Wednesday 19 October 2011

ਮੌਜੂਦਾ ਦੌਰ ਵਿੱਚ ਅਸ਼ਲੀਲਤਾ ਦਾ ਮੁੱਦਾ

ਜਤਿੰਦਰ ਮੌਹਰ

ਫ਼ਿਲਮਾਂ ਵਿਚਲੀ ਅਸ਼ਲੀਲਤਾ ਹਮੇਸ਼ਾਂ ਚਰਚਾ ਦਾ ਵਿਸ਼ਾ ਰਹੀ ਹੈ। ਜਿਸ ਨੂੰ ਨੰਗੇ ਸੰਵਾਦਾਂ, ਗਾਲਾਂ ਅਤੇ ਨੰਗੇ ਦ੍ਰਿਸ਼ਾਂ ਤੱਕ ਮਹਿਦੂਦ ਕਰ ਕੇ ਦੇਖਿਆ ਜਾਂਦਾ ਹੈ। ਅਸ਼ਲੀਲਤਾ ਦਾ ਮੁੱਦਾ ਸੰਜੀਦਾ ਸੰਵਾਦ ਦੀ ਮੰਗ ਕਰਦਾ ਹੈ। ਚੇਤਨ ਸਮਾਜ ਹੋਣ ਦੇ ਨਾਤੇ ਸਾਡੇ ਲਈ ਅਸ਼ਲੀਲਤਾ ਦੇ ਪੈਮਾਨਿਆਂ ਨੂੰ ਮਿੱਥਣਾ ਅਤੇ ਵਡੇਰੇ ਪ੍ਰਸੰਗ 'ਚ ਦੇਖਣਾ ਜ਼ਰੂਰੀ ਹੈ। ਜੇ ਸੰਵਾਦ ਜਾਂ ਦ੍ਰਿਸ਼ ਕਾਮ-ਉਕਸਾਉਣ ਜਾਂ ਵਿੱਤੀ ਲਾਹਾ ਲੈਣ ਲਈ ਵਰਤੇ ਜਾਂਦੇ ਹਨ ਤਾਂ ਉਹ ਵਿਸ਼ਾ ਯਕੀਕਨ ਅਸ਼ਲੀਲਤਾ ਦੇ ਘੇਰੇ 'ਚ ਆਉਂਦਾ ਹੈ। ਜੇ ਉਹੀ ਸੰਵਾਦ ਜਾਂ ਦ੍ਰਿਸ਼ ਕਿਰਦਾਰਾਂ ਅਤੇ ਬਿਰਤਾਂਤ ਨੂੰ ਅੱਗੇ ਵਧਾਉਣ ਜਾਂ ਉਨ੍ਹਾਂ ਨਾਲ ਇਨਸਾਫ਼ ਕਰਨ 'ਚ ਸਹਾਈ ਹੁੰਦੇ ਹਨ ਤਾਂ ਉਨ੍ਹਾਂ ਨੂੰ ਅਸ਼ਲੀਲਤਾ ਦੇ ਘੇਰੇ 'ਚ ਨਹੀਂ ਰੱਖਿਆ ਜਾ ਸਕਦਾ। ਏਥੇ 'ਬੈਂਡਿਟ ਕਵੀਨ' ਦੀ ਮਿਸਾਲ ਦੇਣਾ ਸਹੀ ਹੋਵੇਗਾ। ਨੰਗੇ ਦ੍ਰਿਸ਼ਾਂ ਕਰਕੇ ਫ਼ਿਲਮ ਦੇਖਣ ਆਏ ਲੋਕ ਫੂਲਨ ਦੇਵੀ ਨੂੰ ਨੰਗਾ ਕਰਨ ਵਾਲੇ ਦ੍ਰਿਸ਼ 'ਚ ਅੱਖਾਂ ਬੰਦ ਕਰਦੇ ਮੈਂ ਆਪ ਦੇਖੇ ਹਨ। ਹਦਾਇਤਕਾਰ ਨੇ ਸੰਗਤ ਦੀ ਸੰਵੇਦਨਾ ਨੂੰ ਉਸ ਉਚਾਈ ਤੱਕ ਪੁਚਾਇਆ, ਜਿੱਥੇ ਨੰਗੇਜ਼ ਮਹਿਜ਼ 'ਸਵਾਦ' ਲੈਣ ਦੀ ਵਸਤੂ ਨਹੀਂ ਰਹਿ ਜਾਂਦਾ। ਦੇਖਣ ਵਾਲੇ ਦੀ ਸੰਵੇਦਨਾ ਫੂਲਨ ਦੇਵੀ ਨਾਲ ਵਾਪਰੀ ਅਣਮਨੁੱਖੀ ਤ੍ਰਾਸਦੀ ਨੂੰ ਅੱਖੋਂ ਉਹਲੇ ਨਹੀਂ ਕਰ ਸਕਦੀ। ਉਹ ਨੂੰ ਦੋਸ਼ੀਆਂ ਨਾਲ ਨਫ਼ਰਤ ਵੀ ਹੁੰਦੀ ਹੈ ਅਤੇ ਅਪਣੀ 'ਸਵਾਦ' ਲੈਣ ਦੀ ਇੱਛਾ 'ਤੇ ਵੀ ਘਿਣ ਆਉਣ ਲੱਗਦੀ ਹੈ। ਇਹ ਫ਼ਿਲਮ ਦੀ ਅਸਲੀ ਸਮਰੱਥਾ ਹੈ। ਸਾਡੇ ਮੁਲਕ ਦੇ ਮਸ਼ਹੂਰ ਨਾਵਲਕਾਰ ਅਤੇ ਫ਼ਿਲਮ ਲੇਖਕ ਡਾ. ਰਾਹੀ ਮਾਸੂਮ ਰਜ਼ਾ ਉੱਤੇ ਕਿਰਤਾਂ 'ਚ 'ਅਸ਼ਲੀਲ' ਸੰਵਾਦ ਵਰਤਣ ਦਾ ਦੋਸ਼ ਲੱਗਦਾ ਰਿਹਾ ਹੈ। ਉਨ੍ਹਾਂ ਨੂੰ ਵੱਡੇ ਸਾਹਿਤ-ਸਨਮਾਨ ਨਾ ਮਿਲਣ ਦਾ ਏਹੀ ਕਾਰਨ ਦੱਸਿਆ ਜਾਂਦਾ ਸੀ। ਨਿੱਜੀ ਮਿੱਤਰ ਦੇ ਮੂੰਹੋਂ ਸ਼ਿਕਾਇਤ ਸੁਣ ਕੇ ਰਜ਼ਾ ਸਾਹਿਬ ਨੇ ਅਗਲੇ ਨਾਵਲ 'ਚ ਕਿਰਦਾਰਾਂ ਤੋਂ ਗਾਲਾਂ ਨਾ ਕਢਾਉਣ ਦਾ ਵਾਅਦਾ ਕਰ ਲਿਆ। ਮਿੱਤਰ ਨੇ ਆਪਣੇ 'ਮਾਅਰਕੇ' ਦਾ ਖ਼ੂਬ ਰੌਲਾ ਪਾਇਆ। ਅਗਲੇ ਨਾਵਲ ਦੀ ਭੂਮਿਕਾ 'ਚ ਰਜ਼ਾ ਸਾਹਿਬ ਦੇ ਸ਼ਬਦ ਸਨ, "ਮੈਂ ਉੱਚੇ ਮਾਣ-ਸਨਮਾਨ ਲੈਣ ਲਈ ਆਪਣੇ ਕਿਰਦਾਰਾਂ ਦੀ ਜ਼ੁਬਾਨ ਨਹੀਂ ਕੱਟ ਸਕਦਾ।" ਰਜ਼ਾ ਸਾਹਿਬ ਦੀਆਂ ਲਿਖਤਾਂ 'ਚੋਂ ਸਿਦਕਦਿਲੀ ਅਤੇ ਇਮਾਨਦਾਰੀ ਦਾ ਝਲਕਾਰਾ ਪੈਂਦਾ ਹੈ, ਜੋ ਆਵਾਮੀ-ਸਾਹਿਤ ਦੀਆਂ ਸ਼ਾਹਕਾਰ ਕਿਰਤਾਂ ਮੰਨੀਆਂ ਜਾਂਦੀਆਂ ਹਨ।

