Saturday 23 March 2013

ਨਵੀਆਂ ਸੰਵੇਦਨਾਵਾਂ ਦਾ ਸਨਮਾਨ

ਦਿੱਲੀ ਵਿਖੇ ਹੋਏ 60ਵੇਂ ਕੌਮੀ ਫ਼ਿਲਮ ਪੁਰਸਕਾਰਾਂ ਦੇ ਐਲਾਨ ਨਾਲ ਸਨਮਾਨਿਤ ਫ਼ਿਲਮਾਂ ਅਤੇ ਸ਼ਖ਼ਸੀਅਤਾਂ ਦੀ ਸਮੀਖਿਆ ਤੋਂ ਇਨ੍ਹਾਂ ਪੁਰਸਕਾਰਾਂ ਲਈ ਵਰਤੀ ਜਾਂਦੀ ਕਸੌਟੀ ਦੀ ਪਾਰਦਰਸ਼ਤਾ ਸਾਬਤ ਹੋਈ ਹੈ। ਸੰਨ 1954 ਤੋਂ ਸ਼ੁਰੂ ਹੋਏ ‘ਕੌਮੀ ਫ਼ਿਲਮ ਪੁਰਸਕਾਰ’ ਸਾਡੇ ਦੇਸ਼ ਵਿੱਚ ਵਿਸ਼ੇਸ਼ ਮਹੱਤਵ ਰੱਖਦੇ ਹਨ। ਬਿਨਾਂ ਸ਼ੱਕ ਇਹ ਪੁਰਸਕਾਰ ਭਾਰਤ ਵਿੱਚ ਵਧੀਆ ਸਿਨੇਮਾ ਦੀ ਸਨਮਾਨਜਨਕ ਪਛਾਣ ਬਣ ਗਏ ਹਨ। ਭਾਵੇਂ ਅੱਜ-ਕੱਲ੍ਹ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਸਿਨੇ ਐਵਾਰਡਾਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਪਰ ਕੌਮੀ ਫ਼ਿਲਮ ਪੁਰਸਕਾਰਾਂ ਦਾ ਮਹੱਤਵ ਨਾ ਕੇਵਲ ਪਹਿਲਾਂ ਵਾਂਗ ਹੀ ਬਰਕਰਾਰ ਹੈ, ਸਗੋਂ ਵਧੀਆ ਅਤੇ ਉਸਾਰੂ ਸਿਨੇਮਾ ਤੇ ਸਿਰਜਣਾਤਮਕ ਹੁਨਰ ਦੀ ਪਛਾਣ ਕਰਨ ਦਾ ਅਸਲ ਪੈਮਾਨਾ ਹੋਣ ਕਾਰਨ ਇਸ ਦਾ ਵਕਾਰ ਪਹਿਲਾਂ ਦੇ ਮੁਕਾਬਲੇ ਕਿਤੇ ਵਧ ਗਿਆ ਹੈ। ਵਧੀਆ ਗੱਲ ਇਹ ਹੈ ਕਿ ਕਈ ਸਾਲਾਂ ਤੋਂ ਇਨ੍ਹਾਂ ਐਵਾਰਡਾਂ ਸਬੰਧੀ ਜੱਜਮੈਂਟ ਕਰਨ ਵਾਲੀ ਜਿਊਰੀ ਨੇ ਸਿਨੇਮਾ ਦੁਆਰਾ ਉਭਰ ਰਹੀਆਂ ਨਵੀਆਂ ਸੰਵੇਦਨਾਵਾਂ ਅਤੇ ਨਵੇਂ ਵਿਚਾਰਾਂ ਨੂੰ ਸਰਾਹਿਆ ਹੈ। 


ਪਿਛਲੇ ਕੁਝ ਸਮੇਂ ਤੋਂ ਹਿੰਦੀ ਸਿਨੇਮਾ ਵਿੱਚ ਵੀ ਸਿਰਫ਼ ਵਪਾਰਕ ਲਾਭਾਂ ਨੂੰ ਮੁੱਖ ਰੱਖ ਕੇ ਫ਼ਿਲਮਾਂ ਦਾ ਨਿਰਮਾਣ ਕਰਨ ਦਾ ਰੁਝਾਨ ਘਟਿਆ ਹੈ ਅਤੇ ਇਹ ਇੱਕ ਨਵੇਕਲੇ ਤੇ ਨਵੇਂ ਰਾਹ ਦਾ ਪਾਂਧੀ ਬਣਿਆ ਹੈ। 60ਵੇਂ ਕੌਮੀ ਫ਼ਿਲਮ ਪੁਰਸਕਾਰ ਇਸ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਹਿੰਦੀ ਸਿਨੇਮਾ ਹੁਣ ਵਾਕਈ ਹੀ ਸਹੀ ਦਿਸ਼ਾ ਵੱਲ ਜਾ ਰਿਹਾ ਹੈ। ਹਾਲ ਹੀ ਵਿੱਚ ਹਿੰਦੀ ਸਿਨੇਮਾ ਜਿਸ ਨੂੰ ਆਮ ਬੋਲਚਾਲ ਵਿੱਚ ਬਾਲੀਵੁੱਡ ਵਜੋਂ ਵੀ ਜਾਣਿਆ ਜਾਂਦਾ ਹੈ, ਕੌਮੀ ਪੁਰਸਕਾਰਾਂ ਦੀ ਸੂਚੀ ਵਿੱਚ ਆਪਣੀ ਨਵੇਕਲੀ ਪਛਾਣ ਬਣਾਉਣ ਦੇ ਨਾਲ-ਨਾਲ ਆਪਣਾ ਵਿਲੱਖਣ ਸਥਾਨ ਬਣਾਉਣ ਲੱਗ ਪਿਆ ਹੈ। ਸਪਸ਼ਟ ਹੈ ਕਿ ਵਪਾਰਕ ਸਫ਼ਲਤਾ ਅਤੇ ਸਮੀਖਿਆਤਮਕ ਪਛਾਣ ਵਿਚਲਾ ਫ਼ਰਕ ਮੱਧਮ ਪੈਂਦਾ ਜਾ ਰਿਹਾ ਹੈ। ਇਸ ਵਰ੍ਹੇ ਦੀ ਮਨੋਰੰਜਕ ਫ਼ਿਲਮ ਵਜੋਂ ਸਨਮਾਨਿਤ ਫ਼ਿਲਮ ‘ਵਿੱਕੀ ਡੋਨਰ’ ਜਾਂ ਮੁੱਖ ਫੀਚਰ ਫ਼ਿਲਮ ਸ਼੍ਰੇਣੀ ਤਹਿਤ ਬਿਹਤਰੀਨ ਫ਼ਿਲਮ ਵਜੋਂ ਸਨਮਾਨਿਤ ਫ਼ਿਲਮ ‘ਪਾਨ ਸਿੰਘ ਤੋਮਰ’- ਦੋਵਾਂ ਦੀ ਚੋਣ ਹੀ ਇਸ ਪ੍ਰਭਾਵ ਤੋਂ ਅਛੂਤੀ ਨਹੀਂ ਜਾਪਦੀ। ਅਨੁਰਾਗ ਕਸ਼ਿਅਪ, ਸ਼ੁਜੀਤ ਸਿਰਕਾਰ ਅਤੇ ਤਿਗਮਾਂਸ਼ੂ ਧੂਲੀਆ ਜਿਹੇ ਨਵੇਂ ਫ਼ਿਲਮ ਨਿਰਮਾਤਾ ਹਿੰਦੀ ਸਿਨੇਮਾ ਨੂੰ ਨਵੇਂ ਸਿਰਿਓਂ ਪਰਿਭਾਸ਼ਤ ਕਰਨ ਦਾ ਯਤਨ ਕਰ ਰਹੇ ਹਨ ਅਤੇ ਇੰਜ ਫ਼ਿਲਮ ਸਮੀਖਿਅਕਾਂ ਤੇ ਦਰਸ਼ਕਾਂ ਦਾ ਧਿਆਨ ਵੀ ਆਪਣੇ ਵੱਲ ਖਿੱਚ ਰਹੇ ਹਨ।

ਭਾਵੇਂ ਕੌਮੀ ਪੁਰਸਕਾਰਾਂ ਦੀ ਜਿਊਰੀ ਨੇ ਹਿੰਦੀ ਸਿਨੇਮਾ ਦੀ ਮੁੱਖ ਧਾਰਾ ਵਿੱਚ ਆ ਰਹੇ ਬਦਲਾਵਾਂ ਨੂੰ ਧਿਆਨ ਵਿੱਚ ਰੱਖਿਆ ਹੈ ਪਰ ਉੱਥੇ ਹੀ ਇਸ ਵੱਲੋਂ ਚੰਗੇ ਸਿਨੇਮਾ ਦਾ ਸਨਮਾਨ ਕੀਤਾ ਜਾਣਾ ਜਾਰੀ ਹੈ, ਭਾਵੇਂ ਇਹ ਕਿਸੇ ਵੀ ਖੇਤਰ ਜਾਂ ਭਾਸ਼ਾ ਵਿੱਚ ਹੋਵੇ। ਸਰਵੋਤਮ ਅਦਾਕਾਰ ਦਾ ਪੁਰਸਕਾਰ ਫ਼ਿਲਮ ‘ਪਾਨ ਸਿੰਘ ਤੋਮਰ’ ਲਈ ਇਰਫ਼ਾਨ ਖਾਨ ਅਤੇ ਮਰਾਠੀ ਫ਼ਿਲਮ ‘ਅਨੁਮਤੀ’ ਲਈ ਵਿਕਰਮ ਗੋਖਲੇ ਨੂੰ ਸਾਂਝੇ ਤੌਰ ‘ਤੇ ਮਿਲਣਾ ਅਤੇ ਸ਼ਿਵਾਜੀ ਲੋਟਨ ਪਾਟਿਲ ਦਾ ਮਰਾਠੀ ਫ਼ਿਲਮ ‘ਦਾਗ’ ਲਈ ਬਿਹਤਰੀਨ ਨਿਰਦੇਸ਼ਕ ਵਜੋਂ ਸਨਮਾਨਿਤ ਕੀਤਾ ਜਾਣਾ ਇਸ ਗੱਲ ਦੇ ਪੁਖ਼ਤਾ ਸਬੂਤ ਹਨ ਕਿ ਸਿਰਫ਼ ਹਿੰਦੀ ਸਿਨੇਮਾ ਦੀ ਹੀ ਕੌਮੀ ਸਿਨੇਮਾ ਵਜੋਂ ਪਛਾਣ ਨਹੀਂ ਹੈ ਸਗੋਂ ਦੂਜੀਆਂ ਭਾਸ਼ਾਵਾਂ ਦੀਆਂ ਫ਼ਿਲਮਾਂ ਵੀ ਮੁਕਾਬਲੇ ਵਿੱਚ ਆ ਗਈਆਂ ਹਨ। ਅਜਿਹੇ ਪੁਰਸਕਾਰਾਂ ਦਾ ਅਸਲ ਉਦੇਸ਼ ਵਧੀਆ ਸਿਨੇਮਾ ਨੂੰ ਹੱਲਾਸ਼ੇਰੀ ਦੇਣਾ ਹੁੰਦਾ ਹੈ ਅਤੇ ‘ਕੌਮੀ ਫ਼ਿਲਮ ਪੁਰਸਕਾਰ’, ਕੁਝ ਅਪਵਾਦਾਂ ਨੂੰ ਛੱਡ ਕੇ ਉਨ੍ਹਾਂ ਲੋਕਾਂ ਦੀ ਹੌਸਲਾ ਅਫ਼ਜਾਈ ਕਰਦੇ ਨਜ਼ਰ ਆ ਰਹੇ ਹਨ ਜੋ ਲੀਕ ਤੋਂ ਹਟ ਕੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।


(ਪੰਜਾਬੀ ਟ੍ਰਿਬਿਊਨ ਦੀ 20 ਮਾਰਚ 2013 ਦੀ ਸੰਪਾਦਕੀ ਧੰਨਵਾਦ ਕਰਦੇ ਹੋਏ ਛਾਪ ਰਹੇ ਹਾਂ। ਇਸ ਸੰਪਾਦਕੀ ਵਿੱਚ ਪੰਜਾਬੀ ਫ਼ਿਲਮ 'ਨਾਬਰ' ਨੂੰ ਮਿਲੇ ਬਿਹਤਰੀਨ ਪੰਜਾਬੀ ਫ਼ਿਲਮ ਦੇ ਕੌਮੀ ਐਵਾਰਡ ਦਾ ਜ਼ਿਕਰ ਤੱਕ ਨਹੀਂ ਹੈ। ਇਹ ਸੰਪਾਦਕੀ ਤੋਂ ਇੱਕ ਦਿਨ ਪਹਿਲਾਂ ਇਸੇ ਅਖ਼ਬਾਰ ਦੇ ਪਹਿਲੇ ਪੰਨੇ ਉੱਤੇ 'ਨਾਬਰ' ਨੂੰ ਐਵਾਰਡ ਮਿਲਣ ਦੀ ਖ਼ਬਰ ਛਪੀ ਸੀ। ਇਸ ਸੰਪਾਦਕੀ ਵਾਲੇ ਦਿਨ ਵੀ ਇਸੇ ਅਖ਼ਬਾਰ ਵਿੱਚ 'ਨਾਬਰ' ਬਾਰੇ ਵੱਡੀ ਖ਼ਬਰ ਛਪੀ।)

No comments:

Post a Comment