Showing posts with label Laal Band. Show all posts
Showing posts with label Laal Band. Show all posts

Wednesday, 14 December 2011

ਰੌਕ ਸੰਗੀਤ ਦੀ ਨਾਬਰ ਰਵਾਇਤ ਅਤੇ 'ਰੌਕ ਸਟਾਰ'

ਜਤਿੰਦਰ ਮੌਹਰ

ਪਿੱਛੇ ਜਿਹੇ ਪਰਦਾਪੇਸ਼ ਹੋਈ ਫ਼ਿਲਮ ਰੌਕ ਸਟਾਰ ਨੇ ਚੰਗੀ ਵਿੱਤੀ ਕਾਮਯਾਬੀ ਹਾਸਲ ਕੀਤੀ। ਫ਼ਿਲਮ ਪੜਚੋਲ ਦੇ ਕਾਲਮਾਂ 'ਚ ਰੌਕ ਸਟਾਰ ਨੂੰ ਖ਼ੂਬ ਸਲਾਹਿਆ ਗਿਆ। ਕਿਸੇ ਨੂੰ ਇਹ ਫ਼ਿਲਮ ਪੰਜਾਬੀ ਦੇ ਮਹਾਨ ਕਵੀ ਬਾਬਾ ਵਾਰਿਸ ਸ਼ਾਹ ਦੀ ਅਜੋਕੇ ਯੁੱਗ ਦੀ ਹੀਰ-ਰਾਂਝਾ ਲੱਗੀ ਤੇ ਕਿਸੇ ਨੂੰ ਇਨਕਲਾਬੀ। ਕੋਈ ਇਸ ਨੂੰ 'ਤਾਜ਼ਾ ਸੂਫ਼ੀਆਨਾ ਕਲਾਮ' ਮੰਨਦਾ ਹੈ। ਫ਼ਿਲਮ ਰਣਬੀਰ ਕਪੂਰ ਦੀ ਲਗਾਤਾਰ ਬੰਨ੍ਹ ਕੇ ਰੱਖਣ ਵਾਲੀ ਅਦਾਕਾਰੀ ਅਤੇ ਨਵੀਂ ਕੁੜੀ ਨਰਗਿਸ ਫਾਖ਼ਰੀ ਦੀ ਭੁੱਲਣਯੋਗ ਅਦਾਕਾਰੀ ਨਾਲ ਸ਼ਿੰਗਾਰੀ ਹੋਈ ਹੈ। ਫ਼ਿਲਮ ਦੇ ਹਦਾਇਤਕਾਰ ਇਮਤਿਆਜ਼ ਅਲੀ ਹਨ ਜਿਨ੍ਹਾਂ ਨੇ ਪਹਿਲਾਂ 'ਸੋਚਾ ਨਾ ਥਾ', 'ਜਬ ਵੀ ਮੈੱਟ', 'ਲਵ ਆਜ-ਕੱਲ੍ਹ' ਜਿਹੀਆਂ ਰੁਮਾਂਸਵਾਦੀ ਫ਼ਿਲਮਾਂ ਬਣਾਈਆਂ ਹਨ। ਨਿੱਜੀ ਤੌਰ 'ਤੇ ਮੈਂ ਉਨ੍ਹਾਂ ਨੂੰ ਚੰਗਾ ਅਦਾਕਾਰ ਮੰਨਦਾ ਹਾਂ। ਉਹ ਚਾਲੂ ਬਾਲੀਵੁੱਡ ਮਾਰਕਾ ਫ਼ਿਲਮਾਂ 'ਚ ਰੁਮਾਂਸ ਦਾ ਮਸਾਲਾ ਨੱਕੋ-ਨੱਕ ਭਰਨ ਲਈ ਜਾਣੇ ਜਾਂਦੇ ਹਨ। ਅਮੀਰਜ਼ਾਦਿਆਂ/ਜ਼ਾਦੀਆਂ ਦੀਆਂ ਪ੍ਰੇਮ-ਕਹਾਣੀਆਂ 'ਤੇ ਫ਼ਿਲਮਾਂ ਬਣਾਉਣ 'ਚ ਉਨ੍ਹਾਂ ਨੂੰ ਮੁਹਾਰਤ ਹਾਸਲ ਹੈ। ਉਨ੍ਹਾਂ ਦੀਆਂ ਪਿਛਲੀਆਂ ਫ਼ਿਲਮਾਂ ਦੇਖ ਕੇ ਲਗਦਾ ਹੈ ਕਿ ਅਮੀਰ ਮੁੰਡੇ-ਕੁੜੀਆਂ ਨੂੰ ਜ਼ਿੰਦਗੀ 'ਚ ਵਿਆਹ ਕਰਵਾਉਣ ਅਤੇ 'ਸੱਚਾ ਪਿਆਰ' ਲੱਭਣ ਤੋਂ ਬਿਨਾਂ ਕੋਈ ਕੰਮ ਨਹੀਂ ਹੈ। ਉਹ ਜਗ੍ਹਾ-ਜਗ੍ਹਾ ਧੱਕੇ ਖਾ ਕੇ ਆਖ਼ਰ ਆਨ੍ਹੇ ਵਾਲੀ ਥਾਂ 'ਤੇ ਆ ਜਾਂਦੇ ਹਨ ਜਿੱਥੇ ਉਨ੍ਹਾਂ ਨੂੰ 'ਸੱਚਾ ਪਿਆਰ' ਕਰਨ ਵਾਲੀ ਅਮੀਰ ਕੁੜੀ ਮਿਲ ਜਾਂਦੀ ਹੈ। ਹਰ ਵਾਰ ਅਮੀਰ ਮਸ਼ੂਕ ਹੀ ਉਨ੍ਹਾਂ ਨੂੰ 'ਸਹੀ ਰਾਹ' ਪਾਉਣ ਦਾ ਸਬੱਬ ਬਣਦੀ ਰਹੀ ਹੈ। ਫ਼ਿਲਮ ਹਦਾਇਤਕਾਰ ਸੰਜੇ ਲੀਲਾ ਭੰਸਾਲੀ ਨੂੰ ਪੁੱਛਿਆ ਗਿਆ ਕਿ ਉਸ ਦੀਆਂ ਫ਼ਿਲਮਾਂ ਅਮੀਰ ਕਿਰਦਾਰਾਂ ਬਾਰੇ ਕਿਉਂ ਹੁੰਦੀਆਂ ਹਨ? ਉਸ ਦਾ ਕਹਿਣਾ ਸੀ ਕਿ ਗ਼ਰੀਬ ਮੈਨੂੰ ਕਿਰਦਾਰਾਂ ਦੇ ਰੂਪ 'ਚ ਦਿਸਦੇ ਨਹੀਂ ਹਨ। ਨਰਕ ਜਿਹੀ ਜ਼ਿੰਦਗੀ ਜਿਉਂ ਰਹੀ ਮੁਲਕ ਦੀ ਬਹੁਗਿਣਤੀ ਦੇ ਦੁੱਖਾਂ ਨੂੰ ਵਿਸਾਰ ਦੇਣ ਦਾ ਰੁਝਾਨ ਭਾਰਤੀ-ਸਿਨੇਮੇ 'ਤੇ ਲਗਾਤਾਰ ਭਾਰੂ ਹੈ। ਬਹੁਤੇ ਫ਼ਿਲਮਸਾਜ਼ ਇਸੇ ਰੁਝਾਨ ਦੀ ਨੁਮਾਇੰਦਗੀ ਕਰਦੇ ਨਜ਼ਰ ਆਉਂਦੇ ਹਨ। ਇਮਤਿਆਜ਼ ਫ਼ਿਲਮ-ਕਲਾ ਦਾ ਹੁਨਰ ਜਾਣਦਾ ਹੈ। ਫ਼ਿਲਮ-ਸੰਗੀਤ ਅਤੇ ਰੂਪਕ ਪੱਖ ਦੀ ਸਮਝ ਰੱਖਦਾ ਹੈ। ਅਜਿਹੇ ਫ਼ਿਲਮਸਾਜ਼ ਸ਼ਹਿਰੀ ਮੱਧ ਵਰਗ ਦੇ ਹਰਮਨਪਿਆਰੇ ਬਣ ਜਾਂਦੇ ਹਨ। ਇਹੀ ਜਮਾਤ ਜਨਤਕ ਸਮਝ ਬਣਾਉਣ ਵਾਲੇ ਵਸੀਲਿਆਂ 'ਤੇ ਹਮੇਸ਼ਾਂ ਕਾਬਜ਼ ਰਹੀ ਹੈ। ਉਹ ਨਿਵੇਕਲੇਪਣ ਨੂੰ ਸਿਫ਼ਤ ਦੇ ਤੌਰ 'ਤੇ ਪੇਸ਼ ਕਰਦੇ ਹਨ।


ਜੇ ਰੌਕ ਸੰਗੀਤ ਦੇ ਇਤਿਹਾਸ ਨੂੰ ਗਹੁ ਨਾਲ ਵਾਚਿਆ ਜਾਵੇ ਤਾਂ ਸਮੁੱਚੇ ਰੂਪ 'ਚ ਇਹ ਨਾਬਰੀ ਦਾ ਸੰਗੀਤ ਮੰਨਿਆਂ ਜਾਂਦਾ ਹੈ ਜੋ ਸੱਭਿਆਚਾਰਕ, ਸਮਾਜਿਕ ਅਤੇ ਸਿਆਸੀ ਲਹਿਰਾਂ ਦਾ ਝੰਡਾਬਰਦਾਰ ਰਿਹਾ ਹੈ। ਰੌਕ ਸੰਗੀਤ ਦੀ ਸ਼ੁਰੂਆਤ ਸਿਆਹਫਾਮ ਸੰਗੀਤਕਾਰ, ਗੀਤਕਾਰ ਅਤੇ ਗਾਇਕ ਚੱਕ ਬੈਰੀ (ਅਮਰੀਕੀ) ਨੇ ਕੀਤੀ ਸੀ। ਇਹ ਸੰਗੀਤ ਮਨੋਰੰਜਨ ਕਰਨ ਤੋਂ ਵਧੇਰੇ ਨਾਬਰ-ਆਪੇ ਦੀ ਰਵਾਇਤ ਰਿਹਾ ਹੈ। ਰੌਕ ਅਤੇ ਰੋਲ ਦੇ ਮੁੱਢਲੇ ਰੂਪ ਤੋਂ ਨਿਕਲ ਕੇ ਰੌਕ ਸੰਗੀਤ ਨੇ ਨਵੀਂ ਧਾਰਨਾ ਪੇਸ਼ ਕੀਤੀ। ਸਭ ਤੋਂ ਵੱਧ ਮਸ਼ਹੂਰ ਰਿਹਾ ਰੌਕ ਬੈਂਡ 'ਬੀਟਲਜ਼' ਰੁਮਾਂਟਿਕ ਸੰਗੀਤ ਤੋਂ ਅੱਗੇ ਵਧ ਕੇ ਸਾਮਰਾਜੀ ਲਾਲਚ ਦੇ 'ਤੇਲ ਗੀਤ' ਨਾਲ ਸਿਆਸੀ ਰੁਝਾਨ ਦਾ ਹਿੱਸਾ ਬਣਦਾ ਹੈ। ਇਹ ਗੀਤ ਸਾਮਰਾਜੀ ਲੋਭ ਨੂੰ ਬੇਪਰਦ ਕਰਦਾ ਹੈ। 15 ਅਕਤੂਬਰ 1969 ਨੂੰ ਵਾਸ਼ਿੰਗਟਨ ਡੀ.