Showing posts with label Balraj Sahni. Show all posts
Showing posts with label Balraj Sahni. Show all posts

Thursday, 5 January 2012

ਲੱਚਰਤਾ, ਖਪਤਕਾਰੀ ਅਤੇ ਤਸ਼ੱਦਦ ਦਾ ਜਮ੍ਹਾਂ-ਜੋੜ

ਦਲਜੀਤ ਅਮੀ

ਪੰਜਾਬੀ ਗਾਇਕੀ ਦੇ ਮੌਜੂਦਾ ਰੁਝਾਨ ਖ਼ਿਲਾਫ਼ ਪੰਜਾਬਣਾਂ ਨੇ ਪਹਿਲੀ ਠੋਸ ਕਾਰਵਾਈ ਕੀਤੀ ਹੈ। ਸ਼ਰਮੀਲਾ ਇਰੋਮ ਅਤੇ ਗ਼ਦਰੀ ਗੁਲਾਬ ਕੌਰ ਦੇ ਵਿਚਕਾਰ ਮਾਤਾ ਗੁਜਰੀ ਦੀ ਤਸਵੀਰ ਵਾਲੇ ਪੋਸਟਰ ਉੱਤੇ ਦੋ ਨਾਅਰੇ ਲਿਖੇ ਹੋਏ ਸਨ; ਨਾਰੀ ਸ਼ਕਤੀ ਜ਼ਿੰਦਾਬਾਦ ਅਤੇ ਦੂਜਾ, ਸਾਮਰਾਜਵਾਦ ਮੁਰਦਾਬਾਦ। ਤਸਵੀਰਾਂ ਦੇ ਹੇਠਾਂ ਹਰਭਜਨ ਸੋਹੀ ਦੀ ਕਵਿਤਾ ਦੀ ਸਤਰਾਂ ਸਨ, "ਹਰ ਮਿੱਟੀ ਦੀ ਆਪਣੀ ਖ਼ਸਲਤ, ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ, ਹਰ ਫੱਟੜ ਮੱਥਾ ਨਹੀਂ ਝੁਕਦਾ, ਬੰਨ੍ਹ ਲਾਇਆਂ ਹਰ ਛੱਲ ਨਹੀਂ ਰੁਕਦੀ।" ਹੇਠਾਂ ਜਥੇਬੰਦੀ ਦਾ ਨਾਮ ਲਿਖਿਆ ਹੈ-ਇਸਤਰੀ ਜਾਗਰਿਤੀ ਮੰਚ। ਹਰ ਤਬਕੇ ਅਤੇ ਉਮਰ ਦੀਆਂ ਇਨ੍ਹਾਂ ਬੀਬੀਆਂ ਨੇ ਪੰਜਾਬੀ ਗਾਇਕ ਦਿਲਜੀਤ ਨੂੰ ਵਿਸ਼ੇਸ਼ਣ ਦਿੱਤਾ-ਅਸ਼ਲੀਲ। ਇਹ ਵਿਸ਼ੇਸ਼ਣ ਇਕੱਲੇ ਦਿਲਜੀਤ ਨੂੰ ਮਿਲਿਆ ਪਰ ਇਸ ਦੇ ਹੱਕਦਾਰ ਜ਼ਿਆਦਾਤਰ ਪੰਜਾਬੀ ਗਾਇਕ ਹਨ। ਖ਼ੈਰ! ਜਿਨ੍ਹਾਂ ਗੀਤਾਂ ਰਾਹੀਂ ਦਿਲਜੀਤ ਨੇ ਇਹ ਵਿਸ਼ੇਸ਼ਣ ਕਮਾਇਆ ਹੈ, ਉਨ੍ਹਾਂ ਦਾ ਜ਼ਿਕਰ ਮੁੱਖਧਾਰਾ ਅਤੇ ਸੋਸ਼ਲ ਮੀਡੀਆ ਵਿੱਚ ਬਥੇਰਾ ਹੋ ਰਿਹਾ ਹੈ। ਇਸੇ ਦੌਰਾਨ ਘਰੇਲੂ ਨੌਕਰਾਂ ਦਾ ਦਸਤਾਵੇਜ਼ੀਕਰਨ ਕਰਵਾਉਣ ਲਈ ਦਿੱਲੀ ਪੁਲਿਸ ਨੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਹਨ। ਇਸ਼ਤਿਹਾਰ ਦੀ ਮੋਟੀ ਸੁਰਖ਼ੀ ਹੈ, "ਤੁਹਾਡਾ ਘਰੇਲੂ ਨੌਕਰ ਅਪਰਾਧੀ ਹੋ ਸਕਦਾ ਹੈ।" ਇਸੇ ਦੌਰਾਨ ਖਿਡਾਰੀਆਂ ਨੂੰ 'ਭਾਰਤ ਰਤਨ' ਦੇ ਘੇਰੇ ਵਿੱਚ ਲਿਆਉਣ ਦੀ 'ਮੰਗ' ਤਕਰੀਬਨ ਮੰਨ ਲਈ ਗਈ ਹੈ।

ਸਵਾਲ ਪੋਸਟਰ ਉੱਤੇ ਲਿਖੇ ਗਏ ਦੋ ਨਾਅਰਿਆਂ ਦੇ ਆਪਸੀ ਰਿਸ਼ਤੇ ਦਾ ਹੈ। ਨਾਰੀ ਸ਼ਕਤੀ ਦੇ ਜ਼ਿੰਦਾਬਾਦ ਹੋਣ ਨਾਲ ਸਾਮਰਾਜਵਾਦ ਦੇ ਮੁਰਦਾਬਾਦ ਹੋਣ ਦਾ ਕੀ ਨਾਤਾ ਹੈ? ਇਨ੍ਹਾਂ ਦੋਵਾਂ ਨਾਅਰਿਆਂ ਦਾ ਕਿਸੇ ਅਸ਼ਲੀਲ ਗਾਇਕ ਦੇ ਦਰਾਂ ਅੱਗੇ ਧਰਨੇ ਉੱਤੇ ਮੇਲ ਹੋਣਾ ਕੀ ਮਾਅਨੇ ਰੱਖਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦਾ ਸਬੱਬ ਅਚਨਚੇਤੀ ਨਹੀਂ ਬਣਿਆ। ਪੰਜਾਬੀ ਗਾਇਕੀ ਬਾਬਤ ਇਹ ਸਮਝ ਤਾਂ ਚਿਰੋਕਣੀ ਬਣ ਚੁੱਕੀ ਹੈ ਕਿ ਜ਼ਿਆਦਾਤਰ ਗਾਇਕੀ ਸ਼ਰਾਬ, ਗੁੰਡਾਗਰਦੀ, ਕਾਰਾਂ, ਮੋਟਰ ਸਾਈਕਲਾਂ, ਹਥਿਆਰਾਂ ਅਤੇ ਖਰੂਦ ਦਾ ਇਸ਼ਤਿਹਾਰ ਹੈ। 'ਪੰਜਾਬੀਆਂ ਦੀ ਸ਼ਾਨ ਵੱਖਰੀ' ਅਤੇ 'ਸਿੰਘ ਇਜ਼ ਕਿੰਗ' ਇਸੇ ਇਸ਼ਤਿਹਾਰਬਾਜ਼ੀ ਦਾ ਜਸ਼ਨ ਹੈ। ਔਰਤ ਨੂੰ ਵਸਤ ਤੱਕ ਮਹਿਦੂਦ ਕਰਨਾ ਅਤੇ 'ਚਲਿੱਤਰਬਾਜ਼' ਵਜੋਂ ਪੇਸ਼ ਕਰਨਾ ਇਸ ਗਾਇਕੀ ਦੀ ਬੁਨਿਆਦੀ ਤੰਦ ਹੈ। ਇਸ ਗਾਇਕੀ ਦੀ ਵੱਡੀ ਮੰਡੀ ਹੈ। ਮੰਡੀ ਦਾ ਮੰਤਰ ਮੁਨਾਫ਼ਾ ਹੈ। ਮੁਨਾਫ਼ਾ ਸਿਰਫ਼ ਗਾਇਕੀ ਨਾਲ ਨਹੀਂ ਸਗੋਂ ਸ਼ਰਾਬ, ਕਾਰਾਂ, ਮੋਟਰ ਸਾਈਕਲਾਂ, ਹਥਿਆਰਾਂ ਅਤੇ ਖਰੂਦ ਨਾਲ ਵੀ ਜੁੜਿਆ ਹੋਇਆ ਹੈ। ਮੰਡੀ ਦੇ ਪਾਰਖ਼ੂ ਕਹਿ ਚੁੱਕੇ ਹਨ ਕਿ ਜ਼ਿਆਦਾ ਸੋਚਣ ਵਾਲੇ ਬੰਦੇ ਚੰਗੇ ਖ਼ਪਤਕਾਰ ਨਹੀਂ ਹੁੰਦੇ। ਪੰਜਾਬੀ ਗਾਇਕੀ ਦਾ ਭਾਰੂ ਰੁਝਾਨ ਬੰਦੇ ਨੂੰ ਪਸ਼ੂਬਲ ਅਤੇ ਖਰੀਦ ਸ਼ਕਤੀ ਨਾਲ ਜੋੜ ਕੇ ਵੇਖਦਾ ਹੈ। ਮਨੁੱਖ ਨੂੰ ਸੋਚ ਅਤੇ ਅਹਿਸਾਸ ਤੋਂ ਨਿਖੇੜ ਕੇ ਵਿਆਹਾਂ ਵਰਗੀ ਸਮਾਜਿਕ ਰਸਮ ਉੱਤੇ ਬੰਦੂਕਾਂ ਅਤੇ ਜਿਸਮਾਂ ਦੇ ਗੀਤ ਗਾਉਣ ਦਾ ਰਾਹ ਇਸੇ ਸੋਚ ਨੇ ਪੱਧਰਾ ਕੀਤਾ ਹੈ। ਇਹ ਰੁਝਾਨ ਪੰਜਾਬੀਆਂ ਨੇ ਆਪਣੇ ਹੱਡੀਂ-ਹੰਢਾਇਆ ਹੈ; ਹੰਢਾਅ ਰਹੇ ਹਨ। ਸਭ ਤੋਂ ਘਾਤਕ ਮਾਰ ਪੰਜਾਬਣਾਂ ਨੂੰ ਪਈ ਹੈ। ਉਨ੍ਹਾਂ ਤੋਂ ਤਾਂ ਮਨੁੱਖ ਹੋਣ ਦਾ ਰੁਤਬਾ ਵੀ ਖੋਹ ਲਿਆ ਗਿਆ ਹੈ।

ਇਸ ਰੁਝਾਨ ਦੇ ਪਿਛੋਕੜ ਵਿੱਚ ਪੰਜਾਬ ਦੇ ਇਤਿਹਾਸ ਵਿੱਚੋਂ ਦੋ ਮਿਸਾਲਾਂ ਐਨ ਢੁਕਵੀਆਂ ਜਾਪਦੀਆਂ ਹਨ। ਗਿਆਨੀ ਦਿੱਤ ਸਿੰਘ ਅਤੇ ਬਲਰਾਜ ਸਾਹਨੀ ਪੰਜਾਬ ਦੇ ਚੇਤਨ ਮਨੁੱਖ ਹਨ। ਉਨ੍ਹਾਂ ਦੇ ਤਜਰਬੇ ਇਸ ਰੁਝਾਨ ਦੀਆਂ ਗੁੱਝੀਆਂ ਅਤੇ ਮਹੀਨ ਚੂਲਾਂ ਦੀ ਦੱਸ ਪਾਉਂਦੇ ਹਨ। ਬਲਰਾਜ ਸਾਹਨੀ 'ਯਾਦਾਂ ਦੀ ਕੰਨੀ' ਵਿੱਚ 1920ਵਿਆਂ ਦੇ ਸਮਾਜਿਕ ਹਾਲਾਤ ਦਾ ਵੇਰਵਾ ਦਰਜ ਕਰਦੇ ਹਨ। ਉਨ੍ਹਾਂ ਦੀ ਲਿਖਤ ਹੈ, "ਅਸ਼ਲੀਲਤਾ ਦਾ ਵੀ ਕੋਈ ਅੰਤ ਨਹੀਂ ਸੀ। ਸਮਾਜਿਕ ਜੀਵਨ ਅਨੇਕਾਂ ਪੁਸ਼ਤਾਂ ਪਛੜਿਆ ਹੋਇਆ ਸੀ। ਕਦੇ ਕਦੇ ਫਿਰਤੂ ਸਿਨਮੇ ਆਉਂਦੇ, ਕਨਾਤਾਂ ਲਾ ਕੇ ਖੇਡ ਵਿਖਾਂਦੇ। ਇਹ ਫ਼ਿਲਮਾਂ ਉਹ ਹੁੰਦੀਆਂ ਹਨ ਜਿਨ੍ਹਾਂ ਨੂੰ Blue Films (ਬਲੂ ਫ਼ਿਲਮਾਂ) ਆਖਿਆ ਜਾਂਦਾ ਹੈ। ਇੱਕ ਫ਼ਿਲਮ ਵਿੱਚ ਜਿਸ ਨੂੰ ਬੇਜ਼ਰਰ ਕਰਾਰ ਦੇ ਕੇ ਸਾਡੇ ਸਕੂਲ ਦੇ ਸਾਰੇ ਬੱਚਿਆਂ ਨੂੰ ਲਿਜਾਇਆ ਗਿਆ ਸੀ, ਹੀਰੋਇਨ ਸ਼ੁਰੂ ਤੋਂ ਅਖ਼ੀਰ ਤੱਕ ਅਲਫ਼ ਨੰਗੀ ਸੀ। ਬੁਲਾਰਾ ਜਿਹੜਾ ਪਰਦੇ ਕੋਲ ਇੱਕ ਮਚਾਨ ਉਤੇ ਖਲੋ ਕੇ ਫ਼ਿਲਮ ਦੀ ਕਹਾਣੀ ਬਿਆਨ ਕਰਦਾ ਸੀ (ਫ਼ਿਲਮਾਂ ਉਦੋਂ ਬੋਲਦੀਆਂ ਨਹੀਂ ਸਨ), ਸਾਡੇ ਮਾਸਟਰਾਂ ਨੂੰ ਚੁੱਪ ਕਰਾਣ ਲਈ ਕਹਿਣ ਲੱਗਿਆ- "ਸਾਹਿਬਾਨ, ਯਿਹ ਨੰਗੀ ਨਹੀਂ ਹੈ। ਇਸ ਨੇ ਜਾਦੂ ਕੀ ਪੋਸ਼ਾਕ ਪਹਿਨ ਰੱਖੀ ਹੈ।" ਅਗਲੇ ਪਹਿਰੇ ਵਿੱਚ ਬਲਰਾਜ ਸਾਹਨੀ ਲਿਖਦੇ ਹਨ ਕਿ ਉਨ੍ਹਾਂ ਫ਼ਿਲਮਾਂ ਵਿੱਚ 'ਇਸਤਰੀ ਪੁਰਸ਼ ਦੇ ਜਿਨਸੀ ਰਿਸ਼ਤੇ ਨੂੰ ਹੈਵਾਨੀਅਤ ਤੋਂ ਹੇਠਾਂ ਡੇਗ ਕੇ ਵਿਖਾਇਆ ਜਾ ਰਿਹਾ ਸੀ।' ਇਸ ਤੋਂ ਬਾਅਦ ਉਨ੍ਹਾਂ ਦੀ ਪੜਚੋਲ ਬਹੁਤ ਅਹਿਮ ਹੈ, "ਇਹੋ ਜਿਹੇ ਘਿਣੌਨੇ ਖੇਡ ਸਿਨਮਿਆਂ ਵਾਲੇ ਪਿੰਡੀ ਜਾਂ ਲਾਹੌਰ ਜਿਹੇ ਵੱਡੇ ਸ਼ਹਿਰਾਂ ਵਿੱਚ ਵਿਖਾਣ ਦੀ ਜੁਰਅਤ ਨਹੀਂ ਸਨ ਕਰ ਸਕਦੇ ਪਰ ਛੋਟੇ ਕਸਬਿਆਂ ਵਿੱਚ ਵਿਖਾਣ ਦੀ ਜੁਰਅਤ ਕਰ ਸਕਦੇ ਸਨ। ਦੇਸ਼ ਦੀ ਬਹੁ-ਸੰਖਿਆ ਪਿੰਡਾਂ ਤੇ ਕਸਬਿਆਂ ਵਿੱਚ ਵਸਦੀ ਸੀ। ਇਹਨੂੰ ਦਿਨੋਂ ਦਿਨ ਜਹਾਲਤ, ਕੁਕਰਮ ਅਤੇ ਬਰਬਰਤਾ ਦੇ ਖੱਡੇ ਵਿੱਚ ਡੇਗੀ ਰੱਖਣਾ ਬਿਦੇਸ਼ੀ ਹਕੂਮਤ, ਉਸ ਦੇ ਗੁਰਗਿਆਂ ਅਤੇ ਪੈਸੇ ਦੇ ਪੀਰਾਂ ਲਈ ਰੱਜ ਰੱਜ ਕੇ ਲਾਭਵੰਦ ਸੀ।" ਪੰਜਾਬੀ ਗਾਇਕੀ ਦੇ ਮੌਜੂਦਾ ਰੁਝਾਨ ਨੂੰ ਸਮਝਣ ਲਈ ਬਲਰਾਜ ਸਾਹਨੀ ਦਾ ਪੜਚੋਲੀਆ ਮੰਤਰ ਬਹੁਤ ਅਹਿਮ ਹੈ। ਇਸੇ ਮੰਤਰ ਦੀ ਤਫ਼ਸੀਲ ਉਨ੍ਹਾਂ ਨੇ 'ਮੇਰਾ ਫ਼ਿਲਮੀ ਸਫ਼ਰਨਾਮਾ' ਵਿੱਚ ਲਿਖੀ ਹੈ।

ਦੂਜੀ ਮਿਸਾਲ ਇਸ ਰੁਝਾਨ ਦੀਆਂ ਹੋਰ ਪੁਰਾਣੀਆਂ ਜੜ੍ਹਾਂ ਬੇਪਰਦ ਕਰਦੀ ਹੈ। ਪਹਿਲੀ ਮਈ 1893 ਨੂੰ ਗਿਆਨੀ ਦਿਤ ਸਿੰਘ 'ਖ਼ਾਲਸਾ ਅਖ਼ਬਾਰ ਲਾਹੌਰ' ਦੇ ਪਲੇਠੇ ਅੰਕ ਦੀ ਸੰਪਾਦਕੀ ਵਿੱਚ ਅਖ਼ਬਾਰ ਦੀ ਅਹਿਮੀਅਤ ਬਾਬਤ ਲਿਖਦੇ ਹਨ, "ਦੇਸ਼ ਦੇਸ਼ਾਂਤਰਾਂ ਦੀਆਂ ਨਵੀਆਂ ਖ਼ਬਰਾਂ ਅਪਨੇ ਪਾਠਕਾਂ ਨੂੰ ਦੇਣੀਆਂ ਅਤੇ ਜੋ ਮਹਾਤਮਾ ਧਰਮ ਸੰਬੰਧੀ ਯਾ ਦੇਸ਼ ਉਪਕਾਰਕ ਖ਼ਬਰਾਂ ਯਾ ਮਜਮੂਨ ਭੇਜੇ, ਉਸ ਨੂੰ ਯੋਗ ਸਮਝ ਕਰ ਲਿਖਣਾ, ਪਾਖੰਡ ਪਾਜ ਤੇ ਸਦਾ ਹੀ ਪਾਠਕਾਂ ਨੂੰ ਬਚਾਉਣਾ।" ਪੰਜਾਬੀ ਦਾ ਪਹਿਲਾ ਅਖ਼ਬਾਰ ਸ਼ੁਰੂ ਕਰਨ ਵੇਲੇ ਸੰਪਾਦਕੀ ਵਿੱਚ ਅਜਿਹਾ ਲਿਖਣ ਦੀ ਲੋੜ ਕਿਉਂ ਪਈ? ਉਸ ਵੇਲੇ ਤੱਕ ਜ਼ਿਆਦਾਤਰ ਅਖ਼ਬਾਰ ਅੰਗਰੇਜ਼ ਬਸਤਾਨਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਨ ਜਿਨ੍ਹਾਂ ਦਾ ਅਹਿਮ ਕੰਮ ਪਾਠਕਾਂ ਨੂੰ 'ਪਾਖੰਡ ਪਾਜ' ਵਿੱਚ ਉਲਝਾ ਕੇ ਅੰਗਰੇਜ਼ੀ ਰਾਜ ਦੀ ਬਰਕਤਾਂ ਵਿੱਚ ਵਾਧਾ ਕਰਨਾ ਸੀ। ਉਸ ਵੇਲੇ ਤੱਕ ਅਖ਼ਬਾਰ ਲੋਕਾਂ ਨਾਲ ਰਾਬਤੇ ਦਾ ਅਹਿਮ ਹਰਕਾਰਾ ਸੀ। ਸੰਨ 1905 ਵਿੱਚ ਪੰਜਾਬੀ ਗੀਤਾਂ ਦਾ ਪਹਿਲਾਂ ਤਵਾ ਆਇਆ। ਇਸ ਤੋਂ ਛੇ ਸਾਲ ਬਾਅਦ ਭਾਰਤ ਦੀ ਪਹਿਲੀ ਫ਼ਿਲਮ ਬਣੀ ਅਤੇ 1931 ਵਿੱਚ ਬੋਲਣ ਵਾਲੀ ਪਹਿਲੀ ਭਾਰਤੀ ਫ਼ਿਲਮ ਬਣੀ। ਇਸ ਤੋਂ ਪਹਿਲਾਂ 1919 ਵਿੱਚ ਹੀ ਅੰਗਰੇਜ਼ ਬਸਤਾਨਾਂ ਨੇ ਫ਼ਿਲਮਾਂ ਰਾਹੀਂ ਆਪਣੇ ਰਾਜ ਦੀਆਂ 'ਬਰਕਤਾਂ' ਦਾ ਪ੍ਰਚਾਰ ਕਰਨ ਲਈ ਸੈਂਸਰ ਬੋਰਡ ਬਣਾ ਦਿੱਤਾ ਸੀ। ਇਸ ਬੋਰਡ ਰਾਹੀਂ ਸਾਮਰਾਜ ਉੱਤੇ ਸਵਾਲ ਕਰਦੀਆਂ ਫ਼ਿਲਮਾਂ ਉੱਤੇ ਪਾਬੰਦੀਆਂ ਲਗਾਉਣ ਦੀਆਂ ਪੇਸ਼ਬੰਦੀਆਂ ਕੀਤੀਆਂ ਗਈਆਂ ਸਨ ਪਰ ਲੋਕਾਂ ਨੂੰ ਅਸ਼ਲੀਲਤਾ ਰਾਹੀਂ ਸੀਲ ਕਰਨ ਵਾਲੀਆਂ ਫ਼ਿਲਮਾਂ ਗ਼ੈਰ-ਕਾਨੂੰਨੀ ਹੋਣ ਦੇ ਬਾਵਜੂਦ ਪਰਦਾਪੇਸ਼ ਹੁੰਦੀਆਂ ਸਨ। ਇਨ੍ਹਾਂ ਦਾ ਜ਼ਿਕਰ ਬਲਰਾਜ ਸਾਹਨੀ ਕਰਦੇ ਹਨ। ਗਿਆਨੀ ਦਿੱਤ ਸਿੰਘ ਦੀ ਲੋਕਾਂ ਨੂੰ 'ਪਾਖੰਡ ਪਾਜ' ਤੋਂ ਬਚਾਉਣ ਦੀ ਸਲਾਹੁਣੀ ਬਲਰਾਜ ਸਾਹਨੀ ਦੇ ਦੱਸੇ 'ਪੈਸੇ ਦੇ ਪੀਰਾਂ' ਨੂੰ ਹਮੇਸ਼ਾ ਨਾਖ਼ੁਸ਼ਗਵਾਰ ਗੁਜ਼ਰੀ ਹੈ।
ਬਲਰਾਜ ਸਾਹਨੀ ਦੀ ਪੜਚੋਲ ਮੁਤਾਬਕ ਹੀ ਤਾਂ ਪੰਜਾਬੀ ਗਾਇਕ ਪੰਜਾਬ ਨੂੰ ਜਾਹਲ ਅਤੇ ਬਰਬਰ ਕਰਨ ਵਿੱਚ ਹਿੱਸਾ ਪਾ ਰਹੇ ਹਨ। ਇਸ ਜਹਾਲਤ ਅਤੇ ਬਰਬਰਤਾ ਦੀ ਕਰੂਰ ਗਾਜ ਬੀਬੀਆਂ, ਬੱਚਿਆਂ ਅਤੇ ਬਜ਼ੁਰਗਾਂ ਦੇ ਨਾਲ-ਨਾਲ ਦੱਬੇ-ਕੁਚਲੇ ਤਬਕਿਆਂ ਉੱਤੇ ਗਿਰ ਰਹੀ ਹੈ। ਇਨ੍ਹਾਂ 'ਅਤਿ ਦੇ ਸ਼ਿਕਾਰੀਆਂ' ਦੇ ਸੱਭਿਆਚਾਰਕ ਰਾਜ ਵਿੱਚ ਬੱਚਿਆਂ ਦੀ ਮਾਸੂਮੀਅਤ, ਬੀਬੀਆਂ ਦੀ ਇੱਜ਼ਤ, ਬਜ਼ੁਰਗਾਂ ਦਾ ਸਤਿਕਾਰ, ਨੌਜਵਾਨਾਂ ਦੇ ਅਹਿਸਾਸ ਅਤੇ ਵਿਦਿਆਰਥੀਆਂ ਹੱਥ ਕਿਤਾਬਾਂ ਮਹਿਫ਼ੂਜ਼ ਨਹੀਂ ਹਨ। ਅਜਿਹਾ ਸਮਾਜ ਅਰਦਾਸਾਂ ਨਾਲ ਤਾਂ ਵਿਸਾਹਦਾਨ, ਵਿਵੇਕਦਾਨ ਅਤੇ ਭਰੋਸਾਦਾਨ ਨਾਲ ਵਰੋਸਾਇਆ ਨਹੀਂ ਜਾ ਸਕਦਾ। ਅਜਿਹੇ ਸਮਾਜ ਵਿੱਚ ਮੌਜੂਦਾ ਸਿਆਸਤਦਾਨ ਜ਼ਰੂਰ ਬੇਫ਼ਿਕਰ ਹੋ ਸਕਦੇ ਹਨ। ਉਹ ਅਵਾਮ ਤੋਂ ਫੌਰੀ ਟੁੱਕੜਾਂ ਰਾਹੀਂ ਵੋਟਾਂ ਖਰੀਦ ਸਕਦੇ ਹਨ ਅਤੇ ਚਿਰਕਾਲੀ ਮਸਲੇ ਠੰਢੇ ਬਸਤਿਆਂ ਵਿੱਚ ਪਾ ਕੇ ਭੁੱਲ ਸਕਦੇ ਹਨ। ਸਿਆਸਤਦਾਨਾਂ ਦੇ ਅੰਧਰਾਤੇ ਦਾ ਅੰਦਾਜ਼ਾ ਤਾਂ ਉਨ੍ਹਾਂ ਦੇ ਸਭ ਤੋਂ ਵੱਡੇ ਵਾਅਦੇ ਤੋਂ ਹੋ ਜਾਂਦਾ ਹੈ। ਕਪਤਾਨਕੇ ਬਾਦਲਕਿਆਂ ਦੀਆਂ ਬੱਸਾਂ ਬੰਦ ਕਰਨ ਦਾ ਵਾਅਦਾ ਕਰ ਰਹੇ ਹਨ। ਬਾਦਲਕੇ ਪੂਰਾ ਜ਼ੋਰ ਲਗਾ ਕੇ 'ਪੱਚੀ ਸਾਲ ਰਾਜ ਕਰਨ' ਦਾ ਸੁਫ਼ਨਾ ਦੇਖ ਸਕਦੇ ਹਨ। ਇਨ੍ਹਾਂ ਨੇ ਅੰਗਰੇਜ਼ ਬਸਤਾਨਾਂ ਦੀਆਂ ਬਲੂ ਫ਼ਿਲਮਾਂ ਦੀ ਤਰਜ਼ ਉੱਤੇ ਦਿਲਜੀਤਾਂ, ਬੱਬੂਆਂ, ਪੰਮੀਆਂ, ਹਨੀਆਂ, ਪੂਜਾਵਾਂ, ਹਰਭਜਨਾਂ, ਮਨਮੋਹਣਾਂ, ਜ਼ਿੰਮੀਆਂ, ਗਿੱਪੀਆਂ, ਜ਼ੈਲਦਾਰਾਂ, ਜ਼ੈਜੀਆਂ ਅਤੇ ਮੀਕਿਆਂ ਦੀ ਹੇੜ੍ਹ ਬੇਮੁਹਾਰ ਕੀਤੀ ਹੋਈ ਹੈ।

ਇਸੇ ਹਵਾਲੇ ਨਾਲ ਦਿੱਲੀ ਪੁਲੀਸ ਦਾ ਇਸ਼ਤਿਹਾਰ ਨਜ਼ਰਸਾਨੀ ਦੀ ਮੰਗ ਕਰਦਾ ਹੈ। ਹੁਣ ਤੱਕ ਪਰਵਾਸੀਆਂ ਅਤੇ ਗ਼ਰੀਬ ਬੰਦੇ ਨੂੰ ਅਪਰਾਧ ਨਾਲ ਜੋੜਨ ਦੀਆਂ ਮੁਹਿੰਮਾਂ ਵਿੱਚ ਬੁਨਿਆਦਪ੍ਰਸਤ ਅਤੇ ਪੁਲਿਸ ਪ੍ਰਸ਼ਾਸਨ ਮੋਹਰੀ ਰਹੇ ਹਨ। ਅਪਰਾਧ ਬਾਬਤ ਹੋਏ ਅਧਿਐਨ ਸਾਬਤ ਕਰਦੇ ਹਨ ਕਿ ਅਪਰਾਧੀ ਹਰ ਤਬਕੇ ਵਿੱਚੋਂ ਹੋ ਸਕਦੇ ਹਨ। ਦਿੱਲੀ ਵਰਗੇ ਸ਼ਹਿਰ ਦੇ ਜ਼ਿਆਦਾਤਰ ਬਦਨਾਮ ਅਤੇ ਖ਼ੌਫ਼ਨਾਕ ਮਾਮਲਿਆਂ ਵਿੱਚ ਸਫ਼ੈਦਪੋਸ਼ ਤਬਕੇ ਦੇ ਸਰਦੇ-ਪੁੱਜਦੇ ਅਤੇ ਅਸਰ-ਰਸੂਖ਼ ਵਾਲੇ ਬੰਦਿਆਂ ਲਈ ਮੁਲਜ਼ਮਾਂ ਤੋਂ ਮੁਜਰਮਾਂ ਤੱਕ ਦਾ ਸਫ਼ਰ ਬਹੁਤ ਲੰਮਾ ਸਾਬਤ ਹੋਇਆ ਹੈ। ਗ਼ਰੀਬ ਤਬਕੇ ਦੇ ਮੁਲਜ਼ਮਾਂ ਦਾ ਪੁਲੀਸ
ਤਸ਼ੱਦਦ ਤੋਂ ਬਾਅਦ ਬੇਕਸੂਰ ਸਾਬਤ ਹੋਣਾ ਹਮੇਸ਼ਾਂ ਅਖ਼ਬਾਰਾਂ ਦੀ ਕੰਨੀਆਂ ਵਿੱਚ ਸਮਾ ਜਾਂਦਾ ਹੈ ਅਤੇ ਟੈਲੀਵਿਜ਼ਨ ਉੱਤੇ ਇਨ੍ਹਾਂ ਦੀ ਬੇਕਸੂਰੀ ਨੂੰ ਖ਼ਬਰ ਹੋਣ ਦਾ ਰੁਤਬਾ ਨਹੀਂ ਮਿਲਦਾ। ਸ਼ਹਿਰਾਂ ਵਿੱਚ ਘਰੇਲੂ ਨੌਕਰਾਂ ਦੀਆਂ ਜਥੇਬੰਦੀਆਂ ਨੇ ਵਾਰ-ਵਾਰ ਜਿਨਸੀ ਸੋਸ਼ਣ, ਬਾਲ-ਮਜ਼ਦੂਰੀ, ਬੰਧੂਆ-ਮਜ਼ਦੂਰੀ ਅਤੇ ਘੱਟ-ਮਜ਼ਦੂਰੀ ਦਾ ਮੁੱਦਾ ਉਭਾਰਿਆ ਹੈ। ਇਸ ਤੋਂ ਇਲਾਵਾ ਬਦਕਲਾਮੀ ਅਤੇ ਬਦਸਲੂਕੀ ਅਖ਼ਬਾਰਾਂ ਦਾ ਨਹੀਂ ਪਰ ਗ਼ਲੀਆਂ-ਮੁਹੱਲਿਆਂ ਦੀ ਲੋਕਧਾਰਾ ਦਾ ਹਿੱਸਾ ਜ਼ਰੂਰ ਬਣੀਆਂ ਹਨ। ਇਹ ਤਬਕਾ ਆਪਣੀ ਬਣਦੀ ਮਜ਼ਦੂਰੀ, ਸ਼ਹਿਰੀ ਹਕੂਕ, ਮਨੁੱਖੀ ਸਤਿਕਾਰ ਅਤੇ ਸੰਵਿਧਾਨਕ ਅਖ਼ਤਿਆਰਾਂ ਦੀ ਗੱਲ ਨਹੀਂ ਕਰ ਸਕਿਆ। ਦਿੱਲੀ ਪੁਲੀਸ ਇਨ੍ਹਾਂ ਬਾਬਤ ਇਸ਼ਤਿਹਾਰ ਦਿੰਦੀ ਹੈ ਕਿ 'ਤੁਹਾਡਾ ਘਰੇਲੂ ਨੌਕਰ ਅਪਰਾਧੀ ਹੋ ਸਕਦਾ ਹੈ।'

ਇਹ ਸਵਾਲ ਪੁੱਛਿਆ ਜਾ ਸਕਦਾ ਹੈ ਕਿ ਘਰੇਲੂ ਨੌਕਰਾਂ ਦੀ ਤਫ਼ਸੀਲ ਪੁਲੀਸ ਕੋਲ ਦਰਜ ਕਰਵਾਉਣ ਵਿੱਚ ਕੀ ਗ਼ਲਤ ਹੈ? ਕੁਝ ਵੀ ਗ਼ਲਤ ਨਹੀਂ ਹੈ। ਸਵਾਲ ਗ਼ਰੀਬ ਤਬਕੇ ਨੂੰ ਜਾਹਲ ਅਤੇ ਬਰਬਰ ਕਰਾਰ ਦੇਣ ਦੀ ਕਾਨੂੰਨੀ ਮਾਨਤਾ ਨਾਲ ਜੁੜਿਆ ਹੋਇਆ ਹੈ। ਜੇ ਇਸਤਰੀ ਭਲਾਈ ਮਹਿਕਮਾ ਇਸ਼ਤਿਹਾਰ ਦੇਵੇ ਕਿ 'ਤੁਹਾਡਾ ਮਾਲਕ ਬਲਾਤਕਾਰੀ ਹੋ ਸਕਦਾ ਹੈ।' ਜੇ ਬਾਲ ਭਲਾਈ ਮਹਿਕਮਾ ਇਸ਼ਤਿਹਾਰ ਦੇਵੇ ਕਿ 'ਤੁਹਾਡਾ ਮਾਲਕ ਬਦਫੈਲੀ ਕਰ ਸਕਦਾ ਹੈ।' ਜੇ ਕਿਰਤ ਮਹਿਕਮਾ ਇਸ਼ਤਿਹਾਰ ਦੇਵੇ ਕਿ 'ਤੁਹਾਡਾ ਮਾਲਕ ਵਾਅਦਾ ਕਰਕੇ ਮਜ਼ਦੂਰੀ ਦੇਣ ਤੋਂ ਮੁੱਕਰ ਸਕਦਾ ਹੈ।' ਬਲਾਤਕਾਰ, ਬਦਫੈਲੀ ਅਤੇ ਲੁੱਟ ਤੋਂ ਬਚਣ ਲਈ ਆਪਣੇ ਮਾਲਕ ਸਮੇਤ ਆਪਣੀ ਤਫ਼ਸੀਲ ਮਹਿਕਮੇ ਕੋਲ ਦਰਜ ਕਰਵਾਓ। ਬਲਾਤਕਾਰ, ਬਦਫੈਲੀ ਅਤੇ ਲੁੱਟ ਬਾਬਤ ਅੰਕੜੇ ਭਾਵੇਂ ਇਹ ਕਹਿਣ ਕਿ ਅਮੀਰ ਜਾਂ ਮੌਜੂਦਾ ਨਿਜ਼ਾਮ ਵਿੱਚ ਅਸਰ-ਰਸੂਖ਼ ਵਾਲਾ ਤਬਕਾ ਜ਼ਿਆਦਾ ਕਸੂਰਵਾਰ ਹੈ ਪਰ ਅਜਿਹਾ ਇਸ਼ਤਿਹਾਰ ਦੇਖਣ ਨੂੰ ਨਹੀਂ ਮਿਲੇਗਾ। ਇਸ ਦਲੀਲ ਦਾ ਇੱਕ ਪਾਸਾ ਤਾਂ ਇਹ ਹੈ ਕਿ ਇਸ਼ਤਿਹਾਰ ਦੇਣ ਵਾਲੇ ਆਪਣੇ ਤਬਕੇ ਦਾ ਖਿਆਲ ਰੱਖਦੇ ਹਨ। ਦੂਜਾ ਪਾਸਾ ਇਹ ਹੈ ਕਿ ਅਜਿਹਾ ਇਸ਼ਤਿਹਾਰ ਫੌਰੀ ਨਿੰਦਾ ਨੂੰ ਸੱਦਾ ਦੇਵੇਗਾ। ਦਲੀਲ ਇਹ ਹੋਵੇਗੀ ਕਿ ਕਾਲੀਆਂ ਭੇਡਾਂ ਕਾਰਨ ਸਮੁੱਚੇ ਤਬਕੇ ਨੂੰ ਕਸੂਰਵਾਰ ਕਿਵੇਂ ਗਰਦਾਨਿਆ ਜਾ ਸਕਦਾ ਹੈ। ਦਲੀਲ ਤਾਂ ਠੀਕ ਹੈ ਪਰ ਇਹ ਗ਼ਰੀਬ ਤਬਕੇ ਬਾਬਤ ਲਾਗੂ ਕਿਉਂ ਨਹੀਂ ਹੁੰਦੀ? ਦਰਅਸਲ, ਉਸ ਤਬਕੇ ਵਿੱਚੋਂ ਇਹ ਦਲੀਲ ਦੇਣ ਵਾਲਾ ਕੋਈ ਨਹੀਂ। ਉਨ੍ਹਾਂ ਦੀ ਨੁਮਾਇੰਦਗੀ ਕਰਨ ਵਾਲਿਆਂ ਨੂੰ 'ਸਨਕੀ' ਕਰਾਰ ਦੇਣ ਦਾ ਰਿਵਾਜ਼ ਮੌਜੂਦਾ ਨਿਜ਼ਾਮ ਦਾ ਖ਼ਾਸਾ ਹੈ। ਇਸ ਕਾਰਨ ਗ਼ਰੀਬ ਤਬਕੇ ਦਾ ਅਪਰਾਧੀਕਰਨ ਇਤਰਾਜ਼ਗੋਚਰਾ ਨਹੀਂ ਹੈ ਅਤੇ ਪੁਲਿਸ ਇਸ਼ਤਿਹਾਰ ਵਿੱਚ ਘਰੇਲੂ ਨੌਕਰਾਂ ਨੂੰ ਅਪਰਾਧੀ ਕਹਿੰਦੀ ਹੈ ਅਤੇ ਸ਼ਹਿਰੀਆਂ ਦੀ 'ਜ਼ਹਿਨੀ ਔਖ' ਆਵਾਜ਼ ਦਾ ਰੂਪ ਅਖ਼ਤਿਆਰ ਨਹੀਂ ਕਰਦੀ। ਨਤੀਜੇ ਵਜੋਂ ਗਾਇਕ ਕਹਿ ਸਕਦੇ ਹਨ ਕਿ ਲੋਕ ਇਹੋ ਜਿਹੇ ਗੀਤ ਸੁਣਨਾ ਚਾਹੁੰਦੇ ਹਨ ਅਤੇ ਪੁਲਿਸ ਕਹਿ ਸਕਦੀ ਹੈ ਕਿ ਅਸੀਂ ਲੋਕ ਰਾਏ ਦੀ ਤਰਜ਼ਮਾਨੀ ਕਰਦਾ ਇਸ਼ਤਿਹਾਰ ਦਿੱਤਾ ਹੈ।

'ਭਾਰਤ ਰਤਨ' ਦੇ ਘੇਰੇ ਵਿੱਚ ਖਿਡਾਰੀਆਂ ਨੂੰ ਲਿਆਂਦੇ ਜਾਣ ਦੀ ਮੁਹਿੰਮ ਇਸੇ ਲੜੀ ਦੀ ਬਾਰੀਕ ਕੜੀ ਹੈ। 'ਭਾਰਤ ਰਤਨ' ਦਾ ਘੇਰਾ ਲੋਕ ਹਿੱਤਾਂ ਲਈ ਸੰਘਰਸ਼ ਅਤੇ ਕਲਾ ਤੱਕ ਮਹਿਦੂਦ ਰਿਹਾ ਹੈ। ਪਹਿਲਾਂ ਜਵਾਹਰਲਾਲ ਨਹਿਰੂ ਅਤੇ ਬਾਅਦ ਵਿੱਚ ਉਸ ਦੀ ਧੀ ਇੰਦਰਾ ਗਾਂਧੀ ਨੇ ਬਤੌਰ ਪ੍ਰਧਾਨ ਮੰਤਰੀ 'ਭਾਰਤ ਰਤਨ' ਹਾਸਿਲ ਕੀਤੇ। ਆਪੇ ਦੇਣ ਵਾਲੇ ਅਤੇ ਆਪੇ ਲੈਣ ਵਾਲੇ! ਅਜਿਹੇ ਲੈਣ-ਦੇਣ ਵਿੱਚ ਕੋਈ ਵੀ ਖਿਤਾਬ ਸਨਮਾਨ ਕਿਵੇਂ ਹੋ ਸਕਦਾ ਹੈ? ਇਸ ਤੋਂ ਬਾਅਦ ਕਾਂਗਰਸ ਦੀ ਹਮਾਇਤ ਨਾਲ ਪ੍ਰਧਾਨ ਮੰਤਰੀ ਬਣਨ ਦਾ ਸੁਫ਼ਨਾ ਪੂਰਾ ਕਰਨ ਵਾਲੇ ਚੰਦਰਸ਼ੇਖਰ ਨੇ ਨਹਿਰੂ ਦੇ ਦੋਹਤੇ ਰਾਜੀਵ ਗਾਂਧੀ ਨੂੰ ਮੌਤ ਤੋਂ ਬਾਅਦ 'ਭਾਰਤ ਰਤਨ' ਦੇ ਦਿੱਤਾ। ਖੇਡਾਂ ਦੇ ਮੈਦਾਨ ਵਿੱਚੋਂ ਹਿਟਲਰ ਦੀ 'ਖ਼ਾਲਸ ਨਸਲ' ਦੀ ਧਾਰਨਾ ਦਾ ਭੋਗ ਪਾਉਣ ਵਾਲੇ ਧਿਆਨ ਚੰਦ ਨੇ ਉਸ ਦੀ ਕਰਨੈਲ ਬਣਾਉਣ ਦੀ ਪੇਸ਼ਕਸ਼ ਕਬੂਲ ਨਹੀਂ ਕੀਤੀ। ਭਾਰਤ ਦੇ ਝੰਡੇ ਨਾਲ ਆਜ਼ਾਦੀ ਤੋਂ ਪਹਿਲਾਂ ਮੁਲਕ ਦੀ ਨੁਮਾਇੰਦਗੀ ਕਰਨ ਵਾਲੇ ਧਿਆਨ ਚੰਦ ਲਈ ਕੁਝ ਸਾਲ ਪਹਿਲਾਂ ਤੱਕ 'ਭਾਰਤ ਰਤਨ' ਦੀ ਕੋਈ ਮੰਗ ਨਹੀਂ ਹੋਈ ਸੀ। ਹੁਣ ਸਚਿਨ ਤੇਂਦੁਲਕਰ ਦਾ ਰਾਹ ਪੱਧਰਾ ਕਰਨ ਲਈ ਧਿਆਨ ਚੰਦ ਲਈ ਵੀ 'ਭਾਰਤ ਰਤਨ' ਦੀ ਵਕਾਲਤ ਕੀਤੀ ਜਾ ਸਕਦੀ ਹੈ। ਸਚਿਨ ਤੇਂਦੁਲਕਰ ਦੀ ਦੌੜਾਂ ਅਤੇ ਸੈਂਕੜਿਆਂ ਤੋਂ ਇਲਾਵਾ ਕੀ ਪਛਾਣ ਹੈ? ਇਸ ਪਛਾਣ ਦਾ ਮੁਲਕ ਨੂੰ ਕੀ ਫਾਇਦਾ ਹੈ? ਉਹਦੇ ਰਾਹੀਂ ਮੰਡੀਮੁਖੀ ਮਕਬੂਲੀਅਤ ਨੂੰ ਕਲਾ, ਸਾਹਿਤ ਅਤੇ ਸੱਭਿਆਚਾਰ ਦੇ ਬਰਾਬਰ ਮਾਨਤਾ ਦੇਣ ਦੀ ਤਿਆਰੀ ਚੱਲ ਰਹੀ ਹੈ। ਇਸ ਮਾਮਲੇ ਦੀ ਅਹਿਮੀਅਤ ਬਾਬਤ 'ਜਨਸੱਤਾ' ਵਿੱਚ ਪੁਨਿਆ ਪ੍ਰਸੂਨ ਵਾਜਪੇਯੀ ਨੇ ਲਿਖਿਆ ਹੈ, "ਜੇ ਮਨਮੋਹਨ ਸਿੰਘ ਦਾ ਮਤਲਬ ਭਾਰਤ ਨੂੰ ਆਰਥਿਕ ਸੁਧਾਰਾਂ ਰਾਹੀਂ ਮੰਡੀ ਵਿੱਚ ਤਬਦੀਲ ਕਰਨਾ ਹੈ ਤਾਂ ਸਚਿਨ ਤੇਂਦੁਲਕਰ ਉਸ ਮੰਡੀ ਦਾ ਸਭ ਤੋਂ ਢੁਕਵਾਂ ਚਿਹਰਾ ਹੈ।" ਇਸ ਵੇਲੇ ਸਚਿਨ ਤੇਂਦੁਲਕਰ 27 ਵਸਤਾਂ ਦੀ ਇਸ਼ਤਿਹਾਰਬਾਜ਼ੀ ਕਰਦਾ ਹੈ। ਇਨ੍ਹਾਂ ਵਸਤਾਂ ਨਾਲ ਜੁੜੇ ਕਾਰੋਬਾਰ ਦਾ ਜਮ੍ਹਾਂ-ਜੋੜ ਤੀਹ ਲੱਖ ਕਰੋੜ ਰੁਪਏ ਬਣਦਾ ਹੈ। ਉਸ ਨੇ ਕ੍ਰਿਕਟ ਦੇ ਮੈਦਾਨ ਵਿੱਚੋਂ ਕਮਾਈ ਪਛਾਣ ਨੂੰ ਇਸ਼ਤਿਹਾਰਬਾਜ਼ੀ ਰਾਹੀਂ ਪੈਸਾ ਕਮਾਉਣ ਲਈ ਵਰਤਿਆ ਹੈ। ਇਨ੍ਹਾਂ ਵਿੱਚੋਂ ਨੌ ਵਸਤਾਂ ਵਿਦੇਸ਼ੀ ਹਨ ਅਤੇ ਬਾਕੀਆਂ ਦੀ ਅਹਿਮੀਅਤ ਖ਼ਪਤਕਾਰੀ ਮਾਹੌਲ ਵਿੱਚੋਂ ਮੁਨਾਫ਼ਾ ਕਮਾਉਣ ਤੋਂ ਜ਼ਿਆਦਾ ਨਹੀਂ ਹੈ। ਪ੍ਰਸੂਨ ਵਾਜਪੇਯੀ ਨੇ ਅੱਗੇ ਲਿਖਿਆ ਹੈ, "ਇਸ ਵਿੱਚ ਸਚਿਨ ਤੇਂਦੁਲਕਰ ਦਾ ਕਸੂਰ ਨਹੀਂ ਹੈ। ਜੇ ਇਸ ਦੌਰ ਵਿੱਚ ਮੁਲਕ ਹੋਣ ਦਾ ਮਤਲਬ ਹੀ ਮੰਡੀ ਹੈ, ਜੇ ਵਿਕਾਸ ਦਾ ਮਤਲਬ ਹੀ ਸ਼ੇਅਰ ਬਾਜ਼ਾਰ ਅਤੇ ਕਾਰੋਪੋਰੇਟੀ ਸਨਅਤੀ ਵਿਕਾਸ ਦਰ ਦਾ ਉਛਾਲ ਹੈ ਤਾਂ ਬਤੌਰ ਸ਼ਹਿਰੀ ਕਿਸੇ ਸਚਿਨ ਤੇਂਦੁਲਕਰ ਦੀ ਕੀ ਅਹਿਮੀਅਤ ਹੈ?" ਮੌਜੂਦਾ ਨਿਜ਼ਾਮ ਕਿਸੇ ਬੰਦੇ ਦੀ ਪ੍ਰਾਪਤੀ ਨੂੰ ਬਤੌਰ ਸ਼ਹਿਰੀ ਨਹੀਂ ਸਗੋਂ ਬਤੌਰ ਖ਼ਪਤਕਾਰ ਵੇਖਦਾ ਹੈ। ਸਚਿਨ ਮੌਜੂਦਾ ਖ਼ਪਤਕਾਰੀ ਦੌਰ ਦਾ ਭੋਗ ਹੋਣ ਦੇ ਨਾਲ ਭੁਗਤ ਵੀ ਹੈ। ਉਸ ਰਾਹੀਂ ਨਿਜ਼ਾਮ ਦਾ ਖ਼ਾਸਾ ਪਰੋਸਣਯੋਗ ਬਣਾਇਆ ਜਾ ਰਿਹਾ ਹੈ। ਜਵਾਹਰਲਾਲ ਨਹਿਰੂ ਅਤੇ ਇੰਦਰਾ ਗਾਂਧੀ ਦੀ ਤਰਜ਼ ਉੱਤੇ ਮਨਮੋਹਨ ਸਿੰਘ ਆਪਣਾ ਸਨਮਾਨ ਸਚਿਨ ਤੇਂਦੁਲਕਰ ਨੂੰ 'ਭਾਰਤ ਰਤਨ' ਦੇ ਕੇ ਕਰਨ ਲਈ ਰਾਹ ਪੱਧਰਾ ਕਰ ਰਹੇ ਹਨ। ਲਗਾਤਾਰ ਪਸਰ ਰਹੇ ਆਪਹੁਦਰੇਪਣ, ਸਮਾਜਿਕ ਨਾਬਰਾਬਰੀ ਅਤੇ ਨਾਇਨਸਾਫ਼ੀ ਨੂੰ ਦਰਕਿਨਾਰ ਕਰ ਕੇ ਖੁੱਲ੍ਹੀ ਮੰਡੀ ਨੂੰ 'ਭਾਰਤ ਰਤਨ' ਦੇਣ ਦੀ ਤਿਆਰੀ ਹੈ। ਲੈਣ ਤੇਂਦੁਲਕਰ ਜਾ ਸਕਦਾ ਹੈ।

ਇਸ ਰੁਝਾਨ ਵਿੱਚੋਂ ਹੀ ਇਸਤਰੀ ਜਾਗਰਿਤੀ ਮੰਚ ਦੇ ਪੋਸਟਰ ਉੱਤੇ ਛਪੀਆਂ ਤਸਵੀਰਾਂ, ਕਵਿਤਾ ਅਤੇ ਨਾਅਰਿਆਂ ਦੀ ਅਹਿਮੀਅਤ ਸਮਝ ਵਿੱਚ ਆਉਂਦੀ ਹੈ। ਸਮਾਜ ਨੂੰ ਬੌਂਗਾ ਬਣਾਉਣ ਲਈ ਤੁਲੇ 'ਸੱਭਿਆਚਾਰ' ਦੀਆਂ ਜੜ੍ਹਾਂ ਕਲਾ ਰਾਹੀਂ ਫੈਲਦੀ ਲੱਚਰਤਾ, ਰਾਜਤੰਤਰ ਰਾਹੀਂ ਪ੍ਰਵਾਨ ਚੜ੍ਹ ਰਹੇ ਗ਼ਰੀਬ ਤਬਕੇ ਦੇ ਅਪਰਾਧੀਕਰਨ ਅਤੇ ਕਾਰੋਪੋਰੇਟ ਦੇ ਖ਼ਪਤਕਾਰੀ ਰੁਝਾਨ ਨਾਲ ਜੁੜੀਆਂ ਹੋਈਆਂ ਹਨ। ਮੌਜੂਦਾ ਦੌਰ ਵਿੱਚ ਖੁੱਲ੍ਹੀ ਮੰਡੀ ਦੀ ਚਮਕ-ਦਮਕ, 'ਵਰਚੂਅਲ' ਬੌਧਿਕਤਾ ਦੀ ਬੇਮੁਹਾਰ ਬਹਿਸ, ਰਾਜਤੰਤਰ ਦੇ
ਤਸ਼ੱਦਦ ਅਤੇ ਬੰਦੇ ਨੂੰ ਬੌਂਗਾ ਬਣਾਉਣ ਲਈ ਸ਼ਿੰਗਾਰ ਰਹੇ ਰੁਝਾਨ ਦੀਆਂ ਲੜੀਆਂ ਜੋੜ ਕੇ ਪੇਸ਼ ਕਰਨਾ ਮਨੁੱਖ ਹੋਣ ਦਾ ਬੁਨਿਆਦੀ ਕਾਰਜ ਬਣਦਾ ਹੈ। ਇਸ ਰੁਝਾਨ ਦੀਆਂ ਮੁਕਾਮੀ, ਕੌਮੀ, ਕੌਮਾਂਤਰੀ ਅਤੇ ਵਰਚੂਅਲ ਤੰਦਾਂ ਨੂੰ ਸਮਝਣਾ ਅਤੇ ਬੰਦੇ ਤੇ ਬੰਦਿਆਈ ਦੀ ਬਾਤ ਨੂੰ ਘਰ ਤੋਂ ਆਲਮ ਤੱਕ ਪਾਉਣਾ ਮਨੁੱਖੀ ਸ਼ਾਨ ਦੀ ਬਹਾਲੀ ਵੱਲ ਅਹਿਮ ਪੁਲਾਂਘ ਬਣਦੀ ਹੈ। ਇਸਤਰੀ ਜਾਗਰਿਤੀ ਮੰਚ ਦੀ ਅਗਵਾਈ ਵਿੱਚ ਬੀਬੀਆਂ ਨੇ ਰਾਹ ਦਿਖਾ ਦਿੱਤਾ ਹੈ। ਮਨੁੱਖ ਦੀ ਮਨੁੱਖ ਵਜੋਂ ਪਛਾਣ ਦੇ ਹਰ ਹਾਮੀ ਲਈ ਹੁੰਗਾਰਾ ਭਰਨ ਦਾ ਮੌਕਾ ਬਣ ਗਿਆ ਹੈ। 'ਅਸ਼ਲੀਲ' ਹੋਣ ਦੇ ਵਿਸ਼ੇਸ਼ਣ ਤੋਂ ਬਚਣ ਦਾ ਤਰੱਦਦ ਹੁਣ ਕਲਾਕਾਰਾਂ ਨੂੰ ਕਰਨਾ ਪੈਣਾ ਹੈ। ਦਿਲਜੀਤ ਦੇ ਘਰ ਦੇ ਬਾਹਰ ਧਰਨੇ ਤੋਂ ਖ਼ੁਸ਼ ਸ਼ਰੀਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਨਿਸ਼ਾਨੇ ਉੱਤੇ ਆਇਆ ਗਾਇਕ ਉਨ੍ਹਾਂ ਦਾ ਨੁਮਾਇੰਦਾ ਹੈ। ਕਲਾ ਕਿਰਤਾਂ ਹੀ ਗਵਾਹੀ ਭਰ ਸਕਦੀਆਂ ਹਨ ਕਿ ਕੌਣ ਇਸ ਰੁਝਾਨ ਦਾ ਹਿੱਸਾ ਨਹੀਂ ਹੈ। ਚੇਤਨ ਤਬਕੇ ਦੀ ਜ਼ਿੰਮੇਵਾਰੀ ਹੈ ਕਿ 'ਜਾਦੂ ਦੀ ਪੌਸ਼ਾਕ' ਦਾ ਅਸਲਾ ਉਘਾੜਿਆ ਜਾਵੇ ਅਤੇ ਸਮਾਜ ਨੂੰ 'ਪਾਖੰਡ ਪਾਜ' ਤੋਂ ਬਚਾਇਆ ਜਾਵੇ। ਇਹ ਤਵੱਕੋ 'ਤਿੰਨ ਨੰਬਰਾਂ' ਲਈ ਕਾਲਜਾਂ-ਯੂਨੀਵਰਸਿਟੀਆਂ ਦੀਆਂ ਗੋਸ਼ਟ ਵਿਹੂਣੀਆਂ 'ਗੋਸ਼ਟੀਆਂ' ਵਿੱਚ ਸ਼ਾਮਿਲ ਹੁੰਦੇ ਲਾਣੇ ਤੋਂ ਨਹੀਂ ਕੀਤੀ ਜਾ ਸਕਦੀ। ਇਹ 'ਜਾਦੂ ਦੀ ਪੌਸ਼ਾਕ' ਵਾਲੀ ਦਲੀਲ ਨੂੰ ਅੰਤਿਮ ਸੱਚ ਪ੍ਰਵਾਨ ਕਰ ਚੁੱਕੇ ਹਨ।

Saturday, 15 October 2011

ਮੇਰੇ ਲਈ ਫ਼ਿਲਮ ਦਾ ਰੂਪ ਵਿਸ਼ੇ ਦਾ ਸੇਵਾਦਾਰ ਹੈ: ਰਾਜੀਵ ਸ਼ਰਮਾ

ਦਲਜੀਤ ਅਮੀ

ਰਾਜੀਵ ਸ਼ਰਮਾ ਟੈਲੀਵਿਜ਼ਨ ਸਨਅਤ ਦੇ ਸਭ ਤੋਂ ਤਜਰਬੇਕਾਰ ਪੰਜਾਬੀਆਂ ਵਿੱਚੋਂ ਹੈ। ਉਸ ਨੇ ਹਿੰਦੀ ਅਤੇ ਪੰਜਾਬੀ ਦੇ ਵੱਡੇ ਚੈਨਲਾਂ ਵਿੱਚ ਸਿਰਜਣਾਤਮਕ, ਤਕਨੀਕੀ ਤੇ ਪ੍ਰਬੰਧਕੀ ਪੱਖਾਂ ਤੋਂ ਮੁਖੀ ਤੱਕ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨ। ਜਗਰਾਓ, ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਪੜ੍ਹਣ ਤੋਂ ਬਾਅਦ ਉਸ ਨੇ ਮੁੰਬਈ ਵਿੱਚ ਪੇਸ਼ਾਵਰ ਜੀਵਨ ਸ਼ੁਰੂ ਕੀਤਾ। ਤਕਰੀਬਨ ਡੇਢ ਦਹਾਕੇ ਦੌਰਾਨ ਉਸ ਅੰਦਰ ਪੰਜਾਬ ਦਾ ਕਸਬਾਨੁਮਾ ਪਿੰਡ ਅਤੇ ਮਹਾਨਗਰ ਗਹਿਗੱਚ ਸੰਵਾਦ ਵਿੱਚ ਰੁਝੇ ਹੋਏ ਹਨ। ਮਹਾਨਗਰ ਦੀਆਂ ਪੇਸ਼ਾਵਰ ਬੁਲੰਦੀਆਂ ਰਾਜੀਵ ਅੰਦਰਲੇ ਠੇਠ ਪੰਜਾਬੀ ਵਿੱਚ ਕੋਈ ਰਲਾ ਨਹੀਂ ਕਰ ਸਕੀਆਂ। ਇਸ ਦੌਰਾਨ ਉਸ ਦੇ ਕੰਨ ਵਿੱਚ ਨੱਤੀ ਪੈ ਗਈ ਹੈ ਅਤੇ ਮੋਢੇ ਉੱਤੇ ਭਗਤ ਸਿੰਘ ਖੁਣਿਆ ਗਿਆ ਹੈ।

ਲੋਕ ਕਲਾਮੰਚ ਮੰਡੀ ਮੁੱਲਾਂਪੁਰ ਦੇ ਬਾਨੀਆਂ ਵਿੱਚ ਸ਼ੁਮਾਰ ਰਾਜੀਵ ਨੇ ਗੁਰਸ਼ਰਨ ਸਿੰਘ ਨਾਲ ਅਤਿਵਾਦ ਦੇ ਦੌਰ ਵਿੱਚ ਨਾਟਕ ਕੀਤੇ। ਵਿਗਿਆਨ ਦੀ ਪੜ੍ਹਾਈ ਛੱਡ ਕੇ ਗਿਆਨੀ (ਗਿਆਰਵੀਂ ਤੋਂ ਬਾਅਦ ਪੰਜਾਬੀ ਸਾਹਿਤ ਦੀ ਇੱਕ ਸਾਲਾ ਪੜ੍ਹਾਈ) ਰਾਹੀਂ ਬੀ.ਏ. ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇੰਡੀਅਨ ਥੀਏਟਰ ਦੀ ਪੜ੍ਹਾਈ ਕਰ ਕੇ ਉਸ ਨੇ ਕੁਝ ਸਮਾਂ ਪੰਜਾਬ ਵਿੱਚ ਫ਼ਿਲਮਾਂ ਬਣਾਈਆਂ ਅਤੇ ਮੁੰਬਈ ਚਲਿਆ ਗਿਆ। ਦੂਰਦਰਸ਼ਨ ਦੇ ਦਸਤਾਵੇਜ਼ੀ ਸਭਿਆਚਾਰਕ ਲੜੀਵਾਰ 'ਸੁਰਭੀ' ਦਾ ਟੀਮ ਨਿਰਦੇਸ਼ਕ ਰਹਿਣ ਤੋਂ ਬਾਅਦ ਉਹ ਸਹਾਰਾ ਟੈਲੀਵਿਜ਼ਨ ਵਿੱਚ ਚਲਿਆ ਗਿਆ। ਇਸ ਤੋਂ ਬਾਅਦ ਉਸ ਨੇ ਜ਼ੀ, ਚੈਨਲ ਪੰਜਾਬ ਅਤੇ ੯-ਐਕਸ ਵਿੱਚ ਪ੍ਰੋਗਰਾਮਿੰਗ ਮੁਖੀ ਵਜੋਂ ਕੰਮ ਕੀਤਾ। ਉਸ ਨੂੰ ਆਜ਼ਾਦ ਫ਼ਿਲਮਸਾਜ਼ ਵਜੋਂ ਪਲੇਠੀ ਪੰਜਾਬੀ ਦਸਤਾਵੇਜ਼ੀ ਫ਼ਿਲਮ ਬਣਾਉਣ ਦਾ ਮਾਣ ਹਾਸਿਲ ਹੈ। ਇਨਕਲਾਬੀ ਕਵੀ ਪਾਸ਼ ਦੀ ਕਵਿਤਾ ਅਤੇ ਜ਼ਿੰਦਗੀ ਬਾਬਤ 'ਆਪਣਾ ਪਾਸ਼' ਬਣਾਉਣ ਤੋਂ ਪਹਿਲਾਂ ਆਪਣੇ ਮੁਲਾਂਪੁਰ ਦੇ ਸਾਥੀਆਂ ਨਾਲ ਮਿਲ ਕੇ ਜਗਰੂਪ ਸਿੰਘ ਰੂਪ ਦੀ ਕਹਾਣੀ ਉੱਤੇ 'ਪੰਜ ਕਲਿਆਣੀ' ਬਣਾਈ। ਰਾਜੀਵ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਉਹ ਆਪਣੇ ਪੁਰਾਣੇ ਸਾਥੀਆਂ ਨਾਲ ਮਿਲ ਕੇ ਫ਼ਿਲਮ ਬਣਾਉਂਦਾ ਹੈ। ਪੰਜ ਸਾਲ ਪਹਿਲਾਂ ਉਸ ਨੇ ਸਰਵਮੀਤ ਦੀ ਕਹਾਣੀ 'ਕਲਾਣ' ਉੱਤੇ ਫ਼ਿਲਮ ਬਣਾਈ। ਹੁਣ ਰਾਜੀਵ ਨੇ ਗੁਰਮੀਤ ਕੜਿਆਲਵੀ ਦੀ ਕਹਾਣੀ ਆਤੂ ਖੋਜੀ ਦੇ ਮੁੱਖ ਕਿਰਦਾਰ ਨੂੰ ਧੁਰਾ ਬਣਾ ਕੇ ਇਸੇ ਨਾਮ ਦੀ ਫ਼ਿਲਮ ਬਣਾਈ ਹੈ।

ਰਾਜੀਵ ਸ਼ਰਮਾ ਦੇ ਟੈਲੀਵਿਜ਼ਨ ਸਨਅਤ ਵਿਚਲੇ ਕੰਮ, ਫ਼ਿਲਮਾਂ ਬਣਾਉਣ ਦੀ ਸਮੁੱਚੀ ਸਰਗਰਮੀ ਅਤੇ ਪੜ੍ਹਾਈ-ਲਖਾਈ ਤੋਂ ਸਮਾਜਿਕ ਸਰੋਕਾਰਾਂ ਨਾਲ ਮੇਰਾ ਨੇੜਲਾ ਵਾਅ ਰਿਹਾ ਹੈ। ਇਸ ਦੌਰਾਨ ਮੈਂ ਉਸ ਦਾ ਪਹਿਲਾਂ ਸਰੋਤਾ, ਪਾਠਕ, ਦਰਸ਼ਕ, ਆਲੋਚਕ ਅਤੇ ਵਕੀਲ ਰਿਹਾ ਹਾਂ। ਆਤੂ ਖੋਜੀ ਅਤੇ ਫ਼ਿਲਮਾਂ ਬਾਬਤ ਰਾਜੀਵ ਦੀ ਸਮਝ ਨੂੰ ਲਿਖਤੀ ਮੁਲਾਕਾਤ ਰਾਹੀਂ ਪਾਠਕਾਂ ਨਾਲ ਸਾਂਝਾ ਕਰ ਰਿਹਾ ਹਾਂ। ਦੋ ਦਹਾਕਿਆਂ ਦੇ ਰਿਸ਼ਤੇ ਵਿੱਚੋਂ ਮੈਨੂੰ ਸਮਝ ਆਈ ਹੈ ਕਿ ਮੈਂ ਰਾਜੀਵ ਦੇ ਕੰਮ ਵਿੱਚ ਨੇੜਿਓਂ ਦਿਲਚਸਪੀ ਰੱਖਣ ਵਾਲੀ ਧਿਰ ਹਾਂ ਸੋ ਮੈਥੋਂ ਨਿਰਪੱਖਤਾ ਦੀ ਆਸ ਨਹੀਂ ਕੀਤੀ ਜਾ ਸਕਦੀ। ਰਾਜੀਵ ਬਹੁਤ ਸੁਹਿਰਦ ਸਰੋਤਾ ਅਤੇ ਸਿੱਧਾ ਬੰਦਾ ਹੈ ਸੋ ਉਸ ਨਾਲ ਬੇਬਾਕ ਹੋਣਾ ਕਿਸੇ ਖ਼ਦਸ਼ੇ ਨੂੰ ਸੱਦਾ ਨਹੀਂ ਦਿੰਦਾ ਸਗੋਂ ਸੰਵਾਦ ਲਈ ਜ਼ਰਖ਼ੇਜ਼ ਜ਼ਮੀਨ ਤਿਆਰ ਕਰਦਾ ਹੈ।

ਸੁਆਲ: ਰਾਜੀਵ ਪੰਦਰਾਂ ਸਾਲ ਟੈਲੀਵਿਜ਼ਨ ਸਨਅਤ ਦੇ ਸਭ ਤੋਂ ਮਹਿੰਗੇ ਤੇ ਕਾਮਯਾਬ ਲੜੀਵਾਰ ਬਣਾਉਣ ਤੋਂ ਬਾਅਦ ਆਤੂ ਖੋਜੀ ਬਣਾਉਣ ਦਾ ਕਾਰਨ ਕੀ ਹੈ?
ਜੁਆਬ: ਫ਼ਿਲਮ ਦਾ ਮਹਿੰਗਾ ਜਾਂ ਸਸਤਾ ਹੋਣਾ ਕੋਈ ਮਾਅਨੇ ਨਹੀਂ ਰੱਖਦਾ। ਮਸਲਾ ਇਹ ਹੈ ਕਿ ਮੈਂ ਕਿਹੜੀ ਫ਼ਿਲਮ ਕਿਉਂ ਬਣਾਉਣੀ ਚਾਹੁੰਦਾ ਹਾਂ? ਤੈਨੂੰ ਲੱਗਦਾ ਹੈ ਕਿ ਹੁਣ ਮੈਨੂੰ ਫ਼ੀਚਰ ਫ਼ਿਲਮ ਬਣਾਉਣੀ ਚਾਹੀਦੀ ਹੈ ਪਰ ਮੈਂ ਵਿਸ਼ੇ ਦੀ ਚੋਣ ਵੇਲੇ ਤਕਨੀਕੀ ਪੱਖ ਦੀ ਪਰਵਾਹ ਨਹੀਂ ਕਰਦਾ। ਮੇਰੇ ਅੰਦਰ ਛੋਟੇ ਸ਼ਹਿਰ ਜਾਂ ਪਿੰਡ ਤੋਂ ਕਸਬਾ ਬਣ ਰਹੇ ਪੰਜਾਬ ਅਤੇ ਮਹਾਨਗਰ ਦਾ ਤਜਰਬਾ ਹੈ। ਮੌਜੂਦਾ ਦੌਰ ਵਿੱਚ ਇਹ ਦੋਵੇਂ ਤਜਰਬੇ ਆਪਸ ਵਿੱਚ ਕਿਸੇ ਮੰਚ ਉੱਤੇ ਨਹੀਂ ਮਿਲਦੇ। ਇਸੇ ਤਰ੍ਹਾਂ ਪੁਰਾਣੀ ਅਤੇ ਨਵੀਂ ਪੀੜ੍ਹੀ ਵਿੱਚ ਟੁੱਟੀ ਸੰਵਾਦ ਦੀ ਤੰਦ ਦਾ ਮਸਲਾ ਹੈ। ਮੇਰੇ ਅੰਦਰ ਪਈਆਂ ਸਮਾਜਿਕ ਕਦਰਾਂ-ਕੀਮਤਾਂ ਮੈਨੂੰ ਇਹ ਸੁਆਲ ਪੁੱਛਦੀਆਂ ਹਨ ਕਿ ਕੀ ਹੁਣ ਇਨ੍ਹਾਂ ਦੀ ਥਾਂ ਯਾਦਾਂ ਜਾਂ ਕਿਤਾਬਾਂ ਵਿੱਚ ਹੀ ਹੈ? ਮੈਂ ਪਿੰਡ ਤੇ ਸ਼ਹਿਰ, ਬਜ਼ੁਰਗ ਤੇ ਨੌਜਵਾਨ ਪੀੜ੍ਹੀ, ਬਦਲਦੀਆਂ ਕਦਰਾਂ ਕੀਮਤਾਂ ਦੇ ਦੌਰ ਵਿੱਚ ਸਮਾਜਿਕ ਜ਼ਿੰਮੇਵਾਰੀ ਅਤੇ ਬੇਗਰਜ਼ ਰਿਸ਼ਤਿਆਂ ਦੀ ਬਾਤ ਪਾਉਣੀ ਚਾਹੁੰਦਾ ਸੀ। ਗੁਰਮੀਤ ਕੜਿਆਲਵੀ ਦਾ ਕਿਰਦਾਰ ਆਤੂ ਖੋਜੀ ਮੇਰੇ ਦਿਲ ਨੂੰ ਟੁੰਭਦਾ ਸੀ। ਇਸ ਕਿਰਦਾਰ ਦਾ ਸ਼ਹਿਰ ਦੀ ਕੁੜੀ ਨਾਲ ਸੰਵਾਦ ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ।

ਸੁਆਲ: ਪੇਸ਼ਾਵਰ ਜੀਵਨ ਵਿੱਚ ਤਕਨੀਕੀ ਪੱਖਾਂ ਦੀ ਨਿਗਰਾਨੀ ਅਤੇ ਤਕਨੀਕੀ ਮਿਆਰ ਨੂੰ ਯਕੀਨੀ ਬਣਾਉਣਾ ਤੁਹਾਡੀ ਮਹਾਰਤ ਹੈ ਆਪਣੀ ਫ਼ਿਲਮ ਬਣਾਉਣ ਵੇਲੇ ਵਿਸ਼ਾ ਪ੍ਰਧਾਨ ਕਿਵੇਂ ਹੋ ਜਾਂਦਾ ਹੈ?
ਜੁਆਬ: ਮੇਰਾ ਪੇਸ਼ਾਵਰ ਕੰਮ ਤਕਨੀਕੀ ਮਿਆਰਾਂ ਨਾਲ ਨਾਪਿਆ ਜਾਂਦਾ ਹੈ। ਜਿਸ ਨੇ ਮੇਰਾ ਕੰਮ ਤਕਨੀਕੀ ਪੱਖ ਤੋਂ ਦੇਖਣਾ ਹੈ ਉਹ ਟੈਲੀਵਿਜ਼ਨ ਵਾਲਾ ਕੰਮ ਦੇਖੇ। ਮੈਂ ਰੋਸ਼ਨੀ, ਰੰਗ ਅਤੇ ਸੰਪਾਦਨ ਦੀ ਤਕਨੀਕੀ ਸਮਝ ਦਾ ਇਮਤਿਹਾਨ ਉੱਥੇ ਦੇ ਆਇਆ ਹਾਂ। ਇਹ ਮਸਲਾ ਹੋਰ ਹੈ। ਆਤੂ ਖੋਜੀ ਬਣਾਉਣ ਵੇਲੇ ਮੈਂ ਫ਼ਿਲਮ ਦੀ ਵਿਆਕਰਨ ਦੀ ਪਰਵਾਹ ਨਹੀਂ ਕਰਦਾ। ਰੋਸ਼ਨੀਆਂ ਅਤੇ ਸਰਗਰਮੀ ਦੀ ਲਗਾਤਾਰਤਾ ਮੇਰੇ ਲਈ ਮਾਅਨੇ ਨਹੀਂ ਰੱਖਦੀ ਕਿਉਂਕਿ ਇਹ ਫ਼ਿਲਮ ਵਿਸ਼ੇ ਉੱਤੇ ਟਿਕੀ ਹੋਈ ਹੈ।

