Tuesday, 20 November 2012

ਗ਼ਦਰ ਸ਼ਤਾਬਦੀ ਤੇ 'ਦੂਜਾ ਗ਼ਦਰ' ਦੀ ਪਰਦਾਪੇਸ਼ੀ


ਦਲਜੀਤ ਅਮੀ

ਗ਼ਦਰ ਪਾਰਟੀ ਦਾ ਇਤਿਹਾਸ ਪੰਜਾਬ ਦੇ ਇਤਿਹਾਸ ਦਾ ਸ਼ਾਨਾਮੱਤਾ ਪੰਨਾ ਹੈ। ਇਸ ਦੀਆਂ ਤੰਦਾਂ ਤਤਕਾਲੀ ਮੁਕਾਮੀ ਹਾਲਾਤ ਤੇ ਕੌਮਾਂਤਰੀ ਮਾਹੌਲ ਵਿੱਚੋਂ ਦੀ ਹੁੰਦੀਆਂ ਹੋਈਆਂ ਸਾਮਰਾਜ ਖ਼ਿਲਾਫ਼ ਆਲਮੀ ਜੰਗ ਨਾਲ ਜੁੜਦੀਆਂ ਹਨ। ਪੰਜਾਬ ਵਿੱਚੋਂ ਰੋਜ਼ੀ-ਰੋਟੀ ਦੀ ਭਾਲ ਵਿੱਚ ਗਏ ਬੰਦੇ ਤੋਂ ਉੱਤਰੀ ਅਮਰੀਕਾ ਦੀ ਜ਼ਲਾਲਤ ਝੱਲੀ ਨਾ ਗਈ। ਹਾਲਾਤ ਤੋਂ ਬਿਹਤਰ ਸੋਝੀ ਦੇਣ ਵਾਲਾ ਕੋਈ ਨਹੀਂ। ਜ਼ਲਾਲਤ ਤੋਂ ਨਿਜਾਤ ਪਾਉਣ ਦੀ ਚਾਰਾਜੋਈ ਪੰਜਾਬੀ ਬੰਦੇ ਨੂੰ ਸਾਮਰਾਜ ਖ਼ਿਲਾਫ਼ ਲੜਾਈ ਤੱਕ ਲੈ ਗਈ। ਸਾਮਰਾਜੀ ਹੈਂਕੜ ਦੀ ਨੁਮਾਇਸ਼ ਉਨ੍ਹਾਂ ਦੇ ਆਪਣੇ ਵਤਨ ਵਿੱਚ ਲੱਗੀ ਹੋਈ ਸੀ ਜੋ ਨਵੀਂ ਆਈ ਸੋਝੀ ਲਈ ਹਰ ਹਾਲਤ ਵਿੱਚ ਕਬੂਲ ਕਰਨ ਵਾਲਾ ਸੱਦਾ ਸਾਬਤ ਹੋਈ। ਰੋਜ਼ੀ ਦੀ ਭਾਲ ਵਿੱਚ ਗਿਆ ਬੰਦਾ ਆਪਣੇ ਮੁਲਕ ਦੀ ਸਾਮਰਾਜ ਤੋਂ ਬੰਦਖਲਾਸੀ ਦਾ ਸੁਫ਼ਨਾ ਲੈਕੇ ਪਰਤਿਆ। ਪਤਾ ਲੱਗਿਆ ਕਿ ਸਾਮਰਾਜ ਦਾ ਤੰਤਰ ਪਿੰਡ ਦੇ ਲੰਬੜਦਾਰਾਂ ਤੇ ਜ਼ੈਲਦਾਰਾਂ ਤੋਂ ਹੁੰਦਾ ਹੋਇਆ ਆਵਾਮ ਦੀ ਅਗਿਆਨਤਾ ਤੇ ਸਰਕਾਰ ਦੇ ਮੁਖ਼ਬਰਾਂ ਦੇ ਆਸਰੇ ਫ਼ੌਜਾਂ ਤੇ ਅਸਲੇ ਦੇ ਜ਼ੋਰ ਨਾਲ ਚਲਦਾ ਹੈ। ਉੱਤਰੀ ਅਮਰੀਕਾ ਵਿੱਚ ਸਾਫ਼ ਦਿਸਦਾ ਸਾਮਰਾਜ ਦਾ ਚਿਹਰਾ ਬੰਦਰਗਾਹਾਂ ਉੱਤੇ ਉਤਰਦਿਆਂ ਤੱਕ ਝਉਲਾ ਹੋ ਗਿਆ।

