Showing posts with label Zuzu Angel. Show all posts
Showing posts with label Zuzu Angel. Show all posts

Sunday, 29 September 2013

ਨਾਬਰ: ਮਾਣ ਸੱਚੇ ਇਸ਼ਕ ਦਾ ਹੈ, ਹੁਨਰ ਦਾ ਦਾਅਵਾ ਵੀ

ਦਲਜੀਤ ਅਮੀ

ਕਲਾਕਾਰ ਕਈ ਸਮਿਆਂ, ਥਾਂਵਾਂ, ਵਿਚਾਰਾਂ, ਮੌਕਿਆਂ, ਸ਼ਖ਼ਸ਼ੀਅਤਾਂ ਅਤੇ ਤਜਰਬਿਆਂ ਨੂੰ ਸੰਵਾਦੀ ਮੰਚ ਉੱਤੇ ਲਿਆ ਕੇ ਆਪਣੇ ਸਮਕਾਲੀਆਂ ਦੀ ਬਾਤ ਪਾਉਂਦਾ ਹੈ। ਸਮਕਾਲੀ ਮਸਲਿਆਂ ਅਤੇ ਨਿੱਜੀ ਤ੍ਰਾਸਦੀਆਂ ਦੀਆਂ ਤੰਦਾਂ ਸਮਾਜਿਕ ਰੁਝਾਨ ਵਿੱਚੋਂ ਫੜਦਾ ਹੈ। ਇਸ ਰੁਝਾਨ ਦੀਆਂ ਚਾਲਕ ਸ਼ਕਤੀਆਂ ਦਾ ਖੁਰਾ ਨੱਪਦਾ ਹੈ। ਨਿੱਜੀ ਪੱਧਰ ਦੀਆਂ ਲੜਾਈਆਂ ਵਿੱਚੋਂ ਸਮਾਜਕ ਲੜਾਈ ਦੀ ਲੋੜ ਨੂੰ ਉਜਾਗਰ ਕਰਦਾ ਹੈ। ਜਦੋਂ 'ਨਾਬਰ' ਵਿੱਚ ਬਾਬਾ ਫ਼ਰੀਦ, ਬਾਬਾ ਗੋਬਿੰਦ ਸਿੰਘ ਅਤੇ ਬਾਬੂ ਰਜਬ ਅਲੀ ਦਾ 800 ਸਾਲਾਂ ਦਾ ਤਜਰਬਾ ਕਿਸੇ ਪਿਓ ਦੀ ਅੰਦਰ ਦੀ ਥਾਹ ਪਾਉਣ ਦਾ ਸਬੱਬ ਬਣਦਾ ਹੈ ਤਾਂ ਰਾਜੀਵ ਕੁਮਾਰ ਦੀ ਕਲਾਕਾਰੀ ਆਪਣੇ ਜਲੌਅ ਵਿੱਚ ਹੁੰਦੀ ਹੈ। ਪਰਵਾਸ ਦੀ 'ਖ਼ੁਸ਼ਹਾਲੀ' ਦਾ ਇਸ਼ਤਿਹਾਰ ਬਣਿਆ ਗਾਇਕ ਪੇਂਡੂ ਘਰ ਦੀ ਚੂਲ ਹਿਲਾਉਂਦਾ ਹੈ। ਇਕੱਲਾ ਪੁੱਤ ਪਰਦੇਸ ਦੇ ਰਾਹ ਵਿੱਚ ਕਤਲ ਹੁੰਦਾ ਹੈ ਤਾਂ ਦਰਦ ਵਸ ਪਿਓ ਹੀ ਜਾਣਦਾ ਹੈ। ਅੰਦਰ ਖੌਰੂ ਪੈਂਦਾ ਹੈ ਅਤੇ ਇਨਸਾਫ਼ ਦੀ ਲੜਾਈ ਓਪਰੀ ਧਰਤੀ ਉੱਤੇ ਦ੍ਰਿੜਤਾ ਨਾਲ ਲੜੀ ਜਾਣੀ ਹੈ। ਇਸ ਸੁਰਜਣ ਸਿੰਘ ਦੇ ਕਹੇ-ਅਣਕਹੇ ਨੂੰ ਹਰਦੀਪ ਗਿੱਲ ਪਰਦੇ ਉੱਤੇ ਸਹਿਜਤਾ ਨਾਲ ਉਤਾਰ ਦਿੰਦਾ ਹੈ। ਇਕੱਲੇ ਪੁੱਤ ਦੀ ਅਣਮਨੇ ਮਨ ਨਾਲ ਹਮਾਇਤ ਕਰਕੇ ਉਸ ਨੂੰ ਵਿਦੇਸ਼ ਤੋਰਨ ਵਾਲੀ ਮਾਂ ਉਸ ਦੇ ਵਿਆਹ ਦੀ ਉਡੀਕ ਵਿੱਚ ਸ਼ਗਨਾਂ ਦੇ ਗੀਤ ਗਾਉਂਦੀ ਹੈ। ਜਦੋਂ ਪੁੱਤ ਦੀਆਂ ਅਸਥੀਆਂ ਘਰ ਪੁੱਜਦੀਆਂ ਹਨ ਤਾਂ ਮਾਂ ਦਾ ਸੁਫ਼ਨਾ ਟੁੱਟਦਾ ਹੈ ਅਤੇ ਉਸ ਨੂੰ ਘੁਮੇਰ ਆਉਂਦੀ ਹੈ। ਉਹ ਹੋਣੀ ਤੋਂ ਮੁਨਕਰ ਹੋ ਜਾਂਦੀ ਹੈ ਅਤੇ ਬੇਸੁਧੀ ਵਿੱਚ ਆਪਣੇ-ਆਪ ਨਾਲ ਗੱਲ ਕਰਦੀ ਹੋਈ ਤ੍ਰਾਸਦੀ ਨੂੰ ਉਘਾੜਦੀ ਹੈ। ਹਰਵਿੰਦਰ ਕੌਰ ਬਬਲੀ ਨੇ ਸ਼ਿੰਦਰ ਕੌਰ ਦੇ ਇਸ ਕਿਰਦਾਰ ਨੂੰ ਆਪਣੇ ਕਲਬੂਤ ਨਾਲ ਇੱਕ-ਮਿੱਕ ਕਰ ਦਿੱਤਾ ਹੈ।

ਪੁੱਤ ਦੀਆਂ ਅਸਥੀਆਂ ਦੁਆਲੇ ਅੱਡ-ਅੱਡ ਪਾਸੇ ਮੂੰਹ ਕਰੀਂ ਖੜੇ ਮਾਪਿਆਂ ਦੇ ਦੁਆਲੇ ਕੈਮਰਾ ਘੁੰਮਦਾ ਹੈ। ਮਾਪਿਆਂ ਨੂੰ ਘੁਮੇਰ ਆਉਂਦੀ ਹੈ। 'ਨਾਬਰ' ਇਸੇ ਘੁਮੇਰ ਨੂੰ ਉਲਟਾ ਚੱਕਰ ਦੇਣ ਦੀ ਕਹਾਣੀ ਹੈ ਜੋ ਪੰਜਾਬੀ ਬੰਦੇ ਦੇ ਪਿੰਡੇ ਉੱਤੇ ਖੇਡੀ ਜਾ ਰਹੀ ਹੈ। ਮਾਂ ਹੋਣੀ ਤੋਂ ਮੁਨਕਰ ਹੋਕੇ ਪੁੱਤ ਦੀ ਉਡੀਕ ਕਰਦੀ ਹੈ ਅਤੇ ਪਿਓ ਡਾਢਿਆਂ ਦੇ ਤੰਦੂਆ-ਜਾਲ ਨੂੰ ਚਾਕ ਕਰਨ ਦਾ ਫ਼ੈਸਲਾ ਕਰਦਾ ਹੈ। ਇਸ ਤੋਂ ਬਾਅਦ ਵਿਛੋੜੇ ਦੇ ਦਰਦ ਅਤੇ ਇਨਸਾਫ਼ ਦੀ ਲੋੜ ਵਿੱਚੋਂ ਬਾਹਰਮੁਖੀ ਅਤੇ ਅੰਦਰਮੁਖੀ ਲੜਾਈ ਸ਼ੁਰੂ ਹੁੰਦੀ ਹੈ। ਪਿਓ ਬਾਹਰਮੁਖੀ ਅਤੇ ਮਾਂ ਅੰਦਰਮੁਖੀ ਲੜਾਈ ਦੀ ਨੁਮਾਇੰਦਗੀ ਕਰਦੇ ਹਨ ਪਰ ਇਸ ਲੜਾਈ ਵਿੱਚ ਨਿਖੇੜਾ ਕਰਨਾ ਮੁਸ਼ਕਲ ਹੈ। ਰਿਸ਼ਤੇਦਾਰਾਂ ਦੀਆਂ ਮਤਲਬਖ਼ੋਰੀਆਂ ਰਾਹੀਂ ਮਾਂ ਬਾਹਰਮੁਖੀ ਲੜਾਈ ਨਾਲ ਦੋਚਾਰ ਹੁੰਦੀ ਹੈ ਅਤੇ ਪਿਓ ਵਿਕਦੀ ਜ਼ਮੀਨ ਦੇ ਨਾਲ-ਨਾਲ ਪੁੱਤ ਦੇ ਯਾਰਾਂ ਰਾਹੀਂ ਆਪਣੇ-ਆਪ ਦੀ ਥਾਹ ਪਾਉਂਦਾ ਹੈ। 

ਫ਼ਿਲਮ ਦੇ ਇਤਿਹਾਸ ਵਿੱਚ ਬਹੁਤ ਸਾਰੀਆਂ ਫ਼ਿਲਮਾਂ ਪਿਓ-ਪੁੱਤ ਦੇ ਰਿਸ਼ਤੇ ਦੁਆਲੇ ਬੁਣੀਆਂ ਗਈਆਂ ਹਨ। ਦੂਜੀ ਜੰਗ ਤੋਂ ਬਾਅਦ ਦੇ ਮੰਦੇ ਦੀ ਤ੍ਰਾਸਦੀ 'ਬਾਈਸਿਕਲ ਥੀਵ' (ਸਾਈਕਲ ਚੋਰ) ਇਸੇ ਰਿਸ਼ਤੇ ਰਾਹੀਂ ਪਰਦਾਪੇਸ਼ ਹੋਈ। ਇਸ ਰਿਸ਼ਤੇ ਦੁਆਲੇ ਇਰਾਨੀ ਫ਼ਿਲਮਸਾਜ਼ ਮਖ਼ਮਲਵਾਫ਼ ਬਾਅਦ ਵਿੱਚ 'ਸਾਈਕਲ' ਬਣਾਉਂਦਾ ਹੈ ਜੋ ਅਫ਼ਗ਼ਾਨੀ ਪਨਾਹਗੀਰਾਂ ਦੀ ਇਰਾਨ ਵਿੱਚ ਹੋਣੀ ਬਿਆਨ ਕਰਦੀ ਹੈ। ਇਰਾਨ ਦਾ ਮਾਜਿਦ ਮਜੀਦੀ ਇਸੇ ਰਿਸ਼ਤੇ ਦੀਆਂ ਪਰਤਾਂ ਆਪਣੀ ਹਰ ਫ਼ਿਲਮ ਵਿੱਚ ਫਰੋਲਦਾ ਹੈ। ਇਸੇ ਰਿਸ਼ਤੇ ਦੁਆਲੇ ਜੰਗਾਂ ਦੀਆਂ ਮਾਰਮਿਕ ਕਹਾਣੀਆਂ ਬੁਣੀਆਂ ਗਈਆਂ ਹਨ। ਕੌਸਟਾ ਗਾਵਰਿਸ ਦੀ 'ਦ ਮਿਸਿੰਗ,' ਅਤੇ ਰੌਬਰਟ ਬੈਨਗਿਨੀ ਦੀ 'ਲਾਈਫ਼ ਇਜ਼ ਬਿਉਟੀਫੁੱਲ' ਦੋ ਮਸ਼ਹੂਰ ਫ਼ਿਲਮਾਂ ਹਨ। ਮਾਰੇ ਗਏ ਪੁੱਤਾਂ ਨੂੰ ਲੱਬਦੀਆਂ ਮਾਂਵਾਂ ਦੀਆਂ ਦੋ ਫ਼ਿਲਮਾਂ ਦਾ ਜ਼ਿਕਰ ਕਰਨਾ ਬਣਦਾ ਹੈ; ਬ੍ਰਾਜ਼ੀਲੀ ਫ਼ਿਲਮ 'ਜ਼ੁਜ਼ੂ ਏਂਜਲ' ਅਤੇ ਬੰਗਾਲੀ ਫ਼ਿਲਮ 'ਹਜ਼ਾਰ ਚੁਰਾਸੀ ਕੀ ਮਾਂ' ਵਿੱਚ ਬੋਲੀ ਅਤੇ ਸਮੇਂ-ਸਥਾਨ ਤੋਂ ਬਿਨਾਂ ਕੁਝ ਵੀ ਵੱਖ ਨਹੀਂ ਲੱਗਦਾ। 'ਨਾਬਰ' ਇਸੇ ਕੜੀ ਦੀ ਫ਼ਿਲਮ ਹੈ। 


ਪਿਓ-ਪੁੱਤ ਦਾ ਰਿਸ਼ਤਾ ਅਣਕਹੇ ਮੋਹ ਅਤੇ ਨਿੱਤ ਦੇ ਟਕਰਾਅ ਰਾਹੀਂ ਜੀਵਿਆ ਜਾਂਦਾ ਹੈ। ਹਾਜ਼ਰੀ ਦਾ ਪੱਥਰ ਗ਼ੈਰ-ਹਾਜ਼ਰੀ ਵਿੱਚ ਪਿਘਲਦਾ ਹੈ ਤਾਂ ਧੀਰਜ ਸਿਫ਼ ਸਮਾਂ ਹੀ ਧਰਾਉਂਦਾ ਹੈ। ਸਿਆਣਪ ਕੰਮ ਨਹੀਂ ਆਉਂਦੀ। ਸੁਰਜਣ ਸਿੰਘ ਦਾ ਪੁੱਤ ਕਰਮਾ ਵਿਦੇਸ਼ ਜਾਣ ਦੀ ਅੜੀ ਪੁਗਾ ਗਿਆ ਅਤੇ ਪਿਓ ਉਸੇ ਦੇ ਕਾਤਲਾਂ ਦੀ ਭਾਲ ਵਿੱਚੋਂ ਧਰਵਾਸ ਧਰਦਾ ਹੈ। ਮੁੰਬਈ ਵਿੱਚ ਕਰਮਾ ਆਪਣੇ ਯਾਰਾਂ ਨਾਲ ਬਾਪੂ ਦੀਆਂ ਗੱਲਾਂ ਕਰਦਾ ਹੈ। ਕਦੇ ਬਿਆਨ ਨਾ ਕੀਤੀਆਂ ਗੱਲਾਂ ਪੁੱਤ ਦੇ ਯਾਰ ਤੋਂ ਸੁਣ ਕੇ ਸੁਰਜਣ ਸਿੰਘ ਦਾ ਮੋਹ ਉਛਾਲੇ ਖਾਂਦਾ ਹੈ। ਕਰਮੇ ਦਾ ਯਾਰ ਆਪਣੇ ਪਿਓ ਨੂੰ ਹਿਰਖ ਨਾਲ ਛੱਡ ਆਇਆ ਹੈ ਅਤੇ ਹੁਣ ਉਸ ਤੋਂ ਹਿਰਖ ਅਤੇ ਮੋਹ ਵਿਚਲਾ ਨਿਖੇੜਾ ਨਹੀਂ ਕੀਤਾ ਜਾਂਦਾ। ਇਸ ਮੁਲਾਕਾਤ ਵਿੱਚ ਪਿਓ-ਪੁੱਤ ਦੇ ਮੋਹ ਦੀ ਬਾਤ ਹੱਡ-ਬੀਤੀ ਤੋਂ ਜੱਗ-ਬੀਤੀ ਤੱਕ ਦਾ ਸਫ਼ਰ ਤੈਅ ਕਰਦੀ ਹੈ। 

