Showing posts with label Kartar Cheema. Show all posts
Showing posts with label Kartar Cheema. Show all posts

Friday, 21 June 2013

ਸਰਸਾ ਦੇ ਹਵਾਲੇ ਨਾਲ ਸਮਾਜ, ਫ਼ਿਲਮ ਅਤੇ ਫ਼ਿਲਮਸਾਜ਼ੀ

ਦਲਜੀਤ ਅਮੀ, ਜਤਿੰਦਰ ਮੌਹਰ

ਹਰ ਗੱਲ ਕਰਨ ਦਾ ਸਮਾਂ ਹੁੰਦਾ ਹੈ। ਸਮਾਂ ਲੰਘਣ ਤੋਂ ਬਾਅਦ ਵਿੱਚ ਕਾਮਯਾਬੀਆਂ ਦੀ ਦਾਅਵੇਦਾਰੀ ਅਤੇ ਨਾਕਾਮਯਾਬੀਆਂ ਤੋਂ ਕੰਨੀ ਖਿਸਕਾਉਣ ਦੇ ਮੌਕਾਪ੍ਰਸਤ ਰੁਝਾਨ ਨੂੰ ਸਮਝਣ ਲਈ ਕਿਸੇ ਵਿਸ਼ੇ ਦਾ ਮਾਹਰ ਹੋਣ ਦੀ ਲੋੜ ਨਹੀਂ। ਅਸੀਂ ਕੁਝ ਨੁਕਤੇ ਅੱਜ ਹੀ ਸਾਫ਼ ਕਰ ਦੇਣਾ ਚਾਹੁੰਦੇ ਹਾਂ ਤਾਂ ਜੋ ਕੱਲ੍ਹ ਸਾਡੀ ਜਵਾਬਦੇਹੀ ਤੋਂ ਲੈਕੇ ਜਵਾਬਤਲਬੀ ਤੱਕ ਹੋ ਸਕੇ ਅਤੇ ਸਾਨੂੰ ਆਪਣੀਆਂ ਗ਼ਲਤੀਆਂ ਜਾਂ ਸਹੀ ਫ਼ੈਸਲਿਆਂ ਦਾ ਅਹਿਸਾਸ ਰਹੇ। ਸਾਡੀ ਲਿਖੀ ਫ਼ਿਲਮ 'ਸਰਸਾ' ਵਿੱਚ ਤਬਦੀਲੀਆਂ ਕਰਕੇ 'ਸਿਕੰਦਰ' ਦੇ ਨਾਮ ਹੇਠ ਪਰਦਾਪੇਸ਼ ਕੀਤੀ ਜਾ ਰਹੀ ਹੈ। ਜੇ ਇਹ ਫ਼ਿਲਮ ਵਿੱਤੀ ਕਾਮਯਾਬੀ ਹਾਸਲ ਕਰਦੀ ਹੈ ਤਾਂ ਕੀ ਸਾਨੂੰ ਸਿਰੇ ਦੇ ਲੇਖਕ ਅਤੇ ਫ਼ਿਲਮਸਾਜ਼ ਮੰਨਿਆ ਜਾਵੇਗਾ ਜਾਂ ਨਾਕਾਮਯਾਬੀ ਕਾਰਨ ਸਾਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਜਾਵੇਗਾ? ਦੂਜਾ ਸਵਾਲ ਇਹ ਵੀ ਹੈ ਕਿ ਸਾਡੇ ਵੱਲੋਂ ਕੀਤੇ ਜਾ ਰਹੇ ਸੁਆਲਾਂ ਦੀ ਫ਼ਿਲਮ ਦੇ ਕਾਮਯਾਬ ਜਾਂ ਨਾਕਾਮਯਾਬ ਹੋਣ ਤੋਂ ਬਾਅਦ ਕੀ ਅਹਿਮੀਅਤ ਹੋਵੇਗੀ?


ਇਨ੍ਹਾਂ ਸੁਆਲਾਂ ਉੱਤੇ ਆਉਣ ਤੋਂ ਪਹਿਲਾਂ ਕੁਝ ਹੋਰ ਗੱਲਾਂ ਜ਼ਰੂਰੀ ਹਨ। ਇਸ ਫ਼ਿਲਮ ਦਾ ਬੁਨਿਆਦੀ ਵਿਚਾਰ ਤੁਸੀਂ ਸਾਡੇ ਬਲੌਗ ਉੱਤੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਪੜ੍ਹ ਸਕਦੇ ਹੋ। ਫ਼ਿਲਮ ਕਿਸੇ ਝਟਕੇ ਨਾਲ ਮੁਕੰਮਲ ਨਹੀਂ ਹੁੰਦੀ। ਇਹ ਲੰਮੀ ਪ੍ਰਕ੍ਰਿਆ ਹੈ ਜੋ ਵਿਸ਼ੇ ਤੋਂ ਲੈਕੇ ਨਿਭਾਅ ਤੱਕ ਲਗਾਤਾਰ ਵਿਚਾਰ ਕੀਤੇ ਜਾਣ ਦੀ ਮੰਗ ਕਰਦੀ ਹੈ। ਇਸ ਦੌਰਾਨ ਲਗਾਤਾਰ ਸੁਆਲ ਆਉਂਦੇ ਰਹਿੰਦੇ ਹਨ। ਕੁਝ ਸੁਆਲਾਂ ਦੇ ਜੁਆਬ ਫ਼ਿਲਮ ਦਾ ਹਿੱਸਾ ਬਣਦੇ ਹਨ ਅਤੇ ਬਾਕੀ ਸੁਆਲ ਜਿਉਂ ਦੇ ਤਿਉਂ ਕਹੇ-ਅਣਕਹੇ ਰੂਪ ਵਿੱਚ ਪਰਦੇ ਉੱਤੇ ਪੇਸ਼ ਹੋ ਜਾਂਦੇ ਹਨ। ਇਸ ਫ਼ਿਲਮ ਨੂੰੰ ਲਿਖਣ ਦਾ ਕੰਮ ਦੋ ਸਾਲ ਚੱਲਦਾ ਰਿਹਾ। ਇਸ ਦੌਰਾਨ ਪੰਜਾਬ ਦਾ ਮਾਹੌਲ, ਸਾਡੀ ਬੇਚੈਨੀ ਅਤੇ ਸਮਝ ਦੇ ਰੂਪ ਵਿੱਚ ਚੀਜ਼ਾਂ ਇਸ ਕਹਾਣੀਆਂ ਦਾ ਹਿੱਸਾ ਬਣਦੀਆਂ ਰਹੀਆਂ। ਕੁਝ ਚੀਜ਼ਾਂ ਕਹਾਣੀ ਵਿੱਚੋਂ ਬਾਹਰ ਹੁੰਦੀਆਂ ਗਈਆਂ। ਸਾਡੀ ਕਹਾਣੀ ਵਿੱਚੋਂ ਪੰਜਾਬ ਵਿੱਚ ਘਟ ਰਹੀਆਂ ਘਟਨਾਵਾਂ ਦੇ ਇਸ਼ਾਰੇ ਸਾਫ਼ ਦਿਖਦੇ ਹਨ। ਇਨ੍ਹਾਂ ਘਟਨਾਵਾਂ ਵਿੱਚੋਂ ਹੀ ਸਾਨੂੰ ਆਪਣੇ ਕਿਰਦਾਰਾਂ ਦਾ ਖ਼ਾਸਾ ਸਪਸ਼ਟ ਹੋਇਆ। ਇਸੇ ਸਮੇਂ ਦੌਰਾਨ ਸਾਧੂ ਸਿੰਘ ਤਖ਼ਤੂਪੁਰਾ ਤੋਂ ਲੈਕੇ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ ਵਰਗੇ ਕਿਸਾਨ ਆਗੂਆਂ ਦੇ ਕਤਲ ਹੋਏ ਤਾਂ ਸਾਨੂੰ ਸਿਆਸਤਦਾਨਾਂ ਦਾ ਮੋਹਰਾ ਬਣੇ ਨੌਜਵਾਨਾਂ ਦਾ ਕਿਰਦਾਰ ਵਧੇਰੇ ਸਮਝ ਆਇਆ। ਅਸੀਂ ਇਨ੍ਹਾਂ ਨੌਜਵਾਨਾਂ ਨੂੰ ਸੰਵਾਦ ਰਾਹੀਂ ਜ਼ਿੰਦਗੀ ਵੱਲ ਮੋੜਨਾ ਚਾਹੁੰਦੇ ਹਾਂ ਕਿਉਂਕਿ ਇਹ ਸਾਡੇ ਆਲੇ-ਦੁਆਲੇ ਹਨ, ਸਾਡੇ ਸਮਕਾਲੀ ਹਨ। ਹੌਲੀ-ਹੌਲੀ ਸਮਝ ਆਈ ਕਿ ਆਪਣੇ ਵਰਗੇ ਦਿਸਦੇ ਇਨ੍ਹਾਂ ਨੌਜਵਾਨਾਂ ਨੂੰ ਇਸ ਗੱਲ ਦੀ ਜ਼ਿਆਦਾ ਰਿਆਇਤ ਨਹੀਂ ਦਿੱਤੀ ਜਾ ਸਕਦੀ ਕਿ ਇਹ ਸਿਆਸਤਦਾਨਾਂ ਦਾ ਮੋਹਰਾ ਬਣੇ ਹੋਏ ਹਨ। ਅਮਰੀਕਾ ਦੀ ਹਮਲਾਵਰ ਫ਼ੌਜ ਵਿੱਚ ਗ਼ਰੀਬੀ ਜਾਂ ਬੇਰੁਜ਼ਗਾਰੀ ਦੀ ਮਜਬੂਰੀ ਵਿੱਚ ਭਰਤੀ ਹੋਏ ਫ਼ੌਜੀਆਂ ਨੂੰ ਇਰਾਕ ਵਿੱਚ ਕੀ ਰਿਆਇਤ ਦਿੱਤੀ ਜਾ ਸਕਦੀ ਹੈ? ਅਸੀਂ ਹਿੰਸਾ ਦੀਆਂ ਇਨ੍ਹਾਂ ਮੁਕਾਮੀ ਤੋਂ ਆਲਮੀ ਤੰਦਾਂ ਦੇ ਤੰਦੂਆਜਾਲ ਦੀ ਸ਼ਨਾਖ਼ਤ ਕੀਤੀ ਜੋ ਫ਼ਿਲਮ ਵਿੱਚੋਂ ਝਲਕਦੀ ਹੈ।


ਇਸੇ ਦੌਰਾਨ ਸਾਨੂੰ ਸਮਝ ਆਈ ਕਿ ਸਿਆਸਤਦਾਨਾਂ ਦਾ ਮੋਹਰਾ ਬਣੀ ਇਸ ਨੌਜਵਾਨ ਪੀੜੀ ਨਾਲ ਸੰਵਾਦ ਇਨ੍ਹਾਂ ਉੱਤੇ ਸੁਆਲ ਕਰਕੇ ਹੀ ਕੀਤਾ ਜਾ ਸਕਦਾ ਹੈ। ਇਨ੍ਹਾਂ ਨੂੰ ਇਨਕਾਰ ਕਰਨਾ ਜ਼ਰੂਰੀ ਹੈ। ਇਨ੍ਹਾਂ ਨੂੰ ਇਹ ਅਹਿਸਾਸ ਕਰਵਾਉਣਾ ਜ਼ਰੂਰੀ ਹੈ ਕਿ ਜ਼ਿੰਦਗੀ ਦੀ ਕੀਮਤ ਨਿੱੱਘ ਅਤੇ ਦਰਦਮੰਦੀ ਦੇ ਅਹਿਸਾਸ ਵਿੱਚ ਹੈ। ਇਸ ਨਾਲ ਬੰਦਾ ਆਪਣਾ ਸਤਿਕਾਰ ਕਰਨਾ ਸਿੱਖਦਾ ਹੈ। ਆਪਣਾ ਸਤਿਕਾਰ ਕਰਨ ਵਾਲਾ ਹੀ ਦੂਜਿਆਂ ਦਾ ਸਤਿਕਾਰ ਕਰ ਸਕਦਾ ਹੈ। ਇਸ ਧਿਰ ਵਿੱਚੋਂ ਹੀ ਅਸੀਂ ਸ਼ਮੀਰ, ਹਸਨ ਅਤੇ ਬੇਅੰਤ ਵਰਗੇ ਕਿਰਦਾਰ ਲਿਖੇ ਜੋ ਜ਼ਿੰਦਗੀ ਨੂੰ ਮਨੁੱਖੀ ਕਦਰਾਂ-ਕੀਮਤਾਂ ਅਤੇ ਦਰਦਮੰਦੀ ਨਾਲ ਜੋੜ ਕੇ ਵੇਖਦੇ ਹਨ। ਇਹ ਇਤਿਹਾਸ ਖੰਘਾਲਦੇ ਹੋਏ ਸਮਕਾਲੀ ਅਦਾਰਿਆਂ ਦੀ ਪੜਚੋਲ ਕਰਦੇ ਹਨ। ਇਹ ਮੌਜੂਦਾ ਪੀੜ੍ਹੀ ਦੇ ਨਿਘਾਰ ਦੀਆਂ ਜੜ੍ਹਾਂ ਵਿਦਿਅਕ ਅਦਾਰਿਆਂ ਦੀ ਸਮਾਜਕ-ਬੇਲਾਗ਼ਤਾ ਅਤੇ ਗ਼ੈਰ-ਜ਼ਿੰਮੇਵਾਰਾਨਾ ਸਿਆਸਤ ਵਿੱਚੋਂ ਲੱਭਦੇ ਹਨ। ਉਹ ਇਤਿਹਾਸ ਵਿੱਚ ਪਏ ਸਮਕਾਲੀ ਮਸਲਿਆਂ ਦੇ ਬੀਜਾਂ ਦੀ ਨਿਸ਼ਾਨਦੇਹੀ ਕਰਦੇ ਹਨ ਅਤੇ ਨਿਗੂਣੀ ਘੱਟ-ਗਿਣਤੀ ਹੋਣ ਦਾ ਬਾਵਜੂਦ ਬਣਦੀ ਦਖ਼ਲਅੰਦਾਜ਼ੀ ਕਰਦੇ ਹਨ। ਇਨ੍ਹਾਂ ਦਾ ਸਿਰ ਚੁੱਕ ਕੇ ਤੁਰਨਾ ਦੂਜੀ ਧਿਰ ਦੇ ਗ਼ਲਬੇ ਨੂੰ ਲਲਕਾਰਦਾ ਹੈ ਜੋ ਬਲਾਤਕਾਰ, ਲੁੱਟ-ਖੋਹ ਤੋਂ ਲੈਕੇ ਕਤਲ ਰਾਹੀਂ ਆਪਣਾ ਗ਼ਲਬਾ ਕਾਇਮ ਰੱਖਣਾ ਚਾਹੁੰਦੇ ਹਨ। ਇਨ੍ਹਾਂ ਕਾਤਲਾਂ ਅਤੇ ਬਲਾਤਕਾਰੀਆਂ ਦਾ ਖ਼ਾਸਾ ਬੰਦਿਆਂ ਵਿੱਚੋਂ ਲੱਭਣ ਦੇ ਨਾਲ-ਨਾਲ ਇਸ ਪਿੱਛੇ ਸਰਗਰਮ ਸੋਚ ਦੀ ਨਿਸ਼ਾਨਦੇਹੀ ਕਰਨਾ ਇਸ ਧਿਰ ਦਾ ਕਿਰਦਾਰ ਹੈ। ਇਹ ਗ਼ਾਲਬ ਧਿਰ ਦੀ ਈਣ ਮੰਨਣ ਤੋਂ ਇਨਕਾਰ ਕਰਦੇ ਹਨ ਅਤੇ ਇਹ ਇਨਕਾਰ ਉਨ੍ਹਾਂ ਦੀ ਸਿਦਕਦਿਲੀ ਦਾ ਲਿਖਾਇਕ ਬਣਦਾ ਹੈ।


ਫ਼ਿਲਮ ਵਿੱਚ ਨਿਘਾਰ ਦਾ ਸ਼ਿਕਾਰ ਨੌਜਵਾਨ ਪੀੜ੍ਹੀ ਦੀ ਨੁਮਾਇੰਦਗੀ ਹਰਜੰਗ, ਕੀਰਤ ਅਤੇ ਸਿਕੰਦਰ ਦੀਆਂ ਢਾਣੀਆਂ ਕਰਦੀਆਂ ਹਨ। ਇਨ੍ਹਾਂ ਦੀ ਹਵਸ ਦੇ ਕਈ ਪੱਖ ਖ਼ੂਨੀ ਲੜਾਈਆਂ  ਅਤੇ ਬਲਾਤਕਾਰ ਰਾਹੀਂ ਸਾਹਮਣੇ ਆਉਂਦੇ ਹਨ। ਇਨ੍ਹਾਂ ਦੀ ਮੌਤ ਇੱਕ-ਦੂਜੇ ਦੇ ਹੱਥ ਲਿਖੀ ਹੈ। ਕਿਸੇ ਨੇ ਦੂਜੇ ਦੀ ਪਸੰਦ ਕੁੜੀ ਨਾਲ ਬਲਾਤਕਾਰ ਕਰਕੇ ਮੌਤ ਸਹੇੜਨੀ ਹੈ ਅਤੇ ਕਿਸੇ ਨੇ ਚੋਣਾਂ ਰਾਹੀਂ ਮੌਤ ਨੂੰ ਬੇਮੁਹਾਰ ਕਰਨਾ ਹੈ। ਇਹ ਤਾਂ ਮਹਿਜ ਤੱਥ ਦੇ ਰੂਪ ਵਿੱਚ ਦਰਜ ਹੋਣਾ ਹੈ ਕਿ ਬੇਮੁਹਾਰ ਮੌਤ ਉਨ੍ਹਾਂ ਨੂੰ ਕਾਤਲ ਬਣਾਵੇਗੀ ਜਾਂ ਮਕਤੂਲ ਜਾਂ ਸਮੇਂ ਦੇ ਫ਼ਰਕ ਨਾਲ ਦੋਵੇਂ ਰੂਪ ਦੇਵੇਗੀ। ਇਸ ਬੇਮੁਹਾਰ ਮੌਤ ਉੱਤੇ ਸੁਆਲ ਕਰਦੀ ਧਿਰ ਇਨ੍ਹਾਂ ਦੀ ਬੇਕਿਰਕੀ ਦਾ ਸ਼ਿਕਾਰ ਹੁੰਦੀ ਹੋਈ ਵੀ ਆਪਣੇ ਰਾਹ ਤੁਰਦੀ ਹੈ। 


ਫ਼ਿਲਮ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਦੀ ਗੱਲ ਕਰਨ ਤੋਂ ਪਹਿਲਾਂ ਇਹ ਦੱਸ ਦੇਣਾ ਕੁਥਾਵੇਂ ਨਹੀਂ ਹੋਵੇਗਾ ਕਿ ਅਸੀਂ ਦਰਸ਼ਕ ਬਾਬਤ ਕੀ ਸੋਚਦੇ ਹਾਂ। ਸੋਚ-ਵਿਚਾਰ ਕੇ ਅਸੀਂ ਦਰਸ਼ਕ ਨੂੰ ਸੰਗਤ ਵਜੋਂ ਸੰਬੋਧਿਤ ਹੁੰਦੇ ਹਾਂ। ਅਸੀਂ ਮੰਨਦੇ ਹਾਂ ਕਿ ਫ਼ਿਲਮ ਬਾਕੀ ਕਲਾਵਾਂ ਵਰਗੀ ਕਲਾ ਹੈ ਅਤੇ ਇਸ ਨੇ ਸੰਗਤ ਰੂਪੀ ਦਰਸ਼ਕ, ਸਰੋਤੇ ਅਤੇ ਪਾਠਕ ਨਾਲ ਸੰਵਾਦ ਕਰਨਾ ਹੈ। ਸੰਵਾਦ ਵਿੱਚ ਸੰਗਤ ਦੀ ਸਮਝ, ਯਾਦਾਸ਼ਤ, ਅਹਿਸਾਸ ਅਤੇ ਤਜਰਬਾ ਆਪਣਾ ਹਿੱਸਾ ਪਾਉਂਦੇ ਹਨ। ਕੋਈ ਜਦੋਂ ਫ਼ਿਲਮ ਦੇਖਦਾ ਹੈ ਤਾਂ ਆਪਣੀ ਸਮਝ, ਯਾਦਾਸ਼ਤ, ਅਹਿਸਾਸ ਅਤੇ ਤਜਰਬੇ ਰਾਹੀਂ ਹੀ ਉਸ ਨੇ ਮਾਅਨੇ ਸਿਰਜਣੇ ਹੁੰਦੇ ਹਨ। ਅਸੀਂ ਮੰਨਦੇ ਹਾਂ ਕਿ ਜਿਨ੍ਹਾਂ ਹਾਲਾਤ ਵਿੱਚੋਂ ਅਸੀਂ ਫ਼ਿਲਮ ਲਿਖੀ ਹੈ ਉਸੇ ਨੂੰ ਹੱਡੀ-ਹੰਡਾਉਣ ਵਾਲੀ ਸੰਗਤ ਨਾਲ ਸੰਵਾਦ ਅੱਗੇ ਤੋਰਨਾ ਹੈ। ਅਸੀਂ ਸੰਗਤ ਨੂੰ ਸੀਲ ਖਪਤਕਾਰ ਬਣਾਉਣ ਦੇ ਮੁਦਈ ਨਹੀਂ ਹਾਂ ਸਗੋਂ ਉਸ ਨਾਲ ਸੰਜੀਦਾ ਸੰਵਾਦ ਵਿੱਚ ਦਿਲਚਪਸੀ ਰੱਖਦੇ ਹਾਂ। ਇਹ ਨੁਕਤਾ ਇਸ ਪੱਖੋਂ ਅਹਿਮ ਹੈ ਕਿ ਆਮ ਤੌਰ ਉੱਤੇ ਮਨੋਰੰਜਨ ਦੇ ਨਾਂ ਉੱਤੇ ਦਰਸ਼ਕਾਂ ਨੂੰ ਦਿਲ ਅਤੇ ਦਿਮਾਗ ਘਰ ਰੱਖ ਕੇ ਆਉਣ ਦੀ ਸਲਾਹ ਦਿੱਤੀ ਜਾਂਦੀ ਹੈ। ਸਾਨੂੰ ਲੱਗਦਾ ਹੈ ਕਿ ਦਿਲ ਅਤੇ ਦਿਮਾਗ ਘਰ ਰੱਖ ਕੇ ਆਉਣ ਦੀ ਸਲਾਹ ਦੇਣਾ ਮਨੁੱਖ ਦੀ ਹੱਤਕ ਹੈ। ਅਸੀਂ ਦਿਲ-ਦਿਮਾਗ ਦੇ ਕਦਰਦਾਨ ਮਨੁੱਖ ਨਾਲ ਹੀ ਫ਼ਿਲਮ ਰਾਹੀਂ ਸੰਵਾਦ ਕਰਨ ਦੀ ਤਵੱਕੋ ਰੱਖਦੇ ਹਾਂ। ਅਸੀਂ ਮੰਨਦੇ ਹਾਂ ਕਿ ਸੰਗਤ ਦੇ ਹੌਂਸਲੇ ਨਾਲ ਲਗਾਤਾਰ ਕੰਮ ਕੀਤਾ ਜਾ ਸਕਦਾ ਹੈ ਅਤੇ ਸੰਗਤ ਦੀ ਪੜਚੋਲ ਰਾਹੀਂ ਕਲਾ ਨੂੰ ਨਿਖਾਰਿਆ ਜਾ ਸਕਦਾ ਹੈ। ਜਦੋਂ ਸੂਝਵਾਨ ਸੰਗਤ ਫ਼ਿਲਮ ਨਾਲ ਸੰਵਾਦ ਕਰੇਗੀ ਤਾਂ ਇਸ ਦੀਆਂ ਕਹੀਆਂ-ਅਣਕਹੀਆਂ ਅਤੇ ਦਿਸਦੀਆਂ-ਅਣਦਿਸਦੀਆਂ ਪਰਤਾਂ ਸਾਹਮਣੇ ਆਉਣਗੀਆਂ। ਸਾਨੂੰ ਸੰਗਤ ਦੀ ਹਰ ਪੜਚੋਲ ਮਨਜ਼ੂਰ ਹੈ। ਜੇ ਕੋਈ ਪੜਚੋਲ ਸਾਡੀ ਬੁਨਿਆਦੀ ਸਮਝ ਦੇ ਉਲਟ ਜਾਂਦੀ ਹੈ ਤਾਂ ਇਸ ਪੜਤ ਨਾਲ ਚਿੰਤਾ ਹੁੰਦੀ ਹੈ। ਮਿਸਾਲ ਦੇ ਤੌਰ ਉੱਤੇ ਇਹ ਚਿੰਤਾ ਦਾ ਮਸਲਾ ਹੋਵੇਗਾ ਕਿ ਸਾਡੀ ਫ਼ਿਲਮ ਗੁੰਡਾਗਰਦੀ ਦਾ ਜ਼ਸ਼ਨ ਮਨਾਉਂਦੀ ਹੋਵੇ। ਦੂਜੀ ਮਿਸਾਲ ਪਿਛਲੇ ਦਿਨਾਂ ਵਿੱਚ ਇੱਕ ਲੇਖ ਉੱਤੇ ਵਿਸ਼ਵਦੀਪ ਬਰਾੜ ਦੀ ਟਿੱਪਣੀ ਦੇ ਰੂਪ ਵਿੱਚ ਵੇਖੀ ਜਾ ਸਕਦੀ ਹੈ। ਉਹ ਸਿਕੰਦਰ ਨੂੰ ਮਾਨਸਾ ਦੇ ਮੁੰਡੇ ਦੀ ਕਹਾਣੀ ਵਜੋਂ ਵੇਖਦੇ ਹਨ ਅਤੇ ਯੂਨੀਵਰਸਿਟੀ ਵਿੱਚ ਮਾਨਸਾ ਦੇ ਕਿਸੇ ਮੁੰਡੇ ਦੇ ਪ੍ਰਧਾਨ ਬਣਨ ਦੀ ਲਾਲਸਾ ਪਾਲਦੇ ਹਨ। ਉਨ੍ਹਾਂ ਦੀ ਇਸ ਟਿੱਪਣੀ ਵਿੱਚ ਫ਼ਿਲਮ ਦੀ ਦਿਲਚਸਪ ਪੜਤ ਹੈ ਜੋ ਸਿਕੰਦਰ ਦੇ ਨਾਲ-ਨਾਲ ਸਰਸਾ ਉੱਤੇ ਵੀ ਲਾਗੂ ਹੁੰਦੀ ਹੈ। ਫ਼ਿਲਮ ਦੇ ਦੋ ਕਿਰਦਾਰ ਬੇਅੰਤ ਅਤੇ ਸਿਕੰਦਰ ਮਾਨਸਾ ਤੋਂ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੜ੍ਹਨ ਜਾਂਦੇ ਹਨ। ਲਾਲਾ ਮਾਨਸਾ ਦੇ ਲਾਗਲੇ ਪਿੰਡਾਂ ਦਾ ਹੈ। ਇਹ ਸਾਡੀ ਸਮਝ ਦਾ ਹਿੱਸਾ ਨਹੀਂ ਸੀ ਕਿ ਇਨ੍ਹਾਂ ਕਿਰਦਾਰਾਂ ਰਾਹੀਂ ਮਾਨਸਾ ਤੋਂ ਚੰਡੀਗੜ੍ਹ ਪੜ੍ਹਨ ਆਉਣ ਵਾਲੇ ਫ਼ਿਲਮ ਨੂੰ ਅਜਿਹੇ ਨਜ਼ਰੀਏ ਨਾਲ ਸਮਝਣਗੇ। ਉਂਝ ਇਸ ਪੜਤ ਵਿੱਚ ਸਾਡੀ ਦਿਲਚਸਪੀ ਰਹੇਗੀ ਕਿਉਂਕਿ ਇਹ ਵਿਸ਼ਵਦੀਪ ਬਰਾੜ ਵਰਗਿਆਂ ਦੇ ਤਜਰਬੇ ਨਾਲ ਜੁੜ ਕੇ ਹੀ ਸਾਹਮਣੇ ਆ ਸਕਦੀ ਹੈ। ਹੁਣ ਮਾਨਸਾ ਵਾਲਿਆਂ ਨਾਲ ਇਹ ਸੰਵਾਦ ਖੁੱਲ੍ਹੇਗਾ ਕਿ ਉਹ ਆਪਣੇ ਬੱਚਿਆਂ ਨੂੰ ਗੁੰਡਿਆਂ ਵਜੋਂ ਵੇਖਦੇ ਹਨ ਜਾਂ ਸੂਝਵਾਨ ਤੇ ਪਿਆਰ ਕਰਨ ਲਾਇਕ ਮਨੁੱਖ ਵਜੋਂ ਪੜ੍ਹਦੇ-ਲਿਖਦੇ ਦੇਖਣਾ ਚਾਹੁੰਦੇ ਹਨ। 


