ਗ਼ਲਬਿਆਂ ਦੀ ਨਿਸ਼ਾਨਦੇਹੀ ਕਰਦੀ ਫ਼ਿਲਮ 'ਦਿ ਲਾਈਵਜ਼ ਔਫ ਅਦਰਜ਼'
ਜਤਿੰਦਰ ਮੌਹਰ
ਰੂਸੋ ਦਾ ਮਸ਼ਹੂਰ ਕਥਨ ਹੈ ਕਿ ਮਨੁੱਖ ਆਜ਼ਾਦ ਪੈਦਾ ਹੋਇਆ ਸੀ ਪਰ ਥਾਂ-ਥਾਂ ਬੇੜੀਆਂ ਨਾਲ ਜਕੜਿਆ ਹੋਇਆ ਹੈ। ਮਨੁੱਖੀ ਸੱਭਿਅਤਾ ਦਾ ਇਤਿਹਾਸ ਬੇੜੀਆਂ ਅਤੇ ਗ਼ਲਬਿਆਂ ਤੋਂ ਮੁਕਤ ਹੋਣ ਦੇ ਸੁਪਨਿਆਂ ਅਤੇ ਸੰਘਰਸ਼ਾਂ ਦੀ ਹੋਣੀ ਰਿਹਾ ਹੈ। ਗ਼ਾਲਬਾਂ ਨੇ ਜਦੋਂ ਢਾਂਚੇ ਦਾ ਰੂਪ ਧਾਰਿਆ ਤਾਂ ਮਨੁੱਖ ਲਈ ਹਾਲਾਤ ਬਦ ਤੋਂ ਬਦਤਰ ਹੁੰਦੇ ਗਏ। ਹੱਥ ਚਾਹੇ ਗ਼ਾਲਬਾਂ ਦਾ ਉੱਪਰ ਰਿਹਾ ਹੋਵੇ ਪਰ ਮਨੁੱਖ ਨੇ ਹਾਰਨਾ ਨਹੀਂ ਸਿੱਖਿਆ। ਉਹ ਹਰ ਤਰ੍ਹਾਂ ਦੇ ਦਾਬੇ ਅਤੇ ਗ਼ਲਬੇ ਤੋਂ ਮੁਕਤੀ ਪਾਉਣ ਦੇ ਨਿਸ਼ਾਨੇ ਵੱਲ ਸਬੂਤੇ ਕਦਮੀ ਤੁਰਦਾ ਰਿਹਾ ਹੈ। ਬੇਸ਼ੱਕ ਡਾਹਢਿਆਂ ਨੇ ਸਦੀਆਂ ਤੋਂ ਬੰਦੇ ਨੂੰ ਮਨੁੱਖ ਤੋਂ ਸ਼ਿਕਾਰੀ ਬਣਨ ਦਾ ਪਾਠ ਪੜ੍ਹਾਇਆ ਹੋਵੇ ਪਰ ਮਨੁੱਖ ਨੇ ਆਪਣਾ ਮੂਲ ਨਹੀਂ ਛੱਡਿਆ। ਨਾਖ਼ੁਸ਼ਗਵਾਰ ਹਾਲਾਤ ਵਿੱਚ ਬੰਦੇ ਨੇ ਬੰਦਾ ਹੋਣ ਦਾ ਸਬੂਤ ਦਿੱਤਾ ਹੈ। ਅਜਿਹੇ ਹੀ ਖ਼ੁਸ਼ਕ ਮੌਸਮਾਂ ਦੇ ਵੇਗ 'ਚੋਂ ਬੰਦੇ ਦਾ ਆਪਾ ਤਲਾਸ਼ਦੀ ਜਰਮਨ ਫ਼ਿਲਮ ਹੈ 'ਦਿ ਲਾਈਵਜ਼ ਔਫ ਅਦਰਜ਼' ਜੋ ਲੇਖਕ ਅਤੇ ਹਦਾਇਤਕਾਰ ਫਲੋਰੀਅਨ ਹੈਂਕਲ ਵਾਨ ਡੌਨਰਸਮਾਰਕ ਦੀ ਪਲੇਠੀ ਫ਼ਿਲਮ ਹੈ। ਫ਼ਿਲਮ ਅੱਸੀਵਿਆਂ ਦੇ ਅੱਧ 'ਚ ਪੂਰਬੀ ਜਰਮਨ ਦੀ ਖ਼ੁਫ਼ੀਆ ਪੁਲਿਸ 'ਸਟਾਸੀ' ਦੇ ਮੁਲਕਵਾਸੀਆਂ ਖ਼ਿਲਾਫ਼ ਚਲਾਏ ਦਹਿਸ਼ਤ-ਚੱਕਰ ਨੂੰ ਬੇਪਰਦ ਕਰਦੀ ਹੈ। ਸਟਾਸੀ 'ਚ ਪੌਣੇ ਤਿੱੰਨ ਲੱਖ ਖ਼ੁਫ਼ੀਆ ਅਫ਼ਸਰ ਅਤੇ ਪੰਜ ਲੱਖ ਤੋਂ ਵੱਧ ਮੁਖ਼ਬਰ ਸ਼ਾਮਲ ਸਨ। ਕੁਝ ਅੰਕੜਿਆਂ ਮੁਤਾਬਕ ਮੁਖ਼ਬਰਾਂ ਦੀ ਗਿਣਤੀ ਵੀਹ ਲੱਖ ਤੋਂ ਵੱਧ ਸੀ। ਇਨ੍ਹਾਂ ਵਿੱਚ ਕਲਾਕਾਰਾਂ ਅਤੇ ਬੁੱਧੀਜੀਵੀਆਂ ਤੋਂ ਲੈ ਕੇ ਹਰ ਤਬਕੇ ਦੇ ਲੋਕ ਸ਼ਾਮਲ ਸਨ। ਲੋਕਾਂ ਦੀ ਨਿੱਜੀ ਜ਼ਿੰਦਗੀ 'ਚ ਸਟਾਸੀ ਦਾ ਖੁੱਲ੍ਹਾ ਤੇ 'ਕਾਨੂੰਨੀ' ਦਖ਼ਲ ਉਨ੍ਹਾਂ ਨੂੰ ਕਾਬੂ 'ਚ ਰੱਖਣ ਲਈ 'ਜਾਇਜ਼' ਸਮਝਿਆ ਜਾਂਦਾ ਸੀ। ਕਲਾਕਾਰਾਂ ਅਤੇ ਲੇਖਕਾਂ ਉੱਤੇ ਅੱਖ ਰੱਖਣ ਲਈ ਸਟਾਸੀ ਦੇ ਅੰਦਰ ਸੱਭਿਆਚਾਰਕ ਮਹਿਕਮਾ ਸੀ।
ਫ਼ਿਲਮ ਦਾ ਕਿਰਦਾਰ ਜਾਰਜ ਡਰੇਮੈਨ ਕਾਮਯਾਬ ਅਤੇ ਸਰਕਾਰ-ਪੱਖੀ ਨਾਟ-ਲੇਖਕ ਹੈ ਪਰ ਸੱਭਿਆਚਾਰ ਮੰਤਰੀ ਬਰੂਨੋ ਹੈਮਫ ਨੂੰ ਉਸਦੀ ਵਫ਼ਾਦਾਰੀ ਨੁਮਾਇਸ਼ੀ ਲੱਗਦੀ ਹੈ। ਉਹ ਲੇਖਕ ਦੀ ਜਾਸੂਸੀ ਦਾ ਕੰਮ ਖ਼ੁਫ਼ੀਆ ਅਫ਼ਸਰ ਗਰੂਬਿਟਜ਼ ਨੂੰ ਸੌਂਪਦਾ ਹੈ ਜੋ ਕੰਮ ਨੂੰ ਤਰੱਕੀ ਦਾ ਸਬੱਬ ਮੰਨਦਾ ਹੈ। ਗਰੂਬਿਟਜ਼, ਅਗਾਂਹ ਕੰਮ ਦਾ ਜ਼ਿੰਮਾ ਕੈਪਟਨ ਗੈਰਡ ਵੈਜ਼ਲਰ ਨੂੰ ਦਿੰਦਾ ਹੈ ਜੋ ਪੁੱਛਗਿੱਛ ਅਤੇ ਤਸ਼ੱਦਦ ਦੇ ਮਾਮਲੇ 'ਚ ਸਟਾਸੀ ਦੇ ਸਖ਼ਤ, ਬੇਰਹਿਮ ਅਤੇ 'ਹੁਨਰਮੰਦ' ਅਫ਼ਸਰਾਂ ਵਿੱਚੋਂ ਹੈ। ਰਾਜ-ਪ੍ਰਬੰਧ ਦੇ ਇਨ੍ਹਾਂ ਬੇਨਾਮ ਅਤੇ ਅਣਥੱਕ ਕਲ-ਪੁਰਜਿਆਂ ਨੂੰ ਬੇਪਨਾਹ ਯਕੀਨ ਹੁੰਦਾ ਹੈ ਕਿ ਉਹ ਲੋਕਤੰਤਰੀ, ਦੇਸ਼-ਭਗਤ ਅਤੇ ਸਮਾਜਪੱਖੀ ਢਾਂਚੇ ਦੀ ਤਰੱਕੀ 'ਚ ਅਹਿਮ ਯੋਗਦਾਨ ਪਾ ਰਹੇ ਹਨ। ਡਰੇਮੈਨ ਦੇ ਘਰ ਦੀਆਂ ਕੰਧਾਂ ਨੂੰ ਬਹੁਤ ਸਾਰੇ ਕੰਨ ਅਤੇ ਮੁੱਖ ਦਰਵਾਜ਼ੇ 'ਤੇ ਅੱਖ ਲਗਾ ਦਿੱਤੀ ਜਾਂਦੀ ਹੈ। ਦੇਖਿਆ-ਸੁਣਿਆ ਦਰਜ ਕੀਤਾ ਜਾਂਦਾ ਹੈ। ਹੌਲੀ- ਹੌਲੀ ਵੈਜ਼ਲਰ ਨੂੰ ਜਾਸੂਸੀ ਦੀ ਅਸਲੀ ਵਜ੍ਹਾ ਪਤਾ ਲੱਗਦੀ ਹੈ। ਮੰਤਰੀ ਬਰੂਨੋ ਹੈਮਫ, ਡਰੇਮੈਨ ਦੀ ਅਦਾਕਾਰ ਪ੍ਰੇਮਿਕਾ ਕਰਿਸਟਾ ਉੱਤੇ ਆਸ਼ਕ ਹੈ। ਡਰੇਮੈਨ ਨੂੰ ਨੀਵਾਂ ਦਿਖਾਉਣ ਲਈ ਉਹ ਸਟਾਸੀ ਨੂੰ ਵਰਤਦਾ ਹੈ। ਗਰੂਬਿਟਜ਼ ਲਈ ਇਹ ਤਰੱਕੀ ਪਾਉਣ ਦਾ ਜ਼ਰੀਆ ਹੈ। ਸਮਾਂ ਬੀਤਣ ਨਾਲ ਵੈਜ਼ਲਰ ਨੂੰ ਅਹਿਸਾਸ ਹੁੰਦਾ ਹੈ ਕਿ ਡਰੇਮੈਨ ਅਤੇ ਕਰਿਸਟਾ ਚੰਗੇ ਪ੍ਰੇਮੀ, ਨਫ਼ੀਸ ਅਤੇ ਪਿਆਰੇ ਮਨੁੱਖ ਹਨ। ਦੋਵੇਂ ਪ੍ਰੇਮੀਆਂ ਨੂੰ ਸੁਣਦਿਆਂ-ਵੇਖਦਿਆਂ, ਵੈਜ਼ਲਰ ਮੋਹ-ਪਿਆਰ, ਕਾਮ, ਸੰਗੀਤ, ਸਾਹਿਤ ਅਤੇ ਕਲਾ ਬਾਰੇ ਨਵੇਂ ਸਿਰਿਓਂ ਸੋਚਣਾ ਸ਼ੁਰੂ ਕਰਦਾ ਹੈ। ਉਸਦੇ ਅੰਦਰਲਾ ਬੰਦਾ ਸਿਰ ਚੁੱਕਣ ਲੱਗਦਾ ਹੈ। ਉਸ ਨੂੰ ਮੁਲਕ-ਵਾਸੀਆਂ 'ਤੇ ਸ਼ੱਕ ਕਰਨਾ ਸਿਖਾਇਆ ਗਿਆ ਅਤੇ ਬੰਦੇ ਦੀ ਪਛਾਣ ਦੁਸ਼ਮਣ ਦੇ ਰੂਪ 'ਚ ਪੜ੍ਹਾਈ ਗਈ ਸੀ। ਦੂਜਿਆਂ ਦੀ ਨਿੱਜਤਾ 'ਚ ਗ਼ੈਰ-ਜ਼ਰੂਰੀ ਦਖ਼ਲ ਦੇਣ ਵਾਲੇ ਦਾ ਆਪਾ ਸਵਾਲਾਂ ਦੇ ਘੇਰੇ 'ਚ ਆ ਜਾਂਦਾ ਹੈ। ਨਾ-ਚਾਹੁੰਦੇ ਹੋਏ ਉਸ ਦੀ ਮਨੁੱਖੀ ਤੰਦ ਡਰੇਮੈਨ ਤੇ ਕਰਿਸਟਾ ਨਾਲ ਜੁੜ ਜਾਂਦੀ ਹੈ। ਏਹੀ ਉਸਦੀ ਮੁੜ ਬਹਾਲੀ ਦਾ ਸੰਘਰਸ਼ ਹੈ। ਹੁਣ ਉਹ ਵੇਸਵਾ ਨੂੰ ਲੰਬੀ ਦੇਰ ਗੱਲ ਕਰਨ ਲਈ ਕਹਿੰਦਾ ਹੈ। ਬਰੈਖ਼ਤ ਨੂੰ ਪੜ੍ਹਦਾ ਤੇ ਸੰਗੀਤ ਸੁਣਦਾ ਹੈ। ਫ਼ਿਲਮ ਦੱਸਦੀ ਹੈ ਕਿ ਸਮੇਂ ਦਾ ਸੱਚ ਲਿਖਣਾ ਲੇਖਕ ਦੀ ਜ਼ਿੰਮੇਵਾਰੀ ਹੈ। ਉਹ ਮੁਲਕ ਦੀ ਚੇਤਨਾ ਦਾ ਨੁਮਾਇੰਦਾ ਬਣ ਕੇ ਸਰਕਾਰ ਨੂੰ ਜ਼ਿੰਮੇਵਾਰ ਬਣਾਉਂਦਾ ਹੈ। ਜ਼ਿੰਮੇਵਾਰੀ ਤੋਂ ਭੱਜੀ ਸਰਕਾਰ ਚੇਤਨਾ ਦੇ ਸੋਮਿਆਂ ਨੂੰ ਬੰਨ੍ਹ ਮਾਰਨ 'ਚ ਯਕੀਨ ਕਰਦੀ ਹੈ। ਪਾਬੰਦੀ, ਕਿਰਦਾਰਕੁਸ਼ੀ, ਜੇਲ੍ਹ ਅਤੇ ਖ਼ੁਦਕੁਸ਼ੀ ਜਹੇ ਰੁਝਾਨ ਨਾਬਰ-ਸੁਰਾਂ 'ਤੇ ਥੋਪੇ ਜਾਂਦੇ ਹਨ। ਸੰਨ 1977 'ਚ ਪੂਰਬੀ ਜਰਮਨੀ ਨੇ ਖ਼ੁਦਕੁਸ਼ੀਆਂ ਦੇ ਅੰਕੜੇ ਇਕੱਠੇ ਕਰਨੇ ਬੰਦ ਕਰ ਦਿੱਤੇ ਸਨ। ਇਸੇ ਸਾਲ ਯੂਰਪ ਵਿੱਚ ਖ਼ੁਦਕੁਸ਼ੀਆਂ ਦੇ ਮਾਮਲੇ 'ਚ ਪੂਰਬੀ ਜਰਮਨੀ ਦਾ ਦੂਜਾ ਦਰਜਾ ਸੀ। ਇਸ ਅਣਮਨੁੱਖੀ ਰੁਝਾਨ ਦੀ ਕੜੀ ਪੰਜਾਬੀ ਸੰਗਤ ਨਾਲ ਜੁੜ ਜਾਂਦੀ ਹੈ ਜਦੋਂ ਸੂਬੇ ਦਾ ਉਪ ਮੁਖ-ਮੰਤਰੀ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਕਾਰਨ ਦਿਲ ਦੀ ਬੀਮਾਰੀ ਦੱਸਦਾ ਹੈ। ਉੜੀਸਾ ਅਤੇ ਰਾਜਸਥਾਨ ਦੀਆਂ ਸਰਕਾਰਾਂ ਭੁੱਖਮਰੀ ਨਾਲ ਹੋਈਆਂ ਮੌਤਾਂ ਤੋਂ ਮੁੱਕਰ ਜਾਂਦੀਆਂ ਹਨ। ਸਾਡੇ ਮੁਲਕ 'ਚ ਆਰਥਿਕ ਤੰਗੀ ਸਦਕਾ ਹੋਈਆਂ ਮੌਤਾਂ ਕਿਸੇ ਖ਼ਾਤੇ ਨਹੀਂ ਪੈਂਦੀਆਂ। ਮੁਲਕ ਦੀ ਕੁਲ ਵਸੋਂ ਦੇ ਅਠੱਤਰ ਫੀਸਦੀ ਲੋਕਾਂ ਨੂੰ ਅਣਡਿੱਠ ਕੀਤਾ ਜਾਂਦਾ ਹੈ ਜੋ ਵੀਹ ਰੁਪਏ ਤੋਂ ਹੇਠਾਂ ਦੀ ਰੋਜ਼ਾਨਾ ਆਮਦਨ ਨਾਲ ਗੁਜ਼ਾਰਾ ਕਰਦੇ ਹਨ। ਸਰਕਾਰ ਉਨ੍ਹਾਂ ਦੀ ਗ਼ਰੀਬੀ ਓਟਣ ਤੋਂ ਪਾਸਾ ਵੱਟ ਜਾਂਦੀ ਹੈ।
ਚੇਤਨ ਮਨੁੱਖਾਂ ਦਾ ਚੁੱਪ ਵੱਟਣਾ, ਮਰਨਾ ਜਾਂ ਮਾਰਿਆ ਜਾਣਾ ਲੋਕਾਈ ਦੇ ਸੁਪਨਿਆਂ ਅਤੇ ਉਮੀਦਾਂ ਨੂੰ ਧੁੰਦਲਾ ਕਰਦਾ ਹੈ। ਪਾਬੰਦੀਯਾਫ਼ਤਾ ਲੇਖਕ ਜੈਰਸਕਾ ਦੀ ਖ਼ੁਦਕੁਸ਼ੀ ਡਰੇਮੈਨ ਲਈ ਅਸਹਿਣਯੋਗ ਹੈ। ਦੁਖੀ ਡਰੇਮੈਨ ਪਿਆਨੋ ਉੱਤੇ ਬੀਥੋਵਨ ਦੀ ਮਸ਼ਹੂਰ ਸਿੰਫਨੀ 'ਅਪੈਸਨਤਾ' ਵਜਾਉਂਦਾ ਹੈ ਜੋ ਲੈਨਿਨ ਨੂੰ ਸਭ ਤੋਂ ਵੱਧ ਪਸੰਦ ਸੀ। ਉਹ ਕਰਿਸਟਾ ਨੂੰ ਦੱਸਦਾ ਹੈ, "ਲੈਨਿਨ ਨੇ ਕਿਹਾ ਸੀ ਜੇ ਮੈਂ ਇਹ ਸਿੰਫਨੀ ਸੁਣਦਾ ਰਿਹਾ ਤਾਂ ਇਨਕਲਾਬ ਪੂਰਾ ਨਹੀਂ ਕਰ ਸਕਦਾ।" ਲੇਖਕ ਸਵਾਲ ਕਰਦਾ ਹੈ, "ਜਿਸ ਆਦਮੀ ਨੇ ਸੱਚੇ ਦਿਲੋਂ ਸੰਗੀਤ ਸੁਣਿਆਂ ਹੋਵੇ ਕੀ ਉਹ ਆਦਮੀ ਬੁਰਾ ਹੋ ਸਕਦਾ ਹੈ?" ਇਹ ਸਵਾਲ ਵੈਜ਼ਲਰ ਨੂੰ ਹਿਲਾ ਕੇ ਰੱਖ ਦਿੰਦਾ ਹੈ ਤੇ ਮੁੜ ਉਹ ਪਹਿਲਾਂ ਵਰਗਾ ਨਹੀਂ ਹੋ ਸਕਦਾ ਅਤੇ ਨਾ ਹੀ ਜਾਸੂਸੀ ਵਰਗੇ ਕੰਮ ਨੂੰ ਸ਼ਿੱਦਤ ਨਾਲ ਕਰ ਸਕਦਾ ਹੈ। ਜਿਸ ਬਾਰੇ ਪਾਸ਼ ਨੇ ਕਿਹਾ ਸੀ ਕਿ ਇਹ ਕੰਮ ਮਨੁੱਖ ਦੀ ਕੁਜਾਤ ਹੀ ਕਰ ਸਕਦੀ ਹੈ। ਇਹ ਮਨੁੱਖੀ ਜ਼ਿੰਦਗੀ ਦਾ ਸਤਿਕਾਰ ਨਾ ਕਰਨ ਵਾਲੀ ਸੋਚ ਦੀ ਦੁਸ਼ਟਤਾ ਹੈ ਜੋ ਸਮੁੱਚੀ ਮਨੁੱਖੀ ਹੋਂਦ ਨੂੰ ਸ਼ੱਕ ਦੇ ਘੇਰੇ ਵਿੱਚ ਲੈ ਆਉਂਦੀ ਹੈ। ਜਿਵੇਂ ਬੰਦੇ ਨੇ ਦੁਨੀਆਂ 'ਤੇ ਜੰਮ ਕੇ ਕੋਈ ਗੁਨਾਹ ਕੀਤਾ ਹੋਵੇ? ਮਨੁੱਖੀ ਖੋਪੜੀ 'ਤੇ ਟੁਣਕਦਾ ਹਕੂਮਤੀ ਡੰਡਾ ਗੁਨਾਹ ਦੇ ਅਹਿਸਾਸ ਨੂੰ ਜਿਉਂਦਾ ਰੱਖਦਾ ਹੈ। ਨਾਬਰੀ ਅਤੇ ਤਬਦੀਲੀ ਦੇ ਬੀਜ ਇਸੇ ਅਹਿਸਾਸ 'ਚੋਂ ਜੜ੍ਹ ਫੜਦੇ ਹਨ। ਡਰੇਮੈਨ ਖ਼ੁਦਕੁਸ਼ੀਆਂ ਦੇ ਰੁਝਾਨ ਬਾਰੇ ਲੇਖ ਲਿਖਣ ਦਾ ਬੀੜਾ ਚੁੱਕ ਲੈਂਦਾ ਹੈ। ਵੈਜ਼ਲਰ, ਡਰੇਮੈਨ ਦਾ ਬਚਾਅ ਕਰਦਾ ਹੋਇਆ ਜਾਣਕਾਰੀ ਮਹਿਕਮੇ ਅੱਗੇ ਨਸ਼ਰ ਨਹੀਂ ਕਰਦਾ। ਪੱਛਮੀ ਜਰਮਨੀ ਦੇ ਮੈਗਜ਼ੀਨ 'ਸਪੀਗਲ' 'ਚ ਛਪੀ ਰਿਪੋਰਟ ਪੜ੍ਹ ਕੇ ਸਰਕਾਰ ਆਪੇ ਤੋਂ ਬਾਹਰ ਹੋ ਜਾਂਦੀ ਹੈ। ਵੈਜ਼ਲਰ ਸ਼ੱਕ ਦੇ ਘੇਰੇ 'ਚ ਆਏ ਡਰੇਮੈਨ ਨੂੰ ਬਚਾਉਣ ਦੀ ਪੂਰੀ ਵਾਹ ਲਗਾਉਂਦਾ ਹੈ ਪਰ ਕੁਜਾਤ ਦੇ ਹੱਥ ਜ਼ਿਆਦਾ ਲੰਮੇ ਸਨ। ਵਾਧੂ ਕੰਨਾਂ ਅਤੇ ਅੱਖਾਂ ਦੀ ਸਿਆਸਤ ਕਰਿਸਟਾ ਦੀ ਅਣਿਆਈ ਮੌਤ ਬਣ ਜਾਂਦੀ ਹੈ। ਵੈਜ਼ਲਰ ਸਬੂਤ ਲੁਕੋਣ 'ਚ ਕਾਮਯਾਬ ਹੋ ਜਾਂਦਾ ਹੈ। ਸਬੂਤਾਂ ਦੀ ਘਾਟ ਅਤੇ ਕਰਿਸਟਾ ਦੀ ਮੌਤ ਕਰਕੇ ਡਰੇਮੈਨ ਨੂੰ ਬਖ਼ਸ਼ ਦਿੱਤਾ ਜਾਂਦਾ ਹੈ। ਵੈਜ਼ਲਰ ਦੀ ਬਦਲੀ ਡਾਕ ਮਹਿਕਮੇ ਦੇ ਖਿੜਕੀ ਰਹਿਤ ਅਤੇ ਦਮ-ਘੋਟੂ ਕਮਰੇ 'ਚ ਹੋ ਜਾਂਦੀ ਹੈ। ਜਿੱਥੇ ਉਸ ਨੇ ਵੀਹ ਸਾਲ ਨੌਕਰੀ ਕਰਨੀ ਹੈ।
ਅਮਰੀਕਾ ਅਤੇ ਯੂਰਪ 'ਚ ਫ਼ਿਲਮ ਨੂੰ ਖ਼ੂਬ ਪ੍ਰਚਾਰਿਆ ਅਤੇ ਖ਼ਿਤਾਬਾਂ ਨਾਲ ਨਿਵਾਜਿਆ ਗਿਆ ਕਿਉਂਕਿ ਪੂਰਬੀ ਜਰਮਨੀ ਸੋਵੀਅਤ-ਸੰਘ ਦੀ ਅਗਵਾਈ ਹੇਠਲੇ ਸਮਾਜਵਾਦੀ ਬਲਾਕ ਵਿੱਚ ਗਿਣਿਆਂ ਜਾਂਦਾ ਸੀ। ਸਾਮਰਾਜੀ ਹਕੂਮਤਾਂ ਨੇ ਸਟਾਸੀ ਦੀ ਵਿਰਾਸਤ ਨੂੰ ਚਾਰ ਚੰਨ ਲਾਉਣ ਲਈ ਤਕਨੀਕੀ ਅਤੇ ਜੱਥੇਬੰਦਕ ਸੂਝ-ਬੂਝ ਦੀਆਂ ਸਿਖ਼ਰਾਂ ਛੂਹੀਆਂ ਹਨ। 'ਸਮਾਜਵਾਦੀ' ਢਾਂਚੇ ਦੀ ਪੁਲਿਸ ਹੋਣ ਦਾ ਵਿਤਕਰਾ ਵੀ ਨਹੀਂ ਕੀਤਾ। ਜਦੋਂ ਤੱਕ ਕੋਈ ਗ਼ਲਬਾ ਮਨੁੱਖਤਾ ਦੇ ਸਿਰ 'ਤੇ ਡੰਡਾ ਲੈ ਕੇ ਖੜਾ ਹੈ ਅਤੇ ਲੋਕ-ਮਸਲਿਆਂ ਤੱਕ ਪਹੁੰਚ ਸਟਾਸੀ ਜਿਹੇ ਅਦਾਰਿਆਂ ਰਾਹੀਂ ਹੋ ਰਹੀ ਹੈ, ਉਦੋਂ ਤੱਕ ਨਾਬਰੀ ਦੀ ਸੁਰ ਨੀਵੀਂ ਨਹੀਂ ਹੋ ਸਕਦੀ। ਬੰਦੇ ਰਾਹੀਂ ਬੰਦੇ ਦੀ ਜਸੂਸੀ ਇਨ੍ਹਾਂ ਗ਼ਲਬਿਆਂ ਦਾ ਇੱਕ ਰੂਪ ਹੈ। ਮਨੁੱਖੀ ਸੰਵੇਦਨਾ ਨੂੰ ਕੇਂਦਰ 'ਚ ਰੱਖ ਕੇ ਰਚਾਇਆ ਸੰਵਾਦ ਮਨੁੱਖ ਦੀ ਕੁਜਾਤ ਦਾ ਅੰਤ ਕਰ ਸਕਦਾ ਹੈ। ਬਰੈਖ਼ਤ ਦੇ ਸ਼ਬਦਾਂ ਵਿੱਚ, "ਜਦੋਂ ਸਾਰਾ ਜੰਗਲ ਫ਼ੌਜੀਆਂ ਨਾਲ ਭਰਿਆ ਹੋਵੇ, ਤੁਸੀਂ ਦਰੱਖਤਾਂ ਬਾਰੇ ਕਵਿਤਾ ਨਹੀਂ ਲਿਖ ਸਕਦੇ।"
No comments:
Post a Comment