Wednesday 26 October 2011

ਜੰਗ ਦੇ ਅਟੱਲ ਪ੍ਰਗਟਾਵਿਆਂ ਦੀ ਕਹਾਣੀ ਬਾਇਸਾਈਕਲ ਥੀਵਜ਼

ਜਤਿੰਦਰ ਮੌਹਰ

ਸਾਮਰਾਜੀ ਜੰਗਬਾਜ਼ਾਂ ਦੇ ਭੇੜ 'ਚ ਦਾਅ 'ਤੇ ਲੱਗੀਆਂ ਮਨੁੱਖੀ ਜਾਨਾਂ ਨੇ ਜੰਗ ਦੀ ਖ਼ੌਫ਼ਨਾਕ ਕੀਮਤ ਉਤਾਰੀ ਹੈ। ਜਿਨ੍ਹਾਂ ਲਈ ਵਧੇਰੇ ਖ਼ਤਰਨਾਕ ਲੜਾਈ ਜੰਗ ਖ਼ਤਮ ਹੋਣ ਤੋਂ ਬਾਅਦ ਸ਼ੁਰੂ ਹੁੰਦੀ ਹੈ। ਬੇਘਰੀ ਅਤੇ ਭੁੱਖ ਹੋਰ ਉਘੜਵੇਂ ਰੂਪ 'ਚ ਮਨੁੱਖ 'ਤੇ 'ਨਾਜ਼ਲ' ਹੁੰਦੇ ਹਨ। ਉਨ੍ਹਾਂ ਭੁੱਖਿਆਂ ਅਤੇ ਬੇਘਰਾਂ ਦਾ ਜ਼ਿਕਰ ਕਿਸੇ ਇਤਿਹਾਸ 'ਚ ਨਹੀਂ ਹੁੰਦਾ। ਜ਼ਿਕਰ ਤਾਂ ਬੱਸ ਜੰਗਬਾਜ਼ਾਂ ਦੀਆਂ ਜਿੱਤਾਂ ਅਤੇ ਹਾਰਾਂ ਦਾ ਹੁੰਦਾ ਹੈ। ਇਨ੍ਹਾਂ ਸਾਨ੍ਹਾਂ ਦੇ ਪੈਦਾ ਕੀਤੇ ਤਬਾਹੀ ਦੇ ਖੰਡਰਾਂ 'ਚ ਸਹਿਕਦੀ ਮਨੁੱਖੀ ਜ਼ਿੰਦਗੀ ਦਮ ਤੋੜਨ ਜੋਗੀ ਰਹਿ ਜਾਂਦੀ ਹੈ। ਇਹ ਮੰਜ਼ਰ ਵਾਰ ਵਾਰ ਮਨੁੱਖੀ ਸੱਭਿਅਤਾ ਦੀ ਹੋਣੀ ਬਣਦੇ ਹਨ। 'ਇਤਿਹਾਸ ਅਪਣੇ-ਆਪ ਨੂੰ ਦੁਹਰਾਉਂਦਾ ਹੈ' ਜਹੇ ਬੇਕਿਰਕ ਫ਼ਿਕਰੇ ਵਰਤ ਕੇ ਮਨੁੱਖ-ਵਿਰੋਧੀ ਢਾਂਚੇ ਦੀ ਉਮਰ ਲੰਬੀ ਕਰਨ ਦੇ ਹਰਬੇ ਵਰਤੇ ਜਾਂਦੇ ਹਨ। ਸਵਾਲ ਪੁੱਛਣਾ ਬਣਦਾ ਹੈ ਕਿ ਮਨੁੱਖਤਾ ਦੀ ਤਬਾਹੀ ਦਾ ਇਤਿਹਾਸ ਹੀ ਵਾਰ ਵਾਰ ਕਿਉਂ ਅਪਣੇ ਆਪ ਨੂੰ ਦੁਹਰਾਉਂਦਾ ਹੈ? ਸਰਬੱਤ ਦੇ ਭਲੇ ਦਾ ਇਤਿਹਾਸ ਕਿਉਂ ਨਹੀਂ ਦੁਹਰਾਉਣਾ ਚਾਹੀਦਾ? ਅਮਰੀਕੀ ਲੇਖ਼ਕ ਜਾਰਜ ਔਰਵੈਲ ਦੀ ਕਿਤਾਬ 'ਉਨ੍ਹੀ ਸੌ ਚੁਰਾਸੀ' 'ਚ ਜੰਗਬਾਜ਼ਾਂ ਦੇ ਤਿੰਨ ਨਾਅਰੇ ਉਭਰ ਕੇ ਸਾਹਮਣੇ ਆਉਂਦੇ ਹਨ। ਪਹਿਲਾ, ਜੰਗ ਹੀ ਅਮਨ ਹੈ। ਦੂਜਾ, ਆਜ਼ਾਦੀ ਗ਼ੁਲਾਮੀ 'ਚ ਹੈ। ਤੀਜਾ, ਅਗਿਆਨਤਾ ਤਾਕਤ ਦੀ ਕੁੰਜੀ ਹੈ। ਖ਼ਾਸ ਤੌਰ 'ਤੇ ਪਿਛਲੀਆਂ ਦੋ ਸਦੀਆਂ ਇਨ੍ਹਾਂ ਤਿੰਨੇ ਨਾਅਰਿਆਂ ਦਾ ਇਤਿਹਾਸ ਹਨ। ਮੌਜੂਦਾ ਸਦੀ 'ਚ ਸਾਮਰਾਜੀ ਜੰਗਬਾਜ਼ ਤਿੰਨੇ ਨਾਅਰਿਆਂ ਦੇ ਨਵੇਂ ਦਿਸਹੱਦੇ ਛੂਹ ਰਹੇ ਹਨ। ਜਿਨ੍ਹਾਂ ਦਾ ਅੱਤ-ਭਿਆਨਕ ਰੂਪ ਵੀਅਤਨਾਮ, ਅਫ਼ਗ਼ਾਨਿਸਤਾਨ, ਇਰਾਕ, ਲਾਤੀਨੀ ਅਮਰੀਕਾ ਅਤੇ ਅਫ਼ਰੀਕਾ 'ਚ ਸਾਹਮਣੇ ਆਉਂਦਾ ਹੈ। ਭਵਿੱਖ 'ਚ ਵੀ ਤਬਾਹੀ ਦਾ ਰੱਥ ਥੰਮਦਾ ਨਜ਼ਰ ਨਹੀਂ ਆਉਂਦਾ। ਚਰਨੋਬਿਲ, ਤਿੰਨ ਮੀਲ ਟਾਪੂ ਅਤੇ ਫੁਕੂਸ਼ਿਮਾ ਦੇ ਪ੍ਰਮਾਣੂ-ਹਾਦਸਿਆਂ ਤੋਂ ਬਾਅਦ ਚਰਨੋਬਿਲ ਦੀ ਪੰਚੀਵੀਂ ਯਾਦ 'ਚ ਸੰਯੁਕਤ ਰਾਸ਼ਟਰ ਦਾ ਮੁਖੀ ਬਾਨ ਕੀ ਮੂਨ ਬਿਆਨ ਦਿੰਦਾ ਹੈ ਕਿ ਆਲਮ ਨੂੰ ਅਜਿਹੇ ਹੋਰ ਹਾਦਸਿਆਂ ਲਈ ਤਿਆਰ ਰਹਿਣਾ ਪਵੇਗਾ।ਉਸਦਾ ਮੰਨਣਾਂ ਹੈ ਕਿ 'ਸਾਧਨਾਂ ਦੀ ਕਿੱਲਤ' ਦੇ ਯੁੱਗ 'ਚ ਪ੍ਰਮਾਣੂ ਊਰਜਾ 'ਅਣਸਰਦੀ ਪਸੰਦ' ਹੈ। ਚੇਤੇ ਰਹੇ ਕਿ ਤਾਜ਼ਾ ਅੰਕੜਿਆਂ ਮੁਤਾਬਕ ਚਰਨੋਬਿਲ ਪ੍ਰਮਾਣੂ-ਹਾਦਸੇ 'ਚ ਸੋਲ੍ਹਾਂ ਲੱਖ ਤੋਂ ਵੱਧ ਲੋਕਾਂ ਨੂੰ ਜਾਨ ਤੋਂ ਹੱਥ ਧੋਣਾ ਪਿਆ ਸੀ। ਆਵਾਮੀ ਪੈਂਤੜੇ ਤੋਂ ਕੋਈ ਵੀ ਕਿੱਲਤ ਏਨ੍ਹੀਆਂ ਕੀਮਤੀ ਜਾਨਾਂ ਨੂੰ ਦਾਅ 'ਤੇ ਲਾਉਣ ਲਈ ਅਣਸਰਦੀ ਪਸੰਦ ਨਹੀਂ ਹੋ ਸਕਦੀ। ਇਹ ਪਸੰਦ ਗ਼ੁਲਾਮੀ ਅਤੇ ਮੁਨਾਫ਼ੇ ਦੇ ਪੈਰੋਕਾਰਾਂ ਦੀ ਹੈ। ਹੀਰੋਸ਼ੀਮਾ ਅਤੇ ਨਾਗਾਸਾਕੀ 'ਚ ਤਬਾਹਕੁੰਨ 'ਤਜ਼ਰਬੇ' ਕਰਨ ਤੋਂ ਬਾਅਦ ਜੰਗਬਾਜ਼ਾਂ ਦੇ ਹੌਸਲੇ ਬੁਲੰਦ ਹੁੰਦੇ ਗਏ ਹਨ। ਗਾਹੇ-ਬਗਾਹੇ ਹੋਰ ਤਬਾਹੀ ਮਚਾਉਣ ਦੀਆਂ ਸ਼ਰੇਆਮ ਧਮਕੀਆਂ ਅਤੇ ਅਮਲਾਂ ਨੇ ਮਨੁੱਖਤਾ ਦੇ ਭਵਿੱਖ ਨੂੰ ਖ਼ਤਰੇ 'ਚ ਪਾਇਆ ਹੈ। ਹਿੰਦ-ਪਾਕਿ ਮੁਲਕਾਂ 'ਚ ਜੰਗ ਦੇ ਹੱਕ ਵਿੱਚ ਸਰਗਰਮ ਧਿਰਾਂ ਨੂੰ ਇਸੇ ਖ਼ਤਰੇ ਦੀ ਲੜੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ।

ਫ਼ਿਲਮ 'ਬਾਇਸਾਈਕਲ ਥੀਵਜ਼' ਦੂਜੀ ਆਲਮੀ ਜੰਗ ਦੇ ਖ਼ਾਤਮੇ ਤੋਂ ਬਾਅਦ ਮਨੁੱਖਤਾ ਦੇ ਸਨਮੁੱਖ ਆਉਂਦੀਆਂ ਔਕੜਾਂ ਦਾ ਜ਼ਿਕਰ ਕਰਦੀ ਹੈ। ਮੁਸੋਲਿਨੀ ਦੀ ਫ਼ਾਸ਼ੀਵਾਦੀ ਹਕੂਮਤ ਦਾ ਝੰਬਿਆ ਇਟਲੀ, ਬੇਰਹਿਮ ਜੰਗ ਦੀ ਭੇਂਟ ਚੜ ਜਾਂਦਾ ਹੈ। ਚਾਰੇ ਪਾਸੇ ਫੈਲੇ ਬਰਬਾਦੀ ਦੇ ਮੰਜ਼ਰਾਂ 'ਚੋਂ ਮਨੁੱਖ ਦੀ ਮੁੜ-ਬਹਾਲੀ ਦਾ ਸੰਘਰਸ਼ ਸ਼ੁਰੂ ਹੋ ਰਿਹਾ ਹੈ। ਮੁਲਕ 'ਚ ਅੱਤ ਦੀ ਭੁੱਖ ਅਤੇ ਬੇਰੁਜ਼ਗਾਰੀ ਫੈਲੀ ਹੋਈ ਹੈ ਜਿਨ੍ਹਾਂ 'ਚ ਇੱਕ ਮਜ਼ਦੂਰ ਟੱਬਰ ਸ਼ਾਮਿਲ ਹੈ। ਮਜ਼ਦੂਰ ਨੂੰ ਨੌਕਰੀ ਇਸ ਸ਼ਰਤ 'ਤੇ ਮਿਲਦੀ ਹੈ ਕਿ ਉਸ ਕੋਲ ਸਾਈਕਲ ਹੋਣਾ ਲਾਜ਼ਮੀ ਹੈ। ਟੱਬਰ ਦੇ ਅੰਤਲੇ ਸਰਮਾਏ ਨੂੰ ਦਾਅ 'ਤੇ ਲਾ ਕੇ ਸਾਈਕਲ ਖਰੀਦਿਆ ਜਾਂਦਾ ਹੈ। ਕੁਝ ਸਮੇਂ ਬਾਅਦ ਸਾਈਕਲ ਚੋਰੀ ਹੋਣ ਦੀ ਅਣਹੋਣੀ ਵਾਪਰ ਜਾਂਦੀ ਹੈ। ਬਾਕੀ ਫ਼ਿਲਮ ਸਾਈਕਲ ਨੂੰ ਲੱਭਣ ਅਤੇ ਭੁੱਖ ਨਾਲ ਘੁਲਣ ਦਾ ਸੰਘਰਸ਼ ਹੈ। ਅੰਤ 'ਚ ਭੁੱਖ ਦਾ ਮਾਰਿਆ ਮਜ਼ਦੂਰ ਕਿਸੇ ਹੋਰ ਦੀ ਸਾਈਕਲ ਚੋਰੀ ਕਰਨ ਲਈ ਮਜਬੂਰ ਹੋ ਜਾਂਦਾ ਹੈ। ਚੋਰੀ ਕਰਦਾ ਫੜਿਆ ਜਾਂਦਾ ਹੈ। ਮਜ਼ਦੂਰ ਦੇ ਛੋਟੇ ਜਹੇ ਮੁੰਡੇ ਸਾਹਮਣੇ ਉਸਦੀ ਕੁੱਟਮਾਰ ਕੀਤੀ ਜਾਂਦੀ ਹੈ। ਸ਼ਰਮ ਦਾ ਮਾਰਿਆ ਮਜ਼ਦੂਰ, ਮੁੰਡੇ ਨਾਲ ਅੱਖ ਵੀ ਨਹੀਂ ਮਿਲਾ ਸਕਦਾ। ਇਹ ਫ਼ਿਲਮ ਪਿਉ-ਪੁੱਤ ਦੇ ਰਿਸ਼ਤੇ 'ਤੇ ਬਣੀਆਂ ਸਭ ਤੋਂ ਖ਼ੂਬਸੂਰਤ ਅਤੇ ਮਾਰਮਕ ਫ਼ਿਲਮਾਂ ਵਿੱਚੋਂ ਇੱਕ ਹੈ। ਤੱਥ-ਸਹਿਤ, ਆਲਮ ਦੀਆਂ ਕਈ ਬੇਹਤਰੀਨ ਫ਼ਿਲਮਾਂ ਪਿਉ-ਪੁੱਤ ਦੇ ਰਿਸ਼ਤੇ 'ਤੇ ਬਣੀਆਂ ਹਨ। ਮਾਸੂਮ ਬੱਚੇ ਲਈ ਪਿਉ ਦੁਨੀਆਂ ਦਾ ਸਭ ਤੋਂ ਤਾਕਤਵਰ ਬੰਦਾ ਹੈ ਜੋ ਉਸਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ। ਜਦੋਂ ਪਿਉ ਦੀ ਮਾਰ-ਕੁਟਾਈ ਅੱਖਾਂ ਮੂਹਰੇ ਹੁੰਦੀ ਹੈ ਤਾਂ ਮਾਸੂਮ ਦੇ ਅੰਦਰੋਂ ਬਹੁਤ ਕੁਝ ਟੁੱਟ-ਭੱਜ ਜਾਂਦਾ ਹੈ। ਦੁਬਾਰਾ ਉਹ ਪਹਿਲਾਂ ਵਰਗਾ ਸਹਿਜ ਨਹੀਂ ਹੋ ਸਕਦਾ। ਅਮਰੀਕੀ ਜੰਗਬਾਜ਼ਾਂ ਨੇ ਅਣਗਿਣਤ ਪਿਉਆਂ ਨੂੰ ਕੁੱਟ-ਮਾਰ ਕੇ ਮਾਸੂਮਾਂ ਦੀ ਮਾਸੂਮੀਅਤ ਖੋਹੀ ਹੈ। ਜਿਸਦੀ ਮਿਸਾਲ ਇਰਾਕੀ ਫ਼ਿਲਮ 'ਟਰਟਲਜ਼ ਕੈਨ ਫਲਾਈ' 'ਚ ਦੇਖੀ ਜਾ ਸਕਦੀ ਹੈ। ਜਿਨ੍ਹਾਂ ਨੇ ਖ਼ੂਨੀ ਸਾਕਿਆਂ ਅਤੇ ਘੱਲੂਘਾਰਿਆਂ ਦੇ ਮੰਜ਼ਰ ਅੱਖੀ ਦੇਖੇ ਹੋਣ। ਉਹ ਮੁੜ ਕੇ ਸਹਿਜਤਾ ਨਾਲ ਨਹੀਂ ਜਿਉਂ ਸਕਦੇ। ਉਨ੍ਹਾਂ ਦੀ ਮੁੜ-ਬਹਾਲੀ ਦਾ ਸੰਘਰਸ਼ ਆਲਮ ਦੀ ਸੰਵੇਦਨਾ 'ਤੇ ਸਵਾਲੀਆ ਨਿਸ਼ਾਨ ਹੈ। ਛੋਟੇ ਬੁਸ਼ ਨੂੰ ਜੁੱਤੀ ਮਾਰਨ ਵਾਲੇ ਮੁੰਤਜ਼ਰ-ਅਲ-ਜ਼ੈਦੀ ਦਾ ਇਕਬਾਲੀਆ ਬਿਆਨ ਇਰਾਕ ਦੀ ਤਬਾਹੀ ਦਾ ਮਾਰਮਕ ਖ਼ੁਲਾਸਾ ਕਰਦਾ ਹੈ।

ਫ਼ਿਲਮ ਨਾਲ ਜੁੜੀ ਯਾਦ ਮੁਤਾਬਕ, ਹਦਾਇਤਕਾਰ ਵਿਟੋਰੀਉ-ਡੀ-ਸੀਕਾ ਨੇ ਮਜ਼ਦੂਰ ਦੇ ਕਿਰਦਾਰ 'ਚ ਇਟਲੀ ਦੇ ਉਸ ਵੇਲੇ ਦੇ ਵੱਡੇ ਅਦਾਕਾਰ ਨੂੰ ਲਿਆ। ਅਦਾਕਾਰ ਦੇ ਨਖਰਿਆਂ ਤੋਂ ਤਪੇ ਸੀਕਾ ਨੇ ਅਸਲੀ ਮਜ਼ਦੂਰ ਤੋਂ ਕੰਮ ਕਰਾਉਣ ਦਾ ਐਲਾਨ ਕਰ ਦਿੱਤਾ। ਸਹੀ ਬੰਦਾ ਮਿਲਣ 'ਚ ਦਿੱਕਤ ਆਉਣ ਲੱਗੀ। ਕਾਰ-ਸਫ਼ਰ ਦੌਰਾਨ ਸੀਕਾ ਨੇ ਕੰਮ ਕਰਦੇ ਮਜ਼ਦੂਰ ਨੂੰ ਕੋਲ ਬੁਲਾ ਕੇ ਕਿਰਦਾਰ ਬਾਰੇ ਦੱਸਿਆ। ਮਜ਼ਦੂਰ ਨੂੰ ਫ਼ਿਲਮ ਬਾਰੇ ਕੋਈ ਗਿਆਨ ਨਹੀਂ ਸੀ। ਉਸ ਦਾ ਇੱਕੋ ਸਵਾਲ ਸੀ, " ... ਰੋਟੀ ਮਿਲੂਗੀ? ... "। ਉਹੀ ਮਜ਼ਦੂਰ ਫ਼ਿਲਮ ਦਾ ਮੁੱਖ ਅਦਾਕਾਰ ਬਣਿਆ।

ਫ਼ਿਲਮ 'ਬਾਇਸਾਈਕਲ ਥੀਵਜ਼' ਨੇ ਯਥਾਰਥਵਾਦੀ ਸਿਨੇਮੇ ਦੀ ਨੀਂਹ ਰੱਖੀ। ਸੱਤਿਆਜੀਤ ਰੇਅ ਦੀ 'ਪਾਥਰ ਪਾਂਚਾਲੀ' ਅਤੇ ਹੋਰ ਫ਼ਿਲਮਾਂ, ਖ਼ਵਾਜਾ ਅਹਿਮਦ ਅੱਬਾਸ ਦੀ 'ਧਰਤੀ ਕੇ ਲਾਲ' ਅਤੇ ਬਿਮਲ ਰਾਏ ਦੀ 'ਦੋ ਬੀਘਾ ਜ਼ਮੀਨ' ਇਸੇ ਰੁਝਾਨ ਦੀਆਂ ਕੜੀਆਂ ਹਨ। ਸਾਡੇ ਮੁਲਕ 'ਚ ਮ੍ਰਿਨਾਲ ਸੇਨ, ਰਿਤਵਿਕ ਘਟਕ, ਕੁਮਾਰ ਸ਼ਾਹਾਨੀ, ਸ਼ਿਆਮ ਬੈਨੇਗਲ ਅਤੇ ਗੋਵਿੰਦ ਨਿਹਲਾਨੀ ਨੇ ਇਸ ਰਵਾਇਤ ਨੂੰ ਅੱਗੇ ਵਧਾਇਆ। ਅਗਾਂਹਵਧੂ ਹਲਕੇ ਇਸ ਨੂੰ ਲੋਕ-ਪੱਖੀ ਸਿਨੇਮੇ ਦੀ ਸੰਗਿਆ ਦਿੰਦੇ ਹਨ। ਸ਼ਾਹਰੁਖ਼ ਖ਼ਾਨ, ਕਰਨ ਜੌਹਰ, ਫਰਾਹ ਖ਼ਾਨ ਅਤੇ ਉਸਦਾ ਬੜਬੋਲਾ ਭਰਾ ਸਾਜਿਦ ਖ਼ਾਨ ਯਥਾਰਥਵਾਦੀ ਸਿਨੇਮੇ ਦੇ ਖ਼ਿਲਾਫ਼ ਪੈਂਤੜਾ ਲੈਂਦੇ ਹੋਏ ਕਹਿੰਦੇ ਹਨ ਕਿ ਅਜਿਹਾ ਸਿਨੇਮਾ ਹਿੰਦੋਸਤਾਨੀ ਫ਼ਿਲਮਾਂ ਦੀ ਨੁਮਾਇੰਦਗੀ ਨਹੀਂ ਕਰਦਾ। ਨੱਚਣ-ਟੱਪਣ ਵਾਲੀਆਂ ਫ਼ਿਲਮਾਂ ਹੀ ਸਾਡੇ ਮੁਲਕ ਦੀਆਂ ਨੁਮਾਇੰਦਾ ਫ਼ਿਲਮਾਂ ਹਨ। ਇਸੇ ਰੁਝਾਨ ਦੀ ਕੜੀ ਵਜੋਂ ਪੰਜਾਬੀ ਦੇ ਵੱਡੇ ਫ਼ਿਲਮਸਾਜ਼ ਮੁੱਦਾ ਆਧਾਰਤ ਫ਼ਿਲਮਾਂ ਦੇ ਖ਼ਿਲਾਫ਼ ਬਿਆਨਬਾਜੀ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬੀ ਸੰਗਤ ਦੀ ਬੌਧਿਕ-ਸਮਰੱਥਾ ਘੱਟ ਹੋਣ ਕਰਕੇ ਅਜਿਹੀਆਂ ਫ਼ਿਲਮਾਂ ਬਣਾਉਣਾ ਮੂਰਖਤਾ ਹੈ। ਮਨੁੱਖਤਾ ਦੇ ਖ਼ਿਲਾਫ਼ ਭੁਗਤਣਾ ਚਾਲੂ ਫ਼ਿਲਮਾਂ ਦੇ ਪੈਰੋਕਾਰਾਂ ਦਾ ਨਾਪਾਕ ਧੰਦਾ ਹੈ ਪਰ 'ਬਾਇਸਾਈਕਲ ਥੀਵਜ਼' ਜਹੀਆਂ ਕਿਰਤਾਂ ਆਵਾਮੀ ਸਿਨੇਮੇ ਦੀ ਨੀਂਹ ਦੀਆਂ ਪੱਕੀਆਂ ਇੱਟਾਂ ਹਨ, ਜੋ ਲੋਕ-ਫ਼ਿਲਮਸਾਜ਼ਾਂ ਲਈ ਵਿਰਾਸਤ ਅਤੇ ਚਾਲੂ-ਫ਼ਿਲ਼ਮਸਾਜ਼ਾਂ ਲਈ ਚਿਰ-ਸਥਾਈ ਖ਼ਤਰਾ ਹਨ। ਇਹ ਫ਼ਿਲਮ ਜੰਗੀ ਹੈਂਕੜ ਦੇ ਖ਼ਿਲਾਫ਼ ਅਤੇ ਆਲਮੀ-ਅਮਨ ਦੇ ਹੱਕ 'ਚ ਸੁਹਿਰਦ ਨਾਅਰਾ ਹੈ ਅਤੇ ਉਨ੍ਹਾਂ ਮਜ਼ਲੂਮਾਂ ਦੀ ਧਿਰ ਬਣਦੀ ਹੈ ਜਿਨ੍ਹਾਂ ਲਈ ਹਾਲਾਤ ਜੰਗ ਤੋਂ ਪਹਿਲਾਂ ਹੀ ਬੁਰੇ ਹਨ, ਪਰ ਜੰਗ ਤੋਂ ਬਾਅਦ ਬਦ ਤੋਂ ਬਦਤਰ ਹੋ ਜਾਂਦੇ ਹਨ।

No comments:

Post a Comment