Friday, 4 November 2011

ਗੋਬਲਜ਼ ਮਾਰਕਾ ਫ਼ਿਲਮਾਂ ਦਾ ਸੱਚ

ਜਤਿੰਦਰ ਮੌਹਰ

ਰੂਸੀ ਇਨਕਲਾਬ ਤੋਂ ਬਾਅਦ ਲੈਨਿਨ ਵੱਲੋਂ ਸਿਨੇਮਾ ਬਾਰੇ ਦਿੱਤੇ ਬਿਆਨ ਨੂੰ ਸਾਮਰਾਜੀ ਮੁਲਕਾਂ ਨੇ ਗੰਭੀਰਤਾ ਨਾਲ ਲਿਆ। ਪਹਿਲੀ ਵਾਰ ਫ਼ਿਲਮਾਂ 'ਤੇ ਸੈਂਸਰਸ਼ਿਪ ਬਿਠਾਈ। ਸਿਨੇਮਾ ਪ੍ਰਚਾਰ ਦੇ ਹਥਿਆਰ ਵਜੋਂ ਵਰਤਿਆ ਜਾਣ ਲੱਗਿਆ। ਫ਼ਿਲਮ ਦੀ ਸਮਰੱਥਾ ਤੋਂ ਦੋਵੇਂ ਧਿਰਾਂ ਵਾਕਫ਼ ਹਨ। ਵੀਅਤਨਾਮ ਜੰਗ ਦੀ ਇੱਕ ਤਸਵੀਰ ਨੇ ਅਮਰੀਕਾ ਦੀ ਹਾਰ 'ਚ ਫ਼ੈਸਲਾਕੁਨ ਭੂਮਿਕਾ ਨਿਭਾਈ। ਤਸਵੀਰ 'ਚ, ਬੰਬਾਰੀ ਤੋਂ ਖ਼ੌਫ਼ਜ਼ਦਾ ਕੁਝ ਬੱਚੇ ਭੱਜੇ ਜਾ ਰਹੇ ਹਨ। ਪਿੱਛੇ ਅੱਗ ਦੀਆਂ ਲਪਟਾਂ ਨਾਲ ਜੰਗਲ ਝੁਲਸ ਰਿਹਾ ਹੈ ਤੇ ਲਪਟਾਂ ਅੰਬਰ ਛੂਹ ਰਹੀਆਂ ਹਨ। ਤਸਵੀਰ ਅਖ਼ਬਾਰਾਂ 'ਚ ਛਪਣ ਤੋਂ ਬਾਅਦ ਜੰਗ ਦਾ ਪਾਸਾ ਪਲਟ ਗਿਆ। ਏਨ੍ਹੀ ਭਿਆਨਕਤਾ ਆਲਮ ਨੇ ਤਸਵੀਰ ਦੇ ਰੂਪ 'ਚ ਪਹਿਲੀ ਵਾਰ ਦੇਖੀ ਸੀ। ਪਿੱਛੋਂ ਅਜਿਹੀਆਂ ਅਮਰੀਕੀ ਫ਼ਿਲਮਾਂ ਦਾ ਹੜ੍ਹ ਆ ਗਿਆ, ਜਿਨ੍ਹਾਂ 'ਚ ਬੰਬ ਡਿੱਗਣਾ, ਮਨੁੱਖੀ ਜੀਆਂ ਅਤੇ ਕੁਦਰਤ ਦਾ ਝੁਲਸਣਾ ਆਮ ਜਿਹੀ ਗੱਲ ਸੀ। ਹੁਣ ਸਾਨੂੰ ਅਜਿਹੀਆਂ ਤਸਵੀਰਾਂ ਡਰਾਉਂਦੀਆਂ ਨਹੀਂ ਹਨ। ਨਾ ਸਾਨੂੰ ਪੀੜਤਾਂ 'ਤੇ ਤਰਸ ਆਉਂਦਾ ਹੈ ਅਤੇ ਨਾ ਦਰਦਮੰਦੀ ਦਾ ਅਹਿਸਾਸ ਜਾਗਦਾ ਹੈ। ਅਸੀਂ ਤਾਂ ਮੋਟੀਆਂ ਤੇ ਸਲੂਣੀਆਂ ਖਿੱਲਾਂ ਚੱਬਦੇ ਹੋਏ ਅਜਿਹੇ ਦ੍ਰਿਸ਼ਾਂ ਦਾ 'ਭਰਪੂਰ ਸਵਾਦ' ਲੈਂਦੇ ਹਾਂ। ਨਾਇਕ ਦਾ ਥੋਕ 'ਚ ਗੋਲੀਆਂ ਚਲਾਉਣਾ ਅਤੇ ਬੇਹਿਸਾਬ ਬੰਦੇ ਮਾਰਨਾ 'ਰੌਚਕਤਾ' ਦਾ ਸਬੱਬ ਬਣਦਾ ਹੈ। ਸਾਮਰਾਜ ਅਜਿਹੀ 'ਰੌਚਕਤਾ' ਮਾਨਣ ਵਾਲੇ ਕਲਬੂਤ ਹੀ ਪੈਦਾ ਕਰਨੇ ਚਾਹੁੰਦਾ ਹੈ। ਜੋ ਮਨੁੱਖੀ ਸੰਵੇਦਨਾ ਤੋਂ ਵਿਰਵੇ ਹੋ ਕੇ ਸੀਲ ਖਪਤਕਾਰ ਬਣ ਸਕਣ। ਜਿਹੜੇ ਹੱਦਾਂ-ਸਰਹੱਦਾਂ ਤੋਂ ਪਾਰਲਿਆਂ ਨੂੰ ਸ਼ੱਕ ਤੋਂ ਬਿਨ੍ਹਾਂ ਹੋਰ ਕਿਸੇ ਨਜ਼ਰ ਨਾਲ ਨਾ ਦੇਖਣ। 'ਪਰਾਈ ਧਰਤੀ' 'ਤੇ ਵਾਪਰਦੇ ਸਾਕਿਆਂ ਨਾਲ ਉਨ੍ਹਾਂ ਦਾ ਕੋਈ ਜਮਾਂ-ਜੋੜ ਨਾ ਹੋਵੇ। ਹੱਦੋਂ ਪਾਰਲੇ ਲੋਕਾਂ 'ਤੇ ਸ਼ੱਕ ਕਰਨ ਦੀ ਸਿਖਲਾਈ ਨੂੰ ਆਮ ਸ਼ਹਿਰੀਆਂ ਦੀ ਰੋਜ਼ਾਨਾ-ਜ਼ਿੰਦਗੀ ਦਾ ਅੰਗ ਬਣਾ ਦੇਣਾ, ਰਾਜਤੰਤਰ ਦਾ ਕਰੂਰ ਖ਼ਾਸਾ ਹੈ। ਇਸ ਮਸ਼ਕ 'ਚ ਖੇਡ, ਕਲਾ ਅਤੇ ਸਿਆਸਤ ਤੱਕ ਸਭ ਕੁਝ ਸ਼ਾਮਲ ਕੀਤਾ ਜਾਂਦਾ ਹੈ।

ਦੇਸੀ, ਵਿਦੇਸ਼ੀ ਸਿਨੇਮੇ ਦੀਆਂ ਗੋਬਲਜ਼ ਮਾਰਕਾ ਫ਼ਿਲਮਾਂ ਦੀ ਲੰਬੀ ਲੜੀ ਸਾਡੇ ਸਾਹਮਣੇ ਹੈ। ਪੱਛਮੀ ਫ਼ਿਲਮਾਂ ਕਮਿਉਨਿਸਟਾਂ, ਗ਼ੈਰ-ਗੋਰੇ ਲੋਕਾਂ, ਅਤੇ ਨਾਟੋ ਜੰਗਬਾਜ਼ਾਂ ਨੂੰ ਚੁਣੌਤੀ ਦੇਣ ਵਾਲੇ ਮੁਲਕਾਂ ਦੀ ਨਿਸ਼ਾਨਦੇਹੀ ਦੁਸ਼ਮਣ ਵਜੋਂ ਕਰਦੀਆਂ ਹਨ। ਸਾਮਰਾਜੀ, ਇਨ੍ਹਾਂ ਲੋਕਾਂ ਨੂੰ ਪਰਾਏ-ਗ੍ਰਹਿ ਦੇ ਵਾਸੀ ਸਮਝਦੇ ਹਨ। ਜਿਨ੍ਹਾਂ ਨੂੰ ਧਰਤੀ 'ਤੇ ਰਹਿਣ ਦਾ ਕੋਈ ਹੱਕ ਨਹੀਂ ਹੈ। 'ਦੁਸ਼ਮਣਾਂ' ਨੂੰ ਧਰਤੀ ਦੇ ਕਿਸੇ ਵੀ ਕੋਨੇ 'ਚ ਜਾ ਕੇ ਤਬਾਹ ਕਰਨਾ ਬਸਤਾਨਾਂ ਦੀ ਬਹਾਦਰੀ ਦਾ ਸਬੂਤ ਬਣਦਾ ਹੈ। ਸਾਮਰਾਜੀਆਂ ਦੇ ਕੁਕਰਮਾਂ ਦੀ ਪਰਦਾਪੋਸ਼ੀ ਕਰਨ ਲਈ ਇਹ ਫ਼ਿਲਮਾਂ ਬਦਨਾਮ ਹਨ। ਰੈਂਬੋ ਨਾਂ ਦਾ ਕਿਰਦਾਰ ਤਿੰਨ ਦਹਾਕਿਆਂ ਤੋਂ ਵੀਅਤਨਾਮੀਆਂ, ਅਫ਼ਗਾਨੀਆਂ, ਰੂਸੀਆਂ ਅਤੇ ਬਰਮੀਆਂ ਦੇ ਛੱਕੇ ਛੁਡਾਉਂਦਾ 'ਸੂਰਮਗਤੀ ਦਾ ਅਵਤਾਰ' ਬਣ ਕੇ ਸਾਹਮਣੇ ਆਉਂਦਾ ਰਿਹਾ ਹੈ। ਅਜਿਹੀਆਂ ਅਣਗਿਣਤ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਅਜਿਹੀਆਂ ਫ਼ਿਲਮਾਂ ਨਾਟੋ-ਇਜ਼ਰਾਈਲ ਜੰਗੀ ਨੀਤੀਆਂ ਦਾ ਸਾਕਾਰ ਰੂਪ ਬਣਦੀਆਂ ਹਨ। ਸੰਨ੍ਹ ਲਾ ਕੇ ਕਤਲ ਕਰਨ ਦੇ ਇਸਰਾਈਲੀ ਨਮੂਨੇ ਇਨ੍ਹਾਂ ਫ਼ਿਲਮਾਂ ਦਾ ਅਟੁੱਟ ਅੰਗ ਹਨ। ਨਵੀਂ ਤਕਨੀਕ ਅਤੇ ਹਥਿਆਰਾਂ ਨਾਲ ਲੈਸ, ਚਮਕੀਲੀਆਂ ਵਰਦੀਆਂ ਪਾਈ ਫਿਰਦੇ ਫ਼ੌਜੀ, ਬੰਦਿਆਂ ਦਾ ਜਾਨਵਰਾਂ ਵਾਂਗੂੰ ਸ਼ਿਕਾਰ ਕਰਦੇ ਦਿਖਾਏ ਜਾਂਦੇ ਹਨ। ਇਹ ਕਰੂਰਤਾ ਇੰਨੀ ਅਦਾ ਨਾਲ ਦਿਖਾਈ ਜਾਂਦੀ ਹੈ ਕਿ ਦੇਖਣ ਵਾਲੇ ਲਈ ਬੰਦੇ ਨੂੰ ਮਾਰਨਾ ਦਿਲਖਿੱਚਵੀਂ ਖੇਡ ਜਿਹਾ ਲਗਦਾ ਹੈ। ਸਟੀਵਨ ਸਪੀਲਬਰਗ ਵਰਗਾ ਮਸ਼ਹੂਰ ਫ਼ਿਲਮਸਾਜ਼ ਸੰਨ੍ਹ ਲਾ ਕੇ ਕਤਲ ਕਰਨ ਦੇ ਮੁੱਦੇ 'ਤੇ 'ਮਿਊਨਿਕ' ਫ਼ਿਲਮ ਬਣਾਉਂਦਾ ਹੈ। ਫ਼ਿਲਮ ਸੰਨ ਉਨ੍ਹੀ ਸੌ ਚੌਂਹਟ ਦੀਆਂ ਮਿਊਨਿਕ ਉਲੰਪਿਕ-ਖੇਡਾਂ ਦੌਰਾਨ ਮਾਰੇ ਗਏ ਇਸਰਾਈਲੀ ਖਿਡਾਰੀਆਂ ਦਾ ਬਦਲਾ ਲੈਣ ਦੀ ਕਹਾਣੀ ਹੈ। ਫ਼ਲਸਤੀਨੀਆਂ ਵੱਲੋਂ ਅਜਿਹਾ ਕਦਮ ਚੁੱਕਣ ਦੇ ਕਾਰਨਾਂ ਦੀ ਵੱਖਰੀ ਤਫ਼ਸੀਲ ਦਿੱਤੀ ਜਾ ਸਕਦੀ ਹੈ ਜੋ ਉਸ ਦੌਰ ਦੇ ਜਰਮਨੀ ਅਤੇ ਕੌਮਾਂਤਰੀ ਹਾਲਾਤ ਬਾਰੇ ਤਸਵੀਰ ਨੂੰ ਸਾਫ਼ ਕਰ ਸਕੇਗੀ। ਫ਼ਿਲਹਾਲ ਅਸੀਂ ਫ਼ਿਲਮ ਦੇ ਹਵਾਲੇ ਨਾਲ ਗੱਲ ਕਰਾਂਗੇ। ਇਸਰਾਈਲ ਦੀ ਪ੍ਰਧਾਨ-ਮੰਤਰੀ ਯਹੂਦੀ ਖ਼ੁਫ਼ੀਆ-ਦਲ ਨੂੰ ਸੰਨ੍ਹ ਲਾ ਕੇ ਕਤਲ ਕਰਨ ਦਾ ਜ਼ਿੰਮਟਵਾਰੀ ਲਗਾਉਂਦੀ ਹੈ। ਖ਼ੁਫ਼ੀਆ-ਦਲ 'ਜ਼ਿੰਮੇਵਾਰ ਲੋਕਾਂ' ਨੂੰ ਵੱਖਰੇ-ਵੱਖਰੇ ਮੁਲਕਾਂ 'ਚ ਲੱਭ ਕੇ ਮਾਰਦਾ ਹੈ। ਦਲ ਵਿਚਲੇ ਕੁਝ ਸਿਪਾਹੀ ਮਾਰੇ ਜਾਂਦੇ ਹਨ। ਬੇਵਿਸਾਹੀ ਦੇ ਆਲਮ 'ਚ ਕੁਝ-ਇੱਕ ਮਾਨਸਿਕ ਰੋਗੀ ਬਣਨ ਦੀ ਹਾਲਤ 'ਚ ਪਹੁੰਚ ਜਾਂਦੇ ਹਨ। ਫ਼ਿਲਮ ਇਸਰਾਈਲੀ ਬਸ਼ਿੰਦਿਆਂ ਉੱਤੇ ਜੰਗੀ ਨੀਤੀਆਂ ਦੇ ਅਸਰ ਨੂੰ ਦਿਖਾਉਂਦੀ ਹੈ, ਜੋ ਬੀਮਾਰ ਸਮਾਜ ਪੈਦਾ ਕਰ ਰਹੀਆਂ ਹਨ। ਇਸਦੇ ਬਾਵਜੂਦ ਸਪੀਲਬਰਗ ਦਾ ਮੰਨਣਾ ਹੈ ਕਿ ਫ਼ਿਲਮ ਸੰਨ੍ਹ ਲਾ ਕੇ ਕਤਲ ਕਰਨ ਦੇ ਖ਼ਿਲਾਫ਼ ਨਹੀਂ ਹੈ। ਫ਼ਿਲਮਸਾਜ਼ ਦਾ ਬਿਆਨ ਫ਼ਿਲਮ ਦੇ ਪਿੱਛੇ ਦੀ ਸਿਆਸਤ ਨੂੰ ਉਘਾੜਦਾ ਹੈ।

ਫ਼ਿਲਮਸਾਜ਼ ਜੇਮਜ਼ ਕੈਮਰੂਨ ਦੀ ਸ਼ਾਹਕਾਰ ਫ਼ਿਲਮ 'ਅਵਤਾਰ' ਸੰਨ ਦੋ ਹਜ਼ਾਰ ਨੌਂ 'ਚ ਪਰਦਾ-ਪੇਸ਼ ਹੋਈ। ਜੋ ਅਮਰੀਕਾ ਦੀਆਂ ਮੁਨਾਫ਼ਾਖ਼ੋਰ ਅਤੇ ਜੰਗੀ-ਨੀਤੀਆਂ ਦੇ ਖ਼ਿਲਾਫ਼ ਨਿਮਾਣਿਆਂ ਅਤੇ ਨਿਤਾਣਿਆਂ ਦੀ ਆਵਾਜ਼ ਬਣਦੀ ਹੈ। ਫ਼ਿਲਮ ਨੂੰ ਦੁਨੀਆਂ ਪੱਧਰ 'ਤੇ ਵੱਡੀ ਕਾਮਯਾਬੀ ਮਿਲੀ। ਇਸੇ ਸਾਲ ਜੇਮਜ਼ ਦੀ ਸਾਬਕਾ-ਘਰਵਾਲੀ ਕੈਥਰੀਨ ਬਿਗਲੇ ਦੀ ਫ਼ਿਲਮ 'ਦਿ ਹਰਟ ਲੌਕਰ' ਵੀ ਪਰਦਾ-ਪੇਸ਼ ਹੋਈ ਸੀ। ਇਹ ਫ਼ਿਲਮ ਇਰਾਕ 'ਚ ਬੰਬ ਬੇਅਸਰ ਕਰਨ ਵਾਲੇ ਅਮਰੀਕੀ ਫ਼ੌਜੀਆਂ ਬਾਰੇ ਸੀ। ਅਮਰੀਕੀ ਫ਼ੌਜੀਆਂ ਨੂੰ ਇਰਾਕ ਦੇ ਰਾਖਿਆਂ ਵਜੋਂ ਅਤੇ ਇਰਾਕੀਆਂ ਨੂੰ ਖ਼ੂਨ-ਪੀਣੇ ਸ਼ੈਤਾਨ ਬਣਾ ਕੇ ਪੇਸ਼ ਕੀਤਾ ਗਿਆ। ਫ਼ਿਲਮ ਦਾ ਫ਼ੌਜੀ ਕਿਰਦਾਰ ਕਹਿੰਦਾ ਹੈ ਕਿ ਜਦੋਂ ਤੱਕ ਟੈਂਕ ਸਾਡੇ ਕੋਲ ਹਨ, ਸਾਨੂੰ ਕੋਈ ਨਹੀਂ ਹਰਾ ਸਕਦਾ। ਇਹ ਅਮਰੀਕਾ ਦੀ ਜੰਗੀ ਹੈਂਕੜ ਦਾ ਪ੍ਰਗਟਾਵਾ ਹੈ। ਫ਼ਿਲਮ ਅਮਰੀਕੀ ਫ਼ੌਜੀਆਂ ਦੀ 'ਬਹਾਦਰੀ' ਅਤੇ 'ਮੁਸ਼ੱਕਤ' ਦੀ ਇਕਤਰਫ਼ਾ ਤਸਵੀਰ ਪੇਸ਼ ਕਰਦੀ ਹੈ। ਜ਼ਾਹਰਾ ਤੌਰ 'ਤੇ ਫ਼ਿਲ਼ਮ ਇਰਾਕ 'ਚ ਅਮਰੀਕਾ ਦੀਆਂ ਕਰਤੂਤਾਂ ਲੁਕੋਣ ਲਈ ਬਣਾਈ ਗਈ ਸੀ। ਦੋਵੇਂ ਫ਼ਿਲਮਾਂ ਇੱਕ-ਦੂਜੇ ਦੇ ਖ਼ਿਲਾਫ਼ ਖੜਦੀਆਂ ਹਨ। ਜੇਮਜ਼ ਹਦਾਇਤਕਾਰੀ ਦੇ ਆਸਕਰ ਖ਼ਿਤਾਬ ਲਈ ਸਭ ਤੋਂ ਵੱਡਾ ਦਾਅਵੇਦਾਰ ਸੀ। ਪ੍ਰਬੰਧਕਾਂ ਨੇ ਕੈਥਰੀਨ ਬਿਗਲੇ ਨੂੰ ਹਦਾਇਤਕਾਰੀ ਦੇ ਆਸਕਰ ਨਾਲ ਨਿਵਾਜ ਕੇ ਸਾਰੀਆਂ ਗਿਣਤੀਆਂ-ਮਿਣਤੀਆਂ ਉਲਟ ਦਿੱਤੀਆਂ। ਦੋਵੇਂ ਫ਼ਿਲਮਸਾਜ਼ ਤਕਨੀਕੀ-ਹੁਨਰ ਦੇ ਮਾਮਲੇ 'ਚ ਬਰਾਬਰ ਮੜਿੱਕ ਸਕਦੇ ਹਨ। ਹੁਨਰ ਖਰੀਦਿਆ ਜਾ ਸਕਦਾ ਹੈ ਪਰ ਮਨੁੱਖਤਾ ਨੂੰ ਪ੍ਰਣਾਏ ਜਜ਼ਬੇ ਦੀ ਸਿਦਕਦਿਲੀ ਨਹੀਂ ਖਰੀਦੀ ਜਾ ਸਕਦੀ। ਮਸਲਾ ਸਰਬੱਤ ਦੇ ਭਲੇ ਦੀ ਸੋਚ ਨਾਲ ਖੜਨ ਜਾਂ ਡਾਹਢਿਆਂ ਦਾ ਝਾੜੂ-ਬਰਦਾਰ ਬਣਨ 'ਚੋਂ ਇੱਕ ਧਿਰ ਚੁਣਨ ਦਾ ਹੈ। ਸਾਰੀਆਂ ਫ਼ਿਲਮਾਂ ਕੈਮਰੇ ਨਾਲ ਬਣਦੀਆਂ ਹਨ ਪਰ ਕੈਮਰੇ ਪਿਛਲੀ ਐਨਕ ਰਾਜਤੰਤਰ ਤੋਂ ਖ਼ੁਫ਼ੀਆ ਤੰਤਰ ਤੱਕ ਕਿਸੇ ਦੀ ਵੀ ਹੋ ਸਕਦੀ ਹੈ। ਇਹੀ ਐਨਕ ਜੇਮਜ਼ ਕੈਮਰੂਨ ਵਰਗਿਆਂ ਦੀ ਵੀ ਹੋ ਸਕਦੀ ਹੈ। ਫ਼ਿਲਮ ਦਾ ਖ਼ਾਸਾ ਫ਼ਿਲਮਸਾਜ਼ ਦੇ ਨਜ਼ਰੀਏ ਨੇ ਤੈਅ ਕਰਨਾ ਹੈ। ਸਾਡੀ ਫ਼ਿਲਮ ਸਨਅਤ ਨੇ ਲੋਕ-ਸੰਘਰਸ਼ਾਂ, ਮੁਸਲਮਾਨਾਂ ਅਤੇ ਗੁਆਂਢੀ ਮੁਲਕਾਂ ਨੂੰ ਸ਼ੱਕ ਦੇ ਘੇਰੇ 'ਚ ਲਿਆਉਂਦੀਆਂ ਅਤੇ ਸਸਤੇ ਕਿਸਮ ਦੀ ਮੁਲਕਪ੍ਰਸਤੀ ਨੂੰ ਵਡਿਆਉਂਦੀਆਂ ਅਨੇਕਾਂ ਫ਼ਿਲਮਾਂ ਬਣਾਈਆਂ ਹਨ। 'ਬਲੈਕ ਫਰਾਈਡੇ, ਅ ਵੈਡਨਸਡੇ, ਗ਼ਦਰ, ਸਰਫ਼ਰੋਸ਼ ਅਤੇ ਰੈਡ ਅਲਰਟ ਜਿਹੀਆਂ ਫ਼ਿਲਮਾਂ ਇਸ ਰੁਝਾਨ ਦੀਆਂ ਨੁਮਾਇੰਦਾ ਫ਼ਿਲਮਾਂ ਹਨ। ਉੱਪਰ ਦਿੱਤੀਆਂ ਬਹੁਤੀਆਂ ਫ਼ਿਲਮਾਂ ਚਾਲੂ ਫ਼ਿਲਮ ਸਕੂਲ ਦੀ ਵਿਆਕਰਨ ਮੁਤਾਬਕ ਅੱਵਲ ਦਰਜੇ ਦੀਆਂ ਹਨ। ਇਸ ਵਿਆਕਰਨ 'ਚ ਪਟਕਥਾ, ਸੰਵਾਦ ਅਤੇ ਅਦਾਕਾਰੀ ਤੋਂ ਲੈ ਕੇ ਫ਼ਿਲਮ-ਕਲਾ ਦਾ ਹਰ ਪੱਖ ਸ਼ਾਮਿਲ ਹੈ। ਸਵਾਲ ਪੈਦਾ ਹੁੰਦਾ ਹੈ ਕਿ ਚੰਗੀ ਫ਼ਿਲਮ ਕਿਸ ਨੂੰ ਕਿਹਾ ਜਾਵੇ? ਬਿਨਾਂ ਸ਼ੱਕ, ਫ਼ਿਲਮ ਦਾ ਕਲਾਤਮਕ ਪੱਖ ਅਹਿਮ ਹੈ ਪਰ ਸਭ ਤੋਂ ਅਹਿਮ ਵਿਸ਼ਾ ਹੈ। ਉਹ ਵਿਸ਼ਾ ਜੋ ਮਨੁੱਖ ਦੇ ਹੱਕ 'ਚ ਭੁਗਤਦਾ ਹੋਵੇ। ਜੋ ਬੀਤੇ ਸਮਿਆਂ ਦਾ ਜਾਪ ਨਾ ਹੋ ਕੇ ਸਮਕਾਲੀ ਸਰੋਕਾਰਾਂ ਨੂੰ ਮੁਖ਼ਾਤਬ ਹੋਵੇ। ਕਲਾ ਅਤੇ ਪ੍ਰਬੰਧ ਮਨੁੱਖ ਲਈ ਹੈ ਨਾ ਕਿ ਮਨੁੱਖ ਕਲਾ ਅਤੇ ਪ੍ਰਬੰਧ ਲਈ। ਕਿਤੇ ਲੋਕਾਈ ਨੂੰ ਦਿਲ ਅਤੇ ਦਿਮਾਗ ਤੋਂ ਗ਼ੈਰਹਾਜ਼ਰ ਕਰਦੀ ਸੋਚ ਨੂੰ ਚੰਗੀ ਫ਼ਿਲਮ ਦਾ ਪੈਮਾਨਾ ਨਾ ਸਮਝ ਲਿਆ ਜਾਵੇ।


No comments:

Post a Comment