Wednesday, 12 October 2011

ਗੁਰਸ਼ਰਨ:ਕਰੂਰ ਸਮਿਆਂ ਦੀ ਖਾਲਸ ਅਵਾਮੀ ਆਵਾਜ਼

ਦਲਜੀਤ ਅਮੀ
ਬਾਰਾਂ ਸਾਲ ਦੀ ਉਮਰ ਵਿੱਚ ਆਪਣੇ ਜਮਾਤੀ ਨੂੰ ਸਕੂਲ ਛੱਡ ਕੇ ਝਾੜੂ ਮਾਰਦਿਆਂ ਦੇਖਣਾ ਗੁਰਸ਼ਰਨ ਸਿੰਘ ਲਈ ਬਹੁਤ ਵੱਡਾ ਸਦਮਾ ਸੀ ਜਿਸ ਦਾ ਅਸਰ ਤਾਉਮਰ ਉਨ੍ਹਾਂ ਉੱਤੇ ਰਿਹਾ। ਆਪਣੇ ਜਮਾਤੀਆਂ ਵਿੱਚ ਸਭ ਤੋਂ ਖ਼ੂਬਸੂਰਤ ਲਿਖਾਈ ਲਿਖਣ ਵਾਲੇ ਸ਼ਿੰਗਾਰੇ ਦੀ ਹਾਲਤ ਦੇਖ ਕੇ ਗੁਰਸ਼ਰਨ ਸਿੰਘ ਦੀਆਂ ਅੱਖਾਂ ਵਿੱਚ ਅੱਥਰੂ ਵਹਿ ਤੁਰੇ। ਇਹ ਅੱਥਰੂ ਸਾਰੀ ਉਮਰ ਉਸੇ ਤਰ੍ਹਾਂ ਵਹਿੰਦੇ ਰਹੇ। ਗੁਰਸ਼ਰਨ ਸਿੰਘ ਜਦੋਂ ਵੀ ਸ਼ਿੰਗਾਰੇ ਦੀ ਗੱਲ ਕਰਦੇ ਸਨ ਤਾਂ ਅੱਥਰੂ ਆਪ ਮੁਹਾਰੇ ਵਹਿ ਤੁਰਦੇ ਸਨ। ਬਿਆਸੀ ਸਾਲ ਦੀ ਸਰਗਰਮ ਅਤੇ ਚੇਤਨ ਜ਼ਿੰਦਗੀ ਜਿਉਣ ਤੋਂ ਬਾਅਦ 27 ਸਤੰਬਰ 2011 ਨੂੰ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਆਪਣੇ ਜਮਾਤੀ ਨਾਲ ਕੀਤੇ ਅਣਕਹੇ ਵਾਅਦੇ ਗੁਰਸ਼ਰਨ ਸਿੰਘ ਨੇ ਤਾਉਮਰ ਨਿਭਾਏ ਅਤੇ ਹਰ ਤਰ੍ਹਾਂ ਦੀ ਨਾਇਨਸਾਫ਼ੀ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਇਸ ਲਈ ਨਾਟਕ ਮੰਚ ਬਣਿਆ ਜਿੱਥੋਂ ਉਨ੍ਹਾਂ ਨੇ ਗਰਜ਼ਵੀ ਆਵਾਜ਼ ਵਿੱਚ ਲੁੱਟ ਅਤੇ ਨਾਬਰਾਬਰੀ ਦੀ ਹਰ ਵੰਨਗੀ ਨੂੰ ਲਲਕਾਰਿਆ। ਦਲੀਲ ਅਤੇ ਭਾਵਨਾ ਨਾਲ ਲਵਰੇਜ਼ ਆਵਾਜ਼ ਸਾਹਮਣੇ ਜੁੜੀ ਸੰਗਤ ਵਿੱਚ ਬੇਇੰਤਹਾ ਊਰਜਾ ਭਰਦੀ ਰਹੀ। ਕੋਈ ਬੰਦਾ ਸਾਰੀ ਉਮਰ ਇੰਨੀ ਸ਼ਿੱਦਤ ਅਤੇ ਊਰਜਾ ਕਿਵੇਂ ਕਾਇਮ ਰੱਖ ਸਕਦਾ ਹੈ? ਗੁਰਸ਼ਰਨ ਸਿੰਘ ਦੀ ਛੋਟੀ ਧੀ ਡਾ. ਅਰੀਤ ਉਨ੍ਹਾਂ ਦੇ ਸ਼ਰਧਾਜਲੀ ਸਮਾਗਮ ਉੱਤੇ ਕਹਿ ਰਹੀ ਸੀ ਕਿ ਬਿਨਾਂ ਰੋਏ ਕਦੇ ਵੀ ਸ਼ਿੰਗਾਰੇ ਬਾਬਤ ਗੱਲ ਨਹੀਂ ਕਰ ਸਕੇ। ਜੋ ਅੱਥਰੂ 12 ਸਾਲ ਦੀ ਉਮਰ ਵਿੱਚ ਵਗਣੇ ਸ਼ੁਰੂ ਹੋਏ ਉਹ ਬਿਆਸੀ ਸਾਲ ਦੀ ਉਮਰ ਵਿੱਚ ਵੀ ਰੁਕਦੇ ਨਹੀਂ ਸਨ।

ਗੁਰਸ਼ਰਨ ਸਿੰਘ ਦਾ ਜਨਮ 16 ਸਤੰਬਰ 1929 ਨੂੰ ਮੁਲਤਾਨ ਵਿੱਚ ਹੋਇਆ। ਵੰਡ ਵੇਲੇ ਹਿਜ਼ਰਤ ਕਰਨ ਲਈ ਮਜਬੂਰ ਲੋਕਾਂ ਵਿੱਚ ਉਨ੍ਹਾਂ ਦਾ ਪਰਿਵਾਰ ਵੀ ਸ਼ਾਮਿਲ ਸੀ। ਵਿਦਿਆਰਥੀ ਕਾਰਕੁਨ ਵਜੋਂ ਉਨ੍ਹਾਂ ਨੇ ਬੁਨਿਆਦਪ੍ਰਸਤੀ ਦਾ ਵਿਰੋਧ ਕੀਤਾ ਅਤੇ ਪਨਾਹਗੀਰਾਂ ਦੀ ਮਦਦ ਲਈ ਉਪਰਾਲੇ ਜੁਟਾਏ। ਉਸ ਵੇਲੇ ਤਕਰੀਬਨ ਗਿਆਰਾ ਲੱਖ ਲੋਕ ਕਤਲ ਕਰ ਦਿੱਤੇ ਗਏ ਅਤੇ ਬੇਘਰ ਹੋਣ ਵਾਲਿਆਂ ਦਾ ਕੋਈ ਹਿਸਾਬ ਨਾ ਰਿਹਾ। ਬੇਇੱਜ਼ਤ, ਵੱਢੀ-ਟੁੱਕੀ ਅਤੇ ਲੁੱਟੀ ਲੋਕਾਈ ਦਾ ਬੇਵਿਸਾਹੀ ਦੀ ਬੇਕਿਰਕ ਮਾਰ ਨਾਲ ਟਾਕਰਾ ਗੁਰਸ਼ਰਨ ਸਿੰਘ ਦੇ ਚੇਤਿਆਂ ਵਿੱਚ ਸਦਾ ਸੱਜਰਾ ਰਿਹਾ। ਇਹ ਗੱਲ ਉਹ ਤਾਉਮਰ ਕਹਿੰਦੇ ਰਹੇ ਕਿ 1937 ਦਾ ਖ਼ੂਨ-ਖ਼ਰਾਬਾ ਦੇਖਣ ਤੋਂ ਬਾਅਦ ਉਹ ਖੁੱਲ੍ਹ ਕੇ ਕਦੇ ਹੱਸ ਨਹੀਂ ਸਕੇ। ਉਹ ਬੁਨਿਆਦਪ੍ਰਸਤੀ ਖ਼ਿਲਾਫ਼ ਹਰ ਖ਼ਤਰਾ ਸਹੇੜ ਕੇ ਲੜੇ। ਵੰਡ ਵਾਲੇ ਮਾਹੌਲ ਦੀ ਮੁੜ-ਉਸਾਰੀ ਦੀ ਹਰ ਸੰਭਾਵਨਾ ਨੂੰ ਖ਼ਤਮ ਕਰਨ ਲਈ ਗੁਰਸ਼ਰਨ ਸਿੰਘ ਕਦੇ ਪਿੱਛੇ ਨਹੀਂ ਰਹੇ।

ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਪੰਜਾਬ ਦੀਆਂ ਪਲੇਠੀਆਂ ਵਿਧਾਨ ਸਭਾ ਚੋਣਾਂ ਦੌਰਾਨ ਗੁਰਸ਼ਰਨ ਸਿੰਘ ਨੇ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਣਾ ਲਈ ਸਾਈਕਲ ਉੱਤੇ ਪਿੰਡ-ਪਿੰਡ ਪ੍ਰਚਾਰ ਕੀਤਾ। ਬਾਬਾ ਜੀ ਅੰਗਰੇਜ਼ਾਂ ਦੇ ਵੇਲੇ ਦੇ ਕਿਸੇ ਨੌਕਰਸ਼ਾਹ ਨੂੰ ਚੋਣ ਹਾਰ ਗਏ। ਬਾਬਾ ਜੀ ਨੇ ਨਿਰਾਸ਼ ਗੁਰਸ਼ਰਨ ਸਿੰਘ ਨੂੰ ਦਿਲਾਸਾ ੰਿਦੰਦਿਆਂ ਤਜਰਬਾ ਸਾਂਝਾ ਕੀਤਾ ਕਿ ਰਾਜ ਬਦਲਿਆ ਹੈ ਪਰ ਇਸ ਦਾ ਪੁਰਾਣਾ ਖ਼ਾਸਾ ਕਾਇਮ ਹੈ। ਕੌਮੀ ਮੁਕਤੀ ਲਈ ਲੜਾਈ ਹਾਲੇ ਲੜੀ ਜਾਣੀ ਹੈ। ਇਹ ਸਲਾਹੁਣੀ ਗੁਰਸ਼ਰਨ ਸਿੰਘ ਦੇ ਦਿਲ-ਦਿਮਾਗ ਵਿੱਚੋਂ ਕਦੇ ਨਹੀਂ ਵਿਸਰੀ।

ਗੁਰਸ਼ਰਨ ਸਿੰਘ ਦੀ ਸ਼ਖ਼ਸੀਅਤ ਦੇ ਬਹੁਤ ਪਸਾਰ ਸਨ ਪਰ ਉਹ ਮਕਬੂਲ ਨਾਟ ਕਲਾਕਾਰ ਵਜੋਂ ਹੋਏ। ਉਨ੍ਹਾਂ ਦਾ ਰਸਮੀ ਸਿੱਖਿਆ ਸੀਮਿੰਟ ਤਕਨਾਲੋਜੀ ਦੇ ਇੰਜੀਨੀਅਰ ਵਜੋਂ ਮੁਕੰਮਲ ਹੋਈ। ਉਹ ਭਾਖੜਾ ਬੰਨ੍ਹ ਦੀ ਉਸਾਰੀ ਕਰਨ ਵਾਲੇ ਬਾਨੀ ਇੰਜਨੀਅਰਾਂ ਵਿੱਚ ਸ਼ੁਮਾਰ ਸਨ। ਸਮਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਭਾਖੜਾ ਬੰਨ੍ਹ ਨੂੰ 'ਉਸਰਦੇ ਭਾਰਤ ਦਾ ਨਵਾਂ ਧਾਮ' ਕਰਾਰ ਦਿੱਤਾ ਸੀ। ਭਾਖੜਾ ਬੰਨ੍ਹ ਉੱਤੇ ਕੰਮ ਕਰਦਿਆਂ ਗੁਰਸ਼ਰਨ ਸਿੰਘ ਨੂੰ ਅਹਿਸਾਸ ਹੋਇਆ ਕਿ ਜੇ ਮਨੁੱਖੀ ਤਾਕਤ ਨਦੀਆਂ ਦੇ ਵਹਿਣ ਮੋੜ ਸਕਦੀ ਹੈ ਤਾਂ ਲੋਕਾਂ ਦੇ ਜ਼ਿੰਦਗੀ ਦਾ ਵਹਿਣ ਵੀ ਖ਼ੁਸ਼ਗਵਾਰੀ ਵੱਲ ਮੋੜਿਆ ਜਾ ਸਕਦਾ ਹੈ। ਉਨ੍ਹਾਂ ਨੇ ਇਸ ਸਵਾਲ ਦਾ ਜਵਾਬ ਲੱਭਣ ਲਈ ਸਮਾਜਿਕ ਤਬਦੀਲੀ ਦੀ ਲੜਾਈ ਆਖ਼ਰੀ ਸਾਹ ਤੱਕ ਲੜੀ। ਭਾਖੜਾ ਬੰਨ੍ਹ ਦੇ ਉਦਘਾਟਨ ਮੌਕੇ ਭਾਰਤ ਦੇ ਸਮਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਸੋਵੀਅਤ ਯੂਨੀਅਨ ਦੇ ਆਗੂ ਨੀਕੀਤਾ ਖੁਰੂਸ਼ਚੋਵ ਸਾਹਮਣੇ ਸਭਿਆਚਾਰਕ ਸਮਾਗਮ ਪੇਸ਼ ਕਰਨ ਵਾਲੀ ਟੋਲੀ ਦੇ ਆਗੂ ਗੁਰਸ਼ਰਨ ਸਿੰਘ ਸਨ। ਕਾਮਿਆਂ ਨੂੰ ਇਸ ਸਮਾਗਮ ਵਿੱਚ ਸ਼ੁਮਾਰ ਹੋਣ ਦੀ ਇਜਾਜ਼ਤ ਨਹੀਂ ਸੀ। ਇਸ ਫ਼ੈਸਲੇ ਪਿੱਛੇ ਸਰਗਰਮ ਦਲੀਲ ਇਹ ਸੀ ਕਿ ਕਾਮਿਆਂ ਨੂੰ ਕਲਾ ਦੀ ਸੂਝ ਨਹੀਂ ਹੁੰਦੀ। ਗੁਰਸ਼ਰਨ ਸਿੰਘ ਨੇ ਕਲਾਕਾਰਾਂ ਨੂੰ ਇੱਕ ਦਿਨ ਹੋਰ ਰੁਕ ਕੇ ਕਾਮਿਆਂ ਸਾਹਮਣੇ ਪੇਸ਼ਕਾਰੀ ਦੀ ਬੇਨਤੀ ਕੀਤਾ ਤਾਂ ਆਸਾ ਸਿੰਘ ਮਸਤਾਨਾ ਅਤੇ ਯਮਲਾ ਜੱਟ ਵਰਗਿਆਂ ਨੇ ਹਾਮੀ ਭਰ ਦਿੱਤੀ। ਕਾਮਿਆਂ ਦਾ ਕਲਾਕਾਰਾਂ ਨੂੰ ਹੁੰਗਾਰਾ ਗੁਰਸ਼ਰਨ ਸਿੰਘ ਦੀ ਯਾਦਾਸ਼ਤ ਵਿੱਚ ਸਦਾ ਸੱਜਰਾ ਰਿਹਾ। ਇਸੇ ਤਜਰਬੇ ਵਿੱਚੋਂ ਉਨ੍ਹਾਂ ਅੰਦਰ ਕਲਾ ਨਾਲ ਕਾਮਿਆਂ ਦੇ ਰਿਸ਼ਤਿਆਂ ਬਾਬਤ ਸਮਝ ਦੀ ਉਸਾਰੀ ਦਾ ਬੀਜ ਪੁੰਗਰਿਆ। ਗੁਰਸ਼ਰਨ ਸਿੰਘ ਨੂੰ ਨਾਟਕ ਦੀ ਸੰਗਤ ਤੱਕ ਪਹੁੰਚ ਦਾ ਅੰਦਾਜ਼ਾ ਲੱਗ ਗਿਆ। ਨਤੀਜੇ ਵਜੋਂ ਨਾਟਕ ਅਤੇ ਗੁਰਸ਼ਰਨ ਸਿੰਘ ਸਮਾਨਅਰਥੀ ਹੋ ਨਿਬੜੇ।

ਸ਼ਿੰਗਾਰੇ, ਵੰਡ ਦੇ ਦੁਖਾਂਤ, ਬਾਬਾ ਭਕਨਾ ਅਤੇ ਭਾਖੜਾ ਬੰਨ੍ਹ ਦੀਆਂ ਗੱਲਾਂ ਗੁਰਸ਼ਰਨ ਸਿੰਘ ਕਿਸੇ ਵੀ ਵੇਲੇ ਕਿਸੇ ਵੀ ਬੰਦੇ ਜਾਂ ਇੱਕਠ ਨਾਲ ਕਰਦੇ ਸਨ। ਇਨ੍ਹਾਂ ਗੱਲਾਂ ਨੂੰ ਵਾਰ-ਵਾਰ ਕਰਦਿਆਂ ਕਦੇ ਉਨ੍ਹਾਂ ਦੀ ਸ਼ਿੱਦਤ ਢਿੱਲੀ ਨਹੀਂ ਪਈ। ਮਾਰਕਸੀ ਸਮਝ ਨਾਲ ਉਨ੍ਹਾਂ ਨੂੰ ਇਨ੍ਹਾਂ ਕਹਾਣੀਆਂ ਦੀਆਂ ਸਾਂਝੀਆਂ ਤੰਦਾਂ ਸਮਝ ਆਈਆਂ ਤਾਂ ਉਹ ਤਮਾਮ ਕਿਸਮ ਦੇ ਗ਼ਲਬਿਆਂ ਖ਼ਿਲਾਫ਼ ਨਿਡਰ ਆਵਾਜ਼ ਬਣ ਗਏ। ਜਦੋਂ ਇੰਦਰਾ ਗਾਂਧੀ ਨੇ 1975 ਵਿੱਚ ਐਂਮਰਜੈਂਸੀ ਲਾਗੂ ਕੀਤੀ ਤਾਂ ਗੁਰਸ਼ਰਨ ਸਿੰਘ ਨੇ ਨਜ਼ਮ ਹੂਸੈਨ ਸੱਯਦ ਦਾ ਲਿਖਿਆ ਨਾਟਕ ਤਖ਼ਤ ਲਾਹੌਰ ਖੇਡਿਆ। ਪਾਕਿਸਤਾਨ ਵਿੱਚ ਅਯੂਬਸ਼ਾਹੀ ਖ਼ਿਲਾਫ਼ ਲਿਖਿਆ ਨਾਟਕ ਭਾਰਤ ਵਿੱਚ ਇੰਦਰਾਸ਼ਾਹੀ ਦੀ ਨਰਾਜ਼ਗੀ ਸਹੇੜਣ ਲਈ ਬਹੁਤ ਸੀ। ਗੁਰਸ਼ਰਨ ਸਿੰਘ ਨੂੰ ਨੌਕਰੀ ਤੋਂ ਮੁਅੱਤਲ ਕੀਤਾ ਗਿਆ ਅਤੇ ਹਿਰਾਸਤ ਵਿੱਚ ਰੱਖਿਆ ਗਿਆ। ਐਮਰਜੈਂਸੀ ਤੋਂ ਭਾਰਤ ਦੇ ਹਜ਼ਾਰਾਂ ਲੋਕਾਂ ਵਾਂਗ ਗੁਰਸ਼ਰਨ ਸਿੰਘ ਨੂੰ ਮਨੁੱਖੀ ਹਕੂਕ ਦੀ ਅਹਿਮੀਅਤ ਸਮਝ ਆ ਗਈ। ਇਸ ਤੋਂ ਬਾਅਦ ਉਹ ਮਨੁੱਖੀ ਹਕੂਕ ਦੀਆਂ ਜਥੇਬੰਦੀਆਂ ਅਤੇ ਹੋਰ ਸਰਗਰਮੀਆਂ ਨਾਲ ਜੁੜੇ ਰਹੇ। ਜਮਹੂਰੀ ਅਧਿਕਾਰ ਸਭਾ ਪੰਜਾਬ, ਪੀਪਲਜ਼ ਯੂਨੀਅਨ ਫਾਰ ਡੈਮੌਕਰੈਟਿਕ ਰਾਈਟਸ (ਪੀ.ਯੂ.ਡੀ.ਆਰ.), ਪੀਪਲਜ਼ ਯੂਨੀਅਨ ਫਾਰ ਸਿਵਲ ਲਿਵਰਟੀਜ਼ (ਪੀ.ਯੂ.ਸੀ.ਐਲ.) ਅਤੇ ਜਸਵੰਤ ਸਿੰਘ ਖਾਲੜਾ ਰਾਹੀਂ ਉਹ ਇਨ੍ਹਾਂ ਮਸਲਿਆਂ ਨਾਲ ਜੁੜੇ ਰਹੇ।

ਜਦੋਂ ਪੰਜਾਬ ਵਿੱਚ ਖਾੜਕੂਵਾਦ ਦਾ ਉਭਾਰ ਹੋਇਆ ਤਾਂ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀ 'ਹਿੱਟ ਲਿਸਟ' ਅਵਾਮ ਨੂੰ ਖ਼ੌਫ਼ਜ਼ਦਾ ਕਰਨ ਲੱਗੀ। ਉਸ ਵੇਲੇ ਗੁਰਸ਼ਰਨ ਸਿੰਘ ਨੇ ਆਪਣੇ ਰਸਾਲੇ ਸਮਤਾ ਵਿੱਚ 'ਹਿੱਟ ਲਿਸਟ' ਨਾਮ ਦੀ ਕਹਾਣੀ ਛਾਪੀ। ਇਹ ਕਹਾਣੀ ਐਲਾਨ ਕਰਦੀ ਸੀ ਕਿ ਲੋਕਾਂ ਨੂੰ ਮਾਰਨ ਵਾਲੀ 'ਹਿੱਟ ਲਿਸਟ' ਜਾਰੀ ਕਰਨ ਵਾਲਾ ਹੁਣ ਅਵਾਮ ਦੀ 'ਹਿੱਟ ਲਿਸਟ' ਉੱਤੇ ਹੈ। ਉਨ੍ਹਾਂ ਖ਼ੌਫ਼ਨਾਕ ਸਮਿਆਂ ਵਿੱਚ ਗੁਰਸ਼ਰਨ ਸਿੰਘ ਪੰਜਾਬੀ ਜ਼ਮੀਰ ਦੀ ਸਭ ਤੋਂ ਉੱਚੀ ਆਵਾਜ਼ ਬਣ ਕੇ ਉਭਰਿਆ। ਉਨ੍ਹਾਂ ਨੇ ਸਰਕਾਰੀ ਤਸ਼ਦੱਦ ਅਤੇ ਖਾੜਕੂਆਂ ਦੀ ਦਹਿਸ਼ਤ ਦਾ ਇੱਕੋ ਸੁਰ ਵਿੱਚ ਵਿਰੋਧ ਕੀਤਾ। ਪੰਜਾਬੀ ਯੂਨੀਵਰਸਿਟੀ ਵਿੱਚ ਪੱਤਰਕਾਰੀ ਦੇ ਪ੍ਰੋਫ਼ੈਸਰ ਨਵਜੀਤ ਸਿੰਘ ਜੌਹਲ ਨੇ ਸ਼ਰਧਾਜਲੀ ਲੇਖ ਵਿੱਚ 1989 ਦਾ ਤਜਰਬਾ ਸਾਂਝਾ ਕੀਤਾ ਹੈ। ਨਵਜੀਤ ਨੂੰ 1989 ਵਿੱਚ ਜਲੰਧਰ ਤੋਂ ਚੰਡੀਗੜ੍ਹ ਨੂੰ ਆਉਂਦੀ ਆਖ਼ਰੀ ਬਸ ਵਿੱਚ ਗੁਰਸ਼ਰਨ ਸਿੰਘ ਨਾਲ ਸਫ਼ਰ ਕਰਨ ਦਾ ਮੌਕਾ ਮਿਲਿਆ। ਬੱਸ ਚਾਹ-ਪਾਣੀ ਲਈ ਨਵਾਂ ਸ਼ਹਿਰ ਦੇ ਬੱਸ ਅੱਡੇ ਉੱਤੇ ਰੁਕੀ ਤਾਂ ਨਵਜੀਤ ਨੇ ਗੁਰਸ਼ਰਨ ਸਿੰਘ ਤੋਂ ਹਾਲਾਤ ਬਾਬਤ ਪੁੱਛ ਲਿਆ। ਜਵਾਬ ਵਿੱਚ ਹਾਲਾਤ ਦੀ ਪੇਚੀਦਗੀ ਦਾ ਖੁਲਾਸਾ ਹਨੇਰੀ ਰਾਤ ਵਿੱਚ ਖ਼ੌਫ਼ਜ਼ਦਾ ਮੁਸਾਫ਼ਰਾਂ ਦੇ ਸਾਹਮਣੇ ਹੋਣ ਲੱਗਿਆ। ਉਨ੍ਹਾਂ ਦੀ ਆਵਾਜ਼ ਉੱਚੀ ਤੋਂ ਉੱਚੀ ਹੁੰਦੀ ਗਈ। ਸਰੋਤਿਆਂ ਦੀ ਗਿਣਤੀ ਵਧਦੀ ਗਈ ਜਿਨ੍ਹਾਂ ਵਿੱਚ ਚਾਹ ਦੇ ਖੋਖਿਆਂ ਉੱਤੇ ਕੰਮ ਕਰਨ ਵਾਲੇ ਅਤੇ ਪੁਲੀਸ ਗਾਰਦ ਵੀ ਸ਼ਾਮਿਲ ਹੋ ਗਈ। ਚੰਡੀਗੜ੍ਹ ਤੋਂ ਜਲੰਧਰ ਜਾ ਰਹੀ ਬੱਸ ਵੀ ਉੱਥੇ ਆ ਕੇ ਰੁਕ ਗਈ। ਦੂਜੀ ਬੱਸ ਦੇ ਮੁਸਾਫ਼ਰ ਵੀ ਸਰੋਤਿਆਂ ਵਿੱਚ ਜੁੜ ਗਏ। ਗੁਰਸ਼ਰਨ ਸਿੰਘ ਤਕਰੀਬਨ ਇੱਕ ਘੰਟਾ ਬੋਲੇ। ਨਵਜੀਤ ਇਸ ਨੂੰ ਅਵਾਮੀ ਨਾਟਕ ਅਤੇ ਨਿਡਰਤਾ ਦਾ ਮਿਸਾਲ ਕਰਾਰ ਦਿੰਦੇ ਹਨ। ਇਸ ਲੇਖ ਨੂੰ ਪੜ੍ਹ ਕੇ ਮਨ ਵਿੱਚ ਸਵਾਲ ਆਉਂਦਾ ਹੈ ਕਿ ਜਿਸ ਦੇ ਸਾਥੀਆਂ ਨੂੰ ਬੰਦੂਕਾਂ ਬੇਕਿਰਕੀ ਨਾਲ ਚਰ ਰਹੀਆਂ ਹੋਣ, ਉਹ ਅਵਾਮ ਨੂੰ ਬੇਖ਼ੌਫ਼ ਕਰਨ ਲਈ ਕਿਸ ਹੱਦ ਤੱਕ ਜਾ ਸਕਦਾ ਹੈ? ਇਹ ਬੇਖੁਦੀ ਗੁਰਸ਼ਰਨ ਸਿੰਘ ਕੋਲ ਕਿੱਥੋਂ ਆਈ? ਉਸ ਹਨੇਰੀ ਰਾਤ ਵਿੱਚ ਮਜਬੂਰੀਬਸ ਸਫ਼ਰ ਕਰ ਰਹੇ ਮੁਸਾਫ਼ਰ ਗੁਰਸ਼ਰਨ ਸਿੰਘ ਨੂੰ ਸੁਨਣ ਤੋਂ ਬਾਅਦ ਮੁੜ ਕੇ ਪਹਿਲਾਂ ਵਰਗੇ ਤਾਂ ਨਹੀਂ ਹੋ ਸਕਦੇ! ਉਸ ਵੇਲੇ ਗੁਰਸ਼ਰਨ ਸਿੰਘ ਦੀ ਪਹਿਲਕਦਮੀ ਨਾਲ ਇਨਕਲਾਬੀ ਏਕਤਾ ਕੇਂਦਰ ਦੀ ਉਸਾਰੀ ਹੋਈ ਅਤੇ ਦੋ ਅਹਿਮ ਨਾਅਰੇ ਪੰਜਾਬ ਦੇ ਫ਼ਿਜ਼ਾ ਵਿੱਚ ਗੂੰਜੇ। ਨਾ ਹਿੰਦੂ ਰਾਜ ਨਾ ਖਾਲਿਸਤਾਨ; ਰਾਜ ਕਰੇ ਮਜ਼ਦੂਰ ਕਿਸਾਨ। ਗੋਬਿੰਦ, ਬੱਬਰ, ਭਗਤ, ਸਰਾਭਾ; ਸੱਭਿਆਚਾਰਕ ਵਿਰਸਾ ਸਾਡਾ। ਜਦੋਂ ਦਹਿਸ਼ਤ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਬਦਲਦੇਵ ਮਾਨ, ਜੈਮਲ ਪੱਡਾ, ਪਾਸ਼, ਗਿਆਨ ਸਿੰਘ ਸੰਘਾ, ਭਾਗ ਸਿੰਘ ਕਨੇਡੀਅਨ ਅਤੇ ਹੋਰਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਗੁਰਸ਼ਰਨ ਸਿੰਘ ਦੇ ਕਲਾਕਾਰਾਂ ਵਿੱਚ ਉਨ੍ਹਾਂ ਦੀਆਂ ਦੋਵੇਂ ਧੀਆਂ (ਨਵਸ਼ਰਨ ਅਤੇ ਅਰੀਤ) ਅਤੇ ਜੀਵਨਸਾਥੀ ਕੈਲਾਸ਼ ਕੌਰ ਵੀ ਸ਼ਾਮਿਲ ਸਨ। ਸਿੱਖ ਇਤਿਹਾਸ, ਗੁਰੂਆਂ ਦੇ ਆਦਰਸ਼ਾਂ ਅਤੇ ਪੰਜਾਬ ਦੀ ਨਾਬਰ ਰੀਤ ਦੇ ਹਵਾਲੇ ਨਾਲ ਨਾਬਰੀ ਦੇ ਇਤਿਹਾਸ ਵਿੱਚ ਨਵਾਂ ਪੰਨਾ ਜੋੜਣ ਲਈ ਪੰਜਾਬੀਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ।