ਪੰਜਾਬੀ ਫ਼ਿਲਮਾਂ 'ਚ ਅਸ਼ਲੀਲਤਾ ਦਾ ਢਿੰਡੋਰਾ ਪਿੱਟਣ ਵਾਲੇ ਸਿੱਕੇ ਦਾ ਇੱਕੋ ਪਹਿਲੂ ਦੇਖਣ-ਦਿਖਾਉਣ ਦੇ ਆਦੀ ਹਨ। ਇੱਕ ਵਿਸ਼ੇ 'ਤੇ ਕਈ ਗ਼ੈਰ-ਸੰਜੀਦਾ ਅਤੇ ਗ਼ੈਰ-ਸਾਰਥਿਕ ਫ਼ਿਲਮਾਂ ਬਣਾਉਣਾ ਉਨ੍ਹਾਂ ਨੂੰ ਅਸ਼ਲੀਲਤਾ ਨਹੀਂ ਲੱਗਦਾ। ਪ੍ਰੋ. ਕਿਸ਼ਨ ਸਿੰਘ ਹੀਰ ਦੇ ਕਿੱਸੇ ਬਾਰੇ ਲਿਖਦੇ ਹਨ ਕਿ ਇਹ ਰੰਨ ਤੋਂ ਔਰਤ ਹੋਣ ਦਾ ਸਫ਼ਰ ਹੈ। ਹੀਰ ਦਾ ਕਿਰਦਾਰ ਧਾਰਮਿਕ ਅਤੇ ਸਮਾਜੀ ਗ਼ਲਬੇ ਦੇ ਖ਼ਿਲਾਫ਼ ਨਾਬਰੀ ਦੀ ਆਵਾਜ਼ ਬਣਦਾ ਹੈ। ਅਜੋਕੀਆਂ ਫ਼ਿਲਮਾਂ ਅਤੇ ਸੰਗੀਤ ਅੱਜ ਦੁਬਾਰਾ ਔਰਤ ਨੂੰ ਰੰਨ ਬਣਾਉਣ 'ਤੇ ਤੁਲਿਆ ਹੋਇਆ ਹੈ। ਉਨ੍ਹਾਂ ਨੂੰ ਔਰਤ ਦੀ ਸਰੀਰਕ ਦਿੱਖ ਤੋਂ ਬਿਨ੍ਹਾਂ ਕੁਝ ਨਹੀਂ ਦਿਸ ਰਿਹਾ। ਜੀਹਨੂੰ ਉਹ ਹਰ ਹੀਲੇ ਵੇਚਣ ਲਈ ਪੱਬਾਂ ਭਾਰ ਹਨ। ਉਹ ਲੋਕ-ਮੁੱਦਿਆਂ ਤੋਂ ਸੰਗਤ ਦਾ ਧਿਆਨ ਭਟਕਾਉਣ ਅਤੇ ਸਮਾਜਿਕ ਗ਼ਲਬੇ ਨੂੰ ਪੱਕੇ ਪੈਰੀਂ ਕਰਨ 'ਚ ਬਣਦਾ ਹਿੱਸਾ ਪਾ ਰਹੇ ਹਨ। ਪਿਛਲੀਆਂ ਪੰਜਾਬੀ ਫ਼ਿਲਮਾਂ ਦੇਖ ਕੇ ਲਗਦਾ ਹੈ ਕਿ ਇੱਥੋਂ ਦੇ ਮੁੰਡੇ-ਕੁੜੀਆਂ ਦੁਨੀਆਂ 'ਤੇ ਸਿਰਫ਼ ਵਿਆਹ ਕਰਵਾਉੇਣ ਲਈ ਜੰਮੇ ਹਨ। ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਲਈ ਵਿਦਿਅਕ ਕੰਮਾਂ ਤੋਂ ਜ਼ਿਆਦਾ ਜ਼ਰੂਰੀ ਕੰਮ ਕੁੜੀਆਂ ਫਸਾਉਣ ਦੇ ਗੁਰ ਸਿਖਾਉਣਾ ਹੈ। ਅਜਿਹੇ ਕਿਰਦਾਰ ਪਰਾਏ ਗ੍ਰਹਿ ਦੇ ਵਾਸੀ ਲੱਗਦੇ ਹਨ, ਜਿਨ੍ਹਾਂ ਦਾ ਸਮਾਜਿਕ ਵਿਹਾਰ ਨਾਲ ਕੋਈ ਵਾਹ-ਵਾਸਤਾ ਨਹੀਂ। ਜਿਨ੍ਹਾਂ ਵਿਦਿਆ ਦੇ ਮੰਦਰਾਂ ਨੇ ਚੰਗੇ ਮਨੁੱਖ ਸਿਰਜਣੇ ਸਨ। ਉਨ੍ਹਾਂ ਨੂੰ ਗ਼ੈਰ-ਸੰਵੇਦੀ ਅਤੇ ਦੂਸ਼ਤ ਕਰਨ ਵਾਲਾ ਵਰਤਾਰਾ ਅਸ਼ਲੀਲਤਾ ਦੇ ਘੇਰੇ ਤੋਂ ਬਾਹਰ ਕਿਵੇਂ ਹੋ ਸਕਦਾ ਹੈ? ਫਿਰ ਉਹੀ ਅਸ਼ਲੀਲ ਫ਼ਿਕਰਾ ਦੁਹਰਾ ਦਿੱਤਾ ਜਾਂਦਾ ਹੈ, "ਲੋਕ ਤਾਂ ਇਹੀ ਸਭ ਪਸੰਦ ਕਰਦੇ ਨੇ ਜੀ"। ਫ਼ਿਲਮਾਂ ਬਣਾਉਣਾ ਫ਼ਿਲਮਸਾਜ਼ਾਂ ਦੇ ਹੱਥ 'ਚ ਹੈ। ਨੜਿੰਨਵੇਂ ਫ਼ੀਸਦੀ ਬੇਹੂਦਾ ਫ਼ਿਲਮਾਂ ਖ਼ੁਦ ਬਣਾ ਕੇ ਭਾਂਡਾ ਸੰਗਤ ਸਿਰ ਭੰਨਦੇ ਹਨ। ਆਲਮ ਦੀ ਸਮੁੱਚੀ ਨਾਬਰੀ ਨੂੰ ਖ਼ਾਸ ਜਾਤ, ਸੂਬੇ, ਮੁਲਕ ਜਾਂ ਨਿੱਜੀ ਹੈਂਕੜ ਤੱਕ ਮਹਿਦੂਦ ਕਰਨ ਵਾਲਿਆਂ ਨੂੰ ਅਸ਼ਲੀਲ ਕਰਾਰ ਦੇਣਾ ਮਨੁੱਖੀ ਫ਼ਰਜ਼ ਹੈ। ਜੱਟ, ਜ਼ਨਾਨੀ, ਦਾਰੂ ਅਤੇ ਆਟੋਮੋਬਾਇਲ ਸਨਅਤ ਨੂੰ ਭਾਰੂ ਵਰਤਾਰੇ ਦੇ ਰੂਪ 'ਚ ਪੇਸ਼ ਕਰਨਾ ਅਸ਼ਲੀਲਤਾ ਕਿਉਂ ਨਹੀਂ ਹੈ? ਜੁਗਨੀ ਬਾਰੇ ਅਸੀਂ ਜਾਣਦੇ ਹਾਂ ਕਿ ਗੋਰੇ ਰਾਜ ਦੇ ਪੰਜਾਹ ਸਾਲ ਪੂਰੇ ਹੋਣ ਦੇ ਜਸ਼ਨਾਂ 'ਚ ਜੁਬਲੀ ਲਾਟ ਵਲੈਤ ਤੋਂ ਮੰਗਵਾ ਕੇ ਪੂਰੇ ਮੁਲਕ 'ਚ ਘੁਮਾਈ ਗਈ। ਜੁਗਨੀ ਸ਼ਬਦ ਜੁਬਲੀ ਦਾ ਵਿਗੜਿਆ ਰੂਪ ਹੈ। ਅਸੀਂ ਜੁਗਨੀ ਨੂੰ ਗੀਤਾਂ ਅਤੇ ਲਿਖਤਾਂ 'ਚ ਜਗ੍ਹਾ ਦਿੱਤੀ। ਉਹ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਲੋਕਾਂ ਦਾ ਕਾਵਿਕ ਜੁਗਤ ਬਣਦੀ ਹੈ। ਹੁਣ ਮੀਕਾ ਅਤੇ ਬੱਬੂ ਮਾਨ ਵਰਗੇ ਜੁਗਨੀ ਨੂੰ ਰਜ਼ੀਆ, ਸ਼ੀਲਾ, ਜਲੇਬੀ ਬਾਈ ਅਤੇ ਮੁੰਨੀ ਦੀ ਅਗਲੀ ਕੜੀ ਬਣਾ ਕੇ ਪੇਸ਼ ਕਰ ਰਹੇ ਹਨ। ਨਾਬਰੀ ਦਾ ਔਰਤ ਰੂਪ ਕਾਮ-ਉਕਸਾਊ ਜ਼ਰੀਆ ਬਣਨ ਦੇ ਰਾਹ 'ਤੇ ਹੈ। ਪੰਜਾਬੀਆਂ ਲਈ ਸੋਚਣ ਦਾ ਮਸਲਾ ਹੈ ਕਿ ਜਿਸ ਕਿਰਦਾਰ ਅਤੇ ਪਛਾਣ ਨੂੰ ਅਸੀਂ ਲੋਕ-ਹਿੱਤ ਦੇ ਭਲੇ ਲਈ ਅਪਣੀ ਆਵਾਜ਼ ਬਣਾਉਣਾ ਸੀ। ਉਹ ਵਿਕਾਊ ਸ਼ੈਅ ਦਾ ਨਾਮ ਕਿਵੇਂ ਹੋ ਗਏ? ਸੰਗੀਤ ਦੇ ਵਪਾਰੀਆਂ ਨੇ ਸਾਂਝੇ ਪੰਜਾਬ ਦੇ ਸੂਰੇ ਦੁੱਲਾ ਭੱਟੀ ਨੂੰ ਵੀ ਨਹੀਂ ਬਖ਼ਸ਼ਿਆ। ਦੁੱਲਾ ਭੱਟੀ ਹੁਣ ਬਾਹਾਂ 'ਤੇ ਟੈਟੂ ਖੁਣਵਾਉਣ ਵਾਲਾ, ਫ਼ਰੈਂਚ ਕੱਟ ਦਾੜੀ ਅਤੇ ਵਾਲਾਂ ਨੂੰ ਜੈਲ੍ਹ ਲਾਉਣ ਵਾਲਾ ਫ਼ੁਕਰਾ ਨਾਇਕ ਬਣ ਕੇ ਸਾਡੇ ਸਾਹਮਣੇ ਆਉਂਦਾ ਹੈ। 'ਥ੍ਰੀ ਹੰਡਰਡ' ਮਾਰਕਾ ਹਾਲੀਵੁੱਡ ਫ਼ਿਲਮਾਂ ਦੇ ਨਕਲਚੀਆਂ ਰਾਹੀਂ, ਇਹ ਪੰਜਾਬ ਦੀ ਨਾਬਰ-ਰਵਾਇਤ ਨੂੰ ਵੱਟਾ ਲਾਉਣ ਦੀ ਹਰਕਤ ਹੈ। ਜੈਜ਼ੀ ਬੀ. ਦੇ ਰੂਪ 'ਚ 'ਦੁੱਲੇ' ਦਾ ਭੱਦਾ ਅਵਤਾਰ ਅਸ਼ਲੀਲਤਾ ਦੀ ਨਵੀਂ ਸ਼ਿਖ਼ਰ ਹੋ ਨਿਬੜਦਾ ਹੈ।

ਸੂਫੀ ਸੰਗੀਤ ਅਤੇ ਸੂਫੀ ਗਾਇਕ ਹੋਣ ਦਾ ਰੌਲਾ ਪਾਉਣ ਵਾਲਿਆਂ ਦੀ ਅੱਜ-ਕੱਲ੍ਹ ਭਰਮਾਰ ਹੈ। ਸੂਫੀ ਸੰਗੀਤ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਸੂਫੀ ਅਪਣੇ ਆਪ 'ਚ ਸੋਚ ਅਤੇ ਕਲਾਮ ਹੈ ਜੋ ਹਰ ਤਰ੍ਹਾਂ ਦੇ ਗ਼ਲਬੇ, ਨੁਮਾਇਸ਼ ਜਾਂ ਦਿਖਾਵੇ ਦੇ ਸਖ਼ਤ ਖ਼ਿਲਾਫ਼ ਹੈ। ਅੱਜ ਦੇ ਸਮਿਆਂ 'ਚ ਲੰਬੇ ਵਾਲ ਰੱਖ ਕੇ ਸਿਰ ਹਿਲਾਉਣਾ ਅਤੇ ਪੱਗ ਬੰਨ੍ਹਣਾ ਹੀ ਸੂਫੀ ਹੋਣ ਦਾ ਪੈਮਾਨਾ ਹੋ ਗਿਆ ਹੈ। ਜਿਸ ਦਿਖਾਵੇ ਦਾ ਸੂਫੀ ਸਭ ਤੋਂ ਵੱਧ ਵਿਰੋਧ ਕਰਦੇ ਸਨ, ਉਹੀ ਨੁਮਾਇਸ਼-ਮੁਖੀ ਸੱਭਿਆਚਾਰ ਹੁਣ ਸੂਫੀ ਹੋਣ ਦੀ ਤਸਦੀਕ ਕਰਦਾ ਹੈ। ਪੱਗ ਮਾਰਕਾ 'ਸੂਫੀ' ਆਪਣੇ ਗੀਤਾਂ 'ਚ ਨੌਜਵਾਨਾਂ ਨੂੰ ਗਾਲਾਂ ਕੱਢਣ ਨੂੰ 'ਸੂਫੀ ਕਲਾਮ' ਸਮਝੀ ਬੈਠੇ ਹਨ। ਜਿਵੇਂ ਮੁਲਕ ਦੀਆਂ ਸਾਰੀਆਂ ਸਮੱਸਿਆਵਾਂ ਗੱਭਰੂਆਂ ਨੇ ਹੀ ਪੈਦਾ ਕੀਤੀਆਂ ਹੋਣ? ਅਜਿਹੇ 'ਗ਼ੈਰ ਸਿਆਸੀ' ਕਹਾਉਣ ਵਾਲੇ ਦਿਖਾਵੇਬਾਜ਼ ਸੂਫੀਆਂ ਦੀ ਸਿਆਸਤ ਡਾਹਢਿਆਂ ਦੇ ਹੱਕ 'ਚ ਹੀ ਭੁਗਤ ਸਕਦੀ ਹੈ। ਮੁਲਕ ਦੀ 'ਤਰੱਕੀ' 'ਚ ਰੋੜਾ ਬਣਨ ਵਾਲੇ ਗੱਭਰੂਆਂ ਦਾ ਦੁੱਖ ਸਤਿੰਦਰ ਸਰਤਾਜ ਜਿਹੇ 'ਸੂਫੀ' ਨਹੀਂ ਸਮਝ ਸਕਦੇ। ਜੇ ਸਮਝੇ ਹੁੰਦੇ ਤਾਂ ਮੁਲਕ ਦੇ ਅਸਲੀ ਦੁਸ਼ਮਣਾਂ ਦੀ ਨਿਸ਼ਾਨਦੇਹੀ ਗੀਤਾਂ 'ਚ ਜ਼ਰੂਰ ਕਰਦੇ। ਜਿਵੇਂ ਬਾਬਾ ਬੁੱਲੇ ਸ਼ਾਹ ਨੇ ਬਾਬੇ ਤੇਗ ਬਹਾਦਰ ਨੂੰ ਗ਼ਾਜ਼ੀ (ਧਰਮ ਲਈ ਲੜਨ ਵਾਲਾ ਸੂਰਮਾ) ਕਹਿ ਕੇ ਔਰੰਗਜ਼ੇਬ ਨੂੰ ਕਾਫ਼ਿਰ ਗਰਦਾਨ ਦਿੱਤਾ ਸੀ। ਗ਼ਲਬਿਆਂ ਦੇ ਸਮਕਾਲੀ ਰੂਪ ਦੀ ਪਛਾਣ ਕਰਕੇ ਹੀ ਸੂਫੀਆਂ ਦੀ ਵਿਰਾਸਤ ਅਤੇ ਪੈਰੋਕਾਰਾਂ ਦੀ ਕਤਾਰਬੰਦੀ ਹੋ ਸਕਦੀ ਹੈ।
