ਅਮਨਦੀਪ ਕੌਰ ਦਿਓਲ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਦੀ ਹੈ ਅਤੇ ਵਿਦਿਆਰਥੀ ਜਥੇਬੰਦੀ 'ਪੰਜਾਬ ਸਟੂਡੈਂਟਸ ਯੂਨੀਅਨ' ਵਿੱਚ ਸਰਗਰਮ ਹੈ। ਪੰਜਾਬ ਵਿੱਚ ਲੱਚਰ ਗਾਇਕੀ ਖ਼ਿਲਾਫ਼ ਚੱਲ ਰਹੀ ਬੀਬੀਆਂ ਦੀ ਮੁਹਿੰਮ ਵਿੱਚ ਅਮਨਦੀਪ ਵੀ ਸਰਗਰਮ ਹੈ। ਉਸ ਨੇ ਆਪਣੇ ਲੇਖ ਵਿੱਚ ਗਾਇਕੀ ਦੇ ਮੌਜੂਦਾ ਨਿਘਾਰ ਦੀਆਂ ਤੰਦਾਂ ਨੂੰ ਸੰਵਾਦ ਦਾ ਵਿਸ਼ਾ ਬਣਾਇਆ ਹੈ। ਲੱਚਰ ਗਾਇਕੀ ਦੀ ਘਾਤਕ ਮਾਰ ਹੇਠ ਆਈਆਂ ਬੀਬੀਆਂ ਨੂੰ ਉਹ ਸਮਾਜਿਕ ਤਬਦੀਲੀ ਦੀ ਸਿਆਸਤ ਨਾਲ ਜੋੜ ਕੇ ਬਿਹਤਰ ਸਮਾਜ ਦਾ ਸਦੀਵੀ ਸੁਫ਼ਨਾ ਪੇਸ਼ ਕਰ ਰਹੀ ਹੈ।
ਅਮਨਦੀਪ ਕੌਰ ਦਿਓਲ
ਜਮਾਤੀ ਸਮਾਜ ਅੰਦਰ ਸੱਭਿਆਚਾਰ, ਕਲਾ ਅਤੇ ਸਾਹਿਤ ਜਮਾਤੀ ਮੁਫ਼ਾਦਾਂ ਦੀ ਪੂਰਤੀ ਕਰਦਾ ਹੈ। ਇਹ ਸਭ ਕੁਝ ਆਰਥਿਕ ਢਾਂਚੇ ਮੁਤਾਬਕ ਹੁੰਦਾ ਹੈ। ਜਿਸ ਨੂੰ ਗ਼ੁਲਾਮਦਾਰੀ, ਜਾਗੀਰਦਾਰੀ ਅਤੇ ਪੂੰਜੀਵਾਦ ਸਮਾਜ ਦੇ ਪ੍ਰਸੰਗ ਵਿੱਚ ਦੇਖਿਆ ਜਾ ਸਕਦਾ ਹੈ। ਗ਼ੁਲਾਮਦਾਰੀ ਵਿੱਚ ਮਾਲਕ, ਜਾਗੀਰਦਾਰੀ ਵਿੱਚ ਜਾਗੀਰਦਾਰ ਅਤੇ ਪੂੰਜੀਵਾਦ ਸਮਾਜ ਵਿੱਚ ਪੂੰਜੀਪਤੀ ਕਾਬਜ਼ ਧਿਰ ਹੁੰਦੇ ਹਨ। ਸਭ ਕੁਝ ਗ਼ਾਲਬ ਧਿਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਸਿਰਜਿਆ ਜਾਂਦਾ ਹੈ। ਪੈਦਾਵਾਰੀ ਸਾਧਨਾਂ ਉੱਤੇ ਕਾਬਜ਼ ਹੋਣ ਕਰਕੇ ਗ਼ਾਲਬ ਧਿਰ ਹਰੇਕ ਰੁਝਾਨ ਨੂੰ ਆਪਣੇ ਹਿੱਤਾਂ ਮੁਤਾਬਕ ਘੜਦੀ ਹੈ।
ਕਾਬਜ਼ ਧਿਰ ਦੀ ਰਾਜਸੱਤਾ ਆਪਣੀ ਵਿਚਾਰਧਾਰਾ ਨੂੰ ਆਪਣੇ ਦਬਾਊ ਯੰਤਰਾਂ ਅਤੇ ਵਿਚਾਰਧਾਰਕ ਯੰਤਰਾਂ ਰਾਹੀਂ ਫੈਲਾਉਂਦੀ ਹੈ। ਦਬਾਊ ਯੰਤਰਾਂ ਵਿੱਚ ਜ਼ੇਲ੍ਹਾਂ, ਕਚਿਹਰੀਆਂ, ਪੁਲਿਸ, ਫੌਜ਼ ਅਤੇ ਵਿਚਾਰਧਾਰਕ ਯੰਤਰਾਂ ਵਿੱਚ ਸਿੱਖਿਆ, ਪਰਿਵਾਰ, ਕਾਨੂੰਨ, ਸਿਆਸਤ, ਧਰਮ, ਟਰੇਡ ਯੂਨੀਅਨ ਅਤੇ ਸੰਚਾਰ ਸਾਧਨ ਆਦਿ ਕਾਬਜ਼ ਧਿਰ ਦੀ ਸੱਤਾ ਨੂੰ ਕਾਇਮ ਰੱਖਣ ਵਿੱਚ ਸਹਾਈ ਹੁੰਦੇ ਹਨ।
ਭਾਰਤੀ ਸਮਾਜ ਦਾ ਖ਼ਾਸਾ ਅਰਧ-ਜਗੀਰੂ ਅਤੇ ਅਰਧ-ਬਸਤੀ ਹੋਣ ਕਰਕੇ ਸਾਮਰਾਜੀਏ-ਦਲਾਲ ਸਰਮਾਏਦਾਰੀ ਅਤੇ ਜਗੀਰੂ-ਭੂਮੀਪਤੀ ਇੱਥੋਂ ਦੀ ਕਾਬਜ਼ ਧਿਰ ਅਤੇ ਕਿਸਾਨੀ ਅਤੇ ਮਜ਼ਦੂਰ ਜਮਾਤ ਲੁੱਟੀ ਜਾਂਦੀ ਧਿਰ ਹੈ। ਇਸ ਲਈ ਇੱਥੋਂ ਦੇ ਆਰਥਿਕ ਢਾਂਚੇ ਮੁਤਾਬਕ ਸੱਭਿਆਚਾਰ, ਕਲਾ ਅਤੇ ਸਾਹਿਤ ਪਰੋਸਿਆ ਜਾਂਦਾ ਹੈ ਜੋ ਕਾਬਜ਼ ਧਿਰ ਦੇ ਹਿੱਤਾਂ ਦੀ ਪੂਰਤੀ ਕਰਦਾ ਹੈ।
ਕਲਾ ਦੀ ਜ਼ਿੰਮੇਵਾਰੀ ਨਾ ਸਿਰਫ਼ ਸਮਾਜਿਕ ਹਾਲਾਤ ਦੀ ਪੇਸ਼ਕਾਰੀ ਕਰਨਾ ਹੁੰਦਾ ਹੈ ਸਗੋਂ ਨਾਲ-ਨਾਲ ਉਸਨੂੰ ਬਦਲਣ ਵਿੱਚ ਆਪਣੀ ਭੂਮਿਕਾ ਨਿਭਾਉਣਾ ਵੀ ਹੁੰਦਾ ਹੈ। ਸਮਾਜ ਦੇ ਵਿਕਾਸ ਵਿੱਚ ਜਿੱਥੇ ਕਿਰਤ ਦਾ ਕੇਂਦਰੀ ਰੋਲ ਹੈ ਉੱਥੇ ਕਲਾ ਦਾ ਮੌਜੂਦਾ ਰੂਪ ਵੀ ਲੰਬੀ ਕਿਰਤ ਪ੍ਰਕਿਰਿਆ ਵਿੱਚੋਂ ਗੁਜ਼ਰਦਿਆਂ ਮਕਬੂਲ ਹੋਇਆ ਹੈ। ਸਾਮਰਾਜੀਏ ਆਪਣੀਆਂ ਆਰਥਿਕ ਨੀਤੀਆਂ ਨੂੰ ਜਦੋਂ ਭਾਰਤ ਵਰਗੇ ਮੁਲਕਾਂ ਵਿੱਚ ਲਾਗੂ ਕਰਦੇ ਹਨ ਨਾਲੋਂ-ਨਾਲ ਉਸ ਦੇਸ਼ ਦੀ ਮਾਨਸਿਕਤਾ ਨੂੰ ਗ਼ੁਲਾਮ ਕਰਨ ਲਈ ਆਪਣਾ ਸੱਭਿਆਚਾਰ ਵੀ ਪਰੋਸਦੇ ਹਨ। ਇਹ ਰੁਝਾਨ ਪੰਜਾਬੀ ਗਾਇਕੀ ਨੂੰ ਬੁਰੀ ਤਰ੍ਹਾਂ ਆਪਣੀ ਪਕੜ ਵਿੱਚ ਲੈ ਚੁੱਕਿਆ ਹੈ। ਵਿਸ਼ਵੀਕਰਨ ਦੀ ਨੀਤੀ ਰਾਹੀਂ ਸਾਮਰਾਜੀ ਸਰਮਾਏ ਨੂੰ ਸੰਸਾਰ ਭਰ ਵਿੱਚ ਵਿਚਰਨ ਦਾ ਨਵਾਂ ਮੌਕਾ ਮਿਲਿਆ ਅਤੇ ਇਸ ਰਾਹੀਂ ਭਾਰਤੀ ਸਮਾਜ ਵਿੱਚ ਡਿਸ਼ ਅਤੇ ਕੇਬਲ ਟੀ.ਵੀ. ਦੀ ਆਮਦ ਨਾਲ ਸਾਮਰਾਜੀ ਸੱਭਿਆਚਾਰ ਭਾਰਤੀ ਜੀਵਨ ਵਿੱਚ ਆਪਣੀ ਸਿੱਧੀ ਦਖ਼ਲਅੰਦਾਜ਼ੀ ਦੇ ਨਵੇਂ ਪੜਾਅ ਵਿੱਚ ਪਹੁੰਚ ਗਿਆ। ਪੰਜਾਬੀ ਗਾਇਕੀ ਸਾਮਰਾਜ ਦੇ ਹਿੱਤਾਂ ਦੀ ਪੂਰਤੀ ਲਈ ਸੱਭਿਆਚਾਰ ਨੂੰ ਹਥਿਆਰ ਵਾਂਗ ਵਰਤ ਰਹੀ ਹੈ। ਪੰਜਾਬੀ ਗਾਇਕੀ ਸੱਭਿਆਚਾਰ ਦਾ ਚੋਲਾ ਪਾ ਕੇ ਨੰਗੇਜ਼ ਅਤੇ ਲੱਚਰਤਾ ਪਰੋਸ ਰਹੀ ਹੈ ਜੋ ਸਾਡੀ ਨੌਜਵਾਨ ਪੀੜ੍ਹੀ ਤੋਂ ਬਿਨਾਂ ਔਰਤ ਉੱਤੇ ਸਭ ਤੋ ਵੱਧ ਅਸਰਅੰਦਾਜ਼ ਹੋ ਰਹੀ ਹੈ।
ਮੌਜੂਦਾ ਪੰਜਾਬੀ ਗਾਇਕੀ ਤਿੰਨ ਨੁਕਤਿਆਂ ਦੁਆਲੇ ਘੁੰਮ ਰਹੀ ਹੈ - ਹਥਿਆਰ, ਔਰਤ ਅਤੇ ਨਸ਼ਾ ਜੋ ਸਮਾਜ ਨੂੰ ਭੋਗਵਾਦ ਦੀਆਂ ਲੀਹਾਂ ਤੇ ਲਿਜਾ ਕੇ ਨੈਤਿਕ ਕਦਰਾਂ ਕੀਮਤਾਂ ਨੂੰ ਡੇਗ ਰਿਹਾ ਹੈ। ਪੰਜਾਬੀ ਗਾਇਕੀ ਸੰਭਾਵਨਾਵਾਂ ਭਰਪੂਰ ਨੌਜਵਾਨ ਵਰਗ ਨੂੰ ਭੋਗਵਾਦ ਵੱਲ ਲਿਜਾ ਰਹੀ ਹੈ। ਉਨ੍ਹਾਂ ਦੀ ਜਿਹੜੀ ਸ਼ਕਤੀ ਕਿਸੇ ਚੰਗੀ ਲਹਿਰ ਉਸਾਰਨ ਵਿੱਚ ਲੱਗਣੀ ਚਾਹੀਦੀ ਹੈ, ਉਹ ਅੱਜ ਨਸ਼ਿਆਂ ਅਤੇ ਵੈਲੀਪੁਣੇ ਵੱਲ ਰੁੜ੍ਹ ਰਹੀ ਹੈ। ਗੀਤਾਂ ਵਿੱਚ ਵੈਲੀਪੁਣੇ ਨੂੰ ਆਦਰਸ਼ ਬਣਾਇਆ ਜਾ ਰਿਹਾ ਹੈ। ਜਿੱਥੇ ਆਰਥਿਕ ਨੀਤੀਆਂ ਦੇ ਸਿੱਟੇ ਵਜੋਂ ਦੇਸ਼ ਦੀ 77 ਫ਼ੀਸਦੀ ਜਨਤਾ ਵੀਹ ਰੁਪਏ ਦੀ ਰੋਜ਼ਾਨਾ ਆਮਦਨ ਨਾਲ ਗੁਜ਼ਾਰਾ ਕਰ ਰਹੀ ਹੈ, ਕਿਸਾਨੀ ਖੁਦਕੁਸ਼ੀਆਂ ਦੇ ਰਾਹ ਪੈ ਰਹੀ ਹੈ ਉੱਥੇ ਪੰਜਾਬ ਗਾਇਕੀ ਜੱਟ ਨੂੰ ਮੌਜਾਂ ਕਰਦੇ ਹੋਏ ਦਿਖਾ ਰਹੀ ਹੈ। ਪੰਜਾਬੀ ਗਾਇਕੀ ਪਤਾ ਨਹੀਂ ਕਿਸ ਪੰਜਾਬ ਦੀ ਗੱਲ ਕਰਦੀ ਹੈ। ਇਸ ਗਾਇਕੀ ਦੀ ਸਭ ਤੋਂ ਵੱਡੀ ਸ਼ਿਕਾਰ ਔਰਤ ਬਣ ਰਹੀ ਹੈ। ਜਿਸਨੂੰ ਗੀਤਾਂ ਵਿੱਚ ਬੇਵਫ਼ਾ, ਚਰਿੱਤਰਹੀਣ ਅਤੇ ਨੁਮਾਇਸ਼ ਦੀ ਵਸਤ ਵਾਂਗ ਪੇਸ਼ ਕਰ ਰਹੀ ਹੈ। ਜਿਸ ਦੇ ਸਿੱਟੇ ਵਜੋਂ ਔਰਤ ਨਾਲ ਸੰਬੰਧਿਤ ਜ਼ੁਰਮਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਡੀਆਂ ਕੁੜੀਆਂ ਦੀ ਕਿਹੋ-ਜਿਹੀ ਤਸਵੀਰ ਗੀਤਾਂ ਵਿੱਚ ਪੇਸ਼ ਕੀਤੀ ਜਾ ਰਹੀ ਹੈ ਜਿਵੇਂ: ਜਿਹੜੀ ਕੁੜੀ ਕੋਲ ਨੈੱਟ ਆ, ਸਮਝੋ ਉਹ ਸੈੱਟ ਆ, ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ, ਸਾਡੀ ਮਾਂ ਨੂੰ ਪੁੱਤ ਨਹੀਂ ਲੱਭਣੇ ਨੀ ਤੈਨੂੰ ਯਾਰ ਬਥੇਰੇ, ਚੰਡੀਗੜ੍ਹ ਵਿੱਚ ਕੁੜੀ ਮਿਲੀ ਇੱਕ ਚਾਕਲੇਟ ਵਰਗੀ, ਲੱਕ ਟਵੰਟੀ ਏਟ ਕੁੜੀ ਦਾ ਫੋਰਟੀ ਸੈਵਨ ਵੇਟ ਕੁੜੀ ਦਾ, ਖਾਲੀ ਕਰਕੇ ਮੰਜੇ ਦੇ ਥੱਲੇ ਰੋੜ੍ਹ ਦਿਆਂਗੇ, ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ, ਆਦਿ ਵਰਗੇ ਗਾਣਿਆਂ ਵਿੱਚ ਔਰਤ ਨੂੰ ਮਨੁੱਖ ਦਾ ਦਰਜਾ ਦੇਣਾ ਤਾਂ ਦੂਰ ਦੀ ਗੱਲ ਹੈ। ਉਸ ਨੂੰ ਸਿਰਫ਼ ਅਤੇ ਸਿਰਫ਼ ਭੋਗਣ ਵਾਲੀ ਵਸਤ ਦੇ ਤੌਰ 'ਤੇ ਹੀ ਪੇਸ਼ ਕੀਤਾ ਜਾ ਰਿਹਾ ਹੈ। ਸਾਰੇ ਗੀਤ 'ਮੇਲ ਗੇਜ਼' (ਮਰਦਾਵੀਂ ਤਾੜ) ਨੂੰ ਧਿਆਨ ਵਿੱਚ ਰੱਖ ਕੇ ਬਣਾਏ ਜਾਂਦੇ ਹਨ ਕਿਉਂਕਿ ਔਰਤ ਦੇ ਪੈਦਾਵਾਰੀ ਖੇਤਰ ਤੋਂ ਬਾਹਰ ਹੋਣ ਨਾਲ, ਮਰਦ ਦੇ ਪੈਦਾਵਰੀ ਸਰਗਰਮੀ ਨਾਲ ਜੁੜੇ ਰਹਿਣ ਅਤੇ ਆਰਥਿਕਤਾ ਤੇ ਕਾਬਜ਼ ਹੋਣ ਕਰਕੇ ਸਮਾਜ ਵਿੱਚ ਕਲਾਵਾਂ ਨੂੰ ਮਰਦ ਦੀ ਨਜ਼ਰ ਤੋਂ ਉਸੇ ਦੀ ਸੰਤੁਸ਼ਟੀ ਲਈ ਬਣਾਇਆ ਜਾਂਦਾ ਹੈ ਜੋ ਕਿ ਮਰਦ-ਪ੍ਰਧਾਨ ਸਮਾਜ ਦੀ ਤਰਜ਼ਮਾਨੀ ਹੈ। ਇਸ ਰੁਝਾਨ ਨਾਲ ਬੱਚੇ ਵਿਗੜ ਰਹੇ ਹਨ ਅਤੇ ਕਸੂਰਵਾਰ ਮਾਂ ਨੂੰ ਸਮਝਿਆ ਜਾਂਦਾ ਹੈ।
ਇਨ੍ਹਾਂ ਗੀਤਾਂ ਵਿੱਚ ਨੌਜਵਾਨ ਤਬਕੇ ਨੂੰ ਮੁੱਖ ਤੌਰ ਉੱਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਕਰਕੇ ਨੌਜਵਾਨਾਂ ਵਿੱਚ ਢਾਣੀਵਾਦੀ ਹਿੰਸਾ ਵਧ ਰਹੀ ਹੈ। ਇਨ੍ਹਾਂ ਗੀਤਾਂ ਦੇ ਅਰਧ-ਨਗਨ ਫਿਲਮਾਂਕਨ ਰਾਹੀਂ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਜਾ ਰਿਹਾ ਹੈ। ਭਾਰਤ ਵਰਗੇ ਜਗੀਰੂ ਕਦਰਾਂ-ਕੀਮਤਾਂ ਵਾਲੇ ਮੁਲਕ ਦੀ ਉਸ ਮਾਨਸਿਕਤਾ ਨੂੰ ਕੈਸ਼ ਕਰਕੇ ਮੰਡੀ ਆਪਣੇ ਹਿੱਤ ਪੁਗਾ ਰਹੀ ਹੈ, ਇਸੇ ਕਰਕੇ ਇਸ ਰੁਝਾਨ ਨੂੰ ਲਗਾਤਾਰ ਹੁਲਾਰਾ ਵੀ ਮਿਲ ਰਿਹਾ ਹੈ। ਜਿਸਦਾ ਨਤੀਜਾ ਹੈ ਕਿ ਹਰੇਕ 54 ਮਿੰਟ ਬਾਅਦ ਇੱਕ ਬਲਾਤਕਾਰ ਹੁੰਦਾ ਹੈ ਅਤੇ 42 ਮਿੰਟ ਵਿੱਚ ਇੱਕ ਔਰਤ ਦਾਜ ਦੀ ਬਲੀ ਚੜ੍ਹਦੀ ਹੈ। ਹਰ 43 ਮਿੰਟ ਵਿੱਚ ਔਰਤ ਦੇ ਅਗਵਾ ਹੋਣ, 20 ਮਿੰਟ ਵਿੱਚ ਛੇੜਛਾੜ ਅਤੇ 7 ਮਿੰਟ ਬਾਅਦ ਔਰਤ ਨਾਲ ਸੰਬੰਧਿਤ ਕੋਈ ਜੁਰਮ ਦੀ ਘਟਨਾਵਾਂ ਹੁੰਦੀਆਂ ਹਨ। ਇਸੇ ਅਸੁਰੱਖਿਅਕਤਾ ਵਿੱਚੋਂ ਹੀ ਭਰੂਣ ਹੱਤਿਆ ਵਰਗੀਆਂ ਬੀਮਾਰੀਆਂ ਉਪਜ ਰਹੀਆਂ ਹਨ। ਸਾਮਰਾਜੀ ਨੀਤੀਆਂ ਨੇ ਜਿੱਥੇ ਪਹਿਲਾਂ ਹੀ ਆਮ ਲੋਕਾਂ ਦੀ ਜ਼ਿੰਦਗੀ ਨੂੰ ਦੁੱਭਰ ਕੀਤਾ ਹੈ ਉੱਥੇ ਪੰਜਾਬੀ ਗਾਇਕੀ ਉਨ੍ਹਾਂ ਨੂੰ ਹਨੇਰਗਰਦੀ ਵੱਲ ਲੈ ਕੇ ਜਾ ਰਹੀ ਹੈ ਅਤੇ ਹੋਰ ਗੁੰਝਲਦਾਰ ਬਣਾ ਰਹੀ ਹੈ। ਇਨ੍ਹਾਂ ਗੁੰਝਲਾਂ ਵਿੱਚੋਂ ਆਮ ਇਨਸਾਨ ਨੂੰ ਇੱਕ ਲੋਕ-ਲਹਿਰ ਹੀ ਕੱਢ ਸਕਦੀ ਹੈ ਅਤੇ ਇੱਕ ਚੰਗਾ ਅਤੇ ਸਾਫ਼-ਸੁਥਰਾ ਸੱਭਿਆਚਾਰ ਦੇ ਸਕਦੀ ਹੈ। ਇਸ ਲਈ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਸਮਾਜ ਨੂੰ ਇਨਕਲਾਬੀ ਲੀਹਾਂ ਵੱਲ ਲੈ ਕੇ ਜਾਈਏ। ਔਰਤਾਂ ਦੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ। ਸਮਾਜ ਵਿੱਚ ਤੀਹਰੀ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਲਈ ਜੱਥੇਬੰਦ ਹੋਣਾ ਉਸਦੀ ਬੁਨਿਆਦੀ ਲੋੜ ਬਣ ਚੁੱਕੀ ਹੈ।