Saturday, 10 October 2015

ਸਾਹਿਤ ਅਕਾਦਮੀ ਪੁਰਸਕਾਰ ਮੋੜਨ ਬਾਰੇ ਗੁਰਬਚਨ ਸਿੰਘ ਭੁੱਲਰ ਦਾ ਬਿਆਨ


ਪਿਛਲੇ ਕੁਝ ਸਮੇਂ ਤੋਂ ਸਾਡੇ ਸਮਾਜਕ ਖੇਤਰ ਨੂੰ, ਖਾਸ ਕਰਕੇ ਸਾਹਿਤ ਤੇ ਸਭਿਆਚਾਰ ਨੂੰ ਜਿਸ ਵਿਉਂਤਬੰਦ ਢੰਗ ਨਾਲ ਤੇ ਗਿਣ-ਮਿਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸ ਨਾਲ ਮੈਂ ਬੇਚੈਨ ਤੇ ਫ਼ਿਕਰਮੰਦ ਹੁੰਦਾ ਰਿਹਾ ਹਾਂ। ਸਾਹਿਤ, ਸਭਿਆਚਾਰ, ਬਹੁਭਾਂਤੀ ਕਲਾ, ਇਤਿਹਾਸ, ਆਦਿ ਜਿਹੀਆਂ ਖ਼ੂਬਸੂਰਤ ਮਨੁੱਖੀ ਪਰਾਪਤੀਆਂ ਨੂੰ ਨਿੰਦਿਆ, ਭੰਡਿਆ ਤੇ ਕਰੂਪ ਕੀਤਾ ਜਾ ਰਿਹਾ ਹੈ।

ਕਿਹਾ ਜਾ ਸਕਦਾ ਹੈ ਕਿ ਇਹ ਕੋਈ ਨਵਾਂ ਵਰਤਾਰਾ ਨਹੀਂ ਅਤੇ ਅਜਿਹੀਆਂ ਘਟਨਾਵਾਂ ਕਾਫ਼ੀ ਲੰਮੇ ਸਮੇਂ ਤੋਂ ਵਾਪਰ ਰਹੀਆਂ ਹਨ। ਠੀਕ ਹੀ ਪਿਛਲੇ ਕੁਝ ਦਹਾਕਿਆਂ ਦੀ ਕਿਸੇ ਵੀ ਸਰਕਾਰ ਨੂੰ ਇਸ ਪੱਖੋਂ ਨੇਕ-ਪਾਕ ਨਹੀਂ ਸਮਝਿਆ ਜਾ ਸਕਦਾ। ਤਾਂ ਵੀ ਇਹ ਚਿਤਾਰਨਾ ਜ਼ਰੂਰੀ ਹੈ ਕਿ ਉਹ ਸਰਕਾਰਾਂ ਕਦੀ-ਕਦਾਈਂ ਵਾਪਰਦੀਆਂ ਅਜਿਹੀਆਂ ਘਟਨਾਵਾਂ ਨੂੰ, ਸਾਡੇ ਦੇਸ ਦੀ ਮੰਦਭਾਗੀ ਵੋਟਮੁਖੀ ਰਾਜਨੀਤੀ ਕਾਰਨ, ਆਮ ਕਰ ਕੇ ਅਨਡਿੱਠ ਤਾਂ ਕਰ ਦਿੰਦੀਆਂ ਸਨ ਪਰ ਉਹਨਾਂ ਦੀਆਂ ਸਿੱਧੀਆਂ ਪ੍ਰੇਰਕ ਤੇ ਭਾਈਵਾਲ ਨਹੀਂ ਸਨ ਬਣਦੀਆਂ। ਹੁਣ ਇਹ ਗੱਲ ਵਧੇਰੇ ਹੀ ਵਧੇਰੇ ਸਪੱਸ਼ਟ ਹੁੰਦੀ ਜਾ ਰਹੀ ਹੈ ਕਿ ਨਾਂਹਮੁਖੀ ਹਨੇਰੀਆਂ ਤਾਕਤਾਂ ਸਾਹਿਤ ਤੇ ਸਭਿਆਚਾਰ ਦੇ ਖੇਤਰ ਵਿਚ ਜੋ ਕੁਝ ਐਲਾਨੀਆ ਅਮਲ ਵਿਚ ਲਿਆ ਰਹੀਆਂ ਹਨ, ਉਹ ਵਰਤਮਾਨ ਹਾਕਮਾਂ ਦਾ ਅਨਐਲਾਨਿਆ ਏਜੰਡਾ ਹੈ। ਇਹ ਹਾਲਤ ਹਰ ਹੋਸ਼ਮੰਦ ਆਦਮੀ ਨੂੰ ਸੋਚ ਵਿਚ ਪਾਉਣ ਵਾਲੀ ਹੈ।

ਜਦੋਂ ਪ੍ਰਕਾਸ਼ਕਾਂ ਨੂੰ ਕਿਤਾਬਾਂ ਕਤਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਲੇਖਕਾਂ ਨੂੰ ਘਰਾਂ ਵਿਚ ਵੜ ਕੇ ਕਤਲ ਕੀਤਾ ਜਾ ਰਿਹਾ ਹੈ, ਸਾਹਿਤ ਅਕਾਦਮੀ ਤੋਂ ਸਾਡਾ ਇਹ ਆਸ ਕਰਨਾ ਬਿਲਕੁਲ ਵਾਜਬ ਸੀ ਕਿ ਘੱਟੋ-ਘੱਟ ਉਹ ਲੇਖਕਾਂ ਦੀ ਇਕ ਸਭਾ ਬੁਲਾ ਕੇ ਇਸ ਹਾਲਤ ਬਾਰੇ ਚਿੰਤਾ, ਲੇਖਕਾਂ ਤੇ ਬੁੱਧੀਮਾਨਾਂ ਨੂੰ ਕਤਲ ਦੀਆਂ ਧਮਕੀਆਂ ਵਿਰੁੱਧ ਰੋਸ ਅਤੇ ਕਤਲਾਂ ਸੰਬੰਧੀ ਗ਼ਮ ਪਰਗਟ ਕਰੇਗੀ। ਇਸ ਦੇ ਉਲਟ ਅਕਾਦਮੀ ਨੇਮਾਂ ਅਤੇ ਪ੍ਰੰਪਰਾਵਾਂ ਦਾ ਸਹਾਰਾ ਲੈ ਕੇ ਆਪਣੀ ਅਸਹਿ ਅਬੋਲਤਾ ਨੂੰ ਵਾਜਬ ਠਹਿਰਾ ਰਹੀ ਹੈ। ਇਸ ਸੂਰਤ ਵਿਚ ਮੇਰੇ ਸਾਹਮਣੇ ਇਹ ਦੁਖਦਾਈ ਫ਼ੈਸਲਾ ਲੈਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਰਹਿ ਜਾਂਦਾ ਕਿ ਮੈਂ 2005 ਵਿਚ ਪੰਜਾਬੀ ਲੇਖਕ ਵਜੋਂ ਮਿਲਿਆ ਆਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦੇਵਾਂ।

ਅੰਤ ਵਿਚ ਮੈਂ ਇਹ ਵੀ ਸਪੱਸ਼ਟ ਕਰ ਦੇਵਾਂ ਕਿ ਇਸ ਚੰਦਰੇ ਮਾਹੌਲ ਦੇ ਬਾਵਜੂਦ ਮੈਂ ਪੂਰੀ ਤਰ੍ਹਾਂ ਨਿਰਾਸ਼ ਨਹੀਂ ਹਾਂ। ਮੈਨੂੰ ਆਸ ਅਤੇ ਵਿਸ਼ਵਾਸ ਹੈ ਕਿ ਸਾਡਾ ਸਾਹਿਤ ਤੇ ਸਭਿਆਚਾਰ, ਖਾਸ ਕਰਕੇ ਮੇਰੇ ਲੋਕ, ਇਹਨਾਂ ਜ਼ਖ਼ਮਾਂ ਦੇ ਬਾਵਜੂਦ, ਇਸ ਹਨੇਰੇ ਦੌਰ ਵਿਚੋਂ ਸਾਬਤ-ਸਬੂਤ ਪਾਰ ਨਿੱਕਲ ਸਕਣਗੇ ਅਤੇ ਅਸੀਂ ਫੇਰ ਸੱਜਰੇ ਬਲ ਨਾਲ ਆਪਣੇ ਸਹਿਜ-ਵਿਕਾਸੀ ਮਾਰਗ ਦੇ ਉਤਸਾਹੀ ਪਾਂਧੀ ਬਣ ਸਕਾਂਗੇ!

ਗੁਰਬਚਨ ਸਿੰਘ ਭੁੱਲਰ

No comments:

Post a Comment