Saturday 24 August 2013

ਮੁਕਾਮੀ ਤ੍ਰਾਸਦੀਆਂ ਅਤੇ ਲਾਤੀਨੀ ਸਿਨੇਮਾ

ਜਤਿੰਦਰ ਮੌਹਰ


ਸਿਨੇਮਾ ਮਨੁੱਖੀ ਸੰਵੇਦਨਾ ਦੀ ਪਰਦਾਪੇਸ਼ੀ ਦਾ ਮਾਧਿਅਮ ਹੈ ਜੋ ਮਨੁੱਖੀ ਪਿੰਡੇ ਅਤੇ ਰੂਹਾਂ 'ਤੇ ਹੰਢਾਈਆਂ ਤ੍ਰਾਸਦੀਆਂ ਨਾਲ ਸੰਵਾਦ ਰਚਾਉਂਦਾ ਹੈ। ਜ਼ਿੰਮੇਵਾਰੀ ਨਾਲ ਕੀਤੇ ਸੰਵਾਦ 'ਚੋਂ ਲੋਕਾਈ ਦੇ ਰੌਸ਼ਨ ਭਵਿੱਖ ਦੀ ਪੈੜ ਮਿਲ ਸਕਦੀ ਹੈ। ਬੇਸ਼ੱਕ ਚਾਲੂ ਅਤੇ ਗ਼ੈਰ-ਜ਼ਿੰਮੇਵਾਰ ਫ਼ਿਲਮਾਂ ਬਣਾਉਣ ਦਾ ਰੁਝਾਨ ਭਾਰੂ ਹੈ ਪਰ ਸੁਹਿਰਦ ਅਤੇ ਜ਼ਿੰਮੇਵਾਰ ਸਿਨੇਮਾ ਦੀ ਲੰਬੀ ਰਵਾਇਤ ਵੀ ਜਾਰੀ ਹੈ। ਇਹ ਕੰਨੀਆਂ ਤੱਕ ਮਹਿਦੂਦ ਹੋ ਸਕਦੀ ਹੈ ਪਰ ਅਹਿਮੀਅਤ ਪੱਖੋਂ ਘੱਟ ਨਹੀਂ ਹੈ। ਇਨ੍ਹਾਂ ਫ਼ਿਲਮਸਾਜ਼ਾਂ ਨੇ ਵਿੱਤੀ, ਸਮਾਜਕ ਅਤੇ ਸਿਆਸੀ ਪਾਬੰਦੀਆਂ ਦੇ ਖ਼ਿਲਾਫ਼ ਲੰਬੀ ਲੜਾਈ ਲੜੀ ਹੈ ਜੋ ਮੌਜੂਦਾ ਦੌਰ ਵਿੱਚ ਵੀ ਜਾਰੀ ਹੈ। 

ਵੱਖਰੇ-ਵੱਖਰੇ ਮੁਲਕਾਂ ਦੇ ਫ਼ਿਲਮਸਾਜ਼ਾਂ ਨੇ ਮੁਕਾਮੀ ਸੰਵੇਦਨਾਵਾਂ ਅਤੇ ਤ੍ਰਾਸਦੀਆਂ ਨੂੰ ਵਿਸ਼ਾ ਬਣਾਕੇ ਫ਼ਿਲਮਾਂ ਬਣਾਈਆਂ ਹਨ। ਫ਼ਿਲਮਸਾਜ਼ ਜ਼ਿੰਮੇਵਾਰੀ ਅਤੇ ਦਰਦਮੰਦੀ ਦੇ ਅਹਿਸਾਸ 'ਚੋਂ ਆਪਣੇ ਨੇੜੇ ਦੇ ਲੋਕਾਂ ਦੇ ਦੁੱਖਾਂ ਦੀ ਬਾਤ ਪਾਉਂਦਾ ਹੈ। ਮੁਕਾਮੀ ਤ੍ਰਾਸਦੀ ਨੂੰ ਆਲਮੀ ਹਾਲਾਤ ਦੀ ਕੜੀ ਵਜੋਂ ਪੇਸ਼ ਕਰਨਾ ਫ਼ਿਲਮਸਾਜ਼ ਦਾ ਹਾਸਲ ਹੁੰਦਾ ਹੈ। ਗ਼ੈਰ-ਬੋਲੀ ਅਤੇ ਵੱਖਰੇ ਖਿੱਤੇ ਦਾ ਬੰਦਾ ਦੂਰ-ਦੁਰੇਡੇ ਵਾਪਰੇ ਹਾਦਸੇ ਨਾਲ ਸਾਂਝੀ ਤੰਦ ਲੱਭਦਾ ਹੈ। ਇਸ ਹਵਾਲੇ ਨਾਲ ਲਾਤੀਨੀ ਫ਼ਿਲਮਸਾਜ਼ਾਂ ਦਾ ਜ਼ਿਕਰ ਕਰਨਾ ਬਣਦਾ ਹੈ। ਪਿਛਲੀ ਸਦੀ 'ਚ ਲਾਤੀਨੀ ਮੁਲਕਾਂ ਨੇ ਸਾਮਰਾਜੀ ਜੰਗਬਾਜ਼ਾਂ ਵੱਲੋਂ ਥੋਪੀਆਂ 'ਜਮਹੂਰੀ' ਅਤੇ ਫ਼ੌਜੀ ਤਾਨਾਸ਼ਾਹੀਆਂ ਦਾ ਕਹਿਰ ਝੱਲਿਆ ਹੈ ਜੋ ਮਨੁੱਖੀ-ਇਤਿਹਾਸ ਦਾ ਕਾਲਾ ਪੰਨਾ ਹੈ। ਕੁਦਰਤੀ ਸੋਮਿਆਂ ਦੀ ਭਾਰੀ ਲੁੱਟ ਇਨ੍ਹਾਂ ਮੁਲਕਾਂ 'ਚ ਮਚਾਈ ਗਈ। ਲੁੱਟ ਦਾ ਰਾਜ ਜਾਰੀ ਰੱਖਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤੇ ਗਏ। ਸੰਨ੍ਹ 1973 ਵਿੱਚ ਚਿੱਲੀ ਦੀ ਜਮਹੂਰੀ ਸਰਕਾਰ ਦੇ ਮੁਖੀ ਸਲਾਵਡੋਰ ਅਲਾਂਡੇ ਨੂੰ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ। ਜਨਰਲ ਪਿਨੋਚੇ ਦੇ ਫ਼ੌਜੀ-ਨਿਜ਼ਾਮ ਨੇ ਵੱਖਰੀ ਸਿਆਸੀ ਸੋਚ ਰੱਖਣ ਵਾਲੇ ਜੀਆਂ ਨੂੰ ਵਿਉਂਤਬੱਧ ਢੰਗ ਨਾਲ ਕਿਓਟਣਾ ਸ਼ੁਰੂ ਕੀਤਾ। ਮੁਲਕ ਦੇ ਖੇਡ-ਮੈਦਾਨਾਂ ਤੋਂ ਲੈਕੇ ਐਟਾਕਾਮਾ ਦੇ ਮਾਰੂਥਲ ਨੂੰ ਤਸ਼ੱਦਦਖ਼ਾਨਿਆਂ 'ਚ ਤਬਦੀਲ ਕਰ ਦਿੱਤਾ ਗਿਆ। 

