



ਬਲਰਾਜ ਸਾਹਨੀ ਦੀ ਪੜਚੋਲ ਮੁਤਾਬਕ ਹੀ ਤਾਂ ਪੰਜਾਬੀ ਗਾਇਕ ਪੰਜਾਬ ਨੂੰ ਜਾਹਲ ਅਤੇ ਬਰਬਰ ਕਰਨ ਵਿੱਚ ਹਿੱਸਾ ਪਾ ਰਹੇ ਹਨ। ਇਸ ਜਹਾਲਤ ਅਤੇ ਬਰਬਰਤਾ ਦੀ ਕਰੂਰ ਗਾਜ ਬੀਬੀਆਂ, ਬੱਚਿਆਂ ਅਤੇ ਬਜ਼ੁਰਗਾਂ ਦੇ ਨਾਲ-ਨਾਲ ਦੱਬੇ-ਕੁਚਲੇ ਤਬਕਿਆਂ ਉੱਤੇ ਗਿਰ ਰਹੀ ਹੈ। ਇਨ੍ਹਾਂ 'ਅਤਿ ਦੇ ਸ਼ਿਕਾਰੀਆਂ' ਦੇ ਸੱਭਿਆਚਾਰਕ ਰਾਜ ਵਿੱਚ ਬੱਚਿਆਂ ਦੀ ਮਾਸੂਮੀਅਤ, ਬੀਬੀਆਂ ਦੀ ਇੱਜ਼ਤ, ਬਜ਼ੁਰਗਾਂ ਦਾ ਸਤਿਕਾਰ, ਨੌਜਵਾਨਾਂ ਦੇ ਅਹਿਸਾਸ ਅਤੇ ਵਿਦਿਆਰਥੀਆਂ ਹੱਥ ਕਿਤਾਬਾਂ ਮਹਿਫ਼ੂਜ਼ ਨਹੀਂ ਹਨ। ਅਜਿਹਾ ਸਮਾਜ ਅਰਦਾਸਾਂ ਨਾਲ ਤਾਂ ਵਿਸਾਹਦਾਨ, ਵਿਵੇਕਦਾਨ ਅਤੇ ਭਰੋਸਾਦਾਨ ਨਾਲ ਵਰੋਸਾਇਆ ਨਹੀਂ ਜਾ ਸਕਦਾ। ਅਜਿਹੇ ਸਮਾਜ ਵਿੱਚ ਮੌਜੂਦਾ ਸਿਆਸਤਦਾਨ ਜ਼ਰੂਰ ਬੇਫ਼ਿਕਰ ਹੋ ਸਕਦੇ ਹਨ। ਉਹ ਅਵਾਮ ਤੋਂ ਫੌਰੀ ਟੁੱਕੜਾਂ ਰਾਹੀਂ ਵੋਟਾਂ ਖਰੀਦ ਸਕਦੇ ਹਨ ਅਤੇ ਚਿਰਕਾਲੀ ਮਸਲੇ ਠੰਢੇ ਬਸਤਿਆਂ ਵਿੱਚ ਪਾ ਕੇ ਭੁੱਲ ਸਕਦੇ ਹਨ। ਸਿਆਸਤਦਾਨਾਂ ਦੇ ਅੰਧਰਾਤੇ ਦਾ ਅੰਦਾਜ਼ਾ ਤਾਂ ਉਨ੍ਹਾਂ ਦੇ ਸਭ ਤੋਂ ਵੱਡੇ ਵਾਅਦੇ ਤੋਂ ਹੋ ਜਾਂਦਾ ਹੈ। ਕਪਤਾਨਕੇ ਬਾਦਲਕਿਆਂ ਦੀਆਂ ਬੱਸਾਂ ਬੰਦ ਕਰਨ ਦਾ ਵਾਅਦਾ ਕਰ ਰਹੇ ਹਨ। ਬਾਦਲਕੇ ਪੂਰਾ ਜ਼ੋਰ ਲਗਾ ਕੇ 'ਪੱਚੀ ਸਾਲ ਰਾਜ ਕਰਨ' ਦਾ ਸੁਫ਼ਨਾ ਦੇਖ ਸਕਦੇ ਹਨ। ਇਨ੍ਹਾਂ ਨੇ ਅੰਗਰੇਜ਼ ਬਸਤਾਨਾਂ ਦੀਆਂ ਬਲੂ ਫ਼ਿਲਮਾਂ ਦੀ ਤਰਜ਼ ਉੱਤੇ ਦਿਲਜੀਤਾਂ, ਬੱਬੂਆਂ, ਪੰਮੀਆਂ, ਹਨੀਆਂ, ਪੂਜਾਵਾਂ, ਹਰਭਜਨਾਂ, ਮਨਮੋਹਣਾਂ, ਜ਼ਿੰਮੀਆਂ, ਗਿੱਪੀਆਂ, ਜ਼ੈਲਦਾਰਾਂ, ਜ਼ੈਜੀਆਂ ਅਤੇ ਮੀਕਿਆਂ ਦੀ ਹੇੜ੍ਹ ਬੇਮੁਹਾਰ ਕੀਤੀ ਹੋਈ ਹੈ।
ਇਸੇ ਹਵਾਲੇ ਨਾਲ ਦਿੱਲੀ ਪੁਲੀਸ ਦਾ ਇਸ਼ਤਿਹਾਰ ਨਜ਼ਰਸਾਨੀ ਦੀ ਮੰਗ ਕਰਦਾ ਹੈ। ਹੁਣ ਤੱਕ ਪਰਵਾਸੀਆਂ ਅਤੇ ਗ਼ਰੀਬ ਬੰਦੇ ਨੂੰ ਅਪਰਾਧ ਨਾਲ ਜੋੜਨ ਦੀਆਂ ਮੁਹਿੰਮਾਂ ਵਿੱਚ ਬੁਨਿਆਦਪ੍ਰਸਤ ਅਤੇ ਪੁਲਿਸ ਪ੍ਰਸ਼ਾਸਨ ਮੋਹਰੀ ਰਹੇ ਹਨ। ਅਪਰਾਧ ਬਾਬਤ ਹੋਏ ਅਧਿਐਨ ਸਾਬਤ ਕਰਦੇ ਹਨ ਕਿ ਅਪਰਾਧੀ ਹਰ ਤਬਕੇ ਵਿੱਚੋਂ ਹੋ ਸਕਦੇ ਹਨ। ਦਿੱਲੀ ਵਰਗੇ ਸ਼ਹਿਰ ਦੇ ਜ਼ਿਆਦਾਤਰ ਬਦਨਾਮ ਅਤੇ ਖ਼ੌਫ਼ਨਾਕ ਮਾਮਲਿਆਂ ਵਿੱਚ ਸਫ਼ੈਦਪੋਸ਼ ਤਬਕੇ ਦੇ ਸਰਦੇ-ਪੁੱਜਦੇ ਅਤੇ ਅਸਰ-ਰਸੂਖ਼ ਵਾਲੇ ਬੰਦਿਆਂ ਲਈ ਮੁਲਜ਼ਮਾਂ ਤੋਂ ਮੁਜਰਮਾਂ ਤੱਕ ਦਾ ਸਫ਼ਰ ਬਹੁਤ ਲੰਮਾ ਸਾਬਤ ਹੋਇਆ ਹੈ। ਗ਼ਰੀਬ ਤਬਕੇ ਦੇ ਮੁਲਜ਼ਮਾਂ ਦਾ ਪੁਲੀਸ ਤਸ਼ੱਦਦ ਤੋਂ ਬਾਅਦ ਬੇਕਸੂਰ ਸਾਬਤ ਹੋਣਾ ਹਮੇਸ਼ਾਂ ਅਖ਼ਬਾਰਾਂ ਦੀ ਕੰਨੀਆਂ ਵਿੱਚ ਸਮਾ ਜਾਂਦਾ ਹੈ ਅਤੇ ਟੈਲੀਵਿਜ਼ਨ ਉੱਤੇ ਇਨ੍ਹਾਂ ਦੀ ਬੇਕਸੂਰੀ ਨੂੰ ਖ਼ਬਰ ਹੋਣ ਦਾ ਰੁਤਬਾ ਨਹੀਂ ਮਿਲਦਾ। ਸ਼ਹਿਰਾਂ ਵਿੱਚ ਘਰੇਲੂ ਨੌਕਰਾਂ ਦੀਆਂ ਜਥੇਬੰਦੀਆਂ ਨੇ ਵਾਰ-ਵਾਰ ਜਿਨਸੀ ਸੋਸ਼ਣ, ਬਾਲ-ਮਜ਼ਦੂਰੀ, ਬੰਧੂਆ-ਮਜ਼ਦੂਰੀ ਅਤੇ ਘੱਟ-ਮਜ਼ਦੂਰੀ ਦਾ ਮੁੱਦਾ ਉਭਾਰਿਆ ਹੈ। ਇਸ ਤੋਂ ਇਲਾਵਾ ਬਦਕਲਾਮੀ ਅਤੇ ਬਦਸਲੂਕੀ ਅਖ਼ਬਾਰਾਂ ਦਾ ਨਹੀਂ ਪਰ ਗ਼ਲੀਆਂ-ਮੁਹੱਲਿਆਂ ਦੀ ਲੋਕਧਾਰਾ ਦਾ ਹਿੱਸਾ ਜ਼ਰੂਰ ਬਣੀਆਂ ਹਨ। ਇਹ ਤਬਕਾ ਆਪਣੀ ਬਣਦੀ ਮਜ਼ਦੂਰੀ, ਸ਼ਹਿਰੀ ਹਕੂਕ, ਮਨੁੱਖੀ ਸਤਿਕਾਰ ਅਤੇ ਸੰਵਿਧਾਨਕ ਅਖ਼ਤਿਆਰਾਂ ਦੀ ਗੱਲ ਨਹੀਂ ਕਰ ਸਕਿਆ। ਦਿੱਲੀ ਪੁਲੀਸ ਇਨ੍ਹਾਂ ਬਾਬਤ ਇਸ਼ਤਿਹਾਰ ਦਿੰਦੀ ਹੈ ਕਿ 'ਤੁਹਾਡਾ ਘਰੇਲੂ ਨੌਕਰ ਅਪਰਾਧੀ ਹੋ ਸਕਦਾ ਹੈ।'
ਇਹ ਸਵਾਲ ਪੁੱਛਿਆ ਜਾ ਸਕਦਾ ਹੈ ਕਿ ਘਰੇਲੂ ਨੌਕਰਾਂ ਦੀ ਤਫ਼ਸੀਲ ਪੁਲੀਸ ਕੋਲ ਦਰਜ ਕਰਵਾਉਣ ਵਿੱਚ ਕੀ ਗ਼ਲਤ ਹੈ? ਕੁਝ ਵੀ ਗ਼ਲਤ ਨਹੀਂ ਹੈ। ਸਵਾਲ ਗ਼ਰੀਬ ਤਬਕੇ ਨੂੰ ਜਾਹਲ ਅਤੇ ਬਰਬਰ ਕਰਾਰ ਦੇਣ ਦੀ ਕਾਨੂੰਨੀ ਮਾਨਤਾ ਨਾਲ ਜੁੜਿਆ ਹੋਇਆ ਹੈ। ਜੇ ਇਸਤਰੀ ਭਲਾਈ ਮਹਿਕਮਾ ਇਸ਼ਤਿਹਾਰ ਦੇਵੇ ਕਿ 'ਤੁਹਾਡਾ ਮਾਲਕ ਬਲਾਤਕਾਰੀ ਹੋ ਸਕਦਾ ਹੈ।' ਜੇ ਬਾਲ ਭਲਾਈ ਮਹਿਕਮਾ ਇਸ਼ਤਿਹਾਰ ਦੇਵੇ ਕਿ 'ਤੁਹਾਡਾ ਮਾਲਕ ਬਦਫੈਲੀ ਕਰ ਸਕਦਾ ਹੈ।' ਜੇ ਕਿਰਤ ਮਹਿਕਮਾ ਇਸ਼ਤਿਹਾਰ ਦੇਵੇ ਕਿ 'ਤੁਹਾਡਾ ਮਾਲਕ ਵਾਅਦਾ ਕਰਕੇ ਮਜ਼ਦੂਰੀ ਦੇਣ ਤੋਂ ਮੁੱਕਰ ਸਕਦਾ ਹੈ।' ਬਲਾਤਕਾਰ, ਬਦਫੈਲੀ ਅਤੇ ਲੁੱਟ ਤੋਂ ਬਚਣ ਲਈ ਆਪਣੇ ਮਾਲਕ ਸਮੇਤ ਆਪਣੀ ਤਫ਼ਸੀਲ ਮਹਿਕਮੇ ਕੋਲ ਦਰਜ ਕਰਵਾਓ। ਬਲਾਤਕਾਰ, ਬਦਫੈਲੀ ਅਤੇ ਲੁੱਟ ਬਾਬਤ ਅੰਕੜੇ ਭਾਵੇਂ ਇਹ ਕਹਿਣ ਕਿ ਅਮੀਰ ਜਾਂ ਮੌਜੂਦਾ ਨਿਜ਼ਾਮ ਵਿੱਚ ਅਸਰ-ਰਸੂਖ਼ ਵਾਲਾ ਤਬਕਾ ਜ਼ਿਆਦਾ ਕਸੂਰਵਾਰ ਹੈ ਪਰ ਅਜਿਹਾ ਇਸ਼ਤਿਹਾਰ ਦੇਖਣ ਨੂੰ ਨਹੀਂ ਮਿਲੇਗਾ। ਇਸ ਦਲੀਲ ਦਾ ਇੱਕ ਪਾਸਾ ਤਾਂ ਇਹ ਹੈ ਕਿ ਇਸ਼ਤਿਹਾਰ ਦੇਣ ਵਾਲੇ ਆਪਣੇ ਤਬਕੇ ਦਾ ਖਿਆਲ ਰੱਖਦੇ ਹਨ। ਦੂਜਾ ਪਾਸਾ ਇਹ ਹੈ ਕਿ ਅਜਿਹਾ ਇਸ਼ਤਿਹਾਰ ਫੌਰੀ ਨਿੰਦਾ ਨੂੰ ਸੱਦਾ ਦੇਵੇਗਾ। ਦਲੀਲ ਇਹ ਹੋਵੇਗੀ ਕਿ ਕਾਲੀਆਂ ਭੇਡਾਂ ਕਾਰਨ ਸਮੁੱਚੇ ਤਬਕੇ ਨੂੰ ਕਸੂਰਵਾਰ ਕਿਵੇਂ ਗਰਦਾਨਿਆ ਜਾ ਸਕਦਾ ਹੈ। ਦਲੀਲ ਤਾਂ ਠੀਕ ਹੈ ਪਰ ਇਹ ਗ਼ਰੀਬ ਤਬਕੇ ਬਾਬਤ ਲਾਗੂ ਕਿਉਂ ਨਹੀਂ ਹੁੰਦੀ? ਦਰਅਸਲ, ਉਸ ਤਬਕੇ ਵਿੱਚੋਂ ਇਹ ਦਲੀਲ ਦੇਣ ਵਾਲਾ ਕੋਈ ਨਹੀਂ। ਉਨ੍ਹਾਂ ਦੀ ਨੁਮਾਇੰਦਗੀ ਕਰਨ ਵਾਲਿਆਂ ਨੂੰ 'ਸਨਕੀ' ਕਰਾਰ ਦੇਣ ਦਾ ਰਿਵਾਜ਼ ਮੌਜੂਦਾ ਨਿਜ਼ਾਮ ਦਾ ਖ਼ਾਸਾ ਹੈ। ਇਸ ਕਾਰਨ ਗ਼ਰੀਬ ਤਬਕੇ ਦਾ ਅਪਰਾਧੀਕਰਨ ਇਤਰਾਜ਼ਗੋਚਰਾ ਨਹੀਂ ਹੈ ਅਤੇ ਪੁਲਿਸ ਇਸ਼ਤਿਹਾਰ ਵਿੱਚ ਘਰੇਲੂ ਨੌਕਰਾਂ ਨੂੰ ਅਪਰਾਧੀ ਕਹਿੰਦੀ ਹੈ ਅਤੇ ਸ਼ਹਿਰੀਆਂ ਦੀ 'ਜ਼ਹਿਨੀ ਔਖ' ਆਵਾਜ਼ ਦਾ ਰੂਪ ਅਖ਼ਤਿਆਰ ਨਹੀਂ ਕਰਦੀ। ਨਤੀਜੇ ਵਜੋਂ ਗਾਇਕ ਕਹਿ ਸਕਦੇ ਹਨ ਕਿ ਲੋਕ ਇਹੋ ਜਿਹੇ ਗੀਤ ਸੁਣਨਾ ਚਾਹੁੰਦੇ ਹਨ ਅਤੇ ਪੁਲਿਸ ਕਹਿ ਸਕਦੀ ਹੈ ਕਿ ਅਸੀਂ ਲੋਕ ਰਾਏ ਦੀ ਤਰਜ਼ਮਾਨੀ ਕਰਦਾ ਇਸ਼ਤਿਹਾਰ ਦਿੱਤਾ ਹੈ।

