Monday, 19 August 2013

ਆਲਮੀ ਅਮਨ ਦੇ ਪਰਵਾਨਿਆਂ ਦੀ ਕਥਾ: ਜੁਅਏਕਸ ਨੋਇਲ

ਜਤਿੰਦਰ ਮੌਹਰ

ਅਮਰੀਕੀ ਲੋਕ-ਇਤਿਹਾਸਕਾਰ ਅਤੇ ਚਿੰਤਕ ਹਾਵਰਡ ਜ਼ਿੰਨ ਕਹਿੰਦਾ ਹੈ ਕਿ ਦਹਿਸ਼ਤ ਦੇ ਖ਼ਿਲਾਫ਼ ਜੰਗ ਦੀ ਗੱਲ ਕਿੰਨੀ ਕੁ ਜਾਇਜ਼ ਹੈ ਜਦੋਂ ਜੰਗ ਅਪਣੇ ਆਪ 'ਚ ਅਤਿਵਾਦ ਦਾ ਰੂਪ ਹੈ? ਇਸ ਬਿਆਨ 'ਚੋਂ ਬਾਬੇ ਹਾਵਰਡ ਦਾ ਨਿੱਜੀ ਤਜਰਬਾ ਬੋਲਦਾ ਹੈ। ਦੂਜੀ ਆਲਮੀ ਜੰਗ 'ਚ ਉਹ ਅਮਰੀਕਾ ਵੱਲੋਂ ਬਰਲਿਨ, ਚੈਕਸਲੋਵਾਕੀਆ, ਹੰਗਰੀ ਅਤੇ ਫ਼ਰਾਂਸ ਦੇ ਸ਼ਹਿਰਾਂ 'ਤੇ ਬੰਬਾਰੀ ਕਰਨ ਵਾਲੇ ਹਵਾਈ-ਦਸਤੇ ਦਾ ਹਿੱਸਾ ਸੀ। ਉਸ ਨੇ ਜੰਗ ਦੀ ਭਿਆਨਕਤਾ ਅੱਖੀਂ ਦੇਖੀ ਹੈ। ਜੰਗ ਦੀ ਬਰਬਰਤਾ ਅਤੇ ਉਸਦੇ ਸ਼ਿਕਾਰ ਲੋਕਾਂ ਦੀ ਹਾਲਤ ਦੇਖ ਕੇ ਬਾਬੇ ਨੇ ਜੰਗ ਦੇ ਖ਼ਿਲਾਫ਼ ਬੀੜਾ ਚੁੱਕ ਲਿਆ ਜੋ ਉਸਦੇ ਆਖ਼ਰੀ ਸਾਹਾਂ ਤੱਕ ਕਾਇਮ ਰਿਹਾ। ਉਸਨੇ ਸਾਮਰਾਜੀ ਜੰਗਬਾਜ਼ਾਂ ਦੇ ਬਖ਼ੀਏ ਉਧੇੜੇ ਅਤੇ ਜਮਹੂਰੀਅਤ ਦੀ ਸੱਚੀ ਧਾਰਨਾ ਦਾ ਪਸਾਰਾ ਕਰਨ ਲਈ ਜ਼ਿੰਦਗੀ ਲੇਖੇ ਲਾਈ। ਗ਼ੁਲਾਮੀ ਅਤੇ ਮੁਨਾਫ਼ੇ ਦੇ ਪੈਰੋਕਾਰਾਂ ਲਈ ਜੰਗ ਇੱਕ ਵਪਾਰ ਹੈ। ਮਨੁੱਖ-ਘਾਤੀ ਹਥਿਆਰਾਂ ਲਈ ਕਰਜ਼ੇ ਦੇਣ, ਆਵਾਮ ਦੇ ਬੁਨਿਆਦੀ ਮਸਲਿਆਂ ਤੋਂ ਧਿਆਨ ਹਟਾਉਣ ਅਤੇ ਲੋਕ-ਦੋਖੀ ਪ੍ਰਬੰਧ ਦੀ ਉਮਰ ਲੰਬੀ ਕਰਨ ਦਾ 'ਸੁਨਹਿਰੀ ਮੌਕਾ' ਬਣ ਜਾਂਦਾ ਹੈ। ਆਲਮ ਦੀਆਂ ਬਹੁਤੀਆਂ ਜੰਗਾਂ ਬੈਂਕਰਾਂ ਅਤੇ ਹਾਕਮਾਂ ਵੱਲੋਂ ਆਵਾਮ 'ਤੇ ਥੋਪੀਆਂ ਜਾਂਦੀਆਂ ਹਨ। ਤਰੱਕੀ, ਮੁਲਕ ਅਤੇ ਨੇਸ਼ਨ ਸਟੇਟ ਦੇ ਨਾਮ 'ਤੇ ਭੜਕਾਈਆਂ ਜਾਂਦੀਆਂ ਜੰਗਾਂ ਪਿੱਛੇ ਡਾਹਢਿਆਂ ਦੀ ਵਹਿਸ਼ੀ ਸਿਆਸਤ ਅਤੇ ਹਿੱਤ ਜੁੜੇ ਹੁੰਦੇ ਹਨ। ਅਤਿਵਾਦ ਦਾ ਹਊਆ ਖੜਾ ਕਰਕੇ ਆਮ ਸ਼ਹਿਰੀਆਂ ਦੀਆਂ ਆਜ਼ਾਦੀਆਂ ਖੋਹਣ ਅਤੇ ਆਵਾਮ ਨੂੰ ਕਾਬੂ ਕਰਨ ਲਈ ਕਾਲੇ ਕਾਨੂੰਨ ਘੜੇ ਜਾਂਦੇ ਹਨ। ਹੰਗਾਮੀ ਹਾਲਾਤ ਪੈਦਾ ਕਰਕੇ ਜੰਗ ਦੀ ਸਰਗਰਮੀ ਨੂੰ ਹਵਾ ਦਿੱਤੀ ਜਾਂਦੀ ਹੈ। ਸਸਤੇ ਕਿਸਮ ਦੀ ਮੁਲਕਪ੍ਰਸਤੀ ਦੇ ਨਾਮ 'ਤੇ ਫੇਰਿਆ ਸੁਹਾਗਾ ਜਮਹੂਰੀਅਤ ਦੀ ਧਾਰਨਾ ਨੂੰ ਵਧਣ-ਫੁੱਲਣ ਨਹੀਂ ਦਿੰਦਾ। ਸਾਡੇ ਮੁਲਕ 'ਚ ਕਾਬਜ਼ ਧਿਰਾਂ ਗਾਹੇ-ਬਗਾਹੇ ਗੁਆਂਢੀ ਮੁਲਕਾਂ ਨਾਲ ਜੰਗ ਛੇੜਨ ਦੇ ਨਾਅਰੇ ਦਿੰਦੀਆਂ ਰਹਿੰਦੀਆਂ ਹਨ। ਜੰਗ ਦੇ ਹੱਕ 'ਚ ਜਿੰਨੇ ਮਰਜ਼ੀ ਤਰਕ ਦਿੱਤੇ ਜਾਣ ਪਰ ਇਸਦੇ ਮਨੁੱਖਤਾ ਵਿਰੋਧੀ ਖ਼ਾਸੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।  

ਜੰਗ ਦੇ ਭਿਆਨਕ ਸਮਿਆਂ 'ਚ ਵੀ ਮਨੁੱਖ ਨੇ ਆਪਣਾ ਮੂਲ ਨਹੀਂ ਛੱਡਿਆ। ਅਜਿਹੇ ਹੀ ਸਮਿਆਂ ਦੀ ਬਾਤ ਪਾਉਂਦੀ ਫ਼ਿਲਮ 'ਜੁਆਏਕਸ ਨੋਇਲ' ਹੈ ਜੋ ਸੰਨ੍ਹ ਦੋ ਹਜ਼ਾਰ ਪੰਜ 'ਚ ਪਰਦਾਪੇਸ਼ ਹੋਈ ਸੀ। ਜੁਆਏਕਸ ਨੋਇਲ ਦਾ ਅਰਥ ਹੈ 'ਕ੍ਰਿਸਮਿਸ ਮੁਬਾਰਕ।' ਇਹ ਆਲਮ ਦੀਆਂ ਬਿਹਤਰੀਨ ਜੰਗ-ਵਿਰੋਧੀ ਫ਼ਿਲਮਾਂ 'ਚੋਂ ਇੱਕ ਹੈ ਜੋ ਪਹਿਲੀ ਆਲਮੀ ਜੰਗ ਬਾਬਤ ਹੈ। ਇਹ ਫ਼ਿਲਮ ਸੱਚੀ ਘਟਨਾ 'ਤੇ ਆਧਾਰਿਤ ਹੈ ਜਿਸਦੇ ਪਾਤਰ ਅੰਗਰੇਜ਼ੀ, ਜਰਮਨ ਅਤੇ ਫਰੈਂਚ ਬੋਲਦੇ ਹਨ। ਫ਼ਿਲਮ ਦੇ ਸ਼ੁਰੂ ਵਿੱਚ ਸਕੂਲੀ ਬੱਚਿਆਂ ਨੂੰ ਦੂਜੇ ਮੁਲਕਾਂ ਨਾਲ ਨਫ਼ਰਤ ਕਰਨ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ। ਦੁਸ਼ਮਣ ਮੁਲਕ ਦੀਆਂ ਔਰਤਾਂ ਅਤੇ ਬੱਚਿਆ ਤੱਕ ਨੂੰ ਖ਼ਤਮ ਕਰਨ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਤਾਂ ਕਿ ਦੁਸ਼ਮਣ ਮੁੜ ਸਿਰ ਨਾ ਚੁੱਕ ਸਕੇ। ਇਸੇ ਕੜੀ 'ਚ ਗੁਜਰਾਤ ਕਤਲੇਆਮ ਵੇਲੇ ਹੋਈ ਹਿੰਸਾ ਨੂੰ ਜੋੜ ਕੇ ਦੇਖਣਾ ਚਾਹੀਦਾ ਹੈ। ਮੁਸਲਮਾਨਾਂ ਦੇ ਕਤਲ, ਔਰਤਾਂ ਨਾਲ ਬਲਾਤਕਾਰ, ਘਰ ਜਾਲਣ ਦੇ ਨਾਲ ਨਾਲ ਦੁਕਾਨਾਂ ਅਤੇ ਕਾਰੋਬਾਰੀ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਕਿ ਉਹ ਲੰਬਾ ਸਮਾਂ ਮੁੜ-ਬਹਾਲੀ ਦੇ ਸੰਘਰਸ਼ 'ਚ ਲੱਗੇ ਰਹਿਣ। ਹਿੰਦੂ ਬੁਨਿਆਦਪ੍ਰਸਤ ਅੱਜ ਵੀ ਇੱਕ ਪੂਰੀ ਨਸਲ ਨੂੰ ਖ਼ਤਮ ਕਰਨ ਦੇ ਦਮਗੱਜੇ ਮਾਰ ਰਹੇ ਹਨ।  ਸਕੂਲ ਦੇ ਦ੍ਰਿਸ਼ ਤੋਂ ਬਾਅਦ ਦੂਰ ਤੱਕ ਫੈਲੀਆਂ ਸ਼ਾਂਤ ਵਾਦੀਆਂ, ਪਹਾੜਾਂ, ਪਾਣੀ ਦੇ ਸੋਮਿਆਂ, ਚਰਾਗਾਹਾਂ ਅਤੇ ਸਦੀਆਂ ਤੋਂ ਲੋਕਾਂ ਦੀਆਂ ਪੈੜ੍ਹਾਂ ਨਾਲ ਬਣੀਆਂ ਪਗਡੰਡੀਆਂ ਦੇ ਦ੍ਰਿਸ਼ ਦਿਖਾਈ ਦਿੰਦੇ ਹਨ। ਇਨ੍ਹਾਂ ਹੀ ਰਾਹਾਂ 'ਤੇ ਸਕਾਟਲੈਂਡ ਦਾ ਮੁੰਡਾ ਸਾਈਕਲ ਭਜਾਈ ਜਾ ਰਿਹਾ ਹੈ ਜੋ ਜੰਗ ਦੀ ਭਿਆਨਕਤਾ ਤੋਂ ਬੇਖ਼ਬਰ ਜੰਗ ਦੇ ਸ਼ੁਰੂ ਹੋਣ ਦੀ ਖ਼ੁਸ਼ੀ 'ਚ ਖੀਵਾ ਹੋਇਆ ਹੈ। ਉਹ ਫ਼ੌਜ 'ਚ ਭਰਤੀ ਹੋਣ ਜਾ ਰਿਹਾ ਹੈ। ਸ਼ਾਇਦ ਉਹ ਨਹੀਂ ਜਾਣਦਾ ਕਿ ਇਸ ਕੁਦਰਤ ਅਤੇ ਉਸਦੇ ਜੀਆਂ ਨੇ ਜੰਗ ਦੀਆਂ ਬੇਕਿਰਕ ਲਾਟਾਂ 'ਚ ਝੁਲਸਣਾ ਹੈ। ਇਧਰ ਜਰਮਨ 'ਚ ਚਲਦੇ ਨਾਟਕ ਦੌਰਾਨ ਫ਼ੌਜੀ ਅਫ਼ਸਰ ਜੰਗ ਸ਼ੁਰੂ ਹੋਣ ਦਾ ਐਲਾਨ ਕਰਦਾ ਹੈ। ਉਹ ਨਾਟ-ਕਲਾਕਾਰਾਂ ਅਤੇ ਦਰਸ਼ਕਾਂ ਨੂੰ ਫ਼ੌਜ 'ਚ ਭਰਤੀ ਹੋਣ ਦਾ ਹੁਕਮ ਸੁਣਾਉਂਦਾ ਹੈ। ਨਾਟਕ ਦਾ ਮੁੱਖ ਅਦਾਕਾਰ/ਗਾਇਕ ਆਪਣੀ ਪ੍ਰੇਮਿਕਾ (ਜੋ ਖ਼ੁਦ ਅਦਾਕਾਰਾ/ਗਾਇਕ ਹੈ) ਨੂੰ ਛੱਡ ਕੇ ਜੰਗੀ ਮੋਰਚੇ 'ਤੇ ਚਲਿਆ ਜਾਂਦਾ ਹੈ। ਉਸੇ ਜੰਗੀ ਮੋਰਚੇ 'ਤੇ ਡਟਿਆ ਫ਼ਰਾਂਸੀਸੀ ਅਫ਼ਸਰ ਪਰਿਵਾਰ ਨੂੰ ਯਾਦ ਕਰ ਰਿਹਾ ਹੈ। ਅਗਲੇ ਹੀ ਪਲ ਉਸਨੇ ਅਪਣੀ ਪਲਟਣ ਸਮੇਤ 'ਦੁਸ਼ਮਣ' ਨਾਲ ਭਿੜਨਾ ਹੈ। ਲੜਨ ਤੋਂ ਪਹਿਲਾਂ ਦਿੱਤੇ ਭਾਸ਼ਣ ਵਿੱਚ ਉਹ ਕਹਿ ਰਿਹਾ ਹੈ ਕਿ ਅਸੀਂ ਕ੍ਰਿਸਮਿਸ ਜ਼ਰੂਰ ਦੇਖਾਂਗੇ। ਇਹ ਭਾਸ਼ਣ ਦਲ ਦੇ ਸਿਪਾਹੀਆਂ ਲਈ ਬੇਮਾਅਨਾ ਹੈ। ਉਹ ਜਾਣਦੇ ਹਨ ਕਿ ਲੜਾਈ ਦਾ ਮਤਲਬ ਮਰਨਾ ਜਾਂ ਮਾਰਨਾ ਹੈ ਅਤੇ ਵਾਰੀ ਕਿਸੇ ਦੀ ਵੀ ਆ ਸਕਦੀ ਹੈ। ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਦੇ ਪਲਾਂ ਦਾ ਫ਼ਿਲਮਾਂਕਣ ਏਨਾ ਮਾਰਮਕ ਹੈ ਕਿ ਦਰਸ਼ਕ ਦਾ ਸਾਹ ਕੱਢ ਦਿੰਦਾ ਹੈ। ਇਹ ਦ੍ਰਿਸ਼ ਦਿਖਾਉਂਦੇ ਹਨ ਕਿ ਲੜਨ ਵਾਲਿਆਂ ਉੱਤੇ ਜੰਗ ਕਿਵੇਂ ਥੋਪੀ ਜਾਂਦੀ ਹੈ। ਜਰਮਨ, ਫ਼ਰਾਂਸ ਅਤੇ ਸਕੌਟਿਸ਼ ਫ਼ੌਜੀ ਘਮਾਸਾਨ ਜੰਗ ਦੇ ਇਸ ਮੋਰਚੇ 'ਤੇ ਆਹਮੋ-ਸਾਹਮਣੇ ਲੜ ਰਹੇ ਹਨ। ਜੰਗ ਦੀ ਖ਼ੁਸ਼ੀ 'ਚ ਖੀਵੇ ਹੋਏ ਸਕੌਟਿਸ਼ ਮੁੰਡੇ ਨੂੰ ਛੇਤੀ ਹੀ ਹਾਲਾਤ ਦੀ ਭਿਆਨਕਤਾ ਦਾ ਅਹਿਸਾਸ ਹੋ ਜਾਂਦਾ ਹੈ।

