Friday 21 December 2012

ਫ਼ਿਲਮ-ਪੜਚੋਲ ਦਾ ਮੁੱਦਾ ਅਤੇ 'ਕਰਜ਼ੇ ਹੇਠ'

ਜਤਿੰਦਰ ਮੌਹਰ

ਫ਼ਿਲਮ ਦੀ ਪੜਚੋਲ ਹਮੇਸ਼ਾਂ ਬਹਿਸ ਦਾ ਮੁੱਦਾ ਰਹੀ ਹੈ। ਪੜਚੋਲੀਆਂ ਦੇ ਵੱਖਰੇ ਪੈਮਾਨੇ ਅਤੇ ਮਾਪਦੰਡ ਹੁੰਦੇ ਹਨ। ਅਖ਼ਬਾਰਾਂ, ਰਸਾਲਿਆਂ, ਬਿਜਲਈ ਤੇ ਸਮਾਜਕ ਮੀਡੀਆ ਅਤੇ ਅਕਾਦਮਿਕ ਪੇਪਰਾਂ ਰਾਹੀਂ ਕੀਤੀ ਫ਼ਿਲਮ ਪੜਚੋਲ ਲੋਕਾਂ ਸਾਹਮਣੇ ਆਉਂਦੀ ਹੈ। ਜਨਤਕ ਸਮਝ ਬਣਾਉਣ ਲਈ ਜ਼ਿੰਮੇਵਾਰ ਰਵਾਇਤੀ ਵਸੀਲਿਆਂ ਵੱਲੋਂ ਕੀਤੀ ਪੜਚੋਲ ਵਧੇਰੇ ਅੰਕੜਾਮੁਖੀ ਅਤੇ ਤੱਥਮੁਖੀ ਹੁੰਦੀ ਹੈ। ਜਿਸ ਵਿੱਚ ਮੁੱਖ ਕਲਾਕਾਰਾਂ, ਖ਼ਾਸ ਤਕਨੀਸ਼ੀਅਨਾਂ ਅਤੇ ਥੋੜੀ-ਬਹੁਤ ਕਹਾਣੀ ਬਾਬਤ ਤਫ਼ਸੀਲ ਪੇਸ਼ ਕੀਤੀ ਜਾਂਦੀ ਹੈ। ਫ਼ਿਲਮ-ਪੜਚੋਲ ਦੇ ਕਾਲਮ ਜਨਤਕ ਸਮਝ 'ਤੇ ਅਸਰਅੰਦਾਜ਼ ਹੁੰਦੇ ਹਨ ਜਿਸ ਕਰਕੇ ਮਨਮਰਜ਼ੀ ਦੀ ਪੜਚੋਲ ਲਿਖਵਾਉਣਾ ਫ਼ਿਲਮ-ਇਸ਼ਤਿਹਾਰਬਾਜ਼ੀ ਦੀ ਮਸ਼ਕ ਦਾ ਹਿੱਸਾ ਬਣਿਆ ਰਹਿੰਦਾ ਹੈ। ਜਿਨ੍ਹਾਂ ਲਈ ਫ਼ਿਲਮ-ਇਸ਼ਤਿਹਾਰਬਾਜ਼ੀ ਦਾ ਖਰਚ ਰਾਖਵਾਂ ਹੁੰਦਾ ਹੈ। ਇਹ ਰੁਝਾਨ ਲਗਾਤਾਰ ਭਾਰੂ ਹੈ। ਚਾਲੂ ਸਮਝ ਮੁਤਾਬਕ ਫ਼ਿਲਮ ਦੀ ਪੜਚੋਲ ਕਰਨ ਵੇਲੇ 'ਕਲਾਤਮਕ ਪੱਖ' ਤੇ ਫ਼ਿਲਮ ਨੂੰ ਮਿਲੇ ਵਿੱਤੀ ਹੁੰਗਾਰੇ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ। ਸਮੁੱਚੇ ਰੂਪ 'ਚ ਫ਼ਿਲਮ ਦਾ ਖ਼ਾਸਾ ਵਿੱਤੀ ਕਾਮਯਾਬੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਵਿੱਤੀ ਕਾਮਯਾਬੀ ਫ਼ਿਲਮ-ਕਲਾ ਦੀ ਸਿਰਜਣਾ ਨੂੰ ਮਾਨਤਾ ਦੇਣ ਦਾ ਪੈਮਾਨਾ ਬਣ ਜਾਂਦੀ ਹੈ। ਇਸ ਲਬਾਦੇ ਹੇਠ ਫ਼ਿਲਮ ਦੇ ਕਈ ਗ਼ੈਰ-ਕਲਾਤਮਕ ਪੱਖ ਛੁਪ ਜਾਂਦੇ ਹਨ। ਦੂਜੇ ਪਾਸੇ ਕਈ ਫ਼ਿਲਮ-ਪੜਚੋਲੀਆਂ 'ਤੇ 'ਕਲਾਤਮਕ ਪੱਖ' ਨੂੰ ਵਧੇਰੇ ਅਹਿਮੀਅਤ ਦੇਣ ਦਾ ਦੋਸ਼ ਲੱਗਦਾ ਰਹਿੰਦਾ ਹੈ ਜੋ ਵਿੱਤੀ ਤੌਰ 'ਤੇ ਵੱਡੀਆਂ ਕਾਮਯਾਬ ਫ਼ਿਲਮਾਂ ਦੇ ਮੁਕਾਬਲੇ ਛੋਟੀਆਂ ਫ਼ਿਲਮਾਂ ਦੇ 'ਕਲਾਤਮਕ ਪੱਖ' ਦਾ ਗੁਣਗਾਨ ਕਰਦੇ ਹਨ। ਉਨ੍ਹਾਂ ਦਾ ਨਜ਼ਰੀਆ ਵੀ ਸ਼ੱਕ ਦੇ ਘੇਰੇ 'ਚ ਰਹਿੰਦਾ ਹੈ। ਉਹ ਵਿੱਤੀ ਕਾਮਯਾਬੀ ਦਾ ਰੌਲਾ ਪਾਉਣ ਵਾਲਿਆਂ ਦੀ ਅਗਲੀ ਕੜੀ ਵਜੋਂ ਪੇਸ਼ ਹੁੰਦੇ ਹਨ। ਮਨੁੱਖਤਾ ਦੇ ਖ਼ਿਲਾਫ਼ ਭੁਗਤਣ ਵਾਲਾ 'ਕਲਾਤਮਕ ਪੱਖ' 'ਕਲਾ, ਕਲਾ ਲਈ' ਦੇ ਹਾਮੀਆਂ ਦਾ ਘੇਰਾ ਮੋਕਲਾ ਕਰਦਾ ਹੈ। ਅਜਿਹੀ ਕਲਾ ਨੂੰ ਵਡਿਆਉਣਾ ਮਨੁੱਖੀ ਸੁਹਜ ਦਾ ਅਪਮਾਨ ਹੈ। ਹਰਟ ਲੌਕਰ, ਗੁਲਾਲ, ਕਮੀਨੇ, ਸ਼ੈਤਾਨ, ਦੇਵ-ਡੀ, ਬਲੈਕ ਫ੍ਰਾਈਡੇ ਅਤੇ ਸੱਤਿਆ ਜਹੀਆਂ ਫ਼ਿਲਮਾਂ ਨੂੰ ਦਿੱਤੀ ਜਾਂਦੀ ਹੱਲਾਸ਼ੇਰੀ ਇਸੇ ਰੁਝਾਨ ਦੀ ਨੁਮਾਇੰਦਗੀ ਕਰਦੀ ਹੈ। ਤੀਜੀ ਤਰ੍ਹਾਂ ਦੀ ਪੜਚੋਲ ਫ਼ਿਲਮ ਦੇ ਰੂਪ ਅਤੇ ਵਿਸ਼ੇ ਨੂੰ ਲੈ ਕੇ ਹੁੰਦੀ ਹੈ। ਉੱਪਰ ਦਿੱਤੇ 'ਕਲਾਤਮਕ ਪੱਖ' ਨੂੰ ਫ਼ਿਲਮ ਦੇ ਰੂਪਕੀ ਪੱਖ ਤੋਂ ਹੀ ਦੇਖਿਆ ਜਾਣਾ ਚਾਹੀਦਾ ਹੈ। 'ਕੁਝ ਵੱਖਰਾ ਕਰਨ' ਦੀ ਮਸ਼ਕ ਹਮੇਸ਼ਾਂ ਚੰਗੇ ਵਿਸ਼ੇ ਦੀ ਜ਼ਾਮਨੀ ਨਹੀਂ ਭਰਦੀ। ਆਮ ਤੌਰ 'ਤੇ ਫ਼ਿਲਮ-ਪੜਚੋਲੀਏ ਹਰ ਤਰ੍ਹਾਂ ਦੇ ਨਿਵੇਕਲੇਪਣ ਨੂੰ ਸਿਫ਼ਤ ਦੇ ਤੌਰ 'ਤੇ ਪੇਸ਼ ਕਰਦੇ ਹਨ। ਜਾਣੇ-ਅਣਜਾਣੇ ਬਹੁਤ ਕੁਝ ਦੇਖਣ ਵਾਲੇ ਦੀ ਸੰਵੇਦਨਾ ਦੇ ਖ਼ਿਲਾਫ਼ ਭੁਗਤ ਜਾਂਦਾ ਹੈ। ਫ਼ਿਲਮਸਾਜ਼ ਨੂੰ ਉਸਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣਾ ਪੜਚੋਲੀਏ ਦਾ ਕੰਮ ਹੈ। ਜਦੋਂ ਅਸੀਂ ਚੰਗੇ ਵਿਸ਼ੇ ਦੀ ਗੱਲ ਕਰਦੇ ਹਾਂ ਤਾਂ ਮਨੁੱਖੀ ਮਨ ਦੀ ਥਹੁ ਪਾਉਣ ਵਾਲੇ, ਮਨੁੱਖੀ ਰਿਸ਼ਤਿਆਂ ਨੂੰ ਡੂੰਘੀਆਂ ਤਹਿਆਂ ਤੱਕ ਫਰੋਲਦੇ, ਮਨੁੱਖ ਦੇ ਦੁਆਲੇ ਫੈਲੇ ਜਗਤ-ਪਸਾਰੇ ਦੀ ਬਾਤ ਪਾਉਣ ਵਾਲੇ ਅਤੇ ਜ਼ਿੰਦਗੀ ਦੀ ਬਿਹਤਰੀ ਜਿਹੇ ਵਿਸ਼ੇ ਤਰਜੀਹ ਦੀ ਮੰਗ ਕਰਦੇ ਹਨ। ਇਨ੍ਹਾਂ ਸਾਰੇ ਵਿਸ਼ਿਆਂ ਨੂੰ ਆਲੇ-ਦੁਆਲੇ ਦੇ ਸਮਾਜਿਕ, ਸਿਆਸੀ, ਵਿੱਤੀ ਅਤੇ ਸੱਭਿਆਚਾਰਕ ਹਾਲਾਤ ਤੋਂ ਤੋੜ ਕੇ ਨਹੀਂ ਸਮਝਿਆ ਜਾ ਸਕਦਾ। ਫ਼ਿਲਮ ਦਾ ਰੂਪ ਵਿਸ਼ੇ ਲਈ ਹੁੰਦਾ ਹੈ ਨਾ ਕਿ ਵਿਸ਼ਾ ਰੂਪ ਦੀ ਲੋੜ ਮੁਤਾਬਕ।

ਫ਼ਿਲਮ ਅਤੇ ਉਸਦੀ ਪੜਤ ਕਦੇ ਨਿਰਪੱਖ ਨਹੀਂ ਹੁੰਦੀ। ਹਰ ਕਿਸੇ ਦੀ ਆਪਣੀ ਸਿਆਸਤ ਹੈ। ਫ਼ਿਲਮਸਾਜ਼ ਅਤੇ ਪੜਚੋਲੀਏ ਗ਼ੈਰ-ਸਿਆਸੀ ਅਤੇ ਨਿਰਪੱਖ ਹੋਣ ਦਾ ਰੌਲਾ ਪਾਕੇ ਆਪਣੀ ਸਿਆਸਤ ਅਤੇ ਸਮਝ ਲੁਕੋਣ ਦਾ ਪਾਖੰਡ ਕਰਦੇ ਹਨ। ਕੋਈ ਪੜਚੋਲ ਅੰਤਿਮ ਸੱਚ ਨਹੀਂ ਹੁੰਦੀ। ਨਵੇਂ ਗਿਆਨ ਦੀ ਰੌਸ਼ਨੀ 'ਚ ਫ਼ਿਲਮ ਦੀ ਪੜਤ ਦੇ ਨਵੇਂ ਪਾਸਾਰ ਖੁੱਲ੍ਹਦੇ ਹਨ। ਆਲੇ-ਦੁਆਲੇ ਵਾਪਰਦੇ ਹਾਦਸੇ ਮਨੁੱਖੀ ਸਮਝ ਬਣਾਉਣ 'ਚ ਫ਼ੈਸਲਾਕੁਨ ਭੂਮਿਕਾ ਨਿਭਾਉਂਦੇ ਹਨ। ਫ਼ਿਲਮ ਦੀ ਪੜਚੋਲ ਲਈ ਅਹਿਮ ਮਸਲਾ ਹੈ ਕਿ ਫ਼ਿਲਮ ਕਿਸ ਸਮੇਂ ਨੂੰ ਪੇਸ਼ ਕਰਦੀ ਹੈ? ਕਿਸ ਸਮੇਂ 'ਚ ਬਣਾਈ ਜਾ ਰਹੀ ਹੈ ਅਤੇ ਕਿਸ ਸਮੇਂ 'ਚ ਦੇਖੀ ਜਾ ਰਹੀ ਹੈ? ਕੀ ਇਨ੍ਹਾਂ ਸਮਿਆਂ ਦੀ ਕੋਈ ਆਪਸੀ ਤੰਦ ਜੁੜੀ ਹੋਈ ਹੈ? ਪੰਜਾਬ ਦੇ ਖੇਤ ਮਜ਼ਦੂਰਾਂ ਬਾਬਤ ਹਦਾਇਤਕਾਰ ਦਲਜੀਤ ਅਮੀ ਹੋਰਾਂ ਦੀ ਫ਼ਿਲਮ 'ਕਰਜ਼ੇ ਹੇਠ' ਸੰਨ 2001 'ਚ ਬਣੀ ਸੀ। ਪੰਜਾਬ ਦੇ ਖੇਤ ਮਜ਼ਦੂਰਾਂ ਦੀ ਵੱਡੀ ਗਿਣਤੀ ਦਲਿਤ ਭਾਈਚਾਰੇ ਨਾਲ ਸੰਬੰਧਤ ਹੈ। ਫ਼ਿਲਮ ਬਣਨ ਸਮੇਂ ਹੀ ਨੌਂ ਗਿਆਰਾਂ ਦਾ ਹਾਦਸਾ ਵਾਪਰਦਾ ਹੈ ਅਤੇ 'ਅਤਿਵਾਦ ਦੇ ਖ਼ਿਲਾਫ਼ ਜੰਗ' ਦਾ ਐਲਾਨ ਕੀਤਾ ਜਾ ਰਿਹਾ ਹੈ। ਖੁੱਲ੍ਹੀ ਮੰਡੀ ਦੀਆਂ ਨੀਤੀਆਂ ਇਸ ਜੰਗ ਦੀ ਆੜ 'ਚ ਹੋਰ ਤੇਜ਼ੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਹਨ। ਉਸ ਵੇਲੇ ਕਈ ਦਲਿਤ ਜੱਥੇਬੰਦੀਆਂ ਨੇ ਆਲਮੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਦੇ ਹੱਕ 'ਚ ਪੈਂਤੜਾ ਲਿਆ। ਕਿਸਾਨੀ ਅਤੇ ਖੇਤ ਮਜ਼ਦੂਰਾਂ ਦੇ ਮੁੱਦਿਆਂ ਤੋਂ ਕਿਨਾਰਾਕਸ਼ੀ ਕਰਨਾ ਇਸ ਪੈਂਤੜੇ ਦਾ ਅਟੱਲ ਪ੍ਰਗਟਾਵਾ ਸੀ। ਕਈ ਕਿਸਾਨ ਜੱਥੇਬੰਦੀਆਂ ਨੇ ਖੇਤ ਮਜ਼ਦੂਰਾਂ ਦੀ ਹੋਂਦ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਮੁਤਾਬਕ ਪਰਵਾਸੀ ਮਜ਼ਦੂਰਾਂ ਨੇ ਮੁਕਾਮੀ ਖੇਤ ਮਜ਼ਦੂਰਾਂ ਦੀ ਥਾਂ ਚਿਰੋਕਣੀ ਲੈ ਲਈ ਹੈ। 


ਆਲਮੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਦੇ ਸਿੱਟੇ ਅੱਜ ਸਾਡੇ ਸਾਹਮਣੇ ਹਨ ਜਿਨ੍ਹਾਂ ਨੇ ਸਣੇ ਖੇਤ ਮਜ਼ਦੂਰਾਂ ਦੇ ਆਵਾਮ 'ਤੇ ਮਾਰੂ ਅਸਰ ਪਾਇਆ ਹੈ। ਖੇਤ ਮਜ਼ਦੂਰਾਂ ਨੂੰ ਇਨ੍ਹਾਂ ਹੱਲਿਆਂ ਦੇ ਖ਼ਿਲਾਫ਼ ਜੱਥੇਬੰਦ ਕੀਤਾ ਜਾ ਰਿਹਾ ਹੈ। ਫ਼ਿਲਮ ਦੇ ਬਣਨ ਤੋਂ ਕਈ ਸਾਲ ਬਾਅਦ ਖੇਤ ਮਜ਼ਦੂਰਾਂ ਲਈ ਪਖ਼ਾਨਿਆਂ ਅਤੇ ਰਿਹਾਇਸ਼ੀ ਘਰਾਂ ਦੀ ਮੰਗ ਉਠਾਈ ਜਾ ਰਹੀ ਹੈ। ਫ਼ਿਲਮ ਇਨ੍ਹਾਂ ਮੁੱਦਿਆ ਨੂੰ ਹੀ ਪੇਸ਼ ਕਰਦੀ ਹੈ। ਫ਼ਿਲਮ ਪੜਚੋਲੀਏ ਦਾ ਕੰਮ ਮਹਿਜ਼ ਫ਼ਿਲਮ ਦੇ ਤਕਨੀਕੀ ਪੱਖ ਨੂੰ ਉਜਾਗਰ ਕਰਨਾ ਨਹੀਂ ਹੈ। ਇਹ ਵਾਚਣਾ ਵੀ ਹੈ ਕਿ ਅਸਲ ਵਿੱਚ ਫ਼ਿਲਮਸਾਜ਼ ਲੋਕ-ਹਿੱਤ 'ਚ ਆਪਣੀਆਂ ਮੰਗਾਂ ਪੇਸ਼ ਕਰ ਰਿਹਾ ਹੈ। ਬਾਈ ਦਲਜੀਤ ਹੋਰਾਂ ਦੇ ਦੱਸਣ ਮੁਤਾਬਕ ਬਹੁਤੀ ਜਗ੍ਹਾ ਫ਼ਿਲਮ ਨੂੰ ਕਿਸਾਨੀ ਦੇ ਕਰਜ਼ੇ ਬਾਬਤ ਫ਼ਿਲਮ ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ ਸੀ। ਜਦਕਿ ਫ਼ਿਲਮ ਖੇਤ ਮਜ਼ਦੂਰਾਂ ਦੇ ਕਰਜ਼ੇ ਦੀ ਸਮੱਸਿਆ ਦੀ ਬਾਤ ਪਾਉਂਦੀ ਹੈ। ਫ਼ਿਲਮ ਦਾ ਇੱਕ-ਤਿਹਾਈ ਹਿੱਸਾ ਖੇਤ ਮਜ਼ਦੂਰ ਬੀਬੀਆਂ ਦੀ ਦਸ਼ਾ ਬਿਆਨ ਕਰਦਾ ਹੈ। ਫ਼ਿਲਮ ਦੀ ਪੜਤ ਸਮੇਂ ਇਸ ਗੱਲ ਨੂੰ ਤਕਰੀਬਨ ਅੱਖੋਂ ਉਹਲੇ ਕਰ ਦਿੱਤਾ ਗਿਆ। ਉਨ੍ਹਾਂ ਬਾਰੇ ਕੋਈ ਗੱਲ ਨਹੀਂ ਤੁਰ ਸਕੀ। ਬਾਈ ਦਲਜੀਤ ਨੂੰ ਲੱਗਿਆ ਕਿ ਸ਼ਾਇਦ ਉਨ੍ਹਾਂ ਦੱਸਣ 'ਚ ਕੋਈ ਕਮੀ ਰਹਿ ਗਈ ਹੈ ਜਿਸ ਕਰਕੇ ਲੋਕਾਂ ਨੂੰ ਫ਼ਿਲਮ ਕਿਸਾਨੀ ਦੇ ਕਰਜ਼ੇ ਅਤੇ ਖ਼ੁਦਕੁਸ਼ੀਆਂ ਬਾਰੇ ਮਹਿਸੂਸ ਹੁੰਦੀ ਹੈ। ਜਦੋਂ ਫ਼ਿਲਮ ਦੀ ਬਣਤਰ 'ਚ ਸ਼ਾਮਲ ਰਹੀ ਬੀਬੀ ਵੱਲੋਂ ਆਪਣੇ ਕਾਲਜ 'ਚ ਫ਼ਿਲਮ ਦਿਖਾਉਣ ਵੇਲੇ ਇਹੀ ਗੱਲ ਦੁਹਰਾਈ ਗਈ ਤਾਂ ਫ਼ਿਲਮਸਾਜ਼ ਨੂੰ ਜਨਤਕ ਤੌਰ 'ਤੇ ਕਹਿਣਾ ਪਿਆ ਕਿ ਇਹ ਫ਼ਿਲਮ ਕਿਸਾਨਾਂ ਦੇ ਕਰਜ਼ੇ ਬਾਬਤ ਨਹੀਂ ਹੈ। ਉਨ੍ਹਾਂ ਨੂੰ ਇਹ ਗੱਲ ਸਮਾਂ ਪਾ ਕੇ ਸਮਝ ਆਈ ਕਿ ਕਿਸਾਨਾਂ ਦੇ ਕਰਜ਼ੇ ਅਤੇ ਖ਼ੁਦਕੁਸ਼ੀਆਂ ਦੀ ਗੱਲ ਲੋਕਾਂ ਦੇ ਦਿਲ-ਦਿਮਾਗ 'ਤੇ ਏਨੀ ਛਾਈ ਹੋਈ ਹੈ ਕਿ ਖੇਤ ਮਜ਼ਦੂਰਾਂ ਦੀ ਫ਼ਿਲਮ ਵੀ ਉਨ੍ਹਾਂ ਨੂੰ ਕਿਸਾਨਾਂ ਨਾਲ ਸੰਬੰਧਤ ਜਾਪਦੀ ਹੈ। 'ਕਰਜ਼ੇ ਹੇਠ' ਦੀ ਪੜਚੋਲ ਉੱਪਰ ਦਿੱਤੀਆਂ ਸਾਰੀਆਂ ਗੱਲਾਂ ਵਿਚਾਰੇ ਬਿਨਾਂ ਨਹੀਂ ਕੀਤੀ ਜਾ ਸਕਦੀ। ਬਾਈ ਦਲਜੀਤ ਹੋਰਾਂ ਦੀ ਅਗਲੀ ਫ਼ਿਲਮ ਗ਼ਦਰੀਆਂ ਦੀ ਸਿੰਘਾਪੁਰ ਬਗ਼ਾਵਤ ਬਾਰੇ ਹੈ। ਸੰਨ 1914-15 ਦੀ ਗ਼ਦਰ-ਪਾਰਟੀ ਦੇ ਸੰਗਰਾਮ ਬਾਬਤ ਸੰਨ 2012 'ਚ ਬਣ ਰਹੀ ਫ਼ਿਲਮ, ਅੱਜ ਜਾਂ ਵੀਹ ਸਾਲ ਬਾਅਦ ਦੇਖਣ ਵਾਲੇ ਨੂੰ ਕੀ ਅਹਿਸਾਸ ਕਰਵਾਏਗੀ? ਫ਼ਿਲਮਸਾਜ਼ ਆਲੇ-ਦੁਆਲੇ ਤੋਂ ਟੁੱਟ ਕੇ ਖ਼ਲਾਅ 'ਚ ਫ਼ਿਲਮ ਨਹੀਂ ਬਣਾ ਸਕਦਾ। ਨਿਤ-ਦਿਨ ਵਾਪਰਦੇ ਹਾਦਸੇ ਉਸ ਉੱਤੇ ਅਸਰਅੰਦਾਜ਼ ਹੁੰਦੇ ਹਨ। ਸਾਮਰਾਜੀਆਂ ਦੇ ਖ਼ਿਲਾਫ਼ ਗ਼ਦਰ-ਪਾਰਟੀ ਦਾ ਪੈਂਤੜਾ, ਦੋ ਆਲਮੀ ਜੰਗਾਂ, ਮੁਲਕ ਦੀ ਵੰਡ, 'ਆਜ਼ਾਦੀ' ਤੋਂ ਬਾਅਦ ਆਵਾਮ ਦੀ ਹਾਲਤ, ਆਲਮੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਅਤੇ ਨੌ-ਗਿਆਰਾਂ ਦੇ ਹਾਦਸੇ ਤੋਂ ਬਾਅਦ 'ਅਤਿਵਾਦ ਦੇ ਖ਼ਿਲਾਫ਼ ਜੰਗ' ਜਿਹੇ ਰੁਝਾਨ ਉਸ ਫ਼ਿਲਮ ਦੀ ਪੜਚੋਲ ਤੋਂ ਬਾਹਰ ਦਾ ਮਸਲਾ ਨਹੀਂ ਹੋ ਸਕਦੇ।
ਫ਼ਿਲਮ ਦੀ ਪੜਚੋਲ ਆਮ ਤੌਰ 'ਤੇ ਵਿੱਤੀ, ਤਕਨੀਕੀ ਜਾਂ ਫ਼ਿਲਮ ਨਾਲ ਜੁੜੇ ਲੋਕਾਂ ਦੇ ਪੈਂਤੜੇ ਤੋਂ ਹੁੰਦੀ ਰਹੀ ਹੈ। ਕਲਾ ਮਨੁੱਖੀ ਰੂਹ ਦੀ ਖ਼ੁਰਾਕ ਹੈ। ਫ਼ਿਲਮ-ਮੰਡੀ ਦੇ ਵਪਾਰੀਆਂ ਨੇ ਇਸ ਕਲਾ ਨੂੰ ਨਿੱਜੀ ਮੁਨਾਫ਼ੇ ਲਈ ਵਰਤਿਆ ਹੈ। ਆਵਾਮੀ ਪੈਂਤੜੇ ਤੋਂ ਇਸਦੀ ਪੜਚੋਲ ਹੋਣੀ ਬਾਕੀ ਹੈ ਕਿਉਂਕਿ ਆਵਾਮ ਕੋਲ ਫ਼ਿਲਮ ਬਾਰੇ ਵਿਚਾਰ ਪੇਸ਼ ਕਰਨ ਦੇ ਮੌਕੇ ਨਾਮਨਿਹਾਦ ਹੀ ਹੁੰਦੇ ਹਨ। ਉਨ੍ਹਾਂ 'ਤੇ ਫ਼ਿਲਮ ਥੋਪੀ ਜਾਂਦੀ ਰਹੀ ਹੈ।

No comments:

Post a Comment