ਕਾਮਯਾਬੀ ਤੇ ਨਾਕਾਮਯਾਬੀ ਦਾ ਮਸਲਾ ਵੱਖ ਰਿਹਾ ਪਰ ਜਜ਼ਬੇ ਦੇ ਜ਼ੋਰ ਨਾਲ ਗ਼ਦਰੀਆਂ ਨੇ ਸਿਦਕਦਿਲੀ, ਦਰਦਮੰਦੀ ਤੇ ਬੇਗਰਜ਼ੀ ਦੀ ਮਿਸਾਲ ਪੈਦਾ ਕਰ ਦਿੱਤੀ। ਗ਼ਦਰ ਪਾਰਟੀ ਨੇ ਹਥਿਆਰਬੰਦ ਇਨਕਲਾਬ ਨਾਲ ਸਾਮਰਾਜ ਦਾ ਜੂਲਾ ਵੱਢਣ ਦਾ ਸੁਫ਼ਨਾ ਬੀਜਿਆ ਜਿਸ ਦਾ ਵਿਰਾਸਤ ਦਾ ਦਾਅਵਾ ਇੱਕ ਸਦੀ ਬਾਅਦ ਵੀ ਕਾਰਜਸ਼ੀਲ ਹੈ। ਮੌਜੂਦਾ ਦੌਰ ਵਿੱਚ ਪਛਾਣ ਦੀ ਸਿਆਸਤ ਰਾਹੀਂ ਇਤਿਹਾਸ ਦੀ ਵਿਆਖਿਆ ਦਾ ਰੁਝਾਨ ਮੂੰਹਜ਼ੋਰ ਹੋ ਗਿਆ ਹੈ। ਵਿਦਵਤਾ ਦੀ ਮੌਜੂਦਾ ਮੰਡੀ ਵਿੱਚ ਗ਼ਦਰੀਆਂ ਦੀ ਪਛਾਣ ਦੀ ਵੰਨ-ਸਵੰਨਤਾ ਨੂੰ ਦਰਕਿਨਾਰ ਕਰਕੇ 'ਅੰਤਿਮ ਸੱਚ ਦੇ ਦਾਅਵੇ' ਤੇ 'ਸਾਜ਼ਿਸ਼ ਬੇਪਰਦ ਕਰਨ' ਵਾਲੀਆਂ ਵਿਆਖਿਆਵਾਂ ਦੀ ਚੋਖੀ ਪੁੱਛ ਹੈ। ਗ਼ਦਰ ਪਾਰਟੀ ਦੀ ਸਥਾਪਨਾ ਦੇ ਸ਼ਤਾਬਦੀ ਵਰ੍ਹੇ ਦੌਰਾਨ ਦਾਅਵਿਆਂ, ਜਵਾਬੀ-ਦਾਅਵਿਆਂ, ਪੁਸ਼ਟੀਆਂ, ਨਵੇਂ ਤੱਥਾਂ ਤੇ ਸੱਜਰੀਆਂ ਵਿਆਖਿਆਵਾਂ ਦਾ ਅਖਾੜਾ ਭਖਣ ਲੱਗਿਆ ਹੈ। 

ਲੇਖਾਂ, ਕਿਤਾਬਾਂ, ਗੋਸ਼ਟੀਆਂ, ਤਕਰੀਰਾਂ ਤੋਂ ਲੈਕੇ ਫ਼ਿਲਮਾਂ ਤੇ ਹੋਰ ਕਲਾਵਾਂ ਨੇ ਗ਼ਦਰ, ਗ਼ਦਰੀ ਬਾਬਿਆਂ ਤੇ ਵਿਰਾਸਤ ਦੀ ਦਾਅਵੇਦਾਰੀ ਨਾਲ ਸੰਵਾਦ ਕਰਨਾ ਹੈ। ਇਸ ਲੇਖ ਦਾ ਮੰਤਵ ਇਸੇ ਲੜੀ ਦੀ ਕੜੀ ਵਜੋਂ ਬਣੀ ਫ਼ਿਲਮ 'ਦੂਜਾ ਗ਼ਦਰ' ਦੀ ਪੜਚੋਲ ਕਰਨਾ ਹੈ। ਫੁਲਕਾਰੀ ਰਿਕਾਰਡ ਵੱਲੋਂ ਪੇਸ਼ ਕੀਤੀ ਗਈ 'ਸਾਡਾ ਲੋਕ' ਅਦਾਰੇ ਦੀ ਇਸ ਫ਼ਿਲਮ ਦੇ ਨਿਰਮਾਤਾ-ਨਿਰਦੇਸ਼ਕ ਖ਼ੁਸ਼ਹਾਲ ਲਾਲੀ ਹਨ ਜੋ ਅਖ਼ਬਾਰਾਂ, ਰਸਾਲਿਆਂ, ਰੇਡੀਓ ਤੇ ਟੈਲੀਵਿਜ਼ਨ ਦਾ ਤਜਰਬਾ ਰੱਖਣ ਵਾਲੇ ਖ਼ਬਰਨਵੀਸ ਹਨ। ਲਾਲੀ ਦੀ ਪਲੇਠੀ ਫ਼ਿਲਮ ਇਤਿਹਾਸਕ ਤੱਥਾਂ ਉੱਤੇ ਆਧਾਰਿਤ ਤੇ ਨਿਰਪੱਖ ਹੋਣ ਦੇ ਦਾਅਵੇ ਨਾਲ ਸ਼ੁਰੂ ਹੁੰਦੀ ਹੈ। ਅਠਤਾਲੀ ਮਿੰਟ ਦੀ ਦਸਤਾਵੇਜ਼ੀ ਫ਼ਿਲਮ ਇਸੇ ਦਾਅਵੇ ਨਾਲ ਵਫ਼ਾ ਕਰਨ ਦੀ ਮਸ਼ਕ ਜਾਪਦੀ ਹੈ। ਫ਼ਿਲਮ ਭਗਤ ਸਿੰਘ ਰਾਹੀਂ ਕਰਤਾਰ ਸਿੰਘ ਸਰਾਭਾ ਤੇ ਉਸ ਤੋਂ ਅੱਗੇ ਗ਼ਦਰ ਲਹਿਰ ਵੱਲ ਤੁਰਦੀ ਹੈ। ਫ਼ਿਲਮ ਦਾ ਨਾਮ 'ਦੂਜਾ ਗ਼ਦਰ' ਹੈ ਜਿਸ ਦਾ ਪਿਛੋਕੜ ਇਤਿਹਾਸਕਾਰ ਹਰੀਸ਼ ਪੁਰੀ ਦੱਸਦੇ ਹਨ ਤੇ ਮਲਵਿੰਦਰਜੀਤ ਸਿੰਘ ਬੜੈਚ ਦੋਹਰ ਪਾਉਂਦੇ ਹਨ। ਗ਼ਦਰ ਪਾਰਟੀ ਦੀ ਮੁਹਿੰਮ 1857 ਦੇ ਗ਼ਦਰ ਦੀ ਲਗਾਤਾਰਤਾ ਵਿੱਚ ਜਾਪਦੀ ਹੈ। ਲਾਲੀ ਪੇਸ਼ਕਾਰ ਵਜੋਂ ਪਰਦੇ ਉੱਤੇ ਹਾਜ਼ਰ ਹੁੰਦਾ ਹੈ ਤੇ ਗ਼ਦਰ ਪਾਰਟੀ ਦੀ ਮੁਹਿੰਮ ਨੂੰ 'ਪਹਿਲੀ ਹਥਿਆਰਬੰਦ ਲੜਾਈ' ਕਰਾਰ ਦਿੰਦਾ ਹੈ। ਦਰਸ਼ਕ ਦੇ ਮਨ ਵਿੱਚ ਸਵਾਲ ਗੂੰਜਦਾ ਹੈ ਕਿ ਕੀ 
1857 ਦੇ ਗ਼ਦਰ ਵਿੱਚ ਹਥਿਆਰ ਨਹੀਂ ਸਨ ਜਾਂ ਉਸ ਦਾ ਖ਼ਾਸਾ ਇਨਕਲਾਬੀ ਨਹੀਂ ਸੀ? ਇਸ ਤੋਂ ਬਾਅਦ ਫ਼ਿਲਮ ਕਈ ਤੰਦਾਂ ਇੱਕੋ ਵੇਲੇ ਛੇਡਦੀ ਹੈ। ਉੱਤਰੀ ਅਮਰੀਕਾ ਵਿੱਚ ਪੰਜਾਬੀ ਭਾਈਚਾਰੇ ਦਾ ਮੁੱਢ ਬੰਨਣ ਵਾਲਿਆਂ ਦੀ ਬਾਤ ਸ਼ਮੀਲ ਤੋਰਦਾ ਹੈ। ਚਰੰਜੀ ਲਾਲ ਕੰਗਣੀਵਾਲ ਤਤਕਾਲੀ ਅਰਥਚਾਰੇ ਦਾ ਮੁੱਦਾ ਪੇਸ਼ ਕਰਦਾ ਹੈ। ਦਿਦਾਰ ਸਿੰਘ ਬੈਂਸ ਦੱਸਦੇ ਹਨ ਕਿ 1880ਵਿਆਂ ਤੇ 90ਵਿਆਂ ਦੌਰਾਨ ਖ਼ੁਸ਼ਹਾਲੀ ਤੇ ਰੁਜ਼ਗਾਰ ਭਾਲਦੇ ਪੰਜਾਬੀਆਂ ਦੇ ਸੁਫ਼ਨਿਆਂ ਵਿੱਚ ਉੱਤਰੀ ਅਮਰੀਕਾ ਤੇ ਯੂਰਪ ਕਿਵੇਂ ਆਏ। ਡਾ. ਪ੍ਰਿਤਪਾਲ ਸਿੰਘ ਪਰਦੇਸੀ ਹੋਈ ਸਿੱਖਾਂ ਦੀ ਵੱਡੀ ਗਿਣਤੀ ਤੇ ਸਰਬਤ ਦੇ ਭਲੇ ਵਾਲੇ ਫ਼ਲਸਫ਼ੇ ਦੀ ਗੱਲ ਤੋਰ ਦਿੰਦੇ ਹਨ। ਰਾਜ ਭਨੋਟ ਤਤਕਾਲੀ ਹਾਲਾਤ ਵਿੱਚ ਰੁਜ਼ਗਾਰ ਦੇ ਮੌਕਿਆਂ ਤੇ ਨਸਲੀ ਵਿਤਕਰੇ ਦਾ ਜ਼ਿਕਰ ਕਰਦੇ ਹਨ। ਇਨ੍ਹਾਂ ਸਾਰੀਆਂ ਗੱਲਾਂ ਦਰਮਿਆਨ ਇਤਿਹਾਸਕਾਰ ਹਰੀਸ਼ ਪੁਰੀ ਤੇ ਮਲਵਿੰਦਰਜੀਤ ਸਿੰਘ ਬੜੈਚ ਕੁਝ ਖੱਪੇ ਪੂਰਦੇ ਹਨ ਤੇ ਨਾਲੋਂ-ਨਾਲ ਵਿਆਖਿਆ ਕਰਦੇ ਹਨ। ਇਸ ਦੇ ਨਾਲ ਹੀ ਕੁਝ ਘਟਨਾਵਾਂ ਦੀ ਨਾਟਕੀ ਪੁਸ਼ਕਾਰੀ ਹੁੰਦੀ ਰਹਿੰਦੀ ਹੈ। ਬਾਬਾ ਜਵਾਲਾ ਸਿੰਘ ਦੀਆਂ ਤਕਰੀਰਾਂ ਹਨ। ਲਾਲਾ ਹਰਦਿਆਲ, ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ, ਬਾਬਾ ਸੋਹਣ ਸਿੰਘ ਭਕਣਾ ਤੇ ਪੰਡਿਤ ਕਾਂਸ਼ੀ ਰਾਮ ਪਰਦੇ ਉੱਤੇ ਪੇਸ਼ ਹੁੰਦੇ ਹਨ। 

