Wednesday, 23 November 2011

ਨਾਬਰਾਂ ਤੇ ਜਾਬਰਾਂ ਦੀ ਪਾਲਾਬੰਦੀ ਨੂੰ ਉਘਾੜਦੀ 'ਈਵਨ ਦ ਰੇਨ'

ਜਤਿੰਦਰ ਮੌਹਰ

ਅਫ਼ਰੀਕੀ ਕਹੌਤ ਹੈ ਕਿ ਜਦੋਂ ਤੱਕ ਸ਼ਿਕਾਰ ਦਾ ਇਤਿਹਾਸ ਸ਼ਿਕਾਰੀ ਲਿਖਦੇ ਰਹਿਣਗੇ। ਮਹਿਮਾਂ ਸ਼ਿਕਾਰੀਆਂ ਦੀ ਹੀ ਹੁੰਦੀ ਰਹੇਗੀ। ਸ਼ਿਕਾਰੀਆਂ ਦੇ ਲਿਖੇ ਇਤਿਹਾਸ ਨੇ ਬੰਦੇ ਨੂੰ ਅੱਜ ਤੱਕ ਵਾਹਣੀ ਪਾ ਕੇ ਰੱਖਿਆ ਹੈ। ਕਦੇ ਉਨ੍ਹਾਂ ਦੇ ਹੱਥ 'ਚ ਖ਼ੋਜ ਦੀਆਂ ਧੋਖੇ-ਭਰੀਆਂ ਕਿਤਾਬਾਂ ਅਤੇ ਨਕਸ਼ੇ ਸਨ। ਨਵੇਂ ਖਿੱਤਿਆਂ 'ਚ ਫੈਲਣ ਦੀ ਲਾਲਸਾ ਦੇ ਪਹਾੜ ਜਿੱਡੇ ਸਾਜ਼ਸ਼ੀ ਕਦਮ ਸਨ। ਪਿੱਛੇ-ਪਿੱਛੇ ਗਲਾਂ 'ਚ ਪਵਿੱਤਰ ਸਲੀਬਾਂ ਲਮਕਾਈ 'ਧਰਮ' ਦੇ ਨੁਮਾਇੰਦੇ ਹੇੜ੍ਹਾਂ ਬੰਨ੍ਹੀ ਆਉਂਦੇ ਸਨ। ਬਾਬੇ ਈਸਾ ਦੀ ਰੂਹ ਦੇ ਕਾਤਲਾਂ ਨੇ ਅਣਗਿਣਤ ਮਸੀਹਾਂ ਨੂੰ ਸੂਲੀ ਚਾੜ੍ਹਨਾ ਸੀ। ਕਰਾੜਾਂ ਦੇ ਹੱਥਾਂ 'ਚ ਵੇਚਣ ਦੀਆਂ ਵਸਤਾਂ ਸਨ। ਉਨ੍ਹਾਂ ਦੇ ਚਿਹਰਿਆਂ 'ਤੇ ਮੁਨਾਫ਼ੇ ਦੀ ਹਾਬੜੀ ਭੁੱਖ ਸੀ ਤੇ ਹੱਥ ਕਿਰਤ ਦੇ ਲਹੂ ਨਾਲ ਰੰਗੇ ਹੋਏ ਸਨ। ਲੁੱਟ ਦੇ ਬੇਕਿਰਕ ਪਹਿਰੇਦਾਰਾਂ ਦੇ ਹੱਥਾਂ 'ਚ ਨਾਮੁਰਾਦ ਅਸਲਾ ਸੀ। ਇਨ੍ਹਾਂ ਕਾਰਿਆਂ ਨੂੰ ਉਹ 'ਜੰਗਲੀਆਂ' ਨੂੰ 'ਸੱਭਿਅਤਾ' ਸਿਖਾਉਣ ਦੀ 'ਪਵਿੱਤਰ ਸੇਵਾ' ਮੰਨਦੇ ਹਨ। ਉਹ ਕੋਲੰਬਸਾਂ, ਮਾਰਕ ਪੋਲੋਆਂ ਤੇ ਜੇਮਜ਼ ਕੁੱਕਾਂ ਨੂੰ ਨਵੀਂ ਦੁਨੀਆਂ ਲੱਭਣ ਦੇ ਖ਼ੋਜੀ ਨਾਇਕਾਂ ਵਜੋਂ ਪ੍ਰਚਾਰਦੇ ਰਹੇ ਤੇ ਮਨੁੱਖੀ ਨਸਲ ਦੇ ਚੇਤਿਆਂ 'ਚ ਪਲੀਤ ਇਤਿਹਾਸ ਦੀ ਗ਼ਰਦ ਚਾੜਦੇ ਰਹੇ। ਨਵੀਂ ਦੁਨੀਆਂ ਲੱਭਣ ਦੇ ਨਾਅਰਿਆਂ ਹੇਠ ਲੁੱਟ ਦੀ ਨਵੀਂ ਦੁਨੀਆਂ ਵਸਾਉਣ ਲਈ ਲਾਮ-ਲਸ਼ਕਰ ਲੈ ਕੇ ਆਉਂਦੇ ਰਹੇ। ਨਾਬਰਾਂ ਨੇ ਇਨ੍ਹਾਂ ਹੱਲਿਆਂ ਨੂੰ ਰੂਹਾਂ ਤੇ ਪਿੰਡਿਆਂ 'ਤੇ ਝੱਲਿਆ ਪਰ ਨਾਬਰੀ ਦੀ ਸੁਰ ਨੀਵੀਂ ਨਹੀਂ ਹੋਣ ਦਿੱਤੀ। ਜ਼ਿੰਦਗੀ ਦੇ ਆਸ਼ਕਾਂ ਨੇ ਸਦੀਆਂ ਤੋਂ ਲੁੱਟ ਦੇ ਖ਼ਿਲਾਫ਼ ਸੰਗਰਾਮ ਦਾ ਪਿੜ ਮੱਲਿਆ ਹੋਇਆ ਹੈ। ਉਨ੍ਹਾਂ ਨੇ ਸ਼ਿਕਾਰੀਆਂ ਦੇ ਮੁਖੌਟਿਆਂ ਅਤੇ ਖ਼ਸਲਤ ਨੂੰ ਸ਼ਰੇ-ਬਾਜ਼ਾਰ ਬੇਪਰਦ ਕੀਤਾ ਹੈ। ਉਨ੍ਹਾਂ ਦੇ ਗੀਤਾਂ 'ਚ ਸ਼ਿਕਾਰ ਹੋਇਆਂ ਦੀ ਮਹਿਮਾਂ ਹੈ ਅਤੇ ਸ਼ਿਕਾਰੀਆਂ ਦੀ ਬਦਸੂਰਤੀ ਝਲਕਦੀ ਹੈ। ਇਹ ਸੱਭਿਅਤਾ ਦਾ ਸਦੀਵੀ ਵਰਤਾਰਾ ਹੈ ਅਤੇ ਪੀੜੇ ਜਾਂਦੇ ਲੋਕਾਂ ਦੀ ਹੋਣੀ ਸਾਂਝੀ ਹੈ।

ਹਦਾਇਤਕਾਰ ਇਸੀਅਰ ਬੋਲੇਨ ਦੀ ਸਪੇਨੀ ਫ਼ਿਲਮ 'ਈਵਨ ਦ ਰੇਨ' ਸਮਕਾਲੀ ਮੁੱਦਿਆਂ ਨੂੰ ਬੀਤੇ ਇਤਿਹਾਸ ਨਾਲ ਜੋੜ ਕੇ ਨਾਬਰਾਂ ਤੇ ਜਾਬਰਾਂ ਦੀ ਪਾਲਾਬੰਦੀ ਨੂੰ ਤਿੱਖੇ ਰੂਪ 'ਚ ਉਘਾੜਦੀ ਹੈ। ਫ਼ਿਲਮ ਦੀ ਕਹਾਣੀ ਮੁਤਾਬਕ ਸੰਨ ਦੋ ਹਜ਼ਾਰ 'ਚ ਸਪੇਨੀ ਫ਼ਿਲਮ-ਕਾਮਿਆਂ ਦਾ ਸਮੂਹ ਕੋਲੰਬਸ ਦੀ ਅਮਰੀਕੀ ਯਾਤਰਾ 'ਤੇ ਫ਼ਿਲਮ ਬਣਾਉਣ ਲਈ ਬੋਲੀਵਿਆ ਦੇ ਸ਼ਹਿਰ ਕੋਚਾਕਾਮਬਾ ਪਹੁੰਚਦਾ ਹੈ। ਹਦਾਇਤਕਾਰ ਸੈਬੇਸਿਟੀਅਨ, ਕੋਲੰਬਸ ਦੀ ਖ਼ੋਜੀ ਨਾਇਕ ਵਾਲੀ ਚਾਲੂ-ਮਿੱਥ ਨੂੰ ਭੰਨ ਕੇ, ਉਸ ਦੇ ਅਮਰੀਕੀ ਮੂਲਵਾਸੀਆਂ 'ਤੇ ਕੀਤੇ ਗਏ ਜ਼ੁਲਮਾਂ ਨੂੰ ਪੇਸ਼ ਕਰਨਾ ਚਾਹੁੰਦਾ ਹੈ। ਕੋਲੰਬਸ ਨੇ ਸੋਨਾ ਲੱਭਣ ਲਈ ਮੂਲਵਾਸੀਆਂ ਨੂੰ ਗ਼ੁਲਾਮ ਬਣਾਇਆ। ਬਾਗ਼ੀਆਂ ਨੂੰ ਸੂਲੀਆਂ 'ਤੇ ਟੰਗ ਕੇ ਜਿਉਂਦੇ ਸਾੜਿਆ। ਮੂਲਵਾਸੀ ਬੀਬੀਆਂ ਤੇ ਭੁਝੰਗੀਆਂ ਨੂੰ ਕੋਹ-ਕੋਹ ਮਾਰਿਆ। ਬੋਲੀਵਿਆ ਲਾਤੀਨੀ ਅਮਰੀਕਾ ਦਾ ਸਭ ਤੋਂ ਗ਼ਰੀਬ ਮੁਲਕ ਹੈ। ਮਜ਼ਦੂਰੀ ਸਸਤੀ ਹੋਣ ਕਰਕੇ ਇਹ ਮੁਲਕ ਫ਼ਿਲਮ ਦੇ ਵਿੱਤੀ ਮਾਲਕਾਂ ਨੂੰ ਬਹੁਤ ਰਾਸ ਆਉਂਦਾ ਹੈ। ਇਹ ਫ਼ਿਲਮਸਾਜ਼ਾਂ ਵੱਲੋਂ ਕੀਤੀ ਜਾਂਦੀ ਲੁੱਟ ਦਾ ਮਹੀਨ ਰੂਪ ਹੈ। ਇੱਕ ਪਾਸੇ ਸੈਬੇਸਿਟੀਅਨ ਦੀ ਫ਼ਿਲਮ ਬਸਤਾਨਾਂ ਦੇ ਖ਼ਿਲਾਫ਼ ਭੁਗਤਦੀ ਹੈ। ਦੂਜੇ ਪਾਸੇ ਮੁਕਾਮੀ ਕਲਾਕਾਰਾਂ ਦਾ ਸ਼ੋਸ਼ਣ ਕਰਦੀ ਹੈ। ਮਿਹਨਤਾਨਾ ਘੱਟ ਹੋਣ ਕਰਕੇ ਬਹੁਤੇ ਕਲਾਕਾਰ ਮੁਕਾਮੀ ਲੋਕਾਂ 'ਚੋਂ ਚੁਣੇ ਜਾਂਦੇ ਹਨ। ਕੋਲੰਬਸ ਦੇ ਖ਼ਿਲਾਫ਼ ਬਾਗ਼ੀਆਂ ਦੇ ਮੁਖੀ 'ਹਾਟੇ' ਦੇ ਕਿਰਦਾਰ 'ਚ ਮੂਲਵਾਸੀ ਡੈਨੀਅਲ ਨੂੰ ਲਿਆ ਜਾਂਦਾ ਹੈ। ਫ਼ਿਲਮ ਬਣਨ ਦੌਰਾਨ ਕੋਚਾਕਾਮਬਾ 'ਚ ਬਹੁਕੌਮੀ ਕੰਪਨੀ ਨੂੰ ਪਾਣੀ ਦੇ ਨਿੱਜੀਕਰਨ ਦਾ ਹੱਕ ਮਿਲ ਚੁੱਕਿਆ ਹੈ। ਕੰਪਨੀ, ਪ੍ਰਸ਼ਾਸਨ ਤੇ ਪੁਲਿਸ ਦੀ ਮਿਲੀਭੁਗਤ ਨਾਲ ਪਾਣੀ ਦੇ ਰਵਾਇਤੀ ਵਸੀਲੇ ਬੰਦ ਕਰਨ 'ਚ ਲੱਗੀ ਹੋਈ ਹੈ। ਖ਼ਾਸ ਕਰਕੇ ਖੂਹਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਤਾਂ ਕਿ ਆਵਾਮ ਕੋਲ ਪਾਣੀ ਹਾਸਲ ਕਰਨ ਦਾ ਇੱਕੋ-ਇੱਕ ਵਸੀਲਾ ਕੰਪਨੀ ਹੀ ਹੋਵੇ। ਪਾਣੀ ਦੀਆਂ ਕੀਮਤਾਂ ਵਧਾਉਣ ਕਰਕੇ ਲੋਕ-ਰੋਹ ਭੜਕ ਉੱਠਦਾ ਹੈ। ਡੈਨੀਅਲ ਵਿਰੋਧ ਕਰਨ ਵਾਲਿਆਂ ਦੇ ਆਗੂਆਂ 'ਚੋਂ ਹੈ।
ਪੁਲਿਸ ਡੰਡੇ ਦੇ ਜ਼ੋਰ ਨਾਲ ਲੋਕਾਂ ਨੂੰ ਦਬਾਉਣਾ ਚਾਹੁੰਦੀ ਹੈ। ਡੈਨੀਅਲ ਦੇ ਜੇਲ੍ਹ ਜਾਣ ਜਾਂ ਜਖ਼ਮੀ ਹੋਣ ਨਾਲ ਫ਼ਿਲਮ ਦਾ ਕੰਮ ਰੁਕ ਸਕਦਾ ਹੈ। ਵਿੱਤੀ ਮਾਲਕ ਉਸ ਨੂੰ ਵੱਧ ਪੈਸੇ ਦੇ ਕੇ ਮੁਜ਼ਾਹਰੇ 'ਚ ਜਾਣ ਤੋਂ ਰੋਕਦੇ ਹਨ। ਉਹ ਪੈਸੇ ਲੈ ਲੈਂਦਾ ਹੈ ਪਰ ਮੁਜ਼ਾਹਰੇ ਦੀ ਅਗਵਾਈ ਕਰਨ ਪਹੁੰਚ ਜਾਂਦਾ ਹੈ। ਪੁਲਿਸ ਲੋਕਾਂ 'ਤੇ ਅੰਨ੍ਹਾਂ ਤਸ਼ੱਦਦ ਕਰਦੀ ਹੈ। ਡੈਨੀਅਲ ਜਖ਼ਮੀ ਹੋ ਜਾਂਦਾ ਹੈ ਤੇ ਫੜ ਲਿਆ ਜਾਂਦਾ ਹੈ। ਫ਼ਿਲਮਸਾਜ਼ ਪੁਲਿਸ ਵਾਲਿਆਂ ਨੂੰ ਰਿਸ਼ਵਤ ਦੇ ਕੇ ਡੈਨੀਅਲ ਨੂੰ ਕੁਝ ਘੰਟਿਆਂ ਲਈ ਛੁੜਵਾ ਲਿਆਉਂਦੇ ਹਨ। ਫ਼ਿਲਮ ਦਾ ਕੰਮ ਪੂਰਾ ਹੁੰਦੇ ਸਾਰ ਪੁਲਸ ਡੈਨੀਅਲ ਨੂੰ ਦੁਬਾਰਾ ਫੜਨ ਆ ਪਹੁੰਚਦੀ ਹੈ ਪਰ ਮੂਲਵਾਸੀ ਡੈਨੀਅਲ ਨੂੰ ਛੁਡਵਾਉਣ ਲਈ ਪੁਲਿਸ ਨਾਲ ਦਸਤਪੰਜਾ ਲੈਂਦੇ ਹਨ। ਅੰਤ 'ਚ ਬਹੁਕੌਮੀ ਕੰਪਨੀ ਨੂੰ ਲੋਕ-ਰੋਹ ਅੱਗੇ ਝੁਕਦਿਆਂ ਪਿੱਛੇ ਹਟਣਾ ਪੈਂਦਾ ਹੈ।

ਹਾਟੇ (ਡੈਨੀਅਲ) ਨੂੰ ਬਾਗ਼ੀ ਹੋਣ ਕਰਕੇ ਕੋਲੰਬਸ ਨੇ ਸੂਲੀ 'ਤੇ ਚਾੜ ਕੇ ਜਿਉਂਦਾ ਸਾੜ ਦਿੱਤਾ ਸੀ। ਡੈਨੀਅਲ, ਬਾਬੇ ਈਸਾ ਦੀ ਰੂਹ ਜਾਪਦਾ ਹੈ ਜੋ ਕੋਲੰਬਸ ਤੋਂ ਲੈ ਕੇ ਅਵਾਮ ਨੂੰ ਪਾਣੀ ਤੋਂ ਬੇਦਖ਼ਲ ਕਰਦੀ ਬਹੁਕੌਮੀ ਕੰਪਨੀ ਦੇ ਜ਼ੁਲਮ ਅੱਗੇ ਹਿੱਕ ਡਾਹੁੰਦਾ ਹੈ। ਹਰ ਵਾਰੀ ਉਸਦੇ ਹਿੱਸੇ ਸੂਲੀ ਆਈ ਹੈ। ਤਹਿਲਕਾ ਮੈਗਜ਼ੀਨ ਦੀ ਰਪਟ ਮੁਤਾਬਕ ਸਾਡੇ ਮੁਲਕ ਦੀ ਸਰਕਾਰ ਨੇ ਮੱਧ-ਪ੍ਰਦੇਸ਼ ਦੇ ਦਰਿਆ ਦਾ ਤੇਈ ਕਿਲੋਮੀਟਰ ਦਾ ਮੁਹਾਣ ਨਿੱਜੀ ਕੰਪਨੀ ਨੂੰ ਇੱਕ ਰੁਪੈ ਵਿੱਚ ਪਟੇ 'ਤੇ ਦਿੱਤਾ ਸੀ। ਮੁਕਾਮੀ ਲੋਕਾਂ ਨੂੰ ਉਦੋਂ ਪਤਾ ਲੱਗਿਆ ਜਦੋਂ ਦਰਿਆ ਦੇ ਦੁਆਲੇ ਕੰਡਿਆਲੀ ਤਾਰ ਲਾ ਦਿੱਤੀ ਗਈ। ਲੋਕਾਂ ਨੂੰ ਦਰਿਆ ਦਾ ਪਾਣੀ ਵਰਤਣ ਤੋਂ ਰੋਕ ਦਿੱਤਾ ਗਿਆ। ਇਸ ਤਰ੍ਹਾਂ ਦੇ ਹੋਰ ਮਾਮਲੇ ਵੀ ਸਾਹਮਣੇ ਆਏ ਹਨ। ਜਿੱਥੇ ਦਰਿਆਵਾਂ ਦੇ ਪਾਣੀ ਨਿੱਜੀ ਕੰਪਨੀਆਂ ਨੂੰ ਨਾਮਨਿਹਾਦ ਕੀਮਤ 'ਤੇ ਵੇਚ ਦਿੱਤੇ ਗਏ ਹਨ। ਫ਼ਿਲਮ ਪੁਰਾਣੇ ਯੂਰਪੀ ਸਾਮਰਾਜ ਅਤੇ ਅਜੋਕੇ ਆਲਮੀਕਰਨ ਤੇ ਨਿੱਜੀਕਰਨ ਦੇ ਵਰਤਾਰੇ ਦੀਆਂ ਸਾਂਝੀਆਂ ਤੰਦਾਂ ਨੂੰ ਉਘਾੜ ਕੇ ਪੇਸ਼ ਕਰਦੀ ਹੈ। ਕੋਲੰਬਸ ਦੀ ਗ਼ੁਲਾਮੀ ਤੇ ਕਤਲੇਆਮ ਦੀ ਵਿਰਾਸਤ ਨੂੰ ਮੌਜੂਦਾ ਬਸਤਾਨ ਆਲਮੀਕਰਨ ਤੇ ਖੁੱਲ੍ਹੀ ਮੰਡੀ ਦੀਆਂ ਨੀਤੀਆਂ ਰਾਹੀਂ ਅੱਗੇ ਵਧਾ ਰਹੇ ਹਨ। ਪਾਣੀ ਤੋਂ ਲੈ ਕੇ ਹਰ ਬੁਨਿਆਦੀ ਸੇਵਾ ਨੂੰ ਨਿੱਜੀ ਹੱਥਾਂ 'ਚ ਦਿੱਤਾ ਜਾ ਰਿਹਾ ਹੈ। ਇਸੇ ਪ੍ਰਸੰਗ 'ਚ ਅਵਾਮੀ ਗਾਇਕ ਜਗਦੀਸ਼ ਪਾਪੜਾ ਪੰਜਾਬੀਆਂ ਨੂੰ ਗੀਤ ਰਾਹੀਂ ਸਚੇਤ ਕਰਦੇ ਹਨ, "ਪੀ ਬੋਤਲ ਦਾ ਪਾਣੀ, ਨਾ ਹਾਕਾਂ ਮਾਰ ਗ਼ੁਲਾਮੀ ਨੂੰ।" ਫ਼ਿਲਮ ਦਾ ਸਿਰਲੇਖ ਇਸ਼ਾਰਾ ਕਰਦਾ ਹੈ ਕਿ ਮੁਨਾਫ਼ਾਖੋਰ ਨੀਤੀਆਂ ਰਾਹੀਂ ਆਵਾਮ ਲਈ ਮੀਂਹ ਦਾ ਪਾਣੀ ਵਰਤਣਾ ਵੀ ਗ਼ੈਰ-ਕਨੂੰਨੀ ਬਣਾ ਦਿੱਤਾ ਜਾਵੇਗਾ।
ਫ਼ਿਲਮ ਅਮਰੀਕੀ ਲੋਕ-ਇਤਿਹਾਸਕਾਰ ਅਤੇ ਸਿਆਸੀ ਕਾਰਕੁਨ ਹਾਵਰਡ ਜ਼ਿਨ ਨੂੰ ਸਮਰਪਤ ਹੈ। ਜਿਸ ਨੂੰ ਉੱਘੇ ਫ਼ਿਲਮਸਾਜ਼ ਤੇ ਕਾਲਮ ਨਵੀਸ ਦਲਜੀਤ ਅਮੀ 'ਆਪਣਾ ਕੌਮਾਂਤਰੀ ਬਾਬਾ' ਕਹਿ ਕੇ ਸਤਿਕਾਰਦੇ ਹਨ। ਹਾਵਰਡ ਜ਼ਿਨ ਜੰਗ ਵਿਰੋਧੀ ਅਤੇ ਲੋਕ-ਪੱਖੀ ਲਹਿਰ ਦੇ ਨਾਮੀ ਲੇਖਕਾਂ 'ਚ ਗਿਣੇ ਜਾਂਦੇ ਹਨ। 'ਅਮਰੀਕਾ ਦਾ ਲੋਕ ਇਤਿਹਾਸ' ਉਨ੍ਹਾਂ ਦੀ ਮਸ਼ਹੂਰ ਕਿਤਾਬ ਹੈ। ਫ਼ਿਲਮ ਦੇ ਲੇਖਕ ਪਾਲ ਲਾਵਰਟੀ ਹਾਵਰਡ ਜ਼ਿਨ ਦੇ ਕਰੀਬੀ ਮਿੱਤਰਾਂ 'ਚੋਂ ਹਨ। ਫ਼ਿਲਮ ਦੀ ਕਹਾਣੀ ਲਿਖਣ 'ਚ ਬਾਬੇ ਹਾਵਰਡ ਨੇ ਪਾਲ ਲਾਵਰਟੀ ਦੀ ਮਦਦ ਕੀਤੀ ਸੀ। ਸਮੁੱਚੇ ਰੂਪ 'ਚ ਫ਼ਿਲਮ ਸ਼ਿਕਾਰੀਆਂ ਦੇ ਲਿਖੇ ਇਤਿਹਾਸ ਨੂੰ ਛਿੱਲ ਕੇ ਰੱਖ ਦਿੰਦੀ ਹੈ। ਨਾਬਰਾਂ ਤੇ ਜਾਬਰਾਂ ਦੀ ਪਾਲਾਬੰਦੀ ਨੂੰ ਸਮਕਾਲੀ ਤੈਹਾਂ ਤੱਕ ਫਰੋਲਦੀ ਹੈ।

1 comment: