Sunday 10 March 2013

ਅਮਰੀਕੀ ਸੁਪਨੇ ਦੀ 'ਹੁਸੀਨ ਮਿੱਥ' ਤੋੜਦੀ ਫ਼ਿਲਮ 'ਸੀਕੋ'

ਜਤਿੰਦਰ ਮੌਹਰ

ਮੁਫ਼ਤ ਸਿਹਤ ਅਤੇ ਸਿੱਖਿਆ ਸੇਵਾਵਾਂ ਮਨੁੱਖ ਦੇ ਬੁਨਿਆਦੀ ਹਕੂਕ ਅਤੇ ਜਮਹੂਰੀ ਕਹਾਉਣ ਵਾਲੀ ਸਰਕਾਰ ਦੇ ਮੁੱਢਲੇ ਫ਼ਰਜ਼ ਹਨ। ਜਮਹੂਰੀਅਤ ਦੇ ਦਾਅਵਿਆਂ ਅਤੇ ਲਾਰਿਆਂ ਦਾ ਸਿੱਕੇ ਦੇ ਦੋ ਪਹਿਲੂ ਬਣਨਾ ਸਾਡੇ ਸਮਿਆਂ ਦਾ ਸੱਚ ਹੈ। ਨਾਮਨਿਹਾਦ  ਜਮਹੂਰੀਅਤ ਬੰਦਾ-ਮੁੱਖੀ ਨਾ ਹੋਕੇ ਮੁਨਾਫ਼ਾਖੋਰੀ ਦੇ ਹਿੱਤ ਪਾਲਣਯੋਗੀ ਰਹਿ ਗਈ ਹੈ। ਮੰਡੀ ਦੀ 'ਜਮਹੂਰੀਅਤ' 'ਚ ਮਨੁੱਖ ਦੀ ਪਛਾਣ ਖਪਤਕਾਰ ਵਜੋਂ ਹੈ। ਇਸ ਪਛਾਣ ਮੂਹਰੇ ਮਨੁੱਖ ਅਤੇ ਮਨੁੱਖਤਾ ਦੀ ਸਾਂਝੀ ਆਲਮੀ ਵਿਰਾਸਤ ਦੀ ਪਛਾਣ ਦੇ ਦਾਅਵੇ ਬੇਮਾਅਨੇ ਹੋ ਜਾਂਦੇ ਹਨ। ਮੁਨਾਫ਼ੇ ਤੇ ਮਨੁੱਖ ਦੀ ਲੜਾਈ 'ਚ ਫ਼ਿਲਮ 'ਸੀਕੋ' ਮਨੁੱਖਤਾ ਦੀ ਧਿਰ ਬਣਦੀ ਹੈ। ਇਹ ਫ਼ਿਲਮ ਹਦਾਇਤਕਾਰ ਮਾਈਕਲ ਮੂਰ ਦੀ ਦਸਤਾਵੇਜ਼ੀ ਫ਼ਿਲਮ ਹੈ ਜੋ ਪਹਿਲਾਂ 'ਫਾਰਨਾਹਾਈਟ 9/11' ਜਿਹੀ ਚਰਚਿਤ ਦਸਤਾਵੇਜ਼ੀ ਫ਼ਿਲਮ ਬਣਾ ਚੁੱਕੇ ਹਨ। 9/11 ਅਤੇ ਜਾਰਜ ਬੁਸ਼ ਦੀ ਅਸਲੀਅਤ ਸਾਹਮਣੇ ਲਿਆਉਣ 'ਚ ਇਸ ਫ਼ਿਲਮ ਦਾ ਖ਼ਾਸ ਮੁਕਾਮ ਹੈ। ਇਸੇ ਫ਼ਿਲਮ ਲਈ ਮੂਰ ਨੂੰ ਆਸਕਰ ਮਿਲਿਆ ਜੋ ਅਮਰੀਕੀ ਫ਼ਿਲਮ ਸਨਅਤ ਦਾ ਸਭ ਤੋਂ ਵੱਕਾਰੀ ਖਿਤਾਬ ਹੈ। ਮੂਰ ਨੇ ਧੰਨਵਾਦੀ ਤਕਰੀਰ 'ਚ ਅਮਰੀਕਾ ਅਤੇ ਬੁਸ਼ ਦਾ ਕੱਚਾ ਚਿੱਠਾ ਖੋਲਣਾ ਸ਼ੁਰੂ ਕੀਤਾ। ਆਸਕਰ ਸਮਾਗਮ ਸਮੁੱਚੀ ਦੁਨੀਆਂ 'ਚ ਨਾਲੋ ਨਾਲ ਨਸ਼ਰ ਹੋਣ ਕਰਕੇ ਮੂਰ ਨੂੰ ਸਟੇਜ 'ਤੇ ਰੋਕਣਾ ਔਖਾ ਸੀ। ਪ੍ਰਬੰਧਕਾਂ ਨੇ ਪਿੱਠਭੂਮੀ 'ਚ ਵੱਜਦੇ ਸੰਗੀਤ ਨੂੰ ਉੱਚਾ ਕਰਨ ਦੇ ਹੁਕਮ ਦਿੱਤੇ। ਜਿਉਂ ਜਿਉਂ ਸੰਗੀਤ ਉੱਚਾ ਹੁੰਦਾ ਗਿਆ, ਮੂਰ ਦੇ ਬੋਲ ਬੁਲੰਦ ਹੁੰਦੇ ਗਏ। ਸੰਗੀਤ ਦੀ ਸਿਖ਼ਰ 'ਤੇ ਮੂਰ ਦੇ ਆਖਰੀ ਸ਼ਬਦ ਸੁਣਾਈ ਦਿੱਤੇ, "ਬੁਸ਼ ਤੇਰੇ 'ਤੇ ਲਾਅਨਤ ਐ"। ਸੱਚੇ ਦੇਸ਼ ਭਗਤ ਤੋਂ ਅਜਿਹੇ ਹੀ ਬੋਲਾਂ ਦੀ ਆਸ ਹੋ ਸਕਦੀ ਹੈ। ਮਾਈਕਲ ਮੂਰ ਵਰਗੇ ਫ਼ਿਲਮਸਾਜ਼ ਅਮਰੀਕੀ ਚੇਤਨਾ ਦੇ ਨੁਮਾਇੰਦੇ ਹਨ ਜਿਨ੍ਹਾਂ ਨੇ ਅਪਣੇ ਮੁਲਕ ਦੀਆਂ ਲੋਕ-ਵਿਰੋਧੀ ਨੀਤੀਆਂ ਖ਼ਿਲਾਫ਼ ਜਮਹੂਰੀ ਹਕੂਕ ਦਾ ਝੰਡਾ ਬੁਲੰਦ ਕੀਤਾ ਹੈ। 

'ਸੀਕੋ' ਪੰਜ ਮੁਲਕਾਂ ਕਿਊਬਾ, ਬਰਤਾਨੀਆਂ, ਫ਼ਰਾਂਸ, ਕਨੇਡਾ ਤੇ ਅਮਰੀਕਾ ਦੀਆਂ ਸਿਹਤ ਸੇਵਾਵਾਂ ਦਾ ਮੁਕਾਬਲਤਨ ਲੇਖਾ-ਜੋਖਾ ਕਰਦੀ ਹੈ। ਅਮਰੀਕਾ 'ਚ ਸਿਹਤ ਸੇਵਾਵਾਂ ਦਾ ਸਭ ਤੋਂ ਬੁਰਾ ਹਾਲ ਹੈ ਜਿੱਥੇ ਸਾਰਾ ਢਾਂਚਾ ਮੁਨਾਫ਼ੇ ਦੁਆਲੇ ਘੁੰਮਦਾ ਹੈ। ਫ਼ਿਲਮ ਅਮਰੀਕੀ ਸੁਪਨੇ ਦੀ 'ਹੁਸੀਨ ਮਿੱਥ' ਨੂੰ ਦਲੀਲ ਨਾਲ ਤੋੜਦੀ ਹੈ। ਆਰਾ ਮਿੱਲ ਦੇ ਕਾਮੇ ਦੀ ਤ੍ਰਾਸਦੀ ਤੋਂ ਸ਼ੁਰੂ ਕਰਕੇ, ਹਦਾਇਤਕਾਰ ਅਮਰੀਕੀ ਸਿਹਤ ਸੇਵਾਵਾਂ ਦੇ ਢਾਂਚੇ ਦੀ ਚੀਰ-ਫਾੜ ਕਰਦਾ ਹੈ। ਆਰਾ ਮਿੱਲ 'ਚ ਦੋ ਉਂਗਲੀਆਂ ਕਟਵਾ ਚੁੱਕੇ ਕਾਮੇ ਨੂੰ ਵੱਡੀ ਉਂਗਲੀ ਜੁੜਵਾਉਣ ਲਈ ਸੱਠ ਹਜ਼ਾਰ ਡਾਲਰ ਤੇ ਛੋਟੀ ਉਂਗਲੀ ਲਈ ਬਾਰਾਂ ਹਜ਼ਾਰ ਡਾਲਰ ਦੀ ਰਕਮ ਜਮਾਂ ਕਰਾਉਣ ਲਈ ਕਿਹਾ ਜਾਂਦਾ ਹੈ। ਪੈਸੇ ਘੱਟ ਹੋਣ ਕਰਕੇ ਵੱਡੀ ਉਂਗਲੀ ਨੂੰ ਉਪਜਾਊ ਧਰਤੀ 'ਚ ਘਰ ਬਣਾਉਣਾ ਪੈਂਦਾ ਹੈ। ਛੋਟੀ ਉਂਗਲੀ 'ਮਹਾਨ ਅਮਰੀਕੀ ਸੁਪਨੇ' ਸਦਕਾ ਵੱਡੀ ਨੂੰ ਅਲਵਿਦਾ ਕਹਿ ਕੇ ਅਧੂਰੇ ਹੱਥ ਨਾਲ ਜੁੜ ਜਾਂਦੀ ਹੈ। ਇਹ ਹਾਲ ਉਨ੍ਹਾਂ ਪੰਜ ਕਰੋੜ ਲੋਕਾਂ ਦਾ ਹੈ ਜਿਨ੍ਹਾਂ ਕੋਲ ਸਿਹਤ ਬੀਮਾ ਨਹੀਂ ਹੈ। ਅਮਰੀਕਾ ਵਿੱਚ ਹਰ ਸਾਲ ਅੱਸੀ ਹਜ਼ਾਰ ਲੋਕ ਸਿਹਤ ਬੀਮਾ ਨਾ ਹੋਣ ਕਰਕੇ ਅਮੁੱਲੇ ਜਨਮ ਤੋਂ ਹੱਥ ਧੋ ਬੈਠਦੇ ਹਨ। ਇਹ ਫ਼ਿਲਮ ਸਿਹਤ ਬੀਮੇ ਤੋਂ ਵਾਂਝੇ ਲੋਕਾਂ ਬਾਰੇ ਨਹੀਂ ਹੈ ਬਲਕਿ ਸਿਹਤ ਬੀਮਾ ਹਾਸਿਲ ਕਰ ਚੁੱਕੇ ਲੋਕਾਂ ਬਾਰੇ ਹੈ ਜੋ ਦਿਨ ਰਾਤ 'ਹੁਸੀਨ ਅਮਰੀਕੀ ਸੁਪਨਾ' ਜਿਉਂ ਰਹੇ ਹਨ। ਇਨ੍ਹਾਂ ਸੁਪਨਸਾਜ਼ਾਂ ਦੀ ਹਾਲਤ ਵਾਂਝਿਆਂ ਤੋਂ ਬਦਤਰ ਹੈ। ਸਿਹਤ ਬੀਮਾ ਕੰਪਨੀਆਂ ਗ੍ਰਾਹਕ ਨਾਲ ਕਰਾਰ ਕਰਨ ਵੇਲੇ ਦਿਲ-ਲੁਭਾਊ ਵਾਅਦੇ ਕਰਦੀਆਂ ਹਨ। ਕਰਾਰ-ਪੱਤਰਾਂ 'ਚ  ਵਿਉਂਤਬੱਧ ਢੰਗ ਨਾਲ ਰੱਖੀਆਂ ਚੋਰ-ਮੋਰੀਆਂ ਦੀ ਆੜ ਵਿੱਚ ਕੰਪਨੀਆਂ ਅਮੁੱਕ ਕਾਰਨ ਦੱਸ ਕੇ ਸਿਹਤ ਸੇਵਾਵਾਂ ਦੇਣ ਤੋਂ ਮੁੱਕਰ ਜਾਂਦੀਆਂ ਹਨ। ਕਾਰਨਾਂ ਦੀ ਲੰਬੀ ਲੜੀ ਫ਼ਿਲਮ 'ਚ ਪੇਸ਼ ਕੀਤੀ ਗਈ ਹੈ। ਦਾਅਵੇ ਹਾਸਿਲ ਕਰਨ ਦਾ ਬੇਹੱਦ ਗੁੰਝਲਦਾਰ ਤਾਣਾ-ਬਾਣਾ ਆਮ ਆਦਮੀ ਦੀ ਸਮਝ ਤੋਂ ਪਰ੍ਹੇ ਹੈ। ਸਿਹਤ ਬੀਮਾ ਕੰਪਨੀਆਂ ਦਾ ਦਾਅਵਿਆਂ ਤੋਂ ਭੱਜਣਾ ਅਣਗਿਣਤ ਲੋਕਾਂ ਨੂੰ ਅਣਿਆਈ ਮੌਤ ਦੇ ਮੂੰਹ 'ਚ ਪਾ ਚੁੱਕਿਆ ਹੈ ਤੇ ਇਹ ਵਰਤਾਰਾ ਬੇਰੋਕ ਜਾਰੀ ਹੈ। 
9/11 ਦੇ ਹਾਦਸੇ ਤੋਂ ਬਾਅਦ ਜਾਰਜ ਬੁਸ਼ ਦੋਸ਼ੀਆਂ ਨੂੰ ਗੁਆਤਾਨੋਮ ਬੁੱਚੜਖਾਨੇ 'ਚ ਡੱਕਣ ਦੇ ਸੋਹਲੇ ਗਾਉਣ 'ਚ ਮਸਤ ਸੀ। ਹਾਦਸੇ ਦੇ ਮਲਬੇ ਦੀ ਸਫ਼ਾਈ ਕਰਨ ਵਾਲਿਆਂ ਵਿੱਚ ਵਧੇਰੇ ਆਮ ਅਮਰੀਕੀ ਲੋਕ ਨਿਸ਼ਕਾਮ ਭਾਵਨਾ ਨਾਲ ਸੇਵਾ ਕਰ ਰਹੇ ਸਨ। ਇਨ੍ਹਾਂ 'ਚੋਂ ਕਈ ਸੇਵਾਦਾਰ ਸਫ਼ਾਈ ਦੌਰਾਨ ਬੀਮਾਰ ਹੋ ਗਏ ਜਿਨ੍ਹਾਂ ਦੇ ਇਲਾਜ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ।

ਸਰਕਾਰੀ ਬੁਲਾਰੇ ਚੀਖ ਚੀਖ ਕੇ ਕਹਿ ਰਹੇ ਸਨ ਕਿ ਗੁਆਤਾਨੋਮ ਦੇ ਕੈਦੀ ਅਮਰੀਕੀਆਂ ਦੇ ਕਾਤਲ ਹਨ। ਫ਼ਿਲਮ ਸਵਾਲ ਕਰਦੀ ਹੈ ਕਿ ਬਿਨਾਂ ਇਲਾਜ ਮਰ ਰਹੇ ਅਮਰੀਕੀਆਂ ਦੇ ਕਤਲਾਂ ਦੀ ਜ਼ਿੰਮੇਵਾਰੀ ਕੌਣ ਤੈਅ ਕਰੇਗਾ? ਅਮਰੀਕੀ ਫ਼ੌਜ ਦਾ ਜਰਨੈਲ ਦਾਅਵਾ ਕਰਦਾ ਹੈ ਕਿ ਗੁਆਤਾਨੋਮ ਜੇਲ੍ਹ 'ਚ ਮੁਲਕ ਦੀਆਂ ਸਭ ਤੋਂ ਚੰਗੀਆਂ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਮਾਈਕਲ ਮੂਰ ਬੀਮਾਰ ਸੇਵਾਦਾਰਾਂ ਨੂੰ ਨਾਲ ਲੈ ਕੇ ਜੇਲ੍ਹ ਪਹੁੰਚਦਾ ਹੈ ਪਰ 9/11 ਦੇ ਅਸਲੀ ਨਾਇਕਾਂ ਨੂੰ ਉੱਤੇ ਵੜਨ ਨਹੀ ਦਿੱਤਾ ਜਾਂਦਾ। ਹਾਰ ਕੇ ਉਹ ਨੇੜਲੇ ਮੁਲਕ ਕਿਊਬਾ ਦਾ ਰੁਖ ਕਰਦੇ ਹਨ। ਜਿੱਥੇ ਉਨ੍ਹਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਫ਼ਿਲਮ ਮੁਤਾਬਕ ਕਿਊਬਾ 'ਚ ਸਿਹਤ ਸੇਵਾਵਾਂ ਬਿਲਕੁਲ ਮੁਫ਼ਤ ਹਨ ਅਤੇ ਢਾਂਚਾ ਅੱਵਲ ਦਰਜੇ ਦਾ ਹੈ। ਸਾਹ ਲੈਣ ਵਾਲੀ ਮਸ਼ੀਨ (ਇਨਹੇਲਰ) ਦੀ ਕੀਮਤ ਅਮਰੀਕਾ 'ਚ ਇੱਕ ਸੌ ਵੀਹ ਡਾਲਰ ਅਤੇ ਉਸੇ ਦੀ ਕੀਮਤ ਕਿਊਬਾ ਵਿੱਚ ਪੰਜ ਸੈਂਟ ਹੈ। ਹਰ ਛੋਟੀ-ਵੱਡੀ ਬੀਮਾਰੀ ਦਾ ਮੁਫ਼ਤ ਇਲਾਜ ਅਤੇ ਡਾਕਟਰਾਂ ਦੁਆਰਾ ਮਰੀਜ ਤੱਕ ਆਪ ਪਹੁੰਚ ਕਰਨਾ ਢਾਂਚੇ ਦੇ ਮਨੁੱਖਤਾਵਾਦੀ ਹੋਣ ਦਾ ਸਬੂਤ ਹੈ। ਚੀ ਗੁਵੇਰਾ ਦੀ ਡਾਕਟਰ ਧੀ ਮਾਣਮੱਤੇ ਅੰਦਾਜ਼ 'ਚ ਕਹਿੰਦੀ ਹੈ, "ਕਿਊਬਾ ਵਰਗਾ ਘੱਟ ਮਨੁੱਖੀ ਸੋਮਿਆਂ ਵਾਲਾ ਮੁਲਕ ਮੁਫ਼ਤ ਸਿਹਤ ਸਹੂਲਤਾਂ ਦੇ ਰਿਹਾ ਹੈ। ਅਥਾਹ ਸੋਮਿਆਂ ਵਾਲੇ ਮੁਲਕਾਂ ਦੀ ਤਾਂ ਹੋਰ ਵੱਡੀ ਜ਼ਿੰਮੇਵਾਰੀ ਬਣਦੀ ਹੈ।" ਸਿਹਤ ਸਨਅਤ ਦੀਆਂ ਇਜਾਰੇਦਾਰ ਕੰਪਨੀਆਂ ਮੂਹਰੇ ਅਮਰੀਕਾ ਦੇ ਰਾਸ਼ਟਰਪਤੀ ਗੋਡੇ ਟੇਕ ਚੁੱਕੇ ਹਨ। ਬਿਲ ਕਲਿੰਟਨ ਦੇ ਰਾਜ ਦੌਰਾਨ ਹਿਲੇਰੀ ਕਲਿੰਟਨ ਨੇ ਜਦੋਂ ਮੁਫ਼ਤ ਸਿਹਤ ਸੇਵਾਵਾਂ ਦੀ ਗੱਲ ਕੀਤੀ ਤਾਂ ਉਸਨੂੰ ਦੇਸ਼-ਵਿਰੋਧੀ ਅਤੇ ਕਮਿਉਨਿਸਟ ਕਰਾਰ ਦਿੱਤਾ ਗਿਆ।  

ਬਰਤਾਨੀਆਂ 'ਚ ਮੁਫ਼ਤ ਸਿਹਤ ਸੇਵਾਵਾਂ ਬਾਰੇ ਅੰਗਰੇਜ਼ ਸਿਆਣਾ ਦੱਸਦਾ ਹੈ ਕਿ ਇਹ ਮਾਮਲਾ ਮੂਲ ਰੂਪ 'ਚ ਜਮਹੂਰੀ ਹਕੂਕ ਦਾ ਹੈ। ਦੂਜੀ ਆਲਮੀ ਜੰਗ 'ਚ ਕਰੋੜਾਂ ਲੋਕਾਂ ਦੀ ਬਲੀ ਲੈਣ ਤੋਂ ਬਾਅਦ ਮੁਲਕ ਨੇ ਇਹ ਸਬਕ ਸਿੱਖਿਆ ਕਿ ਜੇ ਲੋਕਾਂ ਨੂੰ ਮਾਰਨ ਲਈ ਸਰਕਾਰ ਕੋਲ ਪੈਸਾ ਹੋ ਸਕਦਾ ਹੈ ਤਾਂ ਜ਼ਿੰਦਗੀਆਂ ਬਚਾਉਣ ਲਈ ਵੀ ਹੈ। ਫ਼ੈਸਲਾ ਹਾਕਮਾਂ ਦੀ ਨੀਅਤ ਨੇ ਕਰਨਾ ਹੈ। ਬਰਤਾਨਵੀਆਂ ਨੇ ਇਹ ਸੋਚ ਘੱਟੋ-ਘੱਟ ਮੁਲਕ ਵਾਸੀਆਂ ਲਈ ਜ਼ਰੂਰ ਵਰਤੀ ਹੈ। ਟੋਨੀ ਬਲੇਅਰ ਅਤੇ ਸਰਕੋਜ਼ੀ ਵੱਲੋਂ ਇਨ੍ਹਾਂ ਸੇਵਾਵਾਂ ਨੂੰ ਖ਼ਤਮ ਕਰਨ ਅਤੇ ਨਿੱਜੀਕਰਨ ਦੀਆਂ ਕੋਸ਼ਿਸ਼ਾਂ ਬਾਰੇ ਉਸ ਅੰਗਰੇਜ਼ ਸਿਆਣੇ ਦਾ ਮੰਨਣਾ ਹੈ ਕਿ ਇਸਦਾ ਸਿੱਟਾ ਸਰਕਾਰ ਦੇ ਖ਼ਿਲਾਫ਼ ਵੱਡੇ ਇਨਕਲਾਬ ਦੇ ਰੂਪ 'ਚ ਨਿਕਲੇਗਾ। ਦੂਜੀ ਆਲਮੀ ਜੰਗ ਦੀ ਤ੍ਰਾਸਦੀ ਤੋਂ ਤੁਰੰਤ ਬਾਅਦ (ਅੱਠ ਮਹੀਨਿਆਂ ਦੇ ਅੰਦਰ) ਬਰਤਾਨੀਆਂ ਨੇ ਪਹਿਲਾ ਕੰਮ ਸਾਰੇ ਮੁਲਕ ਵਾਸੀਆਂ ਲਈ ਮੁਫ਼ਤ ਸਿਹਤ ਸੇਵਾ ਸ਼ੁਰੂ ਕਰਨ ਦਾ ਕੀਤਾ। ਦੋ ਘੰਟੇ ਚੱਲਣ ਵਾਲੇ 9/11 ਹਾਦਸੇ ਤੋਂ ਬਾਅਦ ਅਮਰੀਕਾ ਨੇ ਪਹਿਲਾ ਕੰਮ ਅਫ਼ਗਾਨਿਸਤਾਨ ਅਤੇ ਇਰਾਕ ਨੂੰ ਤਬਾਹ ਕਰਨ ਦਾ ਕੀਤਾ। 

ਸੰਨ 1991 ਤੋਂ ਬਾਅਦ ਆਲਮੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਏਹੀ 'ਹੁਸੀਨ ਸੁਪਨਾ' ਹਿੰਦੋਸਤਾਨੀਆਂ ਨੂੰ ਦਿਖਾਇਆ ਜਾ ਰਿਹਾ ਹੈ। ਇਸ ਢਾਂਚੇ ਦੀ ਵਕਾਲਤ ਕਰਨ ਵਾਲਿਆਂ ਦੀ ਫ਼ਹਿਰਿਸਤ ਵਿੱਚ ਈਮਾਨਦਾਰ ਪ੍ਰਧਾਨ ਮੰਤਰੀ ਤੋਂ ਲੈ ਕੇ 'ਜਾਗੋ ਪੰਜਾਬ' ਦੇ ਢੰਡੋਰਚੀ ਸ਼ਾਮਿਲ ਹਨ। ਸਿਹਤ, ਸਿੱਖਿਆ ਅਤੇ ਹੋਰ ਬੁਨਿਆਦੀ ਸਹੂਲਤਾਂ ਦੇਣ ਦੀ ਜ਼ਿੰਮੇਵਾਰੀ ਤੋਂ ਸਰਕਾਰ ਲਗਾਤਾਰ ਮੁੱਕਰ ਰਹੀ ਹੈ। ਜਨਤਕ ਅਦਾਰਿਆਂ ਦਾ ਭੋਗ ਪਾ ਕੇ ਨਿੱਜੀਕਰਨ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਸਿਹਤ, ਸਿੱਖਿਆ ਅਤੇ ਹੋਰ ਜਨਤਕ ਸੇਵਾਵਾਂ ਦਾ ਆਮ ਆਦਮੀ ਦੀ ਪਹੁੰਚ ਤੋਂ ਲਗਾਤਾਰ ਦੂਰ ਹੁੰਦੇ ਜਾਣਾ ਨਵ-ਉਦਾਰਵਾਦੀ ਨੀਤੀਆਂ ਦੇ ਅਟੱਲ ਪ੍ਰਗਟਾਵੇ ਹਨ। ਮੁੱਖ-ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੰਘੇ ਸਾਲ ਦੀਆਂ ਪ੍ਰਾਪਤੀਆਂ ਵਿੱਚ ਚਿਤਕਾਰਾ ਯੂਨੀਵਰਸਿਟੀ ਵਰਗੇ ਨਿੱਜੀ ਅਦਾਰੇ ਦਾ ਖੁੱਲਣਾ ਅਹਿਮ ਗਿਣਦਾ ਹੈ। ਮੂਲ ਰੂਪ 'ਚ ਉਹ ਪੰਜਾਬੀਆਂ ਦੀ ਸੂਝ ਉੱਤੇ ਸਵਾਲੀਆ ਨਿਸ਼ਾਨ ਲਾ ਰਿਹਾ ਹੈ। ਮੁਨਾਫ਼ਾ-ਮੁਖੀ ਅਰਥਚਾਰੇ ਦੀ ਇਸ ਤੋਂ ਘਿਨੌਣੀ ਮਿਸਾਲ ਕੀ ਹੋ ਸਕਦੀ ਹੈ ਕਿ ਭੁੱਖ ਨਾਲ ਮਰਨ ਵਾਲਿਆਂ ਦੇ ਮੂੰਹ 'ਚ ਅਨਾਜ ਪਾਉਣ ਦੀ ਥਾਂ ਗੋਦਾਮਾਂ 'ਚ ਸਾੜਨਾ ਵਾਜਬ ਸਮਝਿਆ ਜਾਂਦਾ ਹੈ? ਮਨੁੱਖੀ ਪਛਾਣ ਨੂੰ ਖਪਤਕਾਰ ਦੇ ਰੂਪ 'ਚ ਬਦਲਣ ਵੱਲ ਸੇਧਤ 'ਹੁਸੀਨ ਸੁਪਨਾ' ਕਿਹੋ ਜਿਹਾ ਮਨੁੱਖੀ ਸਮਾਜ ਸਿਰਜੇਗਾ? 'ਸੀਕੋ' ਦੇਖਣ ਤੋਂ ਬਾਅਦ ਕਿਆਸਣਾ ਔਖਾ ਨਹੀਂ ਹੈ।

2 comments:

  1. NO ONE WRITER THE GREAT WORLD CLASS REVIEW LIKE JATINDER " SICKO" TO PUNJABI READEAR

    ReplyDelete
  2. ਬਹੁਤ ਖੂਬ ਜਤਿੰਦਰ ਜੀ ਸੋਹਣਾ ਕੰਮ ਕਰ ਰਹੇ ਹੋ ਪੰਜਾਬੀ ਵਿੱਚ ਇਸਦੀ ਬਹੁਤ ਲੋੜ ਹੈ

    ReplyDelete