ਰਾਜੀਵ ਸ਼ਰਮਾ ਟੈਲੀਵਿਜ਼ਨ ਸਨਅਤ ਦੇ ਸਭ ਤੋਂ ਤਜਰਬੇਕਾਰ ਪੰਜਾਬੀਆਂ ਵਿੱਚੋਂ ਹੈ। ਉਸ ਨੇ ਹਿੰਦੀ ਅਤੇ ਪੰਜਾਬੀ ਦੇ ਵੱਡੇ ਚੈਨਲਾਂ ਵਿੱਚ ਸਿਰਜਣਾਤਮਕ, ਤਕਨੀਕੀ ਤੇ ਪ੍ਰਬੰਧਕੀ ਪੱਖਾਂ ਤੋਂ ਮੁਖੀ ਤੱਕ ਦੀਆਂ ਜ਼ਿੰਮੇਵਾਰੀਆਂ ਨਿਭਾ
ਈਆਂ ਹਨ। ਜਗਰਾਓ, ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਪੜ੍ਹਣ ਤੋਂ ਬਾਅਦ ਉਸ ਨੇ ਮੁੰਬਈ ਵਿੱਚ ਪੇਸ਼ਾਵਰ ਜੀਵਨ ਸ਼ੁਰੂ ਕੀਤਾ। ਤਕਰੀਬਨ ਡੇਢ ਦਹਾਕੇ ਦੌਰਾਨ ਉਸ ਅੰਦਰ ਪੰਜਾਬ ਦਾ ਕਸਬਾਨੁਮਾ ਪਿੰਡ ਅਤੇ ਮਹਾਨਗਰ ਗਹਿਗੱਚ ਸੰਵਾਦ ਵਿੱਚ ਰੁਝੇ ਹੋਏ ਹਨ। ਮਹਾਨਗਰ ਦੀਆਂ ਪੇਸ਼ਾਵਰ ਬੁਲੰਦੀਆਂ ਰਾਜੀਵ ਅੰਦਰਲੇ ਠੇਠ ਪੰਜਾਬੀ ਵਿੱਚ ਕੋਈ ਰਲਾ ਨਹੀਂ ਕਰ ਸਕੀਆਂ। ਇਸ ਦੌਰਾਨ ਉਸ ਦੇ ਕੰਨ ਵਿੱਚ ਨੱਤੀ ਪੈ ਗਈ ਹੈ ਅਤੇ ਮੋਢੇ ਉੱਤੇ ਭਗਤ ਸਿੰਘ ਖੁਣਿਆ ਗਿਆ ਹੈ।
ਲੋਕ ਕਲਾਮੰਚ ਮੰਡੀ ਮੁੱਲਾਂਪੁਰ ਦੇ ਬਾਨੀਆਂ ਵਿੱਚ ਸ਼ੁਮਾਰ ਰਾਜੀਵ ਨੇ ਗੁਰਸ਼ਰਨ ਸਿੰਘ ਨਾਲ ਅਤਿਵਾਦ ਦੇ ਦੌਰ ਵਿੱਚ ਨਾਟਕ ਕੀਤੇ। ਵਿਗਿਆਨ ਦੀ ਪੜ੍ਹਾਈ ਛੱਡ ਕੇ ਗਿਆਨੀ (ਗਿਆਰਵੀਂ ਤੋਂ ਬਾਅਦ ਪੰਜਾਬੀ ਸਾਹਿਤ ਦੀ ਇੱਕ ਸਾਲਾ ਪੜ੍ਹਾਈ) ਰਾਹੀਂ ਬੀ.ਏ. ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇੰਡੀਅਨ ਥੀਏਟਰ ਦੀ ਪੜ੍ਹਾਈ ਕਰ ਕੇ ਉਸ ਨੇ ਕੁਝ ਸਮਾਂ ਪੰਜਾਬ ਵਿੱਚ ਫ਼ਿਲਮਾਂ ਬਣਾਈਆਂ ਅਤੇ ਮੁੰਬਈ ਚਲਿਆ ਗਿਆ। ਦੂਰਦਰਸ਼ਨ ਦੇ ਦਸਤਾਵੇਜ਼ੀ ਸਭਿਆਚਾਰਕ ਲੜੀਵਾਰ 'ਸੁਰਭੀ' ਦਾ ਟੀਮ ਨਿਰਦੇਸ਼ਕ ਰਹਿਣ ਤੋਂ ਬਾਅਦ ਉਹ ਸਹਾਰਾ ਟੈਲੀਵਿਜ਼ਨ ਵਿੱਚ ਚਲਿਆ ਗਿਆ। ਇਸ ਤੋਂ ਬਾਅਦ ਉਸ ਨੇ ਜ਼ੀ, ਚੈਨਲ ਪੰਜਾਬ ਅਤੇ ੯-ਐਕਸ ਵਿੱਚ ਪ੍ਰੋਗਰਾਮਿੰਗ ਮੁਖੀ ਵਜੋਂ ਕੰਮ ਕੀਤਾ। ਉਸ ਨੂੰ ਆਜ਼ਾਦ ਫ਼ਿਲਮਸਾਜ਼ ਵਜੋਂ ਪਲੇਠੀ ਪੰਜਾਬੀ ਦਸਤਾਵੇਜ਼ੀ ਫ਼ਿਲਮ ਬਣਾਉਣ ਦਾ ਮਾਣ ਹਾਸਿਲ ਹੈ। ਇਨਕਲਾਬੀ ਕਵੀ ਪਾਸ਼ ਦੀ ਕਵਿਤਾ ਅਤੇ ਜ਼ਿੰਦਗੀ ਬਾਬਤ 'ਆਪਣਾ ਪਾਸ਼' ਬਣਾਉਣ ਤੋਂ ਪਹਿਲਾਂ ਆਪਣੇ ਮੁਲਾਂਪੁਰ ਦੇ
ਸਾਥੀਆਂ ਨਾਲ ਮਿਲ ਕੇ ਜਗਰੂਪ ਸਿੰਘ ਰੂਪ ਦੀ ਕਹਾਣੀ ਉੱਤੇ 'ਪੰਜ ਕਲਿਆਣੀ' ਬਣਾਈ। ਰਾਜੀਵ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਉਹ ਆਪਣੇ ਪੁਰਾਣੇ ਸਾਥੀਆਂ ਨਾਲ ਮਿਲ ਕੇ ਫ਼ਿਲਮ ਬਣਾਉਂਦਾ ਹੈ। ਪੰਜ ਸਾਲ ਪਹਿਲਾਂ ਉਸ ਨੇ ਸਰਵਮੀਤ ਦੀ ਕਹਾਣੀ 'ਕਲਾਣ' ਉੱਤੇ ਫ਼ਿਲਮ ਬਣਾਈ। ਹੁਣ ਰਾਜੀਵ ਨੇ ਗੁਰਮੀਤ ਕੜਿਆਲਵੀ ਦੀ ਕਹਾਣੀ ਆਤੂ ਖੋਜੀ ਦੇ ਮੁੱਖ ਕਿਰਦਾਰ ਨੂੰ ਧੁਰਾ ਬਣਾ ਕੇ ਇਸੇ ਨਾਮ ਦੀ ਫ਼ਿਲਮ ਬਣਾਈ ਹੈ।
