Tuesday, 18 December 2012

ਨਿਆਸਰਿਆਂ ਅਤੇ ਨਿਉਟਿਆਂ ਦੀ ਗਾਥਾ ਫ਼ਿਲਮ 'ਲਾਚੋ ਡਰਾਮ'

ਜਤਿੰਦਰ ਮੌਹਰ 

ਫ਼ਿਲਮ 'ਲਾਚੋ ਡਰਾਮ' ਉਨ੍ਹਾਂ ਲੋਕਾਂ ਦੀ ਕਹਾਣੀ ਹੈ ਜਿਨ੍ਹਾਂ ਲਈ ਦੁੱਖ, ਹਿਕਾਰਤ ਅਤੇ ਉਜਾੜਾ ਇਤਿਹਾਸ ਦਾ ਕਰੂਰ ਹਿੱਸਾ ਹੈ ਤੇ ਇਹ ਰੁਝਾਨ ਸਮਕਾਲੀ ਦੌਰ ਵਿੱਚ ਜਾਰੀ ਹੈ। ਉਨ੍ਹਾਂ ਨੇ ਹਾਲਾਤ ਨੂੰ ਭਾਣਾ ਮੰਨਦਿਆਂ ਦਿਲਾਂ 'ਚੋਂ ਉਠਦੇ ਉਬਾਲ ਨੂੰ ਗੀਤਾਂ ਅਤੇ ਨਾਚਾਂ ਦੀ ਸ਼ਕਲ  ਦਿੱਤੀ। ਬੇਸ਼ੱਕ ਭਾਣਾ ਮੰਨਣ ਨਾਲ ਲਹੂ ਵਹਿਣ ਤੋਂ ਨਹੀਂ ਹੱਟਦਾ ਪਰ ਲਹੂ ਨਾਲ ਸਿੰਜੇ ਗੀਤ ਸਾਂਝੀ ਆਲਮੀ ਵਿਰਾਸਤ ਦਾ ਹਿੱਸਾ ਬਣਦੇ ਹਨ। ਕਸਾਈਖ਼ਾਨਿਆਂ 'ਚ ਡੁੱਲਿਆ ਮਨੁੱਖੀ ਲਹੂ ਹਰ ਹੀਲੇ ਰੰਗ ਦਿਖਾਉਂਦਾ ਹੈ। ਜਿਨ੍ਹਾਂ ਪਲਾਂ 'ਚ ਬੇਨਾਮਿਆਂ ਨੂੰ ਬੰਦ ਬੰਦ ਕੱਟਿਆ ਗਿਆ, ਉਹ ਸਦੀਆਂ ਬਣ ਕੇ ਧੜਕਦੇ ਹਨ। ਇਹ ਮਨੁੱਖੀ ਦਰਦ ਦੇ ਸਾਂਝੇ ਪਲ ਹੋ ਨਿਬੜਦੇ ਹਨ। ਗ਼ਾਲਬਾਂ ਨੇ ਚਾਹੇ ਲੱਖ ਪਰਦੇ ਪਾਏ ਹੋਣ ਪਰ ਬੇਨਾਮਿਆਂ ਦੀ ਹੋਂਦ ਤੋਂ ਮਨੁੱਖਤਾ ਮੁਨਕਰ ਨਹੀਂ ਹੋ  ਸਕਦੀ। ਜਿਨ੍ਹਾਂ ਨੇ ਜ਼ਿੰਦਗੀ ਦੇ ਗੀਤਾਂ ਨੂੰ ਅਮਰ ਕਰ ਦਿੱਤਾ। 

ਫ਼ਿਲਮ 'ਲਾਚੋ ਡਰਾਮ' (ਸੁਰੱਖਿਅਤ ਸਫ਼ਰ) ਦੇ ਹਦਾਇਤਕਾਰ ਟੋਨੀ ਗਤਲਿਫ਼ ਨੇ ਅਲਜੀਰੀਆ 'ਚ ਜਨਮ ਲਿਆ ਤੇ ਫ਼ਰਾਂਸ 'ਚ ਵਸੇਬਾ ਕੀਤਾ। ਉਸਦਾ ਮੁਲਕ ਫ਼ਰਾਂਸ ਦੀ ਬਸਤੀ ਸੀ। ਬਸਤਾਨਾਂ ਵੱਲੋਂ ਉਸਦੇ ਮੁਲਕਵਾਸੀਆਂ 'ਤੇ ਢਾਹਿਆ ਕਹਿਰ ਇਤਿਹਾਸ ਦਾ ਕਾਲਾ ਪੰਨਾ ਹੈ। ਉਹ ਰਾਜਸਥਾਨ (ਹਿੰਦੋਸਤਾਨ), ਤੁਰਕੀ, ਰੋਮਾਨੀਆ, ਹੰਗਰੀ, ਸਲੋਵਾਕੀਆ, ਫ਼ਰਾਂਸ, ਸਪੇਨ ਅਤੇ ਮਿਸਰ 'ਚ ਘੁੰਮ ਕੇ ਵਣਜਾਰਿਆਂ ਨੂੰ ਕੈਮਰਾ-ਬੱਧ ਕਰਦਾ ਹੈ। ਜਿਨ੍ਹਾਂ ਨੂੰ ਯੂਰਪ 'ਚ ਰੋਮਾ ਜਾਂ ਜਿਪਸੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਫ਼ਿਲਮਸਾਜ਼ ਦੀਆਂ ਨਿੱਜੀ  ਟਿੱਪਣੀਆਂ ਅਤੇ ਜ਼ੁਬਾਨੀ ਖ਼ੁਲਾਸੇ ਫ਼ਿਲਮ 'ਚੋਂ ਗ਼ੈਰਹਾਜ਼ਰ ਹਨ। ਸੰਵਾਦ ਨਾਮਨਿਹਾਦ ਹਨ। ਕਿਸੇ ਪੇਸ਼ਕਾਰ ਜਾਂ ਮੁਲਕ ਦਾ ਨਾਮ ਨਹੀਂ ਦਿੱਤਾ ਗਿਆ। ਕਲਾ ਦੀ ਕੋਈ ਬੋਲੀ ਨਹੀਂ ਹੁੰਦੀ। ਉਹ ਅਪਣੇ-ਆਪ 'ਚ ਬੋਲੀ ਹੈ। ਫ਼ਿਲਮ ਦੀ ਸ਼ੁਰੂਆਤ ਰਾਜਸਥਾਨ ਦੇ ਵਣਜਾਰਿਆਂ ਤੋਂ ਹੁੰਦੀ ਹੈ। 'ਲੰਬਾ ਲਾਰਾ' ਜਾ ਰਿਹਾ ਹੈ ਜਿਸਦਾ ਚਿਤਰਣ ਆਪਣਾ ਲਾਲ ਸਿੰਘ ਦਿਲ ਚਿਰੋਕਣਾ ਕਰ ਚੁੱਕਿਆ ਹੈ। ਗੱਡਿਆਂ 'ਤੇ ਬੱਚੇ ਲੱਦੇ ਹਨ। ਇੱਕ ਨੂੰ ਤੇਜ਼ ਬੁਖ਼ਾਰ ਹੈ। ਪੀਣ ਲਈ ਪਾਣੀ ਦੀਆਂ ਕੁਝ ਬੂੰਦਾਂ ਹਨ। ਉਜਾੜ ਥਾਂ 'ਤੇ ਡੇਰਾ ਲਾਇਆ ਹੈ। ਖੁੱਲ੍ਹੇ ਆਸਮਾਨ ਹੇਠ ਗੀਤ, ਨਾਚ ਅਤੇ ਸੰਦ-ਹਥੌੜਿਆਂ ਦੀ ਆਵਾਜ਼ਾਂ ਇਕਸੁਰ ਹੁੰਦੀਆਂ ਹਨ। ਦੂਰ ਤੱਕ ਰੇਤ ਅਤੇ ਮਿੱਟੀ ਤੋਂ ਬਿਨ੍ਹਾਂ ਕੁਝ ਨਹੀਂ। ਮਨੁੱਖੀ ਸਮਰੱਥਾ ਦਾ ਜਸ਼ਨ ਹੋ ਰਿਹਾ ਹੈ। ਨਾ-ਉਮੀਦੀ ਅਤੇ ਦੁੱਖ ਦੇ ਬਾਵਜੂਦ ਜ਼ਿੰਦਗੀ ਧੜਕ ਰਹੀ ਹੈ। ਇਹੀ ਮਨੁੱਖੀ ਸਮਰੱਥਾ ਦੀ ਸੱਚੀ ਤਾਕਤ ਹੈ।

ਫ਼ਿਲਮ ਦੇ ਇੱਕ ਦ੍ਰਿਸ਼ 'ਚ ਘੋੜ-ਸਵਾਰ ਹਵਾ ਨਾਲ ਗੱਲਾਂ ਕਰ ਰਿਹਾ ਹੈ। ਇਹ ਸ਼ਾਇਦ ਕਿਸੇ ਪੂਰਬ-ਯੂਰਪੀ ਮੁਲਕ ਦਾ ਖਿੱਤਾ ਹੈ। ਘੋੜੇ ਦੀ ਅੱਥਰੀ ਚਾਲ ਸੰਗੀਤ ਨਾਲ ਲੈਅਬੱਧ ਹੋ ਰਹੀ ਹੈ। ਇਹੀ ਅੱਥਰਾਪਣ ਆਜ਼ਾਦੀ ਦਾ ਚਿੰਨ ਹੈ। ਦਰੱਖਤ ਅਤੇ ਪੰਛੀ ਉਸਦੇ ਸਹਿਯੋਗੀ ਹਨ। ਉਸ ਘੋੜੇ ਦੀ ਥਾਂ ਲੋਹੇ ਦਾ ਘੋੜਾ (ਰੇਲਗੱਡੀ) ਲੈ ਲੈਂਦਾ ਹੈ। ਲੋਹੇ ਦਾ ਘੋੜਾ ਨਾਜ਼ੀਆਂ ਵੱਲੋਂ ਡੱਬਿਆਂ 'ਚ ਢੋਏ ਗਏ ਵਣਜਾਰਿਆਂ ਦੀ ਯਾਦ ਦਿਵਾਉਂਦਾ ਹੈ। ਜਿਨ੍ਹਾਂ ਨੂੰ ਗੈਸ-ਚੈਂਬਰਾਂ ਦਾ ਬਾਲਣ ਬਣਾਇਆ ਗਿਆ। ਮਨੁੱਖ ਦੀ ਕੁਜਾਤ ਖੁੱਲ੍ਹੀ ਹਵਾ 'ਚ ਸਾਹ ਲੈਣ ਦੇ ਸੁਪਨਿਆਂ ਨੂੰ ਮੌਤ ਦੇ ਦਮ ਘੋਟੂ ਕਮਰਿਆਂ 'ਚ ਡੱਕ ਦਿੰਦੀ ਹੈ। ਕੇਂਦਰੀ ਯੂਰਪ ਦੇ ਬਰਫੀਲੇ ਮੈਦਾਨ, ਰੇਲਵੇ ਸਟੇਸ਼ਨ, ਵਲੀਆਂ ਤਾਰਾਂ ਅਤੇ ਕੰਬਦੀ ਬਜ਼ੁਰਗ ਜਿਪਸੀ ਔਰਤ ਦੀ ਬਾਂਹ ਉੱਤੇ ਉਣੇ ਹਿੰਦਸੇ, ਔਸ਼ਵਿਟਜ਼ ਦੇ ਬੁੱਚੜਖਾਨੇ ਦੀ ਕੁਸੈਲੀ ਯਾਦ ਤਾਜ਼ਾ ਕਰਦੇ ਹਨ। ਅੱਖਾਂ 'ਚ ਤਰਦੇ ਦਹਿਸ਼ਤ ਦੇ ਦ੍ਰਿਸ਼ ਮਨੁੱਖ ਅਤੇ ਕੁਦਰਤ ਦੇ ਸੁਮੇਲ 'ਚੋਂ ਉਪਜੇ ਸੰਗੀਤ ਨੂੰ ਸੋਗ ਦੇ ਵੈਣਾਂ 'ਚ ਤਬਦੀਲ ਕਰ ਦਿੰਦੇ ਹਨ। ਰੇਲਗੱਡੀ 'ਚ ਸਫ਼ਰ ਕਰਦੀਆਂ ਮਾਂ ਅਤੇ ਧੀ ਗੀਤ ਗਾਉਂਦੀਆਂ ਹਨ, "ਦੁਨੀਆਂ ਸਾਨੂੰ ਨਫ਼ਰਤ ਕਰਦੀ ਹੈ ... ਸਾਡਾ ਸ਼ਿਕਾਰ ਕੀਤਾ ਗਿਆ ਤੇ ਉਜਾੜ ਦਿੱਤਾ ਗਿਆ ...।" ਕੜਾਕੇ ਦੀ ਠੰਢ 'ਚ ਬੇਘਰ ਵਣਜਾਰੇ ਦਰੱਖਤਾਂ 'ਤੇ ਘਰ ਬਣਾਈ ਬੈਠੇ ਹਨ ਜੋ ਸਦੀਆਂ ਤੋਂ ਢੋਈ ਜ਼ਿੱਲਤ ਦੇ ਗੀਤ ਗਾਉਂਦੇ ਹਨ। ਰੇਲਵੇ ਸਟੇਸ਼ਨ 'ਤੇ ਰੋਂਦੀ ਮਾਂ ਦਾ ਚਿੱਤ ਪਰਚਾਉਣ ਲਈ ਮਾਸੂਮ  ਬੱਚਾ ਜਿਪਸੀਆਂ ਨੂੰ ਕੁਝ ਸਿੱਕੇ ਦੇ ਕੇ ਗੀਤ ਗਾਉਣ ਲਈ ਕਹਿੰਦਾ ਹੈ। ਜਿਪਸੀਆਂ ਦਾ ਟੋਲਾ ਬਿਨ੍ਹਾਂ ਪੈਸੇ ਲਏ ਨੱਚਦਾ-ਗਾਉਂਦਾ ਹੈ। ਮਾਂ ਦੇ ਚਿਹਰੇ 'ਤੇ ਹਾਸਾ ਪਰਤ ਆਉਂਦਾ ਹੈ। ਬੱਚੇ ਲਈ ਉਹ ਪਲ ਜਮਰੌਦ ਦਾ ਕਿਲ੍ਹਾ ਜਿੱਤਣ ਦੇ ਬਰਾਬਰ ਹੈ। ਮਾਸੂਮ ਨੂੰ ਸਾਰਾ ਆਲਮ ਝੂਮਦਾ ਨਜ਼ਰ ਆਉਂਦਾ ਹੈ। ਰੋਂਦੇ ਜੀਅ ਨੂੰ ਹਸਾਉਣ ਤੋਂ ਵੱਡਾ ਕੋਈ ਪਰਉਪਕਾਰ ਨਹੀਂ ਹੋ ਸਕਦਾ। 

ਫਰਾਂਸ 'ਚ ਵਣਜਾਰਿਆਂ ਦੇ ਆਰਜ਼ੀ ਡੇਰੇ ਨੂੰ ਮੁਕਾਮੀ ਹਥਿਆਰਧਾਰੀ ਤੁਰੰਤ ਚੁੱਕਣ ਦਾ ਹੁਕਮ ਸੁਣਾਉਂਦੇ ਹਨ। ਇਸ ਸੋਚ ਨੂੰ ਸਰਕਾਰੀ ਸਰਪ੍ਰਸਤੀ ਹਾਸਲ ਹੈ। ਰਾਸ਼ਟਰਪਤੀ ਸਰਕੋਜ਼ੀ ਲਈ ਪ੍ਰਵਾਸੀ ਵਿਰੋਧੀ ਨੀਤੀਆਂ ਘਪਲਿਆਂ ਅਤੇ ਵਿੱਤੀ ਮੰਦਵਾੜੇ ਦੀ ਬਦਨਾਮੀ 'ਚੋਂ ਉਭਰਨ ਦਾ ਸਬੱਬ ਬਣਦੀਆਂ ਹਨ। ਜਿਸ ਦਾ ਸਭ ਤੋਂ ਵੱਡਾ ਨਿਸ਼ਾਨਾ ਜਿਪਸੀ ਅਤੇ ਮੁਸਲਮਾਨ ਬਣੇ ਹਨ। ਗ੍ਰੀਨੋਬਲ 'ਚ ਤੀਹ ਜੁਲਾਈ ਨੂੰ ਦਿੱਤੇ ਭਾਸ਼ਣ 'ਚ ਸਰਕੋਜ਼ੀ ਨੇ ਕਿਹਾ ਸੀ ਕਿ ਰੋਮਾ ਲੋਕਾਂ ਦੇ ਡੇਰੇ ਅਤੇ ਅਰਬ ਮੂਲ ਦੇ ਮੁਸਲਮਾਨਾਂ ਦੀਆਂ ਬਸਤੀਆਂ ਜੁਰਮ ਦੇ ਅੱਡੇ ਹਨ। ਚੇਤੇ ਰਹੇ ਕਿ ਬੇਰੁਜ਼ਗਾਰੀ ਦੀ ਸਭ ਤੋਂ ਵੱਧ ਮਾਰ ਇਹੀ ਲੋਕ ਝੱਲ ਰਹੇ ਹਨ। ਰੋਮਾ ਲੋਕਾਂ ਦੇ ਸਾਰੇ ਡੇਰੇ ਤੋੜਨ ਦਾ ਹੁਕਮ ਹੈ। ਇਨ੍ਹਾਂ ਨੂੰ ਵਾਪਸ ਆਪਣੇ ਮੁਲਕ ਭੇਜਿਆ ਜਾ ਰਿਹਾ ਹੈ ਬੇਸ਼ੱਕ ਉਨ੍ਹਾਂ ਕੋਲ ਫ਼ਰਾਂਸ ਦੀ ਨਾਗਰਿਕਤਾ ਕਿਉਂ ਨਾ ਹੋਵੇ। ਸੱਜੇਪੱਖੀਆਂ ਨੇ ਸਰਕੋਜ਼ੀ ਦੀਆਂ ਨੀਤੀਆਂ ਦਾ ਭਰਪੂਰ ਹਮਾਇਤ ਕੀਤੀ ਹੈ। ਸਰਕੋਜ਼ੀ ਦੇ ਬਿਆਨ ਤੋਂ ਬਾਅਦ ਜਦੋਂ ਗ੍ਰੀਨੋਬਲ ਅਤੇ ਸੇਂਟ ਆਈਗਨ ਸ਼ਹਿਰਾਂ 'ਚ ਪੀੜਤ ਲੋਕਾਂ ਨੇ ਰੋਹ ਪ੍ਰਗਟ ਕੀਤਾ ਤਾਂ ਪੁਲਿਸ ਨੇ ਦੋ ਜਿਪਸੀ ਮੁੰਡਿਆਂ ਨੂੰ ਗੋਲੀ ਮਾਰ ਦਿੱਤੀ। ਇਸ ਹਾਦਸੇ ਤੋਂ ਬਾਅਦ ਹਿੰਸਾ ਭੜਕ ਉੱਠੀ।  ਇਤਿਹਾਸ 'ਚ ਪਹਿਲੀ ਵਾਰ ਜਿਪਸੀ ਮੁੰਡਿਆਂ ਨੇ ਪੁਲਿਸ ਨਾਲ ਦਸਤਪੰਜਾ ਲਿਆ। ਲੋਕ-ਰੋਹ ਨੂੰ ਕਰੜੇ ਹੱਥੀ ਨਜਿੱਠਣ ਤੋਂ ਬਾਅਦ ਸਰਕੋਜ਼ੀ ਨੇ ਬਿਆਨ ਦਿੱਤਾ ਕਿ ਰੋਮਾ ਲੋਕਾਂ ਦੀਆਂ ਕਦਰਾਂ-ਕੀਮਤਾਂ ਫ਼ਰਾਂਸੀਸੀਆਂ ਦੇ ਹਾਣ ਦੀਆਂ ਨਹੀਂ ਹਨ ਅਤੇ ਮੁਲਕ ਦੀ ਅੰਦਰੂਨੀ ਸੁਰੱਖਿਆ ਲਈ ਵੱਡਾ ਖ਼ਤਰਾ ਹਨ। ਜਿਪਸੀਆਂ ਦੇ ਉਜਾੜੇ ਦਾ ਰੁਝਾਨ ਹੋਰ ਤੇਜ਼ ਹੋ ਗਿਆ। ਇਹੀ ਹਾਲ ਪਰਵਾਸੀ ਮੁਸਲਮਾਨਾਂ ਦਾ ਹੈ। ਨਵ-ਫ਼ਾਸ਼ੀਵਾਦੀ ਨੈਸ਼ਨਲ ਫਰੰਟ ਪਾਰਟੀ ਸਰਕੋਜ਼ੀ ਨੂੰ ਸ਼ਾਬਾਸੀ ਦਿੰਦੀ ਨਹੀਂ ਥੱਕਦੀ। ਫ਼ਰਾਂਸ 'ਚ ਦੂਜੀ ਆਲਮੀ ਜੰਗ ਤੋਂ ਬਾਅਦ ਪਰਵਾਸੀਆਂ ਦੇ ਖ਼ਿਲਾਫ਼ ਉਠਾਏ ਗਏ ਇਹ ਸਭ ਤੋਂ ਸਖ਼ਤ ਕਦਮ ਹਨ। ਇਸ ਤੋਂ ਪਹਿਲਾਂ ਹਿਟਲਰ ਦੀ ਕਠਪੁਤਲੀ ਫ਼ਰਾਂਸੀਸੀ ਸਰਕਾਰ ਨੇ ਜਿਪਸੀਆਂ ਨੂੰ ਦੇਸ਼-ਨਿਕਾਲੇ ਦੇ ਹੁਕਮ ਦਿੱਤੇ ਸਨ। ਜਿਨ੍ਹਾਂ 'ਚੋਂ ਜ਼ਿਆਦਾਤਰ ਤਸ਼ੱਦਦਖਾਨਿਆਂ 'ਚ ਖ਼ਤਮ ਕਰ ਦਿੱਤੇ ਗਏ। ਨਾਜ਼ੀਆਂ ਨੇ ਤਿੰਨ ਲੱਖ ਤੋਂ ਵੱਧ ਜਿਪਸੀਆਂ ਦੀਆਂ ਜਾਨਾਂ ਲਈਆਂ। ਫ਼ਰਾਂਸ ਦੇ ਮਸ਼ਹੂਰ ਅਖ਼ਬਾਰ 'ਲੀ ਪੋਸਟ' ਮੁਤਾਬਕ ਫ਼ਰਾਂਸੀਸੀ ਸਰਕਾਰਾਂ ਨੇ ਰੋਮਾ ਲੋਕਾਂ ਦੇ ਮੁੱਦੇ ਨੂੰ ਹਮੇਸ਼ਾਂ ਗ਼ੈਰ-ਜਮਹੂਰੀ ਤਰੀਕਿਆਂ ਨਾਲ ਹੀ ਨਜਿੱਠਿਆ ਹੈ। ਇਟਲੀ ਦੇ ਹਾਕਮ ਇਸ ਮਾਮਲੇ 'ਚ ਫ਼ਰਾਂਸ ਤੋਂ ਵੀ ਅੱਗੇ ਹਨ। ਯੂਰਪ ਦੀ ਰੋਮਾ ਆਬਾਦੀ ਦਾ ਵੱਡਾ ਹਿੱਸਾ ਹਿੰਸਕ ਹਮਲਿਆਂ ਦੀ ਮਾਰ ਹੇਠ ਹੈ। ਯੂਰਪੀ ਯੂਨੀਅਨ ਨਸਲਵਾਦੀ ਹਾਕਮਾਂ ਦੀ ਪਿੱਠ ਥਾਪੜ ਰਹੀ ਹੈ। ਗਾਰਡੀਅਨ ਦੀ ਕਾਲਮਨਵੀਸ ਈਥਲ ਬਰੂਕਸ ਇਸ ਰੁਝਾਨ ਨੂੰ 'ਸਰਕਾਰੀ ਸਰਪ੍ਰਸਤੀ ਹਾਸਲ ਨਸਲਵਾਦ' ਦਾ ਦਰਜਾ ਦਿੰਦੀ ਹੈ। ਸਿਆਹਫਾਮ, ਮੁਸਲਮਾਨ ਅਤੇ ਰੋਮਾ ਲੋਕ ਪੱਛਮੀ ਨਸਲਵਾਦ ਦਾ ਮੁੱਖ ਨਿਸ਼ਾਨਾ ਹਨ। ਬਹੁਤੇ ਪ੍ਰਵਾਸੀ ਭਾਰਤੀ ਪੱਛਮੀ ਮੁਲਕਾਂ ਦੇ ਸਾਊ ਅਤੇ ਵਫ਼ਾਦਾਰ ਪੁੱਤ ਸਾਬਤ ਹੋਣ ਦੇ ਆਹਰ 'ਚ ਲੱਗੇ ਹੋਏ ਹਨ ਪਰ ਕਬੂਤਰ ਦੇ ਅੱਖਾਂ ਮੀਟਣ ਨਾਲ ਬਿੱਲੀ ਦੀ ਨੀਅਤ ਨਹੀਂ ਬਦਲਦੀ। ਸਮਾਂ 'ਨਿਆਸਾਰਿਆਂ ਦੇ ਆਸਰੇ ਤੇ ਨਿਉਟਿਆਂ ਦੀ ਓਟ' ਬਣਨ ਦੀ ਮੰਗ ਕਰਦਾ ਹੈ। 

ਫ਼ਿਲਮ ਦਾ ਛੇਕੜਲਾ ਦ੍ਰਿਸ਼ ਸਪੇਨੀ ਜਿਪਸੀਆਂ ਦੀ ਹੋਣੀ ਬਿਆਨ ਕਰਦਾ ਹੈ ਜਿਨ੍ਹਾਂ ਨੇ ਖਾਲੀ ਤੇ ਉਜਾੜ ਪਏ ਘਰਾਂ 'ਚ ਸ਼ਰਣ ਲਈ ਹੋਈ ਹੈ। ਸਰਕਾਰੀ ਬੰਦੇ ਉਨ੍ਹਾਂ ਨੂੰ ਦੁਬਾਰਾ ਬੇਘਰ ਕਰਨ ਵਿੱਚ ਮਸ਼ਰੂਫ਼ ਹਨ। ਬੂਹੇ-ਬਾਰੀਆਂ ਮੂਹਰੇ ਕੰਧਾਂ ਦੀ ਚਿਣਾਈ ਕਰਕੇ ਪੱਕੇ ਰੂਪ 'ਚ ਬੰਦ ਕੀਤਾ ਜਾ ਰਿਹਾ ਹੈ। ਉਜਾੜੇ ਦੀ ਸ਼ਿਕਾਰ ਜਿਪਸੀ ਬੀਬੀ ਤੇ ਬੱਚਾ ਪਹਾੜ ਦੀ ਚੋਟੀ 'ਤੇ ਬੈਠੇ ਘੁੱਗ ਵਸਦੇ ਸ਼ਹਿਰ ਨੂੰ ਦੇਖਦੇ ਹੋਏ ਗੀਤ ਗਾ ਰਹੇ ਹਨ। ਪੰਜਾਬੀ ਸੰਗਤ ਨੂੰ ਨਾਵਲ 'ਰੋਹੀ ਬੀਆਬਾਨ' ਦਾ ਪਾਤਰ ਗੋਰਾ ਯਾਦ ਆ ਜਾਂਦਾ ਹੈ ਜੋ ਸੰਵੇਦਨਹੀਣਤਾ ਦਾ ਸ਼ਿਕਾਰ ਹੋਇਆ ਦੂਰ ਖੇਤਾਂ 'ਚ ਬੈਠਾ, ਜਗਮਗਾਉਂਦੇ ਪਿੰਡ ਨੂੰ ਮਿਹਣਾ ਮਾਰਦਾ ਹੈ। ਉਸ ਨੂੰ ਜੀਉਂਦਾ ਜਾਗਦਾ ਪਿੰਡ ਰੋਹੀ ਬੀਆਬਾਨ ਲੱਗਦਾ ਹੈ। ਪਿੰਡ ਦੀ ਹੋਂਦ ਅਤੇ ਰੌਣਕ ਦਰਦਮੰਦਾਂ ਦੇ ਦਰਦੀਆਂ ਨਾਲ ਹੀ ਹੈ। ਸਾਡੇ ਗੋਰੇ ਦੀ ਜਿਪਸੀ ਬੀਬੀ ਤੇ ਬੱਚੇ ਨਾਲ ਕੋਈ ਸੱਥਰੀ ਤਾਂ ਜ਼ਰੂਰ ਹੈ। ਗੀਤ ਦੌਰਾਨ ਸ਼ਹਿਰ ਦੀਆਂ ਇਮਾਰਤਾਂ ਅਤੇ ਘਰਾਂ ਦੇ ਦ੍ਰਿਸ਼ ਦਿਖਾਈ ਦਿੰਦੇ ਹਨ। ਇਨ੍ਹਾਂ ਇਮਾਰਤਾਂ ਉੱਤੇ ਗੋਰੀ ਨਸਲ ਦਾ ਹੱਕ ਰਾਖਵਾਂ ਕਰਨ ਦੇ ਕਾਨੂੰਨ ਘੜੇ ਜਾਂਦੇ ਹਨ। ਪੂਰੇ ਜ਼ੋਰ ਨਾਲ ਗਾ ਰਹੀ ਬੀਬੀ ਦੇ ਬੋਲ ਬੋਲ਼ੇ ਸ਼ਹਿਰ ਦੇ ਕੰਨਾਂ ਤੱਕ ਨਹੀਂ ਪਹੁੰਚਦੇ। ਇਹ ਕਿਹੋ ਜਿਹੀਆਂ ਬੇਕਿਰਕ ਕੰਧਾਂ ਹਨ ਜੋ ਮਨੁੱਖੀ ਦਰਦ ਦੀ ਆਵਾਜ਼ ਨਹੀਂ ਸੁਣਦੀਆਂ ਪਰ ਹਕੂਕ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਲਈ ਸੈਂਕੜੇ ਅੱਖਾਂ ਤੇ ਕੰਨ ਪੈਦਾ ਕਰ ਲੈਂਦੀਆਂ ਹਨ? ਸ਼ਹਿਰ ਅਤੇ ਪਹਾੜ ਵਿਚਾਲੇ ਡੂੰਘੀ ਖਾਈ ਹੈ। ਇਸ ਖਾਈ ਨੂੰ ਪੂਰਨ ਲਈ ਮਨੁੱਖ ਦਾ ਸੰਘਰਸ਼ ਸਦੀਆਂ ਤੋਂ ਜਾਰੀ ਹੈ। ਦੋਵਾਂ ਜੀਆਂ ਦੀ ਬਾਲੀ ਅੱਗ ਉੱਚੀ ਹੋ ਰਹੀ ਹੈ। ਅੱਗ ਦੀਆਂ ਲਾਟਾਂ 'ਚੋਂ ਸ਼ਹਿਰ ਦਿਖਾਈ ਦੇ ਰਿਹਾ ਹੈ। ਇਹ ਲਾਟ ਜ਼ਿੰਦਗੀ ਜਿਉਣ ਦੀ ਚਾਹਤ ਵੀ ਹੈ ਅਤੇ ਇਤਿਹਾਸ 'ਚ ਸਰਕਾਰੀ ਜਬਰ ਦੇ ਖ਼ਿਲਾਫ਼ ਪਹਿਲੀ ਵਾਰ ਹਿੰਸਕ ਹੋਏ ਜਿਪਸੀ ਮੁੰਡਿਆਂ ਦੇ ਦਿਲਾਂ 'ਚੋਂ ਉੱਠਦਾ ਰੋਹ ਵੀ। ਅੰਤਲੇ ਦ੍ਰਿਸ਼ 'ਚ ਬੱਚਾ ਅੱਗ ਉੱਚੀ ਕਰਨ ਲਈ ਹੋਰ ਲੱਕੜਾਂ ਲੈ ਕੇ ਆ ਰਿਹਾ ਹੈ। ਅਜਿਹੀ ਕੋਈ ਲੱਕੜ ਰੋਹੀ ਬੀਆਬਾਨ ਵਾਲੇ ਗੋਰੇ ਦੇ ਹੱਥ 'ਚ ਵੀ ਜ਼ਰੂਰ ਹੋਏਗੀ।

1 comment: