Saturday, 7 September 2013

ਨਾਬਰਾਂ (ਅਨਾਰਕਿਸਟਾਂ) ਦਾ 'ਸਿਨੇਮਾ'

ਜਤਿੰਦਰ ਮੌਹਰ


ਅਨਾਰਕਿਜ਼ਮ ਸ਼ਬਦ ਨੂੰ ਪੰਜਾਬੀ ਜਾਂ ਹਿੰਦੀ ਵਿੱਚ ਇੰਨ-ਬਿੰਨ ਅਰਾਜਕਤਾਵਾਦੀ ਸ਼ਬਦ ਦੇ ਰੂਪ 'ਚ ਉਲਥਾਇਆ ਗਿਆ ਹੈ। ਇਸ ਸ਼ਬਦ ਤੋਂ ਸਾਡੇ ਦਿਮਾਗ 'ਚ ਬੇਮਕਸਦ ਭੰਨ-ਤੋੜ ਅਤੇ ਖ਼ੂਨ-ਖ਼ਰਾਬਾ ਕਰਨ ਵਾਲੀ ਵਿਚਾਰਧਾਰਾ ਦਾ ਬਿੰਬ ਉਭਰਦਾ ਹੈ। ਜਿਸ ਕਰਕੇ ਇਸ ਸ਼ਬਦ ਨੂੰ ਲੁੰਪਨ ਸ਼ਬਦ ਦੇ ਨਾਲ ਵੀ ਵਰਤ ਲਿਆ ਜਾਂਦਾ ਹੈ। ਇਹ ਗ਼ਲਤ ਪ੍ਰਸੰਗ 'ਚ ਪੜ੍ਹਿਆ ਜਾਣ ਵਾਲਾ ਸ਼ਬਦ ਹੈ। ਪੰਜਾਬੀ 'ਚ ਨਾਬਰ ਸ਼ਬਦ ਅਨਾਰਕਿਸਟ ਦੇ ਨੇੜੇ ਦਾ ਸ਼ਬਦ ਹੋ ਸਕਦਾ ਹੈ। ਨਾਬਰ ਅਤੇ ਇਨਕਲਾਬੀ ਹੋਣ 'ਚ ਫਰਕ ਹੈ। ਨਾਬਰ ਪਰਿਵਾਰ ਤੋਂ ਲੈ ਕੇ ਰਾਜ ਤੱਕ ਦੇ ਹਰ ਗ਼ਲਬੇ ਨੂੰ ਚੁਣੌਤੀ ਦਿੰਦਾ ਹੈ ਅਤੇ ਉਸਦੇ ਖ਼ਿਲਾਫ਼ ਲੜਦਾ ਹੈ ਪਰ ਇਨਕਲਾਬੀ ਬਦਲਵਾਂ ਪ੍ਰਬੰਧ ਪੇਸ਼ ਕਰਦਾ ਹੈ। ਜੇ ਨਾਬਰਾਂ ਦੇ ਪੇਸ਼ ਕੀਤੇ ਬਦਲਵੇਂ ਪ੍ਰਬੰਧ 'ਤੇ ਵਿਚਾਰ ਕੀਤੀ ਜਾਵੇ ਤਾਂ ਉਹ ਸਿਰੇ ਦਾ ਯੂਟੋਪੀਆ ਸਿਰਜਦੇ ਹਨ ਜਿੱਥੇ ਰਾਜ-ਰਹਿਤ ਸਮਾਜ ਦੀ ਗੱਲ ਕਰਦੇ ਹਨ। ਇਸ ਸਮਾਜ 'ਚ ਬੰਦੇ ਦਾ ਬੰਦੇ ਨਾਲ ਸਾਂਝੀਵਾਲਤਾ ਵਾਲਾ ਰਿਸ਼ਤਾ ਆਪਸੀ ਵਿਹਾਰ 'ਚੋਂ ਪੈਦਾ ਹੋਵੇਗਾ। ਇਸ ਵਿਹਾਰ ਨੂੰ ਕੋਈ ਪਰਿਵਾਰ, ਪਾਰਟੀ, ਪੁਲਸ-ਫ਼ੌਜ ਜਾਂ ਰਾਜਤੰਤਰ ਤੈਅ ਨਹੀਂ ਕਰੇਗਾ। ਕਮਿਉਨਿਜ਼ਮ ਵੀ ਸਮਾਜਵਾਦ ਦੇ ਅਗਲੇਰੇ ਪੜਾਅ ਸਾਮਵਾਦ 'ਚ ਰਾਜ ਦੇ ਗਾਇਬ ਹੋਣ ਦੀ ਗੱਲ ਕਰਦਾ ਹੈ। ਜਦੋਂ ਇੱਕ ਹੀ ਜਮਾਤ ਹੋਵੇਗੀ ਤਾਂ ਰਾਜ ਦੀ ਲੋੜ ਨਹੀਂ ਰਹੇਗੀ। ਕਈ ਸਿਆਸੀ-ਪੜਚੋਲੀਏ ਨਾਬਰੀ ਨੂੰ ਕਮਿਉਨਿਜ਼ਮ ਦਾ ਹਿੱਸਾ ਮੰਨਦੇ ਹਨ। 

ਆਲਮੀ ਪੱਧਰ 'ਤੇ ਨਾਬਰਾਂ ਅਤੇ ਇਨਕਲਾਬੀਆਂ ਦੀ ਆਪਸੀ ਲੰਬੀ ਬਹਿਸ ਰਹੀ ਹੈ। ਜਿਨ੍ਹਾਂ 'ਚ ਮਸ਼ਹੂਰ ਨਾਬਰ ਬਾਕੂਨਿਨ ਅਤੇ ਕਾਰਲ ਮਾਰਕਸ ਦੀ ਆਪਸੀ ਬਹਿਸ ਵੀ ਸ਼ਾਮਲ ਹੈ ਜਿੱਥੇ ਉਹ ਕਮਿਉਨਿਸਟਾਂ ਦੇ 'ਪ੍ਰੋਲੇਤਾਰੀਆਂ ਦੀ ਤਾਨਾਸ਼ਾਹੀ' ਦੇ ਵਿਚਾਰ ਨੂੰ ਚੁਣੌਤੀ ਦਿੰਦਾ ਹੈ। ਪੰਜਾਬ ਦਾ ਸਿਰਮੌਰ ਸ਼ਹੀਦ ਭਗਤ ਸਿੰਘ ਮੁੱਢਲੇ ਸਿਆਸੀ ਜੀਵਨ 'ਚ ਨਾਬਰ ਬਾਕੂਨਿਨ ਨਾਲ ਸਾਂਝ ਪਾਉਂਦਾ ਹੈ। ਭਗਤ ਸਿੰਘ ਨਾਬਰੀ ਦੇ ਅਰਥਾਂ ਅਤੇ ਨਿਸ਼ਾਨਿਆਂ ਬਾਰੇ ਵਿਸਤਾਰ ਨਾਲ ਲਿਖਦਾ ਹੈ। ਉਹ ਇਸ ਨੂੰ ਗ਼ਲਤ ਅਰਥਾਂ 'ਚ ਪੇਸ਼ ਕੀਤੇ ਜਾਣ ਦੀ ਲੰਬੀ ਤਫ਼ਸੀਲ (ਕਿਤਾਬ-ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀਆਂ ਲਿਖਤਾਂ) ਦਿੰਦਾ ਹੈ, "ਅਨਾਰਕਿਜ਼ਮ ਯੂਨਾਨੀ ਬੋਲੀ ਦੇ ਦੋ ਸ਼ਬਦਾਂ  AN (Not)  ਅਤੇ  Arche (Rule)   ਤੋਂ ਬਣਿਆ ਹੈ ਜਿਸਦਾ ਅਰਥ ਹੈ 'ਕੋਈ ਸੱਤਾ ਨਾ ਹੋਣਾ' ਮਤਲਬ ਮਨੁੱਖ ਦੀ ਪੂਰਨ ਆਜ਼ਾਦੀ। ਅਸੀਂ ਇਹ ਸ਼ਬਦ ਸੁਣਕੇ ਡਰ ਜਾਂਦੇ ਹਾਂ ਕਿ ਇਹ ਅਸੰਭਵ ਅਤੇ ਖ਼ਤਰਨਾਕ ਹੈ। ਅਨਾਰਕਿਜ਼ਮ 'ਚ ਜਿਸ ਆਦਰਸ਼ ਆਜ਼ਾਦੀ ਦੀ ਗੱਲ ਕੀਤੀ ਗਈ ਹੈ ਉਹ ਪੂਰਨ ਆਜ਼ਾਦੀ ਹੈ। ਜਿੱਥੇ ਮਨੁੱਖ ਨੂੰ ਹਰ ਭੈਅ, ਮਾਇਆ, ਦੌਲਤ ਦੇ ਲਾਲਚ ਜਾਂ ਖ਼ਬਤ ਤੋਂ ਆਜ਼ਾਦੀ ਮਿਲੇਗੀ ਪਰ ਆਜ਼ਾਦੀ ਦੇ ਨਾਮ 'ਤੇ ਉਸਦਾ ਸਰੀਰ ਕਿਸੇ ਸਰਕਾਰ ਜਾਂ ਪ੍ਰਬੰਧ ਦਾ ਗ਼ੁਲਾਮ ਨਹੀਂ ਹੋਵੇਗਾ।" ਬਾਕੂਨਿਨ ਰਾਹੀਂ ਭਗਤ ਸਿੰਘ ਦਾ ਸਿਆਸੀ ਸਫ਼ਰ ਉਸ ਨੂੰ ਬਾਬੇ ਮਾਰਕਸ ਦੀ ਵਿਚਾਰਧਾਰਾ ਵੱਲ ਲੈ ਤੁਰਦਾ ਹੈ। 

ਵਲੈਤ, ਰੂਸ, ਜਰਮਨ, ਫ਼ਰਾਂਸ, ਇਟਲੀ ਅਤੇ ਸਪੇਨ ਵਿੱਚ ਨਾਬਰਾਂ ਦਾ ਲੰਬਾ ਇਤਿਹਾਸ ਰਿਹਾ ਹੈ। ਸੰਨ੍ਹ ਉੱਨ੍ਹੀ ਸੌ ਦਸ ਤੋਂ ਬਾਅਦ ਇਸ ਵਿਚਾਰਧਾਰਾ ਨੂੰ ਮੰਨਣ ਵਾਲੇ ਦੁਨੀਆਂ ਦੇ ਕਈ ਮੁਲਕਾਂ 'ਚ ਫੈਲ ਗਏ। ਏਸ਼ੀਆ 'ਚ ਜਪਾਨ, ਕੋਰੀਆ ਅਤੇ ਚੀਨ ਦੇ ਇਤਿਹਾਸ ਵਿੱਚ ਨਾਬਰਾਂ ਦੀਆਂ ਕਾਰਵਾਈਆਂ ਦਾ ਜ਼ਿਕਰ ਮਿਲਦਾ ਹੈ। ਬ੍ਰਾਜ਼ੀਲ ਅਤੇ ਅਰਜਨਟੀਨਾ ਵਿੱਚ ਇਸ ਵਿਚਾਰਧਾਰਾ ਨੂੰ ਇਟਲੀ, ਜਰਮਨ ਅਤੇ ਯੂਰਪ ਤੋਂ ਆਏ ਪ੍ਰਵਾਸੀਆਂ ਨੇ ਪ੍ਰਚਾਰਿਆ। ਸੰਨ੍ਹ ਉੱਨ੍ਹੀ ਸੌ ਤੀਹ ਤੱਕ ਬ੍ਰਾਜ਼ੀਲ ਦੇ ਸਿਆਸੀ ਇਤਿਹਾਸ 'ਚ ਨਾਬਰਾਂ ਦੀ ਜ਼ਿਕਰਯੋਗ ਭੂਮਿਕਾ ਰਹੀ ਹੈ। ਮਜ਼ਦੂਰਾਂ ਦੇ ਹੱਕ ਦੀ ਗੱਲ ਇਨ੍ਹਾਂ ਲਾਤੀਨੀ ਮੁਲਕਾਂ 'ਚ ਨਾਬਰਾਂ ਨੇ ਕਰਨੀ ਸ਼ੁਰੂ ਕੀਤੀ। ਬ੍ਰਾਜ਼ੀਲ 'ਚ ਨਾਬਰਾਂ ਦੇ ਇਕ ਗੁੱਟ ਨੇ ਬ੍ਰਾਜ਼ੀਲੀ ਕਮਿਉਨਿਸਟ ਪਾਰਟੀ ਦੀ ਸਥਾਪਨਾ ਕੀਤੀ। ਸੰਨ੍ਹ ਉੱਨ੍ਹੀ ਸੌ ਤੀਹ 'ਚ ਸੱਤਾ 'ਚ ਆਏ ਫ਼ੌਜੀ-ਨਿਜ਼ਾਮ ਨੇ ਨਾਬਰਾਂ ਨੂੰ ਵੱਡੀ ਸੱਟ ਮਾਰੀ ਅਤੇ ਉਹ ਮੁੜ ਪੈਰਾਂ ਭਾਰ ਨਹੀਂ ਹੋ ਸਕੇ। ਨਾਬਰਾਂ ਦੀ ਵੱਡੀ ਗਿਣਤੀ ਕਮਿਉਨਿਸਟ ਪਾਰਟੀ 'ਚ ਸ਼ਾਮਲ ਹੋ ਗਈ। ਕਮਿਉਨਿਸਟਾਂ ਅਤੇ ਨਾਬਰਾਂ ਦੀ ਆਪਸੀ ਬਹਿਸ ਅਤੇ ਮਿਲ ਕੇ ਕੰਮ ਕਰਨ ਦਾ ਆਪਣਾ ਇਤਿਹਾਸ ਹੈ। ਬਰਾਬਰੀ ਦਾ ਅਤੇ ਦਾਬੇ ਰਹਿਤ ਸਮਾਜ ਸਿਰਜਣਾ ਦੋਹਾਂ ਦੀ ਸਾਂਝੀ ਪਹੁੰਚ ਹੈ ਪਰ ਨਾਬਰਾਂ ਦੇ ਉਲਟ ਕਮਿਉਨਿਸਟ ਵੱਡੀ ਜੱਥੇਬੰਦਕ-ਤਾਕਤ ਰਹੇ ਹਨ।  