ਪੰਜਾਬੀ ਲੋਕਧਾਰਾ 'ਚ ਵਾਰ-ਵਾਰ ਗਾਏ ਜਾਂਦੇ ਔਰਤ ਵਿਰੋਧੀ ਕਿੱਸਿਆਂ, ਗੀਤਾਂ ਅਤੇ ਧਾਰਨਾਵਾਂ ਉੱਤੇ 'ਸਰਸਾ' ਫ਼ਿਲਮ ਦਾ ਅਹਿਮ ਕਿਰਦਾਰ ਸ਼ਮੀਰ ਲਗਾਤਾਰ ਸੁਆਲ ਕਰਦਾ ਹੈ। ਮਿਰਜ਼ਿਆਂ ਅਤੇ ਸੁੱਚੇ ਸੂਰਮਿਆਂ ਦੇ ਨਾਮ 'ਤੇ ਔਰਤਾਂ ਖ਼ਿਲਾਫ਼ ਕੀਤੀ ਜਾਂਦੀ ਬੁਰਛਾਗਰਦੀ ਅੱਜ ਤੱਕ ਜਾਰੀ ਹੈ। 'ਰੰਨਾਂ ਯਾਰ ਮਰਵਾ ਦਿੰਦੀਆਂ ਨੇ,' 'ਰੰਨਾਂ ਚੰਚਲ ਹਾਰੀਆਂ' ਅਤੇ '੩੬੫ ਚਲਿੱਤਰ ਨਾਰ ਦੇ' ਵਰਗੇ ਮਿਹਣੇ ਔਰਤਾਂ ਨੂੰ ਮਾਰੇ ਜਾਂਦੇ ਹਨ। ਸ਼ਮੀਰ ਇਨ੍ਹਾਂ ਸਾਰੀਆਂ ਧਾਰਨਾਵਾਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਦਾ ਹੈ। ਉਹ ਬੇਅੰਤ ਨੂੰ ਸਦਮੇ ਵਿੱਚੋਂ ਕੱਢਣ ਲਈ ਕਿੱਸਿਆਂ ਦੀ ਨਵੀਂ ਪੜਚੋਲ ਨੂੰ ਦਵਾਈ ਵਾਂਗ ਪੇਸ਼ ਕਰਦਾ ਹੈ ਜਿੱਥੇ ਸਮਕਾਲੀ ਮਨੁੱਖ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾਂਦੀਆਂ ਹਨ। ਮੌਜੂਦਾ ਦੌਰ ਵਿੱਚ ਕੁੜੀ ਦੇ ਇਨਕਾਰ ਕਰਨ ਉੱਤੇ ਹੁੰਦੇ ਤੇਜ਼ਾਬੀ ਹਮਲਿਆਂ, ਦਾਮਿਨੀ ਜਿਹੀਆਂ ਘਟਨਾਵਾਂ, ਘਰੇਲੂ ਹਿੰਸਾ ਅਤੇ ਔਰਤ ਖ਼ਿਲਾਫ਼ ਹੁੰਦੀ ਹਿੰਸਾ ਦੀਆਂ ਅਨੇਕਾਂ ਕਿਸਮਾਂ ਨੂੰ ਬੇਅੰਤ ਦੇ ਇਨਕਾਰ ਨਾਲ ਜੋੜ ਕੇ ਵੇਖਣ ਦੀ ਲੋੜ ਹੈ। ਕੀ ਮੌਜੂਦਾ ਸਮੇਂ ਪਰਦਾਪੇਸ਼ ਕੀਤੀ ਜਾ ਰਹੀ 'ਸਿਕੰਦਰ' ਔਰਤਾਂ ਦੇ ਖ਼ਿਲਾਫ਼ ਭੁਗਤ ਰਹੀਆਂ ਧਾਰਨਾਵਾਂ ਨੂੰ ਪੁਖ਼ਤਾ ਕਰਦੀ ਹੈ ਜਾਂ ਤੋੜਦੀ ਹੈ? ਕੀ ਇਹ ਸਾਡੇ ਸਮੇਂ ਦਾ ਅਹਿਮ ਸੁਆਲ ਨਹੀਂ ਹੈ? ਸੰਗਤ ਇਸ ਸੁਆਲ ਨੂੰ ਛੱਡ ਕੇ ਫ਼ਿਲਮ ਕਿਵੇਂ ਦੇਖ ਸਕਦੀ ਹੈ?


ਹੁਣ ਸੁਆਲ ਫ਼ਿਲਮ ਵਿੱਚ ਕੀਤੀਆਂ ਤਬਦੀਲੀਆਂ ਦਾ ਆਉਂਦਾ ਹੈ। ਸਾਡੀ ਲਿਖੀ ਇਹ ਫ਼ਿਲਮ ਜਤਿੰਦਰ ਮੌਹਰ ਦੀ ਹਿਦਾਇਤਕਾਰੀ ਵਿੱਚ ਬਣੀ ਹੈ। ਫ਼ਿਲਮਕਾਰੀ ਦੇ ਪੜਾਵਾਂ ਵਿੱਚ ਲੇਖਨ, ਫ਼ਿਲਮਾਕਣ ਅਤੇ ਸੰਪਾਦਨ ਸਭ ਤੋਂ ਅਹਿਮ ਹਨ। ਇਨ੍ਹਾਂ ਵਿੱਚੋਂ ਆਖ਼ਰੀ ਪੜਾਅ ਪਰਦਾਪੇਸ਼ ਹੋਣ ਤੋਂ ਪਹਿਲਾਂ ਫ਼ੈਸਲਾਕੁਨ ਸਾਬਤ ਹੁੰਦਾ ਹੈ। ਫ਼ਿਲਮਾਕਣ ਕੀਤੀ ਸਮੱਗਰੀ ਇੱਕ ਤਰ੍ਹਾਂ ਕੱਚਾ ਮਾਲ ਹੁੰਦੀ ਹੈ। ਜਿਸ ਵਿੱਚੋਂ ਹਰ ਬੰਦਾ ਕੁਝ ਨਾ ਕੁਝ ਫ਼ਰਕ ਅਤੇ ਆਪਣੀ ਸੋਚ ਮੁਤਾਬਕ ਵੱਖਰੀ ਫ਼ਿਲਮ ਬਣਾ ਸਕਦਾ ਹੈ। ਇਸੇ ਪੜਾਅ ਉੱਤੇ ਸਰਸਾ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ। ਫ਼ਿਲਮ ਦਾ ਨਾਮ 'ਸਰਸਾ' ਤੋਂ 'ਸਿਕੰਦਰ' ਕੀਤਾ ਗਿਆ ਜਿਸ ਬਾਰੇ ਲੰਮਾ ਲੇਖ ਦਲਜੀਤ ਅਮੀ ਨੇ ਪਹਿਲਾਂ ਹੀ ਲਿਖ ਦਿੱਤਾ ਹੈ। ਫ਼ਿਲਮ ਦੇ ਇੱਕ ਤੋਂ ਬਿਨਾਂ ਸਾਰੇ ਗੀਤ ਬਦਲ ਦਿੱਤੇ ਗਏ ਹਨ। ਪਹਿਲੇ ਗੀਤ ਹਾਲਾਤ ਦੀ ਤਫ਼ਸੀਲ ਅਤੇ ਮਾਹੌਲ ਨੂੰ ਉਘਾੜਨ ਵਿੱਚ ਹਿੱਸਾ ਪਾ ਰਹੇ ਸਨ। ਹੁਣ ਵਾਲੇ ਗੀਤ ਸਿਰਫ਼ ਇੱਕ ਕਿਰਦਾਰ 'ਸਿਕੰਦਰ' ਦਾ ਗੁਣਗਾਣ ਕਰ ਰਹੇ ਹਨ। ਇਸੇ 'ਸਿਕੰਦਰ' ਨੂੰ ਹਮਦਰਦੀ ਦਾ ਪਾਤਰ ਬਣਾਉਣ ਅਤੇ ਨਾਇਕ ਵਜੋਂ ਪੇਸ਼ ਕਰਨ ਲਈ ਤਬਦੀਲੀਆਂ ਕੀਤੀਆਂ ਗਈਆਂ ਹਨ। ਸ਼ਮੀਰ ਦੀ ਮੌਤ ਦੇ ਮਾਤਮ ਵਿੱਚ ਡੁੱਬੀ ਬੇਅੰਤ ਦਾ ਦ੍ਰਿਸ਼ 'ਸਿਕੰਦਰ' ਦੀ ਮੌਤ ਤੋਂ ਬਾਅਦ ਲਗਾ ਦਿੱਤਾ ਗਿਆ ਹੈ। ਇਸ ਦੇ ਪਿੱਛੇ ਸਿਕੰਦਰ ਦਾ ਗੁਣਗਾਣ ਕਰਦਾ ਗੀਤ ਚੱਲ ਰਿਹਾ ਹੈ। ਬੇਅੰਤ ਦੇ ਨਿਆਣਮਤੇ ਵਿੱਚ ਕੀਤੇ ਪਿਆਰ ਨੂੰ ਸਿਕੰਦਰ ਦੀ ਮੌਤ ਦਾ ਕਾਰਨ ਕਰਾਰ ਦੇਣ ਵਾਲਾ ਮਾਹੌਲ ਸਿਰਜਿਆ ਗਿਆ ਹੈ। ਉਸ ਦੇ ਇਨਕਾਰ ਨੂੰ ਸੋਗ਼ ਵਿੱਚ ਬਦਲ ਕੇ ਸਿਕੰਦਰਾਂ ਉੱਤੇ ਕੀਤੇ ਜਾਣ ਵਾਲੇ ਸਾਰੇ ਸੁਆਲਾਂ ਨੂੰ ਖਾਰਜ ਕਰ ਦਿੱਤਾ ਗਿਆ ਹੈ। 'ਸਿਕੰਦਰ' ਕਬਜ਼ੇ ਦੀ ਨੀਤੀ 'ਤੇ ਚਲਦਿਆਂ ਪਿਆਰ ਦੀ ਫੋਕੀ ਰੱਟ ਲਾਈ ਰੱਖਦਾ ਹੈ। ਕੁਕਰਮਾਂ ਨੇ ਉਸ ਨੂੰ ਬਰਬਾਦੀ ਅਤੇ ਮੌਤ ਵੱਲ ਲੈ ਕੇ ਹੀ ਜਾਣਾ ਹੈ ਪਰ ਫ਼ਿਲਮ ਦੇ ਅੰਤ 'ਚ ਪਾਇਆ ਗੀਤ ਸਾਰੀ ਫ਼ਿਲਮ ਨੂੰ ਉਲਟ ਕੇ ਰੱਖ ਦਿੰਦਾ ਹੈ। ਜਦੋਂ ਫ਼ਿਲਮ ਸਿੱਧ ਕਰ ਦਿੰਦੀ ਹੈ ਕਿ 'ਰੰਨਾਂ ਹੀ ਯਾਰ ਮਰਵਾ ਦਿੰਦੀਆਂ' ਹਨ। ਸਿਕੰਦਰ ਦੀ ਬਰਬਾਦੀ ਜੋ ਉਸਦੇ ਕਰਮਾਂ ਦੀ ਦੇਣ ਹੈ ਉਹ ਬੇਅੰਤ ਵਰਗੀ ਕੁੜੀ ਦੇ ਮੋਢੇ ਪਾ ਦਿੱਤੀ ਜਾਂਦੀ ਹੈ। ਬੇਅੰਤ, ਸ਼ਮੀਰ ਅਤੇ ਹਸਨ ਦੇ ਕਿਰਦਾਰਾਂ ਉੱਤੇ ਕੈਂਚੀ ਚਲਾਈ ਗਈ ਹੈ। 'ਸਿਕੰਦਰ' ਦੇ ਖ਼ਿਲਾਫ਼ ਉਸਰਦੀ ਦਲੀਲ ਨੂੰ ਖੁੰਡਾ ਕਰਨ ਦਾ ਉਪਰਾਲਾ ਕੀਤਾ ਗਿਆ ਹੈ। 'ਸਿਕੰਦਰ' ਇਸ ਤਰ੍ਹਾਂ 'ਸਰਸਾ' ਦਾ ਵਿਚਾਰਕ ਪੱਖੋਂ ਉਲਟਾ ਪਾਸਾ ਹੈ। 


ਇਸ ਫ਼ਿਲਮ ਵਿੱਚ ਤਬਦੀਲੀਆਂ ਕਰਨ ਵਿੱਚ ਫ਼ੈਸਲਾਕੁਨ ਹਿੱਸਾ ਗੌਰਵ ਤ੍ਰੇਹਣ ਨੇ ਪਾਇਆ ਹੈ। ਉਸ ਦੇ ਲਿਖੇ ਗੀਤ ਪਾਏ ਗਏ ਹਨ। ਸਿਕੰਦਰ ਉਸ ਦੇ ਮੁੰਡੇ ਦੀ ਗਾਇਕ ਵਜੋਂ ਪਲੇਠੀ ਫ਼ਿਲਮ ਹੈ। ਗੌਰਵ ਤ੍ਰੇਹਣ ਨੇ ਆਪਣੀ ਪੰਜਾਬ, ਪੰਜਾਬੀਆਂ, ਕਲਾ ਅਤੇ ਦਰਸ਼ਕਾਂ ਬਾਰੇ ਸਮਝ ਕਈ ਵਾਰ ਬਿਆਨ ਕੀਤੀ ਹੈ। ਉਹ ਫ਼ਿਲਮ ਨੂੰ ਮਨੋਰੰਜਨ ਦੀ ਸ਼ੈਅ ਮੰਨਦਾ ਹੈ ਅਤੇ ਕਹਿੰਦਾ ਹੈ ਕਿ ਦਿਲ-ਦਿਮਾਗ਼ ਘਰ ਰੱਖ ਕੇ ਲੋਕ ਸਿਨਮੇ ਵਿੱਚ ਆਉਂਦੇ ਹਨ। ਉਸ ਦਾ ਕਹਿਣਾ ਹੈ ਕਿ ਅੱਧੇ ਪੰਜਾਬੀ ਤਾਂ ਫ਼ਿਲਮ ਦੇਖਣ ਹੀ ਸ਼ਰਾਬ ਪੀ ਕੇ ਹਾਤ-ਹੁਤ ਕਰਨ ਲਈ ਆਉਂਦੇ ਹਨ। ਇਸ ਤੋਂ ਬਿਨਾਂ ਉਹ ਮੰਨਦਾ ਹੈ ਕਿ ਫ਼ਿਲਮ ਮਲਟੀਪਲੈਕਸ ਸਿਨਮਿਆਂ ਲਈ ਹੀ ਬਣਨੀ ਚਾਹੀਦੀ ਹੈ। ਉਹ ਕਹਿੰਦਾ ਹੈ ਕਿ ਗ਼ਰੀਬ ਬੰਦੇ ਨਕਲੀ ਸੀ.ਡੀ. ਖਰੀਦੇ ਕੇ ਫ਼ਿਲਮ ਦੇਖਣ ਪਰ ਸਿਨਮੇ ਵਿੱਚ ਟਿਕਟ ਮਹਿੰਗੀ ਹੀ ਹੋਣੀ ਚਾਹੀਦੀ ਹੈ। ਉਸ ਨੇ 'ਸਰਸਾ' ਨੂੰ 'ਸਿਕੰਦਰ' ਬਣਾ ਕੇ ਆਪਣੀ ਸੋਚ ਦੇ ਹਾਣ ਦੀ ਕਰਨ ਦਾ ਉਪਰਾਲਾ ਕੀਤਾ ਹੈ। ਉਸ ਨੇ ਆਪਣੇ ਦੋਵਾਂ ਹੱਥਾਂ ਵਿੱਚ ਲੱਡੂ ਕਰ ਲਏ ਹਨ। ਫ਼ਿਲਮ ਕਾਮਯਾਬ ਹੋਵੇ ਜਾਂ ਨਾਕਾਮਯਾਬ ਪਰ ਗੌਰਵ ਇਸ ਨੂੰ ਆਪਣੀ ਸੋਚ ਦੀ ਪੁਸ਼ਟੀ ਵਜੋਂ ਪੇਸ਼ ਕਰ ਸਕੇਗਾ। ਉਹ ਫ਼ਿਲਮ ਦੀ ਕਾਮਯਾਬੀ ਨੂੰ ਆਪਣੀਆਂ ਤਬਦੀਲੀਆਂ ਦੀ ਪ੍ਰਵਾਨਗੀ ਅਤੇ ਨਾਕਾਮਯਾਬੀ ਨੂੰ 'ਦਰਸ਼ਕਾਂ ਦੀ ਵੱਖਰੀ ਫ਼ਿਲਮ ਨੂੰ ਪਸੰਦ ਨਾ ਕਰਨ' ਦੀ ਧਾਰਨਾ ਦੀ ਪੁਸ਼ਟੀ ਕਰਾਰ ਦੇ ਸਕਦਾ ਹੈ। ਫ਼ਰਕ ਸੋਚ ਦਾ ਹੈ। ਪੰਜਾਬੀ ਸੰਗਤ ਨੂੰ ਸ਼ਰਾਬੀ-ਕਬਾਬੀ ਅਤੇ ਖਰੂਦੀ ਤੱਤ ਵਜੋਂ ਟਿੱਕਣ ਵਾਲਾ ਫ਼ਿਲਮ ਦਾ ਵਰਤਾਵਾ (ਡਿਸਟੀਬਿਊਟਰ) 'ਸਰਸਾ' ਨੂੰ 'ਸਿਕੰਦਰ' ਹੀ ਬਣਾਏਗਾ। ਦੂਜੇ ਪਾਸੇ ਦਰਸ਼ਕਾਂ ਨੂੰ ਸੰਗਤ ਦੇ ਰੂਪ 'ਚ ਮੰਨਣ ਵਾਲੇ ਫ਼ਿਲਮ ਨੂੰ 'ਸਰਸਾ' ਵਜੋਂ ਹੀ ਬਣਾ ਸਕਦੇ ਸਨ। ਇਹ ਬੁਨਿਆਦੀ ਫ਼ਰਕ ਹੈ।
ਸੁਆਲ ਪੁੱਛਣਾ ਬਣਦਾ ਹੈ ਕਿ ਹਰ ਗ਼ੈਰ-ਕਾਮੇਡੀ ਫ਼ਿਲਮ ਨੂੰ ਚੰਗੀ ਫ਼ਿਲਮ ਕਿਵੇਂ ਮੰਨ ਲਿਆ ਜਾਵੇ? ਚੰਗੀ ਫ਼ਿਲਮ ਦਾ ਪੈਮਾਨਾ ਕਿਵੇਂ ਮਿੱਥਿਆ ਜਾਵੇ? ਫ਼ਿਲਮ ਦੇਖ ਕੇ ਰਾਏ ਪੇਸ਼ ਕਰਨਾ ਹਰ ਕਿਸੇ ਦਾ ਹੱਕ ਹੈ ਪਰ ਫ਼ਿਲਮ ਤਾਂ ਫ਼ਿਲਮਸਾਜ਼ ਨੇ ਹੀ ਬਣਾਉਣੀ ਹੁੰਦੀ ਹੈ। ਅਸੀਂ ਕਿਤੇ ਵੀ ਇਹ ਨਹੀਂ ਕਿਹਾ ਕਿ ਇਹ ਫ਼ਿਲਮ ਹੋਰ ਫ਼ਿਲਮਾਂ ਤੋਂ ਵੱਖਰੀ ਨਹੀਂ ਹੈ। ਅਸੀਂ ਮੰਨਦੇ ਹਾਂ ਕਿ ਉਹ ਕਲਾ ਰੱਦਣਯੋਗ ਹੈ ਜਿਹੜੀ ਮਨੁੱਖ ਨਾਲ ਬਿਹਤਰ ਜ਼ਿੰਦਗੀ ਦੀ ਗੱਲ ਨਹੀਂ ਕਰਦੀ। ਉਹ ਕਲਾ ਬੇਮਾਅਨਾ ਹੈ ਜੋ ਮਨੁੱਖ ਨੂੰ ਮਨੁੱਖ ਨਾਲ ਮਨੁੱਖੀ ਵਰਤਾਅ ਕਰਨਾ ਨਹੀਂ ਸਿਖਾਉਂਦੀ। ਉਸ ਵਿੱਚ ਅਦਾਕਾਰੀ ਜਾਂ ਪਟਕਥਾ ਭਾਵੇਂ ਜਿੰਨੀ ਮਰਜ਼ੀ ਚੰਗੀ ਹੋਵੇ।


ਸਮਾਂ ਫ਼ਿਲਮ ਲਈ ਅਹਿਮ ਤੱਤ ਹੈ। ਫ਼ਿਲਮ ਕਿਸ ਸਮੇਂ 'ਚ ਬਣਦੀ ਹੈ, ਕਿਹੜੇ ਸਮੇਂ ਨੂੰ ਦਰਸਾਉਂਦੀ ਹੈ ਅਤੇ ਕਿਸ ਸਮੇਂ ਵਿੱਚ ਦੇਖੀ ਜਾਣੀ ਹੈ। ਅੱਜ ਸਾਰੀ ਦੁਨੀਆਂ ਵਿੱਚ ਮੁਸਲਮਾਨਾਂ ਨੂੰ ਅੱਤਵਾਦੀ ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ। ਸਭ ਤੋਂ ਵੱਡੇ ਕਤਲੇਆਮ ਮੁਸਲਿਮ ਮੁਲਕਾਂ ਵਿੱਚ ਕੀਤੇ ਜਾ ਰਹੇ ਹਨ। ਹਿਦੋਸਤਾਨ ਦੇ ਹਿੰਦੂ ਫ਼ਿਰਕਾਪ੍ਰਸਤ ਇੱਕ ਪੂਰੀ ਨਸਲ ਨੂੰ ਖ਼ਤਮ ਕਰਨ ਦੇ ਦਮਗੱਜੇ ਮਾਰ ਰਹੇ ਹਨ। ਇਨ੍ਹਾਂ ਸਮਿਆਂ 'ਚ ਬਣਦੀਆਂ ਅਤੇ ਦੇਖੀਆਂ ਜਾ ਰਹੀਆਂ ਫ਼ਿਲਮਾਂ 'ਤੇ ਗੌਰ ਕਰਨਾ ਬਣਦਾ ਹੈ। ਅਨੁਰਾਗ ਕਸ਼ਿਅਪ ਹਿੰਦੀ ਸਿਨੇਮਾ 'ਚ ਤਕਨੀਕੀ ਅਤੇ ਰੂਪਕ ਪੱਖ ਤੋਂ ਵੱਡਾ ਫ਼ਿਲਮਸਾਜ਼ ਹੈ। ਉਸਦੀਆਂ ਫ਼ਿਲਮਾਂ 'ਬਲੈਕ ਫ੍ਰਾਈਡੇ' ਅਤੇ 'ਗੈਂਗਜ਼ ਆਫ਼ ਵਾਸੇਪੁਰ' ਗਿਣਨਯੋਗ ਹਨ ਪਰ ਦੋਵੇਂ ਮੁਸਲਮਾਨਾਂ ਦੇ ਖ਼ਿਲਾਫ਼ ਪ੍ਰਚਾਰ ਦਾ ਹਿੱਸਾ ਬਣਦੀਆਂ ਹਨ। ਹੁਣ ਅਸੀਂ ਇਸ ਫ਼ਿਲਮਸਾਜ਼ ਨੂੰ ਕਿਹੜੇ ਖਾਤੇ ਪਾਈਏ? 'ਏ ਵੈਡਨਸਡੇ' ਨਿਭਾਅ ਅਤੇ ਵਿੱਤੀ ਪੱਖੋਂ ਕਾਮਯਾਬ ਫ਼ਿਲਮ ਹੈ। ਇਹ ਮੁਸਲਮਾਨਾਂ ਨੂੰ ਕਾਕਰੋਚ ਦੱਸਦੀ ਹੈ, ਜਿਨ੍ਹਾਂ ਨੂੰ ਮਾਰਨਾ ਜ਼ਰੂਰੀ ਹੈ।


'ਸਿਕੰਦਰ' ਦੇ ਪ੍ਰਚਾਰ ਵਿੱਚ ਵੀ ਇਹੋ ਪੱਖ ਭਾਰੂ ਹੈ। ਦੁਨੀਆਂ ਨੂੰ ਆਪਣੀ ਜਗੀਰ ਸਮਝਣ ਵਾਲੇ ਨੂੰ ਨਾਇਕ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ਗੋਰਵ ਤ੍ਰੇਹਣ ਦੀ ਕਤਾਰ ਵਿੱਚ ਖੜੋ ਕੇ ਕਈ 'ਸਭਿਆਚਾਰ ਦੇ ਸਰਵਕਲਾਵੰਤ ਸੇਵਕ' ਅਤੇ 'ਪੱਤਰਕਾਰ' ਪ੍ਰਚਾਰ ਕਰ ਰਹੇ ਹਨ ਕਿ 'ਸਿਕੰਦਰ' ਉੱਤੇ ਕੋਈ ਸੁਆਲ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇਹ ਮੌਜੂਦਾ ਰੁਝਾਨ ਤੋਂ ਵੱਖਰੀ ਫ਼ਿਲਮ ਹੈ। ਫ਼ਿਲਮ ਦਾ ਵੱਖਰੀ ਹੋਣਾ ਕੋਈ ਗੁਣ ਨਹੀਂ ਹੈ। 'ਸਿਕੰਦਰ' ਵੱਖਰੀ ਵੀ ਹੋ ਸਕਦੀ ਹੈ ਅਤੇ ਵਿੱਤੀ ਪੱਖੋਂ ਕਾਮਯਾਬ ਵੀ। ਅਸੀਂ ਇਸ ਨੂੰ ਇਸ ਪੱਖੋਂ ਵੇਖਣਾ ਚਾਹੁੰਦੇ ਹਾਂ ਕਿ ਇਹ ਕਿਸ ਤਰ੍ਹਾਂ ਦੀ ਹੋ ਸਕਦੀ ਸੀ। ਇਸ ਦੇ ਬੁਨਿਆਦੀ ਵਿਚਾਰ ਵਿੱਚ ਕਿਹੋ ਜਿਹੀ ਫ਼ਿਲਮ ਦੀ ਸਮਰੱਥਾ ਸੀ। ਇਸ ਦੀ ਸਮਰੱਥਾ ਅਤੇ 'ਸਿਕੰਦਰ' ਵਿਚਲਾ ਪਾੜਾ ਸਾਡੇ ਲਈ ਅਹਿਮ ਸੁਆਲ ਹੈ। ਦੂਜਿਆਂ ਤੋਂ ਵੱਖਰੀ ਫ਼ਿਲਮ ਬਣਾਉਣ ਦੀ ਥਾਂ ਅਸੀਂ ਆਪਣੀ ਸਮਰੱਥਾ ਦੇ ਹਾਣ ਦੀ ਫ਼ਿਲਮ ਬਣਾਉਣੀ ਚਾਹੁੰਦੇ ਹਾਂ। ਇਸ ਲਈ ਸਾਡਾ ਜਮਹੂਰੀ ਹੱਕ ਹੈ ਕਿ ਅਸੀਂ ਸੰਗਤ ਤੱਕ ਇਹ ਗੱਲ ਪਹੁੰਚਾਈਏ ਕਿ ਦਰਅਸਲ 'ਸਰਸਾ' ਕੀ ਸੀ ਅਤੇ 'ਸਿਕੰਦਰ' ਕੀ ਹੈ।


ਵੱਡਾ ਮਸਲਾ ਕਲਾ ਅਤੇ ਇਸ ਦੀ ਸਮਾਜਕ ਜ਼ਿੰਮੇਵਾਰੀ ਨਾਲ ਵੀ ਜੁੜਿਆ ਹੋਇਆ ਹੈ। ਫ਼ਿਲਮ ਦੀ ਵਿੱਤੀ ਮਾਲਕ ਪੂਨਮ ਪਵਾਰ ਸਮਾਜਕ ਜ਼ਿੰਮੇਵਾਰੀ ਦੀ ਗੱਲ ਕਰਦੀ ਹੈ। ਕੀ ਅਜਿਹੀ ਗੱਲ ਕਹਿਕੇ ਸਮਾਜਕ ਜ਼ਿੰਮੇਵਾਰੀ ਨਿਭ ਜਾਂਦੀ ਹੈ? ਕੀ ਸਮਾਜਕ ਜ਼ਿੰਮੇਵਾਰੀ ਇਕਤਰਫ਼ਾ ਪ੍ਰੇਮ ਕਹਾਣੀ ਜਾਂ ਆਦਮਖ਼ੋਰ ਸਿਆਸਤ ਦਾ ਹੱਥ ਠੋਕਾ ਬਣੇ ਮੁੰਡਿਆਂ ਬਾਬਤ ਹੀ ਹੋ ਸਕਦੀ ਹੈ? ਅਮਲ ਵਿੱਚ ਵਿੱਤੀ ਮਾਲਕ ਦੀ ਸਮਾਜਕ ਜ਼ਿੰਮੇਵਾਰੀ ਕਿੱਥੇ ਹੈ? ਉਹ ਦੁਨੀਆਂ ਦੀਆਂ ਅੱਧ-ਮਾਲਕ ਪਰ ਹਿੰਸਾ ਦੀਆਂ ਸ਼ਿਕਾਰ ਔਰਤਾਂ ਨੂੰ ਨਜ਼ਰਅੰਦਾਜ਼ ਕਿਵੇਂ ਕਰਦੀ ਹੈ? ਸਮਾਜਕ ਜ਼ਿੰਮੇਵਾਰੀ ਸਿਰਫ਼ ਕਹਿਣ ਨਾਲ ਨਹੀਂ ਨਿਭਾਈ ਜਾਂਦੀ ਸਗੋਂ ਲਗਾਤਾਰ ਨਿਭਾਉਣੀ ਪੈਂਦੀ ਹੈ। ਇਹ ਉਹ ਫਿਲਮ ਲਿਖਣ ਵੇਲੇ ਨਿਭਾਉਣੀ ਪੈਂਦੀ ਹੇ। ਫਿਲਮਾਉਣ ਵੇਲੇ ਨਿਭਾਉਣੀ ਪੈਂਦੀ ਹੇ। ਸੰਪਾਦਤ ਕਰਨ ਵੇਲੇ ਨਿਭਾਉਣੀ ਪੈਂਦੀ ਹੇ। ਪਰਦਾਪੇਸ਼ ਕਰਨ ਵੇਲੇ ਨਿਭਾਉਣੀ ਪੈਂਦੀ ਹੇ। ਉਂਝ ਇਹ ਮੰਨਿਆ ਵੀ ਜਾ ਸਕਦਾ ਹੈ ਕਿ ਕਿਸੇ ਦਾ ਸਮਾਜਕ ਜ਼ਿੰਮੇਵਾਰੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਗੱਲ ਗੌਰਵ ਤ੍ਰੇਹਣ ਅਤੇ ਗੁਲ ਪਨਾਗ਼ ਚੰਗੀ ਤਰ੍ਹਾਂ ਸਿਖਾ ਸਕਦੇ ਹਨ।


ਅਸੀਂ ਫ਼ਿਲਮ ਵਿੱਚ ਸਿਆਸਤ ਦਾ ਮੋਹਰਾ ਬਣੇ ਨੌਜਵਾਨਾਂ ਦਾ ਪੱਖ ਸਮਝਣ ਦਾ ਉਪਰਾਲਾ ਕੀਤਾ ਹੈ ਤੇ ਉਨ੍ਹਾਂ ਉੱਤੇ ਬਣਦੇ ਸੁਆਲ ਕੀਤੇ ਹਨ। ਫ਼ਿਲਮ ਦੇ ਕਿਰਦਾਰ ਇਨ੍ਹਾਂ ਗੁੰਡਾ-ਢਾਣੀਆਂ ਉੱਤੇ ਸੁਆਲ ਕਰ ਰਹੇ ਹਨ। ਇਹੋ ਸੁਆਲ ਸੰਵਾਦ ਦਾ ਧੁਰਾ ਬਣਦੇ ਹਨ। ਫ਼ਿਲਮ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਦੂਜੇ ਪੱਖ ਨੂੰ ਝੁਕਾ ਕੇ 'ਸਿਕੰਦਰਾਂ' ਦੇ ਪੱਖ ਵਿੱਚ ਭੁਗਤਾਉਣ ਦਾ ਉਪਰਾਲਾ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਢਾਣੀਆਂ ਮੌਜੂਦਾ ਪੰਜਾਬੀ ਮਾਹੌਲ ਦੀ ਨੁਮਾਇੰਦਗੀ ਕਰਦੀਆਂ ਹਨ ਪਰ ਇਨ੍ਹਾਂ ਉੱਤੇ ਕੀਤੇ ਸੁਆਲ ਹੀ ਤਾਂ ਇਸ ਆਦਮਖ਼ੋਰ ਮਾਹੌਲ ਵਿੱਚੋਂ ਨਿਕਲਣ ਦਾ ਰਾਹ ਖੋਲ੍ਹ ਸਕਦੇ ਹਨ। ਫ਼ਿਲਮ ਦੀਆਂ ਤਬਦੀਲੀਆਂ ਇਨ੍ਹਾਂ ਰਾਹਾਂ ਨੂੰ ਬੰਦ ਕਰਦੀਆਂ ਹੋਈਆਂ ਇਨ੍ਹਾਂ ਨੌਜਵਾਨਾਂ ਦੀ ਪਿੱਠ ਥਾਪੜ ਰਹੀਆਂ ਹਨ। ਇਸ ਤਰ੍ਹਾਂ ਇਹ ਤਬਦੀਲੀਆਂ ਅਤੇ ਗੁੰਡਾਗਰਦੀ ਦੀ ਸਰਪ੍ਰਸਤ ਸਿਆਸਤ ਇੱਕੋ ਧਿਰ ਬਣਦੀਆਂ ਹਨ ਜੋ ਇਨ੍ਹਾਂ ਨੌਜਵਾਨਾਂ ਦੀ ਹਉਮੈਂ ਨੂੰ ਪੱਠੇ ਪਾ ਰਹੀਆਂ ਹਨ ਤੇ ਇਨ੍ਹਾਂ ਨੂੰ ਜਿਉਣ ਜੋਗੇ ਨਹੀਂ ਹੋਣ ਦਿੰਦੀਆਂ। ਪੰਜਾਬੀਆਂ ਨੂੰ ਖਾਣ-ਪੀਣ, ਲੜਨ-ਭਿੜਨ ਅਤੇ ਖਰੂਦ ਕਰਨ ਵਾਲੇ ਪੇਸ਼ ਕਰਨ ਦਾ ਰੁਝਾਨ ਮੁਕਾਮੀ ਤੋਂ ਕੌਮਾਂਤਰੀ ਪੱਧਰ ਤੱਕ ਚੱਲ ਰਿਹਾ ਹੈ। ਇਸ ਰੁਝਾਨ ਵਿੱਚ ਉਨ੍ਹਾਂ ਪੰਜਾਬੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ ਜੋ ਪੜ੍ਹਨ-ਲਿਖਣ, ਸਮਝਣ-ਸਿਰਜਣ ਅਤੇ ਦਿਆਨਤਦਾਰੀ ਦੇ ਕੰਮਾਂ ਵਿੱਚ ਲੱਗੇ ਹੋਏ ਹਨ। ਇਸ ਫ਼ਿਲਮ ਵਿੱਚੋਂ ਵੀ ਇਸੇ ਦਿਆਨਤਦਾਰ ਧਿਰ ਨੂੰ ਤਬਦੀਲੀਆਂ ਰਾਹੀਂ ਮਨਫ਼ੀ ਕੀਤਾ ਗਿਆ ਹੈ। ਇੱਥੇ ਇਹ ਪੁੱਛਣਾ ਬਣਦਾ ਹੈ ਕਿ ਮੌਜੂਦਾ ਰੁਝਾਨ ਦੀ ਨਿੰਦਾ ਕਰਨ ਵਾਲੇ ਇਸ ਮਹੀਨ ਪਰ ਫ਼ੈਸਲਾਕੁਨ ਫ਼ਰਕ ਨੂੰ ਕਬੂਲ ਕਰਨ ਤੋਂ ਕੰਨੀ ਕਿਉਂ ਖਿਸਕਾ ਰਹੇ ਹਨ?


ਅਸੀਂ ਇਨ੍ਹਾਂ ਤਬਦੀਲੀਆਂ ਦੇ ਹਵਾਲੇ ਨਾਲ ਇਹ ਸੁਆਲ ਵੀ ਪੁੱਛਣਾ ਚਾਹੁੰਦੇ ਹਾਂ ਕਿ ਫ਼ਿਲਮ ਦੇ ਮਾਮਲੇ ਵਿੱਚ ਆਖ਼ਰੀ ਫ਼ੈਸਲਾ ਕਿਸ ਦੇ ਹੱਥ ਹੋਣਾ ਚਾਹੀਦਾ ਹੈ? ਇਸ ਵਿੱਚ ਲੇਖਕ ਤੋਂ ਲੈਕੇ ਹਿਦਾਇਤਕਾਰ ਅਤੇ ਮਾਲਕ ਦੀ ਕੀ ਭੂਮਿਕਾ ਹੋਣੀ ਚਾਹੀਦੀ ਹੈ? ਦੁਨੀਆਂ ਭਰ ਦੇ ਫ਼ਿਲਮਸਾਜ਼ਾਂ ਨੇ ਵਿੱਤੀ ਪਾਬੰਦੀਆਂ ਖ਼ਿਲਾਫ਼ ਲੜਾਈ ਲੜੀ ਹੈ ਜੋ ਹਾਲੇ ਵੀ ਜਾਰੀ ਹੈ। ਸਾਡੇ ਇਨ੍ਹਾਂ ਸੁਆਲਾਂ ਨੂੰ ਉਸ ਆਲਮੀ ਲੜਾਈ ਦੀ ਪੰਜਾਬੀ ਤੰਦ ਵਜੋਂ ਵੀ ਵੇਖਿਆ ਜਾਣਾ ਚਾਹੀਦਾ ਹੈ। ਪੰਜਾਬ ਦੇ ਫ਼ਿਲਮਸਾਜ਼ ਕਹਿੰਦੇ ਰਹੇ ਹਨ ਕਿ ਵਿੱਤੀ ਪਾਬੰਦੀਆਂ ਕਾਰਨ ਉਹ ਆਪਣੀ ਮਨ-ਪਸੰਦ ਦੀਆਂ ਫ਼ਿਲਮਾਂ ਬਣਾਉਣ ਵਿੱਚ ਨਾਕਾਮਯਾਬ ਰਹੇ ਹਨ। ਹੁਣ ਵੇਲਾ ਆ ਗਿਆ ਹੈ ਕਿ ਇਸ ਸੁਆਲ ਨੂੰ ਠੋਸ ਮਿਸਾਲਾਂ ਦੇ ਹਵਾਲੇ ਨਾਲ ਆਵਾਮ ਵਿੱਚ ਪੇਸ਼ ਕੀਤਾ ਜਾਵੇ। 


ਇਸ ਲੇਖ ਦੀ ਆਖ਼ਰੀ ਗੱਲ ਵਜੋਂ ਅਸੀਂ ਸਾਫ਼ ਕਰਨਾ ਚਾਹੁੰਦੇ ਹਾਂ ਕਿ ਇਸ ਫ਼ਿਲਮ ਦੀ ਕਾਮਯਾਬੀ ਜਾਂ ਨਾਕਾਮਯਾਬੀ ਨਾਲ ਇਨ੍ਹਾਂ ਸੁਆਲਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਦੇ ਦਲੀਲਬੰਦ ਜੁਆਬ ਲੱਭਣਾ ਮੌਜੂਦਾ ਸਮਾਜ ਦੇ ਜੀਆਂ ਅਤੇ ਫ਼ਿਲਮਸਾਜ਼ਾਂ ਵਜੋਂ ਸਾਡਾ ਵੀ ਕੰਮ ਹੈ। ਇਹ ਸੁਆਲ ਹਮੇਸ਼ਾਂ ਅਹਿਮ ਰਹੇਗਾ ਕਿ ਜਦੋਂ ਨਰਿੰਦਰ ਮੋਦੀ ਦਾ ਉਭਾਰ ਹੋ ਰਿਹਾ ਸੀ ਤਾਂ ਪੰਜਾਬ ਵਿੱਚ 'ਸਿਕੰਦਰ' ਨੂੰ ਨਾਇਕ ਵਜੋਂ ਪੇਸ਼ ਕੀਤਾ ਜਾ ਰਿਹਾ ਸੀ। ਪੰਜਾਬ ਵਿੱਚ ਮਾਧੋਪੁਰ ਵਿੱਚ ਨਰਿੰਦਰ ਮੋਦੀ ਦਾ ਪਹਿਲਾ ਜਲਸਾ ਅਤੇ 'ਸਿਕੰਦਰ' ਦਾ ਪਰਦਾਪੇਸ਼ ਹੋਣਾ ਮਹਿਜ ਸਬੱਬ ਨਹੀਂ ਹਨ ਸਗੋਂ ਇਸ ਇਤਫ਼ਾਕ ਵਿੱਚ ਸਾਡੇ ਦੌਰ ਦੀ ਰਮਜ਼ ਲੁਕੀ ਹੋਈ ਹੈ। ਇਸੇ ਦਿਨ ਇਹ ਰਪਟ ਛਪੀ ਹੈ ਕਿ ਪੰਜਾਬ ਵਿੱਚ ਆੜਤੀਆਂ ਦੇ ਮੁਨਾਫ਼ੇ ਅਤੇ ਕਿਸਾਨਾਂ ਦੀ ਮੰਦਹਾਲੀ ਦੇ ਵਧਣ ਦਾ ਆਪਸ ਵਿੱਚ ਰਿਸ਼ਤਾ ਹੈ। ਇਸੇ ਰੁਝਾਨ ਦੇ ਖ਼ਿਲਾਫ਼ ਲੜਦੇ ਪ੍ਰਿਥੀਪਾਲ ਸਿੰਘ ਚੱਕ ਅਲੀ ਸ਼ੇਰ ਅਤੇ ਸਾਧੂ ਸਿੰਘ ਤਖ਼ਤੂਪੁਰਾ ਸ਼ਹੀਦ ਹੋਏ ਸਨ। ਇਨ੍ਹਾਂ ਦੀਆਂ ਕਾਤਲ ਗੁੰਡਾ-ਢਾਣੀਆਂ ਦੇ 'ਸਿਕੰਦਰਾਂ' ਨੂੰ ਆੜਤੀਆਂ ਅਤੇ ਸਿਆਸਤਦਾਨਾਂ ਦੀ ਛਤਰਛਾਇਆ ਮਿਲੀ ਹੋਈ ਹੈ ਜਿਨ੍ਹਾਂ ਦਾ ਜ਼ਿਕਰ ਇਸ ਫ਼ਿਲਮ ਵਿੱਚ ਦਰਜ ਹੈ। ਮੌਜੂਦਾ ਮਾਹੌਲ ਵਿੱਚ ਫ਼ਿਲਮ 'ਸਿਕੰਦਰ' ਦਾ ਦੂਜੀਆਂ ਫ਼ਿਲਮਾਂ ਨਾਲੋਂ ਵੱਖਰਾ ਹੋਣਾ ਜਾਂ ਤਕਨੀਕੀ ਪੱਖੋਂ ਬਿਹਤਰ ਹੋਣਾ ਜਾਂ ਇਸ ਦੀ ਬਿਹਤਰੀਨ ਅਦਾਕਾਰੀ ਮਾਅਨੇ ਨਹੀਂ ਰੱਖਦੀ ਸਗੋਂ ਇਹ ਮਾਅਨੇ ਰੱਖਦਾ ਹੈ ਕਿ 'ਸਰਸਾ' ਕੀ ਸੀ ਅਤੇ ਇਸ ਨੂੰ 'ਸਿਕੰਦਰ' ਕਿਉਂ ਬਣਾਇਆ ਗਿਆ? ਮਾਅਨੇ ਇਹ ਤੱਥ ਵੀ ਰੱਖੇਗਾ ਕਿ ਇਹ ਕਿਨ੍ਹਾਂ ਸਮਿਆਂ ਵਿੱਚ ਲਿਖੀ ਗਈ, ਕਿਨ੍ਹਾਂ ਸਮਿਆਂ ਵਿੱਚ ਤਬਦੀਲੀਆਂ ਦਾ ਸ਼ਿਕਾਰ ਹੋਈ ਅਤੇ ਕਿਨ੍ਹਾਂ ਸਮਿਆਂ ਵਿੱਚ ਦੇਖੀ ਗਈ?


(ਲੇਖਕਾਂ ਨੇ 'ਸਰਸਾ' ਲਿਖੀ ਹੈ ਪਰ 'ਸਿਕੰਦਰ' ਨਾਲੋਂ ਆਪਣਾ ਨਾਤਾ ਤੋੜ ਲਿਆ ਹੈ।)

Wednesday, 19 June 2013

ਸਰਸਾ

ਇਹ ਸਮਕਾਲੀ ਪੰਜਾਬੀ ਨੌਜਵਾਨ ਪੀੜ੍ਹੀ ਦੀ ਕਹਾਣੀ ਹੈ। ਇਸ ਵੇਲੇ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਨਸ਼ੇੜੀ, ਬੇਮੁਹਾਰ ਅਤੇ ਲੜਾਕਾ ਕਰਾਰ ਦਿੱਤਾ ਜਾ ਰਿਹਾ ਹੈ। ਇਹ ਨੌਜਵਾਨ ਪੀੜ੍ਹੀ ਦੀ ਨੁਮਾਇੰਦਗੀ ਕਰਦੇ ਪੰਜਾਬੀ ਬੰਦੇ ਦੀ ਅੰਦਰਲੀ ਬਾਤ ਹੈ।

