ਪੰਜਾਬੀ ਗਾਇਕੀ ਦੇ ਮੌਜੂਦਾ ਰੁਝਾਨ ਖ਼ਿਲਾਫ਼ ਪੰਜਾਬਣਾਂ ਨੇ ਪਹਿਲੀ ਠੋਸ ਕਾਰਵਾਈ ਕੀਤੀ ਹੈ। ਸ਼ਰਮੀਲਾ ਇਰੋਮ ਅਤੇ ਗ਼ਦਰੀ ਗੁਲਾਬ ਕੌਰ ਦੇ ਵਿਚਕਾਰ ਮਾਤਾ ਗੁਜਰੀ ਦੀ ਤਸਵੀਰ ਵਾਲੇ ਪੋਸਟਰ ਉੱਤੇ ਦੋ ਨਾਅਰੇ ਲਿਖੇ ਹੋਏ ਸਨ; ਨਾਰੀ ਸ਼ਕਤੀ ਜ਼ਿੰਦਾਬਾਦ ਅਤੇ ਦੂਜਾ, ਸਾਮਰਾਜਵਾਦ ਮੁਰਦਾਬਾਦ। ਤਸਵੀਰਾਂ ਦੇ ਹੇਠਾਂ ਹਰਭਜਨ ਸੋਹੀ ਦੀ ਕਵਿਤਾ ਦੀ ਸਤਰਾਂ ਸਨ, "ਹਰ ਮਿੱਟੀ ਦੀ ਆਪਣੀ ਖ਼ਸਲਤ, ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ, ਹਰ ਫੱਟੜ ਮੱਥਾ ਨਹੀਂ ਝੁਕਦਾ, ਬੰਨ੍ਹ ਲਾਇਆਂ ਹਰ ਛੱਲ ਨਹੀਂ ਰੁਕਦੀ।" ਹੇਠਾਂ ਜਥੇਬੰਦੀ ਦਾ ਨਾਮ ਲਿਖਿਆ ਹੈ-ਇਸਤਰੀ ਜਾਗਰਿਤੀ ਮੰਚ। ਹਰ ਤਬਕੇ ਅਤੇ ਉਮਰ ਦੀਆਂ ਇਨ੍ਹਾਂ ਬੀਬੀਆਂ ਨੇ ਪੰਜਾਬੀ ਗਾਇਕ ਦਿਲਜੀਤ ਨੂੰ ਵਿਸ਼ੇਸ਼ਣ ਦਿੱਤਾ-ਅਸ਼ਲੀਲ। ਇਹ ਵਿਸ਼ੇਸ਼ਣ ਇਕੱਲੇ ਦਿਲਜੀਤ ਨੂੰ ਮਿਲਿਆ ਪਰ ਇਸ ਦੇ ਹੱਕਦਾਰ ਜ਼ਿਆਦਾਤਰ ਪੰਜਾਬੀ ਗਾਇਕ ਹਨ। ਖ਼ੈਰ! ਜਿਨ੍ਹਾਂ ਗੀਤਾਂ ਰਾਹੀਂ ਦਿਲਜੀਤ ਨੇ ਇਹ ਵਿਸ਼ੇਸ਼ਣ ਕਮਾਇਆ ਹੈ, ਉਨ੍ਹਾਂ ਦਾ ਜ਼ਿਕਰ ਮੁੱਖਧਾਰਾ ਅਤੇ ਸੋਸ਼ਲ ਮੀਡੀਆ ਵਿੱਚ ਬਥੇਰਾ ਹੋ ਰਿਹਾ ਹੈ। ਇਸੇ ਦੌਰਾਨ ਘਰੇਲੂ ਨੌਕਰਾਂ ਦਾ ਦਸਤਾਵੇਜ਼ੀਕਰਨ ਕਰਵਾਉਣ ਲਈ ਦਿੱਲੀ ਪੁਲਿਸ ਨੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਹਨ। ਇਸ਼ਤਿਹਾਰ ਦੀ ਮੋਟੀ ਸੁਰਖ਼ੀ ਹੈ, "ਤੁਹਾਡਾ ਘਰੇਲੂ ਨੌਕਰ ਅਪਰਾਧੀ ਹੋ ਸਕਦਾ ਹੈ।" ਇਸੇ ਦੌਰਾਨ ਖਿਡਾਰੀਆਂ ਨੂੰ 'ਭਾਰਤ ਰਤਨ' ਦੇ ਘੇਰੇ ਵਿੱਚ ਲਿਆਉਣ ਦੀ 'ਮੰਗ' ਤਕਰੀਬਨ ਮੰਨ ਲਈ ਗਈ ਹੈ।
ਸਵਾਲ ਪੋਸਟਰ ਉੱਤੇ ਲਿਖੇ ਗਏ ਦੋ ਨਾਅਰਿਆਂ ਦੇ ਆਪਸੀ ਰਿਸ਼ਤੇ ਦਾ ਹੈ। ਨਾਰੀ ਸ਼ਕਤੀ ਦੇ ਜ਼ਿੰਦਾਬਾਦ ਹੋਣ ਨਾਲ ਸਾਮਰਾਜਵਾਦ ਦੇ ਮੁਰਦਾਬਾਦ ਹੋਣ ਦਾ ਕੀ ਨਾਤਾ ਹੈ? ਇਨ੍ਹਾਂ ਦੋਵਾਂ ਨਾਅਰਿਆਂ ਦਾ ਕਿਸੇ ਅਸ਼ਲੀਲ ਗਾਇਕ ਦੇ ਦਰਾਂ ਅੱਗੇ ਧਰਨੇ ਉੱਤੇ ਮੇਲ ਹੋਣਾ ਕੀ ਮਾਅਨੇ ਰੱਖਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦਾ ਸਬੱਬ ਅਚਨਚੇਤੀ ਨਹੀਂ ਬਣਿਆ। ਪੰਜਾਬੀ ਗਾਇਕੀ ਬਾਬਤ ਇਹ ਸਮਝ ਤਾਂ ਚਿਰੋਕਣੀ ਬਣ ਚੁੱਕੀ ਹੈ ਕਿ ਜ਼ਿਆਦਾਤਰ ਗਾਇਕੀ ਸ਼ਰਾਬ, ਗੁੰਡਾਗਰਦੀ, ਕਾਰਾਂ, ਮੋਟਰ ਸਾਈਕਲਾਂ, ਹਥਿਆਰਾਂ ਅਤੇ ਖਰੂਦ ਦਾ ਇਸ਼ਤਿਹਾਰ ਹੈ। 'ਪੰਜਾਬੀਆਂ ਦੀ ਸ਼ਾਨ ਵੱਖਰੀ' ਅਤੇ 'ਸਿੰਘ ਇਜ਼ ਕਿੰਗ' ਇਸੇ ਇਸ਼ਤਿਹਾਰਬਾਜ਼ੀ ਦਾ ਜਸ਼ਨ ਹੈ। ਔਰਤ ਨੂੰ ਵਸਤ ਤੱਕ ਮਹਿਦੂਦ ਕਰਨਾ ਅਤੇ 'ਚਲਿੱਤਰਬਾਜ਼' ਵਜੋਂ ਪੇਸ਼ ਕਰਨਾ ਇਸ ਗਾਇਕੀ ਦੀ ਬੁਨਿਆਦੀ ਤੰਦ ਹੈ। ਇਸ ਗਾਇਕੀ ਦੀ ਵੱਡੀ ਮੰਡੀ ਹੈ। ਮੰਡੀ ਦਾ ਮੰਤਰ ਮੁਨਾਫ਼ਾ ਹੈ। ਮੁਨਾਫ਼ਾ ਸਿਰਫ਼ ਗਾਇਕੀ ਨਾਲ ਨਹੀਂ ਸਗੋਂ ਸ਼ਰਾਬ, ਕਾਰਾਂ, ਮੋਟਰ ਸਾਈਕਲਾਂ, ਹਥਿਆਰਾਂ ਅਤੇ ਖਰੂਦ ਨਾਲ ਵੀ ਜੁੜਿਆ ਹੋਇਆ ਹੈ। ਮੰਡੀ ਦੇ ਪਾਰਖ਼ੂ ਕਹਿ ਚੁੱਕੇ ਹਨ ਕਿ ਜ਼ਿਆਦਾ ਸੋਚਣ ਵਾਲੇ ਬੰਦੇ ਚੰਗੇ ਖ਼ਪਤਕਾਰ ਨਹੀਂ ਹੁੰਦੇ। ਪੰਜਾਬੀ ਗਾਇਕੀ ਦਾ ਭਾਰੂ ਰੁਝਾਨ ਬੰਦੇ ਨੂੰ ਪਸ਼ੂਬਲ ਅਤੇ ਖਰੀਦ ਸ਼ਕਤੀ ਨਾਲ ਜੋੜ ਕੇ ਵੇਖਦਾ ਹੈ। ਮਨੁੱਖ ਨੂੰ ਸੋਚ ਅਤੇ ਅਹਿਸਾਸ ਤੋਂ ਨਿਖੇੜ ਕੇ ਵਿਆਹਾਂ ਵਰਗੀ ਸਮਾਜਿਕ ਰਸਮ ਉੱਤੇ ਬੰਦੂਕਾਂ ਅਤੇ ਜਿਸਮਾਂ ਦੇ ਗੀਤ ਗਾਉਣ ਦਾ ਰਾਹ ਇਸੇ ਸੋਚ ਨੇ ਪੱਧਰਾ ਕੀਤਾ ਹੈ। ਇਹ ਰੁਝਾਨ ਪੰਜਾਬੀਆਂ ਨੇ ਆਪਣੇ ਹੱਡੀਂ-ਹੰਢਾਇਆ ਹੈ; ਹੰਢਾਅ ਰਹੇ ਹਨ। ਸਭ ਤੋਂ ਘਾਤਕ ਮਾਰ ਪੰਜਾਬਣਾਂ ਨੂੰ ਪਈ ਹੈ। ਉਨ੍ਹਾਂ ਤੋਂ ਤਾਂ ਮਨੁੱਖ ਹੋਣ ਦਾ ਰੁਤਬਾ ਵੀ ਖੋਹ ਲਿਆ ਗਿਆ ਹੈ।
ਇਸ ਰੁਝਾਨ ਦੇ ਪਿਛੋਕੜ ਵਿੱਚ ਪੰਜਾਬ ਦੇ ਇਤਿਹਾਸ ਵਿੱਚੋਂ ਦੋ ਮਿਸਾਲਾਂ ਐਨ ਢੁਕਵੀਆਂ ਜਾਪਦੀਆਂ ਹਨ। ਗਿਆਨੀ ਦਿੱਤ ਸਿੰਘ ਅਤੇ ਬਲਰਾਜ ਸਾਹਨੀ ਪੰਜਾਬ ਦੇ ਚੇਤਨ ਮਨੁੱਖ ਹਨ। ਉਨ੍ਹਾਂ ਦੇ ਤਜਰਬੇ ਇਸ ਰੁਝਾਨ ਦੀਆਂ ਗੁੱਝੀਆਂ ਅਤੇ ਮਹੀਨ ਚੂਲਾਂ ਦੀ ਦੱਸ ਪਾਉਂਦੇ ਹਨ। ਬਲਰਾਜ ਸਾਹਨੀ 'ਯਾਦਾਂ ਦੀ ਕੰਨੀ' ਵਿੱਚ 1920ਵਿਆਂ ਦੇ ਸਮਾਜਿਕ ਹਾਲਾਤ ਦਾ ਵੇਰਵਾ ਦਰਜ ਕਰਦੇ ਹਨ। ਉਨ੍ਹਾਂ ਦੀ ਲਿਖਤ ਹੈ, "ਅਸ਼ਲੀਲਤਾ ਦਾ ਵੀ ਕੋਈ ਅੰਤ ਨਹੀਂ ਸੀ। ਸਮਾਜਿਕ ਜੀਵਨ ਅਨੇਕਾਂ ਪੁਸ਼ਤਾਂ ਪਛੜਿਆ ਹੋਇਆ ਸੀ। ਕਦੇ ਕਦੇ ਫਿਰਤੂ ਸਿਨਮੇ ਆਉਂਦੇ, ਕਨਾਤਾਂ ਲਾ ਕੇ ਖੇਡ ਵਿਖਾਂਦੇ। ਇਹ ਫ਼ਿਲਮਾਂ ਉਹ ਹੁੰਦੀਆਂ ਹਨ ਜਿਨ੍ਹਾਂ ਨੂੰ Blue Films (ਬਲੂ ਫ਼ਿਲਮਾਂ) ਆਖਿਆ ਜਾਂਦਾ ਹੈ। ਇੱਕ ਫ਼ਿਲਮ ਵਿੱਚ ਜਿਸ ਨੂੰ ਬੇਜ਼ਰਰ ਕਰਾਰ ਦੇ ਕੇ ਸਾਡੇ ਸਕੂਲ ਦੇ ਸਾਰੇ ਬੱਚਿਆਂ ਨੂੰ ਲਿਜਾਇਆ ਗਿਆ ਸੀ, ਹੀਰੋਇਨ ਸ਼ੁਰੂ ਤੋਂ ਅਖ਼ੀਰ ਤੱਕ ਅਲਫ਼ ਨੰਗੀ ਸੀ। ਬੁਲਾਰਾ ਜਿਹੜਾ ਪਰਦੇ ਕੋਲ ਇੱਕ ਮਚਾਨ ਉਤੇ ਖਲੋ ਕੇ ਫ਼ਿਲਮ ਦੀ ਕਹਾਣੀ ਬਿਆਨ ਕਰਦਾ ਸੀ (ਫ਼ਿਲਮਾਂ ਉਦੋਂ ਬੋਲਦੀਆਂ ਨਹੀਂ ਸਨ), ਸਾਡੇ ਮਾਸਟਰਾਂ ਨੂੰ ਚੁੱਪ ਕਰਾਣ ਲਈ ਕਹਿਣ ਲੱਗਿਆ- "ਸਾਹਿਬਾਨ, ਯਿਹ ਨੰਗੀ ਨਹੀਂ ਹੈ। ਇਸ ਨੇ ਜਾਦੂ ਕੀ ਪੋਸ਼ਾਕ ਪਹਿਨ ਰੱਖੀ ਹੈ।" ਅਗਲੇ ਪਹਿਰੇ ਵਿੱਚ ਬਲਰਾਜ ਸਾਹਨੀ ਲਿਖਦੇ ਹਨ ਕਿ ਉਨ੍ਹਾਂ ਫ਼ਿਲਮਾਂ ਵਿੱਚ 'ਇਸਤਰੀ ਪੁਰਸ਼ ਦੇ ਜਿਨਸੀ ਰਿਸ਼ਤੇ ਨੂੰ ਹੈਵਾਨੀਅਤ ਤੋਂ ਹੇਠਾਂ ਡੇਗ ਕੇ ਵਿਖਾਇਆ ਜਾ ਰਿਹਾ ਸੀ।' ਇਸ ਤੋਂ ਬਾਅਦ ਉਨ੍ਹਾਂ ਦੀ ਪੜਚੋਲ ਬਹੁਤ ਅਹਿਮ ਹੈ, "ਇਹੋ ਜਿਹੇ ਘਿਣੌਨੇ ਖੇਡ ਸਿਨਮਿਆਂ ਵਾਲੇ ਪਿੰਡੀ ਜਾਂ ਲਾਹੌਰ ਜਿਹੇ ਵੱਡੇ ਸ਼ਹਿਰਾਂ ਵਿੱਚ ਵਿਖਾਣ ਦੀ ਜੁਰਅਤ ਨਹੀਂ ਸਨ ਕਰ ਸਕਦੇ ਪਰ ਛੋਟੇ ਕਸਬਿਆਂ ਵਿੱਚ ਵਿਖਾਣ ਦੀ ਜੁਰਅਤ ਕਰ ਸਕਦੇ ਸਨ। ਦੇਸ਼ ਦੀ ਬਹੁ-ਸੰਖਿਆ ਪਿੰਡਾਂ ਤੇ ਕਸਬਿਆਂ ਵਿੱਚ ਵਸਦੀ ਸੀ। ਇਹਨੂੰ ਦਿਨੋਂ ਦਿਨ ਜਹਾਲਤ, ਕੁਕਰਮ ਅਤੇ ਬਰਬਰਤਾ ਦੇ ਖੱਡੇ ਵਿੱਚ ਡੇਗੀ ਰੱਖਣਾ ਬਿਦੇਸ਼ੀ ਹਕੂਮਤ, ਉਸ ਦੇ ਗੁਰਗਿਆਂ ਅਤੇ ਪੈਸੇ ਦੇ ਪੀਰਾਂ ਲਈ ਰੱਜ ਰੱਜ ਕੇ ਲਾਭਵੰਦ ਸੀ।" ਪੰਜਾਬੀ ਗਾਇਕੀ ਦੇ ਮੌਜੂਦਾ ਰੁਝਾਨ ਨੂੰ ਸਮਝਣ ਲਈ ਬਲਰਾਜ ਸਾਹਨੀ ਦਾ ਪੜਚੋਲੀਆ ਮੰਤਰ ਬਹੁਤ ਅਹਿਮ ਹੈ। ਇਸੇ ਮੰਤਰ ਦੀ ਤਫ਼ਸੀਲ ਉਨ੍ਹਾਂ ਨੇ 'ਮੇਰਾ ਫ਼ਿਲਮੀ ਸਫ਼ਰਨਾਮਾ' ਵਿੱਚ ਲਿਖੀ ਹੈ।
ਦੂਜੀ ਮਿਸਾਲ ਇਸ ਰੁਝਾਨ ਦੀਆਂ ਹੋਰ ਪੁਰਾਣੀਆਂ ਜੜ੍ਹਾਂ ਬੇਪਰਦ ਕਰਦੀ ਹੈ। ਪਹਿਲੀ ਮਈ 1893 ਨੂੰ ਗਿਆਨੀ ਦਿਤ ਸਿੰਘ 'ਖ਼ਾਲਸਾ ਅਖ਼ਬਾਰ ਲਾਹੌਰ' ਦੇ ਪਲੇਠੇ ਅੰਕ ਦੀ ਸੰਪਾਦਕੀ ਵਿੱਚ ਅਖ਼ਬਾਰ ਦੀ ਅਹਿਮੀਅਤ ਬਾਬਤ ਲਿਖਦੇ ਹਨ, "ਦੇਸ਼ ਦੇਸ਼ਾਂਤਰਾਂ ਦੀਆਂ ਨਵੀਆਂ ਖ਼ਬਰਾਂ ਅਪਨੇ ਪਾਠਕਾਂ ਨੂੰ ਦੇਣੀਆਂ ਅਤੇ ਜੋ ਮਹਾਤਮਾ ਧਰਮ ਸੰਬੰਧੀ ਯਾ ਦੇਸ਼ ਉਪਕਾਰਕ ਖ਼ਬਰਾਂ ਯਾ ਮਜਮੂਨ ਭੇਜੇ, ਉਸ ਨੂੰ ਯੋਗ ਸਮਝ ਕਰ ਲਿਖਣਾ, ਪਾਖੰਡ ਪਾਜ ਤੇ ਸਦਾ ਹੀ ਪਾਠਕਾਂ ਨੂੰ ਬਚਾਉਣਾ।" ਪੰਜਾਬੀ ਦਾ ਪਹਿਲਾ ਅਖ਼ਬਾਰ ਸ਼ੁਰੂ ਕਰਨ ਵੇਲੇ ਸੰਪਾਦਕੀ ਵਿੱਚ ਅਜਿਹਾ ਲਿਖਣ ਦੀ ਲੋੜ ਕਿਉਂ ਪਈ? ਉਸ ਵੇਲੇ ਤੱਕ ਜ਼ਿਆਦਾਤਰ ਅਖ਼ਬਾਰ ਅੰਗਰੇਜ਼ ਬਸਤਾਨਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਨ ਜਿਨ੍ਹਾਂ ਦਾ ਅਹਿਮ ਕੰਮ ਪਾਠਕਾਂ ਨੂੰ 'ਪਾਖੰਡ ਪਾਜ' ਵਿੱਚ ਉਲਝਾ ਕੇ ਅੰਗਰੇਜ਼ੀ ਰਾਜ ਦੀ ਬਰਕਤਾਂ ਵਿੱਚ ਵਾਧਾ ਕਰਨਾ ਸੀ। ਉਸ ਵੇਲੇ ਤੱਕ ਅਖ਼ਬਾਰ ਲੋਕਾਂ ਨਾਲ ਰਾਬਤੇ ਦਾ ਅਹਿਮ ਹਰਕਾਰਾ ਸੀ। ਸੰਨ 1905 ਵਿੱਚ ਪੰਜਾਬੀ ਗੀਤਾਂ ਦਾ ਪਹਿਲਾਂ ਤਵਾ ਆਇਆ। ਇਸ ਤੋਂ ਛੇ ਸਾਲ ਬਾਅਦ ਭਾਰਤ ਦੀ ਪਹਿਲੀ ਫ਼ਿਲਮ ਬਣੀ ਅਤੇ 1931 ਵਿੱਚ ਬੋਲਣ ਵਾਲੀ ਪਹਿਲੀ ਭਾਰਤੀ ਫ਼ਿਲਮ ਬਣੀ। ਇਸ ਤੋਂ ਪਹਿਲਾਂ 1919 ਵਿੱਚ ਹੀ ਅੰਗਰੇਜ਼ ਬਸਤਾਨਾਂ ਨੇ ਫ਼ਿਲਮਾਂ ਰਾਹੀਂ ਆਪਣੇ ਰਾਜ ਦੀਆਂ 'ਬਰਕਤਾਂ' ਦਾ ਪ੍ਰਚਾਰ ਕਰਨ ਲਈ ਸੈਂਸਰ ਬੋਰਡ ਬਣਾ ਦਿੱਤਾ ਸੀ। ਇਸ ਬੋਰਡ ਰਾਹੀਂ ਸਾਮਰਾਜ ਉੱਤੇ ਸਵਾਲ ਕਰਦੀਆਂ ਫ਼ਿਲਮਾਂ ਉੱਤੇ ਪਾਬੰਦੀਆਂ ਲਗਾਉਣ ਦੀਆਂ ਪੇਸ਼ਬੰਦੀਆਂ ਕੀਤੀਆਂ ਗਈਆਂ ਸਨ ਪਰ ਲੋਕਾਂ ਨੂੰ ਅਸ਼ਲੀਲਤਾ ਰਾਹੀਂ ਸੀਲ ਕਰਨ ਵਾਲੀਆਂ ਫ਼ਿਲਮਾਂ ਗ਼ੈਰ-ਕਾਨੂੰਨੀ ਹੋਣ ਦੇ ਬਾਵਜੂਦ ਪਰਦਾਪੇਸ਼ ਹੁੰਦੀਆਂ ਸਨ। ਇਨ੍ਹਾਂ ਦਾ ਜ਼ਿਕਰ ਬਲਰਾਜ ਸਾਹਨੀ ਕਰਦੇ ਹਨ। ਗਿਆਨੀ ਦਿੱਤ ਸਿੰਘ ਦੀ ਲੋਕਾਂ ਨੂੰ 'ਪਾਖੰਡ ਪਾਜ' ਤੋਂ ਬਚਾਉਣ ਦੀ ਸਲਾਹੁਣੀ ਬਲਰਾਜ ਸਾਹਨੀ ਦੇ ਦੱਸੇ 'ਪੈਸੇ ਦੇ ਪੀਰਾਂ' ਨੂੰ ਹਮੇਸ਼ਾ ਨਾਖ਼ੁਸ਼ਗਵਾਰ ਗੁਜ਼ਰੀ ਹੈ।
ਬਲਰਾਜ ਸਾਹਨੀ ਦੀ ਪੜਚੋਲ ਮੁਤਾਬਕ ਹੀ ਤਾਂ ਪੰਜਾਬੀ ਗਾਇਕ ਪੰਜਾਬ ਨੂੰ ਜਾਹਲ ਅਤੇ ਬਰਬਰ ਕਰਨ ਵਿੱਚ ਹਿੱਸਾ ਪਾ ਰਹੇ ਹਨ। ਇਸ ਜਹਾਲਤ ਅਤੇ ਬਰਬਰਤਾ ਦੀ ਕਰੂਰ ਗਾਜ ਬੀਬੀਆਂ, ਬੱਚਿਆਂ ਅਤੇ ਬਜ਼ੁਰਗਾਂ ਦੇ ਨਾਲ-ਨਾਲ ਦੱਬੇ-ਕੁਚਲੇ ਤਬਕਿਆਂ ਉੱਤੇ ਗਿਰ ਰਹੀ ਹੈ। ਇਨ੍ਹਾਂ 'ਅਤਿ ਦੇ ਸ਼ਿਕਾਰੀਆਂ' ਦੇ ਸੱਭਿਆਚਾਰਕ ਰਾਜ ਵਿੱਚ ਬੱਚਿਆਂ ਦੀ ਮਾਸੂਮੀਅਤ, ਬੀਬੀਆਂ ਦੀ ਇੱਜ਼ਤ, ਬਜ਼ੁਰਗਾਂ ਦਾ ਸਤਿਕਾਰ, ਨੌਜਵਾਨਾਂ ਦੇ ਅਹਿਸਾਸ ਅਤੇ ਵਿਦਿਆਰਥੀਆਂ ਹੱਥ ਕਿਤਾਬਾਂ ਮਹਿਫ਼ੂਜ਼ ਨਹੀਂ ਹਨ। ਅਜਿਹਾ ਸਮਾਜ ਅਰਦਾਸਾਂ ਨਾਲ ਤਾਂ ਵਿਸਾਹਦਾਨ, ਵਿਵੇਕਦਾਨ ਅਤੇ ਭਰੋਸਾਦਾਨ ਨਾਲ ਵਰੋਸਾਇਆ ਨਹੀਂ ਜਾ ਸਕਦਾ। ਅਜਿਹੇ ਸਮਾਜ ਵਿੱਚ ਮੌਜੂਦਾ ਸਿਆਸਤਦਾਨ ਜ਼ਰੂਰ ਬੇਫ਼ਿਕਰ ਹੋ ਸਕਦੇ ਹਨ। ਉਹ ਅਵਾਮ ਤੋਂ ਫੌਰੀ ਟੁੱਕੜਾਂ ਰਾਹੀਂ ਵੋਟਾਂ ਖਰੀਦ ਸਕਦੇ ਹਨ ਅਤੇ ਚਿਰਕਾਲੀ ਮਸਲੇ ਠੰਢੇ ਬਸਤਿਆਂ ਵਿੱਚ ਪਾ ਕੇ ਭੁੱਲ ਸਕਦੇ ਹਨ। ਸਿਆਸਤਦਾਨਾਂ ਦੇ ਅੰਧਰਾਤੇ ਦਾ ਅੰਦਾਜ਼ਾ ਤਾਂ ਉਨ੍ਹਾਂ ਦੇ ਸਭ ਤੋਂ ਵੱਡੇ ਵਾਅਦੇ ਤੋਂ ਹੋ ਜਾਂਦਾ ਹੈ। ਕਪਤਾਨਕੇ ਬਾਦਲਕਿਆਂ ਦੀਆਂ ਬੱਸਾਂ ਬੰਦ ਕਰਨ ਦਾ ਵਾਅਦਾ ਕਰ ਰਹੇ ਹਨ। ਬਾਦਲਕੇ ਪੂਰਾ ਜ਼ੋਰ ਲਗਾ ਕੇ 'ਪੱਚੀ ਸਾਲ ਰਾਜ ਕਰਨ' ਦਾ ਸੁਫ਼ਨਾ ਦੇਖ ਸਕਦੇ ਹਨ। ਇਨ੍ਹਾਂ ਨੇ ਅੰਗਰੇਜ਼ ਬਸਤਾਨਾਂ ਦੀਆਂ ਬਲੂ ਫ਼ਿਲਮਾਂ ਦੀ ਤਰਜ਼ ਉੱਤੇ ਦਿਲਜੀਤਾਂ, ਬੱਬੂਆਂ, ਪੰਮੀਆਂ, ਹਨੀਆਂ, ਪੂਜਾਵਾਂ, ਹਰਭਜਨਾਂ, ਮਨਮੋਹਣਾਂ, ਜ਼ਿੰਮੀਆਂ, ਗਿੱਪੀਆਂ, ਜ਼ੈਲਦਾਰਾਂ, ਜ਼ੈਜੀਆਂ ਅਤੇ ਮੀਕਿਆਂ ਦੀ ਹੇੜ੍ਹ ਬੇਮੁਹਾਰ ਕੀਤੀ ਹੋਈ ਹੈ।
