Saturday 31 December 2011

ਜਮਾਤੀ ਸਮਾਜ ਅਤੇ ਪੰਜਾਬੀ ਗਾਇਕੀ



ਅਮਨਦੀਪ ਕੌਰ ਦਿਓਲ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਦੀ ਹੈ ਅਤੇ ਵਿਦਿਆਰਥੀ ਜਥੇਬੰਦੀ 'ਪੰਜਾਬ ਸਟੂਡੈਂਟਸ ਯੂਨੀਅਨ' ਵਿੱਚ ਸਰਗਰਮ ਹੈ। ਪੰਜਾਬ ਵਿੱਚ ਲੱਚਰ ਗਾਇਕੀ ਖ਼ਿਲਾਫ਼ ਚੱਲ ਰਹੀ ਬੀਬੀਆਂ ਦੀ ਮੁਹਿੰਮ ਵਿੱਚ ਅਮਨਦੀਪ ਵੀ ਸਰਗਰਮ ਹੈ। ਉਸ ਨੇ ਆਪਣੇ ਲੇਖ ਵਿੱਚ ਗਾਇਕੀ ਦੇ ਮੌਜੂਦਾ ਨਿਘਾਰ ਦੀਆਂ ਤੰਦਾਂ ਨੂੰ ਸੰਵਾਦ ਦਾ ਵਿਸ਼ਾ ਬਣਾਇਆ ਹੈ। ਲੱਚਰ ਗਾਇਕੀ ਦੀ ਘਾਤਕ ਮਾਰ ਹੇਠ ਆਈਆਂ ਬੀਬੀਆਂ ਨੂੰ ਉਹ ਸਮਾਜਿਕ ਤਬਦੀਲੀ ਦੀ ਸਿਆਸਤ ਨਾਲ ਜੋੜ ਕੇ ਬਿਹਤਰ ਸਮਾਜ ਦਾ ਸਦੀਵੀ ਸੁਫ਼ਨਾ ਪੇਸ਼ ਕਰ ਰਹੀ ਹੈ।


ਅਮਨਦੀਪ ਕੌਰ ਦਿਓਲ

ਜਮਾਤੀ ਸਮਾਜ ਅੰਦਰ ਸੱਭਿਆਚਾਰ, ਕਲਾ ਅਤੇ ਸਾਹਿਤ ਜਮਾਤੀ ਮੁਫ਼ਾਦਾਂ ਦੀ ਪੂਰਤੀ ਕਰਦਾ ਹੈ। ਇਹ ਸਭ ਕੁਝ ਆਰਥਿਕ ਢਾਂਚੇ ਮੁਤਾਬਕ ਹੁੰਦਾ ਹੈ। ਜਿਸ ਨੂੰ ਗ਼ੁਲਾਮਦਾਰੀ, ਜਾਗੀਰਦਾਰੀ ਅਤੇ ਪੂੰਜੀਵਾਦ ਸਮਾਜ ਦੇ ਪ੍ਰਸੰਗ ਵਿੱਚ ਦੇਖਿਆ ਜਾ ਸਕਦਾ ਹੈ। ਗ਼ੁਲਾਮਦਾਰੀ ਵਿੱਚ ਮਾਲਕ, ਜਾਗੀਰਦਾਰੀ ਵਿੱਚ ਜਾਗੀਰਦਾਰ ਅਤੇ ਪੂੰਜੀਵਾਦ ਸਮਾਜ ਵਿੱਚ ਪੂੰਜੀਪਤੀ ਕਾਬਜ਼ ਧਿਰ ਹੁੰਦੇ ਹਨ। ਸਭ ਕੁਝ ਗ਼ਾਲਬ ਧਿਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਸਿਰਜਿਆ ਜਾਂਦਾ ਹੈ। ਪੈਦਾਵਾਰੀ ਸਾਧਨਾਂ ਉੱਤੇ ਕਾਬਜ਼ ਹੋਣ ਕਰਕੇ ਗ਼ਾਲਬ ਧਿਰ ਹਰੇਕ ਰੁਝਾਨ ਨੂੰ ਆਪਣੇ ਹਿੱਤਾਂ ਮੁਤਾਬਕ ਘੜਦੀ ਹੈ।

ਕਾਬਜ਼ ਧਿਰ ਦੀ ਰਾਜਸੱਤਾ ਆਪਣੀ ਵਿਚਾਰਧਾਰਾ ਨੂੰ ਆਪਣੇ ਦਬਾਊ ਯੰਤਰਾਂ ਅਤੇ ਵਿਚਾਰਧਾਰਕ ਯੰਤਰਾਂ ਰਾਹੀਂ ਫੈਲਾਉਂਦੀ ਹੈ। ਦਬਾਊ ਯੰਤਰਾਂ ਵਿੱਚ ਜ਼ੇਲ੍ਹਾਂ, ਕਚਿਹਰੀਆਂ, ਪੁਲਿਸ, ਫੌਜ਼ ਅਤੇ ਵਿਚਾਰਧਾਰਕ ਯੰਤਰਾਂ ਵਿੱਚ ਸਿੱਖਿਆ, ਪਰਿਵਾਰ, ਕਾਨੂੰਨ, ਸਿਆਸਤ, ਧਰਮ, ਟਰੇਡ ਯੂਨੀਅਨ ਅਤੇ ਸੰਚਾਰ ਸਾਧਨ ਆਦਿ ਕਾਬਜ਼ ਧਿਰ ਦੀ ਸੱਤਾ ਨੂੰ ਕਾਇਮ ਰੱਖਣ ਵਿੱਚ ਸਹਾਈ ਹੁੰਦੇ ਹਨ।

ਭਾਰਤੀ ਸਮਾਜ ਦਾ ਖ਼ਾਸਾ ਅਰਧ-ਜਗੀਰੂ ਅਤੇ ਅਰਧ-ਬਸਤੀ ਹੋਣ ਕਰਕੇ ਸਾਮਰਾਜੀਏ-ਦਲਾਲ ਸਰਮਾਏਦਾਰੀ ਅਤੇ ਜਗੀਰੂ-ਭੂਮੀਪਤੀ ਇੱਥੋਂ ਦੀ ਕਾਬਜ਼ ਧਿਰ ਅਤੇ ਕਿਸਾਨੀ ਅਤੇ ਮਜ਼ਦੂਰ ਜਮਾਤ ਲੁੱਟੀ ਜਾਂਦੀ ਧਿਰ ਹੈ। ਇਸ ਲਈ ਇੱਥੋਂ ਦੇ ਆਰਥਿਕ ਢਾਂਚੇ ਮੁਤਾਬਕ ਸੱਭਿਆਚਾਰ, ਕਲਾ ਅਤੇ ਸਾਹਿਤ ਪਰੋਸਿਆ ਜਾਂਦਾ ਹੈ ਜੋ ਕਾਬਜ਼ ਧਿਰ ਦੇ ਹਿੱਤਾਂ ਦੀ ਪੂਰਤੀ ਕਰਦਾ ਹੈ।

ਕਲਾ ਦੀ ਜ਼ਿੰਮੇਵਾਰੀ ਨਾ ਸਿਰਫ਼ ਸਮਾਜਿਕ ਹਾਲਾਤ ਦੀ ਪੇਸ਼ਕਾਰੀ ਕਰਨਾ ਹੁੰਦਾ ਹੈ ਸਗੋਂ ਨਾਲ-ਨਾਲ ਉਸਨੂੰ ਬਦਲਣ ਵਿੱਚ ਆਪਣੀ ਭੂਮਿਕਾ ਨਿਭਾਉਣਾ ਵੀ ਹੁੰਦਾ ਹੈ। ਸਮਾਜ ਦੇ ਵਿਕਾਸ ਵਿੱਚ ਜਿੱਥੇ ਕਿਰਤ ਦਾ ਕੇਂਦਰੀ ਰੋਲ ਹੈ ਉੱਥੇ ਕਲਾ ਦਾ ਮੌਜੂਦਾ ਰੂਪ ਵੀ ਲੰਬੀ ਕਿਰਤ ਪ੍ਰਕਿਰਿਆ ਵਿੱਚੋਂ ਗੁਜ਼ਰਦਿਆਂ ਮਕਬੂਲ ਹੋਇਆ ਹੈ। ਸਾਮਰਾਜੀਏ ਆਪਣੀਆਂ ਆਰਥਿਕ ਨੀਤੀਆਂ ਨੂੰ ਜਦੋਂ ਭਾਰਤ ਵਰਗੇ ਮੁਲਕਾਂ ਵਿੱਚ ਲਾਗੂ ਕਰਦੇ ਹਨ ਨਾਲੋਂ-ਨਾਲ ਉਸ ਦੇਸ਼ ਦੀ ਮਾਨਸਿਕਤਾ ਨੂੰ ਗ਼ੁਲਾਮ ਕਰਨ ਲਈ ਆਪਣਾ ਸੱਭਿਆਚਾਰ ਵੀ ਪਰੋਸਦੇ ਹਨ। ਇਹ ਰੁਝਾਨ ਪੰਜਾਬੀ ਗਾਇਕੀ ਨੂੰ ਬੁਰੀ ਤਰ੍ਹਾਂ ਆਪਣੀ ਪਕੜ ਵਿੱਚ ਲੈ ਚੁੱਕਿਆ ਹੈ। ਵਿਸ਼ਵੀਕਰਨ ਦੀ ਨੀਤੀ ਰਾਹੀਂ ਸਾਮਰਾਜੀ ਸਰਮਾਏ ਨੂੰ ਸੰਸਾਰ ਭਰ ਵਿੱਚ ਵਿਚਰਨ ਦਾ ਨਵਾਂ ਮੌਕਾ ਮਿਲਿਆ ਅਤੇ ਇਸ ਰਾਹੀਂ ਭਾਰਤੀ ਸਮਾਜ ਵਿੱਚ ਡਿਸ਼ ਅਤੇ ਕੇਬਲ ਟੀ.ਵੀ. ਦੀ ਆਮਦ ਨਾਲ ਸਾਮਰਾਜੀ ਸੱਭਿਆਚਾਰ ਭਾਰਤੀ ਜੀਵਨ ਵਿੱਚ ਆਪਣੀ ਸਿੱਧੀ ਦਖ਼ਲਅੰਦਾਜ਼ੀ ਦੇ ਨਵੇਂ ਪੜਾਅ ਵਿੱਚ ਪਹੁੰਚ ਗਿਆ। ਪੰਜਾਬੀ ਗਾਇਕੀ ਸਾਮਰਾਜ ਦੇ ਹਿੱਤਾਂ ਦੀ ਪੂਰਤੀ ਲਈ ਸੱਭਿਆਚਾਰ ਨੂੰ ਹਥਿਆਰ ਵਾਂਗ ਵਰਤ ਰਹੀ ਹੈ। ਪੰਜਾਬੀ ਗਾਇਕੀ ਸੱਭਿਆਚਾਰ ਦਾ ਚੋਲਾ ਪਾ ਕੇ ਨੰਗੇਜ਼ ਅਤੇ ਲੱਚਰਤਾ ਪਰੋਸ ਰਹੀ ਹੈ ਜੋ ਸਾਡੀ ਨੌਜਵਾਨ ਪੀੜ੍ਹੀ ਤੋਂ ਬਿਨਾਂ ਔਰਤ ਉੱਤੇ ਸਭ ਤੋ ਵੱਧ ਅਸਰਅੰਦਾਜ਼ ਹੋ ਰਹੀ ਹੈ।

ਮੌਜੂਦਾ ਪੰਜਾਬੀ ਗਾਇਕੀ ਤਿੰਨ ਨੁਕਤਿਆਂ ਦੁਆਲੇ ਘੁੰਮ ਰਹੀ ਹੈ - ਹਥਿਆਰ, ਔਰਤ ਅਤੇ ਨਸ਼ਾ ਜੋ ਸਮਾਜ ਨੂੰ ਭੋਗਵਾਦ ਦੀਆਂ ਲੀਹਾਂ ਤੇ ਲਿਜਾ ਕੇ ਨੈਤਿਕ ਕਦਰਾਂ ਕੀਮਤਾਂ ਨੂੰ ਡੇਗ ਰਿਹਾ ਹੈ। ਪੰਜਾਬੀ ਗਾਇਕੀ ਸੰਭਾਵਨਾਵਾਂ ਭਰਪੂਰ ਨੌਜਵਾਨ ਵਰਗ ਨੂੰ ਭੋਗਵਾਦ ਵੱਲ ਲਿਜਾ ਰਹੀ ਹੈ। ਉਨ੍ਹਾਂ ਦੀ ਜਿਹੜੀ ਸ਼ਕਤੀ ਕਿਸੇ ਚੰਗੀ ਲਹਿਰ ਉਸਾਰਨ ਵਿੱਚ ਲੱਗਣੀ ਚਾਹੀਦੀ ਹੈ, ਉਹ ਅੱਜ ਨਸ਼ਿਆਂ ਅਤੇ ਵੈਲੀਪੁਣੇ ਵੱਲ ਰੁੜ੍ਹ ਰਹੀ ਹੈ। ਗੀਤਾਂ ਵਿੱਚ ਵੈਲੀਪੁਣੇ ਨੂੰ ਆਦਰਸ਼ ਬਣਾਇਆ ਜਾ ਰਿਹਾ ਹੈ। ਜਿੱਥੇ ਆਰਥਿਕ ਨੀਤੀਆਂ ਦੇ ਸਿੱਟੇ ਵਜੋਂ ਦੇਸ਼ ਦੀ 77 ਫ਼ੀਸਦੀ ਜਨਤਾ ਵੀਹ ਰੁਪਏ ਦੀ ਰੋਜ਼ਾਨਾ ਆਮਦਨ ਨਾਲ ਗੁਜ਼ਾਰਾ ਕਰ ਰਹੀ ਹੈ, ਕਿਸਾਨੀ ਖੁਦਕੁਸ਼ੀਆਂ ਦੇ ਰਾਹ ਪੈ ਰਹੀ ਹੈ ਉੱਥੇ ਪੰਜਾਬ ਗਾਇਕੀ ਜੱਟ ਨੂੰ ਮੌਜਾਂ ਕਰਦੇ ਹੋਏ ਦਿਖਾ ਰਹੀ ਹੈ। ਪੰਜਾਬੀ ਗਾਇਕੀ ਪਤਾ ਨਹੀਂ ਕਿਸ ਪੰਜਾਬ ਦੀ ਗੱਲ ਕਰਦੀ ਹੈ। ਇਸ ਗਾਇਕੀ ਦੀ ਸਭ ਤੋਂ ਵੱਡੀ ਸ਼ਿਕਾਰ ਔਰਤ ਬਣ ਰਹੀ ਹੈ। ਜਿਸਨੂੰ ਗੀਤਾਂ ਵਿੱਚ ਬੇਵਫ਼ਾ, ਚਰਿੱਤਰਹੀਣ ਅਤੇ ਨੁਮਾਇਸ਼ ਦੀ ਵਸਤ ਵਾਂਗ ਪੇਸ਼ ਕਰ ਰਹੀ ਹੈ। ਜਿਸ ਦੇ ਸਿੱਟੇ ਵਜੋਂ ਔਰਤ ਨਾਲ ਸੰਬੰਧਿਤ ਜ਼ੁਰਮਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਡੀਆਂ ਕੁੜੀਆਂ ਦੀ ਕਿਹੋ-ਜਿਹੀ ਤਸਵੀਰ ਗੀਤਾਂ ਵਿੱਚ ਪੇਸ਼ ਕੀਤੀ ਜਾ ਰਹੀ ਹੈ ਜਿਵੇਂ: ਜਿਹੜੀ ਕੁੜੀ ਕੋਲ ਨੈੱਟ ਆ, ਸਮਝੋ ਉਹ ਸੈੱਟ ਆ, ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ, ਸਾਡੀ ਮਾਂ ਨੂੰ ਪੁੱਤ ਨਹੀਂ ਲੱਭਣੇ ਨੀ ਤੈਨੂੰ ਯਾਰ ਬਥੇਰੇ, ਚੰਡੀਗੜ੍ਹ ਵਿੱਚ ਕੁੜੀ ਮਿਲੀ ਇੱਕ ਚਾਕਲੇਟ ਵਰਗੀ, ਲੱਕ ਟਵੰਟੀ ਏਟ ਕੁੜੀ ਦਾ ਫੋਰਟੀ ਸੈਵਨ ਵੇਟ ਕੁੜੀ ਦਾ, ਖਾਲੀ ਕਰਕੇ ਮੰਜੇ ਦੇ ਥੱਲੇ ਰੋੜ੍ਹ ਦਿਆਂਗੇ, ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ, ਆਦਿ ਵਰਗੇ ਗਾਣਿਆਂ ਵਿੱਚ ਔਰਤ ਨੂੰ ਮਨੁੱਖ ਦਾ ਦਰਜਾ ਦੇਣਾ ਤਾਂ ਦੂਰ ਦੀ ਗੱਲ ਹੈ। ਉਸ ਨੂੰ ਸਿਰਫ਼ ਅਤੇ ਸਿਰਫ਼ ਭੋਗਣ ਵਾਲੀ ਵਸਤ ਦੇ ਤੌਰ 'ਤੇ ਹੀ ਪੇਸ਼ ਕੀਤਾ ਜਾ ਰਿਹਾ ਹੈ। ਸਾਰੇ ਗੀਤ 'ਮੇਲ ਗੇਜ਼' (ਮਰਦਾਵੀਂ ਤਾੜ) ਨੂੰ ਧਿਆਨ ਵਿੱਚ ਰੱਖ ਕੇ ਬਣਾਏ ਜਾਂਦੇ ਹਨ ਕਿਉਂਕਿ ਔਰਤ ਦੇ ਪੈਦਾਵਾਰੀ ਖੇਤਰ ਤੋਂ ਬਾਹਰ ਹੋਣ ਨਾਲ, ਮਰਦ ਦੇ ਪੈਦਾਵਰੀ ਸਰਗਰਮੀ ਨਾਲ ਜੁੜੇ ਰਹਿਣ ਅਤੇ ਆਰਥਿਕਤਾ ਤੇ ਕਾਬਜ਼ ਹੋਣ ਕਰਕੇ ਸਮਾਜ ਵਿੱਚ ਕਲਾਵਾਂ ਨੂੰ ਮਰਦ ਦੀ ਨਜ਼ਰ ਤੋਂ ਉਸੇ ਦੀ ਸੰਤੁਸ਼ਟੀ ਲਈ ਬਣਾਇਆ ਜਾਂਦਾ ਹੈ ਜੋ ਕਿ ਮਰਦ-ਪ੍ਰਧਾਨ ਸਮਾਜ ਦੀ ਤਰਜ਼ਮਾਨੀ ਹੈ। ਇਸ ਰੁਝਾਨ ਨਾਲ ਬੱਚੇ ਵਿਗੜ ਰਹੇ ਹਨ ਅਤੇ ਕਸੂਰਵਾਰ ਮਾਂ ਨੂੰ ਸਮਝਿਆ ਜਾਂਦਾ ਹੈ।

ਇਨ੍ਹਾਂ ਗੀਤਾਂ ਵਿੱਚ ਨੌਜਵਾਨ ਤਬਕੇ ਨੂੰ ਮੁੱਖ ਤੌਰ ਉੱਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਕਰਕੇ ਨੌਜਵਾਨਾਂ ਵਿੱਚ ਢਾਣੀਵਾਦੀ ਹਿੰਸਾ ਵਧ ਰਹੀ ਹੈ। ਇਨ੍ਹਾਂ ਗੀਤਾਂ ਦੇ ਅਰਧ-ਨਗਨ ਫਿਲਮਾਂਕਨ ਰਾਹੀਂ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਜਾ ਰਿਹਾ ਹੈ। ਭਾਰਤ ਵਰਗੇ ਜਗੀਰੂ ਕਦਰਾਂ-ਕੀਮਤਾਂ ਵਾਲੇ ਮੁਲਕ ਦੀ ਉਸ ਮਾਨਸਿਕਤਾ ਨੂੰ ਕੈਸ਼ ਕਰਕੇ ਮੰਡੀ ਆਪਣੇ ਹਿੱਤ ਪੁਗਾ ਰਹੀ ਹੈ, ਇਸੇ ਕਰਕੇ ਇਸ ਰੁਝਾਨ ਨੂੰ ਲਗਾਤਾਰ ਹੁਲਾਰਾ ਵੀ ਮਿਲ ਰਿਹਾ ਹੈ। ਜਿਸਦਾ ਨਤੀਜਾ ਹੈ ਕਿ ਹਰੇਕ 54 ਮਿੰਟ ਬਾਅਦ ਇੱਕ ਬਲਾਤਕਾਰ ਹੁੰਦਾ ਹੈ ਅਤੇ 42 ਮਿੰਟ ਵਿੱਚ ਇੱਕ ਔਰਤ ਦਾਜ ਦੀ ਬਲੀ ਚੜ੍ਹਦੀ ਹੈ। ਹਰ 43 ਮਿੰਟ ਵਿੱਚ ਔਰਤ ਦੇ ਅਗਵਾ ਹੋਣ, 20 ਮਿੰਟ ਵਿੱਚ ਛੇੜਛਾੜ ਅਤੇ 7 ਮਿੰਟ ਬਾਅਦ ਔਰਤ ਨਾਲ ਸੰਬੰਧਿਤ ਕੋਈ ਜੁਰਮ ਦੀ ਘਟਨਾਵਾਂ ਹੁੰਦੀਆਂ ਹਨ। ਇਸੇ ਅਸੁਰੱਖਿਅਕਤਾ ਵਿੱਚੋਂ ਹੀ ਭਰੂਣ ਹੱਤਿਆ ਵਰਗੀਆਂ ਬੀਮਾਰੀਆਂ ਉਪਜ ਰਹੀਆਂ ਹਨ। ਸਾਮਰਾਜੀ ਨੀਤੀਆਂ ਨੇ ਜਿੱਥੇ ਪਹਿਲਾਂ ਹੀ ਆਮ ਲੋਕਾਂ ਦੀ ਜ਼ਿੰਦਗੀ ਨੂੰ ਦੁੱਭਰ ਕੀਤਾ ਹੈ ਉੱਥੇ ਪੰਜਾਬੀ ਗਾਇਕੀ ਉਨ੍ਹਾਂ ਨੂੰ ਹਨੇਰਗਰਦੀ ਵੱਲ ਲੈ ਕੇ ਜਾ ਰਹੀ ਹੈ ਅਤੇ ਹੋਰ ਗੁੰਝਲਦਾਰ ਬਣਾ ਰਹੀ ਹੈ। ਇਨ੍ਹਾਂ ਗੁੰਝਲਾਂ ਵਿੱਚੋਂ ਆਮ ਇਨਸਾਨ ਨੂੰ ਇੱਕ ਲੋਕ-ਲਹਿਰ ਹੀ ਕੱਢ ਸਕਦੀ ਹੈ ਅਤੇ ਇੱਕ ਚੰਗਾ ਅਤੇ ਸਾਫ਼-ਸੁਥਰਾ ਸੱਭਿਆਚਾਰ ਦੇ ਸਕਦੀ ਹੈ। ਇਸ ਲਈ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਸਮਾਜ ਨੂੰ ਇਨਕਲਾਬੀ ਲੀਹਾਂ ਵੱਲ ਲੈ ਕੇ ਜਾਈਏ। ਔਰਤਾਂ ਦੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ। ਸਮਾਜ ਵਿੱਚ ਤੀਹਰੀ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਲਈ ਜੱਥੇਬੰਦ ਹੋਣਾ ਉਸਦੀ ਬੁਨਿਆਦੀ ਲੋੜ ਬਣ ਚੁੱਕੀ ਹੈ।

Thursday 22 December 2011

ਨਾਬਰੀ ਦੀ ਮਮਤਾਮਈ ਸੁਰ 'ਹਜ਼ਾਰ ਚੌਰਾਸੀ ਕੀ ਮਾਂ'


ਜਤਿੰਦਰ ਮੌਹਰ

ਵੀਹਵੀਂ ਸਦੀ ਦਾ ਛੇਵਾਂ ਤੇ ਸੱਤਵਾਂ ਦਹਾਕਾ ਇਨਕਲਾਬੀ ਜੋਸ਼ ਨਾਲ ਭਰਿਆ ਸਮਾਂ ਸੀ। ਆਲਮੀ ਇਨਕਲਾਬੀ ਲਹਿਰਾਂ ਉਬਾਲ 'ਤੇ ਸਨ। ਇਨਕਲਾਬ ਬਰੂਹਾਂ 'ਤੇ ਜਾਪਦਾ ਸੀ। ਲਾਤੀਨੀ ਅਮਰੀਕਾ ਤੋਂ ਲੈ ਕੇ ਏਸ਼ੀਆ ਤੱਕ ਇਨਕਲਾਬ ਦਾ ਨਾਹਰਾ ਗੂੰਜ ਰਿਹਾ ਸੀ। ਮਾਉ, ਫਿਦਲ ਅਤੇ ਚੀ ਗੁਵੇਰਾ ਇਸ ਦੀ ਪਛਾਣ ਬਣ ਚੁੱਕੇ ਸਨ। ਅਮਰੀਕਾ ਅਤੇ ਯੂਰਪ 'ਚ ਜੰਗ ਅਤੇ ਸਾਮਰਾਜ ਦੇ ਖ਼ਿਲਾਫ਼ ਲੱੱਖਾਂ ਦੇ ਇਕੱਠ ਹੋ ਰਹੇ ਸਨ। ਫ਼ਿਲਸਤੀਨੀ ਮੁੰਡੇ ਜਰਮਨ ਦੇ ਸ਼ਹਿਰੀ ਛਾਪਾਮਾਰਾਂ ਨੂੰ ਛੁਡਵਾਉਣ ਆਉਂਦੇ ਅਤੇ ਮਨੁੱਖੀ ਏਕੇ ਦਾ ਸਬੂਤ ਦਿੰਦੇ ਸਨ। ਮਨੁੱਖਤਾ ਦੀ ਬਰਾਬਰੀ ਦਾ ਸੁਪਨਾ ਲੈ ਕੇ ਅਣਗਿਣਤ ਨਾਬਰ ਮੁੰਡੇ-ਕੁੜੀਆਂ ਜੰਗਲ ਦਾ ਰਾਹ ਫੜ ਰਹੇ ਸਨ।

ਸਾਡੇ ਮੁਲਕ 'ਚ ਕੌਮੀ ਮੁਕਤੀ ਲਹਿਰ ਦਾ ਹੁਸੀਨ ਸੁਪਨਾ ਚਕਨਾਚੂਰ ਹੋ ਚੁੱਕਿਆ ਸੀ। ਕਾਲੇ ਅੰਗਰੇਜ਼ਾਂ ਨੇ ਆਪਣਾ ਰੰਗ ਚਿਰੋਕਣਾ ਦਿਖਾ ਦਿੱਤਾ ਸੀ। ਸੰਨ 1967 ਦੀ 'ਬਸੰਤ ਗੜ੍ਹਕ' ਨੇ ਟੁੱਟੇ ਸੁਪਨਿਆਂ ਨੂੰ ਨਵਾਂ ਰਾਹ ਦਿਖਾ ਦਿੱਤਾ। ਦਰਦਮੰਦੀ ਨਾਲ ਲਬਰੇਜ਼ ਮੁੰਡੇ-ਕੁੜੀਆਂ ਆਵਾਮ ਦੇ ਗਲ ਪਾਈ ਰੱਸੀ ਦਾ ਸਿਰਾ ਲੱਭਣ ਤੁਰ ਪਏ। ਉਹ ਸਾਰੀਆਂ ਪੁਰਾਣੀਆਂ ਧਾਰਨਾਵਾਂ ਉਲਟ ਦੇਣੀਆਂ ਚਾਹੁੰਦੇ ਸਨ ਜੋ ਮਨੁੱਖ ਨੂੰ ਇੱਕ ਹੋਣ ਤੋਂ ਰੋਕਦੀਆਂ ਸਨ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਲਈ ਕਸੂਰਵਾਰ ਸਨ। ਉਹ ਗ਼ਰੀਬੀ, ਜਾਤ-ਪਾਤ, ਪ੍ਰਬੰਧਕੀ-ਸਿਆਸੀ ਹਿੰਸਾ, ਸਫ਼ੇਦਪੋਸ਼ ਕਦਰਾਂ-ਕੀਮਤਾਂ ਅਤੇ ਰੂੜੀਵਾਦੀ ਸਮਾਜ ਨੂੰ ਮਿੱਟੀ 'ਚ ਮਿਲਾ ਦੇਣਾ ਚਾਹੁੰਦੇ ਸਨ। ਉਹ ਤਾਂ ਨਵਾਂ ਆਲਮ ਸਿਰਜਣ ਤੁਰੇ ਸਨ ਜਿੱਥੇ ਮਨੁੱਖ ਨੂੰ ਮਨੁੱਖ ਦੇ ਰੂਪ 'ਚ ਦੇਖਿਆ ਜਾਣਾ ਸੀ। ਉਨ੍ਹਾਂ ਨੂੰ ਬਿਖ਼ੜ੍ਹੇ ਪੈਂਡੇ ਅਤੇ ਆਪਣੀ ਹੋਣੀ ਦਾ ਅਹਿਸਾਸ ਸੀ। ਬਹੁਤ ਕੁਝ ਸੋਚੇ ਮੁਤਾਬਕ ਨਾ ਹੋ ਸਕਿਆ ਪਰ ਨਾਬਰਾਂ ਨੇ ਜ਼ਿੰਦਗੀ ਦੇ ਗੀਤ ਆਪਣੇ ਲਹੂ ਨਾਲ ਸਿੰਜ ਦਿੱਤੇ ਜਿਨ੍ਹਾਂ ਬਾਰੇ ਪਾਸ਼ ਨੇ ਕਿਹਾ ਹੈ ਕਿ ਉਹ ਆਉਂਦੇ ਰਹੇ ਤੇ ਡੋਲਦੇ ਰਹੇ ਮਿੱਟੀ 'ਚ ਲਹੂ ਦੇ ਤੁਬਕੇ। ਇਨ੍ਹਾਂ ਤੁਬਕਿਆਂ ਨਾਲ ਹੀ ਦਰਿਆਵਾਂ ਨੇ ਦਿਸ਼ਾ ਫੜਨੀ ਸੀ।

ਫ਼ਿਲਮ ਹਜ਼ਾਰ ਚੌਰਾਸੀ ਕੀ ਮਾਂ ਅਜਿਹੇ ਹੀ ਨਾਬਰ ਮੁੰਡੇ ਕੁੜੀਆਂ ਦੇ ਸੁਪਨਿਆਂ ਅਤੇ ਹੋਣੀ ਦੀ ਕਹਾਣੀ ਹੈ।ਇਹ ਫ਼ਿਲਮ ਮਹਾਂਸ਼ਵੇਤਾ ਦੇਵੀ ਦੇ ਇਸੇ ਨਾਮ ਵਾਲੇ ਨਾਵਲ 'ਤੇ ਆਧਾਰਤ ਹੈ। ਫ਼ਿਲਮ ਦਾ ਮੁੱਢ ਹਿਲਾ ਦੇਣ ਵਾਲੀਆਂ ਤਸਵੀਰਾਂ ਨਾਲ ਬੱਝਦਾ ਹੈ। ਤਸਵੀਰਾਂ ਲਹਿਰ ਦੇ ਫ਼ਲਸਫ਼ੇ ਅਤੇ ਪੁਲਿਸ ਤਸ਼ੱਦਦ ਨੂੰ ਬਿਆਨ ਕਰਦੀਆਂ ਹਨ। ਇੱਕ ਤਸਵੀਰ 'ਚ ਔਰਤ ਉੱਤੇ ਪੁਲਸੀਏ ਬੰਦੂਕਾਂ ਤਾਣੀ ਖੜ੍ਹੇ ਹਨ। ਔਰਤ ਦਾ ਮੁਹਾਂਦਰਾ ਅਤੇ ਅਦਾ ਸਿੰਧੂ ਘਾਟੀ ਸੱਭਿਅਤਾ ਦੀ ਮਸ਼ਹੂਰ ਮੂਰਤੀ 'ਨਾਚੀ' ਨਾਲ ਮਿਲਦੀ-ਜੁਲਦੀ ਹੈ। ਉਨ੍ਹਾਂ ਸਮਿਆਂ 'ਚ ਔਰਤ ਨੂੰ ਕਾਦਰ ਦੇ ਰੂਪ 'ਚ ਦੇਖਿਆ ਜਾਂਦਾ ਸੀ ਅਤੇ ਔਰਤ-ਪ੍ਰਧਾਨ ਸਮਾਜ ਹੋਣ ਦਾ ਜ਼ਿਕਰ ਮਿਲਦਾ ਹੈ। ਤਸਵੀਰ ਵਾਲੀ ਔਰਤ ਦੇ ਸਿਰ ਕੋਲ ਲਾਲ ਰੰਗ ਦੇ ਹਵਾ 'ਚ ਵੱਟੇ ਮੁੱਕੇ ਦਿਖਾਈ ਦਿੰਦੇ ਹਨ। ਤਸਵੀਰ ਨੂੰ ਦੇਖ ਕੇ ਹਿੰਦੀ ਕਵੀ ਗੋਰਖ ਪਾਂਡੇ ਦੀ ਕਵਿਤਾ ਚੇਤੇ ਆਉਂਦੀ ਹੈ,
ਸਦੀਆਂ ਪੁਰਾਣਾ ਹੈ ਉਨ੍ਹਾਂ ਦਾ ਗੁੱਸਾ
ਸਦੀਆਂ ਪੁਰਾਣੀ ਹੈ ਉਨ੍ਹਾਂ ਦੀ ਨਫ਼ਰਤ
ਮੈਂ ਤਾਂ ਉਨ੍ਹਾਂ ਦੇ ਸ਼ਬਦਾਂ ਨੂੰ ਲੈਅ ਅਤੇ ਤਾਲ ਵਿੱਚ ਸੁਣਾ ਰਿਹਾ ਹਾਂ
ਤੁਹਾਨੂੰ ਲਗਦਾ ਹੈ ਕਿ ਅੱਗ ਭੜਕਾ ਰਿਹਾ ਹਾਂ।

ਇਨ੍ਹਾਂ ਬੰਦੂਕਾਂ ਨੇ ਕਾਦਰ ਦੇ ਔਰਤ ਰੂਪ ਨੂੰ ਪੈਰ ਦੀ ਜੁੱਤੀ ਬਣਾਇਆ। ਸਿਆਸਤ ਨੂੰ ਮਾਂ ਵਰਗੀ ਨਾ ਰਹਿਣ ਦਿੱਤਾ। ਮਹਾਂਬਲੀ ਮਨੁੱਖ ਦੇ ਸਿਰ 'ਚੋਂ ਨਾਬਰੀ ਦਾ ਕਣ ਕੱਢਣ ਲਈ ਬੰਦੂਕਾਂ ਤੋਂ ਲੈ ਕੇ ਗ੍ਰੰਥਾਂ ਤੱਕ ਨੂੰ ਪਲੀਤ ਕੀਤਾ। ਤਸਵੀਰ ਵਿਚਲੀ ਔਰਤ ਕਦੇ ਨਾਬਰ ਕੁੜੀ ਨੰਦਨੀ (ਨੰਦਿਤਾ ਦਾਸ), ਕਦੇ ਸੁਜਾਤਾ ਚੈਟਰਜੀ (ਜਯਾ ਬੱਚਨ) ਅਤੇ ਕਦੇ ਪੁਲਿਸ ਅਤੇ ਗੁੰਡਿਆਂ ਹੱਥੋਂ ਮਾਰੇ ਗਏ ਸੋਮੂ ਮੰਡਲ ਦੀ ਮਾਂ ਅਤੇ ਭੈਣ ਦੇ ਰੂਪ 'ਚ ਦਿਸਣ ਲੱਗਦੀ ਹੈ। ਕਦੇ ਉਹ ਜ਼ੂਜ਼ੂ ਏਂਜਲ ਲਗਦੀ ਹੈ ਜੋ ਬਾ੍ਰਜ਼ੀਲ 'ਚ ਫ਼ੌਜੀ ਤਾਨਾਸ਼ਾਹੀ ਹੱਥੋਂ ਮਾਰੇ ਗਏ ਆਪਣੇ ਮੁੰਡੇ ਸਟੂਅਰਟ ਏਂਜਲ ਨੂੰ ਖੋਜਦੀ ਹੋਈ ਹਕੂਮਤੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਸੁਜਾਤਾ ਦਾ ਮੁੰਡਾ ਬ੍ਰਤੀ ਚੈਟਰਜੀ ਲਾਲ ਰੰਗ ਦੇ ਮੁੱਕਿਆਂ 'ਚੋਂ ਦਿਸਦਾ ਹੈ ਜਿਸ ਨੂੰ ਸੋਮੂ ਮੰਡਲ ਅਤੇ ਦੋ ਹੋਰ ਸਾਥੀਆਂ ਸਣੇ ਮਾਰ ਦਿੱਤਾ ਗਿਆ ਸੀ। ਉਹ ਸਟੂਅਰਟ ਏਂਜਲ ਦੀ ਕਤਾਰ 'ਚ ਖੜਾ ਨਜ਼ਰ ਆਉਂਦਾ ਹੈ। ਫ਼ਿਲਮ ਉਨ੍ਹਾਂ ਮਾਵਾਂ ਦੀ ਲੰਬੀ ਲੜੀ ਦੀਆਂ ਕੜੀਆਂ ਨੂੰ ਉਘਾੜ ਕੇ ਪੇਸ਼ ਕਰਦੀ ਹੈ ਜਿਨ੍ਹਾਂ ਦੇ ਗੱਭਰੂ ਪੁੱਤ ਅਤੇ ਧੀਆਂ ਮਨੁੱਖ ਦੀ ਕੁਜਾਤ ਨੇ ਨਿਗਲ ਲਏ। ਕਸ਼ਮੀਰ 'ਚ ਮਾਰ-ਖਪਾਏ ਗਏ ਗੱਭਰੂਆਂ ਦੀਆਂ ਮਾਵਾਂ ਨੇ ਜੱਥੇਬੰਦੀ ਬਣਾਈ ਹੈ ਜੋ ਪੁੱਤਾਂ ਦੀ ਖ਼ੋਜ ਖ਼ਬਰ ਲੱਭਣ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ। ਕਠਮਾਂਡੂ ਤੋਂ ਛਪਦੇ ਰਸਾਲੇ 'ਹਮਾਲ' ਵਿੱਚ ਸ਼੍ਰੀਨਗਰ ਦੇ ਪੱਤਰਕਾਰ ਅਰਸ਼ਦ ਪੀਰਜ਼ਾਦਾ ਨੇ ਕਸ਼ਮੀਰ 'ਚ ਅਣਪਛਾਤੀਆਂ ਲਾਸ਼ਾਂ ਨੂੰ ਦਫਨਾਉਣ ਲਈ ਵਰਤੇ ਗਏ ਕਬਰਸਤਾਨਾਂ ਦੀ ਲੰਬੀ ਤਫ਼ਸੀਲ ਪੇਸ਼ ਕੀਤੀ ਹੈ। 'ਗੰਦੀ ਜੰਗ' (ਸੰਨ 1976-83) ਦੇ ਕਾਲੇ ਦੌਰ 'ਚ ਹਜ਼ਾਰਾਂ ਅਰਜਨਟੀਨੀ ਮੁੰਡੇ-ਕੁੜੀਆਂ ਮਾਰ-ਖਪਾ ਦਿੱਤੇ ਗਏ। ਕੁਝ ਮਹੀਨੇ ਪਹਿਲਾਂ 'ਗੰਦੀ ਜੰਗ' ਦੇ ਬਦਨਾਮ ਬੁੱਚੜ ਅਲਫਰੈਡੋ ਅਸਤਿਜ਼ (ਉਰਫ 'ਮੌਤ ਦਾ ਫ਼ਰਿਸ਼ਤਾ') ਨੂੰ 'ਮਨੁੱਖਤਾ ਖ਼ਿਲਾਫ਼ ਜੁਰਮ' ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। 'ਗੰਦੀ ਜੰਗ' ਦੇ ਭਿਆਨਕ ਸਮਿਆਂ 'ਚ ਫ਼ੌਜੀ ਦਹਿਸ਼ਤ ਹੇਠ ਪੱਤਾ ਨਹੀਂ ਹਿਲਦਾ ਸੀ। ਉਸ ਮਾਤਮੀ ਚੁੱਪ ਨੂੰ ਤੋੜਨ ਲਈ ਅਰਜਨਟੀਨੀ ਬੀਬੀਆਂ ਮੈਦਾਨ ਵਿੱਚ ਉੱਤਰੀਆਂ।

ਤੀਹ ਅਪਰੈਲ ਸੰਨ 1977 ਨੂੰ ਚੌਦਾਂ ਬੀਬੀਆਂ ਨੇ ਰਾਜਧਾਨੀ ਬਿਊਨਸ ਏਅਰਜ਼ ਦੀ 'ਪਲਾਜ਼ਾ ਦੇ ਮਾਉ' ਨਾਮ ਦੀ ਥਾਂ 'ਤੇ ਪਹਿਲਾ ਮੁਜ਼ਹਰਾ ਕੀਤਾ। ਇਹ ਮੁਜ਼ਾਹਰਾ ਮੁਲਕ ਦੀਆਂ ਉੱਚ ਸਰਕਾਰੀ ਇਮਾਰਤਾਂ ਦੇ ਸਾਹਮਣੇ ਕੀਤਾ ਗਿਆ ਜਿੱਥੇ ਗੁੰਮ ਹੋਏ ਜੀਆਂ ਦੀਆਂ ਮਾਵਾਂ, ਦਾਦੀਆਂ ਅਤੇ ਨਾਨੀਆਂ ਪਹਿਲੀ ਵਾਰ ਇਕੱਠੀਆਂ ਹੋਈਆਂ ਸਨ। 'ਪਲਾਜ਼ਾ ਦੇ ਮਾਉ' ਦੇ ਨਾਂ 'ਤੇ ਜਥੇਬੰਦੀ ਦਾ ਨਾਮ 'ਦਿ ਮਦਰਜ਼ ਔਫ ਦਿ ਪਲਾਜ਼ਾ ਦੇ ਮਾਉ' ਰੱਖਿਆ ਗਿਆ। ਜਥੇਬੰਦੀ 'ਚ ਬੀਬੀਆਂ ਦੀ ਸ਼ਮੂਲੀਅਤ ਵਧਦੀ ਗਈ ਅਤੇ ਉਹ ਲਗਾਤਾਰ ਦਸ ਸਾਲ ਹਰ ਵੀਰਵਾਰ 'ਪਲਾਜ਼ਾ ਦੇ ਮਾਉ' ਵਿਖੇ ਇਕੱਠੀਆਂ ਹੋ ਕੇ ਰੋਸ ਮੁਜ਼ਾਹਰਾ ਕਰਦੀਆਂ ਰਹੀਆਂ। ਇਸ ਲਹਿਰ ਨੂੰ 'ਮਾਵਾਂ ਦੀ ਲਹਿਰ' ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ। ਅਲਫਰੈਡੋ ਆਸਤਿਜ਼ ਨੇ ਜਥੇਬੰਦੀ ਦੀਆਂ ਤਿੰਨ ਬਾਨੀ ਬੀਬੀਆਂ ਨੂੰ ਅਗਵਾ ਕਰਕੇ ਮਾਰ ਦਿੱਤਾ ਸੀ। ਚੌਦਾਂ ਹੋਰ ਬੀਬੀਆਂ ਨੂੰ ਮਾਰਿਆ ਗਿਆ ਪਰ ਮਾਵਾਂ ਨੇ ਹਾਰ ਨਹੀਂ ਮੰਨੀ। ਬੁੱਚੜ ਆਸਤਿਜ਼ ਨੇ ਆਪਣੇ ਬਚਾਅ ਵਿੱਚ ਕਿਹਾ ਕਿ ਉਸਨੇ ਇਹ ਸਭ ਮੁਲਕ ਨੂੰ 'ਖੱਬੇ ਪੱਖੀ ਅਤਿਵਾਦ' ਤੋਂ ਬਚਾਉਣ ਲਈ ਕੀਤਾ ਅਤੇ ਉਸ ਦੇ ਖ਼ਿਲਾਫ਼ ਸੁਣਾਏ ਗਏ ਫ਼ੈਸਲੇ ਉੱਤੇ ਸਿਆਸੀ ਬਦਲਾਖ਼ੋਰੀ ਅਸਰਅੰਦਾਜ਼ ਹੈ। ਜਥੇਬੰਦੀ ਮੁਤਾਬਕ ਅੱਠ ਸਾਲਾਂ 'ਚ ਤੀਹ ਹਜ਼ਾਰ ਤੋਂ ਵੱਧ ਵਿਦਿਆਰਥੀ, ਮਜ਼ਦੂਰ ਆਗੂ, ਬੁੱਧੀਜੀਵੀ ਅਤੇ ਖੱਬੇ ਪੱਖੀਆਂ ਨੂੰ ਖ਼ੁਫ਼ੀਆ ਜੇਲ੍ਹਾਂ ਅਤੇ ਬੁੱਚੜਖਾਨਿਆਂ 'ਚ ਮਾਰ-ਖਪਾ ਦਿੱਤਾ ਗਿਆ। ਨੋਬਲ ਇਨਾਮ ਜੇਤੂ ਅਡੋਲਫੋ ਪੇਰੇਜ਼ ਐਸਕੁਈਵਲ ਦੇ ਮਸ਼ਹੂਰ ਚਿੱਤਰ 'ਚ ਹਥਿਆਰਬੰਦ ਅਰਜਨਟੀਨੀ ਫ਼ੌਜੀ ਈਸਾ ਮਸੀਹ ਦੇ ਰਾਖੇ ਬਣੇ ਖੜੇ ਹਨ। 'ਪਲਾਜ਼ਾ ਵਾਲੀ ਮਾਂ' ਹੱਥ 'ਚ ਫੜੀ ਤਖ਼ਤੀ ਈਸਾ ਮਸੀਹ ਨੂੰ ਦਿਖਾ ਰਹੀ ਹੈ ਜਿਸ ਉੱਤੇ ਲਿਖਿਆ ਹੈ, "ਮੇਰਾ ਪੁੱਤ ਕਿੱਥੇ ਹੈ?" ਤਾਨਾਸ਼ਾਹੀ ਦੇ ਖਾਤਮੇ ਤੋਂ ਬਾਅਦ ਸੰਨ 1984 'ਚ ਫ਼ੌਜੀ ਸਰਕਾਰ ਦੇ ਸਾਬਕਾ ਮੁਖੀ ਵਿਡੈਲਾ ਨੂੰ ਜੇਲ੍ਹ 'ਚ ਡੱਕ ਦਿੱਤਾ ਗਿਆ। ਉਹ ਫ਼ੌਜੀ ਸੱਤਾ ਵੇਲੇ ਕਹਿੰਦਾ ਹੁੰਦਾ ਸੀ, "ਰਾਜ ਦੀ ਰਾਖੀ ਲਈ ਸਾਰੇ ਨਾਬਰ ਬੰਦਿਆਂ ਨੂੰ ਮਾਰਨਾ ਪਵੇਗਾ"। ਸੰਨ 1986 'ਚ ਸਰਕਾਰ ਨੇ ਕਾਤਲਾਂ ਨੂੰ ਰਿਆਇਤ ਦੇਣ ਦਾ ਐਲਾਨ ਕੀਤਾ ਤਾਂ ਮਾਵਾਂ ਨੇ ਸੰਸਦ 'ਚ ਕਾਨੂੰਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪਰਚੇ ਸੁੱਟੇ। 'ਮਾਵਾਂ ਦੀ ਲਹਿਰ' ਨੇ ਅਰਜਨਟੀਨਾ ਅਤੇ ਲਾਤੀਨੀ ਅਮਰੀਕਾ 'ਚ ਨਾਰੀਵਾਦੀ ਲਹਿਰਾਂ ਨੂੰ ਨਵਾਂ ਰਾਹ ਦਿਖਾਇਆ। ਇਸ ਲਹਿਰ ਨੇ ਲਾਤੀਨੀ ਘਰੇਲੂ ਔਰਤਾਂ ਨੂੰ ਸਮਾਜਿਕ ਅਤੇ ਸਿਆਸੀ ਲਹਿਰਾਂ ਦਾ ਹਿੱਸਾ ਬਣਾਇਆ। ਜਥੇਬੰਦੀ ਨੇ ਆਲਮੀ ਪੱਧਰ 'ਤੇ ਸਾਮਰਾਜੀ ਜੰਗਬਾਜ਼ਾਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਆਪਣੇ ਬੱਚਿਆਂ ਦੇ ਕਾਜ ਨੂੰ ਅੱਗੇ ਵਧਾਉਣ ਦਾ ਪ੍ਰਣ ਲਿਆ। ਉਹ ਸਮਾਂ ਸਰਕਾਰੀ ਜਬਰ ਦੀ ਕੁਸੈਲੀ ਯਾਦ ਤਾਜ਼ਾ ਹੋਣ ਦਾ ਸਬੱਬ ਬਣਦਾ ਹੈ ਪਰ ਨਾਲ ਹੀ ਲੋਕ-ਸਮੱਸਿਆਂਵਾਂ ਦੇ ਸਾਂਝੇ ਹੱਲ ਦਾ ਰੌਸ਼ਨ ਰਾਹ ਵੀ ਦਿਖਾਉਂਦਾ ਹੈ। ਸਮੇਂ ਸਮੇਂ ਹੋਈਆਂ ਮਾਵਾਂ ਦੀਆਂ ਆਪਸੀ ਬਹਿਸਾਂ ਨੂੰ ਬਕਾਇਦਾ ਦਰਜ ਕਰਕੇ ਰੱਖਿਆ ਗਿਆ ਹੈ ਅਤੇ ਲਹਿਰ ਨਾਲ ਜੁੜੇ ਦਸਤਾਵੇਜ਼ ਸੰਭਾਲੇ ਗਏ ਹਨ। ਜਦੋਂ ਵੈਂਜੂਏਲਾ ਦੇ ਰਾਸ਼ਟਰਪਤੀ ਹੂਗੋ ਸਾਵੇਜ਼, ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਲੂਲਾ ਡਾ ਸਿਲਵਾ ਅਤੇ ਹੋਰ ਸਿਆਣੇ ਮਾਵਾਂ ਨੂੰ ਮਿਲਣ ਆਉਂਦੇ ਰਹਿੰਦੇ ਹਨ ਤਾਂ ਲਾਤੀਨੀਆਂ ਦੇ ਝੱਲੇ ਕਹਿਰ ਦੀ ਸਾਂਝੀ ਤੰਦ ਉਭਰ ਕੇ ਸਾਹਮਣੇ ਆਉਂਦੀ ਹੈ ਅਤੇ ਭਵਿੱਖ ਵੱਲ ਵਧਦੇ ਸਾਂਝੇ ਕਦਮਾਂ ਦੀ ਨਿਸ਼ਾਨਦੇਹੀ ਹੁੰਦੀ ਹੈ।


ਇਨ੍ਹਾਂ ਮਾਵਾਂ ਦੀ ਕੜੀ 'ਚ ਕੋਰੀਅਨ ਮਾਵਾਂ ਦਾ ਜ਼ਿਕਰ ਕਰਨਾ ਬਣਦਾ ਹੈ। ਦੂਜੀ ਆਲਮੀ ਜੰਗ 'ਚ ਜਪਾਨੀ ਫ਼ੌਜੀਆਂ ਨੇ ਕੋਰੀਅਨ ਔਰਤਾਂ ਨਾਲ ਸਮੂਹਕ ਬਾਲਾਤਕਾਰ ਕੀਤੇ। ਇਨ੍ਹਾਂ ਔਰਤਾਂ ਨੂੰ ਜਿਨਸੀ ਗ਼ੁਲਾਮ ਬਣਾਕੇ ਲਈ ਰੱਖਿਆ ਜਾਂਦਾ ਸੀ। ਜਪਾਨੀਆਂ ਨੇ ਇਨ੍ਹਾਂ ਨੂੰ 'ਕੰਫ਼ਰਟ ਵਿਮੈਨ' ਦਾ ਨਾਮ ਦਿੱਤਾ। ਉਸ ਸਾਕੇ 'ਚੋਂ ਬਚੀਆਂ ਔਰਤਾਂ ਹਰ ਹਫ਼ਤੇ ਸਿਉਲ (ਦੱਖਣੀ ਕੋਰੀਆ) ਵਿਚਲੇ ਜਪਾਨੀ ਸਫ਼ਾਰਤਖਾਨੇ ਅੱਗੇ ਮੁਜ਼ਾਹਰਾ ਕਰਦੀਆਂ ਹਨ। ਪਿਛਲੇ ਦਿਨਾਂ 'ਚ ਹਜ਼ਾਰਵੀਂ ਰੈਲੀ ਮੌਕੇ ਅੱਸੀ-ਨੱਬੇ ਸਾਲਾਂ ਨੂੰ ਢੁੱਕੀਆਂ ਇਨ੍ਹਾਂ ਬੀਬੀਆਂ ਨੇ 'ਕੰਫ਼ਰਟ ਵਿਮੈਨ' ਦਾ ਬੁੱਤ ਜਪਾਨੀ ਸਫ਼ਾਰਤਖਾਨੇ ਦੇ ਮੂਹਰੇ ਲਾ ਦਿੱਤਾ। ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਦਾ ਕਹਿਣਾ ਸੀ ਕਿ ਇਨ੍ਹਾਂ ਬੀਬੀਆਂ ਦੀ ਸਿਦਕਦਿਲੀ ਮੂਹਰੇ ਅਸੀਂ ਬੇਵੱਸ ਹਾਂ। ਅਸੀਂ ਬੁੱਤ ਨਹੀਂ ਹਟਵਾ ਸਕਦੇ। ਬ੍ਰਤੀ ਦੀ ਮਾਂ, ਜ਼ੂਜ਼ੂ ਏਂਜਲ, ਲਾਤੀਨੀ ਅਤੇ ਕਸ਼ਮੀਰੀ ਮਾਵਾਂ ਆਪਣੇ ਪੁੱਤਾਂ ਨੂੰ ਲੱਭਣ ਤੋਂ ਲੈ ਕੇ ਕਸੂਰਵਾਰਾਂ ਨੂੰ ਸਜ਼ਾ ਦਿਵਾਉਣ ਤੱਕ ਸਿਦਕਦਿਲੀ ਬਰਕਰਾਰ ਰੱਖਦੀਆਂ ਹਨ।

ਬ੍ਰਤੀ ਅਤੇ ਸਾਥੀਆਂ ਦੀਆਂ ਲਾਸ਼ਾਂ ਕਾਂਤਾਕੁਕਰ ਨਾਂ ਦੀ ਥਾਂ 'ਤੇ ਰੱਖੀਆਂ ਜਾਂਦੀਆਂ ਹਨ ਜਿੱਥੇ ਸੁਜਾਤਾ ਨੂੰ ਲਾਸ਼ ਦੀ ਪਛਾਣ ਲਈ ਬੁਲਾਇਆ ਜਾਂਦਾ ਹੈ। ਕਾਂਤਾਕੁਕਰ ਦੇ ਨਾਮ ਤੋਂ ਪੰਜਾਬੀ ਬੰਦੇ ਨੂੰ ਲੱਧਾ-ਕੋਠੀ ਵਰਗੇ ਕਈ ਬੁੱਚੜਖਾਨਿਆਂ ਦਾ ਚੇਤਾ ਆਉਂਦਾ ਹੈ। ਅਣਪਛਾਤੀਆਂ ਲਾਸ਼ਾਂ ਕਰਾਰ ਦੇ ਕੇ ਸਮਸ਼ਾਨਘਾਟਾਂ 'ਚ ਜਾਲੇ ਗਏ ਮੁੰਡੇ ਯਾਦ ਆਉਂਦੇ ਹਨ ਅਤੇ ਪੱਚੀ ਹਜ਼ਾਰ ਇੱਕਵੀਂ ਲਾਸ਼ ਬਣਿਆ ਜਸਵੰਤ ਸਿੰਘ ਖਾਲੜਾ ਅੱਖਾਂ ਸਾਹਮਣੇ ਖੜਾ ਹੋ ਜਾਂਦਾ ਹੈ। ਜਿਨ੍ਹਾਂ ਦੇ ਕਸੂਰਵਾਰਾਂ ਨੂੰ ਸਜ਼ਾ ਦਿਵਾਉਣ ਦੀ ਲੜਾਈ ਅਜੇ ਵੀ ਜਾਰੀ ਹੈ। ਇਹ ਲੜਾਈ ਫ਼ਿਲਮ ਦੇ ਪਿਛਲੇ ਅੱਧ ਦਾ ਹਿੱਸਾ ਹੈ। ਬ੍ਰਤੀ ਅਤੇ ਉਸਦੇ ਸਾਥੀਆਂ ਨੂੰ ਪੁਲਸ ਅਤੇ ਗੁੰਡਿਆਂ ਵੱਲੋਂ ਬਸਤੀ 'ਚ ਘੇਰ ਕੇ ਕਤਲ ਕਰਨ ਵਾਲਾ ਦ੍ਰਿਸ਼ ਉਨ੍ਹਾਂ ਕਤਲੇਆਮ ਦਾ ਚੇਤਾ ਦਿਵਾਉਂਦਾ ਹੈ ਜਦੋਂ ਕਲਕੱਤੇ ਦੀਆਂ ਬਸਤੀਆਂ 'ਚ ਸੈਂਕੜੇ ਇਨਕਲਾਬਪਸੰਦਾਂ ਅਤੇ ਹਮਦਰਦਾਂ ਨੂੰ ਘੇਰ ਕੇ ਮਾਰਿਆ ਗਿਆ ਸੀ। ਬ੍ਰਤੀ ਵਰਗਿਆਂ ਨੂੰ ਜ਼ਰਾਇਮ-ਪੇਸ਼ਾ ਅਤੇ ਸਿਰਫ਼ਿਰੇ ਕਰਾਰ ਦਿੱਤਾ ਗਿਆ ਜੋ ਮਨੁੱਖਤਾ ਦੇ ਗਲ ਪਏ ਸੰਗਲਾਂ ਦਾ ਜੂੜ ਵੱਢਣ ਤੁਰੇ ਸਨ। ਪਿਛਲੇ ਦਿਨਾਂ 'ਚ ਮੱਧ ਅਮਰੀਕੀ ਮੁਲਕ ਅਲ ਸਲਵਾਡੋਰ ਦੀ ਸਰਕਾਰ ਨੇ ਮੁਲਕਵਾਸੀਆਂ ਤੋਂ ਅਲ ਮੋਜ਼ੋਟੇ ਕਤਲੇਆਮ ਲਈ ਮੁਆਫ਼ੀ ਮੰਗੀ ਹੈ। ਸੰਨ 1981 'ਚ ਅਲ ਮੋਜ਼ੋਟੇ ਨਾਂ ਦੇ ਛੋਟੇ ਜਿਹੇ ਪਿੰਡ ਵਿੱਚ ਫ਼ੌਜੀਆਂ ਨੇ ਹਜ਼ਾਰ ਤੋਂ ਵੱਧ ਜੀਆਂ ਨੂੰ ਕਤਾਰ 'ਚ ਖੜ੍ਹਾ ਕੇ ਗੋਲੀ ਮਾਰ ਦਿੱਤੀ ਸੀ। ਮਰਨ ਵਾਲਿਆਂ 'ਚ ਅੱਧੇ ਤੋਂ ਵੱਧ ਬੱਚੇ ਸਨ। ਬਾਕੀਆਂ 'ਚ ਵਧੇਰੇ ਔਰਤਾਂ ਅਤੇ ਬਜ਼ੁਰਗ ਸਨ। ਇਨ੍ਹਾਂ ਲੋਕਾਂ ਉੱਤੇ ਖੱਬੇ ਪੱਖੀ ਛਾਪਾਮਾਰਾਂ ਨਾਲ ਹਮਦਰਦੀ ਰੱਖਣ ਦਾ ਦੋਸ਼ ਸੀ। ਕਾਤਲ ਫ਼ੌਜੀਆਂ ਨੂੰ ਸਿਖ਼ਲਾਈ ਅਮਰੀਕੀ ਫ਼ੌਜ ਨੇ ਦਿੱਤੀ ਸੀ। ਸ਼ੁਰੂ 'ਚ ਤਾਂ ਅਮਰੀਕੀ ਸਰਕਾਰ ਇਸ ਕਤਲੇਆਮ ਤੋਂ ਮੁੱਕਰ ਗਈ ਸੀ, ਮੁਕਾਮੀ ਇਨਕਲਾਬੀ ਛਾਪਾਮਾਰਾਂ ਨੇ ਦੋ ਅਮਰੀਕੀ ਪੱਤਰਕਾਰਾਂ ਨੂੰ ਤ੍ਰਾਸਦੀ ਵਾਲੀ ਥਾਂ ਦਿਖਾਈ। ਉਨ੍ਹਾਂ ਪੱਤਰਕਾਰਾਂ ਨੇ ਖ਼ਬਰ ਆਲਮੀ ਪੱਧਰ ਉੱਤੇ ਨਸ਼ਰ ਕੀਤੀ। ਅਲ ਸਲਵਾਡੋਰ ਦੇ ਮੌਜੂਦਾ ਵਿਦੇਸ਼ ਮੰਤਰੀ ਹਿਊਗੋ ਮਾਰਟਿਜ਼ ਨੇ ਉਸ ਭਿਆਨਕ ਤ੍ਰਾਸਦੀ ਦੀ ਤੀਹਵੀਂ ਬਰਸੀ ਮੌਕੇ ਕਿਹਾ, "ਮੈ ਇਸ ਮੌਕੇ ਅਲ ਸਲਵਾਡੋਰ ਦੀ ਸਰਕਾਰ ਵੱਲੋਂ ਦੁਬਾਰਾ ਹਜ਼ਾਰਾਂ ਬੇਕਸੂਰ ਪੀੜਤਾਂ ਤੋਂ ਅੰਨ੍ਹੀ ਸਰਕਾਰੀ ਹਿੰਸਾ ਲਈ ਮੁਆਫ਼ੀ ਮੰਗਦਾ ਹਾਂ, ਖ਼ਾਸ ਕਰਕੇ ਅਲ ਮੋਜ਼ੋਟੇ ਦੇ ਪੀੜਤਾਂ ਤੋਂ।"ਇੰਡੋਨੇਸ਼ੀਆ 'ਚ ਸੁਹਾਰਤੋ ਦੀ ਤਾਨਾਸ਼ਾਹੀ ਸਮੇਂ ਦਸ ਲੱਖ ਤੋਂ ਵੱਧ ਕੀਮਤੀ ਜਾਨਾਂ ਨੂੰ ਕਮਿਉਨਿਸਟ ਹੋਣ ਦਾ ਬਿੱਲਾ ਲਾ ਕੇ ਮੌਤ ਦੇ ਘਾਟ ਉਤਾਰਿਆ ਗਿਆ। ਇੱਥੇ ਵੀ ਪੱਛਮੀ ਮੁਲਕ ਸੁਹਾਰਤੋ ਦੀ ਪਿੱਠ 'ਤੇ ਸਨ। 'ਠੰਢੀ ਜੰਗ' ਦੇ ਦਿਨਾਂ 'ਚ ਪੱਛਮੀ ਮੁਲਕਾਂ ਨੇ ਇਸ ਕਤਲੇਆਮ ਨੂੰ ਕਮਿਉਨਿਜ਼ਮ ਦੇ ਖ਼ਿਲਾਫ਼ ਜਿੱਤ ਦੇ ਤੌਰ 'ਤੇ ਪ੍ਰਚਾਰਿਆ ਸੀ। ਇੰਡੋਨੇਸ਼ੀਆ ਦੇ ਇਤਿਹਾਸ ਦੀਆਂ ਕਿਤਾਬਾਂ 'ਚ ਇਨ੍ਹਾਂ ਭਿਆਨਕ ਕਤਲਾਂ ਦਾ ਕੋਈ ਜ਼ਿਕਰ ਨਹੀਂ ਮਿਲਦਾ। ਤ੍ਰਾਸਦੀ ਨੂੰ 'ਦੇਸ਼ਭਗਤੀ ਦੀ ਲਹਿਰ' ਵਜੋਂ ਸਲਾਹਿਆ ਜਾਂਦਾ ਹੈ। ਪਿੱਛੇ ਜਿਹੇ ਉਨ੍ਹਾਂ ਹਾਦਸਿਆਂ ਨੂੰ ਸਿਲੇਬਸ 'ਚ ਸ਼ਾਮਲ ਕੀਤਾ ਗਿਆ ਸੀ। ਫ਼ੌਜ ਅਤੇ ਬੁਨਿਆਦਪ੍ਰਸਤਾਂ ਦੇ ਵਿਰੋਧ ਕਾਰਨ ਨਵੀਆਂ ਕਿਤਾਬਾਂ ਨੂੰ ਫ਼ੂਕ ਦਿੱਤਾ ਗਿਆ। ਉਸ ਕਤਲੇਆਮ ਦੇ ਸਰਪ੍ਰਸਤਾਂ 'ਚੋਂ ਬਦਨਾਮ 'ਸਾਲਿਮ' ਨਾਂ ਦੇ ਵਪਾਰਕ ਘਰਾਣੇ ਨੂੰ ਬੰਗਾਲ ਦੀ ਸਰਕਾਰ ਨੇ ਨੰਦੀਗ੍ਰਾਮ 'ਚ 'ਖ਼ਾਸ ਵਿੱਤੀ ਖੇਤਰ' ਬਣਾਉਣ ਲਈ ਸੱਦਾ ਦਿੱਤਾ ਸੀ। ਨੰਦੀਗ੍ਰਾਮ ਦੇ ਸੰਘਰਸ਼ ਬਾਬਤ ਅਸੀਂ ਸਾਰੇ ਜਾਣਦੇ ਹਾਂ ਜਿੱਥੇ ਬੰਗਾਲ ਦੀ ਸਰਕਾਰ ਨੇ 'ਸਾਲਿਮ' ਘਰਾਣੇ ਦੀ ਵਿਰਾਸਤ ਨੂੰ 'ਚਾਰ ਚੰਦ' ਲਾਉਂਦਿਆਂ ਸ਼ਰੇਆਮ ਕਿਸਾਨਾਂ ਦਾ ਕਤਲੇਆਮ ਕੀਤਾ।

ਫ਼ੌਜੀ ਤਾਨਾਸ਼ਾਹਾਂ, ਸਾਮਰਾਜੀਆਂ ਅਤੇ ਉਨ੍ਹਾਂ ਦੀਆਂ ਥੋਪੀਆਂ 'ਲੋਕਰਾਜੀ ਸਰਕਾਰਾਂ' ਦਾ ਜ਼ੁਲਮ ਆਲਮ ਨੇ ਪਿੰਡੇ 'ਤੇ ਹੰਢਾਇਆ ਹੈ। ਇਨ੍ਹਾਂ ਜ਼ਾਲਮਾਂ ਦੇ ਖ਼ਾਸੇ ਦੀ ਸਾਂਝ ਸਮਾਜਵਾਦ-ਵਿਰੋਧੀ ਹੋਣ ਨਾਲ ਜੁੜੀ ਹੋਈ ਹੈ।ਇਨ੍ਹਾਂ ਜ਼ਾਲਮਾਂ ਬਾਰੇ ਮਸ਼ਹੂਰ ਰੌਕ ਗਾਇਕ ਜੌਹਨ ਲੈਨਨ ਕਹਿੰਦਾ ਹੈ,'ਇਨ੍ਹਾਂ ਹਰਾਮੀਆਂ ਦੀ ਨਸਲ ਇੱਕ ਹੈ ਜੋ ਥਾਂ ਪਰ ਥਾਂ ਮਨੁੱਖਤਾ ਦੇ ਕਤਲੇਆਮ ਲਈ ਬੰਦੂਕਾਂ ਚੁੱਕੀ ਭੱਜੇ ਫਿਰਦੇ ਹਨ।'

ਬ੍ਰਤੀ ਵਰਗੇ ਨੌਜਵਾਨਾਂ ਦੀ ਕਵਿਤਾ ਵੀ ਜੁਰਮ ਸਮਝ ਕੇ ਪੁਲਿਸ ਹਿਰਾਸਤ 'ਚ ਰੱਖੀ ਗਈ। ਉਨ੍ਹਾਂ ਭਿਆਨਕ ਸਮਿਆਂ 'ਚ ਬੰਦੇ ਦੀ ਪਛਾਣ ਦੇ ਮਾਅਨੇ ਗੁੰਮ ਹੋ ਗਏ ਅਤੇ ਉਨ੍ਹਾਂ ਨੂੰ ਲਾਸ਼ ਦੇ ਹਿੰਦਸੇ ਨਾਲ ਹੀ ਜਾਣਿਆ ਜਾਣ ਲੱਗਾ। ਉਸੇ ਕੜੀ 'ਚ ਬ੍ਰਤੀ ਚੈਟਰਜੀ ਦੇ ਹਿੱਸੇ ਹਜ਼ਾਰ ਚੁਰਾਸੀ ਦਾ ਹਿੰਦਸਾ ਆਇਆ। ਸੁਜਾਤਾ ਚੈਟਰਜੀ ਦੀ ਪਛਾਣ ਵੀ ਉਸ ਹਿੰਦਸੇ ਦੀ ਮਾਂ ਦੇ ਰੂਪ 'ਚ ਕੀਤੀ ਗਈ। ਸਰਮਾਏਦਾਰੀ ਮੌਤਾਂ ਨੂੰ ਅੰਕੜਿਆਂ ਦੇ ਰੂਪ 'ਚ ਦੇਖਦੀ ਹੈ। ਉਨ੍ਹਾਂ ਲਈ ਇੱਕ ਜਾਂ ਦਸ ਲੱਖ ਕੀਮਤੀ ਜਾਨਾਂ ਦਾ ਨੁਕਸਾਨ ਮਹਿਜ਼ ਅੰਕੜਾ ਹੈ। ਫ਼ਿਲਮ 'ਚ ਹਜ਼ਾਰ ਚੁਰਾਸੀ ਦਾ ਹਿੰਦਸਾ ਬ੍ਰਤੀ ਤੋਂ ਪਹਿਲਾਂ ਮਾਰੇ ਗਏ ਇੱਕ ਹਜ਼ਾਰ ਤਿਰਾਸੀ ਅਤੇ ਉਸ ਤੋਂ ਬਾਅਦ ਮਰਨ ਵਾਲੇ ਅਣਗਿਣਤ ਜੀਆਂ ਦੇ ਕਤਲੇਆਮ ਦੀ ਭਿਆਨਕਤਾ ਦਾ ਅਹਿਸਾਸ ਦਿਵਾਉਂਦਾ ਹੈ। ਫ਼ਿਲਮ ਵਿੱਚ 'ਹਜ਼ਾਰ ਚੁਰਾਸੀ' ਮਹਿਜ਼ ਅੰਕੜਾ ਨਹੀਂ ਰਹਿ ਜਾਂਦਾ। ਉਹ ਮਨੁੱਖੀ ਪਿੰਡਿਆਂ 'ਤੇ ਵਰਤਾਏ ਗਏ ਸਰਕਾਰੀ ਕਹਿਰ ਨੂੰ ਮਹਿਸੂਸ ਕਰਨ ਦਾ ਸਬੱਬ ਬਣਦਾ ਹੈ। ਸੱਤਰਵਿਆਂ ਦੇ ਪੰਜਾਬ 'ਚ ਛਿਆਸੀ ਸਾਲਾਂ ਦੇ ਇਨਕਲਾਬਪਸੰਦ ਬਾਬਾ ਬੂਝਾ ਸਿੰਘ ਨੂੰ ਵੀ ਨਹੀਂ ਬਖ਼ਸ਼ਿਆ ਗਿਆ ਸੀ। ਜਿਨ੍ਹਾਂ ਨੂੰ ਪੁਲਿਸ ਨੇ ਅੰਨ੍ਹੇ ਤਸ਼ੱਦਦ ਤੋਂ ਬਾਅਦ ਝੂਠੇ ਮੁਕਾਬਲੇ 'ਚ ਮਾਰ ਦਿੱਤਾ ਸੀ। ਵੱਡੇ ਬਾਦਲ ਦੀ ਸਰਕਾਰ ਵੱਲੋਂ ਇਨਕਲਾਬਪਸੰਦਾਂ ਨੂੰ 'ਗਾਇਬ' ਕਰਨ, ਤਸ਼ੱਦਦ ਅਤੇ ਝੂਠੇ ਮੁਕਾਬਲਿਆਂ 'ਚ ਮਾਰਨ ਦੇ ਸਿਲਸਿਲੇ ਨੇ ਵੀਹਵੀਂ ਸਦੀ ਦੇ ਆਖਰੀ ਦੋ ਦਹਾਕਿਆਂ 'ਚ ਖ਼ਾਲਿਸਤਾਨੀ ਲਹਿਰ ਵੇਲੇ ਅੰਨ੍ਹੀ ਵਹਿਸ਼ਤ ਫੈਲਾਈ। ਮੌਤ ਦੇ ਵਪਾਰੀਆਂ ਤੇ ਅਤਿ ਦੇ ਸ਼ਿਕਾਰੀਆਂ ਦੀ ਦਰਿੰਦਗੀ ਦਾ ਝੰਬਿਆ ਪੰਜਾਬ ਅੱਜ ਤੱਕ ਤਾਬ ਨਹੀਂ ਆਇਆ। ਜਿਨ੍ਹਾਂ ਦਾ ਜਸ਼ਨ ਬੱਬੂ ਮਾਨ ਤੇ ਹੋਰ ਗਵੱਈਏ ਆਪਣੇ ਗੀਤਾਂ 'ਚ ਮਨਾਉਂਦੇ ਹਨ।

ਫ਼ਿਲਮ ਸਫ਼ੇਦਪੋਸ਼ ਮੱਧ ਵਰਗ ਦੇ ਦੰਭੀ ਕਿਰਦਾਰ ਨੂੰ ਸੂਖ਼ਮ ਤਹਿਆਂ 'ਚ ਉਜਾਗਰ ਕਰਦੀ ਹੈ। ਬ੍ਰਤੀ ਦਾ ਪਿਉ (ਜਿਸ ਨੂੰ ਉਹ ਬੌਸ ਕਹਿ ਕੇ ਬੁਲਾਉਂਦਾ ਹੈ), ਭਾਈ, ਭੈਣ, ਭਾਬੀ ਅਤੇ ਜੀਜਾ ਇਸੇ ਦੰਭੀ ਕਿਰਦਾਰ ਦੀ ਨੁਮਾਇੰਦਗੀ ਕਰਦੇ ਹਨ। ਜਿਨ੍ਹਾਂ ਨੂੰ ਆਪਣੇ ਮੁੰਡੇ ਦੇ ਇਨਕਲਾਬਪਸੰਦ ਹੋਣ 'ਤੇ ਸ਼ਰਮ ਮਹਿਸੂਸ ਹੁੰਦੀ ਹੈ। ਉਹ ਬ੍ਰਤੀ ਦੇ ਦੋਸਤਾਂ ਨੂੰ ਅਪਰਾਧੀ ਕਹਿਣ ਤੱਕ ਜਾਂਦੇ ਹਨ ਪਰ ਬ੍ਰਤੀ ਦਾ ਕਹਿਣਾ ਹੈ ਕਿ ਉਸਦੇ ਦੋਸਤ ਮਿਹਨਤ-ਮਜ਼ਦੂਰੀ ਕਰਦੇ ਹਨ। ਉਹ ਸਾਡੀ ਤਰ੍ਹਾਂ ਰਿਸ਼ਵਤ, ਲੁੱਟ ਅਤੇ ਬੇਈਮਾਨੀ ਨਾਲ ਕਾਰੋਬਾਰ ਨਹੀਂ ਪਾਲਦੇ। ਮੱਧ-ਵਰਗੀ ਜਮਾਤ ਪੈਸੇ ਅਤੇ ਪੇਸ਼ੇਵਰ ਜੀਵਨ ਨੂੰ ਤਰਜੀਹ ਦਿੰਦੀ ਹੈ ਅਤੇ ਮੁਲਕ ਦੀ ਬਹੁਗਿਣਤੀ ਦੀ ਮਾੜੀ ਹਾਲਤ ਵੱਲ ਸਾਜ਼ਸ਼ੀ ਨੀਅਤ ਨਾਲ ਅੱਖਾਂ ਮੁੰਦ ਲੈਂਦੀ ਹੈ। ਇਹ ਜਮਾਤ ਲਗਾਤਾਰ ਇਨ੍ਹਾਂ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਂਦੀ ਰਹਿੰਦੀ ਹੈ। ਬ੍ਰਤੀ ਦਾ ਕਹਿਣਾ ਹੈ ਕਿ ਉਸ ਨੂੰ ਬੌਸ ਨਾਲ ਨਫ਼ਰਤ ਨਹੀਂ ਹੈ। ਉਹ ਬੌਸ ਦੇ ਜਮਾਤੀ ਕਿਰਦਾਰ ਨੂੰ ਨਫ਼ਰਤ ਕਰਦਾ ਹੈ। ਸਾਡੇ ਸਮਿਆਂ 'ਚ ਇਸ ਜਮਾਤ ਨੂੰ ਹੋਰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਇਨ੍ਹਾਂ ਦੀਆਂ ਤਨਖਾਹਾਂ ਅਤੇ ਭੱਤੇ ਲਗਾਤਾਰ ਵਧ ਰਹੇ ਹਨ। ਪੱਕੀ ਭਰਤੀ ਅਤੇ ਠੇਕਾ ਭਰਤੀ ਵਾਲੇ ਕਾਮਿਆਂ ਦੀਆਂ ਤਨਖ਼ਾਹਾਂ ਅਤੇ ਭੱਤਿਆਂ ਵਿਚਲਾ ਫਰਕ ਪਾੜੇ ਨੂੰ ਹੋਰ ਮੋਕਲਾ ਕਰਦਾ ਹੈ। ਗ਼ਰੀਬ ਮਜ਼ਦੂਰ ਅਤੇ ਕਿਸਾਨ ਦੀ ਤਾਂ ਗੱਲ ਛੱਡ ਦੇਵੋ। ਮੱਧ-ਵਰਗ ਨੂੰ ਮੁਲਕ ਤਰੱਕੀ ਦੀ ਸ਼ਿਖ਼ਰ 'ਤੇ ਚੜ੍ਹਿਆ ਜਾਪਦਾ ਹੈ। ਵੀਹ ਰੁਪਏ ਤੋਂ ਹੇਠਾਂ ਗੁਜ਼ਾਰਾ ਕਰਦੀ ਮੁਲਕ ਦੀ ਸਤੱਤਰ ਫ਼ੀਸਦੀ ਆਬਾਦੀ 'ਤਰੱਕੀ ਦੇ ਮੀਨਾਰ' 'ਤੇ ਚੜਿਆਂ ਨੂੰ ਦਿਸਣੀ ਬੰਦ ਹੋ ਜਾਂਦੀ ਹੈ। ਇਹ ਤਬਕਾ ਆਪਣੇ ਨਿੱਜੀ ਅਤੇ ਮਨਸੂਈ ਆਲਮ 'ਚ ਜਿਉਂਦਾ ਹੈ ਜਿਨ੍ਹਾਂ ਦੀ ਤੰਦ ਮੁਲਕ ਦੀ ਬਹੁਗਿਣਤੀ ਤੋਂ ਤੋੜ ਦਿੱਤੀ ਗਈ ਹੈ। ਫ਼ਿਲਮ ਇਸ ਜਮਾਤ ਦੇ ਦੰਭੀ ਕਿਰਦਾਰ ਨੂੰ ਨੰਗਾ ਕਰਦੀ ਹੈ।