ਮੇਰੀ ਫ਼ਿਲਮ 'ਮਿੱਟੀ' 'ਚ 'ਅਸ਼ਲੀਲ' ਸੰਵਾਦ ਅਤੇ ਗਾਲਾਂ ਹੋਣ ਦਾ ਦੋਸ਼ ਲੱਗਦਾ ਰਿਹਾ ਹੈ। ਮੇਰੀ ਜਾਚੇ ਫ਼ਿਲਮ 'ਚ ਜੀਤ ਬਾਈ ਦੇ ਕਤਲ ਵਾਲਾ ਦ੍ਰਿਸ਼ ਅਸ਼ਲੀਲ ਹੈ। ਜੀਹਦੇ 'ਚ ਕਿਰਦਾਰ ਨੂੰ ਤਿੰਨ ਗੋਲੀਆਂ ਲੱਗਣ ਤੋਂ ਬਾਅਦ ਲਹੂ-ਲੁਹਾਣ ਦਿਖਾਇਆ ਗਿਆ ਹੈ। ਇਸ ਤਰ੍ਹਾਂ ਦੇ ਦ੍ਰਿਸ਼ ਸੰਗਤ ਨੂੰ ਗ਼ੈਰ-ਸੰਵੇਦਨਸ਼ੀਲ ਬਣਾਉਂਦੇ ਹਨ। ਉਨ੍ਹਾਂ ਨੂੰ ਗੋਲੀ ਲੱਗਣ ਜਾਂ ਮੌਤ ਜਿਹੇ ਵਰਤਾਰੇ ਸਹਿਜ ਲੱਗਣ ਲੱਗ ਪੈਂਦੇ ਹਨ। ਮਨੁੱਖੀ ਜ਼ਿੰਦਗੀ ਦੀ ਕੀਮਤ ਸਮਝਣ ਵਾਲਿਆਂ ਲਈ ਇਹ ਅਣਮਨੁੱਖੀ ਹੈ। ਮੈਂ ਅਜਿਹੇ ਦ੍ਰਿਸ਼ ਆਉਣ ਵਾਲੀਆਂ ਫ਼ਿਲਮਾਂ 'ਚ ਨਹੀਂ ਦੁਹਰਾ ਸਕਦਾ। ਅਸ਼ਲੀਲਤਾ ਦਾ ਇੱਕ ਪੈਮਾਨਾ ਅਸੀਂ ਇੱਥੋਂ ਵੀ ਮਿੱਥਦੇ ਹਾਂ। ਮੁਸਲਮਾਨਾਂ ਨੂੰ ਬਦਨਾਮ ਕਰਦੀਆਂ ਫ਼ਿਲਮਾਂ ਬਣਾਉਣ 'ਚ ਬਾਲੀਵੁੱਡ ਪਿੱਛੇ ਨਹੀਂ ਰਿਹਾ। ਮੁਸਲਮਾਨਾਂ ਨੂੰ ਖ਼ਲਨਾਇਕ ਸਾਬਤ ਕਰਨ 'ਚ ਇਨ੍ਹਾਂ ਫ਼ਿਲਮਾਂ ਦਾ ਭਰਵਾਂ ਯੋਗਦਾਨ ਹੈ। 'ਏ ਵੈਡਨਸਡੇ' ਨਾਂ ਦੀ ਫ਼ਿਲਮ ਉਸ ਲੰਬੀ ਕੜੀ ਦੀ ਅਹਿਮ ਲੜੀ ਹੈ। ਪਿੱਛੇ ਜਿਹੇ ਸ਼ਹਿਰੀ ਤੁ ਮਨੁੱਖੀ ਹਕੂਕ ਕਾਰਕੁਨ ਪ੍ਰਸ਼ਾਂਤ ਭੂਸ਼ਣ ਉੱਤੇ ਤਿੰਨ ਗੁੰਡਿਆਂ ਨੇ ਹਮਲਾ ਕੀਤਾ। ਉਨ੍ਹਾਂ 'ਚੋਂ ਇੱਕ ਤੇਜਿੰਦਰਪਾਲ ਬੱਗਾ ਪਹਿਲਾਂ ਵੀ ਅਜਿਹੇ ਹਮਲੇ ਫ਼ਾਰੂਖ਼ ਮੀਰਵਾਇਜ਼ ਅਤੇ ਹੋਰ ਕਸ਼ਮੀਰੀ ਆਗੂਆਂ 'ਤੇ ਕਰ ਚੁੱਕਿਆ ਹੈ। ਅਜਿਹੀ ਗੁੰਡਾਗਰਦੀ ਲਈ ਉਹ ਫ਼ਿਲਮ 'ਏ ਵੈਡਨਸਡੇ' ਨੂੰ ਰਾਹ-ਦਸੇਰਾ ਅਤੇ ਵੱਡੀ ਹੱਲਾਸ਼ੇਰੀ ਮੰਨਦਾ ਹੈ। ਇਸ ਅਸ਼ਲੀਲਤਾ ਨੂੰ ਸਾਡਾ ਸਮਾਜ ਕਿਸ ਖ਼ਾਤੇ ਪਾਵੇਗਾ?

(ਲੇਖਕ ਨਾਲ ਇਸ ਨੰਬਰ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। +919779934747

6 comments:

  1. जतिंदर 22 इक पासे तां तुसी कह रहे हो कि ..बैंडिट क्वीन.. विच फूलन देवी नूं नंगी कर देण वाले द्रिश विच तुसी आप लोकां नूं अक्खां बंद करदेयां वेखया है (यानि उस द्रिश ने लोकां नूं झंझोड़ दिता सी...सो ओह द्रिश अशलील नहीं)....
    दूजे पासे आपणी ही फिल्म विच जीत 22 दे कतल वाला द्रिश तुहानूं हुण अशलील जापदा है...मैनू एह समझ नहीं आई कि जेकर फूलन देवी नाल होई ज्याद्ती वेले लोक अक्खां मीच सकदे ने ( यानि लोक संवेदनशील हो गए) तां जीत 22 दे कतल मौके लोक ग़ैर-संवेदनशील किवें हो सकदे ने...
    इसतों इलावा तुसीं जो लिखया है...हर गल्ल नाल मैं सहमत हां....

    हरप्रीत राठौड़

    ReplyDelete
  2. ਧੰਨਵਾਦ ਜਤਿੰਦਰ ਜੀ ਫਿਲ੍ਮਸਾਜੀ ਨਾਲ ਸੰਬੰਧ ਰਖਦੇ ਲੋਕਾਂ ਵੱਲੋ ਅਜੇਹੇ ਸੰਵਾਦ ਦੀ ਲੋੜ ਹੈ ਤੁਸਾਂ ਚੰਗਾ ਕੰਮ ਕਰ ਰਹੇ ਹੋ

    ReplyDelete
  3. (Note: there were some grammatical mistakes in the earlier comment. so please publih this corrected one)