ਨਾਬਰਾਂ ਦਾ ਸਿਨੇਮਾ ਧਾਰਨਾ ਦੇ ਰੂਪ 'ਚ ਸਥਾਪਿਤ ਸ਼ੈਅ ਨਹੀਂ ਹੈ। ਨਾਬਰਾਂ ਦੇ ਇਤਿਹਾਸ 'ਤੇ ਬਣੀਆਂ ਫ਼ਿਲਮਾਂ ਜਾਂ ਜਿਨ੍ਹਾਂ ਫ਼ਿਲਮਾਂ 'ਚ ਉਨ੍ਹਾਂ ਦਾ ਪ੍ਰਸੰਗ ਆਉਂਦਾ ਹੈ। ਉਨ੍ਹਾਂ ਨੂੰ ਚਲੰਤ ਬੋਲੀ 'ਚ ਨਾਬਰਾਂ ਦਾ 'ਸਿਨੇਮਾ' ਕਹਿ ਲਿਆ ਜਾਂਦਾ ਹੈ। ਵਿਚਾਰਧਾਰਾ ਅਤੇ ਗ਼ਲਬੇ ਦੀਆਂ ਸੂਖ਼ਮ ਤੈਹਾਂ ਨੂੰ ਵੱਖਰੇ-ਵੱਖਰੇ ਤਰੀਕੇ ਨਾਲ ਪਰਦਾਪੇਸ਼ ਕੀਤਾ ਗਿਆ ਹੈ। ਜਿਨ੍ਹਾਂ 'ਚੋਂ ਪਛਾਨਣਾ ਹੁੰਦਾ ਹੈ ਕਿ ਕਿਹੜੀ ਗੱਲ ਸਮਾਜਵਾਦ, ਮਨੁੱਖਤਾਵਾਦ, ਆਦਰਸ਼ਵਾਦ, ਕਮਿਉਨਿਜ਼ਮ ਜਾਂ ਨਾਬਰੀ ਦੇ ਪੈਂਤੜੇ ਤੋਂ ਹੋ ਰਹੀ ਹੈ? ਮੋਟੇ ਰੂਪ 'ਚ ਇਹ ਕਿਹਾ ਜਾਂਦਾ ਹੈ ਕਿ ਨਾਬਰੀ ਦੇ ਪੈਂਤੜੇ ਤੋਂ ਫ਼ਿਲਮਾਂ ਬਣਾਉਣ ਦਾ ਰੁਝਾਨ ਸਿਨੇਮੇ ਦੇ ਮੁੱਢਲੇ ਦਿਨਾਂ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਸੰਨ੍ਹ ਉੱਨ੍ਹੀ ਸੌ ਤੇਤੀ 'ਚ ਬਣੀ ਫ਼ਿਲਮ 'ਜ਼ੀਰੋ ਫਾਰ ਕੰਡਕਟ' ਉਨ੍ਹਾਂ ਮੁੱਢਲੀਆਂ ਫ਼ਿਲਮਾਂ 'ਚੋਂ ਇੱਕ ਹੈ ਜੋ ਫ਼ਰਾਂਸ ਵਿੱਚ ਸੰਨ੍ਹ ਉੱਨ੍ਹੀ ਸੌ ਛਿਆਲੀ ਤੱਕ ਪਾਬੰਦੀ ਦਾ ਸ਼ਿਕਾਰ ਰਹੀ।  ਬਹੁਤ ਬਾਅਦ ਬਣੀਆਂ ਕਈ ਫ਼ਿਲਮਾਂ 'ਤੇ ਇਸ ਫ਼ਿਲਮ ਦਾ ਅਸਰ ਦੱਸਿਆ ਜਾਂਦਾ ਹੈ ਜਿਵੇਂ 'ਦਿ 400 ਬਲੋਜ਼।' ਇਸ ਫ਼ਿਲਮ 'ਚ ਚਾਰ ਮੁੰਡੇ ਸਕੂਲ ਦੇ ਗ਼ਲਬੇ ਖ਼ਿਲਾਫ਼ ਪੈਂਤੜਾ ਲੈਂਦੇ ਹਨ। ਕਈ ਪੜਚੋਲੀਏ ਇਸ ਫ਼ਿਲਮ 'ਚ ਪੇਸ਼ ਹੋਏ ਬਾਲਗ਼ਾਂ ਅਤੇ ਨਾਬਾਲਗ਼ਾਂ ਦੇ ਆਪਸੀ ਵਿਰੋਧ ਨੂੰ ਜਮਾਤੀ ਸੰਘਰਸ਼ ਵਜੋਂ ਪੇਸ਼ ਕਰਦੇ ਹਨ ਅਤੇ ਕਈ ਸਿੱਖਿਆ ਢਾਂਚੇ ਨੂੰ ਗ਼ਲਬੇ ਦੇ ਰੂਪ 'ਚ ਪੇਸ਼ ਕਰਦੇ ਹਨ। 