ਰਾਜੀਵ ਸ਼ਰਮਾ ਦੇ ਟੈਲੀਵਿਜ਼ਨ ਸਨਅਤ ਵਿਚਲੇ ਕੰਮ, ਫ਼ਿਲਮਾਂ ਬਣਾਉਣ ਦੀ ਸਮੁੱਚੀ ਸਰਗਰਮੀ ਅਤੇ ਪੜ੍ਹਾਈ-ਲਖਾਈ ਤੋਂ ਸਮਾਜਿਕ ਸਰੋਕਾਰਾਂ ਨਾਲ ਮੇਰਾ ਨੇੜਲਾ ਵਾਅ ਰਿਹਾ ਹੈ। ਇਸ ਦੌਰਾਨ ਮੈਂ ਉਸ ਦਾ ਪਹਿਲਾਂ ਸਰੋਤਾ, ਪਾਠਕ, ਦਰਸ਼ਕ, ਆਲੋਚਕ ਅਤੇ ਵਕੀਲ ਰਿਹਾ ਹਾਂ। ਆਤੂ ਖੋਜੀ ਅਤੇ ਫ਼ਿਲਮਾਂ ਬਾਬਤ ਰਾਜੀਵ ਦੀ ਸਮਝ ਨੂੰ ਲਿਖਤੀ ਮੁਲਾਕਾਤ ਰਾਹੀਂ ਪਾਠਕਾਂ ਨਾਲ ਸਾਂਝਾ ਕਰ ਰਿਹਾ ਹਾਂ। ਦੋ ਦਹਾਕਿਆਂ ਦੇ ਰਿਸ਼ਤੇ ਵਿੱਚੋਂ ਮੈਨੂੰ ਸਮਝ ਆਈ ਹੈ ਕਿ ਮੈਂ ਰਾਜੀਵ ਦੇ ਕੰਮ ਵਿੱਚ ਨੇੜਿਓਂ ਦਿਲਚਸਪੀ ਰੱਖਣ ਵਾਲੀ ਧਿਰ ਹਾਂ ਸੋ ਮੈਥੋਂ ਨਿਰਪੱਖਤਾ ਦੀ ਆਸ ਨਹੀਂ ਕੀਤੀ ਜਾ ਸਕਦੀ। ਰਾਜੀਵ ਬਹੁਤ ਸੁਹਿਰਦ ਸਰੋਤਾ ਅਤੇ ਸਿੱਧਾ ਬੰਦਾ ਹੈ ਸੋ ਉਸ ਨਾਲ ਬੇਬਾਕ ਹੋਣਾ ਕਿਸੇ ਖ਼ਦਸ਼ੇ ਨੂੰ ਸੱਦਾ ਨਹੀਂ ਦਿੰਦਾ ਸਗੋਂ ਸੰਵਾਦ ਲਈ ਜ਼ਰਖ਼ੇਜ਼ ਜ਼ਮੀਨ ਤਿਆਰ ਕਰਦਾ ਹੈ।
ਸੁਆਲ: ਰਾਜੀਵ ਪੰਦਰਾਂ ਸਾਲ ਟੈਲੀਵਿਜ਼ਨ ਸਨਅਤ ਦੇ ਸਭ ਤੋਂ ਮਹਿੰਗੇ ਤੇ ਕਾਮਯਾਬ ਲੜੀਵਾਰ ਬਣਾਉਣ ਤੋਂ ਬਾਅਦ ਆਤੂ ਖੋਜੀ ਬਣਾਉਣ ਦਾ ਕਾਰਨ ਕੀ ਹੈ?ਜੁਆਬ: ਫ਼ਿਲਮ
ਦਾ ਮਹਿੰਗਾ ਜਾਂ ਸਸਤਾ ਹੋਣਾ ਕੋਈ ਮਾਅਨੇ ਨਹੀਂ ਰੱਖਦਾ। ਮਸਲਾ ਇਹ ਹੈ ਕਿ ਮੈਂ ਕਿਹੜੀ ਫ਼ਿਲਮ ਕਿਉਂ ਬਣਾਉਣੀ ਚਾਹੁੰਦਾ ਹਾਂ? ਤੈਨੂੰ ਲੱਗਦਾ ਹੈ ਕਿ ਹੁਣ ਮੈਨੂੰ ਫ਼ੀਚਰ ਫ਼ਿਲਮ ਬਣਾਉਣੀ ਚਾਹੀਦੀ ਹੈ ਪਰ ਮੈਂ ਵਿਸ਼ੇ ਦੀ ਚੋਣ ਵੇਲੇ ਤਕਨੀਕੀ ਪੱਖ ਦੀ ਪਰਵਾਹ ਨਹੀਂ ਕਰਦਾ। ਮੇਰੇ ਅੰਦਰ ਛੋਟੇ ਸ਼ਹਿਰ ਜਾਂ ਪਿੰਡ ਤੋਂ ਕਸਬਾ ਬਣ ਰਹੇ ਪੰਜਾਬ ਅਤੇ ਮਹਾਨਗਰ ਦਾ ਤਜਰਬਾ ਹੈ। ਮੌਜੂਦਾ ਦੌਰ ਵਿੱਚ ਇਹ ਦੋਵੇਂ ਤਜਰਬੇ ਆਪਸ ਵਿੱਚ ਕਿਸੇ ਮੰਚ ਉੱਤੇ ਨਹੀਂ ਮਿਲਦੇ। ਇਸੇ ਤਰ੍ਹਾਂ ਪੁਰਾਣੀ ਅਤੇ ਨਵੀਂ ਪੀੜ੍ਹੀ ਵਿੱਚ ਟੁੱਟੀ ਸੰਵਾਦ ਦੀ ਤੰਦ ਦਾ ਮਸਲਾ ਹੈ। ਮੇਰੇ ਅੰਦਰ ਪਈਆਂ ਸਮਾਜਿਕ ਕਦਰਾਂ-ਕੀਮਤਾਂ ਮੈਨੂੰ ਇਹ ਸੁਆਲ ਪੁੱਛਦੀਆਂ ਹਨ ਕਿ ਕੀ ਹੁਣ ਇਨ੍ਹਾਂ ਦੀ ਥਾਂ ਯਾਦਾਂ ਜਾਂ ਕਿਤਾਬਾਂ ਵਿੱਚ ਹੀ ਹੈ? ਮੈਂ ਪਿੰਡ ਤੇ ਸ਼ਹਿਰ, ਬਜ਼ੁਰਗ ਤੇ ਨੌਜਵਾਨ ਪੀੜ੍ਹੀ, ਬਦਲਦੀਆਂ ਕਦਰਾਂ ਕੀਮਤਾਂ ਦੇ ਦੌਰ ਵਿੱਚ ਸਮਾਜਿਕ ਜ਼ਿੰਮੇਵਾਰੀ ਅਤੇ ਬੇਗਰਜ਼ ਰਿਸ਼ਤਿਆਂ ਦੀ ਬਾਤ ਪਾਉਣੀ ਚਾਹੁੰਦਾ ਸੀ। ਗੁਰਮੀਤ ਕੜਿਆਲਵੀ ਦਾ ਕਿਰਦਾਰ ਆਤੂ ਖੋਜੀ ਮੇਰੇ ਦਿਲ ਨੂੰ ਟੁੰਭਦਾ ਸੀ। ਇਸ ਕਿਰਦਾਰ ਦਾ ਸ਼ਹਿਰ ਦੀ ਕੁੜੀ ਨਾਲ ਸੰਵਾਦ ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ।
ਸੁਆਲ: ਪੇਸ਼ਾਵਰ ਜੀਵਨ ਵਿੱਚ ਤਕਨੀਕੀ ਪੱਖਾਂ ਦੀ ਨਿਗਰਾਨੀ ਅਤੇ ਤਕਨੀਕੀ ਮਿਆਰ ਨੂੰ ਯਕੀਨੀ ਬਣਾਉਣਾ ਤੁਹਾਡੀ ਮਹਾਰਤ ਹੈ। ਆਪਣੀ ਫ਼ਿਲਮ ਬਣਾਉਣ ਵੇਲੇ ਵਿਸ਼ਾ ਪ੍ਰਧਾਨ ਕਿਵੇਂ ਹੋ ਜਾਂਦਾ ਹੈ?ਜੁਆਬ: ਮੇਰਾ ਪੇਸ਼ਾਵਰ ਕੰਮ ਤਕਨੀਕੀ ਮਿਆਰਾਂ ਨਾਲ ਨਾਪਿਆ ਜਾਂਦਾ ਹੈ। ਜਿਸ ਨੇ ਮੇਰਾ ਕੰਮ ਤਕਨੀਕੀ ਪੱਖ ਤੋਂ ਦੇਖਣਾ ਹੈ ਉਹ ਟੈਲੀਵਿਜ਼ਨ ਵਾਲਾ ਕੰਮ ਦੇਖੇ। ਮੈਂ ਰੋਸ਼ਨੀ, ਰੰਗ ਅਤੇ ਸੰਪਾਦਨ ਦੀ ਤਕਨੀਕੀ ਸਮਝ ਦਾ ਇਮਤਿਹਾਨ ਉੱਥੇ ਦੇ ਆਇਆ ਹਾਂ। ਇਹ ਮਸਲਾ ਹੋਰ ਹੈ। ਆਤੂ ਖੋਜੀ ਬਣਾਉਣ ਵੇਲੇ ਮੈਂ ਫ਼ਿਲਮ ਦੀ ਵਿਆ
ਕਰਨ ਦੀ ਪਰਵਾਹ ਨਹੀਂ ਕਰਦਾ। ਰੋਸ਼ਨੀਆਂ ਅਤੇ ਸਰਗਰਮੀ ਦੀ ਲਗਾਤਾਰਤਾ ਮੇਰੇ ਲਈ ਮਾਅਨੇ ਨਹੀਂ ਰੱਖਦੀ ਕਿਉਂਕਿ ਇਹ ਫ਼ਿਲਮ ਵਿਸ਼ੇ ਉੱਤੇ ਟਿਕੀ ਹੋਈ ਹੈ।
ਸੁਆਲ: ਇਸ ਵੇਲੇ ਫ਼ਿਲਮ ਸਨਅਤ ਵਿੱਚ ਲਗਾਤਾਰ ਚਰਚਾ ਹੋ ਰਹੀ ਹੈ ਕਿ ਰੂਪਕੀ ਪੱਖ ਬਹੁਤ ਅਹਿਮ ਹੁੰਦਾ ਹੈ?ਜੁਆਬ: ਪਹਿਲਾਂ ਮੈਂ ਇਹ ਸਪਸ਼ਟ ਕਰ ਦਿਆਂ ਕਿ ਤੇਰੇ ਸੁਆਲ ਤੋਂ ਲੱਗਦਾ ਹੈ ਜਿਵੇਂ ਮੈਂ ਰੂਪਕੀ ਪੱਖ ਨੂੰ ਤਵੱਜੋ ਨਹੀਂ ਦਿੰਦਾ। ਅਜਿਹਾ ਨਹੀਂ ਹੈ। ਮੈਂ ਆਤੂ ਖੋਜੀ ਦੇ ਇਨ੍ਹਾਂ ਪੱਖਾਂ ਬਾਬਤ ਲੰਮੀ ਗੱਲ ਕਰ
ਸਕਦਾ ਹਾਂ। ਇਸੇ ਤਰ੍ਹਾਂ ਦਾਰਸ਼ਨਿਕ ਪੱਖ ਨੂੰ ਵੇਖਿਆ ਜਾ ਸਕਦਾ ਹੈ। ਇਸ ਮਸਲੇ ਉੱਤੇ ਮੇਰੀ ਸਮਝ ਬਹੁਤ ਸਪਸ਼ਟ ਹੈ। ਜਦੋਂ ਮੈਂ ਆਪਣੀ ਮਰਜ਼ੀ ਦੀ ਫ਼ਿਲਮ ਬਣਾਉਂਦਾ ਹਾਂ ਤਾਂ ਰੂਪ ਦਾ ਕੰਮ ਵਿਸ਼ੇ ਦੀ ਸੇਵਾਦਾਰੀ ਰਹਿੰਦਾ ਹੈ। ਫ਼ਿਲਮ ਦਾ ਕਾਮਯਾਬੀ ਇਸ ਨੁਕਤੇ ਨਾਲ ਨਾਪੀ ਜਾਵੇਗੀ ਕਿ ਇਹ ਦਰਸ਼ਕਾਂ ਨਾਲ ਕਿਸ ਤਰ੍ਹਾਂ ਦਾ ਸੰਵਾਦ ਕਰਦੀ
ਹੈ। ਤੂੰ ਦਰਸ਼ਕ ਨੂੰ ਸੰਗਤ ਕਹਿੰਦਾ ਏ, ਸੰਗਤ ਨਾਲ ਸੰਵਾਦ ਦੀ ਸੰਜੀਦਗੀ ਨੂੰ ਅਹਿਮੀਅਤ ਮਿਲਣੀ ਹੀ ਚਾਹੀਦੀ ਹੈ।
ਸੁਆਲ: ਫ਼ਿਲਮਸਾਜ਼ ਸੰਗਤ ਅਤੇ ਵਿਸ਼ੇ ਬਾਬਤ ਇਸ ਤਰ੍ਹਾਂ ਗੱਲ ਨਹੀਂ ਕਰਦੇ। ਕੋਈ ਖਾਸ ਕਾਰਨ?ਜੁਆਬ: ਇਹ ਸੁਆਲ ਤੈਨੂੰ ਵੀ ਪੁੱਛਿਆ ਜਾ ਸਕਦਾ ਹੈ।
ਸੁਆਲ: ਜਦੋਂ ਤੁਸੀਂ ਮੇਰੀ ਮੁਲਾਕਾਤ ਲਿਖੋਗੇ ਤਾਂ ਪੁੱਛਣਾ। ਹੁਣ ਜੁਆਬ ਦਿਓ?ਜੁਆਬ: ਮੈਂ ਸਾਰੇ ਫ਼ਿਲਮਸਾਜ਼ਾਂ ਲਈ ਜੁਆਬਦੇਹ ਨਹੀਂ ਹਾਂ।
ਸੁਆਲ: ਤੁਸੀਂ ਫ਼ਿਲਮਸਾਜ਼ ਵਜੋਂ ਇਸ ਸੁਆਲ ਤੋਂ ਮੁਨਕਰ ਵੀ ਨਹੀਂ ਹੋ ਸਕਦੇ?ਜੁਆਬ: ਮੈਂ ਬਾਕੀਆਂ ਦੀ ਸਮਝ ਬਾਬਤ ਜੁਆਬਦੇਹ ਕਿਵੇਂ ਹੋਇਆ?
ਸੁਆਲ: ਫ਼ਿਲਮਸਾਜ਼ ਹੋਣ ਦੇ ਨਾਤੇ। ਇਸ ਤਬਕੇ ਬਾਬਤ ਸਾਡੀ ਸਮਾਜਿਕ ਸਮਝ ਬਣੀ ਹੋਈ ਹੈ। ਨਾਮੀ ਫ਼ਿਲਮਸਾਜ਼ ਕਹਿੰਦੇ ਹਨ ਕਿ ਪੰਜਾਬੀਆਂ ਦਾ ਪੱਧਰ ਸੰਜੀਦਾ ਫ਼ਿਲਮ ਲਾਇਕ ਨਹੀਂ ਹੈ। ਇਸੇ ਕਾਰਨ ਉਹ ਵਿਸ਼ਾ ਮੁਖੀ ਫ਼ਿਲਮਾਂ ਨਹੀਂ ਬਣਾਉਂਦੇ। ਤੁਹਾਨੂੰ ਜੁਆਬ ਦੇਣਾ ਚਾਹੀਦਾ ਹੈ ਤਾਂ ਜੋ ਪਤਾ ਲੱਗੇ ਕਿ ਫ਼ਿਲਮਸਾਜ਼ਾਂ ਵਿੱਚ ਵੰਨ-ਸਵੰਨਤਾ ਹੈ।ਜੁਆਬ: ਮੈਂ ਦਰਸ਼ਕ ਦੇ ਮਿਆਰ ਮੁਤਾਬਕ ਨਹੀਂ ਸਗੋਂ ਆਪਣੀ ਸਮਝ ਨਾਲ ਫ਼ਿਲਮ ਨਾਲ ਬਣਾਉਂਦਾ ਹਾਂ। ਇਹ ਦਲੀਲ ਮੈਨੂੰ ਅਜੀਬ ਲੱਗਦੀ ਹੈ। ਬਿਨਾਂ ਕਿਸੇ ਇਮਤਿਹਾਨ ਵਿੱਚ ਬੈਠੇ ਫ਼ਿਲਮਸਾਜ਼ ਆਪਣੀ ਲਿਆਕਤ ਅਤੇ ਦਰਸ਼ਕ ਦੀ ਜ਼ਹਾਲਤ ਦਾ ਐਲਾਨ ਕਰਦੇ ਹਨ। ਬਾਕੀ ਬੰਦਿਆਂ ਵਾਂਗ ਫ਼ਿਲਮਸਾਜ਼ ਵੀ ਸਮਾਜਿਕ ਜੀਅ ਹਨ। ਸਾਰੀਆਂ
ਕਮੀਆਂ-ਪੇਸ਼ੀਆਂ ਅਤੇ ਗੁਣ-ਅਗੁਣ ਸਮੇਤ। ਆਪਣੇ-ਆਪ ਨੂੰ ਵਢਿਆਉਣ ਦੀ ਰੀਤ ਜਿਹੀ ਤੁਰ ਪਈ ਕਿ ਕਲਾਕਾਰ ਬਹੁਤ ਸੰਵਾਦਨਸ਼ੀਲ ਹੁੰਦੇ ਹਨ। ਇਸ ਧਾਰਨਾ ਕੋਈ ਇਲਾਹੀ ਫਰਮਾਨ ਨਹੀਂ ਹੈ। ਨਫ਼ਰਤ ਉਕਸਾਉਣ ਵਾਲੀਆਂ ਕਲਾ-ਕਿਰਤਾਂ ਦੀ ਦੁਨੀਆਂ ਵਿੱਚ ਕਮੀ ਨਹੀਂ ਹੈ ਜਿਨ੍ਹਾਂ ਵਿੱਚ ਫ਼ਿਲਮਾਂ ਵੀ ਸ਼ੁਮਾਰ ਹਨ। ਪੰਜਾਬੀ ਫ਼ਿਲਮਾਂ ਦੇ ਇਤਿਹਾਸ ਵਿੱਚ ਤਰਜੀਹ ਵਿਸ਼ੇ ਦੀ ਥਾਂ ਵਪਾਰ ਨੂੰ ਰਹੀ ਹੈ। ਹੁਣ ਪੱਤਰਕਾਰ ਮੁਨਾਫ਼ੇ ਲਈ ਫ਼ਿਲਮ ਬਣਾਉਣ ਵਾਲੇ ਫ਼ਿਲਮਸਾਜ਼ ਕੋਲੋਂ ਸਮਾਜਿਕ ਸਰੋਕਾਰਾਂ ਬਾਬਤ ਸੁਆਲ ਪੁੱਛਦੇ ਹਨ ਤਾਂ ਸਾਹਮਣੇ ਵਾਲੇ ਨੇ ਜੁਆਬ ਦੇਣੇ ਹਨ। ਚੰਗੀਆਂ ਫ਼ਿਲਮਾਂ ਨਾ ਬਣਨ
ਦਾ ਠੀਕਰਾ ਦਰਸ਼ਕ ਸਿਰ ਭੰਨ੍ਹ ਦਿਓ। ਸੁਖਾਲਾ ਕੰਮ ਹੈ। ਇਹ ਫ਼ਿਲਮਸਾਜ਼ ਦਾ ਮਸਲਾ ਹੈ ਕਿ ਉਹ ਦਰਸ਼ਕ ਨੂੰ ਮਹਿਜ਼ ਖਪਤਕਾਰ ਮੰਨਦਾ ਹੈ ਜਾਂ ਕੁਝ ਹੋਰ। ਮੈਨੂੰ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਸਾਡੀ ਸਮਝ ਸਪਸ਼ਟ ਹੈ। ਸੰਗਤ ਸੂਝਵਾਨ ਹੁੰਦੀ ਹੈ। ਫ਼ੈਸਲਾ ਉਨ੍ਹਾਂ ਉੱਤੇ ਛੱਡ ਦਿੰਦੇ ਹਾਂ।
ਸੁਆਲ: ਲੱਚਰ ਅਤੇ ਸਾਫ਼-ਸੁਥਰੀ ਫ਼ਿਲਮ ਵਿੱਚ ਤੁਸੀਂ ਨਿਖੇੜਾ ਕਿਵੇਂ ਕਰਦੇ ਹੋ?ਜੁਆਬ: ਲੱਚਰ ਅਤੇ ਸਾਫ਼-ਸੁਥਰੀਆਂ ਫ਼ਿਲਮਾਂ ਦੀ ਪਾਲਾਬੰਦੀ ਸੁਖਾਲੀ ਨਹੀਂ ਹੈ। ਕੁਝ ਲੋਕ ਨਗੇਜ਼ ਨੂੰ ਅਸ਼ਲੀਲਤਾ ਅਤੇ ਕੱਪੜਿਆਂ ਨੂੰ ਸੱਭਿਆਚਾਰ ਕਰਾਰ ਦਿੰਦੇ ਹਨ। ਸਾਫ਼-ਸੁਥਰੇ ਕੱਪੜੇ ਪਾ ਕੇ ਲਹਿਰਾਉਂਦੀ ਫ਼ਸਲਾਂ ਵਿੱਚ ਬੱਕਰੇ ਬੁਲਾਉਂਦੇ, ਜਾਤੀ ਹaੂਮੈਂ ਦਾ ਦਿਖਾਵਾ ਕਰਦੇ ਅਤੇ ਮੌਜੂਦਾ ਪੰਜਾਬ ਦੇ ਬਹੁਪਸਾਰੀ ਸੰਕਟ ਨੂੰ ਨਜ਼ਰਅੰਦਾਜ਼ ਕਰਨ ਵਾਲੇ ਮੈਨੂੰ ਲੱਚਰ ਲੱਗਦੇ ਹਨ। ਪੰਜਾਬ ਨੂੰ ਗੀਤਾਂ, ਭੰਗੜੇ, ਗਿੱਧੇ, ਕੱਪੜਿਆਂ, ਸਾਗ ਤੇ ਮੱਕੀ ਦੀ ਰੋਟੀ, ਦੋਨਾਲੀਆਂ, ਮਹਿੰਗੀਆਂ ਕਾਰਾਂ ਅਤੇ ਦੇਸੀ ਦਾਰੂ ਤੱਕ ਮਹਿਦੂਦ ਕਰ ਦੇਣਾ ਲੱੱਚਰਤਾ ਹੈ। ਉਦਰੇਵੇਂ ਦੇ ਮਾਰੇ ਪਰਵਾਸੀ ਪੰਜਾਬੀ ਇਸੇ ਨੂੰ ਪੰਜਾਬ
ਅਤੇ ਪੰਜਾਬੀ ਦੀ ਸੇਵਾ ਕਬੂਲ ਕਰ ਲੈਂਦੇ ਹਨ। ਬਾਕੀ ਦੁਨੀਆ ਵਾਂਗ ਪੰਜਾਬੀ ਉਦਾਸ ਹੁੰਦੇ ਹਨ, ਉਹ ਪੜ੍ਹਦੇ-ਲਿਖਦੇ ਅਤੇ ਸੋਚਦੇ ਹਨ। ਪੰਜਾਬੀ ਮੌਜੂਦਾ ਆਲਮ ਦੇ ਆਲਮੀ ਵਾਸ਼ਿੰਦੇ ਹਨ। ਜਦੋਂ ਫ਼ਿਲਮਾਂ ਵਿੱਚ ਪੰਜਾਬ ਦੀ ਕਿਸੇ ਦੁਖਦੀ ਰਗ ਉੱਤੇ ਹੱਥ ਧਰ ਕੇ ਪਰਵਾਸੀਆਂ ਦੀ ਮਿਹਰਬਾਨੀ ਜਾਂ ਨਾਇਕ ਦੀ ਕ੍ਰਿਪਾ ਨਾਲ ਸਮੱਸਿਆ ਸੁਲਝਾ ਦਿੱ
ਤੀ ਜਾਂਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ ਪੰਜਾਬੀ ਸਮਾਜ ਨੂੰ ਛੁਟਿਆਉਣ ਵਾਲੀ ਗੱਲ ਹੈ। ਜੇ ਪੰਜਾਬ ਵਿੱਚ ਵਿਗਾੜ ਅਤੇ ਨਿਘਾਰ ਦੇ ਮਸਲੇ ਹਨ ਤਾਂ ਇਨ੍ਹਾਂ ਦਾ ਕਾਰਨ ਮਹਿਜ਼ ਪੰਜਾਬੀਆਂ ਦੀ ਨਾਲਾਇਕੀ ਨਹੀਂ ਹੈ।
ਸੁਆਲ: ਫ਼ਿਲਮ ਮਹਿੰਗਾ ਕੰਮ ਹੈ। ਤੁਸੀਂ ਕਈ ਸਾਲ ਵੱਡੀਆਂ ਨੌਕਰੀਆਂ ਕਰਕੇ ਇੱਕ ਫ਼ਿਲਮ ਬਣਾ ਕੇ ਇਹ ਦਲੀਲ ਪੇਸ਼ ਕਰਦੇ ਓ। ਇਸ ਤਰ੍ਹਾਂ ਲਗਾਤਾਰ ਕੰਮ ਨਹੀਂ ਕੀਤਾ ਜਾ ਸਕਦਾ?ਜੁਆਬ: ਇਹ ਸਹੀ ਹੈ। ਲਗਾਤਾਰ ਕੰਮ ਨਾ ਕਰ ਸਕਣ ਕਾਰਨ ਹੀ ਮੈਂ ਮੁੜ-ਮੁੜ ਨੌਕਰੀ ਕਰਦਾ ਹਾਂ। ਫ਼ਿਲਮ ਦਾ ਅਰਥਚਾਰਾ ਬਹੁਤ ਜ਼ਾਲਮ ਹੈ। ਇਸ ਦਾ ਮਤਲਬ ਇਹ ਨਹੀਂ ਕਿ ਫ਼ਿਲਮਾਂ ਦੀ ਪੜਚੋਲ ਨਹੀਂ ਹੋਣੀ ਚਾਹੀਦੀ ਅਤੇ ਜੋ ਮਿਲੇ ਉਸ ਨੂੰ ਸਿਰ-ਮੱਥੇ ਕਬੂਲ ਕਰ ਲੈਣਾ ਚਾਹੀਦਾ ਹੈ। ਪੜਚੋਲ ਦਾ ਕੰਮ ਚੰਗੀ ਫ਼ਿਲਮ ਦੀ ਮੰਗ ਕਰਨਾ ਹੈ। ਬਾਕੀ ਮਸਲੇ ਆਪਣੀ ਥਾਂ ਅਹਿਮ ਹੋ ਸਕਦੇ ਹਨ। ਮੈਨੂੰ ਲੱਗਦਾ ਹੈ ਕਿ ਦੇਰ ਬਾਅਦ ਹੀ ਸਹੀ ਪਰ ਮੈਂ ਫ਼ਿਲਮ ਬਣਾਉਂਦਾ ਹਾਂ। ਤੂੰ
ਪਿਛਲੇ ਪੰਜ ਸਾਲਾਂ ਤੋਂ ਫ਼ਿਲਮ ਨਹੀਂ ਬਣਾਈ।
ਸੁਆਲ: ਮਸਲਾ ਇਹ ਹੈ ਕਿ ਫ਼ਿਲਮ ਬਣਾਉਣ ਅਤੇ ਜਿਉਂਦੇ ਰਹਿਣ ਲਈ ਪੈਸੇ ਤਾਂ ਹੋਣੇ ਚਾਹੀਦੇ ਹਨ।ਜੁਆਬ: ਠੀਕ ਹੈ। ਇਹ ਮਸਲਾ ਸੰਜੀਦਗੀ ਨਾਲ ਵਿਚਾਰਨ ਵਾਲਾ ਹੈ। ਫ਼ਿਲਮ ਦਾ ਅਰਥਚਾਰਾ ਸਿਨਮਾ, ਕੰਪਨੀਆਂ ਅਤੇ ਫ਼ਿਲਮ ਮੇਲਿਆਂ ਦੁਆਲੇ ਘੁੰਮਦਾ ਹੈ। ਇਨ੍ਹਾਂ ਦਾ ਕੋਈ ਬਦਲ ਲੱਭਣਾ ਪੈਣਾ
ਹੈ। ਫ਼ਿਲਮਾਂ ਲਗਾਤਾਰ ਬਣਨ ਅਤੇ ਫ਼ਿਲਮਸਾਜ਼ ਘਾਟੇ ਵਿੱਚ ਨਾ ਰਹਿਣ। ਹੁਣ ਫ਼ਿਲਮ ਦੀ ਕੰਪਿਊਟਰ ਉੱਤੇ ਕਾਪੀ ਕਰਨੀ ਸੁਖਾਲੀ ਹੋ ਗਈ ਹੈ। ਇਸ ਨੈਤਿਕ ਦਲੀਲ ਦੀ ਮੌਜੂਦਾ ਖਪਤਕਾਰੀ ਦੌਰ ਵਿੱਚ ਫੂਕ ਨਿਕਲ ਗਈ ਹੈ ਕਿ 'ਚੰਗੀ ਫ਼ਿਲਮ ਲਈ ਪੈਸੇ ਦੇਣਾ ਜ਼ਰੂਰੀ ਹੈ।'
ਸੁਆਲ: ਇਸ ਦਾ ਮਤਲਬ ਇਹ ਹੋਇਆ ਕਿ ਫ਼ਿਲਮ ਵਪਾਰੀ ਜਾਂ ਅਮੀਰ ਹੀ ਬਣਾ ਸਕਦੇ ਹਨ?ਜੁਆਬ: ਮੈਂ ਅਮੀਰ ਨਹੀਂ ਹਾਂ ਪਰ ਤਿੰਨ-ਚਾਰ ਸਾਲਾਂ ਵਿੱਚ ਅਜਿਹੀ ਫ਼ਿਲਮ ਲਈ ਪੈਸੇ ਅਤੇ ਸਮਾਂ ਕੱਢ ਸਕਦਾ ਹਾਂ। ਤੈਨੂੰ ਚਾਹੇ ਪਸੰਦ ਨਹੀਂ ਪਰ ਮੈਂ ਫ਼ਿਲਮ ਨੂੰ ਬਹੁਤ ਸਸਤੀ ਜਾਂ ਮੁਫ਼ਤ ਵੀ ਵੰਡ ਸਕਦਾ
ਹਾਂ।
ਸੁਆਲ: ਤੁਹਾਡੇ ਬਾਬਤ ਕਿਹਾ ਜਾਂਦਾ ਹੈ ਕਿ ਕਿ ਰਾਜੀਵ ਕੋਲ ਪੈਸੇ ਹਨ ਤਾਂ ਉਸ ਨੇ ਫ਼ਿਲਮ ਮੁਫ਼ਤ ਵੰਡ ਦਿੱਤੀ। ਕਿਸੇ ਦਲਜੀਤ ਅਮੀ ਨੂੰ ਇਤਰਾਜ਼ ਕਰਨ ਦਾ ਕੀ ਹੱਕ ਹੈ? ਇਸ ਤਰ੍ਹਾਂ ਫ਼ਿਲਮ ਤੁਹਾਡੇ ਆਪਣੇ ਘੇਰੇ ਤੱਕ ਵੀ ਤਾਂ ਮਹਿਦੂਦ ਹੁੰਦੀ ਹੈ।ਜੁਆਬ: ਦਲਜੀਤ ਅਮੀ ਮੇਰਾ ਦੋਸਤ ਹੈ। ਫ਼ਿਲਮ ਸਮਾਜ ਨਾਲ ਸੰਵਾਦ ਦੀ ਸ਼ੈਅ ਹੈ। ਇਸ ਬਾਬਤ ਹਰ ਪੱਖੋਂ ਗੱਲ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਕਿਸਾਨੀ, ਖੇਤੀ, ਕਿਸਾਨ ਅਤੇ ਅੰਨ-ਸੁਰੱਖਿਆ ਦੀ ਹੁੰਦੀ ਹੈ। ਤੇਰਾ ਇਤਰਾਜ਼ ਜਾਇਜ਼ ਹੈ ਪਰ ਇਸ ਦਾ ਹੱਲ ਕੋਈ ਨਹੀਂ।
ਸੁਆਲ: ਇਹ ਤਾਂ ਠੀਕ ਹੋਇਆ ਕਿ ਪੈਸੇ ਵਾਲੇ ਹੀ ਫ਼ਿਲਮ ਵੰਡ ਸਕਦੇ ਹਨ?ਜੁਆਬ: ਲੋਕ ਪੱਖ ਵਿੱਚ ਇਹ ਠੀਕ ਹੈ।
ਸੁਆਲ: ਇਸ ਕੰਮ ਉੱਤੇ ਮਹਾਰਤ ਹਿਟਲਰ ਦੀ ਰਹੀ ਹੈ। ਗੁਜਰਾਤ ਦੇ ਦੰਗਿਆਂ ਤੋਂ ਬਾਅਦ ਨਰਿੰਦਰ ਮੋਦੀ ਨੇ 'ਇੰਡੀਆ ਟੂਡੇ' ਨਾਲ ਮੁਫ਼ਤ ਫ਼ਿਲਮ ਵੰਡੀ ਸੀ। ਇਹ ਮੁਕਾਬਲਾ ਨੌਕਰੀਆਂ ਕਰਨ ਵਾਲੇ ਨਹੀਂ ਕਰ ਸਕਦੇ।ਜੁਆਬ: ਤੂੰ ਭੁੱਲ ਗਿਆ। ਗੁਜਰਾਤ ਦੇ ਦੰਗਿਆਂ ਬਾਬਤ ਰਾਕੇਸ਼ ਸ਼ਰਮਾ ਨੇ ਵੀ ਹਿੰਦੀ ਦੇ ਰਸਾਲੇ 'ਹੰਸ' ਰਾਹੀਂ ਫ਼ਿਲਮ ਮੁਫ਼ਤ ਵੰਡੀ ਸੀ।
ਸੁਆਲ: ਤੁਸੀਂ ਅੱਧੀ ਗੱਲ ਯਾਦ ਰੱਖੀ ਹੈ। ਉਸੇ ਰਸਾਲੇ ਵਿੱਚ ਇਹ ਬੇਨਤੀ ਵੀ ਛਪੀ ਸੀ ਕਿ ਜੇ ਦਰਸ਼ਕਾਂ ਨੂੰ ਲੱਗਦਾ ਹੈ ਕਿ ਅਜਿਹੀ ਫ਼ਿਲਮ ਬਣਨੀ ਚਾਹੀਦੀ ਹੈ ਤਾਂ ਦੋ ਸੌ ਰੁਪਏ ਭੇਜਣ ਦੀ ਕਿਰਪਾ ਕਰੋ। ਉਂਝ ਇਹ ਤਜਰਬਾ ਕਿਸੇ ਮੌਕੇ ਦੀ ਅਹਿਮੀਅਤ ਨਾਲ ਜੋੜ ਕੇ ਕੀਤਾ ਜਾ ਸਕਦਾ ਹੈ। ਇਹ ਨੇਮ ਨਹੀਂ ਹੋ ਸਕਦਾ।ਜੁਆਬ: ਮੈਂ ਸਹਿਮਤ ਹਾਂ ਕਿਉਂਕਿ ਅਜਿਹੀ ਨੈਤਿਕਤਾ ਮੁਖੀ ਦਲੀਲ ਨਾਲ ਫ਼ਿਲਮ ਦਾ ਅਰਥਚਾਰਾ ਨਹੀਂ ਚੱਲ ਸਕਦਾ।
ਸੁਆਲ: ਇਹ ਮਸਲਾ ਪੇਚੀਦਾ ਹੈ। ਫ਼ਿਲਮ ਦੇ ਸਿਆਸੀ ਅਰਥਚਾਰੇ ਬਾਬਤ ਸੰਜੀਦਾ ਸੰਵਾਦ ਹੋਣਾ ਚਾਹੀਦਾ ਹੈ ਪਰ ਆਪਾਂ ਆਤੂ ਖੋਜੀ ਬਾਬਤ ਗੱਲ ਕਰਦੇ ਹਾਂ। ਤੁਹਾਡੇ ਦੋ ਅਹਿਮ ਕਿਰਦਾਰ ਬੇੜੀ ਵਿੱਚ ਮਿਲਦੇ ਹਨ। ਇਸ ਬੇੜੀ ਅਤੇ ਦਰਿਆ ਦੇ ਕੀ ਮਾਅਨੇ ਹਨ?ਜੁਆਬ: ਮੈਨੂੰ ਹਮੇਸ਼ਾ ਲੱਗਦਾ ਹੈ ਕਿ ਪੰਜਾਬ ਦੀ ਫ਼ਿਲਮ ਵਿੱਚ ਕੋਈ ਤਾਂ ਆਬ ਹੋਵੇ। ਮੇਰੇ ਲਈ ਇਹ ਭਾਵੁਕ ਮਸਲਾ ਹੈ। ਪੰਜਾਬੀ ਸਭਿਆਚਾਰ ਵਿੱਚ ਦਰਿਆ ਪਾਰ ਕਰਨ ਦੇ ਡੂੰਘੇ ਮਾਅਨੇ ਹਨ। ਇਹ ਸਭ ਨੂੰ ਆਪਣੀ ਸਿਦਕਦਿਲੀ ਨਾਲ ਹੀ ਪਾਰ ਕਰਨੇ ਪੈਂਦੇ ਹਨ। ਦਰਿਆ ਵਿੱਚ ਡੁੱਬੀ ਸੋਹਣੀ, ਥਲਾਂ ਵਿੱਚ ਭੁੱਜੀ ਸੱਸੀ, ਸਤਲੁਜ ਕੰਢੇ ਬਲਦੇ ਸ਼ਹੀਦਾਂ ਦੇ ਸਿਵੇ ਅਤੇ ਸਿਰਸਾ ਨਦੀ ਉੱਤੇ ਪਿਆ ਵਿਛੋੜਾ ਸਾਡੇ ਚੇਤਿਆਂ ਵਿੱਚ ਸਦਾ ਸੱਜਰਾ ਰਹਿੰਦਾ ਹੈ। ਆਤੂ ਖੋਜੀ ਦੇ ਦੋਵੇਂ ਕਿਰਦਾਰ ਡੋਬੂ ਨਾਲ ਡੁੰਬਣ-ਡੁੰਬਣ ਕਰਦੇ ਹਨ। ਇੱਕ ਨੂੰ ਨਿਭਾਏ ਧਰਮ ਦੀ ਕੀਮਤ ਦਾ ਝੋਰਾ ਖਾ ਰਿਹਾ ਹੈ ਅਤੇ ਦੂਜੀ ਨੂੰ ਆ ਪਏ ਸੁਆਲ ਦਾ ਬੋਝ ਦਬ ਰਿਹਾ ਹੈ। ਇਹ ਝੋਰੇ ਅਤੇ ਬੋਝ ਦੀਆਂ ਝੱਖੜ ਭਰੀਆਂ ਨਦੀਆਂ ਉਨ੍ਹਾਂ ਦੇ ਅੰਦਰ ਹਨ ਅਤੇ ਬਾਹਰ ਉਹ ਬੇੜੀ ਰਾਹੀਂ ਦਰਿਆ ਪਾਰ ਕਰ ਰਹੇ ਹਨ। ਇਸੇ ਸਫ਼ਰ ਦੌਰਾਨ ਉਨ੍ਹਾਂ ਨੇ ਇੱਕ-ਦੂਜੇ ਦੀ ਅਸਲਾ ਪਛਾਣਨ ਵਿੱਚ ਮਦਦ ਕਰਨੀ ਹੈ। ਇੱਕ ਦੇ ਕਿਨਾਰੇ ਲੱਗ ਜਾਣ ਤੋਂ ਬਾਅਦ ਦੂਜੇ ਨੇ ਆਪਣੇ ਕਿਨਾਰੇ ਵੱਲ ਦਾ ਸਫ਼ਰ ਸ਼ੁਰੂ ਕਰਨਾ ਹੈ। ਉਨ੍ਹਾਂ ਨਾਲ ਬੇੜੀ ਵਿੱਚ ਤੀਜਾ ਜੀਅ ਮਲਾਹ ਹੈ ਜੋ ਉਨ੍ਹਾਂ ਨੂੰ ਪਾਰ ਕਰਵਾਉਣ ਲਈ ਮਸ਼ਕਤ ਕਰ ਰਿਹਾ ਹੈ। ਮਲਾਹ ਦਾ ਹੁਨਰ ਉਨ੍ਹਾਂ ਅੰਦਰ ਉੱਠਦੇ ਝੱਖੜ ਨੂੰ ਠੱਲ੍ਹ ਨਹੀਂ ਸਕਦਾ। ਅੰਦਰਲੇ ਝੱਖੜ ਨਾਲ ਟੱਕਰ ਬੰਦੇ ਨੇ ਆਪ ਹੀ ਲੈਣੀ ਹੈ। ਇਹੋ ਉਨ੍ਹਾਂ ਦੇ ਸਿਦਕ ਦਾ ਇਮਤਿਹਾਨ ਹੈ। ਇਸ ਫ਼ੈਸਲਾਕੁਨ ਸਫ਼ਰ ਵਿੱਚ ਦੋ ਅਜਨਬੀ ਆਪਣੇ ਰਿਸ਼ਤੇ ਦੀ ਪਛਾਣ ਕਰਦੇ ਹਨ ਅਤੇ ਉਸ ਨਾਲ ਨਿਭਣ ਦਾ ਫ਼ੈਸਲਾ ਕਰਦੇ ਹਨ।
ਸੁਆਲ: ਫ਼ਿਲਮ ਦੌਰਾਨ ਰੋਸ਼ਨੀ ਲਗਾਤਾਰ ਬਦਲਦੀ ਹੈ। ਇਸ ਦਾ ਕਾਰਨ?ਜੁਆਬ: ਫ਼ਿਲਮ ਦੌਰਾਨ ਰੋਸ਼ਨੀ ਬਦਲਣ ਜਾਂ ਕਿਸੇ ਕਿਰਦਾਰ ਦੇ ਕੱਪੜਿਆਂ ਦੀ ਚੋਣ ਨੂੰ ਤਕਨੀਕੀ ਗ਼ਲਤੀ ਕਰਾਰ ਦਿੱਤਾ ਜਾ ਸਕਦਾ ਹੈ। ਤੈਨੂੰ ਪਤਾ ਹੈ ਕਿ ਟੈਲੀਵਿਜ਼ਨ ਅਤੇ ਫ਼ਿਲਮ ਸਨਅਤ ਵਿੱਚ ਬਹੁਤ ਲੱਚਰ ਫਿਕਰਾ ਹੈ ਕਿ 'ਤਕਨੀਕੀ ਪੱਖ ਕਮਜ਼ੋਰ ਹੈ।' ਪੰਜਾਬੀ ਪੜਚੋਲ ਵਿੱਚ ਇਹ ਫਿਕਰਾ ਆਮ ਲਿਖਿਆ ਜਾਂਦਾ ਹੈ ਕਿ 'ਇਹ ਬਹੁਤ ਮਹਿੰਗੇ ਕੈਮਰਿਆਂ ਉੱਤੇ ਬਣੀ ਹੈ।' ਇਹ ਫਿਕਰੇ ਨਾਲਾਇਕੀ ਢਕਣ ਦੇ ਕੰਮ ਆਉਂਦੇ ਹਨ। ਮੋੜਵਾਂ ਸੁਆਲ ਕਿਸ ਨੇ ਪੁੱਛਣਾ ਹੁੰਦਾ ਹੈ ਕਿ ਤਕਨੀਕੀ ਪੱਖ ਦੇ ਮਾਅਨੇ ਕੀ ਹਨ? ਮਹਿੰਗੇ ਕੈਮਰੇ ਨਾਲ ਬਣਨ ਵਾਲੀ ਫ਼ਿਲਮ ਦੇ ਚੰਗੀ ਹੋਣ ਦੀ ਕੀ ਜ਼ਾਮਨੀ ਹੈ? ਮੇਰਾ ਮੰਨਣਾ ਹੈ ਕਿ ਤਕਨੀਕੀ ਨੁਕਤੇ ਮਨੁੱਖ ਨੇ ਤੈਅ ਕੀਤੇ ਹਨ ਅਤੇ ਇਹ ਇਲਾਹੀ ਫਰਮਾਨ ਨਹੀਂ ਹਨ। ਮੇਰੀ ਫ਼ਿਲਮ ਦੀ ਵਿਉਂਤਬੰਦੀ ਦਾ ਹਿੱਸਾ ਹੈ ਕਿ ਮੈਂ ਦਰਸ਼ਕ ਦਾ ਇਹ ਅਹਿਸਾਸ ਕਾਇਮ ਰੱਖਣਾ ਚਾਹੁੰਦਾ ਹਾਂ ਕਿ ਉਹ ਫ਼ਿਲਮ ਦੇਖ ਰਿਹਾ ਹੈ। ਫ਼ਿਲਮ ਨੂੰ ਬਹੁਤ ਵਾਰ ਭਾਂਜਵਾਦੀ ਕਰਾਰ ਦਿੱਤਾ ਜਾਂਦਾ ਹੈ। ਮੈਂ ਇਸ ਪ੍ਰਭਾਵ ਨੂੰ ਤੋੜਨ ਲਈ ਤਜਰਬਾ ਕੀਤਾ ਹੈ। ਫ਼ਿਲਮ ਦੇ ਕਿਰਦਾਰ ਨਾਲ ਮੈਂ ਦਰਸ਼ਕ ਨੂੰ 'ਆਪਣੇ ਅੰਦਰਲਾ ਦਰਿਆ' ਪਾਰ ਕਰਨ ਦਾ ਅਹਿਸਾਸ ਨਹੀਂ ਕਰਵਾਉਣਾ ਚਾਹੁੰਦਾ। ਮੈਂ ਫ਼ਿਲਮ ਦੇ ਕਿਰਦਾਰ ਨੂੰ ਦਰਿਆ ਪਾਰ ਕਰਵਾਉਣਾ ਚਾਹੁੰਦਾ ਹਾਂ ਪਰ ਦਰਸ਼ਕ ਨੂੰ ਕੰਢੇ ਉੱਤੇ ਆਪਣਾ ਫ਼ੈਸਲਾ ਆਪ ਕਰਨ ਲਈ ਛੱਡ ਦੇਣਾ ਚਾਹੁੰਦਾ ਹਾਂ।
ਸੁਆਲ: ਇਸ ਫ਼ਿਲਮ ਦਾ ਅਰਥਚਾਰੇ ਬਾਬਤ ਕੁਝ ਦੱਸੋ?ਜੁਆਬ: ਇਹ ਤੇਰਾ ਮਨਪਸੰਦ ਵਿਸ਼ਾ ਹੈ।
