਾ ਸੀ ਅਤੇ ਦੂਜੇ ਪਾਸੇ ਉਹ ਦੌਰ ਤਬਦੀਲੀ-ਪਸੰਦ ਅਤੇ ਤਰੱਕੀ-ਪਸੰਦ ਲਹਿਰਾਂ ਦਾ ਤਕਰੀਬਨ ਸਿਖਰ ਸੀ ਜਿਸ ਦੀ ਸਾਹ-ਰਗ ਵਿਦਿਆਰਥੀ ਸਨ। ਵਿਵਾਨ ਦੀ ਕਲਾ ਵਿੱਚ ਇਹ ਸਾਰਾ ਤਜਰਬਾ ਸਮੋਇਆ ਹੋਇਆ ਹੈ। ਉਨ੍ਹਾਂ ਦੀ ਨਫ਼ਾਸਤ ਅਤੇ ਸ਼ਿੱਦਤ ਹਰ ਕਲਾ-ਕਿਰਤ ਵਿੱਚ ਦਿਖਾਈ ਦਿੰਦੀ ਹੈ। ਉਨ੍ਹਾਂ ਦੀ ਸਿਆਸਤ ਕਲਾ ਕਿਰਤਾਂ ਵਿੱਚ ਸਹਿਜ ਨਾਲ ਜ਼ਾਹਿਰ ਹੁੰਦੀ ਹੈ। ਵਿਵਾਨ ਦੀ ਕਲਾ ਦਾ ਖ਼ਾਸਾ ਸਮਾਜਿਕ ਇਤਫ਼ਾਕ, ਬਰਾਬਰੀ ਅਤੇ ਇਨਸਾਫ਼ ਨਾਲ ਜੁੜਿਆ ਹੈ। ਇਹ ਖ਼ਾਸਾ ਉਨ੍ਹਾਂ ਦੀਆਂ ਆਪਣੀਆਂ ਨੁਮਾਇਸ਼ਾਂ ਵਿੱਚ ਉਘੜਦਾ ਹੈ ਅਤੇ ਉਨ੍ਹਾਂ ਦੀ ਸ਼ਮੂਲੀਅਤ ਵਾਲੀਆਂ ਸੰਜੋਗੀ ਨੁਮਾਇਸ਼ਾਂ ਵਿੱਚ ਹੋਰ ਲਿਸ਼ਕਦਾ ਹੈ। 

ਉਨ੍ਹਾਂ ਨੇ 1981 ਵਿੱਚ ਸੰਜੋਗੀ ਨੁਮਾਇਸ਼ ‘ਪਲੇਸ ਫਾਰ ਪੀਪਲ’ ਵਿੱਚ ਸ਼ਮੂਲੀਅਤ ਕੀਤੀ। ਇਹ ਸੰਜੋਗ ਨੁਮਾਇਸ਼ ਵਿੱਚ ਹੁੰਦਾ ਹੈ ਜਿਸ ਦੀ ਸ਼ੁਰੂਆਤ ਵਿਵਾਨ ਦੀ ਕਲਾ ਵਿੱਚ ਵਾਪਰਦੀ ਹੈ। ‘ਪਲੇਸ ਫਾਰ ਪੀਪਲ’ ਵਿੱਚ ਵਿਵਾਨ ਦਾ ਤੇਲ ਚਿੱਤਰ ‘ਪੀਪਲ ਕੰਮ ਐਂਡ ਗੋਅ’ ਸ਼ਾਮਿਲ ਹੋਇਆ ਜਿਸ ਵਿੱਚ ਤਿੰਨ ਕਲਾਕਾਰ ਦੀਆਂ ਤਸਵੀਰਾਂ ਬਣਾਈਆਂ ਗਈਆਂ ਹਨ ਜੋ ਤਕਨੀਕੀ ਪੱਖੋਂ ਸਿਨੇਮਾ ਦਾ ਝਲਕਾਰਾ ਪਾਉਂਦੀਆਂ ਹਨ ਅਤੇ ਕਈ ਤਰ੍ਹਾਂ ਦੇ ਸੰਵਾਦ ਦੀ ਗੁੰਜ਼ਾਇਸ਼ ਨਾਲ ਜ਼ਰਖ਼ੇਜ਼ ਹਨ। ਚਿੱਤਰ ਵਿੱਚ ਕਲਾਕਾਰਾਂ ਦਾ ਸੰਜੋਗੀ ਸੰਵਾਦ ਕਲਾ ਦੀਆਂ ਦੋ ਵਿਧਾਵਾਂ ਵਿੱਚ ਸੰਵਾਦ ਕਰਦਾ ਹੋਇਆ ਨੁਮਾਇਸ਼ ਵਿੱਚ ਹੋਰ ਵਡੇਰੇ ਸੰਵਾਦ ਦਾ ਹਿੱਸਾ ਬਣਦਾ ਹੈ। ਵਿਵਾਨ ਅਤੇ ਉਸ ਦੀ ਭੈਣ ਨਵੀਨਾ ਸੁੰਦਰਮ ਕਸੌਲੀ ਆਰਟ ਸੈਂਟਰ ਦੇ ਬਾਨੀ ਸਨ ਜੋ 1976-91 ਦੌਰਾਨ ਕਲਾ ਸਰਗਰਮੀ ਦਾ ਮਰਕਜ਼ ਸੀ। ਕਲਾ ਦੀਆਂ ਨੁਮਾਇਸ਼ਾਂ, ਕਲਾਕਾਰਾਂ ਦੀਆਂ ਸਰਗਰਮੀਆਂ ਅਤੇ ਕਲਾ ਬਾਰੇ ਸੰਵਾਦ ਕਸੌਲੀ ਆਰਟ ਸੈਂਟਰ ਦਾ ਖ਼ਾਸਾ ਸੀ। ਵਿਵਾਨ ਆਪਣੇ ਨਾਨਕਾ ਘਰ ਵਿੱਚ ਕਲਾਕਾਰਾਂ ਦੇ ਕਿਆਮ ਦਾ ਇੰਤਜਾਮ ਕਰਦੇ ਸਨ ਅਤੇ ਉਨ੍ਹਾਂ ਲਈ ਢੁਕਵਾਂ ਮਾਹੌਲ ਬਣਾਉਣ ਦੇ ਨਾਲ-ਨਾਲ ਸਰਪ੍ਰਸਤੀ ਦੇ ਲੋੜੀਂਦੇ ਵਸੀਲੇ ਜੋੜਦੇ ਸਨ।

ਵਿਵਾਨ ਬਹੁ-ਵਿਧਾਵੀ ਕਲਾਕਾਰ ਸਨ ਜੋ ਨਵੇਂ ਤਜਰਬੇ ਕਰਦੇ ਹੋਏ ਸਫ਼ਰਯਾਫ਼ਤਾ ਰਹਿੰਦੇ ਹਨ। ਉਹ 1990ਵਿਆਂ ਦੇ ਦਹਾਕੇ ਤੋਂ ਇੰਸਟਾਲੇਸ਼ਨ ਕਲਾ ਬਣਾਉਣ ਲੱਗੇ ਸਨ ਤਾਂ ਬੁੱਤਸਾਜ਼ੀ, ਫੋਟੋਕਾਰੀ, ਚਿੱਤਰਕਲਾ ਅਤੇ ਵੀਡੀਓ ਦਾ ਇਸਤੇਮਾਲ ਕਰਦੇ ਸਨ। ਲੱਭੀ ਹੋਈ ਅਤੇ ਰੱਦੀ ਸਮੱਗਰੀ ਦਾ ਇਸਤੇਮਾਲ ਕਰਦੇ ਸਨ। ਨਤੀਜੇ ਵਜੋਂ ਫੋਟੋਆਂ ਬੂਹੇ ਖੋਲ੍ਹ ਕੇ ਉਸ ਦੇ ਚਿੱਤਰਾਂ ਵਿੱਚ ਆ ਬੈਠੀਆਂ ਹਨ। ਪੁਰਾਣੀਆਂ ਫੋਟੋਆਂ ਡਿਜੀਟਲ ਦੁਨੀਆ ਨਾਲ ਖੇਡਣ ਲਗਦੀਆਂ ਹਨ। ਚਿੱਤਰ ਅਤੇ ਫੋਟੋਆਂ ਨਵੇਂ ਰੰਗਾਂ ਵਿੱਚ ਰੰਗੀਆਂ ਜਾਂਦੀਆਂ ਹਨ। ਅਣਦੱਸੀਆਂ ਕਹਾਣੀਆਂ ਸੁਣਾਉਣ ਲਗਦੀਆਂ ਹਨ। ਦਹਾਕਿਆਂ ਤੋਂ ਮਨ ਦੇ ਤਹਿਖ਼ਾਨਿਆਂ ਵਿੱਚ ਚੁੱਪ ਧਾਰੀ ਬੈਠੀਆਂ ਤਸਵੀਰਾਂ ਗੋਸ਼ਿਟ ਕਰਨ ਲਗਦੀਆਂ ਹਨ। ਜਦੋਂ 1992 ਵਿੱਚ ਬੁੰਬਈ ਫ਼ਿਰਕੂ ਹਿੰਸਾ ਦਾ ਸ਼ਿਕਾਰ ਹੋਇਆ ਤਾਂ ਵਿਵਾਨ ਦੀ ਕਲਾ ਨੇ ਹਮਦਰਦੀ ਨਾਲ ਹੁੰਗਾਰਾ ਭਰਿਆ। ਇਹ ਇੰਸਟਾਲੇਸ਼ਨ ਖ਼ਸੂਸੀ ਜਗ੍ਹਾ ਲਈ ਬਣੀ ਅਤੇ ਕਲਕੱਤਾ ਦੇ ਵਿਕਟੋਰੀਆ ਹਾਲ ਵਿੱਚ ‘ਹਿਸਟਰੀ ਪ੍ਰੋਜੈਕਟ’ ਵਜੋਂ ਜਾਣੀ ਜਾਂਦੀ ਹੈ। 

Representative Image: Daljit Ami

ਵਿਵਾਨ ਨੇ ਆਪਣੇ ਪਰਿਵਾਰ ਦੁਆਲੇ ਬਹੁਤ ਕੰਮ ਕੀਤਾ ਜੋ ਆਪਣੇ-ਆਪ ਵਿੱਚ ਕਈ ਤਰ੍ਹਾਂ ਦੀ ਵਿਰਾਸਤ ਦਾ ਸੰਗਮ ਹੈ। ਉਮਰਾਓ ਸਿੰਘ ਸ਼ੇਰਗਿੱਲ ਦੀ ਕਲਾ ਉਸ ਦੀ ਨਾਮੀ ਧੀ ਅੰਮ੍ਰਿਤਾ ਸ਼ੇਰਗਿੱਲ ਦੇ ਲਿਸ਼ਕ ਵਿੱਚ ਓਝਲ ਰਹੀ ਪਰ ਜਿਉਂ ਹੀ ਵਿਵਾਨ ਨੇ ਓਝਲ ਨੂੰ ਉਜਲ ਕੀਤਾ ਤਾਂ ਫੋਟੋਕਾਰ ਨਿਕਲ ਆਇਆ ਜਿਸ ਦੀਆਂ ਫੋਟੋਆਂ ਦੀਆਂ ਇੱਕ ਪਾਸੇ ਕੌਮਾਂਤਰੀ ਪੱਧਰ ਉੱਤੇ ਨੁਮਾਇਸ਼ਾਂ ਲੱਗੀਆਂ ਅਤੇ ਦੂਜੇ ਪਾਸੇ ਕਲਾ ਦੇ ਇਤਿਹਾਸਕਾਰਾਂ ਦੇ ਨਾਲ-ਨਾਲ ਪੜਚੋਲੀਆਂ ਦੀਆਂ ਪਾਰਖੂ ਨਜ਼ਰਾਂ ਵਿੱਚ ਆਈਆਂ। ਉਮਰਾਓ ਸਿੰਘ ਸ਼ੇਰਗਿੱਲ ਦੀਆਂ ਖਿੱਚੀਆਂ ਤਸਵੀਰਾਂ ਉਨ੍ਹਾਂ ਦੀ ਆਪਣੀ ਅਤੇ ਪਰਿਵਾਰਾਂ ਦੇ ਬਾਕੀ ਜੀਆਂ ਦੀਆਂ ਜ਼ਿੰਦਗੀਆਂ ਦੇ ਦਸਤਾਵੇਜ ਹਨ। ਵਿਵਾਨ ਨੇ ਇਨ੍ਹਾਂ ਤਸਵੀਰਾਂ ਤੋਂ ਚਿੱਤਰ ਬਣਾਏ, ਇਨ੍ਹਾਂ ਦੇ ਡਿਜੀਟਲ ਮੌਨਟਾਜ ਬਣਾਏ ਜੋ ਉਨ੍ਹਾਂ ਦੀਆਂ ਯਾਦਾਂ ਅਤੇ ਅਹਿਸਾਸ ਦੇ ਨਵੇਂ ਤਾਣੇ-ਬਾਣੇ ਵਿੱਚ ਬੱਝ ਕੇ ਨਵੀਂਆਂ ਬਾਤਾਂ ਪਾਉਂਦੇ ਹਨ। ਉਨ੍ਹਾਂ ਦੇ ਕੰਮ ਦੀ ਇੱਕ ਤੰਦ ਉਨ੍ਹਾਂ ਦੀ ਮਾਸੀ (ਅੰਮ੍ਰਿਤਾ ਸ਼ੇਰਗਿੱਲ) ਅਤੇ ਦੂਜੀ ਨਾਨੇ (ਉਮਰਾਓ ਸਿੰਘ ਸ਼ੇਰਗਿੱਲ) ਦੇ ਕੰਮ ਦੀ ਲਗਾਤਾਰਤਾ ਵਿੱਚ ਹੈ। ਅੰਮ੍ਰਿਤਾ ਆਪਣੀ ਭੈਣ (ਵਿਵਾਨ ਦੀ ਮਾਂ, ਇੰਦਰਾ ਸੇਰਗਿੱਲ) ਸਮੇਤ ਪਰਿਵਾਰ ਦੇ ਹੋਰ ਜੀਆਂ ਅਤੇ ਆਂਢ-ਗੁਆਂਢ ਦੇ ਕਿਰਦਾਰਾਂ ਨੂੰ ਸਾਹਮਣੇ ਬਿਠਾ ਕੇ ਚਿੱਤਰਕਾਰੀ ਕਰਦੀ ਸੀ। ਉਹ ਅਸਲ ਕਿਰਦਾਰਾਂ ਨੂੰ ਨਮੂਨੇ ਵਜੋਂ ਇਸਤੇਮਾਲ ਕਰਦੀ ਸੀ। ਵਿਵਾਨ ਆਪਣੀ ਮਾਸੀ ਦੇ ਚਿੱਤਰਾਂ ਅਤੇ ਨਾਨੇ ਦੀਆਂ ਫੋਟੋਆਂ ਤੋਂ ਇਹੋ ਕੰਮ ਲੈਂਦੇ ਸਨ। ਇੱਕ ਤਸਵੀਰ ਵਿੱਚ ਵਿਵਾਨ ਆਪਣੇ ਨਾਨੇ ਦੀ ਗੋਦ ਵਿੱਚ ਕੈਮਰਾ ਫੜ ਕੇ ਬੈਠੇ ਹਨ ਪਰ ਜਦੋਂ ਵਿਵਾਨ ਕਲਾਕਾਰ ਵਜੋਂ ਇਸ ਤਸਵੀਰ ਦਾ ਇਸਤੇਮਾਲ ਕਰਦੇ ਹਨ ਤਾਂ ਇਹ ਭੁਲੇਖਾ ਪੈਂਦਾ ਹੈ ਕਿ ਤਸਵੀਰ ਵਾਲੇ ਬੱਚੇ ਦੇ ਕੈਮਰੇ ਨੇ ਤਸਵੀਰ ਖਿੱਚੀ ਹੈ। ਵਿਵਾਨ ਆਪਣੇ ਇਸ ਕੰਮ ਬਾਰੇ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਵੱਡ-ਆਕਾਰੀ ਚਿੱਤਰਾਂ ਵਿੱਚ ਅੰਮ੍ਰਿਤਾ ਦੇ ਚਿੱਤਰਾਂ ਅਤੇ ਉਮਰਾਓ ਸਿੰਘ ਦੀਆਂ ਫੋਟੋਆਂ ਦਾ ਇਸਤੇਮਾਲ ਕੀਤਾ ਅਤੇ ਇਨ੍ਹਾਂ ਦੇ ਵਿਚਕਾਰਲੀਆਂ ਥਾਂਵਾਂ ਵਿੱਚ ਰੰਗਾਂ ਨਾਲ ਆਪਣੀਆਂ ਬਾਤਾਂ ਦੀ ਬੁਣਤੀ ਪਾਈ ਹੈ।


ਵਿਵਾਨ ਸੁੰਦਰਮ ਕਈ ਜਥੇਬੰਦੀਆਂ ਅਤੇ ਅਦਾਰਿਆਂ ਦਾ ਹਿੱਸਾ ਰਹੇ। ਉਹ ਕਲਾ ਵਿੱਚ ਸੰਜੋਗੀ ਸਰਗਰਮੀ ਕਰਨ ਦੀ ਜੁਗਤਬੰਦੀ ਦੇ ਉਸਤਾਦ ਸਨ। ਉਹ ਸਫ਼ਦਰ ਹਾਸ਼ਮੀ ਯਾਦਗਾਰੀ ਟਰੱਸਟ (ਸਹਿਮਤ) ਦਾ ਬਾਨੀ ਟਰੱਸਟੀ ਸਨ। ਵਿਵਾਨ ਦੇ ਚਲਾਣੇ ਉੱਤੇ ਸ਼ਬਨਮ ਹਾਸ਼ਮੀ ਨੇ ਵਿਵਾਨ ਦੇ ਇਨ੍ਹਾਂ ਸ਼ਬਦਾਂ ਨੂੰ ਯਾਦ ਕੀਤਾ, “ਮਈ 1968 ਦੀ ਵਿਦਿਆਰਥੀ ਲਹਿਰ ਰਾਹੀਂ ਮੇਰੇ ਉੱਤੇ ਸਿਆਸਤ ਅਸਰਅੰਦਾਜ਼ ਹੋਈ ਤਾਂ ਮੇਰੇ ਵਿਚਾਰਧਾਰਕ ਝੁਕਾਅ ਮਾਰਕਸਵਾਦੀ ਕਮਿਉਨਿਸਟ ਪਾਰਟੀ ਵੱਲ ਹੋਇਆ ਭਾਵੇਂ ਕਿ ਮੈਂ ਇਸ ਦਾ ਮੈਂਬਰ ਕਦੇ ਨਹੀਂ ਰਿਹਾ। ਕਲਾ ਦੇ ਮੁਹਾਜ ਉੱਤੇ ਮੈਂ 1976 ਵਿੱਚ ਕਸੌਲੀ ਆਰਟ ਸੈਂਟਰ ਬਣਾਇਆ ਜਿਸ ਦੇ ਮਹਿਮਾਨਬਾਜ਼ ਅਤੇ ਪੁਰ-ਖ਼ਲੂਸ ਮਾਹੌਲ ਨਾਲ ਸਰਗਰਮੀ ਅਤੇ ਸੰਵਾਦ ਦਾ ਪਿੜ ਬੱਝਿਆ। ਸਹਿਮਤ ਦੇ ਬਾਨੀ ਟਰੱਸਟੀ ਵਜੋਂ 1990 ਤੋਂ 2003 ਤੱਕ ਮੈਂ ਲਕੀਰ ਖਿੱਚ ਕੇ ਕੀਤੀ ਜਾਣ ਵਾਲੀ ਸਿਆਸਤ ਦਾ ਹਿੱਸਾ ਰਿਹਾ। ਸਹਿਮਤ ਵੱਲੋਂ ਮੈਂ ਬਹੁਤ ਸਾਰੀਆਂ ਛੋਟੀਆਂ ਅਤੇ ਵੱਡੀਆਂ ਨੁਮਾਇਸ਼ਾਂ ਦੇ ਸੰਜੋਗੀ ਦਾ ਕੰਮ ਕੀਤਾ ਜਿਨ੍ਹਾਂ ਨੇ ਮੁਲਕ ਦੇ ਅੰਦਰ ਅਤੇ ਵਿਦੇਸ਼ਾਂ ਦਾ ਸਫ਼ਰ ਕੀਤਾ। ਇਨ੍ਹਾਂ ਨੁਮਾਇਸ਼ਾਂ ਨੇ ਆਵਾਮੀ ਸੰਵਾਦ ਦਾ ਪਿੜ ਬੰਨ੍ਹਣ ਲਈ ਨਵੀਂਆਂ ਜੁਗਤਾਂ ਅਤੇ ਰੂਪਾਂ ਦਾ ਇਸਤੇਮਾਲ ਕੀਤਾ।”

Representative Image: Daljit Ami

ਇਸ ਵੇਲੇ ਕੋਚੀ ਵਿੱਚ ਚੱਲ ਰਹੇ ਕੌਮਾਂਤਰੀ ਕਲਾ ਮੇਲੇ (ਕੋਚੀ-ਮੁਜ਼ੀਰਿਸ ਬਿਨਾਲੇ) ਵਿੱਚ ਵਿਵਾਨ ਸੁੰਦਰਮ ਦੀਆਂ ਦੋ ਕਲਾ ਲੜੀਆਂ ਵਿੱਚੋਂ ਕੁਝ ਕੰਮ ਸ਼ਾਮਿਲ ਕੀਤੇ ਗਏ ਹਨ। ਵਿਵਾਨ ਦੀ ਕਲਾ ਲੜੀ ‘ਏ ਜਰਨੀ ਟੂ ਮੈਕਸੀਕੋ’ ਦੀਆਂ ਕੁਝ ਡਰਾਇੰਗ ਲੰਘੇ ਦੌਰ ਦੇ ਹੁਕਮਰਾਨ ਦੀ ਤਾਕਤ ਅਤੇ ਜਕੜ ਨੂੰ ਪੇਸ਼ ਕਰਦੀਆਂ ਹਨ। ਇਸ ਦੇ ਨਾਲ ਹੀ ‘ਦ ਹਾਈਟਸ ਆਫ ਮਾਚੋ ਪੀਚੋ’ ਨਾਮ ਦੀ ਲੜੀ ਵਿੱਚੋਂ ਕੁਝ ਡਰਾਇੰਗ ਹਨ। ਇਸ ਲੜੀ ਵਿੱਚ ਪੱਚੀ ਡਰਾਇੰਗ ਹਨ ਜੋ ਪਾਬਲੋ ਨੈਰੂਦਾ ਦੀ ਇਸੇ ਨਾਮ ਦੀ ਨਜ਼ਮ ਨੂੰ ਸਿਜਦਾ ਹੈ। ਵਿਵਾਨ ਆਪਣੀ ਆਖ਼ਰੀ ਨੁਮਾਇਸ਼ ਨੂੰ ਚੱਲਦਾ ਛੱਡ ਗਿਆ ਹੈ ਜੋ ਕੋਚੀ ਵਿੱਚ ਸਮੁੰਦਰ ਦੇ ਕਿਨਾਰੇ ਲੱਗੀ ਹੋਈ ਹੈ। ਵਿਵਾਨ ਅੰਮ੍ਰਿਤਾ ਸ਼ੇਰਗਿੱਲ ਦੇ ਚਿੱਤਰਾਂ ਵਿੱਚੋਂ ਬਾਤਾਂ ਪਾਉਂਦੇ ਹਨ ਅਤੇ ਪਾਬਲੋ ਨੈਰੂਦਾ ਦੀ ਨਜ਼ਮ ਨਾਲ ਖੇਡਦੇ ਹਨ। ਅੰਮ੍ਰਿਤਾ ਸ਼ੇਰਗਿੱਲ ਨੇ ਕਿਸੇ ਵੇਲੇ ਕਿਹਾ ਸੀ, “ਯੂਰਪ ਪਿਕਾਸੋ, ਬਰੇਯਕ ਅਤੇ ਹੋਰ ਕਈਆਂ ਦਾ ਹੈ। ਇੰਡੀਆ ਸਿਰਫ਼ ਮੇਰਾ ਹੈ।” ਸ਼ਾਇਦ ਵਿਵਾਨ ਆਪਣੀ ਮਾਸੀ ਨੂੰ ਦੱਸ ਰਿਹਾ ਹੋਵੇਗਾ ਕਿ ਉਸ ਦੇ ਸਮੇਂ ਅਤੇ ਸਥਾਨ ਦਾ ਬਿਆਨੀਆ ਕਿਸੇ ਹੋਰ ਸੰਜੋਗੀ ਪੈਮਾਇਸ਼ ਵਿੱਚ ਹੈ।

(ਲੇਖਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਦੇ ਡਾਇਰੈਕਟਰ ਵਜੋਂ ਕੰਮ ਕਰਦਾ ਹੈ।) 

ਇਹ ਲੇਖ 21 ਮਈ 2023 ਨੂੰ ਪੰਜਾਬੀ ਜਾਗਰਣ ਵਿੱਚ ਛਪਿਆ। (https://www.punjabijagran.com/lifestyle/sahit-and-sabhyachar-vivaan-sundaram-is-a-multi-disciplinary-artist-of-mixed-ventures-9233032.html)

No comments:

Post a Comment