ਇਸ ਵੇਲੇ ਭ੍ਰਿਸ਼ਟਾਚਾਰ ਅਤੇ ਜਾਬਰ ਸਿਆਸਤ ਵਿਦਿਅਕ ਅਦਾਰਿਆਂ ਦਾ ਮਾਹੌਲ ਖ਼ਰਾਬ ਕਰ ਰਹੀ ਹੈ। ਇਸ ਰੁਝਾਨ ਦਾ ਜ਼ਹਿਵਾਅ ਸਮਾਜ ਨੂੰ ਚੜ੍ਹ ਰਿਹਾ ਹੈ। ਇਸ ਮਾਹੌਲ ਵਿੱਚ ਜ਼ਿੰਦਗੀ ਬਸਰ ਕਰ ਰਹੇ ਫ਼ਿਲਮ ਦੇ ਕਿਰਦਾਰ ਇਸੇ ਖ਼ਰਾਬੇ ਤੋਂ ਬਚੇ ਨਹੀਂ ਹਨ। ਉਹ ਆਪਣੇ ਆਲੇ-ਦੁਆਲੇ ਉਸਰੇ ਮਾਹੌਲ ਦਾ ਹਿੱਸਾ ਹਨ। ਨੌਜਵਾਨ ਪੀੜ੍ਹੀ ਜਥੇਬੰਦ ਅਪਰਾਧ ਦੀ ਦਲਦਲ ਵਿੱਚ ਫਸ ਰਹੀ ਹੈ। ਸਿਆਸਤ ਦੇ ਨਾਲ-ਨਾਲ ਮੌਜੂਦਾ ਸਮਾਜਕ-ਆਰਥਿਕ ਢਾਂਚਾ ਵੀ ਇਸ ਨਿਘਾਰ ਲਈ ਕਸੂਰਵਾਰ ਹੈ। ਨਿਘਾਰ ਦੇ ਮੂੰਹਜ਼ੋਰ ਰੁਝਾਨ ਦੇ ਬਾਵਜੂਦ ਨੌਜਵਾਨਾਂ ਵਿੱਚ ਕਿਤੇ ਨਾ ਕਿਤੇ ਉਮੀਦ ਦੀ ਕਿਰਨ ਜਿਉਂਦੀ ਹੈ। ਤਮਾਮ ਭਟਕਣਾਂ ਦੇ ਦੌਰ ਵਿੱਚ ਵੀ ਉਹ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਇਸ ਤੋਂ ਵੀ ਅੱਗੇ ਉਹ ਜ਼ਿੰਦਗੀ ਦੇ ਨੇੜਿਓਂ ਜੁੜੇ ਹੋਏ ਹਨ।

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਹਰਜੰਗ ਅਤੇ ਫਤਿਹ ਦੀਆਂ ਢਾਣੀਆਂ ਆਪਣਾ-ਆਪਣਾ ਗ਼ਲਬਾ ਕਾਇਮ ਕਰਨ ਦੀ ਲੜਾਈ ਲੜ ਰਹੀਆਂ ਹਨ। ਦੋਵਾਂ ਨੂੰ ਸਿਆਸੀ ਸਰਪ੍ਰਸਤੀ ਮਿਲੀ ਹੋਈ ਹੈ। ਮਾਹੌਲ ਮੁਤਾਬਕ ਸਿਆਸੀ ਸਰਪ੍ਰਸਤੀ ਬਦਲਦੀ ਰਹਿੰਦੀ ਹੈ। ਵਿਦਿਆਰਥੀਆਂ ਨੂੰ ਸਿਆਸਤਦਾਨ ਆਪਣੇ ਲਠੈਤਾਂ ਵਜੋਂ ਵਰਤਦੇ ਹਨ। ਵਿਦਿਆਰਥੀਆਂ ਨੂੰ ਚੋਣਾਂ ਦੌਰਾਨ ਬੂਥਾਂ ਉੱਤੇ ਕਬਜ਼ੇ ਕਰਨ ਤੋਂ ਲੈਕੇ ਕਾਰੋਬਾਰ ਦੇ ਪਸਾਰੇ ਅਤੇ ਸਿਆਸੀ ਰੰਜਿਸ਼ਾਂ ਕੱਢਣ ਲਈ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਯੂਨੀਵਰਸਿਟੀ ਮੁਲਕ ਦੀ ਸਿਆਸਤ ਦਾ ਮੁਕਾਮੀ ਨਕਸ਼ਾ ਬਣ ਗਈ ਹੈ। ਪਛੜੇ ਪਿੰਡ ਦਾ ਸਿਕੰਦਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੜ੍ਹਣ ਆਇਆ ਹੈ। ਫਤਿਹ ਦੇ ਕਤਲ ਤੋਂ ਬਾਅਦ ਉਹ ਬੇਕਿਰਕ ਹਿੰਸਾ ਦਾ ਸਹਾਰਾ ਲੈਂਦਾ ਹੈ। ਸਿਆਸੀ ਸਰਪ੍ਰਸਤੀ ਵਿੱਚ ਉਹ ਗ਼ੈਰ-ਕਾਨੂੰਨੀ ਧੰਦਿਆਂ ਦਾ ਪਸਾਰਾ ਕਰਦੇ ਹਨ। ਉਹ ਕੇਬਲ ਨੈੱਟਵਰਕ, ਰੇਤੇ ਦੀਆਂ ਖ਼ਾਨਾਂ, ਹੋਟਲਾਂ ਅਤੇ ਜਾਇਦਾਦ ਦੇ ਕਾਰੋਬਾਰ ਉੱਤੇ ਕਬਜ਼ੇ ਕਰਦੇ ਹਨ। ਮੁਕਾਬਲੇ ਵਾਲੀ ਢਾਣੀ ਵੀ ਕਿਸੇ ਪੱਖੋਂ ਉਨ੍ਹਾਂ ਤੋਂ ਘੱਟ ਨਹੀਂ ਹੈ। ਉਨ੍ਹਾਂ ਦੀ ਦੁਸ਼ਮਣੀ ਦਾ ਅਖਾੜਾ ਵਿਦਿਆਰਥੀ ਚੋਣਾਂ ਬਣਦੀਆਂ ਹਨ। ਉਹ ਵਿਦਿਆਰਥੀਆਂ ਸਾਹਮਣੇ ਬਹੁਤ ਸਾਰੀਆਂ ਗੱਲਾਂ ਕਰਦੇ ਹਨ ਪਰ ਚੋਣਾਂ ਪੈਸੇ ਅਤੇ ਡਾਂਗ ਦੇ ਜ਼ੋਰ ਨਾਲ ਜਿੱਤਦੇ ਹਨ। ਪੈਸੇ ਅਤੇ ਡਾਂਗ ਦੀ ਵਰਤੋਂ ਭਾਵੇਂ ਯੂਨੀਵਰਸਿਟੀ ਤੋਂ ਬਾਹਰ ਦੀ ਸਿਆਸਤ ਤੋਂ ਮਿਕਦਾਰ ਵਿੱਚ ਘੱਟ ਹੋਵੇ ਪਰ ਇਸ ਨੂੰ ਵਡੇਰੇ ਸਿਆਸੀ ਮੰਚ ਦੀ ਮਸ਼ਕ ਕਿਹਾ ਜਾ ਸਕਦਾ ਹੈ। ਇਸੇ ਦੌਰਾਨ ਸਿਕੰਦਰ ਦੇ ਦਿਲ ਦੇ ਕਿਸੇ ਖੂੰਜੇ ਵਿੱਚ ਬੇਅੰਤ ਨਾਲ ਪੁਰਾਣਾ ਰਿਸ਼ਤਾ ਸਹਿਕਦਾ ਹੈ।

ਯੂਨੀਵਰਸਿਟੀ ਵਿੱਚ ਪੜ੍ਹਦੀ ਬੇਅੰਤ ਸਵੈਮਾਣ ਦੀ ਮੂਰਤ ਹੈ। ਉਹ ਆਪਣੀਆਂ ਸ਼ਰਤਾਂ ਉੱਤੇ ਜ਼ਿੰਦਗੀ ਜਿਉਣਾ ਲੋਚਦੀ ਹੈ। ਹਰ ਕਿਸੇ ਨਾਲ ਬਰਾਬਰ ਦੀਆਂ ਸ਼ਰਤਾਂ ਉੱਤੇ। ਬੇਅੰਤ ਦੀ ਜੀਵਨ-ਸ਼ੈਲੀ ਵਿੱਚ ਉਸ ਦੀ ਸੋਚ ਝਲਕਦੀ ਹੈ ਅਤੇ ਜ਼ਿੰਦਗੀ ਧੜਕਦੀ ਹੈ। ਉਹ ਪਿਆਰ ਵਿੱਚ ਖਾਧੀ ਖਤਾ ਅਤੇ ਕਰੂਰ ਹਿੰਸਾ ਦਾ ਸ਼ਿਕਾਰ ਹੋਣ ਦੇ ਬਾਵਜੂਦ ਆਪਣੇ ਰਾਹ ਉੱਤੇ ਤੁਰਦੀ ਹੈ। ਉਹ ਮੰਨਦੀ ਹੈ ਕਿ ਹਿੰਸਾ ਦੀਆਂ ਜੜ੍ਹਾਂ ਸਮਾਜ, ਸਮਕਾਲੀ ਸਿਆਸਤ ਅਤੇ ਗ਼ੈਰ-ਸੰਵੇਦਨ ਵਿਦਿਅਕ ਅਦਾਰਿਆਂ ਵਿੱਚ ਲੱਗੀਆਂ ਹੋਈਆਂ ਹਨ। ਹਿੰਸਾ ਲਈ ਢੁਕਵੇਂ ਮਾਹੌਲ ਨੂੰ ਉਹ ਬਦਲਣਾ ਚਾਹੁੰਦੀ ਹੈ। ਇਸੇ ਸੰਘਰਸ਼ ਦੀ ਰਾਹ ਉੱਤੇ ਉਸ ਨੂੰ ਸਮਝ ਆਉਂਦਾ ਹੈ ਕਿ ਉਹ ਹਿੰਸਾ ਦਾ ਸ਼ਿਕਾਰ ਹੋਣ ਵਾਲੀ ਇਕੱਲੀ ਨਹੀਂ ਹੈ ਅਤੇ ਨਾ ਹੀ ਉਹ ਇਸ ਦੇ ਖ਼ਿਲਾਫ਼ ਲੜਣ ਦੇ ਮਾਮਲੇ ਵਿੱਚ ਇਕੱਲੀ ਹੈ।

ਬੇਅੰਤ ਅਤੇ ਉਸ ਦੇ ਸਾਥੀ ਦੋਵਾਂ ਧੜਿਆਂ ਨੂੰ ਚੋਣਾਂ ਵਿੱਚ ਟਕਰਦੇ ਹਨ। ਉਹ ਉਨ੍ਹਾਂ ਦੀਆਂ ਥੋਥੀਆਂ ਗੱਲਾਂ ਦਾ ਦਲੀਲ ਨਾਲ ਜੁਆਬ ਦਿੰਦੇ ਹਨ। ਉਹ ਗਿਣਤੀ ਵਿੱਚ ਘੱਟ ਹਨ ਪਰ ਉਨ੍ਹਾਂ ਦੀ ਵੰਨ-ਸਵੰਨਤਾ ਕਮਾਲ ਹੈ। ਉਹ ਸਮਝਦੇ ਹਨ ਕਿ ਸਿਆਸੀ ਗ਼ਲਬੇ ਨੂੰ ਚਣੌਤੀ ਦੇਣਾ ਮੌਜੂਦਾ ਦੌਰ ਦੇ ਇਤਿਹਾਸਕ ਸੁਆਲ ਨੂੰ ਸੰਬੋਧਤ ਹੋਣਾ ਹੈ। ਉਹ ਜਾਣਦੇ ਹਨ ਕਿ ਇਸ ਸੁਆਲ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ ਪਰ ਇਸਨੂੰ ਨੈਤਿਕ ਜ਼ਿੰਮੇਵਾਰੀ ਵਜੋਂ ਕਬੂਲ ਕਰਦੇ ਹਨ। ਇਸ ਇਤਿਹਾਸਕ ਸੁਆਲ ਦੇ ਜੁਆਬ ਵਿੱਚ ਉਹ ਵਿਦਿਅਕ ਅਦਾਰਿਆਂ ਦੇ ਖ਼ਾਸੇ ਅਤੇ ਨੌਜਵਾਨਾਂ ਦੀ ਸਿਆਸਤ ਵਿੱਚ ਭੂਮਿਕਾ ਉੱਤੇ ਸੁਆਲ ਕਰਦੇ ਹਨ। ਉਹ ਸਮਾਜ ਨੂੰ ਮਾਨਵਤਾ ਅਤੇ ਨਿੱਘ ਨਾਲ ਨਿਵਾਜਣ ਵਾਲੇ ਇਤਿਹਾਸ ਤੋਂ ਸੇਧ ਲੈਂਦੇ ਹਨ। ਫ਼ਿਲਮ ਸੰਗਤ ਨੂੰ ਬਹੁਤ ਸਾਰੇ ਅਣਸੁਲਝੇ ਸੁਆਲਾਂ ਦੇ ਸਨਮੁੱਖ ਕਰਦੀ ਹੈ। ਇਹ ਫ਼ਿਲਮ ਪੰਜਾਬ ਦਾ ਬਾਰੀਕ ਵੇਰਵਾ ਫੜਦੀ ਹੋਈ ਅਜਿਹੇ ਮਸਲਿਆਂ ਨੂੰ ਮੁਖਾਤਬ ਹੁੰਦੀ ਹੈ ਜੋ ਪੰਜਾਬੀ ਖਿੱਤੇ ਤੱਕ ਮਹਿਦੂਦ ਨਹੀਂ ਹਨ। ਇਸ ਤਰ੍ਹਾਂ ਇਹ ਫ਼ਿਲਮ ਪੰਜਾਬ ਅਤੇ ਪੰਜਾਬੀ ਰਾਹੀਂ ਆਲਮੀ ਸੰਗਤ ਨਾਲ ਸਾਂਝ ਪਾਉਣ ਦਾ ਉਪਰਾਲਾ ਕਰਦੀ ਹੈ। 

Saturday, 15 June 2013

'ਸਿਕੰਦਰ'... ਅੱਜ ਦੇ ਪੰਜਾਬ ਦਾ ਸਿਕੰਦਰ

ਸੁਰਮੀਤ ਮਾਵੀ

ਯੂਨਾਨ ਦੀ ਇੱਕ ਛੋਟੀ ਜਹੀ ਰਿਆਸਤ ਦਾ ਫ਼ੌਜੀ ਜਰਨੈਲ ‘ਸਿਕੰਦਰ’ ਆਪਣੀ ਜੰਗੀ ਕਾਬਲੀਅਤ ਦੇ ਦਮ ‘ਤੇ ‘ਸਿਕੰਦਰ ਮਹਾਨ’ ਦੇ ਰੁਤਬੇ ਤੱਕ ਜਾ ਪਹੁੰਚਿਆ l ਇਤਿਹਾਸ ਕਹਿੰਦਾ ਹੈ ਕਿ ਦਸ ਸਾਲ ਦੀ ਉਮਰ ਵਿਚ ਜਦੋਂ ਉਸਨੇ ਇੱਕ ਐਸੇ ਅੱਥਰੇ ਘੋੜੇ ਨੂੰ ਕਾਬੂ ਕੀਤਾ ਜੋ ਕਿਸੇ ਨੂੰ ਆਪਣੇ ਉੱਤੇ ਕਿਸੇ ਨੂੰ ਸਵਾਰ ਨਹੀਂ ਹੋਣ ਦਿੰਦਾ ਸੀ, ਤਾਂ ਰਿਆਸਤ ਦੇ ਬਾਦਸ਼ਾਹ ਉਹਦੇ ਪਿਤਾ ਨੇ ਉਸਨੂੰ ਆਖਿਆ, “ਪੁੱਤਰ ਇਹ ਰਿਆਸਤ ਤੇਰੇ ਲਈ ਬਹੁਤ ਛੋਟੀ ਹੈ, ਜਾ ਕੇ ਆਪਣੇ ਲਈ ਵੱਡੀ ਸਲਤਨਤ ਭਾਲ l” 16 ਸਾਲ ਦੀ ਉਮਰ ਦਾ ਹੁੰਦਾ ਹੁੰਦਾ ਸਿਕੰਦਰ ਆਪਣੀ ਰਿਆਸਤ ਵਿਚਲੀਆਂ ਬਗਾਵਤਾਂ ਨੂੰ ਦਬਾਉਂਦਾ ਪੂਰੇ ਯੂਨਾਨ ਅਤੇ ਅੱਗੇ ਦੁਨਿਆ ਦੇ ਆਖਰੀ ਸਿਰੇ ਤੱਕ ਆਪਣਾ ਰਾਜ ਕਾਇਮ ਕਰਨ ਦੀ ਕਵਾਇਦ ਸ਼ੁਰੂ ਕਰ ਚੁੱਕਾ ਸੀl 

ਜੰਗ ਜਦੋਂ ਵੀ ਹੁੰਦੀ ਹੈ, ਜਾਨੀ-ਮਾਲੀ ਨੁਕਸਾਨ ਹੀ ਕਰਦੀ ਹੈl ਲੇਕਿਨ ਜਿਸ ਸਿਕੰਦਰ ਨੂੰ ਤਲਵਾਰ ਦੇ ਜ਼ੋਰ ‘ਤੇ ਸਾਮਰਾਜੀ ਪਸਾਰ ਕਰਨਾ ਹੀ ਤਾਲੀਮ ‘ਚ ਮਿਲਿਆ ਹੈ ਉਹ ਇਹਨੂੰ ‘ਜਬਰੀ ਕਬਜ਼ਾ’ ਨਹੀਂ ਸਗੋਂ ‘ਜੰਗਜੂ ਫ਼ਿਤਰਤ’ ਹੀ ਮੰਨੇਗਾl ਸਾਡਾ ਸਮਾਜ ਨਿੱਤ ਐਸੇ ਕਿੰਨੇ ਹੀ ਸਿਕੰਦਰ ਪੈਦਾ ਕਰ ਰਿਹਾ ਹੈ ਜਿਹਨਾਂ ਨੂੰ ‘ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ’ ਦੇ ਫਲਸਫ਼ੇ ਅਤੇ ‘ਧੱਕੇ ਵਾਲੀ ਸਰਦਾਰੀ’ ਦਾ ਫਰਕ ਨਿਖੇੜ ਕੇ ਕਦੀ ਸਮਝਾਇਆ ਹੀ ਨਹੀਂ ਗਿਆl ਸਦੀਆਂ ਤੋਂ ਪੰਜਾਬੀ ਕੌਮ ਧਾੜਵੀਆਂ ਨਾਲ ਜੰਗਾਂ ਲੜਦੀ ਲੜਦੀ ‘ਮਾਰਸ਼ਲ ਕੌਮ’ ਹੋ ਗਈl ਕਦੇ ਦੁਰਾਨੀ ਧਾੜਵੀਆਂ ਸਾਹਮਣੇ ਲਾਚਾਰ ਮਹਿਸੂਸ ਕਰਦਿਆਂ ‘ਮੰਨੂ ਸਾਡੀ ਦਾਤਰੀ’ ਵਾਲੇ ਮੰਨੂ ਨੇ ਇਸੇ ਕੌਮ ਨੂੰ ਨਵਾਬੀ ਦੀ ਖਿੱਲਤ ‘ਤੇ ਕਲਗੀ ਭੇਜ ਕੇ ਸੀਨੇ ‘ਤੇ ਫੱਟ ਖਾਲ ਵਾਲੀ ਢਾਲ ਬਣਾ ਲਿਆl ਕਦੇ ਬਰਤਾਨਵੀ ਸਾਮਰਾਜਵਾਦ ਦਾ ਵਿਰੋਧ ਕਰਨ ਵਾਲੇ ਬੰਗਾਲੀਆਂ ਦੇ ਖਿਲਾਫ਼ ਲੋੜ ਪੈਣ ‘ਤੇ ਅੰਗ੍ਰੇਜ਼ ਹੁਕੂਮਤ ਨੇ ਬੰਗਾਲੀਆਂ ਨੂੰ ਡਰਾਕਲ ਤੇ ਪੰਜਾਬੀਆਂ ਨੂੰ ਸ਼ੇਰ ਕੌਮ ਦੀ ਫ਼ੂਕ ਛਕਾ ਕੇ ਵਰਤ ਲਿਆl ਸਮੇਂ ਦੇ ਨਾਲ ਤਰੱਕੀ ਅਸੀਂ ਵੀ ਕੀਤੀ ਲੇਕਿਨ ‘ਸ਼ੇਰਾਂ ਦੀ ਕੌਮ ਪੰਜਾਬੀ’ ਵਾਲਾ ਕਿਰਦਾਰ ਸਾਡੇ ਨਾਲ ਐਸਾ ਜੁੜਿਆ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਅੱਜ ਤੱਕ ਵੀ ਹੋਰ ਇਨਸਾਨੀ ਗੁਣ ਬਾਅਦ ‘ਚ ਚੇਤੇ ਆਉਂਦੇ ਨੇ ਦਲੇਰੀ ਨਾਲ ਲੜਨਾ ਪਹਿਲਾਂl ਹਾਲਾਂਕਿ ਲੜਾਈ ਹੱਕ-ਸਚ ਦੀ ਹੈ ਜਾਂ ਸਿਰਫ ਗਲੀ ਮੁਹੱਲੇ ਜਾਂ ਜਬਰੀ ਕਬਜ਼ੇ ਦੀ ਇਹਦੇ ‘ਚ ਅੰਤਰ ਕਰਨਾ ਸਿੱਖ ਸਕਣ ਲਈ ਜ਼ਰੂਰੀ ਸੀ ਕਿ ਸੱਥਾਂ-ਢਾਣੀਆਂ ‘ਚ ਗੂੰਜਦੇ ਕਿੱਸਿਆਂ-ਗੀਤਾਂ ਦੇ ਲਿਖੇ, ਗਾਏ ਪ੍ਰਚਾਰੇ ਜਾਣ ਵੇਲੇ ਸਿਰਫ ਵਾਹਵਾਹੀ ਖੱਟਣ ਦੀ ਥਾਵੇਂ ਆਉਣ ਵਾਲੀ ਪੀੜ੍ਹੀ ਪ੍ਰਤੀ ਕੁਝ ਜਿੰਮੇਵਾਰੀ ਦਾ ਅਹਿਸਾਸ ਕੀਤਾ ਜਾਂਦਾ, ਜੋ ਕਿ ਅੱਜ ਵੀ ਨਹੀਂ ਹੋ ਰਿਹਾl. ਨਤੀਜਾ, ਪੰਜਾਬ ‘ਚ ਅੱਜ ਐਸੇ ਬੇਸ਼ੁਮਾਰ ‘ਸਿਕੰਦਰ’ ਨੇ ਜੋ ‘ਯਾਰੀ ਤੇ ਸਰਦਾਰੀ’ ਲਈ ਦਿਲੋਜਾਨ ਤੋਂ ਲੜਦੇ ਨੇl ਲੇਕਿਨ ਉਹਨਾਂ ਦੀ ਜੂਨ ਐਸੀ ਹੈ ਕਿ ਉਹ ਆਪਣੀ ਰੂਹ ਦੇ ਅੰਦਰ ‘ਜੋਧੇ’ ਹੁੰਦੇ ਹੋਏ ਵੀ ਸਮਾਜ ਅੱਗੇ ਨਾਇਕ ਸਿਧ ਨਹੀਂ ਹੋ ਪਾਉਂਦੇ ਕਿਉਂਕਿ ਨਾਇਕ ਬਣ ਸਕਣ ਦੇ ਉਹਨਾਂ ਦੇ ਰਾਹ ‘ਚ ਪੈਰ ਪੈਰ ‘ਤੇ ਕਈ ਐਸੇ ਖਲਨਾਇਕ ਖੜ੍ਹੇ ਨੇ ਜੋ ਕਿ ਆਪਣੇ ਮੁਫਾਦਾਂ ਲਈ ਉਹਨਾਂ ਨੂੰ ਇੱਕ ਜਰਨੈਲ ਤੋਂ ਨਿਰਾ ਇੱਕ ਮੋਹਰਾ ਬਣਾ ਲੈਣਾ ਜਾਣਦੇ ਨੇl ਇਹਨਾਂ ‘ਨਾਇਕਾਂ’ ਨੂੰ ਪਤਾ ਵੀ ਨਹੀਂ ਲਗਦਾ ਕਿ ਕਦੋਂ ਉਹ ਆਪਣੀ ਹੀ ਜਮਾਤ ਦੇ ਅਤੇ ਆਪਣੇ ਖੁਦ ਹੀ ਦਿਲ ਦੇ ਅੰਦਰ ਉਬਾਲੇ ਲੈਂਦੇ ਕ੍ਰਾਂਤੀਕਾਰੀ ਦੇ ਖਿਲਾਫ਼ ਭੁਗਤ ਜਾਂਦੇ ਨੇ ਤੇ ਜੇ ਕਦੇ ਉਹਨਾਂ ਨੂੰ ਸੋਝੀ ਆਉਂਦੀ ਵੀ ਹੈ ਤਾਂ ਓਦੋਂ ਤੱਕ ਆਖ਼ਿਰਕਾਰ ਖਰਚ ਹੋ ਕੇ ਵਕ਼ਤ ਦੀ ਧੂੜ ‘ਚ ਗਵਾਚ ਜਾਣ ਤੋਂ ਸਿਵਾ ਕੋਈ ਹੈਸੀਅਤ ਉਹਨਾਂ ਕੋਲ ਬਾਕੀ ਬਚੀ ਹੀ ਨਹੀਂ ਹੁੰਦੀl ਆਪਣੇ ਸਹੀ ਵਕ਼ਤ ਨੂੰ ਦਿਲ ਤੇ ਦਿਮਾਗ ਦੀ ਜੱਦੋਜਹਿਦ ਵਿਚਕਾਰ ਗਵਾ ਬਹਿਣਾ ਹੀ ਇਹਨਾਂ ‘ਸਿਕੰਦਰਾਂ’ ਦੀ ਹੋਣੀ ਹੈ l


‘ਸਿਕੰਦਰ’ ਇੱਕ ਕਿਰਦਾਰ ਹੈ ਜਿਸ ਨੂੰ ਸਮਝੇ ਜਾਣ ਦੀ, ਉਹਦਾ ਮਨ ਫਰੋਲੇ ਜਾਣ ਉਹਦੇ ਨਾਲ ਸੰਵਾਦ ਰਚਾਏ ਜਾਣ ਦੀ ਲੋੜ ਹੈl ਇਹਨਾਂ ‘ਸਿਕੰਦਰਾਂ’ ਦੇ ਡੌਲਿਆਂ ‘ਚ ਜਾਨ ਹੈ, ਦਿਲਾਂ ‘ਚ ਹੌਸਲੇ ਨੇ ਜਿਹਨਾਂ ਨੂੰ ਸਹੀ ਜਾਂ ਗਲਤ ਦੋਵੇਂ ਤਰੀਕੇ ਨਾਲ ਵਰਤਿਆ ਜਾ ਸਕਦਾ ਹੈl ਸਭ ਤੋਂ ਵੱਡੀ ਗੱਲ ਇਹ ਕਿ ਇਹਨਾਂ ਅੰਦਰ ਪ੍ਰਤਿਬਧਤਾ ਹੈ ਜੀਹਨੇ ਕਿਸੇ ਵੀ ਦਿਸ਼ਾ ਭਰਪੂਰ ਜ਼ੋਰ ਲਾਉਣਾ ਹੈ, ਆਖਰੀ ਸਾਹ ਤੱਕl ਇਹਨਾਂ ‘ਸਿਕੰਦਰਾਂ’ ਨੂੰ ਦਿਸ਼ਾ ਕਿਵੇਂ ਦੇਣੀ ਹੈ ਇਹ ਸੋਚਣਾ ਸਮਾਜ ਦੀ ਜ਼ਿੰਮੇਵਾਰੀ ਹੈl ਫਿਲਮ ‘ਸਿਕੰਦਰ’ ਇਹ ਬਹੁਤ ਵੱਡਾ ਸਵਾਲ ਸਾਡੇ ਅੱਗੇ ਖੜ੍ਹਾ ਕਰਦੀ ਹੈ ਜੀਹਤੋਂ ਅੱਖਾਂ ਫੇਰ ਸਕਣਾ ਸੌਖਾ ਕੰਮ ਨਹੀਂl 


(ਫੇਸਬੁੱਕ ਤੋਂ ਧੰਨਵਾਦ ਸਹਿਤ)

Sunday, 10 March 2013

ਮਿੱਟੀ: ਦਿਸ਼ਾਹੀਣਤਾ ਤੇ ਜ਼ਿੰਮੇਵਾਰੀ ਵਿੱਚ ਸੰਵਾਦ

ਦਲਜੀਤ ਅਮੀ

ਹੁਣ ਤੱਕ ਪੰਜਾਬੀ ਫ਼ਿਲਮਾਂ ਦਾ ਖ਼ਾਸਾ ਮਨੋਰੰਜਨ ਤੱਕ ਮਹਿਦੂਦ ਰਿਹਾ ਹੈ। ਜਾਤੀ ਹਉਮੈਂ, ਜ਼ਮੀਨ ਲਈ ਦੁਸ਼ਮਣੀਆਂ, ਪਰਵਾਸ ਦੇ ਕੁਝ ਪੱਖਾਂ ਅਤੇ ਪਿਆਰ ਤਿਕੋਣਾਂ ਦੁਆਲੇ ਘੁੰਮਦਾ ਪੰਜਾਬੀ ਫ਼ਿਲਮਾਂ ਦਾ ਵਿਸ਼ਾ-ਵਸਤੂ ਖੜੋਤ ਦਾ ਸ਼ਿਕਾਰ ਹੈ। 'ਮਿੱਟੀ' ਇਸ ਖੜੋਤ ਅਤੇ ਪੰਜਾਬੀ ਫ਼ਿਲਮ ਦੇ ਪ੍ਰਵਾਨਿਤ ਖ਼ਾਸੇ ਨੂੰ ਵੱਢ ਮਾਰਦੀ ਹੈ। ਮਿੱਟੀ ਪੰਜਾਬ ਦੇ ਮੁੰਡਿਆਂ ਦੀ ਕਹਾਣੀ ਹੈ ਜੋ ਪੰਜਾਬੀ ਹੋਣ ਦੇ ਬਾਵਜੂਦ ਇੱਥੇ ਦੀ 'ਮਿੱਟੀ' ਤੋਂ ਨਿਰਲੇਪ ਹਨ। ਦਿਸ਼ਾਹੀਣਤਾ ਦੀ ਹਾਲਤ ਵਿੱਚ ਉਹ ਜੋ ਵੀ ਕਰਦੇ ਹਨ ਸਿਰਫ਼ ਸਾਹ ਲੈਂਦੇ ਰਹਿਣ ਦਾ ਤਰੱਦਦ ਹੈ। ਜਦੋਂ ਜ਼ਿੰਦਗੀ ਦੇ ਥਪੇੜੇ ਉਨ੍ਹਾਂ ਨੂੰ ਮਿੱਟੀ ਦੀ ਜਾਗ ਲਾਉਂਦੇ ਹਨ ਤਾਂ ਉਨ੍ਹਾਂ ਨੂੰ ਕੀਮਤ ਜਾਨ ਦੇਕੇ ਚੁਕਾਉਣੀ ਪੈਂਦੀ ਹੈ।

ਮੌਜੂਦਾ ਸਮਿਆਂ ਦੀ ਵੱਡੀ ਤ੍ਰਾਸਦੀ ਨੌਜਵਾਨ ਪੀੜ੍ਹੀ ਨਾਲ ਸੰਵਾਦ ਦੀ ਅਣਹੋਂਦ ਹੈ। ਨਿਘਾਰ ਅਤੇ ਗ਼ੈਰ-ਜ਼ਿੰਮੇਵਾਰੀ ਦੀਆਂ ਤੋਹਮਤਾਂ ਸਹਿੰਦੀ ਇਹ ਪੀੜ੍ਹੀ ਆਪਣੇ ਜੀਣ-ਥੀਣ ਦੇ ਕਾਰਨ ਤੇ ਸਾਧਨ ਤਲਾਸ਼ ਰਹੀ ਹੈ। ਮਿੱਟੀ ਇਸ ਪੀੜ੍ਹੀ ਨਾਲ ਨਿੱਗਰ ਅਤੇ ਟਕਰਾਵਾਂ ਸੰਵਾਦ ਸਿਰਜਦੀ ਹੈ। ਇਸ ਸੰਵਾਦ ਨਾਲ ਇਸ ਪੀੜ੍ਹੀ ਦਾ ਰਿਸ਼ਤਾ ਪਿਛਲੀਆਂ ਪੀੜ੍ਹੀਆਂ ਰਾਹੀਂ ਹੁੰਦਾ ਹੋਇਆ ਇਤਿਹਾਸ ਨਾਲ ਜੁੜਦਾ ਹੈ ਜੋ ਨਾਬਰੀ ਦੀਆਂ ਬਾਤਾਂ ਪਾ ਰਿਹਾ ਹੈ। ਇਹ ਮੁੰਡੇ ਜਦੋਂ ਇਤਿਹਾਸ ਵਿੱਚੋਂ ਸੋਝੀ ਹਾਸਿਲ ਕਰਦੇ ਹਨ ਤਾਂ ਇਨ੍ਹਾਂ ਦੀਆਂ ਜ਼ਿੰਮੇਵਾਰੀਆਂ ਵੱਡੀਆਂ ਹੋ ਨਿਬੜਦੀਆਂ ਹਨ। ਇਸ ਤਰ੍ਹਾਂ ਉਹ ਮਿੱਟੀ ਬਚਾਉਣ ਦੇ ਆਹਰ ਵਿੱਚ ਲੱਗਦੇ ਹਨ। ਇਹ ਆਹਰ ਸਿਆਸਤ, ਮੁਨਾਫ਼ੇ  ਅਤੇ ਧਰਮ ਦੀ ਜੁੰਡਲੀ ਨੂੰ ਬੇਪਰਦ ਕਰਦਾ ਹੈ। ਇਹ ਜੁੰਡਲੀ ਜੋ ਲੋਕਾਂ ਦੇ ਜੀਣ-ਥੀਣ ਦੇ ਸਾਧਨਾਂ ਤੇ ਕਾਰਨਾਂ ਨੂੰ ਆਪਣੇ ਹਿੱਤਾਂ ਦੀ ਬਲੀ ਚਾੜ੍ਹ ਰਹੀ ਹੈ।


ਰੱਬੀ, ਗਾਜ਼ੀ, ਲਾਲੀ ਅਤੇ ਟੁੰਡਾ ਯੂਨੀਵਰਸਿਟੀ ਤੋਂ ਕੱਢੇ ਜਾਣ ਤੋਂ ਬਾਅਦ ਚੰਡੀਗੜ੍ਹ ਵਿੱਚ ਦੱਬੀ ਹੋਈ ਕੋਠੀ ਵਿੱਚ ਟਿਕੇ ਹੋਏ ਹਨ। ਉਹ ਸ਼ਰਾਬ ਅਤੇ ਸਿਆਸਤ ਦਾ ਧੰਦਾ ਕਰਦੇ ਹਰਮੇਲ ਸਿੰਘ ਲਈ ਹਰ ਜਾਇਜ਼-ਨਾਜਾਇਜ਼ ਕੰਮ ਕਰਦੇ ਹਨ। ਪਿੰਡ ਲਾਲੀ ਦਾ ਭਰਾ ਜੀਤ ਕਿਸਾਨ ਯੂਨੀਅਨ ਆਗੂ ਹੈ ਜੋ ਇਨ੍ਹਾਂ ਨੂੰ ਜ਼ਿੰਦਗੀ ਦਾ ਅਸਲ ਪੱਖ ਦਿਖਾਉਣਾ ਚਾਹੁੰਦਾ ਹੈ ਪਰ ਇਨ੍ਹਾਂ ਕੋਲ ਉਸ ਦੀ ਗੱਲ ਸੁਣਨ ਲਈ ਨਾ ਸਮਾਂ ਹੈ ਅਤੇ ਨਾ ਸਬਰ। ਮੁੰਡੇ ਤੋੜ-ਵਿਛੋੜਾ ਕਰਨ ਉੱਤੇ ਉਤਾਰੂ ਹਨ ਅਤੇ ਜੀਤ ਜੋੜਨ ਨੂੰ ਫਿਰਦਾ ਹੈ। 

ਰੱਬੀ ਦੀ ਪ੍ਰੇਮਿਕਾ ਉਨ੍ਹਾਂ ਨੂੰ ਅਸਲੀਅਤ ਦਾ ਸ਼ੀਸ਼ਾ ਦਿਖਾਉਂਦੀ ਹੈ। ਉਨ੍ਹਾਂ ਹੱਥੋਂ ਸਰਦਾਰ ਦੀਆਂ ਬੇਇਮਾਨੀਆਂ ਨੂੰ ਬੇਪਰਦ ਕਰਨ ਲਈ ਕੰਮ ਕਰਦੇ ਪੱਤਰਕਾਰ ਦਾ ਕਤਲ ਹੁੰਦਾ ਹੈ। ਜ਼ਮੀਨ ਮਾਫ਼ੀਆ ਅਤੇ ਸਨਅਤਕਾਰ ਪੁਲਿਸ ਦੀ ਮਿਲੀਭੁਗਤ ਤੇ ਸਿਆਸੀ ਸਰਪ੍ਰਸਤੀ ਨਾਲ ਜੀਤ ਦਾ ਕਤਲ ਕਰਦੇ ਹਨ। ਇਨ੍ਹਾਂ ਮੁੰਡਿਆਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਕੁੱਤਿਆਂ ਤੋਂ ਵੀ ਬਦਤਰ ਹਨ। ਉਨ੍ਹਾਂ ਦੀ ਮੁੜ-ਬਹਾਲੀ ਦਾ ਸੰਘਰਸ਼ ਇਸ ਫ਼ਿਲਮ ਦਾ ਹਾਸਿਲ ਹੈ। ਜ਼ਿੰਦਗੀ ਦੀ ਬਿਹਤਰੀ ਦੀ ਲੜਾਈ ਦੇ ਦਾਅਪੇਚਾਂ ਤੋਂ ਅਨਜਾਣ ਮੁੰਡੇ ਜਦੋਂ ਪਿੜ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਸਿਆਸੀ-ਸਮਾਜਿਕ ਰੁਝਾਨ ਕਿੰਨਾ ਗੁੰਝਲਦਾਰ ਹੈ। 

ਇਸ ਫ਼ਿਲਮ ਵਿੱਚ ਨੌਜਵਾਨ ਪੀੜ੍ਹੀ ਅੰਦਰਲਾ ਖਰੂਦ ਉਨ੍ਹਾਂ ਦੀ ਜੁਬਾਨ ਵਿੱਚੋਂ ਪ੍ਰਗਟ ਹੁੰਦਾ ਹੈ। ਪੰਜਾਬੀ ਗਾਇਕ ਮੀਕਾ ਸਿੰਘ ਨੇ ਫ਼ਿਲਮ ਵਿੱਚ ਗ਼ਾਜ਼ੀ ਦੀ ਭੂਮਿਕਾ ਨਿਭਾਈ ਹੈ। ਉਸ ਦਾ ਕਿਰਦਾਰ ਬਹੁਤ ਗੁੰਝਲਦਾਰ ਹੈ ਜੋ ਆਪਣੇ ਦੋਸਤ ਦੀ ਮਾਸ਼ੂਕ ਉੱਤੇ ਅੱਖ ਵੀ ਰੱਖ ਸਕਦਾ ਹੈ ਅਤੇ ਉਸੇ ਦੋਸਤ ਲਈ ਜਾਨ ਵੀ ਦੇ ਸਕਦਾ ਹੈ। ਦੋਵੇਂ ਕੰਮ ਉਹ ਬਹੁਤ ਸਹਿਜਤਾ ਨਾਲ ਕਰਦਾ ਹੈ। ਫ਼ਿਲਮ ਦੇ ਨਿਰਦੇਸ਼ਕ ਜਤਿੰਦਰ ਮੌਹਰ ਦਾ ਕਹਿਣਾ ਹੈ ਕਿ ਸੇਕਸ਼ਪੀਅਰ ਦੇ ਨਾਟਕ ਜੁਲੀਅਸ ਸੀਜ਼ਰ ਦੇ ਦੋ ਕਿਰਦਾਰਾਂ ਵਾਂਗ ਹਰ ਲਹਿਰ ਵਿੱਚ ਬਰੁਟਸ ਤੇ ਕੈਸ਼ੀਅਸ਼ ਦੀ ਮਾਨਸਿਕਤਾ ਵਾਲੇ ਆਗੂ ਹੁੰਦੇ ਹਨ। ਬਰੁਟਸ ਨੈਤਿਕਤਾ ਨੂੰ ਤਰਜੀਹ ਦਿੰਦਾ ਹੈ ਅਤੇ ਕੈਸ਼ੀਅਸ਼ ਨੈਤਿਕਤਾ ਤੋਂ ਬੇਪਰਵਾਹ ਟੀਚੇ ਵੱਲ ਵਧਦਾ ਹੈ। ਇਹ ਜ਼ਿਆਦਾ ਹਿੰਸਕ ਹੁੰਦਾ ਹੈ। ਕੈਸ਼ੀਅਸ਼ ਦੇ ਅਸਰ ਵਾਲੇ ਗ਼ਾਜ਼ੀ ਦਾ ਕਿਰਦਾਰ ਮੀਕਾ ਸਿੰਘ ਉੱਤੇ ਚੰਗੀ ਤਰ੍ਹਾਂ ਨਿਭਿਆ ਹੈ। ਬਰੁਟਸ ਦਾ ਕਿਰਦਾਰ ਰੱਬੀ ਹੈ ਜੋ ਲਖਵਿੰਦਰ ਕੰਦੋਲਾ ਨੇ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਸਰਦਾਰ ਸੋਹੀ, ਹਰਦੀਪ ਗਿੱਲ, ਵਿਕਟਰ ਜੌਨ, ਵੱਕਾਰ ਸ਼ੇਖ਼, ਕਸ਼ਿਸ਼ ਧਨੋਆ, ਸੁਰਜੀਤ ਗਾਮੀ, ਯਾਦ ਗਰੇਵਾਲ, ਕਰਤਾਰ ਚੀਮਾ ਅਤੇ ਤੇਜਵੰਤ ਮਾਂਗਟ ਨੇ ਅਹਿਮ ਕਿਰਦਾਰ ਨਿਭਾਏ ਹਨ। 


ਜਤਿੰਦਰ ਮੌਹਰ ਮੁਤਾਬਕ 'ਮਿੱਟੀ' ਰਾਹੀਂ ਪੰਜਾਬੀ ਫ਼ਿਲਮਾਂ ਵਿੱਚ ਪਹਿਲੀ ਬਾਰ ਦਲਿਤ ਕਿਰਦਾਰ ਨਾਇਕ ਵਜੋਂ ਪੇਸ਼ ਹੋਏ ਹਨ। ਟੁੰਡਾ ਮਜ਼ਬੀ ਸਿੱਖਾਂ ਵਿੱਚੋਂ ਹੈ। ਟੁੰਡੇ ਦੇ ਪਿਓ ਦਾ ਕਿਰਦਾਰ ਸੁਰਜੀਤ ਗਾਮੀ ਨੇ ਨਿਭਾਇਆ ਹੈ ਜੋ ਨਿਰਦੇਸ਼ਕ ਮੁਤਾਬਕ ਫ਼ਿਲਮ ਦਾ ਸਭ ਤੋਂ ਚੇਤਨ ਬੰਦਾ ਹੈ। ਇਸ ਫ਼ਿਲਮ ਦਾ ਸੰਗੀਤ ਮੀਕਾ ਸਿੰਘ ਨੇ ਦਿੱਤਾ ਹੈ। ਕਹਾਣੀ, ਪਟਕਥਾ ਅਤੇ ਸੰਵਾਦ ਇਸ ਫ਼ਿਲਮ ਦੇ ਨਿਰਦੇਸ਼ਕ ਜਤਿੰਦਰ ਮੌਹਰ ਨੇ ਲਿਖੇ ਹਨ। ਸਿਨਮਾ ਘਰਾਂ ਵਿੱਚ ਪਹੁੰਚਣ ਤੋਂ ਪਹਿਲਾਂ 'ਮਿੱਟੀ' ਕਈ ਵਾਰ ਮੁੰਬਈ ਵਿੱਚ ਦਿਖਾਈ ਗਈ ਹੈ। ਫ਼ਿਲਮ ਸਨਅਤ ਨਾਲ ਜੁੜੇ ਲੋਕਾਂ ਵਿੱਚ ਇਸ ਦੀ ਬਹੁਤ ਚਰਚਾ ਹੈ। ਉਂਝ ਫ਼ਿਲਮ ਚੋਣਵੇਂ ਲੋਕਾਂ ਵਿੱਚ ਹੋਈ ਚਰਚਾ ਨਾਲ ਕਾਮਯਾਬ ਨਹੀਂ ਹੋ ਜਾਂਦੀ। ਇਸ ਦਾ ਅਸਲ ਇਮਤਿਹਾਨ ਤਾਂ ਸਿਨਮਾ ਘਰਾਂ ਵਿੱਚ ਹੋਣਾ ਹੈ। ਦਰਸ਼ਕਾਂ ਨੂੰ 'ਮਿੱਟੀ' ਦੀ ਉਡੀਕ ਹੈ। ਫ਼ਿਲਮ ਨਿਰਮਾਤਾ ਕਮਲ ਬੈਂਸ, ਰੁਬੀਨਾ ਬੇਗ ਅਤੇ ਦਰਸ਼ਨ ਪਟੇਲ 'ਮਿੱਟੀ' ਨੂੰ ਦਰਸ਼ਕਾਂ ਦੀ ਉਡੀਕ 
ਅੱਠ ਜਨਬਰੀ (2010) ਨੂੰ ਪੂਰਾ ਕਰ ਦੇਣਗੇ।

('ਮਿੱਟੀ' ਬਾਰੇ ਇਹ ਲੇਖ ਫ਼ਿਲਮ ਦੇ ਪਰਦਾਪੇਸ਼ ਹੋਣ ਤੋਂ ਪਹਿਲਾਂ ਦਸੰਬਰ 2009 ਵਿੱਚ ਲਿਖਿਆ ਗਿਆ ਸੀ। ਇਹ ਉਸ ਵੇਲੇ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ। ਇਸ ਲੇਖ ਨੂੰ ਤਕਰੀਬਨ ਜਿਉਂ ਦਾ ਤਿਉਂ ਪੇਸ਼ ਕਰ ਰਹੇ ਹਾਂ।)