ਦਸਤਾਵੇਜ਼ੀ ਫ਼ਿਲਮ ਵਿੱਚ ਨਾਲੋ-ਨਾਲ ਕਹਾਣੀਆਂ ਸੁਣਾਉਣ ਜਾਂ ਇੱਕੋ ਵੇਲੇ ਕਈ ਵਿਚਾਰ ਪੇਸ਼ ਕਰਨ ਦਾ ਰੁਝਾਨ ਹੈ। ਇਸ ਪੱਖੋਂ ਇਹ ਫ਼ਿਲਮ ਦਿਲਚਸਪ ਹੈ ਤੇ ਦਰਸ਼ਕ ਲਈ ਲਗਾਤਾਰ ਅਣਕਹੇ-ਅਣਦੱਸੇ ਦੀ ਵਿੱਥ ਸਿਰਜਦੀ ਜਾਂਦੀ ਹੈ। ਜਦੋਂ ਨਾਟਕੀ ਪੇਸ਼ਕਾਰੀ ਦਾ ਸਹਾਰਾ ਲਿਆ ਜਾਂਦਾ ਹੈ ਤਾਂ ਵਿਧਾ ਪੱਖੋਂ ਇਹ ਫ਼ਿਲਮ ਦਸਤਾਵੇਜ਼ੀ ਦੀ ਥਾਂ ਨਾਟ-ਦਸਤਾਵੇਜ਼ੀ ਹੋ ਜਾਂਦੀ ਹੈ। ਜਦੋਂ ਲਾਲੀ ਦੀ ਖ਼ਬਰਨਵੀਸ ਵਾਲੀ ਕਾਹਲ ਤੇ ਨਾਟਕੀ ਖੁੱਲ੍ਹ ਦਾ ਜਮਾਂਜੋੜ ਬਣਦਾ ਹੈ ਤਾਂ ਫ਼ਿਲਮ ਦੀਆਂ ਕੜੀਆਂ ਕਿਸੇ ਲੜੀ ਦਾ ਹਿੱਸਾ ਬਣਨ ਤੋਂ ਰਹਿ ਜਾਂਦੀਆਂ ਹਨ। 'ਦੂਜਾ ਗ਼ਦਰ' ਰਾਹੀਂ ਲਾਲੀ ਨੇ ਗ਼ਦਰ ਲਹਿਰ ਬਾਬਤ ਕਈ ਇਸ਼ਾਰੇ ਕੀਤੇ ਹਨ। ਕਈ ਪੱਖ ਛੂਹ ਕੇ ਛੱਡ ਦਿੱਤੇ ਹਨ। ਇਸ ਮਸ਼ਕ ਰਾਹੀਂ ਇਹ ਸਾਫ਼ ਹੋ ਗਿਆ ਹੈ ਕਿ ਗ਼ਦਰ ਲਹਿਰ ਦਾ ਸਿਆਸੀ, ਸਭਿਆਚਾਰਕ, ਇਤਿਹਾਸਕ ਤੇ ਵਿਚਾਰਕ ਪਿਛੋਕੜ ਜਦੋਂ ਤਤਕਾਲੀ ਹਾਲਾਤ ਵਿੱਚੋਂ ਮੌਜੂਦਾ ਦੌਰ ਤੱਕ ਪੁੱਜਦਾ ਹੈ ਤਾਂ ਇਸ ਦੀ ਪੇਚੀਦਗੀ ਨੂੰ ਜਰਬਾਂ ਆਉਂਦੀਆਂ ਹਨ। ਖ਼ੁਸ਼ਹਾਲ ਲਾਲੀ ਦੀ ਪਲੇਠੀ ਫ਼ਿਲਮ ਇਸ ਪੇਚੀਦਗੀ ਤੋਂ ਪਾਸਾ ਵੱਟ ਕੇ ਨਿਕਲ ਗਈ ਹੈ। ਆਸ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਸਾਲ ਵਿੱਚ ਗ਼ਦਰ ਲਹਿਰ ਨਾਲ ਵੱਖ-ਵੱਖ ਪੈਂਤੜਿਆਂ ਤੋਂ ਸੰਵਾਦ ਕਰਦੀਆਂ ਕਈ ਫ਼ਿਲਮਾਂ ਆਉਣਗੀਆਂ। 'ਦੂਜਾ ਗ਼ਦਰ' ਬਾਕੀ ਫ਼ਿਲਮਸਾਜ਼ਾਂ ਲਈ ਚੰਗਾ ਹਵਾਲਾ ਸਾਬਤ ਹੋ ਸਕਦੀ ਹੈ। ਲਾਲੀ ਦੀ ਫ਼ਿਲਮਸਾਜ਼ ਵਜੋਂ ਆਮਦ ਖ਼ੁਸ਼ਗਵਾਰ ਹੈ। ਉਸ ਤੋਂ ਇਸੇ ਵਿਸ਼ੇ ਦੇ ਨਾਲ-ਨਾਲ ਹੋਰ ਵਿਸ਼ਿਆਂ ਉੱਤੇ ਫ਼ਿਲਮਾਂ ਦੀ ਆਸ ਕੀਤੀ ਜਾਣੀ ਚਾਹੀਦੀ ਹੈ। 

(ਲੇਖਕ ਆਪ ਦਸਤਾਵੇਜ਼ੀ ਫ਼ਿਲਮਸਾਜ਼ ਹੈ ਤੇ ਅੱਜ-ਕੱਲ ਟੈਲੀਵਿਜ਼ਨ ਚੈਨਲ 'ਡੇਅ ਐਂਡ ਨਾਇਟ ਨਿਉਜ਼' ਵਿੱਚ ਬਤੌਰ ਸੰਪਾਦਕੀ ਸਲਾਹਕਾਰ ਕੰਮ ਕਰਦਾ ਹੈ।)

(ਇਹ ਲੇਖ ਪਹਿਲਾਂ 18 ਨਵੰਬਰ 2012 ਨੂੰ ਨਵਾਂ ਜ਼ਮਾਨਾ ਵਿੱਚ ਛਪਿਆ।)








No comments:

Post a Comment