Showing posts with label Gurbachan Singh Bhullar. Show all posts
Showing posts with label Gurbachan Singh Bhullar. Show all posts

Tuesday, 13 October 2015

ਸੁਆਲ-ਸੰਵਾਦ: ਸਨਮਾਨ ਵਾਪਸੀ ਮੁਹਿੰਮ ਦੇ ਪੰਜਾਬ ਲਈ ਮਾਅਨੇ

ਦਲਜੀਤ ਅਮੀ

ਸਾਹਿਤ ਅਕਾਡਮੀ ਸਨਮਾਨ ਵਾਪਸ ਕਰਨ ਵਾਲੇ ਲੇਖਕਾਂ ਦੀ ਫਹਿਰਿਸਤ ਲੰਬੀ ਹੁੰਦੀ ਜਾ ਰਹੀ ਹੈ। ਸਨਮਾਨ ਵਾਪਸ ਕਰਨ ਵਾਲੇ ਜ਼ਿਆਦਾਤਰ ਲੇਖਕਾਂ ਦੀਆਂ ਚਿੱਠੀਆਂ ਵਿੱਚ ਦਰਜ ਹੈ ਕਿ ਸਾਹਿਤ ਅਕਾਡਮੀ ਲੇਖਕਾਂ ਉੱਤੇ ਕਾਤਲਾਨਾ ਹਮਲਿਆਂ ਅਤੇ ਵਿਚਾਰਾਂ ਦੇ ਪ੍ਰਗਟਾਵੇ ਉੱਤੇ ਲੱਗ ਰਹੀਆਂ ਪਾਬੰਦੀਆਂ ਦੇ ਮਾਮਲੇ ਵਿੱਚ 'ਉਮੀਦ ਮੁਤਾਬਕ' ਹੁੰਗਾਰਾ ਭਰਨ ਵਿੱਚ ਨਾਕਾਮਯਾਬ ਰਹੀ ਹੈ। ਮਲੇਅੱਪਾ ਮਾਦਿਆਵਲੱਪਾ ਕਲਬੁਰਗੀ ਦੇ ਕਤਲ ਤੋਂ ਬਾਅਦ ਹਿੰਦੀ ਲੇਖਕ ਉਦੇ ਪ੍ਰਕਾਸ਼ ਨੇ ਸਾਹਿਤ ਅਕਾਡਮੀ ਦੀ ਚੁੱਪ ਦੇ ਖ਼ਿਲਾਫ਼ ਸਨਮਾਨ ਵਾਪਸ ਕੀਤਾ ਸੀ। ਨੈਨਤਾਰਾ ਸਹਿਗਲ ਨੇ ਦਾਦਰੀ ਵਿੱਚ ਅਖ਼ਲਾਕ ਦੇ ਕਤਲ ਤੋਂ ਬਾਅਦ ਮੁਲਕ ਵਿੱਚ ਵਧ ਰਹੇ ਕੱਟੜਪੁਣੇ ਨੂੰ ਨਿਸ਼ਾਨਾ ਬਣਾ ਕੇ ਸਨਮਾਨ ਵਾਪਸ ਕੀਤਾ। ਉਸ ਤੋਂ ਬਾਅਦ ਇਹ ਸਿਲਸਿਲਾ ਚੱਲ ਪਿਆ। ਪੰਜਾਬੀਆਂ ਦੀ ਇਸ ਰੁਝਾਨ ਵਿੱਚ ਸ਼ਮੂਲੀਅਤ ਨੈਨਤਾਰਾ ਸਹਿਗਲ ਨਾਲ ਸ਼ੁਰੂ ਹੋਈ ਅਤੇ ਕ੍ਰਿਸ਼ਨਾ ਸੋਬਤੀ ਨੇ ਦੋਹਰ ਪਾਈ। ਪੰਜਾਬੀ ਦੇ ਲੇਖਕਾਂ ਵਿੱਚ ਗੁਰਬਚਨ ਸਿੰਘ ਭੁੱਲਰ ਨੇ ਸਨਮਾਨ ਵਾਪਸ ਕੀਤਾ ਤਾਂ ਪਿੱਛੇ-ਪਿੱਛੇ ਆਤਮਜੀਤ, ਅਜਮੇਰ ਔਲਖ, ਵਰਿਆਮ ਸੰਧੂ, ਦਰਸ਼ਨ ਬੁੱਟਰ, ਬਲਦੇਵ ਸਿੰਘ ਸੜਕਨਾਮਾ, ਜਸਵਿੰਦਰ ਅਤੇ ਸੁਰਜੀਤ ਪਾਤਰ ਨੇ ਇਹ ਸਨਾਮਨ ਵਾਪਸ ਕਰਨ ਦਾ ਐਲਾਨ ਕਰ ਦਿੱਤਾ। ਇਹ ਫਹਿਰਿਸਤ ਲੇਖ ਛਪਣ ਤੋਂ ਪਹਿਲਾਂ ਲੰਮੀ ਹੋ ਸਕਦੀ ਹੈ। ਮੇਘਰਾਜ ਮਿੱਤਰ ਨੇ ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਲੇਖਕ ਅਤੇ ਹਰਦੇਵ ਚੌਹਾਨ ਨੇ ਨੈਸ਼ਨਲ ਕਾਉਂਸਿਲ ਆਫ਼ ਐਜੂਕੇਸ਼ਨ ਐਂਡ ਰਿਸਰਚ ਦਾ ਬਾਲ ਲੇਖਕ ਵਾਲਾ ਸਨਮਾਨ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਹੈ।


ਸਾਹਿਤ ਅਕਾਡਮੀ ਦੇ ਸਨਮਾਨ ਵਾਪਸ ਕਰਨ ਦੀ ਅਹਿਮੀਅਤ ਹੈ ਕਿ ਲੇਖਕ ਸਨਮਾਨ ਦੇਣ ਵਾਲੇ ਅਦਾਰੇ ਦੀ ਚੁੱਪ ਤੋਂ ਖ਼ਫ਼ਾ ਹਨ ਅਤੇ ਉਸ ਨੂੰ ਉਘਾੜ ਕੇ ਵਡੇਰੇ ਮੁੱਦੇ ਵਜੋਂ ਪੇਸ਼ ਕਰ ਰਹੇ ਹਨ। ਜੇ ਲੇਖਕ ਦਾ ਕੰਮ ਹੀ ਅਹਿਸਾਸ ਨੂੰ ਜ਼ੁਬਾਨ ਦੇਣਾ ਹੈ ਤਾਂ ਉਸ ਨੂੰ ਬੇਵਕਤੀ ਚੁੱਪ ਤੋਂ ਪਰੇਸ਼ਾਨੀ ਹੋਣੀ ਚਾਹੀਦੀ ਹੈ। ਇਸ ਬਹਿਸ ਦਾ ਉਹ ਪੱਖ ਮਹਿਜ਼ ਤਕਨੀਕੀ ਅਤੇ ਵਿਅਕਤੀਗਤ ਹੈ ਕਿ ਵਾਪਸ ਕਰਨ ਵੇਲੇ ਕੀ ਕੁਝ ਵਾਪਸ ਕੀਤਾ ਗਿਆ ਹੈ। ਉਂਝ ਇੱਕ ਵਾਰ ਪ੍ਰਵਾਨ ਕੀਤਾ ਗਿਆ ਸਨਮਾਨ ਕਦੇ ਵਾਪਸ ਨਹੀਂ ਹੋ ਸਕਦਾ। ਸਨਮਾਨ ਵਾਪਸ ਕਰਨ ਦੀ ਅਹਿਮੀਅਤ ਹੀ ਇਸੇ ਵਿੱਚ ਹੈ ਕਿ ਇਹ ਲੇਖਕ ਨੂੰ ਦੂਜੀ ਵਾਰ ਸਨਮਾਨ ਮਿਲਣ ਜਿੰਨੀ ਮਾਨਤਾ ਰੱਖਦਾ ਹੈ। ਹੁਣ ਤੋਂ ਬਾਅਦ ਇਨ੍ਹਾਂ ਲੇਖਕਾਂ ਦੀ ਜਾਣ-ਪਛਾਣ ਇਸ ਸਨਮਾਨ ਦੇ ਮਿਲਣ ਅਤੇ ਵਾਪਸ ਕਰਨ ਤੋਂ ਬਿਨਾਂ ਕਦੇ ਪੂਰੀ ਨਹੀਂ ਹੋਣੀ। ਸਨਮਾਨ ਦੀ ਇਸੇ ਅਹਿਮੀਅਤ ਕਾਰਨ ਹੀ ਤਾਂ ਸਨਮਾਨਤ ਸ਼ਖ਼ਸੀਅਤ ਦਾ ਸਨਮਾਨ ਕਰਨ ਵਾਲੇ ਅਦਾਰੇ ਉੱਤੇ ਕੋਈ ਨੈਤਿਕ ਦਾਅਵਾ ਹੁੰਦਾ ਹੈ। ਇਸੇ ਨੈਤਿਕ ਦਾਅਵੇਦਾਰੀ ਦੇ ਹਵਾਲੇ ਨਾਲ ਅਦਾਰਿਆਂ ਅਤੇ ਸਰਕਾਰਾਂ ਦੀ ਜੁਆਬਦੇਹੀ ਲੇਖਕ, ਵਿਦਵਾਨ, ਕਲਾਕਾਰ ਅਤੇ ਕਾਰਕੁਨ ਕਰਦੇ ਹਨ। ਇਹ ਵੱਖਰੀ ਗੱਲ ਹੈ ਕਿ ਮੌਜੂਦਾ ਦੌਰ ਵਿੱਚ ਸਰਕਾਰਾਂ ਅਤੇ ਅਦਾਰੇ ਨੈਤਿਕ ਦਾਅਵੇਦਾਰੀਆਂ ਦੀ ਕਿੰਨੀ ਕੁ ਪਰਵਾਹ ਕਰਦੇ ਹਨ। 

ਇਸ ਮੌਕੇ ਸਨਮਾਨਾਂ ਦੀ ਅਹਿਮੀਅਤ, ਸਿਆਸਤ, ਮੌਜੂਦਾ ਦੌਰ ਵਿੱਚ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਉੱਤੇ ਪਾਬੰਦੀਆਂ ਅਤੇ ਕੱਟੜਪੁਣੇ ਦੇ ਵਾਧੇ ਦੀਆਂ ਵੱਖ-ਵੱਖ ਤੰਦਾਂ ਨੂੰ ਕਿਸੇ ਲੜੀ ਵਿੱਚ ਪਰੋ ਕੇ ਹੀ ਸਨਮਾਨ ਵਾਪਸੀ ਦੇ ਰੁਝਾਨ ਬਾਰੇ ਸਮਝ ਬਣਾਈ ਜਾ ਸਕਦੀ ਹੈ। ਇਸ ਸਮਝਣਾ ਵੀ ਜ਼ਰੂਰੀ ਹੈ ਕਿ 'ਸਨਮਾਨ ਵਾਪਸੀ ਮੁਹਿੰਮ' ਦੀ ਮੌਜੂਦਾ ਦੌਰ ਵਿੱਚ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ, ਵੰਨ-ਸਵੰਨਤਾ ਦੀ ਕਦਰ, ਸਮਾਜਿਕ ਇਨਸਾਫ਼, ਸ਼ਹਿਰੀ-ਜਮਹੂਰੀ-ਮਨੁੱਖੀ ਹਕੂਕ ਲਈ ਚੱਲ ਰਹੇ ਸੰਘਰਸ਼ਾਂ ਵਿੱਚ ਕੀ ਥਾਂ ਬਣਦੀ ਹੈ?

ਸਨਮਾਨ ਵਾਪਸ ਕਰਨ ਲਈ ਇਸ ਦਾ ਮਿਲਣਾ ਜ਼ਰੂਰੀ ਹੈ। ਇਸ ਤਰ੍ਹਾਂ ਸਨਮਾਨ ਵਾਪਸੀ ਮੁਹਿੰਮ ਪ੍ਰਵਾਨਤ ਲੇਖਕਾਂ ਦੀ ਮੁਹਿੰਮ ਹੈ। ਇਸ ਦਾ ਇਹ ਪਤਵੰਤਾਸ਼ਾਹੀ ਖ਼ਾਸਾ ਹੀ ਇਸ ਨੂੰ ਅਖ਼ਬਾਰਾਂ ਅਤੇ ਟੈਲੀਵਿਜ਼ਨ ਜਾਂ ਇੰਟਰਨੈੱਟ ਦੀਆਂ ਸੁਰਖ਼ੀਆਂ ਬਣਾਉਂਦਾ ਹੈ। ਇਸ ਵਿੱਚ ਉਹ ਲੇਖਕ ਸ਼ਾਮਿਲ ਨਹੀਂ ਹਨ ਜੋ ਆਪਣੀਆਂ ਲਿਖਤਾਂ ਕਾਰਨ ਇਨ੍ਹਾਂ ਸਨਮਾਨਾਂ ਦੇ ਘੇਰੇ ਤੋਂ ਸਦਾ ਬਾਹਰ ਹਨ। ਇਸ ਫਹਿਰਿਸਤ ਵਿੱਚ ਕੋਈ ਕੋਬਾੜ ਗਾਂਧੀ ਨਹੀਂ ਆ ਸਕਦਾ। ਕਿਸੇ ਗ਼ਦਰ ਦੀ ਕਵਿਤਾ ਸ਼ਾਮਿਲ ਨਹੀਂ ਹੋ ਸਕਦੀ। ਕਿਸੇ ਲਾਲਟੂ ਦੀ ਕਿਤਾਬ ਨਹੀਂ ਆ ਸਕਦੀ। ਇਨ੍ਹਾਂ ਸਨਮਾਨਾਂ ਦੀ ਚੋਣ ਦਾ ਤਰੀਕਾ ਅਤੇ ਭਰੋਸੇਯੋਗਤਾ ਲਗਾਤਾਰ ਸ਼ੱਕ ਦੇ ਘੇਰੇ ਵਿੱਚ ਰਹੀ ਹੈ। ਇਨ੍ਹਾਂ ਵਿੱਚ ਸਿਆਸਤ ਅਤੇ ਧੜੇਬੰਦੀਆਂ ਦਾ ਜ਼ਿਕਰ ਲਗਾਤਾਰ ਹੁੰਦਾ ਰਹਿੰਦਾ ਹੈ। ਇਹ ਬਹਿਸ ਸਿਰਫ਼ ਸਾਹਿਤ ਅਕਾਡਮੀ ਬਾਰੇ ਨਹੀਂ ਸਗੋਂ ਕੌਮਾਂਤਰੀ ਪੱਧਰ ਉੱਤੇ ਪ੍ਰਵਾਨਤ ਵੱਡੇ ਸਨਮਾਨਾਂ ਬਾਰੇ ਵੀ ਹੈ। ਨੋਬਲ ਪੁਰਸਕਾਰ ਵਰਗੇ ਸਨਮਾਨ ਬਾਰੇ ਨੋਬਲ ਇੰਸਟੀਚਿਊਟ ਦੇ ਸਾਬਕਾ ਨਿਰਦੇਸ਼ਕ ਅਤੇ ਨੋਬਲ ਪੀਸ ਪਰਾਇਜ਼ ਕਮੇਟੀ ਦੇ ਸਕੱਤਰ ਗੇਰ ਲੰਡਇਸਟਾਡ ਨੇ ਆਪਣੀਆਂ ਯਾਦਾਂ ਵਿੱਚ ਖੁਲਾਸਾ ਕੀਤਾ ਹੈ ਕਿ ਇਹ ਪੁਰਸਕਾਰ ਕਿਵੇਂ ਦਿੱਤੇ ਜਾਂਦੇ ਹਨ। ਲੇਖਕਾਂ ਅਤੇ ਵਿਦਵਾਨਾਂ ਦੀਆਂ ਮਹਿਫ਼ਿਲਾਂ ਵਿੱਚ ਸਨਮਾਨ ਹਾਸਿਲ ਕਰਨ ਲਈ ਵਰਤੇ ਗਏ ਢੰਗ-ਤਰੀਕਿਆਂ ਦੀਆਂ ਤਫ਼ਸੀਲਾਂ ਆਮ ਹੀ ਸੁਣਨ ਨੂੰ ਮਿਲਦੀਆਂ ਹਨ। ਜ਼ਿਆਦਾਤਰ ਸਨਮਾਨਯਾਫ਼ਤਾ ਲੇਖਕ ਆਪਣੇ ਤੋਂ ਬਿਨਾਂ ਬਾਕੀਆਂ ਨੂੰ ਸਿਫ਼ਾਰਸ਼ੀ 'ਕਰਾਰ' ਦੇਣ ਵਿੱਚ ਜ਼ਿਆਦਾ ਦੇਰ ਨਹੀਂ ਲਗਾਉਂਦੇ। ਸਾਹਿਤ ਅਕਾਡਮੀ ਸਨਮਾਨ ਇਸ ਬਹਿਸ ਤੋਂ ਕਦੇ ਬਾਹਰ ਨਹੀਂ ਰਿਹਾ। ਭਾਸ਼ਾ ਵਿਭਾਗ ਪੰਜਾਬ ਦੇ ਸਨਮਾਨਾਂ ਤੱਕ ਆਉਂਦੀ ਇਹ ਬਹਿਸ ਹਾਸਰਸ ਕਲਾਕਾਰਾਂ ਦਾ ਕੱਚਾ ਮਾਲ ਹੋ ਜਾਂਦੀ ਹੈ। ਇਸ ਤੋਂ ਬਾਅਦ ਇਹ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਹਿਤ ਅਕਾਡਮੀ ਦੇ ਜ਼ਿਆਦਾਤਰ ਸਨਮਾਨਯਾਫ਼ਤਾ ਲੇਖਕਾਂ ਨੇ ਚੋਖਾ ਅਤੇ ਮਿਆਰੀ ਕੰਮ ਕੀਤਾ ਹੈ ਪਰ ਇਹ ਸਨਮਾਨ ਉਨ੍ਹਾਂ ਦੀ ਯੋਗਤਾ ਦਾ ਮਾਪ ਨਹੀਂ ਹੋ ਸਕਦਾ। 

ਜਦੋਂ ਅਸੀਂ ਪੰਜਾਬ ਦੇ ਹਾਲਾਤ ਉੱਤੇ ਨਜ਼ਰ ਮਾਰਦੇ ਹਾਂ ਤਾਂ ਪੰਜਾਬ ਦੇ ਅਦਾਰੇ ਅਤੇ ਸਨਮਾਨਯਾਫ਼ਤਾ ਲੇਖਕ ਅਹਿਮ ਮੌਕਿਆਂ ਉੱਤੇ ਚੁੱਪ ਹੀ ਰਹੇ ਹਨ। ਸਾਡੀਆਂ ਯੂਨੀਵਰਸਿਟੀਆਂ, ਸਾਹਿਤ ਸਭਾਵਾਂ ਅਤੇ ਲੇਖਕਾਂ ਦੀਆਂ ਲਿਖਤਾਂ ਵਿੱਚ ਇਹ ਬਹਿਸ ਨਹੀਂ ਚੱਲੀ ਕਿ ਮੁਲਕ ਦੇ ਅਦਾਰਿਆਂ ਨੂੰ ਕਿਸ ਤਰੀਕੇ ਨਾਲ ਇੱਕ ਸੋਚ ਨਾਲ ਜੋੜਿਆ ਜਾ ਰਿਹਾ ਹੈ। ਮੁਲਕ ਦੇ ਖੋਜ, ਇਤਿਹਾਸ, ਵਿਗਿਆਨ ਅਤੇ ਕਲਾ ਨਾਲ ਜੁੜੇ ਅਦਾਰਿਆਂ ਦੀਆਂ ਨਾਮਜ਼ਦਗੀਆਂ ਅਤੇ ਨਿਯੁਕਤੀਆਂ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਨਹੀਂ ਬਣੀਆਂ। ਇਸੇ ਰੁਝਾਨ ਦਾ ਗ਼ੈਰ-ਸਰਕਾਰੀ ਦਸਤਾ ਸਮਾਜ ਵਿੱਚ ਹਮਲਾਵਰ ਰੁਖ਼ ਅਖ਼ਤਿਆਰ ਕਰ ਰਿਹਾ ਹੈ। ਪੰਜਾਬ ਦੇ ਅਦਾਰੇ ਇਸ ਰੁਝਾਨ ਉੱਤੇ ਆਪਣੀ ਪੜਚੋਲ ਕੀਤੇ ਬਿਨਾਂ ਸੁਆਲ ਨਹੀਂ ਕਰ ਸਕਦੇ ਅਤੇ ਚੁੱਪ ਰਹਿਣ ਨੂੰ ਤਰਜੀਹ ਦਿੰਦੇ ਹਨ।

ਇਸ ਮਾਹੌਲ ਵਿੱਚ ਗੁਰਬਚਨ ਭੁੱਲਰ ਹੁਰਾਂ ਨੇ ਪੱਥਰ ਮਾਰ ਦਿੱਤਾ ਤਾਂ 'ਸਨਮਾਨ ਵਾਪਸੀ' ਦਾ ਰੁਝਾਨ ਤੁਰ ਪਿਆ। ਸਨਮਾਨਯਾਫ਼ਤਾ ਲੇਖਕਾਂ ਦੀ ਯੋਗਤਾ ਹੀ ਇਸ ਨੂੰ ਵਾਪਸ ਕਰਨਾ ਬਣ ਗਈ। ਸਨਮਾਨਯਾਫ਼ਤਾ ਲੇਖਕਾਂ ਖ਼ਿਲਾਫ਼ ਇੱਕ ਤਰ੍ਹਾਂ ਮੁਹਿੰਮ ਚੱਲ ਪਈ ਕਿ ਉਹ ਆਪਣੀ ਸੁਹਿਰਦਤਾ ਸਾਬਤ ਕਰਨ ਲਈ ਸਨਮਾਨ ਵਾਪਸ ਕਰਨ। ਵਰਿਆਮ ਸੰਧੂ ਅਤੇ ਸੁਰਜੀਤ ਪਾਤਰ ਦੀਆਂ ਚਿੱਠੀਆਂ ਵਿੱਚੋਂ ਸਨਮਾਨ ਵਾਪਸ ਕਰਨ ਦੀ ਬੇਵਸੀ ਪੜ੍ਹੀ ਜਾ ਸਕਦੀ ਹੈ। ਸਨਮਾਨ ਵਾਪਸ ਕਰਨ ਨਾਲ ਇਨ੍ਹਾਂ ਦੀਆਂ ਲਿਖਤਾਂ ਵਿੱਚ ਤਬਦੀਲੀ ਨਹੀਂ ਆ ਜਾਣੀ ਪਰ ਇਨ੍ਹਾਂ ਉੱਤੇ ਸਨਮਾਨ ਵਾਪਸ ਕਰਨ ਲਈ ਪਿਆ ਦਬਾਅ ਕਿੰਨਾ ਕੁ ਜਾਇਜ਼ ਹੈ? ਕੀ ਜਿਹੜਾ ਦਬਾਅ ਇਨ੍ਹਾਂ ਲੇਖਕਾਂ ਨੇ ਮਹਿਸੂਸ ਕੀਤਾ ਹੈ ਉਹ ਸਾਹਿਤ ਅਕਾਡਮੀ ਜਾਂ ਸਰਕਾਰ ਕਰੇਗੀ?

ਸਨਮਾਨ ਵਾਪਸੀ ਦੀ ਇਸ ਮੁਹਿੰਮ ਵਿੱਚੋਂ ਪੰਜਾਬ ਦੀ ਚੁੱਪ ਦਾ ਦੂਜਾ ਪਾਸਾ ਪੜ੍ਹਿਆ ਜਾ ਸਕਦਾ ਹੈ। ਲਗਾਤਾਰ ਧਾਰੀ ਚੁੱਪ ਨੂੰ 'ਸਨਮਾਨ ਵਾਪਸੀ' ਨਾਲ ਉਘਾੜਿਆ ਜਾ ਸਕਦਾ ਹੈ ਪਰ ਤੋੜਿਆ ਨਹੀਂ ਜਾ ਸਕਦਾ। ਇਸ ਤੋਂ ਬਾਅਦ 'ਸਨਮਾਨ ਵਾਪਸੀ' ਮੁਹਿੰਮ ਦੀ ਅਹਿਮੀਅਤ ਖ਼ਤਮ ਨਹੀਂ ਹੋ ਜਾਂਦੀ। ਜਦੋਂ ਲੇਖਕ ਸਨਮਾਨ ਵਾਪਸ ਕਰਨ ਦਾ ਐਲਾਨ ਕਰਦੇ ਹਨ ਤਾਂ ਉਹ ਮੌਜੂਦਾ ਸਰਕਾਰ ਦੀਆਂ ਨਜ਼ਰਾਂ ਵਿੱਚ ਆਉਂਦੇ ਹਨ। ਉਹ ਮਲੇਅੱਪਾ ਮਾਦਿਆਵਲੱਪਾ ਕਲਬੁਰਗੀ ਨੂੰ ਕਤਲ ਕਰਨ ਵਾਲੀ ਸੋਚ ਵਾਲੀਆਂ ਜਥੇਬੰਦੀਆਂ ਦੀਆਂ ਨਜ਼ਰਾਂ ਵਿੱਚ ਆਉਂਦੇ ਹਨ। ਇਨ੍ਹਾਂ ਲੇਖਕਾਂ ਨੂੰ ਇਹ ਮਾਣ ਮਿਲਣਾ ਚਾਹੀਦਾ ਹੈ ਕਿ ਇਨ੍ਹਾਂ ਨੇ ਆਪਣਾ ਨਿਖੇੜਾ ਕੀਤਾ ਹੈ। ਦੂਜੇ ਪਾਸੇ ਸਨਮਾਨਯਾਫ਼ਤਾ ਲੇਖਕਾਂ ਦੀ ਇਹੋ ਯੋਗਤਾ ਨਹੀਂ ਹੋ ਸਕਦੀ। ਜੇ 'ਸਨਮਾਨ ਵਾਪਸੀ ਮਹਿੰਮ' ਵਿੱਚ ਸਾਹਿਤ ਅਕਾਡਮੀ ਦੀ ਖ਼ੁਦਮੁਖ਼ਤਿਆਰੀ ਦਾ ਮਸਲਾ ਉੱਭਰਿਆ ਹੈ ਤਾਂ ਬੰਦੇ ਦੀ ਖ਼ੁਦਮੁਖ਼ਤਿਆਰੀ ਨੂੰ ਨਜ਼ਰਅੰਦਾਜ਼ ਕਿਵੇਂ ਕੀਤਾ ਜਾ ਸਕਦਾ ਹੈ?

ਜੇ ਮਲੇਅੱਪਾ ਮਾਦਿਆਵਲੱਪਾ ਕਲਬੁਰਗੀ ਸਾਹਿਤ ਅਕਾਦਮੀ ਦਾ ਸਨਮਾਨਯਾਫ਼ਤਾ ਲੇਖਕ ਨਾ ਹੁੰਦਾ; ਜੇ ਨੈਨਤਾਰਾ ਦਾਦਰੀ ਵਾਲੇ ਕਤਲ ਅਤੇ ਮੁਲਕ ਵਿੱਚ ਵਿਗੜਦੇ ਮਾਹੌਲ ਦਾ ਜ਼ਿਕਰ ਨਾ ਕਰਦੀ; ਤਾਂ ਇਨ੍ਹਾਂ ਸਨਮਾਨਯਾਫ਼ਤਾ ਲੇਖਕਾਂ ਨੇ ਕੀ ਕਰਨਾ ਸੀ? ਜੇ ਨੈਨਤਾਰਾ ਦਾ ਨਹਿਰੂ ਪਰਿਵਾਰ ਨਾਲ ਰਿਸ਼ਤਾ ਨਾ ਹੁੰਦਾ ਤਾਂ ਕੀ ਉਸ ਦੀ 'ਸਨਮਾਨ ਵਾਪਸੀ' ਉਦੇ ਪ੍ਰਕਾਸ਼ ਦੀ ਤਰਜ਼ ਉੱਤੇ ਨਜ਼ਰਅੰਦਾਜ਼ ਨਾ ਹੋ ਜਾਂਦੀ? ਕੀ ਇਸ ਨਾਲ ਡਾ. ਨਰਿੰਦਰ ਦਾਭੋਲਕਰ ਜਾਂ ਗੋਵਿੰਦ ਪਾਨਸਰੇ ਦੇ ਕਤਲ ਬੇਮਾਅਨਾ ਹੋ ਜਾਣੇ ਸੀ? ਕੀ ਅਖ਼ਲਾਕ ਦੀ ਲਾਸ਼ ਦਾ ਸਾਡੇ ਮੁਲਕ ਦੀ ਵੰਨ-ਸਵੰਨਤਾ ਅਤੇ ਸੱਭਿਆਚਾਰਕ ਸਾਂਝ ਉੱਤੇ ਬੋਝ ਨਹੀਂ ਪੈਣਾ ਸੀ? ਸੁਆਲ ਇਹ ਵੀ ਪੁੱਛੇ ਜਾ ਸਕਦੇ ਹਨ ਕਿ ਇਨ੍ਹਾਂ ਸਨਮਾਨਯਾਫ਼ਤਾ ਲੇਖਕਾਂ ਦੀ ਜ਼ਿੰਦਗੀ ਵਿੱਚ ਅਜਿਹੇ ਮੌਕੇ ਹੋਰ ਵੀ ਆਏ ਹੋਣਗੇ ਪਰ ਇਹ ਚੁੱਪ ਕਿਉਂ ਰਹੇ? ਇਹ ਸੁਆਲ ਪਰਤ ਕੇ ਪੁੱਛਣ ਵਾਲਿਆਂ ਨੂੰ ਕਿਉਂ ਨਹੀਂ ਪੁੱਛੇ ਜਾ ਸਕਦੇ? ਕੀ ਚੁੱਪ ਤੋੜਨਾ ਸਨਮਾਨਯਾਫ਼ਤਾ ਲੇਖਕਾਂ ਦੀ ਹੀ ਜ਼ਿੰਮੇਵਾਰੀ ਹੈ? 

ਮੌਜੂਦਾ ਮਾਹੌਲ ਨਾਲ ਜੁੜੇ ਸੁਆਲ ਹਰ ਮੰਚ ਉੱਤੇ ਪੁੱਛੇ ਜਾ ਰਹੇ ਹਨ। ਪੁਨੇ ਵਿੱਚ ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਦੇ ਵਿਦਿਆਰਥੀ ਸੰਘਰਸ਼ ਕਰ ਰਹੇ ਹਨ। ਵਿਗਿਆਨਕ ਸੋਚ ਨੂੰ ਪ੍ਰਣਾਏ ਬੰਦੇ ਡਾ. ਨਰਿੰਦਰ ਦਾਭੋਲਕਰ ਦੇ ਮਸਲਿਆਂ ਨੂੰ ਕਾਇਮ ਰੱਖ ਰਹੇ ਹਨ। ਗੋਵਿੰਦ ਪਾਨਸਰੇ ਦੇ ਸਾਥੀ ਸੰਘਰਸ਼ਾਂ ਦੇ ਮੈਦਾਨ ਵਿੱਚ ਹਨ। ਇਸ ਮਾਹੌਲ ਵਿੱਚ ਸਨਾਮਾਨਯਾਫ਼ਤਾ ਲੇਖਕਾਂ ਦੀ 'ਸਨਮਾਨ ਵਾਪਸੀ ਮੁਹਿੰਮ' ਨੇ ਅਹਿਮ ਕਾਰਕ ਦਾ ਕੰਮ ਕੀਤਾ ਹੈ। ਉਨ੍ਹਾਂ ਦੇ ਹਵਾਲੇ ਨਾਲ ਕਈ ਸੁਆਲ ਸੱਤਾ ਦੇ ਗ਼ਲਿਆਰਿਆਂ ਵਿੱਚ ਦਸਤਕ ਦੇ ਰਹੇ ਹਨ। ਇਹ ਲੇਖਕ ਮੌਜੂਦਾ ਸਰਕਾਰ ਅਤੇ ਫਾਸੀਵਾਦੀ ਸੋਚ ਖ਼ਿਲਾਫ਼ ਚੱਲਦੇ ਸੰਘਰਸ਼ਾਂ ਦੀ ਇੱਕ ਕੜੀ ਬਣੇ ਹਨ। ਇਹ ਸਮੁੱਚਾ ਸੰਘਰਸ਼ ਨਹੀਂ ਹੋ ਸਕਦੇ ਅਤੇ ਨਾ ਹੀ ਇਨ੍ਹਾਂ ਤੋਂ ਤਵੱਕੋ ਕੀਤੀ ਜਾ ਸਕਦੀ ਹੈ। 

ਪੰਜਾਬ ਦੇ ਮਾਮਲੇ ਵਿੱਚ 'ਸਨਮਾਨ ਵਾਪਸੀ ਮੁਹਿੰਮ' ਦੇ ਹੋਰ ਮਾਅਨੇ ਵੀ ਪੜ੍ਹੇ ਜਾ ਸਕਦੇ ਹਨ। ਪੰਜਾਬ ਦੇ ਜ਼ਿਆਦਾਤਰ ਵਿਦਿਅਕ, ਖੋਜ, ਸਾਹਿਤਕ ਅਤੇ ਪੱਤਰਕਾਰੀ ਅਦਾਰੇ ਅਤੇ ਜਥੇਬੰਦੀਆਂ ਕੱਟੜਵਾਦੀ ਰੁਝਾਨ ਬਾਰੇ ਚੁੱਪ ਧਾਰੀ ਬੈਠੇ ਹਨ। ਇਨ੍ਹਾਂ ਅਦਾਰਿਆਂ ਅਤੇ ਜਥੇਬੰਦੀਆਂ ਦੀ ਚੁੱਪ ਨੂੰ 'ਸਨਮਾਨ ਵਾਪਸੀ ਮੁਹਿੰਮ' ਨੇ ਉਘਾੜ ਦਿੱਤਾ ਹੈ। 'ਸਨਮਾਨ ਵਾਪਸੀ ਮੁਹਿੰਮ' ਨੂੰ ਵਡਿਆਉਣਾ ਪ੍ਰਾਪਤੀ ਨਹੀਂ ਹੋ ਸਕਦੀ ਪਰ ਇਸ ਨਾਲ ਉਘੜ ਕੇ ਸਾਹਮਣੇ ਆਉਂਦੇ ਮਸਲਿਆਂ ਨੂੰ ਮੁਖ਼ਾਤਬ ਹੋਣਾ ਜ਼ਿੰਮੇਵਾਰੀ ਜ਼ਰੂਰ ਹੋ ਸਕਦੀ ਹੈ। ਸਾਹਿਤ ਅਕਾਡਮੀ ਵਾਲੇ ਖ਼ਾਸੇ ਅਤੇ ਵਿਗਿਆਨਕ ਸੋਚ ਦੇ ਧਾਰਨੀਆਂ ਦੇ ਕਤਲ ਕਰਨ ਵਾਲੀ ਸੋਚ ਦੀ ਆਪਣੇ ਅਦਾਰਿਆਂ ਅਤੇ ਸਮਾਜ ਵਿੱਚ ਸ਼ਨਾਖ਼ਤ ਕਰਨਾ ਅਤੇ ਉਸ ਨੂੰ ਮੁਖ਼ਾਤਬ ਹੋਣਾ ਪੰਜਾਬ ਦੀ ਪ੍ਰਾਪਤੀ ਬਣ ਸਕਦਾ ਹੈ। ਉਸ ਲਈ ਧੰਨਵਾਦ ਦਾ ਮਤਾ 'ਸਨਮਾਨ ਵਾਪਸੀ ਮੁਹਿੰਮ' ਵਿੱਚ ਸ਼ਾਮਿਲ ਪਤਵੰਤਿਆਂ ਦੇ ਨਾਮ ਉੱਤੇ ਪਾਉਣਾ ਬਣੇਗਾ। 

(ਇਹ ਲੇਖ ਨਵਾਂ ਜ਼ਮਾਨਾ ਨੇ ਕਿਸੇ 'ਮਜਬੂਰੀ' ਕਾਰਨ ਛਾਪਣ ਤੋਂ ਇਨਕਾਰ ਕੀਤਾ ਅਤੇ ਅਮਰੀਕਾ ਵਿੱਚ ਛਪਦੇ ਪੰਜਾਬ ਟਾਈਮਜ਼ ਦੇ 17 ਅਕਤੂਬਰ 2015 ਵਾਲੇ ਅੰਕ ਵਿੱਚ ਛਪਿਆ।)

Sunday, 11 October 2015

Gurbachan Singh Bhullar’s statement on returning Sahit Academy award


Recently social sector has been, systematically, targeted. Literature and culture have become target of calculated attacks which made me concerned and restless. Wonderful human achievements of literature, culture, history and all forms of arts have been condemned and distorted.

It may be said that the trend has not been something new and that such things have happened for long. This is true that in recent decades none of the governments have clean slate on this account.
Still it need to be differentiated that earlier governments ignored such, occasional, incidents under unfortunate politics of vote bank but, generally, avoided being overt or covert agent provocateur. Now it has become crystal clear that violent retrogressive forces dictating terms in the field of literature and culture are implementing undeclared agenda of present regime. The situation demands that every sane person should think and respond seriously.

We, appropriately, expected Sahit Academy to express concerns when publishers were being forced to withdraw books, writers were threatened and hunted down in their homes. Instead of calling a meeting to address the problem, academy took shelter in rules and traditions to justify its silence. In this situation I am pained and feel choice-less to return Sahit Academy Award I was conferred in 2005 as a Punjabi writer.

In the end I want to make it clear that despite the vicious atmosphere I am hopeful. I have confidence that despite serious setbacks, people will come stronger and sail across the darkness and so will literature and culture. Refreshed vigorous efforts will help us move forward on sustainable path of development.

                                                                                                                   Gurbachan Singh Bhullar
(The author has authorized the translation by Daljit Ami)

Saturday, 10 October 2015

ਸਾਹਿਤ ਅਕਾਦਮੀ ਪੁਰਸਕਾਰ ਮੋੜਨ ਬਾਰੇ ਗੁਰਬਚਨ ਸਿੰਘ ਭੁੱਲਰ ਦਾ ਬਿਆਨ


ਪਿਛਲੇ ਕੁਝ ਸਮੇਂ ਤੋਂ ਸਾਡੇ ਸਮਾਜਕ ਖੇਤਰ ਨੂੰ, ਖਾਸ ਕਰਕੇ ਸਾਹਿਤ ਤੇ ਸਭਿਆਚਾਰ ਨੂੰ ਜਿਸ ਵਿਉਂਤਬੰਦ ਢੰਗ ਨਾਲ ਤੇ ਗਿਣ-ਮਿਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸ ਨਾਲ ਮੈਂ ਬੇਚੈਨ ਤੇ ਫ਼ਿਕਰਮੰਦ ਹੁੰਦਾ ਰਿਹਾ ਹਾਂ। ਸਾਹਿਤ, ਸਭਿਆਚਾਰ, ਬਹੁਭਾਂਤੀ ਕਲਾ, ਇਤਿਹਾਸ, ਆਦਿ ਜਿਹੀਆਂ ਖ਼ੂਬਸੂਰਤ ਮਨੁੱਖੀ ਪਰਾਪਤੀਆਂ ਨੂੰ ਨਿੰਦਿਆ, ਭੰਡਿਆ ਤੇ ਕਰੂਪ ਕੀਤਾ ਜਾ ਰਿਹਾ ਹੈ।

ਕਿਹਾ ਜਾ ਸਕਦਾ ਹੈ ਕਿ ਇਹ ਕੋਈ ਨਵਾਂ ਵਰਤਾਰਾ ਨਹੀਂ ਅਤੇ ਅਜਿਹੀਆਂ ਘਟਨਾਵਾਂ ਕਾਫ਼ੀ ਲੰਮੇ ਸਮੇਂ ਤੋਂ ਵਾਪਰ ਰਹੀਆਂ ਹਨ। ਠੀਕ ਹੀ ਪਿਛਲੇ ਕੁਝ ਦਹਾਕਿਆਂ ਦੀ ਕਿਸੇ ਵੀ ਸਰਕਾਰ ਨੂੰ ਇਸ ਪੱਖੋਂ ਨੇਕ-ਪਾਕ ਨਹੀਂ ਸਮਝਿਆ ਜਾ ਸਕਦਾ। ਤਾਂ ਵੀ ਇਹ ਚਿਤਾਰਨਾ ਜ਼ਰੂਰੀ ਹੈ ਕਿ ਉਹ ਸਰਕਾਰਾਂ ਕਦੀ-ਕਦਾਈਂ ਵਾਪਰਦੀਆਂ ਅਜਿਹੀਆਂ ਘਟਨਾਵਾਂ ਨੂੰ, ਸਾਡੇ ਦੇਸ ਦੀ ਮੰਦਭਾਗੀ ਵੋਟਮੁਖੀ ਰਾਜਨੀਤੀ ਕਾਰਨ, ਆਮ ਕਰ ਕੇ ਅਨਡਿੱਠ ਤਾਂ ਕਰ ਦਿੰਦੀਆਂ ਸਨ ਪਰ ਉਹਨਾਂ ਦੀਆਂ ਸਿੱਧੀਆਂ ਪ੍ਰੇਰਕ ਤੇ ਭਾਈਵਾਲ ਨਹੀਂ ਸਨ ਬਣਦੀਆਂ। ਹੁਣ ਇਹ ਗੱਲ ਵਧੇਰੇ ਹੀ ਵਧੇਰੇ ਸਪੱਸ਼ਟ ਹੁੰਦੀ ਜਾ ਰਹੀ ਹੈ ਕਿ ਨਾਂਹਮੁਖੀ ਹਨੇਰੀਆਂ ਤਾਕਤਾਂ ਸਾਹਿਤ ਤੇ ਸਭਿਆਚਾਰ ਦੇ ਖੇਤਰ ਵਿਚ ਜੋ ਕੁਝ ਐਲਾਨੀਆ ਅਮਲ ਵਿਚ ਲਿਆ ਰਹੀਆਂ ਹਨ, ਉਹ ਵਰਤਮਾਨ ਹਾਕਮਾਂ ਦਾ ਅਨਐਲਾਨਿਆ ਏਜੰਡਾ ਹੈ। ਇਹ ਹਾਲਤ ਹਰ ਹੋਸ਼ਮੰਦ ਆਦਮੀ ਨੂੰ ਸੋਚ ਵਿਚ ਪਾਉਣ ਵਾਲੀ ਹੈ।

ਜਦੋਂ ਪ੍ਰਕਾਸ਼ਕਾਂ ਨੂੰ ਕਿਤਾਬਾਂ ਕਤਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਲੇਖਕਾਂ ਨੂੰ ਘਰਾਂ ਵਿਚ ਵੜ ਕੇ ਕਤਲ ਕੀਤਾ ਜਾ ਰਿਹਾ ਹੈ, ਸਾਹਿਤ ਅਕਾਦਮੀ ਤੋਂ ਸਾਡਾ ਇਹ ਆਸ ਕਰਨਾ ਬਿਲਕੁਲ ਵਾਜਬ ਸੀ ਕਿ ਘੱਟੋ-ਘੱਟ ਉਹ ਲੇਖਕਾਂ ਦੀ ਇਕ ਸਭਾ ਬੁਲਾ ਕੇ ਇਸ ਹਾਲਤ ਬਾਰੇ ਚਿੰਤਾ, ਲੇਖਕਾਂ ਤੇ ਬੁੱਧੀਮਾਨਾਂ ਨੂੰ ਕਤਲ ਦੀਆਂ ਧਮਕੀਆਂ ਵਿਰੁੱਧ ਰੋਸ ਅਤੇ ਕਤਲਾਂ ਸੰਬੰਧੀ ਗ਼ਮ ਪਰਗਟ ਕਰੇਗੀ। ਇਸ ਦੇ ਉਲਟ ਅਕਾਦਮੀ ਨੇਮਾਂ ਅਤੇ ਪ੍ਰੰਪਰਾਵਾਂ ਦਾ ਸਹਾਰਾ ਲੈ ਕੇ ਆਪਣੀ ਅਸਹਿ ਅਬੋਲਤਾ ਨੂੰ ਵਾਜਬ ਠਹਿਰਾ ਰਹੀ ਹੈ। ਇਸ ਸੂਰਤ ਵਿਚ ਮੇਰੇ ਸਾਹਮਣੇ ਇਹ ਦੁਖਦਾਈ ਫ਼ੈਸਲਾ ਲੈਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਰਹਿ ਜਾਂਦਾ ਕਿ ਮੈਂ 2005 ਵਿਚ ਪੰਜਾਬੀ ਲੇਖਕ ਵਜੋਂ ਮਿਲਿਆ ਆਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦੇਵਾਂ।

ਅੰਤ ਵਿਚ ਮੈਂ ਇਹ ਵੀ ਸਪੱਸ਼ਟ ਕਰ ਦੇਵਾਂ ਕਿ ਇਸ ਚੰਦਰੇ ਮਾਹੌਲ ਦੇ ਬਾਵਜੂਦ ਮੈਂ ਪੂਰੀ ਤਰ੍ਹਾਂ ਨਿਰਾਸ਼ ਨਹੀਂ ਹਾਂ। ਮੈਨੂੰ ਆਸ ਅਤੇ ਵਿਸ਼ਵਾਸ ਹੈ ਕਿ ਸਾਡਾ ਸਾਹਿਤ ਤੇ ਸਭਿਆਚਾਰ, ਖਾਸ ਕਰਕੇ ਮੇਰੇ ਲੋਕ, ਇਹਨਾਂ ਜ਼ਖ਼ਮਾਂ ਦੇ ਬਾਵਜੂਦ, ਇਸ ਹਨੇਰੇ ਦੌਰ ਵਿਚੋਂ ਸਾਬਤ-ਸਬੂਤ ਪਾਰ ਨਿੱਕਲ ਸਕਣਗੇ ਅਤੇ ਅਸੀਂ ਫੇਰ ਸੱਜਰੇ ਬਲ ਨਾਲ ਆਪਣੇ ਸਹਿਜ-ਵਿਕਾਸੀ ਮਾਰਗ ਦੇ ਉਤਸਾਹੀ ਪਾਂਧੀ ਬਣ ਸਕਾਂਗੇ!

ਗੁਰਬਚਨ ਸਿੰਘ ਭੁੱਲਰ