ਸੁਆਲ: ਬਿਲਕੁਲ! ਮੇਰੀ ਦਿਲਚਸਪੀ ਦੇ ਹੋਰਾਂ ਵਿਸ਼ਿਆਂ ਵਿੱਚ ਇਹ ਵੀ ਸ਼ੁਮਾਰ ਹੈ। ਅਸੀਂ ਜਾਣਦੇ ਹਾਂ ਇਹ ਸੁਆਲ ਕੌਣ ਪੁੱਛ ਰਿਹਾ ਹੈ ਅਤੇ ਕਿਸ ਨੂੰ ਪੁੱਛ ਰਿਹਾ ਹੈ। ਤੁਸੀਂ ਸਾਰੀ ਗੱਲ ਇੰਝ ਕਰਦੇ ਹੋ ਜਿਵੇਂ ਮੇਰੀ ਦਿਲਚਸਪੀ ਸਿਰਫ਼ ਫ਼ਿਲਮਾਂ ਦੇ ਅਰਥਚਾਰੇ ਵਿੱਚ ਹੀ ਹੋਵੇ।
ਜੁਆਬ: ਅਜਿਹੀ ਗੱਲ ਨਹੀਂ ਹੈ। ਮੈਂ ਜਾਣਦਾ ਹਾਂ ਕਿ ਤੂੰ ਇਸ ਪੱਖ ਦਾ ਚੋਖਾ ਅਧਿਐਨ ਕੀਤਾ ਹੈ। ਮੈਨੂੰ ਪਤਾ ਹੈ ਕਿ ਇਹ ਸੁਆਲ ਕਿਨ੍ਹਾਂ ਹਾਲਾਤ ਵਿੱਚੋਂ ਉਪਜੇ ਹਨ। ਇਸ ਮਸਲੇ ਉੱਤੇ ਕਦੇ ਫਿਰ ਸਹੀ, ਹੁਣ ਤੇਰੇ ਬੁਨਿਆਦੀ ਸੁਆਲ ਵੱਲ ਆਉਂਦਾ ਹਾਂ। ਇਸ ਫ਼ਿਲਮ ਉੱਤੇ ਮੇਰੀ ਚਾਰ ਮਹੀਨੇ ਦੀ ਮਿਹਨਤ ਲੱਗੀ ਹੈ। ਮੇਰੇ ਦੋਸਤ ਤਜਿੰਦਰ ਪਾਲ ਧੀਰ ਨੇ ਵਿੱਤੀ ਅਤੇ ਹੋਰਾਂ ਨੇ ਤਕਨੀਕੀ ਮਦਦ ਕੀਤੀ ਹੈ। ਦੋਸਤਾਂ ਦੀ ਸਮਾਜਿਕ, ਬੌਧਿਕ ਅਤੇ ਪ੍ਰਬੰਧਕੀ ਮਦਦ ਵੀ ਮਿਲੀ ਹੈ। ਇਸ ਪੈਸੇ ਦੇ ਮੁੜਨ ਬਾਬਤ ਮੇਰੇ ਕੋਲ ਕੋਈ ਵਿਉਂਤਬੰਦੀ ਨਹੀਂ ਹੈ। ਇਸ ਨੂੰ ਮੈਂ ਸਕੂਲਾਂ-ਕਾਲਜਾਂ ਵਿੱਚ ਦਿਖਾਉਣਾ ਚਾਹੁੰਦਾ ਹਾਂ ਅਤੇ ਇਹ ਕੰਮ ਸ਼ੁਰੂ ਹੋ ਗਿਆ ਹੈ।
ਸੁਆਲ: ਮਤਲਬ ਹੁਣ ਮੁੜ ਕੇ ਨੌਕਰੀ ਕਰਨੀ ਪਵੇਗੀ? ਦੋਸਤਾਂ ਦੀ ਮਦਦ ਕਾਰਨ ਫ਼ਿਲਮ ਪਛੇਤੀ ਹੋ ਗਈ ਹੈ?ਜੁਆਬ: ਤੂੰ ਮੁੜ ਕੇ ਘੇਰਾਬੰਦੀ ਸ਼ੁਰੂ ਕਰ ਦਿੱਤੀ। ਨੌਕਰੀ ਤਾਂ ਕਰਨੀ ਪੈ ਸਕਦੀ ਹੈ। ਹੁਣ ਮੈਂ ਪਰਵਾਸ ਦੇ ਮਸਲੇ ਉੱਤੇ ਫ਼ਿਲਮ ਬਣਾ ਰਿਹਾ ਹਾਂ ਜਿਸ ਦਾ ਧੁਰਾ ਪਿਉ-ਪੁੱਤ ਦੇ ਰਿਸ਼ਤੇ ਦੁਆਲੇ ਘੁੰਮਦਾ ਹੈ। ਆਤੂ ਖੋਜੀ ਵਾਂਗ ਸਮਾਜਿਕ ਕਦਰਾਂ-ਕੀਮਤਾਂ ਦਾ ਸੁਆਲ ਉਸ ਫ਼ਿਲਮ ਵਿੱਚ ਵੀ ਹੈ। ਇਸ ਫ਼ਿਲਮ ਉੱਤੇ ਇੰਗਲੈਂਡ ਦਾ ਬੰਦਾ ਪੈਸੇ ਲਗਾ ਰਿਹਾ ਹੈ। ਇਹ ਸਿਨਮੇ ਵਿੱਚ ਲੱਗੇਗੀ। ਦੋਸਤਾਂ ਵਾਲੀ ਗੱਲ ਠੀਕ ਹੈ। ਰੁਝੇਵਿਆਂ ਅਤੇ ਰੁਜ਼ਗਾਰ ਕਾਰਨ ਉਨ੍ਹਾਂ ਨੂੰ ਵਿਹਲ ਨਹੀਂ ਮਿਲੀ। ਮੈਂ ਸੋਚਦਾ ਹਾਂ ਕਿ ਜੇ ਫ਼ਿਲਮ ਸਮੁੱਚੇ ਅਮਲੇ ਦਾ ਖ਼ਰਚਾ ਚੁੱਕ ਸਕੇ ਤਾਂ ਦੋਸਤ ਜ਼ਿਆਦਾ ਮਦਦਗ਼ਾਰ ਹੋ ਸਕਣਗੇ। ਫ਼ਿਲਮ ਸਮੇਂ ਸਿਰ ਪੂਰੀ ਹੋ ਸਕੇਗੀ। ਇਹ ਸਾਰਾ ਸੰਕਟ ਫ਼ਿਲਮ ਦੇ ਅਰਥਚਾਰੇ ਨਾਲ ਜੁੜਿਆ ਹੋਇਆ ਹੈ ਜਿਸ ਨੂੰ ਵਪਾਰੀਆਂ ਤੋਂ ਬਿਨਾਂ ਕਿਸੇ ਨੇ ਸਮਝਣ ਦਾ ਤਰੱਦਦ ਨਹੀਂ ਕੀਤਾ। ਸਾਡੇ ਪੜਚੋਲੀਏ ਨਿਰਮਾਤਾਵਾਂ ਦੇ ਨਾਮਾਂ ਤੋਂ ਜ਼ਿਆਦਾ ਕੁਝ ਨਹੀਂ ਜਾਣਦੇ। ਇਹ ਸੁਆਲ ਤਾਂ ਬਲਰਾਜ ਸਾਹਨੀ ਅਤੇ ਖ਼ਵਾਜ਼ਾ ਅਹਿਮਦ ਅੱਬਾਸ ਨੇ ਵੀ ਕੀਤੇ ਸਨ ਪਰ ਇਨ੍ਹਾਂ ਦੇ ਪੁਖ਼ਤਾ ਜੁਆਬ ਹਾਲੇ ਤੱਕ ਕੋਈ ਨਹੀਂ ਹਨ
।
(ਰਾਜੀਵ ਸ਼ਰਮਾ ਨਾਲ ਇਹ ਦਲਜੀਤ ਅਮੀ ਦੀ ਲਿਖੀ ਹੋਈ ਦੂਜੀ ਮੁਲਾਕਾਤ ਹੈ। ਪਹਿਲੀ ਮੁਲਾਕਾਤ ਤਕਰੀਬਨ ਸੱਤ ਸਾਲਾਂ ਪਹਿਲਾਂ ਨਵਾਂ ਜ਼ਮਾਨਾ ਵਿੱਚ ਛਪੀ ਸੀ। ਉਹ ਮੁਲਾਕਾਤ ਅਗਲੇ ਦਿਨਾਂ ਵਿੱਚ ਪਾਠਕਾਂ ਨਾਲ ਮੁੜ ਕੇ ਸਾਂਝੀ ਕੀਤੀ ਜਾਏਗੀ।)