ਮਹਿਬੂਬ ਬਰਾੜ ਫ਼ਿਲਮਸਾਜ਼ ਹੈ ਜਿਸ ਨੇ ਕਿਸਾਨੀ ਸੰਕਟ ਬਾਬਤ ਦਸਤਾਵੇਜ਼ੀ ਫ਼ਿਲਮ 'ਲਾਲ ਫ਼ਸਲ' ਨਾਲ ਸ਼ੁਰੂਆਤ ਕੀਤੀ ਸੀ। ਮਹਿਬੂਬ ਹੁਣ ਫ਼ੀਚਰ ਫ਼ਿਲਮ ਲਿਖ ਰਿਹਾ ਹੈ ਅਤੇ ਰਾਮ ਗੋਪਾਲ ਵਰਮਾ ਦੀ ਕੰਪਨੀ ਵਿੱਚ ਕੰਮ ਕਰਦਾ ਹੈ। ਫ਼ਿਲਮਾਂ ਦੇਖਣ ਅਤੇ ਪੜ੍ਹਣ ਦੀ ਮੱਸ ਉਸ ਦੀ ਹਰ ਗੱਲ ਵਿੱਚੋਂ ਝਲਕਦੀ ਹੈ। ਫ਼ਿਲਮ 'ਬਾਈ ਸਾਈਕਲ ਥੀਵਜ਼' ਦੀ ਪੜਚੋਲ ਉਸ ਦੇ ਸੁਭਾਅ, ਜਗਿਆਸਾ ਅਤੇ ਸੰਵੇਦਨਾ ਦਾ ਮੁਜ਼ਾਹਰਾ ਕਰਦੀ ਹੈ। ਇਸ ਜਗਿਆਸਾ ਦਾ ਜਾਗਰੂਕਤਾ ਦੇ ਰਾਹ ਪੈ ਜਾਣਾ ਦੋਸਤਾਂ-ਮਿੱਤਰਾਂ ਲਈ ਖ਼ੁਸ਼ੀ ਦੀ ਗੱਲ ਹੈ। ਮਿੱਤਰਾਂ ਦੀ ਖ਼ੁਸ਼ੀ ਦੇ ਸਮਾਜ ਦੀ ਬਿਹਤਰੀ ਦਾ ਸਬੱਬ ਬਣਨ ਦੀਆਂ ਸੰਭਾਵਨਾਵਾਂ ਸਦਾ ਸਲਾਮਤ ਰਹਿਣ।
ਇਸ ਲੇਖ ਬਾਬਤ ਦੂਜਾ ਅਹਿਮ ਮਸਲਾ ਫ਼ਿਲਮਸਾਜ਼ਾਂ ਦੇ 'ਬਾਈ ਸਾਈਕਲ ਥੀਵਜ਼' ਬਾਬਤ ਲਿਖੇ ਲੇਖ ਹਨ। ਇਸ ਤੋਂ ਪਹਿਲਾਂ ਜਤਿੰਦਰ ਮੌਹਰ ਦਾ ਲੇਖ ਪੰਜਾਬੀ ਕਲਾਵੇਅਰ ਉੱਤੇ ਛਾਪਿਆ ਸੀ। ਇਨ੍ਹਾਂ ਦੋਵਾਂ ਲੇਖਾਂ ਵਿੱਚ ਦੋ ਫ਼ਿਲਮਸਾਜ਼ਾਂ ਦੀਆਂ ਦੋ ਪੜ੍ਹਤਾਂ ਤੀਜੀ ਪੜ੍ਹਤ ਲਈ ਰਾਹ ਪੱਧਰਾ ਕਰਦੀਆਂ ਹਨ।
ਮਹਿਬੂਬ ਬਰਾੜ
ਫ਼ਿਲਮ ਬਾਕੀ ਕਲਾਵਾਂ ਵਾਂਗ ਸਾਡੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਛੂੰਹਦੀ ਹੈ। ਇਹ ਕਲਾ ਦਾ ਅਜਿਹਾ ਰੂਪ ਹੈ, ਜਿਸ ਨਾਲ ਹਰ ਬੰਦਾ ਆਪਣੇ ਆਪ ਨੂੰ ਜੋੜ ਸਕਦਾ ਹੈ। ਇਹ ਅਜਿਹਾ ਜ਼ਰੀਆ ਹੈ ਜੋ ਮਨੋਰੰਜਨ ਵੀ ਕਰਦਾ ਹੈ ਅਤੇ ਜਾਗਰੂਕ ਵੀ। ਫ਼ਿਲਮ ਇਨਸਾਨ ਨੂੰ ਭਾਵੁਕ, ਸਰੀਰਿਕ, ਮਾਨਸਿਕ ਅਤੇ ਰੁਹਾਨੀ ਪੱਧਰ 'ਤੇ ਛੂੰਹਦੀ ਹੈ ਅਤੇ ਸਾਡੀ ਸੋਚ ਅਤੇ ਫ਼ੈਸਲਿਆਂ ਉੱਤੇ ਅਸਰਅੰਦਾਜ਼ ਹੁੰਦੀ ਹੈ। ਫ਼ਿਲਮ ਅਜਿਹਾ ਸਾਹਿਤ ਹੈ, ਜਿਸ ਨੂੰ ਵੇਖਿਆ-ਸੁਣਿਆ ਜਾ ਸਕਦਾ ਹੈ। ਫ਼ਿਲਮਾਂ ਦੀ ਇਹ ਖਾਸ ਗੱਲ ਇਹ ਹੈ ਕਿ ਇਹ ਦਸਤਾਵੇਜ਼ ਵਜੋਂ ਵੀ ਕੰਮ ਕਰਦੀਆਂ ਨੇ। ਬੈਟਲਸ਼ਿਪ ਪੋਟੈਂਪਕਿੰਨ, ਬਰੇਵਹਾਰਟ, ਮੇਰੇ ਅਪਨੇ ਆਦਿ ਕੁਝ ਅਜਿਹੀਆਂ ਫ਼ਿਲਮਾਂ ਨੇ ਜੋ ਸਾਨੂੰ ਆਪਣੇ ਸਮੇਂ ਦੇ ਹਾਲਾਤ ਅਤੇ ਸੰਘਰਸ਼ ਬਾਬਤ ਦੱਸਦੀਆਂ ਨੇ। ਦੂਜੇ ਆਲਮੀ ਯੁੱਧ ਤੋਂ ਬਾਅਦ ਪੂਰੀ ਦੁਨੀਆਂ ਸਿਆਸੀ, ਸਮਾਜਿਕ ਅਤੇ ਆਰਥਿਕ ਮੰਦੇ ਦਾ ਸ਼ਿਕਾਰ ਸੀ। ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਸੀ। ਦੁਨੀਆਂ ਦੇ ਬਾਕੀ ਦੇਸ਼ਾਂ ਦੀ ਤਰ੍ਹਾਂ ਇਟਲੀ ਵੀ ਯੁੱਧ ਦੀ ਕੀਮਤ ਅਦਾ ਕਰ ਰਿਹਾ ਸੀ। ਲੋਕ ਵੱਡੀ ਤਾਦਾਦ ਵਿੱਚ ਬੇਰੁਜ਼ਗਾਰ ਸਨ।
ਸੰਨ 1946 ਇਟਲੀ 'ਚ ਵਿਟੋਰੀਓ ਡੀ ਸਿਕਾ ਦੇ ਨਿਰਦੇਸ਼ਨ ਹੇਠ ਫ਼ਿਲਮ ਬਣੀ 'ਬਾਈਸਿਕਲ ਥੀਵਜ਼।' ਇਸ ਫ਼ਿਲਮ ਵਿੱਚ ਦਿਖਾਇਆ ਗਿਆ ਕਿ ਕਿਵੇਂ ਹਾਲਾਤ ਆਮ ਬੰਦੇ ਨੂੰ ਇਮਾਨਦਾਰ ਤੋਂ ਬੇਈਮਾਨ ਬਣਨ ਲਈ ਮਜਬੂਰ ਕਰ ਦਿੰਦੇ ਨੇ। ਇਹ ਅਜਿਹੇ ਬੰਦੇ (ਰਿਚੀ) ਦੀ ਕਹਾਣੀ ਹੈ ਜੋ ਬਹੁਤ ਹੀ ਗ਼ਰੀਬੀ ਦੀ ਹਾਲਤ ਵਿੱਚ ਜ਼ਿੰਦਗੀ ਗੁਜ਼ਾਰ ਰਿਹਾ ਹੈ। ਉਸ ਨੂੰ ਕੰਧਾਂ 'ਤੇ ਪੋਸਟਰ ਚਿਪਕਾਉਣ ਦਾ ਕੰਮ ਮਿਲ ਜਾਂਦਾ ਹੈ। ਇੱਕੋ-ਇੱਕ ਸ਼ਰਤ ਹੈ ਕਿ ਉਸ ਕੋਲ ਆਪਣਾ ਸਾਈਕਲ ਹੋਣਾ ਚਾਹੀਦਾ ਹੈ। ਘਰ ਦਾ ਸਾਮਾਨ ਵੇਚ ਕੇ ਉਹ ਸਾਈਕਲ ਤਾਂ ਲੈ ਲੈਂਦਾ ਹੈ ਪਰ ਪਹਿਲੇ ਹੀ ਦਿਨ ਜਦੋਂ ਕੰਮ 'ਤੇ ਜਾਂਦਾ ਹੈ ਤਾਂ ਉਸ ਦਾ ਸਾਈਕਲ ਚੋਰੀ ਹੋ ਜਾਂਦੀ ਹੈ। ਬਹੁਤ ਜ਼ਿਆਦਾ ਲੱਭਣ 'ਤੇ ਜਦੋਂ ਉਸ ਨੂੰ ਸਾਈਕਲ ਨਹੀਂ ਲੱਭਦਾ ਤਾਂ ਉਹ ਹਾਰ ਕੇ ਸਾਈਕਲ ਚੋਰੀ ਕਰਦਾ ਹੈ ਅਤੇ ਫੜਿਆ ਜਾਂਦਾ ਹੈ।
ਇਹ ਫ਼ਿਲਮ ਇਟਲੀ ਵਿੱਚ ਚੱਲ ਰਹੀ 'ਨੀਓ ਰਿਅਲਿਜ਼ਮ' ਕਲਾ ਮੁਹਿੰਮ ਦਾ ਹਿੱਸਾ ਸੀ, ਜਿਸ ਵਿੱਚ ਆਮ ਲੋਕਾਂ ਨੂੰ ਅਦਾਕਾਰ ਵਜੋਂ ਲਿਆ ਜਾਂਦਾ ਸੀ ਅਤੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਕਹਾਣੀ ਵਜੋਂ ਇਹ ਫ਼ਿਲਮਾਂ ਬਹੁਤ ਘੱਟ ਬਜਟ ਵਿੱਚ ਅਸਲ ਥਾਵਾਂ 'ਤੇ ਫ਼ਿਲਮਾਈਆਂ ਜਾਂਦੀਆਂ ਸੀ। ਇਸ ਫ਼ਿਲਮ ਨੇ ਬਿਮਲ ਰਾਏ ਵਰਗੇ ਨਿਰਦੇਸ਼ਕ ਨੂੰ 'ਦੋ ਬੀਘਾ ਜ਼ਮੀਨ' ਵਰਗੀ ਫ਼ਿਲਮ ਬਣਾਉਣ ਵਾਸਤੇ ਪ੍ਰੇਰਿਆ। ਦੋਵਾਂ ਫ਼ਿਲਮਾਂ ਵਿੱਚ ਸਮੁੱਚੇ ਪਰਿਵਾਰ ਦਾ ਸੰਘਰਸ਼ ਦਿਖਾਇਆ ਗਿਆ ਹੈ। ਦੋਵੇਂ ਫ਼ਿਲਮਾਂ ਵਿੱਚ ਪਰਿਵਾਰ ਆਪਸ ਵਿੱਚ ਬਹੁਤ ਮਜ਼ਬੂਤੀ ਨਾਲ ਜੁੜੇ ਹੋਏ ਹਨ। ਰਿਚੀ ਜਦੋਂ ਆਪਣੀ ਪਤਨੀ ਨੂੰ ਨੌਕਰੀ ਮਿਲਣ ਦੀ ਖ਼ਬਰ ਦੇ ਨਾਲ-ਨਾਲ ਉਸ ਨੂੰ ਦੱਸਦਾ ਹੈ ਕਿ ਨੌਕਰੀ ਲਈ ਸਾਈਕਲ ਚਾਹੀਦਾ ਹੈ। ਉਸ ਦੀ ਬੀਵੀ (ਮਾਰੀਆ) ਝੱਟ ਹੀ ਆਪਣੀਆਂ ਵਿਆਹ ਵਾਲੀਆਂ ਚਾਦਰਾਂ ਵੇਚਣ ਨੂੰ ਤਿਆਰ ਹੋ ਜਾਂਦੀ ਹੈ ਅਤੇ ਖ਼ੁਸ਼ੀ-ਖ਼ੁਸ਼ੀ ਪੈਸੇ ਰਿਚੀ ਨੂੰ ਦਿੰਦੀ ਹੈ।
ਰਿਚੀ ਜਦੋਂ ਪੈਸੇ ਲੈ ਕੇ ਸਾਈਕਲ ਲੈਣ ਜਾਂਦਾ ਹੈ ਤਾਂ ਇੱਕ ਬੰਦਾ ਚਾਦਰਾਂ ਦਾ ਬੰਡਲ ਰੱਖਣ ਆਉਂਦਾ ਹੈ। ਜਿੱਥੇ ਉਹ ਬੰਡਲ ਰੱਖਦਾ ਹੈ, ਉਥੇ ਚਾਦਰਾਂ ਦੇ ਸੈਂਕੜੇ ਬੰਡਲ ਪਏ ਹਨ। ਸਾਹਮਣੇ ਹੀ ਸਾਈਕਲਾਂ ਦੀ ਕਤਾਰ ਲੱਗੀ ਹੈ। ਇਸ ਇੱਕੋ ਦ੍ਰਿਸ਼ ਰਾਹੀਂ ਜਣੇ ਦੀ ਹੋਣੀ ਜੱਗ ਦੀ ਹੋਣੀ ਦਾ ਵਿਸਤਾਰ ਦਿੰਦਾ ਹੈ। ਰਿਚੀ ਤੋਂ ਪਹਿਲਾਂ ਸੈਂਕੜੇ ਲੋਕ ਆਪਣਾ ਸਾਮਾਨ ਵੇਚ ਕੇ ਸਾਈਕਲ ਖਰੀਦ ਚੁੱਕੇ ਨੇ। ਰਿਚੀ ਦਾ 7-8 ਸਾਲ ਦਾ ਬੇਟਾ (ਬਰੂਨੋ) ਹੈ। ਬਰੂਨੋ ਰਿਚੀ ਨੂੰ ਬਹੁਤ ਪਿਆਰ ਕਰਦਾ ਹੈ। ਸਾਈਕਲ ਨੂੰ ਚੰਗੀ ਤਰ੍ਹਾਂ ਚਮਕਾਉਣ ਤੋਂ ਲੈ ਕੇ ਸਾਈਕਲ ਲੱਭਣ ਤੱਕ ਉਹ ਆਪਣੇ ਬਾਪ ਦੇ ਨਾਲ ਰਹਿੰਦਾ ਹੈ। ਬਰੂਨੋ ਆਪਣੀਆਂ ਬੱਚਿਆਂ ਵਾਲੀਆਂ ਹਰਕਤਾਂ ਨਾਲ ਫ਼ਿਲਮ ਵਿੱਚ ਹਾਸਾ ਭਰਦਾ ਹੈ।
ਰਿਚੀ ਦੀ ਟੁੱਟਦੀ ਹੋਈ ਹਿੰਮਤ ਨੂੰ ਨਿਰਦੇਸ਼ਕ ਨੇ ਬੜੇ ਕਲਾਤਮਕ ਢੰਗ ਨਾਲ ਪੇਸ਼ ਕੀਤਾ ਹੈ। ਨਿਰਾਸ਼ ਰਿਚੀ ਆਖ਼ਰ ਬਰੂਨੋ ਨੂੰ ਲੈ ਕੇ ਉਸੇ ਭਵਿੱਖ ਦੱਸਣ ਵਾਲੀ ਔਰਤ ਕੋਲ ਜਾਂਦਾ ਹੈ, ਜਿਸ ਕੋਲ ਜਾਣ 'ਤੇ ਫ਼ਿਲਮ ਦੇ ਸ਼ੁਰੂ ਵਿੱਚ ਉਹ ਮਾਰੀਆ ਨੂੰ ਡਾਂਟਦਾ ਹੈ। ਨਿਰਾਸ਼ ਰਿਚੀ ਇੱਕ ਸਟੇਡੀਅਮ ਦੇ ਬਾਹਰ ਪਹੁੰਚਦਾ ਹੈ, ਜਿੱਥੇ ਫੁਟਬਾਲ ਦਾ ਮੈਚ ਚੱਲ ਰਿਹਾ ਹੈ। ਉੱਥੇ ਸਾਈਕਲ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ। ਸਾਰੇ ਪਾਸੇ ਉਸ ਨੂੰ ਸਾਈਕਲ ਹੀ ਸਾਈਕਲ ਨਜ਼ਰ ਆ ਰਹੇ ਨੇ। ਸਾਰਾ ਕੁਝ ਉਸ ਦੇ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਹੈ ਅਤੇ ਉਹ ਸਾਈਕਲ ਚੋਰੀ ਕਰਨ ਦਾ ਮਨ ਬਣਾ ਲੈਂਦਾ ਹੈ।
ਫ਼ਿਲਮ ਦਾ ਅੰਤ ਬਹੁਤ ਮਾਰਮਿਕ ਹੈ ਜੋ ਵੇਖਣ ਵਾਲੇ ਨੂੰ ਅੰਦਰ ਤਕ ਝੰਜੋੜ ਕੇ ਰੱਖ ਦਿੰਦਾ ਹੈ। ਟੁੱਟ ਚੁੱਕਿਆ ਰਿਚੀ ਸਾਈਕਲ ਚੋਰੀ ਕਰਨ ਦਾ ਮਨ ਬਣਾਉਣ ਤੋਂ ਬਾਅਦ ਬਰੂਨੋ ਨੂੰ ਘਰ ਜਾਣ ਲਈ ਕਹਿੰਦਾ ਹੈ। ਰਿਚੀ ਸਾਈਕਲ ਚੋਰੀ ਕਰ ਕੇ ਭੱਜਦਾ ਹੈ। ਲੋਕਾਂ ਦੀ ਭੀੜ ਉਸ ਦਾ ਪਿੱਛਾ ਕਰਦੀ ਹੈ ਅਤੇ ਉਸ ਨੂੰ ਫੜ ਲੈਂਦੀ ਹੈ। ਲੋਕ ਬੁਰੀ ਤਰ੍ਹਾਂ ਨਾਲ ਉਸ ਨੂੰ ਮਾਰਦੇ ਨੇ। ਫੁੱਟਬਾਲ ਦੇ ਮੈਦਾਨ ਤੋਂ ਬਾਹਰ ਬਿਨਾ ਪਾਲਾਬੰਦੀ ਅਤੇ ਕਾਇਦੇ-ਕਾਨੂੰਨ ਦੀ ਖੇਡ ਖੇਡਦੇ ਹਨ। ਰਿਚੀ ਉਹ ਗੇਂਦ ਬਣ ਗਿਆ ਜਿਸ ਉਹ ਗੇਂਦ ਬਣ ਗਿਆ ਜਿਸ ਨੂੰ ਮਾਰਨ-ਕੁੱਟਣ ਦੇ ਨਾਲ ਗਾਲਾਂ ਕੱਢੀਆਂ ਜਾ ਸਕਦੀਆਂ ਹਨ। ਬਰੂਨੋ ਇਹ ਸਾਰਾ ਕੁਝ ਦੇਖ ਲੈਂਦਾ ਹੈ ਅਤੇ ਰਿਚੀ ਵੱਲ ਭੱਜਦਾ ਹੈ। ਰਿਚੀ ਕੁੱਟ ਤੋਂ ਬੇਧਿਆਨਾ ਬਰੂਨੋ ਨੂੰ ਆਪਣੇ ਵੱਲ ਆਉਂਦਾ ਹੋਇਆ ਦੇਖਦਾ ਹੈ। ਬਰੂਨੋ ਆ ਕੇ ਆਪਣੇ ਬਾਪ ਦੀਆਂ ਲੱਤਾਂ ਨੂੰ ਚੰਬੜ ਜਾਂਦਾ ਹੈ। ਦਰਦਮੰਦੀ ਮਾਸੂਮ ਬੱਚੇ ਦੇ ਹਵਾਲੇ ਨਾਲ ਬੇਦਰਦੀ ਦੀ ਹਮਲਾਵਰ ਚਾਦਰ ਚਾਕ ਕਰਦੀ ਹੈ। ਸਾਈਕਲ ਦਾ ਮਾਲਕ ਬਰੂਨੋ ਦੀ ਸ਼ਕਲ ਵੇਖ ਕੇ ਪੁਲੀਸ ਵਿੱਚ ਰਿਪੋਰਟ ਦਰਜ ਕਰਵਾਉਣ ਤੋਂ ਇਨਕਾਰ ਕਰ ਦਿੰਦਾ ਹੈ। ਬਾਪ ਜੋ ਬੇਟੇ ਦਾ ਨਾਇਕ ਹੁੰਦਾ ਹੈ, ਹਾਲਾਤ ਦੀ ਮਜਬੂਰੀ ਵਿੱਚ ਬੇਬਸ ਹੋ ਕੇ ਚੋਰ ਬਣ ਜਾਂਦਾ ਹੈ। ਇਸੇ ਹੀ ਆਤਮ ਗਿਲਾਨੀ ਵਿੱਚ ਰਿਚੀ ਭੀੜ 'ਚੋਂ ਬਰੂਨੋ ਦਾ ਹੱਥ ਫੜ ਕੇ ਤੁਰਿਆ ਜਾਂਦਾ ਹੈ।
ਫ਼ਿਲਮ ਵਿੱਚ ਸਾਈਕਲ ਨੂੰ ਗ਼ਰੀਬ ਬੰਦੇ ਦੀ ਖ਼ੁਸ਼ਹਾਲੀ ਦੀ ਉਮੀਦ ਵਜੋਂ ਵਿਖਾਇਆ ਗਿਆ ਹੈ। ਜਿਸ ਸਮੇਂ ਇਹ ਫ਼ਿਲਮ ਬਣੀ ਸੀ ਉਸ ਸਮੇਂ ਇਟਲੀ ਦੇ 25 ਫ਼ੀਸਦੀ ਲੋਕ ਬੇਰੁਜ਼ਗਾਰ ਸਨ। ਫ਼ਿਲਮ ਵਿੱਚ ਸਾਈਕਲ ਦਾ ਗੁਆਚਣਾ ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ 'ਗੋਦਾਨ' ਵਿਚਲੀ ਗਾਂ ਦਾ ਮਰਨਾ ਯਾਦ ਕਰਵਾਉਂਦਾ ਹੈ। ਕਿਸਾਨ ਨੂੰ ਸਾਈਕਲ ਦਾ ਗੁਆਚਣਾ ਖੜ੍ਹੀ ਫ਼ਸਲ ਦੇ ਖ਼ਰਾਬ ਹੋਣ ਦੀ ਯਾਦ ਕਰਾਉਂਦਾ ਹੈ। ਸਾਈਕਲ ਦਾ ਗੁਆਚਣਾ ਮੈਨੂੰ ਇਹ ਯਾਦ ਕਰਾਉਂਦਾ ਹੈ ਕਿ ਮੈਂ ਉਸ ਦਿਨ ਕੀ ਗੁਆ ਲਿਆ ਸੀ, ਜਿਸ ਦਿਨ ਮੇਰੇ ਬਾਪ ਦੀ ਮੌਤ ਹੋਈ ਸੀ।
No comments:
Post a Comment