Wednesday, 18 September 2013

ਫ਼ਿਲਮ 'ਯਿੰਗੋ' ਦੇ ਹਵਾਲੇ ਨਾਲ ਤਰੱਕੀ, ਮੁਖਧਾਰਾ ਅਤੇ ਮੂਲਵਾਸੀ


ਜਤਿੰਦਰ ਮੌਹਰ
ਯਿੰਗੋ ਬ੍ਰਾਜ਼ੀਲ ਦਾ ਮਸ਼ਹੂਰ ਦਰਿਆ ਹੈ ਜੋ ਉੱਤਰੀ-ਕੇਂਦਰੀ ਖ਼ਿੱਤੇ ਵਿੱਚ ਵਹਿੰਦਾ ਹੈ। ਇਸਨੂੰ ਮਹਾਨ ਐਮਾਜ਼ੌਨ ਦਰਿਆ ਦੀ ਉੱਪ-ਨਦੀ ਵਜੋਂ ਵੀ ਜਾਣਿਆ ਜਾਂਦਾ ਹੈ।ਯਿੰਗੋ ਦਰਿਆ ਦੇ ਆਸ-ਪਾਸ ਸੰਘਣੇ ਜੰਗਲ ਹਨ ਜਿਨ੍ਹਾਂ ਵਿੱਚ ਮੂਲਵਾਸੀਆਂ ਦਾ ਸਦੀਆਂ ਤੋਂ ਬਸੇਰਾ ਹੈ। ਵੀਹਵੀਂ ਸਦੀ ਦੇ ਪੰਜਵੇਂ ਦਹਾਕੇ ਤੱਕ ਯਿੰਗੋ ਦਰਿਆ ਦਾ ਖ਼ਿੱਤਾ 'ਅਣਛੂਹਿਆ' ਪਿਆ ਸੀ। ਅਣਛੂਹੇ ਦਾ ਮਤਲਬ ਹੈ ਕਿ ਕੁਦਰਤੀ ਸੋਮਿਆਂ ਦੀ ਲੁੱਟ ਮਚਾਉਣ ਲਈ ਗੋਰੇ ਅਜੇ ਇਸ ਖ਼ਿੱਤੇ ਵਿੱਚ ਨਹੀਂ ਪਹੁੰਚੇ ਸਨ। ਮੂਲਵਾਸੀ ਆਪਣੀ ਰਵਾਇਤੀ ਜੀਵਨ ਸ਼ੈਲੀ ਜਿਉਂ ਰਹੇ ਸਨ। ਪੰਜਾਹਵਿਆਂ ਦੇ ਸ਼ੁਰੂ ਵਿੱਚ ਬ੍ਰਾਜ਼ੀਲੀ ਗੋਰੀ ਸਰਕਾਰ ਨੇ ਇਸ ਖ਼ਿੱਤੇ ਨੂੰ ਗਾਹੁਣ ਦਾ ਫ਼ੈਸਲਾ ਕੀਤਾ। ਇਸ ਮੁਹਿੰਮ ਨੂੰ 'ਮਾਰਚ ਵੈਸਟ' ਦਾ ਨਾਮ ਦਿੱਤਾ ਗਿਆ। ਇਸ ਨੂੰ ਉਹ ਮੂਲਵਾਸੀਆਂ ਨੂੰ 'ਮੁਖਧਾਰਾ' ਵਿੱਚ ਲਿਆਉਣ ਦਾ ਕਾਰਜ ਕਹਿੰਦੇ ਸਨ। 'ਮੁਖਧਾਰਾ' ਸ਼ਬਦ ਦੀ ਸਿਆਸਤ ਖ਼ਤਰਨਾਕ ਹੈ। 

ਪਹਿਲਾ ਖ਼ੋਜੀ ਦਲ ਯਿੰਗੋ ਦਰਿਆ ਦੇ ਆਲੇ-ਦੁਆਲੇ 'ਨਵੇਂ ਸੰਪਰਕ' ਬਣਾਉਣ ਲਈ ਭੇਜਿਆ ਗਿਆ। ਇਸ ਦਲ ਵਿੱਚ ਤਿੰਨ ਵਿਲਾਸ ਭਰਾ ਸ਼ਾਮਲ ਸਨ ਜੋ ਚੰਗੇ ਪੜ੍ਹੇ-ਲਿਖੇ ਸਨ। ਖ਼ੋਜੀ ਦਲ ਵਿੱਚ ਅਨਪੜ੍ਹਾਂ ਨੂੰ ਚੁਣਿਆ ਜਾ ਰਿਹਾ ਸੀ। ਇਨ੍ਹਾਂ ਜਗਿਆਸੂ ਭਰਾਵਾਂ ਨੇ ਆਪਣੇ-ਆਪ ਨੂੰ ਅਨਪੜ੍ਹ ਦੱਸ ਕੇ ਦਲ ਵਿੱਚ ਥਾਂ ਬਣਾ ਲਈ। ਬ੍ਰਾਜ਼ੀਲੀ ਫ਼ਿਲਮ 'ਯਿੰਗੋ' ਇਨ੍ਹਾਂ ਤਿੰਨਾ ਭਰਾਵਾਂ ਦੀ ਕਹਾਣੀ ਹੈ। 'ਅਣਛੂਹੇ' ਇਲਾਕੇ ਵਿੱਚ ਜਾਣਾ ਜੋਖ਼ਮ ਭਰਿਆ ਕੰਮ ਸੀ। ਜਿੱਥੇ ਖ਼ਤਰਨਾਕ ਜੰਗਲੀ ਜਾਨਵਰਾਂ ਅਤੇ ਗੋਰਿਆ ਦੁਆਰਾ ਪ੍ਰਚਾਰੇ ਜਾਂਦੇ ਮਾਸਖੋਰੇ ਮੂਲਵਾਸੀਆਂ ਦਾ ਡਰ ਸੀ। ਫ਼ਿਲਮ ਦੇ ਮੁੱਢਲੇ ਦ੍ਰਿਸ਼ ਇਸ 'ਖ਼ੌਫ਼' ਨੂੰ ਉਜਾਗਰ ਕਰਦੇ ਹਨ। ਉਂਝ ਕਿਸੇ ਦੇ ਇਲਾਕੇ ਵਿੱਚ ਧੱਕੇ ਦੀ ਘੁਸਪੈਠ ਖ਼ਤਰੇ ਤੋਂ ਖਾਲੀ ਨਹੀਂ ਹੈ। ਛੇਤੀ ਹੀ ਹਥਿਆਰਾਂ ਨਾਲ ਲੈਸ ਦਲ ਦਾ ਸਾਹਮਣਾ ਮੂਲਵਾਸੀ ਕਬੀਲੇ ਨਾਲ ਹੋ ਜਾਂਦਾ ਹੈ। ਕਬੀਲੇ ਨੇ ਪਹਿਲੀ ਵਾਰ ਗੋਰੇ ਬੰਦੇ ਦੇਖੇ ਸਨ। ਗੋਰਿਆਂ ਦੇ ਪ੍ਰਚਾਰ ਦੇ ਉਲਟ ਮੂਲਵਾਸੀ ਖ਼ੋਜੀ ਦਲ ਦਾ ਸੁਆਗਤ ਕਰਦੇ ਹਨ ਅਤੇ ਅਪਣੇ ਪਿੰਡ ਲੈ ਜਾਂਦੇ ਹਨ। ਉਨ੍ਹਾਂ ਦਾ ਵਤੀਰਾ ਮੋਹ ਭਰਿਆ ਹੈ। ਦਲ ਦਾ ਕੰਮ ਇਲਾਕੇ ਵਿੱਚ ਹਵਾਈ-ਪੱਟੀ ਬਣਾਉਣਾ ਹੈ ਤਾਂ ਕਿ ਸਰਕਾਰ ਸਾਰੇ ਖ਼ਿੱਤੇ ਵਿੱਚ 'ਵਿਕਾਸ' ਕਰ ਸਕੇ। ਗੋਰਿਆਂ ਦਾ ਮੂਲਵਾਸੀਆਂ ਨਾਲ ਪਹਿਲਾ ਸੰਪਰਕ ਹੀ ਕਬੀਲੇ ਦੀ ਜਾਨ ਦਾ ਖੌਅ ਬਣ ਜਾਂਦਾ ਹੈ। ਗੋਰਿਆਂ ਨਾਲ ਆਈਆਂ ਮਾਮੂਲੀ ਅਤੇ ਇਲਾਜਯੋਗ ਬੀਮਾਰੀਆਂ (ਫਲੂ, ਮਿਆਦੀ ਬੁਖ਼ਾਰ) ਨਾਲ ਪਿੰਡ ਦੀ ਅੱਧੀ ਵਸੋਂ ਖ਼ਤਮ ਹੋ ਗਈ। ਛੇਤੀ ਹੀ ਇਹ ਬੀਮਾਰੀ ਯਿੰਗੋ ਦਰਿਆ ਦੇ ਉਪਰਲੇ ਖ਼ਿੱਤੇ ਵਿੱਚ ਫੈਲ ਗਈ। ਉਨ੍ਹਾਂ ਦੇ ਇਲਾਜ ਦਾ ਕੋਈ ਇੰਤਜ਼ਾਮ ਨਹੀਂ ਸੋਚਿਆ ਗਿਆ ਸੀ। ਵਿਲਾਸ ਭਰਾ ਸਰਕਾਰ ਤੋਂ ਦਵਾਈਆਂ ਦੀ ਮੰਗ ਕਰਦੇ ਹਨ ਜੋ ਪੂਰੀ ਨਹੀਂ ਕੀਤੀ ਜਾਂਦੀ। ਮੂ ਵਾਸੀਆਂ ਵਿੱਚ ਇਨ੍ਹਾਂ ਮਾਮੂਲੀ ਬੀਮਾਰੀਆਂ ਨਾਲ ਲੜਨ ਦੀ ਕੁਦਰਤੀ ਸਮਰੱਥਾ ਨਹੀਂ ਸੀ। 

ਖ਼ੋਜੀ ਦਲ ਦੇ ਪਿੱਛੇ ਸਰਕਾਰੀ ਨੁਮਾਇੰਦੇ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ। ਸਰਕਾਰ ਦੀ ਨੀਤ ਜ਼ਾਹਿਰ ਹੋ ਜਾਂਦੀ ਹੈ। ਸਰਕਾਰ ਅਮੀਰਾਂ ਨੂੰ ਜੰਗਲ ਵੇਚਣੇ ਸ਼ੁਰੂ ਕਰ ਦਿੰਦੀ ਹੈ। ਮੂਲਵਾਸੀਆਂ ਨੂੰ ਕੰਮ ਬਦਲੇ ਰੋਟੀ ਵੀ ਨਹੀਂ ਦਿੱਤੀ ਜਾਂਦੀ। ਜ਼ਮੀਨ 'ਤੇ ਕਬਜ਼ੇ ਲਈ ਮੂਲਵਾਸੀਆਂ ਦੇ ਪਿੰਡ ਜਲਾਏ ਜਾਂਦੇ ਹਨ।  ਕਤਲੇਆਮ ਅਤੇ ਬਲਾਤਕਾਰ ਦੇ ਸਾਕੇ ਵਰਤਾਏ ਜਾ ਰਹੇ ਹਨ। ਵਿਲਾਸ ਭਰਾਵਾਂ ਨੂੰ ਪਤਾ ਲੱਗਦਾ ਹੈ ਕਿ ਸਰਕਾਰ ਉਸ ਇਲਾਕੇ ਵਿੱਚ ਫ਼ੌਜੀ ਅੱਡੇ ਬਣਾ ਰਹੀ ਹੈ ਤਾਂ ਕਿ ਮੂਲਵਾਸੀਆਂ ਦੇ ਇਲਾਕੇ ਵਿੱਚ ਫ਼ੌਜ ਬਿਠਾਈ ਜਾ ਸਕੇ। ਹਕੂਮਤ ਮੂਲਵਾਸੀਆਂ ਨੂੰ ਸੁਰੱਖਿਅਤ ਇਲਾਕਾ ਦੇਣ ਤੋਂ ਮੁੱਕਰ ਜਾਂਦੀ ਹੈ। ਵਿਲਾਸ ਭਰਾਵਾਂ ਮੂਹਰੇ ਇਹ ਚੁਣੌਤੀ ਹੈ ਕਿ ਗੋਰਿਆਂ ਦਾ ਆਉਣਾ ਮੂਲਵਾਸੀਆਂ ਦੀ ਤਬਾਹੀ ਹੈ। ਗੋਰੇ ਉਨ੍ਹਾਂ ਕਹਿਣ ਨਾਲ ਆਉਣ ਤੋਂ ਰੁਕਣਗੇ ਨਹੀਂ। ਇਸ ਕਰਕੇ ਸਰਕਾਰ ਨਾਲ ਗੱਲਬਾਤ ਕਰਕੇ ਮੂਲਵਾਸੀਆਂ ਲਈ ਰਾਖਵੇਂ ਇਲਾਕੇ ਲਈ ਜ਼ੋਰ ਪਾਇਆ ਜਾਵੇ। ਤਿੰਨਾਂ ਭਰਾਵਾਂ ਵਿੱਚੋਂ ਇੱਕ ਕਲਾਡੀਉ ਮੂਲਵਾਸੀਆਂ ਨੂੰ ਹਥਿਆਰਬੰਦ ਕਰਕੇ ਜੰਗਲ ਦੇ ਇੱਕ ਹਿੱਸੇ 'ਤੇ ਕਬਜ਼ਾ ਕਰੀ ਬੈਠੇ ਅਮੀਰ ਨੂੰ ਭਜਾਉਂਦਾ ਹੈ। ਸਰਕਾਰ ਰਾਖਵਾਂ ਇਲਾਕਾ ਦੇਣ ਲਈ ਮੰਨ ਜਾਂਦੀ ਹੈ। ਕਲਾਡੀਉ ਨੂੰ ਮਸੌਦਾ ਲਿਖਣ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ। ਉਹ ਰਾਖ਼ਵੇਂ ਇਲਾਕੇ ਦਾ ਨਾਮ 'ਯਿੰਗੋ ਮੂਲਵਾਸੀ ਪਾਰਕ' ਰੱਖਣ ਦੀ ਤਜ਼ਵੀਜ਼ ਰੱਖਦਾ ਹੈ। ਸਰਕਾਰੀ ਨੁਮਾਇੰਦੇ ਦਾ ਕਹਿਣਾ ਹੈ ਕਿ ਮੂਲਵਾਸੀਆਂ ਨੂੰ ਬ੍ਰਾਜ਼ੀਲ ਵਿੱਚ ਕੋਈ ਪਸੰਦ ਨਹੀਂ ਕਰਦਾ। ਇਸ ਕਰਕੇ ਮੂਲਵਾਸੀ ਸ਼ਬਦ ਹਟਾ ਦਿਉ। ਬ੍ਰਾਜ਼ੀਲ ਦਾ ਅਰਥ ਇੱਥੇ 'ਪੜ੍ਹੇ-ਲਿਖੇ, ਸ਼ਹਿਰੀ ਅਤੇ ਸੱਭਿਅਕ ਗੋਰਿਆਂ' ਤੋਂ ਹੈ। ਪਾਰਕ ਦਾ ਨਾਮ ' ਯਿੰਗੋ ਕੌਮੀ ਪਾਰਕ' ਰੱਖਿਆ ਜਾਂਦਾ ਹੈ ਕਿਉਂਕਿ 'ਕੌਮੀ' ਸ਼ਬਦ ਫ਼ੌਜ ਅਤੇ 'ਸ਼ਹਿਰੀ ਸੱਭਿਅਕ ਜਮਾਤ' ਦੇ ਸੂਤ ਬੈਠਦਾ ਹੈ। ਇਸ ਬਿਆਨ ਵਿੱਚੋਂ ਨੇਸ਼ਨ ਸਟੇਟ ਦੇ ਕਿਰਦਾਰ ਦੀ ਝਲਕ ਪੈਂਦੀ ਹੈ ਜਿੱਥੇ ਮੁਲਕ ਦੀ ਏਕਤਾ ਅਤੇ ਅਖੰਡਤਾ ਦੇ ਨਾਮ ਉੱਤੇ ਮੂਲਵਾਸੀਆਂ ਦੀ ਹਰ ਹੱਕੀ ਮੰਗ ਉੱਤੇ ਸੁਹਾਗਾ ਫੇਰਨਾ ਜਾਇਜ਼ ਕਰਾਰ ਦਿੱਤਾ ਜਾ ਸਕਦਾ ਹੈ। ਨੇਸ਼ਨ ਸਟੇਟ ਦੀ ਨਜ਼ਰ ਵਿੱਚ ਮੂਲਵਾਸੀਆਂ ਦੀ ਕੀਮਤ ਜਾਨਵਰਾਂ ਦੇ ਬਰਾਬਰ ਹੈ ਜਿਨ੍ਹਾਂ ਨੂੰ ਪਾਰਕ ਵਿੱਚ ਤਾੜਨਾ ਮਜਬੂਰੀ ਹੈ। ਡਾਹਢੇ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਕਿ ਇਨ੍ਹਾਂ ਖ਼ਿੱਤਿਆਂ ਵਿੱਚ ਮੂਲਵਾਸੀ ਸਦੀਆਂ ਤੋਂ ਰਹਿੰਦੇ ਆਏ ਹਨ। ਘੁਸਪੈਠੀਏ ਸ਼ਹਿਰੀ ਲੋਕ ਹਨ ਨਾਂ ਕਿ ਮੂਲਵਾਸੀ। 'ਤਰੱਕੀ' ਦੇ ਨਾਮ 'ਤੇ ਮੂਲਵਾਸੀਆਂ ਨੂੰ ਕਦੇ ਵੀ ਬੇਦਖ਼ਲ ਕਰਨ ਦਾ ਹੱਕ ਹਾਕਮਾਂ ਕੋਲ ਰਾਖ਼ਵਾਂ ਹੈ। ਸਰਮਾਏਦਾਰ ਅਤੇ ਉਨ੍ਹਾਂ ਦੀਆਂ ਪਾਲਤੂ ਸਰਕਾਰਾਂ ਇਹ ਜਾਣਦੀਆਂ ਹਨ ਕਿ 'ਤਰੱਕੀ' ਦਾ ਲਾਹਾ ਕੁਝ ਅਮੀਰਾਂ ਦੇ ਹੱਥ ਹੀ ਜਾਣਾ ਹੈ। ਮੂਲਵਾਸੀਆਂ ਦੇ ਪੱਲੇ ਸਿਰਫ਼ ਉਜਾੜਾ ਪੈਣਾ ਹੈ। ਕਲਾਡੀਉ ਦਾ ਮੰਨਣਾ ਹੈ ਕਿ ਮੂਲਵਾਸੀਆਂ ਨੂੰ ਗੋਰਿਆਂ ਤੋਂ ਦੂਰ ਰੱਖ ਕੇ ਹੀ ਬਚਾਇਆ ਜਾ ਸਕਦਾ ਹੈ। ਸਰਕਾਰ ਪੂਰੇ ਖ਼ਿੱਤੇ ਨੂੰ ਕਬਜ਼ੇ ਹੇਠ ਕਰ ਰਹੀ ਹੈ। ਗੋਰਿਆਂ ਦੇ ਸੰਪਰਕ ਵਿੱਚ ਆਉਂਦੀ ਸਾਰ ਮੂਲਵਾਸੀ ਮਰਨੇ ਸ਼ੁਰੂ ਹੋ ਜਾਂਦੇ ਹਨ। ਕਲਾਡੀਉ ਮੂਲਵਾਸੀਆਂ ਨੂੰ ਵੱਖਰੇ-ਵੱਖਰੇ ਇਲਾਕਿਆਂ ਤੋਂ ਇਕੱਠੇ ਕਰਕੇ ਪਾਰਕ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੋ ਨਹੀਂ ਆਉਂਦੇ ਉਨ੍ਹਾਂ ਦੀ ਤਬਾਹੀ ਅਟੱਲ ਹੈ। 

ਅੱਜ 'ਯਿੰਗੋ ਕੌਮੀ ਪਾਰਕ' ਮੂਲਵਾਸੀਆਂ ਦਾ ਦੁਨੀਆਂ ਵਿੱਚ ਸਭ ਤੋਂ ਵੱਡਾ ਸੁਰਖਿੱਅਤ ਸਥਾਨ ਹੈ ਪਰ ਇਹ ਇਲਾਕਾ ਲਗਾਤਾਰ ਖ਼ਤਰੇ ਦੀ ਜ਼ੱਦ ਵਿੱਚ ਹੈ। ਮੌਜੂਦਾ ਸਰਕਾਰ ਵੱਡੇ ਪਾ੍ਰਜੈਕਟ ਲਾ ਰਹੀ ਹੈ ਜਿਨ੍ਹਾਂ ਵਿੱਚ ਵੱਡੇ ਬੰਨ੍ਹ ਸ਼ਾਮਲ ਹਨ। ਮੂਲਵਾਸੀ ਇਨ੍ਹਾਂ ਪ੍ਰਾਜੈਕਟਾਂ ਦੇ ਖ਼ਿਲਾਫ਼ ਲੜ ਰਹੇ ਹਨ। ਉਨ੍ਹਾਂ ਦੀ ਬਚੀ ਖੁਚੀ ਰਵਾਇਤੀ ਜੀਵਨ ਸ਼ੈਲੀ ਖ਼ਤਮ ਹੋਣ ਕਿਨਾਰੇ ਹੈ।  ਮੂਲਵਾਸੀਆਂ ਜਾਂ ਆਦਿਵਾਸੀਆਂ ਦੀ ਇਹ ਸੰਸਾਰ ਪੱਧਰ ਦੀ ਹੋਣੀ ਹੈ। ਸਾਡੇ ਮੁਲਕ ਵਿੱਚ ਪਿਛਲੇ ਦਸ ਸਾਲਾਂ ਵਿੱਚ ਮੂਲਵਾਸੀਆਂ ਦਾ ਉਜਾੜਾ ਹੋਰ ਤੇਜ਼ ਹੋਇਆ ਹੈ। ਖ਼ਾਸ ਕਰਕੇ ਕੇਂਦਰੀ ਭਾਰਤ ਵਿੱਚ ਮੂਲਵਾਸੀ ਉਜਾੜੇ ਦੇ ਖ਼ਿਲਾਫ਼ ਲੜ ਰਹੇ ਹਨ। ਜੰਗਲ, ਪਾਣੀ, ਜ਼ਮੀਨ ਅਤੇ ਖਣਿਜ ਦਿਓਕੱਦ ਬਹੁਕੌਮੀ ਕੰਪਨੀਆਂ ਨੂੰ ਲੁਟਾਏ ਜਾ ਰਹੇ ਹਨ। ਇਸ ਨੂੰ ਸਾਡੀ ਸਰਕਾਰ ਵੀ ਆਦਿਵਾਸੀਆਂ ਨੂੰ 'ਮੁਖਧਾਰਾ' ਵਿੱਚ ਲਿਆਉਣ ਦਾ ਪਵਿੱਤਰ ਕਾਰਜ ਮੰਨਦੀ ਹੈ। ਮਸ਼ਹੂਰ ਨਾਬਰ-ਚਿੰਤਕ ਜੌਹਨ ਜ਼ਾਰਜ਼ਨ ਨਾਬਰੀ ਦੇ ਪੈਂਤੜੇ ਤੋਂ ਦਲੀਲ ਦਿੰਦਾ ਹੈ ਕਿ ਅਖੌਤੀ ਅਧੁਨਿਕਤਾ ਸਿੱਧੇ ਜਾਂ ਅਸਿੱਧੇ ਢੰਗ ਨਾਲ ਆਦਿਵਾਸੀਆਂ ਨੂੰ ਪਾਲਤੂ ਬਣਾਉਣ ਦਾ ਕੰਮ ਕਰਦੀ ਹੈ। ਮੁਖਧਾਰਾ ਵਿੱਚ ਲਿਆਉਣ ਦਾ ਮਤਲਬ ਮਨੁੱਖ ਨੂੰ ਪਾਲਤੂ ਬਣਾਉਣਾ ਗਿਣਿਆ ਜਾਵੇਗਾ। ਫ਼ਿਲਮ ਵਿੱਚ ਸਾਰੇ ਯਿੰਗੋ ਖ਼ਿੱਤੇ ਉੱਤੇ ਸਰਕਾਰ ਦਾ ਕਬਜ਼ਾ ਹੋ ਜਾਂਦਾ ਹੈ। ਆਖ਼ਰੀ ਕਬੀਲਾ 'ਕਰੀਨ ਅਕਰੋਰੀ' ਗੋਰਿਆਂ ਤੋਂ 'ਅਣਛਿਹਆ' ਪਿਆ ਹੈ। ਬ੍ਰਾਜ਼ੀਲ ਵਿੱਚ ਉਸ ਵੇਲੇ ਅਮਰੀਕਾ ਪੱਖੀ ਫ਼ੌਜੀ ਹਕੂਮਤ ਸੱਤਾ ਵਿੱਚ ਆ ਚੁੱਕੀ ਸੀ ਜੋ ਐਮਾਜ਼ੌਨ ਦੇ ਜੰਗਲਾਂ 'ਤੇ ਹਾਬੜੀ ਪਈ ਸੀ। ਫ਼ੌਜੀ ਜਰਨੈਲ, ਉਰਲਾਂਡੋ ਵਿਲਾਸ ਭਰਾਵਾਂ ਨੂੰ ਕਹਿੰਦਾ ਹੈ ਕਿ ਅਸੀਂ ਇਸ ਕਬੀਲੇ ਦੇ ਇਲਾਕੇ ਦੇ ਆਰ-ਪਾਰ ਬਹੁ-ਕਤਾਰੀ ਸੜਕ ਕੱਢ ਰਹੇ ਹਾਂ। ਉਰਲਾਂਡੋ ਬੇਨਤੀ ਕਰਦਾ ਹੈ ਕਿ ਘੱਟੋ-ਘੱਟ ਇੱਕ ਕਬੀਲੇ ਨੂੰ ਤਾਂ ਇਕਾਂਤ ਬਖ਼ਸ਼ ਦਿਓ। ਫ਼ੌਜੀ ਦਾ ਪੈਂਤੜਾ ਸਾਫ਼ ਹੈ। ਉਹ ਕਹਿੰਦਾ ਹੈ, "ਕਿਸੇ ਦਾ ਵੀ ਇਕਾਂਤ ਵਿੱਚ ਰਹਿਣਾ ਚੰਗੀ ਗੱਲ ਨਹੀਂ ਹੈ। ਸਿਰਫ਼ 'ਤਰੱਕੀ' ਹੀ ਚੰਗੀ ਚੀਜ਼ ਹੈ। ਉਹ ਮੂਲਵਾਸੀਆਂ ਲਈ ਵੀ ਚੰਗੀ ਹੈ।" ਉਰਲਾਂਡੋ ਦਾ ਜਵਾਬ ਹੈ, " ਨਹੀਂ ... ਇਹ ਤਰੱਕੀ ਦਾ ਮਾਡਲ ਸਾਡੇ ਲਈ ਵੀ ਚੰਗਾ ਨਹੀਂ ਹੈ। ਮੂਲਵਾਸੀਆਂ ਲਈ ਤਾਂ ਇਹ ਖ਼ਤਰਨਾਕ, ਗ਼ੈਰ-ਲੋੜੀਂਦਾ ਅਤੇ ਗ਼ੈਰ-ਜ਼ਰੂਰੀ ਹੈ।" 

ਪਹਿਲੀ ਵਾਰ ਛੇ ਸੌ 'ਕਰੀਨ ਅਕਰੋਰੀ' ਮੂਲਵਾਸੀ ਗੋਰੇ ਬੰਦੇ ਦੇ ਸੰਪਰਕ ਵਿੱਚ ਆਏ ਸਨ।  ਸ਼ਾਹਰਾਹ ਬਣਨ ਤੱਕ ਸਿਰਫ਼ ਉਣਾਸੀ ਮੂਲਵਾਸੀ ਬਚੇ ਸਨ ਜਿਨ੍ਹਾਂ ਨੂੰ 'ਯਿੰਗੋ ਕੌਮੀ ਪਾਰਕ' ਵਿੱਚ ਲਿਆਂਦਾ ਗਿਆ। ਇਸੇ ਕੜੀ ਵਿੱਚ ਲੇਖਕ ਅਰੁੰਧਤੀ ਰਾਏ ਸਾਡੀ ਸਰਕਾਰ ਨੂੰ ਕਹਿੰਦੀ ਹੈ ਕਿ ਆਦਿਵਾਸੀਆਂ ਅਤੇ ਚੌਗਿਰਦੇ ਦੀ ਭਲਾਈ ਲਈ ਬਾਕਸਾਈਟ ਪਹਾੜਾਂ ਦੇ ਵਿੱਚ ਪਿਆ ਰਹਿਣ ਦਿਓ। ਅਰੁੰਧਤੀ ਦਾ ਇਸ਼ਾਰਾ ਉਸ ਅਖੌਤੀ ਵਿਕਾਸ ਦੇ ਸਿੱਟਿਆਂ ਵੱਲ ਹੈ ਜੋ ਸਾਂਝੀਵਾਲਤਾ, ਕੁਦਰਤ ਪੱਖੀ ਜਾਂ ਸਭ ਦੀ ਸ਼ਮੂਲੀਅਤ ਦੇ ਵਿਚਾਰ ਉੱਤੇ ਟਿਕਿਆ ਹੋਇਆ ਨਹੀਂ ਹੈ। ਉੜੀਸਾ ਦਾ ਡੌਂਗਰੀਆ ਕੌਂਧ ਕਬੀਲਾ ਉਨ੍ਹਾਂ ਪਹਾੜਾਂ ਦਾ ਵਾਸੀ ਹੈ ਜਿਨ੍ਹਾਂ ਹੇਠ ਬਾਕਸਾਈਟ ਦੱਬਿਆ ਪਿਆ ਹੈ। ਇਸੇ ਬਾਕਸਾਈਟ ਦੀ ਲੁੱਟ ਮਚਾਉਣ ਲਈ ਕੌਂਧ ਕਬੀਲੇ ਨੂੰ ਉਜਾੜਿਆ ਜਾ ਰਿਹਾ ਹੈ। ਭੂਤਰੇ ਹਾਕਮਾਂ ਲਈ ਆਦਿਵਾਸੀ ਲੁੱਟ ਦੇ ਰਾਹ ਦਾ ਮੁੱਖ ਅੜਿੱਕਾ ਹਨ। ਅੰਗਰੇਜ਼ੀ ਅਖ਼ਬਾਰ 'ਇੰਡੀਅਨ ਐਕਸਪ੍ਰੈਸ' ਵਿੱਚ ਕਾਲਮ ਨਵੀਸ ਤਵਲੀਨ ਸਿੰਘ ਲਿਖਦੀ ਹੈ ਕਿ ਹੁਣ ਅਨਪੜ੍ਹ ਆਦਿਵਾਸੀ ਸਾਨੂੰ ਦੱਸਣਗੇ ਕਿ ਜਲ, ਜੰਗਲ ਅਤੇ ਜ਼ਮੀਨ ਕਿਸਦੀ ਹੈ? ਉਹ ਸਰਕਾਰ ਨੂੰ ਲੁੱਟ ਦਾ ਹੱਲਾ ਹੋਰ ਤੇਜ਼ ਕਰਨ ਲਈ ਉਕਸਾਉਂਦੀ ਹੈ। ਇਹ ਉਹੀ 'ਸ਼ਹਿਰੀ ਸੱਭਿਅਕ ਜਮਾਤ' ਹੈ ਜੋ ' ਯਿੰਗੋ ਪਾਰਕ' ਵਿੱਚ ਮੂਲਵਾਸੀ ਸ਼ਬਦ ਵੀ ਬਰਦਾਸ਼ਤ ਨਹੀਂ ਕਰਦੀ। ਉਂਝ ਹੋ ਸਕਦਾ ਹੈ ਕਿ ਇਹ ਬ੍ਰਾਜ਼ੀਲੀ ਸਰਕਾਰ ਦੇ ਉਲਟ ਆਦਿਵਾਸੀਆਂ ਲਈ ਰੱਤੀ ਭਰ ਜ਼ਮੀਨ ਛੱਡਣ ਲਈ ਵੀ ਤਿਆਰ ਨਾ ਹੋਣ। 'ਤਰੱਕੀ' ਅਤੇ 'ਤਜਰਬਾ' ਵੀ ਤਾਂ ਆਖ਼ਰ ਕੋਈ ਸ਼ੈਅ ਹੈ।

1 comment: