Wednesday 19 June 2013

ਸਰਸਾ

ਇਹ ਸਮਕਾਲੀ ਪੰਜਾਬੀ ਨੌਜਵਾਨ ਪੀੜ੍ਹੀ ਦੀ ਕਹਾਣੀ ਹੈ। ਇਸ ਵੇਲੇ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਨਸ਼ੇੜੀ, ਬੇਮੁਹਾਰ ਅਤੇ ਲੜਾਕਾ ਕਰਾਰ ਦਿੱਤਾ ਜਾ ਰਿਹਾ ਹੈ। ਇਹ ਨੌਜਵਾਨ ਪੀੜ੍ਹੀ ਦੀ ਨੁਮਾਇੰਦਗੀ ਕਰਦੇ ਪੰਜਾਬੀ ਬੰਦੇ ਦੀ ਅੰਦਰਲੀ ਬਾਤ ਹੈ।

ਇਸ ਵੇਲੇ ਭ੍ਰਿਸ਼ਟਾਚਾਰ ਅਤੇ ਜਾਬਰ ਸਿਆਸਤ ਵਿਦਿਅਕ ਅਦਾਰਿਆਂ ਦਾ ਮਾਹੌਲ ਖ਼ਰਾਬ ਕਰ ਰਹੀ ਹੈ। ਇਸ ਰੁਝਾਨ ਦਾ ਜ਼ਹਿਵਾਅ ਸਮਾਜ ਨੂੰ ਚੜ੍ਹ ਰਿਹਾ ਹੈ। ਇਸ ਮਾਹੌਲ ਵਿੱਚ ਜ਼ਿੰਦਗੀ ਬਸਰ ਕਰ ਰਹੇ ਫ਼ਿਲਮ ਦੇ ਕਿਰਦਾਰ ਇਸੇ ਖ਼ਰਾਬੇ ਤੋਂ ਬਚੇ ਨਹੀਂ ਹਨ। ਉਹ ਆਪਣੇ ਆਲੇ-ਦੁਆਲੇ ਉਸਰੇ ਮਾਹੌਲ ਦਾ ਹਿੱਸਾ ਹਨ। ਨੌਜਵਾਨ ਪੀੜ੍ਹੀ ਜਥੇਬੰਦ ਅਪਰਾਧ ਦੀ ਦਲਦਲ ਵਿੱਚ ਫਸ ਰਹੀ ਹੈ। ਸਿਆਸਤ ਦੇ ਨਾਲ-ਨਾਲ ਮੌਜੂਦਾ ਸਮਾਜਕ-ਆਰਥਿਕ ਢਾਂਚਾ ਵੀ ਇਸ ਨਿਘਾਰ ਲਈ ਕਸੂਰਵਾਰ ਹੈ। ਨਿਘਾਰ ਦੇ ਮੂੰਹਜ਼ੋਰ ਰੁਝਾਨ ਦੇ ਬਾਵਜੂਦ ਨੌਜਵਾਨਾਂ ਵਿੱਚ ਕਿਤੇ ਨਾ ਕਿਤੇ ਉਮੀਦ ਦੀ ਕਿਰਨ ਜਿਉਂਦੀ ਹੈ। ਤਮਾਮ ਭਟਕਣਾਂ ਦੇ ਦੌਰ ਵਿੱਚ ਵੀ ਉਹ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਇਸ ਤੋਂ ਵੀ ਅੱਗੇ ਉਹ ਜ਼ਿੰਦਗੀ ਦੇ ਨੇੜਿਓਂ ਜੁੜੇ ਹੋਏ ਹਨ।

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਹਰਜੰਗ ਅਤੇ ਫਤਿਹ ਦੀਆਂ ਢਾਣੀਆਂ ਆਪਣਾ-ਆਪਣਾ ਗ਼ਲਬਾ ਕਾਇਮ ਕਰਨ ਦੀ ਲੜਾਈ ਲੜ ਰਹੀਆਂ ਹਨ। ਦੋਵਾਂ ਨੂੰ ਸਿਆਸੀ ਸਰਪ੍ਰਸਤੀ ਮਿਲੀ ਹੋਈ ਹੈ। ਮਾਹੌਲ ਮੁਤਾਬਕ ਸਿਆਸੀ ਸਰਪ੍ਰਸਤੀ ਬਦਲਦੀ ਰਹਿੰਦੀ ਹੈ। ਵਿਦਿਆਰਥੀਆਂ ਨੂੰ ਸਿਆਸਤਦਾਨ ਆਪਣੇ ਲਠੈਤਾਂ ਵਜੋਂ ਵਰਤਦੇ ਹਨ। ਵਿਦਿਆਰਥੀਆਂ ਨੂੰ ਚੋਣਾਂ ਦੌਰਾਨ ਬੂਥਾਂ ਉੱਤੇ ਕਬਜ਼ੇ ਕਰਨ ਤੋਂ ਲੈਕੇ ਕਾਰੋਬਾਰ ਦੇ ਪਸਾਰੇ ਅਤੇ ਸਿਆਸੀ ਰੰਜਿਸ਼ਾਂ ਕੱਢਣ ਲਈ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਯੂਨੀਵਰਸਿਟੀ ਮੁਲਕ ਦੀ ਸਿਆਸਤ ਦਾ ਮੁਕਾਮੀ ਨਕਸ਼ਾ ਬਣ ਗਈ ਹੈ। ਪਛੜੇ ਪਿੰਡ ਦਾ ਸਿਕੰਦਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੜ੍ਹਣ ਆਇਆ ਹੈ। ਫਤਿਹ ਦੇ ਕਤਲ ਤੋਂ ਬਾਅਦ ਉਹ ਬੇਕਿਰਕ ਹਿੰਸਾ ਦਾ ਸਹਾਰਾ ਲੈਂਦਾ ਹੈ। ਸਿਆਸੀ ਸਰਪ੍ਰਸਤੀ ਵਿੱਚ ਉਹ ਗ਼ੈਰ-ਕਾਨੂੰਨੀ ਧੰਦਿਆਂ ਦਾ ਪਸਾਰਾ ਕਰਦੇ ਹਨ। ਉਹ ਕੇਬਲ ਨੈੱਟਵਰਕ, ਰੇਤੇ ਦੀਆਂ ਖ਼ਾਨਾਂ, ਹੋਟਲਾਂ ਅਤੇ ਜਾਇਦਾਦ ਦੇ ਕਾਰੋਬਾਰ ਉੱਤੇ ਕਬਜ਼ੇ ਕਰਦੇ ਹਨ। ਮੁਕਾਬਲੇ ਵਾਲੀ ਢਾਣੀ ਵੀ ਕਿਸੇ ਪੱਖੋਂ ਉਨ੍ਹਾਂ ਤੋਂ ਘੱਟ ਨਹੀਂ ਹੈ। ਉਨ੍ਹਾਂ ਦੀ ਦੁਸ਼ਮਣੀ ਦਾ ਅਖਾੜਾ ਵਿਦਿਆਰਥੀ ਚੋਣਾਂ ਬਣਦੀਆਂ ਹਨ। ਉਹ ਵਿਦਿਆਰਥੀਆਂ ਸਾਹਮਣੇ ਬਹੁਤ ਸਾਰੀਆਂ ਗੱਲਾਂ ਕਰਦੇ ਹਨ ਪਰ ਚੋਣਾਂ ਪੈਸੇ ਅਤੇ ਡਾਂਗ ਦੇ ਜ਼ੋਰ ਨਾਲ ਜਿੱਤਦੇ ਹਨ। ਪੈਸੇ ਅਤੇ ਡਾਂਗ ਦੀ ਵਰਤੋਂ ਭਾਵੇਂ ਯੂਨੀਵਰਸਿਟੀ ਤੋਂ ਬਾਹਰ ਦੀ ਸਿਆਸਤ ਤੋਂ ਮਿਕਦਾਰ ਵਿੱਚ ਘੱਟ ਹੋਵੇ ਪਰ ਇਸ ਨੂੰ ਵਡੇਰੇ ਸਿਆਸੀ ਮੰਚ ਦੀ ਮਸ਼ਕ ਕਿਹਾ ਜਾ ਸਕਦਾ ਹੈ। ਇਸੇ ਦੌਰਾਨ ਸਿਕੰਦਰ ਦੇ ਦਿਲ ਦੇ ਕਿਸੇ ਖੂੰਜੇ ਵਿੱਚ ਬੇਅੰਤ ਨਾਲ ਪੁਰਾਣਾ ਰਿਸ਼ਤਾ ਸਹਿਕਦਾ ਹੈ।

ਯੂਨੀਵਰਸਿਟੀ ਵਿੱਚ ਪੜ੍ਹਦੀ ਬੇਅੰਤ ਸਵੈਮਾਣ ਦੀ ਮੂਰਤ ਹੈ। ਉਹ ਆਪਣੀਆਂ ਸ਼ਰਤਾਂ ਉੱਤੇ ਜ਼ਿੰਦਗੀ ਜਿਉਣਾ ਲੋਚਦੀ ਹੈ। ਹਰ ਕਿਸੇ ਨਾਲ ਬਰਾਬਰ ਦੀਆਂ ਸ਼ਰਤਾਂ ਉੱਤੇ। ਬੇਅੰਤ ਦੀ ਜੀਵਨ-ਸ਼ੈਲੀ ਵਿੱਚ ਉਸ ਦੀ ਸੋਚ ਝਲਕਦੀ ਹੈ ਅਤੇ ਜ਼ਿੰਦਗੀ ਧੜਕਦੀ ਹੈ। ਉਹ ਪਿਆਰ ਵਿੱਚ ਖਾਧੀ ਖਤਾ ਅਤੇ ਕਰੂਰ ਹਿੰਸਾ ਦਾ ਸ਼ਿਕਾਰ ਹੋਣ ਦੇ ਬਾਵਜੂਦ ਆਪਣੇ ਰਾਹ ਉੱਤੇ ਤੁਰਦੀ ਹੈ। ਉਹ ਮੰਨਦੀ ਹੈ ਕਿ ਹਿੰਸਾ ਦੀਆਂ ਜੜ੍ਹਾਂ ਸਮਾਜ, ਸਮਕਾਲੀ ਸਿਆਸਤ ਅਤੇ ਗ਼ੈਰ-ਸੰਵੇਦਨ ਵਿਦਿਅਕ ਅਦਾਰਿਆਂ ਵਿੱਚ ਲੱਗੀਆਂ ਹੋਈਆਂ ਹਨ। ਹਿੰਸਾ ਲਈ ਢੁਕਵੇਂ ਮਾਹੌਲ ਨੂੰ ਉਹ ਬਦਲਣਾ ਚਾਹੁੰਦੀ ਹੈ। ਇਸੇ ਸੰਘਰਸ਼ ਦੀ ਰਾਹ ਉੱਤੇ ਉਸ ਨੂੰ ਸਮਝ ਆਉਂਦਾ ਹੈ ਕਿ ਉਹ ਹਿੰਸਾ ਦਾ ਸ਼ਿਕਾਰ ਹੋਣ ਵਾਲੀ ਇਕੱਲੀ ਨਹੀਂ ਹੈ ਅਤੇ ਨਾ ਹੀ ਉਹ ਇਸ ਦੇ ਖ਼ਿਲਾਫ਼ ਲੜਣ ਦੇ ਮਾਮਲੇ ਵਿੱਚ ਇਕੱਲੀ ਹੈ।

ਬੇਅੰਤ ਅਤੇ ਉਸ ਦੇ ਸਾਥੀ ਦੋਵਾਂ ਧੜਿਆਂ ਨੂੰ ਚੋਣਾਂ ਵਿੱਚ ਟਕਰਦੇ ਹਨ। ਉਹ ਉਨ੍ਹਾਂ ਦੀਆਂ ਥੋਥੀਆਂ ਗੱਲਾਂ ਦਾ ਦਲੀਲ ਨਾਲ ਜੁਆਬ ਦਿੰਦੇ ਹਨ। ਉਹ ਗਿਣਤੀ ਵਿੱਚ ਘੱਟ ਹਨ ਪਰ ਉਨ੍ਹਾਂ ਦੀ ਵੰਨ-ਸਵੰਨਤਾ ਕਮਾਲ ਹੈ। ਉਹ ਸਮਝਦੇ ਹਨ ਕਿ ਸਿਆਸੀ ਗ਼ਲਬੇ ਨੂੰ ਚਣੌਤੀ ਦੇਣਾ ਮੌਜੂਦਾ ਦੌਰ ਦੇ ਇਤਿਹਾਸਕ ਸੁਆਲ ਨੂੰ ਸੰਬੋਧਤ ਹੋਣਾ ਹੈ। ਉਹ ਜਾਣਦੇ ਹਨ ਕਿ ਇਸ ਸੁਆਲ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ ਪਰ ਇਸਨੂੰ ਨੈਤਿਕ ਜ਼ਿੰਮੇਵਾਰੀ ਵਜੋਂ ਕਬੂਲ ਕਰਦੇ ਹਨ। ਇਸ ਇਤਿਹਾਸਕ ਸੁਆਲ ਦੇ ਜੁਆਬ ਵਿੱਚ ਉਹ ਵਿਦਿਅਕ ਅਦਾਰਿਆਂ ਦੇ ਖ਼ਾਸੇ ਅਤੇ ਨੌਜਵਾਨਾਂ ਦੀ ਸਿਆਸਤ ਵਿੱਚ ਭੂਮਿਕਾ ਉੱਤੇ ਸੁਆਲ ਕਰਦੇ ਹਨ। ਉਹ ਸਮਾਜ ਨੂੰ ਮਾਨਵਤਾ ਅਤੇ ਨਿੱਘ ਨਾਲ ਨਿਵਾਜਣ ਵਾਲੇ ਇਤਿਹਾਸ ਤੋਂ ਸੇਧ ਲੈਂਦੇ ਹਨ। ਫ਼ਿਲਮ ਸੰਗਤ ਨੂੰ ਬਹੁਤ ਸਾਰੇ ਅਣਸੁਲਝੇ ਸੁਆਲਾਂ ਦੇ ਸਨਮੁੱਖ ਕਰਦੀ ਹੈ। ਇਹ ਫ਼ਿਲਮ ਪੰਜਾਬ ਦਾ ਬਾਰੀਕ ਵੇਰਵਾ ਫੜਦੀ ਹੋਈ ਅਜਿਹੇ ਮਸਲਿਆਂ ਨੂੰ ਮੁਖਾਤਬ ਹੁੰਦੀ ਹੈ ਜੋ ਪੰਜਾਬੀ ਖਿੱਤੇ ਤੱਕ ਮਹਿਦੂਦ ਨਹੀਂ ਹਨ। ਇਸ ਤਰ੍ਹਾਂ ਇਹ ਫ਼ਿਲਮ ਪੰਜਾਬ ਅਤੇ ਪੰਜਾਬੀ ਰਾਹੀਂ ਆਲਮੀ ਸੰਗਤ ਨਾਲ ਸਾਂਝ ਪਾਉਣ ਦਾ ਉਪਰਾਲਾ ਕਰਦੀ ਹੈ। 

No comments:

Post a Comment