ਜੰਗ ਹਰ ਅਹਿਸਾਸ ਨੂੰ ਖ਼ਤਰਨਾਕ ਮੰਨਦੀ ਹੈ। ਜਰਮਨ ਅਫ਼ਸਰ ਅਦਾਕਾਰ ਤੋਂ ਫ਼ੌਜੀ ਬਣੇ ਪਾਤਰ ਨੂੰ ਕਹਿੰਦਾ ਹੈ ਕਿ ਕਲਾਕਾਰ ਦੀ ਔਕਾਤ ਮੀਲ ਪੱਥਰ ਤੋਂ ਵਧੇਰੇ ਕੁਝ ਨਹੀਂ ਹੁੰਦੀ। ਉਹ ਮੁਰਦੇ ਦੇ ਭਾਰ ਵਰਗੀ ਸ਼ੈਅ ਹਨ। ਇਸ ਕਰਕੇ ਉਹ ਕਲਾਕਾਰਾਂ ਦੇ ਫ਼ੌਜੀ ਬਣਨ ਨੂੰ ਚੰਗਾ ਨਹੀਂ ਸਮਝਦਾ। ਅਦਾਕਾਰ ਫ਼ੌਜੀ ਦੀ ਪ੍ਰੇਮਿਕਾ ਮੋਰਚੇ ਦੇ ਨੇੜੇ ਤਾਇਨਾਤ ਜਰਮਨ ਅਫ਼ਸਰਾਂ ਨੂੰ ਕ੍ਰਿਸਮਿਸ ਪਾਰਟੀ ਮਨਾਉਣ ਲਈ ਤਿਆਰ ਕਰ ਲੈਂਦੀ ਹੈ। ਜਿੱਥੇ ਉਹ ਗੀਤ ਗਾਵੇਗੀ। ਉਹ ਪ੍ਰੇਮੀ ਨੂੰ ਇੱਕ ਦਿਨ ਦੀ ਛੁੱਟੀ ਦਿਵਾਉਣ 'ਚ ਕਾਮਯਾਬ ਹੋ ਜਾਂਦੀ ਹੈ ਤਾਂ ਕਿ ਉਹ ਵੀ ਪਾਰਟੀ ਵਿੱਚ ਨਾਲ ਗਾ ਸਕੇ। ਦੋਵੇਂ ਪ੍ਰੇਮੀ ਪੰਜ ਸਾਲ ਬਾਅਦ ਮਿਲੇ ਹਨ। ਜੰਗ ਦੇ ਪੰਜ ਸਾਲਾਂ ਦੌਰਾਨ ਕਲਾਕਾਰ ਦੀ ਮਾਨਸਿਕਤਾ ਕਿਨ੍ਹਾਂ ਪੱਥਰਾਂ ਨਾਲ ਟਕਰਾਈ ਹੋਵੇਗੀ। ਇਸ ਗੱਲ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਉਸ ਤੋਂ ਗਾਇਆ ਨਹੀਂ ਜਾ ਰਿਹਾ। ਪ੍ਰੇਮਿਕਾ ਦੀ ਅਪਣਤ ਅਤੇ ਉਸਦਾ ਪਿਆਰ-ਗੀਤ ਕਲਾਕਾਰ ਨੂੰ ਦੁਬਾਰਾ ਖੜਾ ਕਰਦਾ ਹੈ। ਉਹ ਫ਼ੈਸਲਾ ਕਰਦਾ ਹੈ ਕਿ ਵਾਪਸ ਮੋਰਚੇ 'ਤੇ ਜਾਕੇ ਅਪਣੇ ਸਾਥੀਆਂ ਦੀ ਕ੍ਰਿਸਮਿਸ ਰਾਤ ਨੂੰ ਯਾਦਗਾਰੀ ਬਣਾਏਗਾ। ਉਨ੍ਹਾਂ ਜੀਆਂ ਨੂੰ ਵੀ ਗੀਤਾਂ ਦੀ ਲੋੜ ਹੈ। ਪ੍ਰੇਮਿਕਾ ਜੰਗੀ ਖ਼ਤਰੇ ਦੇ ਬਾਵਜੂਦ ਨਾਲ ਜਾਣ ਦੀ ਜਿੱਦ ਪੁਗਾ ਲੈਂਦੀ ਹੈ। 

ਇਧਰ ਫ਼ਰਾਂਸੀਸੀਆਂ ਨੂੰ ਕ੍ਰਿਸਮਿਸ ਦੀ ਰਾਤ ਨੂੰ ਜਰਮਨਾਂ 'ਤੇ ਹਮਲਾ ਕਰਨ ਦਾ ਹੁਕਮ ਮਿਲਦਾ ਹੈ। ਫ਼ੌਜੀਆਂ ਦਾ ਕਹਿਣਾ ਹੈ ਕਿ ਘੱਟੋ-ਘੱਟ ਅੱਜ ਦੀ ਰਾਤ ਤਾਂ ਚੈਨ ਨਾਲ ਬਿਤਾਉਣ ਦਿੱਤੀ ਜਾਵੇ ਪਰ ਹੁਕਮ ਤਾਂ ਹੁਕਮ ਹੈ। ਇੱਕ ਫ਼ੌਜੀ ਦੀ ਡਿਊਟੀ ਲਗਦੀ ਹੈ ਕਿ ਉਹ ਜਰਮਨਾਂ ਦੀ ਖਾਈ ਦੇ ਨੇੜੇ ਜਾਕੇ ਪੂਰੀ ਜਾਣਕਾਰੀ ਲਵੇਗਾ ਅਤੇ ਮੌਕਾ ਮਿਲਦੇ ਹੀ ਹਮਲਾ ਕੀਤਾ ਜਾਵੇਗਾ। ਸਕੌਟਿਸ਼ ਫ਼ੌਜੀਆਂ 'ਚ ਇੱਕ ਅਮਨਪਸੰਦ ਪਾਦਰੀ ਹੈ ਜੋ ਜ਼ਖ਼ਮੀਆਂ ਦੇ ਇਲਾਜ ਲਈ ਆਇਆ ਹੈ। ਸੰਭਾਵੀ ਹਮਲੇ ਤੋਂ ਅਣਜਾਣ ਇਹ ਪਾਦਰੀ ਕ੍ਰਿਸਮਿਸ ਦੀ ਖ਼ੁਸ਼ੀ 'ਚ ਆਪਣਾ ਰਵਾਇਤੀ ਸਾਜ਼ 'ਬੀਨ-ਬਾਜਾ' ਵਜਾਉਣਾ ਸ਼ੁਰੂ ਕਰਦਾ ਹੈ। ਕੁਝ ਹੋਰ ਫ਼ੌਜੀ ਵੀ ਸਾਜ਼ ਚੁੱਕ ਲੈਂਦੇ ਹਨ। ਬਾਕੀ ਗਾਉਣਾ ਸ਼ੁਰੂ ਕਰ ਦਿੰਦੇ ਹਨ। ਲੋਰ 'ਚ ਗੀਤ-ਸੰਗੀਤ ਹੋਰ ਉੱਚਾ ਹੁੰਦਾ ਹੈ। ਇਧਰ ਅਦਾਕਾਰ ਫ਼ੌਜੀ ਅਤੇ ਉਸਦੀ ਪ੍ਰੇਮਿਕਾ ਵੀ ਜਰਮਨ ਮੋਰਚੇ 'ਤੇ ਆ ਪਹੁੰਚਦੇ ਹਨ ਅਤੇ ਗੀਤ ਗਾਉਣ ਦੀ ਪੇਸ਼ਕਸ਼ ਰੱਖਦੇ ਹਨ। ਮਾਮੂਲੀ ਤਕਰਾਰ ਤੋਂ ਬਾਅਦ ਵੱਡਾ ਜਰਮਨ ਅਫ਼ਸਰ ਮੰਨ ਜਾਂਦਾ ਹੈ। ਜਰਮਨ ਫ਼ੌਜੀ ਕ੍ਰਿਸਮਿਸ-ਰੁੱਖ ਬੰਕਰਾਂ ਦੇ ਉੱਪਰ ਰੱਖ ਦਿੰਦੇ ਹਨ। ਸੂਹ ਲੈਣ ਆਇਆ ਫ਼ਰਾਂਸੀਸੀ ਫ਼ੌਜੀ ਦੁਚਿੱਤੀ 'ਚ ਪੈ ਜਾਂਦਾ ਹੈ। ਅਦਾਕਾਰ ਫ਼ੌਜੀ ਗਾਉਣਾ ਸ਼ੁਰੂ ਕਰਦਾ ਹੈ। ਇੱਕ ਜਣਾ ਮਾਊਥ ਹੌਰਨ ਵਜਾ ਰਿਹਾ ਹੈ। ਗਾਇਕ ਦੀ ਆਵਾਜ਼ 'ਦੁਸ਼ਮਣਾਂ' ਉੱਤੇ ਵੀ ਜਾਦੂਈ ਅਸਰ ਕਰਦੀ ਹੈ। ਸਕੌਟਿਸ਼ ਫ਼ੌਜੀ ਜਰਮਨ ਗੀਤ ਦੇ ਨਾਲ ਬੀਨ ਬਾਜਾ ਵਜਾਉਣਾ ਸ਼ੂਰੂ ਕਰ ਦਿੰਦਾ ਹੈ। ਅਦਾਕਾਰ ਫ਼ੌਜੀ ਬਾਜੇ ਦੇ ਨਾਲ ਸੁਰ ਮੇਲਣ ਲੱਗਦਾ ਹੈ। ਉਹ ਬੇਖ਼ੌਫ਼ ਬੰਕਰ ਦੇ ਉੱਤੇ ਚੜਕੇ ਹੋਰ ਉੱਚੀ ਗਾਉਂਦਾ ਹੈ। ਇੱਥੇ ਆਸਾਨੀ ਨਾਲ ਉਸਦੇ ਗੋਲੀ ਮਾਰੀ ਜਾ ਸਕਦੀ ਹੈ। ਫ਼ਰਾਂਸੀਸੀ ਅਫ਼ਸਰ ਨਾਲ ਦੇ ਨੂੰ ਗੋਲੀ ਮਾਰਨ ਤੋਂ ਰੋਕ ਦਿੰਦਾ ਹੈ। ਵੱਡਾ ਜਰਮਨ ਅਫ਼ਸਰ ਗੁੱਸੇ 'ਚ ਅਦਾਕਾਰ ਨੂੰ ਹੇਠਾਂ ਆਉਣ ਦਾ ਹੁਕਮ ਦਿੰਦਾ ਹੈ। ਅਚਾਨਕ ਤਾੜੀਆਂ ਦੀ ਆਵਾਜ਼ ਆਉਂਦੀ ਹੈ। ਸਾਰੇ ਸਕੌਟਿਸ਼ ਫ਼ੌਜੀ ਬੰਕਰ ਤੋਂ ਬਾਹਰ ਬੈਠੇ ਗੀਤ 'ਤੇ ਤਾੜੀਆਂ ਮਾਰ ਰਹੇ ਹਨ। ਚਾਰੇ ਪਾਸੇ ਚੁੱਪ ਪਸਰ ਜਾਂਦੀ ਹੈ। ਇਸ ਚੁੱਪ ਨੂੰ ਸਕੌਟਿਸ਼ ਫ਼ੌਜੀ ਦੇ ਬੀਨ ਬਾਜੇ ਦੀ ਕੀਲਣ ਵਾਲੀ ਆਵਾਜ਼ ਤੋੜਦੀ ਹੈ ਜੋ ਬੰਕਰ 'ਤੇ ਖੜਾ ਬਾਜਾ ਵਜਾਉਣਾ ਸ਼ੁਰੂ ਕਰਦਾ ਹੈ। ਜਰਮਨ ਦਾ ਗੀਤ ਵੀ ਸ਼ੁਰੂ ਹੋ ਜਾਂਦਾ ਹੈ। ਅਦਾਕਾਰ ਹੋਰ ਜ਼ੋਰ ਨਾਲ ਗਾਉਣ ਲਗਦਾ ਹੈ ਅਤੇ ਸਕੌਟਿਸ਼ ਫ਼ੌਜੀਆਂ ਦੇ ਬੰਕਰ ਨੇੜੇ ਪਹੁੰਚ ਜਾਂਦਾ ਹੈ। ਗੀਤ ਖ਼ਤਮ ਹੋਣ 'ਤੇ ਉਹ ਵੱਡੇ ਜਰਮਨ ਅਫ਼ਸਰ ਨੂੰ ਕਹਿੰਦਾ ਹੈ ਕਿ ਅਜਿਹਾ ਸਵਾਦ ਤਾਂ ਬਰਲਿਨ ਉਪੇਰਾ 'ਚ ਗਾ ਕੇ ਵੀ ਕਦੇ ਨਹੀਂ ਆਇਆ। ਤਿੰਨੇ ਫ਼ੌਜਾਂ ਦੇ ਵੱਡੇ ਅਫ਼ਸਰ ਫ਼ੈਸਲਾ ਕਰਦੇ ਹਨ ਕਿ ਅੱਜ ਦੀ ਰਾਤ ਗੋਲੀਬੰਦੀ ਰਹੇਗੀ ਕਿਉਂਕਿ ਇੱਕ ਰਾਤ ਨਾਲ ਜੰਗ ਦਾ ਫ਼ੈਸਲਾ ਨਹੀਂ ਹੋਣ ਲੱਗਿਆ। ਇੱਕ-ਦੂਜੇ ਦੇ ਖ਼ੂਨ ਦੇ ਪਿਆਸੇ ਹੁਣ ਇਕੱਠੇ ਹੋਕੇ ਕ੍ਰਿਸਮਿਸ ਦਾ ਜਸ਼ਨ ਮਨਾ ਰਹੇ ਹਨ। ਜੰਗ ਨੂੰ ਭੁੱਲਕੇ ਸਭ ਸਾਂਝਾਂ ਵੰਡਦੇ ਹਨ। ਭੋਜਨ, ਸ਼ਰਾਬ, ਜਾਨਵਰ, ਖੋਈਆਂ ਤਸਵੀਰਾਂ ਅਤੇ ਸਿਰਨਾਵਿਆਂ ਦਾ ਵਟਾਂਦਰਾ ਹੁੰਦਾ ਹੈ। ਇੱਕ ਰਾਤ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੰਦੀ ਹੈ। ਹੁਣ ਸਾਹਮਣੇ ਖੜਾ ਜਣਾ ਦੁਸ਼ਮਣ ਨਹੀਂ ਸਗੋਂ ਮਨੁੱਖ ਦੇ ਰੂਪ 'ਚ ਦਿਸਦਾ ਹੈ। ਜਸ਼ਨ ਖ਼ਤਮ ਹੋਣ ਤੋਂ ਬਾਅਦ ਵੀ ਸਾਰੇ ਹੁਲਾਰ 'ਚ ਹਨ। ਸਕੌਟਿਸ਼ ਫ਼ੌਜੀ ਦਾ ਮੰਨਣਾ ਹੈ ਕਿ ਇਹ ਸਭ ਇਸ ਕਰਕੇ ਹੈ ਕਿਉਂਕਿ ਉਹ ਜੰਗ ਨੂੰ ਭੁੱਲ ਗਏ ਸਨ। ਨਾਲ ਦਾ ਕਹਿੰਦਾ ਹੈ, "... ਪਰ ਜੰਗ ਸਾਨੂੰ ਨਹੀਂ ਭੁੱਲਦੀ।" 

ਚੜਦੀ ਸਵੇਰ ਨੂੰ ਤਣਾਅ ਦੇ ਬਾਵਜੂਦ ਤਿੰਨੇ ਅਫ਼ਸਰ ਕੌਫ਼ੀ ਸਾਂਝੀ ਕਰਦੇ ਹਨ ਅਤੇ ਮੁਰਦਾ ਫ਼ੌਜੀਆਂ ਨੂੰ ਦਫ਼ਨਾਉਣ ਦੀ ਆਗਿਆ ਦਿੰਦੇ ਹਨ। ਰਲ ਕੇ ਫੁੱਟਬਾਲ ਮੈਚ ਅਤੇ ਤਾਸ਼ ਖੇਡੀ ਜਾਂਦੀ ਹੈ। ਜਰਮਨ ਅਫ਼ਸਰ 'ਦੁਸ਼ਮਣਾਂ' ਨੂੰ ਜਰਮਨ ਬੰਬਾਰੀ ਤੋਂ ਬਚਾਉਣ ਲਈ ਆਪਣੇ ਬੰਕਰ 'ਚ ਪਨਾਹ ਦਿੰਦਾ ਹੈ। ਫ਼ਰਾਂਸੀਸੀ ਅਫ਼ਸਰ ਦੀ ਗਰਭਵਤੀ ਘਰਵਾਲੀ ਤੱਕ ਚਿੱਠੀ ਪੁਚਾਉਣ 'ਚ ਮਦਦ ਕਰਦਾ ਹੈ। ਜਵਾਬੀ ਹਮਲੇ 'ਚ ਜਰਮਨਾਂ ਨੂੰ ਬਚਾਉਣ ਲਈ ਫ਼ਰਾਂਸੀਸੀ ਅਤੇ ਸਕੌਟਿਸ਼ ਉਨ੍ਹਾਂ ਨੂੰ ਆਪਣੇ ਬੰਕਰਾਂ 'ਚ ਪਨਾਹ ਦਿੰਦੇ ਹਨ। ਵਾਅਦਾ ਕਰਦੇ ਹਨ ਕਿ ਉਹ ਅਗਲੀ ਵਾਰ ਇੱਕ ਦੂਜੇ ਦੇ ਮੁਲਕਾਂ 'ਚ ਮਹਿਮਾਨ ਬਣਕੇ ਜਾਣਗੇ ਨਾ ਕਿ ਹਮਲਾਵਰ। ਸੰਗੀਤ ਨਾਲ ਇੱਕ ਦੂਜੇ ਨੂੰ ਵਿਦਾਇਗੀ ਦਿੰਦੇ ਹਨ। ਘਰਾਂ ਨੂੰ ਭੇਜੀਆਂ ਚਿੱਠੀਆਂ ਨਾਲ ਛੇਤੀ ਹੀ ਸਭ ਦਾ ਭੇਦ ਖੁੱਲ੍ਹ ਜਾਂਦਾ ਹੈ। ਸਭ ਤੋਂ ਪਹਿਲੀ ਪੇਸ਼ੀ ਅਮਨਪਸੰਦ ਸਕੌਟਿਸ਼ ਪਾਦਰੀ ਦੀ ਹੁੰਦੀ ਹੈ। ਚਰਚ ਦਾ ਮੁਖੀ ਉਸਦੀ ਲਾਹ-ਪਾਹ ਕਰਦਾ ਹੈ ਅਤੇ ਚਰਚ 'ਚੋਂ ਕੱਢ ਦਿੰਦਾ ਹੈ। ਚਰਚ ਮੁਖੀ ਦਾ ਕਹਿਣਾ ਹੈ ਕਿ ਉਸਨੇ ਦੁਸ਼ਮਣਾਂ ਨਾਲ ਸਾਂਝ ਭਿਆਲੀ ਪਾ ਕੇ ਰੱਬ ਦੇ ਖ਼ਿਲਾਫ਼ ਜੁਰਮ ਕੀਤਾ ਹੈ। ਚਰਚ-ਮੁਖੀ ਜੰਗ 'ਤੇ ਜਾਣ ਵਾਲੇ ਨਵੇਂ ਰੰਗਰੂਟਾਂ ਨੂੰ ਧਾਰਮਿਕ ਵਿਖਿਆਨ ਦੇਣ ਆਇਆ ਹੈ। ਉਸ ਦਾ ਵਿਖਿਆਨ ਚਰਚ ਅਤੇ ਹੁਕਮਰਾਨਾਂ ਦੇ ਨਾਪਾਕ ਰਿਸ਼ਤੇ ਦੀ ਅਸਲੀਅਤ ਦਰਸਾਉਂਦਾ ਹੈ। ਦੋਵੇਂ ਹੱਦ ਦਰਜੇ ਦੇ ਮਨੁੱਖਤਾ ਵਿਰੋਧੀ ਹਨ। ਉਹ ਕਹਿੰਦਾ ਹੈ, "ਸੰਤ ਮੈਥਿਊ ਦੇ ਗੋਸਪਲ ਮੁਤਾਬਕ, ਈਸਾ ਮਸੀਹ ਨੇ ਕਿਹਾ ਸੀ ਕਿ ਮੈਂ ਧਰਤੀ 'ਤੇ ਅਮਨ ਲਈ ਨਹੀਂ ਆਇਆ। ਮੈਂ ਤਲਵਾਰ ਲੈ ਕੇ ਆਇਆਂ ਹਾਂ। ਭਰਾਵੋ, ਰੱਬ ਦੀ ਤਲਵਾਰ ਹੁਣ ਥੋਡੇ ਹੱਥ 'ਚ ਹੈ। ਹੁਣ ਤੁਸੀਂ ਸੱਭਿਅਤਾ ਦੇ ਰਾਖੇ ਹੋ। ਤੁਸੀ ਬਦੀ ਦੇ ਵਿਰੁਧ ਨੇਕੀ ਦੀ ਤਾਕਤ ਹੋ। ਇਹ ਜੰਗ ਆਲਮੀ ਆਜ਼ਾਦੀ ਦੀ ਰੱਖਿਆ ਲਈ ਪਵਿੱਤਰ ਧਰਮ-ਯੁੱਧ ਹੈ। ਸੱਚੀ ਗੱਲ ਇਹ ਹੈ ਕਿ ਨਾ ਤਾਂ ਜਰਮਨ ਸਾਡੇ ਵਾਂਗੂ ਰੱਬ ਦੇ ਬੱਚੇ ਹਨ ਅਤੇ ਨਾ ਹੀ ਸਾਡੇ ਵਾਂਗੂ ਸੋਚਦੇ ਹਨ। ਉਨ੍ਹਾਂ ਦੇ ਸ਼ਹਿਰਾਂ 'ਚ ਭਰੀਆਂ ਭੀੜਾਂ ਨੂੰ ਰੱਬ ਦੇ ਬੱਚੇ ਨਹੀਂ ਕਿਹਾ ਜਾ ਸਕਦਾ। ਉਹ ਹਥਿਆਰਾਂ ਨਾਲ ਲੈੱਸ ਹੋ ਕੇ ਔਰਤਾਂ ਅਤੇ ਬੱਚਿਆਂ ਦੀ ਢਾਲ ਪਿੱਛੇ ਲੁਕੇ ਹੋਏ ਹਨ। ਉਹ ਰੱਬ ਦੇ ਬੱਚੇ ਨਹੀਂ ਹਨ। ਰੱਬ ਦੀ ਕਿਰਪਾ ਨਾਲ ਤੁਹਾਡੇ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਹਰ ਜਰਮਨ ਨੂੰ ਖ਼ਤਮ ਕਰ ਦਿਓ ਚਾਹੇ ਉਹ ਚੰਗੇ, ਮੰਦੇ, ਜਵਾਨ, ਬੁੱਢੇ ਅਤੇ ਬੱਚੇ ਜੋ ਮਰਜ਼ੀ ਹੋਣ ਤਾਂ ਕਿ ਉਹ ਮੁੜ ਕਦੇ ਸਿਰ ਨਾ ਚੁੱਕ ਸਕਣ। ਰੱਬ ਥੋਡੇ ਨਾਲ ਹੈ।"