ਕਈ ਮੌਜੂਦਾ ਪੱਛਮੀ ਫ਼ਿਲਮਾਂ 'ਚ ਨਾਬਰਾਂ ਦੀ ਪੇਸ਼ਕਾਰੀ ਜੋਕਰਾਂ, ਆਪਹੁਦਰਿਆਂ ਜਾਂ ਵਿਚਾਰਧਾਰਾ ਦੇ ਨਾਮ 'ਤੇ ਕੱਚਘਰੜ ਕਿਸਮ ਦੇ ਪਾਤਰਾਂ ਅਤੇ ਖਰੂਦੀ ਤੱਤਾਂ ਵਜੋਂ ਹੋ ਰਹੀ ਹੈ। ਇਨ੍ਹਾਂ ਫ਼ਿਲਮਾਂ ਦੇ ਬਹਾਨੇ, ਗ਼ਲਬੇ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਭੰਡਿਆ ਜਾਂਦਾ ਹੈ। ਹਰ ਤਰ੍ਹਾਂ ਦੇ ਵਿਰੋਧ ਨੂੰ ਅਮਨ-ਕਨੂੰਨ ਦਾ ਮਸਲਾ ਬਣਾਕੇ ਪੇਸ਼ ਕੀਤਾ ਜਾਂਦਾ ਹੈ। ਅੰਨ੍ਹੀ ਭੰਨ-ਤੋੜ ਅਤੇ ਕਤਲਾਂ 'ਚ ਲੱਗੇ ਲੋਕਾਂ ਨੂੰ 'ਨਾਬਰ' ਨਾਮ ਨਾਲ ਪ੍ਰਚਾਰਿਆ ਜਾਂਦਾ ਹੈ। ਇਹ ਸ਼ਬਦ ਫ਼ਿਲਮ ਦੀ ਇਸ਼ਤਿਹਾਰਬਾਜ਼ੀ ਵਿੱਚ ਉਘੜਵੇਂ ਰੂਪ 'ਚ ਵਰਤਿਆ ਜਾਂਦਾ ਹੈ। ਜਰਮਨ ਵਿੱਚ ਇਸ ਰੁਝਾਨ ਦੀਆਂ ਨੁਮਾਇੰਦਾ ਫ਼ਿਲਮਾਂ ਬਣੀਆਂ ਹਨ। ਇਸ ਖਿੱਤੇ 'ਚ ਨਾਬਰਾਂ ਦਾ ਲੰਬਾ ਇਤਿਹਾਸ ਰਿਹਾ ਹੈ। 

ਫ਼ਰਾਂਸ ਦੇ ਮਸ਼ਹੂਰ ਨਾਬਰ-ਚਿੰਤਕ ਜੀਨ ਪਾਲ ਸਾਰਤਰ ਦਾ ਕਹਿਣਾ ਹੈ, "ਨਾਬਰੀ ਨੈਤਿਕਤਾ ਮੁਖੀ ਹੋਣੀ ਚਾਹੀਦੀ ਹੈ।" ਇਸ ਸੰਦਰਭ 'ਚ ਕਈ ਗੌਲਣਯੋਗ ਫ਼ਿਲਮਾਂ ਪਰਦਾਪੇਸ਼ ਹੋਈਆਂ ਹਨ। ਇਨ੍ਹਾਂ 'ਚੋਂ ਬਹੁਤੀਆਂ ਫ਼ਿਲਮਾਂ ਸਪੇਨੀ ਖ਼ਾਨਾਜੰਗੀ ਨਾਲ ਸੰਬੰਧਤ ਹਨ ਜਿਸ ਵਿੱਚ ਨਾਬਰਾਂ ਦਾ ਅਹਿਮ ਹਿੱਸਾ ਰਿਹਾ ਹੈ।  'ਜ਼ੀਰੋ ਫਾਰ ਕੰਡਕਟ', 'ਬਟਰਫਲਾਈ', 'ਦਿ ਅਨਾਰਕਿਸਟ' (ਕੋਰੀਅਨ ਫ਼ਿਲਮ), 'ਲੈਂਡ ਐਂਡ ਫਰੀਡਮ', 'ਲਿਬਰੇਟਰਜ਼', 'ਐਜੂਕੇਟਰਜ਼', 'ਸੈਕੋ ਐਂਡ ਵੈਂਜ਼ੈਟੀ' ਵਗੈਰਾ ਦਾ ਨਾਮ ਸ਼ਾਮਲ ਹੈ। ਇਨ੍ਹਾਂ ਵਿੱਚੋਂ 'ਬਟਰਫਲਾਈ' ਸ਼ਾਹਕਾਰ ਫ਼ਿਲਮ ਦੇ ਤੌਰ 'ਤੇ ਜਾਣੀ ਜਾਂਦੀ ਹੈ। ਇਨ੍ਹਾਂ ਫ਼ਿਲਮਾਂ ਬਾਰੇ ਲਿਖਣਾ ਲੰਬੇ ਲੇਖ ਦੀ ਮੰਗ ਕਰਦਾ ਹੈ। ਆਉਣ ਵਾਲੇ ਸਮੇਂ 'ਚ ਇਨ੍ਹਾਂ ਖ਼ਾਸ ਫ਼ਿਲਮਾਂ 'ਤੇ ਚਰਚਾ ਕਰਦੇ ਰਹਾਂਗੇ। 

(ਲੇਖਕ ਨਾਬਰੀ (Anarchism) ਅਤੇ ਨਾਬਰਾਂ (Anarchists) ਨਾਲ ਜੁੜੀਆਂ ਫ਼ਿਲਮਾਂ ਬਾਬਤ ਲੇਖ ਲੜੀ ਲਿਖ ਰਿਹਾ ਹੈ। ਉਹ ਉਸ ਲੜੀ ਦਾ ਪਹਿਲਾ ਲੇਖ ਹੈ।)

2 comments:

  1. ੧) ਅਰਾਜਕਤਾਵਾਦ ਦੀ ਥਾਂ ਨਾਬਰੀ ਸ਼ਬਦ ਵਰਤਣ ਨਾਲ ਕੀ ਇਸ ਵਿਚਾਰਧਾਰਾ ਦਾ ਤੱਤ ਵੀ ਬਦਲਿਆ ਜਾ ਸਕਦਾ ਹੈ? ਉਹ ਤੱਤ, ਜਿਸ ਖਿਲਾਫ਼ ਮਾਰਕਸ-ਏਂਗਲਜ਼ ਨੇ ਸਮਝੌਤਾਰਹਿਤ ਸੰਘਰਸ਼ ਕੀਤਾ ਤੇ ਇੱਕ ਵੀ ਛੋਟ ਨਹੀਂ ਦਿੱਤੀ..

    ੨) "ਕਮਿਉਨਿਜ਼ਮ ਵੀ ਸਮਾਜਵਾਦ ਦੇ ਅਗਲੇਰੇ ਪੜਾਅ ਸਾਮਵਾਦ 'ਚ ਰਾਜ ਦੇ ਗਾਇਬ ਹੋਣ ਦੀ ਗੱਲ ਕਰਦਾ ਹੈ।"
    .. ਪਰ ਸਮਾਜਵਾਦ ਦੇ ਪੜਾਅ ਉੱਤੇ ਤਾਂ ਮਾਰਕਸਵਾਦ "ਰਾਜ" ਦੀ ਗੱਲ ਕਰਦਾ ਹੈ ਜੋ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਹੈ.. ਜਿਸ ਤੋਂ ਅਰਾਜਕਤਾਵਾਦੀ ਇਨਕਾਰੀ ਹਨ| ਲੇਖ ਵਿੱਚ ਇਹ ਸਤਰ ਇਸ ਢੰਗ ਨਾਲ ਫਿੱਟ ਹੈ ਕਿ ਜਿਸ ਤੋਂ ਅਰਾਜਕਤਾਵਾਦ ਦੇ ਮਾਰਕਸਵਾਦ ਦੇ ਨੇੜੇ ਹੀ, ਮਾਰਕਸਵਾਦ ਦੇ ਪੱਖੀ ਹੋਣ ਦਾ ਭੁਲੇਖਾ ਖੜਾ ਹੁੰਦਾ ਹੈ, ਜਦਕਿ ਅਸਲ ਵਿੱਚ ਇਦਾਂ ਹੈ ਨਹੀਂ.. ਜੇ ਤੁਹਾਨੂੰ ਅਜਿਹਾ ਲੱਗਦਾ ਹੈ ਤਾਂ ਤੁਹਾਨੂੰ ਦੋਵਾਂ ਬਾਰੇ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ|

    ੩)"ਬਾਕੂਨਿਨ ਰਾਹੀਂ ਭਗਤ ਸਿੰਘ ਦਾ ਸਿਆਸੀ ਸਫ਼ਰ ਉਸ ਨੂੰ ਬਾਬੇ ਮਾਰਕਸ ਦੀ ਵਿਚਾਰਧਾਰਾ ਵੱਲ ਲੈ ਤੁਰਦਾ ਹੈ।"
    ... ਕੀ ਇਸਦਾ ਮਤਲਬ ਇਹ ਹੈ ਕਿ ਬਾਕੂਨਿਨ ਮਾਰਕਸਵਾਦ ਵੱਲ ਜਾਣ ਦਾ ਰਸਤਾ ਹੈ? ਅਸਲ ਵਿੱਚ ਉਲਟਾ ਹੈ, ਬਾਕੂਨਿਨ ਮਾਰਕਸਵਾਦ ਤੋਂ ਉਲਟੇ ਜਾਣ ਦਾ ਰਸਤਾ ਹੈ.. ਭਗਤ ਸਿੰਘ ਹੁਰਾਂ ਦੀਆਂ ਅਮਲੀ ਕਾਰਵਾਈਆਂ ਵੀ ਇਹੀ ਦਿਖਾਉਂਦੀਆਂ ਹਨ.. ਭਗਤ ਸਿੰਘ ਜੇ ਬਾਕੂਨਿਨ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ ਤਾਂ ਅੱਜ ਹਾਲਤ ਸ਼ਾਇਦ ਹੋਰ ਹੁੰਦੀ ਕਿਉਂਕਿ ਫਿਰ ਉਸਨੇ ਪਾਰਲੀਮੈਂਟ 'ਚ ਬੰਬ ਸੁੱਟਣ ਦੀ ਥਾਂ ਪਾਰਟੀ ਖੜੀ ਕਰਨ ਦੇ ਕੰਮ ਨੂੰ ਅੱਗੇ ਰੱਖਣਾ ਸੀ..

    .. ਅਰਾਜਕਤਾਵਾਦੀਆਂ ਬਾਰੇ ਲਿਖਣਾ ਚਾਹੀਦਾ ਹੈ, ਲਿਖਿਆ ਜਾਵੇ ਪਰ ਅਰਾਜਕਤਾਵਾਦ ਤੇ ਮਾਰਕਸਵਾਦ 'ਚ ਵਿਚਾਰਧਾਰਕ ਮੇਲ-ਮਿਲਾਪ, ਸਮਝੌਤਾ ਕਰਾਉਣ ਦਾ ਯੂਟੋਪੀਆ ਨਾ ਉਸਾਰਿਆ ਜਾਵੇ.. ਦੂਸਰਾ, ਕਿਰਤੀ ਲੋਕਾਂ ਦੇ ਸੰਘਰਸ਼ ਵਿੱਚ ਅਰਾਜਕਤਾਵਾਦ ਦੀ ਕੁਲ ਇਤਿਹਾਸਕ ਭੂਮਿਕਾ ਨੂੰ ਵੀ ਨਿਰਖਿਆ ਜਾਵੇ ਤਾਂ ਹੋਰ ਵੀ ਵਧੀਆ ਹੈ..

    ReplyDelete
  2. ਬਾਅਦ ਵਿੱਚ ਚੇਤੇ ਆਇਆ..
    .. ਜੇ ਅਰਾਜਕਤਾਵਾਦੀ "ਨਾਬਰ" ਹਨ ਤਾਂ ਕਮਿਊਨਿਸਟ ਕੀ ਹਨ? ਕੀ ਉਹ ਨਾਬਰ ਨਹੀਂ ਵਿਦਮਾਨ ਹਾਲਤਾਂ ਤੋਂ? ਮੇਰੇ ਖਿਆਲ ਵਿੱਚ ਤਾਂ ਕਮਿਊਨਿਸਟ ਵੀ ਨਾਬਰ ਹਨ, ਫ਼ਰਕ ਇਹ ਹੈ ਕੌਣ ਕਿਸ ਤੋਂ, ਕਿਸ ਤਰ੍ਹਾਂ, ਕਦੋਂ ਨਾਬਰ ਹੈ.. ਤੇ ਫਿਰ ਅਰਾਜਕਤਾਵਾਦੀ ਨਾਬਰਾਂ ਦੀ ਇੱਕ ਕਿਸਮ ਹੋ ਗਏ, ਨਾ ਕਿ ਇੱਕੋ-ਇੱਕ ਨਾਬਰ ਹੋ ਗਏ ਜਿਸ ਤਰ੍ਹਾਂ ਅਰਾਜਕਤਾਵਾਦ ਦੀ ਥਾਂ ਨਾਬਰ ਸ਼ਬਦ ਵਰਤਣ ਨਾਲ ਹੋ ਜਾਂਦਾ ਹੈ.. ਕੁਝ ਸਾਲਾਂ ਬਾਅਦ ਜੋ ਭਾਵ ਅਰਾਜਕਤਾਵਾਦ ਤੋਂ ਲਿਆ ਜਾਂਦਾ ਹੈ, ਉਹੀ ਭਾਵ ਨਾਬਰ ਸ਼ਬਦ ਤੋਂ ਲਿਆ ਜਾਣ ਲੱਗੇਗਾ, ਫਿਰ ਕੀ ਅਸੀਂ ਹੋਰ ਸ਼ਬਦ ਲੱਭਾਂਗੇ? .. ਹੁਣ ਜਿਵੇਂ ਸ਼ਬਦ "ਕਮਿਊਨਿਸਟ", ਪਦਾਰਥਵਾਦ ਤੋਂ ਵੀ ਲੋਕੀਂ ਪਤਾ ਨਹੀਂ ਕੀ-ਕੀ ਭਾਵ ਲੈਂਦੇ ਹਨ ਤਾਂ ਕੀ ਆਪਾਂ ਇਹਨਾਂ ਸ਼ਬਦਾਂ ਦੀ ਥਾਂ ਨਵੇਂ ਸ਼ਬਦ ਲੱਭੀਏ..

    .. ਵੈਸੇ ਅਰਾਜਕਤਾਵਾਦ ਇੱਕ ਅਜਿਹੀ ਵਿਚਾਰਧਾਰਾ ਹੈ ਜਿਹੜੀ ਕਿਸੇ ਵੀ ਤਰ੍ਹਾਂ ਦੇ ਰਾਜ ਦੀ ਵਿਰੋਧੀ ਹੈ, ਜਿਸ ਵਿੱਚ ਮਜ਼ਦੂਰਾਂ ਦਾ ਰਾਜ ਵੀ ਸ਼ਾਮਲ ਹੈ.. "ਰਾਜ ਦਾ ਵਿਰੋਧ", ਇਸ ਅਰਥ ਵਿੱਚ ਅਰਾਜਕਤਾਵਾਦ ਇਕਦਮ ਸਹੀ ਹੈ, ਨਾ ਕਿ ਨਾਬਰ ਜੋ ਇਸ ਵਿਚਾਰਧਾਰਾ ਦਾ ਤੱਤ ਛੁਪਾਉਂਦਾ ਹੈ..

    ReplyDelete