ਜਤਿੰਦਰ ਮੌਹਰ
ਕੌਮਾਂਤਰੀ ਕਨੂੰਨਾਂ ਰਾਹੀਂ ਤਸ਼ੱਦਦ ਨੂੰ ਅਣਮਨੁੱਖੀ ਅਤੇ ਗ਼ੈਰ-ਕਨੂੰਨੀ ਠਹਿਰਾਇਆ ਜਾ ਚੁੱਕਿਆ ਹੈ। ਬੰਦੇ ਤੋਂ ਇਕਬਾਲੀਆ ਬਿਆਨ ਲੈਣ ਜਾਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰਨ ਲਈ ਦਿੱਤੇ ਜਾਂਦੇ ਸਰੀਰਕ ਜਾਂ ਮਾਨਸਿਕ ਕਸ਼ਟ ਨੂੰ ਤਸ਼ੱਦਦ ਕਰਾਰ ਦਿੱਤਾ ਗਿਆ ਹੈ। ਉੱਪਰ ਦਿੱਤੀ ਵਿਆਖਿਆ ਮੁਲਕਾਂ ਜਾਂ ਸਰਕਾਰੀ ਸਰਪ੍ਰਸਤੀ ਹਾਸਲ 'ਤਸ਼ੱਦਦ' ਉੱਤੇ ਸਭ ਤੋਂ ਪਹਿਲਾਂ ਲਾਗੂ ਹੁੰਦੀ ਹੈ। ਇਹਦੇ ਵਿੱਚ ਉਹ ਮੁਲਕ ਸ਼ਾਮਲ ਨਹੀਂ ਕੀਤੇ ਜਾਂਦੇ ਜਿੱਥੇ ਅੰਗ ਕੱਟਣਾ ਜਾਂ ਕੋਰੜੇ ਮਾਰਨਾ ਕਨੂੰਨੀ ਸਜ਼ਾ ਵਜੋਂ ਦਰਜ ਹੈ। ਸੰਨ 1986 'ਚ ਆਲਮੀ ਸਿਹਤ ਸੰਸਥਾ ਨੇ 'ਜੱਥੇਬੰਦ ਹਿੰਸਾ' ਨੂੰ 'ਤਸ਼ੱਦਦ' ਦੀ ਵਿਆਖਿਆ ਹੇਠ ਲਿਆਉਣ ਦਾ ਵਿਚਾਰ ਸਾਹਮਣੇ ਲਿਆਂਦਾ ਸੀ। ਕੌਮਾਂਤਰੀ ਮਨੁੱਖੀ-ਹਕੂਕ ਜੱਥੇਬੰਦੀ 'ਐਮਨੈਸਟੀ' ਤਸ਼ੱਦਦ ਦੀ ਚਾਲੂ ਵਿਆਖਿਆ ਨੂੰ ਮੋਕਲਾ ਕਰਦੀ ਹੈ ਜਿਸ ਮੁਤਾਬਕ,
"ਤਸ਼ੱਦਦ, ਮਨੁੱਖ ਦਾ ਮਨੁੱਖ ਨੂੰ ਵਿਉਂਤਬੱਧ ਢੰਗ ਨਾਲ ਦਿੱਤਾ ਗਿਆ ਕਸ਼ਟ ਹੈ। ਇਹ ਕਸ਼ਟ ਪੀੜਤ ਦੀ ਮਰਜ਼ੀ ਤੋਂ ਬਗੈਰ ਆਪਣਾ ਕੰਮ ਕੱਢਣ ਲਈ ਦਿੱਤਾ ਜਾਂਦਾ ਹੈ।" ਮਨੁੱਖੀ-ਹਕੂਕ ਦੀ ਰਾਖੀ ਲਈ ਜਨੇਵਾ ਸਮਝੌਤਾ ਅਹਿਮ ਥਾਂ ਰੱਖਦਾ ਹੈ। ਇੱਕ ਸੌ ਸੰਤਾਲੀ ਮੁਲਕਾਂ ਨੇ ਜਨੇਵਾ ਸਮਝੌਤੇ ਉੱਤੇ ਸਹੀ ਪਾਈ ਹੋਈ ਜਤਾਈ ਹੈ। ਸਹਿਮਤੀ ਦੇ ਬਾਵਜੂਦ ਕੁਝ ਮੁਲਕ ਅਜੇ ਵੀ ਖੁੱਲੇ ਰੂਪ 'ਚ ਤਸ਼ੱਦਦ ਨੂੰ ਹੱਕ ਸਮਝਦੇ ਹਨ। ਐਮਨੈਸਟੀ ਅਤੇ ਹੋਰ ਕੌਮਾਂਤਰੀ ਮਨੁੱਖੀ-ਹਕੂਕ ਜੱਥੇਬੰਦੀਆਂ ਮੁਤਾਬਕ ਘੱਟੋ-ਘੱਟ 81 ਆਲਮੀ ਸਰਕਾਰਾਂ ਸਿੱਧੇ ਜਾਂ ਅਸਿੱਧੇ ਰੂਪ 'ਚ ਤਸ਼ੱਦਦਖਾਨੇ ਚਲਾ ਰਹੀਆਂ ਹਨ। ਬਾਕੀ ਮੁਲਕਾਂ 'ਚ ਵੀ ਮਨੁੱਖੀ-ਹਕੂਕ ਦੀ ਪਾਲਣਾ ਦਾ ਦਾਅਵਾ ਸ਼ੱਕ ਦੇ ਘੇਰੇ 'ਚ ਹੈ। ਬਹੁਤੇ ਮੁਲਕ ਤਾਂ ਜਨੇਵਾ ਸਮਝੌਤੇ 'ਤੇ ਸਹੀ ਪਾਉਣ ਲਈ ਤਿਆਰ ਵੀ ਨਹੀਂ ਸਨ। ਸਰਕਾਰੀ ਤਸ਼ੱਦਦ ਨੂੰ ਜਾਇਜ਼ ਠਹਿਰਾਉਣ ਦੀ ਮਸ਼ਕ ਬਾਦਸਤੂਰ ਜਾਰੀ ਹੈ। ਮੀਡੀਆ ਅਤੇ ਫ਼ਿਲਮਾਂ ਇਸੇ ਸੋਚ ਦਾ ਬੋਝ ਢੋਂਦੀਆਂ ਜਾਪਦੀਆਂ ਹਨ।
ਅਮਰੀਕੀ ਫ਼ਿਲਮ 'ਅਨਥਿੰਕੇਬਲ' ਤਸ਼ੱਦਦ, ਅਤਿਵਾਦ, ਅਮਰੀਕੀ ਵਿਦੇਸ਼ ਨੀਤੀ ਅਤੇ ਮਨੁੱਖੀ ਹਕੂਕ ਜਿਹੇ ਮੁੱਦਿਆਂ ਨੂੰ ਉਘਾੜਦੀ ਹੈ। ਫ਼ਿਲਮ ਦਾ ਮੁੱਖ ਪਾਤਰ ਸਟੀਵਨ ਆਰਥਰ ਯੰਗਰ ਅਮਰੀਕੀ ਸਿਪਾਹੀ ਹੈ ਜਿਸ ਨੂੰ ਮਨੁੱਖੀ-ਤਬਾਹੀ ਦੇ ਹਥਿਆਰ ਜਬਤ ਅਤੇ ਬੇਅਸਰ ਕਰਨ ਲਈ ਇਰਾਕ ਭੇਜਿਆ ਜਾਂਦਾ ਹੈ। ਪੱਛਮੀ ਜੰਗਬਾਜ਼ਾਂ ਦੇ ਇਰਾਕੀਆਂ 'ਤੇ ਢਾਹੇ ਗਏ ਜ਼ੁਲਮਾਂ ਨੂੰ ਦੇਖ ਕੇ ਉਹ ਮੁਸਲਮਾਨ ਬਣ ਜਾਂਦਾ ਹੈ। ਅਮਰੀਕਾ ਵਾਪਸ ਆ ਕੇ ਉਹ ਅਪਣੀ ਵੀਡੀਉ ਟੇਪ ਤਿਆਰ ਕਰਦਾ ਹੈ। ਉਸ ਦਾ ਦਾਅਵਾ ਹੈ ਕਿ ਉਸ ਨੇ ਅਮਰੀਕਾ ਦੇ ਤਿੰਨ ਸ਼ਹਿਰਾਂ 'ਚ ਪ੍ਰਮਾਣੂ ਬੰਬ ਲਾਏ ਹਨ। ਉਹ ਜਾਣ-ਬੁੱਝ ਕੇ ਗ੍ਰਿਫਤਾਰ ਹੋ ਜਾਂਦਾ ਹੈ ਅਤੇ ਅਮਰੀਕੀ ਸਰਕਾਰ ਮੂਹਰੇ ਕੁਝ ਮੰਗਾਂ ਰੱਖਦਾ ਹੈ। ਜੇ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਉਹ ਤਿੰਨੇ ਸ਼ਹਿਰਾਂ ਨੂੰ ਪ੍ਰਮਾਣੂ ਬੰਬ ਨਾਲ ਉਡਾਉਣ ਦੀ ਧਮਕੀ ਦਿੰਦਾ ਹੈ। ਪਹਿਲੀ ਮੰਗ ਮੁਤਾਬਕ ਅਮਰੀਕੀ ਸਰਕਾਰ ਮੱਧ-ਪੂਰਬ ਦੇ ਮੁਲਕਾਂ 'ਚ ਆਪਣੀਆਂ ਕਠਪੁਤਲੀ ਸਰਕਾਰਾਂ ਅਤੇ ਤਾਨਾਸ਼ਾਹਾਂ ਨੂੰ ਹਮਾਇਤ ਦੇਣੀ ਬੰਦ ਕਰੇ। ਦੂਜਾ, ਸਾਰੇ ਮੁਸਲਿਮ ਮੁਲਕਾਂ 'ਚੋਂ ਅਮਰੀਕੀ ਫ਼ੌਜਾਂ ਨੂੰ ਵਾਪਸ ਬੁਲਾਇਆ ਜਾਵੇ। ਸਟੀਵਨ ਦੀ ਤਫ਼ਤੀਸ਼ ਦਾ ਜ਼ਿੰਮਾ ਹੈਲਨ ਬਰੌਡੀ ਨਾਂ ਦੀ ਅਫ਼ਸਰ ਨੂੰ ਸੌਂਪਿਆ ਜਾਂਦਾ ਹੈ। ਦੂਜੇ ਪਾਸੇ, ਤਸ਼ੱਦਦ ਕਰਨ ਲਈ ਹੈਨਰੀ ਹੈਰੋਲਡ ਉਰਫ ਏਜੰਟ 'ਐਚ' ਨਾਂ ਦੇ ਬੰਦੇ ਨੂੰ ਬੁਲਾਇਆ ਜਾਂਦਾ ਹੈ ਜੋ ਤਸ਼ੱਦਦ 'ਚ ਸਭ ਤੋਂ ਬੇਰਹਿਮ ਤੇ ਹੁਨਰਮੰਦ ਕਸਾਈਆਂ 'ਚ ਗਿਣਿਆ ਜਾਂਦਾ ਹੈ। ਉਸ ਦਾ ਕੰਮ ਸਟੀਵਨ ਤੋਂ ਬੰਬਾਂ ਦੀ ਥਾਂ ਦਾ ਪਤਾ ਕਰਨਾ ਹੈ। ਉਹ ਸਟੀਵਨ ਉੱਤੇ ਤਸ਼ੱਦਦ ਦੇ ਹਰ ਸੰਭਵ ਹੁਨਰ ਅਜ਼ਮਾਉਂਦਾ ਹੈ। ਅਜਿਹੇ ਤਸੀਹਿਆਂ ਦੀ ਤਫ਼ਸੀਲ ਲਿਖਣਾ ਵੀ ਪਾਠਕਾਂ ਉੱਤੇ ਤਸ਼ਦੱਦ ਤੋਂ ਘੱਟ ਨਹੀਂ ਜਾਪਦਾ। ਅੰਤ 'ਚ ਉਹ ਸਟੀਵਨ ਦੇ ਬੱਚਿਆਂ ਨੂੰ ਉਹਦੇ ਸਾਹਮਣੇ ਤਸੀਹੇ ਦੇ ਕੇ ਮਾਰਨ ਦਾ ਫ਼ੈਸਲਾ ਕਰਦਾ ਹੈ। ਇਸੇ ਨੂੰ ਉਹ 'ਅਨਥਿੰਕੇਬਲ' ਕਹਿੰਦਾ ਹੈ। ਫ਼ਿਲਮ, ਬੁਸ਼ ਪ੍ਰਸ਼ਾਸ਼ਨ ਦੀ ਨਵੀਆਂ ਤੇ ਸੁਧਰੀਆਂ ਤਸ਼ੱਦਦ ਤਕਨੀਕਾਂ ਨੂੰ ਦਿੱਤੀ 'ਹੱਲਾਸ਼ੇਰੀ' ਦਾ ਚੇਤਾ ਕਰਾਉਂਦੀ ਹੈ। ਹੈਲਨ ਬਰੌਡੀ ਏਜੰਟ 'ਐਚ' ਦੇ ਕਾਰਿਆਂ ਦਾ ਵਿਰੋਧ ਕਰਦੀ ਹੈ। ਮੂਲ ਰੂਪ 'ਚ ਉਹ ਅਣਮਨੁੱਖੀ ਤਸ਼ੱਦਦ ਦੇ ਖ਼ਿਲਾਫ਼ ਪੈਂਤੜਾ ਲੈਂਦੀ ਹੈ। ਸਾਰੀ ਫ਼ਿਲਮ 'ਚ 'ਐਚ' ਨਾਲ ਉਹਦਾ ਵਿਰੋਧ ਬਣਿਆ ਰਹਿੰਦਾ ਹੈ। 'ਐਚ' ਭੇਦ-ਭਰਿਆ ਕਿਰਦਾਰ ਹੈ। ਆਹਲਾ ਦਰਜੇ ਦਾ ਅਮਰੀਕੀ ਅਫ਼ਸਰ ਸਟੀਵਨ ਦੀਆਂ ਮੰਗਾਂ ਬਾਰੇ 'ਐਚ' ਨੂੰ ਕਹਿੰਦਾ ਹੈ, "ਅਮਰੀਕੀ ਵਿਦੇਸ਼ ਨੀਤੀ ਦਾ ਫ਼ੈਸਲਾ ਹੁਣ ਅਤਿਵਾਦੀ ਕਰਨਗੇ?" 'ਐਚ' ਦਾ ਸਿੱਧਾ-ਸਾਧਾ ਜਵਾਬ ਹੈ, "ਕਿਉਂ ਨਹੀਂ?"। ਦੂਜੇ ਪਾਸੇ ਉਹ ਸਟੀਵਨ ਤੋਂ ਜਾਣਕਾਰੀ ਹਾਸਲ ਕਰਨ ਲਈ ਹਰ ਧੱਕੇਸ਼ਾਹੀ ਨੂੰ ਜਾਇਜ਼ ਸਮਝਦਾ ਹੈ।
ਸਟੀਵਨ ਬੱਚਿਆਂ 'ਤੇ ਤਸ਼ੱਦਦ ਵਾਲੀ ਗੱਲ ਤੋਂ ਟੁੱਟ ਜਾਂਦਾ ਹੈ। ਉਹ ਸਾਰੇ ਬੰਬਾਂ ਦੀ ਥਾਂ ਦੱਸਣ ਲਈ ਰਾਜ਼ੀ ਹੋ ਜਾਂਦਾ ਹੈ ਤੇ ਸਿਪਾਹੀ ਤੋਂ ਪਿਸਤੌਲ ਖੋਹ ਕੇ ਅਪਣੇ-ਆਪ ਨੂੰ ਗੋਲੀ ਮਾਰ ਲੈਂਦਾ ਹੈ। ਮਰਦਾ ਹੋਇਆ ਹੈਲਨ ਬਰੌਡੀ ਨੂੰ ਬੱਚਿਆਂ ਦੀ ਦੇਖਭਾਲ ਕਰਨ ਲਈ ਕਹਿ ਜਾਂਦਾ ਹੈ। ਅਖ਼ੀਰਲੇ ਪਲਾਂ 'ਚ ਬਰੌਡੀ ਬੱਚਿਆਂ ਨੂੰ ਨਾਲ ਲੈ ਕੇ ਜਾ ਰਹੀ ਹੈ। ਫ਼ਿਲਮ ਖੁੱਲ੍ਹੇ ਅੰਤ ਨਾਲ ਖ਼ਤਮ ਹੁੰਦੀ ਹੈ। ਅੰਤਲੇ ਦ੍ਰਿਸ਼ 'ਚ ਇੱਕ ਬੰਬ ਫਟਣ ਲਈ ਤਿਆਰ ਹੈ। ਮਤਲਬ ਸਟੀਵਨ ਨੇ ਇਸ ਬੰਬ ਦਾ ਖ਼ੁਲਾਸਾ ਨਹੀਂ ਕੀਤਾ ਸੀ। ਉਪਰੀ ਨਜ਼ਰੇ ਫ਼ਿਲਮ ਅਮਰੀਕੀ ਜੰਗੀ ਨੀਤੀਆਂ ਦੇ ਵਿਰੁਧ ਭੁਗਤਦੀ ਲਗਦੀ ਹੈ। ਸੰਜੀਦਾ ਨਜ਼ਰਸਾਨੀ ਨਾਲ ਇਹ ਦੂਜੀ ਧਿਰ ਵਿੱਚ ਖੜੀ ਜਾਪਦੀ ਹੈ। ਪ੍ਰਮਾਣੂ-ਬੰਬਾਂ ਦਾ ਨਾਮ ਜਾਣ-ਬੁੱਝ ਕੇ ਵਰਤਿਆ ਗਿਆ ਹੈ ਕਿਉਂਕਿ ਇਹ ਵਧੇਰੇ ਡਰ-ਪਾਊ ਹੈ। ਲੋਕਾਂ 'ਚ ਅਤਿਵਾਦ ਦੇ ਨਾਂ 'ਤੇ ਦਹਿਸ਼ਤ ਪਾਉਣ ਦੀ ਮਸ਼ਕ ਨਿੱਤ-ਦਿਨ ਮੀਡੀਆ ਰਾਹੀਂ ਕੀਤੀ ਜਾਂਦੀ ਹੈ। ਫ਼ਿਲਮ ਫੜੇ ਗਏ ਲੋਕਾਂ 'ਤੇ ਕੀਤੇ ਜਾਂਦੇ ਤਸ਼ੱਦਦ ਨੂੰ ਸਹੀ ਠਹਿਰਾਉਂਦੀ ਹੈ। ਸਿੱਟਾ ਇਹੀ ਨਿਕਲਦਾ ਹੈ ਕਿ ਜੇ ਤਸ਼ੱਦਦ ਕਰਕੇ 'ਸੱਚ' ਨਾਂ ਜਾਣਿਆ ਗਿਆ ਤਾਂ ਅਤਿਵਾਦੀ ਅਪਣੇ 'ਮਨਸੂਬਿਆਂ' 'ਚ ਕਾਮਯਾਬ ਹੋ ਜਾਣਗੇ। ਇਸੇ ਪ੍ਰਸੰਗ 'ਚ ਹਿੰਦੀ ਫ਼ਿਲਮ 'ਬਲੈਕ ਫ੍ਰਾਈਡੇ' ਦੀ ਮਿਸਾਲ ਦਿੱਤੀ ਜਾ ਸਕਦੀ ਹੈ। ਪੁਲਸੀਆ ਬੰਬ ਕਾਂਡ ਦੇ ਮੁਲਜ਼ਮਾਂ ਦੇ ਘਰਦਿਆਂ ਨੂੰ ਤਸੀਹੇ ਦੇਣ ਨੂੰ ਜ਼ਾਇਜ਼ ਮੰਨਦਾ ਹੈ। ਉਸ ਦਾ ਕਹਿਣਾ ਹੈ ਕਿ ਮੁਲਜ਼ਮ (ਮੁਸਲਮਾਨ) ਵੱਡੇ ਤੋਂ ਵੱਡਾ ਤਸ਼ੱਦਦ ਸਹਿ ਸਕਦੇ ਹਨ ਪਰ ਮਾਪਿਆਂ, ਭੈਣਾਂ ਤੇ ਜੀਵਨ-ਸਾਥਣਾਂ ਦੀ ਬੇਪਤੀ ਸਹਿਣ ਨਹੀਂ ਕਰ ਸਕਦੇ। ਜੀਹਦੇ ਕਰਕੇ ਇਨ੍ਹਾਂ ਨੂੰ ਤਸੀਹੇ ਦੇਣਾ ਜ਼ਰੂਰੀ ਹੈ। 'ਅਨਥਿੰਕੇਬਲ' ਨੂੰ 'ਅਤਿਵਾਦ ਖ਼ਿਲਾਫ਼ ਜੰਗ' ਦੇ ਦਾਅਵੇ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ ਹੈ। ਨੌਂ ਗਿਆਰਾਂ ਦੇ ਹਾਦਸੇ ਤੋਂ ਬਾਅਦ 'ਅਤਿਵਾਦ ਖ਼ਿਲਾਫ਼ ਜੰਗ' ਨੇ ਹੁਕਮਰਾਨਾਂ ਦੇ ਹੱਥ 'ਚ ਵੱਡਾ ਹਥਿਆਰ ਦੇ ਦਿੱਤਾ ਹੈ। ਹੁਣ ਉਹ ਮਨੁੱਖੀ-ਹਕੂਕ ਦੀ ਉਲੰਘਣਾ ਦੇ ਕਾਲੇ ਲੇਖ ਲਿਖ ਰਹੇ ਹਨ। 'ਅਤਿਵਾਦ' ਦਾ ਹਊਆ ਖੜਾ ਕਰਕੇ ਲੋਕਾਂ ਦੇ ਹੱਕੀ ਅੰਦੋਲਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਹਊਏ ਦੀ ਵਜ੍ਹਾ ਨਾਲ ਪੱਛਮੀ ਮੁਲਕਾਂ, ਭਾਰਤ ਅਤੇ ਇਸਰਾਈਲ ਵਰਗੇ ਮੁਲਕਾਂ ਦੀ ਬਹੁਗਿਣਤੀ 'ਤਸ਼ੱਦਦ' ਨੂੰ ਖ਼ਾਮੋਸ਼ ਸਹਿਮਤੀ ਦਿੰਦੀ ਸਿੱਧ ਕੀਤੀ ਜਾਂਦੀ ਹੈ। ਇਸ ਹਊਏ ਨੇ ਲੋਕਾਂ ਦੇ ਬੁਨਿਆਦੀ ਮਸਲਿਆਂ ਤੋਂ ਧਿਆਨ ਹਟਾਉਣ ਅਤੇ ਖੁੱਲ੍ਹੀ ਮੰਡੀ ਦੀਆਂ ਨੀਤੀਆਂ ਲਾਗੂ ਕਰਨ 'ਚ ਵੱਡਾ ਹਿੱਸਾ ਪਾਇਆ ਹੈ। ਇਨ੍ਹਾਂ ਨਿਸ਼ਾਨਿਆਂ ਦੀ ਪੂਰਤੀ ਲਈ ਅਗਲਾ ਕਦਮ ਮੁਲਕਾਂ ਦੇ ਫ਼ੌਜੀਕਰਨ ਦਾ ਹੈ। ਜੰਗਬਾਜ਼ਾਂ ਦਾ ਮਨੁੱਖ ਨਾਲ ਰਿਸ਼ਤਾ ਮੌਤ ਅਤੇ ਤਬਾਹੀ ਦਾ ਹੀ ਹੋ ਸਕਦਾ ਹੈ। ਇਨ੍ਹਾਂ ਹਾਲਾਤ 'ਚ ਮਨੁੱਖੀ-ਹਕੂਕ ਦੀ ਉਲੰਘਣਾ ਦਾ ਖ਼ਤਰਾ ਹੋਰ ਗੰਭੀਰ ਹੋ ਜਾਂਦਾ ਹੈ। ਅਮਰੀਕਾ ਤੇ ਇੰਗਲੈਂਡ ਦੇ 'ਅਤਿਵਾਦ ਖ਼ਿਲਾਫ਼ ਜੰਗ' 'ਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪੇਸ਼ ਕੀਤੇ ਗਏ ਸਬੂਤ ਸ਼ੱਕ ਦੇ ਘੇਰੇ 'ਚ ਆਏ ਹਨ। ਇਕਬਾਲੀਆ ਬਿਆਨ ਦਰਜ ਕਰਾਉਣ ਲਈ ਮੁਲਜ਼ਮਾਂ 'ਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ ਸੀ। ਅਪਰੈਲ 2009 'ਚ ਅਮਰੀਕਾ ਦੇ ਆਹਲਾ ਦਰਜੇ ਦੇ ਖ਼ੁਫ਼ੀਆ ਅਫ਼ਸਰ (ਸਾਬਕਾ) ਅਤੇ ਸਾਬਕਾ ਫ਼ੌਜੀ ਮਨੋਵਿਗਿਆਨ ਮਾਹਿਰ ਨੇ ਖ਼ੁਲਾਸਾ ਕੀਤਾ ਹੈ ਕਿ ਬੁਸ਼ ਪ੍ਰਸ਼ਾਸਨ ਨੇ ਤਫ਼ਤੀਸ਼ ਕਰਨ ਵਾਲਿਆਂ 'ਤੇ ਨਵੀਆਂ ਤੇ ਵਿਕਸਿਤ ਤਸ਼ੱਦਦ ਤਕਨੀਕਾਂ ਵਰਤਣ ਲਈ ਦਬਾਅ ਪਾਇਆ ਸੀ। ਇਹ ਤਕਨੀਕਾਂ ਵਰਤ ਕੇ ਉਹ ਮੁਲਜ਼ਮਾਂ ਤੋਂ ਅਲਕਾਇਦਾ ਅਤੇ ਸੱਦਾਮ ਹੁਸੈਨ ਦੇ ਨਿਜ਼ਾਮ ਵਿਚਲੀਆਂ ਸਾਂਝੀਆਂ ਤੰਦ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ। 14 ਮਈ 2009 ਨੂੰ ਅਮਰੀਕੀ ਉਪ ਰਾਸ਼ਟਰਪਤੀ ਡਿਕ ਚੇਨੀ ਨੇ ਸ਼ਰੇਆਮ ਵਾਟਰਬੋਰਡਿੰਗ (ਤਸ਼ੱਦਦ ਦੀ ਕਿਸਮ) ਤੇ ਸੁਧਰੀਆਂ ਤਸ਼ੱਦਦੀ ਤਕਨੀਕਾਂ ਦੇ ਹੱਕ 'ਚ ਬਿਆਨ ਦਿੱਤਾ ਸੀ। ਚੇਨੀ ਮੁਤਾਬਕ, 'ਮੈਂ ਸਾਡੇ ਸੁਧਰੇ ਤੇ ਵਿਕਸਿਤ ਤਸ਼ੱਦਦੀ ਪ੍ਰੋਗ੍ਰਾਮ ਦਾ ਹਮਾਇਤੀ ਹਾਂ ਤੇ ਰਹਾਂਗਾ।" ਰਾਸ਼ਟਰਪਤੀ ਦੇ ਸਲਾਹਕਾਰ ਕਾਰਲ ਰੋਵ ਨੇ ਕਿਹਾ ਕਿ ਅਸੀਂ ਇਨ੍ਹਾਂ ਤਸ਼ੱਦਦੀ ਤਕਨੀਕਾਂ ਨਾਲ ਹੀ ਲੋਕਾਂ ਨੂੰ ਬਚਾ ਸਕੇ ਹਾਂ। ਇਹ ਕੌਮਾਂਤਰੀ ਤੇ ਅਮਰੀਕੀ ਕਨੂੰਨਾਂ ਮੁਤਾਬਕ ਵਰਤੇ ਗਏ ਹਨ। ਅਸਲ ਪੁਆੜੇ ਦੀ ਜੜ੍ਹ ਸਾਮਰਾਜੀ ਮੁਲਕਾਂ ਦੀ ਵਿਦੇਸ਼ ਨੀਤੀ ਹੈ। ਸਮੁੱਚੇ ਰੂਪ 'ਚ ਇਹ ਪ੍ਰਾਪੇਗੰਡਾ ਫ਼ਿਲਮ ਹੈ ਜੋ 'ਅਤਿਵਾਦ' ਦੇਨਾਂ 'ਤੇ ਜੰਗਬਾਜ਼ਾਂ ਦੇ ਤਸ਼ੱਦਦਖ਼ਾਨਿਆਂ ਦੀ ਵਕਾਲਤ ਕਰਦੀ ਹੈ।
ਇਹ ਫ਼ਿਲਮ ਸਹਿਜੇ ਹੀ ਦੋ ਬੰਦਿਆਂ ਦੀ ਬੁੱਚੜਾਂ ਵਜੋਂ ਸ਼ਨਾਖ਼ਤ ਕਰਦੀ ਹੈ ਜੋ ਉਨ੍ਹਾਂ ਦੀ ਨਸਲੀ-ਮਜ਼ਹਬੀ ਪਛਾਣ ਉੱਤੇ ਅਣਕਹੀ ਘਾਤਕ ਟਿੱਪਣੀ ਕਰਦੀ ਹੈ। ਅਮਰੀਕਾ ਲਈ ਖ਼ਤਰਾ ਪੈਦਾ ਕਰਨ ਵਾਲਾ ਮੁਸਲਮਾਨ ਹੈ ਅਤੇ ਤਸ਼ੱਦਦ ਦਾ ਮਾਹਰ ਸਿਆਹਫਾਮ ਹੈ। ਗੋਰੀ ਅਮਰੀਕੀ ਔਰਤ ਤਸ਼ੱਦਦ ਵਿੱਚ ਅਣਸਰਦੇ ਨੂੰ ਸ਼ਾਮਿਲ ਹੋਈ ਹੈ। ਉਹ ਤਾਂ ਮੁੜ ਕੇ ਖ਼ਤਰਨਾਕ ਅਤਿਵਾਦੀ ਦੇ ਬੱਚਿਆਂ ਦੀ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਹੈ। ਬਸਤਾਨ ਇਸੇ ਤਰ੍ਹਾਂ ਆਪਣੇ ਤਸ਼ੱਦਦੀ ਸਾਮਰਾਜ ਨੂੰ 'ਜਾਂਗਲੀਆਂ' ਨੂੰ ਸੱਭਿਅਕ ਬਣਾਉਣ ਦੇ ਨਾਮ ਉੱਤੇ ਜਾਇਜ਼ ਕਰਾਰ ਦਿੰਦੇ ਆਏ ਹਨ। ਆਸਟਰੇਲੀਆ ਦੀ ਫ਼ਿਲਮ 'ਰੈਬਿਟ ਫੈਂਸ' ਗੋਰੇ ਸਾਮਰਾਜੀਆਂ ਦੀਆਂ ਇਨ੍ਹਾਂ 'ਸੱਭਿਅਤਾ ਸਿਖਾਉਣ ਵਾਲੀਆਂ ਪਰਉਪਕਾਰੀ ਮੁਹਿੰਮਾਂ' ਦਾ ਖੁਲਾਸਾ ਕਰਦੀ ਹੈ। ਮੂਲ ਵਾਸੀਆਂ ਦੇ ਬੱਚਿਆਂ ਨੂੰ ਮਾਪਿਆਂ ਤੋਂ ਵਿਛੋੜ ਕੇ ਉਨ੍ਹਾਂ ਦੀ 'ਬੰਦਖਲਾਸੀ' ਦੀ ਵਕਾਲਤ ਕਰਨ ਵਾਲੇ ਹੁਣ ਤਸ਼ੱਦਦਖ਼ਾਨਿਆਂ ਵਿੱਚੋਂ 'ਜਮਹੂਰੀਅਤ' ਅਤੇ 'ਮਨੁੱਖਤਾ ਨੂੰ ਮਹਿਫ਼ੂਜ਼' ਕਰਨ ਦਾ ਪਾਠ ਪੜ੍ਹਾ ਰਹੇ ਹਨ। ਹੈਲਨ ਦੀ 'ਕਮਜ਼ੋਰੀ' ਅਮਰੀਕੀ ਵਿਦੇਸ਼ ਨੀਤੀ ਦਾ ਸਭ ਤੋਂ ਘਾਤਕ ਪ੍ਰਚਾਰ ਹੈ। ਹੈਲਨ ਨੂੰ ਅਮਰੀਕਾ ਵਜੋਂ ਦੇਖੋ ਤਾਂ ਸਹੀ … ਅਬੂ ਗ਼ਰੀਬ ਰਾਤ ਨੂੰ ਸੌਣ ਨਹੀਂ ਦੇਵੇਗਾ।
No comments:
Post a Comment