Saturday, 14 July 2012

ਬਦਲਦੇ ਅਰਥਚਾਰੇ ਦੀ ਨਿਵੇਕਲੀ ਕਹਾਣੀ: ਅਰਵਿੰਦ ਦੇਸਾਈ ਕੀ ਅਜੀਬ ਦਾਸਤਾਂ

ਬਿੰਦਰਪਾਲ ਫਤਿਹ 

ਭਾਰਤੀ ਸਿਨੇਮੇ ਦਾ ਮੰਦਾ ਪਹਿਲੂ ਰਿਹਾ ਹੈ ਕੀ ਚੰਗੀਆਂ ਫ਼ਿਲਮਾਂ ਨਾਕਮਯਾਬ ਹੋ ਕੇ ਰਹਿ ਗਈਆਂ ਜਾਂ ਦਰਸ਼ਕ ਤੱਕ ਨਹੀਂ ਪਹੁੰਚ ਸਕੀਆਂ। ਵੱਡੇ ਪਰਦੇ ਤੇ ਬਣੀਆਂ ਵੇਖਣਯੋਗ ਜ਼ਿਆਦਾਤਰ ਫ਼ਿਲਮਾਂ ਪਰਦੇ ਹੇਠਾਂ ਹੀ ਲੁਕੀਆਂ ਰਹੀਆਂ ਹਨ। ਕਲਾ ਅਤੇ ਵਿਸ਼ੇ ਦੇ ਪੱਖ ਤੋਂ ਖਾਸ ਕਰ ਹਿੰਦੀ ਸਿਨੇਮਾ ਵਿੱਚ ਹੋਇਆ ਕਾਬਿਲੇਗੌਰ ਕੰਮ ਨਿੱਖਰ ਕੇ ਸਾਹਮਣੇ ਨਹੀਂ ਆ ਸਕਿਆ। ਜਦੋਂ ਮੁਲਕ ਵਿਕਸਿਤ, ਪ੍ਰਗਤਿਸ਼ੀਲ ਹੋਣ ਦੀਆਂ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੋਵੇ ਅਤੇ ਪੂਰੀ ਦੁਨੀਆਂ ਮੰਡੀ ਰਹੀ ਹੋਵੇ  ਅਤੇ ਪੈਸਾ ਹੀ ਸਭ ਕੁਸ਼ ਹੋਵੇ ਤਾਂ ਕਲਾ ਦੇ ਅਰਥ ਬਦਲ ਜਾਂਦੇ ਹਨ। ਕਲਾ ਦੇ ਨਾਮ ਹੇਠ ਜ਼ਿਆਦਾਤਰ ਪਾਖੰਡ ਪਰੋਸਿਆ ਜਾਂਦਾ ਹੈ। ਅਜਿਹਾ ਹੀ ਭਾਰਤੀ ਫ਼ਿਲਮਾਂ ਨਾਲ ਵੀ ਵਾਪਰਿਆ। ਸੈਂਕੜਿਆਂ ਦੀ ਗਿਣਤੀ 'ਚ ਬਣੀਆਂ ਕਲਾਤਮਿਕ ਫ਼ਿਲਮਾਂ ਕਮਰਸ਼ੀਅਲ ਫ਼ਿਲਮਾਂ ਦੇ ਮੁਕਾਬਲੇ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਕਾਮਯਾਬ ਨਹੀਂ ਹੋ ਸਕੀਆਂ। ਇਹ ਸੀਮਤ ਘੇਰੇ 'ਚ ਮਜਿਦੂਦ ਹੋ ਗਈਆਂ। ਇਹ ਫ਼ਿਲਮਾਂ ਉਸ ਸਮੇਂ ਬਣੀਆਂ ਜਦੋਂ ਪੂੰਜੀਵਾਦੀ ਅਤੇ ਸਾਮਰਾਜਵਾਦੀ ਹਵਸ ਦੇ ਮਾਰੇ ਅਤੇ ਹਾਬੜੇ ਪੱਛਮੀ ਮੁਲਕਾਂ ਦੀਆਂ ਨਜ਼ਰਾਂ ਭਾਰਤ ਸਮੇਤ ਹੋਰਨਾਂ ਏਸ਼ਿਆਈ ਮੁਲਕਾਂ ਉੱਪਰ ਟਿਕੀਆਂ ਹੋਈਆਂ ਸਨ। 