ਸੁਆਲ: ਇਸ ਵੇਲੇ ਫ਼ਿਲਮ ਸਨਅਤ ਵਿੱਚ ਲਗਾਤਾਰ ਚਰਚਾ ਹੋ ਰਹੀ ਹੈ ਕਿ ਰੂਪਕੀ ਪੱਖ ਬਹੁਤ ਅਹਿਮ ਹੁੰਦਾ ਹੈ?
ਜੁਆਬ: ਪਹਿਲਾਂ ਮੈਂ ਇਹ ਸਪਸ਼ਟ ਕਰ ਦਿਆਂ ਕਿ ਤੇਰੇ ਸੁਆਲ ਤੋਂ ਲੱਗਦਾ ਹੈ ਜਿਵੇਂ ਮੈਂ ਰੂਪਕੀ ਪੱਖ ਨੂੰ ਤਵੱਜੋ ਨਹੀਂ ਦਿੰਦਾ। ਅਜਿਹਾ ਨਹੀਂ ਹੈ। ਮੈਂ ਆਤੂ ਖੋਜੀ ਦੇ ਇਨ੍ਹਾਂ ਪੱਖਾਂ ਬਾਬਤ ਲੰਮੀ ਗੱਲ ਕਰ ਸਕਦਾ ਹਾਂ। ਇਸੇ ਤਰ੍ਹਾਂ ਦਾਰਸ਼ਨਿਕ ਪੱਖ ਨੂੰ ਵੇਖਿਆ ਜਾ ਸਕਦਾ ਹੈ। ਇਸ ਮਸਲੇ ਉੱਤੇ ਮੇਰੀ ਸਮਝ ਬਹੁਤ ਸਪਸ਼ਟ ਹੈ। ਜਦੋਂ ਮੈਂ ਆਪਣੀ ਮਰਜ਼ੀ ਦੀ ਫ਼ਿਲਮ ਬਣਾਉਂਦਾ ਹਾਂ ਤਾਂ ਰੂਪ ਦਾ ਕੰਮ ਵਿਸ਼ੇ ਦੀ ਸੇਵਾਦਾਰੀ ਰਹਿੰਦਾ ਹੈ। ਫ਼ਿਲਮ ਦਾ ਕਾਮਯਾਬੀ ਇਸ ਨੁਕਤੇ ਨਾਲ ਨਾਪੀ ਜਾਵੇਗੀ ਕਿ ਇਹ ਦਰਸ਼ਕਾਂ ਨਾਲ ਕਿਸ ਤਰ੍ਹਾਂ ਦਾ ਸੰਵਾਦ ਕਰਦੀ ਹੈ। ਤੂੰ ਦਰਸ਼ਕ ਨੂੰ ਸੰਗਤ ਕਹਿੰਦਾ ਏ, ਸੰਗਤ ਨਾਲ ਸੰਵਾਦ ਦੀ ਸੰਜੀਦਗੀ ਨੂੰ ਅਹਿਮੀਅਤ ਮਿਲਣੀ ਹੀ ਚਾਹੀਦੀ ਹੈ।

ਸੁਆਲ: ਫ਼ਿਲਮਸਾਜ਼ ਸੰਗਤ ਅਤੇ ਵਿਸ਼ੇ ਬਾਬਤ ਇਸ ਤਰ੍ਹਾਂ ਗੱਲ ਨਹੀਂ ਕਰਦੇ ਕੋਈ ਖਾਸ ਕਾਰਨ?
ਜੁਆਬ: ਇਹ ਸੁਆਲ ਤੈਨੂੰ ਵੀ ਪੁੱਛਿਆ ਜਾ ਸਕਦਾ ਹੈ।

ਸੁਆਲ: ਜਦੋਂ ਤੁਸੀਂ ਮੇਰੀ ਮੁਲਾਕਾਤ ਲਿਖੋਗੇ ਤਾਂ ਪੁੱਛਣਾ ਹੁਣ ਜੁਆਬ ਦਿਓ?
ਜੁਆਬ: ਮੈਂ ਸਾਰੇ ਫ਼ਿਲਮਸਾਜ਼ਾਂ ਲਈ ਜੁਆਬਦੇਹ ਨਹੀਂ ਹਾਂ।

ਸੁਆਲ: ਤੁਸੀਂ ਫ਼ਿਲਮਸਾਜ਼ ਵਜੋਂ ਇਸ ਸੁਆਲ ਤੋਂ ਮੁਨਕਰ ਵੀ ਨਹੀਂ ਹੋ ਸਕਦੇ?
ਜੁਆਬ: ਮੈਂ ਬਾਕੀਆਂ ਦੀ ਸਮਝ ਬਾਬਤ ਜੁਆਬਦੇਹ ਕਿਵੇਂ ਹੋਇਆ?

ਸੁਆਲ: ਫ਼ਿਲਮਸਾਜ਼ ਹੋਣ ਦੇ ਨਾਤੇ ਇਸ ਤਬਕੇ ਬਾਬਤ ਸਾਡੀ ਸਮਾਜਿਕ ਸਮਝ ਬਣੀ ਹੋਈ ਹੈ ਨਾਮੀ ਫ਼ਿਲਮਸਾਜ਼ ਕਹਿੰਦੇ ਹਨ ਕਿ ਪੰਜਾਬੀਆਂ ਦਾ ਪੱਧਰ ਸੰਜੀਦਾ ਫ਼ਿਲਮ ਲਾਇਕ ਨਹੀਂ ਹੈ ਇਸੇ ਕਾਰਨ ਉਹ ਵਿਸ਼ਾ ਮੁਖੀ ਫ਼ਿਲਮਾਂ ਨਹੀਂ ਬਣਾਉਂਦੇ ਤੁਹਾਨੂੰ ਜੁਆਬ ਦੇਣਾ ਚਾਹੀਦਾ ਹੈ ਤਾਂ ਜੋ ਪਤਾ ਲੱਗੇ ਕਿ ਫ਼ਿਲਮਸਾਜ਼ਾਂ ਵਿੱਚ ਵੰਨ-ਸਵੰਨਤਾ ਹੈ
ਜੁਆਬ: ਮੈਂ ਦਰਸ਼ਕ ਦੇ ਮਿਆਰ ਮੁਤਾਬਕ ਨਹੀਂ ਸਗੋਂ ਆਪਣੀ ਸਮਝ ਨਾਲ ਫ਼ਿਲਮ ਨਾਲ ਬਣਾਉਂਦਾ ਹਾਂ। ਇਹ ਦਲੀਲ ਮੈਨੂੰ ਅਜੀਬ ਲੱਗਦੀ ਹੈ। ਬਿਨਾਂ ਕਿਸੇ ਇਮਤਿਹਾਨ ਵਿੱਚ ਬੈਠੇ ਫ਼ਿਲਮਸਾਜ਼ ਆਪਣੀ ਲਿਆਕਤ ਅਤੇ ਦਰਸ਼ਕ ਦੀ ਜ਼ਹਾਲਤ ਦਾ ਐਲਾਨ ਕਰਦੇ ਹਨ। ਬਾਕੀ ਬੰਦਿਆਂ ਵਾਂਗ ਫ਼ਿਲਮਸਾਜ਼ ਵੀ ਸਮਾਜਿਕ ਜੀਅ ਹਨ। ਸਾਰੀਆਂ ਕਮੀਆਂ-ਪੇਸ਼ੀਆਂ ਅਤੇ ਗੁਣ-ਅਗੁਣ ਸਮੇਤ। ਆਪਣੇ-ਆਪ ਨੂੰ ਵਢਿਆਉਣ ਦੀ ਰੀਤ ਜਿਹੀ ਤੁਰ ਪਈ ਕਿ ਕਲਾਕਾਰ ਬਹੁਤ ਸੰਵਾਦਨਸ਼ੀਲ ਹੁੰਦੇ ਹਨ। ਇਸ ਧਾਰਨਾ ਕੋਈ ਇਲਾਹੀ ਫਰਮਾਨ ਨਹੀਂ ਹੈ। ਨਫ਼ਰਤ ਉਕਸਾਉਣ ਵਾਲੀਆਂ ਕਲਾ-ਕਿਰਤਾਂ ਦੀ ਦੁਨੀਆਂ ਵਿੱਚ ਕਮੀ ਨਹੀਂ ਹੈ ਜਿਨ੍ਹਾਂ ਵਿੱਚ ਫ਼ਿਲਮਾਂ ਵੀ ਸ਼ੁਮਾਰ ਹਨ। ਪੰਜਾਬੀ ਫ਼ਿਲਮਾਂ ਦੇ ਇਤਿਹਾਸ ਵਿੱਚ ਤਰਜੀਹ ਵਿਸ਼ੇ ਦੀ ਥਾਂ ਵਪਾਰ ਨੂੰ ਰਹੀ ਹੈ। ਹੁਣ ਪੱਤਰਕਾਰ ਮੁਨਾਫ਼ੇ ਲਈ ਫ਼ਿਲਮ ਬਣਾਉਣ ਵਾਲੇ ਫ਼ਿਲਮਸਾਜ਼ ਕੋਲੋਂ ਸਮਾਜਿਕ ਸਰੋਕਾਰਾਂ ਬਾਬਤ ਸੁਆਲ ਪੁੱਛਦੇ ਹਨ ਤਾਂ ਸਾਹਮਣੇ ਵਾਲੇ ਨੇ ਜੁਆਬ ਦੇਣੇ ਹਨ। ਚੰਗੀਆਂ ਫ਼ਿਲਮਾਂ ਨਾ ਬਣਨ ਦਾ ਠੀਕਰਾ ਦਰਸ਼ਕ ਸਿਰ ਭੰਨ੍ਹ ਦਿਓ। ਸੁਖਾਲਾ ਕੰਮ ਹੈ। ਇਹ ਫ਼ਿਲਮਸਾਜ਼ ਦਾ ਮਸਲਾ ਹੈ ਕਿ ਉਹ ਦਰਸ਼ਕ ਨੂੰ ਮਹਿਜ਼ ਖਪਤਕਾਰ ਮੰਨਦਾ ਹੈ ਜਾਂ ਕੁਝ ਹੋਰ। ਮੈਨੂੰ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਸਾਡੀ ਸਮਝ ਸਪਸ਼ਟ ਹੈ। ਸੰਗਤ ਸੂਝਵਾਨ ਹੁੰਦੀ ਹੈ। ਫ਼ੈਸਲਾ ਉਨ੍ਹਾਂ ਉੱਤੇ ਛੱਡ ਦਿੰਦੇ ਹਾਂ।

ਸੁਆਲ: ਲੱਚਰ ਅਤੇ ਸਾਫ਼-ਸੁਥਰੀ ਫ਼ਿਲਮ ਵਿੱਚ ਤੁਸੀਂ ਨਿਖੇੜਾ ਕਿਵੇਂ ਕਰਦੇ ਹੋ?
ਜੁਆਬ: ਲੱਚਰ ਅਤੇ ਸਾਫ਼-ਸੁਥਰੀਆਂ ਫ਼ਿਲਮਾਂ ਦੀ ਪਾਲਾਬੰਦੀ ਸੁਖਾਲੀ ਨਹੀਂ ਹੈ। ਕੁਝ ਲੋਕ ਨਗੇਜ਼ ਨੂੰ ਅਸ਼ਲੀਲਤਾ ਅਤੇ ਕੱਪੜਿਆਂ ਨੂੰ ਸੱਭਿਆਚਾਰ ਕਰਾਰ ਦਿੰਦੇ ਹਨ। ਸਾਫ਼-ਸੁਥਰੇ ਕੱਪੜੇ ਪਾ ਕੇ ਲਹਿਰਾਉਂਦੀ ਫ਼ਸਲਾਂ ਵਿੱਚ ਬੱਕਰੇ ਬੁਲਾਉਂਦੇ, ਜਾਤੀ ਹaੂਮੈਂ ਦਾ ਦਿਖਾਵਾ ਕਰਦੇ ਅਤੇ ਮੌਜੂਦਾ ਪੰਜਾਬ ਦੇ ਬਹੁਪਸਾਰੀ ਸੰਕਟ ਨੂੰ ਨਜ਼ਰਅੰਦਾਜ਼ ਕਰਨ ਵਾਲੇ ਮੈਨੂੰ ਲੱਚਰ ਲੱਗਦੇ ਹਨ। ਪੰਜਾਬ ਨੂੰ ਗੀਤਾਂ, ਭੰਗੜੇ, ਗਿੱਧੇ, ਕੱਪੜਿਆਂ, ਸਾਗ ਤੇ ਮੱਕੀ ਦੀ ਰੋਟੀ, ਦੋਨਾਲੀਆਂ, ਮਹਿੰਗੀਆਂ ਕਾਰਾਂ ਅਤੇ ਦੇਸੀ ਦਾਰੂ ਤੱਕ ਮਹਿਦੂਦ ਕਰ ਦੇਣਾ ਲੱੱਚਰਤਾ ਹੈ। ਉਦਰੇਵੇਂ ਦੇ ਮਾਰੇ ਪਰਵਾਸੀ ਪੰਜਾਬੀ ਇਸੇ ਨੂੰ ਪੰਜਾਬ ਅਤੇ ਪੰਜਾਬੀ ਦੀ ਸੇਵਾ ਕਬੂਲ ਕਰ ਲੈਂਦੇ ਹਨ। ਬਾਕੀ ਦੁਨੀਆ ਵਾਂਗ ਪੰਜਾਬੀ ਉਦਾਸ ਹੁੰਦੇ ਹਨ, ਉਹ ਪੜ੍ਹਦੇ-ਲਿਖਦੇ ਅਤੇ ਸੋਚਦੇ ਹਨ। ਪੰਜਾਬੀ ਮੌਜੂਦਾ ਆਲਮ ਦੇ ਆਲਮੀ ਵਾਸ਼ਿੰਦੇ ਹਨ। ਜਦੋਂ ਫ਼ਿਲਮਾਂ ਵਿੱਚ ਪੰਜਾਬ ਦੀ ਕਿਸੇ ਦੁਖਦੀ ਰਗ ਉੱਤੇ ਹੱਥ ਧਰ ਕੇ ਪਰਵਾਸੀਆਂ ਦੀ ਮਿਹਰਬਾਨੀ ਜਾਂ ਨਾਇਕ ਦੀ ਕ੍ਰਿਪਾ ਨਾਲ ਸਮੱਸਿਆ ਸੁਲਝਾ ਦਿੱਤੀ ਜਾਂਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ ਪੰਜਾਬੀ ਸਮਾਜ ਨੂੰ ਛੁਟਿਆਉਣ ਵਾਲੀ ਗੱਲ ਹੈ। ਜੇ ਪੰਜਾਬ ਵਿੱਚ ਵਿਗਾੜ ਅਤੇ ਨਿਘਾਰ ਦੇ ਮਸਲੇ ਹਨ ਤਾਂ ਇਨ੍ਹਾਂ ਦਾ ਕਾਰਨ ਮਹਿਜ਼ ਪੰਜਾਬੀਆਂ ਦੀ ਨਾਲਾਇਕੀ ਨਹੀਂ ਹੈ।

