Sunday, 16 June 2013

'ਸਰਸਾ' ਤੋਂ 'ਸਿਕੰਦਰ' ਤੱਕ: ਇਨਕਾਰ ਦੇ ਮਾਅਨੇ

ਦਲਜੀਤ ਅਮੀ

'ਸਰਸਾ' ਦਾ ਨਾਮ ਬਦਲ ਕੇ 'ਸਿਕੰਦਰ' ਰੱਖ ਦਿੱਤੇ ਜਾਣ ਨਾਲ ਫ਼ਿਲਮ ਨੂੰ ਕੀ ਫ਼ਰਕ ਪਿਆ ਹੈ? ਇਹ ਸੁਆਲ ਦਿਲਚਸਪੀ ਰੱਖਣ ਵਾਲੇ ਹਰ ਜਣੇ-ਜਣੀ ਨੂੰ ਪੁੱਛ ਲੈਣਾ ਚਾਹੀਦਾ ਹੈ। 'ਸਰਸਾ' ਦਾ ਜ਼ਿਕਰ ਸਿਰਫ਼ ਆਨੰਦਪੁਰ ਦੇ ਲਾਗਿਓਂ ਲੰਘਦੀ ਨਦੀ ਤੱਕ ਮਹਿਦੂਦ ਨਹੀਂ ਹੈ। ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਇਸ ਨਦੀ ਨੂੰ ਪਾਰ ਕਰਨ ਵੇਲੇ ਗੁਰੂ ਗੋਬਿੰਦ ਸਿੰਘ ਦੇ ਜੀਵਨ ਦੀ ਅਹਿਮ ਘਟਨਾ ਵਾਪਰੀ। ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ ਵਿਛੋੜਾ ਇਸ ਨਦੀ ਕਿਨਾਰੇ ਪਿਆ ਅਤੇ ਇਸੇ ਨਦੀ ਵਿੱਚ ਬਹੁਤ ਸਾਰੇ ਗ੍ਰੰਥ ਰੁੜ੍ਹ ਗਏ। ਗੁਰੂ ਗੋਬਿੰਦ ਸਿੰਘ ਦਾ ਅਗਲਾ ਜੀਵਨ ਇਸੇ ਨਦੀ ਨੂੰ ਪਾਰ ਕਰਕੇ ਚਮਕੌਰ ਦੀ ਗੜ੍ਹੀ ਰਾਹੀਂ ਮਾਛੀਵਾੜੇ ਤੋਂ ਹੁੰਦਾ ਹੋਇਆ ਖਿਦਰਾਣੇ ਦੀ ਢਾਬ ਤੱਕ ਪਹੁੰਚਦਾ ਹੈ। ਖਿਦਰਾਣੇ ਦੀ ਢਾਬ ਵਿੱਚ ਆਨੰਦਪੁਰ ਵਿੱਚ ਲਿਖਿਆ ਗਿਆ ਬੇਦਾਵਾ ਪਾੜਿਆ ਜਾਂਦਾ ਹੈ। ਇਸ ਤੋਂ ਅਗਲੇ ਸਫ਼ਰ ਵਿੱਚ ਮਾਧੋ ਦਾਸ ਵੈਰਾਗੀ ਤੋਂ ਬੰਦਾ ਬਹਾਦਰ ਹੋਣ ਦਾ ਇਤਿਹਾਸ ਦਰਜ ਹੈ। ਦੂਜੇ ਪਾਸਿਓਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰੀ ਦੀ ਸ਼ਹੀਦੀ ਨਾਲ ਰੁਕਿਆ ਰਾਹ ਬੰਦਾ ਬਹਾਦਰ ਖੋਲ੍ਹ ਦਿੰਦਾ ਹੈ। ਇਸ ਤਰ੍ਹਾਂ ਸਰਸਾ ਇੱਕ ਨਦੀ ਤੋਂ ਸਿਦਕਦਿਲੀ, ਦਰਦਮੰਦੀ ਅਤੇ ਗਿਆਨ ਦੀ ਜਗਿਆਸਾ ਦਾ ਬਿੰਬ ਬਣ ਜਾਂਦੀ ਹੈ। ਸਿਕੰਦਰ ਯੂਨਾਨ ਤੋਂ ਸਾਰੀ ਦੁਨੀਆਂ ਨੂੰ ਜਿੱਤਣ ਤੁਰਦਾ ਹੈ। ਉਸ ਦਾ ਸਫ਼ਰ ਕਤਲਾਂ, ਬਲਾਤਕਾਰਾਂ, ਉਧਾਲਿਆਂ, ਲੁੱਟ, ਕਬਜ਼ੇ ਅਤੇ ਤਬਾਹੀ ਦੀ ਦਾਸਤਾਂ ਹੈ। ਉਸ ਦੀ ਜ਼ਿੰਦਗੀ ਵਿੱਚ ਹੱਕ, ਸੱਚ ਅਤੇ ਕਦਰਾਂ-ਕੀਮਤਾਂ ਦੀ ਕੋਈ ਥਾਂ ਨਹੀਂ। ਬੰਦੇ ਦੀ ਅਰਬਾਂ ਸਾਲਾਂ ਦੇ ਤਜਰਬੇ ਰਾਹੀਂ ਕੀਤੀ ਕਮਾਈ ਨੂੰ ਉਹ ਪੁੱਠਾ ਗੇੜਾ ਦਿੰਦਾ ਹੈ। ਉਹ ਬੰਦੇ ਨੂੰ ਮੁੜ ਕੇ ਪਸ਼ੂਬਲ ਨਾਲ ਰਾਜ ਕਰਨ ਦਾ ਮੰਤਰ ਪੜ੍ਹਾਉਂਦਾ ਹੈ। ਉਸ ਦੀ ਹੋਂਦ ਬੰਦਿਆਈ ਦੀ ਥਾਂ ਪਸ਼ੂ ਬਿਰਤੀ ਨਾਲ ਜੁੜੀ ਹੋਈ ਹੈ। ਸਿਕੰਦਰ ਇਸੇ ਰੁਝਾਨ ਦਾ ਬਿੰਬ ਬਣਦਾ ਹੈ। ਉਸ ਦੇ ਨਕਸ਼ੇ ਕਦਮਾਂ ਉੱਤੇ ਹੁਣ ਤੱਕ ਦੀਆਂ ਤਾਨਾਸ਼ਾਹੀਆਂ ਉਸਰਦੀਆਂ-ਢਹਿੰਦੀਆਂ ਰਹੀਆਂ ਹਨ। ਪੰਜਾਬ ਦੇ ਇਤਿਹਾਸ ਨਾਲ ਸਿਕੰਦਰ ਨਾਲ ਜੁੜੀਆਂ ਦੋ ਘਟਨਾਵਾਂ ਅਹਿਮ ਹਨ। ਪਹਿਲੀ ਉਸ ਦਾ ਬੰਦੀ ਪੋਰਸ ਨਾਲ ਸੰਵਾਦ ਹੈ। ਇਹ ਸੰਵਾਦ ਇਤਿਹਾਸ ਦੀਆਂ ਕਿਤਾਬਾਂ ਵਿੱਚ ਦਿਲਚਸਪ ਦਾ ਸਬੱਬ ਬਣਦਾ ਹੈ। 

ਸਿਕੰਦਰ: ਬੋਲ ਤੇਰੇ ਨਾਲ ਕੀ ਸਲੂਕ ਕੀਤਾ ਜਾਏ?
ਪੋਰਸ: ਜੋ ਇੱਕ ਰਾਜੇ ਨੂੰ ਦੂਜੇ ਰਾਜੇ ਨਾਲ ਕਰਨਾ ਚਾਹੀਦਾ ਹੈ।


ਇਨ੍ਹਾਂ ਦੋ ਫਿਕਰਿਆਂ ਵਿੱਚ ਕਈ ਕੁੰਡੀਆਂ ਪਈਆਂ ਹਨ। ਪੋਰਸ ਦੀ ਬਹਾਦਰੀ ਅਤੇ ਸਿਕੰਦਰ ਦੀ ਦਿਆਨਤਦਾਰੀ ਦਾ ਵਿਆਖਿਆ ਬਹੁਤ ਹੋਈ ਹੈ। ਦੋਵਾਂ ਧਿਰਾਂ ਦੀ ਸਾਂਝ ਉਨ੍ਹਾਂ ਦਾ ਰਾਜੇ ਹੋਣਾ ਹੈ। ਸਿਕੰਦਰ ਪੂਰੀ ਦੁਨੀਆਂ ਦਾ ਪਟਾ ਆਪਣੇ ਨਾਮ ਲਿਖੇ ਹੋਣ ਦਾ ਦਾਅਵੇਦਾਰ ਹੈ। ਪੋਰਸ ਆਪਣੀ ਰਿਆਸਤ ਦਾ ਦਾਅਵੇਦਾਰ ਹੈ। ਜਦੋਂ ਇਤਿਹਾਸ ਤੇਰ-ਮੇਰ ਦੀ ਪਿਰਤ ਰਾਹੀਂ ਵੇਖਿਆ ਜਾਏਗਾ ਤਾਂ ਇਸ ਵਿੱਚੋਂ ਦਿਆਨਤਦਾਰੀ ਅਤੇ ਬਹਾਦਰੀ ਦਿਖੇਗੀ। ਇਹੋ ਇਤਿਹਾਸ ਮਨੁੱਖੀ ਪੈਂਤੜੇ ਤੋਂ ਵੇਖਿਆ ਜਾਏਗਾ ਤਾਂ ਪਤਾ ਲੱਗੇਗਾ ਕਿ ਇਹ ਦੋਵੇਂ 'ਅੰਨੀ ਰਈਅਤ' ਦੀ ਅਧੀਨਗੀ ਵਿੱਚੋਂ ਆਪਣੀ ਸਰਦਾਰੀ ਦਾ ਪੱਜ ਭਾਲਦੇ ਹਨ। ਉਸੇ ਵੇਲੇ ਪੰਜਾਬ ਵਿੱਚ ਸਿਕੰਦਰ ਦਾ ਇੱਕ ਫਕੀਰ ਨਾਲ ਟਾਕਰਾ ਹੁੰਦਾ ਹੈ। ਤੜਾਗੀ ਪਾਈ ਬੈਠਾ ਫਕੀਰ ਸਿਕੰਦਰ ਨੂੰ 'ਧੁੱਪ ਛੱਡ ਕੇ ਖੜੇ ਹੋਣ' ਦੀ ਤਾਕੀਦ ਕਰਦਾ ਹੈ। ਇਸੇ ਤਾਕੀਦ ਵਿੱਚ ਬੰਦੇ ਦੇ ਕੁਦਰਤ ਨਾਲ ਸਦੀਵੀ ਰਿਸ਼ਤੇ ਦੇ ਵਿਚਕਾਰ ਖੜਾ ਸਿਕੰਦਰ ਦਿਖਦਾ ਹੈ। ਇਹ ਤਾਕੀਦ ਸਿਕੰਦਰ ਦੀ 
ਬੇਮੁਹਾਰ ਤਾਕਤ ਨੂੰ ਲਲਕਾਰਦੀ ਹੋਈ ਪੰਜਾਬੀ ਬੰਦੇ ਨੂੰ ਨਾਬਰੀ ਦਾ ਪਾਠ ਦ੍ਰਿੜਾਉਂਦੀ ਹੈ। ਇਹੋ ਤਾਕੀਦ ਸਿਕੰਦਰ ਲਈ ਆਪਣੇ ਕੀਤੇ ਨਾਲ ਸੰਵਾਦ ਕਰਨ ਦਾ ਮੌਕਾ ਹੈ ਜਿਸ ਨੂੰ ਰੱਦ ਕਰਕੇ ਉਹ ਆਪਣੀ ਹਵਸ ਨਾਲ ਖੜਦਾ ਹੈ। ਇਸ ਤੋਂ ਬਾਅਦ ਸਿਕੰਦਰ ਬੰਦੇ ਅਤੇ ਕੁਦਰਤ ਵਿਚਕਾਰ ਖੜੀ ਹਵਸ ਦੇ ਨੁਮਾਇੰਦੇ ਵਜੋਂ ਉਘੜ ਆਉਂਦਾ ਹੈ। ਉਸ ਦੀਆਂ ਜਿੱਤਾਂ ਬੰਦਿਆਈ ਦੀਆਂ ਹਾਰਾਂ ਵਜੋਂ ਦਰਜ ਹੁੰਦੀਆਂ ਹਨ ਜੋ ਬੰਦੇ ਨੂੰ ਬਿਹਤਰ ਮਨੁੱਖ ਹੋਣ ਤੋਂ ਵਰਜਦੀਆਂ ਹਨ। ਇਸੇ ਸਿਕੰਦਰ ਨੂੰ 'ਲਾਗ ਨੂੰ ਸਭ ਕੁਝ ਮੰਨਣ ਵਾਲੇ ਲਾਗੀ' ਮਹਾਨ ਕਹਿੰਦੇ ਹਨ। 

ਸਿਕੰਦਰ ਅਤੇ ਗੁਰੂ ਗੋਬਿੰਦ ਸਿੰਘ ਦੋਵੇਂ ਤਲਵਾਰ ਦੇ ਧਨੀ ਹਨ। ਸੁਆਲ ਪੁੱਛਿਆ ਜਾਣਾ ਬਣਦਾ ਹੈ ਕਿ ਕੀ ਇਸੇ ਕਾਰਨ ਦੋਵਾਂ ਨੂੰ ਇੱਕੋ-ਜਿਹਾ ਮੰਨ ਲਿਆ ਜਾਏ ਜਾਂ ਨਿਬੇੜਾ ਕਰਨ ਵਾਲਾ ਧੁਰਾ ਕੋਈ ਹੋਰ ਹੈ। ਗ਼ਾਲਬ ਮੇਲ ਦੀ ਤਲਵਾਰ ਅਤੇ ਨਿਮਾਣੇ ਮੇਲ ਦੀ ਤਲਵਾਰ ਵਿਚਲਾ ਫ਼ਰਕ ਨਿਬੇੜਾ ਕਰਦਾ ਹੈ। ਗੁਰੂ ਗੋਬਿੰਦ ਸਿੰਘ ਨਿਮਾਣਿਆਂ ਦਾ ਮਾਣ ਹੈ ਅਤੇ ਸਿਕੰਦਰ ਹਵਸ ਦਾ ਬਿੰਬ ਹੈ। ਇਨ੍ਹਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਨੂੰ ਜੁਝਾਰ ਅਤੇ ਸਿਕੰਦਰ ਨੂੰ ਜੰਗਬਾਜ਼ ਕਿਹਾ ਜਾਏਗਾ। ਜੰਗਬਾਜ਼ ਦਾ ਜੰਗੀ ਹੁਨਰ 'ਜੰਗਜੂ ਫ਼ਿਤਰਤ' ਨਹੀਂ ਸਗੋਂ ਜਬਰ ਦਾ ਲਿਖਾਇਕ ਹੁੰਦਾ ਹੈ। ਲਛਮਣ ਦਾਸ ਆਪਣੇ ਤੀਰ ਦਾ ਸ਼ਿਕਾਰ ਹਿਰਨੀ ਦੇ ਪੇਟ ਵਿੱਚੋਂ ਨਿਕਲੇ ਬੱਚਿਆਂ ਦੀ ਹੋਣੀ ਦੇਖ ਕੇ ਮਾਧੋ ਦਾਸ ਵੈਰਾਗੀ ਬਣ ਜਾਂਦਾ ਹੈ ਅਤੇ ਬਾਅਦ ਵਿੱਚ ਇਸੇ ਹੁਨਰ ਦੀ ਵਰਤੋਂ ਹੱਕ-ਸੱਚ ਲਈ ਕਰਦਾ ਹੈ ਤਾਂ ਬੰਦਾ ਬਹਾਦਰ ਵਜੋਂ ਸਾਡਾ ਨਾਇਕ ਬਣਦਾ ਹੈ। ਕਿਸੇ ਉਂਗਲੀਮਾਲ ਨੂੰ ਬੁੱਧ ਟਕਰਦਾ ਹੈ ਤਾਂ ਉਸ ਦੀ ਬੰਦਿਆਈ ਜਾਗਦੀ ਹੈ। ਅਹਿਮੀਅਤ ਕਿਸੇ ਮਾਧੋਦਾਸ ਜਾਂ ਉਂਗਲੀਮਾਲ ਨੂੰ ਆ ਪਏ ਸੁਆਲ ਦੀ ਹੈ। ਇਨ੍ਹਾਂ ਨੇ ਸੁਆਲ ਨੂੰ ਸੰਜੀਦਗੀ ਨਾਲ ਲੈਕੇ ਆਪਣੀਆਂ ਜ਼ਿੰਦਗੀਆਂ ਦੇ ਮੁਹਾਣ ਬਦਲ ਲਏ ਪਰ ਸਿਕੰਦਰ ਸੰਵਾਦ ਨੂੰ ਰੱਦ ਕਰ ਕੇ ਹਵਸ ਦੀ ਚੋਣ ਕਰਦਾ ਹੈ। 


