Monday 18 March 2013

'ਨਾਬਰ' ਨੂੰ ਨੈਸ਼ਨਲ ਐਵਾਰਡ

ਦਲਜੀਤ ਅਮੀ

ਰਾਜੀਵ ਦੀ ਫ਼ਿਲਮ 'ਨਾਬਰ' ਨੂੰ ਬਿਹਤਰੀਨ ਪੰਜਾਬੀ ਫ਼ਿਲਮ ਦਾ ਨੈਸ਼ਨਲ ਐਵਾਰਡ ਮਿਲਿਆ ਹੈ। ਨਿੱਜੀ ਟੈਲੀਵਿਜ਼ਨ ਦੇ ਦੌਰ ਵਿੱਚ ਰਾਜੀਵ ਸ਼ਰਮਾ 
ਇਸ ਸਨਅਤ ਅੰਦਰ ਸਭ ਤੋਂ ਤਜਰਬੇਕਾਰ ਪੇਸ਼ੇਵਰ ਪੰਜਾਬੀ ਹੈ। ਰਾਜੀਵ ਸ਼ਰਮਾ ਨੇ ਵੱਖ-ਵੱਖ ਚੈਨਲਾਂ ਲਈ ਉੱਚੇ ਅਹੁਦਿਆਂ ਉੱਤੇ ਰਹਿ ਕੇ ਪਾਏਦਾਰ ਕੰਮ ਕੀਤਾ ਹੈ। ਉਸ ਦੇ ਕੰਮ ਵਿੱਚ ਟੈਲੀਵਿਜ਼ਨ ਸਨਅਤ ਦੀਆਂ ਜ਼ਰੂਰਤਾਂ ਤੋਂ ਜ਼ਿਆਦਾ ਵੰਨ-ਸਵੰਨਤਾ ਹੈ ਜਿਸ ਕਾਰਨ ਉਹ ਪੰਜਾਬੀ ਤੇ ਹਿੰਦੀ ਦੇ ਨਾਲ-ਨਾਲ ਵਿਦੇਸ਼ੀ ਚੈਨਲਾਂ ਲਈ ਵੀ ਪਿੱਛਾ ਕਰਕੇ ਲਿਆਉਣਯੋਗ ਪੇਸ਼ੇਵਰ ਰਿਹਾ ਹੈ। ਟੈਲੀਵਿਜ਼ਨ, ਫ਼ਿਲਮ, ਸਾਹਿਤ ਅਤੇ ਸੰਗੀਤ ਦੇ ਨਾਲ-ਨਾਲ ਸਿਆਸਤ ਅਤੇ ਸਮਾਜ ਵਿੱਚ ਉਸ ਦੀ ਰੁਚੀ ਇੱਕ ਪਾਸੇ ਉਸ ਦੇ ਪੇਸ਼ੇਵਰ ਹੁਨਰ ਨੂੰ ਤਿੱਖਾ ਕਰਦੀ ਹੈ ਤੇ ਦੂਜੇ ਪਾਸੇ ਬਿਹਤਰੀਨ ਇਨਸਾਨ ਬਣਾਉਂਦੀ ਹੈ। ਉਸ ਦੇ ਇਸ ਸਫ਼ਰ ਦਾ ਮੈਂ ਵੀਹ ਸਾਲ ਤੋਂ ਪੁਰਾਣਾ ਹਮਸਫ਼ਰ ਹਾਂ। ਹੋਸਟਲ ਦੇ ਇੱਕੋ ਕਮਰੇ ਵਿੱਚ ਰਹਿੰਦਿਆਂ ਉਸ ਦੀ ਜਗਿਆਸਾ ਅਤੇ ਸਾਦਗੀ ਦਿਲਕਸ਼ ਲੱਗਦੀ ਸੀ। ਮਹਾਂਨਗਰ ਦੀ ਰਿਹਾਇਸ਼ ਅਤੇ ਦੇਸ਼-ਵਿਦੇਸ਼ ਦੇ ਤਜਰਬੇ ਤੋਂ ਬਾਅਦ ਵੀ ਉਸ ਦੀ ਦਿਲਕਸ਼ੀ ਜਿਉਂ ਦੀ ਤਿਉਂ ਕਾਇਮ ਹੈ। 

ਸਾਡੀ ਮੁਲਾਕਾਤ 1992 ਵਿੱਚ ਹੋਈ। ਸਾਡੀ ਸਾਂਝ ਦਾ ਕਾਰਨ ਸਾਡੇ ਪੇਂਡੂ ਪਿਛੋਕੜ ਅਤੇ ਹੋਰ ਸਾਂਝੀਆਂ ਰੁਚੀਆਂ ਬਣੀਆਂ। ਇਸ ਦੌਰਾਨ ਸਾਡੀਆਂ ਰੁਚੀਆਂ ਵੰਨ-ਸਵੰਨੀਆਂ ਹੋਈਆਂ ਅਤੇ ਸਾਡੀ ਗੱਲਬਾਤ ਦਾ ਘੇਰਾ ਮੋਕਲਾ ਹੋਇਆ। ਰਾਜੀਵ ਜ਼ਿਆਦਾਤਰ ਮੁੰਬਈ ਰਹਿੰਦਾ ਹੈ ਪਰ ਜਦੋਂ ਵੀ ਪੰਜਾਬ ਆਉਂਦਾ ਹੈ ਤਾਂ 
ਪੰਜਾਬੀ ਵਿੱਚ ਕੁਝ ਨਾ ਕੁਝ ਕਰਦਾ ਹੈ। ਉਸ ਨੇ ਰੰਗਮੰਚ ਜਗਰਾਓਂ ਪੜ੍ਹਦਿਆਂ ਮੁੱਲਾਂਪੁਰ ਤੋਂ ਸ਼ੁਰੂ ਕੀਤਾ ਸੀ। ਉਹ ਆਪਣੇ ਪੁਰਾਣੇ ਸਾਥੀਆਂ ਨਾਲ ਮਿਲ ਕੇ ਛੋਟੀਆਂ ਫ਼ਿਲਮਾਂ ਬਣਾਉਂਦਾ ਰਿਹਾ। 'ਕਲਾਣ' ਤੇ 'ਆਤੂ ਖੋਜੀ' ਇਸ ਲੜੀ ਦੀਆਂ ਆਖ਼ਰੀ ਫ਼ਿਲਮਾਂ ਹਨ। ਇਸ ਲੜੀ ਦੀ ਸ਼ੁਰੂਆਤ ਸਾਖ਼ਰਤਾ ਤੇ ਤਰਕਸ਼ੀ ਮੁਹਿੰਮਾਂ ਉੱਤੇ ਬਣਾਈ ਫ਼ਿਲਮ 'ਪੰਜ ਕਲਿਆਣੀ' ਤੋਂ ਹੋਈ ਸੀ। ਉਸ ਵੇਲੇ ਰਾਜੀਵ ਪੰਜਾਬ ਯੂਨੀਵਰਸਿਟੀ ਦੇ ਇੰਡੀਅਨ ਥੀਏਟਰ ਵਿਭਾਗ ਵਿੱਚ ਪੜ੍ਹਦਾ ਸੀ। ਵਿਗਿਆਨ ਦਾ ਵਿਦਿਆਰਥੀ ਗਿਆਨੀ ਕਰਕੇ ਪੰਜਾਬੀ ਸਾਹਿਤ ਰਾਹੀਂ ਬੀ.ਏ. ਪਾਸ ਕਰਕੇ ਚੰਡੀਗੜ੍ਹ ਪੁੱਜਿਆ ਸੀ। ਇੱਥੇ ਹੀ ਉਸ ਨੇ ਆਪਣੀ ਪਲੇਠੀ ਦਸਤਾਵੇਜ਼ੀ ਫ਼ਿਲਮ 'ਆਪਣਾ ਪਾਸ਼' ਬਣਾਈ ਜੋ ਮੇਰੀ ਫ਼ਿਲਮ ਨਿਰਮਾਣ ਨਾਲ ਜੁੜਣ ਦੀ ਸ਼ੁਰੂਆਤ ਸੀ।

ਉਨ੍ਹਾਂ ਦਿਨਾਂ ਵਿੱਚ ਪੰਜਾਬੀ ਫ਼ਿਲਮਾਂ ਦਾ ਮਿਆਰ ਕੁਝ ਜ਼ਿਆਦਾ ਹੀ ਡਿੱਗਿਆ ਹੋਇਆ ਸੀ। ਰਾਜੀਵ ਨੇ ਕਈ ਫ਼ਿਲਮਾਂ ਵਿੱਚ ਬਤੌਰ ਸਹਾਇਕ ਨਿਰਦੇਸ਼ਕ ਕੰਮ ਕੀਤਾ। ਰਾਜੀਵ ਸਮੇਤ ਸਾਨੂੰ ਉਹ ਫ਼ਿਲਮਾਂ ਨਾਪਸੰਦ ਹਨ ਪਰ ਪੜਚੋਲ ਕਰਦਿਆਂ ਰਾਜੀਵ ਨੂੰ ਟਕੋਰਾਂ ਹੁਣ ਵੀ ਲੱਗਦੀਆਂ ਰਹਿੰਦੀਆਂ ਹਨ। ਟੈਲੀਵਿਜ਼ਨ ਦੇ ਲੰਮੇ ਤਜਰਬੇ ਤੋਂ ਬਾਅਦ ਰਾਜੀਵ ਦੀ ਇੱਛਾ ਫੀਚਰ ਫ਼ਿਲਮ ਬਣਾਉਣ ਦੀ ਸੀ। ਇੱਛਾ ਤਾਂ ਇਹ ਸ਼ੁਰੂ ਤੋਂ ਸੀ ਪਰ ਇਸ ਦੌਰਾਨ ਕਦੇ ਕੋਈ ਸਬੱਬ ਨਹੀਂ ਬਣਿਆ। ਇਹ ਸਬੱਬ ਜੁਗਾੜ ਨਾਲ ਬਣਦੇ ਹਨ ਪਰ ਰਾਜੀਵ ਨੂੰ ਟੈਲੀਵਿਜ਼ਨ ਤੇ ਫ਼ਿਲਮ ਸਨਅਤ ਦਾ ਇਹ ਸਰਵਗੁਣਕਾਰੀ ਹੁਨਰ ਨਹੀਂ ਆਉਂਦਾ। ਉਸ ਨੇ ਪੇਂਡੂ ਸਾਦਗੀ ਅਤੇ ਮਹਾਂਨਗਰੀ ਗਿਆਨ ਸਹਿਜਤਾ ਨਾਲ ਸਮੋ ਲਿਆ ਹੈ। ਇਸ ਦੌਰਾਨ ਰਾਜੀਵ ਨੇ 'ਨਾਬਰ' ਦੀ ਕਹਾਣੀ ਲਿਖ ਲਈ ਸੀ ਅਤੇ ਕਈਆਂ ਨੂੰ ਸੁਣਾਈ ਸੀ। ਪੰਜਾਬੀ ਫ਼ਿਲਮਾਂ ਦੇ ਕਈ ਵੱਡਿਆਂ ਨੇ ਕਹਾਣੀ ਦੀ ਸਿਫ਼ਤ ਕੀਤੀ ਸੀ ਪਰ ਪੈਸੇ ਲਗਾਉਣ ਵਾਲਾ ਕੋਈ ਨਹੀਂ ਸੀ। ਰਾਜੀਵ ਦਾ 'ਚੈਨਲ ਪੰਜਾਬ' ਨਾਲ ਚੰਗਾ ਤਜਰਬਾ ਸੀ। ਜਦੋਂ ਚੈਨਲ ਪੰਜਾਬ ਵਾਲੇ ਜਸਵੀਰ ਸਿੰਘ ਨੇ ਫ਼ਿਲਮ ਨਿਰਮਾਣ ਵਿੱਚ ਹੱਥ ਅਜ਼ਮਾਉਣਾ ਸ਼ੁਰੂ ਕੀਤਾ ਤਾਂ ਪੁਰਾਣੇ ਸਾਥੀ ਰਾਜੀਵ ਨੂੰ ਉਸ ਨੇ ਹਿੱਸੇਦਾਰ ਬਣਾਇਆ ਅਤੇ 'ਨਾਬਰ' ਬਣਾਉਣ ਦਾ ਫ਼ੈਸਲਾ ਹੋਇਆ। 

ਪਿਉ-ਪੁੱਤ ਦੇ ਰਿਸ਼ਤੇ ਦੀਆਂ ਤੰਦਾਂ ਫਰੋਲਦਿਆਂ ਰਾਜੀਵ 'ਨਾਬਰ' ਰਾਹੀਂ ਪੰਜਾਬੀਆਂ ਦੇ ਪ੍ਰਦੇਸ ਜਾਣ ਦੇ ਝੱਸ ਦੀ ਗੱਲ ਕਰ ਰਿਹਾ ਹੈ। ਪਿਉ-ਪੁੱਤ ਦੇ ਰਿਸ਼ਤੇ ਦੀ ਬੇਪਰਵਾਹੀ ਤੋਂ ਸ਼ਿੱਦਤ ਤੱਕ ਦੀ ਬਾਤ ਚੁੱਪ ਬੰਦੇ ਦੇ 'ਨਾਬਰ' ਹੋਣ ਦਾ ਐਲਾਨ ਹੈ। ਰਾਜੀਵ ਅੰਦਰਲਾ ਪੰਜਾਬੀ ਇੱਕੋ ਸਾਹ ਵਿੱਚ ਬਾਬਾ ਫਰੀਦ, ਬਾਬੂ ਰਜਬ ਅਲੀ ਤੋਂ ਲੈਕੇ ਚੰਡੀ ਦੀ ਵਾਰ ਤੱਕ ਸੁਣ, ਪੜ੍ਹ ਤੇ ਗਾ ਸਕਦਾ ਹੈ। ਇਹੋ ਜਮ੍ਹਾਂਜੋੜ ਉਸ ਨੇ 'ਨਾਬਰ' ਵਿੱਚ ਸ਼ਾਮਿਲ ਕੀਤਾ ਹੈ। ਰਾਜੀਵ ਸਿਦਕਦਿਲੀ ਵਾਲਾ ਦਰਦਮੰਦ ਪੰਜਾਬੀ ਬੰਦਾ ਹੈ। ਉਹ ਪੰਜਾਬ ਵਿੱਚ ਰਹਿ ਕੇ ਪੰਜਾਬੀ ਫ਼ਿਲਮਾਂ ਬਣਾਉਣੀਆਂ ਅਤੇ ਦਿਖਾਉਣੀਆਂ ਚਾਹੁੰਦਾ ਹੈ। ਜਦੋਂ ਰੁਜ਼ਗਾਰ ਉਸ ਨੂੰ ਦੂਰ-ਦੁਰਾਡੇ ਲਿਜਾਂਦਾ ਰਿਹਾ ਹੈ ਤਾਂ ਮੈਂ ਉਸ ਨੂੰ ਆਵਾਜ਼ ਮਾਰਦਾ ਰਿਹਾ ਹਾਂ। 'ਨਾਬਰ' ਨੂੰ ਐਡਾਰਡ ਮਿਲ ਜਾਣ ਨਾਲ ਮੇਰੀ ਆਵਾਜ਼ ਦੇ ਸੁਣੇ ਜਾਣ ਦੀ ਸੰਭਾਵਨਾ ਵਧ ਗਈ ਹੈ। ਹੋ ਸਕਦਾ ਹੈ ਕਿ ਹੁਣ ਰਾਜੀਵ ਦੇ ਪੰਜਾਬ ਵਿੱਚ ਫ਼ਿਲਮਾਂ ਬਣਾਉਣ ਅਤੇ ਦਿਖਾਉਣ ਦਾ ਬਿਹਤਰ ਸਬੱਬ ਬਣ ਜਾਏ।

No comments:

Post a Comment