Tuesday 20 August 2013

ਸਮਾਜਕ ਵਿਹਾਰ ਦੀਆਂ ਰਮਜ਼ਾਂ ਪੇਸ਼ ਕਰਦੀ ਬਿਰਤਾਂਤ ਪੱਤਰਕਾਰੀ

ਦਲਜੀਤ ਅਮੀ

ਬਿਰਤਾਂਤ ਪੱਤਰਕਾਰੀ ਦੀ ਵਿਧਾ ਪੁਰਾਣੀ ਹੈ ਪਰ ਮੌਜੂਦਾ ਦੌਰ ਵਿੱਚ ਇਹ ਮਕਬੂਲ ਹੋ ਰਹੀ ਹੈ। ਭਾਰਤ ਵਿੱਚ ਇਹ ਵਿਧਾ ਜ਼ਿਆਦਾਤਰ ਅੰਗਰੇਜ਼ੀ ਬੋਲੀ ਤੱਕ ਮਹਿਦੂਦ ਹੈ। ਇਸ ਵਿਦਾ ਦਾ ਨਿਭਾਅ ਰੋਜ਼ਾਨਾ ਪੱਤਰਕਾਰੀ ਤੋਂ ਵੱਖਰਾ ਹੈ। ਰੋਜ਼ਾਨਾ ਪੱਤਰਕਾਰੀ ਸੰਖੇਪ ਅਤੇ ਫੌਰੀ ਹੁੰਦੀ ਹੈ ਪਰ ਬਿਰਤਾਂਤ ਪੱਤਰਕਾਰੀ ਤਫ਼ਸੀਲ ਅਤੇ ਚਿਰਕਾਲੀ ਪੱਖ ਨੂੰ ਧੁਰਾ ਬਣਾਉਂਦੀ ਹੈ। ਮੁੱਖ ਧਾਰਾ ਦੀ ਪੱਤਰਕਾਰੀ ਵਿੱਚ ਥਾਂ ਅਤੇ ਸਮੇਂ ਦੀਆਂ ਹੱਦਾਂ ਭਾਰੂ ਰਹਿੰਦੀਆਂ ਹਨ। ਦੂਜੇ ਪਾਸੇ ਬਿਰਤਾਂਤ ਪੱਤਰਕਾਰੀ ਸਮੇਂ-ਸਥਾਨ ਦੀਆਂ ਹੱਦਾਂ ਵਿੱਚ ਢਿੱਲੀ ਡੋਰ ਨਾਲ ਬੰਨ੍ਹੀ ਹੁੰਦੀ ਹੈ ਪਰ ਇਸ ਵਿੱਚ ਤਤਕਾਲੀ ਤੱਤ ਦੀ ਅਹਿਮੀਅਤ ਕਾਇਮ ਰਹਿੰਦੀ ਹੈ। ਬਿਰਤਾਂਤ ਪੱਤਰਕਾਰੀ ਵਿੱਚ ਕਿਸੇ ਮਸਲੇ ਦਾ ਲੰਮਾ ਸਮਾਂ ਪਿੱਛਾ ਕੀਤਾ ਜਾਂਦਾ ਹੈ। ਕਿਸੇ ਘਟਨਾ ਦੀਆਂ ਪਰਤਾਂ ਫਰੋਲੀਆਂ ਜਾਂਦੀਆਂ ਹਨ ਜਾਂ ਕਿਸੇ ਸਖ਼ਸ਼ੀਅਤ ਨੂੰ ਕਈ ਪੱਖਾਂ ਅਤੇ ਸਮੇਂ ਨਾਲ ਜੋੜ ਕੇ ਵੇਖਣ ਦਾ ਉਪਰਾਲਾ ਕੀਤਾ ਜਾਂਦਾ ਹੈ। ਸਮਾਜਕ ਰੁਝਾਨ ਨੂੰ ਕਿਸੇ ਜੀਅ ਦੇ ਤਜਰਬੇ ਵਿੱਚੋਂ ਵੇਖਿਆ ਜਾਂਦਾ ਹੈ। ਕਿਰਦਾਰਾਂ, ਦ੍ਰਿਸ਼ਾਂ, ਸਰਗਰਮੀਆਂ, ਦਲੀਲ ਅਤੇ ਵਿਚਾਰਾਂ ਨੂੰ ਬਾਰੀਕ ਵੇਰਵਿਆਂ ਨਾਲ ਪੇਸ਼ ਕੀਤਾ ਜਾਂਦਾ ਹੈ। ਬਿਰਤਾਂਤ ਪੱਤਰਕਾਰੀ ਅਜਿਹੀ ਸਿਰਜਣਾਤਮਕ ਵਾਰਤਕ ਹੈ ਜੋ ਸਮਾਜਕ ਰੁਝਾਨ ਦੀ ਨੁਮਾਇੰਦਗੀ ਰਾਹੀਂ ਬਾਤ ਪਾਉਂਦੀ ਹੈ। ਖੋਜ, ਪੁਖ਼ਤਾ ਜਾਣਕਾਰੀ ਅਤੇ ਦਿਲਚਸਪੀ ਵਿੱਚ ਗੁੰਨੀ ਹੋਈ ਬਿਰਤਾਂਤ ਪੱਤਰਕਾਰੀ ਨੂੰ ਸਾਹਿਤਕ ਪੱਤਰਕਾਰੀ ਵੀ ਕਿਹਾ ਜਾਂਦਾ ਹੈ। ਪਿਛਲੇ ਸਾਲਾਂ ਦੌਰਾਨ ਇਸ ਵਿਧਾ ਵਿੱਚ ਨਾਵਲ ਲਿਖੇ ਗਏ ਹਨ ਜੋ ਤੱਥਾਂ ਅਤੇ ਘਟਨਾਵਾਂ ਪੱਖੋਂ ਇਤਹਾਸ ਮੂਲਕ ਪਰ ਨਿਭਾਅ ਪੱਖੋਂ ਕਥਾ ਮੂਲਕ ਹਨ। ਇਸ ਵਿਧਾ ਨੂੰ ਕਈ ਕੌਮਾਂਤਰੀ ਰਸਾਲਿਆਂ ਅਤੇ ਪ੍ਰਕਾਸ਼ਕਾਂ ਨੇ ਤਵੱਜੋ ਦੇਣੀ ਸ਼ੁਰੂ ਕੀਤੀ ਹੈ। ਨਤੀਜੇ ਵਜੋਂ ਕਈ ਪੱਤਰਕਾਰਾਂ ਦੀਆਂ ਕਿਤਾਬਾਂ ਸਾਹਮਣੇ ਆਈਆਂ ਹਨ। 
ਚੰਦਰ ਸੁਤਾ ਡੋਗਰਾ

ਇਸੇ ਕੜੀ ਵਿੱਚ ਪੱਤਰਕਾਰ ਚੰਦਰ ਸੁਤਾ ਡੋਗਰਾ ਦੀ ਪਲੇਠੀ ਕਿਤਾਬ, 'ਮਨੋਜ ਐਂਡ ਬਬਲੀ: ਏ ਹੇਟ ਸਟੋਰੀ' ਆਈ ਹੈ। ਚੰਦਰ ਸੁਤਾ ਇਸ ਵੇਲੇ 'ਦ ਹਿੰਦ' ਅਖ਼ਬਾਰ ਵਿੱਚ ਕੰਮ ਕਰਦੀ ਹੈ ਅਤੇ ਪਹਿਲਾਂ ਹਫ਼ਤਾਵਾਰੀ ਰਸਾਲੇ 'ਆਉਟਲੁੱਕ' ਵਿੱਚ ਕੰਮ ਕਰਦੀ ਸੀ। ਦੋ ਦਹਾਕਿਆਂ ਦੇ ਪੱਤਰਕਾਰਾ ਜੀਵਨ ਵਿੱਚ ਚੰਦਰ ਸੁਤਾ ਨੇ ਹਰਿਆਣਾ ਵਿੱਚ ਬਹੁਤ ਕੰਮ ਕੀਤਾ ਹੈ। ਉਸ ਦਾ ਖਾਪ ਪੰਚਾਇਤਾਂ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਨਾਲ ਲਗਾਤਾਰ ਵਾਹ ਪੈਂਦਾ ਰਿਹਾ ਹੈ। ਮਨੋਜ ਅਤੇ ਬਬਲੀ ਨੇ 2007 ਵਿੱਚ ਆਪਣੇ ਪਿੰਡੋਂ ਭੱਜ ਕੇ ਵਿਆਹ ਕਰਵਾਇਆ ਸੀ। ਖਾਪ ਪੰਚਾਇਤ ਨੇ ਉਨ੍ਹਾਂ ਦੇ ਵਿਆਹ ਨੂੰ ਨਾਜਾਇਜ਼ ਕਰਾਰ ਦਿੱਤਾ ਸੀ। ਬਬਲੀ ਦੇ ਘਰਦਿਆਂ ਨੇ ਦੋਵਾਂ ਦਾ ਕਤਲ ਕਰ ਦਿੱਤਾ ਸੀ। ਇਨ੍ਹਾਂ ਕਤਲਾਂ ਵਿੱਚ ਪੰਚਾਇਤੀਆਂ, ਸਿਆਸਤਦਾਨਾਂ ਅਤੇ ਪੁਲਿਸ ਦੀ ਮਿਲੀਭੁਗਤ ਖ਼ਬਰਾਂ ਦੀਆਂ ਸੁਰਖ਼ੀਆਂ ਬਣਦੀ ਰਹੀ ਸੀ। ਚੰਦਰ ਸੁਤਾ ਨੇ ਇਨ੍ਹਾਂ ਕਤਲਾਂ ਦੇ ਪਿਛਕੋੜ ਅਤੇ ਬਾਅਦ ਦੇ ਘਟਨਾਕ੍ਰਮ ਨੂੰ ਗਵਾਹੀਆਂ, ਸਬੂਤਾਂ ਅਤੇ ਦਸਤਾਵੇਜ਼ਾਂ ਦੇ ਹਵਾਲੇ ਨਾਲ ਆਪਣੀ ਕਿਤਾਬ ਵਿੱਚ ਉਸਾਰਿਆ ਹੈ। 

ਖਾਪ ਪੰਚਾਇਤ, ਹਰਿਆਣਾ ਦੇ ਪੇਂਡੂ ਮਾਹੌਲ ਅਤੇ ਸਮਾਜਕ ਰੀਤ-ਰਿਵਾਜ਼ ਦੀ ਪੇਸ਼ਕਾਰੀ ਵੇਲੇ ਚੰਦਰ ਸੁਤਾ ਮੁਕਾਮੀ ਪਾਠਕ ਦੇ ਨਾਲ-ਨਾਲ ਵਿੱਥ ਉੱਤੇ ਖੜੋਤੀ ਜਗਿਆਸਾ ਦਾ ਧਿਆਨ ਰੱਖਦੀ ਹੈ। ਉਹ ਸਮਾਜਕ ਕਾਰਜਸ਼ੀਲਤਾ ਨੂੰ ਦਰਜ ਕਰਦੀ ਹੋਈ ਥਾਵਾਂ, ਕਿਰਦਾਰਾਂ, ਘਟਨਾਵਾਂ ਅਤੇ ਸਮਾਜਕ ਵਿਹਾਰ ਬਾਬਤ ਬੁਨਿਆਦੀ ਜਾਣਕਾਰੀ ਮੁਹੱਈਆ ਕਰਦੀ ਹੈ ਅਤੇ ਨਾਲੋ-ਨਾਲ ਉਨ੍ਹਾਂ ਦੀ ਪੇਚੀਦਗੀ ਨੂੰ ਗੇੜ ਵਿੱਚ ਲੈਂਦੀ ਹੈ। ਉਹ ਮਨੋਜ ਦੀ ਮਾਂ ਚੰਦਰਾਪਤੀ ਅਤੇ ਭੈਣ ਸੀਮਾ ਰਾਹੀਂ ਖਾਪ ਪੰਚਾਇਤ ਦੀਆਂ ਪਾਬੰਦੀਆਂ ਦੀ ਮਾਰ ਦਾ ਅਹਿਸਾਸ ਪਾਠਕ ਤੱਕ ਪਹੁੰਚਾਉਂਦੀ ਹੈ। ਇਨ੍ਹਾਂ ਦੀ ਦ੍ਰਿੜਤਾ ਰਾਹੀਂ ਉਹ ਇਨਸਾਫ਼ ਦੀ ਲੜਾਈ ਦਾ ਹਰ ਪੜਾਅ ਚਿਤਰਦੀ ਹੈ। ਸਮਾਜਕ ਪਾਬੰਦੀਆਂ, ਪੁਲਿਸ ਉੱਤੇ ਭਾਰੂ ਸਮਾਜਕ ਵਿਹਾਰ, ਖਾਪ ਪੰਚਾਇਤਾਂ ਦੀ ਹਮਾਇਤ ਉੱਤੇ ਖੜੀਆਂ ਸਿਆਸੀ ਪਾਰਟੀਆਂ ਅਤੇ ਸਮਾਜਕ ਦਾਬੇ ਹੇਠ ਕੰਨੀ ਖਿਸਕਾ ਰਹੇ ਵਕੀਲ ਰਾਹੀਂ ਭਾਰੂ ਧਿਰ ਦਾ ਜ਼ੋਰ ਪੇਸ਼ ਹੁੰਦਾ ਹੈ। 

ਚੰਦਰਾਪਤੀ ਨੇ ਆਪਣੇ ਪਤੀ ਅਤੇ ਸਹੁਰੇ ਦੀਆਂ ਮੌਤਾਂ ਤੋਂ ਬਾਅਦ ਇੱਕਲੀ ਨੇ ਚਾਰ ਬੱਚੇ ਪਾਲੇ। ਉਹ ਇਨਸਾਫ਼ ਦੀ ਲੜਾਈ ਨੂੰ ਆਪਣੀ ਜ਼ਿੰਦਗੀ ਦੇ ਸੰਘਰਸ਼ ਦੀ ਅਗਲੀ ਕੜੀ ਵਜੋਂ ਵੇਖਦੀ ਹੈ ਅਤੇ ਸੀਮਾ ਆਪਣੀ ਮਾਂ ਦੀ ਦ੍ਰਿੜਤਾ ਨੂੰ ਦਲੀਲਮੰਦ ਚਾਰਾਜੋਈ ਰਾਹੀਂ ਦੂਣ-ਸਵਾਇਆ ਕਰਦੀ ਹੈ। ਜਦੋਂ ਭਾਈਚਾਰੇ ਦੇ ਨਾਮ ਉੱਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਤਾਂ ਨਰਿੰਦਰ ਆਪਣੀ ਮਾਸੀ-ਚਾਚੀ ਚੰਦਰਾਪਤੀ ਦੀ ਮਦਦ ਉੱਤੇ ਆਉਂਦਾ ਹੈ। ਨਰਿੰਦਰ ਪੁਲਿਸ ਤੋਂ ਪਹਿਲਾਂ ਜਾਂਚ ਦਾ ਮੁੱਢਲਾ ਕੰਮ ਕਰਦਾ ਹੈ ਅਤੇ ਮੀਡੀਆ ਦੀ ਮਦਦ ਨਾਲ ਪੁਲਿਸ ਮਹਿਕਮੇ ਦੀ ਮਿਲੀਭੁਗਤ ਬੇਪਰਦ ਕਰਦਾ ਹੈ। ਚੰਦਰਾਪਤੀ, ਸੀਮਾ ਅਤੇ ਨਰਿੰਦਰ ਇੱਕਹਿਰੇ ਸਰੀਰਾਂ ਵਾਲੇ ਜੀਅ ਹਨ ਜੋ ਸਮਾਜਕ ਜ਼ੋਰਾਵਰਾਂ, ਪੱਖਪਾਤੀ ਹਕੂਮਤੀ ਲਾਣੇ, ਦੋਗਲੀਆਂ ਸਿਆਸੀ ਪਾਰਟੀਆਂ ਅਤੇ ਜਾਤੀ ਤੇ ਮਰਦਾਵੀਂ ਹੈਂਕੜ ਸਾਹਮਣੇ ਝੁਕਣ ਤੋਂ ਇਨਕਾਰ ਕਰਦੇ ਹਨ। ਇਨ੍ਹਾਂ ਲਈ ਇਨਸਾਫ਼ ਦੀ ਲੜਾਈ ਸਾਹ ਲੈਣ ਸੰਘਰਸ਼ ਹੋ ਜਾਂਦੀ ਹੈ। ਅਜਿਹੇ ਵੇਲੇ ਜਨਵਾਦੀ ਮਹਿਲਾ ਸੰਗਠਨ ਦੀਆਂ ਬੀਬੀਆਂ ਪੀੜਤ ਧਿਰ ਨਾਲ ਖੜਦੀਆਂ ਹਨ ਅਤੇ ਹਕੂਮਤੀ ਵਿਹਾਰ ਤੇ ਸੰਵਿਧਾਨ ਵਿਚਲਾ ਪਾੜਾ ਉਘਾੜ ਕੇ ਪੇਸ਼ ਕਰਦੀਆਂ ਹਨ। 
ਜਗਮਤੀ ਸਾਗ਼ਵਾਨ

ਚੰਦਰ ਸੁਤਾ ਡੋਗਰਾ ਇਸ ਲਿਖਤ ਵਿੱਚ ਬਬਲੀ ਦੀ ਮਾਂ ਓਮਪਤੀ ਰਾਹੀਂ ਦੁਖਾਂਤ ਦਾ ਗੌਣ ਪਾਸਾ ਪੇਸ਼ ਕਰਦੀ ਹੈ। ਓਮਪਤੀ ਦੇ ਘਰਦਿਆਂ ਨੇ ਉਸ ਦੀ ਧੀ ਦਾ ਕਤਲ ਕੀਤਾ ਹੈ। ਉਸ ਕੋਲ ਕੋਈ ਅਫ਼ਸੋਸ ਕਰਨ ਨਹੀਂ ਆਇਆ। ਅਫ਼ਸੋਸ ਕਰਨ ਗਈ ਜਨਵਾਦੀ ਮਹਿਲਾ ਸੰਗਠਨ ਦੀ ਆਗੂ ਜਗਮਤੀ ਸਾਗ਼ਵਾਨ ਨੂੰ ਘਰ ਦੇ ਬਾਹਰੋਂ ਮੋੜ ਦਿੱਤਾ ਗਿਆ। ਲੇਖਕ ਦੀ ਉਸ ਤੱਕ ਪਹੁੰਚ ਨਹੀਂ ਹੁੰਦੀ। ਓਮਪਤੀ ਦੀ ਚੁੱਪ ਅਤੇ ਬੇਵਸੀ ਚੰਦਰ ਸੁਤਾ ਵਿੱਚੋਂ ਬੋਲਦੀ ਹੈ। ਇਹੋ ਅਹਿਸਾਸ ਅਦਾਲਤ ਦੇ ਫ਼ੈਸਲੇ ਵਿੱਚ ਜੱਜ ਵਾਨੀ ਗੋਪਾਲ ਸ਼ਰਮਾ ਦਰਜ ਕਰਦੀ ਹੈ। ਮਮਤਾ ਦੀ ਤੰਦ ਬਿਨਾਂ ਬੋਲੇ ਓਮਪਤੀ, ਚੰਦਰਾਪਤੀ, ਜਗਮਤੀ ਸਾਗ਼ਵਾਨ, ਚੰਦਰ ਸੁਤਾ ਡੋਗਰਾ ਅਤੇ ਵਾਨੀ ਗੋਪਾਲ ਸ਼ਰਮਾ ਵਿਚਲਾ ਸੰਵਾਦ ਪੇਸ਼ ਕਰਦੀ ਹੈ। ਪਾਠਕ ਨੂੰ ਇਨ੍ਹਾਂ ਕਤਲਾਂ ਲਈ ਕਸੂਰਵਾਰ ਮਰਦਾਵੀਂ ਸੋਚ ਅਤੇ ਪੀੜਤ ਧਿਰ ਦੀ ਮਮਤਾਮਈ ਚੁੱਪ ਦੇ ਸਾਹਮਣੇ ਪੇਸ਼ ਕਰ ਦਿੱਤਾ ਜਾਂਦਾ ਹੈ। ਇੱਕ ਪਾਸੇ ਚੰਦਰ ਸੁਤਾ ਸਾਰੇ ਕਿਰਦਾਰਾਂ ਦੇ ਜ਼ਾਹਰ-ਬਾਤਨ ਦੀ ਤਸਵੀਰ ਪੇਸ਼ ਕਰਦੀ ਹੈ ਅਤੇ ਦੂਜੇ ਪਾਸੇ ਪਾਠਕ ਦੀ ਚਿੰਤਨੀ ਸੁਰ ਛੇੜਦੀ ਹੈ। ਉਹ ਸਮਾਜਕ ਤਬਦੀਲੀ ਦਾ ਜ਼ਿੰਮਾ ਨਹੀਂ ਚੁੱਕਦੀ ਸਗੋਂ ਬਰੀਕ ਵੇਰਵਿਆਂ ਅਤੇ ਸੰਖੇਪ ਟਿੱਪਣੀਆਂ ਰਾਹੀਂ ਪਾਠਕ ਨੂੰ ਆਪਣੀ ਰਾਏ ਬਣਾਉਣ ਵਿੱਚ ਮਦਦ ਕਰਦੀ ਹੈ। ਉਹ ਹਾਲਾਤ ਨਾਲ ਆਪਣੀ ਵਿੱਥ ਕਾਇਮ ਰੱਖਦੀ ਹੈ। ਪੁਲਿਸ ਦੇ ਦਸਤਾਵੇਜ਼ਾਂ, ਅਦਾਲਤੀ ਫ਼ੈਸਲਿਆਂ, ਅਖ਼ਬਾਰੀ ਕਾਤਰਾਂ, ਟੈਲੀਵਿਜ਼ਨ ਦੀਆਂ ਰਪਟਾਂ, ਗਵਾਹੀਆਂ ਅਤੇ ਹੋਰ ਸਬੂਤਾਂ ਰਾਹੀਂ ਚੰਦਰ ਸੁਤਾ ਪਾਠਕ ਨੂੰ ਉਸ ਸਮੇਂ-ਸਥਾਨ ਦਾ ਫੇਰਾ ਪੁਆਉਂਦੀ ਹੈ। ਕਿਰਦਾਰਾਂ ਨਾਲ ਮਿਲਾਉਂਦੀ ਹੈ। ਉਨ੍ਹਾਂ ਦੀ ਸੋਚ-ਸਮਝ ਅਤੇ ਸਮਾਜਕ ਵਿਹਾਰ ਦਾ ਪਿਛੋਕੜ ਦੱਸਦੀ ਹੈ। ਉਨ੍ਹਾਂ ਦੇ ਸਾਹਮਣੇ ਖੜੇ ਸਵਾਲਾਂ ਦੀ ਨਿਸ਼ਾਨਦੇਹੀ ਕਰਦੀ ਹੈ। 

ਮਨੋਜ ਅਤੇ ਬਬਲੀ ਦੇ ਪਿੰਡ ਕਰੋੜਾਂ ਵਿੱਚ ਉਨ੍ਹਾਂ ਦੇ ਕਤਲ 'ਇੱਜ਼ਤ ਨੂੰ ਲੱਗਿਆ ਦਾਗ਼' ਧੋਣ ਲਈ ਕੀਤੇ ਜਾਂਦੇ ਹਨ। ਉਸੇ ਪਿੰਡ ਵਿੱਚ ਸਵਾਲ ਹੋਇਆ ਕਿ ਜੇ ਬਬਲੀ ਦੀ ਇੱਜ਼ਤ ਲਈ ਕਤਲ ਕੀਤੇ ਜਾ ਸਕਦੇ ਹਨ ਤਾਂ ਮਨੋਜ ਦੀਆਂ ਭੈਣਾਂ ਸੀਮਾ ਅਤੇ ਰੇਖਾ ਨੂੰ ਪਾਬੰਦੀਆਂ ਰਾਹੀਂ ਖੱਜਲਖੁਆਰ ਕਿਵੇਂ ਕੀਤਾ ਜਾ ਸਕਦਾ ਹੈ? ਆਖ਼ਰ ਉਹ ਵੀ ਪਿੰਡ ਦੀਆਂ ਧੀਆਂ ਹਨ! ਕੁਝ ਨੌਜਵਾਨ ਖਾਪ ਪੰਚਾਇਤ ਦੀਆਂ ਪਾਬੰਦੀਆਂ ਤੋੜ ਕੇ ਚੰਦਰਪਤੀ ਦੇ ਘਰ ਜਾਂਦੇ ਹਨ ਪਰ ਬਾਅਦ ਵਿੱਚ ਬਜ਼ੁਰਗਾਂ ਦੇ ਦਬਾਅ ਹੇਠ ਚੁੱਪ ਧਾਰ ਲੈਂਦੇ ਹਨ। ਹਰ ਸਾਲ ਦੀਵਾਲੀ ਦੇ ਦੀਵੇ ਵੇਚਣ ਵਾਲਾ ਸਸਕਾਰ ਲਈ ਘੜਾ ਦੇਣ ਤੋਂ ਇਨਕਾਰ ਕਰਦਾ ਹੈ। ਦੁਕਾਨਦਾਰ ਸੌਦਾ ਨਹੀਂ ਵੇਚਦੇ। ਟੈਂਪੂ ਵਾਲੇ ਬਿਠਾਉਣ ਤੋਂ ਇਨਕਾਰ ਕਰਦੇ ਹਨ। ਮੱਝਾਂ ਦੇ ਖਰੀਦੇ ਹੋਏ ਚਾਰੇ ਦੇ ਪੈਸੇ ਵਾਪਸ ਹੋ ਜਾਂਦੇ ਹਨ। ਅਦਾਲਤ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਉਂਦੀ ਹੈ। ਸਾਜ਼ਿਸ਼ਕਾਰ ਸਿਆਸਤਦਾਨ ਨੂੰ ਉਮਰ ਕੈਦ ਹੁੰਦੀ ਹੈ। ਖਾਪ ਪੰਚਾਇਤ ਪਿੰਡ ਵਿੱਚ ਪੰਚਾਇਤੀ ਚੋਣਾਂ ਤੱਕ ਨਹੀਂ ਹੋਣ ਦਿੰਦੀ ਪਰ ਵਿਕਾਸ ਦਾ ਮੁੱਦਾ ਮੁੜ ਕੇ ਸਵਾਲ ਬਣਦਾ ਹੈ। 

ਚੰਦਰ ਸੁਤਾ ਡੋਗਰਾ ਦਾ ਪੜਿਆ-ਲਿਖਿਆ ਸ਼ਹਿਰੀ ਖ਼ਾਸਾ ਲਿਖਤ ਵਿੱਚੋਂ ਝਲਕਦਾ ਹੈ। ਉਹ ਸਿਆਸੀ ਜਾਂ ਨੈਤਿਕ ਪੈਂਤੜਾ ਨਹੀਂ ਲੈਂਦੀ ਪਰ ਪੇਂਡੂ ਬੰਦੇ ਬਾਬਤ ਗੱਲ ਕਰਨ ਵੇਲੇ ਸ਼ਹਿਰੀ ਕੁਲੀਨਤਾ ਵਾਲੇ ਵਿਸ਼ੇਸ਼ਣ ਲਗਾਤਾਰ ਲਗਾਉਂਦੀ ਹੈ। ਉਸ ਨੂੰ ਖਾਪ ਪੰਚਾਇਤੀ ਅਤੇ ਹੋਰ ਲੋਕ ਬਦਬੂਦਾਰ ਅਤੇ ਨਾ ਨਹਾਉਣ-ਧੋਣ ਵਾਲੇ ਲੱਗਦੇ ਹਨ। ਚੰਦਰ ਸੁਤਾ ਲਈ ਸ਼ੇਵ ਨਾ ਕਰਨਾ ਗੰਦੇ ਹੋਣ ਦੀ ਨਿਸ਼ਾਨੀ ਹੈ। ਉਹ ਸਮਾਜਕ ਦਖ਼ਲਅੰਦਾਜ਼ੀ ਦੇ ਤੱਤਾਂ ਦੀ ਭਾਲ ਸਮਾਜ ਦੀ ਥਾਂ ਸਰਕਾਰੀ ਅਦਾਰਿਆਂ ਵਿੱਚੋਂ ਕਰਦੀ ਹੈ। ਸਮਾਜਕ ਸੋਚ ਦੇ ਦਮ ਉੱਤੇ ਦਮ ਭਰਨ ਵਾਲੇ ਰੁਝਾਨ ਦੀਆਂ ਆਪਣੀਆਂ ਪੇਚੀਦਗੀਆਂ ਹੋਣਗੀਆਂ। ਚੰਦਰਾਪਤੀ ਦੇ ਘਰ ਪੁੱਜਦੀਆਂ ਧਮਕੀਆਂ ਨੂੰ ਚੋਰੀ-ਛੁਪੇ ਆ ਰਹੀ ਹਮਦਰਦੀ ਕੁਝ ਨਹੀਂ ਕਰ ਸਕਦੀ ਪਰ ਇਸ ਵਿੱਚੋਂ ਸਮਾਜ ਦੀਆਂ ਡੂੰਘੀਆਂ ਰਮਜ਼ਾਂ ਅਤੇ ਸੰਭਾਵਨਾ ਦੀ ਦੱਸ ਪੈਂਦੀ ਹੈ। ਇਹ ਪੱਖ ਚੰਦਰ ਸੁਤਾ ਨੇ ਨਜ਼ਰਅੰਦਾਜ਼ ਕਰ ਦਿੱਤਾ ਹੈ। ਹੋ ਸਕਦਾ ਹੈ ਕਿ ਅੰਗਰੇਜ਼ੀ ਦੇ ਪਾਠਕ ਘੇਰੇ ਲਈ ਕਾਇਦਾ ਨੁਮਾ ਕਿਤਾਬ ਮੰਨ ਨੇ ਇਸ ਪੱਖ ਦੀ ਅਹਿਮੀਅਤ ਘੱਟ ਮੰਨੀ ਗਈ ਹੋਵੇ ਪਰ ਜੇ ਇਹ ਕਿਤਾਬ ਹਿੰਦੀ ਵਿੱਚ ਹੁੰਦੀ ਤਾਂ ਇਸ ਪੱਖ ਉੱਤੇ ਭਰਪੂਰ ਚਰਚਾ ਹੋਣੀ ਸੀ। ਤਤਕਾਲੀ ਮਸਲਿਆਂ ਅਤੇ ਵਾਰਤਕ ਵਿੱਚ ਦਿਲਚਸਪੀ ਰੱਖਣ ਵਾਲੇ ਹਰ ਪਾਠਕ ਲਈ ਇਹ ਕਿਤਾਬ ਮੁੱਲਵਾਨ ਹੋ ਸਕਦੀ ਹੈ। ਇਹ ਬਿਨਾਂ ਸ਼ੱਕ ਬਿਰਤਾਂਤ ਪੱਤਰਕਾਰੀ ਦੀ ਨੁਮਾਇੰਦਗੀ ਕਰਨ ਵਾਲੀ ਕਿਤਾਬ ਹੈ। ਜੇ ਇਸ ਨੂੰ ਪਾਕਿਸਤਾਨੀ ਬੀਬੀ ਮੁਖ਼ਤਾਰਾਂ ਮਾਈ ਦੀ ਕਿਤਾਬ 'ਇਨ ਦਾ ਨੇਮ ਆਫ਼ ਔਨਰ' ਦੇ ਨਾਲ ਪੜ੍ਹਿਆ ਜਾਵੇ ਤਾਂ ਇੱਕੋ ਰੁਝਾਨ ਦੀਆਂ ਦੋ ਕੜੀਆਂ ਨਾਲ ਕੌਮਾਂਤਰੀ ਸਰਹੱਦਾਂ ਦੇ ਆਰ-ਪਾਰ ਕਿਸੇ ਵਡੇਰੀ ਲੜੀ ਦੀ ਸਮਝ ਪੈਂਦੀ ਹੈ। 

ਪ੍ਰਕਾਸ਼ਕ: ਪੈਂਗੁਇੰਨ
ਪੰਨੇ: 239
ਕੀਮਤ: 299 ਰੁਪਏ

No comments:

Post a Comment