ਉਪਰੋਕਤ ਵਿਸਥਾਰ ਦਾ ਫ਼ਿਲਮ ਸਰਸਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਇਸ ਆਖ਼ਰੀ ਸੁਆਲ ਨਾਲ ਜ਼ਰੂਰ ਹੈ। ਮੌਜੂਦਾ ਦੌਰ ਵਿੱਚ ਨਸ਼ਿਆਂ ਅਤੇ ਹਥਿਆਰਾਂ ਦੀ ਮਾਰ ਹੇਠ ਆਈ ਹੋਈ ਨੌਜਵਾਨ ਪੀੜੀ ਸਿਆਸਤ ਦਾ ਖਾਜਾ ਬਣ ਰਹੀ ਹੈ। ਇਸ ਮਾਹੌਲ ਵਿੱਚੋਂ ਉਪਜਦੀ ਸੋਚ ਦਾ ਨੌਜਵਾਨ ਸ਼ਿਕਾਰ ਹੁੰਦੇ ਹਨ ਤੇ ਸ਼ਿਕਾਰੀ ਵੀ ਬਣਦੇ ਹਨ। ਸ਼ਿਕਾਰ ਤੋਂ ਸ਼ਿਕਾਰੀ ਹੋ ਜਾਣਾ ਵਕਤੀ ਜਿੱਤ ਦਾ ਅਹਿਸਾਸ ਦਿੰਦਾ ਹੈ ਪਰ ਬੰਦਿਆਈ ਨੂੰ ਲਗਾਤਾਰ ਖੋਰਾ ਲਗਾਉਂਦਾ ਹੈ। ਸ਼ਿਕਾਰ ਹੋ ਰਹੇ ਬੰਦੇ ਨੂੰ ਇਹ ਭੁਲੇਖਾ ਬਣਿਆ ਰਹਿੰਦਾ ਹੈ ਕਿ ਉਹ ਵੀ ਸ਼ਿਕਾਰੀ ਬਣ ਸਕਦਾ ਹੈ। ਬਹੁਤ ਵਾਰ ਇਸੇ ਨੂੰ ਤਰਜ਼ਿ-ਜ਼ਿੰਦਗੀ ਮੰਨ ਲਿਆ ਜਾਂਦਾ ਹੈ। 'ਸਰਸਾ' ਇਸ ਤਰਜ਼ਿ-ਜ਼ਿੰਦਗੀ ਉੱਤੇ ਸਵਾਲ ਕਰਦੀ ਹੈ। ਬੇਅੰਤ ਹਿੰਸਕ 'ਸਿਕੰਦਰ' ਨੂੰ ਇਨਕਾਰ ਕਰਦੀ ਹੈ। ਮੌਜੂਦਾ ਦੌਰ ਵਿੱਚ ਕੁੜੀ ਦਾ ਇਨਕਾਰ ਕਬੂਲ ਕਿਸ ਨੂੰ ਹੈ? ਪਹਿਲਾਂ ਜ਼ੋਰ ਤਾਂ ਇਹ ਲੱਗਦਾ ਹੈ ਕਿ ਇਨਕਾਰ ਵਕਤੀ ਹੋਵੇ। ਇਸ ਲਈ ਸਭ ਕੁਝ ਦਾਅ ਉੱਤੇ ਲਗਾਇਆ ਜਾ ਸਕਦਾ ਹੈ। ਕੁੜੀਆਂ ਉੱਤੇ ਹੁੰਦੇ ਤੇਜ਼ਾਬੀ ਹਮਲਿਆਂ ਦੇ ਆਰ-ਪਾਰ 'ਸਿਕੰਦਰ' ਅਤੇ ਬੇਅੰਤ ਨੂੰ ਰੱਖ ਕੇ ਵੇਖਿਆ ਜਾ ਸਕਦਾ ਹੈ। ਬੇਅੰਤ ਦਾ ਇਨਕਾਰ ਲਗਾਤਾਰ ਸੁਰਤ ਸੰਭਾਲਦਾ ਹੋਇਆ ਦ੍ਰਿੜਤਾ ਹਾਸਲ ਕਰਦਾ ਹੈ। ਉਹ ਸਿਕੰਦਰ ਨੂੰ 'ਪਿਆਰ ਦੀ ਫੋਕੀ ਰੱਟ' ਤੋਂ ਬਾਹਰ ਆਉਣ ਦੀ ਸਲਾਹ ਦਿੰਦੀ ਹੋਈ ਸਿਕੰਦਰਾਂ ਦੇ ਕਿਰਦਾਰ ਨੂੰ ਪਛਾਨਣ ਤੱਕ ਜਾਂਦੀ ਹੈ। ਇਸ ਇਨਕਾਰ ਵਿੱਚ 'ਸਿਕੰਦਰ' ਲਈ ਸੰਵਾਦ ਦੀ ਗੁੰਜ਼ਾਇਸ਼ ਹੈ। ਉਹ ਆਪਣੀ ਗੰਡਾ-ਗਰਦੀ ਦੀ ਸਲਤਨਤ ਦੇ ਪਸਾਰੇ ਨੂੰ ਪਹਿਲ ਕਰਾਰ ਦਿੰਦਾ ਹੈ ਅਤੇ ਇਸੇ ਪ੍ਰਾਪਤੀ ਨੂੰ ਬੇਅੰਤ ਉੱਤੇ ਕਬਜ਼ੇ ਦੀ ਯੋਗਤਾ ਮੰਨਦਾ ਹੈ। 


ਦੂਜੇ ਪਾਸੇ ਬੇਅੰਤ ਸਾਡੇ ਦੌਰ ਦੀ ਸਭ ਤੋਂ ਕਰੂਰ ਹਿੰਸਾ ਦਾ ਸ਼ਿਕਾਰ ਹੁੰਦੀ ਹੈ। 'ਸ਼ਮੀਰ' ਪੰਜਾਬੀ ਲੋਕ ਧਾਰਾ ਦੀ ਪੜਚੋਲ ਕਰਦਾ ਹੋਇਆ ਸਾਬਤ ਕਰਦਾ ਹੈ ਕਿ ਮੌਜੂਦਾ ਦੌਰ ਦੀਆਂ ਮੁਸ਼ਕਲਾਂ ਨੂੰ ਸੁਲਝਾਉਣ ਲਈ ਇਤਿਹਾਸ ਦੀ ਨਵੇਂ ਸਿਰੇ ਤੋਂ ਪੜ੍ਹਾਈ ਕਰਨੀ ਪੈਣੀ ਹੈ। ਉਹ ਪੰਜਾਬੀ ਕਿੱਸਿਆਂ ਵਿੱਚੋਂ ਮੌਜੂਦਾ ਦੌਰ ਦੀਆਂ ਜ਼ਿੰਮੇਵਾਰੀਆਂ ਦੀ ਸ਼ਨਾਖ਼ਤ ਕਰਦਾ ਹੈ। ਇਸੇ ਸਮਝ ਦੀ ਦਵਾਈ ਨਾਲ ਨਿੱਜੀ ਸਦਮੇ ਵਿੱਚ ਬਾਹਰ ਆਈ ਬੇਅੰਤ ਹਮਦਰਦੀ ਦੇ ਦਾਅਵਿਆਂ ਉੱਤੇ ਸੁਆਲ ਕਰਦੀ ਹੈ। ਹਸਨ ਦੱਸਦਾ ਹੈ ਕਿ ਨਿੱਜੀ ਮੁਸ਼ਕਲਾਂ ਦੀਆਂ ਜੜਾਂ ਸਮਾਜ ਵਿੱਚ ਪਈਆਂ ਹੁੰਦੀਆਂ ਹਨ ਅਤੇ ਇਸ ਲਈ ਇਨ੍ਹਾਂ ਦਾ ਹੱਲ ਸਮਾਜਕ ਸਾਂਝ ਵਿੱਚੋਂ ਮਿਲ ਸਕਦਾ ਹੈ। ਇਨ੍ਹਾਂ ਤਿਆਰੀਆਂ ਵਿੱਚ ਰੁਝੀ ਬੇਅੰਤ ਨੂੰ ਕਿਸੇ ਸਿਕੰਦਰ ਦੀ ਕੀ ਲੋੜ ਹੈ? ਬੇਅੰਤ ਦੀਆਂ ਨਜ਼ਰਾਂ ਵਿੱਚ ਬੇਮਾਅਨਾ ਹੋਣਾ ਸਿਕੰਦਰ ਲਈ ਸੰਵਾਦ ਦਾ ਇੱਕ ਹੋਰ ਮੌਕਾ ਹੈ। ਇਸ ਮੌਕੇ ਤੋਂ ਪਾਸਾ ਵੱਟ ਕੇ ਉਹ ਹਿੰਸਾ ਦਾ ਰਾਹੀਂ ਬਣਿਆ ਰਹਿੰਦਾ ਹੈ। ਇਸੇ ਰਾਹ ਉੱਤੇ ਉਸ ਦਾ ਦੂਜਾ ਰੂਪ ਹਰਜੰਗ ਤੁਰਿਆ ਜਾ ਰਿਹਾ ਹੈ। ਇਹ ਦੋਵੇਂ ਸ਼ਿਕਾਰ ਹੋਣ ਤੋਂ ਬਚਦੇ ਹੋਏ ਸ਼ਿਕਾਰ ਕਰਨ ਦੀ ਤਾਕ ਵਿੱਚ 'ਰੰਗਲੀ ਦੁਨੀਆਂ' ਨੂੰ ਮਨੁੱਖੀ ਖ਼ੂਨ ਨਾਲ ਲੱਥ-ਪੱਥ ਕਰਦੇ ਹਨ। ਇਹ ਮਾਅਨੇ ਨਹੀਂ ਰੱਖਦਾ ਕਿ ਦੋਵੇਂ ਖੁਦਕੁਸ਼ੀ ਕਰ ਲੈਣ ਜਾਂ ਇੱਕ-ਦੂਜੇ ਨੂੰ ਕਤਲ ਕਰ ਦੇਣ। ਬੇਅੰਤ ਅਤੇ ਹਸਨ ਦਾ ਦੋਵਾਂ ਦੀ ਹੋਣੀ ਨੂੰ ਸੋਗ਼ਵਾਰ ਮੰਨਣਾ ਅਤੇ ਆਪਣੇ ਰਾਹ ਉੱਤੇ ਤੁਰਨਾ ਸੰਗਤ ਲਈ ਢੇਰ ਸਾਰੇ ਸੁਆਲ ਛੱਡ ਜਾਂਦਾ ਹੈ। ਇਨ੍ਹਾਂ ਸਵਾਲਾਂ ਵਿੱਚ ਬੇਅੰਤ ਦੇ ਇਨਕਾਰ ਦੀ ਅਹਿਮੀਅਤ ਕੇਂਦਰੀ ਨੁਕਤਾ ਬਣਦੀ ਹੈ। 