ਗੁਰਸ਼ਰਨ ਸਿੰਘ ਦਾ ਨਾਟਕ ਮੰਚ ਤੋਂ ਸ਼ੁਰੂ ਹੋਇਆ ਅਤੇ ਜਲਦੀ ਹੀ ਨੁੱਕੜ ਵਿੱਚ ਵਗਣ ਲੱਗਿਆ। ਜਦੋਂ ਨਾਟਕ ਦੀ ਪਹੁੰਚ ਹੋਰ ਮੋਕਲੀ ਕਰਨ ਦਾ ਸਵਾਲ ਆਇਆ ਤਾਂ ਇਸ ਨੇ ਥੜੇ ਦਾ ਰੂਪ ਧਾਰ ਲਿਆ। ਉਹ ਕਿਸੇ ਵੀ ਥਾਂ ਤੋਂ ਘੱਟੋ-ਘੱਟ ਕਲਾਕਾਰਾਂ ਨਾਲ ਨਾਟਕ ਕਰ ਸਕਦੇ ਸਨ। ਉਹ ਸਾਹਮਣੇ ਜੁੜੀ ਸੰਗਤ ਨਾਲ ਸਿੱਧੀ ਗੱਲ ਕਰਦੇ ਸਨ। ਜਿਉਂ-ਜਿਉਂ ਉਨ੍ਹਾਂ ਦੇ ਨਾਟਕ ਦਾ ਰੂਪ ਸਾਦਗੀ ਵੱਲ ਵਧਿਆ ਤਿਉਂ ਤਿਉਂ ਉਨ੍ਹਾਂ ਦੇ ਵਿਸ਼ਿਆਂ ਦੀ ਸ਼ਨਾਖ਼ਤ ਉਘੜਵੀ ਹੁੰਦੀ ਗਈ। ਉਨ੍ਹਾਂ ਦੇ ਕਿਰਦਾਰ ਅਖ਼ਬਾਰਾਂ ਦੀਆਂ ਸੁਰਖ਼ੀਆਂ ਨੂੰ ਸੰਵਾਦ ਬਣਾ ਕੇ ਪੇਸ਼ ਕਰ ਰਹੇ ਸਨ। ਉਹ ਇਨ੍ਹਾਂ ਉੱਤੇ ਟਿੱਪਣੀ ਕਰ ਰਹੇ ਸਨ। ਉਹ ਕਿਸੇ ਵੀ ਘਪਲੇ ਬਾਬਤ ਗੱਲ ਕਰਦੇ ਹੋਏ ਇਹ ਦੱਸ ਸਕਦੇ ਸਨ ਕਿ ਕਿੰੰਨੇ ਭਾਖੜਾ ਬੰਨ੍ਹ ਕੌਣ ਨਿਗਲ ਗਿਆ ਹੈ। ਉਸ ਵੇਲੇ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਐਸ.ਪੀ.ਸਿੰਘ ਦੀਆਂ ਖ਼ਬਰਾਂ ਗੁਰਸ਼ਰਨ ਸਿੰਘ ਦੇ ਨਾਟਕ ਵਿੱਚ ਬੋਲੀਆਂ ਜਦੋਂ ਇੱਕ ਪਾਸੇ ਰਵੀ ਸਿੱਧੂ ਵਾਲਾ ਭਰਤੀ ਘਪਲਾ ਅਤੇ ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਜਸਵੀਰ ਸਿੰਘ ਆਹਲੂਵਾਲੀਆ ਦੀ ਇੱਕ ਵਿਦਿਆਰਥਣ ਨਾਲ ਬਦਸਲੂਕੀ ਦਾ ਮਸਲਾ ਭਖਿਆ ਹੋਇਆ ਸੀ। ਜਵਾਬ ਵਿੱਚ ਗੁਰਸ਼ਰਨ ਸਿੰਘ ਦਾ ਨਾਟਕ ਖ਼ਬਰਾਂ ਦਾ ਸਿਰਲੇਖ ਬਣਿਆ। ਬੰਤ ਸਿੰਘ ਝੱਬਰ ਉੱਤੇ ਹੋਏ ਜ਼ੁਲਮ ਦੇ ਖ਼ਿਲਾਫ਼ ਨਾਟਕ ਵਿੱਚ ਜਸਵੀਰ ਸਮਰ ਅਤੇ ਦੇਸਰਾਜ ਕਾਲੀ ਦੇ ਲੇਖ ਸੂਤਰਧਾਰ ਦੇ ਮੂੰਹੋ ਨਿਕਲ ਕੇ ਸਮਾਜਿਕ ਗ਼ਲਬਿਆਂ ਨੂੰ ਵੰਗਾਰ ਰਹੇ ਸਨ। 'ਇੱਕ ਕੁਰਸੀ ਇੱਕ ਮੋਰਚਾ ਅਤੇ ਹਵਾ ਵਿੱਚ ਲਟਕਦੇ ਲੋਕ' ਨਵੇਂ ਰੂਪ ਵਿੱਚ 'ਭੰਡ ਮਟਕਾ ਚੌਂਕ ਗਏ' ਬਣ ਗਿਆ। 'ਬੁੱਤ ਜਾਗ ਪਿਆ' ਨੇ ਸਰਕਾਰੀ ਬੁਰਛਾਗਰਦੀ ਖ਼ਿਲਾਫ਼ ਟਿੱਪਣੀ ਕਰਨ ਲਈ ਅਖ਼ਬਾਰਾਂ ਅਤੇ ਟੈਲੀਵਿਜ਼ਨ ਤੋਂ ਜ਼ਿਆਦਾ ਚੁਸਤੀ ਦਿਖਾਈ।

ਸਮੇਂ ਦੇ ਨਾਲ ਗੁਰਸ਼ਰਨ ਸਿੰਘ ਦੇ ਨਾਟਕਾਂ ਦੇ ਵਿਸ਼ੇ ਕੰਨੀਆਂ ਉੱਤੇ ਵਸਦੇ ਮੇਲ ਵੱਲ ਵਧਦੇ ਗਏ। ਨਾਟਕ ਬੇਜ਼ਮੀਨੇ ਪੇਂਡੂ ਤਬਕੇ, ਸਮਾਜਿਕ ਦਾਬੇ ਅਤੇ ਬੀਬੀਆਂ ਦੀ ਮਾਣ-ਮਰਿਆਦਾ ਦੇ ਸਵਾਲ ਪੁੱਛਣ ਲੱਗਿਆ। ਇਸ ਤਰ੍ਹਾਂ ਗੁਰਸ਼ਰਨ ਸਿੰਘ ਆਪਣੇ ਸਮਿਆਂ ਦੀ ਸਮਾਜਿਕ ਵਾਰਤਕ ਨੂੰ ਮੰਚ ਉੱਤੋਂ ਪੇਸ਼ ਕਰ ਰਿਹਾ ਸੀ ਅਤੇ ਬਿਨਾਂ ਕਿਸੇ ਲੱਗ-ਲਪੇਟ ਤੋਂ ਸਰਕਾਰ ਨੂੰ ਸੱਚ ਸੁਣਾ ਰਿਹਾ ਸੀ। ਉਨ੍ਹਾਂ ਦੀ ਨਾਟਕ ਨਾਲ ਜੁੜੇ ਰਵਾਇਤੀ ਸੁਹਜ ਨੂੰ ਨਰਜ਼ਅੰਦਾਜ਼ ਕਰਨ ਲਈ ਤਿੱਖੀ ਆਲੋਚਨਾ ਹੋਈ। ਇਸ ਆਲੋਚਨਾ ਤੋਂ ਅਣਭਿੱਜ ਰਹਿਣ ਵਾਲਾ ਗੁਰਸ਼ਰਨ ਸਿੰਘ ਆਪਣੀ ਮਹਿਰੂਮੀਅਤ ਹਢਾ ਰਹੀ ਸੰਗਤ ਤੱਕ ਪਹੁੰਚ ਕਰਨ ਵਿੱਚ ਰੁਝਿਆ ਹੋਇਆ ਸੀ। ਉਸ ਲਈ ਸੁਨੇਹਾ ਅਹਿਮ ਸੀ। ਇਸ ਤੋਂ ਵੀ ਅੱਗੇ ਉਹ ਸੁਨੇਹੇ ਨੂੰ ਸਾਫ਼ ਰੱਖਣ ਉੱਤੇ ਜ਼ੋਰ ਦੇ ਰਹੇ ਸਨ। ਵਿਗਿਆਨੀ ਅਤੇ ਲੇਖਕ ਲਾਲਟੂ ਨੇ ਇੱਕ ਸ਼ਰਧਾਜਲੀ ਲੇਖ ਵਿੱਚ ਆਪਣਾ ਤਜਰਬਾ ਸਾਂਝਾ ਕੀਤਾ ਹੈ। ਲਾਲਟੂ ਆਪਣੇ ਸਾਇੰਸ ਅਤੇ ਟੈਕਨਾਲੋਜੀ ਅਵੈਅਰਨੈਂਸ ਗਰੁੱਪ (ਸਟੈਗ) ਦੇ ਸਾਥੀਆਂ ਸਮੇਤ ਇੱਕ ਸਲਾਈਡ ਸ਼ੋਅ ਲੈਕੇ ਗੁਰਸ਼ਰਨ ਸਿੰਘ ਕੋਲ ਗਿਆ। ਇਹ ਸਲਾਈਡ ਸ਼ੋਅ 1998 ਦੇ ਪੋਖ਼ਰਾਨ ਧਮਾਕਿਆਂ ਤੋਂ ਬਾਅਦ ਕਈ ਭਾਰਤੀ ਵਿਗਿਆਨੀਆਂ ਨੇ ਮਿਲ ਕੇ ਬਣਾਇਆ ਸੀ ਤਾਂ ਜੋ ਪ੍ਰਮਾਣੂ ਦੁਖਾਂਤ ਦੇ ਹਵਾਲੇ ਨਾਲ ਦੱਖਣੀ ਏਸ਼ੀਆ ਵਿੱਚ ਵਧ ਰਹੇ ਖ਼ਦਸ਼ਿਆਂ ਦੀ ਗੱਲ ਕੀਤੀ ਜਾ ਸਕੇ। ਗੁਰਸ਼ਰਨ ਸਿੰਘ ਨੇ ਇਸ ਸਲਾਈਡ ਸ਼ੋਅ ਦਾ ਨਾਟਕ ਬਣਾ ਦਿੱਤਾ ਅਤੇ ਸਮੁੱਚੀ ਪੇਚੀਦਗੀ ਨੂੰ ਬਿਨਾਂ ਕਿਸੇ ਭੰਨ੍ਹ-ਤੋੜ ਤੋਂ ਸਾਦੀ ਪੰਜਾਬੀ ਵਿੱਚ ਸੜਕਾਂ ਉੱਤੇ ਖੇਡ ਦਿੱਤਾ। ਇਸ ਤਰ੍ਹਾਂ ਨਾਟਕਕਾਰ ਵਿਗਿਆਨੀਆਂ ਨਾਲ ਮਿਲ ਕੇ ਪੇਚੀਦਾ ਧਾਰਨਾਵਾਂ ਦੀ ਸਾਦੀ ਵਾਰਤਕ ਪੇਸ਼ ਕਰ ਰਿਹਾ ਸੀ।

ਗੁਰਸ਼ਰਨ ਸਿੰਘ ਨੂੰ ਆਮ ਤੌਰ ਉੱਤੇ ਨਾਟਕ, ਪੰਜਾਬ ਅਤੇ ਇਨਕਲਾਬੀ ਸਿਆਸਤ ਤੱਕ ਮਹਿਦੂਦ ਕੀਤਾ ਜਾਂਦਾ ਹੈ। ਆਪਣੀ ਜ਼ਿੰਦਗੀ ਦੌਰਾਨ ਉਹ ਇਨ੍ਹਾਂ ਘੇਰਿਆਂ ਤੱਕ ਮਹਿਦੂਦ ਨਹੀਂ ਰਹੇ। ਉਨ੍ਹਾਂ ਨੇ ਪ੍ਰਕਾਸ਼ਕ ਵਜੋਂ ਪੰਜਾਬ ਦੇ ਨਵੇਂ ਲੇਖਕਾਂ ਨੂੰ ਮੌਕੇ ਦਿੱਤੇ। ਪੰਜਾਬੀ ਪ੍ਰਕਾਸ਼ਨ ਦੇ ਇਤਿਹਾਸ ਵਿੱਚ ਬਲਰਾਜ ਸਾਹਨੀ ਪ੍ਰਕਾਸ਼ਨ ਦਾ ਅਹਿਮ ਥਾਂ ਹੈ। ਇਸ ਪ੍ਰਕਾਸ਼ਨ ਨੇ ਲੋਕਾਂ ਤੱਕ ਪਹੁੰਚ ਦਾ ਉਪਰਾਲਾ ਕੀਤਾ ਅਤੇ ਸਸਤੀਆਂ ਕਿਤਾਬਾਂ ਪਿੰਡਾਂ ਤੱਕ ਪਹੁੰਚਦੀਆਂ ਕੀਤੀਆਂ। ਗੁਰਸ਼ਰਨ ਸਿੰਘ ਦੇ ਨਾਟਕਾਂ ਦੇ ਦੁਆਲੇ ਕਿਤਾਬਾਂ ਨੂੰ ਬਹੁਤ ਅਹਿਮੀਅਤ ਮਿਲੀ। ਬਲਰਾਜ ਸਾਹਨੀ ਪ੍ਰਕਾਸ਼ਨ ਦੇ ਬੰਦ ਹੋਣ ਤੋਂ ਬਾਅਦ ਪੰਜਾਬੀ ਪ੍ਰਕਾਸ਼ਨ ਦਾ ਖ਼ਾਸਾ ਬਦਲ ਗਿਆ ਹੈ। ਹੁਣ ਪ੍ਰਕਾਸ਼ਨ ਨਾਮੀ ਲੇਖਕਾਂ, ਯੂਨੀਵਰਸਿਟੀਆਂ, ਮੁਫ਼ਤ ਮਿਲੀਆਂ ਕਿਤਾਬਾਂ ਅਤੇ ਪੈਸੇ ਖ਼ਰਚ ਕੇ ਕਿਤਾਬ ਛਪਵਾ ਸਕਣ ਵਾਲੇ ਲੇਖਕਾਂ ਦੁਆਲੇ ਘੁੰਮਦਾ ਹੈ। ਨਵੇਂ ਲੇਖਕਾਂ ਲਈ ਮੌਕਾ ਨਹੀਂ ਅਤੇ ਅਵਾਮ ਤੱਕ ਪਹੁੰਚ ਦਾ ਉਪਰਾਲਾ ਨਹੀਂ। ਗੁਰਸ਼ਰਨ ਸਿੰਘ ਨੇ ਦੋ ਸੱਭਿਆਚਾਰਕ ਰਸਾਲਿਆਂ ਦੀ ਸੰਪਾਦਨਾ ਕੀਤੀ। ਸਮਤਾ ਅਤੇ ਸਰਦਲ ਵਿੱਚ ਸਿਰਜਨਾਤਮਕ ਲਿਖਤਾਂ ਅਤੇ ਆਲੋਚਨਾ ਲਈ ਮੋਕਲੀ ਥਾਂ ਸੀ। ਖੱਬੇ ਪੱਖੀ ਸਿਆਸਤ ਦੀ ਵੰਨ-ਸਵੰਨਤਾ ਅਤੇ ਸਾਹਿਤਕ-ਸੱਭਿਆਚਾਰਕ ਰੁਝਾਨ ਨਾਲ ਇਨ੍ਹਾਂ ਰਸਾਲਿਆਂ ਦਾ ਸੁਹਿਰਦ ਸੰਵਾਦ ਚੱਲਿਆ। ਇਨਕਲਾਬੀ ਤਬਦੀਲੀ ਲਈ ਉਪਰਾਲੇ ਕਰਦਿਆਂ ਗੁਰਸ਼ਰਨ ਸਿੰਘ ਦਾ ਧਿਆਨ ਸੁਧਾਰਾਂ ਤੋਂ ਨਹੀਂ ਹਟਿਆ। ਉਸ ਨੇ ਬੱਚਿਆਂ ਬਾਬਤ ਗੱਲਬਾਤ ਵਿੱਚੋਂ ਨਜ਼ਰਅੰਦਾਜ਼ ਮਾਵਾਂ ਦਾ ਸਵਾਲ ਜ਼ੋਰ ਨਾਲ ਉਭਾਰਿਆ। ਉਨ੍ਹਾਂ ਦੀ ਮੁਹਿੰਮ ਦੇ ਨਤੀਜੇ ਵਜੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪ੍ਰਮਾਣ ਪੱਤਰਾਂ ਵਿੱਚ ਬਾਪ ਦੇ ਨਾਲ ਮਾਂ ਦਾ ਨਾਮ ਦਰਜ ਕਰਨ ਦਾ ਫ਼ੈਸਲਾ ਕੀਤਾ। ਗੁਰਸ਼ਰਨ ਸਿੰਘ ਇਸ ਨੂੰ ਆਪਣੀ ਅਹਿਮ ਪ੍ਰਾਪਤੀ ਮੰਨਦੇ ਸਨ ਅਤੇ ਇਸ ਬਾਬਤ ਮਾਣ ਨਾਲ ਗੱਲ ਕਰਦੇ ਸਨ। ਉਨ੍ਹਾਂ ਨੇ ਮਰਦਾਂ ਦੀ ਬੋਲਚਾਲ ਵਿੱਚ ਸ਼ਾਮਿਲ ਗਾਲ਼ਾਂ ਦਾ ਡਟ ਕੇ ਵਿਰੋਧ ਕੀਤਾ। ਔਰਤਾਂ ਬਾਬਤ ਉਨ੍ਹਾਂ ਦੀ ਸੰਵੇਦਨਾ ਦਾ ਝਲਕਾਰਾ ਉਨ੍ਹਾਂ ਦੇ ਨਾਟਕਾਂ, ਤਕਰੀਰਾਂ ਅਤੇ ਲਿਖਤਾਂ ਵਿੱਚੋਂ ਪੈਂਦਾ ਹੈ। ਉਹ ਕਈ ਮਾਮਲਿਆਂ ਵਿੱਚ ਸ਼ੁੱਧਤਾਵਾਦੀ ਸਨ। ਉਨ੍ਹਾਂ ਦਾ ਦਾਅਵਾ ਸੀ ਕਿ ਉਨ੍ਹਾਂ ਨੇ ਕਦੇ ਨਸ਼ਾ ਨਹੀਂ ਕੀਤਾ, ਕਦੇ ਬੇਇਮਾਨੀ ਨਹੀਂ ਕੀਤੀ ਅਤੇ ਕਦੇ ਇਖਲਾਕੀ ਗਿਰਾਵਟ ਦਾ ਸ਼ਿਕਾਰ ਨਹੀਂ ਹੋਏ। ਇਨ੍ਹਾਂ ਦਾਅਵਿਆਂ ਉੱਤੇ ਗੁਰਸ਼ਰਨ ਸਿੰਘ ਦੇ ਵਿਰੋਧੀ ਜਾਂ ਖਾਰ ਖਾਣ ਵਾਲੇ ਵੀ ਸਵਾਲ ਨਹੀਂ ਕਰਦੇ। ਨਤੀਜੇ ਵਜੋਂ ਗੁਰਸ਼ਰਨ ਸਿੰਘ ਦਾ ਦੂਜਾ ਨਾਮ 'ਭਾਅ ਜੀ' ਹੈ। ਪੰਜਾਬ ਵਿੱਚ 'ਭਾਅ ਜੀ ਨਹੀਂ ਰਹੇ' ਦੀ ਖ਼ਬਰ ਨੂੰ ਕਿਸੇ ਵਿਆਖਿਆ ਦੀ ਦਰਕਾਰ ਨਹੀਂ ਹੋਈ।

ਗੁਰਸ਼ਰਨ ਸਿੰਘ ਦਾ ਮੁੱਢਲੇ ਦੌਰ ਵਿੱਚ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਨਾਲ ਰਾਬਤਾ ਰਿਹਾ। ਉਨ੍ਹਾਂ ਨੇ ਇਪਟਾ ਦੀ ਜੋਤ ਹਰ ਦੌਰ ਵਿੱਚ ਜਗਦੀ ਰੱਖੀ। ਉਹ ਪਲਸ ਮੰਚ ਦੇ ਬਾਨੀ ਪ੍ਰਧਾਨ ਸਨ ਜਿਸ ਨੇ ਪੰਜਾਬ ਭਰ ਦੀਆਂ ਸੱਭਿਆਚਾਰਕ ਟੋਲੀਆਂ ਦੀ ਸਰਪ੍ਰਸਤੀ ਕੀਤੀ। ਪੰਜਾਬ ਦੀ ਮੌਜੂਦਾ ਸੱਭਿਆਚਾਰਕ ਜੰਤਰੀ ਵਿੱਚ ਪਲਸ ਮੰਚ ਦੀ ਸਰਗਰਮੀ ਨੂੰ ਅਹਿਮ ਥਾਂ ਹਾਸਲ ਹੈ। ਗੁਰਸ਼ਰਨ ਸਿੰਘ ਨੂੰ ਸਮੁੱਚੇ ਮੁਲਕ ਤੋਂ ਸੱਭਿਆਚਾਰਕ ਸਰਗਰਮੀ ਵਿੱਚ ਸ਼ੁਮਾਰ ਹੋਣ ਲਈ ਸੱਦੇ ਆਉਂਦੇ ਸਨ। ਆਲ ਇੰਡੀਆ ਲੀਗ ਫੋਰ ਰੈਵੋਲਿਉਸ਼ਨਰੀ ਕਲਚਰ (ਏ.ਆਈ.ਸੀ.ਆਰ.ਸੀ), ਸਫ਼ਦਰ ਹਾਸ਼ਮੀ ਯਾਦਗਾਰੀ ਟਰਸਟ (ਸਹਿਮਤ), ਜਨ ਸ੍ਰਸਕ੍ਰਿਤੀ ਮੰਚ ਅਤੇ ਦੇਸ਼ ਭਗਤ ਯਾਦਗਾਰੀ ਹਾਲ ਨਾਲ ਉਨ੍ਹਾਂ ਦਾ ਰਾਬਤਾ ਲਗਾਤਾਰ ਕਾਇਮ ਰਿਹਾ। ਇਸ ਤਰ੍ਹਾਂ ਉਹ ਅਜਿਹੀ ਇਨਕਲਾਬੀ ਸ਼ਖ਼ਸੀਅਤ ਵਜੋਂ ਉਭਰਦੇ ਹਨ ਜਿਸ ਦਾ ਘੇਰਾ ਪੰਜਾਬ ਤੱਕ ਮਹਿਦੂਦ ਨਹੀਂ ਸੀ। ਉਨ੍ਹਾਂ ਨੇ ਜਲੰਧਰ ਦੂਰਦਰਸ਼ਨ ਦੇ ਬਹੁਤ ਮਕਬੂਲ ਲੜੀਵਾਰ ਭਾਈ ਮੰਨਾ ਸਿੰਘ ਵਿੱਚ ਮੁੱਖ ਕਿਰਦਾਰ ਅਦਾ ਕੀਤਾ। ਭਾਈ ਮੰਨਾ ਸਿੰਘ ਦਾ ਕਿਰਦਾਰ ਗੁਰਸ਼ਰਨ ਸਿੰਘ ਦੀ ਪਛਾਣ ਦਾ ਅਹਿਮ ਹਿੱਸਾ ਹੋ ਨਿਬੜਿਆ। ਅਜਿਹਾ ਬੰਦਾ, ਜੋ ਰਾਜਤੰਤਰ ਦੇ ਭ੍ਰਿਸ਼ਟਾਚਾਰ ਖ਼ਿਲਾਫ਼ ਅਤੇ ਅਫ਼ਸਰਸ਼ਾਹੀ ਦੀ ਜਵਾਬਤਲਬੀ ਲਈ ਆਵਾਜ਼ ਬੁਲੰਦ ਕਰਦਾ ਹੈ।

ਗੁਰਸ਼ਰਨ ਸਿੰਘ ਨੂੰ ਸਾਹਿਤ ਅਕਾਡਮੀ ਐਵਾਰਡ, ਕਾਲੀਦਾਸ ਸੰਮਾਨ ਅਤੇ ਸੰਗੀਤ ਨਾਟਕ ਰਤਨ ਵਰਗੇ ਸਨਮਾਨਾਂ ਨਾਲ ਨਿਵਾਜਿਆ ਗਿਆ। ਸ਼ਾਇਦ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਯਾਦਗਾਰ ਪਲ 2006 ਦਾ ਕੁੱਸਾ ਪਿੰਡ ਵਿੱਚ ਹੋਇਆ ਸਨਮਾਨ ਸਮਾਗਮ ਹੋਏਗਾ। ਗੁਰਸ਼ਰਨ ਸਿੰਘ ਨੂੰ ਉਮਰ ਭਰ ਦੀ ਘਾਲਣਾ ਲਈ ਸਨਮਾਨਿਤ ਕਰਨ ਲਈ ਜੁੜੇ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਦੇ ਕੰਮ ਨੂੰ ਜਾਰੀ ਰੱਖਣ ਦਾ ਅਹਿਦ ਲਿਆ। ਪੰਜਾਬੀ ਕਹਾਣੀਕਾਰ ਵਰਿਆਮ ਸੰਧੂ ਨੇ ਉਸ ਮੌਕੇ ਦੀ ਆਪਣੀ ਤਕਰੀਰ ਵਿੱਚ ਕਿਹਾ ਸੀ, 'ਗੁਰਸ਼ਰਨ ਸਿੰਘ ਤਾਉਮਰ ਸੰਗਤ ਵੱਲ ਮੂੰਹ ਕਰ ਕੇ ਤੁਰਿਆ ਹੈ। ਉਸ ਨੇ ਸਦਾ ਕਿਹਾ ਹੈ ਕਿ ਮੈਂ ਸੰਗਤ ਦਾ ਹਾਂ। ਅੱਜ ਸੰਗਤ ਨੇ ਗੁਰਸ਼ਰਨ ਸਿੰਘ ਨੂੰ ਕਿਹਾ ਹੈ ਕਿ ਗੁਰਸ਼ਰਨ ਸਿੰਘ ਤੂੰ ਸਾਡਾ ਹੈਂ ਅਤੇ ਅਸੀਂ ਤੇਰੇ ਹਾਂ।' ਸੰਗਤ ਨੇ ਉਸ ਵੇਲੇ 'ਗੁਰਸ਼ਰਨ ਭਾਅ ਜੀ ਯੁੱਗ ਯੁੱਗ ਜੀਵੇ' ਦੇ ਨਾਅਰਿਆਂ ਨਾਲ ਹੁੰਗਾਰਾ ਭਰਿਆ ਸੀ।

ਅਮਰੀਕਾ ਵਿੱਚ ਸਤੰਬਰ 2001 ਦੇ ਅਤਿਵਾਦੀ ਹਮਲਿਆਂ ਤੋਂ ਬਾਅਦ ਬਹੁਤ ਕੁਝ ਬਦਲ ਗਿਆ ਹੈ। ਗੁਜਰਾਤ ਦੇ ਕਤਲੇਆਮ ਅਤੇ ਭਾਰਤ ਦੀ ਸੰਸਦ ਉੱਤੇ ਹੋਏ ਹਮਲੇ ਤੋਂ ਬਾਅਦ ਸਰਕਾਰ ਦੇ ਬੇਦਲੀਲੇ ਹੁੰਗਾਰੇ ਅਤੇ ਬੁਨਿਆਦਪ੍ਰਸਤੀ ਦੇ ਉਭਾਰ ਨਾਲ ਅਵਾਮ ਉੱਤੇ ਤਸ਼ਦੱਦ ਵਿੱਚ ਵਾਧਾ ਹੋਇਆ। ਗੁਰਸ਼ਰਨ ਸਿੰਘ ਨੇ ਬੁਨਿਆਦਪ੍ਰਸਤੀ ਦੀ ਸਿਆਸਤ ਦਾ ਵਿਰੋਧ ਕੀਤਾ ਅਤੇ 'ਨਿਰਪੱਖ ਅਦਾਲਤੀ ਕਾਰਵਾਈ' ਨਾਲ ਜੁੜੀ ਮੁੰਹਿਮ ਵਿੱਚ ਸ਼ੁਮਾਰ ਹੋਏ। ਦਿੱਲੀ ਯੂਨੀਵਰਸਿਟੀ ਦੇ ਅਧਿਆਪਕ ਐਸ.ਏ.ਆਰ.ਗਿਲਾਨੀ ਦੀ ਰਾਹਤ ਲਈ ਬਣੀ 'ਆਲ ਇੰਡੀਆ ਡਿਫੈਂਸ ਕਮੇਟੀ ਫਾਰ ਐਸ.ਏ.ਆਰ.ਗਿਲਾਨੀ' ਦੇ ਹਮਾਇਤੀਆਂ ਵਿੱਚ ਗੁਰਸ਼ਰਨ ਸਿੰਘ ਸ਼ਾਮਿਲ ਸਨ। ਐਸ.ਏ.ਆਰ.ਗਿਲਾਨੀ ਨੇ ਹਾਈ ਕੋਰਟ ਤੋਂ ਬਰੀ ਹੋਣ ਤੋਂ ਬਾਅਦ ਜੇਲ੍ਹਾਂ ਵਿੱਚ ਗ਼ੈਰ-ਮਨੁੱਖੀ ਹਾਲਾਤ ਵਿੱਚ ਰਹਿ ਰਹੇ ਸਿਆਸੀ ਕੈਦੀਆਂ ਦਾ ਮਸਲਾ ਉਭਾਰਿਆ। ਜਦੋਂ ਸਿਆਸੀ ਕੈਦੀਆਂ ਅਤੇ ਹਿਰਾਸਤੀਆਂ ਦੀ ਰਾਹਤ ਲਈ ਸੁਸਾਇਟੀ ਫਾਰ ਦਾ ਪ੍ਰੋਟੈਕਸ਼ਨ ਆਫ਼ ਡੈਟਨੀਜ਼ ਅਤੇ ਪਰੀਜ਼ਰਨ ਰਾਈਟਸ (ਐਸ.ਪੀ.ਡੀ.ਪੀ.ਆਰ.) ਬਣੀ ਤਾਂ ਗੁਰਸ਼ਰਨ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ। ਸਿਆਸੀ ਕੈਦੀਆਂ ਦੀ ਵੰਨ-ਸਵੰਨਤਾ ਨਾਲ ਜੁੜੇ ਸਵਾਲਾਂ ਕਾਰਨ ਕਮੇਟੀ ਨੂੰ ਮੋਕਲਾ ਰੂਪ ਦਿੱਤਾ ਗਿਆ। ਕਮੇਟੀ ਫਾਰ ਦਾ ਰਲੀਜ਼ ਆਫ਼ ਪੋਲੀਟੀਕਲ ਪਰਿਜ਼ਨਰ (ਸੀ.ਆਰ.ਪੀ.ਪੀ) ਦਾ ਬਾਨੀ ਪ੍ਰਧਾਨ ਵੀ ਗੁਰਸ਼ਰਨ ਸਿੰਘ ਨੂੰ ਬਣਾਇਆ ਗਿਆ। ਇਸ ਵਿੱਚ ਵੰਨ-ਸਵੰਨੀਆਂ ਤਬਦੀਲੀਪਸੰਦ ਸਿਆਸੀ ਲਹਿਰਾਂ ਦੇ ਲੋਕ ਸ਼ਾਮਿਲ ਕੀਤੇ ਗਏ। ਇਸੇ ਹਵਾਲੇ ਨਾਲ ਸੀ.ਆਰ.ਪੀ.ਪੀ ਦੇ ਕਾਰਜਕਾਰੀ ਪ੍ਰਧਾਨ ਐਸ.ਏ.ਆਰ.ਗਿਲਾਨੀ ਦਾ ਕਹਿਣਾ ਹੈ, "ਗੁਰਸ਼ਰਨ ਸਿੰਘ ਨੂੰ ਇਲਾਕੇ ਦੀਆਂ ਹੱਦਾਂ ਜਾਂ ਨਾਟ ਕਲਾਕਾਰ ਤੱਕ ਮਹਿਦੂਦ ਨਹੀਂ ਕੀਤਾ ਜਾ ਸਕਦਾ। ਉਹ ਪੂਰੀ ਦੁਨੀਆਂ ਵਿੱਚ ਸਰਕਾਰੀ ਤਸ਼ਦੱਦ ਦਾ ਸ਼ਿਕਾਰ ਅਵਾਮੀ ਲਹਿਰਾਂ ਦੇ ਹਮਦਰਦ ਸਨ। ਉਨ੍ਹਾਂ ਨੂੰ ਮਨੁੱਖੀ ਦਰਦਮੰਦੀ ਦੇ ਨਿਧੜਕ ਬੁਲਾਰੇ ਅਤੇ ਇਨਕਲਾਬੀ ਜ਼ੋਸ਼ ਲਈ ਯਾਦ ਕੀਤਾ ਜਾਵੇਗਾ।" ਗੁਰਸ਼ਰਨ ਸਿੰਘ ਕਸ਼ਮੀਰ ਦੀ ਖੁਦਮੁਖ਼ਤਿਆਰੀ ਦੇ ਨਿਧੜਕ ਅਲੰਬਰਦਾਰ ਸਨ। ਇਸੇ ਲਈ ਗਿਲਾਨੀ ਅੱਗੇ ਕਹਿੰਦਾ ਹੈ, "ਗੁਰਸ਼ਰਨ ਸਿੰਘ ਦੇ ਰੂਪ ਵਿੱਚ ਕਸ਼ਮੀਰ ਦਾ ਅਹਿਮ ਸਾਥੀ ਸਾਥੋਂ ਵਿਛੜ ਗਿਆ ਹੈ।" ਕੇਂਦਰੀ ਭਾਰਤ ਵਿੱਚ ਮਾਓਵਾਦੀ ਲਹਿਰ ਖ਼ਿਲਾਫ਼ ਚਲਦੇ ਅਪਰੇਸ਼ਨ ਗ੍ਰੀਨ ਹੰਟ ਦੇ ਵਿਰੋਧ ਵਿੱਚ ਪੰਜਾਬ ਵਿੱਚ ਬਣੀ ਕਮੇਟੀ ਦੇ ਕਨਵੀਨਰ ਗੁਰਸ਼ਰਨ ਸਿੰਘ ਸਨ।

ਗੁਰਸ਼ਰਨ ਸਿੰਘ ਆਪਣੇ ਵਿਰੋਧੀਆਂ ਅਤੇ ਲੋੜ ਪੈਣ ਉੱਤੇ ਆਪਣੇ ਸਾਥੀਆਂ ਦਾ ਵਿਰੋਧ ਕਰਨ ਦਾ ਜੇਰਾ ਸੀ। ਉਹ ਇਨਕਲਾਬੀ ਲਹਿਰਾਂ ਦੀਆਂ ਕਮਜ਼ੋਰੀਆਂ ਬਾਬਤ ਗੱਲਬਾਤ ਕਰਨ ਤੋਂ ਕਦੇ ਨਹੀਂ ਝਿਜਕੇ। ਨਿਧੜਕ ਬੁਲਾਰਾ ਹੋਣ ਦੇ ਨਾਲ ਉਹ ਸੁਹਿਰਦ ਸਰੋਤਾ ਸਨ ਜੋ ਆਪਣੀ ਆਲੋਚਨਾ ਸੁਣ ਸਕਦਾ ਸੀ ਅਤੇ ਇਨਕਲਾਬੀਆਂ ਦੀ ਏਕਤਾ ਚਾਹੁੰਦਾ ਸੀ। ਗੁਰਸ਼ਰਨ ਸਿੰਘ ਸਾਡੇ ਸਮਿਆਂ ਦੀ ਉਹ ਵਾਰਤਕ ਹੈ ਜੋ ਬੇਇਨਸਾਫ਼ੀ, ਨਾਬਰਾਬਰੀ ਅਤੇ ਵਿਤਕਰੇ ਦੇ ਗਲਪ ਨੂੰ ਸਿੱਧਾ ਸਵਾਲ ਕਰਦੀ ਹੈ। ਉਹ ਸੁਹਜ ਭਰਪੂਰ ਅਤੇ ਮਾਣ ਭਰੀ ਜ਼ਿੰਦਗੀ ਦਾ ਆਸ਼ਕ ਸੀ। ਇਸ ਸੁਫ਼ਨੇ ਦੀ ਪੂਰਤੀ ਲਈ ਚਲਦੇ ਉਪਰਾਲੇ ਵਿੱਚ ਹੀ ਗੁਰਸ਼ਰਨ ਸਿੰਘ ਦੇ ਨਾਟਕਾਂ ਦਾ ਸੁਹਜ ਨਿਹਤ ਹੈ। ਗੁਰਸ਼ਰਨ ਸਿੰਘ ਦੇ ਪਿੜੋਕੜ ਵਿੱਚ ਕੀ ਰੀਤ ਕੰਮ ਕਰਦੀ ਸੀ ਅਤੇ ਉਹ ਕਿਹੋ ਜਿਹੀ ਵਿਰਾਸਤ ਛੱਡ ਗਏ ਹਨ? ਇਹ ਸਵਾਲ ਆਉਂਦੇ ਸਮੇਂ ਵਿੱਚ ਸਾਡੀ ਦਿਲਚਸਪੀ ਦਾ ਸਬੱਬ ਬਣਦੇ ਰਹਿਣਗੇ। ਇਹ ਤੈਅ ਹੈ ਕਿ ਗੁਰਸ਼ਰਨ ਸਿੰਘ ਨੂੰ ਸ਼ਹੀਦ ਭਗਤ ਸਿੰਘ ਵਾਂਗ ਹੀ ਸੰਘਰਸ਼ਾਂ ਦੇ ਪਿੜ ਵਿੱਚ ਉਦੋਂ ਤੱਕ ਯਾਦ ਕੀਤਾ ਜਾਵੇਗਾ ਜਦੋਂ ਤੱਕ 'ਮਨੁੱਖ ਹੱਥੋਂ ਮਨੁੱਖ ਦੀ ਲੁੱਟਖਸੁੱਟ ਜਾਰੀ ਹੈ।' ਕੰਪਿਊਟਰ ਦੀ ਸਿਰਜੀ 'ਵਰਚੁਅਲ ਰਿਐਲਟੀ' ਅਤੇ ਦਰਬਾਨ ਪੱਤਰਕਾਰਾਂ ਦੀ ਉਸਾਰੀ 'ਸਹਿਮਤੀ' ਦੇ ਦੌਰ ਵਿੱਚ ਗੁਰਸ਼ਰਨ ਸਿੰਘ ਅਵਾਮੀ ਵਾਰਤਕ ਦਾ ਬੇਜੋੜ ਨਮੂਨਾ ਹੈ। ਆਉਣ ਵਾਲੇ ਸਮੇਂ ਵਿੱਚ ਇਹ ਮੰਨਵਾਉਣਾ ਔਖਾ ਹੋਏਗਾ ਕਿ 'ਅਜਿਹਾ ਮਨੁੱਖ ਵੀ ਹੋਇਆ ਸੀ।'

No comments:

Post a Comment