ਅਜਿਹੀ ਹੀ ਫ਼ਿਲਮ ਹੈ "ਅਰਵਿੰਦ ਦੇਸਾਈ ਕੀ ਅਜੀਬ ਦਾਸਤਾਂ" ਜੋ 1978 ਵਿੱਚ ਸਇਅਦ ਅਖ਼ਤਰ ਮਿਰਜ਼ਾ ਨੇ ਬਣਾਈ। ਇਹ ਫ਼ਿਲਮ ਅਫ਼ਤਰ ਮਿਰਜ਼ਾ ਨੇ ਸਾਈਰਸ ਮਿਸਤਰੀ ਨਾਲ ਮਿਲ ਕੇ ਲਿਖੀ ਸੀ। ਫ਼ਿਲਮ ਸ਼ੁਰੂ ਵਿੱਚ ਗੱਲਾਂ ਸਾਫ਼ ਕਰਦੀ ਹੈ ਕਿ ਭਾਰਤ ਦੀ ਛੋਟੀ ਸਨਅਤ ਵਿੱਚ ਔਰਤਾਂ ਦੇ ਨਾਲ ਨਾਲ ਬਾਲ ਮਜ਼ਦੂਰੀ ਦੀ ਵੱਲ ਇਸ਼ਾਰਾ ਹੁੰਦਾ ਹੈ। ਪੂਰੀ ਫ਼ਿਲਮ ਇਸ਼ਾਰਿਆਂ ਨਾਲ ਭਾਰਤ ਵਿਚਲੇ ਤਤਕਾਲੀ ਹਾਲਾਤ ਉੱਪਰ ਚਾਨਣਾ ਪਾਉਂਦੀ ਹੈ ਜਦੋਂ ਭਾਰਤ ਵੱਖਰੀ ਇਕਾਈ ਵਜੋਂ ਉਭਰਨ ਦੀਆਂ ਕੋਸ਼ਿਸ਼ਾਂ ਵਿੱਚ ਸੀ। ਮੁਲਕ ਵਿੱਚ ਸਨਅਤ ਦਾ ਵਿਕਾਸ ਮੁੱਢਲੇ ਪੜਾਅ 'ਤੇ ਸੀ। ਪਿੰਡਾਂ ਦੀ ਛੋਟੀ ਸਨਅਤ ਦੀਆਂ ਬਣਾਈਆਂ ਹੱਥ ਦੀਆਂ ਚੀਜ਼ਾਂ ਦੀ ਸ਼ਹਿਰੀ ਵਪਾਰੀਆਂ ਤੇ ਦਲਾਲਾਂ ਰਾਹੀਂ ਵਿਕਣਾ ਆਮ ਹੋ ਗਿਆ ਸੀ। ਹੱਥੀਂ ਕਿਰਤ ਕਰਨ ਵਾਲਿਆਂ ਦੀਆਂ ਬਣਾਈਆਂ ਵਸਤਾਂ ਦਾ ਮਜ਼ਦੂਰਾਂ ਨੂੰ ਘੱਟ ਮੁੱਲ ਮਿਲਣਾ ਆਮ ਗੱਲ ਹੋ ਚੁੱਕੀ ਸੀ। ਸਾਮਰਾਜਵਾਦ ਵਿਕਸਿਤ ਹੋ ਰਿਹਾ ਸੀ। ਫ਼ਿਲਮ ਦਾ ਮੁੱਖ ਪਾਤਰ ਅਰਵਿੰਦ (ਦਲੀਪ ਧਵਨ) ਵੱਡੇ ਬਾਪ ਦਾ ਬੇਟਾ ਹੈ ਜਿਸਨੂੰ ਕਿ ਕਾਰੋਬਾਰ ਵਿਰਸੇ ਵਿੱਚ ਮਿਲਿਆ ਹੈ। ਉਹ ਉਲਝਣਾਂ ਵਿੱਚ ਫਸਿਆ ਸਹਿਜ ਮਹਿਸੂਸ ਨਹੀਂ ਕਰਦਾ। ਉਸ ਨੂੰ ਮਜ਼ਦੂਰਾਂ ਦੀ ਫਿਕਰ ਹੈ। ਉਹ ਚਾਹੁੰਦਾ ਹੈ ਕਿ ਮਜ਼ਦੂਰਾਂ ਨੂੰ ਵੱਧ ਪੈਸੇ ਮਿਲਣ। ਉਸ ਨੂੰ ਅਹਿਸਾਸ ਹੈ ਕਿ ਵਪਾਰ ਅਤੇ ਵਪਾਰੀ ਦੀ ਕਮਾਈ ਮਜ਼ਦੂਰਾਂ ਦੀ ਕਿਰਤ ਕਰਕੇ ਹੈ। ਦਲਾਲਾਂ ਦੇ ਵਿੱਚ ਹੋਣ ਕਰਕੇ ਉਹ ਕੁਝ ਕਰਨ ਤੋਂ ਅਸਮਰੱਥ ਜਾਪਦਾ ਹੈ। ਬੁਰਜੂਆ ਢਾਂਚੇ ਨੇ ਸਭ ਕੁਝ ਆਪਣੇ ਕਲਾਵੇ ਹੇਠ ਲੈਣਾ ਸ਼ੁਰੂ ਕਰ ਦਿੱਤਾ ਸੀ। ਇਸ ਦਾ ਅਸਰ ਰਿਸ਼ਤਿਆਂ ਉੱਪਰ ਪੈਣਾ ਹੀ ਸੀ ਸੋ ਫ਼ਿਲਮ ਇਸ ਪਾਸੇ ਵੱਲ ਵੀ ਇਸ਼ਾਰਾ ਕਰਦੀ ਹੈ। ਅਰਵਿੰਦ ਦੇ ਆਪਣੇ ਦਫ਼ਤਰ ਵਿੱਚ ਕੰਮ ਕਰਨ ਵਾਲੀ ਲੜਕੀ ਐਲਿਸ (ਅੰਜਲੀ ਪੈਗਾਨਕਰ) ਨਾਲ ਰਿਸ਼ਤਾ ਅੰਤਰ–ਬਾਹਰੀ ਦਵੰਧ ਕਰਨ ਟੁੱਟ ਜਾਂਦੇ ਹਨ। ਅਰਵਿੰਦ ਸਮਝਦਾ ਹੈ ਕਿ ਐਲਿਸ ਉਸ ਨੂੰ ਭੋਗ ਰਹੀ ਹੈ। ਦਰਅਸਲ ਵਿੱਚ ਅਰਵਿੰਦ ਵਾਸਤੇ ਔਰਤ ਭੋਗ ਦੀ ਵਸਤੁ ਹੈ। ਅਰਵਿੰਦ ਦਾ ਇੱਕ ਕਰੂਪ ਕੁੜੀ ਕੋਲ ਜਾਣਾ ਇਸ ਗੱਲ ਵੱਲ ਵੀ ਇਸ਼ਾਰਾ ਕਰਦਾ ਹੈ। ਐਲਿਸ, ਅਰਵਿੰਦ ਦੀ ਹੋਣਾ ਚਾਹੁੰਦੀ ਹੈ। ਉਹ ਅਰਵਿੰਦ ਦੇ ਪਿਆਰ ਨਾਲ ਬੱਝੀ ਹੋਈ ਹੈ ਪਰ ਨਾਲ ਹੀ ਉਸ ਨੂੰ ਆਪਣੀ ਹੋਣੀ ਦਾ ਵੀ ਅਹਿਸਾਸ ਹੈ। ਉਹ ਸਮਝਦੀ ਹੈ ਕਿ ਰਵਾਇਤੀ ਜਾਤ ਅਤੇ ਹੈਸੀਅਤ ਮੁਤਾਬਕ ਵਿਆਹਾਂ ਦੇ ਦੌਰ ਵਿੱਚ ਅਰਵਿੰਦ ਨਾਲ ਉਸਦਾ ਵਿਆਹ ਕਦੇ ਵੀ ਨਹੀਂ ਹੋ ਸਕਦਾ। 

ਐਲਿਸ ਦਾ ਭਰਾ ਬੇਰੁਜ਼ਗਾਰੀ ਦੀ ਮਾਰ ਸਹਿਣ ਦੇ ਨਾਲ ਘਰ ਵਿੱਚ ਆਪਣੀ ਪੁੱਗਤ ਨਾਂ ਹੋਣ ਅਤੇ ਆਪਣੀ ਭੈਣ ਦੇ ਅਰਵਿੰਦ ਨਾਲ ਰਿਸ਼ਤੇ ਤੋਂ ਖ਼ਫ਼ਾ ਹੈ। ਉਸ ਨੂੰ ਐਲਿਸ ਦਾ ਰੋਜ਼ ਰਾਤ ਨੂੰ ਘਰ ਆਉਣਾ ਤੇ ਅਰਵਿੰਦ ਨਾਲ ਰਹਿਣਾ ਬਿਲਕੁਲ ਚੰਗਾ ਨਹੀਂ ਲਗਦਾ। ਦੂਜੇ ਪਾਸੇ ਐਲਿਸ ਦੀ ਮਾਂ ਆਪਣੀ ਲੜਕੀ ਵਾਸਤੇ ਅਮੀਰ ਪਰਿਵਾਰ ਦੇ ਇਕਲੌਤੇ ਪੁੱਤ ਅਰਵਿੰਦ ਨੂੰ ਪਸੰਦ ਕਰਦੀ ਹੈ। ਨੌਕਰ-ਮਾਲਕ ਦੇ ਰਿਸ਼ਤੇ ਵੀ ਬਦਲ ਰਹੇ ਹਨ। ਸਰਮਾਏਦਾਰੀ ਦੇ ਮੂੰਹਜ਼ੋਰ ਦੌਰ ਵਿੱਚ ਨੌਕਰ ਆਪਣੇ ਮਲਿਕ ਦਾ ਵਫ਼ਾਦਾਰ ਨਹੀਂ ਹੋ ਸਕਦਾ। ਨੌਕਰ ਨੂੰ ਵੀ ਮਾਲਿਕ ਵਰਗੀ ਜ਼ਿੰਦਗੀ ਜੀਣ ਦੀ ਲੋਚਾ ਹੈ। ਮਨੁੱਖ ਹੋਣ ਦੇ ਨਾਤੇ ਉਸ ਦਾ ਹੱਕ ਵੀ ਹੈ। ਅਰਵਿੰਦ ਦੀ ਮਾਸੀ ਦਾ ਲੜਕਾ ਅਰਵਿੰਦ ਦੀ ਗ਼ੈਰਹਾਜ਼ਰੀ ਦਾ ਫਾਇਦਾ ਉਠਾਉਂਦਾ ਹੈ ਤੇ ਦੂਜੇ ਨੌਕਰ ਨਾਲ ਮਿਲ ਕੇ ਹੇਰਾਫੇਰੀ ਕਰਦਾ ਹੈ। ਅਰਵਿੰਦ ਨੂੰ ਪਤਾ ਚੱਲਣ ਤੋਂ ਬਾਅਦ ਨੁਕਸਾਨ ਨੌਕਰ ਨੂੰ ਹੀ ਉਠਾਉਣਾ ਪੈਂਦਾ ਹੈ। ਅਰਵਿੰਦ ਮਾਸੀ ਦੇ ਲੜਕੇ ਨੂੰ ਆਪਣੇ ਬਾਪ ਦੇ ਕਹਿਣ 'ਤੇ ਬਚਾ ਲੈਂਦਾ ਹੈ ਜੋ ਕਿ ਸੌੜੀ ਰਿਸ਼ਤਾ ਰਾਜਨੀਤੀ ਦੀ ਚੰਗੀ ਪੇਸ਼ਕਾਰੀ ਹੈ।  

ਅਰਵਿੰਦ ਦੀ ਵਿਆਹੁਤਾ ਭੈਣ ਦਾ ਪਤੀ ਕਿਸੇ ਹੋਰ ਔਰਤ ਨਾਲ ਬਾਹਰ ਰੰਗਰਲੀਆਂ ਮਨਾ ਰਿਹਾ ਹੁੰਦਾ ਹੈ। ਅਰਵਿੰਦ ਦੀ ਭੈਣ ਕਲੱਬਾਂ ਤੇ ਪਾਰਟੀਆਂ ਦੀ ਸ਼ੌਕੀਨ ਹੈ। ਇਸ ਦਾ ਅਰਵਿੰਦ ਨੂੰ ਕਾਫੀ ਅਫ਼ਸੋਸ ਹੈ। ਅਰਵਿੰਦ ਦੀ ਮਾਂ ਧਾਰਮਿਕ ਖਿਆਲਾਂ ਵਾਲੀ ਔਰਤ ਹੈ। ਉਸ ਵਾਸਤੇ ਦਾਨ, ਪੁੰਨ, ਪ੍ਰਮਾਤਮਾਂ ਦੀ ਭਗਤੀ, ਪੂਜਾ ਅਤੇ ਚੈਰੀਟੇਬਲ ਟ੍ਰਸਟ ਵਾਸਤੇ ਚੰਦਾ ਦੇਣਾ ਸਭ ਦੁੱਖਾਂ ਦਾ ਹੱਲ ਹੈ। ਗ਼ਰੀਬਾਂ ਦੀਆਂ ਬਸਤੀਆਂ 'ਚ ਜਾਕੇ ਉਨ੍ਹਾਂ ਨੂੰ ਕੱਪੜੇ ਦੇਣੇ ਜਾਂ ਖਾਣਾ ਦੇਣਾ ਜਾਂ ਉਨ੍ਹਾਂ ਵਾਸਤੇ ਆਸ਼ਰਮ ਖੋਲ੍ਹ ਦੇਣਾ ਮੱਧ ਵਰਗੀ ਸੋਚ ਦੀ ਤਰਜਮਾਨੀ ਕਰਦਾ ਹੈ। ਅਰਵਿੰਦ ਆਪਣੀ ਗੱਡੀ ਸਾਫ਼ ਕਰਨ ਵਾਲੇ ਮੁੰਡੇ ਨੂੰ ਕਹਿੰਦਾ ਹੈ ਕਿ ਉਹ ਉਸ ਲਈ ਕੋਈ ਕੰਮ ਤਲਾਸ਼ੇਗਾ। ਅਰਵਿੰਦ ਦੇ ਜਾਣ ਉਸ ਮੁੰਡੇ ਦਾ ਮਗਰੋਂ ਥੁਕਣਾ ਦਰਸਾਉਂਦਾ ਹੈ ਕਿ ਅਰਵਿੰਦ ਵਰਗੇ ਮੱਧਵਰਗੀ ਲੋਕ ਹਾਸ਼ੀਏ ਉੱਪਰ ਸੁੱਟੇ ਹੋਏ ਲੋਕਾਂ ਨਾਲ ਸਿਰਫ਼ ਮਜਾਕ ਹੀ ਕਰ ਸਕਦੇ ਹਨ। ਉਨ੍ਹਾਂ ਦੇ ਨਾਲ ਖੜ੍ਹੇ ਹੋ ਕੇ ਨਿਜ਼ਾਮ ਨਹੀਂ ਬਦਲ ਸਕਦੇ ਕਿਉਂਕਿ ਉਹ ਸਰਮਾਏਦਾਰੀ ਨਿਜ਼ਾਮ ਦੇ ਪਾਲਤੂ ਹਨ। ਰੂਸੀ ਅਤੇ ਚੀਨੀ ਸਾਹਿਤ ਦਾ ਦੌਰ ਵੀ ਦ੍ਰਿਸ਼ਾਂ ਵਿੱਚ ਰੂਪਮਾਨ ਹੁੰਦਾ ਹੈ ਜਿਸਦਾ ਪ੍ਰਭਾਵਿਤ ਕੀਤਾ ਹੋਇਆ ਅਰਵਿੰਦ ਦਾ ਦੋਸਤ ਰਮਨ ਮਾਰਕਸਵਾਦੀ ਹੈ। ਅਰਵਿੰਦ ਨੂੰ ਰਮਨ ਕੋਲ ਬੈਠ ਕੇ ਸਭ ਕੁਝ ਚੰਗਾ ਲੱਗਦਾ ਹੈ। ਸਾਰੇ ਸੁਆਲਾਂ ਦੇ ਜੁਆਬ ਰਮਨ ਕੋਲ ਹਨ। ਮੌਜੂਦਾ ਢਾਂਚੇ ਦੀ ਮਾਰ ਹੇਠ ਆਇਆ ਹੋਇਆ ਰਮਨ ਜਦੋਂ ਅਰਵਿੰਦ ਨੂੰ ਦੱਸਦਾ ਹੈ ਕਿ ਇਸ ਸਮਾਜ ਤੋਂ ਕੋਈ ਆਸ ਨਹੀਂ ਹੈ ਤਾਂ ਅਰਵਿੰਦ ਟੁੱਟ ਜਾਂਦਾ ਹੈ। ਉਸ ਨੂੰ ਜ਼ਿੰਦਗੀ ਨਪੀੜੀ ਗਈ ਜਾਪਦੀ ਹੈ। ਸਭ ਕੁਝ ਖੋਖਲਾ ਜਾਪਦਾ ਹੈ। ਸਮਾਜ, ਢਾਂਚਾ ਅਤੇ ਰਿਸ਼ਤੇ ਸਭ ਉਸ ਨੂੰ ਬੇਮਾਅਨੇ ਲਗਦੇ ਹਨ। 

ਫ਼ਿਲਮ ਅਰਵਿੰਦ ਦੇਸਾਈ ਦੇ ਹਵਾਲੇ ਨਾਲ ਅਜਿਹੇ ਨੌਜਵਾਨਾਂ ਦੀ ਕਹਾਣੀ ਬਿਆਨ ਕਰਦੀ ਹੈ ਜੋ ਬੁਰਜੂਆ ਸਭਿਆਚਾਰ ਅਤੇ ਮਾਨਵਵਾਦੀ ਫ਼ਲਸਫ਼ੇ ਦਰਮਿਆਨ ਮਾਨਸਿਕ ਤੌਰ ਤੇ ਉਲਝੇ ਹੋਏ ਹਨ। ਇਸ ਤੋਂ ਉਲਟ ਰਮਨ ਵਰਗੇ ਅਧਿਆਪਕ ਲਈ ਮੁਕਤੀ ਦੇ ਫ਼ਲਸਫ਼ੇ ਨੂੰ ਪੜ੍ਹਨ ਤੋਂ ਬਾਅਦ ਹੋਰ ਮੁਸ਼ਕਲ ਦਰਪੇਸ਼ ਹੁੰਦੀ ਹੈ ਕਿ ਸਰਮਾਏ ਦੀ ਅੰਨ੍ਹੀਂ ਦੌੜ ਵਿੱਚ ਸ਼ਾਮਿਲ ਹੋ ਚੁੱਕੇ ਸਮਾਜ ਵਿੱਚ ਫ਼ਲਸਫ਼ੇ ਨੂੰ ਲਾਗੂ ਕਿਵੇਂ ਕਰੇ? ਆਮ ਇਨਸਾਨ ਦੀ ਮੁਕਤੀ ਦਾ ਕੋਈ ਵਸੀਲਾ ਨਹੀਂ। ਉਹ ਆਪਣੀ ਇੱਛਾ ਮੁਤਾਬਕ ਜੀਅ ਵੀ ਨਹੀਂ ਸਕਦਾ। ਉਹ ਜੋ ਕਹਿੰਦਾ ਹੈ, ਕਰ ਨਹੀਂ ਸਕਦਾ। ਉਸ ਦੇ ਸਾਹਮਣੇ ਸੁਆਲ ਹਨ। ਜੁਆਬ ਤਾਂ ਸੁਆਲਾਂ ਤੋਂ ਅੱਗੇ ਲੰਘ ਚੁੱਕੇ ਹਨ। ਸਮਾਜ ਬਦਲ ਰਿਹਾ ਹੈ। ਰਿਸ਼ਤਿਆਂ ਦੇ ਮਾਅਨੇ ਬਦਲ ਰਹੇ ਹਨ। ਬੁਨਿਆਦੀ ਕਦਰਾਂ-ਕੀਮਤਾਂ ਨੂੰ ਪਿੱਛੇ ਧੱਕ ਮੁਲਕ ਦੀ ਤਰੱਕੀ ਦੇ ਨਵੇਂ ਮਾਪ ਦਰਾਮਦ ਕੀਤੇ ਜਾ ਰਹੇ ਹਨ। ਇਸ ਦਰਮਿਆਨ ਅਰਵਿੰਦ ਦੇਸਾਈ ਬੁਰੀ ਤਰ੍ਹਾਂ ਆਪਣੇ ਆਪ ਕੋਲੋਂ ਹਰ ਜਾਂਦਾ ਹੈ। ਉਸ ਕੋਲ ਮੁਕਤੀ ਦਾ ਇੱਕੋ-ਇੱਕ ਰਾਹ ਖੁਦਕੁਸ਼ੀ ਬਚਦਾ ਹੈ ਪਰ ਉਸ ਕੋਲ ਅਜਿਹਾ ਕਰਨ ਦੀ ਵੀ ਹਿੰਮਤ ਨਹੀਂ। ਬਿਨਾਂ ਸ਼ੱਕ ਮੱਧ ਵਰਗ ਭਗੌੜਾ ਹੁੰਦਾ ਹੈ। ਸੁਆਲਾਂ ਤੋਂ ਭੱਜਦਾ ਹੈ। ਸਮੱਸਿਆਵਾਂ ਤੋਂ ਭੱਜਦਾ ਹੈ। ਫ਼ਿਲਮ ਬਦਲ ਰਹੇ ਸਮਾਜ, ਸਭਿਆਚਾਰ ਅਤੇ ਰਿਸ਼ਤਿਆਂ ਨੂੰ ਬਾਰੀਕੀ ਨਾਲ ਪੇਸ਼ ਕਰਦੀ ਹੈ।

ਅਜਿਹੀਆਂ ਫ਼ਿਲਮਾਂ ਦਾ ਮੁੱਢ ਫਿਰ ਤੋਂ ਬੰਨ੍ਹਣ ਦੀ ਲੋੜ ਹੈ। ਸਮੇਂ ਦੀ ਨਬਜ਼ ਜੇ ਸਿਨੇਮਾ ਨਹੀਂ ਫੜੇਗਾ ਤਾਂ ਸਮੇਂ ਦਾ ਇਤਿਹਾਸ ਰੁਲ ਜਾਵੇਗਾ। ਫ਼ਿਲਮ ਦਾ ਖ਼ਾਸਾ ਹੈ ਕਿ ਕਿਸੇ ਮੁੱਦੇ ਦੀ ਗੱਲ ਕਹਿਣੀ ਹੁੰਦੀ ਹੈ। ਜੇ ਫ਼ਿਲਮ ਆਪਣੇ ਇਸ ਕਾਰਜ ਵਿੱਚ ਕਾਮਯਾਬ ਨਹੀਂ ਹੁੰਦੀ ਤਾਂ ਫ਼ਿਲਮ ਅਤੇ ਚੁਟਕਲੇ ਵਿੱਚ ਕੋਈ ਫ਼ਰਕ ਨਹੀਂ ਰਹਿ ਜਾਂਦਾ। ਅੱਜ ਭਾਰਤ ਵਿੱਚ ਜ਼ਿਆਦਾਤਰ ਫ਼ਿਲਮਾਂ ਦਾ ਇਹੀ ਹਾਲ ਹੈ। ਚੁਟਕਲੇਬਾਜ਼ੀ, ਵਰਗਲਾਉ ਕਿਸਮ ਦੇ ਵਿਸ਼ੇ, ਅਸ਼ਲੀਲ ਸੰਵਾਦ ਅਤੇ ਬਾਕੀ ਬਚਦਾ ਮਸਾਲਾ ਲਾ ਕੇ ਫ਼ਿਲਮਾਂ ਧੜਾਧੜ ਪਰੋਸੀਆਂ ਜਾ ਰਹੀਆਂ ਹਨ। ਇਸ ਖੇਡ ਵਿੱਚ ਆਮ ਆਦਮੀ ਪਾਸੇ ਹੋ ਗਿਆ ਹੈ। ਉਸ ਦੀ ਜੇਬ ਖਾਲੀ ਹੋ ਚੁੱਕੀ ਹੈ। ਬਾਕੀ ਧਨਾਢ ਤਬਕਾ, ਸ਼ਹਿਰੀ ਮੱਧ-ਵਰਗੀ ਅਤੇ ਲੁੱਟ ਸਕੇ ਜਾਣ ਵਾਲਾ ਨਿਮਨ ਮੱਧ-ਵਰਗੀ ਇਸ ਰੁਝਾਨ ਦਾ ਹਿੱਸਾ ਹੈ। 


ਚੰਗੀਆਂ ਫ਼ਿਲਮਾਂ ਬਣਾਉਣ ਵਾਲਿਆਂ ਦੀ ਕਮੀ ਨਹੀਂ ਹੈ ਪਰ ਸਮੇਂ ਦੀ ਮੰਗ ਪੂਰੀ ਕਰਨ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਯਕੀਨਨ ਸਮਾਂ ਬਦਲੇਗਾ ਜੇ ਸਮੇਂ ਦੀ ਹਿੱਕ ਤੇ ਵਾਰ ਕੀਤੇ ਜਾਣ 'ਤੇ ਯਕੀਨਨ ਇਤਿਹਾਸ ਦੀ ਹਿੱਕ ਉੱਤੇ ਅਮਿੱਟ ਪੈੜਾਂ ਪਾਈਆਂ ਜਾ ਸਕਦੀਆਂ ਹਨ ।                          

4 comments:

  1. ਰੀਵਿਓ ਚੰਗਾ ਹੈ ਪਰ ਲਿਖਣ ਵਿੱਚ ਇੱਕ ਭਾਵੁਕਤਾ ਤੇ ਕਾਹਲਾਪਣ ਝਲਕਦਾ ਹੈ ਜਿਸ ਕਾਰਨ ਕਾਫੀ ਕੁਝ ਬਾਕੀ ਛੁੱਟ ਗਿਆ ਹੈ ਇਹ ਫਿਲਮ ਹੋਰ ਵੀ ਕਈ ਬਾਤਾਂ ਪਾਉਂਦੀ ਹੈ ਮਸਲਨ ਅਖੀਰ ਵਿੱਚ ਨਿਰਾਸ਼ਾ ਤੇ ਅਰਾਜਕਤਾ ਦੇ ਟੋਏ ਵਿੱਚ ਜਾ ਡਿਗਦੀ ਹੈ ਬਿਨਾ ਕੋਈ ਉਸਾਰੂ ਹੱਲ ਵੱਲ ਵਧੇ ਇਹ ਪੱਖ ਵੀ ਇਸ ਰੀਵਿਓ ਦਾ ਹਿੱਸਾ ਹੁੰਦਾ ਤਾਂ ਹੋਰ ਵੀ ਇਨਸਾਫ਼ ਹੋਇਆ ਹੁੰਦਾ | ਬਾਕੀ ਇੱਕ ਵਾਕ ਬਣਤਰ ਦੀ ਸਮਝ ਨਹੀਂ ਲੱਗੀ ਕਿ ਕੀ ਕਹਿਣਾ ਚਾਹਿਆ ਗਿਆ ਹੈ "ਉਸ ਦੇ ਸਾਹਮਣੇ ਸੁਆਲ ਹਨ। ਜੁਆਬ ਤਾਂ ਸੁਆਲਾਂ ਤੋਂ ਅੱਗੇ ਲੰਘ ਚੁੱਕੇ ਹਨ।" ਹੋ ਸਕਦਾ ਮੇਰੇ ਸਮਝਣ ਵਿੱਚ ਕੋਈ ਕਮੀਂ ਹੋਵੇ ਪਰ ਇਹ ਮੇਰੇ ਮੁਤਾਬਿਕ "ਉਸ ਦੇ ਸਾਹਮਣੇ ਸੁਆਲ ਹਨ ਜੋ ਜੁਆਬਾਂ ਤੋਂ ਅੱਗੇ ਲੰਘ ਚੁੱਕੇ ਹਨ।" ਇੰਝ ਚਾਹੀਦਾ ਸੀ |

    ReplyDelete
  2. ਫਿਲਮ ਨਾ ਦੇਖੀ ਹੋਣ ਕਰਕੇ ਰਿਵਿਊ ਬਾਰੇ ਤਾਂ ਨਹੀਂ ਕਹਿ ਸਕਦਾ ਕਿ ਕਿਸ ਤਰਾਂ ਦਾ ਹੈ ਪਰ ਇਕਬਾਲ ਜੀ ਵਾਂਗ ਮੈਨੂੰ ਵੀ ਸਮਝ ਨਹੀਂ ਆਈ ਇਸਦੀ - "ਉਸ ਦੇ ਸਾਹਮਣੇ ਸੁਆਲ ਹਨ। ਜੁਆਬ ਤਾਂ ਸੁਆਲਾਂ ਤੋਂ ਅੱਗੇ ਲੰਘ ਚੁੱਕੇ ਹਨ।"

    ReplyDelete
  3. ਕਿਸੇ ਵੀ ਜਾਣਕਾਰੀ ਦੀ ਕੀਮਤ ਉਨੀ ਦੇਰ ਤੱਕ ਹੀ ਹੁੰਦੀ ਹੈ, ਜਿੰਨੀ ਦੇਰ ਤੱਕ ਉਹ ਲੋਕਾਂ ਦੀ ਗੱਲਬਾਤ/ਵਿਚਾਰ ਵਟਾਂਦਰੇ ਦਾ ਹਿੱਸਾ ਰਹੇ। ਤੁਸੀਂ ਇਹ ਰਿਵੀਊ ਲਿਖ ਕੇ ਇਸ ਫਿਲਮ ਨੂੰ ਇਕ ਵਾਰ ਫਿਰ ਲੋਕਾਂ ਦੀ ਵਿਚਾਰ ਚਰਚਾ ਦਾ ਹਿੱਸਾ ਬਣਾਉਣ ਦਾ ਯਤਨ ਕੀਤਾ ਹੈ। ਇਹ ਇਕ ਚੰਗੀ ਗੱਲ ਹੈ। ਜ਼ਰੂਰ ਹੀ ਇਹ ਰਵੀਊ ਪੜ੍ਹ ਕੇ ਕੁਝ ਲੋਕ ਇਸ ਫਿਲਮ ਨੂੰ ਦੇਖਣਗੇ ਅਤੇ ਤੁਹਾਡੇ ਵੱਲੋਂ ਉਠਾਏ ਮੁੱਦਿਆਂ ਬਾਰੇ ਸੋਚਣਗੇ। ਇਹ ਹੀ ਤੁਹਾਡੇ ਰਿਵੀਊ ਦੀ ਪ੍ਰਾਪਤੀ ਹੋਵੇਗੀ।

    ਇਸ ਤਰ੍ਹਾਂ ਦੇ ਹੋਰ ਰਿਵੀਊ ਲਿਖਣ ਦੀ ਜ਼ਰੂਰਤ ਹੈ।

    ReplyDelete
  4. ਇਕਬਾਲ ਜੀ ਮੇਰੀ ਸਮਝ ਮੁਤਾਬਕ ਸੁਆਲਾਂ ਨੂੰ ਜੁਆਬਾਂ ਦੀ ਤਲਬ ਹੁੰਦੀ ਹੈ ਜੇ ਜੁਆਬ ਅੱਗੇ ਹੋਣ ਤਾਂ ਸੁਭਾਵਿਕ ਹੀ ਸੁਆਲ ਪਿੱਛੇ ਰਿਹ ਜਾਂਦੇ ਹਨ ਬਾਕੀ ਤੁਸੀਂ ਮੇਰੇ ਨਾਲੋਂ ਸਿਆਣੇ ਹੋ ਅਜੇ ਲਿਖਣ ਵੱਲ ਕਦਮ ਵਧਾ ਹੀ ਰਿਹਾ ਹਾਂ ਅੱਗੋਂ ਜਰੂਰ ਬਾਰੀਕੀ ਨਾਲ ਲਿਖਾਂਗਾ ........

    ReplyDelete