ਦਲਜੀਤ ਅਮੀ
ਜ਼ੀ ਟੈਲੀਵਿਜ਼ਨ ਦਾ ਲੜੀਵਾਰ 'ਹਿਟਲਰ ਦੀਦੀ' ਆਪਣੇ ਨਾਮ ਕਾਰਨ ਵਿਵਾਦ ਦਾ ਸਬੱਬ ਬਣਿਆ ਹੈ। ਅਮਰੀਕਾ ਵਿੱਚ ਸਰਗਰਮ ਐਂਟੀ-ਡੈਫ਼ੇਮੇਸ਼ਨ ਲੀਗ (ਏ.ਡੀ.ਐਲ.) ਦੇ ਨਿਰਦੇਸ਼ਕ ਅਬਰਾਹਿਮ ਫੌਕਸਮੈਨ ਨੇ ਚੈਨਲ ਦੇ ਮੁੱਖ ਅਧਿਕਾਰੀ ਪੁਨੀਤ ਗੋਇਨਕਾ ਅਤੇ ਚੇਅਰਮੈਨ ਸੁਭਾਸ਼ ਚੰਦਰਾ ਨੂੰ ਚਿੱਠੀ ਲਿਖੀ ਹੈ ਕਿ ਹਿਟਲਰ ਵਰਗਾ ਨਾਮ ਕਿਸੇ ਘਰੇਲੂ ਲੜੀਵਾਰ ਨੂੰ ਸੋਭਦਾ ਨਹੀਂ। ਉਨ੍ਹਾਂ ਚਿੱਠੀ ਵਿੱਚ ਲਿਖਿਆ ਹੈ, "ਹਿਟਲਰ ਸ਼ਬਦ ਕਿਸੇ ਟੈਲੀਵਿਜ਼ਨ ਚੈਨਲ ਦੇ ਸੋਪ ਉਪੇਰਾ ਦੇ ਨਾਮ ਵਜੋਂ ਢੁਕਵਾਂ ਨਹੀਂ ਹੈ। ਅਜਿਹਾ ਨਾਮ ਰੱਖ ਕੇ ਨਿਰਮਾਤਾ ਨੇ ਵੱਡੀ ਗ਼ਲਤੀ ਕੀਤੀ ਹੈ ਜਿਸ ਨੂੰ ਨਾਮ ਬਦਲ ਕੇ ਸੁਧਾਰਿਆ ਜਾ ਸਕਦਾ ਹੈ। ਹਿਟਰਲ ਸਾਮੀ ਨਸਲ ਵਿਰੋਧੀ ਹੋਣ ਦੇ ਨਾਲ ਮੂਲਵਾਦੀ ਤਾਨਾਸ਼ਾਹ ਸੀ ਜਿਸ ਨੇ ਯਹੂਦੀਆਂ ਨੂੰ ਯੂਰਪ ਵਿੱਚੋਂ ਖ਼ਤਮ ਕਰਨ ਲਈ ਭਿਆਨਕ ਕਤਲੇਆਮ ਕੀਤਾ। ਹਿਟਲਰ ਦੇ ਨਾਮ ਵਾਲੇ ਲੜੀਵਾਰ ਨੂੰ ਲੱਖਾਂ ਭਾਰਤੀ ਦਰਸ਼ਕਾਂ ਨੂੰ ਦਿਖਾਉਣਾ ਕਿਸੇ ਸਦਮੇ ਤੋਂ ਘੱਟ ਨਹੀਂ ਹੈ। ਇਹ ਨਾਜੀ ਕਤਲੇਆਮ ਨਾਲ ਜੁੜੇ ਕਾਤਲ ਦੇ ਨਾਮ ਨੂੰ ਛੁਟਿਆਉਣ ਵਾਲੀ ਗੱਲ ਹੈ। ਸਾਨੂੰ ਹਿਟਲਰ ਦਾ ਨਾਮ ਬੇਮਿਸਾਲ ਖਲਨਾਇਕ ਵਜੋਂ ਰਾਖਵਾਂ ਰੱਖਣਾ ਚਾਹੀਦਾ ਹੈ। ਟੈਲੀਵਿਜ਼ਨ ਲੜੀਵਾਰ ਦਾ ਨਾਮ ਉਸ ਦੇ ਨਾਮ ਉੱਤੇ ਰੱਖ ਕੇ ਹਿਟਲਰ ਅਤੇ ਕਤਲੇਆਮ ਦੀ ਵਿਰਾਸਤ ਨੂੰ ਛੁਟਿਆਇਆ ਨਹੀਂ ਜਾਣਾ ਚਾਹੀਦਾ।"
ਛੇ ਜਣਿਆਂ ਦੇ ਟੱਬਰ ਦਾ ਢਿੱਡ ਭਰਨ ਲਈ ਚੱਤੇਪਹਿਰ ਰੁਝੀ, ਨਾਖ਼ੁਸ਼ਗਵਾਰ ਯਾਦਾਂ ਵਿੱਚ ਘਿਰੀ ਅਤੇ ਬਾਕੀਆਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣ ਵਾਲੀ ਬੀਬੀ ਨੂੰ ਹਿਟਲਰ ਕਹਿਣਾ ਤਾਂ ਗ਼ਲਤ ਹੈ। ਲੜੀਵਾਰ ਵਿੱਚ ਕਿਰਦਾਰ ਦਾ ਰੁਖ਼ ਜਾਂ ਖ਼ਾਸਾ ਬਦਲਣ ਨੂੰ ਸਮਾਂ ਨਹੀਂ ਲੱਗਦਾ ਪਰ ਪਿਛਲੀ ਸਦੀ ਦੇ ਇਤਿਹਾਸ ਨੂੰ ਮਨੁੱਖੀ ਖ਼ੂਨ ਅਤੇ ਖਾਲਸ ਨਸਲ ਵਰਗੀਆਂ ਧਾਰਨਾਵਾਂ ਨਾਲ ਪਲੀਤ ਕਰਨ ਵਾਲੇ ਬੰਦਾ ਦਾ ਨਾਮ ਇਸ ਤਰ੍ਹਾਂ ਵਰਤਣ ਦੀ ਇਹ ਵਿੱਕੋਲਿਤਰੀ ਮਿਸਾਲ ਨਹੀਂ ਹੈ। ਇਸ ਰੁਝਾਨ ਦੀ ਸੰਜੀਦਾ ਨਜ਼ਰਸਾਨੀ ਤੋਂ ਪਹਿਲਾਂ ਕੁਝ ਗੱਲਾਂ ਏ.ਡੀ.ਐਲ. ਬਾਬਤ ਕਰਨੀਆਂ ਬਣਦੀਆਂ ਹਨ। ਇਸ ਦੀ ਵੈਬਸਾਇਟ ਮੁਤਾਬਕ 'ਯਹੂਦੀਆਂ ਖ਼ਿਲਾਫ਼ ਪ੍ਰਚਾਰ ਰੋਕਣ, ਇਨਸਾਫ਼ ਅਤੇ ਸਭ ਨਾਲ ਇੱਕੋ-ਜਿਹਾ ਵਰਤਾਅ ਯਕੀਨੀ ਬਣਾਉਣ ਲਈ' 1913 ਵਿੱਚ ਇਹ ਜਥੇਬੰਦੀ ਬਣਾਈ ਗਈ ਸੀ। ਹੁਣ ਇਸ ਜਥੇਬੰਦੀ ਦੇ ਆਲਮੀ ਪੱਧਰ ਉੱਤੇ ਤੀਹ ਦਫ਼ਤਰ ਹਨ ਅਤੇ ਇਸ ਨੂੰ ਇਸਰਾਈਲ ਅਤੇ ਯਹੂਦੀਆਂ ਦੀ ਅਲੰਬਰਦਾਰ ਮੰਨਿਆ ਜਾਂਦਾ ਹੈ। ਇਸ ਵੇਲੇ ਇਹ ਸੰਸਥਾ ਯਹੂਦੀਆਂ ਦੇ ਪੈਂਤੜੇ ਤੋਂ ਅਤਿਵਾਦ ਅਤੇ ਬੁਨਿਆਦਪ੍ਰਸਤੀ ਬਾਬਤ ਸਮਝ ਉਸਾਰਨ ਲਈ ਸਰਗਰਮ ਹੈ। ਇਹ 'ਇਸਰਾਈਲ ਅਤੇ ਯਹੂਦੀ ਆਲਮ ਦੀ ਸੁਰੱਖਿਆ' ਨੂੰ ਬੁਲੰਦ ਕਰਦੀ ਹੈ। ਪਿਛਲੇ ਦਿਨੀਂ ਸਪੈਨਿਸ਼ ਬੋਲੀ ਦੇ ਲਾਤੀਨੀ ਅਮਰੀਕੀ ਸੰਪਾਦਕਾਂ, ਪ੍ਰਕਾਸ਼ਕਾਂ, ਅਤੇ ਨਿਰਮਾਤਾਵਾਂ ਦਾ ਵਫ਼ਦ ਅੱਠ ਦਿਨ ਲਈ ਇਸ ਸੰਸਥਾ ਦੇ ਉਦਮ ਨਾਲ ਇਸਰਾਈਲ ਗਿਆ ਤਾਂ ਜੋ ਉਨ੍ਹਾਂ ਨੂੰ ਸੱਭਿਆਚਾਰ, ਸਮਾਜ, ਸਿਆਸਤ ਅਤੇ ਫਲਸਤੀਨ ਨਾਲ ਚਲਦੇ ਕਲੇਸ਼ ਦੀ ਸਮਝ ਆ ਸਕੇ। ਇਸ ਮੁਹਿੰਮ ਦਾ ਵਧੇਰੇ ਸਮਝ ਅਬਰਾਹਿਮ ਫੌਕਸਮੈਨ ਦੇ ਬਿਆਨ ਤੋਂ ਪੈਂਦੀ ਹੈ, "ਉੱਤਰੀ ਅਤੇ ਲਾਤੀਨੀ ਅਮਰੀਕਾ ਵਿੱਚ ਜਾਣਕਾਰੀ ਦੇ ਪਸਾਰੇ ਅਤੇ ਵਿਚਾਰ ਵਟਾਂਦਰੇ ਉੱਤੇ ਸਪੈਨਿਸ਼ ਮੀਡੀਆ ਅਸਰਅੰਦਾਜ਼ ਹੁੰਦਾ ਹੈ। ਇਹ ਇਸਰਾਈਲ ਅਤੇ ਇਸ ਦੇ ਨਾਲ ਲਗਦੇ ਖ਼ਿੱਤੇ ਬਾਬਤ ਸਮਝ ਉਸਾਰਨ ਦਾ ਅਹਿਮ ਜ਼ਰੀਆ ਹੈ।" ਇਸ ਵਫ਼ਦ ਦੇ ਪੱਤਰਕਾਰਾਂ ਨੂੰ ਇਸਰਾਈਲੀ ਪੁਲਿਸ ਦੇ ਬੁਲਾਰੇ ਨੇ ਹਾਲਾਤ ਸਮਝਾਏ ਅਤੇ ਹੈਲੀਕਾਪਰਾਂ ਵਿੱਚ ਇਲਾਕਾ ਦਿਖਾਇਆ।
ਅਜਿਹੇ ਹੈਲੀਕਾਪਟਰ ਦੌਰਿਆਂ ਤੋਂ ਬਾਅਦ ਪੱਤਰਕਾਰਾਂ ਜਾਂ ਅਖ਼ਬਾਰਾਂ ਦੇ ਪੈਂਤੜੇ ਬਦਲਣ ਦੀਆਂ ਅਨੇਕਾਂ ਮਿਸਾਲਾਂ ਹਨ। ਸੰਨ 1982 ਵਿੱਚ ਇਸਰਾਈਲ ਦੇ ਲਿਬਨਾਨ ਉੱਤੇ ਹਮਲੇ ਦਾ ਵਿਰੋਧ ਕਰਨ ਵਾਲੇ ਰੁਪਰਟ ਮਰਡੌਕ ਅਤੇ ਚਾਰਲਸ ਡਗਲਜ਼ ਦੇ ਇਸਰਾਈਲੀ ਹੈਲੀਕਾਪਟਰ ਵਿੱਚ ਝੂਟਾ ਲੈਣ ਤੋਂ ਬਾਅਦ ਬਦਲੇ ਪੈਂਤੜੇ ਦੀ ਗਵਾਹੀ ਉਨ੍ਹਾਂ ਨਾਲ 'ਟਾਈਮਜ਼' ਵਿੱਚ ਕੰਮ ਕਰਨ ਵਾਲਾ ਰੌਬਰਟ ਫਿਸਕ ਪਾਉਂਦਾ ਹੈ। ਇਸਰਾਈਲ ਦੇ ਹਮਲਾਵਰ ਰੁਖ਼ ਦੀ ਵਕਾਲਤ ਕਰਨ ਲਈ ਅਜਿਹੀਆਂ ਮੁਹਿੰਮਾਂ ਖ਼ੁਫ਼ੀਆ ਏਜੰਸੀ ਮਸਾਦ ਤੋਂ ਲੈ ਕੇ ਗ਼ੈਰ-ਸਰਕਾਰੀ ਜਥੇਬੰਦੀਆਂ ਤੱਕ ਚਲਾਉਂਦੀਆਂ ਹਨ। ਇਨ੍ਹਾਂ ਮੁਹਿੰਮਾਂ ਦੇ ਨਤੀਜੇ ਵਜੋਂ ਇਸਰਾਈਲੀ ਵਧੀਕੀਆਂ ਖ਼ਿਲਾਫ਼ ਸੰਯੁਕਤ ਰਾਸ਼ਟਰ ਵਿੱਚ ਬਹੁਗਿਣਤੀ ਦੇ ਬਾਵਜੂਦ ਮਤਾ ਪ੍ਰਵਾਨ ਨਹੀਂ ਹੁੰਦਾ। ਅਮਰੀਕੀ ਵਿਦੇਸ਼ ਨੀਤੀ ਵਿੱਚ ਇਸਰਾਈਲੀ ਦਖ਼ਲ ਅਤੇ ਅਰਥਚਾਰੇ ਵਿੱਚ ਯਹੂਦੀਆਂ ਦੀ ਹਿੱਸੇਦਾਰੀ ਦੇ ਚਰਚੇ ਆਮ ਹਨ। ਜਿਸ ਹਿਟਲਰ ਦੇ ਖ਼ੌਫ਼ ਨਾਲ ਉਹ ਆਪਣੀ ਹਰ ਕਾਰਵਾਈ ਨੂੰ ਜਾਇਜ਼ ਕਰਾਰ ਦਿੰਦੇ ਹਨ, ਉਸੇ ਦੀ ਅਮਲ ਵਿੱਚ ਨਕਲ ਕਰਦੇ ਹਨ। ਜੋ ਕੁਝ ਖਾਲਸ ਨਸਲ ਦੇ ਨਾਮ ਉੱਤੇ ਹਿਟਲਰ ਨੇ ਕੀਤਾ ਹੈ, ਉਸੇ ਦੀ ਲਗਾਤਾਰਤਾ ਵਿੱਚ ਇਸਰਾਈਲੀ-ਅਮਰੀਕੀ ਵਿਦੇਸ਼ ਨੀਤੀਆਂ ਅਤੇ ਜੰਗੀ ਮੁਹਿੰਮਾਂ ਨੂੰ ਵੇਖਿਆ ਜਾ ਸਕਦਾ ਹੈ। ਇਨ੍ਹਾਂ ਨੇ ਹਿਟਲਰ ਦੀ ਖ਼ੂਖ਼ਾਰ ਦੌਰ ਨੂੰ 'ਯਹੂਦੀ ਕਤਲੇਆਮ' ਤੱਕ ਮਹਿਦੂਦ ਕਰ ਦਿੱਤਾ ਹੈ। ਹਿਟਲਰ ਦਾ ਸਭ ਤੋਂ ਪਹਿਲਾਂ ਨਿਸ਼ਾਨਾ ਕਮਿਉਨਿਸਟ ਬਣੇ। ਬਾਅਦ ਵਿੱਚ ਯਹੂਦੀਆਂ ਦੇ ਨਾਲ ਉਸ ਨੇ ਹਰ ਤਰ੍ਹਾਂ ਦੇ ਜਥੇਬੰਦ ਜੁੱਟ ਨੂੰ ਨਿਸ਼ਾਨਾ ਬਣਾਇਆ। ਜਰਮਨ ਅਤੇ ਪੂਰਬੀ ਯੂਰਪੀ ਕਮਿਉਨਿਸਟਾਂ ਦਾ ਕਤਲੇਆਮ ਨਜ਼ਰਅੰਦਾਜ਼ ਕਰਨਾ ਅਮਰੀਕੀ ਧੜੇ ਦੇ ਨਾਲ ਸੋਵੀਅਤ ਯੂਨੀਅਨ ਨੂੰ ਵੀ ਸੂਤ ਬੈਠਦਾ ਸੀ। ਸੋਵੀਅਤ ਯੂਨੀਅਨ ਦਾ ਇੱਕ ਵੇਲੇ ਹਿਟਲਰ ਨਾਲ ਸਮਝੌਤਾ ਹੋਇਆ ਤਾਂ ਉਸ ਦਾ ਜਰਮਨ ਤੇ ਹੋਰ ਯੂਰਪੀ ਕਮਿਉਨਿਸਟਾਂ ਨਾਲੋਂ ਟੁੱਟਣਾ ਲਾਜ਼ਮੀ ਸੀ। ਅਮਰੀਕਾ ਨੂੰ ਹਰ ਤਰ੍ਹਾਂ ਦੇ ਕਮਿਉਨਿਸਟ ਨਾਮਨਜ਼ੂਰ ਸਨ। ਯਹੂਦੀਆਂ ਨੂੰ ਇਸਰਾਈਲ ਬਣਾਉਣ ਅਤੇ 'ਕਤਲੇਆਮ ਦੀ ਪੀੜਾ' ਨੂੰ ਜੁੱਟ ਵਿੱਚ ਤਬਦੀਲ ਕਰਨ ਲਈ ਕਮਿਉਨਿਸਟ ਯਹੂਦੀਆਂ ਵਾਲੀ ਪਛਾਣ ਔਕੜ ਜਾਪਦੀ ਸੀ। ਇਸ ਪੇਚੀਦਗੀ ਦੀ ਲਗਾਤਾਰਤਾ ਹੁਣ ਤੱਕ ਕਾਇਮ ਹੈ। ਬੁਨਿਆਦਪ੍ਰਸਤੀ ਖ਼ਿਲਾਫ਼ ਲੜਾਈ ਦੇ ਨਾਮ ਉੱਤੇ ਇਸਰਾਈਲੀ ਨੇ ਯਹੂਦੀ ਬੁਨਿਆਦਪ੍ਰਸਤੀ ਫੈਲਾਉਣ ਲਈ ਹਰ ਹਰਵਾ ਵਰਤਿਆ ਹੈ। ਇਸੇ ਤਰ੍ਹਾਂ ਅਮਰੀਕਾ ਪੂਰੀ ਦੁਨੀਆ ਵਿੱਚ 'ਜਮਹੂਰੀਅਤ' ਦੇ ਪਸਾਰੇ ਲਈ ਹਰ ਦਾਅ ਵਰਤ ਰਿਹਾ ਹੈ।
ਜੇ ਇਸ ਰੁਝਾਨ ਦੀ ਵੰਨ-ਸਵੰਨਤਾ ਨੂੰ ਕੁਝ ਨੁਕਤਿਆਂ ਵਿੱਚ ਸਮਝਣਾ ਹੋਵੇ ਤਾਂ ਅਮਰੀਕੀ ਕਾਰਪੋਰੇਟ, ਯਹੂਦੀ ਸੁਰੱਖਿਆ, ਤਾਲਿਬਾਨੀ ਸ਼ਰੀਅਤ ਅਤੇ ਆਲਮੀ ਸੱਭਿਆਚਾਰਕ ਪੇਸ਼ਕਾਰੀਆਂ ਦੀਆਂ ਸਾਂਝੀਆਂ ਤੰਦਾਂ ਉਜਾਗਰ ਹੁੰਦੀਆਂ ਹਨ। ਮੂਲ ਰੂਪ ਵਿੱਚ ਦੋਸਤੀਆਂ-ਦੁਸ਼ਮਣੀਆਂ ਸਮੇਤ ਇਹ ਸਾਰਾ ਰੁਝਾਨ ਖਾਲਸ ਨਸਲ ਜਾਂ ਸੋਚ ਦਾ ਆਲਮ ਉਸਾਰਨ ਦੀ ਵਕਾਲਤ ਕਰਦਾ ਹੈ। ਮਨੁੱਖੀ ਵੰਨ-ਸਵੰਨਤਾ ਨੂੰ ਖ਼ਤਮ ਕਰਕੇ ਆਪਣੀ ਪਸੰਦ ਦਾ ਆਲਮ ਉਸਾਰਨ ਵਾਲਿਆਂ ਵਿੱਚ ਚੋਖੀ ਵੰਨ-ਸਵੰਨਤਾ ਹੈ। ਬਸਤਾਨੀ ਮੁਕਾਬਲੇ ਦੀ ਤਰਜ਼ ਉੱਤੇ ਮੂਲਵਾਦੀਆਂ ਦਾ ਮੁਕਾਬਲਾ ਚੱਲ ਰਿਹਾ ਹੈ। ਕਦੇ ਭਾਰਤ ਦੀ ਸਰਜ਼ਮੀਨ ਉੱਤੇ ਫਰਾਂਸੀਸੀ, ਡਚ, ਬਰਤਾਨਵੀ ਅਤੇ ਪੁਰਤਗਾਲੀ ਬਸਤਾਨਾਂ ਨੇ ਆਪਸੀ ਜੰਗਾਂ ਲੜੀਆਂ ਸਨ। ਹੁਣ ਮਨੁੱਖ ਦੇ ਪਿੰਡੇ ਉੱਤੇ ਉਸ ਨੂੰ ਸੀਲ ਕਰਨ ਦੀ ਜੰਗ ਚੱਲ ਰਹੀ ਹੈ। ਆਪਣਾ ਬੁਨਿਆਦੀ ਮਸਲਾ ਇਸ ਰੁਝਾਨ ਦੀ ਸੱਭਿਆਚਾਰਕ ਪੇਸ਼ਕਾਰੀਆਂ ਵਿੱਚ ਹੁੰਦੀ ਨੁਮਾਇੰਦਗੀ ਦੀ ਨਿਸ਼ਾਨਦੇਹੀ ਕਰਨਾ ਹੈ।
'ਹਿਟਲਰ ਦੀਦੀ' ਦੇ ਪੱਖ ਵਿੱਚ ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਇਹ ਪਰਿਵਾਰਕ ਕਦਰਾਂ-ਕੀਮਤਾਂ ਨੂੰ ਖ਼ਤਮ ਕਰਨ ਵਾਲੀ ਮੰਡੀ ਦੀ ਨੁਮਾਇੰਦਗੀ ਕਰਦਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਨਾਮ ਜ਼ਿਆਦਾ ਸੋਚ-ਸਮਝ ਕੇ ਨਹੀਂ ਰੱਖਿਆ ਗਿਆ ਸਗੋਂ ਦਰਸ਼ਕਾਂ ਨੂੰ ਖਿੱਚਣ ਲਈ ਰੱਖ ਲਿਆ ਗਿਆ ਹੈ। ਲੜੀਵਾਰ ਦਾ ਕੰਮ ਇਸ਼ਤਿਹਾਰਬਾਜ਼ੀ ਰਾਹੀਂ ਮੁਨਾਫ਼ਾ ਕਮਾਉਣਾ ਹੈ ਅਤੇ ਇਸ ਦਾ ਹਿਟਲਰ ਨੂੰ ਵਡਿਆਉਣਾ ਜਾਂ ਉਚਿਆਉਣਾ ਮਕਸਦ ਨਹੀਂ ਹੈ। ਇਹ ਸਾਰੀਆਂ ਗੱਲਾਂ ਆਪਣੀ ਥਾਂ ਠੀਕ ਹੋ ਸਕਦੀਆਂ ਹਨ। ਸਵਾਲ ਇਹ ਹੈ ਕਿ ਸੱਭਿਆਚਾਰਕ ਪੇਸ਼ਕਾਰੀਆਂ ਸਮਕਾਲੀ ਹਕੀਕਤਾਂ ਤੋਂ ਬਿਲਕੁਲ ਅਣਭਿੱਜ ਹੁੰਦੀਆਂ ਹਨ? ਸਮਕਾਲੀ ਰੁਝਾਨ ਦੀ ਨੁਮਾਇੰਦਗੀ ਸੱਭਿਆਚਾਰਕ ਪੇਸ਼ਕਾਰੀਆਂ ਵਿੱਚ ਸਚੇਤ ਹੀ ਹੁੰਦੀ ਹੈ ਜਾਂ ਅਚੇਤ ਵੀ ਹੋ ਸਕਦੀ ਹੈ? ਜਰਮਨ (ਉਸ ਵੇਲੇ ਪੂਰਬੀ) ਦੀ ਲੇਖਕ ਕ੍ਰਿਸਟਾ ਵੌਲਫ਼ ਨੇ ਆਪਣੇ ਸਵੈਜੀਵਨੀਨੁਮਾ ਨਾਵਲ ਵਿੱਚ ਇਸ ਪੇਚੀਦਗੀ ਨੂੰ ਬਾਰੀਕੀ ਨਾਲ ਫੜਿਆ ਹੈ। ਨਾਜ਼ੀਆਂ ਨੇ ਖਾਲਸ ਨਸਲ ਦੀ ਧਾਰਨਾ ਤਹਿਤ ਆਦਰਸ਼ ਜਰਮਨ ਔਰਤ ਦਾ ਨਕਸ਼ਾ ਖਿੱਚ ਦਿੱਤਾ। ਸਕੂਲ ਵਿੱਚ ਇਤਿਹਾਸ ਪੜ੍ਹਾਉਂਦੀ ਇੱਕ ਬੀਬੀ ਦਾ ਇਹ ਨਕਸ਼ੇ ਨਾਲ ਕੁਝ ਵੀ ਮੇਲ ਨਹੀਂ ਖਾਂਦਾ। ਕਾਲੇ ਵਾਲਾਂ ਅਤੇ ਸਲੋਵਾਕੀ ਮੁਹਾਂਦਰੇ ਵਾਲੀ ਛੋਟੇ ਕੱਦ ਦੀ ਇਹ ਬੀਬੀ ਨਾਜ਼ੀ ਨਿਜ਼ਾਮ ਤੋਂ ਨਾਬਰ ਹੈ। ਉਸ ਨੂੰ ਬਹੁਤ ਦੇਰ ਬਾਅਦ ਵਿੱਚ ਸਮਝ ਆਉਂਦੀ ਹੈ ਕਿ ਸਾਲਾਂ ਬੱਧੀ ਉਸ ਨੇ ਇਤਿਹਾਸ ਪੜ੍ਹਾਉਣ ਵੇਲੇ ਯੂਰਪੀ ਸਮੱਸਿਆਵਾਂ ਦਾ ਮੂਲ ਖਾਲਸ ਨਸਲ ਵਿੱਚ ਹੋਏ ਰਲਾਅ ਨਾਲ ਜੋੜ ਕੇ ਵੇਖਿਆ ਹੈ। ਇਸ ਤਰ੍ਹਾਂ ਇਹ ਸਚੇਤ ਬੀਬੀ ਅਚੇਤ ਤੌਰ ਉੱਤੇ ਉਸੇ ਨਿਜ਼ਾਮ ਦਾ ਪੱਖ ਪੂਰਦੀ ਰਹੀ ਹੈ ਜੋ ਇਸ ਦਾ ਕਿਸੇ ਪੱਖੋਂ ਖੈਰਖਾਹ ਨਹੀਂ ਅਤੇ ਇਹ ਜਿਸ ਦੇ ਪੱਖ ਵਿੱਚ ਭੁਗਤਣਾ ਨਹੀਂ ਚਾਹੁੰਦੀ ਸੀ।
ਇਸ ਹਵਾਲੇ ਨਾਲ 'ਹਿਟਲਰ ਦੀਦੀ' ਨੂੰ ਘਟਨਾ ਦੀ ਥਾਂ ਰੁਝਾਨ ਦੀ ਕੜੀ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਪੰਜਾਬੀ ਫ਼ਿਲਮ ਬਣੀ ਹੈ, 'ਹੀਰੋ ਹਿਟਲਰ ਇੰਨ ਲਵ'। ਟੈਲੀਵਿਜ਼ਨ ਉੱਤੇ ਹੋ ਰਹੀ ਇਸ਼ਤਿਹਾਰਬਾਜ਼ੀ ਮੁਤਾਬਕ ਇਹ ਫ਼ਿਲਮ ਧੱਕੇ ਨਾਲ ਸਮਾਜਿਕ ਸੁਧਾਰ ਦਾ ਦਾਅਵਾ ਕਰਦੀ ਹੈ। ਕੁੜੀਆਂ ਨੂੰ ਰੰਨ ਤੱਕ ਮਹਿਦੂਦ ਕਰਦੀ ਅਤੇ ਮਿਰਜ਼ੇ ਦੀ ਲਾਸ਼ ਉੱਤੇ ਹਿਟਲਰ ਦਾ ਗੁਣਗਾਣ ਕਰਦੀ ਇਹ ਫ਼ਿਲਮ ਬੇਕਿਰਕ ਕਾਤਲ ਨੂੰ 'ਇਸ਼ਕਪੁਰੇ' ਦਾ ਸਰਪ੍ਰਸਤ ਬਣਾਉਂਦੀ ਹੈ। ਬੱਬੂ ਮਾਨ ਦੀ ਇਸ ਫ਼ਿਲਮ ਨੂੰ 'ਹਸ਼ਰ' ਅਤੇ 'ਏਕਮ' ਦੀ ਅਗਲੀ ਕੜੀ ਵਜੋਂ ਵੇਖਿਆ ਜਾ ਸਕਦਾ ਹੈ। ਅੰਤਿਮ ਸੱਚ ਨੂੰ ਪਹੁੰਚੇ ਨਾਇਕ ਰਾਹੀਂ ਕੁੱਟ-ਮਾਰ ਕਰਕੇ ਸਮਾਜ ਵਿੱਚ ਸੁਧਾਰ ਕਰਨਾ ਇਨ੍ਹਾਂ ਦੀ ਸਾਂਝੀ ਤੰਦ ਹੈ। ਬੱਬੂ ਮਾਨ ਦੀ ਗੱਲ ਬਾਕੀ ਸੱਭਿਆਚਾਰਕ ਪੇਸ਼ਕਾਰੀਆਂ ਤੋਂ ਨਿਖੇੜ ਕੇ ਨਹੀਂ ਕੀਤੀ ਜਾ ਸਕਦੀ। ਪੰਜਾਬੀ ਸੱਭਿਆਚਾਰ ਦੀ ਅਲੰਬਰਦਾਰੀ ਦੀ ਪੰਜਾਬੀ ਯੂਨੀਵਰਸਿਟੀ ਤੋਂ ਫ਼ਰਦ ਲੈਣ ਵਾਲਾ ਸੁਨਾਮ ਵਾਲਾ ਪੰਮੀ 'ਬਾਈ' ਗਾaਂਦਾ ਹੈ, 'ਦੋ ਚੀਜ਼ਾਂ ਜੱਟ ਮੰਗਦਾ, ਦਾਰੂ ਘਰ ਦੀ ਬੰਦੂਕ ਬਾਰਾਂ ਬੋਰ ਦੀ'। ਸ਼ਰਾਬ, ਹਥਿਆਰ, ਜਾਤ ਅਤੇ ਖਰੂਦ ਨੂੰ ਵਡਿਆਉਣ ਤੋਂ ਬਾਅਦ ਪੰਜਾਬ ਨਾਲ ਦੁਸ਼ਮਣੀ ਵਿੱਚ ਕਸਰ ਕੀ ਰਹਿ ਜਾਂਦੀ ਹੈ? ਅਕਾਲੀ ਦਲ ਦੇ ਕਾਰਕੁਨਾਂ ਦੀ ਸਰਗਰਮ ਇਸ਼ਤਿਹਾਰਬਾਜ਼ੀ ਨਾਲ ਪ੍ਰਚਾਰੀ ਗਈ ਫ਼ਿਲਮ 'ਧਰਤੀ' ਵਿੱਚ ਨਾਇਕ ਜਿੰਮੀ ਸ਼ੇਰਗਿੱਲ ਉੱਤੇ ਫ਼ਿਲਮਾਇਆ ਗਿਆ ਅਤੇ ਦਿਲਜੀਤ ਦਾ ਗਾਇਆ ਗੀਤ ਹੈ, "ਹਾਕੀਆਂ ਨਾਲ ਮਾਰ-ਮਾਰ, ਬਿਜਲੀ ਦੀ ਲਾ ਕੇ ਤਾਰ, ਵਿੱਚ ਛੱਡੂ ਜੱਟ ਚਾਰ-ਚਾਲੀ ਦਾ ਕਰੰਟ ਨੀ..." ਇਸ ਤੋਂ ਬਾਅਦ ਉਹ ਤਸ਼ਦੱਦ ਦੀਆਂ ਤਮਾਮ ਕਿਸਮਾਂ ਗਿਣਦਾ ਹੈ ਜੋ ਪੰਜਾਬ ਦੇ ਕਾਲੇ ਦੌਰ ਵਿੱਚ ਪੁਲਿਸਤੰਤਰ ਦੇ ਬਦਨਾਮ ਖ਼ਾਸੇ ਦਾ ਹਿੱਸਾ ਰਹੀਆਂ ਹਨ। ਲਾਵਾਰਸ ਲਾਸ਼ਾਂ, ਝੂਠੇ ਪੁਲਿਸ ਮੁਕਾਬਲਿਆਂ ਅਤੇ ਅਤਿਵਾਦੀਆਂ ਦੀ ਬੇਕਿਰਕੀ ਦਾ ਖ਼ੌਫ਼ ਪੈਦਾ ਕਰਨ ਵਾਲੇ ਤਸ਼ਦੱਦਖ਼ਾਨੇ ਦੀ ਸਿਖਲਾਈ ਗਾਇਕ ਦੇ ਰਹੇ ਹਨ। ਇਹ ਸਿਖਲਾਈ ਪੰਜਾਬੀ ਮੁੰਡਿਆਂ ਨੂੰ ਇਸ਼ਕ ਦੇ ਮੰਤਰ ਵਜੋਂ ਦਿੱਤੀ ਜਾ ਰਹੀ ਹੈ। ਇਨ੍ਹਾਂ ਮੁੰਡਿਆਂ ਦੇ ਹੱਥੋਂ ਕਿਤਾਬਾਂ ਛੁਡਾਉਣ ਦਾ ਕੰਮ ਗਾਇਕਾਂ ਨੇ ਕੁੰਜੀਆਂ ਛਾਪਣ ਵਾਲਿਆਂ ਤੋਂ ਜ਼ਿਆਦਾ ਮਹਾਰਤ ਨਾਲ ਕੀਤਾ ਹੈ। ਗੱਡੀਆਂ, ਹਥਿਆਰਾਂ, ਸ਼ਰਾਬ, ਗੁੰਡਾਗਰਦੀ, ਬਦਫੈਲੀ, ਕਬਜ਼ਿਆਂ ਅਤੇ ਖ਼ੁਦਕੁਸ਼ੀਆਂ ਦਾ ਲੀਹਾ ਪੱਧਰ ਕਰਨ ਵਿੱਚ ਗਾਇਕਾਂ ਨੇ ਬਹੁਤ ਹਿੱਸਾ ਪਾਇਆ ਹੈ। ਨਤੀਜੇ ਵਜੋਂ ਖੇਡ ਮੈਦਾਨ ਤੋਂ ਉਜੜੀਆਂ ਹਾਕੀਆਂ ਅਤੇ ਬੇਸਬਾਲ ਸਟਿੱਕਾਂ ਕਾਰਾਂ ਦੀਆਂ ਸੀਟਾਂ ਹੇਠਾਂ ਬੇਮੁਹਾਰ ਹਉਂਮੈ ਦੀ ਨੁਮਾਇੰਦਗੀ ਕਰਨ ਲੱਗੀਆਂ ਹਨ। ਭਰੂਣ ਹੱਤਿਆ ਦੀ ਇੱਕ ਤੰਦ ਇਨ੍ਹਾਂ ਨਾਲ ਜ਼ਰੂਰ ਜੁੜਦੀ ਹੈ। ਇਨ੍ਹਾਂ ਨੇ ਕੁੜੀਆਂ ਮਹਿਫ਼ੂਜ਼ ਨਹੀਂ ਰਹਿਣ ਦਿੱਤੀਆਂ ਅਤੇ ਮਾਪਿਆਂ ਦੀ ਮਜਬੂਰੀ ਭਰੂਣ ਦੇ ਕਤਲ ਦਾ ਫ਼ੈਸਲਾ ਲੈਣ ਵਿੱਚ ਸਹਾਈ ਹੋਈ ਹੈ। ਬਾਬੇ ਵਾਰਿਸ ਦੀ ਰੰਨ ਤੋਂ ਔਰਤ ਬਣਨ ਦੀ ਰੀਤ ਨੂੰ ਇਨ੍ਹਾਂ ਨੇ ਉਲਟਾ ਗੇੜਾ ਦਿੱਤਾ ਹੈ।
ਪੰਜਾਬ ਅੰਦਰ ਜੈਜੀ ਬੈਂਸ ਦਾ ਗੀਤ ਆਇਆ, "ਕਿਹੜਾ ਜੰਮਿਆ ਸੂਰਮਾ, ਜਿਹੜਾ ਜੱਟ ਦੀ ਚੜ੍ਹਤ ਨੂੰ ਰੋਕੇ..."। ਇਸ ਦਾ ਨਾਚ ਵੱਖਰਾ ਸੀ। ਗਾਇਕ ਅੰਗਰੇਜ਼ੀ ਬੋਲਦਾ ਸੀ। ਕੁਝ ਅਟਪਟਾ ਲੱਗਣ ਦੇ ਬਾਵਜੂਦ ਪੰਜਾਬੀਆਂ ਨੇ ਇਸ ਨੂੰ ਪ੍ਰਵਾਨ ਕਰ ਲਿਆ। ਹੌਲੀ-ਹੌਲੀ ਇਸ ਦਾ ਮੂਲ ਪ੍ਰਗਟ ਹੋਇਆ। ਇਹ ਸੂਰਮਾ ਪੰਜਾਬੀ ਬੋਲੀ ਬੋਲਦਾ ਸੀ ਪਰ ਇਸ ਦਾ ਕਾਰੋਬਾਰ ਉੱਤਰੀ ਅਮਰੀਕਾ ਦੀਆਂ ਸੜਕਾਂ ਉੱਤੇ ਚੱਲਦਾ ਸੀ। ਇਹ ਨਾਚ ਤਸਕਰਾਂ ਦੀ ਤਰਜ਼ ਉੱਤੇ ਮਛੋਹਰ ਪਾਂਡੀਆਂ ਦਾ ਜਸ਼ਨ ਹੈ। ਇਨ੍ਹਾਂ ਦੀ ਦੋ ਨੰਬਰੀ ਕਮਾਈ ਦੇ ਮਹਿੰਗੇ ਗਹਿਣੇ ਦਿਖਾਵੇ ਦਾ ਸਬੱਬ ਬਣਦੇ ਹਨ। ਸਵਾਲ ਇਹ ਹੈ ਕਿ ਜਦੋਂ ਇਹ ਗਹਿਣੇ ਖੰਡਾ ਬਣ ਕੇ ਆਏ ਤਾਂ ਅਸੀਂ ਇਸ ਦੇ ਦੁਆਲੇ ਲਿਪਟਿਆ ਸੱਭਿਆਚਾਰ ਪਛਾਣਨ ਤੋਂ ਖੁੰਝ ਗਏ ਜਾਂ ਇਸ ਦੀ ਚਕਾਚੌਂਧ ਸਾਨੂੰ ਖਰੀਦਣ ਵਿੱਚ ਕਾਮਯਾਬ ਹੋ ਗਈ? ਅਸੀਂ ਇਨ੍ਹਾਂ ਦੀ ਗਾਇਕੀ ਸੁਣਦੇ ਰਹੇ ਅਤੇ ਕੈਨੇਡਾ-ਅਮਰੀਕਾ ਵਿੱਚ ਪਾਂਡੀ ਬਣੇ ਪੰਜਾਬੀ ਮੁੰਡੇ ਅਣਆਈ ਮੌਤ ਮਰਦੇ ਰਹੇ। ਇਹ ਹਿਸਾਬ ਕਿਸੇ ਨਹੀਂ ਰੱਖਿਆ ਕਿ ਗੁੰਡਾ ਢਾਣੀਆਂ ਦੇ ਆਪਸੀ ਭੇੜ ਕਿੰਨੇ ਪੰਜਾਬੀਆਂ ਦੀ ਜਾਨ ਲੈ ਚੁੱਕੇ ਹਨ। ਬਲਜੀਤ ਸੰਗਰਾ ਦੀ ਦਸਤਾਵੇਜ਼ੀ ਫ਼ਿਲਮ 'ਵਾਰੀਅਰ ਬੁਆਏਜ਼' ਇਨ੍ਹਾਂ ਦੀ ਹੋਣੀ ਬਿਆਨ ਕਰਦੀ ਹੈ।
ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਜੀਵਨਸ਼ੈਲੀ ਉੱਤੇ ਪੈਂਦੇ ਤਤਕਾਲੀ ਅਤੇ ਚਿਰਕਾਲੀ ਅਸਰ ਬਹੁਤ ਚਿਰ ਤੋਂ ਅਧਿਐਨ ਦਾ ਵਿਸ਼ਾ ਬਣੇ ਹੋਏ ਹਨ। ਜੇਮਸ ਪਿਤਰਾਸ ਨੇ ਦਲੀਲ ਨਾਲ ਸਾਬਤ ਕਰ ਦਿੱਤਾ ਹੈ ਕਿ ਅਮਰੀਕੀ ਧੜੇ ਨੇ ਸੰਗੀਤ, ਨਾਟਕ, ਫ਼ਿਲਮ, ਪ੍ਰਕਾਸ਼ਨ ਅਤੇ ਹੋਰ ਕਲਾਵਾਂ ਰਾਹੀਂ ਸੋਵੀਅਤ ਯੂਨੀਅਨ ਨੂੰ ਘਾਤਕ ਖੋਰਾ ਲਗਾਇਆ ਸੀ। ਸੋਵੀਅਤ ਯੂਨੀਅਨ ਦੇ ਰਾਦੂਗਾ ਪ੍ਰਕਾਸ਼ਨ ਦੀਆਂ ਕਿਤਾਬਾਂ ਤੋਂ ਜ਼ਿਆਦਾਤਰ ਪੰਜਾਬੀ ਜਾਣੂ ਹਨ। ਪੰਜਾਬ ਦੀ ਗਾਇਕੀ ਅਤੇ ਫ਼ਿਲਮਾਂ ਦੇ ਮੌਜੂਦਾ ਦੌਰ ਨੂੰ ਸਮਝਣ ਲਈ ਕੌਮਾਂਤਰੀ ਪਿੱੜ ਦੀ ਮਿਸਾਲ ਢੁਕਵੀਂ ਜਾਪਦੀ ਹੈ।
ਅਮਰੀਕਾ ਦੀ ਵੀਅਤਨਾਮ ਨਾਲ ਜੰਗ ਵਿੱਚ ਫ਼ੈਸਲਾਕੁਨ ਭੂਮਿਕਾ ਨਿਭਾਉਣ ਵਾਲਿਆਂ ਵਿੱਚ ਦੋ ਫੋਟੋਗ੍ਰਾਫਰ ਸ਼ਾਮਿਲ ਸਨ। ਇੱਕ ਫੋਟੋ ਅਮਰੀਕੀ ਬੰਬਾਂ ਦੀ ਮਾਰ ਹੇਠ ਆਏ ਪਿੰਡ ਵਿੱਚੋਂ ਭੱਜ ਰਹੀਆਂ ਕੁੜੀਆਂ ਦੀ ਸੀ। ਇੱਕ ਕੁੜੀ ਦੇ ਕੱਪੜੇ ਅੱਗ ਨਾਲ ਸੜ ਚੁੱਕੇ ਸਨ। ਪਿੱਛੇ ਪਿੰਡ ਸੜ ਰਿਹਾ ਸੀ। ਇਸ ਤਸਵੀਰ ਨੇ ਅਮਰੀਕੀ ਅਵਾਮ ਨੂੰ ਝੰਜੋੜ ਕੇ ਰੱਖ ਦਿੱਤਾ। ਅਮਰੀਕਾ ਜੰਗ ਵਿਰੋਧੀ ਮੁਹਿੰਮ ਦਾ ਤਾਬ ਨਹੀਂ ਝੱਲ ਸਕਿਆ। ਬਾਅਦ ਵਿੱਚ ਇਸੇ ਦ੍ਰਿਸ਼ ਦਾ ਦੁਹਰਾਅ ਕਰਦੀਆਂ ਹੌਲੀਵੁੱਡ ਵਿੱਚ ਇੰਨੀਆਂ ਫ਼ਿਲਮਾਂ ਬਣੀਆਂ ਕਿ ਹੁਣ ਸਾਨੂੰ ਅਫ਼ਗ਼ਾਨਿਸਤਾਨ, ਇਰਾਕ, ਪਾਕਿਸਤਾਨ ਅਤੇ ਲੀਬੀਆ ਦੀ ਤਸਵੀਰਾਂ ਝੰਜੋੜਦੀਆਂ
ਨਹੀਂ। ਅਮਰੀਕਾ ਦੀਆਂ ਪਹਿਲਾਂ ਨਾਲੋਂ ਜ਼ਿਆਦਾ ਖ਼ੂੰਖ਼ਾਰ ਜੰਗੀ ਮੁਹਿੰਮਾਂ ਚਲ ਰਹੀਆਂ ਹਨ ਅਤੇ ਅਸੀਂ ਇਨ੍ਹਾਂ ਦਾ ਸਿੱਧਾ ਪ੍ਰਸਾਰਨ ਦੇਖਦੇ ਹਾਂ। ਇਸ ਸਿੱਧੇ ਪ੍ਰਸਾਰਨ ਦੀ ਆਦਤ ਪਾਉਣ ਵਿੱਚ ਜੇਮਸ ਬੌਂਡ ਅਤੇ ਰੈਂਬੋ ਵਾਲੀਆਂ ਫ਼ਿਲਮਾਂ ਨੇ ਅਹਿਮ ਹਿੱਸਾ ਪਾਇਆ ਹੈ। ਦੂਜੀ ਮਿਸਾਲ ਇਰਾਕ ਦੀਆਂ ਅਬੂ ਗ਼ਰੀਬ ਵਾਲੀਆਂ ਤਸਵੀਰਾਂ ਹਨ। ਇਨ੍ਹਾਂ ਤਸਵੀਰਾਂ ਨਾਲ ਅਮਰੀਕੀ ਬੇਕਿਰਕੀ ਦੀ ਬਾਤ ਤੁਰੀ। ਸਵਾਲ ਉੱਠਿਆ ਕਿ ਜੰਗੀ ਕੈਦੀਆਂ ਨਾਲ ਅਜਿਹਾ ਕਰਨਾ ਗ਼ੈਰਕਾਨੂੰਨੀ ਹੈ। ਅਮਰੀਕਾ ਨੇ ਆਪਣੇ ਫ਼ੌਜੀਆਂ ਦੀ ਸੰਵੇਦਨਾ ਕਿੰਨੀ ਮਾਰ ਦਿੱਤੀ ਹੈ ਕਿ ਉਹ ਤਸ਼ਦੱਦ ਦਾ ਜਸ਼ਨ ਮਨਾ ਰਹੇ ਹਨ। ਇਸ ਮੁਹਿੰਮ ਨਾਲ ਜੰਗ ਨੂੰ ਜ਼ਿਆਦਾ ਫ਼ਰਕ ਨਹੀਂ ਪਿਆ ਕਿਉਂਕਿ ਇਹੋ ਜਿਹੀਆਂ ਫ਼ਿਲਮਾਂ ਦਿਖਾ-ਦਿਖਾ ਕੇ ਲੋਕਾਂ ਦੀ ਸੰਵੇਦਨਾ ਮਾਰਨ ਦਾ ਉਪਰਾਲਾ ਚੱਤੋਪਹਿਰ ਚੱਲਦਾ ਹੈ। ਜਦੋਂ ਅਫ਼ਗ਼ਾਨਿਸਤਾਨ ਵਿੱਚ ਨਾਟੋ ਫ਼ੌਜ ਲਈ ਕੰਮ ਕਰਦੇ ਮੁਕਾਮੀ ਫ਼ੌਜੀਆਂ ਦੀਆਂ ਲਾਸ਼ਾਂ ਉੱਤੇ ਨਾਚ ਕਰਦਿਆਂ ਦੀਆਂ ਤਸਵੀਰਾਂ ਆਈਆਂ ਤਾਂ ਇਨ੍ਹਾਂ ਦਾ ਜ਼ਿਕਰ ਤੱਕ ਨਹੀਂ ਹੋਇਆ। ਅਮਰੀਕਾ ਇਰਾਕ ਵਿੱਚ ਆਪਣੀ ਫ਼ੌਜ ਨਾਲ ਜੋ ਕੰਮ ਕਰ ਰਿਹਾ ਸੀ, ਉਸ ਦੀ ਸਿਖਲਾਈ ਉਸ ਨੇ ਮੁਕਾਮੀ ਫ਼ੌਜੀਆਂ ਨੂੰ ਦੇ ਦਿੱਤੀ ਹੈ। ਹੁਣ ਅਫ਼ਗ਼ਾਨੀ ਸਮਾਜ ਇਸ ਵਹਿਸ਼ਤ ਵਿੱਚੋਂ ਕਿਵੇਂ ਨਿਕਲੇਗਾ?
ਪੰਜਾਬ ਦੀਆਂ ਫ਼ਿਲਮਾਂ ਅਤੇ ਗਾਇਕੀ ਰਾਹੀਂ ਪ੍ਰਚਾਰੀ ਜਾ ਰਹੀ ਜੀਵਨ ਸ਼ੈਲੀ ਦਾ ਮਨੁੱਖ ਵਿੱਚੋਂ ਸੁਹਜ, ਸੂਝ ਅਤੇ ਸੁਰਤ ਮਨਫ਼ੀ ਕਰਨ ਨਾਲ ਸਿੱਧਾ ਰਿਸ਼ਤਾ ਬਣਦਾ ਹੈ। ਇਸ ਵੇਲੇ ਇਸ ਗੱਲ ਕੀਤੀ ਜਾਣੀ ਚਾਹੀਦੀ ਹੈ ਕਿ ਕਰਤਾਰ ਸਿੰਘ ਸਰਾਭਾ ਦੀ ਪਛਾਣ ਉਸ ਦੀ ਪੱਤਰਕਾਰੀ ਅਤੇ ਪੜ੍ਹਾਈ ਨਾਲ ਬਣੀ ਸੀ। ਉਸ ਦੇ ਸਿਆਸੀ ਜੀਵਨ ਦਾ ਵੱਡਾ ਹਿੱਸਾ ਪੱਤਰਕਾਰੀ, ਪ੍ਰਚਾਰ ਅਤੇ ਜੇਲ੍ਹ ਵਿੱਚ ਗੁਜ਼ਰਿਆ। ਉਸ ਨੂੰ ਪਿਸਤੌਲ ਤੱਕ ਮਹਿਦੂਦ ਕਰਨਾ ਸਾਡੇ ਇਤਿਹਾਸ ਨਾਲ ਧਰੋਹ ਹੈ ਜੋ ਮੌਜੂਦਾ ਦੌਰ ਦੀ ਸਿਆਸਤ ਨਾਲ ਜੁੜਦਾ ਹੈ। 'ਮਰਨੋ ਮੂਲ ਨਾ ਡਰਨ ਵਾਲੇ ਅਤਿ ਦੇ ਸ਼ਿਕਾਰੀਆਂ' ਦਾ ਬਾਬੇ ਨਾਨਕ ਦੀ ਸੰਵਾਦ ਦੀ ਰਵਾਇਤ ਨਾਲ ਕੀ ਰਿਸ਼ਤਾ ਹੋ ਸਕਦਾ ਹੈ? ਵਿਵੇਕ ਦਾਨ, ਵਿਸਾਹ ਦਾਨ ਅਤੇ ਭਰੋਸਾ ਦਾਨ ਲਈ ਕੀਤੀ ਅਰਦਾਸ ਨਾਲ 'ਹਿਟਲਰ' ਦਾ ਕੀ ਰਾਬਤਾ ਹੋ ਸਕਦਾ ਹੈ? ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ ਅਤੇ ਨਿਤਾਣਿਆਂ ਦਾ ਤਾਣ ਬਣਨ ਦੇ ਆਸ਼ੇ ਦਾ ਤਸ਼ਦੱਦ ਨਾਲ ਕੋਈ ਰਿਸ਼ਤਾ ਹੋ ਸਕਦਾ ਹੈ? ਇਸ ਗੱਲ ਆਮ ਕਹੀ ਜਾ ਰਹੀ ਹੈ ਕਿ ਇਸ ਮੂੰਹਜ਼ੋਰ ਰੁਝਾਨ ਦੇ ਨਗ਼ਾਰਖ਼ਾਨੇ ਵਿੱਚ ਤੂਤੀ ਦੀ ਕੋਈ ਔਕਾਤ ਨਹੀਂ। ਇਹ ਸਭ ਕੁਝ ਹਿਟਲਰ ਦੇ ਵੇਲੇ ਵੀ ਕਿਹਾ ਜਾ ਰਿਹਾ ਸੀ। ਉਨ੍ਹਾਂ ਨੇ ਸਵਾਸਤਿਕ ਦੇ ਨਿਸ਼ਾਨ ਹੇਠ ਵੰਨ-ਸਵੰਨਤਾ ਦੀਆਂ ਸਭ ਨਿਸ਼ਾਨੀਆਂ ਦੱਬ ਦਿੱਤੀਆਂ ਸਨ। ਉਨ੍ਹਾਂ ਬੇਵਿਸਾਹੀ ਭਰੀਆਂ ਖ਼ੌਫ਼ਜ਼ਦਾ ਰਾਤਾਂ ਦੀ ਸਵੇਰ ਨੂੰ ਸਵਾਸਤਿਕ ਦੇ ਨਿਸ਼ਾਨ ਉੱਤੇ ਕਾਟਾ ਮਾਰਿਆ ਮਿਲਦਾ ਸੀ। ਸੱਭਿਆਚਾਰਕ ਦੇ ਨਾਮ ਉੱਤੇ ਤਸ਼ਦੱਦ ਦੇ ਜਸ਼ਨ ਉੱਤੇ ਘਰ ਅੰਦਰੋਂ ਕੀਤੇ ਸਵਾਲ ਕਾਟੇ ਦਾ ਕੰਮ ਕਰ ਸਕਦੇ ਹਨ। ਅਮਰੀਕਾ ਅਤੇ ਇਸਰਾਈਲ ਨੇ ਸਵਾਸਤਿਕ ਦੀ ਵਿਰਾਸਤ ਸਾਂਭ ਰੱਖੀ ਹੈ। ਉਹ ਬੀਬੀ ਅੱਜ ਵੀ ਸੁਹਿਰਦ ਹੋ ਕੇ ਇਤਿਹਾਸ ਪੜ੍ਹਾ ਰਹੀ ਹੈ। ਗੋਬਲਜ਼ ਗਾਇਕ ਬਣ ਕੇ ਸਾਨੂੰ ਸੱਭਿਆਚਾਰ ਦੇ ਮਾਅਨੇ ਸਮਝਾ ਰਿਹਾ ਹੈ।