ਵਿਖਿਆਨ ਖ਼ਤਮ ਹੋਣ 'ਤੇ ਅਮਨਪਸੰਦ ਪਾਦਰੀ ਗਲ੍ਹ 'ਚੋਂ ਸਲੀਬ ਲਾਹ ਕੇ ਡੰਡੇ 'ਤੇ ਟੰਗ ਜਾਂਦਾ ਹੈ। ਸ਼ਾਇਦ ਇਹੀ ਉਸਦੀ ਨਾਬਰੀ ਦਾ ਪ੍ਰਗਟਾਵਾ ਹੈ। ਤਿੰਨੇ ਪਲਟਣਾਂ ਨੂੰ ਮੋਰਚੇ ਤੋਂ ਹਟਾਕੇ ਦੂਰ ਭੇਜਿਆ ਜਾ ਰਿਹਾ ਹੈ। ਜਾਬਤੇ ਦੀ ਉਲੰਘਣਾ ਦੀ ਸਜ਼ਾ ਤੋਂ ਉਨ੍ਹਾਂ ਨੂੰ ਇੱਕ ਹੀ ਚੀਜ਼ ਬਚਾ ਰਹੀ ਹੈ ਕਿ ਫ਼ੌਜੀਆਂ ਦੀ ਏਡੀ ਵੱਡੀ ਗਿਣਤੀ ਨੂੰੰ ਗੋਲੀਆਂ ਨਾਲ ਨਹੀਂ ਉਡਾਇਆ ਜਾ ਸਕਦਾ। ਉਹ ਵੀ ਘਮਾਸਾਨ ਜੰਗ ਦੀ ਹਾਲਤ ਵਿੱਚ ਜਿੱਥੇ ਨਫ਼ਰੀ ਪਹਿਲਾਂ ਹੀ ਘੱਟ ਹੈ। 

ਨਾਜ਼ਿਮ ਹਿਕਮਤ
ਫ਼ਿਲਮ ਦੇ ਆਖ਼ਰੀ ਦ੍ਰਿਸ਼ 'ਚ ਅਮਨ ਦੀ ਤਾਂਘ ਰੱਖਣ ਵਾਲੇ ਜਰਮਨ ਫ਼ੌਜੀਆਂ ਨੂੰ ਕਿਸੇ ਹੋਰ ਮੋਰਚੇ 'ਤੇ ਭੇਜਿਆ ਜਾ ਰਿਹਾ ਹੈ। ਵੱਡਾ ਅਫ਼ਸਰ, ਜਰਮਨ ਸਿਪਾਹੀ ਦਾ ਮੂੰਹ ਨਾਲ ਵਜਾਉਣ ਵਾਲਾ ਵਾਜਾ ਖੋਹ ਕੇ ਤੋੜ ਦਿੰਦਾ ਹੈ। ਸਿਪਾਹੀ ਗੁਣਗੁਣਾਉਣਾ ਸ਼ੁਰੂ ਕਰਦਾ ਹੈ। ਨਾਲ ਹੀ ਬਾਕੀ ਵੀ ਆਵਾਜ਼ ਮਿਲਾਉਂਦੇ ਹਨ। ਧੁਨ ਉੱਚੀ ਹੋ ਰਹੀ ਹੈ। ਸਿਪਾਹੀ ਜੰਗ ਦੇ ਖ਼ਿਲਾਫ਼ ਮਨੁੱਖੀ ਅਹਿਦ ਨੂੰ ਭੁੰਝੇ ਨਹੀਂ ਲੱਗਣ ਦਿੰਦੇ। ਗੀਤ ਉਨ੍ਹਾਂ ਦੀ ਤਾਕਤ ਹਨ ਜੋ ਉਨ੍ਹਾਂ ਤੋਂ ਕੋਈ ਨਹੀਂ ਖੋਹ ਸਕਦਾ। ਫ਼ਿਲਮ ਦਾ ਇਹ ਦ੍ਰਿਸ਼ ਦੇਖ ਕੇ ਤੁਰਕਸਤਾਨ ਦੇ ਆਲਮੀ ਕਵੀ ਨਾਜ਼ਿਮ ਹਿਕਮਤ ਦਾ ਚੇਤਾ ਆਉਂਦਾ ਹੈ। ਉਸਦੀ ਕੁਲ ਇਕਾਹਟ ਵਰ੍ਹਿਆਂ ਦੀ ਜ਼ਿੰਦਗੀ 'ਚੋਂ ਚਾਲ੍ਹੀ ਵਰ੍ਹੇ ਜੇਲ੍ਹਾਂ ਦੇ ਲੇਖੇ ਲੱਗ ਗਏ। ਉਸ ਦੇ ਗੀਤਾਂ ਅਤੇ ਰਚਨਾਵਾਂ ਉੱਤੇ ਬਗ਼ਾਵਤ ਭੜਕਾਉਣ ਦਾ ਦੋਸ਼ ਸੀ। ਉਸ ਉੱਤੇ ਮੁਕੱਦਮਾ ਜੰਗੀ ਜਹਾਜ਼ ਵਿੱਚ ਚਲਾਇਆ ਗਿਆ। ਸਜ਼ਾ ਸੁਣਾਉਣ ਸਮੇਂ ਨਾਜ਼ਿਮ ਨੂੰ ਗੋਡੇ ਗੋਡੇ ਗੰਦ 'ਚ ਖਲੋਣ ਲਈ ਮਜਬੂਰ ਕੀਤਾ ਗਿਆ। ਸਜ਼ਾ ਸੁਣਨ ਤੋਂ ਬਾਅਦ ਉਹ ਹੱਸਿਆ ਅਤੇ ਗਾਉਣਾ ਸ਼ੁਰੂ ਕਰ ਦਿੱਤਾ। ਉਸਦੀ ਆਵਾਜ਼ ਉੱਚੀ ਹੁੰਦੀ ਗਈ ਅਤੇ ਉਸਨੇ ਦੁਨੀਆਂ ਭਰ ਦੇ ਪਿਆਰ-ਗੀਤ ਗਾ ਛੱਡੇ।

2 comments: