Wednesday 9 November 2011

ਮਹਾਂਬਲੀ ਮਨੁੱਖ, ਦੋ ਫ਼ਿਲਮਾਂ ਅਤੇ 'ਮੈਂ ਹੁਣ ਠੀਕ-ਠਾਕ ਹਾਂ'

ਜਤਿੰਦਰ ਮੌਹਰ

ਮਹਾਂਬਲੀ ਮਨੁੱਖ ਅਮੀਬਾ ਦੀ ਤਰ੍ਹਾਂ ਫੈਲਣਾ ਚਾਹੁੰਦਾ ਹੈ। ਮਨੁੱਖੀ ਸਮਰੱਥਾ ਨੇ ਅਪਾਰ ਉਚਾਈਆਂ ਅਤੇ ਨਵੇਂ ਦਿਸਹੱਦੇ ਛੂਹਣੇ ਸਨ। ਸਮੁੱਚੇ ਆਲਮ ਨੂੰ ਕਲਾਵੇ 'ਚ ਲੈਣਾ ਸੀ। ਸਾਂਝੀਵਾਲਤਾ ਅਤੇ ਮਨੁੱਖੀ ਰੂਹ ਦੀ ਖ਼ੂਬਸੂਰਤੀ ਦੇ ਗੀਤ ਗਾਉਣੇ ਸਨ। ਖੇਤਾਂ 'ਚ ਹੁਲਾਰੇ ਲੈਂਦੀਆਂ ਫ਼ਸਲਾਂ ਤੇ ਪਗਡੰਡੀਆਂ 'ਤੇ ਵਰ੍ਹਦੇ ਮੀਹਾਂ ਨੇ ਮਨ ਦੇ ਖੇੜੇ ਨੂੰ ਅੰਬਰਾਂ ਤੱਕ ਪੁਚਾਉਣਾ ਸੀ। ਠੰਢੇ ਸੀਤ ਰੁੱਖਾਂ ਦੇ ਪੱਤਿਆਂ 'ਚੋਂ ਛਣ-ਛਣ ਆਉਂਦੀ ਕੋਸੀ ਧੁੱਪ ਨੇ ਬੰਦੇ ਨੂੰ ਕੁਦਰਤ ਦੇ ਰੂਹਾਨੀ ਪਸਾਰ ਸਮਝਾਉਣੇ ਸਨ। ਫ਼ਲਸਫ਼ੇ ਨੇ ਆਲਮ ਨੂੰ ਅਮਨ ਅਤੇ ਮੋਹ-ਮੁਹੱਬਤ ਦੀਆਂ ਰੀਤਾਂ ਸਿਖਾਉਣ ਦਾ ਜ਼ਿੰਮਾਂ ਓਟਣਾ ਸੀ। ਕਾਇਨਾਤ ਦੀਆਂ ਵਗਦੀਆਂ ਧਾਰਾਵਾਂ ਸਾਗਰਾਂ ਦਾ ਰੂਪ ਲੈਂਦੀਆਂ। ਦੋਵਾਂ ਦੀ ਹੋਂਦ ਬਰਾਬਰ ਮਿੱਥੀ ਜਾਣੀ ਸੀ। ਊਚ-ਨੀਚ ਦਾ ਭੇਦ ਪਾਤਾਲ 'ਚ ਗਰਕਿਆ ਜਾਂਦਾ। ਪਰ ਅਤੇ ਪਰਾਰ (ਪਿੱਛਲੇ ਅਤੇ ਉਸ ਤੋਂ ਪਿੱਛਲੇ ਵਰ੍ਹੇ ਲਈ ਵਰਤੇ ਜਾਂਦੇ ਸ਼ਬਦ) ਵਰਗੇ ਸ਼ਬਦਾਂ ਨੇ ਲੰਘੇ ਸਮਿਆਂ ਦੀ ਮਿੱਠੀ ਯਾਦ ਦਾ ਝਲਕਾਰਾ ਦੇਣਾ ਸੀ। ਮੱਝ ਦੇ ਸੂਏ ਤੋਂ ਲੈ ਕੇ ਸੋਨੇ ਰੰਗੀਆਂ ਕਣਕਾਂ ਦਾ ਬਿੰਬ ਅੱਖਾਂ ਸਾਹਵੇਂ ਉਸਰਨਾ ਸੀ। ਮਿੱਟੀ 'ਚ ਮਿੱਟੀ ਹੋਏ ਬੋਹੜ ਦੀਆਂ ਛਾਵਾਂ ਜਿਹੇ ਵਡਾਰੂਆਂ ਦੀਆਂ ਯਾਦਾਂ ਮਾਂ-ਬੋਲੀ ਦਾ ਪਹਿਲਾ ਅੱਖਰ ਲਿਖਦੇ ਜੁਆਕਾਂ ਨੂੰ ਬਾਤਾਂ ਦੇ ਰੂਪ 'ਚ ਸੁਣਾਈਆਂ ਜਾਂਦੀਆਂ। ਬਾਬਾਣੀਆਂ-ਕਹਾਣੀਆਂ ਸੁਣਾਉਂਦੇ ਬਾਪੂਆਂ ਤੇ ਮਾਵਾਂ ਨੇ ਪੀੜੀਆਂ ਵਿਚਕਾਰਲੀ ਲਹਿਰਦੀ ਕੜੀ ਬਣਨਾ ਸੀ। ਕਿਰਤ ਦੇ ਨਸ਼ੇ 'ਚ ਤਣੇ ਜੁੱਸਿਆਂ ਨੂੰ ਪਰਉਪਕਾਰ ਦੀ ਗੁੜਤੀ ਮਿਲਣੀ ਸੀ। ਹਥੇਲੀ 'ਤੇ ਪਏ ਅੱਟਣਾ ਨੇ ਕਿਰਤ ਦੀ ਮਹਾਨਤਾ ਦਾ ਜਸ਼ਨ ਮਨਾਉਣਾ ਸੀ। ਦਾਬਿਆਂ ਤੋਂ ਮੁਕਤ ਲੋਕਾਈ ਨੇ ਧਰਤੀ ਦੇ ਜੀਅ ਹੋਣ ਦੇ ਮਾਣਮੱਤੇ ਅਹਿਸਾਸ ਤੋਂ ਵਾਰੇ-ਵਾਰੇ ਜਾਣਾ ਸੀ। ਅੰਬਰਾਂ ਅਤੇ ਸਾਗਰਾਂ ਤੋਂ ਪਾਰ, ਮਨੁੱਖੀ-ਆਪੇ ਨੇ ਵਿਸ਼ਾਲਤਾ ਦੇ ਨਵੇਂ ਅਰਥ ਸਿਰਜਣੇ ਸਨ। ਮਨੁੱਖ ਨੇ ਸੱਚਮੁੱਚ ਦਾ ਮਨੁੱਖ ਹੋਣਾ ਸੀ। ਉੜਦੇ ਪਖੇਰੂਆਂ ਦੇ ਪਰਛਾਵੇਂ ਮਿਣਦਾ ਅਤੇ ਉਨ੍ਹਾਂ ਦੀ ਮਾਸੂਮ ਤੱਕਣੀ ਨਾਲ ਅਪਣੀ ਹਸਤੀ ਨੂੰ ਮੇਲਣਾ ਸੀ। ਥੱਕ-ਟੁੱਟ ਕੇ ਧਰਤੀ ਮਾਂ ਦੀ ਛਾਤੀ 'ਤੇ ਲਿਟਿਆਂ ਮੁਕਤੀ ਜਿਹਾ ਅਹਿਸਾਸ ਹੋਣਾ ਸੀ। ਪੁਰੇ ਦੀ ਹਵਾ ਦੇ ਉਡੀਕਵਾਨ ਪੇਂਡੂਆਂ ਨੇ ਕਾਲੀਆਂ ਘਟਾਵਾਂ 'ਚ ਉਡਦੇ ਬਗਲਿਆਂ ਨੂੰ ਸੁਪਨਿਆਂ ਵਿੱਚ ਤੱਕਣਾ ਸੀ।

ਸਾਡਾ ਆਲਮ ਇਨ੍ਹਾਂ ਹੁਸੀਨ ਹੋਣਾ ਸੀ ਪਰ ਅਜਿਹਾ ਨਾ ਹੋ ਸਕਿਆ। ਮਾਸਖ਼ੋਰੇ ਜਬਾੜ੍ਹਿਆਂ ਨੂੰ ਬੰਦੇ ਦੇ ਮਾਸ ਦਾ ਸਵਾਦ ਪੈ ਗਿਆ। ਜਿਗਰ ਦੇ ਚੱਕ ਭਰਨ ਦੀਆਂ ਨਵੀਆਂ ਤਰਕੀਬਾਂ ਨੂੰ 'ਸੱਭਿਅਤਾ ਦੀ ਤਰੱਕੀ' ਦਾ ਨਾਮ ਦਿੱਤਾ ਗਿਆ। ਜਬਾੜ੍ਹਿਆਂ ਨੇ ਹੱਦਾਂ-ਸਰਹੱਦਾਂ ਟੱਪੀਆਂ। ਨਵੇਂ ਮੁਖੌਟੇ ਧਾਰਨ ਕੀਤੇ। ਮਹਾਂਬਲੀ ਮਨੁੱਖ ਨੂੰ ਨਿੱਸਲ ਤੇ ਨਿਸੱਤ ਕਰਨ ਦੇ ਮਨਸੂਬੇ ਘੜੇ ਗਏ। ਨੇਮਾਂ-ਕਨੂੰਨਾਂ ਦੀ ਸੂਲੀ 'ਤੇ ਟੰਗਿਆ ਮਹਾਂਬਲੀ ਬੰਦਾ, ਸੀਲ ਪਸ਼ੂ ਵਾਂਗ ਹੂੰਗਰਾਂ ਮਾਰਨ ਲੱਗ ਪਿਆ। ਮਨੁੱਖੀ ਸਮਰੱਥਾ ਦਾ ਅਪਾਰ ਉਚਾਈਆਂ ਛੂਹਣ ਦਾ ਸੁਪਨਾ ਦੋ ਖਣਾ ਅਤੇ ਚੰਦ ਰੋਟੀਆਂ ਦੀ ਲੜਾਈ ਤੱਕ ਮਹਿਦੂਦ ਹੋ ਗਿਆ। ਮਰਨ ਲਈ ਜਿਉਣ ਦਾ ਸਬੱਬ ਮਨੁੱਖੀ ਪਿੰਡਿਆਂ ਦੀ ਹੋਣੀ ਬਣ ਗਿਆ। ਸਾਂਝੀਵਾਲਤਾ ਅਤੇ ਮਨੁੱਖੀ ਰੂਹ ਦੀ ਖ਼ੂਬਸੂਰਤੀ ਦੇ ਗੀਤਾਂ ਨੂੰ ਮੁਨਾਫ਼ੇ ਦੀ ਹਾਬੜੀ ਭੁੱਖ ਨਿਗਲ ਗਈ। ਮਨੁੱਖੀ ਆਪੇ ਦੀ ਵਿਸ਼ਾਲਤਾ 'ਸ਼ੱਕ' ਦੀਆਂ ਤਿੱਖੀਆਂ ਨਹੁੰਦਰਾਂ ਨਾਲ ਵਲੂੰਧਰੀ ਗਈ। ਹੁਲਾਰੇ ਲੈਂਦੀਆਂ ਫ਼ਸਲਾਂ ਤੋਂ ਲੈ ਕੇ ਵਰ੍ਹਦੇ ਮੀਹਾਂ ਨੂੰ ਮਨੁੱਖਤਾ ਦੇ ਖ਼ਿਲਾਫ਼ ਭੁਗਤਾਇਆ ਗਿਆ। ਅਮਨ ਅਤੇ ਮੁਹੱਬਤ ਦੀਆਂ ਰੀਤਾਂ ਸਿਖਾਉਣ ਦੀ ਜਾਮਨੀ ਓਟਣ ਵਾਲੇ ਫ਼ਲਸਫ਼ੇ ਜੰਗੀ ਰੀਤਾਂ ਦਾ ਪਾਠ ਪੜਾਉਣ ਵਾਲੇ ਹਥਿਆਰ-ਘਰ ਬਣ ਗਏ। ਪਰ ਅਤੇ ਪਰਾਰ ਵਰਗੇ ਸ਼ਬਦ ਕਰਜ਼ੇ ਦੀਆਂ ਟੁੱਟੀਆਂ ਕਿਸ਼ਤਾਂ ਦੇ ਡਰਾਉਣੇ ਬਿੰਬ ਬਣ ਗਏ। ਮਾਂ-ਪਿਉ ਦੇ ਧੁਆਂਖੇ ਚਿਹਰਿਆਂ 'ਚੋਂ ਬਾਬਾਣੀਆਂ-ਕਹਾਣੀਆਂ ਦਾ ਰੱਬੀ ਸੱਚ, ਹਾਰਾਂ ਦਾ ਭੂਗੋਲ ਜਾਪਣ ਲੱਗਿਆ। ਇਸ ਸਭ ਦੇ ਬਾਵਜੂਦ ਸੰਗਲਾਂ 'ਚ ਜਕੜਿਆ ਮਹਾਂਬਲੀ ਬੰਦਾ ਸੀਲ ਪਸ਼ੂ ਬਣਨ ਤੋਂ ਮੁਨਕਰ ਰਿਹਾ। ਵਰਿਆਮ ਸੰਧੂ ਦੀ ਕਹਾਣੀ 'ਮੈ ਹੁਣ ਠੀਕ ਠਾਕ ਹਾਂ' ਦਾ ਪਾਤਰ ਜੋਗਿੰਦਰ ਉਰਫ਼ ਜਿੰਦਾ ਜਾਫੀ ਚੇਤੇ ਆਉਂਦਾ ਹੈ। ਛੇ ਫੁੱਟ ਦਾ ਭਰਵਾਂ ਜੁੱਸਾ ਜਦੋਂ ਧਾਵੀ ਨੂੰ ਜੱਫ਼ਾ ਲਾਉਂਦਾ ਹੈ ਤਾਂ ਦੇਖਣ ਵਾਲੇ ਨੂੰ ਗੋਡੀ ਲਾ ਕੇ ਬਹਿਣ ਲਈ ਮਜਬੂਰ ਕਰ ਦਿੰਦਾ ਹੈ। ਇਲਾਕੇ 'ਚ ਮਨੁੱਖੀ ਸਮਰੱਥਾ ਦਾ ਮੁਜੱਸਮਾ ਮੰਨਿਆ ਜਾਂਦਾ ਹੈ। ਗਲ 'ਚ ਅਸਾਲਟ ਪਾ ਕੇ ਆਇਆ ਮਰੀਅਲ ਜਿਹਾ ਖਾੜਕੂ ਮੁੰਡਾ ਤੇ ਸੀ ਆਰ ਪੀ ਐਫ ਦਾ ਭੂਤਰਿਆ ਫ਼ੌਜੀ ਜੋਗਿੰਦਰ ਦੇ ਗਲਾਵੇਂ ਨੂੰ ਹੱਥ ਪਾ ਕੇ ਉਹਦੇ ਝੋਟੇ ਵਰਗੇ ਜ਼ੋਰ ਅਤੇ ਸਵੈਮਾਣ ਦਾ ਚੂਰਾ ਕਰ ਜਾਂਦੇ ਹਨ। ਪੁਲਿਸ ਦੀ ਕੁੱਟ ਦੇ ਝੰਬੇ ਬੇਕਸੂਰ ਗੱਭਰੂ ਅੰਦਰੋਂ ਚੀਕ ਬੁਲਬੁਲੀ ਉੱਠਦੀ ਹੈ, "ਸੂਰਮੇ ਨੂੰ ਸਾਨੂੰ ਕੀ ਹੋਇਆ... ਨਹੱਥੇ ਬੇਕਸੂਰਿਆਂ ਨੂੰ ਵਰਦੀਆਂ ਪਾ ਕੇ ਮਾਰਨਾ-ਕੁੱਟਣਾ ਬੜਾ ਸੌਖਾ ... ਕਿਤੇ ਰੱਖਣ ਖਾਂ ਹਥਿਆਰ ਪਾਸੇ … ਤੇ 'ਕੱਲੇ ਨਾਲ 'ਕੱਲਾ ਆਉਣ ... ਜੇ ਘੀਸੀਆਂ ਨਾ ਕਰਾ ਦੀਏ ਤਾਂ ਆਖੀਂ ... ਤੇ ਜਾਂ ਫਿਰ ਸਾਨੂੰ ਵੀ ਹਥਿਆਰ ਫੜਾ ਦੇਣ ... ਫੇਰ ਵੇਖੀਂ ਕੇਹੜੇ ਭਾਅ ਤੁਲਦੀ ਐ ..."

ਅੰਗਰੇਜ਼ੀ ਫ਼ਿਲਮ 'ਵੰਨ ਫਲਿਊ ਉਵਰ ਕੂਕੂ 'ਜ਼ ਨੈਸਟ' ਵਿੱਚਲਾ ਜੈਕ ਨਿਕਲਸਨ ਦਾ ਕਿਰਦਾਰ ਅਜਿਹੇ ਹੀ ਮਨੁੱਖ ਦੀ ਹੋਣੀ ਦਾ ਝਲਕਾਰਾ ਦਿੰਦਾ ਹੈ। ਜੈਕ ਸਜ਼ਾ ਤੋਂ ਬਚਣ ਲਈ ਪਾਗ਼ਲ ਹੋਣ ਦਾ ਨਾਟਕ ਕਰਦਾ ਹੋਇਆ ਪਾਗ਼ਲਖ਼ਾਨੇ ਪਹੁੰਚ ਜਾਂਦਾ ਹੈ। ਜਿੱਥੋਂ ਦਾ ਅਮਲਾ ਮਰੀਜਾਂ ਨੂੰ ਗ਼ੁਲਾਮਾਂ ਤੋਂ ਭੈੜੀ ਹਾਲਤ 'ਚ ਰੱਖਦਾ ਹੈ। ਅਹਿਸਾਸ-ਰਹਿਤ ਵਾਰਡਨ ਹੁਕਮ-ਅਦੂਲੀ ਨੂੰ ਗੁਨਾਹ ਸਮਝਦੀ ਹੈ। ਜੈਕ ਉਹਦੇ ਗ਼ਲਬੇ ਨੂੰ ਚੁਣੌਤੀ ਦਿੰਦਾ ਹੈ। ਵਾਰਡਨ ਵੱਲੋਂ ਜੈਕ ਅਤੇ ਮਰੀਜਾਂ 'ਤੇ ਵਰਤਾਇਆ ਕਹਿਰ, ਦੇਖਣ ਵਾਲੇ ਦਾ ਤ੍ਰਾਹ ਕੱਢ ਦਿੰਦਾ ਹੈ। ਜੈਕ ਦਾ ਕਿਰਦਾਰ ਸੰਗਲਾਂ 'ਚ ਨੂੜੇ ਬੰਦੇ ਦੀ ਬੇਵੱਸੀ ਅਤੇ ਸੰਘਰਸ਼ ਦੀ ਨੁਮਾਇੰਦਗੀ ਕਰਦਾ ਹੈ। ਵਾਰਡਨ ਅਤੇ ਅਮਲੇ ਦਾ ਰੂਪ ਢਾਂਚਾਗਤ ਹਿੰਸਾ ਦੀ ਭਿਆਨਕਤਾ ਨੂੰ ਉਘਾੜਦਾ ਹੈ ਜੋ ਅਤਿ ਦੀ ਬੇਰਹਿਮ ਅਤੇ ਬੇਕਿਰਕ ਹੁੰਦੀ ਹੈ। ਮਨੁੱਖ ਨੂੰ ਸੀਲ ਪਸ਼ੂ ਬਣਾਉਣ 'ਚ ਯਕੀਨ ਕਰਦੀ ਹੈ। ਸੱਭਿਅਤਾ ਦੀ 'ਤਰੱਕੀ' ਦੇ ਨਵੇਂ ਮਾਪਦੰਡਾਂ ਤਹਿਤ ਸੀਲ ਪਸ਼ੂ ਨੂੰ ਸੀਲ ਖਪਤਕਾਰ ਬਣਾਉਣਾ ਸਮੇਂ ਦੀ ਮੰਗ ਹੈ। ਸਾਡੇ ਮੁਲਕ ਦੇ 'ਈਮਾਨਦਾਰ' ਪ੍ਰਧਾਨ-ਮੰਤਰੀ ਦੇ ਤਾਜ਼ਾ ਬਿਆਨ ਮੁਤਾਬਕ, ਵਧਦੀ ਮਹਿੰਗਾਈ ਮੁਲਕ ਦੀ ਤਰੱਕੀ ਦਾ ਸਬੂਤ ਹੈ। ਉਹ ਕਹਿੰਦਾ ਹੈ ਕਿ ਪੈਸੇ ਰੁੱਖਾਂ ਨੂੰ ਨਹੀਂ ਲੱਗਦੇ। ਰੁੱਖਾਂ 'ਤੇ ਪੈਸੇ ਉਗਾਉਣ ਲਈ ਸਬਸਿਡੀਆਂ ਬੰਦ ਕਰਾਂਗੇ ਤੇ ਹਰ ਵਸਤੂ ਨੂੰ ਸਰਕਾਰੀ ਕੰਟਰੋਲ ਤੋਂ ਬਾਹਰ ਰੱਖਾਂਗੇ। ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਕੇ ਮੁਲਕ ਦੀ 'ਤਰੱਕੀ' ਦੀਆਂ ਨਵੀਆਂ ਮੰਜ਼ਲਾਂ ਕੱਛਾਂਗੇ। ਦੂਜੇ ਸ਼ਬਦਾਂ 'ਚ, ਬਹੁਕੌਮੀ ਕੰਪਨੀਆਂ ਨੂੰ ਕੁਦਰਤੀ ਅਤੇ ਮਨੁੱਖੀ ਵਸੀਲਿਆਂ ਦੀ ਅੰਨ੍ਹੀ ਲੁੱਟ ਦਾ ਠੇਕਾ ਹੋਰ ਤੇਜ਼ੀ ਨਾਲ ਦੇਵਾਂਗੇ। ਭੁੱਲ ਜਾਓ ਕਿ ਢਾਂਚਾ ਮਨੁੱਖ ਲਈ ਹੈ। ਏਥੇ ਮਨੁੱਖ ਢਾਂਚੇ ਦੀ ਸੇਵਾ ਲਈ ਹੋਵੇਗਾ। ਭਾਰਤ ਦੇ ਪੰਜ ਸਾਲ ਤੋਂ ਘੱਟ ਉਮਰ ਦੇ ਸੰਤਾਲੀ ਫ਼ੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਉਨ੍ਹਾਂ ਦਾ ਭਾਰ ਉਮਰ ਮੁਤਾਬਕ ਲੋੜੀਦਾਂ ਨਹੀਂ ਹੈ। ਭਾਰਤ ਦੇ ਸੈਂਤੀ ਫ਼ੀਸਦੀ ਬਾਲਗ ਮਰਦਾਂ ਅਤੇ ਉਨਤਾਲੀ ਫ਼ੀ ਸਦੀ ਬਾਲਗ ਬੀਬੀਆਂ ਦਾ ਮਾਸ ਬੌਡੀ ਇੰਡੈਕਸ 18.5 ਤੋਂ ਹੇਠਾਂ ਹੈ। ਮਾਸ ਬੌਡੀ ਇੰਡੈਕਸ 'ਚ ਤਿੰਨ ਚੀਜ਼ਾਂ ਸ਼ਾਮਲ ਹੁੰਦੀਆਂ ਹਨ। ਉਮਰ ਮੁਕਾਬਲੇ ਭਾਰ, ਉਮਰ ਮੁਕਾਬਲੇ ਕੱਦ ਅਤੇ ਕੱਦ ਮੁਕਾਬਲੇ ਭਾਰ। ਇਹ ਆਬਾਦੀ ਕੁਪੋਸ਼ਣ ਦੀ ਭੈੜੀ ਹਾਲਤ 'ਚ ਹੈ। ਉੜੀਸਾ ਦੀ ਚਾਲੀ ਫ਼ੀਸਦੀ ਆਬਾਦੀ ੧੮.੫ ਤੋਂ ਹੇਠਾਂ ਜ਼ਿੰਦਗੀ ਕੱਟ ਰਹੀ ਹੈ। ਆਲਮੀ ਸਿਹਤ ਸੰਸਥਾ ਦੇ ਨੇਮਾਂ ਮੁਤਾਬਕ ਜਿਸ ਕੌਮ ਦੀ ਚਾਲੀ ਫ਼ੀਸਦੀ ਆਬਾਦੀ 18.5 ਤੋਂ ਹੇਠਾਂ ਹੈ। ਉਹ ਕੌਮ ਅੱਤ ਦੀ ਭਿਆਨਕ ਹਾਲਤ 'ਚ ਜਿਉਂ ਰਹੀ ਹੈ ਅਤੇ ਲਗਾਤਾਰ ਅਕਾਲ ਦੀ ਹਾਲਤ 'ਚ ਹੈ। ਅਜਿਹੇ ਹਾਲਾਤ 'ਚ ਮੁਲਕ ਦੇ 'ਈਮਾਨਦਾਰ' ਹੁਕਮਰਾਨ ਵੱਲੋਂ ਮਹਿੰਗਾਈ ਨੂੰ ਤਰੱਕੀ ਦਾ ਸਬੂਤ ਮੰਨਣ ਵਾਲਾ ਬਿਆਨ ਸੱਚਮੁੱਚ ਡਰਾਉਣਾ ਹੈ। ਜੇ ਲੋਕਾਂ ਦੀ ਕੀਮਤ 'ਤੇ ਮੁਲਕ ਦੀ 'ਤਰੱਕੀ' ਮਿੱਥੀ ਜਾਣੀ ਹੈ ਤਾਂ ਸਾਡਾ ਜਮਹੂਰੀ ਹੱਕ ਹੈ ਕਿ ਅਸੀਂ ਇਸ ਬਿਆਨ ਨੂੰ ਕੌਮੀ ਹੱਤਕ ਸਮਝੀਏ।
ਭੁੱਖ ਨਾਲ ਮਰਦੇ ਬੰਦੇ ਤੋਂ ਵੱਧ ਮਹਿੰਗਾਈ ਵਧਾਉਣ ਨੂੰ ਤਰਜੀਹ ਦੇਣ ਵਾਲੀ 'ਈਮਾਨਦਾਰ' ਸੋਚ ਜਾਪਾਨੀ ਫ਼ਿਲ਼ਮ 'ਹਾਰਾ-ਕਰੀ' ਦੇ ਮੱਠ ਦਾ ਚੇਤਾ ਕਰਾਉਂਦੀ ਹੈ। ਹਾਰਾ-ਕਰੀ ਅਜਿਹੀ ਰਸਮ ਹੈ ਜੀਹਦੇ ਤਹਿਤ ਬੰਦਾ ਸੰਬੰਧਤ ਮੱਠ 'ਚ ਜਾ ਕੇ ਖ਼ੁਦਕੁਸ਼ੀ ਕਰ ਸਕਦਾ ਹੈ। ਮੱਠ ਦੇ ਪੁਜਾਰੀਆਂ ਦੇ ਅਪਣੇ ਵਿਧੀ-ਵਿਧਾਨ ਹਨ। ਉਹ ਮੰਤਰਾਂ ਦਾ ਪਾਠ ਕਰਦੇ ਅਤੇ ਮੌਤ ਦਾ ਜਸ਼ਨ ਮਨਾਉਂਦੇ ਹਨ। ਇੱਕ ਸਮੁਰਾਏ (ਜਪਾਨੀ ਯੋਧਿਆਂ ਲਈ ਵਰਤਿਆ ਜਾਂਦਾ ਲਕਬ) ਦਾ ਟੱਬਰ ਬੁਰੀ ਹਾਲਤ 'ਚ ਹੈ। ਸਮੁਰਾਏ ਲਈ ਤਲਵਾਰ ਬੇਸ਼ਕੀਮਤੀ ਹੂੰਦੀ ਹੈ। ਉਹ ਟੱਬਰ ਦੇ ਮੂੰਹ 'ਚ ਅੰਨ ਦਾ ਦਾਣਾ ਪਾਉਣ ਲਈ ਜਾਨ ਤੋਂ ਪਿਆਰੀ ਤਲਵਾਰ ਵੀ ਵੇਚ ਚੁੱਕਿਆ ਹੈ। ਦਿਖਾਵੇ ਵਜੋਂ ਲੱਕੜ ਦੀ ਤਲਵਾਰ ਮਿਆਨ 'ਚ ਪਾ ਕੇ ਘੁੰਮਦਾ ਹੈ। ਪਰਿਵਾਰ ਕਈ ਦਿਨ ਤੋਂ ਭੁੱਖਾ ਹੈ। ਸਮੁਰਾਏ ਰੋਟੀ ਦੀ ਭਾਲ 'ਚ ਘੁੰਮਦਾ ਹਾਰਾ-ਕਰੀ ਦੇ ਮੱਠ ਕੋਲ ਜਾ ਪਹੁੰਚਦਾ ਹੈ। ਜਿੱਥੇ ਉਸ ਨੂੰ ਪਤਾ ਲੱਗਦਾ ਹੈ ਕਿ ਹੁਣ ਮੱਠ ਵਾਲੇ ਖ਼ੁਦਕੁਸ਼ੀ ਲਈ ਆਉਣ ਵਾਲੇ ਨੂੰ ਮਾਰਦੇ ਨਹੀਂ ਹਨ। ਤਰਸ ਵਜੋਂ ਕੁਝ ਪੈਸੇ ਦੇ ਕੇ ਵਾਪਸ ਭੇਜ ਦਿੰਦੇ ਹਨ। ਭੁੱਖ ਦਾ ਮਾਰਿਆ ਸਮੁਰਾਏ ਮੱਠ ਅੰਦਰ ਜਾ ਕੇ ਖ਼ੁਦਕੁਸ਼ੀ ਦੀ ਪੇਸ਼ਕਸ਼ ਕਰਦਾ ਹੈ ਪਰ ਮੱਠ ਵਾਲਿਆਂ ਦਾ ਉਸਦੀ ਭੁੱਖ ਨਾਲ ਲਾਗਾ-ਤੇਗਾ ਨਹੀਂ ਹੈ। ਮੱਠ ਦਾ ਕੰਮ ਬੰਦੇ ਨੂੰ ਮਾਰਨਾ ਹੈ। ਮੱਠ ਦੇ ਨੇਮਾਂ ਮੁਤਾਬਕ ਖ਼ੁਦਕੁਸ਼ੀ ਅਪਣੀ ਤਲਵਾਰ ਨਾਲ ਹੀ ਕਰਨੀ ਪੈਂਦੀ ਹੈ। ਲੱਕੜ ਦੀ ਤਲਵਾਰ ਨਾਲ ਅਪਣਾ ਢਿੱਡ ਖੋਦਣਾ ਸਮੁਰਾਏ ਲਈ ਅਸਹਿਣਯੋਗ ਹੋ ਜਾਂਦਾ ਹੈ। ਉਹ ਭੁੱਖ ਨਾਲ ਘੁਲਦੇ ਪਰਿਵਾਰ ਦਾ ਵਾਸਤਾ ਦਿੰਦਾ ਹੈ। ਅੰਤ 'ਚ ਮੱਠ ਦੀਆ ਅਟੱਲ ਰਵਾਇਤਾਂ ਮੁਤਾਬਕ ਸਮੁਰਾਏ ਦਾ ਸਿਰ ਧੜ ਤੋਂ ਅਲੱਗ ਕਰ ਕੇ ਰਸਮ ਪੂਰੀ ਹੋਣ ਦਾ ਜਸ਼ਨ ਮਨਾਇਆ ਜਾਂਦਾ ਹੈ। ਬਾਅਦ ਵਿੱਚ ਸਮੁਰਾਏ ਦਾ ਸਹੁਰਾ (ਜੋ ਕਦੇ ਸਮੁਰਾਏ ਰਿਹਾ ਹੈ) ਮੱਠ ਦੀਆਂ ਧਾਰਮਿਕ ਦਲੀਲਾਂ ਅਤੇ ਡੰਡੇ ਦੇ ਜ਼ੋਰ ਨੂੰ ਸਵਾਲਾਂ ਦੇ ਘੇਰੇ 'ਚ ਲਿਆਉਂਦਾ ਹੈ। ਦਲੀਲ ਪੱਖੋਂ ਹਾਰਿਆ ਮੱਠ ਡੰਡੇ ਦਾ ਜ਼ੋਰ ਅਜ਼ਮਾਉਣ 'ਤੇ ਉੱਤਰ ਆਉਂਦਾ ਹੈ। ਯੋਧਾ ਪਹਿਰੇਦਾਰਾਂ ਨਾਲ ਲੜਦਾ ਮਾਰਿਆ ਜਾਂਦਾ ਹੈ। ਮੱਠ ਨੂੰ ਕੋਈ ਫਰਕ ਨਹੀਂ ਪੈਂਦਾ। ਮੱਠ ਯੋਧੇ ਦੀਆਂ ਦਲੀਲਾਂ ਤੋਂ ਨਹੀਂ ਡਰਦਾ। ਉਹ ਉਸ ਦਲੀਲ ਦੇ ਲੋਕਾਂ ਵਿੱਚ ਪਹੁੰਚਣ ਤੋਂ ਡਰਦਾ ਹੈ। ਪਹਿਰੇਦਾਰਾਂ ਨੂੰ ਤਾਕੀਦ ਹੁੰਦੀ ਹੈ ਕਿ ਸਭ ਕੁਝ ਪਹਿਲਾਂ ਦੀ ਤਰ੍ਹਾਂ ਕਰ ਦਿੱਤਾ ਜਾਵੇ ਤੇ ਗੱਲ ਮੱਠ ਤੋਂ ਬਾਹਰ ਨਹੀਂ ਜਾਣੀ ਚਾਹੀਦੀ। ਇਹ ਮੱਠ ਜਦੋਂ ਪ੍ਰਬੰਧਕੀ ਇਮਾਰਤਾਂ ਦਾ ਰੂਪ ਧਾਰ ਲੈਂਦੇ ਹਨ ਤਾਂ ਮਹਾਂਬਲੀ ਮਨੁੱਖਾਂ ਨੂੰ ਭੁੱਖ ਨਾਲ ਮਰਨ, ਰੁਜ਼ਗਾਰ ਖੁਣੋ ਫ਼ਾਕੇ ਕੱਟਣੀ, ਪੈਸੇ ਖੁਣੋ ਅਨਪੜ੍ਹ ਰਹਿਣ, ਅੱਧ-ਭੁੱਖਾ ਜਾਂ ਭੁੱਖਾ ਰਹਿਣ ਅਤੇ ਮਾਮੂਲੀ ਬੀਮਾਰੀਆਂ ਨਾਲ ਮਰ ਜਾਣ ਦੀ 'ਆਜ਼ਾਦੀ' ਮਿਲਦੀ ਹੈ।


No comments:

Post a Comment