ਅਮਰੀਕਾ ਦੀ ਸ਼ਹਿ ਹੇਠ ਫ਼ੌਜੀ ਦਹਿਸ਼ਤਗਰਦੀ ਦਾ ਨੰਗਾ ਨਾਚ ਬ੍ਰਾਜ਼ੀਲ, ਅਰਜਨਟੀਨਾ ਅਤੇ ਜ਼ਿਆਦਾਤਰ ਲਾਤੀਨੀ ਮੁਲਕਾਂ 'ਚ ਨੱਚਿਆ ਗਿਆ। ਬਸਤਾਨਾਂ ਅਤੇ ਫ਼ੌਜੀਆਂ ਨੇ ਤਰੱਕੀ, ਮੁਲਕਪ੍ਰਸਤੀ ਅਤੇ ਕਮਿਉਨਿਜ਼ਮ ਦੇ ਖ਼ਤਰੇ ਤੋਂ ਬਚਾਅ ਵਰਗੇ ਤਿੰਨ ਨਾਅਰਿਆਂ ਹੇਠ ਇਹ ਦਹਿਸ਼ਤ-ਚੱਕਰ ਚਲਾਇਆ। ਲਾਤੀਨੀ ਫ਼ਿਲਮਸਾਜ਼ਾਂ ਨੇ ਉਨ੍ਹਾਂ ਦਹਿਸ਼ਤਜ਼ਦਾ ਸਮਿਆਂ ਬਾਰੇ ਲਗਾਤਾਰ ਫ਼ਿਲਮਾਂ ਬਣਾਈਆਂ ਹਨ ਅਤੇ ਬਣਾ ਰਹੇ ਹਨ। ਇਨ੍ਹਾਂ ਫ਼ਿਲਮਾਂ ਵਿੱਚ ਦਹਿਸ਼ਤ ਦੇ ਲਾਤੀਨੀ ਮਾਨਸਿਕਤਾ ਉੱਤੇ ਪਏ ਫ਼ੌਰੀ ਅਤੇ ਚਿਰਕਾਲੀ ਅਸਰ ਨੂੰ ਉਘੜਵੇ ਰੂਪ 'ਚ ਦੇਖਿਆ ਜਾ ਸਕਦਾ ਹੈ। 'ਦਿ ਸੀਕਰੇਟ ਇਨ ਦੇਅਰ ਆਈਜ਼', 'ਨਾਈਟ ਔਫ਼ ਦਿ ਪੈਨਸਿਲਜ਼', 'ਨੋ', 'ਦਿ ਉਫ਼ੀਸ਼ੀਅਲ ਸਟੋਰੀ', 'ਜ਼ੂਜ਼ੂ ਏਂਜਲ', 'ਪੋਸਟ ਮਾਰਟਮ', 'ਕਰੌਨੀਕਲ ਔਫ਼ ਐਨ ਐਸਕੇਪ', 'ਫੀਸਟ ਔਫ਼ ਦਿ ਗੋਟ', 'ਇਨ ਦਿ ਟਾਈਮ ਔਫ਼ ਬਟਰਫਲਾਈਜ਼', 'ਪ੍ਰਾਈਵੇਟ ਲਾਈਵਜ਼', 'ਬੈਟਲ ਔਫ਼ ਚਿਲੀ', 'ਮਚੂਕਾ', 'ਸੇਮ ਲਵ ਸੇਮ ਰੇਨ' ਅਤੇ 'ਹੈਡ ਲੈਸ ਵਿਮੈਨ' ਇਸ ਰੁਝਾਨ ਦੀਆਂ ਗੌਲਣਯੋਗ ਫ਼ਿਲਮਾਂ ਹਨ। ਇਹ ਫ਼ਿਲਮਾਂ ਚਰਚ ਤੋਂ ਲੈਕੇ ਤ੍ਰਾਸਦੀ ਲਈ ਕਸੂਰਵਾਰ ਹਰ ਸਮਾਜਕ ਅਤੇ ਸਿਆਸੀ ਅਦਾਰੇ 'ਤੇ ਸਵਾਲ ਉਠਾਉਂਦੀਆਂ ਹਨ। 

ਅਰਜਨਟੀਨਾ 'ਚ 'ਗੰਦੀ ਜੰਗ' (1976-86) ਦੇ ਦਿਨਾਂ ਦੌਰਾਨ ਫ਼ੌਜੀ ਤਾਨਾਸ਼ਾਹੀ ਨੇ ਮੁਲਕ ਦੇ ਹਜ਼ਾਰਾਂ ਖੱਬੇ-ਪੱਖੀ ਕਾਰਕੁਨ, ਕਿਸਾਨ, ਮਜ਼ਦੂਰ, ਵਿਦਿਆਰਥੀ ਅਤੇ ਬੁੱਧੀਜੀਵੀ ਕਸਾਈਖ਼ਾਨਿਆਂ 'ਚ ਮਾਰ-ਖਪਾ ਦਿੱਤੇ। ਪਿਛਲੇ ਦਿਨੀਂ 'ਗੰਦੀ ਜੰਗ' ਦੇ ਫ਼ੌਜੀ ਤਾਨਾਸ਼ਾਹ ਜਾਰਜ ਰਾਫੇਲ ਵਿਡੈਲਾ ਨੂੰ 'ਸੋਚੀ ਸਮਝੀ ਸਾਜ਼ਿਸ਼' ਤਹਿਤ ਕੈਦੀ ਕੁੜੀਆਂ ਦੇ ਬੱਚੇ ਚੋਰੀ ਕਰਨ ਦੇ ਜੁਰਮ 'ਚ ਪੰਜਾਹ ਸਾਲ ਦੀ ਸਜ਼ਾ ਸੁਣਾਈ ਗਈ। ਵਿਡੈਲਾ ਆਪਣੇ ਰਾਜ ਵੇਲੇ ਕਹਿੰਦਾ ਹੁੰਦਾ ਸੀ ਕਿ ਰਾਜ ਦੀ ਰੱਖਿਆ ਲਈ ਹਰ ਨਾਬਰ ਬੰਦੇ ਨੂੰ ਮਾਰਾਂਗੇ। ਉਸ ਉੱਤੇ ਪੰਜ ਸੌ ਤੋਂ ਵੱਧ ਬੱਚੇ ਚੋਰੀ ਕਰਨ ਦਾ ਇਲਜ਼ਾਮ ਹੈ। ਜੇਲ੍ਹ ਵਿੱਚ ਬੰਦ ਗਰਭਵਤੀ ਕੁੜੀਆਂ ਦੇ ਬੱਚੇ ਚੋਰੀ ਕਰਕੇ ਅਮੀਰਾਂ ਅਤੇ ਅਸਰ-ਰਸੂਖ਼ ਵਾਲੇ ਬੇਔਲਾਦ ਲੋਕਾਂ ਨੂੰ ਵੇਚ ਦਿੱਤੇ ਜਾਂਦੇ ਸਨ।  ਬਹੁਤੀਆਂ ਕੁੜੀਆਂ ਸਿਆਸੀ ਕੈਦੀ ਸਨ। ਬੱਚੇ ਦੇ ਜਨਮ ਤੋਂ ਬਾਅਦ ਕੈਦੀ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਸੀ। ਇਨ੍ਹਾਂ ਬੱਚਿਆਂ ਨੂੰ ਆਪਣੇ ਅਸਲੀ ਮਾਪਿਆਂ ਦਾ ਪਤਾ ਤੱਕ ਨਹੀਂ ਹੈ। ਕਈ ਕੇਸਾਂ 'ਚ ਕਾਤਲਾਂ ਨੇ ਹੀ ਮਕਤੂਲ ਦੇ ਬੱਚੇ ਨੂੰ ਆਪਣਾ ਜੁਆਕ ਬਣਾ ਲਿਆ। ਇਹ ਬੱਚੇ ਮਾਂ-ਪਿਉ ਦੇ ਕਾਤਲਾਂ ਨੂੰ ਹੀ ਮਾਪੇ ਮੰਨੀ ਬੈਠੇ ਹਨ। ਦਾਦੇ-ਦਾਦੀਆਂ ਅੱਜ ਵੀ ਮਾਰ-ਖਪਾਏ ਪੁੱਤਾਂ-ਧੀਆਂ-ਨੂੰਹਾਂ ਅਤੇ ਚੋਰੀ ਕੀਤੇ ਪੋਤੇ-ਪੋਤੀਆਂ ਅਤੇ ਦੋਹਤੇ-ਦੋਹਤੀਆਂ ਨੂੰ ਲੱਭ ਰਹੇ ਹਨ। ਅਰਜਨਟੀਨੀ ਫ਼ਿਲਮ 'ਦਿ ਉਫ਼ੀਸ਼ੀਅਲ ਸਟੋਰੀ' ਅਜਿਹੇ ਹੀ ਪਾਤਰਾਂ ਨੂੰ ਪਰਦਾਪੇਸ਼ ਕਰਦੀ ਹੈ। 

ਕਈ ਫ਼ਿਲਮਾਂ ਉਨ੍ਹਾਂ ਕਾਲੇ ਸਮਿਆਂ 'ਚ ਚਰਚ ਦੀ ਸ਼ੱਕੀ ਅਤੇ ਨਾਂਹ-ਪੱਖੀ ਭੂਮਿਕਾ ਨੂੰ ਉਜਾਗਰ ਕਰਦੀਆਂ ਹਨ। ਇਸ ਤੋਂ ਵੀ ਅੱਗੇ ਚਰਚ ਨੇ ਕਾਤਲਾਂ ਨਾਲ ਮਿਲ ਕੇ ਕੰਮ ਕੀਤਾ। 'ਗੰਦੀ ਜੰਗ' ਦੌਰਾਨ ਬੱਸ ਪਾਸ ਲਈ ਸੰਘਰਸ਼ ਕਰਨ ਵਾਲੇ ਹਾਈ ਸਕੂਲ ਦੇ ਮੁੰਡੇ ਕੁੜੀਆਂ ਨੂੰ ਵੀ ਮਾਰ-ਖਪਾ ਦਿੱਤਾ ਗਿਆ। ਤਸ਼ੱਦਦ ਅਤੇ ਕਤਲ ਲਈ ਕਸਾਈਖ਼ਾਨਿਆਂ 'ਚ ਲਿਆਂਦੇ ਇਨ੍ਹਾਂ ਬੱਚਿਆਂ ਲਈ 'ਨਾਈਟ ਔਫ਼ ਦਿ ਪੈਨਸਿਲਜ਼' ਸ਼ਬਦ ਵਰਤਿਆ ਜਾਂਦਾ ਸੀ। ਚਰਚ ਅਤੇ ਹਾਕਮਾਂ ਦੀ ਨਜ਼ਰ ਵਿੱਚ ਇਹ ਮੁੰਡੇ-ਕੁੜੀਆਂ 'ਵਿਗੜੇ ਹੋਏ ਸਮਾਜਵਾਦੀ' ਸਨ ਜਿਨ੍ਹਾਂ ਨੂੰ ਸਿੱਧੇ ਰਾਹ ਪਾਉਣ ਦਾ ਇਹੀ ਤਰੀਕਾ ਸੀ। ਕੁਝ ਸਮਾਂ ਪਹਿਲਾਂ ਨਵੇਂ ਬਣੇ ਪੋਪ ਉੱਤੇ ਤਾਨਾਸ਼ਾਹ ਵਿਡੈਲਾ ਨਾਲ 'ਕੀਮਤੀ ਸੰਬੰਧ' ਰੱਖਣ ਦੇ ਦੋਸ਼ ਲੱਗੇ ਹਨ। ਚਰਚ ਅਤੇ ਨਵੇਂ ਬਣੇ ਪੋਪ ਦੀ ਸਾਜ਼ਿਸ਼ੀ ਭੂਮਿਕਾ ਦੀ ਕੁਝ ਨਿਰਪੱਖ ਰਹੇ ਪਾਦਰੀਆਂ ਨੇ ਪੁਸ਼ਟੀ ਕੀਤੀ ਹੈ। ਜਿਨ੍ਹਾਂ ਨੇ ਫ਼ੌਜੀ-ਨਿਜ਼ਾਮ ਦੇ ਬੇਕਿਰਕ ਜ਼ੁਲਮ ਦਾ ਮਨੁੱਖੀ ਪੈਂਤੜੇ ਤੋਂ ਵਿਰੋਧ ਕੀਤਾ ਸੀ। ਫ਼ਿਲਮ 'ਨਾਈਟ ਔਫ਼ ਦਿ ਪੈਨਸਿਲਜ਼' ਅਤੇ 'ਜ਼ੂਜ਼ੂ ਏਂਜਲ' ਵਿੱਚ ਅਜਿਹੇ ਵੇਰਵੇ ਮਿਲਦੇ ਹਨ। ਇਹ ਫ਼ਿਲਮਾਂ ਸੱਚੀਆਂ ਕਹਾਣੀਆਂ 'ਤੇ ਬਣੀਆਂ ਹਨ। ਇਹ ਸਵਾਲ ਤਾਂ ਪੁੱਛ ਹੀ ਲੈਣਾ ਚਾਹੀਦਾ ਹੈ ਕਿ ਵਿਡੈਲਾ ਨੂੰ ਸਜ਼ਾ ਮਿਲਣ ਤੋਂ ਬਾਅਦ ਹੁਣ ਮੌਜੂਦਾ ਪੋਪ ਦੀ ਜਵਾਬਦੇਹੀ ਕੌਣ ਕਰੇਗਾ?

ਉਂਝ ਲਾਤੀਨੀ ਸਿਨੇਮਾ 'ਚ ਫ਼ੌਜੀ ਤਾਨਾਸ਼ਾਹੀਆਂ ਦੇ ਪਿੱਛੇ ਕੰਮ ਕਰਦੇ ਅਸਲੀ ਵਿਚਾਰ ਅਤੇ ਤਾਕਤ ਬਾਰੇ ਘੱਟ ਗੱਲ ਹੁੰਦੀ ਹੈ। ਮਿਲਟਨ ਫਰਾਇਡਮੈਨ ਅਤੇ ਸ਼ਿਕਾਗੋ ਸਕੂਲ ਦੇ ਅਰਥ ਸਾਸ਼ਤਰੀਆਂ ਨੇ ਖੁੱਲ੍ਹੀ ਮੰਡੀ ਅਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਦੀ ਪ੍ਰਯੋਗਸ਼ਾਲਾ ਵਜੋਂ ਚਿੱਲੀ, ਬ੍ਰਾਜ਼ੀਲ, ਅਰਜਨਟੀਨਾ, ਬੋਲੀਵੀਆ ਅਤੇ ਉਰੂਗਏ ਨੂੰ ਚੁਣਿਆ। ਮਿਲਟਨ ਫਰਾਇਡਮੈਨ ਸ਼ਿਕਾਗੋ ਯੂਨੀਵਰਸਿਟੀ 'ਚ ਅਰਥਸਾਸ਼ਤਰ ਦਾ ਅਧਿਆਪਕ ਸੀ ਜੋ ਖੁੱਲ੍ਹੀ ਮੰਡੀ ਦਾ ਹਮਾਇਤੀ ਸੀ ਜਿਸ ਵਿੱਚ ਸਰਕਾਰ ਦਾ ਦਖ਼ਲ ਘੱਟ ਤੋਂ ਘੱਟ ਅਤੇ ਅਰਥਚਾਰਾ ਨਿੱਜੀ ਹੱਥਾਂ ਵਿੱਚ ਹੋਣਾ ਚਾਹੀਦਾ ਹੈ। ਉਸਦੇ ਪੜ੍ਹਾਏ ਵਿਦਿਆਰਥੀਆਂ ਨੂੰ 'ਸ਼ਿਕਾਗੋ ਮੁੰਡੇ' ਕਿਹਾ ਜਾਂਦਾ ਹੈ ਜੋ ਤਾਨਾਸ਼ਾਹ ਜਰਨੈਲਾਂ ਦੇ ਸਲਾਹਕਾਰ ਬਣੇ ਅਤੇ ਨਿਜ਼ਾਮ 'ਚ ਉੱਚੀਆਂ ਪਦਵੀਆਂ 'ਤੇ ਰਹੇ। ਇਨ੍ਹਾਂ ਸ਼ਿਕਾਗੋਵਾਦੀ ਨੀਤੀਆਂ ਨਾਲ ਗ਼ਰੀਬ ਨੇ ਹੋਰ ਗ਼ਰੀਬ ਹੋਣਾ ਹੈ ਅਤੇ ਬਹੁਤਾ ਸਰਮਾਇਆ ਮੁੱਠੀ ਭਰ ਅਮੀਰਾਂ ਦੀ ਜੇਬ 'ਚ ਜਾਣਾ ਹੈ। ਇਸ ਜੁਰਮ ਨੂੰ ਨੇਪਰੇ ਚਾੜ੍ਹਨ ਲਈ ਫ਼ੌਜੀ ਜਬਰ ਜ਼ਰੂਰੀ ਸੀ। 'ਐਮਨੈਸਟੀ ਇੰਟਰਨੈਸ਼ਨਲ' ਅਤੇ ਹੋਰ ਮਨੁੱਖੀ ਹਕੂਕ ਜਥੇਬੰਦੀਆਂ ਨੇ ਸਿਰਫ਼ ਤਾਨਾਸ਼ਾਹੀ ਦੇ ਜ਼ੁਲਮਾਂ ਦੀ ਗੱਲ ਕੀਤੀ ਪਰ ਸ਼ਿਕਾਗੋਵਾਦੀਆਂ ਦੀ ਭੂਮਿਕਾ ਬਾਰੇ ਅੱਖਾਂ ਮੁੰਦ ਲਈਆਂ। ਦੋਹਾਂ ਜੁਰਮਾਂ ਨੂੰ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ। ਲੇਖਕ ਨਾਉਮੀ ਕਲੇਨ ਦੀ ਕਿਤਾਬ 'ਸਦਮਾ ਸਿਧਾਂਤ-ਤਬਾਹੀਪਸੰਦ ਸਰਮਾਏਦਾਰੀ ਦਾ ਉਭਾਰ' ਵਿੱਚ ਇਸਦੀ ਤਫ਼ਸੀਲ ਮਿਲਦੀ ਹੈ। ਉਂਝ ਅਰਜਨਟੀਨਾ 'ਚ 'ਮਾਵਾਂ ਦੀ ਲਹਿਰ' ਇਨ੍ਹਾਂ ਦੋਹਾਂ ਜੁਰਮਾਂ ਦੇ ਖ਼ਿਲਾਫ਼ ਸਭ ਤੋਂ ਤਿੱਖੀ ਲਹਿਰ ਰਹੀ ਹੈ ਅਤੇ ਹੁਣ ਵੀ ਹੈ। ਇਸ ਲਹਿਰ 'ਚ ਲਾਪਤਾ ਜੀਆਂ ਦੀਆਂ ਮਾਵਾਂ-ਦਾਦੀਆਂ ਅਤੇ ਨਾਨੀਆਂ ਸ਼ਾਮਲ ਸਨ।  

ਖੁੱਲ੍ਹੀ ਮੰਡੀ ਅਤੇ ਨਿੱਜੀਕਰਨ ਦੀਆਂ ਨੀਤੀਆਂ ਦਾ ਕਹਿਰ ਸਾਡੇ ਮੁਲਕ 'ਚ ਉਘੜਵੇਂ ਰੂਪ 'ਚ ਦਿਸਣਾ ਸ਼ੁਰੂ ਹੋ ਚੁੱਕਿਆ ਹੈ। ਇਨ੍ਹਾਂ ਨੀਤੀਆਂ ਦੇ ਦਬਾਅ ਹੇਠ ਸਰਕਾਰ ਆਵਾਮ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਬੁਨਿਆਦੀ ਸਹੂਲਤਾਂ ਤੋਂ ਹੱਥ ਪਿੱਛੇ ਖਿੱਚ ਰਹੀ ਹੈ। ਲੋਕਾਂ ਦੇ ਵਿਰੋਧ ਨੂੰ ਠੱਲਣ ਲਈ ਫ਼ੌਜ ਅਤੇ ਪੁਲਿਸ ਨੂੰ ਕਾਲੇ ਕਨੂੰਨਾਂ ਦੀ ਸੁਰੱਖਿਆ ਦਿੱਤੀ ਜਾ ਰਹੀ ਹੈ। ਮੁਲਕ ਤਾਨਾਸ਼ਾਹੀ ਵੱਲ ਧੱਕਿਆ ਜਾ ਰਿਹਾ ਹੈ। ਅਲਬਾਨੀਆਈ ਲੇਖਕ ਇਸਮਾਈਲ ਕਦਾਰੇ ਕਹਿੰਦਾ ਹੈ ਕਿ ਕਲਾ ਮੂਲ ਰੂਪ 'ਚ ਤਾਨਾਸ਼ਾਹੀ ਦੀ ਦੁਸ਼ਮਣ ਹੈ। ਫ਼ਿਲਮ ਕਲਾ ਇਸ ਘੇਰੇ ਤੋਂ ਬਾਹਰ ਨਹੀਂ ਹੋ ਸਕਦੀ। ਸਾਡੇ ਪੰਜਾਬੀ ਫ਼ਿਲਮਸਾਜ਼ਾਂ ਦੇ ਸਾਹਮਣੇ ਇਹ ਸਵਾਲ ਉੱਭਰ ਕੇ ਆਉਂਦਾ ਹੈ ਕਿ ਅਸੀਂ ਫ਼ਿਲਮ-ਕਿਰਤਾਂ ਰਾਹੀਂ ਮੁਕਾਮੀ ਤ੍ਰਾਸਦੀਆਂ ਨਾਲ ਕਿਸ ਕਿਸਮ ਦਾ ਸੰਵਾਦ ਰਚਾਇਆ ਹੈ ਅਤੇ ਕਿਸ ਤਰ੍ਹਾਂ ਦਾ ਰਚਾਉਣਾ ਹੈ? ਇਹ ਤ੍ਰਾਸਦੀਆਂ ਸਾਡੇ ਸਿਨੇਮੇ ਤੋਂ ਬਾਹਰ ਕਿਉਂ ਹਨ? ਇਹ ਜ਼ਰੂਰ ਕਹਿਣਾ ਬਣਦਾ ਹੈ ਕਿ ਇਨ੍ਹਾਂ ਤ੍ਰਾਸਦੀਆਂ ਦੀ ਗੱਲ ਕਰਦੇ ਹੋਏ ਸਾਨੂੰ ਜ਼ਿੰਮੇਵਾਰੀ ਅਤੇ ਪੜਚੋਲਮੁਖੀ ਪਹੁੰਚ ਰੱਖਣੀ ਪਵੇਗੀ। ਹਰ ਗੱਲ ਸ਼ਰਧਾ ਜਾਂ ਭਾਵੁਕਤਾ ਨਾਲ ਨਹੀਂ ਨਬੇੜੀ ਜਾ ਸਕਦੀ। 

1 comment:

  1. umeed hai k sade punjabi cinema vich v ajeha smaaj prati jimevari vala daur shuru hovega, thanx jatinder ji

    ReplyDelete