ਇਸੇ ਹਵਾਲੇ ਨਾਲ ਦਿੱਲੀ ਪੁਲੀਸ ਦਾ ਇਸ਼ਤਿਹਾਰ ਨਜ਼ਰਸਾਨੀ ਦੀ ਮੰਗ ਕਰਦਾ ਹੈ। ਹੁਣ ਤੱਕ ਪਰਵਾਸੀਆਂ ਅਤੇ ਗ਼ਰੀਬ ਬੰਦੇ ਨੂੰ ਅਪਰਾਧ ਨਾਲ ਜੋੜਨ ਦੀਆਂ ਮੁਹਿੰਮਾਂ ਵਿੱਚ ਬੁਨਿਆਦਪ੍ਰਸਤ ਅਤੇ ਪੁਲਿਸ ਪ੍ਰਸ਼ਾਸਨ ਮੋਹਰੀ ਰਹੇ ਹਨ। ਅਪਰਾਧ ਬਾਬਤ ਹੋਏ ਅਧਿਐਨ ਸਾਬਤ ਕਰਦੇ ਹਨ ਕਿ ਅਪਰਾਧੀ ਹਰ ਤਬਕੇ ਵਿੱਚੋਂ ਹੋ ਸਕਦੇ ਹਨ। ਦਿੱਲੀ ਵਰਗੇ ਸ਼ਹਿਰ ਦੇ ਜ਼ਿਆਦਾਤਰ ਬਦਨਾਮ ਅਤੇ ਖ਼ੌਫ਼ਨਾਕ ਮਾਮਲਿਆਂ ਵਿੱਚ ਸਫ਼ੈਦਪੋਸ਼ ਤਬਕੇ ਦੇ ਸਰਦੇ-ਪੁੱਜਦੇ ਅਤੇ ਅਸਰ-ਰਸੂਖ਼ ਵਾਲੇ ਬੰਦਿਆਂ ਲਈ ਮੁਲਜ਼ਮਾਂ ਤੋਂ ਮੁਜਰਮਾਂ ਤੱਕ ਦਾ ਸਫ਼ਰ ਬਹੁਤ ਲੰਮਾ ਸਾਬਤ ਹੋਇਆ ਹੈ। ਗ਼ਰੀਬ ਤਬਕੇ ਦੇ ਮੁਲਜ਼ਮਾਂ ਦਾ ਪੁਲੀਸ ਤਸ਼ੱਦਦ ਤੋਂ ਬਾਅਦ ਬੇਕਸੂਰ ਸਾਬਤ ਹੋਣਾ ਹਮੇਸ਼ਾਂ ਅਖ਼ਬਾਰਾਂ ਦੀ ਕੰਨੀਆਂ ਵਿੱਚ ਸਮਾ ਜਾਂਦਾ ਹੈ ਅਤੇ ਟੈਲੀਵਿਜ਼ਨ ਉੱਤੇ ਇਨ੍ਹਾਂ ਦੀ ਬੇਕਸੂਰੀ ਨੂੰ ਖ਼ਬਰ ਹੋਣ ਦਾ ਰੁਤਬਾ ਨਹੀਂ ਮਿਲਦਾ। ਸ਼ਹਿਰਾਂ ਵਿੱਚ ਘਰੇਲੂ ਨੌਕਰਾਂ ਦੀਆਂ ਜਥੇਬੰਦੀਆਂ ਨੇ ਵਾਰ-ਵਾਰ ਜਿਨਸੀ ਸੋਸ਼ਣ, ਬਾਲ-ਮਜ਼ਦੂਰੀ, ਬੰਧੂਆ-ਮਜ਼ਦੂਰੀ ਅਤੇ ਘੱਟ-ਮਜ਼ਦੂਰੀ ਦਾ ਮੁੱਦਾ ਉਭਾਰਿਆ ਹੈ। ਇਸ ਤੋਂ ਇਲਾਵਾ ਬਦਕਲਾਮੀ ਅਤੇ ਬਦਸਲੂਕੀ ਅਖ਼ਬਾਰਾਂ ਦਾ ਨਹੀਂ ਪਰ ਗ਼ਲੀਆਂ-ਮੁਹੱਲਿਆਂ ਦੀ ਲੋਕਧਾਰਾ ਦਾ ਹਿੱਸਾ ਜ਼ਰੂਰ ਬਣੀਆਂ ਹਨ। ਇਹ ਤਬਕਾ ਆਪਣੀ ਬਣਦੀ ਮਜ਼ਦੂਰੀ, ਸ਼ਹਿਰੀ ਹਕੂਕ, ਮਨੁੱਖੀ ਸਤਿਕਾਰ ਅਤੇ ਸੰਵਿਧਾਨਕ ਅਖ਼ਤਿਆਰਾਂ ਦੀ ਗੱਲ ਨਹੀਂ ਕਰ ਸਕਿਆ। ਦਿੱਲੀ ਪੁਲੀਸ ਇਨ੍ਹਾਂ ਬਾਬਤ ਇਸ਼ਤਿਹਾਰ ਦਿੰਦੀ ਹੈ ਕਿ 'ਤੁਹਾਡਾ ਘਰੇਲੂ ਨੌਕਰ ਅਪਰਾਧੀ ਹੋ ਸਕਦਾ ਹੈ।'
ਇਹ ਸਵਾਲ ਪੁੱਛਿਆ ਜਾ ਸਕਦਾ ਹੈ ਕਿ ਘਰੇਲੂ ਨੌਕਰਾਂ ਦੀ ਤਫ਼ਸੀਲ ਪੁਲੀਸ ਕੋਲ ਦਰਜ ਕਰਵਾਉਣ ਵਿੱਚ ਕੀ ਗ਼ਲਤ ਹੈ? ਕੁਝ ਵੀ ਗ਼ਲਤ ਨਹੀਂ ਹੈ। ਸਵਾਲ ਗ਼ਰੀਬ ਤਬਕੇ ਨੂੰ ਜਾਹਲ ਅਤੇ ਬਰਬਰ ਕਰਾਰ ਦੇਣ ਦੀ ਕਾਨੂੰਨੀ ਮਾਨਤਾ ਨਾਲ ਜੁੜਿਆ ਹੋਇਆ ਹੈ। ਜੇ ਇਸਤਰੀ ਭਲਾਈ ਮਹਿਕਮਾ ਇਸ਼ਤਿਹਾਰ ਦੇਵੇ ਕਿ 'ਤੁਹਾਡਾ ਮਾਲਕ ਬਲਾਤਕਾਰੀ ਹੋ ਸਕਦਾ ਹੈ।' ਜੇ ਬਾਲ ਭਲਾਈ ਮਹਿਕਮਾ ਇਸ਼ਤਿਹਾਰ ਦੇਵੇ ਕਿ 'ਤੁਹਾਡਾ ਮਾਲਕ ਬਦਫੈਲੀ ਕਰ ਸਕਦਾ ਹੈ।' ਜੇ ਕਿਰਤ ਮਹਿਕਮਾ ਇਸ਼ਤਿਹਾਰ ਦੇਵੇ ਕਿ 'ਤੁਹਾਡਾ ਮਾਲਕ ਵਾਅਦਾ ਕਰਕੇ ਮਜ਼ਦੂਰੀ ਦੇਣ ਤੋਂ ਮੁੱਕਰ ਸਕਦਾ ਹੈ।' ਬਲਾਤਕਾਰ, ਬਦਫੈਲੀ ਅਤੇ ਲੁੱਟ ਤੋਂ ਬਚਣ ਲਈ ਆਪਣੇ ਮਾਲਕ ਸਮੇਤ ਆਪਣੀ ਤਫ਼ਸੀਲ ਮਹਿਕਮੇ ਕੋਲ ਦਰਜ ਕਰਵਾਓ। ਬਲਾਤਕਾਰ, ਬਦਫੈਲੀ ਅਤੇ ਲੁੱਟ ਬਾਬਤ ਅੰਕੜੇ ਭਾਵੇਂ ਇਹ ਕਹਿਣ ਕਿ ਅਮੀਰ ਜਾਂ ਮੌਜੂਦਾ ਨਿਜ਼ਾਮ ਵਿੱਚ ਅਸਰ-ਰਸੂਖ਼ ਵਾਲਾ ਤਬਕਾ ਜ਼ਿਆਦਾ ਕਸੂਰਵਾਰ ਹੈ ਪਰ ਅਜਿਹਾ ਇਸ਼ਤਿਹਾਰ ਦੇਖਣ ਨੂੰ ਨਹੀਂ ਮਿਲੇਗਾ। ਇਸ ਦਲੀਲ ਦਾ ਇੱਕ ਪਾਸਾ ਤਾਂ ਇਹ ਹੈ ਕਿ ਇਸ਼ਤਿਹਾਰ ਦੇਣ ਵਾਲੇ ਆਪਣੇ ਤਬਕੇ ਦਾ ਖਿਆਲ ਰੱਖਦੇ ਹਨ। ਦੂਜਾ ਪਾਸਾ ਇਹ ਹੈ ਕਿ ਅਜਿਹਾ ਇਸ਼ਤਿਹਾਰ ਫੌਰੀ ਨਿੰਦਾ ਨੂੰ ਸੱਦਾ ਦੇਵੇਗਾ। ਦਲੀਲ ਇਹ ਹੋਵੇਗੀ ਕਿ ਕਾਲੀਆਂ ਭੇਡਾਂ ਕਾਰਨ ਸਮੁੱਚੇ ਤਬਕੇ ਨੂੰ ਕਸੂਰਵਾਰ ਕਿਵੇਂ ਗਰਦਾਨਿਆ ਜਾ ਸਕਦਾ ਹੈ। ਦਲੀਲ ਤਾਂ ਠੀਕ ਹੈ ਪਰ ਇਹ ਗ਼ਰੀਬ ਤਬਕੇ ਬਾਬਤ ਲਾਗੂ ਕਿਉਂ ਨਹੀਂ ਹੁੰਦੀ? ਦਰਅਸਲ, ਉਸ ਤਬਕੇ ਵਿੱਚੋਂ ਇਹ ਦਲੀਲ ਦੇਣ ਵਾਲਾ ਕੋਈ ਨਹੀਂ। ਉਨ੍ਹਾਂ ਦੀ ਨੁਮਾਇੰਦਗੀ ਕਰਨ ਵਾਲਿਆਂ ਨੂੰ 'ਸਨਕੀ' ਕਰਾਰ ਦੇਣ ਦਾ ਰਿਵਾਜ਼ ਮੌਜੂਦਾ ਨਿਜ਼ਾਮ ਦਾ ਖ਼ਾਸਾ ਹੈ। ਇਸ ਕਾਰਨ ਗ਼ਰੀਬ ਤਬਕੇ ਦਾ ਅਪਰਾਧੀਕਰਨ ਇਤਰਾਜ਼ਗੋਚਰਾ ਨਹੀਂ ਹੈ ਅਤੇ ਪੁਲਿਸ ਇਸ਼ਤਿਹਾਰ ਵਿੱਚ ਘਰੇਲੂ ਨੌਕਰਾਂ ਨੂੰ ਅਪਰਾਧੀ ਕਹਿੰਦੀ ਹੈ ਅਤੇ ਸ਼ਹਿਰੀਆਂ ਦੀ 'ਜ਼ਹਿਨੀ ਔਖ' ਆਵਾਜ਼ ਦਾ ਰੂਪ ਅਖ਼ਤਿਆਰ ਨਹੀਂ ਕਰਦੀ। ਨਤੀਜੇ ਵਜੋਂ ਗਾਇਕ ਕਹਿ ਸਕਦੇ ਹਨ ਕਿ ਲੋਕ ਇਹੋ ਜਿਹੇ ਗੀਤ ਸੁਣਨਾ ਚਾਹੁੰਦੇ ਹਨ ਅਤੇ ਪੁਲਿਸ ਕਹਿ ਸਕਦੀ ਹੈ ਕਿ ਅਸੀਂ ਲੋਕ ਰਾਏ ਦੀ ਤਰਜ਼ਮਾਨੀ ਕਰਦਾ ਇਸ਼ਤਿਹਾਰ ਦਿੱਤਾ ਹੈ।
'ਭਾਰਤ ਰਤਨ' ਦੇ ਘੇਰੇ ਵਿੱਚ ਖਿਡਾਰੀਆਂ ਨੂੰ ਲਿਆਂਦੇ ਜਾਣ ਦੀ ਮੁਹਿੰਮ ਇਸੇ ਲੜੀ ਦੀ ਬਾਰੀਕ ਕੜੀ ਹੈ। 'ਭਾਰਤ ਰਤਨ' ਦਾ ਘੇਰਾ ਲੋਕ ਹਿੱਤਾਂ ਲਈ ਸੰਘਰਸ਼ ਅਤੇ ਕਲਾ ਤੱਕ ਮਹਿਦੂਦ ਰਿਹਾ ਹੈ। ਪਹਿਲਾਂ ਜਵਾਹਰਲਾਲ ਨਹਿਰੂ ਅਤੇ ਬਾਅਦ ਵਿੱਚ ਉਸ ਦੀ ਧੀ ਇੰਦਰਾ ਗਾਂਧੀ ਨੇ ਬਤੌਰ ਪ੍ਰਧਾਨ ਮੰਤਰੀ 'ਭਾਰਤ ਰਤਨ' ਹਾਸਿਲ ਕੀਤੇ। ਆਪੇ ਦੇਣ ਵਾਲੇ ਅਤੇ ਆਪੇ ਲੈਣ ਵਾਲੇ! ਅਜਿਹੇ ਲੈਣ-ਦੇਣ ਵਿੱਚ ਕੋਈ ਵੀ ਖਿਤਾਬ ਸਨਮਾਨ ਕਿਵੇਂ ਹੋ ਸਕਦਾ ਹੈ? ਇਸ ਤੋਂ ਬਾਅਦ ਕਾਂਗਰਸ ਦੀ ਹਮਾਇਤ ਨਾਲ ਪ੍ਰਧਾਨ ਮੰਤਰੀ ਬਣਨ ਦਾ ਸੁਫ਼ਨਾ ਪੂਰਾ ਕਰਨ ਵਾਲੇ ਚੰਦਰਸ਼ੇਖਰ ਨੇ ਨਹਿਰੂ ਦੇ ਦੋਹਤੇ ਰਾਜੀਵ ਗਾਂਧੀ ਨੂੰ ਮੌਤ ਤੋਂ ਬਾਅਦ 'ਭਾਰਤ ਰਤਨ' ਦੇ ਦਿੱਤਾ। ਖੇਡਾਂ ਦੇ ਮੈਦਾਨ ਵਿੱਚੋਂ ਹਿਟਲਰ ਦੀ 'ਖ਼ਾਲਸ ਨਸਲ' ਦੀ ਧਾਰਨਾ ਦਾ ਭੋਗ ਪਾਉਣ ਵਾਲੇ ਧਿਆਨ ਚੰਦ ਨੇ ਉਸ ਦੀ ਕਰਨੈਲ ਬਣਾਉਣ ਦੀ ਪੇਸ਼ਕਸ਼ ਕਬੂਲ ਨਹੀਂ ਕੀਤੀ। ਭਾਰਤ ਦੇ ਝੰਡੇ ਨਾਲ ਆਜ਼ਾਦੀ ਤੋਂ ਪਹਿਲਾਂ ਮੁਲਕ ਦੀ ਨੁਮਾਇੰਦਗੀ ਕਰਨ ਵਾਲੇ ਧਿਆਨ ਚੰਦ ਲਈ ਕੁਝ ਸਾਲ ਪਹਿਲਾਂ ਤੱਕ 'ਭਾਰਤ ਰਤਨ' ਦੀ ਕੋਈ ਮੰਗ ਨਹੀਂ ਹੋਈ ਸੀ। ਹੁਣ ਸਚਿਨ ਤੇਂਦੁਲਕਰ ਦਾ ਰਾਹ ਪੱਧਰਾ ਕਰਨ ਲਈ ਧਿਆਨ ਚੰਦ ਲਈ ਵੀ 'ਭਾਰਤ ਰਤਨ' ਦੀ ਵਕਾਲਤ ਕੀਤੀ ਜਾ ਸਕਦੀ ਹੈ। ਸਚਿਨ ਤੇਂਦੁਲਕਰ ਦੀ ਦੌੜਾਂ ਅਤੇ ਸੈਂਕੜਿਆਂ ਤੋਂ ਇਲਾਵਾ ਕੀ ਪਛਾਣ ਹੈ? ਇਸ ਪਛਾਣ ਦਾ ਮੁਲਕ ਨੂੰ ਕੀ ਫਾਇਦਾ ਹੈ? ਉਹਦੇ ਰਾਹੀਂ ਮੰਡੀਮੁਖੀ ਮਕਬੂਲੀਅਤ ਨੂੰ ਕਲਾ, ਸਾਹਿਤ ਅਤੇ ਸੱਭਿਆਚਾਰ ਦੇ ਬਰਾਬਰ ਮਾਨਤਾ ਦੇਣ ਦੀ ਤਿਆਰੀ ਚੱਲ ਰਹੀ ਹੈ। ਇਸ ਮਾਮਲੇ ਦੀ ਅਹਿਮੀਅਤ ਬਾਬਤ 'ਜਨਸੱਤਾ' ਵਿੱਚ ਪੁਨਿਆ ਪ੍ਰਸੂਨ ਵਾਜਪੇਯੀ ਨੇ ਲਿਖਿਆ ਹੈ, "ਜੇ ਮਨਮੋਹਨ ਸਿੰਘ ਦਾ ਮਤਲਬ ਭਾਰਤ ਨੂੰ ਆਰਥਿਕ ਸੁਧਾਰਾਂ ਰਾਹੀਂ ਮੰਡੀ ਵਿੱਚ ਤਬਦੀਲ ਕਰਨਾ ਹੈ ਤਾਂ ਸਚਿਨ ਤੇਂਦੁਲਕਰ ਉਸ ਮੰਡੀ ਦਾ ਸਭ ਤੋਂ ਢੁਕਵਾਂ ਚਿਹਰਾ ਹੈ।" ਇਸ ਵੇਲੇ ਸਚਿਨ ਤੇਂਦੁਲਕਰ 27 ਵਸਤਾਂ ਦੀ ਇਸ਼ਤਿਹਾਰਬਾਜ਼ੀ ਕਰਦਾ ਹੈ। ਇਨ੍ਹਾਂ ਵਸਤਾਂ ਨਾਲ ਜੁੜੇ ਕਾਰੋਬਾਰ ਦਾ ਜਮ੍ਹਾਂ-ਜੋੜ ਤੀਹ ਲੱਖ ਕਰੋੜ ਰੁਪਏ ਬਣਦਾ ਹੈ। ਉਸ ਨੇ ਕ੍ਰਿਕਟ ਦੇ ਮੈਦਾਨ ਵਿੱਚੋਂ ਕਮਾਈ ਪਛਾਣ ਨੂੰ ਇਸ਼ਤਿਹਾਰਬਾਜ਼ੀ ਰਾਹੀਂ ਪੈਸਾ ਕਮਾਉਣ ਲਈ ਵਰਤਿਆ ਹੈ। ਇਨ੍ਹਾਂ ਵਿੱਚੋਂ ਨੌ ਵਸਤਾਂ ਵਿਦੇਸ਼ੀ ਹਨ ਅਤੇ ਬਾਕੀਆਂ ਦੀ ਅਹਿਮੀਅਤ ਖ਼ਪਤਕਾਰੀ ਮਾਹੌਲ ਵਿੱਚੋਂ ਮੁਨਾਫ਼ਾ ਕਮਾਉਣ ਤੋਂ ਜ਼ਿਆਦਾ ਨਹੀਂ ਹੈ। ਪ੍ਰਸੂਨ ਵਾਜਪੇਯੀ ਨੇ ਅੱਗੇ ਲਿਖਿਆ ਹੈ, "ਇਸ ਵਿੱਚ ਸਚਿਨ ਤੇਂਦੁਲਕਰ ਦਾ ਕਸੂਰ ਨਹੀਂ ਹੈ। ਜੇ ਇਸ ਦੌਰ ਵਿੱਚ ਮੁਲਕ ਹੋਣ ਦਾ ਮਤਲਬ ਹੀ ਮੰਡੀ ਹੈ, ਜੇ ਵਿਕਾਸ ਦਾ ਮਤਲਬ ਹੀ ਸ਼ੇਅਰ ਬਾਜ਼ਾਰ ਅਤੇ ਕਾਰੋਪੋਰੇਟੀ ਸਨਅਤੀ ਵਿਕਾਸ ਦਰ ਦਾ ਉਛਾਲ ਹੈ ਤਾਂ ਬਤੌਰ ਸ਼ਹਿਰੀ ਕਿਸੇ ਸਚਿਨ ਤੇਂਦੁਲਕਰ ਦੀ ਕੀ ਅਹਿਮੀਅਤ ਹੈ?" ਮੌਜੂਦਾ ਨਿਜ਼ਾਮ ਕਿਸੇ ਬੰਦੇ ਦੀ ਪ੍ਰਾਪਤੀ ਨੂੰ ਬਤੌਰ ਸ਼ਹਿਰੀ ਨਹੀਂ ਸਗੋਂ ਬਤੌਰ ਖ਼ਪਤਕਾਰ ਵੇਖਦਾ ਹੈ। ਸਚਿਨ ਮੌਜੂਦਾ ਖ਼ਪਤਕਾਰੀ ਦੌਰ ਦਾ ਭੋਗ ਹੋਣ ਦੇ ਨਾਲ ਭੁਗਤ ਵੀ ਹੈ। ਉਸ ਰਾਹੀਂ ਨਿਜ਼ਾਮ ਦਾ ਖ਼ਾਸਾ ਪਰੋਸਣਯੋਗ ਬਣਾਇਆ ਜਾ ਰਿਹਾ ਹੈ। ਜਵਾਹਰਲਾਲ ਨਹਿਰੂ ਅਤੇ ਇੰਦਰਾ ਗਾਂਧੀ ਦੀ ਤਰਜ਼ ਉੱਤੇ ਮਨਮੋਹਨ ਸਿੰਘ ਆਪਣਾ ਸਨਮਾਨ ਸਚਿਨ ਤੇਂਦੁਲਕਰ ਨੂੰ 'ਭਾਰਤ ਰਤਨ' ਦੇ ਕੇ ਕਰਨ ਲਈ ਰਾਹ ਪੱਧਰਾ ਕਰ ਰਹੇ ਹਨ। ਲਗਾਤਾਰ ਪਸਰ ਰਹੇ ਆਪਹੁਦਰੇਪਣ, ਸਮਾਜਿਕ ਨਾਬਰਾਬਰੀ ਅਤੇ ਨਾਇਨਸਾਫ਼ੀ ਨੂੰ ਦਰਕਿਨਾਰ ਕਰ ਕੇ ਖੁੱਲ੍ਹੀ ਮੰਡੀ ਨੂੰ 'ਭਾਰਤ ਰਤਨ' ਦੇਣ ਦੀ ਤਿਆਰੀ ਹੈ। ਲੈਣ ਤੇਂਦੁਲਕਰ ਜਾ ਸਕਦਾ ਹੈ।
ਇਸ ਰੁਝਾਨ ਵਿੱਚੋਂ ਹੀ ਇਸਤਰੀ ਜਾਗਰਿਤੀ ਮੰਚ ਦੇ ਪੋਸਟਰ ਉੱਤੇ ਛਪੀਆਂ ਤਸਵੀਰਾਂ, ਕਵਿਤਾ ਅਤੇ ਨਾਅਰਿਆਂ ਦੀ ਅਹਿਮੀਅਤ ਸਮਝ ਵਿੱਚ ਆਉਂਦੀ ਹੈ। ਸਮਾਜ ਨੂੰ ਬੌਂਗਾ ਬਣਾਉਣ ਲਈ ਤੁਲੇ 'ਸੱਭਿਆਚਾਰ' ਦੀਆਂ ਜੜ੍ਹਾਂ ਕਲਾ ਰਾਹੀਂ ਫੈਲਦੀ ਲੱਚਰਤਾ, ਰਾਜਤੰਤਰ ਰਾਹੀਂ ਪ੍ਰਵਾਨ ਚੜ੍ਹ ਰਹੇ ਗ਼ਰੀਬ ਤਬਕੇ ਦੇ ਅਪਰਾਧੀਕਰਨ ਅਤੇ ਕਾਰੋਪੋਰੇਟ ਦੇ ਖ਼ਪਤਕਾਰੀ ਰੁਝਾਨ ਨਾਲ ਜੁੜੀਆਂ ਹੋਈਆਂ ਹਨ। ਮੌਜੂਦਾ ਦੌਰ ਵਿੱਚ ਖੁੱਲ੍ਹੀ ਮੰਡੀ ਦੀ ਚਮਕ-ਦਮਕ, 'ਵਰਚੂਅਲ' ਬੌਧਿਕਤਾ ਦੀ ਬੇਮੁਹਾਰ ਬਹਿਸ, ਰਾਜਤੰਤਰ ਦੇ ਤਸ਼ੱਦਦ ਅਤੇ ਬੰਦੇ ਨੂੰ ਬੌਂਗਾ ਬਣਾਉਣ ਲਈ ਸ਼ਿੰਗਾਰ ਰਹੇ ਰੁਝਾਨ ਦੀਆਂ ਲੜੀਆਂ ਜੋੜ ਕੇ ਪੇਸ਼ ਕਰਨਾ ਮਨੁੱਖ ਹੋਣ ਦਾ ਬੁਨਿਆਦੀ ਕਾਰਜ ਬਣਦਾ ਹੈ। ਇਸ ਰੁਝਾਨ ਦੀਆਂ ਮੁਕਾਮੀ, ਕੌਮੀ, ਕੌਮਾਂਤਰੀ ਅਤੇ ਵਰਚੂਅਲ ਤੰਦਾਂ ਨੂੰ ਸਮਝਣਾ ਅਤੇ ਬੰਦੇ ਤੇ ਬੰਦਿਆਈ ਦੀ ਬਾਤ ਨੂੰ ਘਰ ਤੋਂ ਆਲਮ ਤੱਕ ਪਾਉਣਾ ਮਨੁੱਖੀ ਸ਼ਾਨ ਦੀ ਬਹਾਲੀ ਵੱਲ ਅਹਿਮ ਪੁਲਾਂਘ ਬਣਦੀ ਹੈ। ਇਸਤਰੀ ਜਾਗਰਿਤੀ ਮੰਚ ਦੀ ਅਗਵਾਈ ਵਿੱਚ ਬੀਬੀਆਂ ਨੇ ਰਾਹ ਦਿਖਾ ਦਿੱਤਾ ਹੈ। ਮਨੁੱਖ ਦੀ ਮਨੁੱਖ ਵਜੋਂ ਪਛਾਣ ਦੇ ਹਰ ਹਾਮੀ ਲਈ ਹੁੰਗਾਰਾ ਭਰਨ ਦਾ ਮੌਕਾ ਬਣ ਗਿਆ ਹੈ। 'ਅਸ਼ਲੀਲ' ਹੋਣ ਦੇ ਵਿਸ਼ੇਸ਼ਣ ਤੋਂ ਬਚਣ ਦਾ ਤਰੱਦਦ ਹੁਣ ਕਲਾਕਾਰਾਂ ਨੂੰ ਕਰਨਾ ਪੈਣਾ ਹੈ। ਦਿਲਜੀਤ ਦੇ ਘਰ ਦੇ ਬਾਹਰ ਧਰਨੇ ਤੋਂ ਖ਼ੁਸ਼ ਸ਼ਰੀਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਨਿਸ਼ਾਨੇ ਉੱਤੇ ਆਇਆ ਗਾਇਕ ਉਨ੍ਹਾਂ ਦਾ ਨੁਮਾਇੰਦਾ ਹੈ। ਕਲਾ ਕਿਰਤਾਂ ਹੀ ਗਵਾਹੀ ਭਰ ਸਕਦੀਆਂ ਹਨ ਕਿ ਕੌਣ ਇਸ ਰੁਝਾਨ ਦਾ ਹਿੱਸਾ ਨਹੀਂ ਹੈ। ਚੇਤਨ ਤਬਕੇ ਦੀ ਜ਼ਿੰਮੇਵਾਰੀ ਹੈ ਕਿ 'ਜਾਦੂ ਦੀ ਪੌਸ਼ਾਕ' ਦਾ ਅਸਲਾ ਉਘਾੜਿਆ ਜਾਵੇ ਅਤੇ ਸਮਾਜ ਨੂੰ 'ਪਾਖੰਡ ਪਾਜ' ਤੋਂ ਬਚਾਇਆ ਜਾਵੇ। ਇਹ ਤਵੱਕੋ 'ਤਿੰਨ ਨੰਬਰਾਂ' ਲਈ ਕਾਲਜਾਂ-ਯੂਨੀਵਰਸਿਟੀਆਂ ਦੀਆਂ ਗੋਸ਼ਟ ਵਿਹੂਣੀਆਂ 'ਗੋਸ਼ਟੀਆਂ' ਵਿੱਚ ਸ਼ਾਮਿਲ ਹੁੰਦੇ ਲਾਣੇ ਤੋਂ ਨਹੀਂ ਕੀਤੀ ਜਾ ਸਕਦੀ। ਇਹ 'ਜਾਦੂ ਦੀ ਪੌਸ਼ਾਕ' ਵਾਲੀ ਦਲੀਲ ਨੂੰ ਅੰਤਿਮ ਸੱਚ ਪ੍ਰਵਾਨ ਕਰ ਚੁੱਕੇ ਹਨ।
I like the way you join the dots to let the figure of the beast emerge into view. well done!
ReplyDelete