ਸੀ 'ਚ ਵੀਅਤਕਾਂਗ ਜੰਗ ਦੇ ਖ਼ਿਲਾਫ਼ ਇਕੱਠੇ ਹੋਏ ਢਾਈ ਲੱਖ ਲੋਕਾਂ ਨੇ ਬੀਟਲਜ਼ ਬੈਂਡ ਦੇ ਜੌਹਨ ਲੈਨਨ ਦਾ ਗੀਤ 'ਗਿਵ ਪੀਸ ਏ ਚਾਂਸ' ਗਾਇਆ। ਜੰਗ ਦੇ ਖ਼ਿਲਾਫ ਇਹ ਸਮੂਹ ਗੀਤ ਮੰਨਿਆਂ ਜਾਂਦਾ ਹੈ। ਸੱਤਰਵਿਆਂ ਦੇ ਸ਼ੁਰੂ 'ਚ ਜੌਹਨ ਹੈਨਰੈਟੀ ਨਾਂ ਦੇ ਅਮਰੀਕੀ ਮੁੰਡੇ ਨੇ ਆਪਣੀ ਬੇਗ਼ੁਨਾਹੀ ਸਾਬਤ ਕਰਨ ਲਈ ਫਾਹਾ ਲੈ ਲਿਆ ਸੀ। ਰੌਕ ਸਟਾਰ ਜੌਹਨ ਲੈਨਨ ਨੇ ਮੁੰਡੇ ਦੇ ਕਾਤਲਾਂ ਬਾਰੇ ਲਿਖਿਆ ਕਿ ਇਹ ਉਹੀ ਨੇ ਜੋ ਅਫ਼ਰੀਕਾ 'ਚ ਸਿਆਹਫਾਮ ਲੋਕਾਂ ਨੂੰ ਗਲੀਆਂ 'ਚ ਮਾਰਦੇ ਹਨ। ਇਨ੍ਹਾਂ ਹਰਾਮੀਆਂ ਦੀ ਨਸਲ ਇੱਕ ਹੈ। ਆਲਮ 'ਤੇ ਇਨ੍ਹਾਂ ਦਾ ਦਾਬਾ ਹੈ ਤੇ ਹਰ ਜਗ੍ਹਾ ਮਨੁੱਖਤਾ ਦੇ ਕਤਲੇਆਮ ਲਈ ਬੰਦੂਕਾਂ ਚੁੱਕੀ ਫਿਰਦੇ ਹਨ। ਚਾਰੇ ਪਾਸੇ ਇਹੀ ਘਟੀਆ ਸਫ਼ੇਦਪੋਸ਼ੀ ਦ੍ਰਿਸ਼ ਚੱਲ ਰਿਹਾ ਹੈ। ਸੰਨ 1972 'ਚ ਆਇਰਲੈਂਡ 'ਚ ਵਾਪਰੇ 'ਖ਼ੂਨੀ ਐਤਵਾਰ' ਕਤਲੇਆਮ ਦੇ ਖ਼ਿਲਾਫ਼ ਜੌਹਨ ਲੈਨਨ ਨੇ 'ਆਇਰਿਸ਼ ਦੀ ਕਿਸਮਤ' ਅਤੇ 'ਐਤਵਾਰ ਖ਼ੂਨੀ ਐਤਵਾਰ' ਜਿਹੇ ਗੀਤ ਗਾਏ। ਇਸ ਕਤਲੇਆਮ 'ਚ ਵਲੈਤੀ ਫ਼ੌਜੀਆਂ ਨੇ ਜਮਹੂਰੀ ਹਕੂਕ ਲਈ ਰੋਸ ਕਰ ਰਹੇ ਤੇਰ੍ਹਾਂ ਨਿਹੱਥੇ ਨਾਗਰਿਕਾਂ ਨੂੰ ਗੋਲੀ ਮਾਰ ਦਿੱਤੀ ਸੀ। ਲੈਨਨ ਨੇ ਕਿਹਾ ਸੀ ਕਿ ਜੇ ਉਸ ਨੂੰ ਵਲੈਤੀ ਫ਼ੌਜ ਜਾਂ ਬਾਗ਼ੀ ਆਇਰਸ਼ ਰੀਪਬਲੀਕਨ ਆਰਮੀ 'ਚੋਂ ਚੋਣ ਕਰਨ ਦਾ ਮੌਕਾ ਮਿਲੇ ਤਾਂ ਉਹ ਆਇਰਸ਼ ਆਰਮੀ ਨੂੰ ਚੁਣੇਗਾ। ਵਲੈਤ ਦੀ ਖ਼ੁਫ਼ੀਆ ਏਜੰਸੀ ਐਮ-15 ਲੈਨਨ ਉੱਤੇ ਬਾਗ਼ੀਆਂ ਨੂੰ ਮਾਲੀ ਮਦਦ ਦੇਣ ਦਾ ਦੋਸ਼ ਲਾਉਂਦੀ ਰਹੀ ਹੈ। ਅਮਰੀਕੀ ਖ਼ੁਫ਼ੀਆ ਏਜੰਸੀ ਐਫ.ਬੀ.ਆਈ ਮੁਤਾਬਕ ਲੈਨਨ ਕੌਮਾਂਤਰੀ ਮਾਰਕਸੀ ਗੁੱਟ ਨਾਲ ਜੁੜਿਆ ਹੋਇਆ ਸੀ। ਬਾਅਦ 'ਚ ਖੱਬੇਪੱਖੀ ਚਿੰਤਕ ਤਾਰਿਕ ਅਲੀ ਨੇ ਇਸਦੀ ਪੁਸ਼ਟੀ ਕੀਤੀ ਸੀ। ਜੰਗ ਦੇ ਵਿਰੁਧ ਉਸਦੇ ਗਾਣੇ 'ਕ੍ਰਿਸਮਿਸ ਮੁਬਾਰਕ-ਜੰਗ ਖ਼ਤਮ ਹੋ ਗਈ' ਅਤੇ 'ਗਿਵ ਪੀਸ ਏ ਚਾਂਸ' ਮਸ਼ਹੂਰ ਰਹੇ। ਐਫ਼.ਬੀ.ਆਈ ਦੀਆਂ ਖ਼ੁਫ਼ੀਆਂ ਰਪਟਾਂ ਮੁਤਾਬਕ ਜੰਗ-ਵਿਰੋਧੀ ਕਾਰਕੁਨਾਂ ਵਾਂਗ ਲੈਨਨ ਦੀ ਨਿੱਜੀ ਅਤੇ ਰੋਜ਼ਮੱਰ੍ਹਾਂ ਦੀ ਜ਼ਿੰਦਗੀ 'ਤੇ ਸਖ਼ਤ ਨਿਗਾਹ ਰੱਖੀ ਜਾਂਦੀ ਸੀ।


ਕਰਟ ਕੁਬੇਨ ਨਾਂ ਦਾ ਰੌਕ ਸਟਾਰ ਮਨੁੱਖ ਨੂੰ ਸੀਲ ਖਪਤਕਾਰ ਬਣਾਉਂਦੀ ਸੋਚ ਦੇ ਖ਼ਿਲਾਫ਼ ਪੈਂਤੜਾ ਲੈਂਦਾ ਹੈ। ਕੁਬੇਨ ਦਾ ਮੰਨਣਾ ਸੀ ਕਿ ਉਸ ਦੀ ਆਪਣੀ ਪਛਾਣ ਵੀ ਖ਼ਪਤਵਾਦੀ ਸੋਚ ਨੂੰ ਹੁਲਾਰਾ ਦੇ ਰਹੀ ਹੈ। ਕੁਬੇਨ ਦੇ ਖ਼ੁਦਕੁਸ਼ੀ ਕਰਨ ਦੇ ਕਾਰਨਾਂ 'ਚੋਂ ਇਹ ਫਿਕਰ ਵੀ ਅਹਿਮ ਮੰਨਿਆ ਜਾਂਦਾ ਹੈ। ਅਮਰੀਕਨ ਕੁੜੀ ਨਾਲ ਹੋਏ ਬਲਾਤਕਾਰ ਦੀ ਖ਼ਬਰ ਅਖ਼ਬਾਰ 'ਚ ਪੜ੍ਹ ਕੇ ਕੁਬੇਨ ਨੇ ਉਹਦੇ ਦੁੱਖ ਦਾ ਗੀਤ ਬਣਾਇਆ ਸੀ। ਵੀਹਵੀਂ ਸਦੀ ਦੇ ਸੱਠਵੇਂ ਤੇ ਸੱਤਰਵੇਂ ਦਹਾਕੇ ਦੇ ਰੌਕ ਸਟਾਰਾਂ ਨੇ ਪ੍ਰਬੰਧ ਦੇ ਖ਼ਿਲਾਫ਼ ਖੁੱਲ੍ਹ ਕੇ ਲਿਖਿਆ ਤੇ ਗਾਇਆ। ਬੌਬ ਡਿਲਨ ਤੇ ਹੋਰ ਰੌਕ ਸਟਾਰ ਮਨੁੱਖੀ ਹਕੂਕ ਦੀਆਂ ਲਹਿਰਾਂ ਦੇ ਸਮਰਥਕ ਅਤੇ ਵੀਅਤਕਾਂਗ ਦੇ ਖ਼ਿਲਾਫ਼ ਅਮਰੀਕੀ ਨੀਤੀਆਂ ਦੇ ਸਖ਼ਤ ਵਿਰੋਧੀ ਰਹੇ। ਬੌਬ ਡਿਲਨ ਵਰਗਿਆਂ ਨੇ ਰੋਸ-ਧਰਨਿਆਂ 'ਚ ਹਿੱਸਾ ਲਿਆ ਅਤੇ ਰੌਕ ਸੰਗੀਤ ਨੂੰ ਲੋਕਾਂ ਦੀ ਆਵਾਜ਼ ਬਣਾਇਆ। 'ਹੂ' ਵਰਗੇ ਰੌਕ ਗਵੱਈਆਂ ਨੇ ਸੱਠਵਿਆਂ 'ਚ ਆਪਣੇ ਗੀਤ ਨਾਬਰ ਮੁੰਡੇ-ਕੁੜੀਆਂ ਦੇ ਨਾਮ ਕੀਤੇ। ਸੰਨ 1978-79 ਦੇ ਸਾਲਾਂ 'ਚ ਪੰਕ ਰੌਕ ਨੇ ਪ੍ਰਬੰਧ ਦੇ ਖ਼ਿਲਾਫ਼ ਸਿਆਸੀ ਸੁਰ ਹੋਰ ਤਿੱਖੀ ਕੀਤੀ। ਜਮੈਕਾ ਦਾ ਬੌਬ ਮਾਰਲੇ ਗੋਰਿਆਂ ਦੀ ਸਰਦਾਰੀ ਦੇ ਮੁਕਾਬਲੇ ਸਿਆਹਫਾਮ ਬੰਦੇ ਅਤੇ ਅਫ਼ਰੀਕਾ ਦੀ ਪਛਾਣ ਦਾ ਝੰਡਾ ਬੁਲੰਦ ਕਰਦਾ ਹੈ। ਉਹ ਅਫ਼ਰੀਕਾ ਨੂੰ ਮਨੁੱਖੀ ਸੱਭਿਅਤਾ ਦਾ ਕੇਂਦਰ ਬਣਾਉਂਦਾ ਹੈ। 'ਪਿੰਕ ਫਲੋਇਉਡ' ਬੈਂਡ ਦਾ ਗੀਤ 'ਦਿ ਵਾਲ' ਲੋਕ-ਵਿਰੋਧੀ ਸਿੱਖਿਆ ਪ੍ਰਬੰਧ ਨੂੰ ਤਬਾਹ ਕਰਨ ਦਾ ਸੁਨੇਹਾ ਦਿੰਦਾ ਹੈ ਜਿਸ ਦੇ ਫ਼ਿਲਮਾਂਕਣ 'ਚ ਬੱਚੇ ਸਕੂਲ ਦੀਆਂ ਕੰਧਾਂ ਤੋੜਦੇ ਦਿਖਾਏ ਗਏ ਹਨ। ਅਜੋਕੇ ਦੌਰ 'ਚ ਪਾਕਿਸਤਾਨ ਦਾ ਲਾਲ ਬੈਂਡ ਮੁਲਕ ਦੇ ਸਮਾਜਿਕ ਅਤੇ ਸਿਆਸੀ ਹਾਲਾਤ ਨਾਲ ਲਗਾਤਾਰ ਜੁੜਦਾ ਹੈ। ਉਹ ਮੁਜਾਰਿਆਂ ਨੂੰ ਜ਼ਮੀਨਾਂ ਦੇਣ ਦੀ ਲਹਿਰ 'ਜ਼ਮੀਨੀ-ਸੁਧਾਰ ਲਈ ਲੰਬੀ ਯਾਤਰਾ' ਦਾ ਹਿੱਸਾ ਬਣਦਾ ਹੈ। ਸਮੁੱਚੇ ਰੂਪ 'ਚ ਰੌਕ ਸੰਗੀਤ ਸਮਾਜਿਕ ਨਾਬਰਾਬਰੀ ਦੇ ਖ਼ਿਲਾਫ਼ ਮਨੁੱਖ ਦੀ ਆਵਾਜ਼ ਬਣਦਾ ਰਿਹਾ ਹੈ ਭਾਵਂੇ ਇਸ ਸੰਗੀਤ ਨੂੰ ਹਿੱਪੀਆਂ ਨੇ ਆਪਣੀ ਨਿੱਜੀ ਪਛਾਣ ਦੇ ਦਿਖਾਵੇ ਵਜੋਂ ਵੀ ਵਰਤਿਆ ਸੀ। ਜਿਮ ਮੌਰੀਸਨ ਹਿੱਪੀਆਂ ਦਾ ਨੁਮਾਇੰਦਾ ਗਾਇਕ ਸੀ। ਹਿੱਪੀਆਂ ਦੇ ਸਰੋਕਾਰ ਸਮਾਜੀ ਨਾ ਹੋ ਕੇ ਸ਼ਖ਼ਸੀ ਖੁੱਲ੍ਹਾਂ ਤੱਕ ਮਹਿਦੂਦ ਸਨ। ਉਹ ਲੋਕ-ਸਮੱਸਿਆਵਾਂ ਦੇ ਸਾਂਝੇ ਹੱਲ ਦਾ ਵਿਚਾਰ ਪੇਸ਼ ਨਹੀਂ ਕਰਦੇ। ਮਸਲਾ ਵਿਚਾਰਨਾ ਬਣਦਾ ਹੈ ਕਿ ਕਲਾ ਨੂੰ ਅਸੀਂ ਸਰਬੱਤ ਦੇ ਭਲੇ ਲਈ ਵਰਤਣਾ ਹੈ ਜਾਂ ਸਿਰਫ਼ ਤੇ ਸਿਰਫ਼ ਨਿੱਜਵਾਦ ਦੇ ਰਾਮ-ਰੌਲੇ ਦਾ ਸ਼ੋਰ ਬਣਾਉਣਾ ਹੈ। ਇਸੇ ਪ੍ਰਸੰਗ 'ਚ ਇਮਤਿਆਜ਼ ਦੀ 'ਰੌਕ ਸਟਾਰ' ਨੂੰ ਦੇਖਿਆ ਜਾ ਸਕਦਾ ਹੈ।

'ਰੌਕ ਸਟਾਰ' ਹਰਿਆਣਵੀ ਮੁੰਡੇ ਜਨਾਰਧਨ ਜਾਖੜ ਉਰਫ਼ ਜੇ.ਜੇ ਉਰਫ਼ ਜਾਰਡਨ ਅਤੇ ਉਸ ਦੀ ਮਸ਼ੂਕ ਹੀਰ ਕੌਲ ਦੀ ਕਹਾਣੀ ਹੈ। ਰੌਕ ਸਟਾਰ ਸਿਰਲੇਖ ਤੋਂ ਲੱਗਦਾ ਹੈ ਕਿ ਫ਼ਿਲਮ ਨਾਇਕ ਦੇ ਸੰਗੀਤਕ-ਸਫ਼ਰ ਦੀ ਕਹਾਣੀ ਹੋਵੇਗੀ ਜਿਸ ਨੂੰ ਸੰਗੀਤ ਨਾਲ ਅੰਤਾਂ ਦਾ ਪਿਆਰ ਹੋਵੇਗਾ। ਕਹਾਣੀ ਮੁਤਾਬਕ ਜੇ.ਜੇ ਬਚਪਨ ਤੋਂ ਗਿਟਾਰ ਵਜਾਉਂਦਾ ਰਿਹਾ ਹੈ ਪਰ ਫ਼ਿਲਮ ਦੇਖਣ ਤੋਂ ਬਾਅਦ ਲਗਦਾ ਹੈ ਕਿ ਉਸ ਨੂੰ ਸੰਗੀਤ ਨਾਲ ਕੋਈ ਪਿਆਰ ਨਹੀਂ ਹੈ। ਉਹਦਾ ਪਿਆਰ ਤਾਂ ਹੀਰ ਨਾਲ ਹੈ। ਜਦੋਂ ਹੀਰ ਦਾ ਵਿਆਹ ਹੋਇਆ ਤਾਂ ਜੇ.ਜੇ ਗਾਉਣਾ ਛੱਡ ਗਿਆ। ਘਰਦਿਆਂ ਦਾ ਘਰੋਂ ਕੱਢਿਆ ਦਰਗਾਹ 'ਚ ਪਹੁੰਚ ਗਿਆ ਤੇ ਫਿਰ ਗਾਉਣ ਲੱਗ ਪਿਆ। ਜੇ ਹੀਰ ਨਾ ਹੁੰਦੀ ਤਾਂ ਉਹ ਗਾਇਕ ਹੀ ਨਾ ਬਣਦਾ। ਜੇ ਫ਼ਿਲਮ ਦਾ ਸਿਰਲੇਖ ਰੌਕ ਸਟਾਰ ਦੀ ਥਾਂ 'ਏਕ ਦੀਵਾਨਾ' ਜਾਂ 'ਏਕ ਆਸ਼ਿਕ' ਜਾਂ 'ਸਨਕੀ ਪਗਲਾ ਦੀਵਾਨਾ' ਹੁੰਦਾ ਤਾਂ ਵੀ ਕੋਈ ਫ਼ਰਕ ਨਹੀਂ ਸੀ ਪੈਣਾ। ਰੌਕ ਸਟਾਰ ਦੀ ਥਾਂ ਉਸ ਦਾ ਕਿੱਤਾ ਟਰੱਕ-ਡਰਾਇਵਰੀ ਜਾਂ ਸਕੂਟਰ ਮਕੈਨਿਕੀ ਹੋਣ ਨਾਲ ਵੀ ਕੰਮ ਚਲ ਜਾਣਾ ਸੀ। ਸਵਾਲ ਹੈ ਕਿ ਰੌਕ ਸਟਾਰ ਦਾ ਸੰਗੀਤਕ-ਸਫ਼ਰ ਕਿੱਥੇ ਹੈ? ਮੁੱਢਲੇ ਦੌਰ 'ਚ ਉਸ ਨੂੰ ਲੱਲੂ ਕਿਸਮ ਦਾ ਬੰਦਾ ਦਿਖਾਇਆ ਗਿਆ ਹੈ। ਉਹ ਉਸ ਵੇਲੇ ਵੀ 'ਬਰਬਾਦ ਅਲਫ਼ਾਜ਼' ਜਿਹੇ ਗੀਤ ਲਿਖ ਅਤੇ ਗਾ ਰਿਹਾ ਹੈ। ਕਾਮਯਾਬੀ ਮਿਲਣ 'ਤੇ ਵੀ ਉਸੇ ਤਰ੍ਹਾਂ ਦੇ ਗੀਤ ਗਾ ਰਿਹਾ ਹੈ। ਹੀਰ ਨਾਲ ਇਸ਼ਕ ਹੋਣ ਤੋਂ ਬਾਅਦ (ਜਿਵੇਂ ਫ਼ਿਲਮ 'ਚ ਸਿੱਧ ਕੀਤਾ ਗਿਆ ਹੈ), ਉਸ ਦੇ ਵਿਚਾਰਾਂ ਅਤੇ ਕਲਾ 'ਚ ਆਈ ਤਬਦੀਲੀ ਅਤੇ ਪਕਿਆਈ ਸਮਝ ਤੋਂ ਬਾਹਰ ਹੈ। ਉਹ ਸ਼ੂਰੂ ਤੋਂ ਹੀ ਅੰਤਰਜਾਮੀ ਜਾਪਦਾ ਹੈ। ਫ਼ਿਲਮ ਦੀ ਪੜਚੋਲ ਇਸ ਤਰ੍ਹਾਂ ਨਹੀਂ ਕੀਤੀ ਜਾ ਸਕਦੀ ਕਿ ਇਸ ਵਿੱਚ ਸੂਫ਼ੀ ਗਾਣਾ ਵੀ ਹੈ। 'ਸਾਡਾ ਹੱਕ' ਜਿਹਾ 'ਇਨਕਲਾਬੀ' ਗੀਤ ਵੀ ਹੈ। ਫ਼ਿਲਮ ਦੀ ਸਮੁੱੱਚਤਾ ਵੀ ਕੋਈ ਸ਼ੈਅ ਹੁੰਦੀ ਹੈ ਕਿ ਆਖ਼ਰ ਉਹ ਕਿਸ ਮਿੱਟੀ 'ਤੇ ਖੜ੍ਹ ਕੇ ਸੰਬੋਧਤ ਹੁੰਦੀ ਹੈ? ਇਸੇ ਰੁਝਾਨ 'ਚ ਬੱਬੂ ਮਾਨ ਆਪਣੇ ਗਾਣਿਆਂ ਨੂੰ 'ਸਰਕਾਰ ਵਿਰੋਧੀ' ਪ੍ਰਚਾਰ ਕੇ 'ਇਨਕਲਾਬੀ' ਕਹਾਈ ਜਾਂਦਾ ਹੈ। ਉਸ ਨੂੰ ਪੋਰਸ, ਹਿਟਲਰ, ਬਾਬਾ ਨਾਨਕ, ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਜਗਤਾਰ ਹਵਾਰਾ, ਬੰਦਾ ਸਿੰਘ ਬਹਾਦਰ, ਮੌਤ ਦੇ ਵਪਾਰੀ ਅਤੇ ਅਤਿ ਦੇ ਸ਼ਿਕਾਰੀ ਸਾਰੇ ਜੱਟ ਲੱਗੀ ਜਾਂਦੇ ਹਨ। ਉਹ ਸਾਰਿਆਂ ਦਾ ਜਸ਼ਨ ਮਨਾਈ ਜਾਂਦਾ ਹੈ।

ਜੇ.ਜੇ ਸ਼ਹਿਨਾਈ ਵਾਦਕ ਬਣੇ ਸ਼ੰਮੀ ਕਪੂਰ ਦਾ ਮਜ਼ਾਕ ਉਡਾਉਂਦਾ ਹੈ। ਉਸ ਦਾ ਮੰਨਣਾ ਹੈ ਕਿ ਸ਼ਾਸਤਰੀ ਸੰਗੀਤ ਸਮਝ ਨਹੀਂ ਆਉਂਦਾ ਇਸ ਕਰਕੇ ਗਾਉਣ ਦਾ ਕੋਈ ਮਤਲਬ ਨਹੀਂ ਹੈ। ਸ਼ੰਮੀ ਕਪੂਰ ਇਸ ਗੱਲ ਦਾ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੰਦਾ। ਅਸਲ 'ਚ ਇਹ ਕਲਾ ਦੀ ਵੰਨ-ਸਵੰਨਤਾ ਨੂੰ ਛੁਟਿਆਉਣ ਦਾ ਯਤਨ ਹੈ। ਜੇ.ਜੇ ਦੇ ਕਿਰਦਾਰ 'ਚ ਕੋਈ ਸਿਫ਼ਤੀ ਤਬਦੀਲੀ ਨਹੀਂ ਆਉਂਦੀ। ਉਹ ਸਾਰੀ ਫ਼ਿਲਮ 'ਚ ਇੱਕੋ-ਜਿਹਾ ਰਹਿੰਦਾ ਹੈ। ਸਮਝ ਨਹੀਂ ਆਉਂਦਾ ਕਿ ਉਸ ਨੂੰ ਗੁੱਸਾ ਕਿਸ ਗੱਲ ਦਾ ਹੈ? ਮੰਨਿਆ ਕਿ ਪਹਿਲਾਂ ਉਸ ਨੂੰ ਪਤਾ ਨਹੀਂ ਸੀ ਕਿ ਉਹ ਹੀਰ ਨੂੰ ਪਿਆਰ ਕਰਦਾ ਹੈ। ਜਦੋਂ ਪਤਾ ਲੱਗ ਗਿਆ ਤਾਂ ਬੋਲ ਦਿਓ। ਬਿਨਾਂ ਗੱਲੋਂ ਔਖਾ ਹੋਇਆ ਫਿਰਦਾ ਹੈ। ਫ਼ਿਲਮ ਦੀ ਹੀਰ ਦਾ ਬਾਬੇ ਵਾਰਸ ਦੀ ਹੀਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਬਾਬੇ ਵਾਰਸ ਦੀ ਹੀਰ ਸਮਾਜਿਕ, ਇਨਸਾਫ਼-ਪ੍ਰਬੰਧ (ਕਾਜ਼ੀ) ਅਤੇ ਧਾਰਮਿਕ ਦਾਬੇ (ਮੌਲਵੀ) ਦੇ ਖ਼ਿਲਾਫ਼ ਨਾਬਰੀ ਦੀ ਆਵਾਜ਼ ਬਣਦੀ ਹੈ ਪਰ ਹੀਰ ਕੌਲ ਦਾ ਆਪਹੁਦਰਾਪਣ ਚੋਰੀ ਛੁਪੇ 'ਜੰਗਲੀ ਜਵਾਨੀ' ਫ਼ਿਲਮ ਦੇਖਣ ਤੱਕ ਮਹਿਦੂਦ ਹੈ। ਅੰਦਰ ਹੀ ਅੰਦਰ ਘੁਟਦੀ ਹੋਈ ਮੌਤ ਦੇ ਕੰਢੇ 'ਤੇ ਪਹੁੰਚ ਜਾਂਦੀ ਹੈ। ਦੋਵੇਂ ਮੁੱਖ ਕਿਰਦਾਰ ਸਨਕੀ ਤੇ ਮਾਨਸਿਕ ਰੋਗੀ ਲਗਦੇ ਹਨ। ਸਾਰੀ ਫ਼ਿਲਮ ਥੋਪੇ ਹੋਏ ਅਹਿਸਾਸ ਦੀ ਕਹਾਣੀ ਹੈ। ਮੂਲ ਰੂਪ 'ਚ ਫ਼ਿਲਮ ਬਾਲੀਵੁੱਡ ਮਾਰਕਾ ਮਸਾਲਾ ਫ਼ਿਲਮਾਂ ਦੀ ਅਗਲੀ ਕੜੀ ਹੈ।

ਕੋਈ ਰੌਕ ਗਾਉਣ ਵਾਲਾ ਕੁੜੀ ਦੇ ਇਸ਼ਕ 'ਚ ਪਾਗ਼ਲ ਹੋ ਕੇ ਰੌਕ ਸਟਾਰ ਨਹੀਂ ਬਣਿਆ। ਰੌਕ ਸੰਗੀਤ ਨਾਲ ਜੁੜੇ ਗਾਇਕ ਪੇਸ਼ੇਵਰ, ਸਮਾਜਿਕ ਅਤੇ ਸਿਆਸੀ ਸਮਝ ਰੱਖਣ ਵਾਲੇ ਬੰਦੇ ਰਹੇ ਹਨ। ਫ਼ਿਲਮ 'ਚ ਤਿੱਬਤ ਦੇ ਧੁੰਦਲੇ ਕੀਤੇ ਝੰਡਿਆਂ ਅਤੇ ਇਸ਼ਤਿਹਾਰਾਂ ਨੂੰ ਗੀਤ 'ਚ ਦਿਖਾਇਆ ਗਿਆ ਹੈ। ਕਸ਼ਮੀਰੀ ਲੋਕਾਂ ਅਤੇ ਨਿਹੰਗਾਂ ਤੋਂ 'ਸਾਡਾ ਹੱਕ, ਐਥੇ ਰੱਖ' ਦੇ ਕੁਝ ਪਲਾਂ ਲਈ ਨਾਅਰੇ ਲਗਵਾ ਕੇ ਕੰਮ ਨਹੀਂ ਸਾਰਿਆ ਜਾ ਸਕਦਾ। ਰੌਕ ਸਟਾਰ ਦੀ ਇਨ੍ਹਾਂ ਨਾਲ ਕੀ ਤੰਦ ਜੁੜਦੀ ਹੈ? ਉਹ ਇਨ੍ਹਾਂ ਮੁੱਦਿਆਂ ਨਾਲ ਕਿਸ ਤਰ੍ਹਾਂ ਦਾ ਸੰਵਾਦ ਰਚਾਉਂਦਾ ਹੈ ਅਤੇ ਕਦੋਂ ਰਚਾਉਂਦਾ ਹੈ? ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਮਿਲਦਾ। ਚੀਨ ਦੇ ਖ਼ਿਲਾਫ਼ ਤਿੱਬਤੀਆਂ ਦੇ ਦ੍ਰਿਸ਼ਾਂ ਨੂੰ ਮੀਡੀਆ 'ਚ ਖ਼ੂਬ ਉਛਾਲਿਆ ਗਿਆ। ਸੈਂਸਰ ਬੋਰਡ ਨੇ ਤਿੱਬਤੀ ਵਿਰੋਧ ਦੇ ਝੰਡਿਆਂ ਨੂੰ ਧੁੰਦਲਾ ਕਰਵਾ ਦਿੱਤਾ। ਹਦਾਇਤਕਾਰ ਨੇ ਚੂੰ ਨਹੀਂ ਕੀਤੀ ਕਿਉਂਕਿ ਇਹ ਇਸ਼ਤਿਹਾਰਬਾਜ਼ੀ ਤੋਂ ਵਧੇਰੇ ਕੁਝ ਨਹੀਂ ਸੀ। ਜੇ ਹਦਾਇਤਕਾਰ ਆਪਣੇ ਦ੍ਰਿਸ਼ ਬਾਬਤ ਸੁਹਿਰਦ ਹੁੰਦਾ ਤਾਂ ਉਹ ਦ੍ਰਿਸ਼ ਪਾਸ ਕਰਾਉਣ ਲਈ ਮੀਡੀਆ ਤੋਂ ਲੈ ਕੇ ਅਦਾਲਤ ਤੱਕ ਪਹੁੰਚ ਕਰਦਾ। ਇਮਤਿਆਜ਼ ਨੇ ਅਜਿਹੀ ਕੋਈ ਸਿਦਕਦਿਲੀ ਨਹੀਂ ਦਿਖਾਈ। ਫ਼ਿਲਮ ਦੇ ਕਿਰਦਾਰ ਇੱਕ ਵੀ ਜਗ੍ਹਾ ਕਿਸੇ ਸਮਾਜਿਕ ਜਾਂ ਸਿਆਸੀ ਬਹਿਸ ਦਾ ਹਿੱਸਾ ਨਹੀਂ ਬਣਦੇ। ਸਿਰਫ਼ ਗਾਣਾ ਗਾ ਕੇ ਡੰਗ ਟਪਾਇਆ ਗਿਆ ਹੈ। ਕਿਸੇ ਵੀ ਤਰ੍ਹਾਂ ਦੀ ਸਮਝ ਬਣਨ ਅਤੇ ਨਿਖਰਨ ਦਾ ਕੋਈ ਸਫ਼ਰ ਹੁੰਦਾ ਹੈ। ਇਹ ਸਫ਼ਰ ਫ਼ਿਲਮ 'ਚੋਂ ਗਾਇਬ ਹੈ। ਬਾਲੀਵੁੱਡ ਨੇ ਲੋਕ-ਮੁੱਦਿਆਂ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਉਲਟਾ, ਉਹ ਇਨ੍ਹਾਂ ਬਾਬਤ ਸੰਜੀਦਾ ਸੰਵਾਦ ਨੂੰ ਲੀਹੋਂ ਲਾਹੁਣ ਦਾ ਕੰਮ ਤਨਦੇਹੀ ਨਾਲ ਕਰਦੇ ਹਨ। ਮਣੀ ਰਤਨਮ ਇਸ ਰੁਝਾਨ ਦਾ ਨੁਮਾਇੰਦਾ ਫ਼ਿਲਮਸਾਜ਼ ਹੈ। ਕਸ਼ਮੀਰ-ਸਮੱਸਿਆ 'ਤੇ ਉਸਦੀ ਫ਼ਿਲਮ 'ਰੋਜ਼ਾ', ਬਾਬਰੀ ਮਸਜਿਦ ਦੀ ਸ਼ਹੀਦੀ ਤੋਂ ਬਾਅਦ ਹੋਏ ਸੰਨ 1993 ਦੇ ਮੁਸਲਿਮ-ਵਿਰੋਧੀ ਦੰਗਿਆਂ 'ਤੇ ਬਣੀ 'ਬੰਬਈ', ਉੱਤਰ-ਪੂਰਬ ਦੇ ਹਾਲਾਤ 'ਤੇ 'ਦਿਲ ਸੇ', ਬੰਗਾਲ ਦੀ ਵਿਦਿਆਰਥੀ ਸਿਆਸਤ ਬਾਰੇ 'ਯੁਵਾ' ਅਤੇ ਮਾਓਵਾਦੀ ਲਹਿਰ ਹੇਠਲੇ ਖਿੱਤੇ ਬਾਰੇ 'ਰਾਵਣ' ਜਿਹੀਆਂ ਫ਼ਿਲਮਾਂ ਵਿੱਚ ਸੰਵੇਦਨਸ਼ੀਲ ਮੁੱਦਿਆਂ ਨੂੰ ਗ਼ੈਰ-ਸੰਜੀਦਾ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਜਿਨ੍ਹਾਂ ਮੁੱਦਿਆਂ ਬਾਬਤ ਮੁੱਖਧਾਰਾ 'ਚ ਇਕਪਾਸੜ ਗੱਲਬਾਤ ਕੀਤੀ ਜਾਂਦੀ ਹੈ। ਉਸੇ ਕੜੀ 'ਚ ਮਣੀ ਰਤਨਮ ਤੇ ਇਮਤਿਆਜ਼ ਵਰਗਿਆਂ ਦੀਆਂ ਫ਼ਿਲਮਾਂ ਮਸਲੇ ਨੂੰ ਹੋਰ ਵਿਗਾੜ ਕੇ ਪੇਸ਼ ਕਰਦੀਆਂ ਹਨ।

'ਰੌਕ ਸਟਾਰ' ਨਿੱਜੀ ਗੁੱਸੇ ਅਤੇ ਆਪਹੁਦਰੇਪਣ ਦਾ ਜਸ਼ਨ ਹੈ। ਅਜਿਹੀ ਨਾਬਰੀ ਪ੍ਰਬੰਧ ਨੂੰ ਹਮੇਸ਼ਾਂ ਪੁੱਗਦੀ ਰਹੀ ਹੈ। ਤੇਜਿੰਦਰਪਾਲ ਬੱਗਿਆਂ ਤੇ ਹਰਵਿੰਦਰਾਂ ਨੂੰ ਮੀਡੀਆ ਵਾਰ-ਵਾਰ ਦਿਖਾਉਂਦਾ ਹੈ। ਪ੍ਰਬੰਧ ਉਨ੍ਹਾਂ ਦੀ ਸਰਪ੍ਰਸਤੀ ਕਰਦਾ ਹੈ ਕਿਉਂਕਿ ਉਹ ਜੱਥੇਬੰਦਕ ਨਾਬਰੀ ਤੋਂ ਡਰਦਾ ਹੈ। ਹੱਕੀ ਮੰਗਾਂ ਲਈ ਸਮੂਹ ਦੇ ਰੂਪ 'ਚ ਆਏ ਲੋਕਾਂ ਨੂੰ ਹਮੇਸ਼ਾਂ ਅਮਨ-ਕਨੂੰਨ ਦੀ ਸਮੱਸਿਆ ਦੇ ਰੂਪ 'ਚ ਪੇਸ਼ ਕੀਤਾ ਜਾਂਦਾ ਰਿਹਾ ਹੈ। 'ਰੌਕ ਸਟਾਰ' ਨੂੰ ਰੌਕ ਸੰਗੀਤ ਦੀ ਨਾਬਰ ਰਵਾਇਤ ਅਤੇ ਇਤਿਹਾਸ ਨਾਲ ਜੋੜ ਕੇ ਹੀ ਸਮਝਿਆ ਜਾ ਸਕਦਾ ਹੈ ਜਿਸ ਦੇ ਕਲਾਕਾਰਾਂ ਨੇ ਸਮਾਜਿਕ ਅਤੇ ਸਿਆਸੀ ਸਮਝ ਦੀਆਂ ਸਾਂਝੀਆਂ ਮੁਕਾਮੀ, ਕੌਮੀ ਅਤੇ ਕੌਮਾਂਤਰੀ ਤੰਦਾਂ ਪੇਸ਼ ਕਰਨ ਦਾ ਇਤਿਹਾਸ ਸਿਰਜਿਆ ਹੈ।