    @SPORTSYNOT (harpreet)
    There is a huge difference between both the cases as one deals with the famine sexual vulgarity vs. pain, where as other,( scene of killing Jeet Bhai), deals with glamorizing violence and in-sensitiveness. Both can’t be discussed in one breath. Cinema-art works on metaphors where we see different things with totally different meanings. There are hundreds of films made on Phoolan Devi, where people have enjoyed watching Phoolan bring raped. Bandit-queen is first of its kind where Dir Shekar Kapoor showed same visuals but conveyed her unbearable pain in the audience. The pain which only a woman can understand, here men also felt like hating their own race.
    In Film “Mitti”, scene’s sole purpose was to show violent collision of two classes which, was been fulfilled by just showing the way of our protagonist been blocked by the mafia. It was enough clear at the idea level that they are here to kill Jeet Bhai. But later on, lengthening it and showing them shooting him and dying with pain & spilling blood, starts overdosing and glamorizing a human death, which is unnecessary and hence throwing it into category of vulgarity. So it’s a director’s responsibility to keep his audience on track of his idea what he actually wants to convey. Here rather than a question of how a man dies, it’s a matter of human exploitation and suppression by the upper class.
    The biggest threat of this is on kids which are future of our society. Often violence is presented without punishment and even without signs of pain like in cartoons. They see people who are laughing during killing humans and maybe consider violence as a normal solution to even small problems. Market is full of toy guns and violent literature. Even Holi festival is being played as a battle-field with water-toy-guns.

    ravidev

    ReplyDelete
  4. ਜਤਿੰਦਰ ਮੌਹਰ ਹੋਰੀਂ ਮੰਝੇ ਹੋਏ ਲੇਖਕ ਹਨ..ਮਿੱਟੀ ਫਿਲਮ ਦਾ ਵਿਸ਼ਾ ਵੀ ਬੜਾ ਸੰਵੇਦਲਸ਼ੀਲ ਉਨ੍ਹਾਂ ਚੁਣਿਆ ਸੀ..ਏਸ ਲਿਖਤ ਵਿੱਚ ਵੀ ਕਰਾਰੀ ਚੋਟ ਹੈ ..ਪਰ ਉਨ੍ਹਾਂ ਦੇ ਮਿੱਟੀ ਵਿਚਲੇ ਡਾਇਲਾਗ..'ਏਸ' ਨੂੰ ਵੱਡ ਕੇ ਸੁੱਟ ਦੇ..ਅਤੇ ਐਡੀ ਐਡੀ ਖੇਤੀ' (ਅਤੇ ਕਈ ਹੋਰ ਡਾਇਲਾਗ ਵੀ) ਕਹਾਣੀ ਨੂੰ ਅੱਗੇ ਤੋਰਨ ਵਿੱਚ ਬੇਸ਼ੱਕ ਕੋਈ ਭੂਮਿਕਾ ਨਿਭਾਉਂਦੇ ਹੋਣ..ਪਰ ਮੈਂ ਇਨ੍ਹਾਂ ਸੰਵਾਦਾ ਨੂੰ ਸੱਭਿਅਕ ਹੋਣ ਦਾ ਇਤਫ਼ਾਕ ਨਹੀਂ ਰੱਖਦਾ...ਬਾਕੀ ਲੇਖਕ ਸਾਹਬ ਜ਼ਿਆਦਾ ਸਮਝਦਾਰ ਨੇ..ਉਮੀਦ ਹੈ ਸਾਡੇ ਵਰਗਿਆਂ ਨੂੰ ਵੀ ਜ਼ਰੂਰ ਸਮਝਾਉਣਗੇ ਕਿ.......

    ReplyDelete
  5. There have been numerous rape scenes and killings shown in the films. But the impact of Bandit Queen is something that you question the very concept of humanity. It disturbs you to your core. In Satya when we see so many gangsters being killed by police and rival gangs you don’t enjoy them. You come out of the theatre thinking about the disgusted life of a gangster but in films like Kaante or Shootout at Lokhandwala or other action films killings are so stylish that you enjoy them. You don’t feel death which you feel in Satya or Bandit Queen.
    I would like to state one more example here. There is a video game available in the market based on world war two. In this video game player is a soldier who has to kill the other soldiers. A child enjoying this game can never understand what does actually it mean and what it is doing to him. For him, WW II will always remain a video game. Death is a Death but its enjoyment in cinema should be questioned and I think that’s what Jatinder meant.

    ReplyDelete
  6. @Gurtej they(Characters) are not civilised thats the very point director is trying to convey through above stated dialogues.

    ReplyDelete