'ਨਾਬਰ' ਵਿੱਚੋਂ ਹਦਾਇਤਕਾਰ ਰਾਜੀਵ ਦੀ ਸ਼ਖ਼ਸ਼ੀਅਤ ਦਾ ਹਰ ਪੱਖ ਝਲਕਦਾ ਹੈ। ਹਰਦੀਪ ਨੇ ਪਰਦੇ ਉੱਤੇ ਪੀੜ ਨਾਲ ਲਵਰੇਜ਼ ਦ੍ਰਿੜਤਾ ਜਿਉਂਦੀ ਕਰ ਦਿੱਤੀ ਅਤੇ ਹਰਵਿੰਦਰ ਬਬਲੀ ਝੱਲ ਦੀਆਂ ਪਰਤਾਂ ਉਧੇੜ ਕੇ ਹੌਲ ਪਾ ਦਿੰਦੀ ਹੈ। 'ਨਾਬਰ' ਰਾਹੀਂ ਸਾਡੇ ਸਮਿਆਂ ਦੀ ਵਿਵੇਕੀ ਸੁਰ ਪਹਿਲੀ ਵਾਰ ਕਿਸੇ ਪੰਜਾਬੀ ਫ਼ਿਲਮ ਵਿੱਚ ਪਰਦਾਪੇਸ਼ ਹੋਈ ਹੈ। ਰਾਜੀਵ ਦਾ ਬਤੌਰ ਫ਼ਿਲਮਸਾਜ਼ ਦਸਤਾਵੇਜੀ ਫ਼ਿਲਮਾਂ ਦਾ ਬਹੁਤ ਤਜਰਬਾ ਹੈ। ਇਸ ਫ਼ਿਲਮ ਦੇ ਨਿਭਾਅ ਵਿੱਚ ਉਹ ਮੈਕਲੌਡਗੰਜ, ਚਮਕੌਰ ਸਾਹਿਬ, ਮੁੰਬਈ ਅਤੇ ਫਤਿਹਗੜ੍ਹ ਸਾਹਿਬ ਨੂੰ ਆਪਣੇ ਕਿਰਦਾਰਾਂ ਦੇ ਆਲੇ-ਦੁਆਲੇ ਲਪੇਟ ਦਿੰਦਾ ਹੈ। ਭੀੜ ਭਰੀਆਂ ਅਣਜਾਣੀਆਂ ਪਰ ਚੇਤਿਆਂ ਵਿੱਚ ਵਸੀਆਂ ਇਤਿਹਾਸਕ ਸਾਂਝ ਵਾਲੀਆਂ ਥਾਵਾਂ ਉੱਤੇ ਆਸਰਾ ਭਾਲਦਾ ਸੁਰਜਣ ਸਿੰਘ ਜਦੋਂ ਹੱਥੀਂ ਨਲਕਾ ਗੇੜ ਕੇ ਪਾਣੀ ਪੀਂਦਾ ਹੈ ਤਾਂ ਸੰਭਵ ਅਤੇ ਅਸੰਭਵ ਦੀ ਦਮੇਲ ਉੱਤੇ ਮਿਲਦੀਆਂ ਹੱਦਾਂ ਉਸ ਦੇ ਗੇੜ ਵਿੱਚ ਆਉਂਦੀਆਂ ਜਾਪਦੀਆਂ ਹਨ। ਜਦੋਂ ਇਹੋ ਪਿਓ ਖ਼ੌਫ਼ ਅਤੇ ਸੰਸੋਪੰਜ ਵਿੱਚ ਫਸੇ ਯੁੱਧਵੀਰ ਕੋਲ ਪੁੱਜਦਾ ਹੈ ਤਾਂ ਇੱਕ ਹੋਰ ਬਾਪ ਕਿਰਤ ਵਿੱਚ ਰੁਝਿਆ ਕਾਠ ਉੱਤੇ ਸਿੱਧੀਆਂ ਲਕੀਰਾਂ ਵਾਹ ਰਿਹਾ ਹੈ। ਇਹੋ ਲਕੀਰਾਂ ਉਸ ਦੀ ਜ਼ਿੰਦਗੀ ਦਾ ਸਿੱਧਾ-ਸਾਧਾ ਮੰਤਰ ਹਨ ਜੋ ਹੱਕ-ਸੱਚ ਦੀ ਬੋਲੀ ਜਾਣਦੀਆਂ ਹਨ। ਜਦੋਂ ਇਸ ਬਾਪ ਦੀ ਸਾਦਗੀ ਪੁੱਤ ਦੀ ਸੇਧ ਬਣਦੀ ਹੈ ਤਾਂ ਦੂਜੇ ਪਿਓ ਦੀ ਤਾਕਤ ਦੂਣ-ਸਵਾਈ ਹੁੰਦੀ ਹੈ। ਰਾਜੀਵ ਜਾਣਦਾ ਹੈ ਕਿ ਉਸ ਨੇ ਪੰਜਾਬੀ ਦਰਸ਼ਕਾਂ ਨੂੰ ਕੀ ਯਾਦ ਕਰਵਾਉਣਾ ਹੈ। ਨੌਰਾ ਰਿਚਰਡ ਦਾ ਅੰਧਰੇਟਾ ਵਿਚਲਾ ਘਰ, ਗਿਆਨੀ ਦਿੱਤ ਸਿੰਘ ਦੀ ਕਿਤਾਬ 'ਮੇਰਾ ਪਿੰਡ', ਭਗਤ ਸਿੰਘ, ਸ਼ਿਵਾਜੀ, ਭੀਮ ਰਾਓ ਅੰਬੇਦਕਰ ਅਤੇ ਪਾਸ਼ ਦੀ ਕਵਿਤਾ ਸਹਿਜ ਹੀ ਕਹਾਣੀ ਦਾ ਹਿੱਸਾ ਬਣ ਜਾਂਦੇ ਹਨ। 


ਰਾਜੀਵ ਦੀ ਫ਼ਿਲਮ 'ਨਾਬਰ' ਦਾ ਜ਼ਿਆਦਾਤਰ ਘਟਨਾਕ੍ਰਮ ਕੁਵੇਲੇ ਵਾਪਰਦਾ ਹੈ। ਉਸ ਦੀ ਫ਼ਿਲਮ ਵਿੱਚ ਧੁੱਪ ਨਹੀਂ ਹੈ। ਕੁਵੇਲੇ ਦੀ ਇਸ ਕਹਾਣੀ ਦਾ ਬਹੁਤ ਅਹਿਮ ਕਾਂਡ ਸਿਖ਼ਰ ਦੁਪਹਿਰੇ ਨਹਿਰ ਦੇ ਪੁੱਲ ਉੱਤੇ ਵਾਪਰਦਾ ਹੈ। ਪੁੱਲ ਹੇਠੋਂ ਮਣਾਮੂੰਹੀ ਪਾਣੀ ਵਗ ਰਿਹਾ ਹੈ ਅਤੇ ਇਨਸਾਫ਼ ਦੀ ਲੜਾਈ ਲੜ ਰਿਹਾ ਪਿਓ ਅਡੋਲ ਖੜੋਤਾ ਹੈ। ਨੇਕੀ-ਬਦੀ ਦੀ ਮੁਲਾਕਾਤ ਇਸੇ ਪੁੱਲ ਉੱਤੇ ਹੁੰਦੀ ਹੈ। ਪਿਓ ਨੂੰ 'ਵਗਦੀ ਗੰਗਾ ਵਿੱਚ ਹੱਥ ਧੋਣ' ਦੀ ਪੇਸ਼ਕਸ਼ ਹੁੰਦੀ ਹੈ। ਅਮੀਰੀ, ਸਿਆਸੀ ਸਰਪ੍ਰਸਤੀ ਅਤੇ ਗੁੰਡਾ-ਤਾਕਤ ਦੀ ਕਾਰ ਵਿੱਚ ਸਵਾਰ ਲਾਣਾ ਪਿਓ ਨੂੰ ਜਰਕਾਉਣ ਲਈ ਸੁਰ ਉੱਚੀ ਕਰਦਾ ਹੈ। ਖੁੱਸੇ ਪੁੱਤ ਦੀ ਕੀਮਤ ਖੇਤਾਂ ਨਾਲ ਨਹੀਂ ਉਤਾਰੀ ਜਾ ਸਕਦੀ ਭਾਵੇਂ ਖੇਤਾਂ ਦਾ ਖੁੱਸਣਾ ਘੱਟ ਸੋਗ਼ਵਾਰ ਨਹੀਂ ਹੈ। ਕਿਰਤੀ ਦਾ ਮੁੜਕਾ ਅਤੇ ਪਿਓ ਦਾ ਸਮਾਜਕ ਸੂਝ ਦੀ ਸਾਣ ਉੱਤੇ ਚੜ੍ਹਿਆ ਮੋਹ ਸਿਦਕਦਿਲੀ ਨਾਲ ਮਜ਼ਬੂਤ ਜੋਟੀ ਪਾਉਂਦਾ ਹੈ। ਇਨ੍ਹਾਂ ਹਾਲਾਤ ਵਿੱਚ ਵਗਦੇ ਪਾਣੀ ਦੇ ਉਪਰਲੇ ਪੁੱਲ ਉੱਤੋਂ ਪਿਓ ਜਰਵਾਣਿਆਂ ਦੀ ਹਾਠ ਨੂੰ ਚੀਰ ਕੇ ਲੰਘ ਜਾਂਦਾ ਹੈ। ਇਹ ਪਿਓ ਅਦਾਲਤ ਵਿਚਲੀ ਜਿੱਤ ਨੂੰ ਲੜਾਈ ਦਾ ਪਹਿਲਾਂ ਪੜਾਅ ਕਰਾਰ ਦਿੰਦਾ ਹੈ ਅਤੇ ਅਗਲੇ ਪੜਾਅ ਦੀ ਨਿਸ਼ਾਨਦੇਹੀ ਕਰਦਾ ਹੈ। 

ਰਾਜੀਵ ਨੇ ਕੁਵੇਲੇ ਦੀ ਕਹਾਣੀ ਦਿਨ-ਦਿਹਾੜੇ ਪਰਦਾਪੇਸ਼ ਕੀਤੀ ਹੈ। ਉਸ ਨੇ ਇਸ਼ਕ ਅਤੇ ਹੁਨਰ ਦੀ ਦਾਅਵੇਦਾਰੀ ਨਾਲ ਪੰਜਾਬੀ ਫ਼ਿਲਮ ਸਨਅਤ ਦੇ ਸਾਰੇ ਮੰਤਰ ਸਵਾਲਾਂ ਦੇ ਘੇਰੇ ਵਿੱਚ ਲਿਆ ਦਿੱਤੇ ਹਨ। ਮੰਡੀ, ਮੁਨਾਫ਼ੇ, ਹਾਸੇ-ਠੱਠੇ ਅਤੇ ਮਨੋਰੰਜਨ ਦੇ ਕਸੁੱਸਰੇ ਵਿੱਚ ਰਾਜੀਵ ਨੇ ਵਿਵੇਕ ਦਾ ਘਣਸ਼ਾਵਾ ਬੂਟਾ ਲਗਾਇਆ ਹੈ। ਇਹ ਕੁਵੇਲੀਂ ਬਾਤ ਨੂੰ ਵੇਲੇ ਸਿਰ ਸੁਣ ਲੈਣ ਦਾ ਸੱਦਾ ਹੈ। ਕਵੀ ਸ਼ਮਸ਼ੇਰ ਬਹਾਦਰ ਸਿੰਘ ਦੀ ਸਤਰ ਹੈ, "ਮਸਲਾ ਯੇਹ ਨਹੀਂ ਕਿ ਵੋ ਕਿਤਨਾ ਆਗੇ ਜਾ ਪਾਏ, ਮਸਲਾ ਯੇਹ ਹੈ ਕਿ ਜੋ ਮੁੱਦਾ ਉਨਹੋ ਨੇ ਉਠਾਇਆ ਵੋਹ ਕਿਤਨਾ ਕਾਵਿਲੇ-ਗੌਰ ਹੈ।"  ਪੰਜਾਬ ਦੇ ਦਰਦਮੰਦ ਫ਼ਿਲਮਸਾਜ਼ ਦੀ ਸਿਦਕਦਿਲੀ ਨਾਲ ਸਮਕਾਲੀ ਦੌਰ ਦੀ ਬਾਤ ਪਈ ਹੈ ਜੋ ਸੰਗਤ ਨਾਲ ਸੰਜੀਦਾ ਸੰਵਾਦ ਸ਼ੁਰੂ ਕਰਦੀ ਹੈ। 

Saturday, 24 August 2013

ਮੁਕਾਮੀ ਤ੍ਰਾਸਦੀਆਂ ਅਤੇ ਲਾਤੀਨੀ ਸਿਨੇਮਾ

ਜਤਿੰਦਰ ਮੌਹਰ


ਸਿਨੇਮਾ ਮਨੁੱਖੀ ਸੰਵੇਦਨਾ ਦੀ ਪਰਦਾਪੇਸ਼ੀ ਦਾ ਮਾਧਿਅਮ ਹੈ ਜੋ ਮਨੁੱਖੀ ਪਿੰਡੇ ਅਤੇ ਰੂਹਾਂ 'ਤੇ ਹੰਢਾਈਆਂ ਤ੍ਰਾਸਦੀਆਂ ਨਾਲ ਸੰਵਾਦ ਰਚਾਉਂਦਾ ਹੈ। ਜ਼ਿੰਮੇਵਾਰੀ ਨਾਲ ਕੀਤੇ ਸੰਵਾਦ 'ਚੋਂ ਲੋਕਾਈ ਦੇ ਰੌਸ਼ਨ ਭਵਿੱਖ ਦੀ ਪੈੜ ਮਿਲ ਸਕਦੀ ਹੈ। ਬੇਸ਼ੱਕ ਚਾਲੂ ਅਤੇ ਗ਼ੈਰ-ਜ਼ਿੰਮੇਵਾਰ ਫ਼ਿਲਮਾਂ ਬਣਾਉਣ ਦਾ ਰੁਝਾਨ ਭਾਰੂ ਹੈ ਪਰ ਸੁਹਿਰਦ ਅਤੇ ਜ਼ਿੰਮੇਵਾਰ ਸਿਨੇਮਾ ਦੀ ਲੰਬੀ ਰਵਾਇਤ ਵੀ ਜਾਰੀ ਹੈ। ਇਹ ਕੰਨੀਆਂ ਤੱਕ ਮਹਿਦੂਦ ਹੋ ਸਕਦੀ ਹੈ ਪਰ ਅਹਿਮੀਅਤ ਪੱਖੋਂ ਘੱਟ ਨਹੀਂ ਹੈ। ਇਨ੍ਹਾਂ ਫ਼ਿਲਮਸਾਜ਼ਾਂ ਨੇ ਵਿੱਤੀ, ਸਮਾਜਕ ਅਤੇ ਸਿਆਸੀ ਪਾਬੰਦੀਆਂ ਦੇ ਖ਼ਿਲਾਫ਼ ਲੰਬੀ ਲੜਾਈ ਲੜੀ ਹੈ ਜੋ ਮੌਜੂਦਾ ਦੌਰ ਵਿੱਚ ਵੀ ਜਾਰੀ ਹੈ। 

ਵੱਖਰੇ-ਵੱਖਰੇ ਮੁਲਕਾਂ ਦੇ ਫ਼ਿਲਮਸਾਜ਼ਾਂ ਨੇ ਮੁਕਾਮੀ ਸੰਵੇਦਨਾਵਾਂ ਅਤੇ ਤ੍ਰਾਸਦੀਆਂ ਨੂੰ ਵਿਸ਼ਾ ਬਣਾਕੇ ਫ਼ਿਲਮਾਂ ਬਣਾਈਆਂ ਹਨ। ਫ਼ਿਲਮਸਾਜ਼ ਜ਼ਿੰਮੇਵਾਰੀ ਅਤੇ ਦਰਦਮੰਦੀ ਦੇ ਅਹਿਸਾਸ 'ਚੋਂ ਆਪਣੇ ਨੇੜੇ ਦੇ ਲੋਕਾਂ ਦੇ ਦੁੱਖਾਂ ਦੀ ਬਾਤ ਪਾਉਂਦਾ ਹੈ। ਮੁਕਾਮੀ ਤ੍ਰਾਸਦੀ ਨੂੰ ਆਲਮੀ ਹਾਲਾਤ ਦੀ ਕੜੀ ਵਜੋਂ ਪੇਸ਼ ਕਰਨਾ ਫ਼ਿਲਮਸਾਜ਼ ਦਾ ਹਾਸਲ ਹੁੰਦਾ ਹੈ। ਗ਼ੈਰ-ਬੋਲੀ ਅਤੇ ਵੱਖਰੇ ਖਿੱਤੇ ਦਾ ਬੰਦਾ ਦੂਰ-ਦੁਰੇਡੇ ਵਾਪਰੇ ਹਾਦਸੇ ਨਾਲ ਸਾਂਝੀ ਤੰਦ ਲੱਭਦਾ ਹੈ। ਇਸ ਹਵਾਲੇ ਨਾਲ ਲਾਤੀਨੀ ਫ਼ਿਲਮਸਾਜ਼ਾਂ ਦਾ ਜ਼ਿਕਰ ਕਰਨਾ ਬਣਦਾ ਹੈ। ਪਿਛਲੀ ਸਦੀ 'ਚ ਲਾਤੀਨੀ ਮੁਲਕਾਂ ਨੇ ਸਾਮਰਾਜੀ ਜੰਗਬਾਜ਼ਾਂ ਵੱਲੋਂ ਥੋਪੀਆਂ 'ਜਮਹੂਰੀ' ਅਤੇ ਫ਼ੌਜੀ ਤਾਨਾਸ਼ਾਹੀਆਂ ਦਾ ਕਹਿਰ ਝੱਲਿਆ ਹੈ ਜੋ ਮਨੁੱਖੀ-ਇਤਿਹਾਸ ਦਾ ਕਾਲਾ ਪੰਨਾ ਹੈ। ਕੁਦਰਤੀ ਸੋਮਿਆਂ ਦੀ ਭਾਰੀ ਲੁੱਟ ਇਨ੍ਹਾਂ ਮੁਲਕਾਂ 'ਚ ਮਚਾਈ ਗਈ। ਲੁੱਟ ਦਾ ਰਾਜ ਜਾਰੀ ਰੱਖਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤੇ ਗਏ। ਸੰਨ੍ਹ 1973 ਵਿੱਚ ਚਿੱਲੀ ਦੀ ਜਮਹੂਰੀ ਸਰਕਾਰ ਦੇ ਮੁਖੀ ਸਲਾਵਡੋਰ ਅਲਾਂਡੇ ਨੂੰ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ। ਜਨਰਲ ਪਿਨੋਚੇ ਦੇ ਫ਼ੌਜੀ-ਨਿਜ਼ਾਮ ਨੇ ਵੱਖਰੀ ਸਿਆਸੀ ਸੋਚ ਰੱਖਣ ਵਾਲੇ ਜੀਆਂ ਨੂੰ ਵਿਉਂਤਬੱਧ ਢੰਗ ਨਾਲ ਕਿਓਟਣਾ ਸ਼ੁਰੂ ਕੀਤਾ। ਮੁਲਕ ਦੇ ਖੇਡ-ਮੈਦਾਨਾਂ ਤੋਂ ਲੈਕੇ ਐਟਾਕਾਮਾ ਦੇ ਮਾਰੂਥਲ ਨੂੰ ਤਸ਼ੱਦਦਖ਼ਾਨਿਆਂ 'ਚ ਤਬਦੀਲ ਕਰ ਦਿੱਤਾ ਗਿਆ। 

ਅਮਰੀਕਾ ਦੀ ਸ਼ਹਿ ਹੇਠ ਫ਼ੌਜੀ ਦਹਿਸ਼ਤਗਰਦੀ ਦਾ ਨੰਗਾ ਨਾਚ ਬ੍ਰਾਜ਼ੀਲ, ਅਰਜਨਟੀਨਾ ਅਤੇ ਜ਼ਿਆਦਾਤਰ ਲਾਤੀਨੀ ਮੁਲਕਾਂ 'ਚ ਨੱਚਿਆ ਗਿਆ। ਬਸਤਾਨਾਂ ਅਤੇ ਫ਼ੌਜੀਆਂ ਨੇ ਤਰੱਕੀ, ਮੁਲਕਪ੍ਰਸਤੀ ਅਤੇ ਕਮਿਉਨਿਜ਼ਮ ਦੇ ਖ਼ਤਰੇ ਤੋਂ ਬਚਾਅ ਵਰਗੇ ਤਿੰਨ ਨਾਅਰਿਆਂ ਹੇਠ ਇਹ ਦਹਿਸ਼ਤ-ਚੱਕਰ ਚਲਾਇਆ। ਲਾਤੀਨੀ ਫ਼ਿਲਮਸਾਜ਼ਾਂ ਨੇ ਉਨ੍ਹਾਂ ਦਹਿਸ਼ਤਜ਼ਦਾ ਸਮਿਆਂ ਬਾਰੇ ਲਗਾਤਾਰ ਫ਼ਿਲਮਾਂ ਬਣਾਈਆਂ ਹਨ ਅਤੇ ਬਣਾ ਰਹੇ ਹਨ। ਇਨ੍ਹਾਂ ਫ਼ਿਲਮਾਂ ਵਿੱਚ ਦਹਿਸ਼ਤ ਦੇ ਲਾਤੀਨੀ ਮਾਨਸਿਕਤਾ ਉੱਤੇ ਪਏ ਫ਼ੌਰੀ ਅਤੇ ਚਿਰਕਾਲੀ ਅਸਰ ਨੂੰ ਉਘੜਵੇ ਰੂਪ 'ਚ ਦੇਖਿਆ ਜਾ ਸਕਦਾ ਹੈ। 'ਦਿ ਸੀਕਰੇਟ ਇਨ ਦੇਅਰ ਆਈਜ਼', 'ਨਾਈਟ ਔਫ਼ ਦਿ ਪੈਨਸਿਲਜ਼', 'ਨੋ', 'ਦਿ ਉਫ਼ੀਸ਼ੀਅਲ ਸਟੋਰੀ', 'ਜ਼ੂਜ਼ੂ ਏਂਜਲ', 'ਪੋਸਟ ਮਾਰਟਮ', 'ਕਰੌਨੀਕਲ ਔਫ਼ ਐਨ ਐਸਕੇਪ', 'ਫੀਸਟ ਔਫ਼ ਦਿ ਗੋਟ', 'ਇਨ ਦਿ ਟਾਈਮ ਔਫ਼ ਬਟਰਫਲਾਈਜ਼', 'ਪ੍ਰਾਈਵੇਟ ਲਾਈਵਜ਼', 'ਬੈਟਲ ਔਫ਼ ਚਿਲੀ', 'ਮਚੂਕਾ', 'ਸੇਮ ਲਵ ਸੇਮ ਰੇਨ' ਅਤੇ 'ਹੈਡ ਲੈਸ ਵਿਮੈਨ' ਇਸ ਰੁਝਾਨ ਦੀਆਂ ਗੌਲਣਯੋਗ ਫ਼ਿਲਮਾਂ ਹਨ। ਇਹ ਫ਼ਿਲਮਾਂ ਚਰਚ ਤੋਂ ਲੈਕੇ ਤ੍ਰਾਸਦੀ ਲਈ ਕਸੂਰਵਾਰ ਹਰ ਸਮਾਜਕ ਅਤੇ ਸਿਆਸੀ ਅਦਾਰੇ 'ਤੇ ਸਵਾਲ ਉਠਾਉਂਦੀਆਂ ਹਨ। 

ਅਰਜਨਟੀਨਾ 'ਚ 'ਗੰਦੀ ਜੰਗ' (1976-86) ਦੇ ਦਿਨਾਂ ਦੌਰਾਨ ਫ਼ੌਜੀ ਤਾਨਾਸ਼ਾਹੀ ਨੇ ਮੁਲਕ ਦੇ ਹਜ਼ਾਰਾਂ ਖੱਬੇ-ਪੱਖੀ ਕਾਰਕੁਨ, ਕਿਸਾਨ, ਮਜ਼ਦੂਰ, ਵਿਦਿਆਰਥੀ ਅਤੇ ਬੁੱਧੀਜੀਵੀ ਕਸਾਈਖ਼ਾਨਿਆਂ 'ਚ ਮਾਰ-ਖਪਾ ਦਿੱਤੇ। ਪਿਛਲੇ ਦਿਨੀਂ 'ਗੰਦੀ ਜੰਗ' ਦੇ ਫ਼ੌਜੀ ਤਾਨਾਸ਼ਾਹ ਜਾਰਜ ਰਾਫੇਲ ਵਿਡੈਲਾ ਨੂੰ 'ਸੋਚੀ ਸਮਝੀ ਸਾਜ਼ਿਸ਼' ਤਹਿਤ ਕੈਦੀ ਕੁੜੀਆਂ ਦੇ ਬੱਚੇ ਚੋਰੀ ਕਰਨ ਦੇ ਜੁਰਮ 'ਚ ਪੰਜਾਹ ਸਾਲ ਦੀ ਸਜ਼ਾ ਸੁਣਾਈ ਗਈ। ਵਿਡੈਲਾ ਆਪਣੇ ਰਾਜ ਵੇਲੇ ਕਹਿੰਦਾ ਹੁੰਦਾ ਸੀ ਕਿ ਰਾਜ ਦੀ ਰੱਖਿਆ ਲਈ ਹਰ ਨਾਬਰ ਬੰਦੇ ਨੂੰ ਮਾਰਾਂਗੇ। ਉਸ ਉੱਤੇ ਪੰਜ ਸੌ ਤੋਂ ਵੱਧ ਬੱਚੇ ਚੋਰੀ ਕਰਨ ਦਾ ਇਲਜ਼ਾਮ ਹੈ। ਜੇਲ੍ਹ ਵਿੱਚ ਬੰਦ ਗਰਭਵਤੀ ਕੁੜੀਆਂ ਦੇ ਬੱਚੇ ਚੋਰੀ ਕਰਕੇ ਅਮੀਰਾਂ ਅਤੇ ਅਸਰ-ਰਸੂਖ਼ ਵਾਲੇ ਬੇਔਲਾਦ ਲੋਕਾਂ ਨੂੰ ਵੇਚ ਦਿੱਤੇ ਜਾਂਦੇ ਸਨ।  ਬਹੁਤੀਆਂ ਕੁੜੀਆਂ ਸਿਆਸੀ ਕੈਦੀ ਸਨ। ਬੱਚੇ ਦੇ ਜਨਮ ਤੋਂ ਬਾਅਦ ਕੈਦੀ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਸੀ। ਇਨ੍ਹਾਂ ਬੱਚਿਆਂ ਨੂੰ ਆਪਣੇ ਅਸਲੀ ਮਾਪਿਆਂ ਦਾ ਪਤਾ ਤੱਕ ਨਹੀਂ ਹੈ। ਕਈ ਕੇਸਾਂ 'ਚ ਕਾਤਲਾਂ ਨੇ ਹੀ ਮਕਤੂਲ ਦੇ ਬੱਚੇ ਨੂੰ ਆਪਣਾ ਜੁਆਕ ਬਣਾ ਲਿਆ। ਇਹ ਬੱਚੇ ਮਾਂ-ਪਿਉ ਦੇ ਕਾਤਲਾਂ ਨੂੰ ਹੀ ਮਾਪੇ ਮੰਨੀ ਬੈਠੇ ਹਨ। ਦਾਦੇ-ਦਾਦੀਆਂ ਅੱਜ ਵੀ ਮਾਰ-ਖਪਾਏ ਪੁੱਤਾਂ-ਧੀਆਂ-ਨੂੰਹਾਂ ਅਤੇ ਚੋਰੀ ਕੀਤੇ ਪੋਤੇ-ਪੋਤੀਆਂ ਅਤੇ ਦੋਹਤੇ-ਦੋਹਤੀਆਂ ਨੂੰ ਲੱਭ ਰਹੇ ਹਨ। ਅਰਜਨਟੀਨੀ ਫ਼ਿਲਮ 'ਦਿ ਉਫ਼ੀਸ਼ੀਅਲ ਸਟੋਰੀ' ਅਜਿਹੇ ਹੀ ਪਾਤਰਾਂ ਨੂੰ ਪਰਦਾਪੇਸ਼ ਕਰਦੀ ਹੈ। 

ਕਈ ਫ਼ਿਲਮਾਂ ਉਨ੍ਹਾਂ ਕਾਲੇ ਸਮਿਆਂ 'ਚ ਚਰਚ ਦੀ ਸ਼ੱਕੀ ਅਤੇ ਨਾਂਹ-ਪੱਖੀ ਭੂਮਿਕਾ ਨੂੰ ਉਜਾਗਰ ਕਰਦੀਆਂ ਹਨ। ਇਸ ਤੋਂ ਵੀ ਅੱਗੇ ਚਰਚ ਨੇ ਕਾਤਲਾਂ ਨਾਲ ਮਿਲ ਕੇ ਕੰਮ ਕੀਤਾ। 'ਗੰਦੀ ਜੰਗ' ਦੌਰਾਨ ਬੱਸ ਪਾਸ ਲਈ ਸੰਘਰਸ਼ ਕਰਨ ਵਾਲੇ ਹਾਈ ਸਕੂਲ ਦੇ ਮੁੰਡੇ ਕੁੜੀਆਂ ਨੂੰ ਵੀ ਮਾਰ-ਖਪਾ ਦਿੱਤਾ ਗਿਆ। ਤਸ਼ੱਦਦ ਅਤੇ ਕਤਲ ਲਈ ਕਸਾਈਖ਼ਾਨਿਆਂ 'ਚ ਲਿਆਂਦੇ ਇਨ੍ਹਾਂ ਬੱਚਿਆਂ ਲਈ 'ਨਾਈਟ ਔਫ਼ ਦਿ ਪੈਨਸਿਲਜ਼' ਸ਼ਬਦ ਵਰਤਿਆ ਜਾਂਦਾ ਸੀ। ਚਰਚ ਅਤੇ ਹਾਕਮਾਂ ਦੀ ਨਜ਼ਰ ਵਿੱਚ ਇਹ ਮੁੰਡੇ-ਕੁੜੀਆਂ 'ਵਿਗੜੇ ਹੋਏ ਸਮਾਜਵਾਦੀ' ਸਨ ਜਿਨ੍ਹਾਂ ਨੂੰ ਸਿੱਧੇ ਰਾਹ ਪਾਉਣ ਦਾ ਇਹੀ ਤਰੀਕਾ ਸੀ। ਕੁਝ ਸਮਾਂ ਪਹਿਲਾਂ ਨਵੇਂ ਬਣੇ ਪੋਪ ਉੱਤੇ ਤਾਨਾਸ਼ਾਹ ਵਿਡੈਲਾ ਨਾਲ 'ਕੀਮਤੀ ਸੰਬੰਧ' ਰੱਖਣ ਦੇ ਦੋਸ਼ ਲੱਗੇ ਹਨ। ਚਰਚ ਅਤੇ ਨਵੇਂ ਬਣੇ ਪੋਪ ਦੀ ਸਾਜ਼ਿਸ਼ੀ ਭੂਮਿਕਾ ਦੀ ਕੁਝ ਨਿਰਪੱਖ ਰਹੇ ਪਾਦਰੀਆਂ ਨੇ ਪੁਸ਼ਟੀ ਕੀਤੀ ਹੈ। ਜਿਨ੍ਹਾਂ ਨੇ ਫ਼ੌਜੀ-ਨਿਜ਼ਾਮ ਦੇ ਬੇਕਿਰਕ ਜ਼ੁਲਮ ਦਾ ਮਨੁੱਖੀ ਪੈਂਤੜੇ ਤੋਂ ਵਿਰੋਧ ਕੀਤਾ ਸੀ। ਫ਼ਿਲਮ 'ਨਾਈਟ ਔਫ਼ ਦਿ ਪੈਨਸਿਲਜ਼' ਅਤੇ 'ਜ਼ੂਜ਼ੂ ਏਂਜਲ' ਵਿੱਚ ਅਜਿਹੇ ਵੇਰਵੇ ਮਿਲਦੇ ਹਨ। ਇਹ ਫ਼ਿਲਮਾਂ ਸੱਚੀਆਂ ਕਹਾਣੀਆਂ 'ਤੇ ਬਣੀਆਂ ਹਨ। ਇਹ ਸਵਾਲ ਤਾਂ ਪੁੱਛ ਹੀ ਲੈਣਾ ਚਾਹੀਦਾ ਹੈ ਕਿ ਵਿਡੈਲਾ ਨੂੰ ਸਜ਼ਾ ਮਿਲਣ ਤੋਂ ਬਾਅਦ ਹੁਣ ਮੌਜੂਦਾ ਪੋਪ ਦੀ ਜਵਾਬਦੇਹੀ ਕੌਣ ਕਰੇਗਾ?

ਉਂਝ ਲਾਤੀਨੀ ਸਿਨੇਮਾ 'ਚ ਫ਼ੌਜੀ ਤਾਨਾਸ਼ਾਹੀਆਂ ਦੇ ਪਿੱਛੇ ਕੰਮ ਕਰਦੇ ਅਸਲੀ ਵਿਚਾਰ ਅਤੇ ਤਾਕਤ ਬਾਰੇ ਘੱਟ ਗੱਲ ਹੁੰਦੀ ਹੈ। ਮਿਲਟਨ ਫਰਾਇਡਮੈਨ ਅਤੇ ਸ਼ਿਕਾਗੋ ਸਕੂਲ ਦੇ ਅਰਥ ਸਾਸ਼ਤਰੀਆਂ ਨੇ ਖੁੱਲ੍ਹੀ ਮੰਡੀ ਅਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਦੀ ਪ੍ਰਯੋਗਸ਼ਾਲਾ ਵਜੋਂ ਚਿੱਲੀ, ਬ੍ਰਾਜ਼ੀਲ, ਅਰਜਨਟੀਨਾ, ਬੋਲੀਵੀਆ ਅਤੇ ਉਰੂਗਏ ਨੂੰ ਚੁਣਿਆ। ਮਿਲਟਨ ਫਰਾਇਡਮੈਨ ਸ਼ਿਕਾਗੋ ਯੂਨੀਵਰਸਿਟੀ 'ਚ ਅਰਥਸਾਸ਼ਤਰ ਦਾ ਅਧਿਆਪਕ ਸੀ ਜੋ ਖੁੱਲ੍ਹੀ ਮੰਡੀ ਦਾ ਹਮਾਇਤੀ ਸੀ ਜਿਸ ਵਿੱਚ ਸਰਕਾਰ ਦਾ ਦਖ਼ਲ ਘੱਟ ਤੋਂ ਘੱਟ ਅਤੇ ਅਰਥਚਾਰਾ ਨਿੱਜੀ ਹੱਥਾਂ ਵਿੱਚ ਹੋਣਾ ਚਾਹੀਦਾ ਹੈ। ਉਸਦੇ ਪੜ੍ਹਾਏ ਵਿਦਿਆਰਥੀਆਂ ਨੂੰ 'ਸ਼ਿਕਾਗੋ ਮੁੰਡੇ' ਕਿਹਾ ਜਾਂਦਾ ਹੈ ਜੋ ਤਾਨਾਸ਼ਾਹ ਜਰਨੈਲਾਂ ਦੇ ਸਲਾਹਕਾਰ ਬਣੇ ਅਤੇ ਨਿਜ਼ਾਮ 'ਚ ਉੱਚੀਆਂ ਪਦਵੀਆਂ 'ਤੇ ਰਹੇ। ਇਨ੍ਹਾਂ ਸ਼ਿਕਾਗੋਵਾਦੀ ਨੀਤੀਆਂ ਨਾਲ ਗ਼ਰੀਬ ਨੇ ਹੋਰ ਗ਼ਰੀਬ ਹੋਣਾ ਹੈ ਅਤੇ ਬਹੁਤਾ ਸਰਮਾਇਆ ਮੁੱਠੀ ਭਰ ਅਮੀਰਾਂ ਦੀ ਜੇਬ 'ਚ ਜਾਣਾ ਹੈ। ਇਸ ਜੁਰਮ ਨੂੰ ਨੇਪਰੇ ਚਾੜ੍ਹਨ ਲਈ ਫ਼ੌਜੀ ਜਬਰ ਜ਼ਰੂਰੀ ਸੀ। 'ਐਮਨੈਸਟੀ ਇੰਟਰਨੈਸ਼ਨਲ' ਅਤੇ ਹੋਰ ਮਨੁੱਖੀ ਹਕੂਕ ਜਥੇਬੰਦੀਆਂ ਨੇ ਸਿਰਫ਼ ਤਾਨਾਸ਼ਾਹੀ ਦੇ ਜ਼ੁਲਮਾਂ ਦੀ ਗੱਲ ਕੀਤੀ ਪਰ ਸ਼ਿਕਾਗੋਵਾਦੀਆਂ ਦੀ ਭੂਮਿਕਾ ਬਾਰੇ ਅੱਖਾਂ ਮੁੰਦ ਲਈਆਂ। ਦੋਹਾਂ ਜੁਰਮਾਂ ਨੂੰ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ। ਲੇਖਕ ਨਾਉਮੀ ਕਲੇਨ ਦੀ ਕਿਤਾਬ 'ਸਦਮਾ ਸਿਧਾਂਤ-ਤਬਾਹੀਪਸੰਦ ਸਰਮਾਏਦਾਰੀ ਦਾ ਉਭਾਰ' ਵਿੱਚ ਇਸਦੀ ਤਫ਼ਸੀਲ ਮਿਲਦੀ ਹੈ। ਉਂਝ ਅਰਜਨਟੀਨਾ 'ਚ 'ਮਾਵਾਂ ਦੀ ਲਹਿਰ' ਇਨ੍ਹਾਂ ਦੋਹਾਂ ਜੁਰਮਾਂ ਦੇ ਖ਼ਿਲਾਫ਼ ਸਭ ਤੋਂ ਤਿੱਖੀ ਲਹਿਰ ਰਹੀ ਹੈ ਅਤੇ ਹੁਣ ਵੀ ਹੈ। ਇਸ ਲਹਿਰ 'ਚ ਲਾਪਤਾ ਜੀਆਂ ਦੀਆਂ ਮਾਵਾਂ-ਦਾਦੀਆਂ ਅਤੇ ਨਾਨੀਆਂ ਸ਼ਾਮਲ ਸਨ।  

ਖੁੱਲ੍ਹੀ ਮੰਡੀ ਅਤੇ ਨਿੱਜੀਕਰਨ ਦੀਆਂ ਨੀਤੀਆਂ ਦਾ ਕਹਿਰ ਸਾਡੇ ਮੁਲਕ 'ਚ ਉਘੜਵੇਂ ਰੂਪ 'ਚ ਦਿਸਣਾ ਸ਼ੁਰੂ ਹੋ ਚੁੱਕਿਆ ਹੈ। ਇਨ੍ਹਾਂ ਨੀਤੀਆਂ ਦੇ ਦਬਾਅ ਹੇਠ ਸਰਕਾਰ ਆਵਾਮ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਬੁਨਿਆਦੀ ਸਹੂਲਤਾਂ ਤੋਂ ਹੱਥ ਪਿੱਛੇ ਖਿੱਚ ਰਹੀ ਹੈ। ਲੋਕਾਂ ਦੇ ਵਿਰੋਧ ਨੂੰ ਠੱਲਣ ਲਈ ਫ਼ੌਜ ਅਤੇ ਪੁਲਿਸ ਨੂੰ ਕਾਲੇ ਕਨੂੰਨਾਂ ਦੀ ਸੁਰੱਖਿਆ ਦਿੱਤੀ ਜਾ ਰਹੀ ਹੈ। ਮੁਲਕ ਤਾਨਾਸ਼ਾਹੀ ਵੱਲ ਧੱਕਿਆ ਜਾ ਰਿਹਾ ਹੈ। ਅਲਬਾਨੀਆਈ ਲੇਖਕ ਇਸਮਾਈਲ ਕਦਾਰੇ ਕਹਿੰਦਾ ਹੈ ਕਿ ਕਲਾ ਮੂਲ ਰੂਪ 'ਚ ਤਾਨਾਸ਼ਾਹੀ ਦੀ ਦੁਸ਼ਮਣ ਹੈ। ਫ਼ਿਲਮ ਕਲਾ ਇਸ ਘੇਰੇ ਤੋਂ ਬਾਹਰ ਨਹੀਂ ਹੋ ਸਕਦੀ। ਸਾਡੇ ਪੰਜਾਬੀ ਫ਼ਿਲਮਸਾਜ਼ਾਂ ਦੇ ਸਾਹਮਣੇ ਇਹ ਸਵਾਲ ਉੱਭਰ ਕੇ ਆਉਂਦਾ ਹੈ ਕਿ ਅਸੀਂ ਫ਼ਿਲਮ-ਕਿਰਤਾਂ ਰਾਹੀਂ ਮੁਕਾਮੀ ਤ੍ਰਾਸਦੀਆਂ ਨਾਲ ਕਿਸ ਕਿਸਮ ਦਾ ਸੰਵਾਦ ਰਚਾਇਆ ਹੈ ਅਤੇ ਕਿਸ ਤਰ੍ਹਾਂ ਦਾ ਰਚਾਉਣਾ ਹੈ? ਇਹ ਤ੍ਰਾਸਦੀਆਂ ਸਾਡੇ ਸਿਨੇਮੇ ਤੋਂ ਬਾਹਰ ਕਿਉਂ ਹਨ? ਇਹ ਜ਼ਰੂਰ ਕਹਿਣਾ ਬਣਦਾ ਹੈ ਕਿ ਇਨ੍ਹਾਂ ਤ੍ਰਾਸਦੀਆਂ ਦੀ ਗੱਲ ਕਰਦੇ ਹੋਏ ਸਾਨੂੰ ਜ਼ਿੰਮੇਵਾਰੀ ਅਤੇ ਪੜਚੋਲਮੁਖੀ ਪਹੁੰਚ ਰੱਖਣੀ ਪਵੇਗੀ। ਹਰ ਗੱਲ ਸ਼ਰਧਾ ਜਾਂ ਭਾਵੁਕਤਾ ਨਾਲ ਨਹੀਂ ਨਬੇੜੀ ਜਾ ਸਕਦੀ। 

Thursday, 22 December 2011

ਨਾਬਰੀ ਦੀ ਮਮਤਾਮਈ ਸੁਰ 'ਹਜ਼ਾਰ ਚੌਰਾਸੀ ਕੀ ਮਾਂ'


ਜਤਿੰਦਰ ਮੌਹਰ

ਵੀਹਵੀਂ ਸਦੀ ਦਾ ਛੇਵਾਂ ਤੇ ਸੱਤਵਾਂ ਦਹਾਕਾ ਇਨਕਲਾਬੀ ਜੋਸ਼ ਨਾਲ ਭਰਿਆ ਸਮਾਂ ਸੀ। ਆਲਮੀ ਇਨਕਲਾਬੀ ਲਹਿਰਾਂ ਉਬਾਲ 'ਤੇ ਸਨ। ਇਨਕਲਾਬ ਬਰੂਹਾਂ 'ਤੇ ਜਾਪਦਾ ਸੀ। ਲਾਤੀਨੀ ਅਮਰੀਕਾ ਤੋਂ ਲੈ ਕੇ ਏਸ਼ੀਆ ਤੱਕ ਇਨਕਲਾਬ ਦਾ ਨਾਹਰਾ ਗੂੰਜ ਰਿਹਾ ਸੀ। ਮਾਉ, ਫਿਦਲ ਅਤੇ ਚੀ ਗੁਵੇਰਾ ਇਸ ਦੀ ਪਛਾਣ ਬਣ ਚੁੱਕੇ ਸਨ। ਅਮਰੀਕਾ ਅਤੇ ਯੂਰਪ 'ਚ ਜੰਗ ਅਤੇ ਸਾਮਰਾਜ ਦੇ ਖ਼ਿਲਾਫ਼ ਲੱੱਖਾਂ ਦੇ ਇਕੱਠ ਹੋ ਰਹੇ ਸਨ। ਫ਼ਿਲਸਤੀਨੀ ਮੁੰਡੇ ਜਰਮਨ ਦੇ ਸ਼ਹਿਰੀ ਛਾਪਾਮਾਰਾਂ ਨੂੰ ਛੁਡਵਾਉਣ ਆਉਂਦੇ ਅਤੇ ਮਨੁੱਖੀ ਏਕੇ ਦਾ ਸਬੂਤ ਦਿੰਦੇ ਸਨ। ਮਨੁੱਖਤਾ ਦੀ ਬਰਾਬਰੀ ਦਾ ਸੁਪਨਾ ਲੈ ਕੇ ਅਣਗਿਣਤ ਨਾਬਰ ਮੁੰਡੇ-ਕੁੜੀਆਂ ਜੰਗਲ ਦਾ ਰਾਹ ਫੜ ਰਹੇ ਸਨ।

ਸਾਡੇ ਮੁਲਕ 'ਚ ਕੌਮੀ ਮੁਕਤੀ ਲਹਿਰ ਦਾ ਹੁਸੀਨ ਸੁਪਨਾ ਚਕਨਾਚੂਰ ਹੋ ਚੁੱਕਿਆ ਸੀ। ਕਾਲੇ ਅੰਗਰੇਜ਼ਾਂ ਨੇ ਆਪਣਾ ਰੰਗ ਚਿਰੋਕਣਾ ਦਿਖਾ ਦਿੱਤਾ ਸੀ। ਸੰਨ 1967 ਦੀ 'ਬਸੰਤ ਗੜ੍ਹਕ' ਨੇ ਟੁੱਟੇ ਸੁਪਨਿਆਂ ਨੂੰ ਨਵਾਂ ਰਾਹ ਦਿਖਾ ਦਿੱਤਾ। ਦਰਦਮੰਦੀ ਨਾਲ ਲਬਰੇਜ਼ ਮੁੰਡੇ-ਕੁੜੀਆਂ ਆਵਾਮ ਦੇ ਗਲ ਪਾਈ ਰੱਸੀ ਦਾ ਸਿਰਾ ਲੱਭਣ ਤੁਰ ਪਏ। ਉਹ ਸਾਰੀਆਂ ਪੁਰਾਣੀਆਂ ਧਾਰਨਾਵਾਂ ਉਲਟ ਦੇਣੀਆਂ ਚਾਹੁੰਦੇ ਸਨ ਜੋ ਮਨੁੱਖ ਨੂੰ ਇੱਕ ਹੋਣ ਤੋਂ ਰੋਕਦੀਆਂ ਸਨ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਲਈ ਕਸੂਰਵਾਰ ਸਨ। ਉਹ ਗ਼ਰੀਬੀ, ਜਾਤ-ਪਾਤ, ਪ੍ਰਬੰਧਕੀ-ਸਿਆਸੀ ਹਿੰਸਾ, ਸਫ਼ੇਦਪੋਸ਼ ਕਦਰਾਂ-ਕੀਮਤਾਂ ਅਤੇ ਰੂੜੀਵਾਦੀ ਸਮਾਜ ਨੂੰ ਮਿੱਟੀ 'ਚ ਮਿਲਾ ਦੇਣਾ ਚਾਹੁੰਦੇ ਸਨ। ਉਹ ਤਾਂ ਨਵਾਂ ਆਲਮ ਸਿਰਜਣ ਤੁਰੇ ਸਨ ਜਿੱਥੇ ਮਨੁੱਖ ਨੂੰ ਮਨੁੱਖ ਦੇ ਰੂਪ 'ਚ ਦੇਖਿਆ ਜਾਣਾ ਸੀ। ਉਨ੍ਹਾਂ ਨੂੰ ਬਿਖ਼ੜ੍ਹੇ ਪੈਂਡੇ ਅਤੇ ਆਪਣੀ ਹੋਣੀ ਦਾ ਅਹਿਸਾਸ ਸੀ। ਬਹੁਤ ਕੁਝ ਸੋਚੇ ਮੁਤਾਬਕ ਨਾ ਹੋ ਸਕਿਆ ਪਰ ਨਾਬਰਾਂ ਨੇ ਜ਼ਿੰਦਗੀ ਦੇ ਗੀਤ ਆਪਣੇ ਲਹੂ ਨਾਲ ਸਿੰਜ ਦਿੱਤੇ ਜਿਨ੍ਹਾਂ ਬਾਰੇ ਪਾਸ਼ ਨੇ ਕਿਹਾ ਹੈ ਕਿ ਉਹ ਆਉਂਦੇ ਰਹੇ ਤੇ ਡੋਲਦੇ ਰਹੇ ਮਿੱਟੀ 'ਚ ਲਹੂ ਦੇ ਤੁਬਕੇ। ਇਨ੍ਹਾਂ ਤੁਬਕਿਆਂ ਨਾਲ ਹੀ ਦਰਿਆਵਾਂ ਨੇ ਦਿਸ਼ਾ ਫੜਨੀ ਸੀ।

ਫ਼ਿਲਮ ਹਜ਼ਾਰ ਚੌਰਾਸੀ ਕੀ ਮਾਂ ਅਜਿਹੇ ਹੀ ਨਾਬਰ ਮੁੰਡੇ ਕੁੜੀਆਂ ਦੇ ਸੁਪਨਿਆਂ ਅਤੇ ਹੋਣੀ ਦੀ ਕਹਾਣੀ ਹੈ।ਇਹ ਫ਼ਿਲਮ ਮਹਾਂਸ਼ਵੇਤਾ ਦੇਵੀ ਦੇ ਇਸੇ ਨਾਮ ਵਾਲੇ ਨਾਵਲ 'ਤੇ ਆਧਾਰਤ ਹੈ। ਫ਼ਿਲਮ ਦਾ ਮੁੱਢ ਹਿਲਾ ਦੇਣ ਵਾਲੀਆਂ ਤਸਵੀਰਾਂ ਨਾਲ ਬੱਝਦਾ ਹੈ। ਤਸਵੀਰਾਂ ਲਹਿਰ ਦੇ ਫ਼ਲਸਫ਼ੇ ਅਤੇ ਪੁਲਿਸ ਤਸ਼ੱਦਦ ਨੂੰ ਬਿਆਨ ਕਰਦੀਆਂ ਹਨ। ਇੱਕ ਤਸਵੀਰ 'ਚ ਔਰਤ ਉੱਤੇ ਪੁਲਸੀਏ ਬੰਦੂਕਾਂ ਤਾਣੀ ਖੜ੍ਹੇ ਹਨ। ਔਰਤ ਦਾ ਮੁਹਾਂਦਰਾ ਅਤੇ ਅਦਾ ਸਿੰਧੂ ਘਾਟੀ ਸੱਭਿਅਤਾ ਦੀ ਮਸ਼ਹੂਰ ਮੂਰਤੀ 'ਨਾਚੀ' ਨਾਲ ਮਿਲਦੀ-ਜੁਲਦੀ ਹੈ। ਉਨ੍ਹਾਂ ਸਮਿਆਂ 'ਚ ਔਰਤ ਨੂੰ ਕਾਦਰ ਦੇ ਰੂਪ 'ਚ ਦੇਖਿਆ ਜਾਂਦਾ ਸੀ ਅਤੇ ਔਰਤ-ਪ੍ਰਧਾਨ ਸਮਾਜ ਹੋਣ ਦਾ ਜ਼ਿਕਰ ਮਿਲਦਾ ਹੈ। ਤਸਵੀਰ ਵਾਲੀ ਔਰਤ ਦੇ ਸਿਰ ਕੋਲ ਲਾਲ ਰੰਗ ਦੇ ਹਵਾ 'ਚ ਵੱਟੇ ਮੁੱਕੇ ਦਿਖਾਈ ਦਿੰਦੇ ਹਨ। ਤਸਵੀਰ ਨੂੰ ਦੇਖ ਕੇ ਹਿੰਦੀ ਕਵੀ ਗੋਰਖ ਪਾਂਡੇ ਦੀ ਕਵਿਤਾ ਚੇਤੇ ਆਉਂਦੀ ਹੈ,
ਸਦੀਆਂ ਪੁਰਾਣਾ ਹੈ ਉਨ੍ਹਾਂ ਦਾ ਗੁੱਸਾ
ਸਦੀਆਂ ਪੁਰਾਣੀ ਹੈ ਉਨ੍ਹਾਂ ਦੀ ਨਫ਼ਰਤ
ਮੈਂ ਤਾਂ ਉਨ੍ਹਾਂ ਦੇ ਸ਼ਬਦਾਂ ਨੂੰ ਲੈਅ ਅਤੇ ਤਾਲ ਵਿੱਚ ਸੁਣਾ ਰਿਹਾ ਹਾਂ
ਤੁਹਾਨੂੰ ਲਗਦਾ ਹੈ ਕਿ ਅੱਗ ਭੜਕਾ ਰਿਹਾ ਹਾਂ।

ਇਨ੍ਹਾਂ ਬੰਦੂਕਾਂ ਨੇ ਕਾਦਰ ਦੇ ਔਰਤ ਰੂਪ ਨੂੰ ਪੈਰ ਦੀ ਜੁੱਤੀ ਬਣਾਇਆ। ਸਿਆਸਤ ਨੂੰ ਮਾਂ ਵਰਗੀ ਨਾ ਰਹਿਣ ਦਿੱਤਾ। ਮਹਾਂਬਲੀ ਮਨੁੱਖ ਦੇ ਸਿਰ 'ਚੋਂ ਨਾਬਰੀ ਦਾ ਕਣ ਕੱਢਣ ਲਈ ਬੰਦੂਕਾਂ ਤੋਂ ਲੈ ਕੇ ਗ੍ਰੰਥਾਂ ਤੱਕ ਨੂੰ ਪਲੀਤ ਕੀਤਾ। ਤਸਵੀਰ ਵਿਚਲੀ ਔਰਤ ਕਦੇ ਨਾਬਰ ਕੁੜੀ ਨੰਦਨੀ (ਨੰਦਿਤਾ ਦਾਸ), ਕਦੇ ਸੁਜਾਤਾ ਚੈਟਰਜੀ (ਜਯਾ ਬੱਚਨ) ਅਤੇ ਕਦੇ ਪੁਲਿਸ ਅਤੇ ਗੁੰਡਿਆਂ ਹੱਥੋਂ ਮਾਰੇ ਗਏ ਸੋਮੂ ਮੰਡਲ ਦੀ ਮਾਂ ਅਤੇ ਭੈਣ ਦੇ ਰੂਪ 'ਚ ਦਿਸਣ ਲੱਗਦੀ ਹੈ। ਕਦੇ ਉਹ ਜ਼ੂਜ਼ੂ ਏਂਜਲ ਲਗਦੀ ਹੈ ਜੋ ਬਾ੍ਰਜ਼ੀਲ 'ਚ ਫ਼ੌਜੀ ਤਾਨਾਸ਼ਾਹੀ ਹੱਥੋਂ ਮਾਰੇ ਗਏ ਆਪਣੇ ਮੁੰਡੇ ਸਟੂਅਰਟ ਏਂਜਲ ਨੂੰ ਖੋਜਦੀ ਹੋਈ ਹਕੂਮਤੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਸੁਜਾਤਾ ਦਾ ਮੁੰਡਾ ਬ੍ਰਤੀ ਚੈਟਰਜੀ ਲਾਲ ਰੰਗ ਦੇ ਮੁੱਕਿਆਂ 'ਚੋਂ ਦਿਸਦਾ ਹੈ ਜਿਸ ਨੂੰ ਸੋਮੂ ਮੰਡਲ ਅਤੇ ਦੋ ਹੋਰ ਸਾਥੀਆਂ ਸਣੇ ਮਾਰ ਦਿੱਤਾ ਗਿਆ ਸੀ। ਉਹ ਸਟੂਅਰਟ ਏਂਜਲ ਦੀ ਕਤਾਰ 'ਚ ਖੜਾ ਨਜ਼ਰ ਆਉਂਦਾ ਹੈ। ਫ਼ਿਲਮ ਉਨ੍ਹਾਂ ਮਾਵਾਂ ਦੀ ਲੰਬੀ ਲੜੀ ਦੀਆਂ ਕੜੀਆਂ ਨੂੰ ਉਘਾੜ ਕੇ ਪੇਸ਼ ਕਰਦੀ ਹੈ ਜਿਨ੍ਹਾਂ ਦੇ ਗੱਭਰੂ ਪੁੱਤ ਅਤੇ ਧੀਆਂ ਮਨੁੱਖ ਦੀ ਕੁਜਾਤ ਨੇ ਨਿਗਲ ਲਏ। ਕਸ਼ਮੀਰ 'ਚ ਮਾਰ-ਖਪਾਏ ਗਏ ਗੱਭਰੂਆਂ ਦੀਆਂ ਮਾਵਾਂ ਨੇ ਜੱਥੇਬੰਦੀ ਬਣਾਈ ਹੈ ਜੋ ਪੁੱਤਾਂ ਦੀ ਖ਼ੋਜ ਖ਼ਬਰ ਲੱਭਣ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ। ਕਠਮਾਂਡੂ ਤੋਂ ਛਪਦੇ ਰਸਾਲੇ 'ਹਮਾਲ' ਵਿੱਚ ਸ਼੍ਰੀਨਗਰ ਦੇ ਪੱਤਰਕਾਰ ਅਰਸ਼ਦ ਪੀਰਜ਼ਾਦਾ ਨੇ ਕਸ਼ਮੀਰ 'ਚ ਅਣਪਛਾਤੀਆਂ ਲਾਸ਼ਾਂ ਨੂੰ ਦਫਨਾਉਣ ਲਈ ਵਰਤੇ ਗਏ ਕਬਰਸਤਾਨਾਂ ਦੀ ਲੰਬੀ ਤਫ਼ਸੀਲ ਪੇਸ਼ ਕੀਤੀ ਹੈ। 'ਗੰਦੀ ਜੰਗ' (ਸੰਨ 1976-83) ਦੇ ਕਾਲੇ ਦੌਰ 'ਚ ਹਜ਼ਾਰਾਂ ਅਰਜਨਟੀਨੀ ਮੁੰਡੇ-ਕੁੜੀਆਂ ਮਾਰ-ਖਪਾ ਦਿੱਤੇ ਗਏ। ਕੁਝ ਮਹੀਨੇ ਪਹਿਲਾਂ 'ਗੰਦੀ ਜੰਗ' ਦੇ ਬਦਨਾਮ ਬੁੱਚੜ ਅਲਫਰੈਡੋ ਅਸਤਿਜ਼ (ਉਰਫ 'ਮੌਤ ਦਾ ਫ਼ਰਿਸ਼ਤਾ') ਨੂੰ 'ਮਨੁੱਖਤਾ ਖ਼ਿਲਾਫ਼ ਜੁਰਮ' ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। 'ਗੰਦੀ ਜੰਗ' ਦੇ ਭਿਆਨਕ ਸਮਿਆਂ 'ਚ ਫ਼ੌਜੀ ਦਹਿਸ਼ਤ ਹੇਠ ਪੱਤਾ ਨਹੀਂ ਹਿਲਦਾ ਸੀ। ਉਸ ਮਾਤਮੀ ਚੁੱਪ ਨੂੰ ਤੋੜਨ ਲਈ ਅਰਜਨਟੀਨੀ ਬੀਬੀਆਂ ਮੈਦਾਨ ਵਿੱਚ ਉੱਤਰੀਆਂ।

ਤੀਹ ਅਪਰੈਲ ਸੰਨ 1977 ਨੂੰ ਚੌਦਾਂ ਬੀਬੀਆਂ ਨੇ ਰਾਜਧਾਨੀ ਬਿਊਨਸ ਏਅਰਜ਼ ਦੀ 'ਪਲਾਜ਼ਾ ਦੇ ਮਾਉ' ਨਾਮ ਦੀ ਥਾਂ 'ਤੇ ਪਹਿਲਾ ਮੁਜ਼ਹਰਾ ਕੀਤਾ। ਇਹ ਮੁਜ਼ਾਹਰਾ ਮੁਲਕ ਦੀਆਂ ਉੱਚ ਸਰਕਾਰੀ ਇਮਾਰਤਾਂ ਦੇ ਸਾਹਮਣੇ ਕੀਤਾ ਗਿਆ ਜਿੱਥੇ ਗੁੰਮ ਹੋਏ ਜੀਆਂ ਦੀਆਂ ਮਾਵਾਂ, ਦਾਦੀਆਂ ਅਤੇ ਨਾਨੀਆਂ ਪਹਿਲੀ ਵਾਰ ਇਕੱਠੀਆਂ ਹੋਈਆਂ ਸਨ। 'ਪਲਾਜ਼ਾ ਦੇ ਮਾਉ' ਦੇ ਨਾਂ 'ਤੇ ਜਥੇਬੰਦੀ ਦਾ ਨਾਮ 'ਦਿ ਮਦਰਜ਼ ਔਫ ਦਿ ਪਲਾਜ਼ਾ ਦੇ ਮਾਉ' ਰੱਖਿਆ ਗਿਆ। ਜਥੇਬੰਦੀ 'ਚ ਬੀਬੀਆਂ ਦੀ ਸ਼ਮੂਲੀਅਤ ਵਧਦੀ ਗਈ ਅਤੇ ਉਹ ਲਗਾਤਾਰ ਦਸ ਸਾਲ ਹਰ ਵੀਰਵਾਰ 'ਪਲਾਜ਼ਾ ਦੇ ਮਾਉ' ਵਿਖੇ ਇਕੱਠੀਆਂ ਹੋ ਕੇ ਰੋਸ ਮੁਜ਼ਾਹਰਾ ਕਰਦੀਆਂ ਰਹੀਆਂ। ਇਸ ਲਹਿਰ ਨੂੰ 'ਮਾਵਾਂ ਦੀ ਲਹਿਰ' ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ। ਅਲਫਰੈਡੋ ਆਸਤਿਜ਼ ਨੇ ਜਥੇਬੰਦੀ ਦੀਆਂ ਤਿੰਨ ਬਾਨੀ ਬੀਬੀਆਂ ਨੂੰ ਅਗਵਾ ਕਰਕੇ ਮਾਰ ਦਿੱਤਾ ਸੀ। ਚੌਦਾਂ ਹੋਰ ਬੀਬੀਆਂ ਨੂੰ ਮਾਰਿਆ ਗਿਆ ਪਰ ਮਾਵਾਂ ਨੇ ਹਾਰ ਨਹੀਂ ਮੰਨੀ। ਬੁੱਚੜ ਆਸਤਿਜ਼ ਨੇ ਆਪਣੇ ਬਚਾਅ ਵਿੱਚ ਕਿਹਾ ਕਿ ਉਸਨੇ ਇਹ ਸਭ ਮੁਲਕ ਨੂੰ 'ਖੱਬੇ ਪੱਖੀ ਅਤਿਵਾਦ' ਤੋਂ ਬਚਾਉਣ ਲਈ ਕੀਤਾ ਅਤੇ ਉਸ ਦੇ ਖ਼ਿਲਾਫ਼ ਸੁਣਾਏ ਗਏ ਫ਼ੈਸਲੇ ਉੱਤੇ ਸਿਆਸੀ ਬਦਲਾਖ਼ੋਰੀ ਅਸਰਅੰਦਾਜ਼ ਹੈ। ਜਥੇਬੰਦੀ ਮੁਤਾਬਕ ਅੱਠ ਸਾਲਾਂ 'ਚ ਤੀਹ ਹਜ਼ਾਰ ਤੋਂ ਵੱਧ ਵਿਦਿਆਰਥੀ, ਮਜ਼ਦੂਰ ਆਗੂ, ਬੁੱਧੀਜੀਵੀ ਅਤੇ ਖੱਬੇ ਪੱਖੀਆਂ ਨੂੰ ਖ਼ੁਫ਼ੀਆ ਜੇਲ੍ਹਾਂ ਅਤੇ ਬੁੱਚੜਖਾਨਿਆਂ 'ਚ ਮਾਰ-ਖਪਾ ਦਿੱਤਾ ਗਿਆ। ਨੋਬਲ ਇਨਾਮ ਜੇਤੂ ਅਡੋਲਫੋ ਪੇਰੇਜ਼ ਐਸਕੁਈਵਲ ਦੇ ਮਸ਼ਹੂਰ ਚਿੱਤਰ 'ਚ ਹਥਿਆਰਬੰਦ ਅਰਜਨਟੀਨੀ ਫ਼ੌਜੀ ਈਸਾ ਮਸੀਹ ਦੇ ਰਾਖੇ ਬਣੇ ਖੜੇ ਹਨ। 'ਪਲਾਜ਼ਾ ਵਾਲੀ ਮਾਂ' ਹੱਥ 'ਚ ਫੜੀ ਤਖ਼ਤੀ ਈਸਾ ਮਸੀਹ ਨੂੰ ਦਿਖਾ ਰਹੀ ਹੈ ਜਿਸ ਉੱਤੇ ਲਿਖਿਆ ਹੈ, "ਮੇਰਾ ਪੁੱਤ ਕਿੱਥੇ ਹੈ?" ਤਾਨਾਸ਼ਾਹੀ ਦੇ ਖਾਤਮੇ ਤੋਂ ਬਾਅਦ ਸੰਨ 1984 'ਚ ਫ਼ੌਜੀ ਸਰਕਾਰ ਦੇ ਸਾਬਕਾ ਮੁਖੀ ਵਿਡੈਲਾ ਨੂੰ ਜੇਲ੍ਹ 'ਚ ਡੱਕ ਦਿੱਤਾ ਗਿਆ। ਉਹ ਫ਼ੌਜੀ ਸੱਤਾ ਵੇਲੇ ਕਹਿੰਦਾ ਹੁੰਦਾ ਸੀ, "ਰਾਜ ਦੀ ਰਾਖੀ ਲਈ ਸਾਰੇ ਨਾਬਰ ਬੰਦਿਆਂ ਨੂੰ ਮਾਰਨਾ ਪਵੇਗਾ"। ਸੰਨ 1986 'ਚ ਸਰਕਾਰ ਨੇ ਕਾਤਲਾਂ ਨੂੰ ਰਿਆਇਤ ਦੇਣ ਦਾ ਐਲਾਨ ਕੀਤਾ ਤਾਂ ਮਾਵਾਂ ਨੇ ਸੰਸਦ 'ਚ ਕਾਨੂੰਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪਰਚੇ ਸੁੱਟੇ। 'ਮਾਵਾਂ ਦੀ ਲਹਿਰ' ਨੇ ਅਰਜਨਟੀਨਾ ਅਤੇ ਲਾਤੀਨੀ ਅਮਰੀਕਾ 'ਚ ਨਾਰੀਵਾਦੀ ਲਹਿਰਾਂ ਨੂੰ ਨਵਾਂ ਰਾਹ ਦਿਖਾਇਆ। ਇਸ ਲਹਿਰ ਨੇ ਲਾਤੀਨੀ ਘਰੇਲੂ ਔਰਤਾਂ ਨੂੰ ਸਮਾਜਿਕ ਅਤੇ ਸਿਆਸੀ ਲਹਿਰਾਂ ਦਾ ਹਿੱਸਾ ਬਣਾਇਆ। ਜਥੇਬੰਦੀ ਨੇ ਆਲਮੀ ਪੱਧਰ 'ਤੇ ਸਾਮਰਾਜੀ ਜੰਗਬਾਜ਼ਾਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਆਪਣੇ ਬੱਚਿਆਂ ਦੇ ਕਾਜ ਨੂੰ ਅੱਗੇ ਵਧਾਉਣ ਦਾ ਪ੍ਰਣ ਲਿਆ। ਉਹ ਸਮਾਂ ਸਰਕਾਰੀ ਜਬਰ ਦੀ ਕੁਸੈਲੀ ਯਾਦ ਤਾਜ਼ਾ ਹੋਣ ਦਾ ਸਬੱਬ ਬਣਦਾ ਹੈ ਪਰ ਨਾਲ ਹੀ ਲੋਕ-ਸਮੱਸਿਆਂਵਾਂ ਦੇ ਸਾਂਝੇ ਹੱਲ ਦਾ ਰੌਸ਼ਨ ਰਾਹ ਵੀ ਦਿਖਾਉਂਦਾ ਹੈ। ਸਮੇਂ ਸਮੇਂ ਹੋਈਆਂ ਮਾਵਾਂ ਦੀਆਂ ਆਪਸੀ ਬਹਿਸਾਂ ਨੂੰ ਬਕਾਇਦਾ ਦਰਜ ਕਰਕੇ ਰੱਖਿਆ ਗਿਆ ਹੈ ਅਤੇ ਲਹਿਰ ਨਾਲ ਜੁੜੇ ਦਸਤਾਵੇਜ਼ ਸੰਭਾਲੇ ਗਏ ਹਨ। ਜਦੋਂ ਵੈਂਜੂਏਲਾ ਦੇ ਰਾਸ਼ਟਰਪਤੀ ਹੂਗੋ ਸਾਵੇਜ਼, ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਲੂਲਾ ਡਾ ਸਿਲਵਾ ਅਤੇ ਹੋਰ ਸਿਆਣੇ ਮਾਵਾਂ ਨੂੰ ਮਿਲਣ ਆਉਂਦੇ ਰਹਿੰਦੇ ਹਨ ਤਾਂ ਲਾਤੀਨੀਆਂ ਦੇ ਝੱਲੇ ਕਹਿਰ ਦੀ ਸਾਂਝੀ ਤੰਦ ਉਭਰ ਕੇ ਸਾਹਮਣੇ ਆਉਂਦੀ ਹੈ ਅਤੇ ਭਵਿੱਖ ਵੱਲ ਵਧਦੇ ਸਾਂਝੇ ਕਦਮਾਂ ਦੀ ਨਿਸ਼ਾਨਦੇਹੀ ਹੁੰਦੀ ਹੈ।


ਇਨ੍ਹਾਂ ਮਾਵਾਂ ਦੀ ਕੜੀ 'ਚ ਕੋਰੀਅਨ ਮਾਵਾਂ ਦਾ ਜ਼ਿਕਰ ਕਰਨਾ ਬਣਦਾ ਹੈ। ਦੂਜੀ ਆਲਮੀ ਜੰਗ 'ਚ ਜਪਾਨੀ ਫ਼ੌਜੀਆਂ ਨੇ ਕੋਰੀਅਨ ਔਰਤਾਂ ਨਾਲ ਸਮੂਹਕ ਬਾਲਾਤਕਾਰ ਕੀਤੇ। ਇਨ੍ਹਾਂ ਔਰਤਾਂ ਨੂੰ ਜਿਨਸੀ ਗ਼ੁਲਾਮ ਬਣਾਕੇ ਲਈ ਰੱਖਿਆ ਜਾਂਦਾ ਸੀ। ਜਪਾਨੀਆਂ ਨੇ ਇਨ੍ਹਾਂ ਨੂੰ 'ਕੰਫ਼ਰਟ ਵਿਮੈਨ' ਦਾ ਨਾਮ ਦਿੱਤਾ। ਉਸ ਸਾਕੇ 'ਚੋਂ ਬਚੀਆਂ ਔਰਤਾਂ ਹਰ ਹਫ਼ਤੇ ਸਿਉਲ (ਦੱਖਣੀ ਕੋਰੀਆ) ਵਿਚਲੇ ਜਪਾਨੀ ਸਫ਼ਾਰਤਖਾਨੇ ਅੱਗੇ ਮੁਜ਼ਾਹਰਾ ਕਰਦੀਆਂ ਹਨ। ਪਿਛਲੇ ਦਿਨਾਂ 'ਚ ਹਜ਼ਾਰਵੀਂ ਰੈਲੀ ਮੌਕੇ ਅੱਸੀ-ਨੱਬੇ ਸਾਲਾਂ ਨੂੰ ਢੁੱਕੀਆਂ ਇਨ੍ਹਾਂ ਬੀਬੀਆਂ ਨੇ 'ਕੰਫ਼ਰਟ ਵਿਮੈਨ' ਦਾ ਬੁੱਤ ਜਪਾਨੀ ਸਫ਼ਾਰਤਖਾਨੇ ਦੇ ਮੂਹਰੇ ਲਾ ਦਿੱਤਾ। ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਦਾ ਕਹਿਣਾ ਸੀ ਕਿ ਇਨ੍ਹਾਂ ਬੀਬੀਆਂ ਦੀ ਸਿਦਕਦਿਲੀ ਮੂਹਰੇ ਅਸੀਂ ਬੇਵੱਸ ਹਾਂ। ਅਸੀਂ ਬੁੱਤ ਨਹੀਂ ਹਟਵਾ ਸਕਦੇ। ਬ੍ਰਤੀ ਦੀ ਮਾਂ, ਜ਼ੂਜ਼ੂ ਏਂਜਲ, ਲਾਤੀਨੀ ਅਤੇ ਕਸ਼ਮੀਰੀ ਮਾਵਾਂ ਆਪਣੇ ਪੁੱਤਾਂ ਨੂੰ ਲੱਭਣ ਤੋਂ ਲੈ ਕੇ ਕਸੂਰਵਾਰਾਂ ਨੂੰ ਸਜ਼ਾ ਦਿਵਾਉਣ ਤੱਕ ਸਿਦਕਦਿਲੀ ਬਰਕਰਾਰ ਰੱਖਦੀਆਂ ਹਨ।

ਬ੍ਰਤੀ ਅਤੇ ਸਾਥੀਆਂ ਦੀਆਂ ਲਾਸ਼ਾਂ ਕਾਂਤਾਕੁਕਰ ਨਾਂ ਦੀ ਥਾਂ 'ਤੇ ਰੱਖੀਆਂ ਜਾਂਦੀਆਂ ਹਨ ਜਿੱਥੇ ਸੁਜਾਤਾ ਨੂੰ ਲਾਸ਼ ਦੀ ਪਛਾਣ ਲਈ ਬੁਲਾਇਆ ਜਾਂਦਾ ਹੈ। ਕਾਂਤਾਕੁਕਰ ਦੇ ਨਾਮ ਤੋਂ ਪੰਜਾਬੀ ਬੰਦੇ ਨੂੰ ਲੱਧਾ-ਕੋਠੀ ਵਰਗੇ ਕਈ ਬੁੱਚੜਖਾਨਿਆਂ ਦਾ ਚੇਤਾ ਆਉਂਦਾ ਹੈ। ਅਣਪਛਾਤੀਆਂ ਲਾਸ਼ਾਂ ਕਰਾਰ ਦੇ ਕੇ ਸਮਸ਼ਾਨਘਾਟਾਂ 'ਚ ਜਾਲੇ ਗਏ ਮੁੰਡੇ ਯਾਦ ਆਉਂਦੇ ਹਨ ਅਤੇ ਪੱਚੀ ਹਜ਼ਾਰ ਇੱਕਵੀਂ ਲਾਸ਼ ਬਣਿਆ ਜਸਵੰਤ ਸਿੰਘ ਖਾਲੜਾ ਅੱਖਾਂ ਸਾਹਮਣੇ ਖੜਾ ਹੋ ਜਾਂਦਾ ਹੈ। ਜਿਨ੍ਹਾਂ ਦੇ ਕਸੂਰਵਾਰਾਂ ਨੂੰ ਸਜ਼ਾ ਦਿਵਾਉਣ ਦੀ ਲੜਾਈ ਅਜੇ ਵੀ ਜਾਰੀ ਹੈ। ਇਹ ਲੜਾਈ ਫ਼ਿਲਮ ਦੇ ਪਿਛਲੇ ਅੱਧ ਦਾ ਹਿੱਸਾ ਹੈ। ਬ੍ਰਤੀ ਅਤੇ ਉਸਦੇ ਸਾਥੀਆਂ ਨੂੰ ਪੁਲਸ ਅਤੇ ਗੁੰਡਿਆਂ ਵੱਲੋਂ ਬਸਤੀ 'ਚ ਘੇਰ ਕੇ ਕਤਲ ਕਰਨ ਵਾਲਾ ਦ੍ਰਿਸ਼ ਉਨ੍ਹਾਂ ਕਤਲੇਆਮ ਦਾ ਚੇਤਾ ਦਿਵਾਉਂਦਾ ਹੈ ਜਦੋਂ ਕਲਕੱਤੇ ਦੀਆਂ ਬਸਤੀਆਂ 'ਚ ਸੈਂਕੜੇ ਇਨਕਲਾਬਪਸੰਦਾਂ ਅਤੇ ਹਮਦਰਦਾਂ ਨੂੰ ਘੇਰ ਕੇ ਮਾਰਿਆ ਗਿਆ ਸੀ। ਬ੍ਰਤੀ ਵਰਗਿਆਂ ਨੂੰ ਜ਼ਰਾਇਮ-ਪੇਸ਼ਾ ਅਤੇ ਸਿਰਫ਼ਿਰੇ ਕਰਾਰ ਦਿੱਤਾ ਗਿਆ ਜੋ ਮਨੁੱਖਤਾ ਦੇ ਗਲ ਪਏ ਸੰਗਲਾਂ ਦਾ ਜੂੜ ਵੱਢਣ ਤੁਰੇ ਸਨ। ਪਿਛਲੇ ਦਿਨਾਂ 'ਚ ਮੱਧ ਅਮਰੀਕੀ ਮੁਲਕ ਅਲ ਸਲਵਾਡੋਰ ਦੀ ਸਰਕਾਰ ਨੇ ਮੁਲਕਵਾਸੀਆਂ ਤੋਂ ਅਲ ਮੋਜ਼ੋਟੇ ਕਤਲੇਆਮ ਲਈ ਮੁਆਫ਼ੀ ਮੰਗੀ ਹੈ। ਸੰਨ 1981 'ਚ ਅਲ ਮੋਜ਼ੋਟੇ ਨਾਂ ਦੇ ਛੋਟੇ ਜਿਹੇ ਪਿੰਡ ਵਿੱਚ ਫ਼ੌਜੀਆਂ ਨੇ ਹਜ਼ਾਰ ਤੋਂ ਵੱਧ ਜੀਆਂ ਨੂੰ ਕਤਾਰ 'ਚ ਖੜ੍ਹਾ ਕੇ ਗੋਲੀ ਮਾਰ ਦਿੱਤੀ ਸੀ। ਮਰਨ ਵਾਲਿਆਂ 'ਚ ਅੱਧੇ ਤੋਂ ਵੱਧ ਬੱਚੇ ਸਨ। ਬਾਕੀਆਂ 'ਚ ਵਧੇਰੇ ਔਰਤਾਂ ਅਤੇ ਬਜ਼ੁਰਗ ਸਨ। ਇਨ੍ਹਾਂ ਲੋਕਾਂ ਉੱਤੇ ਖੱਬੇ ਪੱਖੀ ਛਾਪਾਮਾਰਾਂ ਨਾਲ ਹਮਦਰਦੀ ਰੱਖਣ ਦਾ ਦੋਸ਼ ਸੀ। ਕਾਤਲ ਫ਼ੌਜੀਆਂ ਨੂੰ ਸਿਖ਼ਲਾਈ ਅਮਰੀਕੀ ਫ਼ੌਜ ਨੇ ਦਿੱਤੀ ਸੀ। ਸ਼ੁਰੂ 'ਚ ਤਾਂ ਅਮਰੀਕੀ ਸਰਕਾਰ ਇਸ ਕਤਲੇਆਮ ਤੋਂ ਮੁੱਕਰ ਗਈ ਸੀ, ਮੁਕਾਮੀ ਇਨਕਲਾਬੀ ਛਾਪਾਮਾਰਾਂ ਨੇ ਦੋ ਅਮਰੀਕੀ ਪੱਤਰਕਾਰਾਂ ਨੂੰ ਤ੍ਰਾਸਦੀ ਵਾਲੀ ਥਾਂ ਦਿਖਾਈ। ਉਨ੍ਹਾਂ ਪੱਤਰਕਾਰਾਂ ਨੇ ਖ਼ਬਰ ਆਲਮੀ ਪੱਧਰ ਉੱਤੇ ਨਸ਼ਰ ਕੀਤੀ। ਅਲ ਸਲਵਾਡੋਰ ਦੇ ਮੌਜੂਦਾ ਵਿਦੇਸ਼ ਮੰਤਰੀ ਹਿਊਗੋ ਮਾਰਟਿਜ਼ ਨੇ ਉਸ ਭਿਆਨਕ ਤ੍ਰਾਸਦੀ ਦੀ ਤੀਹਵੀਂ ਬਰਸੀ ਮੌਕੇ ਕਿਹਾ, "ਮੈ ਇਸ ਮੌਕੇ ਅਲ ਸਲਵਾਡੋਰ ਦੀ ਸਰਕਾਰ ਵੱਲੋਂ ਦੁਬਾਰਾ ਹਜ਼ਾਰਾਂ ਬੇਕਸੂਰ ਪੀੜਤਾਂ ਤੋਂ ਅੰਨ੍ਹੀ ਸਰਕਾਰੀ ਹਿੰਸਾ ਲਈ ਮੁਆਫ਼ੀ ਮੰਗਦਾ ਹਾਂ, ਖ਼ਾਸ ਕਰਕੇ ਅਲ ਮੋਜ਼ੋਟੇ ਦੇ ਪੀੜਤਾਂ ਤੋਂ।"ਇੰਡੋਨੇਸ਼ੀਆ 'ਚ ਸੁਹਾਰਤੋ ਦੀ ਤਾਨਾਸ਼ਾਹੀ ਸਮੇਂ ਦਸ ਲੱਖ ਤੋਂ ਵੱਧ ਕੀਮਤੀ ਜਾਨਾਂ ਨੂੰ ਕਮਿਉਨਿਸਟ ਹੋਣ ਦਾ ਬਿੱਲਾ ਲਾ ਕੇ ਮੌਤ ਦੇ ਘਾਟ ਉਤਾਰਿਆ ਗਿਆ। ਇੱਥੇ ਵੀ ਪੱਛਮੀ ਮੁਲਕ ਸੁਹਾਰਤੋ ਦੀ ਪਿੱਠ 'ਤੇ ਸਨ। 'ਠੰਢੀ ਜੰਗ' ਦੇ ਦਿਨਾਂ 'ਚ ਪੱਛਮੀ ਮੁਲਕਾਂ ਨੇ ਇਸ ਕਤਲੇਆਮ ਨੂੰ ਕਮਿਉਨਿਜ਼ਮ ਦੇ ਖ਼ਿਲਾਫ਼ ਜਿੱਤ ਦੇ ਤੌਰ 'ਤੇ ਪ੍ਰਚਾਰਿਆ ਸੀ। ਇੰਡੋਨੇਸ਼ੀਆ ਦੇ ਇਤਿਹਾਸ ਦੀਆਂ ਕਿਤਾਬਾਂ 'ਚ ਇਨ੍ਹਾਂ ਭਿਆਨਕ ਕਤਲਾਂ ਦਾ ਕੋਈ ਜ਼ਿਕਰ ਨਹੀਂ ਮਿਲਦਾ। ਤ੍ਰਾਸਦੀ ਨੂੰ 'ਦੇਸ਼ਭਗਤੀ ਦੀ ਲਹਿਰ' ਵਜੋਂ ਸਲਾਹਿਆ ਜਾਂਦਾ ਹੈ। ਪਿੱਛੇ ਜਿਹੇ ਉਨ੍ਹਾਂ ਹਾਦਸਿਆਂ ਨੂੰ ਸਿਲੇਬਸ 'ਚ ਸ਼ਾਮਲ ਕੀਤਾ ਗਿਆ ਸੀ। ਫ਼ੌਜ ਅਤੇ ਬੁਨਿਆਦਪ੍ਰਸਤਾਂ ਦੇ ਵਿਰੋਧ ਕਾਰਨ ਨਵੀਆਂ ਕਿਤਾਬਾਂ ਨੂੰ ਫ਼ੂਕ ਦਿੱਤਾ ਗਿਆ। ਉਸ ਕਤਲੇਆਮ ਦੇ ਸਰਪ੍ਰਸਤਾਂ 'ਚੋਂ ਬਦਨਾਮ 'ਸਾਲਿਮ' ਨਾਂ ਦੇ ਵਪਾਰਕ ਘਰਾਣੇ ਨੂੰ ਬੰਗਾਲ ਦੀ ਸਰਕਾਰ ਨੇ ਨੰਦੀਗ੍ਰਾਮ 'ਚ 'ਖ਼ਾਸ ਵਿੱਤੀ ਖੇਤਰ' ਬਣਾਉਣ ਲਈ ਸੱਦਾ ਦਿੱਤਾ ਸੀ। ਨੰਦੀਗ੍ਰਾਮ ਦੇ ਸੰਘਰਸ਼ ਬਾਬਤ ਅਸੀਂ ਸਾਰੇ ਜਾਣਦੇ ਹਾਂ ਜਿੱਥੇ ਬੰਗਾਲ ਦੀ ਸਰਕਾਰ ਨੇ 'ਸਾਲਿਮ' ਘਰਾਣੇ ਦੀ ਵਿਰਾਸਤ ਨੂੰ 'ਚਾਰ ਚੰਦ' ਲਾਉਂਦਿਆਂ ਸ਼ਰੇਆਮ ਕਿਸਾਨਾਂ ਦਾ ਕਤਲੇਆਮ ਕੀਤਾ।

ਫ਼ੌਜੀ ਤਾਨਾਸ਼ਾਹਾਂ, ਸਾਮਰਾਜੀਆਂ ਅਤੇ ਉਨ੍ਹਾਂ ਦੀਆਂ ਥੋਪੀਆਂ 'ਲੋਕਰਾਜੀ ਸਰਕਾਰਾਂ' ਦਾ ਜ਼ੁਲਮ ਆਲਮ ਨੇ ਪਿੰਡੇ 'ਤੇ ਹੰਢਾਇਆ ਹੈ। ਇਨ੍ਹਾਂ ਜ਼ਾਲਮਾਂ ਦੇ ਖ਼ਾਸੇ ਦੀ ਸਾਂਝ ਸਮਾਜਵਾਦ-ਵਿਰੋਧੀ ਹੋਣ ਨਾਲ ਜੁੜੀ ਹੋਈ ਹੈ।ਇਨ੍ਹਾਂ ਜ਼ਾਲਮਾਂ ਬਾਰੇ ਮਸ਼ਹੂਰ ਰੌਕ ਗਾਇਕ ਜੌਹਨ ਲੈਨਨ ਕਹਿੰਦਾ ਹੈ,'ਇਨ੍ਹਾਂ ਹਰਾਮੀਆਂ ਦੀ ਨਸਲ ਇੱਕ ਹੈ ਜੋ ਥਾਂ ਪਰ ਥਾਂ ਮਨੁੱਖਤਾ ਦੇ ਕਤਲੇਆਮ ਲਈ ਬੰਦੂਕਾਂ ਚੁੱਕੀ ਭੱਜੇ ਫਿਰਦੇ ਹਨ।'

ਬ੍ਰਤੀ ਵਰਗੇ ਨੌਜਵਾਨਾਂ ਦੀ ਕਵਿਤਾ ਵੀ ਜੁਰਮ ਸਮਝ ਕੇ ਪੁਲਿਸ ਹਿਰਾਸਤ 'ਚ ਰੱਖੀ ਗਈ। ਉਨ੍ਹਾਂ ਭਿਆਨਕ ਸਮਿਆਂ 'ਚ ਬੰਦੇ ਦੀ ਪਛਾਣ ਦੇ ਮਾਅਨੇ ਗੁੰਮ ਹੋ ਗਏ ਅਤੇ ਉਨ੍ਹਾਂ ਨੂੰ ਲਾਸ਼ ਦੇ ਹਿੰਦਸੇ ਨਾਲ ਹੀ ਜਾਣਿਆ ਜਾਣ ਲੱਗਾ। ਉਸੇ ਕੜੀ 'ਚ ਬ੍ਰਤੀ ਚੈਟਰਜੀ ਦੇ ਹਿੱਸੇ ਹਜ਼ਾਰ ਚੁਰਾਸੀ ਦਾ ਹਿੰਦਸਾ ਆਇਆ। ਸੁਜਾਤਾ ਚੈਟਰਜੀ ਦੀ ਪਛਾਣ ਵੀ ਉਸ ਹਿੰਦਸੇ ਦੀ ਮਾਂ ਦੇ ਰੂਪ 'ਚ ਕੀਤੀ ਗਈ। ਸਰਮਾਏਦਾਰੀ ਮੌਤਾਂ ਨੂੰ ਅੰਕੜਿਆਂ ਦੇ ਰੂਪ 'ਚ ਦੇਖਦੀ ਹੈ। ਉਨ੍ਹਾਂ ਲਈ ਇੱਕ ਜਾਂ ਦਸ ਲੱਖ ਕੀਮਤੀ ਜਾਨਾਂ ਦਾ ਨੁਕਸਾਨ ਮਹਿਜ਼ ਅੰਕੜਾ ਹੈ। ਫ਼ਿਲਮ 'ਚ ਹਜ਼ਾਰ ਚੁਰਾਸੀ ਦਾ ਹਿੰਦਸਾ ਬ੍ਰਤੀ ਤੋਂ ਪਹਿਲਾਂ ਮਾਰੇ ਗਏ ਇੱਕ ਹਜ਼ਾਰ ਤਿਰਾਸੀ ਅਤੇ ਉਸ ਤੋਂ ਬਾਅਦ ਮਰਨ ਵਾਲੇ ਅਣਗਿਣਤ ਜੀਆਂ ਦੇ ਕਤਲੇਆਮ ਦੀ ਭਿਆਨਕਤਾ ਦਾ ਅਹਿਸਾਸ ਦਿਵਾਉਂਦਾ ਹੈ। ਫ਼ਿਲਮ ਵਿੱਚ 'ਹਜ਼ਾਰ ਚੁਰਾਸੀ' ਮਹਿਜ਼ ਅੰਕੜਾ ਨਹੀਂ ਰਹਿ ਜਾਂਦਾ। ਉਹ ਮਨੁੱਖੀ ਪਿੰਡਿਆਂ 'ਤੇ ਵਰਤਾਏ ਗਏ ਸਰਕਾਰੀ ਕਹਿਰ ਨੂੰ ਮਹਿਸੂਸ ਕਰਨ ਦਾ ਸਬੱਬ ਬਣਦਾ ਹੈ। ਸੱਤਰਵਿਆਂ ਦੇ ਪੰਜਾਬ 'ਚ ਛਿਆਸੀ ਸਾਲਾਂ ਦੇ ਇਨਕਲਾਬਪਸੰਦ ਬਾਬਾ ਬੂਝਾ ਸਿੰਘ ਨੂੰ ਵੀ ਨਹੀਂ ਬਖ਼ਸ਼ਿਆ ਗਿਆ ਸੀ। ਜਿਨ੍ਹਾਂ ਨੂੰ ਪੁਲਿਸ ਨੇ ਅੰਨ੍ਹੇ ਤਸ਼ੱਦਦ ਤੋਂ ਬਾਅਦ ਝੂਠੇ ਮੁਕਾਬਲੇ 'ਚ ਮਾਰ ਦਿੱਤਾ ਸੀ। ਵੱਡੇ ਬਾਦਲ ਦੀ ਸਰਕਾਰ ਵੱਲੋਂ ਇਨਕਲਾਬਪਸੰਦਾਂ ਨੂੰ 'ਗਾਇਬ' ਕਰਨ, ਤਸ਼ੱਦਦ ਅਤੇ ਝੂਠੇ ਮੁਕਾਬਲਿਆਂ 'ਚ ਮਾਰਨ ਦੇ ਸਿਲਸਿਲੇ ਨੇ ਵੀਹਵੀਂ ਸਦੀ ਦੇ ਆਖਰੀ ਦੋ ਦਹਾਕਿਆਂ 'ਚ ਖ਼ਾਲਿਸਤਾਨੀ ਲਹਿਰ ਵੇਲੇ ਅੰਨ੍ਹੀ ਵਹਿਸ਼ਤ ਫੈਲਾਈ। ਮੌਤ ਦੇ ਵਪਾਰੀਆਂ ਤੇ ਅਤਿ ਦੇ ਸ਼ਿਕਾਰੀਆਂ ਦੀ ਦਰਿੰਦਗੀ ਦਾ ਝੰਬਿਆ ਪੰਜਾਬ ਅੱਜ ਤੱਕ ਤਾਬ ਨਹੀਂ ਆਇਆ। ਜਿਨ੍ਹਾਂ ਦਾ ਜਸ਼ਨ ਬੱਬੂ ਮਾਨ ਤੇ ਹੋਰ ਗਵੱਈਏ ਆਪਣੇ ਗੀਤਾਂ 'ਚ ਮਨਾਉਂਦੇ ਹਨ।

ਫ਼ਿਲਮ ਸਫ਼ੇਦਪੋਸ਼ ਮੱਧ ਵਰਗ ਦੇ ਦੰਭੀ ਕਿਰਦਾਰ ਨੂੰ ਸੂਖ਼ਮ ਤਹਿਆਂ 'ਚ ਉਜਾਗਰ ਕਰਦੀ ਹੈ। ਬ੍ਰਤੀ ਦਾ ਪਿਉ (ਜਿਸ ਨੂੰ ਉਹ ਬੌਸ ਕਹਿ ਕੇ ਬੁਲਾਉਂਦਾ ਹੈ), ਭਾਈ, ਭੈਣ, ਭਾਬੀ ਅਤੇ ਜੀਜਾ ਇਸੇ ਦੰਭੀ ਕਿਰਦਾਰ ਦੀ ਨੁਮਾਇੰਦਗੀ ਕਰਦੇ ਹਨ। ਜਿਨ੍ਹਾਂ ਨੂੰ ਆਪਣੇ ਮੁੰਡੇ ਦੇ ਇਨਕਲਾਬਪਸੰਦ ਹੋਣ 'ਤੇ ਸ਼ਰਮ ਮਹਿਸੂਸ ਹੁੰਦੀ ਹੈ। ਉਹ ਬ੍ਰਤੀ ਦੇ ਦੋਸਤਾਂ ਨੂੰ ਅਪਰਾਧੀ ਕਹਿਣ ਤੱਕ ਜਾਂਦੇ ਹਨ ਪਰ ਬ੍ਰਤੀ ਦਾ ਕਹਿਣਾ ਹੈ ਕਿ ਉਸਦੇ ਦੋਸਤ ਮਿਹਨਤ-ਮਜ਼ਦੂਰੀ ਕਰਦੇ ਹਨ। ਉਹ ਸਾਡੀ ਤਰ੍ਹਾਂ ਰਿਸ਼ਵਤ, ਲੁੱਟ ਅਤੇ ਬੇਈਮਾਨੀ ਨਾਲ ਕਾਰੋਬਾਰ ਨਹੀਂ ਪਾਲਦੇ। ਮੱਧ-ਵਰਗੀ ਜਮਾਤ ਪੈਸੇ ਅਤੇ ਪੇਸ਼ੇਵਰ ਜੀਵਨ ਨੂੰ ਤਰਜੀਹ ਦਿੰਦੀ ਹੈ ਅਤੇ ਮੁਲਕ ਦੀ ਬਹੁਗਿਣਤੀ ਦੀ ਮਾੜੀ ਹਾਲਤ ਵੱਲ ਸਾਜ਼ਸ਼ੀ ਨੀਅਤ ਨਾਲ ਅੱਖਾਂ ਮੁੰਦ ਲੈਂਦੀ ਹੈ। ਇਹ ਜਮਾਤ ਲਗਾਤਾਰ ਇਨ੍ਹਾਂ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਂਦੀ ਰਹਿੰਦੀ ਹੈ। ਬ੍ਰਤੀ ਦਾ ਕਹਿਣਾ ਹੈ ਕਿ ਉਸ ਨੂੰ ਬੌਸ ਨਾਲ ਨਫ਼ਰਤ ਨਹੀਂ ਹੈ। ਉਹ ਬੌਸ ਦੇ ਜਮਾਤੀ ਕਿਰਦਾਰ ਨੂੰ ਨਫ਼ਰਤ ਕਰਦਾ ਹੈ। ਸਾਡੇ ਸਮਿਆਂ 'ਚ ਇਸ ਜਮਾਤ ਨੂੰ ਹੋਰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਇਨ੍ਹਾਂ ਦੀਆਂ ਤਨਖਾਹਾਂ ਅਤੇ ਭੱਤੇ ਲਗਾਤਾਰ ਵਧ ਰਹੇ ਹਨ। ਪੱਕੀ ਭਰਤੀ ਅਤੇ ਠੇਕਾ ਭਰਤੀ ਵਾਲੇ ਕਾਮਿਆਂ ਦੀਆਂ ਤਨਖ਼ਾਹਾਂ ਅਤੇ ਭੱਤਿਆਂ ਵਿਚਲਾ ਫਰਕ ਪਾੜੇ ਨੂੰ ਹੋਰ ਮੋਕਲਾ ਕਰਦਾ ਹੈ। ਗ਼ਰੀਬ ਮਜ਼ਦੂਰ ਅਤੇ ਕਿਸਾਨ ਦੀ ਤਾਂ ਗੱਲ ਛੱਡ ਦੇਵੋ। ਮੱਧ-ਵਰਗ ਨੂੰ ਮੁਲਕ ਤਰੱਕੀ ਦੀ ਸ਼ਿਖ਼ਰ 'ਤੇ ਚੜ੍ਹਿਆ ਜਾਪਦਾ ਹੈ। ਵੀਹ ਰੁਪਏ ਤੋਂ ਹੇਠਾਂ ਗੁਜ਼ਾਰਾ ਕਰਦੀ ਮੁਲਕ ਦੀ ਸਤੱਤਰ ਫ਼ੀਸਦੀ ਆਬਾਦੀ 'ਤਰੱਕੀ ਦੇ ਮੀਨਾਰ' 'ਤੇ ਚੜਿਆਂ ਨੂੰ ਦਿਸਣੀ ਬੰਦ ਹੋ ਜਾਂਦੀ ਹੈ। ਇਹ ਤਬਕਾ ਆਪਣੇ ਨਿੱਜੀ ਅਤੇ ਮਨਸੂਈ ਆਲਮ 'ਚ ਜਿਉਂਦਾ ਹੈ ਜਿਨ੍ਹਾਂ ਦੀ ਤੰਦ ਮੁਲਕ ਦੀ ਬਹੁਗਿਣਤੀ ਤੋਂ ਤੋੜ ਦਿੱਤੀ ਗਈ ਹੈ। ਫ਼ਿਲਮ ਇਸ ਜਮਾਤ ਦੇ ਦੰਭੀ ਕਿਰਦਾਰ ਨੂੰ ਨੰਗਾ ਕਰਦੀ ਹੈ।


ਸਮੁੱਚੇ ਰੂਪ 'ਚ ਫ਼ਿਲਮ ਇਤਿਹਾਸ ਦੇ ਉਨ੍ਹਾਂ ਪੰਨਿਆਂ ਦਾ ਜ਼ਿਕਰ ਛੇੜਦੀ ਹੈ ਜਦੋਂ 'ਜਮਹੂਰੀ' ਕਹਾਉਣ ਵਾਲੀ ਸਰਕਾਰ ਨੇ ਆਪਣੇ ਹੀ ਲੋਕਾਂ ਦੇ ਖ਼ਿਲਾਫ਼ ਜੰਗ ਛੇੜੀ ਅਤੇ ਮੁਲਕ ਦੇ ਸੰਵਿਧਾਨ ਨੂੰ ਪਿੱਠ ਦਿਖਾ ਦਿੱਤੀ। ਹੱਕ ਅਤੇ ਰੋਟੀ ਮੰਗਦੀ ਆਵਾਮ 'ਤੇ ਬਾਰੂਦ ਛਿੜਕਿਆ ਗਿਆ ਅਤੇ ਮੁਲਕ ਦੇ ਕੀਮਤੀ ਸਰਮਾਏ (ਜਵਾਨੀ) ਨੂੰ ਬੁੱਚੜਖ਼ਾਨਿਆਂ ਦਾ ਰਾਹ ਦਿਖਾਇਆ ਗਿਆ।

ਡਾ. ਜਗਤਾਰ ਦੇ ਸ਼ਬਦਾਂ 'ਚ,
ਹਰ ਮੋੜ 'ਤੇ ਸਲੀਬਾਂ ਹਰ ਪੈਰ 'ਤੇ ਹਨੇਰਾ,
ਫਿਰ ਵੀ ਅਸੀਂ ਝੁਕੇ ਨਾ ਸਾਡਾ ਵੀ ਦੇਖ ਜੇਰਾ।


(ਲੇਖ ਵਿੱਚ ਚਰਚਾ ਦਾ ਵਿਸ਼ਾ ਬਣੇ ਅਰਜਨਟੀਨਾ ਦੇ ਤਾਨਾਸ਼ਾਹ ਨੂੰ ਪਿਛਲੇ ਦਿਨੀਂ ਸਜ਼ਾ ਸੁਣਾਈ ਗਈ ਹੈ। ਇਹ ਖ਼ਬਰ ਪਾਠਕ ਦੀ ਦਿਲਚਸਪੀ ਦਾ ਸਬੱਬ ਹੋ ਸਕਦੀ ਹੈ। (10 ਜੁਲਾਈ 2012))