Sunday, 29 September 2013

ਨਾਬਰ: ਮਾਣ ਸੱਚੇ ਇਸ਼ਕ ਦਾ ਹੈ, ਹੁਨਰ ਦਾ ਦਾਅਵਾ ਵੀ

ਦਲਜੀਤ ਅਮੀ

ਕਲਾਕਾਰ ਕਈ ਸਮਿਆਂ, ਥਾਂਵਾਂ, ਵਿਚਾਰਾਂ, ਮੌਕਿਆਂ, ਸ਼ਖ਼ਸ਼ੀਅਤਾਂ ਅਤੇ ਤਜਰਬਿਆਂ ਨੂੰ ਸੰਵਾਦੀ ਮੰਚ ਉੱਤੇ ਲਿਆ ਕੇ ਆਪਣੇ ਸਮਕਾਲੀਆਂ ਦੀ ਬਾਤ ਪਾਉਂਦਾ ਹੈ। ਸਮਕਾਲੀ ਮਸਲਿਆਂ ਅਤੇ ਨਿੱਜੀ ਤ੍ਰਾਸਦੀਆਂ ਦੀਆਂ ਤੰਦਾਂ ਸਮਾਜਿਕ ਰੁਝਾਨ ਵਿੱਚੋਂ ਫੜਦਾ ਹੈ। ਇਸ ਰੁਝਾਨ ਦੀਆਂ ਚਾਲਕ ਸ਼ਕਤੀਆਂ ਦਾ ਖੁਰਾ ਨੱਪਦਾ ਹੈ। ਨਿੱਜੀ ਪੱਧਰ ਦੀਆਂ ਲੜਾਈਆਂ ਵਿੱਚੋਂ ਸਮਾਜਕ ਲੜਾਈ ਦੀ ਲੋੜ ਨੂੰ ਉਜਾਗਰ ਕਰਦਾ ਹੈ। ਜਦੋਂ 'ਨਾਬਰ' ਵਿੱਚ ਬਾਬਾ ਫ਼ਰੀਦ, ਬਾਬਾ ਗੋਬਿੰਦ ਸਿੰਘ ਅਤੇ ਬਾਬੂ ਰਜਬ ਅਲੀ ਦਾ 800 ਸਾਲਾਂ ਦਾ ਤਜਰਬਾ ਕਿਸੇ ਪਿਓ ਦੀ ਅੰਦਰ ਦੀ ਥਾਹ ਪਾਉਣ ਦਾ ਸਬੱਬ ਬਣਦਾ ਹੈ ਤਾਂ ਰਾਜੀਵ ਕੁਮਾਰ ਦੀ ਕਲਾਕਾਰੀ ਆਪਣੇ ਜਲੌਅ ਵਿੱਚ ਹੁੰਦੀ ਹੈ। ਪਰਵਾਸ ਦੀ 'ਖ਼ੁਸ਼ਹਾਲੀ' ਦਾ ਇਸ਼ਤਿਹਾਰ ਬਣਿਆ ਗਾਇਕ ਪੇਂਡੂ ਘਰ ਦੀ ਚੂਲ ਹਿਲਾਉਂਦਾ ਹੈ। ਇਕੱਲਾ ਪੁੱਤ ਪਰਦੇਸ ਦੇ ਰਾਹ ਵਿੱਚ ਕਤਲ ਹੁੰਦਾ ਹੈ ਤਾਂ ਦਰਦ ਵਸ ਪਿਓ ਹੀ ਜਾਣਦਾ ਹੈ। ਅੰਦਰ ਖੌਰੂ ਪੈਂਦਾ ਹੈ ਅਤੇ ਇਨਸਾਫ਼ ਦੀ ਲੜਾਈ ਓਪਰੀ ਧਰਤੀ ਉੱਤੇ ਦ੍ਰਿੜਤਾ ਨਾਲ ਲੜੀ ਜਾਣੀ ਹੈ। ਇਸ ਸੁਰਜਣ ਸਿੰਘ ਦੇ ਕਹੇ-ਅਣਕਹੇ ਨੂੰ ਹਰਦੀਪ ਗਿੱਲ ਪਰਦੇ ਉੱਤੇ ਸਹਿਜਤਾ ਨਾਲ ਉਤਾਰ ਦਿੰਦਾ ਹੈ। ਇਕੱਲੇ ਪੁੱਤ ਦੀ ਅਣਮਨੇ ਮਨ ਨਾਲ ਹਮਾਇਤ ਕਰਕੇ ਉਸ ਨੂੰ ਵਿਦੇਸ਼ ਤੋਰਨ ਵਾਲੀ ਮਾਂ ਉਸ ਦੇ ਵਿਆਹ ਦੀ ਉਡੀਕ ਵਿੱਚ ਸ਼ਗਨਾਂ ਦੇ ਗੀਤ ਗਾਉਂਦੀ ਹੈ। ਜਦੋਂ ਪੁੱਤ ਦੀਆਂ ਅਸਥੀਆਂ ਘਰ ਪੁੱਜਦੀਆਂ ਹਨ ਤਾਂ ਮਾਂ ਦਾ ਸੁਫ਼ਨਾ ਟੁੱਟਦਾ ਹੈ ਅਤੇ ਉਸ ਨੂੰ ਘੁਮੇਰ ਆਉਂਦੀ ਹੈ। ਉਹ ਹੋਣੀ ਤੋਂ ਮੁਨਕਰ ਹੋ ਜਾਂਦੀ ਹੈ ਅਤੇ ਬੇਸੁਧੀ ਵਿੱਚ ਆਪਣੇ-ਆਪ ਨਾਲ ਗੱਲ ਕਰਦੀ ਹੋਈ ਤ੍ਰਾਸਦੀ ਨੂੰ ਉਘਾੜਦੀ ਹੈ। ਹਰਵਿੰਦਰ ਕੌਰ ਬਬਲੀ ਨੇ ਸ਼ਿੰਦਰ ਕੌਰ ਦੇ ਇਸ ਕਿਰਦਾਰ ਨੂੰ ਆਪਣੇ ਕਲਬੂਤ ਨਾਲ ਇੱਕ-ਮਿੱਕ ਕਰ ਦਿੱਤਾ ਹੈ।

ਪੁੱਤ ਦੀਆਂ ਅਸਥੀਆਂ ਦੁਆਲੇ ਅੱਡ-ਅੱਡ ਪਾਸੇ ਮੂੰਹ ਕਰੀਂ ਖੜੇ ਮਾਪਿਆਂ ਦੇ ਦੁਆਲੇ ਕੈਮਰਾ ਘੁੰਮਦਾ ਹੈ। ਮਾਪਿਆਂ ਨੂੰ ਘੁਮੇਰ ਆਉਂਦੀ ਹੈ। 'ਨਾਬਰ' ਇਸੇ ਘੁਮੇਰ ਨੂੰ ਉਲਟਾ ਚੱਕਰ ਦੇਣ ਦੀ ਕਹਾਣੀ ਹੈ ਜੋ ਪੰਜਾਬੀ ਬੰਦੇ ਦੇ ਪਿੰਡੇ ਉੱਤੇ ਖੇਡੀ ਜਾ ਰਹੀ ਹੈ। ਮਾਂ ਹੋਣੀ ਤੋਂ ਮੁਨਕਰ ਹੋਕੇ ਪੁੱਤ ਦੀ ਉਡੀਕ ਕਰਦੀ ਹੈ ਅਤੇ ਪਿਓ ਡਾਢਿਆਂ ਦੇ ਤੰਦੂਆ-ਜਾਲ ਨੂੰ ਚਾਕ ਕਰਨ ਦਾ ਫ਼ੈਸਲਾ ਕਰਦਾ ਹੈ। ਇਸ ਤੋਂ ਬਾਅਦ ਵਿਛੋੜੇ ਦੇ ਦਰਦ ਅਤੇ ਇਨਸਾਫ਼ ਦੀ ਲੋੜ ਵਿੱਚੋਂ ਬਾਹਰਮੁਖੀ ਅਤੇ ਅੰਦਰਮੁਖੀ ਲੜਾਈ ਸ਼ੁਰੂ ਹੁੰਦੀ ਹੈ। ਪਿਓ ਬਾਹਰਮੁਖੀ ਅਤੇ ਮਾਂ ਅੰਦਰਮੁਖੀ ਲੜਾਈ ਦੀ ਨੁਮਾਇੰਦਗੀ ਕਰਦੇ ਹਨ ਪਰ ਇਸ ਲੜਾਈ ਵਿੱਚ ਨਿਖੇੜਾ ਕਰਨਾ ਮੁਸ਼ਕਲ ਹੈ। ਰਿਸ਼ਤੇਦਾਰਾਂ ਦੀਆਂ ਮਤਲਬਖ਼ੋਰੀਆਂ ਰਾਹੀਂ ਮਾਂ ਬਾਹਰਮੁਖੀ ਲੜਾਈ ਨਾਲ ਦੋਚਾਰ ਹੁੰਦੀ ਹੈ ਅਤੇ ਪਿਓ ਵਿਕਦੀ ਜ਼ਮੀਨ ਦੇ ਨਾਲ-ਨਾਲ ਪੁੱਤ ਦੇ ਯਾਰਾਂ ਰਾਹੀਂ ਆਪਣੇ-ਆਪ ਦੀ ਥਾਹ ਪਾਉਂਦਾ ਹੈ। 

ਫ਼ਿਲਮ ਦੇ ਇਤਿਹਾਸ ਵਿੱਚ ਬਹੁਤ ਸਾਰੀਆਂ ਫ਼ਿਲਮਾਂ ਪਿਓ-ਪੁੱਤ ਦੇ ਰਿਸ਼ਤੇ ਦੁਆਲੇ ਬੁਣੀਆਂ ਗਈਆਂ ਹਨ। ਦੂਜੀ ਜੰਗ ਤੋਂ ਬਾਅਦ ਦੇ ਮੰਦੇ ਦੀ ਤ੍ਰਾਸਦੀ 'ਬਾਈਸਿਕਲ ਥੀਵ' (ਸਾਈਕਲ ਚੋਰ) ਇਸੇ ਰਿਸ਼ਤੇ ਰਾਹੀਂ ਪਰਦਾਪੇਸ਼ ਹੋਈ। ਇਸ ਰਿਸ਼ਤੇ ਦੁਆਲੇ ਇਰਾਨੀ ਫ਼ਿਲਮਸਾਜ਼ ਮਖ਼ਮਲਵਾਫ਼ ਬਾਅਦ ਵਿੱਚ 'ਸਾਈਕਲ' ਬਣਾਉਂਦਾ ਹੈ ਜੋ ਅਫ਼ਗ਼ਾਨੀ ਪਨਾਹਗੀਰਾਂ ਦੀ ਇਰਾਨ ਵਿੱਚ ਹੋਣੀ ਬਿਆਨ ਕਰਦੀ ਹੈ। ਇਰਾਨ ਦਾ ਮਾਜਿਦ ਮਜੀਦੀ ਇਸੇ ਰਿਸ਼ਤੇ ਦੀਆਂ ਪਰਤਾਂ ਆਪਣੀ ਹਰ ਫ਼ਿਲਮ ਵਿੱਚ ਫਰੋਲਦਾ ਹੈ। ਇਸੇ ਰਿਸ਼ਤੇ ਦੁਆਲੇ ਜੰਗਾਂ ਦੀਆਂ ਮਾਰਮਿਕ ਕਹਾਣੀਆਂ ਬੁਣੀਆਂ ਗਈਆਂ ਹਨ। ਕੌਸਟਾ ਗਾਵਰਿਸ ਦੀ 'ਦ ਮਿਸਿੰਗ,' ਅਤੇ ਰੌਬਰਟ ਬੈਨਗਿਨੀ ਦੀ 'ਲਾਈਫ਼ ਇਜ਼ ਬਿਉਟੀਫੁੱਲ' ਦੋ ਮਸ਼ਹੂਰ ਫ਼ਿਲਮਾਂ ਹਨ। ਮਾਰੇ ਗਏ ਪੁੱਤਾਂ ਨੂੰ ਲੱਬਦੀਆਂ ਮਾਂਵਾਂ ਦੀਆਂ ਦੋ ਫ਼ਿਲਮਾਂ ਦਾ ਜ਼ਿਕਰ ਕਰਨਾ ਬਣਦਾ ਹੈ; ਬ੍ਰਾਜ਼ੀਲੀ ਫ਼ਿਲਮ 'ਜ਼ੁਜ਼ੂ ਏਂਜਲ' ਅਤੇ ਬੰਗਾਲੀ ਫ਼ਿਲਮ 'ਹਜ਼ਾਰ ਚੁਰਾਸੀ ਕੀ ਮਾਂ' ਵਿੱਚ ਬੋਲੀ ਅਤੇ ਸਮੇਂ-ਸਥਾਨ ਤੋਂ ਬਿਨਾਂ ਕੁਝ ਵੀ ਵੱਖ ਨਹੀਂ ਲੱਗਦਾ। 'ਨਾਬਰ' ਇਸੇ ਕੜੀ ਦੀ ਫ਼ਿਲਮ ਹੈ। 


ਪਿਓ-ਪੁੱਤ ਦਾ ਰਿਸ਼ਤਾ ਅਣਕਹੇ ਮੋਹ ਅਤੇ ਨਿੱਤ ਦੇ ਟਕਰਾਅ ਰਾਹੀਂ ਜੀਵਿਆ ਜਾਂਦਾ ਹੈ। ਹਾਜ਼ਰੀ ਦਾ ਪੱਥਰ ਗ਼ੈਰ-ਹਾਜ਼ਰੀ ਵਿੱਚ ਪਿਘਲਦਾ ਹੈ ਤਾਂ ਧੀਰਜ ਸਿਫ਼ ਸਮਾਂ ਹੀ ਧਰਾਉਂਦਾ ਹੈ। ਸਿਆਣਪ ਕੰਮ ਨਹੀਂ ਆਉਂਦੀ। ਸੁਰਜਣ ਸਿੰਘ ਦਾ ਪੁੱਤ ਕਰਮਾ ਵਿਦੇਸ਼ ਜਾਣ ਦੀ ਅੜੀ ਪੁਗਾ ਗਿਆ ਅਤੇ ਪਿਓ ਉਸੇ ਦੇ ਕਾਤਲਾਂ ਦੀ ਭਾਲ ਵਿੱਚੋਂ ਧਰਵਾਸ ਧਰਦਾ ਹੈ। ਮੁੰਬਈ ਵਿੱਚ ਕਰਮਾ ਆਪਣੇ ਯਾਰਾਂ ਨਾਲ ਬਾਪੂ ਦੀਆਂ ਗੱਲਾਂ ਕਰਦਾ ਹੈ। ਕਦੇ ਬਿਆਨ ਨਾ ਕੀਤੀਆਂ ਗੱਲਾਂ ਪੁੱਤ ਦੇ ਯਾਰ ਤੋਂ ਸੁਣ ਕੇ ਸੁਰਜਣ ਸਿੰਘ ਦਾ ਮੋਹ ਉਛਾਲੇ ਖਾਂਦਾ ਹੈ। ਕਰਮੇ ਦਾ ਯਾਰ ਆਪਣੇ ਪਿਓ ਨੂੰ ਹਿਰਖ ਨਾਲ ਛੱਡ ਆਇਆ ਹੈ ਅਤੇ ਹੁਣ ਉਸ ਤੋਂ ਹਿਰਖ ਅਤੇ ਮੋਹ ਵਿਚਲਾ ਨਿਖੇੜਾ ਨਹੀਂ ਕੀਤਾ ਜਾਂਦਾ। ਇਸ ਮੁਲਾਕਾਤ ਵਿੱਚ ਪਿਓ-ਪੁੱਤ ਦੇ ਮੋਹ ਦੀ ਬਾਤ ਹੱਡ-ਬੀਤੀ ਤੋਂ ਜੱਗ-ਬੀਤੀ ਤੱਕ ਦਾ ਸਫ਼ਰ ਤੈਅ ਕਰਦੀ ਹੈ। 

'ਨਾਬਰ' ਵਿੱਚੋਂ ਹਦਾਇਤਕਾਰ ਰਾਜੀਵ ਦੀ ਸ਼ਖ਼ਸ਼ੀਅਤ ਦਾ ਹਰ ਪੱਖ ਝਲਕਦਾ ਹੈ। ਹਰਦੀਪ ਨੇ ਪਰਦੇ ਉੱਤੇ ਪੀੜ ਨਾਲ ਲਵਰੇਜ਼ ਦ੍ਰਿੜਤਾ ਜਿਉਂਦੀ ਕਰ ਦਿੱਤੀ ਅਤੇ ਹਰਵਿੰਦਰ ਬਬਲੀ ਝੱਲ ਦੀਆਂ ਪਰਤਾਂ ਉਧੇੜ ਕੇ ਹੌਲ ਪਾ ਦਿੰਦੀ ਹੈ। 'ਨਾਬਰ' ਰਾਹੀਂ ਸਾਡੇ ਸਮਿਆਂ ਦੀ ਵਿਵੇਕੀ ਸੁਰ ਪਹਿਲੀ ਵਾਰ ਕਿਸੇ ਪੰਜਾਬੀ ਫ਼ਿਲਮ ਵਿੱਚ ਪਰਦਾਪੇਸ਼ ਹੋਈ ਹੈ। ਰਾਜੀਵ ਦਾ ਬਤੌਰ ਫ਼ਿਲਮਸਾਜ਼ ਦਸਤਾਵੇਜੀ ਫ਼ਿਲਮਾਂ ਦਾ ਬਹੁਤ ਤਜਰਬਾ ਹੈ। ਇਸ ਫ਼ਿਲਮ ਦੇ ਨਿਭਾਅ ਵਿੱਚ ਉਹ ਮੈਕਲੌਡਗੰਜ, ਚਮਕੌਰ ਸਾਹਿਬ, ਮੁੰਬਈ ਅਤੇ ਫਤਿਹਗੜ੍ਹ ਸਾਹਿਬ ਨੂੰ ਆਪਣੇ ਕਿਰਦਾਰਾਂ ਦੇ ਆਲੇ-ਦੁਆਲੇ ਲਪੇਟ ਦਿੰਦਾ ਹੈ। ਭੀੜ ਭਰੀਆਂ ਅਣਜਾਣੀਆਂ ਪਰ ਚੇਤਿਆਂ ਵਿੱਚ ਵਸੀਆਂ ਇਤਿਹਾਸਕ ਸਾਂਝ ਵਾਲੀਆਂ ਥਾਵਾਂ ਉੱਤੇ ਆਸਰਾ ਭਾਲਦਾ ਸੁਰਜਣ ਸਿੰਘ ਜਦੋਂ ਹੱਥੀਂ ਨਲਕਾ ਗੇੜ ਕੇ ਪਾਣੀ ਪੀਂਦਾ ਹੈ ਤਾਂ ਸੰਭਵ ਅਤੇ ਅਸੰਭਵ ਦੀ ਦਮੇਲ ਉੱਤੇ ਮਿਲਦੀਆਂ ਹੱਦਾਂ ਉਸ ਦੇ ਗੇੜ ਵਿੱਚ ਆਉਂਦੀਆਂ ਜਾਪਦੀਆਂ ਹਨ। ਜਦੋਂ ਇਹੋ ਪਿਓ ਖ਼ੌਫ਼ ਅਤੇ ਸੰਸੋਪੰਜ ਵਿੱਚ ਫਸੇ ਯੁੱਧਵੀਰ ਕੋਲ ਪੁੱਜਦਾ ਹੈ ਤਾਂ ਇੱਕ ਹੋਰ ਬਾਪ ਕਿਰਤ ਵਿੱਚ ਰੁਝਿਆ ਕਾਠ ਉੱਤੇ ਸਿੱਧੀਆਂ ਲਕੀਰਾਂ ਵਾਹ ਰਿਹਾ ਹੈ। ਇਹੋ ਲਕੀਰਾਂ ਉਸ ਦੀ ਜ਼ਿੰਦਗੀ ਦਾ ਸਿੱਧਾ-ਸਾਧਾ ਮੰਤਰ ਹਨ ਜੋ ਹੱਕ-ਸੱਚ ਦੀ ਬੋਲੀ ਜਾਣਦੀਆਂ ਹਨ। ਜਦੋਂ ਇਸ ਬਾਪ ਦੀ ਸਾਦਗੀ ਪੁੱਤ ਦੀ ਸੇਧ ਬਣਦੀ ਹੈ ਤਾਂ ਦੂਜੇ ਪਿਓ ਦੀ ਤਾਕਤ ਦੂਣ-ਸਵਾਈ ਹੁੰਦੀ ਹੈ। ਰਾਜੀਵ ਜਾਣਦਾ ਹੈ ਕਿ ਉਸ ਨੇ ਪੰਜਾਬੀ ਦਰਸ਼ਕਾਂ ਨੂੰ ਕੀ ਯਾਦ ਕਰਵਾਉਣਾ ਹੈ। ਨੌਰਾ ਰਿਚਰਡ ਦਾ ਅੰਧਰੇਟਾ ਵਿਚਲਾ ਘਰ, ਗਿਆਨੀ ਦਿੱਤ ਸਿੰਘ ਦੀ ਕਿਤਾਬ 'ਮੇਰਾ ਪਿੰਡ', ਭਗਤ ਸਿੰਘ, ਸ਼ਿਵਾਜੀ, ਭੀਮ ਰਾਓ ਅੰਬੇਦਕਰ ਅਤੇ ਪਾਸ਼ ਦੀ ਕਵਿਤਾ ਸਹਿਜ ਹੀ ਕਹਾਣੀ ਦਾ ਹਿੱਸਾ ਬਣ ਜਾਂਦੇ ਹਨ। 


ਰਾਜੀਵ ਦੀ ਫ਼ਿਲਮ 'ਨਾਬਰ' ਦਾ ਜ਼ਿਆਦਾਤਰ ਘਟਨਾਕ੍ਰਮ ਕੁਵੇਲੇ ਵਾਪਰਦਾ ਹੈ। ਉਸ ਦੀ ਫ਼ਿਲਮ ਵਿੱਚ ਧੁੱਪ ਨਹੀਂ ਹੈ। ਕੁਵੇਲੇ ਦੀ ਇਸ ਕਹਾਣੀ ਦਾ ਬਹੁਤ ਅਹਿਮ ਕਾਂਡ ਸਿਖ਼ਰ ਦੁਪਹਿਰੇ ਨਹਿਰ ਦੇ ਪੁੱਲ ਉੱਤੇ ਵਾਪਰਦਾ ਹੈ। ਪੁੱਲ ਹੇਠੋਂ ਮਣਾਮੂੰਹੀ ਪਾਣੀ ਵਗ ਰਿਹਾ ਹੈ ਅਤੇ ਇਨਸਾਫ਼ ਦੀ ਲੜਾਈ ਲੜ ਰਿਹਾ ਪਿਓ ਅਡੋਲ ਖੜੋਤਾ ਹੈ। ਨੇਕੀ-ਬਦੀ ਦੀ ਮੁਲਾਕਾਤ ਇਸੇ ਪੁੱਲ ਉੱਤੇ ਹੁੰਦੀ ਹੈ। ਪਿਓ ਨੂੰ 'ਵਗਦੀ ਗੰਗਾ ਵਿੱਚ ਹੱਥ ਧੋਣ' ਦੀ ਪੇਸ਼ਕਸ਼ ਹੁੰਦੀ ਹੈ। ਅਮੀਰੀ, ਸਿਆਸੀ ਸਰਪ੍ਰਸਤੀ ਅਤੇ ਗੁੰਡਾ-ਤਾਕਤ ਦੀ ਕਾਰ ਵਿੱਚ ਸਵਾਰ ਲਾਣਾ ਪਿਓ ਨੂੰ ਜਰਕਾਉਣ ਲਈ ਸੁਰ ਉੱਚੀ ਕਰਦਾ ਹੈ। ਖੁੱਸੇ ਪੁੱਤ ਦੀ ਕੀਮਤ ਖੇਤਾਂ ਨਾਲ ਨਹੀਂ ਉਤਾਰੀ ਜਾ ਸਕਦੀ ਭਾਵੇਂ ਖੇਤਾਂ ਦਾ ਖੁੱਸਣਾ ਘੱਟ ਸੋਗ਼ਵਾਰ ਨਹੀਂ ਹੈ। ਕਿਰਤੀ ਦਾ ਮੁੜਕਾ ਅਤੇ ਪਿਓ ਦਾ ਸਮਾਜਕ ਸੂਝ ਦੀ ਸਾਣ ਉੱਤੇ ਚੜ੍ਹਿਆ ਮੋਹ ਸਿਦਕਦਿਲੀ ਨਾਲ ਮਜ਼ਬੂਤ ਜੋਟੀ ਪਾਉਂਦਾ ਹੈ। ਇਨ੍ਹਾਂ ਹਾਲਾਤ ਵਿੱਚ ਵਗਦੇ ਪਾਣੀ ਦੇ ਉਪਰਲੇ ਪੁੱਲ ਉੱਤੋਂ ਪਿਓ ਜਰਵਾਣਿਆਂ ਦੀ ਹਾਠ ਨੂੰ ਚੀਰ ਕੇ ਲੰਘ ਜਾਂਦਾ ਹੈ। ਇਹ ਪਿਓ ਅਦਾਲਤ ਵਿਚਲੀ ਜਿੱਤ ਨੂੰ ਲੜਾਈ ਦਾ ਪਹਿਲਾਂ ਪੜਾਅ ਕਰਾਰ ਦਿੰਦਾ ਹੈ ਅਤੇ ਅਗਲੇ ਪੜਾਅ ਦੀ ਨਿਸ਼ਾਨਦੇਹੀ ਕਰਦਾ ਹੈ। 

ਰਾਜੀਵ ਨੇ ਕੁਵੇਲੇ ਦੀ ਕਹਾਣੀ ਦਿਨ-ਦਿਹਾੜੇ ਪਰਦਾਪੇਸ਼ ਕੀਤੀ ਹੈ। ਉਸ ਨੇ ਇਸ਼ਕ ਅਤੇ ਹੁਨਰ ਦੀ ਦਾਅਵੇਦਾਰੀ ਨਾਲ ਪੰਜਾਬੀ ਫ਼ਿਲਮ ਸਨਅਤ ਦੇ ਸਾਰੇ ਮੰਤਰ ਸਵਾਲਾਂ ਦੇ ਘੇਰੇ ਵਿੱਚ ਲਿਆ ਦਿੱਤੇ ਹਨ। ਮੰਡੀ, ਮੁਨਾਫ਼ੇ, ਹਾਸੇ-ਠੱਠੇ ਅਤੇ ਮਨੋਰੰਜਨ ਦੇ ਕਸੁੱਸਰੇ ਵਿੱਚ ਰਾਜੀਵ ਨੇ ਵਿਵੇਕ ਦਾ ਘਣਸ਼ਾਵਾ ਬੂਟਾ ਲਗਾਇਆ ਹੈ। ਇਹ ਕੁਵੇਲੀਂ ਬਾਤ ਨੂੰ ਵੇਲੇ ਸਿਰ ਸੁਣ ਲੈਣ ਦਾ ਸੱਦਾ ਹੈ। ਕਵੀ ਸ਼ਮਸ਼ੇਰ ਬਹਾਦਰ ਸਿੰਘ ਦੀ ਸਤਰ ਹੈ, "ਮਸਲਾ ਯੇਹ ਨਹੀਂ ਕਿ ਵੋ ਕਿਤਨਾ ਆਗੇ ਜਾ ਪਾਏ, ਮਸਲਾ ਯੇਹ ਹੈ ਕਿ ਜੋ ਮੁੱਦਾ ਉਨਹੋ ਨੇ ਉਠਾਇਆ ਵੋਹ ਕਿਤਨਾ ਕਾਵਿਲੇ-ਗੌਰ ਹੈ।"  ਪੰਜਾਬ ਦੇ ਦਰਦਮੰਦ ਫ਼ਿਲਮਸਾਜ਼ ਦੀ ਸਿਦਕਦਿਲੀ ਨਾਲ ਸਮਕਾਲੀ ਦੌਰ ਦੀ ਬਾਤ ਪਈ ਹੈ ਜੋ ਸੰਗਤ ਨਾਲ ਸੰਜੀਦਾ ਸੰਵਾਦ ਸ਼ੁਰੂ ਕਰਦੀ ਹੈ। 

No comments:

Post a Comment