Sunday 10 March 2013

ਮਿੱਟੀ: ਦਿਸ਼ਾਹੀਣਤਾ ਤੇ ਜ਼ਿੰਮੇਵਾਰੀ ਵਿੱਚ ਸੰਵਾਦ

ਦਲਜੀਤ ਅਮੀ

ਹੁਣ ਤੱਕ ਪੰਜਾਬੀ ਫ਼ਿਲਮਾਂ ਦਾ ਖ਼ਾਸਾ ਮਨੋਰੰਜਨ ਤੱਕ ਮਹਿਦੂਦ ਰਿਹਾ ਹੈ। ਜਾਤੀ ਹਉਮੈਂ, ਜ਼ਮੀਨ ਲਈ ਦੁਸ਼ਮਣੀਆਂ, ਪਰਵਾਸ ਦੇ ਕੁਝ ਪੱਖਾਂ ਅਤੇ ਪਿਆਰ ਤਿਕੋਣਾਂ ਦੁਆਲੇ ਘੁੰਮਦਾ ਪੰਜਾਬੀ ਫ਼ਿਲਮਾਂ ਦਾ ਵਿਸ਼ਾ-ਵਸਤੂ ਖੜੋਤ ਦਾ ਸ਼ਿਕਾਰ ਹੈ। 'ਮਿੱਟੀ' ਇਸ ਖੜੋਤ ਅਤੇ ਪੰਜਾਬੀ ਫ਼ਿਲਮ ਦੇ ਪ੍ਰਵਾਨਿਤ ਖ਼ਾਸੇ ਨੂੰ ਵੱਢ ਮਾਰਦੀ ਹੈ। ਮਿੱਟੀ ਪੰਜਾਬ ਦੇ ਮੁੰਡਿਆਂ ਦੀ ਕਹਾਣੀ ਹੈ ਜੋ ਪੰਜਾਬੀ ਹੋਣ ਦੇ ਬਾਵਜੂਦ ਇੱਥੇ ਦੀ 'ਮਿੱਟੀ' ਤੋਂ ਨਿਰਲੇਪ ਹਨ। ਦਿਸ਼ਾਹੀਣਤਾ ਦੀ ਹਾਲਤ ਵਿੱਚ ਉਹ ਜੋ ਵੀ ਕਰਦੇ ਹਨ ਸਿਰਫ਼ ਸਾਹ ਲੈਂਦੇ ਰਹਿਣ ਦਾ ਤਰੱਦਦ ਹੈ। ਜਦੋਂ ਜ਼ਿੰਦਗੀ ਦੇ ਥਪੇੜੇ ਉਨ੍ਹਾਂ ਨੂੰ ਮਿੱਟੀ ਦੀ ਜਾਗ ਲਾਉਂਦੇ ਹਨ ਤਾਂ ਉਨ੍ਹਾਂ ਨੂੰ ਕੀਮਤ ਜਾਨ ਦੇਕੇ ਚੁਕਾਉਣੀ ਪੈਂਦੀ ਹੈ।

ਮੌਜੂਦਾ ਸਮਿਆਂ ਦੀ ਵੱਡੀ ਤ੍ਰਾਸਦੀ ਨੌਜਵਾਨ ਪੀੜ੍ਹੀ ਨਾਲ ਸੰਵਾਦ ਦੀ ਅਣਹੋਂਦ ਹੈ। ਨਿਘਾਰ ਅਤੇ ਗ਼ੈਰ-ਜ਼ਿੰਮੇਵਾਰੀ ਦੀਆਂ ਤੋਹਮਤਾਂ ਸਹਿੰਦੀ ਇਹ ਪੀੜ੍ਹੀ ਆਪਣੇ ਜੀਣ-ਥੀਣ ਦੇ ਕਾਰਨ ਤੇ ਸਾਧਨ ਤਲਾਸ਼ ਰਹੀ ਹੈ। ਮਿੱਟੀ ਇਸ ਪੀੜ੍ਹੀ ਨਾਲ ਨਿੱਗਰ ਅਤੇ ਟਕਰਾਵਾਂ ਸੰਵਾਦ ਸਿਰਜਦੀ ਹੈ। ਇਸ ਸੰਵਾਦ ਨਾਲ ਇਸ ਪੀੜ੍ਹੀ ਦਾ ਰਿਸ਼ਤਾ ਪਿਛਲੀਆਂ ਪੀੜ੍ਹੀਆਂ ਰਾਹੀਂ ਹੁੰਦਾ ਹੋਇਆ ਇਤਿਹਾਸ ਨਾਲ ਜੁੜਦਾ ਹੈ ਜੋ ਨਾਬਰੀ ਦੀਆਂ ਬਾਤਾਂ ਪਾ ਰਿਹਾ ਹੈ। ਇਹ ਮੁੰਡੇ ਜਦੋਂ ਇਤਿਹਾਸ ਵਿੱਚੋਂ ਸੋਝੀ ਹਾਸਿਲ ਕਰਦੇ ਹਨ ਤਾਂ ਇਨ੍ਹਾਂ ਦੀਆਂ ਜ਼ਿੰਮੇਵਾਰੀਆਂ ਵੱਡੀਆਂ ਹੋ ਨਿਬੜਦੀਆਂ ਹਨ। ਇਸ ਤਰ੍ਹਾਂ ਉਹ ਮਿੱਟੀ ਬਚਾਉਣ ਦੇ ਆਹਰ ਵਿੱਚ ਲੱਗਦੇ ਹਨ। ਇਹ ਆਹਰ ਸਿਆਸਤ, ਮੁਨਾਫ਼ੇ  ਅਤੇ ਧਰਮ ਦੀ ਜੁੰਡਲੀ ਨੂੰ ਬੇਪਰਦ ਕਰਦਾ ਹੈ। ਇਹ ਜੁੰਡਲੀ ਜੋ ਲੋਕਾਂ ਦੇ ਜੀਣ-ਥੀਣ ਦੇ ਸਾਧਨਾਂ ਤੇ ਕਾਰਨਾਂ ਨੂੰ ਆਪਣੇ ਹਿੱਤਾਂ ਦੀ ਬਲੀ ਚਾੜ੍ਹ ਰਹੀ ਹੈ।


ਰੱਬੀ, ਗਾਜ਼ੀ, ਲਾਲੀ ਅਤੇ ਟੁੰਡਾ ਯੂਨੀਵਰਸਿਟੀ ਤੋਂ ਕੱਢੇ ਜਾਣ ਤੋਂ ਬਾਅਦ ਚੰਡੀਗੜ੍ਹ ਵਿੱਚ ਦੱਬੀ ਹੋਈ ਕੋਠੀ ਵਿੱਚ ਟਿਕੇ ਹੋਏ ਹਨ। ਉਹ ਸ਼ਰਾਬ ਅਤੇ ਸਿਆਸਤ ਦਾ ਧੰਦਾ ਕਰਦੇ ਹਰਮੇਲ ਸਿੰਘ ਲਈ ਹਰ ਜਾਇਜ਼-ਨਾਜਾਇਜ਼ ਕੰਮ ਕਰਦੇ ਹਨ। ਪਿੰਡ ਲਾਲੀ ਦਾ ਭਰਾ ਜੀਤ ਕਿਸਾਨ ਯੂਨੀਅਨ ਆਗੂ ਹੈ ਜੋ ਇਨ੍ਹਾਂ ਨੂੰ ਜ਼ਿੰਦਗੀ ਦਾ ਅਸਲ ਪੱਖ ਦਿਖਾਉਣਾ ਚਾਹੁੰਦਾ ਹੈ ਪਰ ਇਨ੍ਹਾਂ ਕੋਲ ਉਸ ਦੀ ਗੱਲ ਸੁਣਨ ਲਈ ਨਾ ਸਮਾਂ ਹੈ ਅਤੇ ਨਾ ਸਬਰ। ਮੁੰਡੇ ਤੋੜ-ਵਿਛੋੜਾ ਕਰਨ ਉੱਤੇ ਉਤਾਰੂ ਹਨ ਅਤੇ ਜੀਤ ਜੋੜਨ ਨੂੰ ਫਿਰਦਾ ਹੈ। 

ਰੱਬੀ ਦੀ ਪ੍ਰੇਮਿਕਾ ਉਨ੍ਹਾਂ ਨੂੰ ਅਸਲੀਅਤ ਦਾ ਸ਼ੀਸ਼ਾ ਦਿਖਾਉਂਦੀ ਹੈ। ਉਨ੍ਹਾਂ ਹੱਥੋਂ ਸਰਦਾਰ ਦੀਆਂ ਬੇਇਮਾਨੀਆਂ ਨੂੰ ਬੇਪਰਦ ਕਰਨ ਲਈ ਕੰਮ ਕਰਦੇ ਪੱਤਰਕਾਰ ਦਾ ਕਤਲ ਹੁੰਦਾ ਹੈ। ਜ਼ਮੀਨ ਮਾਫ਼ੀਆ ਅਤੇ ਸਨਅਤਕਾਰ ਪੁਲਿਸ ਦੀ ਮਿਲੀਭੁਗਤ ਤੇ ਸਿਆਸੀ ਸਰਪ੍ਰਸਤੀ ਨਾਲ ਜੀਤ ਦਾ ਕਤਲ ਕਰਦੇ ਹਨ। ਇਨ੍ਹਾਂ ਮੁੰਡਿਆਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਕੁੱਤਿਆਂ ਤੋਂ ਵੀ ਬਦਤਰ ਹਨ। ਉਨ੍ਹਾਂ ਦੀ ਮੁੜ-ਬਹਾਲੀ ਦਾ ਸੰਘਰਸ਼ ਇਸ ਫ਼ਿਲਮ ਦਾ ਹਾਸਿਲ ਹੈ। ਜ਼ਿੰਦਗੀ ਦੀ ਬਿਹਤਰੀ ਦੀ ਲੜਾਈ ਦੇ ਦਾਅਪੇਚਾਂ ਤੋਂ ਅਨਜਾਣ ਮੁੰਡੇ ਜਦੋਂ ਪਿੜ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਸਿਆਸੀ-ਸਮਾਜਿਕ ਰੁਝਾਨ ਕਿੰਨਾ ਗੁੰਝਲਦਾਰ ਹੈ। 

ਇਸ ਫ਼ਿਲਮ ਵਿੱਚ ਨੌਜਵਾਨ ਪੀੜ੍ਹੀ ਅੰਦਰਲਾ ਖਰੂਦ ਉਨ੍ਹਾਂ ਦੀ ਜੁਬਾਨ ਵਿੱਚੋਂ ਪ੍ਰਗਟ ਹੁੰਦਾ ਹੈ। ਪੰਜਾਬੀ ਗਾਇਕ ਮੀਕਾ ਸਿੰਘ ਨੇ ਫ਼ਿਲਮ ਵਿੱਚ ਗ਼ਾਜ਼ੀ ਦੀ ਭੂਮਿਕਾ ਨਿਭਾਈ ਹੈ। ਉਸ ਦਾ ਕਿਰਦਾਰ ਬਹੁਤ ਗੁੰਝਲਦਾਰ ਹੈ ਜੋ ਆਪਣੇ ਦੋਸਤ ਦੀ ਮਾਸ਼ੂਕ ਉੱਤੇ ਅੱਖ ਵੀ ਰੱਖ ਸਕਦਾ ਹੈ ਅਤੇ ਉਸੇ ਦੋਸਤ ਲਈ ਜਾਨ ਵੀ ਦੇ ਸਕਦਾ ਹੈ। ਦੋਵੇਂ ਕੰਮ ਉਹ ਬਹੁਤ ਸਹਿਜਤਾ ਨਾਲ ਕਰਦਾ ਹੈ। ਫ਼ਿਲਮ ਦੇ ਨਿਰਦੇਸ਼ਕ ਜਤਿੰਦਰ ਮੌਹਰ ਦਾ ਕਹਿਣਾ ਹੈ ਕਿ ਸੇਕਸ਼ਪੀਅਰ ਦੇ ਨਾਟਕ ਜੁਲੀਅਸ ਸੀਜ਼ਰ ਦੇ ਦੋ ਕਿਰਦਾਰਾਂ ਵਾਂਗ ਹਰ ਲਹਿਰ ਵਿੱਚ ਬਰੁਟਸ ਤੇ ਕੈਸ਼ੀਅਸ਼ ਦੀ ਮਾਨਸਿਕਤਾ ਵਾਲੇ ਆਗੂ ਹੁੰਦੇ ਹਨ। ਬਰੁਟਸ ਨੈਤਿਕਤਾ ਨੂੰ ਤਰਜੀਹ ਦਿੰਦਾ ਹੈ ਅਤੇ ਕੈਸ਼ੀਅਸ਼ ਨੈਤਿਕਤਾ ਤੋਂ ਬੇਪਰਵਾਹ ਟੀਚੇ ਵੱਲ ਵਧਦਾ ਹੈ। ਇਹ ਜ਼ਿਆਦਾ ਹਿੰਸਕ ਹੁੰਦਾ ਹੈ। ਕੈਸ਼ੀਅਸ਼ ਦੇ ਅਸਰ ਵਾਲੇ ਗ਼ਾਜ਼ੀ ਦਾ ਕਿਰਦਾਰ ਮੀਕਾ ਸਿੰਘ ਉੱਤੇ ਚੰਗੀ ਤਰ੍ਹਾਂ ਨਿਭਿਆ ਹੈ। ਬਰੁਟਸ ਦਾ ਕਿਰਦਾਰ ਰੱਬੀ ਹੈ ਜੋ ਲਖਵਿੰਦਰ ਕੰਦੋਲਾ ਨੇ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਸਰਦਾਰ ਸੋਹੀ, ਹਰਦੀਪ ਗਿੱਲ, ਵਿਕਟਰ ਜੌਨ, ਵੱਕਾਰ ਸ਼ੇਖ਼, ਕਸ਼ਿਸ਼ ਧਨੋਆ, ਸੁਰਜੀਤ ਗਾਮੀ, ਯਾਦ ਗਰੇਵਾਲ, ਕਰਤਾਰ ਚੀਮਾ ਅਤੇ ਤੇਜਵੰਤ ਮਾਂਗਟ ਨੇ ਅਹਿਮ ਕਿਰਦਾਰ ਨਿਭਾਏ ਹਨ। 


ਜਤਿੰਦਰ ਮੌਹਰ ਮੁਤਾਬਕ 'ਮਿੱਟੀ' ਰਾਹੀਂ ਪੰਜਾਬੀ ਫ਼ਿਲਮਾਂ ਵਿੱਚ ਪਹਿਲੀ ਬਾਰ ਦਲਿਤ ਕਿਰਦਾਰ ਨਾਇਕ ਵਜੋਂ ਪੇਸ਼ ਹੋਏ ਹਨ। ਟੁੰਡਾ ਮਜ਼ਬੀ ਸਿੱਖਾਂ ਵਿੱਚੋਂ ਹੈ। ਟੁੰਡੇ ਦੇ ਪਿਓ ਦਾ ਕਿਰਦਾਰ ਸੁਰਜੀਤ ਗਾਮੀ ਨੇ ਨਿਭਾਇਆ ਹੈ ਜੋ ਨਿਰਦੇਸ਼ਕ ਮੁਤਾਬਕ ਫ਼ਿਲਮ ਦਾ ਸਭ ਤੋਂ ਚੇਤਨ ਬੰਦਾ ਹੈ। ਇਸ ਫ਼ਿਲਮ ਦਾ ਸੰਗੀਤ ਮੀਕਾ ਸਿੰਘ ਨੇ ਦਿੱਤਾ ਹੈ। ਕਹਾਣੀ, ਪਟਕਥਾ ਅਤੇ ਸੰਵਾਦ ਇਸ ਫ਼ਿਲਮ ਦੇ ਨਿਰਦੇਸ਼ਕ ਜਤਿੰਦਰ ਮੌਹਰ ਨੇ ਲਿਖੇ ਹਨ। ਸਿਨਮਾ ਘਰਾਂ ਵਿੱਚ ਪਹੁੰਚਣ ਤੋਂ ਪਹਿਲਾਂ 'ਮਿੱਟੀ' ਕਈ ਵਾਰ ਮੁੰਬਈ ਵਿੱਚ ਦਿਖਾਈ ਗਈ ਹੈ। ਫ਼ਿਲਮ ਸਨਅਤ ਨਾਲ ਜੁੜੇ ਲੋਕਾਂ ਵਿੱਚ ਇਸ ਦੀ ਬਹੁਤ ਚਰਚਾ ਹੈ। ਉਂਝ ਫ਼ਿਲਮ ਚੋਣਵੇਂ ਲੋਕਾਂ ਵਿੱਚ ਹੋਈ ਚਰਚਾ ਨਾਲ ਕਾਮਯਾਬ ਨਹੀਂ ਹੋ ਜਾਂਦੀ। ਇਸ ਦਾ ਅਸਲ ਇਮਤਿਹਾਨ ਤਾਂ ਸਿਨਮਾ ਘਰਾਂ ਵਿੱਚ ਹੋਣਾ ਹੈ। ਦਰਸ਼ਕਾਂ ਨੂੰ 'ਮਿੱਟੀ' ਦੀ ਉਡੀਕ ਹੈ। ਫ਼ਿਲਮ ਨਿਰਮਾਤਾ ਕਮਲ ਬੈਂਸ, ਰੁਬੀਨਾ ਬੇਗ ਅਤੇ ਦਰਸ਼ਨ ਪਟੇਲ 'ਮਿੱਟੀ' ਨੂੰ ਦਰਸ਼ਕਾਂ ਦੀ ਉਡੀਕ 
ਅੱਠ ਜਨਬਰੀ (2010) ਨੂੰ ਪੂਰਾ ਕਰ ਦੇਣਗੇ।

('ਮਿੱਟੀ' ਬਾਰੇ ਇਹ ਲੇਖ ਫ਼ਿਲਮ ਦੇ ਪਰਦਾਪੇਸ਼ ਹੋਣ ਤੋਂ ਪਹਿਲਾਂ ਦਸੰਬਰ 2009 ਵਿੱਚ ਲਿਖਿਆ ਗਿਆ ਸੀ। ਇਹ ਉਸ ਵੇਲੇ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ। ਇਸ ਲੇਖ ਨੂੰ ਤਕਰੀਬਨ ਜਿਉਂ ਦਾ ਤਿਉਂ ਪੇਸ਼ ਕਰ ਰਹੇ ਹਾਂ।)

No comments:

Post a Comment