ਸਮੁੱਚੇ ਰੂਪ 'ਚ ਫ਼ਿਲਮ ਇਤਿਹਾਸ ਦੇ ਉਨ੍ਹਾਂ ਪੰਨਿਆਂ ਦਾ ਜ਼ਿਕਰ ਛੇੜਦੀ ਹੈ ਜਦੋਂ 'ਜਮਹੂਰੀ' ਕਹਾਉਣ ਵਾਲੀ ਸਰਕਾਰ ਨੇ ਆਪਣੇ ਹੀ ਲੋਕਾਂ ਦੇ ਖ਼ਿਲਾਫ਼ ਜੰਗ ਛੇੜੀ ਅਤੇ ਮੁਲਕ ਦੇ ਸੰਵਿਧਾਨ ਨੂੰ ਪਿੱਠ ਦਿਖਾ ਦਿੱਤੀ। ਹੱਕ ਅਤੇ ਰੋਟੀ ਮੰਗਦੀ ਆਵਾਮ 'ਤੇ ਬਾਰੂਦ ਛਿੜਕਿਆ ਗਿਆ ਅਤੇ ਮੁਲਕ ਦੇ ਕੀਮਤੀ ਸਰਮਾਏ (ਜਵਾਨੀ) ਨੂੰ ਬੁੱਚੜਖ਼ਾਨਿਆਂ ਦਾ ਰਾਹ ਦਿਖਾਇਆ ਗਿਆ।

ਡਾ. ਜਗਤਾਰ ਦੇ ਸ਼ਬਦਾਂ 'ਚ,
ਹਰ ਮੋੜ 'ਤੇ ਸਲੀਬਾਂ ਹਰ ਪੈਰ 'ਤੇ ਹਨੇਰਾ,
ਫਿਰ ਵੀ ਅਸੀਂ ਝੁਕੇ ਨਾ ਸਾਡਾ ਵੀ ਦੇਖ ਜੇਰਾ।


(ਲੇਖ ਵਿੱਚ ਚਰਚਾ ਦਾ ਵਿਸ਼ਾ ਬਣੇ ਅਰਜਨਟੀਨਾ ਦੇ ਤਾਨਾਸ਼ਾਹ ਨੂੰ ਪਿਛਲੇ ਦਿਨੀਂ ਸਜ਼ਾ ਸੁਣਾਈ ਗਈ ਹੈ। ਇਹ ਖ਼ਬਰ ਪਾਠਕ ਦੀ ਦਿਲਚਸਪੀ ਦਾ ਸਬੱਬ ਹੋ ਸਕਦੀ ਹੈ। (10 ਜੁਲਾਈ 2012))

Thursday 15 December 2011

ਜ਼ਿੰਦਗੀ ਦੀ ਸੱਚਾਈ 'ਬਾਈ ਸਾਈਕਲ ਥੀਵਜ਼'

ਮਹਿਬੂਬ ਬਰਾੜ ਫ਼ਿਲਮਸਾਜ਼ ਹੈ ਜਿਸ ਨੇ ਕਿਸਾਨੀ ਸੰਕਟ ਬਾਬਤ ਦਸਤਾਵੇਜ਼ੀ ਫ਼ਿਲਮ 'ਲਾਲ ਫ਼ਸਲ' ਨਾਲ ਸ਼ੁਰੂਆਤ ਕੀਤੀ ਸੀ ਮਹਿਬੂਬ ਹੁਣ ਫ਼ੀਚਰ ਫ਼ਿਲਮ ਲਿਖ ਰਿਹਾ ਹੈ ਅਤੇ ਰਾਮ ਗੋਪਾਲ ਵਰਮਾ ਦੀ ਕੰਪਨੀ ਵਿੱਚ ਕੰਮ ਕਰਦਾ ਹੈ ਫ਼ਿਲਮਾਂ ਦੇਖਣ ਅਤੇ ਪੜ੍ਹਣ ਦੀ ਮੱਸ ਉਸ ਦੀ ਹਰ ਗੱਲ ਵਿੱਚੋਂ ਝਲਕਦੀ ਹੈ ਫ਼ਿਲਮ 'ਬਾਈ ਸਾਈਕਲ ਥੀਵਜ਼' ਦੀ ਪੜਚੋਲ ਉਸ ਦੇ ਸੁਭਾਅ, ਜਗਿਆਸਾ ਅਤੇ ਸੰਵੇਦਨਾ ਦਾ ਮੁਜ਼ਾਹਰਾ ਕਰਦੀ ਹੈ ਇਸ ਜਗਿਆਸਾ ਦਾ ਜਾਗਰੂਕਤਾ ਦੇ ਰਾਹ ਪੈ ਜਾਣਾ ਦੋਸਤਾਂ-ਮਿੱਤਰਾਂ ਲਈ ਖ਼ੁਸ਼ੀ ਦੀ ਗੱਲ ਹੈ ਮਿੱਤਰਾਂ ਦੀ ਖ਼ੁਸ਼ੀ ਦੇ ਸਮਾਜ ਦੀ ਬਿਹਤਰੀ ਦਾ ਸਬੱਬ ਬਣਨ ਦੀਆਂ ਸੰਭਾਵਨਾਵਾਂ ਸਦਾ ਸਲਾਮਤ ਰਹਿਣ

ਇਸ ਲੇਖ ਬਾਬਤ ਦੂਜਾ ਅਹਿਮ ਮਸਲਾ ਫ਼ਿਲਮਸਾਜ਼ਾਂ ਦੇ 'ਬਾਈ ਸਾਈਕਲ ਥੀਵਜ਼' ਬਾਬਤ ਲਿਖੇ ਲੇਖ ਹਨ। ਇਸ ਤੋਂ ਪਹਿਲਾਂ ਜਤਿੰਦਰ ਮੌਹਰ ਦਾ ਲੇਖ ਪੰਜਾਬੀ ਕਲਾਵੇਅਰ ਉੱਤੇ ਛਾਪਿਆ ਸੀ। ਇਨ੍ਹਾਂ ਦੋਵਾਂ ਲੇਖਾਂ ਵਿੱਚ ਦੋ ਫ਼ਿਲਮਸਾਜ਼ਾਂ ਦੀਆਂ ਦੋ ਪੜ੍ਹਤਾਂ ਤੀਜੀ ਪੜ੍ਹਤ ਲਈ ਰਾਹ ਪੱਧਰਾ ਕਰਦੀਆਂ ਹਨ।

ਮਹਿਬੂਬ ਬਰਾੜ

ਫ਼ਿਲਮ ਬਾਕੀ ਕਲਾਵਾਂ ਵਾਂਗ ਸਾਡੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਛੂੰਹਦੀ ਹੈ। ਇਹ ਕਲਾ ਦਾ ਅਜਿਹਾ ਰੂਪ ਹੈ, ਜਿਸ ਨਾਲ ਹਰ ਬੰਦਾ ਆਪਣੇ ਆਪ ਨੂੰ ਜੋੜ ਸਕਦਾ ਹੈ। ਇਹ ਅਜਿਹਾ ਜ਼ਰੀਆ ਹੈ ਜੋ ਮਨੋਰੰਜਨ ਵੀ ਕਰਦਾ ਹੈ ਅਤੇ ਜਾਗਰੂਕ ਵੀ। ਫ਼ਿਲਮ ਇਨਸਾਨ ਨੂੰ ਭਾਵੁਕ, ਸਰੀਰਿਕ, ਮਾਨਸਿਕ ਅਤੇ ਰੁਹਾਨੀ ਪੱਧਰ 'ਤੇ ਛੂੰਹਦੀ ਹੈ ਅਤੇ ਸਾਡੀ ਸੋਚ ਅਤੇ ਫ਼ੈਸਲਿਆਂ ਉੱਤੇ ਅਸਰਅੰਦਾਜ਼ ਹੁੰਦੀ ਹੈ। ਫ਼ਿਲਮ ਅਜਿਹਾ ਸਾਹਿਤ ਹੈ, ਜਿਸ ਨੂੰ ਵੇਖਿਆ-ਸੁਣਿਆ ਜਾ ਸਕਦਾ ਹੈ। ਫ਼ਿਲਮਾਂ ਦੀ ਇਹ ਖਾਸ ਗੱਲ ਇਹ ਹੈ ਕਿ ਇਹ ਦਸਤਾਵੇਜ਼ ਵਜੋਂ ਵੀ ਕੰਮ ਕਰਦੀਆਂ ਨੇ। ਬੈਟਲਸ਼ਿਪ ਪੋਟੈਂਪਕਿੰਨ, ਬਰੇਵਹਾਰਟ, ਮੇਰੇ ਅਪਨੇ ਆਦਿ ਕੁਝ ਅਜਿਹੀਆਂ ਫ਼ਿਲਮਾਂ ਨੇ ਜੋ ਸਾਨੂੰ ਆਪਣੇ ਸਮੇਂ ਦੇ ਹਾਲਾਤ ਅਤੇ ਸੰਘਰਸ਼ ਬਾਬਤ ਦੱਸਦੀਆਂ ਨੇ। ਦੂਜੇ ਆਲਮੀ ਯੁੱਧ ਤੋਂ ਬਾਅਦ ਪੂਰੀ ਦੁਨੀਆਂ ਸਿਆਸੀ, ਸਮਾਜਿਕ ਅਤੇ ਆਰਥਿਕ ਮੰਦੇ ਦਾ ਸ਼ਿਕਾਰ ਸੀ। ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਸੀ। ਦੁਨੀਆਂ ਦੇ ਬਾਕੀ ਦੇਸ਼ਾਂ ਦੀ ਤਰ੍ਹਾਂ ਇਟਲੀ ਵੀ ਯੁੱਧ ਦੀ ਕੀਮਤ ਅਦਾ ਕਰ ਰਿਹਾ ਸੀ। ਲੋਕ ਵੱਡੀ ਤਾਦਾਦ ਵਿੱਚ ਬੇਰੁਜ਼ਗਾਰ ਸਨ।

ਸੰਨ 1946 ਇਟਲੀ 'ਚ ਵਿਟੋਰੀਓ ਡੀ ਸਿਕਾ ਦੇ ਨਿਰਦੇਸ਼ਨ ਹੇਠ ਫ਼ਿਲਮ ਬਣੀ 'ਬਾਈਸਿਕਲ ਥੀਵਜ਼।' ਇਸ ਫ਼ਿਲਮ ਵਿੱਚ ਦਿਖਾਇਆ ਗਿਆ ਕਿ ਕਿਵੇਂ ਹਾਲਾਤ ਆਮ ਬੰਦੇ ਨੂੰ ਇਮਾਨਦਾਰ ਤੋਂ ਬੇਈਮਾਨ ਬਣਨ ਲਈ ਮਜਬੂਰ ਕਰ ਦਿੰਦੇ ਨੇ। ਇਹ ਅਜਿਹੇ ਬੰਦੇ (ਰਿਚੀ) ਦੀ ਕਹਾਣੀ ਹੈ ਜੋ ਬਹੁਤ ਹੀ ਗ਼ਰੀਬੀ ਦੀ ਹਾਲਤ ਵਿੱਚ ਜ਼ਿੰਦਗੀ ਗੁਜ਼ਾਰ ਰਿਹਾ ਹੈ। ਉਸ ਨੂੰ ਕੰਧਾਂ 'ਤੇ ਪੋਸਟਰ ਚਿਪਕਾਉਣ ਦਾ ਕੰਮ ਮਿਲ ਜਾਂਦਾ ਹੈ। ਇੱਕੋ-ਇੱਕ ਸ਼ਰਤ ਹੈ ਕਿ ਉਸ ਕੋਲ ਆਪਣਾ ਸਾਈਕਲ ਹੋਣਾ ਚਾਹੀਦਾ ਹੈ। ਘਰ ਦਾ ਸਾਮਾਨ ਵੇਚ ਕੇ ਉਹ ਸਾਈਕਲ ਤਾਂ ਲੈ ਲੈਂਦਾ ਹੈ ਪਰ ਪਹਿਲੇ ਹੀ ਦਿਨ ਜਦੋਂ ਕੰਮ 'ਤੇ ਜਾਂਦਾ ਹੈ ਤਾਂ ਉਸ ਦਾ ਸਾਈਕਲ ਚੋਰੀ ਹੋ ਜਾਂਦੀ ਹੈ। ਬਹੁਤ ਜ਼ਿਆਦਾ ਲੱਭਣ 'ਤੇ ਜਦੋਂ ਉਸ ਨੂੰ ਸਾਈਕਲ ਨਹੀਂ ਲੱਭਦਾ ਤਾਂ ਉਹ ਹਾਰ ਕੇ ਸਾਈਕਲ ਚੋਰੀ ਕਰਦਾ ਹੈ ਅਤੇ ਫੜਿਆ ਜਾਂਦਾ ਹੈ।

ਇਹ ਫ਼ਿਲਮ ਇਟਲੀ ਵਿੱਚ ਚੱਲ ਰਹੀ 'ਨੀਓ ਰਿਅਲਿਜ਼ਮ' ਕਲਾ ਮੁਹਿੰਮ ਦਾ ਹਿੱਸਾ ਸੀ, ਜਿਸ ਵਿੱਚ ਆਮ ਲੋਕਾਂ ਨੂੰ ਅਦਾਕਾਰ ਵਜੋਂ ਲਿਆ ਜਾਂਦਾ ਸੀ ਅਤੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਕਹਾਣੀ ਵਜੋਂ ਇਹ ਫ਼ਿਲਮਾਂ ਬਹੁਤ ਘੱਟ ਬਜਟ ਵਿੱਚ ਅਸਲ ਥਾਵਾਂ 'ਤੇ ਫ਼ਿਲਮਾਈਆਂ ਜਾਂਦੀਆਂ ਸੀ। ਇਸ ਫ਼ਿਲਮ ਨੇ ਬਿਮਲ ਰਾਏ ਵਰਗੇ ਨਿਰਦੇਸ਼ਕ ਨੂੰ 'ਦੋ ਬੀਘਾ ਜ਼ਮੀਨ' ਵਰਗੀ ਫ਼ਿਲਮ ਬਣਾਉਣ ਵਾਸਤੇ ਪ੍ਰੇਰਿਆ। ਦੋਵਾਂ ਫ਼ਿਲਮਾਂ ਵਿੱਚ ਸਮੁੱਚੇ ਪਰਿਵਾਰ ਦਾ ਸੰਘਰਸ਼ ਦਿਖਾਇਆ ਗਿਆ ਹੈ। ਦੋਵੇਂ ਫ਼ਿਲਮਾਂ ਵਿੱਚ ਪਰਿਵਾਰ ਆਪਸ ਵਿੱਚ ਬਹੁਤ ਮਜ਼ਬੂਤੀ ਨਾਲ ਜੁੜੇ ਹੋਏ ਹਨ। ਰਿਚੀ ਜਦੋਂ ਆਪਣੀ ਪਤਨੀ ਨੂੰ ਨੌਕਰੀ ਮਿਲਣ ਦੀ ਖ਼ਬਰ ਦੇ ਨਾਲ-ਨਾਲ ਉਸ ਨੂੰ ਦੱਸਦਾ ਹੈ ਕਿ ਨੌਕਰੀ ਲਈ ਸਾਈਕਲ ਚਾਹੀਦਾ ਹੈ। ਉਸ ਦੀ ਬੀਵੀ (ਮਾਰੀਆ) ਝੱਟ ਹੀ ਆਪਣੀਆਂ ਵਿਆਹ ਵਾਲੀਆਂ ਚਾਦਰਾਂ ਵੇਚਣ ਨੂੰ ਤਿਆਰ ਹੋ ਜਾਂਦੀ ਹੈ ਅਤੇ ਖ਼ੁਸ਼ੀ-ਖ਼ੁਸ਼ੀ ਪੈਸੇ ਰਿਚੀ ਨੂੰ ਦਿੰਦੀ ਹੈ।

ਰਿਚੀ ਜਦੋਂ ਪੈਸੇ ਲੈ ਕੇ ਸਾਈਕਲ ਲੈਣ ਜਾਂਦਾ ਹੈ ਤਾਂ ਇੱਕ ਬੰਦਾ ਚਾਦਰਾਂ ਦਾ ਬੰਡਲ ਰੱਖਣ ਆਉਂਦਾ ਹੈ। ਜਿੱਥੇ ਉਹ ਬੰਡਲ ਰੱਖਦਾ ਹੈ, ਉਥੇ ਚਾਦਰਾਂ ਦੇ ਸੈਂਕੜੇ ਬੰਡਲ ਪਏ ਹਨ। ਸਾਹਮਣੇ ਹੀ ਸਾਈਕਲਾਂ ਦੀ ਕਤਾਰ ਲੱਗੀ ਹੈ। ਇਸ ਇੱਕੋ ਦ੍ਰਿਸ਼ ਰਾਹੀਂ ਜਣੇ ਦੀ ਹੋਣੀ ਜੱਗ ਦੀ ਹੋਣੀ ਦਾ ਵਿਸਤਾਰ ਦਿੰਦਾ ਹੈ। ਰਿਚੀ ਤੋਂ ਪਹਿਲਾਂ ਸੈਂਕੜੇ ਲੋਕ ਆਪਣਾ ਸਾਮਾਨ ਵੇਚ ਕੇ ਸਾਈਕਲ ਖਰੀਦ ਚੁੱਕੇ ਨੇ। ਰਿਚੀ ਦਾ 7-8 ਸਾਲ ਦਾ ਬੇਟਾ (ਬਰੂਨੋ) ਹੈ। ਬਰੂਨੋ ਰਿਚੀ ਨੂੰ ਬਹੁਤ ਪਿਆਰ ਕਰਦਾ ਹੈ। ਸਾਈਕਲ ਨੂੰ ਚੰਗੀ ਤਰ੍ਹਾਂ ਚਮਕਾਉਣ ਤੋਂ ਲੈ ਕੇ ਸਾਈਕਲ ਲੱਭਣ ਤੱਕ ਉਹ ਆਪਣੇ ਬਾਪ ਦੇ ਨਾਲ ਰਹਿੰਦਾ ਹੈ। ਬਰੂਨੋ ਆਪਣੀਆਂ ਬੱਚਿਆਂ ਵਾਲੀਆਂ ਹਰਕਤਾਂ ਨਾਲ ਫ਼ਿਲਮ ਵਿੱਚ ਹਾਸਾ ਭਰਦਾ ਹੈ।

ਰਿਚੀ ਦੀ ਟੁੱਟਦੀ ਹੋਈ ਹਿੰਮਤ ਨੂੰ ਨਿਰਦੇਸ਼ਕ ਨੇ ਬੜੇ ਕਲਾਤਮਕ ਢੰਗ ਨਾਲ ਪੇਸ਼ ਕੀਤਾ ਹੈ। ਨਿਰਾਸ਼ ਰਿਚੀ ਆਖ਼ਰ ਬਰੂਨੋ ਨੂੰ ਲੈ ਕੇ ਉਸੇ ਭਵਿੱਖ ਦੱਸਣ ਵਾਲੀ ਔਰਤ ਕੋਲ ਜਾਂਦਾ ਹੈ, ਜਿਸ ਕੋਲ ਜਾਣ 'ਤੇ ਫ਼ਿਲਮ ਦੇ ਸ਼ੁਰੂ ਵਿੱਚ ਉਹ ਮਾਰੀਆ ਨੂੰ ਡਾਂਟਦਾ ਹੈ। ਨਿਰਾਸ਼ ਰਿਚੀ ਇੱਕ ਸਟੇਡੀਅਮ ਦੇ ਬਾਹਰ ਪਹੁੰਚਦਾ ਹੈ, ਜਿੱਥੇ ਫੁਟਬਾਲ ਦਾ ਮੈਚ ਚੱਲ ਰਿਹਾ ਹੈ। ਉੱਥੇ ਸਾਈਕਲ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ। ਸਾਰੇ ਪਾਸੇ ਉਸ ਨੂੰ ਸਾਈਕਲ ਹੀ ਸਾਈਕਲ ਨਜ਼ਰ ਆ ਰਹੇ ਨੇ। ਸਾਰਾ ਕੁਝ ਉਸ ਦੇ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਹੈ ਅਤੇ ਉਹ ਸਾਈਕਲ ਚੋਰੀ ਕਰਨ ਦਾ ਮਨ ਬਣਾ ਲੈਂਦਾ ਹੈ।

ਫ਼ਿਲਮ ਦਾ ਅੰਤ ਬਹੁਤ ਮਾਰਮਿਕ ਹੈ ਜੋ ਵੇਖਣ ਵਾਲੇ ਨੂੰ ਅੰਦਰ ਤਕ ਝੰਜੋੜ ਕੇ ਰੱਖ ਦਿੰਦਾ ਹੈ। ਟੁੱਟ ਚੁੱਕਿਆ ਰਿਚੀ ਸਾਈਕਲ ਚੋਰੀ ਕਰਨ ਦਾ ਮਨ ਬਣਾਉਣ ਤੋਂ ਬਾਅਦ ਬਰੂਨੋ ਨੂੰ ਘਰ ਜਾਣ ਲਈ ਕਹਿੰਦਾ ਹੈ। ਰਿਚੀ ਸਾਈਕਲ ਚੋਰੀ ਕਰ ਕੇ ਭੱਜਦਾ ਹੈ। ਲੋਕਾਂ ਦੀ ਭੀੜ ਉਸ ਦਾ ਪਿੱਛਾ ਕਰਦੀ ਹੈ ਅਤੇ ਉਸ ਨੂੰ ਫੜ ਲੈਂਦੀ ਹੈ। ਲੋਕ ਬੁਰੀ ਤਰ੍ਹਾਂ ਨਾਲ ਉਸ ਨੂੰ ਮਾਰਦੇ ਨੇ। ਫੁੱਟਬਾਲ ਦੇ ਮੈਦਾਨ ਤੋਂ ਬਾਹਰ ਬਿਨਾ ਪਾਲਾਬੰਦੀ ਅਤੇ ਕਾਇਦੇ-ਕਾਨੂੰਨ ਦੀ ਖੇਡ ਖੇਡਦੇ ਹਨ। ਰਿਚੀ ਉਹ ਗੇਂਦ ਬਣ ਗਿਆ ਜਿਸ ਉਹ ਗੇਂਦ ਬਣ ਗਿਆ ਜਿਸ ਨੂੰ ਮਾਰਨ-ਕੁੱਟਣ ਦੇ ਨਾਲ ਗਾਲਾਂ ਕੱਢੀਆਂ ਜਾ ਸਕਦੀਆਂ ਹਨ। ਬਰੂਨੋ ਇਹ ਸਾਰਾ ਕੁਝ ਦੇਖ ਲੈਂਦਾ ਹੈ ਅਤੇ ਰਿਚੀ ਵੱਲ ਭੱਜਦਾ ਹੈ। ਰਿਚੀ ਕੁੱਟ ਤੋਂ ਬੇਧਿਆਨਾ ਬਰੂਨੋ ਨੂੰ ਆਪਣੇ ਵੱਲ ਆਉਂਦਾ ਹੋਇਆ ਦੇਖਦਾ ਹੈ। ਬਰੂਨੋ ਆ ਕੇ ਆਪਣੇ ਬਾਪ ਦੀਆਂ ਲੱਤਾਂ ਨੂੰ ਚੰਬੜ ਜਾਂਦਾ ਹੈ। ਦਰਦਮੰਦੀ ਮਾਸੂਮ ਬੱਚੇ ਦੇ ਹਵਾਲੇ ਨਾਲ ਬੇਦਰਦੀ ਦੀ ਹਮਲਾਵਰ ਚਾਦਰ ਚਾਕ ਕਰਦੀ ਹੈ। ਸਾਈਕਲ ਦਾ ਮਾਲਕ ਬਰੂਨੋ ਦੀ ਸ਼ਕਲ ਵੇਖ ਕੇ ਪੁਲੀਸ ਵਿੱਚ ਰਿਪੋਰਟ ਦਰਜ ਕਰਵਾਉਣ ਤੋਂ ਇਨਕਾਰ ਕਰ ਦਿੰਦਾ ਹੈ। ਬਾਪ ਜੋ ਬੇਟੇ ਦਾ ਨਾਇਕ ਹੁੰਦਾ ਹੈ, ਹਾਲਾਤ ਦੀ ਮਜਬੂਰੀ ਵਿੱਚ ਬੇਬਸ ਹੋ ਕੇ ਚੋਰ ਬਣ ਜਾਂਦਾ ਹੈ। ਇਸੇ ਹੀ ਆਤਮ ਗਿਲਾਨੀ ਵਿੱਚ ਰਿਚੀ ਭੀੜ 'ਚੋਂ ਬਰੂਨੋ ਦਾ ਹੱਥ ਫੜ ਕੇ ਤੁਰਿਆ ਜਾਂਦਾ ਹੈ।

ਫ਼ਿਲਮ ਵਿੱਚ ਸਾਈਕਲ ਨੂੰ ਗ਼ਰੀਬ ਬੰਦੇ ਦੀ ਖ਼ੁਸ਼ਹਾਲੀ ਦੀ ਉਮੀਦ ਵਜੋਂ ਵਿਖਾਇਆ ਗਿਆ ਹੈ। ਜਿਸ ਸਮੇਂ ਇਹ ਫ਼ਿਲਮ ਬਣੀ ਸੀ ਉਸ ਸਮੇਂ ਇਟਲੀ ਦੇ 25 ਫ਼ੀਸਦੀ ਲੋਕ ਬੇਰੁਜ਼ਗਾਰ ਸਨ। ਫ਼ਿਲਮ ਵਿੱਚ ਸਾਈਕਲ ਦਾ ਗੁਆਚਣਾ ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ 'ਗੋਦਾਨ' ਵਿਚਲੀ ਗਾਂ ਦਾ ਮਰਨਾ ਯਾਦ ਕਰਵਾਉਂਦਾ ਹੈ। ਕਿਸਾਨ ਨੂੰ ਸਾਈਕਲ ਦਾ ਗੁਆਚਣਾ ਖੜ੍ਹੀ ਫ਼ਸਲ ਦੇ ਖ਼ਰਾਬ ਹੋਣ ਦੀ ਯਾਦ ਕਰਾਉਂਦਾ ਹੈ। ਸਾਈਕਲ ਦਾ ਗੁਆਚਣਾ ਮੈਨੂੰ ਇਹ ਯਾਦ ਕਰਾਉਂਦਾ ਹੈ ਕਿ ਮੈਂ ਉਸ ਦਿਨ ਕੀ ਗੁਆ ਲਿਆ ਸੀ, ਜਿਸ ਦਿਨ ਮੇਰੇ ਬਾਪ ਦੀ ਮੌਤ ਹੋਈ ਸੀ।

Wednesday 14 December 2011

ਰੌਕ ਸੰਗੀਤ ਦੀ ਨਾਬਰ ਰਵਾਇਤ ਅਤੇ 'ਰੌਕ ਸਟਾਰ'

ਜਤਿੰਦਰ ਮੌਹਰ

ਪਿੱਛੇ ਜਿਹੇ ਪਰਦਾਪੇਸ਼ ਹੋਈ ਫ਼ਿਲਮ ਰੌਕ ਸਟਾਰ ਨੇ ਚੰਗੀ ਵਿੱਤੀ ਕਾਮਯਾਬੀ ਹਾਸਲ ਕੀਤੀ। ਫ਼ਿਲਮ ਪੜਚੋਲ ਦੇ ਕਾਲਮਾਂ 'ਚ ਰੌਕ ਸਟਾਰ ਨੂੰ ਖ਼ੂਬ ਸਲਾਹਿਆ ਗਿਆ। ਕਿਸੇ ਨੂੰ ਇਹ ਫ਼ਿਲਮ ਪੰਜਾਬੀ ਦੇ ਮਹਾਨ ਕਵੀ ਬਾਬਾ ਵਾਰਿਸ ਸ਼ਾਹ ਦੀ ਅਜੋਕੇ ਯੁੱਗ ਦੀ ਹੀਰ-ਰਾਂਝਾ ਲੱਗੀ ਤੇ ਕਿਸੇ ਨੂੰ ਇਨਕਲਾਬੀ। ਕੋਈ ਇਸ ਨੂੰ 'ਤਾਜ਼ਾ ਸੂਫ਼ੀਆਨਾ ਕਲਾਮ' ਮੰਨਦਾ ਹੈ। ਫ਼ਿਲਮ ਰਣਬੀਰ ਕਪੂਰ ਦੀ ਲਗਾਤਾਰ ਬੰਨ੍ਹ ਕੇ ਰੱਖਣ ਵਾਲੀ ਅਦਾਕਾਰੀ ਅਤੇ ਨਵੀਂ ਕੁੜੀ ਨਰਗਿਸ ਫਾਖ਼ਰੀ ਦੀ ਭੁੱਲਣਯੋਗ ਅਦਾਕਾਰੀ ਨਾਲ ਸ਼ਿੰਗਾਰੀ ਹੋਈ ਹੈ। ਫ਼ਿਲਮ ਦੇ ਹਦਾਇਤਕਾਰ ਇਮਤਿਆਜ਼ ਅਲੀ ਹਨ ਜਿਨ੍ਹਾਂ ਨੇ ਪਹਿਲਾਂ 'ਸੋਚਾ ਨਾ ਥਾ', 'ਜਬ ਵੀ ਮੈੱਟ', 'ਲਵ ਆਜ-ਕੱਲ੍ਹ' ਜਿਹੀਆਂ ਰੁਮਾਂਸਵਾਦੀ ਫ਼ਿਲਮਾਂ ਬਣਾਈਆਂ ਹਨ। ਨਿੱਜੀ ਤੌਰ 'ਤੇ ਮੈਂ ਉਨ੍ਹਾਂ ਨੂੰ ਚੰਗਾ ਅਦਾਕਾਰ ਮੰਨਦਾ ਹਾਂ। ਉਹ ਚਾਲੂ ਬਾਲੀਵੁੱਡ ਮਾਰਕਾ ਫ਼ਿਲਮਾਂ 'ਚ ਰੁਮਾਂਸ ਦਾ ਮਸਾਲਾ ਨੱਕੋ-ਨੱਕ ਭਰਨ ਲਈ ਜਾਣੇ ਜਾਂਦੇ ਹਨ। ਅਮੀਰਜ਼ਾਦਿਆਂ/ਜ਼ਾਦੀਆਂ ਦੀਆਂ ਪ੍ਰੇਮ-ਕਹਾਣੀਆਂ 'ਤੇ ਫ਼ਿਲਮਾਂ ਬਣਾਉਣ 'ਚ ਉਨ੍ਹਾਂ ਨੂੰ ਮੁਹਾਰਤ ਹਾਸਲ ਹੈ। ਉਨ੍ਹਾਂ ਦੀਆਂ ਪਿਛਲੀਆਂ ਫ਼ਿਲਮਾਂ ਦੇਖ ਕੇ ਲਗਦਾ ਹੈ ਕਿ ਅਮੀਰ ਮੁੰਡੇ-ਕੁੜੀਆਂ ਨੂੰ ਜ਼ਿੰਦਗੀ 'ਚ ਵਿਆਹ ਕਰਵਾਉਣ ਅਤੇ 'ਸੱਚਾ ਪਿਆਰ' ਲੱਭਣ ਤੋਂ ਬਿਨਾਂ ਕੋਈ ਕੰਮ ਨਹੀਂ ਹੈ। ਉਹ ਜਗ੍ਹਾ-ਜਗ੍ਹਾ ਧੱਕੇ ਖਾ ਕੇ ਆਖ਼ਰ ਆਨ੍ਹੇ ਵਾਲੀ ਥਾਂ 'ਤੇ ਆ ਜਾਂਦੇ ਹਨ ਜਿੱਥੇ ਉਨ੍ਹਾਂ ਨੂੰ 'ਸੱਚਾ ਪਿਆਰ' ਕਰਨ ਵਾਲੀ ਅਮੀਰ ਕੁੜੀ ਮਿਲ ਜਾਂਦੀ ਹੈ। ਹਰ ਵਾਰ ਅਮੀਰ ਮਸ਼ੂਕ ਹੀ ਉਨ੍ਹਾਂ ਨੂੰ 'ਸਹੀ ਰਾਹ' ਪਾਉਣ ਦਾ ਸਬੱਬ ਬਣਦੀ ਰਹੀ ਹੈ। ਫ਼ਿਲਮ ਹਦਾਇਤਕਾਰ ਸੰਜੇ ਲੀਲਾ ਭੰਸਾਲੀ ਨੂੰ ਪੁੱਛਿਆ ਗਿਆ ਕਿ ਉਸ ਦੀਆਂ ਫ਼ਿਲਮਾਂ ਅਮੀਰ ਕਿਰਦਾਰਾਂ ਬਾਰੇ ਕਿਉਂ ਹੁੰਦੀਆਂ ਹਨ? ਉਸ ਦਾ ਕਹਿਣਾ ਸੀ ਕਿ ਗ਼ਰੀਬ ਮੈਨੂੰ ਕਿਰਦਾਰਾਂ ਦੇ ਰੂਪ 'ਚ ਦਿਸਦੇ ਨਹੀਂ ਹਨ। ਨਰਕ ਜਿਹੀ ਜ਼ਿੰਦਗੀ ਜਿਉਂ ਰਹੀ ਮੁਲਕ ਦੀ ਬਹੁਗਿਣਤੀ ਦੇ ਦੁੱਖਾਂ ਨੂੰ ਵਿਸਾਰ ਦੇਣ ਦਾ ਰੁਝਾਨ ਭਾਰਤੀ-ਸਿਨੇਮੇ 'ਤੇ ਲਗਾਤਾਰ ਭਾਰੂ ਹੈ। ਬਹੁਤੇ ਫ਼ਿਲਮਸਾਜ਼ ਇਸੇ ਰੁਝਾਨ ਦੀ ਨੁਮਾਇੰਦਗੀ ਕਰਦੇ ਨਜ਼ਰ ਆਉਂਦੇ ਹਨ। ਇਮਤਿਆਜ਼ ਫ਼ਿਲਮ-ਕਲਾ ਦਾ ਹੁਨਰ ਜਾਣਦਾ ਹੈ। ਫ਼ਿਲਮ-ਸੰਗੀਤ ਅਤੇ ਰੂਪਕ ਪੱਖ ਦੀ ਸਮਝ ਰੱਖਦਾ ਹੈ। ਅਜਿਹੇ ਫ਼ਿਲਮਸਾਜ਼ ਸ਼ਹਿਰੀ ਮੱਧ ਵਰਗ ਦੇ ਹਰਮਨਪਿਆਰੇ ਬਣ ਜਾਂਦੇ ਹਨ। ਇਹੀ ਜਮਾਤ ਜਨਤਕ ਸਮਝ ਬਣਾਉਣ ਵਾਲੇ ਵਸੀਲਿਆਂ 'ਤੇ ਹਮੇਸ਼ਾਂ ਕਾਬਜ਼ ਰਹੀ ਹੈ। ਉਹ ਨਿਵੇਕਲੇਪਣ ਨੂੰ ਸਿਫ਼ਤ ਦੇ ਤੌਰ 'ਤੇ ਪੇਸ਼ ਕਰਦੇ ਹਨ।


ਜੇ ਰੌਕ ਸੰਗੀਤ ਦੇ ਇਤਿਹਾਸ ਨੂੰ ਗਹੁ ਨਾਲ ਵਾਚਿਆ ਜਾਵੇ ਤਾਂ ਸਮੁੱਚੇ ਰੂਪ 'ਚ ਇਹ ਨਾਬਰੀ ਦਾ ਸੰਗੀਤ ਮੰਨਿਆਂ ਜਾਂਦਾ ਹੈ ਜੋ ਸੱਭਿਆਚਾਰਕ, ਸਮਾਜਿਕ ਅਤੇ ਸਿਆਸੀ ਲਹਿਰਾਂ ਦਾ ਝੰਡਾਬਰਦਾਰ ਰਿਹਾ ਹੈ। ਰੌਕ ਸੰਗੀਤ ਦੀ ਸ਼ੁਰੂਆਤ ਸਿਆਹਫਾਮ ਸੰਗੀਤਕਾਰ, ਗੀਤਕਾਰ ਅਤੇ ਗਾਇਕ ਚੱਕ ਬੈਰੀ (ਅਮਰੀਕੀ) ਨੇ ਕੀਤੀ ਸੀ। ਇਹ ਸੰਗੀਤ ਮਨੋਰੰਜਨ ਕਰਨ ਤੋਂ ਵਧੇਰੇ ਨਾਬਰ-ਆਪੇ ਦੀ ਰਵਾਇਤ ਰਿਹਾ ਹੈ। ਰੌਕ ਅਤੇ ਰੋਲ ਦੇ ਮੁੱਢਲੇ ਰੂਪ ਤੋਂ ਨਿਕਲ ਕੇ ਰੌਕ ਸੰਗੀਤ ਨੇ ਨਵੀਂ ਧਾਰਨਾ ਪੇਸ਼ ਕੀਤੀ। ਸਭ ਤੋਂ ਵੱਧ ਮਸ਼ਹੂਰ ਰਿਹਾ ਰੌਕ ਬੈਂਡ 'ਬੀਟਲਜ਼' ਰੁਮਾਂਟਿਕ ਸੰਗੀਤ ਤੋਂ ਅੱਗੇ ਵਧ ਕੇ ਸਾਮਰਾਜੀ ਲਾਲਚ ਦੇ 'ਤੇਲ ਗੀਤ' ਨਾਲ ਸਿਆਸੀ ਰੁਝਾਨ ਦਾ ਹਿੱਸਾ ਬਣਦਾ ਹੈ। ਇਹ ਗੀਤ ਸਾਮਰਾਜੀ ਲੋਭ ਨੂੰ ਬੇਪਰਦ ਕਰਦਾ ਹੈ। 15 ਅਕਤੂਬਰ 1969 ਨੂੰ ਵਾਸ਼ਿੰਗਟਨ ਡੀ.ਸੀ 'ਚ ਵੀਅਤਕਾਂਗ ਜੰਗ ਦੇ ਖ਼ਿਲਾਫ਼ ਇਕੱਠੇ ਹੋਏ ਢਾਈ ਲੱਖ ਲੋਕਾਂ ਨੇ ਬੀਟਲਜ਼ ਬੈਂਡ ਦੇ ਜੌਹਨ ਲੈਨਨ ਦਾ ਗੀਤ 'ਗਿਵ ਪੀਸ ਏ ਚਾਂਸ' ਗਾਇਆ। ਜੰਗ ਦੇ ਖ਼ਿਲਾਫ ਇਹ ਸਮੂਹ ਗੀਤ ਮੰਨਿਆਂ ਜਾਂਦਾ ਹੈ। ਸੱਤਰਵਿਆਂ ਦੇ ਸ਼ੁਰੂ 'ਚ ਜੌਹਨ ਹੈਨਰੈਟੀ ਨਾਂ ਦੇ ਅਮਰੀਕੀ ਮੁੰਡੇ ਨੇ ਆਪਣੀ ਬੇਗ਼ੁਨਾਹੀ ਸਾਬਤ ਕਰਨ ਲਈ ਫਾਹਾ ਲੈ ਲਿਆ ਸੀ। ਰੌਕ ਸਟਾਰ ਜੌਹਨ ਲੈਨਨ ਨੇ ਮੁੰਡੇ ਦੇ ਕਾਤਲਾਂ ਬਾਰੇ ਲਿਖਿਆ ਕਿ ਇਹ ਉਹੀ ਨੇ ਜੋ ਅਫ਼ਰੀਕਾ 'ਚ ਸਿਆਹਫਾਮ ਲੋਕਾਂ ਨੂੰ ਗਲੀਆਂ 'ਚ ਮਾਰਦੇ ਹਨ। ਇਨ੍ਹਾਂ ਹਰਾਮੀਆਂ ਦੀ ਨਸਲ ਇੱਕ ਹੈ। ਆਲਮ 'ਤੇ ਇਨ੍ਹਾਂ ਦਾ ਦਾਬਾ ਹੈ ਤੇ ਹਰ ਜਗ੍ਹਾ ਮਨੁੱਖਤਾ ਦੇ ਕਤਲੇਆਮ ਲਈ ਬੰਦੂਕਾਂ ਚੁੱਕੀ ਫਿਰਦੇ ਹਨ। ਚਾਰੇ ਪਾਸੇ ਇਹੀ ਘਟੀਆ ਸਫ਼ੇਦਪੋਸ਼ੀ ਦ੍ਰਿਸ਼ ਚੱਲ ਰਿਹਾ ਹੈ। ਸੰਨ 1972 'ਚ ਆਇਰਲੈਂਡ 'ਚ ਵਾਪਰੇ 'ਖ਼ੂਨੀ ਐਤਵਾਰ' ਕਤਲੇਆਮ ਦੇ ਖ਼ਿਲਾਫ਼ ਜੌਹਨ ਲੈਨਨ ਨੇ 'ਆਇਰਿਸ਼ ਦੀ ਕਿਸਮਤ' ਅਤੇ 'ਐਤਵਾਰ ਖ਼ੂਨੀ ਐਤਵਾਰ' ਜਿਹੇ ਗੀਤ ਗਾਏ। ਇਸ ਕਤਲੇਆਮ 'ਚ ਵਲੈਤੀ ਫ਼ੌਜੀਆਂ ਨੇ ਜਮਹੂਰੀ ਹਕੂਕ ਲਈ ਰੋਸ ਕਰ ਰਹੇ ਤੇਰ੍ਹਾਂ ਨਿਹੱਥੇ ਨਾਗਰਿਕਾਂ ਨੂੰ ਗੋਲੀ ਮਾਰ ਦਿੱਤੀ ਸੀ। ਲੈਨਨ ਨੇ ਕਿਹਾ ਸੀ ਕਿ ਜੇ ਉਸ ਨੂੰ ਵਲੈਤੀ ਫ਼ੌਜ ਜਾਂ ਬਾਗ਼ੀ ਆਇਰਸ਼ ਰੀਪਬਲੀਕਨ ਆਰਮੀ 'ਚੋਂ ਚੋਣ ਕਰਨ ਦਾ ਮੌਕਾ ਮਿਲੇ ਤਾਂ ਉਹ ਆਇਰਸ਼ ਆਰਮੀ ਨੂੰ ਚੁਣੇਗਾ। ਵਲੈਤ ਦੀ ਖ਼ੁਫ਼ੀਆ ਏਜੰਸੀ ਐਮ-15 ਲੈਨਨ ਉੱਤੇ ਬਾਗ਼ੀਆਂ ਨੂੰ ਮਾਲੀ ਮਦਦ ਦੇਣ ਦਾ ਦੋਸ਼ ਲਾਉਂਦੀ ਰਹੀ ਹੈ। ਅਮਰੀਕੀ ਖ਼ੁਫ਼ੀਆ ਏਜੰਸੀ ਐਫ.ਬੀ.ਆਈ ਮੁਤਾਬਕ ਲੈਨਨ ਕੌਮਾਂਤਰੀ ਮਾਰਕਸੀ ਗੁੱਟ ਨਾਲ ਜੁੜਿਆ ਹੋਇਆ ਸੀ। ਬਾਅਦ 'ਚ ਖੱਬੇਪੱਖੀ ਚਿੰਤਕ ਤਾਰਿਕ ਅਲੀ ਨੇ ਇਸਦੀ ਪੁਸ਼ਟੀ ਕੀਤੀ ਸੀ। ਜੰਗ ਦੇ ਵਿਰੁਧ ਉਸਦੇ ਗਾਣੇ 'ਕ੍ਰਿਸਮਿਸ ਮੁਬਾਰਕ-ਜੰਗ ਖ਼ਤਮ ਹੋ ਗਈ' ਅਤੇ 'ਗਿਵ ਪੀਸ ਏ ਚਾਂਸ' ਮਸ਼ਹੂਰ ਰਹੇ। ਐਫ਼.ਬੀ.ਆਈ ਦੀਆਂ ਖ਼ੁਫ਼ੀਆਂ ਰਪਟਾਂ ਮੁਤਾਬਕ ਜੰਗ-ਵਿਰੋਧੀ ਕਾਰਕੁਨਾਂ ਵਾਂਗ ਲੈਨਨ ਦੀ ਨਿੱਜੀ ਅਤੇ ਰੋਜ਼ਮੱਰ੍ਹਾਂ ਦੀ ਜ਼ਿੰਦਗੀ 'ਤੇ ਸਖ਼ਤ ਨਿਗਾਹ ਰੱਖੀ ਜਾਂਦੀ ਸੀ।


ਕਰਟ ਕੁਬੇਨ ਨਾਂ ਦਾ ਰੌਕ ਸਟਾਰ ਮਨੁੱਖ ਨੂੰ ਸੀਲ ਖਪਤਕਾਰ ਬਣਾਉਂਦੀ ਸੋਚ ਦੇ ਖ਼ਿਲਾਫ਼ ਪੈਂਤੜਾ ਲੈਂਦਾ ਹੈ। ਕੁਬੇਨ ਦਾ ਮੰਨਣਾ ਸੀ ਕਿ ਉਸ ਦੀ ਆਪਣੀ ਪਛਾਣ ਵੀ ਖ਼ਪਤਵਾਦੀ ਸੋਚ ਨੂੰ ਹੁਲਾਰਾ ਦੇ ਰਹੀ ਹੈ। ਕੁਬੇਨ ਦੇ ਖ਼ੁਦਕੁਸ਼ੀ ਕਰਨ ਦੇ ਕਾਰਨਾਂ 'ਚੋਂ ਇਹ ਫਿਕਰ ਵੀ ਅਹਿਮ ਮੰਨਿਆ ਜਾਂਦਾ ਹੈ। ਅਮਰੀਕਨ ਕੁੜੀ ਨਾਲ ਹੋਏ ਬਲਾਤਕਾਰ ਦੀ ਖ਼ਬਰ ਅਖ਼ਬਾਰ 'ਚ ਪੜ੍ਹ ਕੇ ਕੁਬੇਨ ਨੇ ਉਹਦੇ ਦੁੱਖ ਦਾ ਗੀਤ ਬਣਾਇਆ ਸੀ। ਵੀਹਵੀਂ ਸਦੀ ਦੇ ਸੱਠਵੇਂ ਤੇ ਸੱਤਰਵੇਂ ਦਹਾਕੇ ਦੇ ਰੌਕ ਸਟਾਰਾਂ ਨੇ ਪ੍ਰਬੰਧ ਦੇ ਖ਼ਿਲਾਫ਼ ਖੁੱਲ੍ਹ ਕੇ ਲਿਖਿਆ ਤੇ ਗਾਇਆ। ਬੌਬ ਡਿਲਨ ਤੇ ਹੋਰ ਰੌਕ ਸਟਾਰ ਮਨੁੱਖੀ ਹਕੂਕ ਦੀਆਂ ਲਹਿਰਾਂ ਦੇ ਸਮਰਥਕ ਅਤੇ ਵੀਅਤਕਾਂਗ ਦੇ ਖ਼ਿਲਾਫ਼ ਅਮਰੀਕੀ ਨੀਤੀਆਂ ਦੇ ਸਖ਼ਤ ਵਿਰੋਧੀ ਰਹੇ। ਬੌਬ ਡਿਲਨ ਵਰਗਿਆਂ ਨੇ ਰੋਸ-ਧਰਨਿਆਂ 'ਚ ਹਿੱਸਾ ਲਿਆ ਅਤੇ ਰੌਕ ਸੰਗੀਤ ਨੂੰ ਲੋਕਾਂ ਦੀ ਆਵਾਜ਼ ਬਣਾਇਆ। 'ਹੂ' ਵਰਗੇ ਰੌਕ ਗਵੱਈਆਂ ਨੇ ਸੱਠਵਿਆਂ 'ਚ ਆਪਣੇ ਗੀਤ ਨਾਬਰ ਮੁੰਡੇ-ਕੁੜੀਆਂ ਦੇ ਨਾਮ ਕੀਤੇ। ਸੰਨ 1978-79 ਦੇ ਸਾਲਾਂ 'ਚ ਪੰਕ ਰੌਕ ਨੇ ਪ੍ਰਬੰਧ ਦੇ ਖ਼ਿਲਾਫ਼ ਸਿਆਸੀ ਸੁਰ ਹੋਰ ਤਿੱਖੀ ਕੀਤੀ। ਜਮੈਕਾ ਦਾ ਬੌਬ ਮਾਰਲੇ ਗੋਰਿਆਂ ਦੀ ਸਰਦਾਰੀ ਦੇ ਮੁਕਾਬਲੇ ਸਿਆਹਫਾਮ ਬੰਦੇ ਅਤੇ ਅਫ਼ਰੀਕਾ ਦੀ ਪਛਾਣ ਦਾ ਝੰਡਾ ਬੁਲੰਦ ਕਰਦਾ ਹੈ। ਉਹ ਅਫ਼ਰੀਕਾ ਨੂੰ ਮਨੁੱਖੀ ਸੱਭਿਅਤਾ ਦਾ ਕੇਂਦਰ ਬਣਾਉਂਦਾ ਹੈ। 'ਪਿੰਕ ਫਲੋਇਉਡ' ਬੈਂਡ ਦਾ ਗੀਤ 'ਦਿ ਵਾਲ' ਲੋਕ-ਵਿਰੋਧੀ ਸਿੱਖਿਆ ਪ੍ਰਬੰਧ ਨੂੰ ਤਬਾਹ ਕਰਨ ਦਾ ਸੁਨੇਹਾ ਦਿੰਦਾ ਹੈ ਜਿਸ ਦੇ ਫ਼ਿਲਮਾਂਕਣ 'ਚ ਬੱਚੇ ਸਕੂਲ ਦੀਆਂ ਕੰਧਾਂ ਤੋੜਦੇ ਦਿਖਾਏ ਗਏ ਹਨ। ਅਜੋਕੇ ਦੌਰ 'ਚ ਪਾਕਿਸਤਾਨ ਦਾ ਲਾਲ ਬੈਂਡ ਮੁਲਕ ਦੇ ਸਮਾਜਿਕ ਅਤੇ ਸਿਆਸੀ ਹਾਲਾਤ ਨਾਲ ਲਗਾਤਾਰ ਜੁੜਦਾ ਹੈ। ਉਹ ਮੁਜਾਰਿਆਂ ਨੂੰ ਜ਼ਮੀਨਾਂ ਦੇਣ ਦੀ ਲਹਿਰ 'ਜ਼ਮੀਨੀ-ਸੁਧਾਰ ਲਈ ਲੰਬੀ ਯਾਤਰਾ' ਦਾ ਹਿੱਸਾ ਬਣਦਾ ਹੈ। ਸਮੁੱਚੇ ਰੂਪ 'ਚ ਰੌਕ ਸੰਗੀਤ ਸਮਾਜਿਕ ਨਾਬਰਾਬਰੀ ਦੇ ਖ਼ਿਲਾਫ਼ ਮਨੁੱਖ ਦੀ ਆਵਾਜ਼ ਬਣਦਾ ਰਿਹਾ ਹੈ ਭਾਵਂੇ ਇਸ ਸੰਗੀਤ ਨੂੰ ਹਿੱਪੀਆਂ ਨੇ ਆਪਣੀ ਨਿੱਜੀ ਪਛਾਣ ਦੇ ਦਿਖਾਵੇ ਵਜੋਂ ਵੀ ਵਰਤਿਆ ਸੀ। ਜਿਮ ਮੌਰੀਸਨ ਹਿੱਪੀਆਂ ਦਾ ਨੁਮਾਇੰਦਾ ਗਾਇਕ ਸੀ। ਹਿੱਪੀਆਂ ਦੇ ਸਰੋਕਾਰ ਸਮਾਜੀ ਨਾ ਹੋ ਕੇ ਸ਼ਖ਼ਸੀ ਖੁੱਲ੍ਹਾਂ ਤੱਕ ਮਹਿਦੂਦ ਸਨ। ਉਹ ਲੋਕ-ਸਮੱਸਿਆਵਾਂ ਦੇ ਸਾਂਝੇ ਹੱਲ ਦਾ ਵਿਚਾਰ ਪੇਸ਼ ਨਹੀਂ ਕਰਦੇ। ਮਸਲਾ ਵਿਚਾਰਨਾ ਬਣਦਾ ਹੈ ਕਿ ਕਲਾ ਨੂੰ ਅਸੀਂ ਸਰਬੱਤ ਦੇ ਭਲੇ ਲਈ ਵਰਤਣਾ ਹੈ ਜਾਂ ਸਿਰਫ਼ ਤੇ ਸਿਰਫ਼ ਨਿੱਜਵਾਦ ਦੇ ਰਾਮ-ਰੌਲੇ ਦਾ ਸ਼ੋਰ ਬਣਾਉਣਾ ਹੈ। ਇਸੇ ਪ੍ਰਸੰਗ 'ਚ ਇਮਤਿਆਜ਼ ਦੀ 'ਰੌਕ ਸਟਾਰ' ਨੂੰ ਦੇਖਿਆ ਜਾ ਸਕਦਾ ਹੈ।

'ਰੌਕ ਸਟਾਰ' ਹਰਿਆਣਵੀ ਮੁੰਡੇ ਜਨਾਰਧਨ ਜਾਖੜ ਉਰਫ਼ ਜੇ.ਜੇ ਉਰਫ਼ ਜਾਰਡਨ ਅਤੇ ਉਸ ਦੀ ਮਸ਼ੂਕ ਹੀਰ ਕੌਲ ਦੀ ਕਹਾਣੀ ਹੈ। ਰੌਕ ਸਟਾਰ ਸਿਰਲੇਖ ਤੋਂ ਲੱਗਦਾ ਹੈ ਕਿ ਫ਼ਿਲਮ ਨਾਇਕ ਦੇ ਸੰਗੀਤਕ-ਸਫ਼ਰ ਦੀ ਕਹਾਣੀ ਹੋਵੇਗੀ ਜਿਸ ਨੂੰ ਸੰਗੀਤ ਨਾਲ ਅੰਤਾਂ ਦਾ ਪਿਆਰ ਹੋਵੇਗਾ। ਕਹਾਣੀ ਮੁਤਾਬਕ ਜੇ.ਜੇ ਬਚਪਨ ਤੋਂ ਗਿਟਾਰ ਵਜਾਉਂਦਾ ਰਿਹਾ ਹੈ ਪਰ ਫ਼ਿਲਮ ਦੇਖਣ ਤੋਂ ਬਾਅਦ ਲਗਦਾ ਹੈ ਕਿ ਉਸ ਨੂੰ ਸੰਗੀਤ ਨਾਲ ਕੋਈ ਪਿਆਰ ਨਹੀਂ ਹੈ। ਉਹਦਾ ਪਿਆਰ ਤਾਂ ਹੀਰ ਨਾਲ ਹੈ। ਜਦੋਂ ਹੀਰ ਦਾ ਵਿਆਹ ਹੋਇਆ ਤਾਂ ਜੇ.ਜੇ ਗਾਉਣਾ ਛੱਡ ਗਿਆ। ਘਰਦਿਆਂ ਦਾ ਘਰੋਂ ਕੱਢਿਆ ਦਰਗਾਹ 'ਚ ਪਹੁੰਚ ਗਿਆ ਤੇ ਫਿਰ ਗਾਉਣ ਲੱਗ ਪਿਆ। ਜੇ ਹੀਰ ਨਾ ਹੁੰਦੀ ਤਾਂ ਉਹ ਗਾਇਕ ਹੀ ਨਾ ਬਣਦਾ। ਜੇ ਫ਼ਿਲਮ ਦਾ ਸਿਰਲੇਖ ਰੌਕ ਸਟਾਰ ਦੀ ਥਾਂ 'ਏਕ ਦੀਵਾਨਾ' ਜਾਂ 'ਏਕ ਆਸ਼ਿਕ' ਜਾਂ 'ਸਨਕੀ ਪਗਲਾ ਦੀਵਾਨਾ' ਹੁੰਦਾ ਤਾਂ ਵੀ ਕੋਈ ਫ਼ਰਕ ਨਹੀਂ ਸੀ ਪੈਣਾ। ਰੌਕ ਸਟਾਰ ਦੀ ਥਾਂ ਉਸ ਦਾ ਕਿੱਤਾ ਟਰੱਕ-ਡਰਾਇਵਰੀ ਜਾਂ ਸਕੂਟਰ ਮਕੈਨਿਕੀ ਹੋਣ ਨਾਲ ਵੀ ਕੰਮ ਚਲ ਜਾਣਾ ਸੀ। ਸਵਾਲ ਹੈ ਕਿ ਰੌਕ ਸਟਾਰ ਦਾ ਸੰਗੀਤਕ-ਸਫ਼ਰ ਕਿੱਥੇ ਹੈ? ਮੁੱਢਲੇ ਦੌਰ 'ਚ ਉਸ ਨੂੰ ਲੱਲੂ ਕਿਸਮ ਦਾ ਬੰਦਾ ਦਿਖਾਇਆ ਗਿਆ ਹੈ। ਉਹ ਉਸ ਵੇਲੇ ਵੀ 'ਬਰਬਾਦ ਅਲਫ਼ਾਜ਼' ਜਿਹੇ ਗੀਤ ਲਿਖ ਅਤੇ ਗਾ ਰਿਹਾ ਹੈ। ਕਾਮਯਾਬੀ ਮਿਲਣ 'ਤੇ ਵੀ ਉਸੇ ਤਰ੍ਹਾਂ ਦੇ ਗੀਤ ਗਾ ਰਿਹਾ ਹੈ। ਹੀਰ ਨਾਲ ਇਸ਼ਕ ਹੋਣ ਤੋਂ ਬਾਅਦ (ਜਿਵੇਂ ਫ਼ਿਲਮ 'ਚ ਸਿੱਧ ਕੀਤਾ ਗਿਆ ਹੈ), ਉਸ ਦੇ ਵਿਚਾਰਾਂ ਅਤੇ ਕਲਾ 'ਚ ਆਈ ਤਬਦੀਲੀ ਅਤੇ ਪਕਿਆਈ ਸਮਝ ਤੋਂ ਬਾਹਰ ਹੈ। ਉਹ ਸ਼ੂਰੂ ਤੋਂ ਹੀ ਅੰਤਰਜਾਮੀ ਜਾਪਦਾ ਹੈ। ਫ਼ਿਲਮ ਦੀ ਪੜਚੋਲ ਇਸ ਤਰ੍ਹਾਂ ਨਹੀਂ ਕੀਤੀ ਜਾ ਸਕਦੀ ਕਿ ਇਸ ਵਿੱਚ ਸੂਫ਼ੀ ਗਾਣਾ ਵੀ ਹੈ। 'ਸਾਡਾ ਹੱਕ' ਜਿਹਾ 'ਇਨਕਲਾਬੀ' ਗੀਤ ਵੀ ਹੈ। ਫ਼ਿਲਮ ਦੀ ਸਮੁੱੱਚਤਾ ਵੀ ਕੋਈ ਸ਼ੈਅ ਹੁੰਦੀ ਹੈ ਕਿ ਆਖ਼ਰ ਉਹ ਕਿਸ ਮਿੱਟੀ 'ਤੇ ਖੜ੍ਹ ਕੇ ਸੰਬੋਧਤ ਹੁੰਦੀ ਹੈ? ਇਸੇ ਰੁਝਾਨ 'ਚ ਬੱਬੂ ਮਾਨ ਆਪਣੇ ਗਾਣਿਆਂ ਨੂੰ 'ਸਰਕਾਰ ਵਿਰੋਧੀ' ਪ੍ਰਚਾਰ ਕੇ 'ਇਨਕਲਾਬੀ' ਕਹਾਈ ਜਾਂਦਾ ਹੈ। ਉਸ ਨੂੰ ਪੋਰਸ, ਹਿਟਲਰ, ਬਾਬਾ ਨਾਨਕ, ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਜਗਤਾਰ ਹਵਾਰਾ, ਬੰਦਾ ਸਿੰਘ ਬਹਾਦਰ, ਮੌਤ ਦੇ ਵਪਾਰੀ ਅਤੇ ਅਤਿ ਦੇ ਸ਼ਿਕਾਰੀ ਸਾਰੇ ਜੱਟ ਲੱਗੀ ਜਾਂਦੇ ਹਨ। ਉਹ ਸਾਰਿਆਂ ਦਾ ਜਸ਼ਨ ਮਨਾਈ ਜਾਂਦਾ ਹੈ।

ਜੇ.ਜੇ ਸ਼ਹਿਨਾਈ ਵਾਦਕ ਬਣੇ ਸ਼ੰਮੀ ਕਪੂਰ ਦਾ ਮਜ਼ਾਕ ਉਡਾਉਂਦਾ ਹੈ। ਉਸ ਦਾ ਮੰਨਣਾ ਹੈ ਕਿ ਸ਼ਾਸਤਰੀ ਸੰਗੀਤ ਸਮਝ ਨਹੀਂ ਆਉਂਦਾ ਇਸ ਕਰਕੇ ਗਾਉਣ ਦਾ ਕੋਈ ਮਤਲਬ ਨਹੀਂ ਹੈ। ਸ਼ੰਮੀ ਕਪੂਰ ਇਸ ਗੱਲ ਦਾ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੰਦਾ। ਅਸਲ 'ਚ ਇਹ ਕਲਾ ਦੀ ਵੰਨ-ਸਵੰਨਤਾ ਨੂੰ ਛੁਟਿਆਉਣ ਦਾ ਯਤਨ ਹੈ। ਜੇ.ਜੇ ਦੇ ਕਿਰਦਾਰ 'ਚ ਕੋਈ ਸਿਫ਼ਤੀ ਤਬਦੀਲੀ ਨਹੀਂ ਆਉਂਦੀ। ਉਹ ਸਾਰੀ ਫ਼ਿਲਮ 'ਚ ਇੱਕੋ-ਜਿਹਾ ਰਹਿੰਦਾ ਹੈ। ਸਮਝ ਨਹੀਂ ਆਉਂਦਾ ਕਿ ਉਸ ਨੂੰ ਗੁੱਸਾ ਕਿਸ ਗੱਲ ਦਾ ਹੈ? ਮੰਨਿਆ ਕਿ ਪਹਿਲਾਂ ਉਸ ਨੂੰ ਪਤਾ ਨਹੀਂ ਸੀ ਕਿ ਉਹ ਹੀਰ ਨੂੰ ਪਿਆਰ ਕਰਦਾ ਹੈ। ਜਦੋਂ ਪਤਾ ਲੱਗ ਗਿਆ ਤਾਂ ਬੋਲ ਦਿਓ। ਬਿਨਾਂ ਗੱਲੋਂ ਔਖਾ ਹੋਇਆ ਫਿਰਦਾ ਹੈ। ਫ਼ਿਲਮ ਦੀ ਹੀਰ ਦਾ ਬਾਬੇ ਵਾਰਸ ਦੀ ਹੀਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਬਾਬੇ ਵਾਰਸ ਦੀ ਹੀਰ ਸਮਾਜਿਕ, ਇਨਸਾਫ਼-ਪ੍ਰਬੰਧ (ਕਾਜ਼ੀ) ਅਤੇ ਧਾਰਮਿਕ ਦਾਬੇ (ਮੌਲਵੀ) ਦੇ ਖ਼ਿਲਾਫ਼ ਨਾਬਰੀ ਦੀ ਆਵਾਜ਼ ਬਣਦੀ ਹੈ ਪਰ ਹੀਰ ਕੌਲ ਦਾ ਆਪਹੁਦਰਾਪਣ ਚੋਰੀ ਛੁਪੇ 'ਜੰਗਲੀ ਜਵਾਨੀ' ਫ਼ਿਲਮ ਦੇਖਣ ਤੱਕ ਮਹਿਦੂਦ ਹੈ। ਅੰਦਰ ਹੀ ਅੰਦਰ ਘੁਟਦੀ ਹੋਈ ਮੌਤ ਦੇ ਕੰਢੇ 'ਤੇ ਪਹੁੰਚ ਜਾਂਦੀ ਹੈ। ਦੋਵੇਂ ਮੁੱਖ ਕਿਰਦਾਰ ਸਨਕੀ ਤੇ ਮਾਨਸਿਕ ਰੋਗੀ ਲਗਦੇ ਹਨ। ਸਾਰੀ ਫ਼ਿਲਮ ਥੋਪੇ ਹੋਏ ਅਹਿਸਾਸ ਦੀ ਕਹਾਣੀ ਹੈ। ਮੂਲ ਰੂਪ 'ਚ ਫ਼ਿਲਮ ਬਾਲੀਵੁੱਡ ਮਾਰਕਾ ਮਸਾਲਾ ਫ਼ਿਲਮਾਂ ਦੀ ਅਗਲੀ ਕੜੀ ਹੈ।

ਕੋਈ ਰੌਕ ਗਾਉਣ ਵਾਲਾ ਕੁੜੀ ਦੇ ਇਸ਼ਕ 'ਚ ਪਾਗ਼ਲ ਹੋ ਕੇ ਰੌਕ ਸਟਾਰ ਨਹੀਂ ਬਣਿਆ। ਰੌਕ ਸੰਗੀਤ ਨਾਲ ਜੁੜੇ ਗਾਇਕ ਪੇਸ਼ੇਵਰ, ਸਮਾਜਿਕ ਅਤੇ ਸਿਆਸੀ ਸਮਝ ਰੱਖਣ ਵਾਲੇ ਬੰਦੇ ਰਹੇ ਹਨ। ਫ਼ਿਲਮ 'ਚ ਤਿੱਬਤ ਦੇ ਧੁੰਦਲੇ ਕੀਤੇ ਝੰਡਿਆਂ ਅਤੇ ਇਸ਼ਤਿਹਾਰਾਂ ਨੂੰ ਗੀਤ 'ਚ ਦਿਖਾਇਆ ਗਿਆ ਹੈ। ਕਸ਼ਮੀਰੀ ਲੋਕਾਂ ਅਤੇ ਨਿਹੰਗਾਂ ਤੋਂ 'ਸਾਡਾ ਹੱਕ, ਐਥੇ ਰੱਖ' ਦੇ ਕੁਝ ਪਲਾਂ ਲਈ ਨਾਅਰੇ ਲਗਵਾ ਕੇ ਕੰਮ ਨਹੀਂ ਸਾਰਿਆ ਜਾ ਸਕਦਾ। ਰੌਕ ਸਟਾਰ ਦੀ ਇਨ੍ਹਾਂ ਨਾਲ ਕੀ ਤੰਦ ਜੁੜਦੀ ਹੈ? ਉਹ ਇਨ੍ਹਾਂ ਮੁੱਦਿਆਂ ਨਾਲ ਕਿਸ ਤਰ੍ਹਾਂ ਦਾ ਸੰਵਾਦ ਰਚਾਉਂਦਾ ਹੈ ਅਤੇ ਕਦੋਂ ਰਚਾਉਂਦਾ ਹੈ? ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਮਿਲਦਾ। ਚੀਨ ਦੇ ਖ਼ਿਲਾਫ਼ ਤਿੱਬਤੀਆਂ ਦੇ ਦ੍ਰਿਸ਼ਾਂ ਨੂੰ ਮੀਡੀਆ 'ਚ ਖ਼ੂਬ ਉਛਾਲਿਆ ਗਿਆ। ਸੈਂਸਰ ਬੋਰਡ ਨੇ ਤਿੱਬਤੀ ਵਿਰੋਧ ਦੇ ਝੰਡਿਆਂ ਨੂੰ ਧੁੰਦਲਾ ਕਰਵਾ ਦਿੱਤਾ। ਹਦਾਇਤਕਾਰ ਨੇ ਚੂੰ ਨਹੀਂ ਕੀਤੀ ਕਿਉਂਕਿ ਇਹ ਇਸ਼ਤਿਹਾਰਬਾਜ਼ੀ ਤੋਂ ਵਧੇਰੇ ਕੁਝ ਨਹੀਂ ਸੀ। ਜੇ ਹਦਾਇਤਕਾਰ ਆਪਣੇ ਦ੍ਰਿਸ਼ ਬਾਬਤ ਸੁਹਿਰਦ ਹੁੰਦਾ ਤਾਂ ਉਹ ਦ੍ਰਿਸ਼ ਪਾਸ ਕਰਾਉਣ ਲਈ ਮੀਡੀਆ ਤੋਂ ਲੈ ਕੇ ਅਦਾਲਤ ਤੱਕ ਪਹੁੰਚ ਕਰਦਾ। ਇਮਤਿਆਜ਼ ਨੇ ਅਜਿਹੀ ਕੋਈ ਸਿਦਕਦਿਲੀ ਨਹੀਂ ਦਿਖਾਈ। ਫ਼ਿਲਮ ਦੇ ਕਿਰਦਾਰ ਇੱਕ ਵੀ ਜਗ੍ਹਾ ਕਿਸੇ ਸਮਾਜਿਕ ਜਾਂ ਸਿਆਸੀ ਬਹਿਸ ਦਾ ਹਿੱਸਾ ਨਹੀਂ ਬਣਦੇ। ਸਿਰਫ਼ ਗਾਣਾ ਗਾ ਕੇ ਡੰਗ ਟਪਾਇਆ ਗਿਆ ਹੈ। ਕਿਸੇ ਵੀ ਤਰ੍ਹਾਂ ਦੀ ਸਮਝ ਬਣਨ ਅਤੇ ਨਿਖਰਨ ਦਾ ਕੋਈ ਸਫ਼ਰ ਹੁੰਦਾ ਹੈ। ਇਹ ਸਫ਼ਰ ਫ਼ਿਲਮ 'ਚੋਂ ਗਾਇਬ ਹੈ। ਬਾਲੀਵੁੱਡ ਨੇ ਲੋਕ-ਮੁੱਦਿਆਂ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਉਲਟਾ, ਉਹ ਇਨ੍ਹਾਂ ਬਾਬਤ ਸੰਜੀਦਾ ਸੰਵਾਦ ਨੂੰ ਲੀਹੋਂ ਲਾਹੁਣ ਦਾ ਕੰਮ ਤਨਦੇਹੀ ਨਾਲ ਕਰਦੇ ਹਨ। ਮਣੀ ਰਤਨਮ ਇਸ ਰੁਝਾਨ ਦਾ ਨੁਮਾਇੰਦਾ ਫ਼ਿਲਮਸਾਜ਼ ਹੈ। ਕਸ਼ਮੀਰ-ਸਮੱਸਿਆ 'ਤੇ ਉਸਦੀ ਫ਼ਿਲਮ 'ਰੋਜ਼ਾ', ਬਾਬਰੀ ਮਸਜਿਦ ਦੀ ਸ਼ਹੀਦੀ ਤੋਂ ਬਾਅਦ ਹੋਏ ਸੰਨ 1993 ਦੇ ਮੁਸਲਿਮ-ਵਿਰੋਧੀ ਦੰਗਿਆਂ 'ਤੇ ਬਣੀ 'ਬੰਬਈ', ਉੱਤਰ-ਪੂਰਬ ਦੇ ਹਾਲਾਤ 'ਤੇ 'ਦਿਲ ਸੇ', ਬੰਗਾਲ ਦੀ ਵਿਦਿਆਰਥੀ ਸਿਆਸਤ ਬਾਰੇ 'ਯੁਵਾ' ਅਤੇ ਮਾਓਵਾਦੀ ਲਹਿਰ ਹੇਠਲੇ ਖਿੱਤੇ ਬਾਰੇ 'ਰਾਵਣ' ਜਿਹੀਆਂ ਫ਼ਿਲਮਾਂ ਵਿੱਚ ਸੰਵੇਦਨਸ਼ੀਲ ਮੁੱਦਿਆਂ ਨੂੰ ਗ਼ੈਰ-ਸੰਜੀਦਾ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਜਿਨ੍ਹਾਂ ਮੁੱਦਿਆਂ ਬਾਬਤ ਮੁੱਖਧਾਰਾ 'ਚ ਇਕਪਾਸੜ ਗੱਲਬਾਤ ਕੀਤੀ ਜਾਂਦੀ ਹੈ। ਉਸੇ ਕੜੀ 'ਚ ਮਣੀ ਰਤਨਮ ਤੇ ਇਮਤਿਆਜ਼ ਵਰਗਿਆਂ ਦੀਆਂ ਫ਼ਿਲਮਾਂ ਮਸਲੇ ਨੂੰ ਹੋਰ ਵਿਗਾੜ ਕੇ ਪੇਸ਼ ਕਰਦੀਆਂ ਹਨ।

'ਰੌਕ ਸਟਾਰ' ਨਿੱਜੀ ਗੁੱਸੇ ਅਤੇ ਆਪਹੁਦਰੇਪਣ ਦਾ ਜਸ਼ਨ ਹੈ। ਅਜਿਹੀ ਨਾਬਰੀ ਪ੍ਰਬੰਧ ਨੂੰ ਹਮੇਸ਼ਾਂ ਪੁੱਗਦੀ ਰਹੀ ਹੈ। ਤੇਜਿੰਦਰਪਾਲ ਬੱਗਿਆਂ ਤੇ ਹਰਵਿੰਦਰਾਂ ਨੂੰ ਮੀਡੀਆ ਵਾਰ-ਵਾਰ ਦਿਖਾਉਂਦਾ ਹੈ। ਪ੍ਰਬੰਧ ਉਨ੍ਹਾਂ ਦੀ ਸਰਪ੍ਰਸਤੀ ਕਰਦਾ ਹੈ ਕਿਉਂਕਿ ਉਹ ਜੱਥੇਬੰਦਕ ਨਾਬਰੀ ਤੋਂ ਡਰਦਾ ਹੈ। ਹੱਕੀ ਮੰਗਾਂ ਲਈ ਸਮੂਹ ਦੇ ਰੂਪ 'ਚ ਆਏ ਲੋਕਾਂ ਨੂੰ ਹਮੇਸ਼ਾਂ ਅਮਨ-ਕਨੂੰਨ ਦੀ ਸਮੱਸਿਆ ਦੇ ਰੂਪ 'ਚ ਪੇਸ਼ ਕੀਤਾ ਜਾਂਦਾ ਰਿਹਾ ਹੈ। 'ਰੌਕ ਸਟਾਰ' ਨੂੰ ਰੌਕ ਸੰਗੀਤ ਦੀ ਨਾਬਰ ਰਵਾਇਤ ਅਤੇ ਇਤਿਹਾਸ ਨਾਲ ਜੋੜ ਕੇ ਹੀ ਸਮਝਿਆ ਜਾ ਸਕਦਾ ਹੈ ਜਿਸ ਦੇ ਕਲਾਕਾਰਾਂ ਨੇ ਸਮਾਜਿਕ ਅਤੇ ਸਿਆਸੀ ਸਮਝ ਦੀਆਂ ਸਾਂਝੀਆਂ ਮੁਕਾਮੀ, ਕੌਮੀ ਅਤੇ ਕੌਮਾਂਤਰੀ ਤੰਦਾਂ ਪੇਸ਼ ਕਰਨ ਦਾ ਇਤਿਹਾਸ ਸਿਰਜਿਆ ਹੈ।