Thursday, 22 December 2011

ਨਾਬਰੀ ਦੀ ਮਮਤਾਮਈ ਸੁਰ 'ਹਜ਼ਾਰ ਚੌਰਾਸੀ ਕੀ ਮਾਂ'


ਜਤਿੰਦਰ ਮੌਹਰ

ਵੀਹਵੀਂ ਸਦੀ ਦਾ ਛੇਵਾਂ ਤੇ ਸੱਤਵਾਂ ਦਹਾਕਾ ਇਨਕਲਾਬੀ ਜੋਸ਼ ਨਾਲ ਭਰਿਆ ਸਮਾਂ ਸੀ। ਆਲਮੀ ਇਨਕਲਾਬੀ ਲਹਿਰਾਂ ਉਬਾਲ 'ਤੇ ਸਨ। ਇਨਕਲਾਬ ਬਰੂਹਾਂ 'ਤੇ ਜਾਪਦਾ ਸੀ। ਲਾਤੀਨੀ ਅਮਰੀਕਾ ਤੋਂ ਲੈ ਕੇ ਏਸ਼ੀਆ ਤੱਕ ਇਨਕਲਾਬ ਦਾ ਨਾਹਰਾ ਗੂੰਜ ਰਿਹਾ ਸੀ। ਮਾਉ, ਫਿਦਲ ਅਤੇ ਚੀ ਗੁਵੇਰਾ ਇਸ ਦੀ ਪਛਾਣ ਬਣ ਚੁੱਕੇ ਸਨ। ਅਮਰੀਕਾ ਅਤੇ ਯੂਰਪ 'ਚ ਜੰਗ ਅਤੇ ਸਾਮਰਾਜ ਦੇ ਖ਼ਿਲਾਫ਼ ਲੱੱਖਾਂ ਦੇ ਇਕੱਠ ਹੋ ਰਹੇ ਸਨ। ਫ਼ਿਲਸਤੀਨੀ ਮੁੰਡੇ ਜਰਮਨ ਦੇ ਸ਼ਹਿਰੀ ਛਾਪਾਮਾਰਾਂ ਨੂੰ ਛੁਡਵਾਉਣ ਆਉਂਦੇ ਅਤੇ ਮਨੁੱਖੀ ਏਕੇ ਦਾ ਸਬੂਤ ਦਿੰਦੇ ਸਨ। ਮਨੁੱਖਤਾ ਦੀ ਬਰਾਬਰੀ ਦਾ ਸੁਪਨਾ ਲੈ ਕੇ ਅਣਗਿਣਤ ਨਾਬਰ ਮੁੰਡੇ-ਕੁੜੀਆਂ ਜੰਗਲ ਦਾ ਰਾਹ ਫੜ ਰਹੇ ਸਨ।

ਸਾਡੇ ਮੁਲਕ 'ਚ ਕੌਮੀ ਮੁਕਤੀ ਲਹਿਰ ਦਾ ਹੁਸੀਨ ਸੁਪਨਾ ਚਕਨਾਚੂਰ ਹੋ ਚੁੱਕਿਆ ਸੀ। ਕਾਲੇ ਅੰਗਰੇਜ਼ਾਂ ਨੇ ਆਪਣਾ ਰੰਗ ਚਿਰੋਕਣਾ ਦਿਖਾ ਦਿੱਤਾ ਸੀ। ਸੰਨ 1967 ਦੀ 'ਬਸੰਤ ਗੜ੍ਹਕ' ਨੇ ਟੁੱਟੇ ਸੁਪਨਿਆਂ ਨੂੰ ਨਵਾਂ ਰਾਹ ਦਿਖਾ ਦਿੱਤਾ। ਦਰਦਮੰਦੀ ਨਾਲ ਲਬਰੇਜ਼ ਮੁੰਡੇ-ਕੁੜੀਆਂ ਆਵਾਮ ਦੇ ਗਲ ਪਾਈ ਰੱਸੀ ਦਾ ਸਿਰਾ ਲੱਭਣ ਤੁਰ ਪਏ। ਉਹ ਸਾਰੀਆਂ ਪੁਰਾਣੀਆਂ ਧਾਰਨਾਵਾਂ ਉਲਟ ਦੇਣੀਆਂ ਚਾਹੁੰਦੇ ਸਨ ਜੋ ਮਨੁੱਖ ਨੂੰ ਇੱਕ ਹੋਣ ਤੋਂ ਰੋਕਦੀਆਂ ਸਨ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਲਈ ਕਸੂਰਵਾਰ ਸਨ। ਉਹ ਗ਼ਰੀਬੀ, ਜਾਤ-ਪਾਤ, ਪ੍ਰਬੰਧਕੀ-ਸਿਆਸੀ ਹਿੰਸਾ, ਸਫ਼ੇਦਪੋਸ਼ ਕਦਰਾਂ-ਕੀਮਤਾਂ ਅਤੇ ਰੂੜੀਵਾਦੀ ਸਮਾਜ ਨੂੰ ਮਿੱਟੀ 'ਚ ਮਿਲਾ ਦੇਣਾ ਚਾਹੁੰਦੇ ਸਨ। ਉਹ ਤਾਂ ਨਵਾਂ ਆਲਮ ਸਿਰਜਣ ਤੁਰੇ ਸਨ ਜਿੱਥੇ ਮਨੁੱਖ ਨੂੰ ਮਨੁੱਖ ਦੇ ਰੂਪ 'ਚ ਦੇਖਿਆ ਜਾਣਾ ਸੀ। ਉਨ੍ਹਾਂ ਨੂੰ ਬਿਖ਼ੜ੍ਹੇ ਪੈਂਡੇ ਅਤੇ ਆਪਣੀ ਹੋਣੀ ਦਾ ਅਹਿਸਾਸ ਸੀ। ਬਹੁਤ ਕੁਝ ਸੋਚੇ ਮੁਤਾਬਕ ਨਾ ਹੋ ਸਕਿਆ ਪਰ ਨਾਬਰਾਂ ਨੇ ਜ਼ਿੰਦਗੀ ਦੇ ਗੀਤ ਆਪਣੇ ਲਹੂ ਨਾਲ ਸਿੰਜ ਦਿੱਤੇ ਜਿਨ੍ਹਾਂ ਬਾਰੇ ਪਾਸ਼ ਨੇ ਕਿਹਾ ਹੈ ਕਿ ਉਹ ਆਉਂਦੇ ਰਹੇ ਤੇ ਡੋਲਦੇ ਰਹੇ ਮਿੱਟੀ 'ਚ ਲਹੂ ਦੇ ਤੁਬਕੇ। ਇਨ੍ਹਾਂ ਤੁਬਕਿਆਂ ਨਾਲ ਹੀ ਦਰਿਆਵਾਂ ਨੇ ਦਿਸ਼ਾ ਫੜਨੀ ਸੀ।

ਫ਼ਿਲਮ ਹਜ਼ਾਰ ਚੌਰਾਸੀ ਕੀ ਮਾਂ ਅਜਿਹੇ ਹੀ ਨਾਬਰ ਮੁੰਡੇ ਕੁੜੀਆਂ ਦੇ ਸੁਪਨਿਆਂ ਅਤੇ ਹੋਣੀ ਦੀ ਕਹਾਣੀ ਹੈ।ਇਹ ਫ਼ਿਲਮ ਮਹਾਂਸ਼ਵੇਤਾ ਦੇਵੀ ਦੇ ਇਸੇ ਨਾਮ ਵਾਲੇ ਨਾਵਲ 'ਤੇ ਆਧਾਰਤ ਹੈ। ਫ਼ਿਲਮ ਦਾ ਮੁੱਢ ਹਿਲਾ ਦੇਣ ਵਾਲੀਆਂ ਤਸਵੀਰਾਂ ਨਾਲ ਬੱਝਦਾ ਹੈ। ਤਸਵੀਰਾਂ ਲਹਿਰ ਦੇ ਫ਼ਲਸਫ਼ੇ ਅਤੇ ਪੁਲਿਸ ਤਸ਼ੱਦਦ ਨੂੰ ਬਿਆਨ ਕਰਦੀਆਂ ਹਨ। ਇੱਕ ਤਸਵੀਰ 'ਚ ਔਰਤ ਉੱਤੇ ਪੁਲਸੀਏ ਬੰਦੂਕਾਂ ਤਾਣੀ ਖੜ੍ਹੇ ਹਨ। ਔਰਤ ਦਾ ਮੁਹਾਂਦਰਾ ਅਤੇ ਅਦਾ ਸਿੰਧੂ ਘਾਟੀ ਸੱਭਿਅਤਾ ਦੀ ਮਸ਼ਹੂਰ ਮੂਰਤੀ 'ਨਾਚੀ' ਨਾਲ ਮਿਲਦੀ-ਜੁਲਦੀ ਹੈ। ਉਨ੍ਹਾਂ ਸਮਿਆਂ 'ਚ ਔਰਤ ਨੂੰ ਕਾਦਰ ਦੇ ਰੂਪ 'ਚ ਦੇਖਿਆ ਜਾਂਦਾ ਸੀ ਅਤੇ ਔਰਤ-ਪ੍ਰਧਾਨ ਸਮਾਜ ਹੋਣ ਦਾ ਜ਼ਿਕਰ ਮਿਲਦਾ ਹੈ। ਤਸਵੀਰ ਵਾਲੀ ਔਰਤ ਦੇ ਸਿਰ ਕੋਲ ਲਾਲ ਰੰਗ ਦੇ ਹਵਾ 'ਚ ਵੱਟੇ ਮੁੱਕੇ ਦਿਖਾਈ ਦਿੰਦੇ ਹਨ। ਤਸਵੀਰ ਨੂੰ ਦੇਖ ਕੇ ਹਿੰਦੀ ਕਵੀ ਗੋਰਖ ਪਾਂਡੇ ਦੀ ਕਵਿਤਾ ਚੇਤੇ ਆਉਂਦੀ ਹੈ,
ਸਦੀਆਂ ਪੁਰਾਣਾ ਹੈ ਉਨ੍ਹਾਂ ਦਾ ਗੁੱਸਾ
ਸਦੀਆਂ ਪੁਰਾਣੀ ਹੈ ਉਨ੍ਹਾਂ ਦੀ ਨਫ਼ਰਤ
ਮੈਂ ਤਾਂ ਉਨ੍ਹਾਂ ਦੇ ਸ਼ਬਦਾਂ ਨੂੰ ਲੈਅ ਅਤੇ ਤਾਲ ਵਿੱਚ ਸੁਣਾ ਰਿਹਾ ਹਾਂ
ਤੁਹਾਨੂੰ ਲਗਦਾ ਹੈ ਕਿ ਅੱਗ ਭੜਕਾ ਰਿਹਾ ਹਾਂ।

ਇਨ੍ਹਾਂ ਬੰਦੂਕਾਂ ਨੇ ਕਾਦਰ ਦੇ ਔਰਤ ਰੂਪ ਨੂੰ ਪੈਰ ਦੀ ਜੁੱਤੀ ਬਣਾਇਆ। ਸਿਆਸਤ ਨੂੰ ਮਾਂ ਵਰਗੀ ਨਾ ਰਹਿਣ ਦਿੱਤਾ। ਮਹਾਂਬਲੀ ਮਨੁੱਖ ਦੇ ਸਿਰ 'ਚੋਂ ਨਾਬਰੀ ਦਾ ਕਣ ਕੱਢਣ ਲਈ ਬੰਦੂਕਾਂ ਤੋਂ ਲੈ ਕੇ ਗ੍ਰੰਥਾਂ ਤੱਕ ਨੂੰ ਪਲੀਤ ਕੀਤਾ। ਤਸਵੀਰ ਵਿਚਲੀ ਔਰਤ ਕਦੇ ਨਾਬਰ ਕੁੜੀ ਨੰਦਨੀ (ਨੰਦਿਤਾ ਦਾਸ), ਕਦੇ ਸੁਜਾਤਾ ਚੈਟਰਜੀ (ਜਯਾ ਬੱਚਨ) ਅਤੇ ਕਦੇ ਪੁਲਿਸ ਅਤੇ ਗੁੰਡਿਆਂ ਹੱਥੋਂ ਮਾਰੇ ਗਏ ਸੋਮੂ ਮੰਡਲ ਦੀ ਮਾਂ ਅਤੇ ਭੈਣ ਦੇ ਰੂਪ 'ਚ ਦਿਸਣ ਲੱਗਦੀ ਹੈ। ਕਦੇ ਉਹ ਜ਼ੂਜ਼ੂ ਏਂਜਲ ਲਗਦੀ ਹੈ ਜੋ ਬਾ੍ਰਜ਼ੀਲ 'ਚ ਫ਼ੌਜੀ ਤਾਨਾਸ਼ਾਹੀ ਹੱਥੋਂ ਮਾਰੇ ਗਏ ਆਪਣੇ ਮੁੰਡੇ ਸਟੂਅਰਟ ਏਂਜਲ ਨੂੰ ਖੋਜਦੀ ਹੋਈ ਹਕੂਮਤੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਸੁਜਾਤਾ ਦਾ ਮੁੰਡਾ ਬ੍ਰਤੀ ਚੈਟਰਜੀ ਲਾਲ ਰੰਗ ਦੇ ਮੁੱਕਿਆਂ 'ਚੋਂ ਦਿਸਦਾ ਹੈ ਜਿਸ ਨੂੰ ਸੋਮੂ ਮੰਡਲ ਅਤੇ ਦੋ ਹੋਰ ਸਾਥੀਆਂ ਸਣੇ ਮਾਰ ਦਿੱਤਾ ਗਿਆ ਸੀ। ਉਹ ਸਟੂਅਰਟ ਏਂਜਲ ਦੀ ਕਤਾਰ 'ਚ ਖੜਾ ਨਜ਼ਰ ਆਉਂਦਾ ਹੈ। ਫ਼ਿਲਮ ਉਨ੍ਹਾਂ ਮਾਵਾਂ ਦੀ ਲੰਬੀ ਲੜੀ ਦੀਆਂ ਕੜੀਆਂ ਨੂੰ ਉਘਾੜ ਕੇ ਪੇਸ਼ ਕਰਦੀ ਹੈ ਜਿਨ੍ਹਾਂ ਦੇ ਗੱਭਰੂ ਪੁੱਤ ਅਤੇ ਧੀਆਂ ਮਨੁੱਖ ਦੀ ਕੁਜਾਤ ਨੇ ਨਿਗਲ ਲਏ। ਕਸ਼ਮੀਰ 'ਚ ਮਾਰ-ਖਪਾਏ ਗਏ ਗੱਭਰੂਆਂ ਦੀਆਂ ਮਾਵਾਂ ਨੇ ਜੱਥੇਬੰਦੀ ਬਣਾਈ ਹੈ ਜੋ ਪੁੱਤਾਂ ਦੀ ਖ਼ੋਜ ਖ਼ਬਰ ਲੱਭਣ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ। ਕਠਮਾਂਡੂ ਤੋਂ ਛਪਦੇ ਰਸਾਲੇ 'ਹਮਾਲ' ਵਿੱਚ ਸ਼੍ਰੀਨਗਰ ਦੇ ਪੱਤਰਕਾਰ ਅਰਸ਼ਦ ਪੀਰਜ਼ਾਦਾ ਨੇ ਕਸ਼ਮੀਰ 'ਚ ਅਣਪਛਾਤੀਆਂ ਲਾਸ਼ਾਂ ਨੂੰ ਦਫਨਾਉਣ ਲਈ ਵਰਤੇ ਗਏ ਕਬਰਸਤਾਨਾਂ ਦੀ ਲੰਬੀ ਤਫ਼ਸੀਲ ਪੇਸ਼ ਕੀਤੀ ਹੈ। 'ਗੰਦੀ ਜੰਗ' (ਸੰਨ 1976-83) ਦੇ ਕਾਲੇ ਦੌਰ 'ਚ ਹਜ਼ਾਰਾਂ ਅਰਜਨਟੀਨੀ ਮੁੰਡੇ-ਕੁੜੀਆਂ ਮਾਰ-ਖਪਾ ਦਿੱਤੇ ਗਏ। ਕੁਝ ਮਹੀਨੇ ਪਹਿਲਾਂ 'ਗੰਦੀ ਜੰਗ' ਦੇ ਬਦਨਾਮ ਬੁੱਚੜ ਅਲਫਰੈਡੋ ਅਸਤਿਜ਼ (ਉਰਫ 'ਮੌਤ ਦਾ ਫ਼ਰਿਸ਼ਤਾ') ਨੂੰ 'ਮਨੁੱਖਤਾ ਖ਼ਿਲਾਫ਼ ਜੁਰਮ' ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। 'ਗੰਦੀ ਜੰਗ' ਦੇ ਭਿਆਨਕ ਸਮਿਆਂ 'ਚ ਫ਼ੌਜੀ ਦਹਿਸ਼ਤ ਹੇਠ ਪੱਤਾ ਨਹੀਂ ਹਿਲਦਾ ਸੀ। ਉਸ ਮਾਤਮੀ ਚੁੱਪ ਨੂੰ ਤੋੜਨ ਲਈ ਅਰਜਨਟੀਨੀ ਬੀਬੀਆਂ ਮੈਦਾਨ ਵਿੱਚ ਉੱਤਰੀਆਂ।

ਤੀਹ ਅਪਰੈਲ ਸੰਨ 1977 ਨੂੰ ਚੌਦਾਂ ਬੀਬੀਆਂ ਨੇ ਰਾਜਧਾਨੀ ਬਿਊਨਸ ਏਅਰਜ਼ ਦੀ 'ਪਲਾਜ਼ਾ ਦੇ ਮਾਉ' ਨਾਮ ਦੀ ਥਾਂ 'ਤੇ ਪਹਿਲਾ ਮੁਜ਼ਹਰਾ ਕੀਤਾ। ਇਹ ਮੁਜ਼ਾਹਰਾ ਮੁਲਕ ਦੀਆਂ ਉੱਚ ਸਰਕਾਰੀ ਇਮਾਰਤਾਂ ਦੇ ਸਾਹਮਣੇ ਕੀਤਾ ਗਿਆ ਜਿੱਥੇ ਗੁੰਮ ਹੋਏ ਜੀਆਂ ਦੀਆਂ ਮਾਵਾਂ, ਦਾਦੀਆਂ ਅਤੇ ਨਾਨੀਆਂ ਪਹਿਲੀ ਵਾਰ ਇਕੱਠੀਆਂ ਹੋਈਆਂ ਸਨ। 'ਪਲਾਜ਼ਾ ਦੇ ਮਾਉ' ਦੇ ਨਾਂ 'ਤੇ ਜਥੇਬੰਦੀ ਦਾ ਨਾਮ 'ਦਿ ਮਦਰਜ਼ ਔਫ ਦਿ ਪਲਾਜ਼ਾ ਦੇ ਮਾਉ' ਰੱਖਿਆ ਗਿਆ। ਜਥੇਬੰਦੀ 'ਚ ਬੀਬੀਆਂ ਦੀ ਸ਼ਮੂਲੀਅਤ ਵਧਦੀ ਗਈ ਅਤੇ ਉਹ ਲਗਾਤਾਰ ਦਸ ਸਾਲ ਹਰ ਵੀਰਵਾਰ 'ਪਲਾਜ਼ਾ ਦੇ ਮਾਉ' ਵਿਖੇ ਇਕੱਠੀਆਂ ਹੋ ਕੇ ਰੋਸ ਮੁਜ਼ਾਹਰਾ ਕਰਦੀਆਂ ਰਹੀਆਂ। ਇਸ ਲਹਿਰ ਨੂੰ 'ਮਾਵਾਂ ਦੀ ਲਹਿਰ' ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ। ਅਲਫਰੈਡੋ ਆਸਤਿਜ਼ ਨੇ ਜਥੇਬੰਦੀ ਦੀਆਂ ਤਿੰਨ ਬਾਨੀ ਬੀਬੀਆਂ ਨੂੰ ਅਗਵਾ ਕਰਕੇ ਮਾਰ ਦਿੱਤਾ ਸੀ। ਚੌਦਾਂ ਹੋਰ ਬੀਬੀਆਂ ਨੂੰ ਮਾਰਿਆ ਗਿਆ ਪਰ ਮਾਵਾਂ ਨੇ ਹਾਰ ਨਹੀਂ ਮੰਨੀ। ਬੁੱਚੜ ਆਸਤਿਜ਼ ਨੇ ਆਪਣੇ ਬਚਾਅ ਵਿੱਚ ਕਿਹਾ ਕਿ ਉਸਨੇ ਇਹ ਸਭ ਮੁਲਕ ਨੂੰ 'ਖੱਬੇ ਪੱਖੀ ਅਤਿਵਾਦ' ਤੋਂ ਬਚਾਉਣ ਲਈ ਕੀਤਾ ਅਤੇ ਉਸ ਦੇ ਖ਼ਿਲਾਫ਼ ਸੁਣਾਏ ਗਏ ਫ਼ੈਸਲੇ ਉੱਤੇ ਸਿਆਸੀ ਬਦਲਾਖ਼ੋਰੀ ਅਸਰਅੰਦਾਜ਼ ਹੈ। ਜਥੇਬੰਦੀ ਮੁਤਾਬਕ ਅੱਠ ਸਾਲਾਂ 'ਚ ਤੀਹ ਹਜ਼ਾਰ ਤੋਂ ਵੱਧ ਵਿਦਿਆਰਥੀ, ਮਜ਼ਦੂਰ ਆਗੂ, ਬੁੱਧੀਜੀਵੀ ਅਤੇ ਖੱਬੇ ਪੱਖੀਆਂ ਨੂੰ ਖ਼ੁਫ਼ੀਆ ਜੇਲ੍ਹਾਂ ਅਤੇ ਬੁੱਚੜਖਾਨਿਆਂ 'ਚ ਮਾਰ-ਖਪਾ ਦਿੱਤਾ ਗਿਆ। ਨੋਬਲ ਇਨਾਮ ਜੇਤੂ ਅਡੋਲਫੋ ਪੇਰੇਜ਼ ਐਸਕੁਈਵਲ ਦੇ ਮਸ਼ਹੂਰ ਚਿੱਤਰ 'ਚ ਹਥਿਆਰਬੰਦ ਅਰਜਨਟੀਨੀ ਫ਼ੌਜੀ ਈਸਾ ਮਸੀਹ ਦੇ ਰਾਖੇ ਬਣੇ ਖੜੇ ਹਨ। 'ਪਲਾਜ਼ਾ ਵਾਲੀ ਮਾਂ' ਹੱਥ 'ਚ ਫੜੀ ਤਖ਼ਤੀ ਈਸਾ ਮਸੀਹ ਨੂੰ ਦਿਖਾ ਰਹੀ ਹੈ ਜਿਸ ਉੱਤੇ ਲਿਖਿਆ ਹੈ, "ਮੇਰਾ ਪੁੱਤ ਕਿੱਥੇ ਹੈ?" ਤਾਨਾਸ਼ਾਹੀ ਦੇ ਖਾਤਮੇ ਤੋਂ ਬਾਅਦ ਸੰਨ 1984 'ਚ ਫ਼ੌਜੀ ਸਰਕਾਰ ਦੇ ਸਾਬਕਾ ਮੁਖੀ ਵਿਡੈਲਾ ਨੂੰ ਜੇਲ੍ਹ 'ਚ ਡੱਕ ਦਿੱਤਾ ਗਿਆ। ਉਹ ਫ਼ੌਜੀ ਸੱਤਾ ਵੇਲੇ ਕਹਿੰਦਾ ਹੁੰਦਾ ਸੀ, "ਰਾਜ ਦੀ ਰਾਖੀ ਲਈ ਸਾਰੇ ਨਾਬਰ ਬੰਦਿਆਂ ਨੂੰ ਮਾਰਨਾ ਪਵੇਗਾ"। ਸੰਨ 1986 'ਚ ਸਰਕਾਰ ਨੇ ਕਾਤਲਾਂ ਨੂੰ ਰਿਆਇਤ ਦੇਣ ਦਾ ਐਲਾਨ ਕੀਤਾ ਤਾਂ ਮਾਵਾਂ ਨੇ ਸੰਸਦ 'ਚ ਕਾਨੂੰਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪਰਚੇ ਸੁੱਟੇ। 'ਮਾਵਾਂ ਦੀ ਲਹਿਰ' ਨੇ ਅਰਜਨਟੀਨਾ ਅਤੇ ਲਾਤੀਨੀ ਅਮਰੀਕਾ 'ਚ ਨਾਰੀਵਾਦੀ ਲਹਿਰਾਂ ਨੂੰ ਨਵਾਂ ਰਾਹ ਦਿਖਾਇਆ। ਇਸ ਲਹਿਰ ਨੇ ਲਾਤੀਨੀ ਘਰੇਲੂ ਔਰਤਾਂ ਨੂੰ ਸਮਾਜਿਕ ਅਤੇ ਸਿਆਸੀ ਲਹਿਰਾਂ ਦਾ ਹਿੱਸਾ ਬਣਾਇਆ। ਜਥੇਬੰਦੀ ਨੇ ਆਲਮੀ ਪੱਧਰ 'ਤੇ ਸਾਮਰਾਜੀ ਜੰਗਬਾਜ਼ਾਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਆਪਣੇ ਬੱਚਿਆਂ ਦੇ ਕਾਜ ਨੂੰ ਅੱਗੇ ਵਧਾਉਣ ਦਾ ਪ੍ਰਣ ਲਿਆ। ਉਹ ਸਮਾਂ ਸਰਕਾਰੀ ਜਬਰ ਦੀ ਕੁਸੈਲੀ ਯਾਦ ਤਾਜ਼ਾ ਹੋਣ ਦਾ ਸਬੱਬ ਬਣਦਾ ਹੈ ਪਰ ਨਾਲ ਹੀ ਲੋਕ-ਸਮੱਸਿਆਂਵਾਂ ਦੇ ਸਾਂਝੇ ਹੱਲ ਦਾ ਰੌਸ਼ਨ ਰਾਹ ਵੀ ਦਿਖਾਉਂਦਾ ਹੈ। ਸਮੇਂ ਸਮੇਂ ਹੋਈਆਂ ਮਾਵਾਂ ਦੀਆਂ ਆਪਸੀ ਬਹਿਸਾਂ ਨੂੰ ਬਕਾਇਦਾ ਦਰਜ ਕਰਕੇ ਰੱਖਿਆ ਗਿਆ ਹੈ ਅਤੇ ਲਹਿਰ ਨਾਲ ਜੁੜੇ ਦਸਤਾਵੇਜ਼ ਸੰਭਾਲੇ ਗਏ ਹਨ। ਜਦੋਂ ਵੈਂਜੂਏਲਾ ਦੇ ਰਾਸ਼ਟਰਪਤੀ ਹੂਗੋ ਸਾਵੇਜ਼, ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਲੂਲਾ ਡਾ ਸਿਲਵਾ ਅਤੇ ਹੋਰ ਸਿਆਣੇ ਮਾਵਾਂ ਨੂੰ ਮਿਲਣ ਆਉਂਦੇ ਰਹਿੰਦੇ ਹਨ ਤਾਂ ਲਾਤੀਨੀਆਂ ਦੇ ਝੱਲੇ ਕਹਿਰ ਦੀ ਸਾਂਝੀ ਤੰਦ ਉਭਰ ਕੇ ਸਾਹਮਣੇ ਆਉਂਦੀ ਹੈ ਅਤੇ ਭਵਿੱਖ ਵੱਲ ਵਧਦੇ ਸਾਂਝੇ ਕਦਮਾਂ ਦੀ ਨਿਸ਼ਾਨਦੇਹੀ ਹੁੰਦੀ ਹੈ।


ਇਨ੍ਹਾਂ ਮਾਵਾਂ ਦੀ ਕੜੀ 'ਚ ਕੋਰੀਅਨ ਮਾਵਾਂ ਦਾ ਜ਼ਿਕਰ ਕਰਨਾ ਬਣਦਾ ਹੈ। ਦੂਜੀ ਆਲਮੀ ਜੰਗ 'ਚ ਜਪਾਨੀ ਫ਼ੌਜੀਆਂ ਨੇ ਕੋਰੀਅਨ ਔਰਤਾਂ ਨਾਲ ਸਮੂਹਕ ਬਾਲਾਤਕਾਰ ਕੀਤੇ। ਇਨ੍ਹਾਂ ਔਰਤਾਂ ਨੂੰ ਜਿਨਸੀ ਗ਼ੁਲਾਮ ਬਣਾਕੇ ਲਈ ਰੱਖਿਆ ਜਾਂਦਾ ਸੀ। ਜਪਾਨੀਆਂ ਨੇ ਇਨ੍ਹਾਂ ਨੂੰ 'ਕੰਫ਼ਰਟ ਵਿਮੈਨ' ਦਾ ਨਾਮ ਦਿੱਤਾ। ਉਸ ਸਾਕੇ 'ਚੋਂ ਬਚੀਆਂ ਔਰਤਾਂ ਹਰ ਹਫ਼ਤੇ ਸਿਉਲ (ਦੱਖਣੀ ਕੋਰੀਆ) ਵਿਚਲੇ ਜਪਾਨੀ ਸਫ਼ਾਰਤਖਾਨੇ ਅੱਗੇ ਮੁਜ਼ਾਹਰਾ ਕਰਦੀਆਂ ਹਨ। ਪਿਛਲੇ ਦਿਨਾਂ 'ਚ ਹਜ਼ਾਰਵੀਂ ਰੈਲੀ ਮੌਕੇ ਅੱਸੀ-ਨੱਬੇ ਸਾਲਾਂ ਨੂੰ ਢੁੱਕੀਆਂ ਇਨ੍ਹਾਂ ਬੀਬੀਆਂ ਨੇ 'ਕੰਫ਼ਰਟ ਵਿਮੈਨ' ਦਾ ਬੁੱਤ ਜਪਾਨੀ ਸਫ਼ਾਰਤਖਾਨੇ ਦੇ ਮੂਹਰੇ ਲਾ ਦਿੱਤਾ। ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਦਾ ਕਹਿਣਾ ਸੀ ਕਿ ਇਨ੍ਹਾਂ ਬੀਬੀਆਂ ਦੀ ਸਿਦਕਦਿਲੀ ਮੂਹਰੇ ਅਸੀਂ ਬੇਵੱਸ ਹਾਂ। ਅਸੀਂ ਬੁੱਤ ਨਹੀਂ ਹਟਵਾ ਸਕਦੇ। ਬ੍ਰਤੀ ਦੀ ਮਾਂ, ਜ਼ੂਜ਼ੂ ਏਂਜਲ, ਲਾਤੀਨੀ ਅਤੇ ਕਸ਼ਮੀਰੀ ਮਾਵਾਂ ਆਪਣੇ ਪੁੱਤਾਂ ਨੂੰ ਲੱਭਣ ਤੋਂ ਲੈ ਕੇ ਕਸੂਰਵਾਰਾਂ ਨੂੰ ਸਜ਼ਾ ਦਿਵਾਉਣ ਤੱਕ ਸਿਦਕਦਿਲੀ ਬਰਕਰਾਰ ਰੱਖਦੀਆਂ ਹਨ।

ਬ੍ਰਤੀ ਅਤੇ ਸਾਥੀਆਂ ਦੀਆਂ ਲਾਸ਼ਾਂ ਕਾਂਤਾਕੁਕਰ ਨਾਂ ਦੀ ਥਾਂ 'ਤੇ ਰੱਖੀਆਂ ਜਾਂਦੀਆਂ ਹਨ ਜਿੱਥੇ ਸੁਜਾਤਾ ਨੂੰ ਲਾਸ਼ ਦੀ ਪਛਾਣ ਲਈ ਬੁਲਾਇਆ ਜਾਂਦਾ ਹੈ। ਕਾਂਤਾਕੁਕਰ ਦੇ ਨਾਮ ਤੋਂ ਪੰਜਾਬੀ ਬੰਦੇ ਨੂੰ ਲੱਧਾ-ਕੋਠੀ ਵਰਗੇ ਕਈ ਬੁੱਚੜਖਾਨਿਆਂ ਦਾ ਚੇਤਾ ਆਉਂਦਾ ਹੈ। ਅਣਪਛਾਤੀਆਂ ਲਾਸ਼ਾਂ ਕਰਾਰ ਦੇ ਕੇ ਸਮਸ਼ਾਨਘਾਟਾਂ 'ਚ ਜਾਲੇ ਗਏ ਮੁੰਡੇ ਯਾਦ ਆਉਂਦੇ ਹਨ ਅਤੇ ਪੱਚੀ ਹਜ਼ਾਰ ਇੱਕਵੀਂ ਲਾਸ਼ ਬਣਿਆ ਜਸਵੰਤ ਸਿੰਘ ਖਾਲੜਾ ਅੱਖਾਂ ਸਾਹਮਣੇ ਖੜਾ ਹੋ ਜਾਂਦਾ ਹੈ। ਜਿਨ੍ਹਾਂ ਦੇ ਕਸੂਰਵਾਰਾਂ ਨੂੰ ਸਜ਼ਾ ਦਿਵਾਉਣ ਦੀ ਲੜਾਈ ਅਜੇ ਵੀ ਜਾਰੀ ਹੈ। ਇਹ ਲੜਾਈ ਫ਼ਿਲਮ ਦੇ ਪਿਛਲੇ ਅੱਧ ਦਾ ਹਿੱਸਾ ਹੈ। ਬ੍ਰਤੀ ਅਤੇ ਉਸਦੇ ਸਾਥੀਆਂ ਨੂੰ ਪੁਲਸ ਅਤੇ ਗੁੰਡਿਆਂ ਵੱਲੋਂ ਬਸਤੀ 'ਚ ਘੇਰ ਕੇ ਕਤਲ ਕਰਨ ਵਾਲਾ ਦ੍ਰਿਸ਼ ਉਨ੍ਹਾਂ ਕਤਲੇਆਮ ਦਾ ਚੇਤਾ ਦਿਵਾਉਂਦਾ ਹੈ ਜਦੋਂ ਕਲਕੱਤੇ ਦੀਆਂ ਬਸਤੀਆਂ 'ਚ ਸੈਂਕੜੇ ਇਨਕਲਾਬਪਸੰਦਾਂ ਅਤੇ ਹਮਦਰਦਾਂ ਨੂੰ ਘੇਰ ਕੇ ਮਾਰਿਆ ਗਿਆ ਸੀ। ਬ੍ਰਤੀ ਵਰਗਿਆਂ ਨੂੰ ਜ਼ਰਾਇਮ-ਪੇਸ਼ਾ ਅਤੇ ਸਿਰਫ਼ਿਰੇ ਕਰਾਰ ਦਿੱਤਾ ਗਿਆ ਜੋ ਮਨੁੱਖਤਾ ਦੇ ਗਲ ਪਏ ਸੰਗਲਾਂ ਦਾ ਜੂੜ ਵੱਢਣ ਤੁਰੇ ਸਨ। ਪਿਛਲੇ ਦਿਨਾਂ 'ਚ ਮੱਧ ਅਮਰੀਕੀ ਮੁਲਕ ਅਲ ਸਲਵਾਡੋਰ ਦੀ ਸਰਕਾਰ ਨੇ ਮੁਲਕਵਾਸੀਆਂ ਤੋਂ ਅਲ ਮੋਜ਼ੋਟੇ ਕਤਲੇਆਮ ਲਈ ਮੁਆਫ਼ੀ ਮੰਗੀ ਹੈ। ਸੰਨ 1981 'ਚ ਅਲ ਮੋਜ਼ੋਟੇ ਨਾਂ ਦੇ ਛੋਟੇ ਜਿਹੇ ਪਿੰਡ ਵਿੱਚ ਫ਼ੌਜੀਆਂ ਨੇ ਹਜ਼ਾਰ ਤੋਂ ਵੱਧ ਜੀਆਂ ਨੂੰ ਕਤਾਰ 'ਚ ਖੜ੍ਹਾ ਕੇ ਗੋਲੀ ਮਾਰ ਦਿੱਤੀ ਸੀ। ਮਰਨ ਵਾਲਿਆਂ 'ਚ ਅੱਧੇ ਤੋਂ ਵੱਧ ਬੱਚੇ ਸਨ। ਬਾਕੀਆਂ 'ਚ ਵਧੇਰੇ ਔਰਤਾਂ ਅਤੇ ਬਜ਼ੁਰਗ ਸਨ। ਇਨ੍ਹਾਂ ਲੋਕਾਂ ਉੱਤੇ ਖੱਬੇ ਪੱਖੀ ਛਾਪਾਮਾਰਾਂ ਨਾਲ ਹਮਦਰਦੀ ਰੱਖਣ ਦਾ ਦੋਸ਼ ਸੀ। ਕਾਤਲ ਫ਼ੌਜੀਆਂ ਨੂੰ ਸਿਖ਼ਲਾਈ ਅਮਰੀਕੀ ਫ਼ੌਜ ਨੇ ਦਿੱਤੀ ਸੀ। ਸ਼ੁਰੂ 'ਚ ਤਾਂ ਅਮਰੀਕੀ ਸਰਕਾਰ ਇਸ ਕਤਲੇਆਮ ਤੋਂ ਮੁੱਕਰ ਗਈ ਸੀ, ਮੁਕਾਮੀ ਇਨਕਲਾਬੀ ਛਾਪਾਮਾਰਾਂ ਨੇ ਦੋ ਅਮਰੀਕੀ ਪੱਤਰਕਾਰਾਂ ਨੂੰ ਤ੍ਰਾਸਦੀ ਵਾਲੀ ਥਾਂ ਦਿਖਾਈ। ਉਨ੍ਹਾਂ ਪੱਤਰਕਾਰਾਂ ਨੇ ਖ਼ਬਰ ਆਲਮੀ ਪੱਧਰ ਉੱਤੇ ਨਸ਼ਰ ਕੀਤੀ। ਅਲ ਸਲਵਾਡੋਰ ਦੇ ਮੌਜੂਦਾ ਵਿਦੇਸ਼ ਮੰਤਰੀ ਹਿਊਗੋ ਮਾਰਟਿਜ਼ ਨੇ ਉਸ ਭਿਆਨਕ ਤ੍ਰਾਸਦੀ ਦੀ ਤੀਹਵੀਂ ਬਰਸੀ ਮੌਕੇ ਕਿਹਾ, "ਮੈ ਇਸ ਮੌਕੇ ਅਲ ਸਲਵਾਡੋਰ ਦੀ ਸਰਕਾਰ ਵੱਲੋਂ ਦੁਬਾਰਾ ਹਜ਼ਾਰਾਂ ਬੇਕਸੂਰ ਪੀੜਤਾਂ ਤੋਂ ਅੰਨ੍ਹੀ ਸਰਕਾਰੀ ਹਿੰਸਾ ਲਈ ਮੁਆਫ਼ੀ ਮੰਗਦਾ ਹਾਂ, ਖ਼ਾਸ ਕਰਕੇ ਅਲ ਮੋਜ਼ੋਟੇ ਦੇ ਪੀੜਤਾਂ ਤੋਂ।"ਇੰਡੋਨੇਸ਼ੀਆ 'ਚ ਸੁਹਾਰਤੋ ਦੀ ਤਾਨਾਸ਼ਾਹੀ ਸਮੇਂ ਦਸ ਲੱਖ ਤੋਂ ਵੱਧ ਕੀਮਤੀ ਜਾਨਾਂ ਨੂੰ ਕਮਿਉਨਿਸਟ ਹੋਣ ਦਾ ਬਿੱਲਾ ਲਾ ਕੇ ਮੌਤ ਦੇ ਘਾਟ ਉਤਾਰਿਆ ਗਿਆ। ਇੱਥੇ ਵੀ ਪੱਛਮੀ ਮੁਲਕ ਸੁਹਾਰਤੋ ਦੀ ਪਿੱਠ 'ਤੇ ਸਨ। 'ਠੰਢੀ ਜੰਗ' ਦੇ ਦਿਨਾਂ 'ਚ ਪੱਛਮੀ ਮੁਲਕਾਂ ਨੇ ਇਸ ਕਤਲੇਆਮ ਨੂੰ ਕਮਿਉਨਿਜ਼ਮ ਦੇ ਖ਼ਿਲਾਫ਼ ਜਿੱਤ ਦੇ ਤੌਰ 'ਤੇ ਪ੍ਰਚਾਰਿਆ ਸੀ। ਇੰਡੋਨੇਸ਼ੀਆ ਦੇ ਇਤਿਹਾਸ ਦੀਆਂ ਕਿਤਾਬਾਂ 'ਚ ਇਨ੍ਹਾਂ ਭਿਆਨਕ ਕਤਲਾਂ ਦਾ ਕੋਈ ਜ਼ਿਕਰ ਨਹੀਂ ਮਿਲਦਾ। ਤ੍ਰਾਸਦੀ ਨੂੰ 'ਦੇਸ਼ਭਗਤੀ ਦੀ ਲਹਿਰ' ਵਜੋਂ ਸਲਾਹਿਆ ਜਾਂਦਾ ਹੈ। ਪਿੱਛੇ ਜਿਹੇ ਉਨ੍ਹਾਂ ਹਾਦਸਿਆਂ ਨੂੰ ਸਿਲੇਬਸ 'ਚ ਸ਼ਾਮਲ ਕੀਤਾ ਗਿਆ ਸੀ। ਫ਼ੌਜ ਅਤੇ ਬੁਨਿਆਦਪ੍ਰਸਤਾਂ ਦੇ ਵਿਰੋਧ ਕਾਰਨ ਨਵੀਆਂ ਕਿਤਾਬਾਂ ਨੂੰ ਫ਼ੂਕ ਦਿੱਤਾ ਗਿਆ। ਉਸ ਕਤਲੇਆਮ ਦੇ ਸਰਪ੍ਰਸਤਾਂ 'ਚੋਂ ਬਦਨਾਮ 'ਸਾਲਿਮ' ਨਾਂ ਦੇ ਵਪਾਰਕ ਘਰਾਣੇ ਨੂੰ ਬੰਗਾਲ ਦੀ ਸਰਕਾਰ ਨੇ ਨੰਦੀਗ੍ਰਾਮ 'ਚ 'ਖ਼ਾਸ ਵਿੱਤੀ ਖੇਤਰ' ਬਣਾਉਣ ਲਈ ਸੱਦਾ ਦਿੱਤਾ ਸੀ। ਨੰਦੀਗ੍ਰਾਮ ਦੇ ਸੰਘਰਸ਼ ਬਾਬਤ ਅਸੀਂ ਸਾਰੇ ਜਾਣਦੇ ਹਾਂ ਜਿੱਥੇ ਬੰਗਾਲ ਦੀ ਸਰਕਾਰ ਨੇ 'ਸਾਲਿਮ' ਘਰਾਣੇ ਦੀ ਵਿਰਾਸਤ ਨੂੰ 'ਚਾਰ ਚੰਦ' ਲਾਉਂਦਿਆਂ ਸ਼ਰੇਆਮ ਕਿਸਾਨਾਂ ਦਾ ਕਤਲੇਆਮ ਕੀਤਾ।

ਫ਼ੌਜੀ ਤਾਨਾਸ਼ਾਹਾਂ, ਸਾਮਰਾਜੀਆਂ ਅਤੇ ਉਨ੍ਹਾਂ ਦੀਆਂ ਥੋਪੀਆਂ 'ਲੋਕਰਾਜੀ ਸਰਕਾਰਾਂ' ਦਾ ਜ਼ੁਲਮ ਆਲਮ ਨੇ ਪਿੰਡੇ 'ਤੇ ਹੰਢਾਇਆ ਹੈ। ਇਨ੍ਹਾਂ ਜ਼ਾਲਮਾਂ ਦੇ ਖ਼ਾਸੇ ਦੀ ਸਾਂਝ ਸਮਾਜਵਾਦ-ਵਿਰੋਧੀ ਹੋਣ ਨਾਲ ਜੁੜੀ ਹੋਈ ਹੈ।ਇਨ੍ਹਾਂ ਜ਼ਾਲਮਾਂ ਬਾਰੇ ਮਸ਼ਹੂਰ ਰੌਕ ਗਾਇਕ ਜੌਹਨ ਲੈਨਨ ਕਹਿੰਦਾ ਹੈ,'ਇਨ੍ਹਾਂ ਹਰਾਮੀਆਂ ਦੀ ਨਸਲ ਇੱਕ ਹੈ ਜੋ ਥਾਂ ਪਰ ਥਾਂ ਮਨੁੱਖਤਾ ਦੇ ਕਤਲੇਆਮ ਲਈ ਬੰਦੂਕਾਂ ਚੁੱਕੀ ਭੱਜੇ ਫਿਰਦੇ ਹਨ।'

ਬ੍ਰਤੀ ਵਰਗੇ ਨੌਜਵਾਨਾਂ ਦੀ ਕਵਿਤਾ ਵੀ ਜੁਰਮ ਸਮਝ ਕੇ ਪੁਲਿਸ ਹਿਰਾਸਤ 'ਚ ਰੱਖੀ ਗਈ। ਉਨ੍ਹਾਂ ਭਿਆਨਕ ਸਮਿਆਂ 'ਚ ਬੰਦੇ ਦੀ ਪਛਾਣ ਦੇ ਮਾਅਨੇ ਗੁੰਮ ਹੋ ਗਏ ਅਤੇ ਉਨ੍ਹਾਂ ਨੂੰ ਲਾਸ਼ ਦੇ ਹਿੰਦਸੇ ਨਾਲ ਹੀ ਜਾਣਿਆ ਜਾਣ ਲੱਗਾ। ਉਸੇ ਕੜੀ 'ਚ ਬ੍ਰਤੀ ਚੈਟਰਜੀ ਦੇ ਹਿੱਸੇ ਹਜ਼ਾਰ ਚੁਰਾਸੀ ਦਾ ਹਿੰਦਸਾ ਆਇਆ। ਸੁਜਾਤਾ ਚੈਟਰਜੀ ਦੀ ਪਛਾਣ ਵੀ ਉਸ ਹਿੰਦਸੇ ਦੀ ਮਾਂ ਦੇ ਰੂਪ 'ਚ ਕੀਤੀ ਗਈ। ਸਰਮਾਏਦਾਰੀ ਮੌਤਾਂ ਨੂੰ ਅੰਕੜਿਆਂ ਦੇ ਰੂਪ 'ਚ ਦੇਖਦੀ ਹੈ। ਉਨ੍ਹਾਂ ਲਈ ਇੱਕ ਜਾਂ ਦਸ ਲੱਖ ਕੀਮਤੀ ਜਾਨਾਂ ਦਾ ਨੁਕਸਾਨ ਮਹਿਜ਼ ਅੰਕੜਾ ਹੈ। ਫ਼ਿਲਮ 'ਚ ਹਜ਼ਾਰ ਚੁਰਾਸੀ ਦਾ ਹਿੰਦਸਾ ਬ੍ਰਤੀ ਤੋਂ ਪਹਿਲਾਂ ਮਾਰੇ ਗਏ ਇੱਕ ਹਜ਼ਾਰ ਤਿਰਾਸੀ ਅਤੇ ਉਸ ਤੋਂ ਬਾਅਦ ਮਰਨ ਵਾਲੇ ਅਣਗਿਣਤ ਜੀਆਂ ਦੇ ਕਤਲੇਆਮ ਦੀ ਭਿਆਨਕਤਾ ਦਾ ਅਹਿਸਾਸ ਦਿਵਾਉਂਦਾ ਹੈ। ਫ਼ਿਲਮ ਵਿੱਚ 'ਹਜ਼ਾਰ ਚੁਰਾਸੀ' ਮਹਿਜ਼ ਅੰਕੜਾ ਨਹੀਂ ਰਹਿ ਜਾਂਦਾ। ਉਹ ਮਨੁੱਖੀ ਪਿੰਡਿਆਂ 'ਤੇ ਵਰਤਾਏ ਗਏ ਸਰਕਾਰੀ ਕਹਿਰ ਨੂੰ ਮਹਿਸੂਸ ਕਰਨ ਦਾ ਸਬੱਬ ਬਣਦਾ ਹੈ। ਸੱਤਰਵਿਆਂ ਦੇ ਪੰਜਾਬ 'ਚ ਛਿਆਸੀ ਸਾਲਾਂ ਦੇ ਇਨਕਲਾਬਪਸੰਦ ਬਾਬਾ ਬੂਝਾ ਸਿੰਘ ਨੂੰ ਵੀ ਨਹੀਂ ਬਖ਼ਸ਼ਿਆ ਗਿਆ ਸੀ। ਜਿਨ੍ਹਾਂ ਨੂੰ ਪੁਲਿਸ ਨੇ ਅੰਨ੍ਹੇ ਤਸ਼ੱਦਦ ਤੋਂ ਬਾਅਦ ਝੂਠੇ ਮੁਕਾਬਲੇ 'ਚ ਮਾਰ ਦਿੱਤਾ ਸੀ। ਵੱਡੇ ਬਾਦਲ ਦੀ ਸਰਕਾਰ ਵੱਲੋਂ ਇਨਕਲਾਬਪਸੰਦਾਂ ਨੂੰ 'ਗਾਇਬ' ਕਰਨ, ਤਸ਼ੱਦਦ ਅਤੇ ਝੂਠੇ ਮੁਕਾਬਲਿਆਂ 'ਚ ਮਾਰਨ ਦੇ ਸਿਲਸਿਲੇ ਨੇ ਵੀਹਵੀਂ ਸਦੀ ਦੇ ਆਖਰੀ ਦੋ ਦਹਾਕਿਆਂ 'ਚ ਖ਼ਾਲਿਸਤਾਨੀ ਲਹਿਰ ਵੇਲੇ ਅੰਨ੍ਹੀ ਵਹਿਸ਼ਤ ਫੈਲਾਈ। ਮੌਤ ਦੇ ਵਪਾਰੀਆਂ ਤੇ ਅਤਿ ਦੇ ਸ਼ਿਕਾਰੀਆਂ ਦੀ ਦਰਿੰਦਗੀ ਦਾ ਝੰਬਿਆ ਪੰਜਾਬ ਅੱਜ ਤੱਕ ਤਾਬ ਨਹੀਂ ਆਇਆ। ਜਿਨ੍ਹਾਂ ਦਾ ਜਸ਼ਨ ਬੱਬੂ ਮਾਨ ਤੇ ਹੋਰ ਗਵੱਈਏ ਆਪਣੇ ਗੀਤਾਂ 'ਚ ਮਨਾਉਂਦੇ ਹਨ।

ਫ਼ਿਲਮ ਸਫ਼ੇਦਪੋਸ਼ ਮੱਧ ਵਰਗ ਦੇ ਦੰਭੀ ਕਿਰਦਾਰ ਨੂੰ ਸੂਖ਼ਮ ਤਹਿਆਂ 'ਚ ਉਜਾਗਰ ਕਰਦੀ ਹੈ। ਬ੍ਰਤੀ ਦਾ ਪਿਉ (ਜਿਸ ਨੂੰ ਉਹ ਬੌਸ ਕਹਿ ਕੇ ਬੁਲਾਉਂਦਾ ਹੈ), ਭਾਈ, ਭੈਣ, ਭਾਬੀ ਅਤੇ ਜੀਜਾ ਇਸੇ ਦੰਭੀ ਕਿਰਦਾਰ ਦੀ ਨੁਮਾਇੰਦਗੀ ਕਰਦੇ ਹਨ। ਜਿਨ੍ਹਾਂ ਨੂੰ ਆਪਣੇ ਮੁੰਡੇ ਦੇ ਇਨਕਲਾਬਪਸੰਦ ਹੋਣ 'ਤੇ ਸ਼ਰਮ ਮਹਿਸੂਸ ਹੁੰਦੀ ਹੈ। ਉਹ ਬ੍ਰਤੀ ਦੇ ਦੋਸਤਾਂ ਨੂੰ ਅਪਰਾਧੀ ਕਹਿਣ ਤੱਕ ਜਾਂਦੇ ਹਨ ਪਰ ਬ੍ਰਤੀ ਦਾ ਕਹਿਣਾ ਹੈ ਕਿ ਉਸਦੇ ਦੋਸਤ ਮਿਹਨਤ-ਮਜ਼ਦੂਰੀ ਕਰਦੇ ਹਨ। ਉਹ ਸਾਡੀ ਤਰ੍ਹਾਂ ਰਿਸ਼ਵਤ, ਲੁੱਟ ਅਤੇ ਬੇਈਮਾਨੀ ਨਾਲ ਕਾਰੋਬਾਰ ਨਹੀਂ ਪਾਲਦੇ। ਮੱਧ-ਵਰਗੀ ਜਮਾਤ ਪੈਸੇ ਅਤੇ ਪੇਸ਼ੇਵਰ ਜੀਵਨ ਨੂੰ ਤਰਜੀਹ ਦਿੰਦੀ ਹੈ ਅਤੇ ਮੁਲਕ ਦੀ ਬਹੁਗਿਣਤੀ ਦੀ ਮਾੜੀ ਹਾਲਤ ਵੱਲ ਸਾਜ਼ਸ਼ੀ ਨੀਅਤ ਨਾਲ ਅੱਖਾਂ ਮੁੰਦ ਲੈਂਦੀ ਹੈ। ਇਹ ਜਮਾਤ ਲਗਾਤਾਰ ਇਨ੍ਹਾਂ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਂਦੀ ਰਹਿੰਦੀ ਹੈ। ਬ੍ਰਤੀ ਦਾ ਕਹਿਣਾ ਹੈ ਕਿ ਉਸ ਨੂੰ ਬੌਸ ਨਾਲ ਨਫ਼ਰਤ ਨਹੀਂ ਹੈ। ਉਹ ਬੌਸ ਦੇ ਜਮਾਤੀ ਕਿਰਦਾਰ ਨੂੰ ਨਫ਼ਰਤ ਕਰਦਾ ਹੈ। ਸਾਡੇ ਸਮਿਆਂ 'ਚ ਇਸ ਜਮਾਤ ਨੂੰ ਹੋਰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਇਨ੍ਹਾਂ ਦੀਆਂ ਤਨਖਾਹਾਂ ਅਤੇ ਭੱਤੇ ਲਗਾਤਾਰ ਵਧ ਰਹੇ ਹਨ। ਪੱਕੀ ਭਰਤੀ ਅਤੇ ਠੇਕਾ ਭਰਤੀ ਵਾਲੇ ਕਾਮਿਆਂ ਦੀਆਂ ਤਨਖ਼ਾਹਾਂ ਅਤੇ ਭੱਤਿਆਂ ਵਿਚਲਾ ਫਰਕ ਪਾੜੇ ਨੂੰ ਹੋਰ ਮੋਕਲਾ ਕਰਦਾ ਹੈ। ਗ਼ਰੀਬ ਮਜ਼ਦੂਰ ਅਤੇ ਕਿਸਾਨ ਦੀ ਤਾਂ ਗੱਲ ਛੱਡ ਦੇਵੋ। ਮੱਧ-ਵਰਗ ਨੂੰ ਮੁਲਕ ਤਰੱਕੀ ਦੀ ਸ਼ਿਖ਼ਰ 'ਤੇ ਚੜ੍ਹਿਆ ਜਾਪਦਾ ਹੈ। ਵੀਹ ਰੁਪਏ ਤੋਂ ਹੇਠਾਂ ਗੁਜ਼ਾਰਾ ਕਰਦੀ ਮੁਲਕ ਦੀ ਸਤੱਤਰ ਫ਼ੀਸਦੀ ਆਬਾਦੀ 'ਤਰੱਕੀ ਦੇ ਮੀਨਾਰ' 'ਤੇ ਚੜਿਆਂ ਨੂੰ ਦਿਸਣੀ ਬੰਦ ਹੋ ਜਾਂਦੀ ਹੈ। ਇਹ ਤਬਕਾ ਆਪਣੇ ਨਿੱਜੀ ਅਤੇ ਮਨਸੂਈ ਆਲਮ 'ਚ ਜਿਉਂਦਾ ਹੈ ਜਿਨ੍ਹਾਂ ਦੀ ਤੰਦ ਮੁਲਕ ਦੀ ਬਹੁਗਿਣਤੀ ਤੋਂ ਤੋੜ ਦਿੱਤੀ ਗਈ ਹੈ। ਫ਼ਿਲਮ ਇਸ ਜਮਾਤ ਦੇ ਦੰਭੀ ਕਿਰਦਾਰ ਨੂੰ ਨੰਗਾ ਕਰਦੀ ਹੈ।


ਸਮੁੱਚੇ ਰੂਪ 'ਚ ਫ਼ਿਲਮ ਇਤਿਹਾਸ ਦੇ ਉਨ੍ਹਾਂ ਪੰਨਿਆਂ ਦਾ ਜ਼ਿਕਰ ਛੇੜਦੀ ਹੈ ਜਦੋਂ 'ਜਮਹੂਰੀ' ਕਹਾਉਣ ਵਾਲੀ ਸਰਕਾਰ ਨੇ ਆਪਣੇ ਹੀ ਲੋਕਾਂ ਦੇ ਖ਼ਿਲਾਫ਼ ਜੰਗ ਛੇੜੀ ਅਤੇ ਮੁਲਕ ਦੇ ਸੰਵਿਧਾਨ ਨੂੰ ਪਿੱਠ ਦਿਖਾ ਦਿੱਤੀ। ਹੱਕ ਅਤੇ ਰੋਟੀ ਮੰਗਦੀ ਆਵਾਮ 'ਤੇ ਬਾਰੂਦ ਛਿੜਕਿਆ ਗਿਆ ਅਤੇ ਮੁਲਕ ਦੇ ਕੀਮਤੀ ਸਰਮਾਏ (ਜਵਾਨੀ) ਨੂੰ ਬੁੱਚੜਖ਼ਾਨਿਆਂ ਦਾ ਰਾਹ ਦਿਖਾਇਆ ਗਿਆ।

ਡਾ. ਜਗਤਾਰ ਦੇ ਸ਼ਬਦਾਂ 'ਚ,
ਹਰ ਮੋੜ 'ਤੇ ਸਲੀਬਾਂ ਹਰ ਪੈਰ 'ਤੇ ਹਨੇਰਾ,
ਫਿਰ ਵੀ ਅਸੀਂ ਝੁਕੇ ਨਾ ਸਾਡਾ ਵੀ ਦੇਖ ਜੇਰਾ।


(ਲੇਖ ਵਿੱਚ ਚਰਚਾ ਦਾ ਵਿਸ਼ਾ ਬਣੇ ਅਰਜਨਟੀਨਾ ਦੇ ਤਾਨਾਸ਼ਾਹ ਨੂੰ ਪਿਛਲੇ ਦਿਨੀਂ ਸਜ਼ਾ ਸੁਣਾਈ ਗਈ ਹੈ। ਇਹ ਖ਼ਬਰ ਪਾਠਕ ਦੀ ਦਿਲਚਸਪੀ ਦਾ ਸਬੱਬ ਹੋ ਸਕਦੀ ਹੈ। (10 ਜੁਲਾਈ 2012))

5 comments:

  1. ਬਹੁਤ ਵਧੀਆ।

    ਸੁਖਵੰਤ ਹੁੰਦਲ

    ReplyDelete
  2. ਮਨ ਨੂੰ ਧੁਰ ਅੰਦਰੋਂ ਝੰਜੋੜਨ ਵਾਲੀ ਲਿਖਤ

    ReplyDelete
  3. So well written, Jatinder! Thanks for introducing me to Gorakh Pandey.

    ReplyDelete
  4. Excellence writing, JATINDER is great,

    ReplyDelete