ਜਦੋਂ ਇਹ ਫ਼ਿਲਮ ਸਰਸਾ ਤੋਂ 'ਸਿਕੰਦਰ' ਬਣਦੀ ਹੈ ਤਾਂ ਇਸ ਵਿੱਚ ਕੇਂਦਰੀ ਨੁਕਤਾ 'ਸਿਕੰਦਰ' ਬਣਦਾ ਹੈ। ਉਸ ਦੀ ਗੁੰਡਾ-ਗਰਦੀ ਦਾ ਜ਼ਸ਼ਨ 'ਯਾਰਾਂ ਦਾ ਯਾਰ' ਗਾ ਕੇ ਮਨਾਇਆ ਜਾਂਦਾ ਹੈ। ਇਸ ਜ਼ਸ਼ਨ ਵਿੱਚ ਸੰਵਾਦ ਦੀ ਅਹਿਮੀਅਤ ਮਨਫ਼ੀ ਹੋ ਜਾਂਦੀ ਹੈ। ਇਹ ਜ਼ਸ਼ਨ ਉਸੇ ਰੁਝਾਨ ਦੀ ਪੁਸ਼ਟੀ ਕਰਦਾ ਹੈ ਜੋ ਮੌਜੂਦਾ ਦੌਰ ਦੇ ਪੰਜਾਬੀ ਨੌਜਵਾਨ ਨੂੰ ਜਿਉਣ-ਜੋਗਾ ਨਹੀਂ ਹੋਣ ਦਿੰਦਾ ਸਗੋਂ 'ਯਾਰੀ ਤੇ ਸਰਦਾਰੀ ਲਈ ਆਪਣੀ ਲੜਾਈ' ਦਾ ਖਾਜਾ ਬਣਾਉਂਦਾ ਹੈ। ਇਸ ਤਰ੍ਹਾਂ ਸਿਕੰਦਰ ਦੀ ਮੌਤ ਦਾ ਜ਼ਸ਼ਨ ਪੰਜਾਬੀ ਨੌਜਵਾਨ ਨੂੰ ਮਰਨ-ਜੋਗਾ ਰੱਖਣ ਦਾ ਸਬੱਬ ਬਣਦਾ ਹੈ। ਫ਼ਿਲਮ ਵਿੱਚ ਕੀਤੀਆਂ ਤਬਦੀਲੀਆਂ ਨੂੰ ਬੇਅੰਤ ਦੇ ਇਨਕਾਰ ਨਾਲ ਜੋੜ ਕੇ ਹੀ ਸਮਝਿਆ ਜਾ ਸਕਦਾ ਹੈ। ਜੋ ਇਨਕਾਰ ਸਿਕੰਦਰ ਲਈ ਬੇਮਾਅਨੀ ਸ਼ੈਅ ਹੈ ਉਹ ਫ਼ਿਲਮ ਵਿੱਚ ਤਬਦੀਲੀਆਂ ਕਰਨ ਵਾਲਿਆਂ ਲਈ ਵੀ ਬੇਮਾਅਨਾ ਹੈ। ਸਰਸਾ ਇਸ ਇਨਕਾਰ ਦੇ ਸਤਿਕਾਰ ਦੀ ਬਾਤ ਹੈ ਅਤੇ 'ਸਿਕੰਦਰ' ਇਸ ਇਨਕਾਰ ਦੀ ਬੇਕਦਰੀ ਦੀ ਕਸਬੀ ਘੁਣਤਰ ਹੈ। ਸਿਕੰਦਰ ਦੇ ਕਬਜ਼ੇ ਨਾਲ ਤੜਾਗੀ ਵਾਲੇ ਫਕੀਰ ਦੀ 'ਧੁੱਪ ਛੱਡ ਕੇ ਖਲੋਣ' ਦੀ ਤਾਕੀਦ ਬੇਮਾਅਨਾ ਨਹੀਂ ਹੋ ਜਾਂਦੀ। ਸੰਵਾਦ ਦਾ ਸੰਜੀਦਾ ਉਪਰਾਲਾ ਵਕਤੀ ਮਾਰ ਵਿੱਚ ਜ਼ਰੂਰ ਆਉਂਦਾ ਹੈ। ਆਖ਼ਰ ਦੁਨੀਆਂ ਕਾਨੂੰਨੀ ਪਟਿਆਂ ਨਾਲ ਹੀ ਨਹੀਂ ਸਗੋਂ ਸਮਾਜਕ ਕਰਾਰਾਂ ਨਾਲ ਜੁੜੀ ਹੋਈ ਹੈ।


(ਲੇਖਕ ਨੇ 'ਸਰਸਾ' ਫ਼ਿਲਮ ਜਤਿੰਦਰ ਮੌਹਰ ਨਾਲ ਮਿਲ ਕੇ ਲਿਖੀ ਹੈ ਪਰ 'ਸਿਕੰਦਰ' ਨਾਲੋਂ ਆਪਣਾ ਨਾਤਾ ਤੋੜ ਲਿਆ ਹੈ।)

3 comments:

  1. People read books , sculptures everything that has been written to keep society in order , but in the end the end everyone develops an alter ego .

    People always try to win in the current situation and intellectuals always get hurt until alive because they are may be more sensitive .

    ReplyDelete
  2. you r really right Amardeep ji. i m feeling very sorry for jatinder veer not because producer have changed the name because this movie is jatinder`s art work his creation....alas producers now days dont care for art. they just care for business...

    ReplyDelete
  3. Ami sahib we all P.U. students from Mansa think its some how our story as we still crave that some day we will make our Kids President of P.U as we Mansa wale hamesha hi support hi karde rahe ...Now people asking us which person's story it is...Is it near to reality or pure fiction..plz reply

    ReplyDelete