ਸੁਆਲ: ਫ਼ਿਲਮ ਮਹਿੰਗਾ ਕੰਮ ਹੈ ਤੁਸੀਂ ਕਈ ਸਾਲ ਵੱਡੀਆਂ ਨੌਕਰੀਆਂ ਕਰਕੇ ਇੱਕ ਫ਼ਿਲਮ ਬਣਾ ਕੇ ਇਹ ਦਲੀਲ ਪੇਸ਼ ਕਰਦੇ ਓ ਇਸ ਤਰ੍ਹਾਂ ਲਗਾਤਾਰ ਕੰਮ ਨਹੀਂ ਕੀਤਾ ਜਾ ਸਕਦਾ?
ਜੁਆਬ: ਇਹ ਸਹੀ ਹੈ। ਲਗਾਤਾਰ ਕੰਮ ਨਾ ਕਰ ਸਕਣ ਕਾਰਨ ਹੀ ਮੈਂ ਮੁੜ-ਮੁੜ ਨੌਕਰੀ ਕਰਦਾ ਹਾਂ। ਫ਼ਿਲਮ ਦਾ ਅਰਥਚਾਰਾ ਬਹੁਤ ਜ਼ਾਲਮ ਹੈ। ਇਸ ਦਾ ਮਤਲਬ ਇਹ ਨਹੀਂ ਕਿ ਫ਼ਿਲਮਾਂ ਦੀ ਪੜਚੋਲ ਨਹੀਂ ਹੋਣੀ ਚਾਹੀਦੀ ਅਤੇ ਜੋ ਮਿਲੇ ਉਸ ਨੂੰ ਸਿਰ-ਮੱਥੇ ਕਬੂਲ ਕਰ ਲੈਣਾ ਚਾਹੀਦਾ ਹੈ। ਪੜਚੋਲ ਦਾ ਕੰਮ ਚੰਗੀ ਫ਼ਿਲਮ ਦੀ ਮੰਗ ਕਰਨਾ ਹੈ। ਬਾਕੀ ਮਸਲੇ ਆਪਣੀ ਥਾਂ ਅਹਿਮ ਹੋ ਸਕਦੇ ਹਨ। ਮੈਨੂੰ ਲੱਗਦਾ ਹੈ ਕਿ ਦੇਰ ਬਾਅਦ ਹੀ ਸਹੀ ਪਰ ਮੈਂ ਫ਼ਿਲਮ ਬਣਾਉਂਦਾ ਹਾਂ। ਤੂੰ ਪਿਛਲੇ ਪੰਜ ਸਾਲਾਂ ਤੋਂ ਫ਼ਿਲਮ ਨਹੀਂ ਬਣਾਈ।

ਸੁਆਲ: ਮਸਲਾ ਇਹ ਹੈ ਕਿ ਫ਼ਿਲਮ ਬਣਾਉਣ ਅਤੇ ਜਿਉਂਦੇ ਰਹਿਣ ਲਈ ਪੈਸੇ ਤਾਂ ਹੋਣੇ ਚਾਹੀਦੇ ਹਨ
ਜੁਆਬ: ਠੀਕ ਹੈ। ਇਹ ਮਸਲਾ ਸੰਜੀਦਗੀ ਨਾਲ ਵਿਚਾਰਨ ਵਾਲਾ ਹੈ। ਫ਼ਿਲਮ ਦਾ ਅਰਥਚਾਰਾ ਸਿਨਮਾ, ਕੰਪਨੀਆਂ ਅਤੇ ਫ਼ਿਲਮ ਮੇਲਿਆਂ ਦੁਆਲੇ ਘੁੰਮਦਾ ਹੈ। ਇਨ੍ਹਾਂ ਦਾ ਕੋਈ ਬਦਲ ਲੱਭਣਾ ਪੈਣਾ ਹੈ। ਫ਼ਿਲਮਾਂ ਲਗਾਤਾਰ ਬਣਨ ਅਤੇ ਫ਼ਿਲਮਸਾਜ਼ ਘਾਟੇ ਵਿੱਚ ਨਾ ਰਹਿਣ। ਹੁਣ ਫ਼ਿਲਮ ਦੀ ਕੰਪਿਊਟਰ ਉੱਤੇ ਕਾਪੀ ਕਰਨੀ ਸੁਖਾਲੀ ਹੋ ਗਈ ਹੈ। ਇਸ ਨੈਤਿਕ ਦਲੀਲ ਦੀ ਮੌਜੂਦਾ ਖਪਤਕਾਰੀ ਦੌਰ ਵਿੱਚ ਫੂਕ ਨਿਕਲ ਗਈ ਹੈ ਕਿ 'ਚੰਗੀ ਫ਼ਿਲਮ ਲਈ ਪੈਸੇ ਦੇਣਾ ਜ਼ਰੂਰੀ ਹੈ।'

ਸੁਆਲ: ਇਸ ਦਾ ਮਤਲਬ ਇਹ ਹੋਇਆ ਕਿ ਫ਼ਿਲਮ ਵਪਾਰੀ ਜਾਂ ਅਮੀਰ ਹੀ ਬਣਾ ਸਕਦੇ ਹਨ?
ਜੁਆਬ: ਮੈਂ ਅਮੀਰ ਨਹੀਂ ਹਾਂ ਪਰ ਤਿੰਨ-ਚਾਰ ਸਾਲਾਂ ਵਿੱਚ ਅਜਿਹੀ ਫ਼ਿਲਮ ਲਈ ਪੈਸੇ ਅਤੇ ਸਮਾਂ ਕੱਢ ਸਕਦਾ ਹਾਂ। ਤੈਨੂੰ ਚਾਹੇ ਪਸੰਦ ਨਹੀਂ ਪਰ ਮੈਂ ਫ਼ਿਲਮ ਨੂੰ ਬਹੁਤ ਸਸਤੀ ਜਾਂ ਮੁਫ਼ਤ ਵੀ ਵੰਡ ਸਕਦਾ ਹਾਂ।

ਸੁਆਲ: ਤੁਹਾਡੇ ਬਾਬਤ ਕਿਹਾ ਜਾਂਦਾ ਹੈ ਕਿ ਕਿ ਰਾਜੀਵ ਕੋਲ ਪੈਸੇ ਹਨ ਤਾਂ ਉਸ ਨੇ ਫ਼ਿਲਮ ਮੁਫ਼ਤ ਵੰਡ ਦਿੱਤੀ ਕਿਸੇ ਦਲਜੀਤ ਅਮੀ ਨੂੰ ਇਤਰਾਜ਼ ਕਰਨ ਦਾ ਕੀ ਹੱਕ ਹੈ? ਇਸ ਤਰ੍ਹਾਂ ਫ਼ਿਲਮ ਤੁਹਾਡੇ ਆਪਣੇ ਘੇਰੇ ਤੱਕ ਵੀ ਤਾਂ ਮਹਿਦੂਦ ਹੁੰਦੀ ਹੈ
ਜੁਆਬ: ਦਲਜੀਤ ਅਮੀ ਮੇਰਾ ਦੋਸਤ ਹੈ। ਫ਼ਿਲਮ ਸਮਾਜ ਨਾਲ ਸੰਵਾਦ ਦੀ ਸ਼ੈਅ ਹੈ। ਇਸ ਬਾਬਤ ਹਰ ਪੱਖੋਂ ਗੱਲ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਕਿਸਾਨੀ, ਖੇਤੀ, ਕਿਸਾਨ ਅਤੇ ਅੰਨ-ਸੁਰੱਖਿਆ ਦੀ ਹੁੰਦੀ ਹੈ। ਤੇਰਾ ਇਤਰਾਜ਼ ਜਾਇਜ਼ ਹੈ ਪਰ ਇਸ ਦਾ ਹੱਲ ਕੋਈ ਨਹੀਂ।

ਸੁਆਲ: ਇਹ ਤਾਂ ਠੀਕ ਹੋਇਆ ਕਿ ਪੈਸੇ ਵਾਲੇ ਹੀ ਫ਼ਿਲਮ ਵੰਡ ਸਕਦੇ ਹਨ?
ਜੁਆਬ: ਲੋਕ ਪੱਖ ਵਿੱਚ ਇਹ ਠੀਕ ਹੈ।

ਸੁਆਲ: ਇਸ ਕੰਮ ਉੱਤੇ ਮਹਾਰਤ ਹਿਟਲਰ ਦੀ ਰਹੀ ਹੈ ਗੁਜਰਾਤ ਦੇ ਦੰਗਿਆਂ ਤੋਂ ਬਾਅਦ ਨਰਿੰਦਰ ਮੋਦੀ ਨੇ 'ਇੰਡੀਆ ਟੂਡੇ' ਨਾਲ ਮੁਫ਼ਤ ਫ਼ਿਲਮ ਵੰਡੀ ਸੀ ਇਹ ਮੁਕਾਬਲਾ ਨੌਕਰੀਆਂ ਕਰਨ ਵਾਲੇ ਨਹੀਂ ਕਰ ਸਕਦੇ
ਜੁਆਬ: ਤੂੰ ਭੁੱਲ ਗਿਆ। ਗੁਜਰਾਤ ਦੇ ਦੰਗਿਆਂ ਬਾਬਤ ਰਾਕੇਸ਼ ਸ਼ਰਮਾ ਨੇ ਵੀ ਹਿੰਦੀ ਦੇ ਰਸਾਲੇ 'ਹੰਸ' ਰਾਹੀਂ ਫ਼ਿਲਮ ਮੁਫ਼ਤ ਵੰਡੀ ਸੀ।

ਸੁਆਲ: ਤੁਸੀਂ ਅੱਧੀ ਗੱਲ ਯਾਦ ਰੱਖੀ ਹੈ ਉਸੇ ਰਸਾਲੇ ਵਿੱਚ ਇਹ ਬੇਨਤੀ ਵੀ ਛਪੀ ਸੀ ਕਿ ਜੇ ਦਰਸ਼ਕਾਂ ਨੂੰ ਲੱਗਦਾ ਹੈ ਕਿ ਅਜਿਹੀ ਫ਼ਿਲਮ ਬਣਨੀ ਚਾਹੀਦੀ ਹੈ ਤਾਂ ਦੋ ਸੌ ਰੁਪਏ ਭੇਜਣ ਦੀ ਕਿਰਪਾ ਕਰੋ ਉਂਝ ਇਹ ਤਜਰਬਾ ਕਿਸੇ ਮੌਕੇ ਦੀ ਅਹਿਮੀਅਤ ਨਾਲ ਜੋੜ ਕੇ ਕੀਤਾ ਜਾ ਸਕਦਾ ਹੈ ਇਹ ਨੇਮ ਨਹੀਂ ਹੋ ਸਕਦਾ
ਜੁਆਬ: ਮੈਂ ਸਹਿਮਤ ਹਾਂ ਕਿਉਂਕਿ ਅਜਿਹੀ ਨੈਤਿਕਤਾ ਮੁਖੀ ਦਲੀਲ ਨਾਲ ਫ਼ਿਲਮ ਦਾ ਅਰਥਚਾਰਾ ਨਹੀਂ ਚੱਲ ਸਕਦਾ।


ਸੁਆਲ: ਇਹ ਮਸਲਾ ਪੇਚੀਦਾ ਹੈ ਫ਼ਿਲਮ ਦੇ ਸਿਆਸੀ ਅਰਥਚਾਰੇ ਬਾਬਤ ਸੰਜੀਦਾ ਸੰਵਾਦ ਹੋਣਾ ਚਾਹੀਦਾ ਹੈ ਪਰ ਆਪਾਂ ਆਤੂ ਖੋਜੀ ਬਾਬਤ ਗੱਲ ਕਰਦੇ ਹਾਂ ਤੁਹਾਡੇ ਦੋ ਅਹਿਮ ਕਿਰਦਾਰ ਬੇੜੀ ਵਿੱਚ ਮਿਲਦੇ ਹਨ ਇਸ ਬੇੜੀ ਅਤੇ ਦਰਿਆ ਦੇ ਕੀ ਮਾਅਨੇ ਹਨ?
ਜੁਆਬ: ਮੈਨੂੰ ਹਮੇਸ਼ਾ ਲੱਗਦਾ ਹੈ ਕਿ ਪੰਜਾਬ ਦੀ ਫ਼ਿਲਮ ਵਿੱਚ ਕੋਈ ਤਾਂ ਆਬ ਹੋਵੇ। ਮੇਰੇ ਲਈ ਇਹ ਭਾਵੁਕ ਮਸਲਾ ਹੈ। ਪੰਜਾਬੀ ਸਭਿਆਚਾਰ ਵਿੱਚ ਦਰਿਆ ਪਾਰ ਕਰਨ ਦੇ ਡੂੰਘੇ ਮਾਅਨੇ ਹਨ। ਇਹ ਸਭ ਨੂੰ ਆਪਣੀ ਸਿਦਕਦਿਲੀ ਨਾਲ ਹੀ ਪਾਰ ਕਰਨੇ ਪੈਂਦੇ ਹਨ। ਦਰਿਆ ਵਿੱਚ ਡੁੱਬੀ ਸੋਹਣੀ, ਥਲਾਂ ਵਿੱਚ ਭੁੱਜੀ ਸੱਸੀ, ਸਤਲੁਜ ਕੰਢੇ ਬਲਦੇ ਸ਼ਹੀਦਾਂ ਦੇ ਸਿਵੇ ਅਤੇ ਸਿਰਸਾ ਨਦੀ ਉੱਤੇ ਪਿਆ ਵਿਛੋੜਾ ਸਾਡੇ ਚੇਤਿਆਂ ਵਿੱਚ ਸਦਾ ਸੱਜਰਾ ਰਹਿੰਦਾ ਹੈ। ਆਤੂ ਖੋਜੀ ਦੇ ਦੋਵੇਂ ਕਿਰਦਾਰ ਡੋਬੂ ਨਾਲ ਡੁੰਬਣ-ਡੁੰਬਣ ਕਰਦੇ ਹਨ। ਇੱਕ ਨੂੰ ਨਿਭਾਏ ਧਰਮ ਦੀ ਕੀਮਤ ਦਾ ਝੋਰਾ ਖਾ ਰਿਹਾ ਹੈ ਅਤੇ ਦੂਜੀ ਨੂੰ ਆ ਪਏ ਸੁਆਲ ਦਾ ਬੋਝ ਦਬ ਰਿਹਾ ਹੈ। ਇਹ ਝੋਰੇ ਅਤੇ ਬੋਝ ਦੀਆਂ ਝੱਖੜ ਭਰੀਆਂ ਨਦੀਆਂ ਉਨ੍ਹਾਂ ਦੇ ਅੰਦਰ ਹਨ ਅਤੇ ਬਾਹਰ ਉਹ ਬੇੜੀ ਰਾਹੀਂ ਦਰਿਆ ਪਾਰ ਕਰ ਰਹੇ ਹਨ। ਇਸੇ ਸਫ਼ਰ ਦੌਰਾਨ ਉਨ੍ਹਾਂ ਨੇ ਇੱਕ-ਦੂਜੇ ਦੀ ਅਸਲਾ ਪਛਾਣਨ ਵਿੱਚ ਮਦਦ ਕਰਨੀ ਹੈ। ਇੱਕ ਦੇ ਕਿਨਾਰੇ ਲੱਗ ਜਾਣ ਤੋਂ ਬਾਅਦ ਦੂਜੇ ਨੇ ਆਪਣੇ ਕਿਨਾਰੇ ਵੱਲ ਦਾ ਸਫ਼ਰ ਸ਼ੁਰੂ ਕਰਨਾ ਹੈ। ਉਨ੍ਹਾਂ ਨਾਲ ਬੇੜੀ ਵਿੱਚ ਤੀਜਾ ਜੀਅ ਮਲਾਹ ਹੈ ਜੋ ਉਨ੍ਹਾਂ ਨੂੰ ਪਾਰ ਕਰਵਾਉਣ ਲਈ ਮਸ਼ਕਤ ਕਰ ਰਿਹਾ ਹੈ। ਮਲਾਹ ਦਾ ਹੁਨਰ ਉਨ੍ਹਾਂ ਅੰਦਰ ਉੱਠਦੇ ਝੱਖੜ ਨੂੰ ਠੱਲ੍ਹ ਨਹੀਂ ਸਕਦਾ। ਅੰਦਰਲੇ ਝੱਖੜ ਨਾਲ ਟੱਕਰ ਬੰਦੇ ਨੇ ਆਪ ਹੀ ਲੈਣੀ ਹੈ। ਇਹੋ ਉਨ੍ਹਾਂ ਦੇ ਸਿਦਕ ਦਾ ਇਮਤਿਹਾਨ ਹੈ। ਇਸ ਫ਼ੈਸਲਾਕੁਨ ਸਫ਼ਰ ਵਿੱਚ ਦੋ ਅਜਨਬੀ ਆਪਣੇ ਰਿਸ਼ਤੇ ਦੀ ਪਛਾਣ ਕਰਦੇ ਹਨ ਅਤੇ ਉਸ ਨਾਲ ਨਿਭਣ ਦਾ ਫ਼ੈਸਲਾ ਕਰਦੇ ਹਨ।

ਸੁਆਲ: ਫ਼ਿਲਮ ਦੌਰਾਨ ਰੋਸ਼ਨੀ ਲਗਾਤਾਰ ਬਦਲਦੀ ਹੈ ਇਸ ਦਾ ਕਾਰਨ?
ਜੁਆਬ: ਫ਼ਿਲਮ ਦੌਰਾਨ ਰੋਸ਼ਨੀ ਬਦਲਣ ਜਾਂ ਕਿਸੇ ਕਿਰਦਾਰ ਦੇ ਕੱਪੜਿਆਂ ਦੀ ਚੋਣ ਨੂੰ ਤਕਨੀਕੀ ਗ਼ਲਤੀ ਕਰਾਰ ਦਿੱਤਾ ਜਾ ਸਕਦਾ ਹੈ। ਤੈਨੂੰ ਪਤਾ ਹੈ ਕਿ ਟੈਲੀਵਿਜ਼ਨ ਅਤੇ ਫ਼ਿਲਮ ਸਨਅਤ ਵਿੱਚ ਬਹੁਤ ਲੱਚਰ ਫਿਕਰਾ ਹੈ ਕਿ 'ਤਕਨੀਕੀ ਪੱਖ ਕਮਜ਼ੋਰ ਹੈ।' ਪੰਜਾਬੀ ਪੜਚੋਲ ਵਿੱਚ ਇਹ ਫਿਕਰਾ ਆਮ ਲਿਖਿਆ ਜਾਂਦਾ ਹੈ ਕਿ 'ਇਹ ਬਹੁਤ ਮਹਿੰਗੇ ਕੈਮਰਿਆਂ ਉੱਤੇ ਬਣੀ ਹੈ।' ਇਹ ਫਿਕਰੇ ਨਾਲਾਇਕੀ ਢਕਣ ਦੇ ਕੰਮ ਆਉਂਦੇ ਹਨ। ਮੋੜਵਾਂ ਸੁਆਲ ਕਿਸ ਨੇ ਪੁੱਛਣਾ ਹੁੰਦਾ ਹੈ ਕਿ ਤਕਨੀਕੀ ਪੱਖ ਦੇ ਮਾਅਨੇ ਕੀ ਹਨ? ਮਹਿੰਗੇ ਕੈਮਰੇ ਨਾਲ ਬਣਨ ਵਾਲੀ ਫ਼ਿਲਮ ਦੇ ਚੰਗੀ ਹੋਣ ਦੀ ਕੀ ਜ਼ਾਮਨੀ ਹੈ? ਮੇਰਾ ਮੰਨਣਾ ਹੈ ਕਿ ਤਕਨੀਕੀ ਨੁਕਤੇ ਮਨੁੱਖ ਨੇ ਤੈਅ ਕੀਤੇ ਹਨ ਅਤੇ ਇਹ ਇਲਾਹੀ ਫਰਮਾਨ ਨਹੀਂ ਹਨ। ਮੇਰੀ ਫ਼ਿਲਮ ਦੀ ਵਿਉਂਤਬੰਦੀ ਦਾ ਹਿੱਸਾ ਹੈ ਕਿ ਮੈਂ ਦਰਸ਼ਕ ਦਾ ਇਹ ਅਹਿਸਾਸ ਕਾਇਮ ਰੱਖਣਾ ਚਾਹੁੰਦਾ ਹਾਂ ਕਿ ਉਹ ਫ਼ਿਲਮ ਦੇਖ ਰਿਹਾ ਹੈ। ਫ਼ਿਲਮ ਨੂੰ ਬਹੁਤ ਵਾਰ ਭਾਂਜਵਾਦੀ ਕਰਾਰ ਦਿੱਤਾ ਜਾਂਦਾ ਹੈ। ਮੈਂ ਇਸ ਪ੍ਰਭਾਵ ਨੂੰ ਤੋੜਨ ਲਈ ਤਜਰਬਾ ਕੀਤਾ ਹੈ। ਫ਼ਿਲਮ ਦੇ ਕਿਰਦਾਰ ਨਾਲ ਮੈਂ ਦਰਸ਼ਕ ਨੂੰ 'ਆਪਣੇ ਅੰਦਰਲਾ ਦਰਿਆ' ਪਾਰ ਕਰਨ ਦਾ ਅਹਿਸਾਸ ਨਹੀਂ ਕਰਵਾਉਣਾ ਚਾਹੁੰਦਾ। ਮੈਂ ਫ਼ਿਲਮ ਦੇ ਕਿਰਦਾਰ ਨੂੰ ਦਰਿਆ ਪਾਰ ਕਰਵਾਉਣਾ ਚਾਹੁੰਦਾ ਹਾਂ ਪਰ ਦਰਸ਼ਕ ਨੂੰ ਕੰਢੇ ਉੱਤੇ ਆਪਣਾ ਫ਼ੈਸਲਾ ਆਪ ਕਰਨ ਲਈ ਛੱਡ ਦੇਣਾ ਚਾਹੁੰਦਾ ਹਾਂ।

ਸੁਆਲ: ਇਸ ਫ਼ਿਲਮ ਦਾ ਅਰਥਚਾਰੇ ਬਾਬਤ ਕੁਝ ਦੱਸੋ?
ਜੁਆਬ: ਇਹ ਤੇਰਾ ਮਨਪਸੰਦ ਵਿਸ਼ਾ ਹੈ।

ਸੁਆਲ: ਬਿਲਕੁਲ! ਮੇਰੀ ਦਿਲਚਸਪੀ ਦੇ ਹੋਰਾਂ ਵਿਸ਼ਿਆਂ ਵਿੱਚ ਇਹ ਵੀ ਸ਼ੁਮਾਰ ਹੈ। ਅਸੀਂ ਜਾਣਦੇ ਹਾਂ ਇਹ ਸੁਆਲ ਕੌਣ ਪੁੱਛ ਰਿਹਾ ਹੈ ਅਤੇ ਕਿਸ ਨੂੰ ਪੁੱਛ ਰਿਹਾ ਹੈ। ਤੁਸੀਂ ਸਾਰੀ ਗੱਲ ਇੰਝ ਕਰਦੇ ਹੋ ਜਿਵੇਂ ਮੇਰੀ ਦਿਲਚਸਪੀ ਸਿਰਫ਼ ਫ਼ਿਲਮਾਂ ਦੇ ਅਰਥਚਾਰੇ ਵਿੱਚ ਹੀ ਹੋਵੇ।
ਜੁਆਬ: ਅਜਿਹੀ ਗੱਲ ਨਹੀਂ ਹੈ। ਮੈਂ ਜਾਣਦਾ ਹਾਂ ਕਿ ਤੂੰ ਇਸ ਪੱਖ ਦਾ ਚੋਖਾ ਅਧਿਐਨ ਕੀਤਾ ਹੈ। ਮੈਨੂੰ ਪਤਾ ਹੈ ਕਿ ਇਹ ਸੁਆਲ ਕਿਨ੍ਹਾਂ ਹਾਲਾਤ ਵਿੱਚੋਂ ਉਪਜੇ ਹਨ। ਇਸ ਮਸਲੇ ਉੱਤੇ ਕਦੇ ਫਿਰ ਸਹੀ, ਹੁਣ ਤੇਰੇ ਬੁਨਿਆਦੀ ਸੁਆਲ ਵੱਲ ਆਉਂਦਾ ਹਾਂ। ਇਸ ਫ਼ਿਲਮ ਉੱਤੇ ਮੇਰੀ ਚਾਰ ਮਹੀਨੇ ਦੀ ਮਿਹਨਤ ਲੱਗੀ ਹੈ। ਮੇਰੇ ਦੋਸਤ ਤਜਿੰਦਰ ਪਾਲ ਧੀਰ ਨੇ ਵਿੱਤੀ ਅਤੇ ਹੋਰਾਂ ਨੇ ਤਕਨੀਕੀ ਮਦਦ ਕੀਤੀ ਹੈ। ਦੋਸਤਾਂ ਦੀ ਸਮਾਜਿਕ, ਬੌਧਿਕ ਅਤੇ ਪ੍ਰਬੰਧਕੀ ਮਦਦ ਵੀ ਮਿਲੀ ਹੈ। ਇਸ ਪੈਸੇ ਦੇ ਮੁੜਨ ਬਾਬਤ ਮੇਰੇ ਕੋਲ ਕੋਈ ਵਿਉਂਤਬੰਦੀ ਨਹੀਂ ਹੈ। ਇਸ ਨੂੰ ਮੈਂ ਸਕੂਲਾਂ-ਕਾਲਜਾਂ ਵਿੱਚ ਦਿਖਾਉਣਾ ਚਾਹੁੰਦਾ ਹਾਂ ਅਤੇ ਇਹ ਕੰਮ ਸ਼ੁਰੂ ਹੋ ਗਿਆ ਹੈ।

ਸੁਆਲ: ਮਤਲਬ ਹੁਣ ਮੁੜ ਕੇ ਨੌਕਰੀ ਕਰਨੀ ਪਵੇਗੀ? ਦੋਸਤਾਂ ਦੀ ਮਦਦ ਕਾਰਨ ਫ਼ਿਲਮ ਪਛੇਤੀ ਹੋ ਗਈ ਹੈ?
ਜੁਆਬ: ਤੂੰ ਮੁੜ ਕੇ ਘੇਰਾਬੰਦੀ ਸ਼ੁਰੂ ਕਰ ਦਿੱਤੀ। ਨੌਕਰੀ ਤਾਂ ਕਰਨੀ ਪੈ ਸਕਦੀ ਹੈ। ਹੁਣ ਮੈਂ ਪਰਵਾਸ ਦੇ ਮਸਲੇ ਉੱਤੇ ਫ਼ਿਲਮ ਬਣਾ ਰਿਹਾ ਹਾਂ ਜਿਸ ਦਾ ਧੁਰਾ ਪਿਉ-ਪੁੱਤ ਦੇ ਰਿਸ਼ਤੇ ਦੁਆਲੇ ਘੁੰਮਦਾ ਹੈ। ਆਤੂ ਖੋਜੀ ਵਾਂਗ ਸਮਾਜਿਕ ਕਦਰਾਂ-ਕੀਮਤਾਂ ਦਾ ਸੁਆਲ ਉਸ ਫ਼ਿਲਮ ਵਿੱਚ ਵੀ ਹੈ। ਇਸ ਫ਼ਿਲਮ ਉੱਤੇ ਇੰਗਲੈਂਡ ਦਾ ਬੰਦਾ ਪੈਸੇ ਲਗਾ ਰਿਹਾ ਹੈ। ਇਹ ਸਿਨਮੇ ਵਿੱਚ ਲੱਗੇਗੀ। ਦੋਸਤਾਂ ਵਾਲੀ ਗੱਲ ਠੀਕ ਹੈ। ਰੁਝੇਵਿਆਂ ਅਤੇ ਰੁਜ਼ਗਾਰ ਕਾਰਨ ਉਨ੍ਹਾਂ ਨੂੰ ਵਿਹਲ ਨਹੀਂ ਮਿਲੀ। ਮੈਂ ਸੋਚਦਾ ਹਾਂ ਕਿ ਜੇ ਫ਼ਿਲਮ ਸਮੁੱਚੇ ਅਮਲੇ ਦਾ ਖ਼ਰਚਾ ਚੁੱਕ ਸਕੇ ਤਾਂ ਦੋਸਤ ਜ਼ਿਆਦਾ ਮਦਦਗ਼ਾਰ ਹੋ ਸਕਣਗੇ। ਫ਼ਿਲਮ ਸਮੇਂ ਸਿਰ ਪੂਰੀ ਹੋ ਸਕੇਗੀ। ਇਹ ਸਾਰਾ ਸੰਕਟ ਫ਼ਿਲਮ ਦੇ ਅਰਥਚਾਰੇ ਨਾਲ ਜੁੜਿਆ ਹੋਇਆ ਹੈ ਜਿਸ ਨੂੰ ਵਪਾਰੀਆਂ ਤੋਂ ਬਿਨਾਂ ਕਿਸੇ ਨੇ ਸਮਝਣ ਦਾ ਤਰੱਦਦ ਨਹੀਂ ਕੀਤਾ। ਸਾਡੇ ਪੜਚੋਲੀਏ ਨਿਰਮਾਤਾਵਾਂ ਦੇ ਨਾਮਾਂ ਤੋਂ ਜ਼ਿਆਦਾ ਕੁਝ ਨਹੀਂ ਜਾਣਦੇ। ਇਹ ਸੁਆਲ ਤਾਂ ਬਲਰਾਜ ਸਾਹਨੀ ਅਤੇ ਖ਼ਵਾਜ਼ਾ ਅਹਿਮਦ ਅੱਬਾਸ ਨੇ ਵੀ ਕੀਤੇ ਸਨ ਪਰ ਇਨ੍ਹਾਂ ਦੇ ਪੁਖ਼ਤਾ ਜੁਆਬ ਹਾਲੇ ਤੱਕ ਕੋਈ ਨਹੀਂ ਹਨ

(ਰਾਜੀਵ ਸ਼ਰਮਾ ਨਾਲ ਇਹ ਦਲਜੀਤ ਅਮੀ ਦੀ ਲਿਖੀ ਹੋਈ ਦੂਜੀ ਮੁਲਾਕਾਤ ਹੈ ਪਹਿਲੀ ਮੁਲਾਕਾਤ ਤਕਰੀਬਨ ਸੱਤ ਸਾਲਾਂ ਪਹਿਲਾਂ ਨਵਾਂ ਜ਼ਮਾਨਾ ਵਿੱਚ ਛਪੀ ਸੀ ਉਹ ਮੁਲਾਕਾਤ ਅਗਲੇ ਦਿਨਾਂ ਵਿੱਚ ਪਾਠਕਾਂ ਨਾਲ ਮੁੜ ਕੇ ਸਾਂਝੀ ਕੀਤੀ ਜਾਏਗੀ)